ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1326

ਜਨ ਕਉ ਪ੍ਰੀਤਿ ਲਗੀ ਗੁਰ ਸੇਤੀ ਜਿਉ ਚਕਵੀ ਦੇਖਿ ਸੂਰੀਜੈ ॥ ਨਿਰਖਤ ਨਿਰਖਤ ਰੈਨਿ ਸਭ ਨਿਰਖੀ ਮੁਖੁ ਕਾਢੈ ਅੰਮ੍ਰਿਤੁ ਪੀਜੈ ॥੫॥ ਸਾਕਤ ਸੁਆਨ ਕਹੀਅਹਿ ਬਹੁ ਲੋਭੀ ਬਹੁ ਦੁਰਮਤਿ ਮੈਲੁ ਭਰੀਜੈ ॥ ਆਪਨ ਸੁਆਇ ਕਰਹਿ ਬਹੁ ਬਾਤਾ ਤਿਨਾ ਕਾ ਵਿਸਾਹੁ ਕਿਆ ਕੀਜੈ ॥੬॥ ਸਾਧੂ ਸਾਧ ਸਰਨਿ ਮਿਲਿ ਸੰਗਤਿ ਜਿਤੁ ਹਰਿ ਰਸੁ ਕਾਢਿ ਕਢੀਜੈ ॥ ਪਰਉਪਕਾਰ ਬੋਲਹਿ ਬਹੁ ਗੁਣੀਆ ਮੁਖਿ ਸੰਤ ਭਗਤ ਹਰਿ ਦੀਜੈ ॥੭॥ ਤੂ ਅਗਮ ਦਇਆਲ ਦਇਆ ਪਤਿ ਦਾਤਾ ਸਭ ਦਇਆ ਧਾਰਿ ਰਖਿ ਲੀਜੈ ॥ ਸਰਬ ਜੀਅ ਜਗਜੀਵਨੁ ਏਕੋ ਨਾਨਕ ਪ੍ਰਤਿਪਾਲ ਕਰੀਜੈ ॥੮॥੫॥ {ਪੰਨਾ 1326}

ਪਦ ਅਰਥ: ਕਉ = ਨੂੰ। ਸੇਤੀ = ਨਾਲ। ਦੇਖਿ = ਵੇਖ ਕੇ, ਉਡੀਕ ਕੇ। ਸੂਰੀਜੈ = ਸੂਰਜ ਨੂੰ। ਨਿਰਖਤ = ਵੇਖਦਿਆਂ। ਰੈਨਿ ਸਭ = ਸਾਰੀ ਰਾਤ। ਨਿਰਖੀ = ਵੇਖਦੀ ਹੈ, ਉਡੀਕਦੀ ਰਹਿੰਦੀ ਹੈ। ਮੁਖੁ ਕਾਢੈ = (ਜਦੋਂ ਸੂਰਜ) ਮੂੰਹ ਵਿਖਾਂਦਾ ਹੈ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ।5।

ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ। ਸੁਆਨ = ਕੁੱਤੇ। ਕਹੀਅਹਿ = ਆਖੇ ਜਾਂਦੇ ਹਨ। ਦੁਰਮਤਿ = ਖੋਟੀ ਮਤਿ। ਸੁਆਇ = ਗ਼ਰਜ਼ ਦੀ ਖ਼ਾਤਰ। ਕਰਹਿ = ਕਰਦੇ ਹਨ (ਬਹੁ-ਵਚਨ) । ਵਿਸਾਹੁ = ਇਤਬਾਰ। ਕਿਆ ਕੀਜੈ = ਕੀਹ ਕੀਤਾ ਜਾ ਸਕਦਾ ਹੈ? ਨਹੀਂ ਕੀਤਾ ਜਾ ਸਕਦਾ।6।

ਮਿਲਿ = ਮਿਲ ਕੇ। ਜਿਤੁ = ਜਿਸ (ਸੰਗਤਿ) ਵਿਚ। ਪਰ ਉਪਕਾਰ = ਦੂਜਿਆਂ ਦੀ ਭਲਾਈ। ਬੋਲਹਿ ਮੁਖਿ = ਮੂੰਹੋਂ ਬੋਲਦੇ ਹਨ। ਹਰਿ = ਹੇ ਹਰੀ! ਦੀਜੈ = ਦੇਹ। ਸੰਤ ਭਗਤ = ਸੰਤਾਂ ਭਗਤਾਂ ਦੀ ਸੰਗਤਿ।7।

ਦਇਆ ਪਤਿ = ਮਿਹਰ ਦਾ ਮਾਲਕ; ਦਇਆਵਾਨ। ਦਾਤਾ = ਦਾਤਾਂ ਦੇਣ ਵਾਲੇ। ਸਭ = ਸਾਰੀ ਲੁਕਾਈ। ਜੀਅ = (ਲਫ਼ਜ਼ ਜੀਉ ਤੋਂ ਬਹੁ-ਵਚਨ) । ਜਗ ਜੀਵਨੁ = ਜਗਤ ਦਾ ਜੀਵਨ ਪ੍ਰਭੂ। ਕਰੀਜੈ = ਕਰ।8।

ਅਰਥ: ਹੇ ਭਾਈ! (ਪਰਮਾਤਮਾ ਦੇ) ਭਗਤ ਨੂੰ ਗੁਰੂ ਨਾਲ (ਇਉਂ) ਪ੍ਰੀਤ ਬਣੀ ਰਹਿੰਦੀ ਹੈ, ਜਿਵੇਂ ਸੂਰਜ (ਦੇ ਚੜ੍ਹਨ) ਨੂੰ ਉਡੀਕ ਉਡੀਕ ਕੇ ਚਕਵੀ (ਵਿਛੋੜੇ ਦੀ ਰਾਤ ਗੁਜ਼ਾਰਦੀ ਹੈ) । ਵੇਖਦਿਆਂ ਵੇਖਦਿਆਂ (ਚਕਵੀ) ਸਾਰੀ ਰਾਤ ਹੀ ਵੇਖਦੀ ਰਹਿੰਦੀ ਹੈ, (ਜਦੋਂ ਸੂਰਜ) ਮੂੰਹ ਵਿਖਾਂਦਾ ਹੈ (ਤਦੋਂ ਚਕਵੇ ਦਾ ਮਿਲਾਪ ਹਾਸਲ ਕਰਦੀ ਹੈ। ਇਸੇ ਤਰ੍ਹਾਂ ਜਦੋਂ ਗੁਰੂ ਦਰਸਨ ਦੇਂਦਾ ਹੈ, ਤਦੋਂ ਸੇਵਕ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਸਕਦਾ ਹੈ।5।

ਹੇ ਭਾਈ! ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਬਹੁਤ ਲੋਭੀ ਹੁੰਦੇ ਹਨ, ਕੁੱਤੇ (ਦੇ ਸੁਭਾਵ ਵਾਲੇ) ਕਹੇ ਜਾਂਦੇ ਹਨ, (ਉਹਨਾਂ ਦੇ ਅੰਦਰ) ਖੋਟੀ ਮਤਿ ਦੀ ਮੈਲ (ਸਦਾ) ਭਰੀ ਰਹਿੰਦੀ ਹੈ। (ਸਾਕਤ ਮਨੁੱਖ) ਆਪਣੀ ਗ਼ਰਜ਼ ਦੀ ਖ਼ਾਤਰ ਬਹੁਤ ਗੱਲਾਂ ਕਰਦੇ ਹਨ, ਪਰ ਉਹਨਾਂ ਦਾ ਇਤਬਾਰ ਨਹੀਂ ਕਰਨਾ ਚਾਹੀਦਾ।6।

ਹੇ ਹਰੀ! (ਮੈਨੂੰ ਆਪਣੇ) ਸੰਤ ਜਨਾਂ ਭਗਤਾਂ ਦੀ ਸੰਗਤਿ ਦੇਹ। ਸੰਤ ਜਨ (ਆਪਣੇ) ਮੂੰਹੋਂ ਦੂਜਿਆਂ ਦੀ ਭਲਾਈ ਦੇ ਬਚਨ ਬੋਲਦੇ ਰਹਿੰਦੇ ਹਨ, ਸੰਤ ਜਨ ਅਨੇਕਾਂ ਗੁਣਾਂ ਵਾਲੇ ਹੁੰਦੇ ਹਨ, ਹੇ ਭਾਈ! ਸੰਤ ਜਨਾਂ ਦੀ ਸੰਗਤਿ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਰਸ ਪ੍ਰਾਪਤ ਕਰ ਸਕੀਦਾ ਹੈ।7।

ਹੇ ਪ੍ਰਭੂ! ਤੂੰ ਅਪਹੁੰਚ ਹੈਂ, ਦਇਆ ਦਾ ਸੋਮਾ ਹੈਂ, ਦਇਆ ਦਾ ਮਾਲਕ ਹੈਂ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ। ਮਿਹਰ ਕਰ ਕੇ ਸਭ ਜੀਵਾਂ ਦੀ ਰੱਖਿਆ ਕਰ। ਹੇ ਨਾਨਕ! (ਆਖ– ਹੇ ਪ੍ਰਭੂ!) ਸਾਰੇ ਜੀਵ ਤੇਰੇ ਹਨ, ਤੂੰ ਹੀ ਸਾਰੇ ਜਗਤ ਦਾ ਸਹਾਰਾ ਹੈਂ। (ਸਭ ਦੀ) ਪਾਲਣਾ ਕਰ।8।5।

ਕਲਿਆਨੁ ਮਹਲਾ ੪ ॥ ਰਾਮਾ ਹਮ ਦਾਸਨ ਦਾਸ ਕਰੀਜੈ ॥ ਜਬ ਲਗਿ ਸਾਸੁ ਹੋਇ ਮਨ ਅੰਤਰਿ ਸਾਧੂ ਧੂਰਿ ਪਿਵੀਜੈ ॥੧॥ ਰਹਾਉ ॥ ਸੰਕਰੁ ਨਾਰਦੁ ਸੇਖਨਾਗ ਮੁਨਿ ਧੂਰਿ ਸਾਧੂ ਕੀ ਲੋਚੀਜੈ ॥ ਭਵਨ ਭਵਨ ਪਵਿਤੁ ਹੋਹਿ ਸਭਿ ਜਹ ਸਾਧੂ ਚਰਨ ਧਰੀਜੈ ॥੧॥ ਤਜਿ ਲਾਜ ਅਹੰਕਾਰੁ ਸਭੁ ਤਜੀਐ ਮਿਲਿ ਸਾਧੂ ਸੰਗਿ ਰਹੀਜੈ ॥ ਧਰਮ ਰਾਇ ਕੀ ਕਾਨਿ ਚੁਕਾਵੈ ਬਿਖੁ ਡੁਬਦਾ ਕਾਢਿ ਕਢੀਜੈ ॥੨॥ ਭਰਮਿ ਸੂਕੇ ਬਹੁ ਉਭਿ ਸੁਕ ਕਹੀਅਹਿ ਮਿਲਿ ਸਾਧੂ ਸੰਗਿ ਹਰੀਜੈ ॥ ਤਾ ਤੇ ਬਿਲਮੁ ਪਲੁ ਢਿਲ ਨ ਕੀਜੈ ਜਾਇ ਸਾਧੂ ਚਰਨਿ ਲਗੀਜੈ ॥੩॥ ਰਾਮ ਨਾਮ ਕੀਰਤਨ ਰਤਨ ਵਥੁ ਹਰਿ ਸਾਧੂ ਪਾਸਿ ਰਖੀਜੈ ॥ ਜੋ ਬਚਨੁ ਗੁਰ ਸਤਿ ਸਤਿ ਕਰਿ ਮਾਨੈ ਤਿਸੁ ਆਗੈ ਕਾਢਿ ਧਰੀਜੈ ॥੪॥ {ਪੰਨਾ 1326}

ਪਦ ਅਰਥ: ਰਾਮਾ = ਹੇ ਰਾਮ! ਹਮ = ਅਸਾ (ਜੀਵਾਂ) ਨੂੰ। ਕਰੀਜੈ = ਬਣਾਈ ਰੱਖ। ਜਬ ਲਗਿ = ਜਦੋਂ ਤਕ। ਸਾਸੁ = ਸਾਹ। ਸਾਧੂ ਧੂਰਿ = ਸੰਤ-ਜਨਾਂ ਦੇ ਚਰਨਾਂ ਦੀ ਧੂੜ। ਪਿਵੀਜੈ = ਪੀਣੀ ਚਾਹੀਦੀ ਹੈ।1। ਰਹਾਉ।

ਸੰਕਰੁ = ਸ਼ਿਵ। ਸੇਖਨਾਗ = ਸ਼ੇਸ਼ਨਾਗ। ਲੋਚੀਜੈ = ਤਾਂਘ ਕੀਤੀ ਜਾਂਦੀ ਹੈ। ਹੋਹਿ = ਹੋ ਜਾਂਦੇ ਹਨ (ਬਹੁ-ਵਚਨ) । ਸਭਿ = ਸਾਰੇ। ਜਹ = ਜਿੱਥੇ।1।

ਤਜਿ = ਤਿਆਗ ਕੇ। ਸਭੁ = ਸਾਰਾ। ਤਜੀਐ = ਤਿਆਗ ਦੇਣਾ ਚਾਹੀਦਾ ਹੈ। ਸੰਗਿ = ਸੰਗਤਿ ਵਿਚ। ਮਿਲਿ = ਮਿਲ ਕੇ। ਕਾਨਿ = ਮੁਥਾਜੀ, ਸਹਿਮ। ਚੁਕਾਵੈ = ਮੁਕਾ ਲੈਂਦਾ ਹੈ। ਬਿਖੁ = ਆਤਮਕ ਮੌਤ ਲਿਆਉਣ ਵਾਲੇ ਜ਼ਹਿਰੀਲੇ ਸੰਸਾਰ-ਸਮੁੰਦਰ ਵਿਚ।2।

ਭਰਮਿ = ਭਟਕਣਾ ਦੇ ਕਾਰਨ। ਸੂਕੇ = ਸੁੱਕੇ ਹੋਏ ਆਤਮਕ ਜੀਵਨ ਵਾਲੇ। ਉਭਿ ਸੁਕ = ਖੜੇ-ਖੜੋਤੇ ਸੁੱਕੇ ਹੋਏ ਰੁੱਖ। ਕਹੀਅਹਿ = ਕਹੇ ਜਾਂਦੇ ਹਨ। ਹਰੀਜੈ = ਹਰੇ ਹੋ ਜਾਂਦੇ ਹਨ। ਤਾ ਤੇ = ਇਸ ਵਾਸਤੇ। ਬਿਲਮੁ (ivlMb) ਦੇਰ। ਨ ਕੀਜੈ = ਨਹੀਂ ਕਰਨੀ ਚਾਹੀਦੀ ਹੈ। ਜਾਇ = ਜਾ ਕੇ।3।

ਰਤਨ ਵਥੁ = ਕੀਮਤੀ ਪਦਾਰਥ। ਰਖੀਜੈ = ਰੱਖਿਆ ਹੁੰਦਾ ਹੈ। ਬਚਨੁ ਗੁਰ = ਗੁਰੂ ਦਾ ਬਚਨ। ਸਤਿ ਕਰਿ = ਸਰਧਾ ਨਾਲ। ਮਾਨੇ = ਮੰਨਦਾ ਹੈ (ਇਕ-ਵਚਨ) । ਧਰੀਜੈ = ਧਰਿਆ ਜਾਂਦਾ ਹੈ, ਧਰ ਦੇਂਦਾ ਹੈ।4।

ਅਰਥ: ਹੇ ਰਾਮ! ਸਾਨੂੰ (ਆਪਣੇ) ਦਾਸਾਂ ਦਾ ਦਾਸ ਬਣਾਈ ਰੱਖ। ਹੇ ਭਾਈ! ਜਦੋਂ ਤਕ ਸਰੀਰ ਵਿਚ ਸਾਹ ਆ ਰਿਹਾ ਹੈ, ਉਤਨਾ ਚਿਰ ਸੰਤ-ਜਨਾਂ ਦੇ ਚਰਨਾਂ ਦੀ ਧੂੜ ਪੀਂਦੇ ਰਹਿਣਾ ਚਾਹੀਦਾ ਹੈ (ਨਿਮ੍ਰਤਾ ਨਾਲ ਸੰਤ-ਜਨਾਂ ਦੀ ਸੰਗਤਿ ਵਿਚ ਰਹਿ ਕੇ ਉਹਨਾਂ ਪਾਸੋਂ ਨਾਮ-ਅੰਮ੍ਰਿਤ ਪੀਂਦੇ ਰਹਿਣਾ ਚਾਹੀਦਾ ਹੈ) ।1। ਰਹਾਉ।

ਹੇ ਭਾਈ! ਸ਼ਿਵ, ਨਾਰਦ, ਸ਼ੇਸ਼ਨਾਗ (ਆਦਿਕ ਹਰੇਕ ਰਿਸ਼ੀ-) ਮੁਨੀ ਸੰਤ-ਜਨਾਂ ਦੇ ਚਰਨਾਂ ਦੀ ਧੂੜ ਦੀ ਤਾਂਘ ਕਰਦਾ ਰਿਹਾ ਹੈ। ਹੇ ਭਾਈ! ਜਿੱਥੇ ਸੰਤ-ਜਨ ਚਰਨ ਰੱਖਦੇ ਹਨ, ਉਹ ਸਾਰੇ ਭਵਨ ਸਾਰੇ ਥਾਂ ਪਵਿੱਤਰ ਹੋ ਜਾਂਦੇ ਹਨ।1।

ਹੇ ਭਾਈ! ਲੋਕ-ਲਾਜ ਛੱਡ ਕੇ (ਆਪਣੇ ਅੰਦਰੋਂ ਆਪਣੇ ਕਿਸੇ ਵਡੱਪਣ ਦਾ) ਸਾਰਾ ਮਾਣ ਛੱਡ ਦੇਣਾ ਚਾਹੀਦਾ ਹੈ, ਅਤੇ ਸੰਤ-ਜਨਾਂ ਦੀ ਸੰਗਤਿ ਵਿਚ ਮਿਲ ਕੇ ਰਹਿਣਾ ਚਾਹੀਦਾ ਹੈ। (ਜਿਹੜਾ ਮਨੁੱਖ ਸੰਤ-ਜਨਾਂ ਦੀ ਸੰਗਤਿ ਵਿਚ ਰਹਿੰਦਾ ਹੈ, ਉਹ) ਧਰਮਰਾਜ ਦਾ ਸਹਿਮ ਮੁਕਾ ਲੈਂਦਾ ਹੈ। ਆਤਮਕ ਮੌਤ ਲਿਆਉਣ ਵਾਲੇ ਜ਼ਹਿਰੀਲੇ ਸੰਸਾਰ-ਸਮੁੰਦਰ ਵਿਚ ਡੁੱਬਦੇ ਨੂੰ (ਸੰਤ-ਜਨ) ਕੱਢ ਲੈਂਦੇ ਹਨ।2।

ਹੇ ਭਾਈ! (ਜਿਹੜੇ ਮਨੁੱਖ ਮਾਇਆ ਦੀ) ਭਟਕਣਾ ਵਿਚ ਪੈ ਕੇ ਆਤਮਕ ਜੀਵਨ ਦੀ ਤਰਾਵਤ ਮੁਕਾ ਲੈਂਦੇ ਹਨ, ਉਹ ਮਨੁੱਖ ਉਹਨਾਂ ਰੁੱਖਾਂ ਵਰਗੇ ਕਹੇ ਜਾਂਦੇ ਹਨ, ਜਿਹੜੇ ਖੜੇ-ਖਲੋਤੇ ਸੁੱਕ ਜਾਂਦੇ ਹਨ (ਪਰ ਅਜਿਹੇ ਸੁੱਕੇ ਜੀਵਨ ਵਾਲੇ ਮਨੁੱਖ ਭੀ) ਸੰਤ-ਜਨਾਂ ਦੀ ਸੰਗਤਿ ਵਿਚ ਮਿਲ ਕੇ ਹਰੇ ਹੋ ਜਾਂਦੇ ਹਨ। ਇਸ ਵਾਸਤੇ (ਹੇ ਭਾਈ!) ਇਕ ਪਲ ਭਰ ਭੀ ਦੇਰ ਨਹੀਂ ਕਰਨੀ ਚਾਹੀਦੀ। (ਛੇਤੀ) ਜਾ ਕੇ ਸੰਤ ਜਨਾਂ ਦੀ ਚਰਨੀਂ ਲੱਗਣਾ ਚਾਹੀਦਾ ਹੈ।3।

ਹੇ ਭਾਈ! ਪਰਮਾਤਮਾ ਦਾ ਨਾਮ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਇਕ ਕੀਮਤੀ ਪਦਾਰਥ ਹੈ। ਇਹ ਪਦਾਰਥ ਪਰਮਾਤਮਾ ਨੇ ਸੰਤ-ਜਨਾਂ ਦੇ ਕੋਲ ਰੱਖਿਆ ਹੁੰਦਾ ਹੈ। ਜਿਹੜਾ ਮਨੁੱਖ ਗੁਰੂ ਦੇ ਉਪਦੇਸ਼ ਨੂੰ ਪੂਰੀ ਸਰਧਾ ਨਾਲ ਮੰਨਦਾ ਹੈ, (ਗੁਰੂ ਇਹ ਕੀਮਤੀ ਪਦਾਰਥ) ਉਸ ਦੇ ਅੱਗੇ ਕੱਢ ਕੇ ਰੱਖ ਦੇਂਦਾ ਹੈ।4।

ਸੰਤਹੁ ਸੁਨਹੁ ਸੁਨਹੁ ਜਨ ਭਾਈ ਗੁਰਿ ਕਾਢੀ ਬਾਹ ਕੁਕੀਜੈ ॥ ਜੇ ਆਤਮ ਕਉ ਸੁਖੁ ਸੁਖੁ ਨਿਤ ਲੋੜਹੁ ਤਾਂ ਸਤਿਗੁਰ ਸਰਨਿ ਪਵੀਜੈ ॥੫॥ ਜੇ ਵਡ ਭਾਗੁ ਹੋਇ ਅਤਿ ਨੀਕਾ ਤਾਂ ਗੁਰਮਤਿ ਨਾਮੁ ਦ੍ਰਿੜੀਜੈ ॥ ਸਭੁ ਮਾਇਆ ਮੋਹੁ ਬਿਖਮੁ ਜਗੁ ਤਰੀਐ ਸਹਜੇ ਹਰਿ ਰਸੁ ਪੀਜੈ ॥੬॥ ਮਾਇਆ ਮਾਇਆ ਕੇ ਜੋ ਅਧਿਕਾਈ ਵਿਚਿ ਮਾਇਆ ਪਚੈ ਪਚੀਜੈ ॥ ਅਗਿਆਨੁ ਅੰਧੇਰੁ ਮਹਾ ਪੰਥੁ ਬਿਖੜਾ ਅਹੰਕਾਰਿ ਭਾਰਿ ਲਦਿ ਲੀਜੈ ॥੭॥ ਨਾਨਕ ਰਾਮ ਰਮ ਰਮੁ ਰਮ ਰਮ ਰਾਮੈ ਤੇ ਗਤਿ ਕੀਜੈ ॥ ਸਤਿਗੁਰੁ ਮਿਲੈ ਤਾ ਨਾਮੁ ਦ੍ਰਿੜਾਏ ਰਾਮ ਨਾਮੈ ਰਲੈ ਮਿਲੀਜੈ ॥੮॥੬॥ ਛਕਾ ੧ ॥ {ਪੰਨਾ 1326}

ਪਦ ਅਰਥ: ਜਨ = ਹੇ ਜਨੋ! ਭਾਈ! ਹੇ ਭਰਾਵੋ! ਗੁਰਿ = ਗੁਰੂ ਨੇ। ਕਾਢੀ = ਉੱਚੀ ਕੀਤੀ ਹੋਈ ਹੈ। ਕੁਕੀਜੈ = ਕੂਕ ਰਿਹਾ ਹੈ। ਆਤਮ ਕਉ = ਜਿੰਦ ਵਾਸਤੇ। ਸੁਖੁ ਸੁਖੁ = ਹਰ ਵੇਲੇ ਦਾ ਸੁਖ। ਪਵੀਜੈ = ਪੈਣਾ ਚਾਹੀਦਾ।5।

ਵਡ ਭਾਗੁ = ਵੱਡੀ ਕਿਸਮਤ। ਨੀਕਾ = ਸੋਹਣਾ। ਦ੍ਰਿੜੀਜੈ = ਹਿਰਦੇ ਵਿਚ ਪੱਕਾ ਕਰ ਲੈਣਾ ਚਾਹੀਦਾ ਹੈ। ਬਿਖਮੁ = ਔਖਾ। ਤਰੀਐ = ਤਰਿਆ ਜਾ ਸਕਦਾ ਹੈ। ਸਹਜੇ = ਆਤਮਕ ਅਡੋਲਤਾ ਵਿਚ। ਪੀਜੈ = ਪੀਤਾ ਜਾ ਸਕਦਾ ਹੈ।6।

ਅਧਿਕਾਈ = ਬਹੁਤ (ਪ੍ਰੇਮੀ) । ਪਚੈ ਪਚੀਜੈ = ਹਰ ਵੇਲੇ ਸੜਦਾ ਹੈ। ਅਗਿਆਨੁ = ਆਤਮਕ ਜੀਵਨ ਵਲੋਂ ਬੇ-ਸਮਝੀ। ਅੰਨੇਰੁ = ਹਨੇਰਾ। ਪੰਥੁ = (ਜ਼ਿੰਦਗੀ ਦਾ) ਰਸਤਾ। ਬਿਖੜਾ = ਔਖਾ। ਅਹੰਕਾਰ = ਅਹੰਕਾਰਿ ਨਾਲ। ਭਾਰਿ = ਭਾਰ ਨਾਲ। ਅਹੰਕਾਰਿ ਭਾਰਿ = ਅਹੰਕਾਰ (-ਰੂਪ) ਭਾਰ ਨਾਲ। ਲਦਿ ਲੀਜੈ = ਲਦਿਆ ਜਾਂਦਾ ਹੈ।7।

ਰਮ = ਵਿਆਪਕ। ਰਮੁ = ਸਿਮਰ। ਰਾਮੈ ਤੇ = ਪਰਮਾਤਮਾ (ਦੇ ਨਾਮ) ਤੋਂ ਹੀ। ਗਤਿ = ਉੱਚੀ ਆਤਮਕ ਅਵਸਥਾ। ਕੀਜੈ = ਬਣਾ ਲਈਦੀ ਹੈ। ਦ੍ਰਿੜਾਏ = ਹਿਰਦੇ ਵਿਚ ਪੱਕਾ ਕਰ ਦੇਂਦਾ ਹੈ। ਨਾਮੈ = ਨਾਮ ਵਿਚ ਹੀ। ਰਲੈ = ਲੀਨ ਹੋ ਜਾਂਦਾ ਹੈ। ਮਿਲੀਜੈ = ਮਿਲ ਜਾਈਦਾ ਹੈ।8।

ਅਰਥ: ਹੇ ਸੰਤ ਜਨੋ! ਹੇ ਭਰਾਵੋ! ਗੁਰੂ ਨੇ (ਆਪਣੀ) ਬਾਂਹ ਉੱਚੀ ਕੀਤੀ ਹੋਈ ਹੈ ਤੇ ਕੂਕ ਰਿਹਾ ਹੈ (ਉਸ ਦੀ ਗੱਲ) ਧਿਆਨ ਨਾਲ ਸੁਣੋ। ਹੇ ਸੰਤ ਜਨੋ! ਜੇ ਤੁਸੀ ਆਪਣੀ ਜਿੰਦ ਵਾਸਤੇ ਸਦਾ ਦਾ ਸੁਖ ਚਾਹੁੰਦੇ ਹੋ, ਤਾਂ ਗੁਰੂ ਦੀ ਸਰਨ ਪਏ ਰਹਿਣਾ ਚਾਹੀਦਾ ਹੈ।5।

ਹੇ ਭਾਈ! ਜੇ ਕਿਸੇ ਮਨੁੱਖ ਦੀ ਵੱਡੀ ਚੰਗੀ ਕਿਸਮਤ ਹੋਵੇ, ਤਾਂ ਉਹ ਗੁਰੂ ਦੀ ਮਤਿ ਲੈ ਕੇ (ਆਪਣੇ ਅੰਦਰ) ਪਰਮਾਤਮਾ ਦਾ ਨਾਮ ਪੱਕਾ ਕਰਦਾ ਹੈ। ਹੇ ਭਾਈ! ਮਾਇਆ ਦਾ ਮੋਹ = ਇਹ ਸਾਰਾ ਬੜਾ ਔਖਾ ਸੰਸਾਰ-ਸਮੁੰਦਰ ਹੈ (ਨਾਮ ਦੀ ਬਰਕਤਿ ਨਾਲ ਇਹ) ਤਰਿਆ ਜਾ ਸਕਦਾ ਹੈ। (ਇਸ ਵਾਸਤੇ) ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦਾ ਨਾਮ-ਰਸ ਪੀਣਾ ਚਾਹੀਦਾ ਹੈ।6।

ਹੇ ਭਾਈ! ਜਿਹੜੇ ਮਨੁੱਖ ਨਿਰੇ ਮਾਇਆ ਦੇ ਹੀ ਬਹੁਤ ਪ੍ਰੇਮੀ ਹਨ (ਉਹ ਸਦਾ ਦੁਖੀ ਹੁੰਦੇ ਹਨ। ਮਾਇਆ ਦਾ ਪ੍ਰੇਮੀ ਮਨੁੱਖ ਤਾਂ) ਹਰ ਵੇਲੇ ਮਾਇਆ (ਦੀ ਤ੍ਰਿਸ਼ਨਾ ਦੀ ਅੱਗ) ਵਿਚ ਸੜਦਾ ਰਹਿੰਦਾ ਹੈ। (ਅਜਿਹੇ ਮਨੁੱਖ ਵਾਸਤੇ) ਆਤਮਕ ਜੀਵਨ ਵਲੋਂ ਬੇ-ਸਮਝੀ ਇਕ ਘੁੱਪ ਹਨੇਰਾ (ਬਣ ਜਾਂਦਾ ਹੈ, ਉਸ ਮਨੁੱਖ ਵਾਸਤੇ ਜ਼ਿੰਦਗੀ ਦਾ) ਰਸਤਾ ਔਖਾ ਹੋ ਜਾਂਦਾ ਹੈ (ਕਿਉਂਕਿ ਉਹ ਮਨੁੱਖ) ਅਹੰਕਾਰ (-ਰੂਪ) ਭਾਰ ਨਾਲ (ਸਦਾ) ਲੱਦਿਆ ਰਹਿੰਦਾ ਹੈ।7।

ਹੇ ਨਾਨਕ! ਸਦਾ ਵਿਆਪਕ ਰਾਮ ਦਾ ਨਾਮ ਸਿਮਰਦਾ ਰਹੁ। ਵਿਆਪਕ ਰਾਮ ਦੇ ਨਾਮ ਤੋਂ ਹੀ ਉੱਚੀ ਆਤਮਕ ਅਵਸਥਾ ਹਾਸਲ ਕਰ ਸਕੀਦੀ ਹੈ। ਜਦੋਂ ਗੁਰੂ ਮਿਲਦਾ ਹੈ ਉਹ (ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ) ਨਾਮ ਪੱਕਾ ਕਰਦਾ ਹੈ। (ਮਨੁੱਖ) ਪਰਮਾਤਮਾ ਦੇ ਨਾਮ ਵਿਚ ਸਦਾ ਲਈ ਲੀਨ ਹੋ ਜਾਂਦਾ ਹੈ।8।6।

ਛਕਾ = ਛੱਕਾ, ਛੇ (ਅਸ਼ਟਪਦੀਆਂ) ਦਾ ਇਕੱਠ।

TOP OF PAGE

Sri Guru Granth Darpan, by Professor Sahib Singh