ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1320 ਕਲਿਆਨ ਮਹਲਾ ੪ ॥ ਮੇਰੇ ਮਨ ਜਪੁ ਜਪਿ ਜਗੰਨਾਥੇ ॥ ਗੁਰ ਉਪਦੇਸਿ ਹਰਿ ਨਾਮੁ ਧਿਆਇਓ ਸਭਿ ਕਿਲਬਿਖ ਦੁਖ ਲਾਥੇ ॥੧॥ ਰਹਾਉ ॥ ਰਸਨਾ ਏਕ ਜਸੁ ਗਾਇ ਨ ਸਾਕੈ ਬਹੁ ਕੀਜੈ ਬਹੁ ਰਸੁਨਥੇ ॥ ਬਾਰ ਬਾਰ ਖਿਨੁ ਪਲ ਸਭਿ ਗਾਵਹਿ ਗੁਨ ਕਹਿ ਨ ਸਕਹਿ ਪ੍ਰਭ ਤੁਮਨਥੇ ॥੧॥ ਹਮ ਬਹੁ ਪ੍ਰੀਤਿ ਲਗੀ ਪ੍ਰਭ ਸੁਆਮੀ ਹਮ ਲੋਚਹ ਪ੍ਰਭੁ ਦਿਖਨਥੇ ॥ ਤੁਮ ਬਡ ਦਾਤੇ ਜੀਅ ਜੀਅਨ ਕੇ ਤੁਮ ਜਾਨਹੁ ਹਮ ਬਿਰਥੇ ॥੨॥ ਕੋਈ ਮਾਰਗੁ ਪੰਥੁ ਬਤਾਵੈ ਪ੍ਰਭ ਕਾ ਕਹੁ ਤਿਨ ਕਉ ਕਿਆ ਦਿਨਥੇ ॥ ਸਭੁ ਤਨੁ ਮਨੁ ਅਰਪਉ ਅਰਪਿ ਅਰਾਪਉ ਕੋਈ ਮੇਲੈ ਪ੍ਰਭ ਮਿਲਥੇ ॥੩॥ ਹਰਿ ਕੇ ਗੁਨ ਬਹੁਤ ਬਹੁਤ ਬਹੁ ਸੋਭਾ ਹਮ ਤੁਛ ਕਰਿ ਕਰਿ ਬਰਨਥੇ ॥ ਹਮਰੀ ਮਤਿ ਵਸਗਤਿ ਪ੍ਰਭ ਤੁਮਰੈ ਜਨ ਨਾਨਕ ਕੇ ਪ੍ਰਭ ਸਮਰਥੇ ॥੪॥੩॥ {ਪੰਨਾ 1320} ਪਦ ਅਰਥ: ਮਨ = ਹੇ ਮਨ! ਜਪੁ ਜਗੰਨਾਥੇ = ਜਗਤ ਦੇ ਨਾਥ (ਦੇ ਨਾਮ) ਦਾ ਜਾਪ। ਜਪਿ = ਜਪਿਆ ਕਰ। ਉਪਦੇਸਿ = ਉਪਦੇਸ਼ ਦੀ ਰਾਹੀਂ। ਸਭਿ = ਸਾਰੇ। ਕਿਲਬਿਖ = ਪਾਪ। ਦੁਖ = (ਸਾਰੇ) ਦੁੱਖ।1। ਰਹਾਉ। ਰਸਨਾ = ਜੀਭ। ਜਸੁ = ਗੁਣ, ਸਿਫ਼ਤਿ-ਸਾਲਾਹ। ਕੀਜੈ = ਬਣਾ ਦੇਹ। ਬਹੁ ਰਸੁਨਥੇ = ਬਹੁਤੀਆਂ ਰਸਨਾ ਦੇ ਨਾਥ, ਬਹੁਤੀਆਂ ਜੀਭਾਂ ਵਾਲੇ। ਬਾਰ ਬਾਰ = ਮੁੜ ਮੁੜ। ਸਭਿ = ਸਾਰੇ (ਜੀਵ) । ਗਾਵਹਿ = ਗਾਂਦੇ ਹਨ (ਬਹੁ-ਵਚਨ) । ਪ੍ਰਭ = ਹੇ ਪ੍ਰਭੂ! ਤੁਮਨਥੇ = ਤੇਰੇ।1। ਹਮ ਲੋਚਹ = ਅਸੀਂ ਤਾਂਘ ਕਰਦੇ ਹਾਂ। ਦਿਖਨਥੇ = ਵੇਖਣ ਲਈ। ਜੀਅ ਕੇ ਦਾਤੇ = ਜਿੰਦ ਦੇ ਦਾਤੇ। ਜੀਅਨ ਕੇ ਦਾਤੇ = ਸਾਰੇ ਜੀਵਾਂ ਦੇ ਦਾਤੇ। ਬਿਰਥੇ = (ÒXQw) ਦਿਲ ਦੀ ਪੀੜ।2। ਮਾਰਗੁ = ਰਸਤਾ। ਪੰਥੁ = ਰਸਤਾ। ਤਿਨ ਕਉ = ਉਹਨਾਂ (ਸੰਤ ਜਨਾਂ) ਨੂੰ। ਕਿਆ ਦਿਨਥੇ = ਕੀਹ ਦਿੱਤਾ ਜਾਏ? ਅਰਪਉ = ਅਰਪਉਂ, ਮੈਂ ਭੇਟਾ ਕਰ ਦਿਆਂ। ਅਰਪਿ = ਭੇਟਾ ਕਰ ਕੇ। ਅਰਾਪਉ = ਅਰਾਪਉਂ, ਅਰਪਉਂ, ਮੈਂ ਭੇਟ ਕਰ ਦਿਆਂ। ਪ੍ਰਭ ਮਿਲਥੇ = ਪ੍ਰਭੂ ਨੂੰ ਮਿਲਿਆ ਹੋਇਆ।3। ਤੁਛ = ਬਹੁਤ ਥੋੜ੍ਹਾ। ਕਰਿ = ਕਰ ਕੇ। ਹਮ ਬਰਨਥੇ = ਅਸੀਂ ਜੀਵ ਬਿਆਨ ਕਰਦੇ ਹਾਂ। ਵਸਗਤਿ = ਵੱਸ ਵਿਚ। ਪ੍ਰਭ = ਹੇ ਪ੍ਰਭੂ! ਸਮਰਥੇ = ਸਭ ਤਾਕਤਾਂ ਦਾ ਮਾਲਕ।4। ਅਰਥ: ਹੇ ਮੇਰੇ ਮਨ! ਜਗਤ ਦੇ ਨਾਥ (ਦੇ ਨਾਮ) ਦਾ ਜਾਪ ਜਪਿਆ ਕਰ। (ਜਿਸ ਮਨੁੱਖ ਨੇ) ਗੁਰੂ ਦੇ ਉਪਦੇਸ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰਿਆ, ਉਸ ਦੇ ਸਾਰੇ ਪਾਪ ਸਾਰੇ ਦੁੱਖ ਦੂਰ ਹੋ ਗਏ।1। ਰਹਾਉ। ਹੇ ਪ੍ਰਭੂ! (ਮਨੁੱਖ ਦੀ) ਇੱਕ ਜੀਭ (ਤੇਰਾ) ਜਸ (ਪੂਰੇ ਤੌਰ ਤੇ) ਗਾ ਨਹੀਂ ਸਕਦੀ, (ਇਸ ਨੂੰ) ਬਹੁਤ ਜੀਭਾਂ ਵਾਲਾ ਬਣਾ ਦੇਹ। ਹੇ ਪ੍ਰਭੂ! ਸਾਰੇ ਜੀਵ ਮੁੜ ਮੁੜ ਹਰੇਕ ਪਲ ਤੇਰੇ ਗੁਣ ਗਾਂਦੇ ਹਨ, ਪਰ ਤੇਰੇ (ਸਾਰੇ) ਗੁਣ ਬਿਆਨ ਨਹੀਂ ਕਰ ਸਕਦੇ।1। ਹੇ ਮੇਰੇ ਮਾਲਕ ਪ੍ਰਭੂ! ਮੇਰੇ ਅੰਦਰ ਤੇਰੀ ਬਹੁਤ ਪ੍ਰੀਤ ਪੈਦਾ ਹੋ ਚੁਕੀ ਹੈ; ਮੈਂ ਤੈਨੂੰ ਦੇਖਣ ਲਈ ਤਾਂਘ ਕਰ ਰਿਹਾ ਹਾਂ। ਹੇ ਪ੍ਰਭੂ! ਤੂੰ ਸਾਰੇ ਜੀਵਾਂ ਨੂੰ ਜਿੰਦ ਦੇਣ ਵਾਲਾ ਹੈਂ, ਤੂੰ ਹੀ ਅਸਾਂ ਜੀਵਾਂ ਦੇ ਦਿਲ ਦੀ ਪੀੜ ਜਾਣਦਾ ਹੈਂ।2। ਹੇ ਭਾਈ! ਜੇ ਕੋਈ (ਸੰਤ ਜਨ ਮੈਨੂੰ) ਪ੍ਰਭੂ (ਦੇ ਮਿਲਾਪ) ਦਾ ਰਸਤਾ ਦੱਸ ਦੇਵੇ, ਤਾਂ ਅਜਿਹੇ (ਸੰਤ) ਜਨਾਂ ਨੂੰ ਕੀਹ ਦੇਣਾ ਚਾਹੀਦਾ ਹੈ? ਜੇ ਪ੍ਰਭੂ ਨੂੰ ਮਿਲਿਆ ਹੋਇਆ ਕੋਈ ਪਿਆਰਾ ਮੈਨੂੰ ਪ੍ਰਭੂ ਨਾਲ ਮਿਲਾ ਦੇਵੇ ਤਾਂ ਮੈਂ ਤਾਂ ਆਪਣਾ ਸਾਰਾ ਤਨ ਸਾਰਾ ਮਨ ਸਦਾ ਲਈ ਭੇਟ ਕਰ ਦਿਆਂ।3। ਹੇ ਭਾਈ! ਪਰਮਾਤਮਾ ਦੇ ਗੁਣ ਬਹੁਤ ਹੀ ਬੇਅੰਤ ਹਨ, ਬਹੁਤ ਬੇਅੰਤ ਹਨ, ਅਸੀਂ ਜੀਵ ਬਹੁਤੇ ਹੀ ਥੋੜੇ ਬਿਆਨ ਕਰਦੇ ਹਾਂ (ਪਰ ਜੀਵਾਂ ਦੇ ਵੱਸ ਦੀ ਗੱਲ ਨਹੀਂ ਹੈ) । ਹੇ ਦਾਸ ਨਾਨਕ ਦੇ ਸਮਰੱਥ ਪ੍ਰਭੂ! ਅਸਾਂ ਜੀਵਾਂ ਦੀ ਮਤਿ ਤੇਰੇ ਹੀ ਵੱਸ ਵਿਚ ਹੈ (ਜਿਤਨੀ ਮਤਿ ਤੂੰ ਦੇਂਦਾ ਹੈਂ ਉਤਨੀ ਹੀ ਤੇਰੀ ਸੋਭਾ ਅਸੀਂ ਬਿਆਨ ਕਰ ਸਕਦੇ ਹਾਂ) ।4।3। ਕਲਿਆਨ ਮਹਲਾ ੪ ॥ ਮੇਰੇ ਮਨ ਜਪਿ ਹਰਿ ਗੁਨ ਅਕਥ ਸੁਨਥਈ ॥ ਧਰਮੁ ਅਰਥੁ ਸਭੁ ਕਾਮੁ ਮੋਖੁ ਹੈ ਜਨ ਪੀਛੈ ਲਗਿ ਫਿਰਥਈ ॥੧॥ ਰਹਾਉ ॥ ਸੋ ਹਰਿ ਹਰਿ ਨਾਮੁ ਧਿਆਵੈ ਹਰਿ ਜਨੁ ਜਿਸੁ ਬਡਭਾਗ ਮਥਈ ॥ ਜਹ ਦਰਗਹਿ ਪ੍ਰਭੁ ਲੇਖਾ ਮਾਗੈ ਤਹ ਛੁਟੈ ਨਾਮੁ ਧਿਆਇਥਈ ॥੧॥ ਹਮਰੇ ਦੋਖ ਬਹੁ ਜਨਮ ਜਨਮ ਕੇ ਦੁਖੁ ਹਉਮੈ ਮੈਲੁ ਲਗਥਈ ॥ ਗੁਰਿ ਧਾਰਿ ਕ੍ਰਿਪਾ ਹਰਿ ਜਲਿ ਨਾਵਾਏ ਸਭ ਕਿਲਬਿਖ ਪਾਪ ਗਥਈ ॥੨॥ ਜਨ ਕੈ ਰਿਦ ਅੰਤਰਿ ਪ੍ਰਭੁ ਸੁਆਮੀ ਜਨ ਹਰਿ ਹਰਿ ਨਾਮੁ ਭਜਥਈ ॥ ਜਹ ਅੰਤੀ ਅਉਸਰੁ ਆਇ ਬਨਤੁ ਹੈ ਤਹ ਰਾਖੈ ਨਾਮੁ ਸਾਥਈ ॥੩॥ ਜਨ ਤੇਰਾ ਜਸੁ ਗਾਵਹਿ ਹਰਿ ਹਰਿ ਪ੍ਰਭ ਹਰਿ ਜਪਿਓ ਜਗੰਨਥਈ ॥ ਜਨ ਨਾਨਕ ਕੇ ਪ੍ਰਭ ਰਾਖੇ ਸੁਆਮੀ ਹਮ ਪਾਥਰ ਰਖੁ ਬੁਡਥਈ ॥੪॥੪॥ {ਪੰਨਾ 1320} ਪਦ ਅਰਥ: ਮਨ = ਹੇ ਮਨ! ਜਪਿ = ਜਪਿਆ ਕਰ। ਅਕਥ = ਅ-ਕੱਥ, ਜਿਸ ਦੇ ਸਾਰੇ ਗੁਣ ਬਿਆਨ ਨਾਹ ਕੀਤੇ ਜਾ ਸਕਣ। ਸੁਨਥਈ = ਸੁਣਿਆ ਜਾਂਦਾ ਹੈ। ਸਭੁ = ਸਾਰੇ ਦਾ ਸਾਰਾ। ਲਗਿ = ਲੱਗ ਕੇ। ਜਨ ਪੀਛੈ = ਭਗਤ ਦੇ ਪਿੱਛੇ। ਫਿਰਥਈ = ਤੁਰਿਆ ਫਿਰਦਾ ਹੈ।1। ਰਹਾਉ। ਧਿਆਵੈ = ਸਿਮਰਦਾ ਹੈ। ਜਿਸੁ ਮਥਈ = ਜਿਸ ਦੇ ਮੱਥੇ ਉੱਤੇ। ਜਹ = ਜਿੱਥੇ। ਮਾਗੈ = ਮੰਗਦਾ ਹੈ (ਇਕ-ਵਚਨ) । ਛੁਟੈ = ਸੁਰਖ਼ਰੂ ਹੁੰਦਾ ਹੈ। ਧਿਆਇਥਈ = ਧਿਆਇ, ਸਿਮਰ ਕੇ।1। ਦੋਖ = ਐਬ, ਪਾਪ। ਜਨਮ ਜਨਮ ਕੇ = ਅਨੇਕਾਂ ਜਨਮਾਂ ਦੇ। ਲਗਥਈ = ਲੱਗਾ ਰਹਿੰਦਾ ਹੈ। ਗੁਰਿ = ਗੁਰੂ ਨੇ। ਹਰਿ ਜਲਿ = ਹਰੀ-ਨਾਮ-ਜਲ ਵਿਚ। ਨਾਵਾਏ = ਇਸ਼ਨਾਨ ਕਰਾਇਆ। ਕਿਲਬਿਖ = ਪਾਪ। ਗਥਈ = ਦੂਰ ਹੋ ਗਿਆ।2। ਰਿਦ = ਹਿਰਦਾ। ਕੈ ਰਿਦ ਅੰਤਰਿ = ਦੇ ਹਿਰਦੇ ਵਿਚ। ਭਜਥਈ = ਭਜਦਾ ਹੈ, ਭਜਨ ਕਰਦਾ ਹੈ, ਸਿਮਰਦਾ ਹੈ। ਅਉਸਰੁ = ਮੌਕਾ। ਅੰਤੀ = ਅਖ਼ੀਰਲੀ। ਤਹ = ਉਥੇ। ਸਾਥਈ = ਸਾਥੀ (ਬਣ ਕੇ) ।3। ਗਾਵਹਿ = ਗਾਂਦੇ ਹਨ। ਹਰਿ ਹਰਿ = ਹੇ ਹਰੀ! ਜਗੰਨਥਈ = ਜਗੰਨਾਥ, ਜਗਤ ਦਾ ਨਾਥ। ਪ੍ਰਭ = ਹੇ ਪ੍ਰਭੂ! ਰਾਖੇ ਸੁਆਮੀ = ਹੇ ਰੱਖਿਆ ਕਰਨ ਵਾਲੇ ਸੁਆਮੀ! ਰਖੁ = ਰੱਖਿਆ ਕਰ। ਬੁਡਥਈ = ਡੁੱਬ ਰਿਹਾਂ ਨੂੰ।4। ਅਰਥ: ਹੇ ਮੇਰੇ ਮਨ! ਉਸ ਪਰਮਾਤਮਾ ਦੇ ਗੁਣ ਯਾਦ ਕਰਿਆ ਕਰ ਜੋ ਅਕੱਥ ਸੁਣਿਆ ਜਾ ਰਿਹਾ ਹੈ। ਧਰਮ ਅਰਥ ਕਾਮ ਮੋਖ = (ਇਹੀ ਹੈ) ਸਾਰਾ (ਮਨੁੱਖ ਦਾ ਨਿਸ਼ਾਨਾ, ਪਰ ਇਹਨਾਂ ਵਿਚੋਂ ਹਰੇਕ ਹੀ ਪਰਮਾਤਮਾ ਦੇ) ਭਗਤ ਦੇ ਪਿੱਛੇ ਪਿੱਛੇ ਤੁਰਿਆ ਫਿਰਦਾ ਹੈ।1। ਰਹਾਉ। ਹੇ ਭਾਈ! ਜਿਸ ਮਨੁੱਖ ਦੇ ਮੱਥੇ ਉੱਤੇ ਵੱਡਾ ਭਾਗ (ਜਾਗ ਪੈਂਦਾ) ਹੈ, ਉਹ ਭਗਤ-ਜਨ ਪਰਮਾਤਮਾ ਦਾ ਨਾਮ ਸਦਾ ਸਿਮਰਦਾ ਹੈ। ਜਿੱਥੇ (ਆਪਣੀ) ਦਰਗਾਹ ਵਿਚ ਪਰਮਾਤਮਾ (ਮਨੁੱਖ ਦੇ ਕੀਤੇ ਕਰਮਾਂ ਦਾ) ਲੇਖਾ ਮੰਗਦਾ ਹੈ, ਪਰਮਾਤਮਾ ਦਾ ਨਾਮ ਸਿਮਰ ਕੇ ਹੀ ਉੱਥੇ ਮਨੁੱਖ ਸੁਰਖ਼ਰੂ ਹੁੰਦਾ ਹੈ।1। ਹੇ ਭਾਈ! ਅਸਾਂ ਜੀਵਾਂ ਦੇ (ਅੰਦਰ) ਅਨੇਕਾਂ ਜਨਮਾਂ ਦੇ ਐਬ ਇਕੱਠੇ ਹੋਏ ਪਏ ਹਨ, (ਸਾਡੇ ਅੰਦਰ) ਦੁੱਖ (ਟਿਕਿਆ ਰਹਿੰਦਾ ਹੈ) , ਹਉਮੈ ਦੀ ਮੈਲ ਲੱਗੀ ਰਹਿੰਦੀ ਹੈ। (ਜਿਨ੍ਹਾਂ ਵਡਭਾਗੀਆਂ ਨੂੰ) ਗੁਰੂ ਨੇ ਮਿਹਰ ਕਰ ਕੇ ਹਰਿ-ਨਾਮ-ਜਲ ਵਿਚ ਇਸ਼ਨਾਨ ਕਰਾ ਦਿੱਤਾ, (ਉਹਨਾਂ ਦੇ ਅੰਦਰੋਂ) ਪਾਪਾਂ ਵਿਕਾਰਾਂ ਦੀ ਸਾਰੀ (ਮੈਲ) ਦੂਰ ਹੋ ਗਈ।2। ਹੇ ਭਾਈ! ਭਗਤ ਜਨਾਂ ਦੇ ਹਿਰਦੇ ਵਿਚ ਮਾਲਕ-ਪ੍ਰਭੂ ਵੱਸਿਆ ਰਹਿੰਦਾ ਹੈ, ਭਗਤ ਜਨਾਂ ਨੇ ਸਦਾ ਪਰਮਾਤਮਾ ਦਾ ਨਾਮ ਜਪਿਆ ਹੈ। ਜਿੱਥੇ ਅਖ਼ੀਰਲਾ ਵਕਤ ਆ ਬਣਦਾ ਹੈ, ਉਥੇ ਪਰਮਾਤਮਾ ਦਾ ਨਾਮ ਸਾਥੀ (ਬਣ ਕੇ) ਰਖਿਆ ਕਰਦਾ ਹੈ।3। ਹੇ ਹਰੀ! (ਤੇਰੇ) ਭਗਤ ਤੇਰਾ ਜਸ (ਸਦਾ) ਗਾਂਦੇ ਰਹਿੰਦੇ ਹਨ। ਹੇ ਜਗਤ ਦੇ ਨਾਥ ਪ੍ਰਭੂ! (ਤੇਰੇ ਭਗਤਾਂ ਨੇ) ਸਦਾ ਤੇਰਾ ਨਾਮ ਜਪਿਆ ਹੈ। ਹੇ ਦਾਸ ਨਾਨਕ ਦੇ ਰਖਵਾਲੇ ਮਾਲਕ ਪ੍ਰਭੂ! ਅਸਾਂ ਪੱਥਰ (ਵਾਂਗ) ਡੁੱਬਦੇ ਜੀਵਾਂ ਦੀ ਰੱਖਿਆ ਕਰ।4। 4। ਕਲਿਆਨ ਮਹਲਾ ੪ ॥ ਹਮਰੀ ਚਿਤਵਨੀ ਹਰਿ ਪ੍ਰਭੁ ਜਾਨੈ ॥ ਅਉਰੁ ਕੋਈ ਨਿੰਦ ਕਰੈ ਹਰਿ ਜਨ ਕੀ ਪ੍ਰਭੁ ਤਾ ਕਾ ਕਹਿਆ ਇਕੁ ਤਿਲੁ ਨਹੀ ਮਾਨੈ ॥੧॥ ਰਹਾਉ ॥ ਅਉਰ ਸਭ ਤਿਆਗਿ ਸੇਵਾ ਕਰਿ ਅਚੁਤ ਜੋ ਸਭ ਤੇ ਊਚ ਠਾਕੁਰੁ ਭਗਵਾਨੈ ॥ ਹਰਿ ਸੇਵਾ ਤੇ ਕਾਲੁ ਜੋਹਿ ਨ ਸਾਕੈ ਚਰਨੀ ਆਇ ਪਵੈ ਹਰਿ ਜਾਨੈ ॥੧॥ ਜਾ ਕਉ ਰਾਖਿ ਲੇਇ ਮੇਰਾ ਸੁਆਮੀ ਤਾ ਕਉ ਸੁਮਤਿ ਦੇਇ ਪੈ ਕਾਨੈ ॥ ਤਾ ਕਉ ਕੋਈ ਅਪਰਿ ਨ ਸਾਕੈ ਜਾ ਕੀ ਭਗਤਿ ਮੇਰਾ ਪ੍ਰਭੁ ਮਾਨੈ ॥੨॥ ਹਰਿ ਕੇ ਚੋਜ ਵਿਡਾਨ ਦੇਖੁ ਜਨ ਜੋ ਖੋਟਾ ਖਰਾ ਇਕ ਨਿਮਖ ਪਛਾਨੈ ॥ ਤਾ ਤੇ ਜਨ ਕਉ ਅਨਦੁ ਭਇਆ ਹੈ ਰਿਦ ਸੁਧ ਮਿਲੇ ਖੋਟੇ ਪਛੁਤਾਨੈ ॥੩॥ ਤੁਮ ਹਰਿ ਦਾਤੇ ਸਮਰਥ ਸੁਆਮੀ ਇਕੁ ਮਾਗਉ ਤੁਝ ਪਾਸਹੁ ਹਰਿ ਦਾਨੈ ॥ ਜਨ ਨਾਨਕ ਕਉ ਹਰਿ ਕ੍ਰਿਪਾ ਕਰਿ ਦੀਜੈ ਸਦ ਬਸਹਿ ਰਿਦੈ ਮੋਹਿ ਹਰਿ ਚਰਾਨੈ ॥੪॥੫॥ {ਪੰਨਾ 1320} ਪਦ ਅਰਥ: ਚਿਤਵਨੀ = ਸੋਚ, ਭਾਵਨੀ। ਜਾਨੈ = ਜਾਣਦਾ ਹੈ (ਇਕ-ਵਚਨ) । ਅਉਰੁ ਕੋਈ = ਕੋਈ ਹੋਰ ਮਨੁੱਖ। ਕਹਿਆ = ਆਖਿਆ ਹੋਇਆ। ਇਕੁ ਤਿਲੁ = ਰਤਾ ਭਰ ਭੀ। ਮਾਨੈ = ਮੰਨਦਾ।1। ਰਹਾਉ। ਤਿਆਗਿ = ਛੱਡ ਕੇ। ਅਚੁਤ = (ਅ-ਚੁਤ। ਅ-ਚਯੁਤ) ਅਬਿਨਾਸ਼ੀ। ਸਭ ਤੇ ਊਚ = ਸਭ ਤੋਂ ਉੱਚਾ। ਸੇਵਾ ਤੇ = ਸੇਵਾ-ਭਗਤੀ ਤੋਂ। ਕਾਲੁ-ਮੌਤ, ਆਤਮਕ ਮੌਤ। ਜੋਹਿ ਨ ਸਕੈ = ਤੱਕ ਨਹੀਂ ਸਕਦੀ। ਹਰਿ ਜਾਨੈ ਚਰਨੀ = ਜਨ-ਜਨ ਦੇ ਚਰਨਾਂ ਤੇ।1। ਕਉ = ਨੂੰ। ਰਾਖਿ ਲੇਇ = ਰੱਖ ਲੈਂਦਾ ਹੈ। ਦੇਇ = ਦੇਂਦਾ ਹੈ। ਪੈ ਕਾਨੈ = ਕੰਨ ਵਿਚ, ਬੜੇ ਧਿਆਨ ਨਾਲ। ਅਪਰਿ ਨ ਸਾਕੈ = ਬਰਾਬਰੀ ਨਹੀਂ ਕਰ ਸਕਦਾ। ਮਾਨੈ = ਪਰਵਾਨ ਕਰਦਾ ਹੈ।2। ਚੋਜ = ਕੌਤਕ ਤਮਾਸ਼ੇ। ਵਿਡਾਨ = ਅਸਚਰਜ। ਜਨ = ਹੇ ਜਨ! ਨਿਮਖ = (inmy =) ਅੱਖ ਝਮਕਣ ਜਿਤਨਾ ਸਮਾ। ਤਾ ਤੇ = ਇਸ ਵਾਸਤੇ। ਰਿਦ ਸੁਧ = ਸੁੱਧ ਹਿਰਦੇ ਵਾਲੇ।3। ਹਰਿ = ਹੇ ਹਰੀ! ਸਮਰਥ = ਸਭ ਤਾਕਤਾਂ ਦੇ ਮਾਲਕ! ਮਾਗਉ = ਮਾਗਉਂ, ਮੈਂ ਮੰਗਦਾ ਹਾਂ। ਕਰਿ = ਕਰ ਕੇ। ਦੀਜੈ = ਦੇਹ। ਸਦ = ਸਦਾ। ਰਿਦੈ ਮੋਹਿ = ਮੇਰੇ ਹਿਰਦੇ ਵਿਚ। ਚਰਾਨੈ = ਚਰਨ।4। ਅਰਥ: ਹੇ ਭਾਈ! ਅਸਾਂ ਜੀਵਾਂ ਦੀ (ਹਰੇਕ) ਭਾਵਨੀ ਨੂੰ ਪਰਮਾਤਮਾ (ਆਪ) ਜਾਣਦਾ ਹੈ। ਜੇ ਕੋਈ ਹੋਰ (ਨਿੰਦਕ ਮਨੁੱਖ) ਪਰਮਾਤਮਾ ਦੇ ਭਗਤ ਦੀ ਨਿੰਦਾ ਕਰਦਾ ਹੋਵੇ, ਪਰਮਾਤਮਾ ਉਸ ਦਾ ਆਖਿਆ ਹੋਇਆ (ਨਿੰਦਾ ਦਾ ਬਚਨ) ਰਤਾ ਭਰ ਭੀ ਨਹੀਂ ਮੰਨਦਾ।1। ਰਹਾਉ। ਹੇ ਭਾਈ! ਹੋਰ ਹਰੇਕ (ਆਸ) ਲਾਹ ਕੇ ਉਸ ਅਬਿਨਾਸੀ ਪਰਮਾਤਮਾ ਦੀ ਭਗਤੀ ਕਰਿਆ ਕਰ, ਜਿਹੜਾ ਸਭ ਤੋਂ ਉੱਚਾ ਮਾਲਕ ਭਗਵਾਨ ਹੈ। ਹੇ ਭਾਈ! ਪਰਮਾਤਮਾ ਦੀ ਸੇਵਾ-ਭਗਤੀ ਦੀ ਬਰਕਤਿ ਨਾਲ ਆਤਮਕ ਮੌਤ (ਭਗਤ ਵਲ) ਤੱਕ ਭੀ ਨਹੀਂ ਸਕਦੀ, ਉਹ ਤਾਂ ਭਗਤ ਦੇ ਚਰਨਾਂ ਵਿਚ ਆ ਡਿੱਗਦੀ ਹੈ (ਭਗਤ ਦੇ ਅਧੀਨ ਹੋ ਜਾਂਦੀ ਹੈ) ।1। ਹੇ ਭਾਈ! ਪਿਆਰਾ ਮਾਲਕ-ਪ੍ਰਭੂ ਜਿਸ ਮਨੁੱਖ ਦੀ ਰਖਿਆ ਕਰਦਾ ਹੈ, ਉਸ ਨੂੰ ਪਿਆਰ ਨਾਲ ਧਿਆਨ ਨਾਲ ਸ੍ਰੇਸ਼ਟ ਮਤਿ ਬਖ਼ਸ਼ਦਾ ਹੈ। ਹੇ ਭਾਈ! ਪਰਮਾਤਮਾ ਜਿਸ ਮਨੁੱਖ ਦੀ ਭਗਤੀ ਪਰਵਾਨ ਕਰ ਲੈਂਦਾ ਹੈ, ਕੋਈ ਹੋਰ ਮਨੁੱਖ ਉਸ ਦੀ ਬਰਾਬਰੀ ਨਹੀਂ ਕਰ ਸਕਦਾ।2। ਹੇ ਸੱਜਣ! ਵੇਖ, ਉਸ ਪਰਮਾਤਮਾ ਦੇ ਕੌਤਕ ਬੜੇ ਹੈਰਾਨ ਕਰਨ ਵਾਲੇ ਹਨ ਜੋ ਅੱਖ ਝਮਕਣ ਜਿਤਨੇ ਸਮੇ ਵਿਚ ਹੀ ਖੋਟੇ ਖਰੇ ਮਨੁੱਖ ਨੂੰ ਪਛਾਣ ਲੈਂਦਾ ਹੈ। ਸੁੱਧ ਹਿਰਦੇ ਵਾਲੇ ਮਨੁੱਖ ਉਸ ਨੂੰ ਮਿਲ ਪੈਂਦੇ ਹਨ, ਖੋਟੇ ਮਨੁੱਖ ਪਛੁਤਾਂਦੇ ਹੀ ਰਹਿ ਜਾਂਦੇ ਹਨ। ਤਾਹੀਏਂ ਭਗਤ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ (ਕਿਉਂਕਿ ਭਗਤ ਨੂੰ ਪ੍ਰਭੂ ਆਪਣੇ ਚਰਨਾਂ ਵਿਚ ਜੋੜੀ ਰੱਖਦਾ ਹੈ) ।3। ਹੇ ਹਰੀ! ਤੁਸੀ ਸਭ ਦਾਤਾਂ ਦੇਣ ਵਾਲੇ ਸਭ ਤਾਕਤਾਂ ਦੇ ਮਾਲਕ ਸੁਆਮੀ ਹੋ। ਹੇ ਹਰੀ! ਮੈਂ ਤੇਰੇ ਪਾਸੋਂ ਇਕ ਖ਼ੈਰ ਮੰਗਦਾ ਹਾਂ। ਮਿਹਰ ਕਰ ਕੇ (ਆਪਣੇ) ਦਾਸ ਨਾਨਕ ਨੂੰ (ਇਹ ਦਾਨ) ਦੇਹ ਕਿ, ਹੇ ਹਰੀ! ਤੇਰੇ ਚਰਨ ਮੇਰੇ ਹਿਰਦੇ ਵਿਚ ਸਦਾ ਵੱਸਦੇ ਰਹਿਣ।4।5। |
Sri Guru Granth Darpan, by Professor Sahib Singh |