ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1324

ਕਲਿਆਨ ਮਹਲਾ ੪ ॥ ਰਾਮ ਗੁਰੁ ਪਾਰਸੁ ਪਰਸੁ ਕਰੀਜੈ ॥ ਹਮ ਨਿਰਗੁਣੀ ਮਨੂਰ ਅਤਿ ਫੀਕੇ ਮਿਲਿ ਸਤਿਗੁਰ ਪਾਰਸੁ ਕੀਜੈ ॥੧॥ ਰਹਾਉ ॥ ਸੁਰਗ ਮੁਕਤਿ ਬੈਕੁੰਠ ਸਭਿ ਬਾਂਛਹਿ ਨਿਤਿ ਆਸਾ ਆਸ ਕਰੀਜੈ ॥ ਹਰਿ ਦਰਸਨ ਕੇ ਜਨ ਮੁਕਤਿ ਨ ਮਾਂਗਹਿ ਮਿਲਿ ਦਰਸਨ ਤ੍ਰਿਪਤਿ ਮਨੁ ਧੀਜੈ ॥੧॥ ਮਾਇਆ ਮੋਹੁ ਸਬਲੁ ਹੈ ਭਾਰੀ ਮੋਹੁ ਕਾਲਖ ਦਾਗ ਲਗੀਜੈ ॥ ਮੇਰੇ ਠਾਕੁਰ ਕੇ ਜਨ ਅਲਿਪਤ ਹੈ ਮੁਕਤੇ ਜਿਉ ਮੁਰਗਾਈ ਪੰਕੁ ਨ ਭੀਜੈ ॥੨॥ ਚੰਦਨ ਵਾਸੁ ਭੁਇਅੰਗਮ ਵੇੜੀ ਕਿਵ ਮਿਲੀਐ ਚੰਦਨੁ ਲੀਜੈ ॥ ਕਾਢਿ ਖੜਗੁ ਗੁਰ ਗਿਆਨੁ ਕਰਾਰਾ ਬਿਖੁ ਛੇਦਿ ਛੇਦਿ ਰਸੁ ਪੀਜੈ ॥੩॥ ਆਨਿ ਆਨਿ ਸਮਧਾ ਬਹੁ ਕੀਨੀ ਪਲੁ ਬੈਸੰਤਰ ਭਸਮ ਕਰੀਜੈ ॥ ਮਹਾ ਉਗ੍ਰ ਪਾਪ ਸਾਕਤ ਨਰ ਕੀਨੇ ਮਿਲਿ ਸਾਧੂ ਲੂਕੀ ਦੀਜੈ ॥੪॥ {ਪੰਨਾ 1324}

ਪਦ ਅਰਥ: ਰਾਮ = ਹੇ ਰਾਮ! ਹੇ ਹਰੀ! ਪਾਰਸੁ = ਉਹ ਪੱਥਰੀ ਜਿਸ ਦੀ ਛੁਹ ਨਾਲ ਲੋਹਾ ਸੋਨਾ ਹੋ ਜਾਂਦਾ ਮੰਨਿਆ ਜਾਂਦਾ ਹੈ। ਪਰਸੁ = (ਗੁਰੂ ਨਾਲ) ਛੁਹ। ਕਰੀਜੈ = ਕਰ ਦੇਹ। ਹਮ = ਅਸੀਂ ਜੀਵ। ਨਿਰਗੁਣੀ = ਗੁਣ-ਹੀਨ। ਮਨੂਰ = ਸੜਿਆ ਹੋਇਆ ਲੋਹਾ। ਅਤਿ ਫੀਕੇ = ਬਹੁਤ ਰੁੱਖੇ ਜੀਵਨ ਵਾਲੇ। ਮਿਲਿ ਸਤਿਗੁਰ = ਗੁਰੂ ਨੂੰ ਮਿਲ ਕੇ। ਕੀਜੈ = (ਇਹ ਮਿਹਰ) ਕਰ।1। ਰਹਾਉ।

ਸਭਿ = ਸਾਰੇ ਲੋਕ। ਬਾਂਛਹਿ = ਮੰਗਦੇ ਹਨ। ਨਿਤ = ਸਦਾ। ਕਰੀਜੈ = ਕੀਤੀ ਜਾ ਰਹੀ ਹੈ। ਮਿਲਿ = (ਹਰੀ ਨੂੰ) ਮਿਲ ਕੇ। ਦਰਸਨ ਤ੍ਰਿਪਤਿ = ਹਰੀ ਦੇ ਦਰਸਨ ਦੀ ਤ੍ਰਿਪਤੀ ਨਾਲ। ਧੀਜੈ = ਧੀਰਜ ਵਿਚ ਆ ਜਾਂਦਾ ਹੈ, ਸ਼ਾਂਤ ਹੋ ਜਾਂਦਾ ਹੈ।1।

ਸਬਲੁ = ਬਲਵਾਨ। ਕਾਲਖ ਦਾਗ = ਵਿਕਾਰਾਂ ਦੀ ਕਾਲਖ ਦਾ ਦਾਗ਼। ਅਲਿਪਤ = ਨਿਰਲੇਪ। ਮੁਕਤੇ = ਵਿਕਾਰਾਂ ਤੋਂ ਬਚੇ ਹੋਏ। ਪੰਕੁ = ਪੰਖ, ਖੰਭ।2।

ਵਾਸੁ = ਖ਼ੁਸ਼ਬੂ। ਭੁਇਅੰਗਮ = ਸੱਪ। ਵੇੜੀ = ਘਿਰੀ ਹੋਈ। ਕਿਵ = ਕਿਸ ਤਰ੍ਹਾਂ। ਮਿਲੀਐ = ਮਿਲ ਸਕੀਦਾ ਹੈ। ਲੀਜੈ = ਲਿਆ ਜਾ ਸਕਦਾ ਹੈ। ਖੜਗੁ = ਤਲਵਾਰ। ਗੁਰ ਗਿਆਨੁ = ਗੁਰੂ ਦਾ ਦਿੱਤਾ ਗਿਆਨ। ਗਿਆਨੁ = ਆਤਮਕ ਜੀਵਨ ਦੀ ਸੂਝ। ਕਰਾਰਾ = ਤਕੜਾ। ਬਿਖੁ = ਜ਼ਹਰ। ਛੇਦਿ = ਕੱਟ ਕੇ। ਪੀਜੈ = ਪੀਤਾ ਜਾ ਸਕਦਾ ਹੈ।3।

ਆਨਿ = ਲਿਆ ਕੇ। ਆਨਿ ਆਨਿ = ਲਿਆ ਲਿਆ ਕੇ। ਸਮਧਾ = ਲੱਕੜਾਂ ਦਾ ਢੇਰ। ਬੈਸੰਤਰ = ਅੱਗ। ਭਸਮ = ਸੁਆਹ। ਕਰੀਜੈ = ਕੀਤਾ ਜਾ ਸਕਦਾ ਹੈ। ਉਗ੍ਰ = ਬੱਜਰ, ਵੱਡੇ। ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ। ਮਿਲਿ ਸਾਧੂ = ਗੁਰੂ ਨੂੰ ਮਿਲ ਕੇ। ਲੂਕੀ = ਚੁਆਤੀ। ਦੀਜੈ = ਦਿੱਤੀ ਜਾ ਸਕਦੀ ਹੈ।4।

ਅਰਥ: ਹੇ ਹਰੀ! ਗੁਰੂ (ਹੀ ਅਸਲ) ਪਾਰਸ ਹੈ, (ਮੇਰੀ ਗੁਰੂ ਨਾਲ) ਛੁਹ ਕਰ ਦੇਹ (ਮੈਨੂੰ ਗੁਰੂ ਮਿਲਾ ਦੇਹ) । ਅਸੀਂ ਜੀਵ ਗੁਣ-ਹੀਨ ਹਾਂ, ਸੜਿਆ ਹੋਇਆ ਲੋਹਾ ਹਾਂ, ਬੜੇ ਰੁੱਖੇ ਜੀਵਨ ਵਾਲੇ ਹਾਂ। (ਇਹ ਮਿਹਰ) ਕਰ ਕਿ ਗੁਰੂ ਨੂੰ ਮਿਲ ਕੇ ਪਾਰਸ (ਹੋ ਜਾਈਏ) ।1।

ਹੇ ਭਾਈ! ਸਾਰੇ ਲੋਕ ਸੁਰਗ ਮੁਕਤੀ ਬੈਕੁੰਠ (ਹੀ) ਮੰਗਦੇ ਰਹਿੰਦੇ ਹਨ, ਸਦਾ (ਸੁਰਗ ਮੁਕਤੀ ਬੈਕੁੰਠ ਦੀ ਹੀ) ਆਸ ਕੀਤੀ ਜਾ ਰਹੀ ਹੈ। ਪਰ ਪਰਮਾਤਮਾ ਦੇ ਦਰਸ਼ਨ ਦੇ ਪ੍ਰੇਮੀ ਭਗਤ ਮੁਕਤੀ ਨਹੀਂ ਮੰਗਦੇ। (ਪਰਮਾਤਮਾ ਨੂੰ) ਮਿਲ ਕੇ (ਪਰਮਾਤਮਾ ਦੇ) ਦਰਸਨ ਦੇ ਰਜੇਵੇਂ ਨਾਲ (ਉਹਨਾਂ ਦਾ) ਮਨ ਸ਼ਾਂਤ ਰਹਿੰਦਾ ਹੈ।1।

ਹੇ ਭਾਈ! (ਸੰਸਾਰ ਵਿਚ) ਮਾਇਆ ਦਾ ਮੋਹ ਬਹੁਤ ਬਲਵਾਨ ਹੈ, (ਮਾਇਆ ਦਾ) ਮੋਹ (ਜੀਵਾਂ ਦੇ ਮਨ ਵਿਚ ਵਿਕਾਰਾਂ ਦੀ) ਕਾਲਖ ਦੇ ਦਾਗ਼ ਲਾ ਦੇਂਦਾ ਹੈ। ਪਰ ਪਰਮਾਤਮਾ ਦੇ ਭਗਤ (ਮਾਇਆ ਦੇ ਮੋਹ ਤੋਂ) ਨਿਰਲੇਪ ਰਹਿੰਦੇ ਹਨ, ਵਿਕਾਰਾਂ ਤੋਂ ਬਚੇ ਰਹਿੰਦੇ ਹਨ, ਜਿਵੇਂ ਮੁਰਗਾਈ ਦਾ ਖੰਭ (ਪਾਣੀ ਵਿਚ) ਭਿੱਜਦਾ ਨਹੀਂ।2।

ਹੇ ਭਾਈ! ਚੰਦਨ ਦੀ ਖ਼ੁਸ਼ਬੂ ਸੱਪਾਂ ਨਾਲ ਘਿਰੀ ਰਹਿੰਦੀ ਹੈ। (ਚੰਦਨ ਨੂੰ) ਕਿਵੇਂ ਮਿਲਿਆ ਜਾ ਸਕਦਾ ਹੈ? ਚੰਦਨ ਕਿਵੇਂ ਹਾਸਲ ਕੀਤਾ ਜਾ ਸਕਦਾ ਹੈ? (ਮਨੁੱਖ ਦੀ ਜਿੰਦ ਵਿਕਾਰਾਂ ਨਾਲ ਘਿਰੀ ਰਹਿੰਦੀ ਹੈ, ਪ੍ਰਭੂ-ਮਿਲਾਪ ਦੀ ਸੁਗੰਧੀ ਮਨੁੱਖ ਨੂੰ ਪ੍ਰਾਪਤ ਨਹੀਂ ਹੁੰਦੀ) । ਗੁਰੂ ਦਾ ਬਖ਼ਸ਼ਿਆ ਹੋਇਆ (ਆਤਮਕ ਜੀਵਨ ਦੀ ਸੂਝ ਦਾ) ਗਿਆਨ ਤੇਜ਼ ਖੰਡਾ (ਹੈ, ਇਹ ਖੰਡਾ) ਕੱਢ ਕੇ (ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲਾ ਮਾਇਆ ਦੇ ਮੋਹ ਦਾ) ਜ਼ਹਰ (ਜੜ੍ਹਾਂ ਤੋਂ) ਵੱਢ ਵੱਢ ਕੇ ਨਾਮ-ਰਸ ਪੀਤਾ ਜਾ ਸਕਦਾ ਹੈ।3।

ਹੇ ਭਾਈ! (ਲੱਕੜਾਂ) ਲਿਆ ਲਿਆ ਕੇ ਲੱਕੜਾਂ ਦਾ ਬੜਾ ਢੇਰ ਇਕੱਠਾ ਕੀਤਾ ਜਾਏ (ਉਸ ਨੂੰ) ਅੱਗ (ਦੀ ਇਕ ਚੰਗਿਆੜੀ) ਪਲ ਵਿਚ ਸੁਆਹ ਕਰ ਸਕਦੀ ਹੈ। ਪਰਮਾਤਮਾ ਨਾਲੋਂ ਟੁੱਟ ਹੋਏ ਮਨੁੱਖ ਬੜੇ ਬੜੇ ਬੱਜਰ ਪਾਪ ਕਰਦੇ ਹਨ, (ਉਹਨਾਂ ਪਾਪਾਂ ਨੂੰ ਸਾੜਨ ਵਾਸਤੇ) ਗੁਰੂ ਨੂੰ ਮਿਲ ਕੇ (ਹਰਿ-ਨਾਮ-ਅੱਗ ਦੀ) ਚੁਆਤੀ ਦਿੱਤੀ ਜਾ ਸਕਦੀ ਹੈ।4।

ਸਾਧੂ ਸਾਧ ਸਾਧ ਜਨ ਨੀਕੇ ਜਿਨ ਅੰਤਰਿ ਨਾਮੁ ਧਰੀਜੈ ॥ ਪਰਸ ਨਿਪਰਸੁ ਭਏ ਸਾਧੂ ਜਨ ਜਨੁ ਹਰਿ ਭਗਵਾਨੁ ਦਿਖੀਜੈ ॥੫॥ ਸਾਕਤ ਸੂਤੁ ਬਹੁ ਗੁਰਝੀ ਭਰਿਆ ਕਿਉ ਕਰਿ ਤਾਨੁ ਤਨੀਜੈ ॥ ਤੰਤੁ ਸੂਤੁ ਕਿਛੁ ਨਿਕਸੈ ਨਾਹੀ ਸਾਕਤ ਸੰਗੁ ਨ ਕੀਜੈ ॥੬॥ ਸਤਿਗੁਰ ਸਾਧਸੰਗਤਿ ਹੈ ਨੀਕੀ ਮਿਲਿ ਸੰਗਤਿ ਰਾਮੁ ਰਵੀਜੈ ॥ ਅੰਤਰਿ ਰਤਨ ਜਵੇਹਰ ਮਾਣਕ ਗੁਰ ਕਿਰਪਾ ਤੇ ਲੀਜੈ ॥੭॥ ਮੇਰਾ ਠਾਕੁਰੁ ਵਡਾ ਵਡਾ ਹੈ ਸੁਆਮੀ ਹਮ ਕਿਉ ਕਰਿ ਮਿਲਹ ਮਿਲੀਜੈ ॥ ਨਾਨਕ ਮੇਲਿ ਮਿਲਾਏ ਗੁਰੁ ਪੂਰਾ ਜਨ ਕਉ ਪੂਰਨੁ ਦੀਜੈ ॥੮॥੨॥ {ਪੰਨਾ 1324}

ਪਦ ਅਰਥ: ਸਾਧੂ = ਆਪਣੇ ਮਨ ਨੂੰ ਵੱਸ ਵਿਚ ਰੱਖਣ ਵਾਲੇ ਮਨੁੱਖ। ਨੀਕੇ = ਭਲੇ, ਚੰਗੇ, ਨੇਕ। ਜਿਨ ਅੰਤਰਿ = ਜਿਨ੍ਹਾਂ ਦੇ ਅੰਦਰ। ਪਰਸਨਿ = (ਹਰਿ-ਨਾਮ ਦੀ) ਛੁਹ ਨਾਲ। ਪਰਸੁ = ਪਾਰਸੁ। ਜਨੁ = ਜਾਣੋ, ਮਾਨੋ (as if) । ਦਿਖੀਜੈ = (ਉਹਨਾਂ ਨੂੰ) ਦਿੱਸ ਪਿਆ ਹੈ।5।

ਸਾਕਤ ਸੂਤੁ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦਾ ਜੀਵਨ-ਧਾਗਾ। ਗੁਰਝੀ = ਗੁਰਝੀਂ, ਗੁੰਝਲਾਂ ਨਾਲ। ਕਿਉਕਰਿ = ਕਿਵੇਂ? ਤਾਨੁ = ਜੀਵਨ ਦਾ ਤਾਣਾ। ਤਨੀਜੈ = ਤਣਿਆ ਜਾ ਸਕਦਾ ਹੈ। ਤੰਤੁ = ਤੰਦ। ਸੂਤੁ = ਧਾਗਾ। ਨਿਕਸੈ = ਨਿਕਲਦਾ। ਸੰਗੁ = ਸਾਥ।6।

ਸਤਿਗੁਰ ਸਾਧ ਸੰਗਤਿ = ਗੁਰੂ ਦੀ ਸਾਧ ਸੰਗਤਿ। ਨੀਕੀ = ਚੰਗੀ। ਮਿਲਿ = ਮਿਲ ਕੇ। ਰਵੀਜੈ = ਸਿਮਰਿਆ ਜਾ ਸਕਦਾ ਹੈ। ਅੰਤਰਿ = (ਮਨੁੱਖ ਦੇ) ਅੰਦਰ। ਮਾਣਕ = ਮੋਤੀ। ਤੇ = ਤੋਂ, ਨਾਲ। ਲੀਜੈ = ਲਿਆ ਜਾ ਸਕਦਾ ਹੈ।7।

ਠਾਕੁਰੁ = ਮਾਲਕ-ਪ੍ਰਭੂ। ਮਿਲਹ = ਅਸੀਂ ਮਿਲ ਸਕਦੇ ਹਾਂ। ਮਿਲੀਜੈ = ਮਿਲ ਸਕਦਾ ਹੈ। ਮੇਲਿ = (ਆਪਣੇ ਸ਼ਬਦ ਵਿਚ) ਮਿਲਾ ਕੇ। ਕਉ = ਨੂੰ। ਪੂਰਨੁ = ਪੂਰਨਤਾ ਦਾ ਦਰਜਾ। ਦੀਜੈ = ਦੇਹ।8।

ਅਰਥ: ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਟਿਕਿਆ ਰਹਿੰਦਾ ਹੈ, ਉਹ ਹਨ ਸਾਧ ਜਨ ਉਹ ਹਨ ਭਲੇ ਮਨੁੱਖ। (ਪਰਮਾਤਮਾ ਦੇ ਨਾਮ ਦੀ) ਛੁਹ ਨਾਲ (ਉਹ ਮਨੁੱਖ) ਸਾਧੂ-ਜਨ ਬਣੇ ਹਨ, (ਉਹਨਾਂ ਨੂੰ) ਮਾਨੋ, (ਹਰ ਥਾਂ) ਹਰੀ ਭਗਵਾਨ ਦਿੱਸ ਪਿਆ ਹੈ।5।

ਹੇ ਭਾਈ! ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੀ ਜੀਵਨ ਡੋਰ (ਵਿਕਾਰਾਂ ਦੀਆਂ) ਅਨੇਕਾਂ ਗੁੰਝਲਾਂ ਨਾਲ ਭਰੀ ਰਹਿੰਦੀ ਹੈ। (ਵਿਕਾਰਾਂ ਦੀਆਂ ਗੁੰਝਲਾਂ ਨਾਲ ਭਰੇ ਹੋਏ ਜੀਵਨ-ਸੂਤਰ ਨਾਲ ਪਵਿੱਤਰ ਜੀਵਨ ਦਾ) ਤਾਣਾ ਤਣਿਆ ਹੀ ਨਹੀਂ ਜਾ ਸਕਦਾ, (ਕਿਉਂਕਿ ਉਹਨਾਂ ਗੁੰਝਲਾਂ ਵਿਚੋਂ ਇੱਕ ਭੀ ਸਿੱਧੀ) ਤੰਦ ਨਹੀਂ ਨਿਕਲਦੀ, ਇੱਕ ਭੀ ਧਾਗਾ ਨਹੀਂ ਨਿਕਲਦਾ। (ਇਸ ਵਾਸਤੇ ਹੇ ਭਾਈ!) ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦਾ ਸਾਥ ਨਹੀਂ ਕਰਨਾ ਚਾਹੀਦਾ।6।

ਹੇ ਭਾਈ! ਗੁਰੂ ਦੀ ਸਾਧ ਸੰਗਤਿ ਭਲੀ (ਸੁਹਬਤ) ਹੈ, ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ। (ਮਨੁੱਖ ਦੇ) ਅੰਦਰ (ਗੁਪਤ ਟਿਕਿਆ ਹੋਇਆ ਹਰਿ-ਨਾਮ, ਮਾਨੋ) ਰਤਨ ਜਵਾਹਰਾਤ ਮੋਤੀ ਹਨ (ਇਹ ਹਰਿ-ਨਾਮ ਸਾਧ ਸੰਗਤਿ ਵਿਚ ਟਿਕ ਕੇ) ਗੁਰੂ ਦੀ ਕਿਰਪਾ ਨਾਲ ਲਿਆ ਜਾ ਸਕਦਾ ਹੈ।7।

ਹੇ ਭਾਈ! ਮੇਰਾ ਮਾਲਕ-ਸੁਆਮੀ ਬਹੁਤ ਵੱਡਾ ਹੈ, ਅਸੀਂ ਜੀਵ (ਆਪਣੇ ਹੀ ਉੱਦਮ ਨਾਲ ਉਸ ਨੂੰ) ਕਿਵੇਂ ਮਿਲ ਸਕਦੇ ਹਾਂ? (ਇਸ ਤਰ੍ਹਾਂ ਉਹ) ਨਹੀਂ ਮਿਲ ਸਕਦਾ। ਹੇ ਨਾਨਕ! ਪੂਰਾ ਗੁਰੂ (ਹੀ ਆਪਣੇ ਸ਼ਬਦ ਵਿਚ) ਜੋੜ ਕੇ (ਪਰਮਾਤਮਾ ਨਾਲ) ਮਿਲਾਂਦਾ ਹੈ। (ਸੋ, ਗੁਰੂ ਪਰਮੇਸਰ ਦੇ ਦਰ ਤੇ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ ਕਿ ਹੇ ਪ੍ਰਭੂ! ਆਪਣੇ) ਸੇਵਕ ਨੂੰ ਪੂਰਨਤਾ ਦਾ ਦਰਜਾ ਬਖ਼ਸ਼।8।2।

ਕਲਿਆਨੁ ਮਹਲਾ ੪ ॥ ਰਾਮਾ ਰਮ ਰਾਮੋ ਰਾਮੁ ਰਵੀਜੈ ॥ ਸਾਧੂ ਸਾਧ ਸਾਧ ਜਨ ਨੀਕੇ ਮਿਲਿ ਸਾਧੂ ਹਰਿ ਰੰਗੁ ਕੀਜੈ ॥੧॥ ਰਹਾਉ ॥ ਜੀਅ ਜੰਤ ਸਭੁ ਜਗੁ ਹੈ ਜੇਤਾ ਮਨੁ ਡੋਲਤ ਡੋਲ ਕਰੀਜੈ ॥ ਕ੍ਰਿਪਾ ਕ੍ਰਿਪਾ ਕਰਿ ਸਾਧੁ ਮਿਲਾਵਹੁ ਜਗੁ ਥੰਮਨ ਕਉ ਥੰਮੁ ਦੀਜੈ ॥੧॥ ਬਸੁਧਾ ਤਲੈ ਤਲੈ ਸਭ ਊਪਰਿ ਮਿਲਿ ਸਾਧੂ ਚਰਨ ਰੁਲੀਜੈ ॥ ਅਤਿ ਊਤਮ ਅਤਿ ਊਤਮ ਹੋਵਹੁ ਸਭ ਸਿਸਟਿ ਚਰਨ ਤਲ ਦੀਜੈ ॥੨॥ ਗੁਰਮੁਖਿ ਜੋਤਿ ਭਲੀ ਸਿਵ ਨੀਕੀ ਆਨਿ ਪਾਨੀ ਸਕਤਿ ਭਰੀਜੈ ॥ ਮੈਨਦੰਤ ਨਿਕਸੇ ਗੁਰ ਬਚਨੀ ਸਾਰੁ ਚਬਿ ਚਬਿ ਹਰਿ ਰਸੁ ਪੀਜੈ ॥੩॥ ਰਾਮ ਨਾਮ ਅਨੁਗ੍ਰਹੁ ਬਹੁ ਕੀਆ ਗੁਰ ਸਾਧੂ ਪੁਰਖ ਮਿਲੀਜੈ ॥ ਗੁਨ ਰਾਮ ਨਾਮ ਬਿਸਥੀਰਨ ਕੀਏ ਹਰਿ ਸਗਲ ਭਵਨ ਜਸੁ ਦੀਜੈ ॥੪॥ {ਪੰਨਾ 1324}

ਪਦ ਅਰਥ: ਰਮ = ਸਰਬ-ਵਿਆਪਕ। ਰਾਮੋ ਰਾਮੁ = ਰਾਮ ਹੀ ਰਾਮ। ਰਵੀਜੈ = ਸਿਮਰਨਾ ਚਾਹੀਦਾ ਹੈ। ਨੀਕੇ = ਚੰਗੇ, ਸੁੱਚੇ ਜੀਵਨ ਵਾਲੇ। ਮਿਲਿ = ਮਿਲ ਕੇ। ਹਰਿ ਰੰਗੁ = ਹਰੀ (ਦੇ ਮਿਲਾਪ) ਦਾ ਆਨੰਦ।1। ਰਹਾਉ।

ਸਭੁ ਜਗੁ = ਸਾਰਾ ਜਗਤ। ਜੇਤਾ = ਜਿਤਨਾ ਭੀ ਹੈ। ਡੋਲਤ ਡੋਲ ਕਰੀਜੈ = ਹਰ ਵੇਲੇ ਡੋਲ ਰਿਹਾ ਹੈ। ਕਰਿ = ਕਰ ਕੇ। ਸਾਧੁ = ਗੁਰੂ। ਥੰਮਨ ਕਉ = ਸਹਾਰਾ ਦੇਣ ਲਈ। ਦੀਜੈ = ਦੇਹ।2।

ਬਸੁਧਾ = ਧਰਤੀ। ਤਲੈ ਤਲੈ = ਹਰ ਵੇਲੇ ਪੈਰਾਂ ਹੇਠ। ਰੁਲੀਜੈ = ਰੁਲਣਾ ਚਾਹੀਦਾ ਹੈ, ਪਏ ਰਹਿਣਾ ਚਾਹੀਦਾ ਹੈ। ਊਤਮ = ਉੱਚੇ ਜੀਵਨ ਵਾਲੇ। ਸਭ ਸਿਸਟਿ = ਸਾਰੀ ਸ੍ਰਿਸ਼ਟੀ। ਦੀਜੈ = ਦਿੱਤੀ ਜਾ ਸਕਦੀ ਹੈ।2।

ਸਿਵ ਜੋਤਿ = ਪਰਮਾਤਮਾ ਦੀ ਜੋਤਿ। ਨੀਕੀ = ਚੰਗੀ। ਗੁਰਮੁਖਿ = ਗੁਰੂ ਦੇ ਸਨਮੁਖ ਰਿਹਾਂ। ਆਨਿ ਪਾਨੀ = ਪਾਣੀ ਲਿਆ ਕੇ। ਸਕਤਿ = ਮਾਇਆ। ਮੈਨ ਦੰਤ = ਮੋਮ ਦੇ ਦੰਦ, ਹਿਰਦੇ ਦੀ ਕੋਮਲਤਾ। ਸਾਰੁ = ਲੋਹਾ। ਸਾਰੁ ਚਬਿ ਚਬਿ = ਬਲੀ ਵਿਕਾਰਾਂ ਨੂੰ ਵੱਸ ਵਿਚ ਕਰ ਕੇ। ਪੀਜੈ = ਪੀਤਾ ਜਾ ਸਕਦਾ ਹੈ।3।

ਅਨੁਗ੍ਰਹੁ = ਕਿਰਪਾ, ਦਾਨ। ਮਿਲੀਜੈ = ਮਿਲਣਾ ਚਾਹੀਦਾ ਹੈ। ਬਿਸਥੀਰਨ ਕੀਏ = ਖਿਲਾਰ ਦਿੱਤੇ। ਸਗਲ ਭਵਨ = ਸਾਰੇ ਭਵਨਾਂ ਵਿਚ, ਸਾਰੇ ਜਗਤ ਵਿਚ। ਜਸੁ = ਸਿਫ਼ਤਿ-ਸਾਲਾਹ। ਦੀਜੈ = ਵੰਡਿਆ ਜਾਂਦਾ ਹੈ।4।

ਅਰਥ: ਹੇ ਭਾਈ! ਸਰਬ-ਵਿਆਪਕ ਰਾਮ (ਦਾ ਨਾਮ) ਸਦਾ ਸਿਮਰਨਾ ਚਾਹੀਦਾ ਹੈ। (ਸਿਮਰਨ ਦੀ ਬਰਕਤਿ ਨਾਲ ਹੀ ਮਨੁੱਖ) ਉੱਚੇ ਜੀਵਨ ਵਾਲੇ ਗੁਰਮੁਖ ਸਾਧ ਬਣ ਜਾਂਦੇ ਹਨ। ਹੇ ਭਾਈ! ਸਾਧੂ ਜਨਾਂ ਨੂੰ ਮਿਲ ਕੇ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਨਾ ਚਾਹੀਦਾ ਹੈ।1। ਰਹਾਉ।

ਹੇ ਹਰੀ! ਇਹ ਜਿਤਨਾ ਭੀ ਸਾਰਾ ਜਗਤ ਹੈ (ਇਸ ਦੇ ਸਾਰੇ) ਜੀਵਾਂ ਦਾ ਮਨ (ਮਾਇਆ ਦੇ ਅਸਰ ਹੇਠ) ਹਰ ਵੇਲੇ ਡਾਵਾਂ-ਡੋਲ ਹੁੰਦਾ ਰਹਿੰਦਾ ਹੈ। ਹੇ ਪ੍ਰਭੂ! ਮਿਹਰ ਕਰ, ਮਿਹਰ ਕਰ, (ਜੀਵਾਂ ਨੂੰ) ਗੁਰੂ ਮਿਲਾ (ਗੁਰੂ ਜਗਤ ਲਈ ਥੰਮ੍ਹ ਹੈ) , ਜਗਤ ਨੂੰ ਸਹਾਰਾ ਦੇਣ ਲਈ (ਇਹ) ਥੰਮ੍ਹ ਦੇਹ।1।

ਹੇ ਭਾਈ! ਧਰਤੀ ਸਦਾ (ਜੀਵਾਂ ਦੇ) ਪੈਰਾਂ ਹੇਠ ਹੀ ਰਹਿੰਦੀ ਹੈ, (ਆਖ਼ਰ) ਸਭਨਾਂ ਦੇ ਉੱਤੇ ਆ ਜਾਂਦੀ ਹੈ। ਹੇ ਭਾਈ! ਗੁਰੂ ਨੂੰ ਮਿਲ ਕੇ (ਸਭਨਾਂ ਦੇ) ਪੈਰਾਂ ਹੇਠ ਟਿਕੇ ਰਹਿਣਾ ਚਾਹੀਦਾ ਹੈ। (ਜੇ ਇਸ ਜੀਵਨ-ਰਾਹ ਤੇ ਤੁਰੋਗੇ ਤਾਂ) ਬੜੇ ਹੀ ਉੱਚੇ ਜੀਵਨ ਵਾਲੇ ਬਣ ਜਾਵੋਗੇ (ਨਿਮ੍ਰਤਾ ਦੀ ਬਰਕਤਿ ਨਾਲ) ਸਾਰੀ ਧਰਤੀ (ਆਪਣੇ) ਪੈਰਾਂ ਹੇਠ ਦਿੱਤੀ ਜਾ ਸਕਦੀ ਹੈ।2।

ਹੇ ਭਾਈ! ਗੁਰੂ ਦੀ ਸਰਨ ਪਿਆਂ ਪਰਮਾਤਮਾ ਦੀ ਭਲੀ ਸੋਹਣੀ ਜੋਤਿ (ਮਨੁੱਖ ਦੇ ਅੰਦਰ ਜਗ ਪੈਂਦੀ ਹੈ, ਤਦੋਂ) ਮਾਇਆ (ਭੀ ਉਸ ਵਾਸਤੇ) ਲਿਆ ਕੇ ਪਾਣੀ ਭਰਦੀ ਹੈ (ਮਾਇਆ ਉਸ ਦੀ ਟਹਲਣ ਬਣਦੀ ਹੈ) । ਗੁਰੂ ਦੇ ਬਚਨਾਂ ਦੀ ਰਾਹੀਂ ਉਸ ਦੇ ਹਿਰਦੇ ਵਿਚ (ਅਜਿਹੀ) ਕੋਮਲਤਾ ਪੈਦਾ ਹੁੰਦੀ ਹੈ ਕਿ ਬਲੀ ਵਿਕਾਰਾਂ ਨੂੰ ਵੱਸ ਵਿਚ ਕਰ ਕੇ ਪਰਮਾਤਮਾ ਦਾ ਨਾਮ-ਰਸ ਪੀਤਾ ਜਾ ਸਕਦਾ ਹੈ।3।

ਹੇ ਭਾਈ! ਸਾਧ ਗੁਰੂ ਪੁਰਖ ਨੂੰ ਮਿਲਣਾ ਚਾਹੀਦਾ ਹੈ, ਗੁਰੂ ਪਰਮਾਤਮਾ ਦਾ ਨਾਮ-ਦਾਨ ਦੇਣ ਦੀ ਮਿਹਰ ਕਰਦਾ ਹੈ। ਗੁਰੂ ਪਰਮਾਤਮਾ ਦਾ ਨਾਮ ਪਰਮਾਤਮਾ ਦੇ ਗੁਣ (ਸਾਰੇ ਜਗਤ ਵਿਚ) ਖਿਲਾਰਦਾ ਹੈ, (ਗੁਰੂ ਦੀ ਰਾਹੀਂ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਸਾਰੇ ਭਵਨਾਂ ਵਿਚ ਵੰਡੀ ਜਾਂਦੀ ਹੈ।4।

ਸਾਧੂ ਸਾਧ ਸਾਧ ਮਨਿ ਪ੍ਰੀਤਮ ਬਿਨੁ ਦੇਖੇ ਰਹਿ ਨ ਸਕੀਜੈ ॥ ਜਿਉ ਜਲ ਮੀਨ ਜਲੰ ਜਲ ਪ੍ਰੀਤਿ ਹੈ ਖਿਨੁ ਜਲ ਬਿਨੁ ਫੂਟਿ ਮਰੀਜੈ ॥੫॥ ਮਹਾ ਅਭਾਗ ਅਭਾਗ ਹੈ ਜਿਨ ਕੇ ਤਿਨ ਸਾਧੂ ਧੂਰਿ ਨ ਪੀਜੈ ॥ ਤਿਨਾ ਤਿਸਨਾ ਜਲਤ ਜਲਤ ਨਹੀ ਬੂਝਹਿ ਡੰਡੁ ਧਰਮ ਰਾਇ ਕਾ ਦੀਜੈ ॥੬॥ ਸਭਿ ਤੀਰਥ ਬਰਤ ਜਗ੍ਯ੍ਯ ਪੁੰਨ ਕੀਏ ਹਿਵੈ ਗਾਲਿ ਗਾਲਿ ਤਨੁ ਛੀਜੈ ॥ ਅਤੁਲਾ ਤੋਲੁ ਰਾਮ ਨਾਮੁ ਹੈ ਗੁਰਮਤਿ ਕੋ ਪੁਜੈ ਨ ਤੋਲ ਤੁਲੀਜੈ ॥੭॥ ਤਵ ਗੁਨ ਬ੍ਰਹਮ ਬ੍ਰਹਮ ਤੂ ਜਾਨਹਿ ਜਨ ਨਾਨਕ ਸਰਨਿ ਪਰੀਜੈ ॥ ਤੂ ਜਲ ਨਿਧਿ ਮੀਨ ਹਮ ਤੇਰੇ ਕਰਿ ਕਿਰਪਾ ਸੰਗਿ ਰਖੀਜੈ ॥੮॥੩॥ {ਪੰਨਾ 1324-1325}

ਪਦ ਅਰਥ: ਸਾਧ ਮਨਿ = ਸੰਤ ਜਨਾਂ ਦੇ ਮਨ ਵਿਚ। ਰਹਿ ਨ ਸਕੀਜੈ = ਰਿਹਾ ਨਹੀਂ ਜਾ ਸਕਦਾ। ਜਲ ਮੀਨ = ਪਾਣੀ ਦੀ ਮੱਛੀ। ਜਲੰ ਜਲ ਪ੍ਰੀਤਿ = ਹਰ ਵੇਲੇ ਪਾਣੀ ਦਾ ਪਿਆਰ। ਫੂਟਿ = ਫੁੱਟ ਕੇ।5।

ਅਭਾਗ = ਮੰਦੇ ਭਾਗ। ਸਾਧੂ ਧੂਰਿ = ਸੰਤ ਜਨਾਂ ਦੇ ਚਰਨਾਂ ਦੀ ਧੂੜ। ਨਹੀ ਬੂਝਹਿ = ਸ਼ਾਂਤ ਨਹੀਂ ਹੁੰਦੇ। ਡੰਡੁ = ਸਜ਼ਾ। ਦੀਜੈ = ਦਿੱਤੀ ਜਾਂਦੀ ਹੈ।6।

ਸਭਿ = ਸਾਰੇ। ਹਿਵੈ = ਬਰਫ਼ ਵਿਚ। ਗਾਲਿ = ਗਾਲ ਕੇ। ਤਨੁ ਛੀਜੈ = (ਜੇ) ਸਰੀਰ ਨਾਸ ਹੋ ਜਾਏ। ਅਤੁਲਾ = ਨਾਹ ਤੋਲਿਆ ਜਾ ਸਕਣ ਵਾਲਾ। ਕੋ = ਕੋਈ (ਭੀ ਉੱਦਮ) । ਪੁਜੈ ਨ = ਅੱਪੜਦਾ ਨਹੀਂ, ਬਰਾਬਰੀ ਨਹੀਂ ਕਰ ਸਕਦਾ। ਤੁਲੀਜੈ = ਜੇ ਤੋਲਿਆ ਜਾਏ।7।

ਬ੍ਰਹਮ = ਹੇ ਪ੍ਰਭੂ! ਤਵ = ਤੇਰੇ। ਪਰੀਜੈ = ਪਏ ਰਹਿਣਾ ਚਾਹੀਦਾ ਹੈ। ਜਲਨਿਧਿ = ਪਾਣੀ ਦਾ ਖ਼ਜ਼ਾਨਾ, ਸਮੁੰਦਰ। ਕਰਿ = ਕਰ ਕੇ। ਸੰਗਿ = (ਆਪਣੇ) ਨਾਲ।8।

ਅਰਥ: ਹੇ ਭਾਈ! ਸੰਤ ਜਨਾਂ ਦੇ ਮਨ ਵਿਚ (ਸਦਾ) ਪ੍ਰੀਤਮ ਪ੍ਰਭੂ ਜੀ ਵੱਸਦੇ ਹਨ, (ਪ੍ਰਭੂ ਦਾ) ਦਰਸਨ ਕਰਨ ਤੋਂ ਬਿਨਾ (ਉਹਨਾਂ ਪਾਸੋਂ) ਰਿਹਾ ਨਹੀਂ ਜਾ ਸਕਦਾ; ਜਿਵੇਂ ਪਾਣੀ ਦੀ ਮੱਛੀ ਦਾ ਹਰ ਵੇਲੇ ਪਾਣੀ ਨਾਲ ਹੀ ਪਿਆਰ ਹੈ, ਪਾਣੀ ਤੋਂ ਬਿਨਾ ਇਕ ਖਿਨ ਵਿਚ ਹੀ ਉਹ ਤੜਪ ਕੇ ਮਰ ਜਾਂਦੀ ਹੈ।5।

ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਬਹੁਤ ਹੀ ਮੰਦੇ ਭਾਗ ਹੁੰਦੇ ਹਨ, ਉਹਨਾਂ ਨੂੰ ਸੰਤ ਜਨਾਂ ਦੇ ਚਰਨਾਂ ਦੀ ਧੂੜ ਨਸੀਬ ਨਹੀਂ ਹੁੰਦੀ। ਉਹਨਾਂ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਲੱਗੀ ਰਹਿੰਦੀ ਹੈ, (ਉਸ ਅੱਗ ਵਿਚ) ਹਰ ਵੇਲੇ ਸੜਦਿਆਂ ਦੇ ਅੰਦਰ ਠੰਢ ਨਹੀਂ ਪੈਂਦੀ, (ਇਹ ਉਹਨਾਂ ਨੂੰ) ਧਰਮਰਾਜ ਦੀ ਸਜ਼ਾ ਮਿਲਦੀ ਹੈ।6।

ਹੇ ਭਾਈ! ਜੇ ਸਾਰੇ ਤੀਰਥਾਂ ਦੇ ਇਸ਼ਨਾਨ, ਅਨੇਕਾਂ ਵਰਤ, ਜੱਗ ਤੇ ਹੋਰ (ਇਹੋ ਜਿਹੇ) ਪੁੰਨ-ਦਾਨ ਕੀਤੇ ਜਾਣ, (ਪਹਾੜਾਂ ਦੀਆਂ ਖੁੰਦ੍ਰਾਂ ਵਿਚ) ਬਰਫ਼ ਵਿਚ ਗਾਲ ਗਾਲ ਕੇ ਸਰੀਰ ਨਾਸ ਕੀਤਾ ਜਾਏ, (ਤਾਂ ਭੀ ਇਹਨਾਂ ਸਾਰੇ ਸਾਧਨਾਂ ਵਿਚੋਂ) ਕੋਈ ਭੀ ਸਾਧਨ ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦਾ। ਪਰਮਾਤਮਾ ਦਾ ਨਾਮ ਐਸਾ ਹੈ ਕਿ ਕੋਈ ਭੀ ਤੋਲ ਉਸ ਨੂੰ ਤੋਲ ਨਹੀਂ ਸਕਦਾ, ਉਹ ਮਿਲਦਾ ਹੈ ਗੁਰੂ ਦੀ ਮਤਿ ਤੇ ਤੁਰਿਆਂ।7।

ਹੇ ਦਾਸ ਨਾਨਕ! (ਆਖ-) ਹੇ ਪ੍ਰਭੂ! ਤੇਰੇ ਗੁਣ ਤੂੰ (ਆਪ ਹੀ) ਜਾਣਦਾ ਹੈਂ (ਮਿਹਰ ਕਰ, ਅਸੀਂ ਜੀਵ ਤੇਰੀ ਹੀ) ਸਰਨ ਪਏ ਰਹੀਏ। ਤੂੰ (ਸਾਡਾ) ਸਮੁੰਦਰ ਹੈਂ, ਅਸੀਂ ਜੀਵ ਤੇਰੀਆਂ ਮੱਛੀਆਂ ਹਾਂ, ਮਿਹਰ ਕਰ ਕੇ (ਸਾਨੂੰ ਆਪਣੇ) ਨਾਲ ਹੀ ਰੱਖੀ ਰੱਖ।8।3।

TOP OF PAGE

Sri Guru Granth Darpan, by Professor Sahib Singh