ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1325

ਕਲਿਆਨ ਮਹਲਾ ੪ ॥ ਰਾਮਾ ਰਮ ਰਾਮੋ ਪੂਜ ਕਰੀਜੈ ॥ ਮਨੁ ਤਨੁ ਅਰਪਿ ਧਰਉ ਸਭੁ ਆਗੈ ਰਸੁ ਗੁਰਮਤਿ ਗਿਆਨੁ ਦ੍ਰਿੜੀਜੈ ॥੧॥ ਰਹਾਉ ॥ ਬ੍ਰਹਮ ਨਾਮ ਗੁਣ ਸਾਖ ਤਰੋਵਰ ਨਿਤ ਚੁਨਿ ਚੁਨਿ ਪੂਜ ਕਰੀਜੈ ॥ ਆਤਮ ਦੇਉ ਦੇਉ ਹੈ ਆਤਮੁ ਰਸਿ ਲਾਗੈ ਪੂਜ ਕਰੀਜੈ ॥੧॥ ਬਿਬੇਕ ਬੁਧਿ ਸਭ ਜਗ ਮਹਿ ਨਿਰਮਲ ਬਿਚਰਿ ਬਿਚਰਿ ਰਸੁ ਪੀਜੈ ॥ ਗੁਰ ਪਰਸਾਦਿ ਪਦਾਰਥੁ ਪਾਇਆ ਸਤਿਗੁਰ ਕਉ ਇਹੁ ਮਨੁ ਦੀਜੈ ॥੨॥ ਨਿਰਮੋਲਕੁ ਅਤਿ ਹੀਰੋ ਨੀਕੋ ਹੀਰੈ ਹੀਰੁ ਬਿਧੀਜੈ ॥ ਮਨੁ ਮੋਤੀ ਸਾਲੁ ਹੈ ਗੁਰ ਸਬਦੀ ਜਿਤੁ ਹੀਰਾ ਪਰਖਿ ਲਈਜੈ ॥੩॥ ਸੰਗਤਿ ਸੰਤ ਸੰਗਿ ਲਗਿ ਊਚੇ ਜਿਉ ਪੀਪ ਪਲਾਸ ਖਾਇ ਲੀਜੈ ॥ ਸਭ ਨਰ ਮਹਿ ਪ੍ਰਾਨੀ ਊਤਮੁ ਹੋਵੈ ਰਾਮ ਨਾਮੈ ਬਾਸੁ ਬਸੀਜੈ ॥੪॥ {ਪੰਨਾ 1325}

ਪਦ ਅਰਥ: ਰਮ = ਸਰਬ-ਵਿਆਪਕ। ਪੂਜ = ਭਗਤੀ। ਕਰੀਜੈ = ਕਰਨੀ ਚਾਹੀਦੀ ਹੈ। ਅਰਪਿ = ਭੇਟਾ ਕਰ ਕੇ। ਧਰਉ = ਧਰਉਂ, ਮੈਂ ਧਰਦਾ ਹਾਂ। ਸਭੁ = ਸਭ ਕੁਝ। ਗਿਆਨੁ = ਆਤਮਕ ਜੀਵਨ ਦੀ ਸੂਝ। ਦ੍ਰਿੜੀਜੈ = ਹਿਰਦੇ ਵਿਚ ਪੱਕਾ ਹੋ ਸਕੇ।1। ਰਹਾਉ।

ਬ੍ਰਹਮ ਨਾਮ = ਪਰਮਾਤਮਾ ਦਾ ਨਾਮ। ਬ੍ਰਹਮ ਗੁਣ = ਪਰਮਾਤਮਾ ਦੀ ਸਿਫ਼ਤਿ-ਸਾਲਾਹ। ਸਾਖ ਤਰੋਵਰ = ਰੁੱਖ ਦੀਆਂ ਸ਼ਾਖਾਂ। ਚੁਨਿ ਚੁਨਿ = (ਇਹੀ) ਫੁੱਲ ਚੁਣ ਚੁਣ ਕੇ। ਪੂਜ ਕਰੀਜੈ = ਪੂਜਾ ਕਰਨੀ ਚਾਹੀਦੀ ਹੈ। ਆਤਮ ਦੇਉ = ਪਰਮਾਤਮਾ ਹੀ ਦੇਵਤਾ ਹੈ। ਰਸਿ ਲਾਗੈ = ਰਸਿ ਲਾਗਿ, (ਪਰਮਾਤਮਾ ਦੇ ਹੀ ਨਾਮ-) ਰਸ ਵਿਚ ਲੱਗ ਕੇ।1।

ਬਿਬੇਕ ਬੁਧਿ = ਚੰਗੇ ਮੰਦੇ ਕਰਮ ਦੀ ਪਰਖ ਕਰ ਸਕਣ ਵਾਲੀ ਅਕਲ। ਬਿਚਰਿ ਬਿਚਰਿ = (ਇਸ ਬੁੱਧੀ ਦੀ ਰਾਹੀਂ) ਵਿਚਾਰ ਵਿਚਾਰ ਕੇ। ਪੀਜੈ = ਪੀਣਾ ਚਾਹੀਦਾ ਹੈ। ਪਰਸਾਦਿ = ਕਿਰਪਾ ਨਾਲ। ਪਦਾਰਥੁ = ਹਰਿ-ਨਾਮ। ਕਉ = ਨੂੰ। ਦੀਜੈ = ਦੇਣਾ ਚਾਹੀਦਾ ਹੈ।2।

ਅਤਿ ਨੀਕੋ = ਬਹੁਤ ਸੋਹਣਾ। ਹੀਰੋ = ਹਰਿ-ਨਾਮ-ਹੀਰਾ। ਹੀਰੈ = (ਇਸ) ਹੀਰੇ ਨਾਲ। ਹੀਰੁ = ਮਨ-ਹੀਰਾ। ਬਿਧੀਜੈ = ਵਿੰਨ੍ਹ ਲੈਣਾ ਚਾਹੀਦਾ ਹੈ, ਪ੍ਰੋ ਲੈਣਾ ਚਾਹੀਦਾ ਹੈ। ਸਾਲੁ = ਸਾਰੁ, ਸ੍ਰੇਸ਼ਟ। ਸਬਦੀ = ਸ਼ਬਦ ਦੀ ਰਾਹੀਂ। ਜਿਤੁ = ਜਿਸ (ਸ਼ਬਦ) ਦੀ ਬਰਕਤਿ ਨਾਲ। ਹੀਰਾ = ਨਾਮ-ਹੀਰਾ।3।

ਸੰਗਿ = ਨਾਲ। ਲਗਿ = ਲੱਗ ਕੇ। ਪੀਪ = ਪਿੱਪਲ। ਪਲਾਸ = ਛਿਛਰ। ਰਾਮ ਨਾਮੈ = ਪਰਮਾਤਮਾ ਦੇ ਨਾਮ ਵਿਚ। ਬਾਸੁ = ਸੁਗੰਧੀ।4।

ਅਰਥ: ਹੇ ਭਾਈ! ਸਦਾ ਸਰਬ-ਵਿਆਪਕ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ। ਜੇ ਕੋਈ ਮੇਰੇ ਹਿਰਦੇ ਵਿਚ ਗੁਰਮਤਿ ਦੀ ਰਾਹੀਂ ਪਰਮਾਤਮਾ ਦੇ ਨਾਮ ਦਾ ਆਨੰਦ ਅਤੇ ਆਤਮਕ ਜੀਵਨ ਦੀ ਸੂਝ ਪੱਕੀ ਕਰ ਦੇਵੇ ਤਾਂ ਮੈਂ ਆਪਣਾ ਮਨ ਆਪਣਾ ਤਨ ਸਭ ਕੁਝ ਉਸ ਦੇ ਅੱਗੇ ਭੇਟਾ ਰੱਖ ਦਿਆਂ।1। ਰਹਾਉ।

ਹੇ ਭਾਈ! ਪਰਮਾਤਮਾ ਹੀ (ਪੂਜਣ-ਜੋਗ) ਦੇਵਤਾ ਹੈ, (ਪਰਮਾਤਮਾ ਦੇ ਨਾਮ-) ਰਸ ਵਿਚ ਲੱਗ ਕੇ ਪਰਮਾਤਮਾ ਦੀ ਹੀ ਭਗਤੀ ਕਰਨੀ ਚਾਹੀਦੀ ਹੈ। ਪਰਮਾਤਮਾ ਦਾ ਨਾਮ ਪਰਮਾਤਮਾ ਦੇ ਗੁਣ ਹੀ ਰੁੱਖਾਂ ਦੀਆਂ ਸ਼ਾਖ਼ਾਂ ਹਨ (ਜਿਨ੍ਹਾਂ ਨਾਲੋਂ ਨਾਮ ਅਤੇ ਸਿਫ਼ਤਿ-ਸਾਲਾਹ ਦੇ ਫੁੱਲ ਹੀ) ਚੁਣ ਚੁਣ ਕੇ ਪਰਮਾਤਮ-ਦੇਵ ਦੀ ਪੂਜਾ ਕਰਨੀ ਚਾਹੀਦੀ ਹੈ।1।

ਹੇ ਭਾਈ! (ਹੋਰ ਸਭ ਚਤੁਰਾਈਆਂ ਨਾਲੋਂ) ਜਗਤ ਵਿਚ ਚੰਗੇ ਮੰਦੇ ਕਰਮ ਦੀ ਪਰਖ ਕਰ ਸਕਣ ਵਾਲੀ ਅਕਲ ਹੀ ਸਭ ਤੋਂ ਪਵਿੱਤਰ ਹੈ। (ਇਸ ਦੀ ਸਹਾਇਤਾ ਨਾਲ ਪਰਮਾਤਮਾ ਦੇ ਗੁਣ ਮਨ ਵਿਚ) ਵਸਾ ਵਸਾ ਕੇ (ਆਤਮਕ ਜੀਵਨ ਦੇਣ ਵਾਲਾ ਨਾਮ-) ਰਸ ਪੀਣਾ ਚਾਹੀਦਾ ਹੈ। ਇਹ ਨਾਮ-ਪਦਾਰਥ ਗੁਰੂ ਦੀ ਕਿਰਪਾ ਨਾਲ (ਹੀ) ਮਿਲਦਾ ਹੈ, ਆਪਣਾ ਇਹ ਮਨ ਗੁਰੂ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ।2।

ਹੇ ਭਾਈ! ਪਰਮਾਤਮਾ ਦਾ ਨਾਮ-ਹੀਰਾ ਬਹੁਤ ਹੀ ਕੀਮਤੀ ਹੈ ਬਹੁਤ ਹੀ ਸੋਹਣਾ ਹੈ, ਇਸ ਨਾਮ-ਹੀਰੇ ਨਾਲ (ਆਪਣੇ ਮਨ-) ਹੀਰੇ ਨੂੰ ਸਦਾ ਪ੍ਰੋ ਰੱਖਣਾ ਚਾਹੀਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਇਹ ਮਨ ਸ੍ਰੇਸ਼ਟ ਮੋਤੀ ਬਣ ਸਕਦਾ ਹੈ, ਕਿਉਂਕਿ ਸ਼ਬਦ ਦੀ ਬਰਕਤਿ ਨਾਲ ਨਾਮ ਹੀਰੇ ਦੀ ਕਦਰ-ਕੀਮਤ ਦੀ ਸਮਝ ਪੈ ਜਾਂਦੀ ਹੈ।3।

ਹੇ ਭਾਈ! ਸੰਤ-ਜਨਾਂ ਦੀ ਸੰਗਤਿ ਵਿਚ ਰਹਿ ਕੇ ਸੰਤ-ਜਨਾਂ ਦੀ ਚਰਨੀਂ ਲੱਗ ਕੇ ਉੱਚੇ ਜੀਵਨ ਵਾਲੇ ਬਣ ਸਕੀਦਾ ਹੈ। ਜਿਵੇਂ ਛਿਛਰੇ ਨੂੰ ਪਿੱਪਲ ਆਪਣੇ ਵਿਚ ਲੀਨ ਕਰ (ਕੇ ਆਪਣੇ ਵਰਗਾ ਹੀ ਬਣਾ) ਲੈਂਦਾ ਹੈ, (ਇਸੇ ਤਰ੍ਹਾਂ ਜਿਸ ਮਨੁੱਖ ਵਿਚ) ਪਰਮਾਤਮਾ ਦੇ ਨਾਮ ਦੀ ਸੁਗੰਧੀ ਵੱਸ ਜਾਂਦੀ ਹੈ, ਉਹ ਮਨੁੱਖ ਸਭ ਪ੍ਰਾਣੀਆਂ ਵਿਚੋਂ ਉੱਚੇ ਜੀਵਨ ਵਾਲਾ ਬਣ ਜਾਂਦਾ ਹੈ।4।

ਨਿਰਮਲ ਨਿਰਮਲ ਕਰਮ ਬਹੁ ਕੀਨੇ ਨਿਤ ਸਾਖਾ ਹਰੀ ਜੜੀਜੈ ॥ ਧਰਮੁ ਫੁਲੁ ਫਲੁ ਗੁਰਿ ਗਿਆਨੁ ਦ੍ਰਿੜਾਇਆ ਬਹਕਾਰ ਬਾਸੁ ਜਗਿ ਦੀਜੈ ॥੫॥ ਏਕ ਜੋਤਿ ਏਕੋ ਮਨਿ ਵਸਿਆ ਸਭ ਬ੍ਰਹਮ ਦ੍ਰਿਸਟਿ ਇਕੁ ਕੀਜੈ ॥ ਆਤਮ ਰਾਮੁ ਸਭ ਏਕੈ ਹੈ ਪਸਰੇ ਸਭ ਚਰਨ ਤਲੇ ਸਿਰੁ ਦੀਜੈ ॥੬॥ ਨਾਮ ਬਿਨਾ ਨਕਟੇ ਨਰ ਦੇਖਹੁ ਤਿਨ ਘਸਿ ਘਸਿ ਨਾਕ ਵਢੀਜੈ ॥ ਸਾਕਤ ਨਰ ਅਹੰਕਾਰੀ ਕਹੀਅਹਿ ਬਿਨੁ ਨਾਵੈ ਧ੍ਰਿਗੁ ਜੀਵੀਜੈ ॥੭॥ ਜਬ ਲਗੁ ਸਾਸੁ ਸਾਸੁ ਮਨ ਅੰਤਰਿ ਤਤੁ ਬੇਗਲ ਸਰਨਿ ਪਰੀਜੈ ॥ ਨਾਨਕ ਕ੍ਰਿਪਾ ਕ੍ਰਿਪਾ ਕਰਿ ਧਾਰਹੁ ਮੈ ਸਾਧੂ ਚਰਨ ਪਖੀਜੈ ॥੮॥੪॥ {ਪੰਨਾ 1325}

ਪਦ ਅਰਥ: ਨਿਰਮਲ = ਵਿਕਾਰਾਂ ਦੀ ਮੈਲ ਤੋਂ ਬਚਾਣ ਵਾਲੇ, ਪਵਿੱਤਰ। ਸਾਖਾ = ਸ਼ਾਖਾ। ਸਾਖਾ ਹਰੀ = ਹਰੀ ਸ਼ਾਖ਼। ਜੜੀਜੈ = ਜੜੀ ਜਾਂਦੀ ਹੈ, ਉੱਗਦੀ ਹੈ। ਗੁਰਿ = ਗੁਰੂ ਨੇ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ। ਗਿਆਨੁ = ਆਤਮਕ ਜੀਵਨ ਦੀ ਸੂਝ। ਬਹਕਾਰ = ਮਹਕਾਰ, ਸੁਗੰਧੀ। ਬਾਸੁ = ਸੁਗੰਧੀ। ਜਗਿ = ਜਗਤ ਵਿਚ। ਦੀਜੈ = ਦਿੱਤੀ ਜਾਂਦੀ ਹੈ।5।

ਏਕੋ = ਇਕ (ਪਰਮਾਤਮਾ) ਹੀ। ਮਨਿ = ਮਨ ਵਿਚ। ਬ੍ਰਹਮ = ਪਰਮਾਤਮਾ। ਦ੍ਰਿਸਟਿ = ਨਿਗਾਹ, ਨਜ਼ਰ। ਆਤਮ ਰਾਮੁ = ਪਰਮਾਤਮਾ। ਪਸਰੇ = ਵਿਆਪਕ। ਤਲੇ = ਹੇਠ।6।

ਨਕਟੇ = ਨੱਕ-ਕੱਟੇ, ਆਦਰ-ਹੀਣ। ਤਿਨ ਨਾਕ = ਉਹਨਾਂ ਦਾ ਨੱਕ। ਘਸਿ ਘਸਿ = ਮੁੜ ਮੁੜ ਘਸ ਕੇ। ਵਢੀਜੈ = ਵੱਢਿਆ ਜਾਂਦਾ ਹੈ। ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ। ਕਹੀਅਹਿ = ਕਹੇ ਜਾਂਦੇ ਹਨ। ਧ੍ਰਿਗੁ = ਫਿਟਕਾਰ-ਜੋਗ।7।

ਸਾਸੁ = ਸਾਹ। ਸਾਸੁ ਸਾਸੁ = ਹਰੇਕ ਸਾਹ। ਜਬ ਲਗੁ = ਜਿਤਨਾ ਚਿਰ। ਤਤੁ = ਤੁਰਤ। ਬੇਗਲ = ਬੇ-ਗਲ, ਝਿਜਕ ਤੋਂ ਬਿਨਾ, ਸਰਧਾ ਨਾਲ। ਪਰੀਜੈ = ਪਏ ਰਹਿਣਾ ਚਾਹੀਦਾ ਹੈ। ਪਖੀਜੈ = ਧੋਂਦਾ ਰਹਾਂ (ਪਖਾਲੀਂ) ।8।

ਅਰਥ: ਹੇ ਭਾਈ! (ਗੁਰਮਤਿ ਦੀ ਬਰਕਤਿ ਨਾਲ ਜਿਸ ਮਨੁੱਖ ਨੇ) ਵਿਕਾਰਾਂ ਦੀ ਮੈਲ ਤੋਂ ਬਚਾਣ ਵਾਲੇ ਕੰਮ ਨਿੱਤ ਕਰਨੇ ਸ਼ੁਰੂ ਕੀਤੇ, (ਉਸ ਦੇ ਜੀਵਨ-ਰੁੱਖ ਉਤੇ, ਮਾਨੋ, ਇਹ) ਹਰੀ ਸ਼ਾਖ਼ ਸਦਾ ਉੱਗਦੀ ਰਹਿੰਦੀ ਹੈ, (ਜਿਸ ਨੂੰ) ਧਰਮ-ਰੂਪ ਫੁੱਲ ਲੱਗਦਾ ਰਹਿੰਦਾ ਹੈ, ਅਤੇ ਗੁਰੂ ਦੀ ਰਾਹੀਂ ਮਿਲੀ ਆਤਮਕ ਜੀਵਨ ਦੀ ਸੂਝ (ਦਾ) ਫਲ ਲੱਗਦਾ ਹੈ। (ਇਸ ਫੁੱਲ ਦੀ) ਮਹਕਾਰ ਸੁਗੰਧੀ (ਸਾਰੇ) ਜਗਤ ਵਿਚ ਖਿਲਰਦੀ ਹੈ।5।

ਹੇ ਭਾਈ! (ਸਾਰੇ ਜਗਤ ਵਿਚ) ਇਕ (ਪਰਮਾਤਮਾ) ਦੀ ਜੋਤਿ (ਹੀ ਵੱਸਦੀ ਹੈ) , ਇਕ ਪਰਮਾਤਮਾ ਹੀ (ਸਭਨਾਂ ਦੇ) ਮਨ ਵਿਚ ਵੱਸਦਾ ਹੈ, ਸਾਰੀ ਲੁਕਾਈ ਵਿਚ ਸਿਰਫ਼ ਪਰਮਾਤਮਾ ਨੂੰ ਵੇਖਣ ਵਾਲੀ ਨਿਗਾਹ ਹੀ ਬਣਾਣੀ ਚਾਹੀਦੀ ਹੈ। ਸਾਰੀ ਸ੍ਰਿਸ਼ਟੀ ਵਿਚ ਇਕ ਪਰਮਾਤਮਾ ਹੀ ਪਸਾਰਾ ਪਸਾਰ ਰਿਹਾ ਹੈ, (ਇਸ ਵਾਸਤੇ) ਸਭਨਾਂ ਦੇ ਚਰਨਾਂ ਹੇਠ (ਆਪਣਾ) ਸਿਰ ਰੱਖਣਾ ਚਾਹੀਦਾ ਹੈ।6।

ਹੇ ਭਾਈ! ਵੇਖੋ, ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਤੋਂ ਵਾਂਜੇ ਰਹਿੰਦੇ ਹਨ ਉਹ ਨਿਰਾਦਰੀ ਹੀ ਕਰਾਂਦੇ ਹਨ, ਉਹਨਾਂ ਦੀ ਸਦਾ ਨੱਕ-ਵੱਢੀ ਹੁੰਦੀ ਰਹਿੰਦੀ ਹੈ। ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਅਹੰਕਾਰੀ ਹੀ ਆਖੇ ਜਾਂਦੇ ਹਨ। ਨਾਮ ਤੋਂ ਬਿਨਾ ਜੀਵਿਆ ਜੀਵਨ ਫਿਟਕਾਰ-ਜੋਗ ਹੀ ਹੁੰਦਾ ਹੈ।7।

ਹੇ ਭਾਈ! ਜਦ ਤਕ ਮਨ ਵਿਚ (ਭਾਵ, ਸਰੀਰ ਵਿਚ) ਇੱਕ ਸਾਹ ਭੀ ਆ ਰਿਹਾ ਹੈ, ਤਦ ਤਕ ਪੂਰੀ ਸਰਧਾ ਨਾਲ ਪਰਮਾਤਮਾ ਦੀ ਸਰਨ ਪਏ ਰਹਿਣਾ ਚਾਹੀਦਾ ਹੈ। ਹੇ ਨਾਨਕ! (ਆਖ– ਹੇ ਪ੍ਰਭੂ! ਮੇਰੇ ਉਤੇ) ਮਿਹਰ ਕਰ, ਮਿਹਰ ਕਰ, ਮੈਂ ਤੇਰੇ ਸੰਤ-ਜਨਾਂ ਦੇ ਚਰਨ ਧੋਂਦਾ ਰਹਾਂ।8।4।

ਕਲਿਆਨ ਮਹਲਾ ੪ ॥ ਰਾਮਾ ਮੈ ਸਾਧੂ ਚਰਨ ਧੁਵੀਜੈ ॥ ਕਿਲਬਿਖ ਦਹਨ ਹੋਹਿ ਖਿਨ ਅੰਤਰਿ ਮੇਰੇ ਠਾਕੁਰ ਕਿਰਪਾ ਕੀਜੈ ॥੧॥ ਰਹਾਉ ॥ ਮੰਗਤ ਜਨ ਦੀਨ ਖਰੇ ਦਰਿ ਠਾਢੇ ਅਤਿ ਤਰਸਨ ਕਉ ਦਾਨੁ ਦੀਜੈ ॥ ਤ੍ਰਾਹਿ ਤ੍ਰਾਹਿ ਸਰਨਿ ਪ੍ਰਭ ਆਏ ਮੋ ਕਉ ਗੁਰਮਤਿ ਨਾਮੁ ਦ੍ਰਿੜੀਜੈ ॥੧॥ ਕਾਮ ਕਰੋਧੁ ਨਗਰ ਮਹਿ ਸਬਲਾ ਨਿਤ ਉਠਿ ਉਠਿ ਜੂਝੁ ਕਰੀਜੈ ॥ ਅੰਗੀਕਾਰੁ ਕਰਹੁ ਰਖਿ ਲੇਵਹੁ ਗੁਰ ਪੂਰਾ ਕਾਢਿ ਕਢੀਜੈ ॥੨॥ ਅੰਤਰਿ ਅਗਨਿ ਸਬਲ ਅਤਿ ਬਿਖਿਆ ਹਿਵ ਸੀਤਲੁ ਸਬਦੁ ਗੁਰ ਦੀਜੈ ॥ ਤਨਿ ਮਨਿ ਸਾਂਤਿ ਹੋਇ ਅਧਿਕਾਈ ਰੋਗੁ ਕਾਟੈ ਸੂਖਿ ਸਵੀਜੈ ॥੩॥ ਜਿਉ ਸੂਰਜੁ ਕਿਰਣਿ ਰਵਿਆ ਸਰਬ ਠਾਈ ਸਭ ਘਟਿ ਘਟਿ ਰਾਮੁ ਰਵੀਜੈ ॥ ਸਾਧੂ ਸਾਧ ਮਿਲੇ ਰਸੁ ਪਾਵੈ ਤਤੁ ਨਿਜ ਘਰਿ ਬੈਠਿਆ ਪੀਜੈ ॥੪॥ {ਪੰਨਾ 1325-1326}

ਪਦ ਅਰਥ: ਰਾਮਾ = ਹੇ ਰਾਮ! ਸਾਧੂ = ਗੁਰੂ। ਧੁਵੀਜੈ = ਧੋਵੀਂ, ਧੋਂਦਾ ਰਹਾਂ। ਕਿਲਬਿਖ = ਪਾਪ। ਦਹਨ ਹੋਹਿ = ਸੜ ਜਾਂਦੇ ਹਨ। ਠਾਕੁਰ = ਹੇ ਠਾਕੁਰ!।1। ਰਹਾਉ।

ਦੀਨ = ਨਿਮਾਣੇ। ਖਰੇ = ਖੜੇ ਹਨ। ਦਰਿ = (ਤੇਰੇ) ਦਰ ਤੇ। ਠਾਢੇ = ਖਲੋਤੇ ਹੋਏ। ਅਤਿ ਤਰਸਨ ਕਉ = ਬਹੁਤ ਤਰਸ ਰਿਹਾਂ ਨੂੰ। ਦੀਜੈ = ਦੇਹ। ਤ੍ਰਾਹਿ = ਬਚਾ ਲੈ। ਪ੍ਰਭ = ਹੇ ਪ੍ਰਭੂ! ਮੋ ਕਉ = ਮੈਨੂੰ। ਦ੍ਰਿੜੀਜੈ = ਹਿਰਦੈ ਵਿਚ ਪੱਕਾ ਕਰ।1।

ਨਗਰ ਮਹਿ = ਸਰੀਰ-ਨਗਰ ਵਿਚ। ਸਬਲਾ = (ਸ-ਬਲ) ਬਲਵਾਨ। ਉਠਿ = ਉੱਠ ਕੇ। ਜੂਝੁ = ਜੁੱਧ। ਕਰੀਜੈ = ਕਰੀਂ, ਮੈਂ ਕਰਦਾ ਹਾਂ। ਅੰਗੀਕਾਰੁ = ਪੱਖ, ਮਦਦ, ਸਹਾਇਤਾ। ਰਾਖਿ ਲੇਵਹੁ = ਬਚਾ ਲੈ। ਕਾਢਿ ਕਢੀਜੈ = ਸਦਾ ਲਈ ਕੱਢ ਦੇਹ।2।

ਸਬਲ ਅਤਿ = ਬਹੁਤ ਬਲ ਵਾਲੀ। ਬਿਖਿਆ ਅਗਨਿ = ਮਾਇਆ (ਦੀ ਤ੍ਰਿਸ਼ਨਾ) ਦੀ ਅੱਗ। ਹਿਵ = ਬਰਫ਼। ਸਬਦੁ ਗੁਰ = ਗੁਰੂ ਦਾ ਸ਼ਬਦ। ਤਨਿ = ਤਨ ਵਿਚ। ਮਨਿ = ਮਨ ਵਿਚ। ਅਧਿਕਾਈ = ਬਹੁਤ। ਸੂਖਿ = ਸੁਖ ਵਿਚ। ਸਵੀਜੈ = ਸੇਵਿਆ ਜਾ ਸਕੇ, ਲੀਨਤਾ ਹੋ ਜਾਏ।3।

ਰਵਿਆ = ਵਿਆਪਕ ਹੈ। ਸਰਬ ਠਾਈ = ਸਭਨੀਂ ਥਾਈਂ। ਘਟਿ ਘਟਿ = ਹਰੇਕ ਸਰੀਰ ਵਿਚ। ਰਵੀਜੈ = ਵਿਆਪਕ ਹੈ। ਰਸੁ = ਆਨੰਦ, ਸੁਆਦ। ਪਾਵੈ = ਮਾਣਦਾ ਹੈ। ਤਤੁ = ਨਿਚੋੜ। ਨਿਜ = ਆਪਣਾ। ਘਰਿ = ਘਰ ਵਿਚ। ਨਿਜ ਘਰਿ = ਆਪਣੇ ਅਸਲ ਘਰ ਵਿਚ, ਪ੍ਰਭੂ-ਚਰਨਾਂ ਵਿਚ।4।

ਅਰਥ: ਹੇ ਮੇਰੇ ਠਾਕੁਰ! ਹੇ ਮੇਰੇ ਰਾਮ! (ਮੇਰੇ ਉੱਤੇ ਮਿਹਰ ਕਰ) ਮੈਂ ਗੁਰੂ ਦੇ ਚਰਨ (ਨਿੱਤ) ਧੋਂਦਾ ਰਹਾਂ (ਗੁਰੂ ਦੀ ਸਰਨ ਪਏ ਰਿਹਾਂ) ਇਕ ਖਿਨ ਵਿਚ ਸਾਰੇ ਪਾਪ ਸੜ ਜਾਂਦੇ ਹਨ।1। ਰਹਾਉ।

ਹੇ ਪ੍ਰਭੂ! (ਤੇਰੇ ਦਰ ਦੇ) ਨਿਮਾਣੇ ਮੰਗਤੇ (ਤੇਰੇ) ਦਰ ਤੇ ਖਲੋਤੇ ਹੋਏ ਹਨ, ਬਹੁਤ ਤਰਸ ਰਿਹਾਂ ਨੂੰ (ਇਹ) ਖ਼ੈਰ ਪਾ। ਹੇ ਪ੍ਰਭੂ! (ਇਹਨਾਂ ਪਾਪਾਂ ਤੋਂ) ਬਚਾ ਲੈ, ਬਚਾ ਲੈ, (ਅਸੀਂ ਤੇਰੀ) ਸਰਨ ਆ ਪਏ ਹਾਂ। ਹੇ ਪ੍ਰਭੂ! ਗੁਰੂ ਦੀ ਮਤਿ ਦੀ ਰਾਹੀਂ (ਆਪਣਾ) ਨਾਮ ਮੇਰੇ ਅੰਦਰ ਪੱਕਾ ਕਰ।1।

ਹੇ ਪ੍ਰਭੂ! (ਅਸਾਂ ਜੀਵਾਂ ਦੇ ਸਰੀਰ-) ਨਗਰ ਵਿਚ ਕਾਮ ਕ੍ਰੋਧ (ਆਦਿਕ ਹਰੇਕ ਵਿਕਾਰ) ਬਲਵਾਨ ਹੋਇਆ ਰਹਿੰਦਾ ਹੈ, ਸਦਾ ਉੱਠ ਉੱਠ ਕੇ (ਇਹਨਾਂ ਨਾਲ) ਜੁੱਧ ਕਰਨਾ ਪੈਂਦਾ ਹੈ। ਹੇ ਪ੍ਰਭੂ! ਸਹਾਇਤਾ ਕਰ, (ਇਹਨਾਂ ਤੋਂ) ਬਚਾ ਲੈ। ਪੂਰਾ ਗੁਰੂ (ਮਿਲਾ ਕੇ ਇਹਨਾਂ ਦੇ ਪੰਜੇ ਵਿਚੋਂ) ਕੱਢ ਲੈ।2।

ਹੇ ਭਾਈ! (ਜੀਵਾਂ ਦੇ) ਅੰਦਰ ਮਾਇਆ (ਦੀ ਤ੍ਰਿਸ਼ਨਾ) ਦੀ ਅੱਗ ਬਹੁਤ ਭੜਕ ਰਹੀ ਹੈ। ਬਰਫ਼ ਵਰਗਾ ਗੁਰੂ ਦਾ ਠੰਢਾ-ਠਾਰ ਸ਼ਬਦ ਦੇਹ, (ਤਾ ਕਿ) ਤਨ ਵਿਚ ਮਨ ਵਿਚ ਬਹੁਤ ਸ਼ਾਂਤੀ ਪੈਦਾ ਹੋ ਜਾਏ। (ਗੁਰੂ ਦਾ ਸ਼ਬਦ ਜੀਵਾਂ ਦੇ ਹਰੇਕ) ਰੋਗ ਕੱਟ ਦੇਂਦਾ ਹੈ, (ਗੁਰੂ ਦੇ ਸ਼ਬਦ ਦੀ ਬਰਕਤਿ ਨਾਲ) ਆਤਮਕ ਆਨੰਦ ਵਿਚ ਮਗਨ ਰਹਿ ਸਕੀਦਾ ਹੈ।3।

ਹੇ ਭਾਈ! ਜਿਵੇਂ ਸੂਰਜ (ਆਪਣੀ) ਕਿਰਣ ਦੀ ਰਾਹੀਂ ਸਭਨੀਂ ਥਾਈਂ ਪਹੁੰਚਿਆ ਹੋਇਆ ਹੈ, (ਤਿਵੇਂ) ਪਰਮਾਤਮਾ ਸਾਰੀ ਲੁਕਾਈ ਵਿਚ ਹਰੇਕ ਸਰੀਰ ਵਿਚ ਵਿਆਪਕ ਹੈ। ਜਿਸ ਮਨੁੱਖ ਨੂੰ ਸੰਤ-ਜਨ ਮਿਲ ਪੈਂਦੇ ਹਨ, ਉਹ (ਮਿਲਾਪ ਦੇ) ਸੁਆਦ ਨੂੰ ਮਾਣਦਾ ਹੈ। ਹੇ ਭਾਈ! (ਸੰਤ ਜਨਾਂ ਦੀ ਸੰਗਤਿ ਨਾਲ) ਪ੍ਰਭੂ-ਚਰਨਾਂ ਵਿਚ ਲੀਨ ਹੋ ਕੇ ਨਾਮ ਰਸ ਪੀਤਾ ਜਾ ਸਕਦਾ ਹੈ।4।

TOP OF PAGE

Sri Guru Granth Darpan, by Professor Sahib Singh