ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1323

ਕਲਿਆਨੁ ਮਹਲਾ ੫ ॥ ਪ੍ਰਭੁ ਮੇਰਾ ਅੰਤਰਜਾਮੀ ਜਾਣੁ ॥ ਕਰਿ ਕਿਰਪਾ ਪੂਰਨ ਪਰਮੇਸਰ ਨਿਹਚਲੁ ਸਚੁ ਸਬਦੁ ਨੀਸਾਣੁ ॥੧॥ ਰਹਾਉ ॥ ਹਰਿ ਬਿਨੁ ਆਨ ਨ ਕੋਈ ਸਮਰਥੁ ਤੇਰੀ ਆਸ ਤੇਰਾ ਮਨਿ ਤਾਣੁ ॥ ਸਰਬ ਘਟਾ ਕੇ ਦਾਤੇ ਸੁਆਮੀ ਦੇਹਿ ਸੁ ਪਹਿਰਣੁ ਖਾਣੁ ॥੧॥ ਸੁਰਤਿ ਮਤਿ ਚਤੁਰਾਈ ਸੋਭਾ ਰੂਪੁ ਰੰਗੁ ਧਨੁ ਮਾਣੁ ॥ ਸਰਬ ਸੂਖ ਆਨੰਦ ਨਾਨਕ ਜਪਿ ਰਾਮ ਨਾਮੁ ਕਲਿਆਣੁ ॥੨॥੬॥੯॥ {ਪੰਨਾ 1323}

ਪਦ ਅਰਥ: ਅੰਤਰਜਾਮੀ = ਹਰੇਕ ਦੇ ਹਿਰਦੇ ਵਿਚ ਪਹੁੰਚ ਜਾਣ ਵਾਲਾ। ਜਾਣੁ = ਜਾਣਨਹਾਰ। ਪਰਮੇਸਰ = ਹੇ ਪਰਮੇਸਰ! ਸਚੁ = ਸਦਾ ਕਾਇਮ ਰਹਿਣ ਵਾਲਾ। ਨੀਸਾਣੁ = ਪਰਵਾਨਾ, ਰਾਹਦਾਰੀ।1। ਰਹਾਉ।

ਸਮਰਥੁ = ਤਾਕਤ ਵਾਲਾ। ਮਨਿ = ਮਨ ਵਿਚ। ਤਾਣੁ = ਸਹਾਰਾ। ਘਟ = ਸਰੀਰ। ਦਾਤੇ = ਹੇ ਦਾਤਾਰ! ਦੇਹਿ = ਜੋ ਕੁਝ ਤੂੰ ਦੇਂਦਾ ਹੈਂ।

ਚਤੁਰਾਈ = ਸਿਆਣਪ। ਮਾਣੁ = ਇੱਜ਼ਤ। ਸਰਬ = ਸਾਰੇ। ਜਪਿ = ਜਪਿਆ ਕਰ। ਕਲਿਆਣੁ = ਸੁਖ।2।

ਅਰਥ: ਹੇ ਸਰਬ-ਗੁਣ-ਭਰਪੂਰ ਪਰਮੇਸਰ! ਤੂੰ ਮੇਰਾ ਪ੍ਰਭੂ ਹੈਂ, ਤੂੰ ਮੇਰੇ ਦਿਲ ਦੀ ਜਾਣਨ ਵਾਲਾ ਹੈਂ। ਮਿਹਰ ਕਰ, ਮੈਨੂੰ ਸਦਾ ਅਟੱਲ ਕਾਇਮ ਰਹਿਣ ਵਾਲਾ (ਆਪਣੀ ਸਿਫ਼ਤਿ-ਸਾਲਾਹ ਦਾ) ਸ਼ਬਦ (ਬਖ਼ਸ਼। ਤੇਰੇ ਚਰਨਾਂ ਵਿਚ ਪਹੁੰਚਣ ਲਈ ਇਹ ਸ਼ਬਦ ਹੀ ਮੇਰੇ ਵਾਸਤੇ) ਪਰਵਾਨਾ ਹੈ।1। ਰਹਾਉ।

ਹੇ ਸਭ ਜੀਵਾਂ ਨੂੰ ਦਾਤਾਂ ਦੇਣ ਵਾਲੇ ਸੁਆਮੀ! ਖਾਣ ਅਤੇ ਪਹਿਨਣ ਨੂੰ ਜੋ ਕੁਝ ਤੂੰ ਸਾਨੂੰ ਦੇਂਦਾ ਹੈਂ, ਉਹੀ ਅਸੀਂ ਵਰਤਦੇ ਹਾਂ। ਤੈਥੋਂ ਬਿਨਾ, ਹੇ ਹਰੀ! ਕੋਈ ਹੋਰ (ਇਤਨੀ) ਸਮਰਥਾ ਵਾਲਾ ਨਹੀਂ ਹੈ। (ਮੈਨੂੰ ਸਦਾ) ਤੇਰੀ (ਸਹਾਇਤਾ ਦੀ ਹੀ) ਆਸ (ਰਹਿੰਦੀ ਹੈ, ਮੇਰੇ) ਮਨ ਵਿਚ ਤੇਰਾ ਹੀ ਸਹਾਰਾ ਰਹਿੰਦਾ ਹੈ।1।

ਹੇ ਨਾਨਕ! (ਸਦਾ) ਪਰਮਾਤਮਾ ਦਾ ਨਾਮ ਜਪਿਆ ਕਰ, (ਨਾਮ ਜਪਣ ਦੀ ਬਰਕਤਿ ਨਾਲ ਹੀ ਉੱਚੀ) ਸੁਰਤਿ (ਉੱਚੀ) ਮਤਿ, (ਸੁਚੱਜੇ ਜੀਵਨ ਵਾਲੀ) ਸਿਆਣਪ (ਲੋਕ ਪਰਲੋਕ ਦੀ) ਵਡਿਆਈ, (ਸੋਹਣਾ ਆਤਮਕ) ਰੂਪ ਰੰਗ, ਧਨ, ਇੱਜ਼ਤ, ਸਾਰੇ ਸੁਖ, ਆਨੰਦ (ਇਹ ਸਾਰੀਆਂ ਦਾਤਾਂ ਪ੍ਰਾਪਤ ਹੁੰਦੀਆਂ ਹਨ) ।2।6।9।

ਕਲਿਆਨੁ ਮਹਲਾ ੫ ॥ ਹਰਿ ਚਰਨ ਸਰਨ ਕਲਿਆਨ ਕਰਨ ॥ ਪ੍ਰਭ ਨਾਮੁ ਪਤਿਤ ਪਾਵਨੋ ॥੧॥ ਰਹਾਉ ॥ ਸਾਧਸੰਗਿ ਜਪਿ ਨਿਸੰਗ ਜਮਕਾਲੁ ਤਿਸੁ ਨ ਖਾਵਨੋ ॥੧॥ ਮੁਕਤਿ ਜੁਗਤਿ ਅਨਿਕ ਸੂਖ ਹਰਿ ਭਗਤਿ ਲਵੈ ਨ ਲਾਵਨੋ ॥ ਪ੍ਰਭ ਦਰਸ ਲੁਬਧ ਦਾਸ ਨਾਨਕ ਬਹੁੜਿ ਜੋਨਿ ਨ ਧਾਵਨੋ ॥੨॥੭॥੧੦॥ {ਪੰਨਾ 1323}

ਪਦ ਅਰਥ: ਕਲਿਆਨ = ਸੁਖ, ਆਤਮਕ ਆਨੰਦ। ਕਲਿਆਨ ਕਰਨ = ਆਤਮਕ ਆਨੰਦ ਪੈਦਾ ਕਰਨ ਵਾਲੀ। ਪ੍ਰਭ ਨਾਮੁ = ਪਰਮਾਤਮਾ ਦਾ ਨਾਮ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪਾਵਨ = ਪਵਿੱਤਰ (ਕਰਨ ਵਾਲਾ) । ਪਤਿਤ ਪਾਵਨੋ = ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ।1। ਰਹਾਉ।

ਸਾਧ ਸੰਗਿ = ਸਾਧ-ਸੰਗ ਵਿਚ। ਜਪਿ = ਜਪੈ, ਜੋ ਜਪਦਾ ਹੈ। ਨਿਸੰਗ = ਝਾਕਾ ਲਾਹ ਕੇ। ਜਮਕਾਲੁ = ਮੌਤ, ਆਤਮਕ ਮੌਤ।1।

ਮੁਕਤਿ ਜੁਗਤਿ ਅਨਿਕ = ਮੁਕਤੀ ਪ੍ਰਾਪਤ ਕਰਨ ਦੀਆਂ ਅਨੇਕਾਂ ਜੁਗਤੀਆਂ। ਅਨਿਕ ਸੂਖ = ਅਨੇਕਾਂ ਸੁਖ। ਲਵੈ ਨ ਲਾਵਨੋ = ਬਰਾਬਰੀ ਨਹੀਂ ਕਰ ਸਕਦੇ। ਲੁਬਧ = (luÊD) ਪ੍ਰੇਮੀ, ਤਾਂਘ ਰੱਖਣ ਵਾਲਾ। ਬਹੁੜਿ = ਮੁੜ। ਧਾਵਨੋ = ਭਟਕਣਾ।2।

ਅਰਥ: ਹੇ ਭਾਈ! ਪਰਮਾਤਮਾ ਦੇ ਚਰਨਾਂ ਦੀ ਸਰਨ (ਸਾਰੇ) ਸੁਖ ਪੈਦਾ ਕਰਨ ਵਾਲੀ ਹੈ। ਹੇ ਭਾਈ! ਪਰਮਾਤਮਾ ਦਾ ਨਾਮ ਵਿਕਾਰੀਆਂ ਨੂੰ ਪਵਿੱਤਰ ਬਣਾਣ ਵਾਲਾ ਹੈ।1। ਰਹਾਉ।

ਹੇ ਭਾਈ! (ਜਿਹੜਾ ਮਨੁੱਖ) ਸਾਧ ਸੰਗਤਿ ਵਿਚ ਸਰਧਾ ਨਾਲ ਨਾਮ ਜਪਦਾ ਹੈ, ਉਸ ਨੂੰ ਮੌਤ ਦਾ ਡਰ ਭੈ-ਭੀਤ ਨਹੀਂ ਕਰ ਸਕਦਾ (ਉਸ ਦੇ ਆਤਮਕ ਜੀਵਨ ਨੂੰ ਆਤਮਕ ਮੌਤ ਮੁਕਾ ਨਹੀਂ ਸਕਦੀ) ।1।

ਹੇ ਦਾਸ ਨਾਨਕ! (ਆਖ-) ਮੁਕਤੀ ਪ੍ਰਾਪਤ ਕਰਨ ਲਈ ਅਨੇਕਾਂ ਜੁਗਤੀਆਂ ਅਤੇ ਅਨੇਕਾਂ ਸੁਖ ਪਰਮਾਤਮਾ ਦੀ ਭਗਤੀ ਦੀ ਬਰਾਬਰੀ ਨਹੀਂ ਕਰ ਸਕਦੇ। ਪਰਮਾਤਮਾ ਦੇ ਦੀਦਾਰ ਦਾ ਮਤਵਾਲਾ ਮਨੁੱਖ ਮੁੜ ਜੂਨਾਂ ਦੇ ਗੇੜ ਵਿਚ ਨਹੀਂ ਭਟਕਦਾ।2।7।10।

ਕਲਿਆਨ ਮਹਲਾ ੪ ਅਸਟਪਦੀਆ ॥ ੴ ਸਤਿਗੁਰ ਪ੍ਰਸਾਦਿ ॥ ਰਾਮਾ ਰਮ ਰਾਮੋ ਸੁਨਿ ਮਨੁ ਭੀਜੈ ॥ ਹਰਿ ਹਰਿ ਨਾਮੁ ਅੰਮ੍ਰਿਤੁ ਰਸੁ ਮੀਠਾ ਗੁਰਮਤਿ ਸਹਜੇ ਪੀਜੈ ॥੧॥ ਰਹਾਉ ॥ ਕਾਸਟ ਮਹਿ ਜਿਉ ਹੈ ਬੈਸੰਤਰੁ ਮਥਿ ਸੰਜਮਿ ਕਾਢਿ ਕਢੀਜੈ ॥ ਰਾਮ ਨਾਮੁ ਹੈ ਜੋਤਿ ਸਬਾਈ ਤਤੁ ਗੁਰਮਤਿ ਕਾਢਿ ਲਈਜੈ ॥੧॥ ਨਉ ਦਰਵਾਜ ਨਵੇ ਦਰ ਫੀਕੇ ਰਸੁ ਅੰਮ੍ਰਿਤੁ ਦਸਵੇ ਚੁਈਜੈ ॥ ਕ੍ਰਿਪਾ ਕ੍ਰਿਪਾ ਕਿਰਪਾ ਕਰਿ ਪਿਆਰੇ ਗੁਰ ਸਬਦੀ ਹਰਿ ਰਸੁ ਪੀਜੈ ॥੨॥ ਕਾਇਆ ਨਗਰੁ ਨਗਰੁ ਹੈ ਨੀਕੋ ਵਿਚਿ ਸਉਦਾ ਹਰਿ ਰਸੁ ਕੀਜੈ ॥ ਰਤਨ ਲਾਲ ਅਮੋਲ ਅਮੋਲਕ ਸਤਿਗੁਰ ਸੇਵਾ ਲੀਜੈ ॥੩॥ ਸਤਿਗੁਰੁ ਅਗਮੁ ਅਗਮੁ ਹੈ ਠਾਕੁਰੁ ਭਰਿ ਸਾਗਰ ਭਗਤਿ ਕਰੀਜੈ ॥ ਕ੍ਰਿਪਾ ਕ੍ਰਿਪਾ ਕਰਿ ਦੀਨ ਹਮ ਸਾਰਿੰਗ ਇਕ ਬੂੰਦ ਨਾਮੁ ਮੁਖਿ ਦੀਜੈ ॥੪॥ {ਪੰਨਾ 1323}

ਪਦ ਅਰਥ: ਰਮ = ਰਮਿਆ ਹੋਇਆ, ਸਰਬ-ਵਿਆਪਕ। ਸੁਨਿ = ਸੁਣ ਕੇ। ਭੀਜੈ = (ਪ੍ਰੇਮ-ਜਲ ਨਾਲ) ਭਿੱਜ ਜਾਂਦਾ ਹੈ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ ਟਿਕ ਕੇ। ਪੀਜੈ = ਪੀ ਸਕੀਦਾ ਹੈ।1। ਰਹਾਉ।

ਕਾਸਟ = ਲੱਕੜ। ਮਹਿ = ਵਿਚ। ਬੈਸੰਤਰੁ = ਅੱਗ। ਮਥਿ = ਰਿੜਕ ਕੇ। ਸੰਜਮਿ = ਸੰਜਮ ਨਾਲ, ਵਿਓਂਤ ਨਾਲ। ਕਾਢਿ ਕਢੀਜੈ = ਕੱਢ ਸਕੀਦੀ ਹੈ, ਪੈਦਾ ਕਰ ਲਈਦੀ ਹੈ। ਸਬਾਈ = ਸਾਰੀ (ਸ੍ਰਿਸ਼ਟੀ ਵਿਚ) । ਤਤੁ = ਨਿਚੋੜ, ਭੇਤ, ਅਸਲੀਅਤ।1।

ਨਵੇ = ਨੌ ਹੀ। ਦਸਵੇ = ਦਸਵੇਂ (ਦਰਵਾਜ਼ੇ) ਦੀ ਰਾਹੀਂ। ਚੁਈਜੈ = ਚੋਈਦਾ ਹੈ। ਪਿਆਰੇ = ਹੇ ਪਿਆਰੇ! ਸਬਦੀ = ਸਬਦ ਦੀ ਰਾਹੀਂ। ਪੀਜੈ = ਪੀ ਸਕੀਦਾ ਹੈ।2।

ਕਾਇਆ = ਸਰੀਰ। ਨੀਕੋ = ਚੰਗਾ, ਸੋਹਣਾ। ਵਿਚਿ = (ਕਾਇਆ ਦੇ) ਅੰਦਰ। ਕੀਜੈ = ਕਰਨਾ ਚਾਹੀਦਾ ਹੈ। ਅਮੋਲ = ਜੋ ਕਿਸੇ ਮੁੱਲ ਤੋਂ ਨਹੀਂ ਮਿਲ ਸਕਦੇ। ਲੀਜੈ = ਹਾਸਲ ਕਰ ਸਕੀਦਾ ਹੈ।3।

ਅਗਮੁ = ਅਪਹੁੰਚ। ਭਰਿ = ਭਰਿਆ ਹੋਇਆ (ਅਮੋਲਕ ਰਤਨਾਂ ਲਾਲਾਂ ਨਾਲ) । ਭਰਿ ਸਾਗਰ ਭਗਤਿ = (ਅਮੋਲਕ ਲਾਲਾਂ ਰਤਨਾਂ ਨਾਲ) ਭਰੇ ਹੋਏ ਸਮੁੰਦਰ-ਪ੍ਰਭੂ ਦੀ ਭਗਤੀ। ਕਰੀਜੈ = ਕੀਤੀ ਜਾ ਸਕਦੀ ਹੈ। ਦੀਨ = ਨਿਮਾਣੇ। ਸਾਰਿੰਗ = ਪਪੀਹੇ। ਮੁਖਿ = (ਮੇਰੇ) ਮੂੰਹ ਵਿਚ। ਦੀਜੈ = ਦੇਹ।4।

ਅਰਥ: ਹੇ ਭਾਈ! ਸਰਬ-ਵਿਆਪਕ ਪਰਮਾਤਮਾ (ਦਾ ਨਾਮ) ਸੁਣ ਕੇ (ਮਨੁੱਖ ਦਾ) ਮਨ (ਪ੍ਰੇਮ-ਜਲ ਨਾਲ) ਭਿੱਜ ਜਾਂਦਾ ਹੈ। ਇਹ ਹਰਿ-ਨਾਮ ਆਤਮਕ ਜੀਵਨ ਦੇਣ ਵਾਲਾ ਹੈ ਅਤੇ ਸੁਆਦਲਾ ਹੈ। ਇਹ ਹਰਿ-ਨਾਮ-ਜਲ ਗੁਰੂ ਦੀ ਮਤਿ ਦੀ ਰਾਹੀਂ ਆਤਮਕ ਅਡੋਲਤਾ ਵਿਚ (ਟਿਕ ਕੇ) ਪੀ ਸਕੀਦਾ ਹੈ।1। ਰਹਾਉ।

ਹੇ ਭਾਈ! ਜਿਵੇਂ (ਹਰੇਕ) ਲੱਕੜੀ ਵਿਚ ਅੱਗ (ਲੁਕੀ ਰਹਿੰਦੀ) ਹੈ, (ਪਰ ਜੁਗਤਿ ਨਾਲ ਉੱਦਮ ਕਰ ਕੇ ਪਰਗਟ ਕਰ ਸਕੀਦੀ ਹੈ, ਤਿਵੇਂ ਪਰਮਾਤਮਾ ਦਾ ਨਾਮ (ਐਸਾ) ਹੈ (ਕਿ ਇਸ ਦੀ) ਜੋਤਿ ਸਾਰੀ ਸ੍ਰਿਸ਼ਟੀ ਵਿਚ (ਗੁਪਤ) ਹੈ, ਇਸ ਅਸਲੀਅਤ ਨੂੰ ਗੁਰੂ ਦੀ ਮਤਿ ਦੀ ਰਾਹੀਂ ਸਮਝ ਸਕੀਦਾ ਹੈ।1।

ਹੇ ਭਾਈ! (ਮਨੁੱਖਾ ਸਰੀਰ ਦੇ) ਨੌ ਦਰਵਾਜ਼ੇ ਹਨ (ਜਿਨ੍ਹਾਂ ਦੀ ਰਾਹੀਂ ਮਨੁੱਖ ਦਾ ਸੰਬੰਧ ਬਾਹਰਲੀ ਦੁਨੀਆ ਨਾਲ ਬਣਿਆ ਰਹਿੰਦਾ ਹੈ, ਪਰ) ਇਹ ਨੌ ਹੀ ਦਰਵਾਜ਼ੇ (ਨਾਮ-ਰਸ ਵਲੋਂ) ਰੁੱਖੇ ਰਹਿੰਦੇ ਹਨ। ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਰਸ ਦਸਵੇਂ ਦਰਵਾਜ਼ੇ (ਦਿਮਾਗ਼) ਦੀ ਰਾਹੀਂ ਹੀ (ਮਨੁੱਖ ਦੇ ਅੰਦਰ ਪਰਗਟ ਹੁੰਦਾ ਹੈ, ਜਿਵੇਂ ਅਰਕ ਆਦਿਕ ਨਾਲ ਦੀ ਰਾਹੀਂ) ਚੋਂਦਾ ਹੈ। ਹੇ ਪਿਆਰੇ ਪ੍ਰਭੂ! (ਆਪਣੇ ਜੀਵਾਂ ਉੱਤੇ) ਸਦਾ ਹੀ ਮਿਹਰ ਕਰ, (ਜੇ ਤੂੰ ਮਿਹਰ ਕਰੇਂ, ਤਾਂ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਇਹ ਹਰਿ-ਨਾਮ-ਰਸ ਪੀਤਾ ਜਾ ਸਕਦਾ ਹੈ।2।

ਹੇ ਭਾਈ! ਮਨੁੱਖਾ ਸਰੀਰ (ਮਾਨੋ, ਇਕ) ਸ਼ਹਿਰ ਹੈ, ਇਸ (ਸਰੀਰ-ਸ਼ਹਿਰ) ਵਿਚ ਹਰਿ-ਨਾਮ-ਰਸ (ਵਿਹਾਝਣ ਦਾ) ਵਣਜ ਕਰਦੇ ਰਹਿਣਾ ਚਾਹੀਦਾ ਹੈ। ਹੇ ਭਾਈ! (ਇਹ ਹਰਿ-ਨਾਮ-ਰਸ, ਮਾਨੋ) ਅਮੁੱਲੇ ਰਤਨ ਲਾਲ ਹਨ, (ਇਹ ਹਰਿ-ਨਾਮ-ਰਸ) ਗੁਰੂ ਦੀ ਸਰਨ ਪਿਆਂ ਹੀ ਹਾਸਲ ਕੀਤਾ ਜਾ ਸਕਦਾ ਹੈ।3।

ਹੇ ਭਾਈ! ਗੁਰੂ ਅਪਹੁੰਚ ਪਰਮਾਤਮਾ (ਦਾ ਰੂਪ) ਹੈ। (ਅਮੋਲਕ ਰਤਨਾਂ ਲਾਲਾਂ ਨਾਲ) ਭਰੇ ਹੋਏ ਸਮੁੰਦਰ (ਪ੍ਰਭੂ) ਦੀ ਭਗਤੀ (ਗੁਰੂ ਦੀ ਸਰਨ ਪਿਆਂ ਹੀ) ਕੀਤੀ ਜਾ ਸਕਦੀ ਹੈ। ਹੇ ਪ੍ਰਭੂ! ਅਸੀਂ ਜੀਵ (ਤੇਰੇ ਦਰ ਦੇ) ਨਿਮਾਣੇ ਪਪੀਹੇ ਹਾਂ। ਮਿਹਰ ਕਰ, ਮਿਹਰ ਕਰ (ਜਿਵੇਂ ਪਪੀਹੇ ਨੂੰ ਵਰਖਾ ਦੀ) ਇਕ ਬੂੰਦ (ਦੀ ਪਿਆਸ ਰਹਿੰਦੀ ਹੈ, ਤਿਵੇਂ ਮੈਨੂੰ ਤੇਰੇ ਨਾਮ-ਜਲ ਦੀ ਪਿਆਸ ਹੈ, ਮੇਰੇ) ਮੂੰਹ ਵਿਚ (ਆਪਣਾ) ਨਾਮ (-ਜਲ) ਦੇਹ।4।

ਲਾਲਨੁ ਲਾਲੁ ਲਾਲੁ ਹੈ ਰੰਗਨੁ ਮਨੁ ਰੰਗਨ ਕਉ ਗੁਰ ਦੀਜੈ ॥ ਰਾਮ ਰਾਮ ਰਾਮ ਰੰਗਿ ਰਾਤੇ ਰਸ ਰਸਿਕ ਗਟਕ ਨਿਤ ਪੀਜੈ ॥੫॥ ਬਸੁਧਾ ਸਪਤ ਦੀਪ ਹੈ ਸਾਗਰ ਕਢਿ ਕੰਚਨੁ ਕਾਢਿ ਧਰੀਜੈ ॥ ਮੇਰੇ ਠਾਕੁਰ ਕੇ ਜਨ ਇਨਹੁ ਨ ਬਾਛਹਿ ਹਰਿ ਮਾਗਹਿ ਹਰਿ ਰਸੁ ਦੀਜੈ ॥੬॥ ਸਾਕਤ ਨਰ ਪ੍ਰਾਨੀ ਸਦ ਭੂਖੇ ਨਿਤ ਭੂਖਨ ਭੂਖ ਕਰੀਜੈ ॥ ਧਾਵਤੁ ਧਾਇ ਧਾਵਹਿ ਪ੍ਰੀਤਿ ਮਾਇਆ ਲਖ ਕੋਸਨ ਕਉ ਬਿਥਿ ਦੀਜੈ ॥੭॥ ਹਰਿ ਹਰਿ ਹਰਿ ਹਰਿ ਹਰਿ ਜਨ ਊਤਮ ਕਿਆ ਉਪਮਾ ਤਿਨ੍ਹ੍ਹ ਦੀਜੈ ॥ ਰਾਮ ਨਾਮ ਤੁਲਿ ਅਉਰੁ ਨ ਉਪਮਾ ਜਨ ਨਾਨਕ ਕ੍ਰਿਪਾ ਕਰੀਜੈ ॥੮॥੧॥ {ਪੰਨਾ 1323}

ਪਦ ਅਰਥ: ਲਾਲਨੁ = ਸੋਹਣਾ ਲਾਲ, ਸੋਹਣਾ ਹਰਿ-ਨਾਮ। ਰੰਗਨੁ = ਸੋਹਣਾ ਰੰਗ। ਗੁਰ = ਹੇ ਗੁਰੂ! ਦੀਜੈ = ਦੇਹ। ਰੰਗਿ = ਰੰਗ ਵਿਚ। ਰਾਤੇ = ਰੰਗੇ ਜਾਂਦੇ ਹਨ। ਰਸ ਰਸਿਕ = ਨਾਮ-ਰਸ ਦੇ ਰਸੀਏ। ਗਟਕ = ਗਟ ਗਟ ਕਰ ਕੇ, ਸੁਆਦ ਨਾਲ। ਪੀਜੈ = ਪੀਣਾ ਚਾਹੀਦਾ ਹੈ।5।

ਬਸੁਧਾ = ਧਰਤੀ। ਸਪਤ = ਸੱਤ। ਦੀਪ = (Ip) ਜਜ਼ੀਰੇ, ਟਾਪੂ। ਸਾਗਰ = (ਸੱਤ) ਸਮੁੰਦਰ। ਕੰਚਨੁ = ਸੋਨਾ। ਇਨਹੁ = ਇਹਨਾਂ ਕੀਮਤੀ ਪਦਾਰਥਾਂ ਨੂੰ। ਬਾਛਹਿ = ਚਾਹੁੰਦੇ, ਲੋਚਦੇ, ਤਾਂਘ ਕਰਦੇ। ਮਾਗਹਿ = ਮੰਗਦੇ ਹਨ। ਦੀਜੈ = ਦੇਹ।6।

ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ! ਸਦ = ਸਦਾ। ਭੂਖੇ = ਮਾਇਆ ਦੇ ਲਾਲਚ ਵਿਚ ਫਸੇ ਹੋਏ। ਭੂਖਨ ਭੂਖ ਕਰੀਜੈ = (ਮਾਇਆ ਦੀ) ਭੁੱਖ ਦੀ ਹੀ ਰਟ ਲਾਈ ਜਾਂਦੀ ਹੈ। ਧਾਵਤੁ = ਭਟਕਦਿਆਂ। ਧਾਇ = ਭਟਕ ਕੇ। ਧਾਵਹਿ = ਭਟਕਦੇ ਹਨ। ਧਾਵਤੁ ਧਾਇ ਧਾਵਹਿ = ਭਟਕਦਿਆਂ ਭਟਕ ਕੇ ਭਟਕਦੇ ਹਨ; ਸਦਾ ਭਟਕਦੇ ਫਿਰਦੇ ਹਨ। ਲਖ ਕੋਸਨ ਕਉ = ਲੱਖਾਂ ਕੋਹਾਂ ਨੂੰ। ਬਿਥਿ ਦੀਜੈ = ਵਿੱਥ ਬਣਾ ਲਿਆ ਜਾਂਦਾ ਹੈ।7।

ਹਰਿ ਜਨ = ਪਰਮਾਤਮਾ ਦੇ ਭਗਤ। ਕਿਆ ਉਪਮਾ = ਕਿਹੜੀ ਵਡਿਆਈ? ਦੀਜੈ = ਦਿੱਤੀ ਜਾਏ। ਤੁਲਿ = ਬਰਾਬਰ। ਅਉਰ ਉਪਮਾ = ਕੋਈ ਹੋਰ ਵਡਿਆਈ। ਕ੍ਰਿਪਾ ਕਰੀਜੈ = ਕਿਰਪਾ ਕਰ।8।

ਅਰਥ: ਹੇ ਭਾਈ! ਸੋਹਣਾ ਹਰਿ (-ਨਾਮ) ਬੜਾ ਸੋਹਣਾ ਰੰਗ ਹੈ। ਹੇ ਗੁਰੂ! (ਮੈਨੂੰ ਆਪਣਾ) ਮਨ ਰੰਗਣ ਲਈ (ਇਹ ਹਰਿ-ਨਾਮ ਰੰਗ) ਦੇਹ। ਹੇ ਭਾਈ! (ਜਿਨ੍ਹਾਂ ਮਨੁੱਖਾਂ ਨੂੰ ਇਹ ਨਾਮ-ਰੰਗ ਮਿਲ ਜਾਂਦਾ ਹੈ, ਉਹ) ਸਦਾ ਲਈ ਪਰਮਾਤਮਾ ਦੇ (ਨਾਮ-) ਰੰਗ ਵਿਚ ਰੰਗੇ ਰਹਿੰਦੇ ਹਨ, (ਉਹ ਮਨੁੱਖ ਨਾਮ-) ਰਸ ਦੇ ਰਸੀਏ (ਬਣ ਜਾਂਦੇ ਹਨ) । ਹੇ ਭਾਈ! (ਇਹ ਨਾਮ-ਰਸ) ਗਟ ਗਟ ਕਰ ਕੇ ਸਦਾ ਪੀਂਦੇ ਰਹਿਣਾ ਚਾਹੀਦਾ ਹੈ।5।

ਹੇ ਭਾਈ! (ਜਿਤਨੀ ਭੀ) ਸੱਤ ਟਾਪੂਆਂ ਵਾਲੀ ਅਤੇ ਸੱਤ ਸਮੁੰਦਰਾਂ ਵਾਲੀ ਧਰਤੀ ਹੈ (ਜੇ ਇਸ ਨੂੰ) ਪੁੱਟ ਕੇ (ਇਸ ਵਿਚੋਂ ਸਾਰਾ) ਸੋਨਾ ਕੱਢ ਕੇ (ਬਾਹਰ) ਰੱਖ ਦਿੱਤਾ ਜਾਏ, (ਤਾਂ ਭੀ) ਮੇਰੇ ਮਾਲਕ-ਪ੍ਰਭੂ ਦੇ ਭਗਤ-ਜਨ (ਸੋਨਾ ਆਦਿਕ) ਇਹਨਾਂ (ਕੀਮਤੀ ਪਦਾਰਥਾਂ) ਨੂੰ ਨਹੀਂ ਲੋੜਦੇ, ਉਹ ਸਦਾ ਪਰਮਾਤਮਾ (ਦਾ ਨਾਮ ਹੀ) ਮੰਗਦੇ ਰਹਿੰਦੇ ਹਨ। ਹੇ ਗੁਰੂ! (ਮੈਨੂੰ ਭੀ) ਪਰਮਾਤਮਾ ਦਾ ਨਾਮ ਰਸ ਹੀ ਬਖ਼ਸ਼।6।

ਹੇ ਭਾਈ! ਪਰਮਾਤਮਾ ਤੋਂ ਟੁੱਟੇ ਹੋਏ ਮਨੁੱਖ ਸਦਾ ਮਾਇਆ ਦੇ ਲਾਲਚ ਵਿਚ ਫਸੇ ਰਹਿੰਦੇ ਹਨ, (ਉਹਨਾਂ ਦੇ ਅੰਦਰ) ਸਦਾ (ਮਾਇਆ ਦੀ) ਭੁੱਖ (ਮਾਇਆ ਦੀ) ਭੁੱਖ ਦੀ ਪੁਕਾਰ ਜਾਰੀ ਰਹਿੰਦੀ ਹੈ। ਮਾਇਆ ਦੀ ਖਿੱਚ ਦੇ ਕਾਰਨ ਉਹ ਸਦਾ ਹੀ ਭਟਕਦੇ ਫਿਰਦੇ ਹਨ। (ਮਾਇਆ ਇਕੱਠੀ ਕਰਨ ਦੀ ਖ਼ਾਤਰ ਆਪਣੇ ਮਨ ਅਤੇ ਪਰਮਾਤਮਾ ਦੇ ਵਿਚਕਾਰ) ਲੱਖਾਂ ਕੋਹਾਂ ਨੂੰ ਵਿੱਥ ਬਣਾ ਲਿਆ ਜਾਂਦਾ ਹੈ।7।

ਹੇ ਭਾਈ! ਸਦਾ ਹਰੀ ਦਾ ਨਾਮ ਜਪਣ ਦੀ ਬਰਕਤਿ ਨਾਲ ਪਰਮਾਤਮਾ ਦੇ ਭਗਤ ਉੱਚੇ ਜੀਵਨ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਕੋਈ ਭੀ ਵਡਿਆਈ ਕੀਤੀ ਨਹੀਂ ਜਾ ਸਕਦੀ। ਪਰਮਾਤਮਾ ਦੇ ਨਾਮ ਦੇ ਬਰਾਬਰ ਦਾ ਹੋਰ ਕੋਈ ਪਦਾਰਥ ਹੈ ਹੀ ਨਹੀਂ। ਹੇ ਪ੍ਰਭੂ! (ਆਪਣੇ) ਦਾਸ ਨਾਨਕ ਉਤੇ ਮਿਹਰ ਕਰ (ਅਤੇ ਆਪਣਾ ਨਾਮ ਬਖ਼ਸ਼) ।8।1।

TOP OF PAGE

Sri Guru Granth Darpan, by Professor Sahib Singh