ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1327

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਰਾਗੁ ਪਰਭਾਤੀ ਬਿਭਾਸ ਮਹਲਾ ੧ ਚਉਪਦੇ ਘਰੁ ੧ ॥

ਨਾਇ ਤੇਰੈ ਤਰਣਾ ਨਾਇ ਪਤਿ ਪੂਜ ॥ ਨਾਉ ਤੇਰਾ ਗਹਣਾ ਮਤਿ ਮਕਸੂਦੁ ॥ ਨਾਇ ਤੇਰੈ ਨਾਉ ਮੰਨੇ ਸਭ ਕੋਇ ॥ ਵਿਣੁ ਨਾਵੈ ਪਤਿ ਕਬਹੁ ਨ ਹੋਇ ॥੧॥ ਅਵਰ ਸਿਆਣਪ ਸਗਲੀ ਪਾਜੁ ॥ ਜੈ ਬਖਸੇ ਤੈ ਪੂਰਾ ਕਾਜੁ ॥੧॥ ਰਹਾਉ ॥ ਨਾਉ ਤੇਰਾ ਤਾਣੁ ਨਾਉ ਦੀਬਾਣੁ ॥ ਨਾਉ ਤੇਰਾ ਲਸਕਰੁ ਨਾਉ ਸੁਲਤਾਨੁ ॥ ਨਾਇ ਤੇਰੈ ਮਾਣੁ ਮਹਤ ਪਰਵਾਣੁ ॥ ਤੇਰੀ ਨਦਰੀ ਕਰਮਿ ਪਵੈ ਨੀਸਾਣੁ ॥੨॥ ਨਾਇ ਤੇਰੈ ਸਹਜੁ ਨਾਇ ਸਾਲਾਹ ॥ ਨਾਉ ਤੇਰਾ ਅੰਮ੍ਰਿਤੁ ਬਿਖੁ ਉਠਿ ਜਾਇ ॥ ਨਾਇ ਤੇਰੈ ਸਭਿ ਸੁਖ ਵਸਹਿ ਮਨਿ ਆਇ ॥ ਬਿਨੁ ਨਾਵੈ ਬਾਧੀ ਜਮ ਪੁਰਿ ਜਾਇ ॥੩॥ ਨਾਰੀ ਬੇਰੀ ਘਰ ਦਰ ਦੇਸ ॥ ਮਨ ਕੀਆ ਖੁਸੀਆ ਕੀਚਹਿ ਵੇਸ ॥ ਜਾਂ ਸਦੇ ਤਾਂ ਢਿਲ ਨ ਪਾਇ ॥ ਨਾਨਕ ਕੂੜੁ ਕੂੜੋ ਹੋਇ ਜਾਇ ॥੪॥੧॥ {ਪੰਨਾ 1327}

ਨੋਟ: ਇਹ ਸ਼ਬਦ ਪ੍ਰਭਾਤੀ ਅਤੇ ਬਿਭਾਸ ਦੋਹਾਂ ਮਿਲਵੇਂ ਰਾਗਾਂ ਵਿਚ ਗਾਵਣ ਦੀ ਹਿਦਾਇਤ ਹੈ।

ਪਦ ਅਰਥ: ਨਾਇ = ਨਾਮ ਦੀ ਰਾਹੀਂ। ਤੇਰੈ ਨਾਇ = ਤੇਰੇ ਨਾਮ ਵਿਚ ਜੁੜ ਕੇ। ਪਤਿ = ਇੱਜ਼ਤ। ਪੂਜ = ਪੂਜਾ, ਆਦਰ। ਮਕਸੂਦੁ = ਮਕਸਦ, ਮਨੋਰਥ, ਨਿਸ਼ਾਨਾ। ਮਤਿ ਮਕਸੂਦੁ = ਸਮਝ ਦਾ ਮਨੋਰਥ। ਨਾਉ ਮੰਨੈ = ਨਾਮ ਮੰਨਦਾ ਹੈ, ਵਡਿਆਈ ਦੇਂਦਾ ਹੈ। ਸਭ ਕੋਈ = ਹਰੇਕ ਜੀਵ।1।

ਅਵਰ ਸਿਆਣਪ = (ਨਾਮ-ਸਿਮਰਨ ਛੱਡ ਕੇ ਵਡਿਆਈ ਹਾਸਲ ਕਰਨ ਲਈ) ਹੋਰ ਹੋਰ ਚਤੁਰਾਈ (ਦਾ ਕੰਮ) । ਪਾਜੁ = ਲੋਕ-ਵਿਖਾਵਾ। ਜੈ = ਜਿਸ ਨੂੰ। ਤੈ ਕਾਜੁ = ਉਸ ਦਾ ਕਾਰਜ, ਉਸ ਦਾ ਜਗਤ ਵਿਚ ਆਉਣ ਦਾ ਮਨੋਰਥ। ਪੂਰਾ = ਪੂਰਾ (ਕਰਦਾ ਹੈ) , ਸਿਰੇ ਚਾੜ੍ਹਦਾ ਹੈ।1। ਰਹਾਉ।

ਤਾਣੁ = ਬਲ, ਤਾਕਤ। ਦੀਬਾਣੁ = ਆਸਰਾ, ਹਕੂਮਤ। ਮਹਤ = ਮਹੱਤਤਾ, ਵਡਿਆਈ। ਪਰਵਾਣੁ = ਕਬੂਲ, ਮੰਨਿਆ-ਪ੍ਰਮੰਨਿਆ। ਨਦਰੀ = ਮੇਹਰ ਦੀ ਨਜ਼ਰ ਨਾਲ। ਕਰਮਿ = ਬਖ਼ਸ਼ਸ ਨਾਲ। ਪਵੈ = ਮਿਲਦਾ ਹੈ। ਨੀਸਾਣੁ = ਪਰਵਾਨਾ, ਰਾਹਦਾਰੀ।2।

ਸਹਜੁ = ਅਡੋਲ ਅਵਸਥਾ, ਮਨ ਦੀ ਸ਼ਾਂਤੀ। ਸਾਲਾਹ = ਸਿਫ਼ਤਿ-ਸਾਲਾਹ (ਦੀ ਆਦਤ) । ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਪਵਿਤ੍ਰ ਜਲ। ਬਿਖੁ = (ਵਿਸ਼ੇ ਵਿਕਾਰਾਂ ਦਾ) ਜ਼ਹਿਰ। ਮਨਿ = ਮਨ ਵਿਚ। ਜਮ ਪੁਰਿ = ਜਮਰਾਜ ਦੇ ਸ਼ਹਰ ਵਿਚ।3।

ਨਾਰੀ = ਇਸਤ੍ਰੀ (ਦਾ ਮੋਹ) । ਬੇਰੀ = ਬੇੜੀ, ਬੰਧਨ। ਦੇਸ = ਮਿਲਖ, ਜ਼ਮੀਨ। ਕੀਚਹਿ = ਕਰੀਦੇ ਹਨ। ਵੇਸ = ਪਹਿਰਾਵੇ। ਜਾਂ = ਜਦੋਂ। ਕੂੜੁ = ਉਹ ਪਦਾਰਥ ਜਿਸ ਨਾਲ ਸੰਬੰਧ ਸਦਾ ਨਹੀਂ ਰਹਿਣਾ।4।

ਅਰਥ: ਹੇ ਪ੍ਰਭੂ! ਤੇਰੇ ਨਾਮ ਵਿਚ ਜੁੜ ਕੇ ਹੀ (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਪਾਰ ਲੰਘੀਦਾ ਹੈ, ਤੇਰੇ ਨਾਮ ਦੀ ਰਾਹੀਂ ਹੀ ਇੱਜ਼ਤ ਆਦਰ ਮਿਲਦਾ ਹੈ। ਤੇਰਾ ਨਾਮ (ਇਨਸਾਨੀ ਜੀਵਨ ਨੂੰ ਸਿੰਗਾਰਨ ਵਾਸਤੇ) ਗਹਿਣਾ ਹੈ, ਇਨਸਾਨੀ ਅਕਲ ਦਾ ਮਕਸਦ ਇਹੀ ਹੈ (ਕਿ ਇਨਸਾਨ ਤੇਰਾ ਨਾਮ ਸਿਮਰੇ) , ਹੇ ਪ੍ਰਭੂ! ਤੇਰੇ ਨਾਮ ਵਿਚ ਟਿਕਿਆਂ ਹੀ ਹਰ ਕੋਈ (ਨਾਮ ਸਿਮਰਨ ਵਾਲੇ ਦੀ) ਇੱਜ਼ਤ ਕਰਦਾ ਹੈ।1।

(ਪ੍ਰਭੂ ਦਾ ਸਿਮਰਨ ਛੱਡ ਕੇ ਦੁਨੀਆ ਵਿਚ ਇੱਜ਼ਤ ਹਾਸਲ ਕਰਨ ਲਈ) ਹੋਰ ਹੋਰ ਚਤੁਰਾਈ (ਦਾ ਕੰਮ ਨਿਰਾ) ਲੋਕ-ਵਿਖਾਵਾ ਹੈ (ਉਹ ਪਾਜ ਆਖ਼ਰ ਉੱਘੜ ਜਾਂਦਾ ਹੈ ਤੇ ਹਾਸਲ ਕੀਤੀ ਹੋਈ ਇੱਜ਼ਤ ਭੀ ਮੁੱਕ ਜਾਂਦੀ ਹੈ) । ਜਿਸ ਜੀਵ ਉਤੇ ਪ੍ਰਭੂ ਬਖ਼ਸ਼ਸ਼ ਕਰਦਾ ਹੈ (ਉਸ ਨੂੰ ਆਪਣੇ ਨਾਮ ਦੀ ਦਾਤਿ ਦੇਂਦਾ ਹੈ, ਤੇ ਉਸ ਜੀਵ ਦਾ) ਜ਼ਿੰਦਗੀ ਦਾ ਅਸਲ ਮਨੋਰਥ ਸਿਰੇ ਚੜ੍ਹਦਾ ਹੈ।1। ਰਹਾਉ।

(ਮਨੁੱਖ ਦੁਨੀਆਵੀ ਤਾਕਤ, ਹਕੂਮਤ, ਫ਼ੌਜਾਂ ਦੀ ਸਰਦਾਰੀ ਤੇ ਬਾਦਸ਼ਾਹੀ ਵਾਸਤੇ ਦੌੜਦਾ ਫਿਰਦਾ ਹੈ, ਫਿਰ ਇਹ ਸਭ ਕੁਝ ਨਾਸਵੰਤ ਹੈ) ਹੇ ਪ੍ਰਭੂ! ਤੇਰਾ ਨਾਮ ਹੀ (ਅਸਲ) ਤਾਕਤ ਹੈ, ਤੇਰਾ ਨਾਮ ਹੀ (ਅਸਲ) ਹਕੂਮਤ ਹੈ, ਤੇਰਾ ਨਾਮ ਹੀ ਫ਼ੌਜਾਂ (ਦੀ ਸਰਦਾਰੀ) ਹੈ, ਜਿਸ ਦੇ ਪੱਲੇ ਤੇਰਾ ਨਾਮ ਹੈ ਉਹੀ ਬਾਦਸ਼ਾਹ ਹੈ। ਹੇ ਪ੍ਰਭੂ! ਤੇਰੇ ਨਾਮ ਵਿਚ ਜੁੜਿਆਂ ਹੀ ਅਸਲ ਆਦਰ ਮਿਲਦਾ ਹੈ ਇੱਜ਼ਤ ਮਿਲਦੀ ਹੈ। ਜੋ ਮਨੁੱਖ ਤੇਰੇ ਨਾਮ ਵਿਚ ਮਸਤ ਹੈ ਉਹੀ ਜਗਤ ਵਿਚ ਮੰਨਿਆ-ਪਰਮੰਨਿਆ ਹੈ। ਪਰ ਤੇਰੀ ਮੇਹਰ ਦੀ ਨਜ਼ਰ ਨਾਲ ਹੀ ਤੇਰੀ ਬਖ਼ਸ਼ਸ਼ ਨਾਲ ਹੀ (ਜੀਵ-ਰਾਹੀ ਨੂੰ ਇਸ ਜੀਵਨ-ਸਫ਼ਰ ਵਿਚ) ਇਹ ਪਰਵਾਨਾ ਮਿਲਦਾ ਹੈ।2।

ਹੇ ਪ੍ਰਭੂ! ਤੇਰੇ ਨਾਮ ਵਿਚ ਜੁੜਿਆਂ ਮਨ ਦੀ ਸ਼ਾਂਤੀ ਮਿਲਦੀ ਹੈ, ਤੇਰੇ ਨਾਮ ਵਿਚ ਜੁੜਿਆਂ ਤੇਰੀ ਸਿਫ਼ਤਿ-ਸਾਲਾਹ ਕਰਨ ਦੀ ਆਦਤ ਬਣਦੀ ਹੈ। ਤੇਰਾ ਨਾਮ ਹੀ ਆਤਮਕ ਜੀਵਨ ਦੇਣ ਵਾਲਾ ਐਸਾ ਪਵਿਤ੍ਰ ਜਲ ਹੈ (ਜਿਸ ਦੀ ਬਰਕਤਿ ਨਾਲ ਮਨੁੱਖ ਮਨ ਵਿਚੋਂ ਵਿਸ਼ੇ ਵਿਕਾਰਾਂ ਦਾ ਸਾਰਾ) ਜ਼ਹਿਰ ਧੁਪ ਜਾਂਦਾ ਹੈ। ਤੇਰੇ ਨਾਮ ਵਿਚ ਜੁੜਿਆਂ ਸਾਰੇ ਸੁਖ ਮਨ ਵਿਚ ਆ ਵੱਸਦੇ ਹਨ। ਨਾਮ ਤੋਂ ਖੁੰਝ ਕੇ ਦੁਨੀਆ (ਵਿਕਾਰਾਂ ਦੇ ਸੰਗਲਾਂ ਵਿਚ) ਬੱਝੀ ਹੋਈ ਜਮ ਦੀ ਨਗਰੀ ਵਿਚ ਜਾਂਦੀ ਹੈ।3।

ਹੇ ਨਾਨਕ! ਇਸਤ੍ਰੀ (ਦਾ ਪਿਆਰ) ਘਰਾਂ ਤੇ ਮਿਲਖਾਂ ਦੀ ਮਾਲਕੀ = ਇਹ ਸਭ ਕੁਝ (ਜੀਵ-ਰਾਹੀ ਦੇ ਪੈਰਾਂ ਵਿਚ) ਬੇੜੀਆਂ (ਪਈਆਂ ਹੋਈਆਂ) ਹਨ (ਜੋ ਇਸ ਨੂੰ ਸਹੀ ਜੀਵਨ-ਸਫ਼ਰ ਵਿਚ ਤੁਰਨ ਨਹੀਂ ਦੇਂਦੀਆਂ) । ਮਨ ਦੀਆਂ ਖ਼ੁਸ਼ੀਆਂ ਵਾਸਤੇ ਅਨੇਕਾਂ ਪਹਿਰਾਵੇ ਪਹਿਨਦੇ ਹਨ (ਇਹ ਖ਼ੁਸ਼ੀਆਂ-ਚਾਅ ਭੀ ਬੇੜੀਆਂ ਹੀ ਹਨ) । ਜਦੋਂ (ਪਰਮਾਤਮਾ ਜੀਵ ਨੂੰ) ਮੌਤ ਦਾ ਸੱਦਾ ਭੇਜਦਾ ਹੈ (ਉਸ ਸੱਦੇ ਦੇ ਸਾਹਮਣੇ ਰਤਾ ਭੀ) ਢਿੱਲ ਨਹੀਂ ਹੋ ਸਕਦੀ। (ਤਦੋਂ ਸਮਝ ਪੈਂਦੀ ਹੈ ਕਿ) ਝੂਠੇ ਪਦਾਰਥਾਂ ਦਾ ਸਾਥ ਝੂਠਾ ਹੀ ਨਿਕਲਦਾ ਹੈ।4।1।

ਪ੍ਰਭਾਤੀ ਮਹਲਾ ੧ ॥ ਤੇਰਾ ਨਾਮੁ ਰਤਨੁ ਕਰਮੁ ਚਾਨਣੁ ਸੁਰਤਿ ਤਿਥੈ ਲੋਇ ॥ ਅੰਧੇਰੁ ਅੰਧੀ ਵਾਪਰੈ ਸਗਲ ਲੀਜੈ ਖੋਇ ॥੧॥ ਇਹੁ ਸੰਸਾਰੁ ਸਗਲ ਬਿਕਾਰੁ ॥ ਤੇਰਾ ਨਾਮੁ ਦਾਰੂ ਅਵਰੁ ਨਾਸਤਿ ਕਰਣਹਾਰੁ ਅਪਾਰੁ ॥੧॥ ਰਹਾਉ ॥ ਪਾਤਾਲ ਪੁਰੀਆ ਏਕ ਭਾਰ ਹੋਵਹਿ ਲਾਖ ਕਰੋੜਿ ॥ ਤੇਰੇ ਲਾਲ ਕੀਮਤਿ ਤਾ ਪਵੈ ਜਾਂ ਸਿਰੈ ਹੋਵਹਿ ਹੋਰਿ ॥੨॥ ਦੂਖਾ ਤੇ ਸੁਖ ਊਪਜਹਿ ਸੂਖੀ ਹੋਵਹਿ ਦੂਖ ॥ ਜਿਤੁ ਮੁਖਿ ਤੂ ਸਾਲਾਹੀਅਹਿ ਤਿਤੁ ਮੁਖਿ ਕੈਸੀ ਭੂਖ ॥੩॥ ਨਾਨਕ ਮੂਰਖੁ ਏਕੁ ਤੂ ਅਵਰੁ ਭਲਾ ਸੈਸਾਰੁ ॥ ਜਿਤੁ ਤਨਿ ਨਾਮੁ ਨ ਊਪਜੈ ਸੇ ਤਨ ਹੋਹਿ ਖੁਆਰ ॥੪॥੨॥ {ਪੰਨਾ 1327-1328}

ਪਦ ਅਰਥ: ਕਰਮੁ = ਬਖ਼ਸ਼ਸ਼। ਤਿਥੈ = ਉਸ (ਸੁਰਤਿ) ਵਿਚ। ਲੋਇ = (ਗਿਆਨ ਦਾ) ਪ੍ਰਕਾਸ਼। ਅੰਧੇਰੁ = ਹਨੇਰਾ, ਅਗਿਆਨਤਾ ਦਾ ਹਨੇਰਾ। ਅੰਧੀ = (ਮਾਇਆ ਦੇ ਮੋਹ ਵਿਚ) ਅੰਨ੍ਹੀ ਹੋਈ ਸ੍ਰਿਸ਼ਟੀ ਉਤੇ। ਵਾਪਰੈ = ਜ਼ੋਰ ਪਾ ਰਿਹਾ ਹੈ। ਖੋਇ ਲੀਜੈ = ਗਵਾ ਲਈਦਾ ਹੈ।1।

ਬਿਕਾਰੁ = ਮੰਦਾ ਕਰਮ, ਐਬ। ਨਾਸਤਿ = (n AiÔq) ਨਹੀਂ ਹੈ। ਕਰਣਹਾਰੁ = ਬਣਾਣ ਵਾਲਾ।1। ਰਹਾਉ।

ਏਕ ਭਾਰ ਹੋਵਹਿ = ਜੇ (ਇਕੱਠੀਆਂ ਬੱਝ ਕੇ) ਇਕ ਪੰਡ ਬਣ ਜਾਣ। ਲਾਲ = ਲਾਲ ਵਰਗੇ ਕੀਮਤੀ ਨਾਮ ਦੀ। ਤਾ = ਤਦੋਂ ਹੀ। ਜਾਂ = ਜਦੋਂ। ਸਿਰੈ = (ਤਕੜੀ ਦੇ ਦੂਜੇ) ਛਾਬੇ ਵਿਚ। ਹੋਰਿ = (ਪਾਤਾਲ ਪੁਰੀਆ ਆਦਿਕ ਦੇ ਸਾਰੇ ਪਦਾਰਥਾਂ ਨੂੰ ਛੱਡ ਕੇ) ਕੋਈ ਹੋਰ ਪਦਾਰਥ।2।

ਤੇ = ਤੋਂ। ਜਿਤੁ ਮੁਖਿ = ਜਿਸ ਮੂੰਹ ਨਾਲ। ਤਿਤੁ ਮੁਖਿ = ਉਸ ਮੂੰਹ ਵਿਚ। ਭੂਖ = ਮਾਇਆ ਦੀ ਭੁੱਖ, ਤ੍ਰਿਸਨਾ।3।

ਏਕੁ ਤੂ = ਸਿਰਫ਼ ਤੂੰ ਹੀ। ਅਵਰੁ ਸੈਸਾਰੁ = ਬਾਕੀ ਸਾਰਾ ਸੰਸਾਰ। ਜਿਤੁ ਤਨਿ = ਜਿਸ ਜਿਸ ਸਰੀਰ ਵਿਚ। ਸੇ ਤਨ = ਉਹ ਸਾਰੇ ਸਰੀਰ।4।

ਅਰਥ: (ਹੇ ਪ੍ਰਭੂ! ਤੇਰੇ ਨਾਮ ਤੋਂ ਖੁੰਝ ਕੇ) ਇਹ ਸਾਰਾ ਜਗਤ ਵਿਕਾਰ ਹੀ ਵਿਕਾਰ (ਸਹੇੜ ਰਿਹਾ) ਹੈ। (ਇਸ ਵਿਕਾਰ-ਰੋਗ ਦੀ) ਦਵਾਈ (ਸਿਰਫ਼) ਤੇਰਾ ਨਾਮ ਹੀ ਹੈ, (ਤੇਰੇ ਨਾਮ ਤੋਂ ਬਿਨਾ) ਹੋਰ ਕੋਈ ਦਵਾ-ਦਾਰੂ ਨਹੀਂ ਹੈ। (ਜਗਤ ਨੂੰ ਅਤੇ ਜਗਤ ਦੇ ਰੋਗਾਂ ਦੀ ਦਵਾਈ ਨੂੰ) ਬਣਾਣ ਵਾਲਾ ਤੂੰ ਬੇਅੰਤ ਪ੍ਰਭੂ ਆਪ ਹੀ ਹੈਂ।1। ਰਹਾਉ।

(ਹੇ ਪ੍ਰਭੂ!) ਜਿਸ (ਮਨੁੱਖੀ) ਸੁਰਤਿ ਵਿਚ ਤੇਰਾ ਨਾਮ-ਰਤਨ (ਜੜਿਆ ਹੋਇਆ) ਹੈ, ਤੇਰੀ ਬਖ਼ਸ਼ਸ਼ ਚਾਨਣ ਕਰ ਰਹੀ ਹੈ ਉਸ ਸੁਰਤਿ ਦੇ ਅੰਦਰ (ਤੇਰੇ ਗਿਆਨ ਦਾ) ਪਰਕਾਸ਼ ਹੋ ਰਿਹਾ ਹੈ। (ਮਾਇਆ ਦੇ ਮੋਹ ਵਿਚ) ਅੰਨ੍ਹੀ ਹੋ ਰਹੀ ਸ੍ਰਿਸ਼ਟੀ ਉਤੇ ਅਗਿਆਨਤਾ ਦਾ ਹਨੇਰਾ ਜ਼ੋਰ ਪਾ ਰਿਹਾ ਹੈ, (ਇਸ ਹਨੇਰੇ ਵਿਚ) ਸਾਰੀ ਆਤਮਕ ਰਾਸ-ਪੂੰਜੀ ਗਵਾ ਲਈਦੀ ਹੈ।1।

ਜੋ ਸ੍ਰਿਸ਼ਟੀ ਦੇ ਸਾਰੇ ਪਾਤਾਲ ਤੇ ਪੁਰੀਆਂ (ਬੱਝ ਕੇ) ਇਕ ਪੰਡ ਬਣ ਜਾਣ, ਤੇ ਜੇ ਇਹੋ ਜੇਹੀਆਂ ਹੋਰ ਲੱਖਾਂ ਕ੍ਰੋੜਾਂ ਪੰਡਾਂ ਭੀ ਹੋ ਜਾਣ (ਤਾਂ ਇਹ ਸਾਰੇ ਮਿਲ ਕੇ ਭੀ ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ) । ਹੇ ਪ੍ਰਭੂ! ਤੇਰੇ ਕੀਮਤੀ ਨਾਮ ਦਾ ਮੁੱਲ ਤਦੋਂ ਹੀ ਪੈ ਸਕਦਾ ਹੈ ਜਦੋਂ ਨਾਮ ਨੂੰ ਤੋਲਣ ਵਾਸਤੇ ਤਕੜੀ ਦੇ ਦੂਜੇ ਛਾਬੇ ਵਿਚ (ਸਾਰੀ ਦੁਨੀਆ ਦੇ ਧਨ ਪਦਾਰਥਾਂ ਨੂੰ ਛੱਡ ਕੇ) ਕੋਈ ਹੋਰ ਪਦਾਰਥ ਹੋਣ (ਭਾਵ, ਤੇਰੀਆਂ ਸਿਫ਼ਤਾਂ ਦੇ ਖ਼ਜ਼ਾਨੇ ਹੋਣ! ਤੇਰੇ ਨਾਮ ਵਰਗਾ ਕੀਮਤੀ ਤੇਰਾ ਨਾਮ ਹੀ ਹੈ, ਤੇਰੀਆਂ ਸਿਫ਼ਤਿ-ਸਾਲਾਹਾਂ ਹੀ ਹਨ) ।2।

(ਦੁਨੀਆ ਵਾਲੇ ਦੁੱਖ-ਕਲੇਸ਼ ਭੀ ਪ੍ਰਭੂ ਦੀ ਬਖ਼ਸ਼ਸ਼ ਦਾ ਵਸੀਲਾ ਹਨ ਕਿਉਂਕਿ ਇਹਨਾਂ) ਦੁੱਖਾਂ ਤੋਂ (ਇਹਨਾਂ ਦੁੱਖਾਂ ਦੇ ਕਾਰਨ ਵਿਸ਼ੇ ਵਿਕਾਰਾਂ ਵਲੋਂ ਪਰਤਿਆਂ) ਆਤਮਕ ਸੁਖ ਪੈਦਾ ਹੋ ਜਾਂਦੇ ਹਨ, (ਤੇ ਦੁਨੀਆਵੀ ਭੋਗਾਂ ਦੇ) ਸੁਖਾਂ ਤੋਂ (ਆਤਮਕ ਤੇ ਸਰੀਰਕ) ਰੋਗ ਉਪਜਦੇ ਹਨ। ਹੇ ਪ੍ਰਭੂ! ਜਿਸ ਮੂੰਹ ਨਾਲ ਤੇਰੀ ਸਿਫ਼ਤਿ-ਸਾਲਾਹ ਕੀਤੀ ਜਾਂਦੀ ਹੈ, ਉਸ ਮੂੰਹ ਵਿਚ ਮਾਇਆ ਦੀ ਭੁੱਖ ਨਹੀਂ ਰਹਿ ਜਾਂਦੀ (ਤੇ ਮਾਇਆ ਦੀ ਭੁੱਖ ਦੂਰ ਹੋਇਆਂ ਸਾਰੇ ਦੁੱਖ-ਰੋਗ ਨਾਸ ਹੋ ਜਾਂਦੇ ਹਨ) ।3।

ਹੇ ਨਾਨਕ! (ਜੇ ਤੇਰੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਹੈ ਤਾਂ) ਸਿਰਫ਼ ਤੂੰ ਹੀ ਮੂਰਖ ਹੈਂ, ਤੇਰੇ ਨਾਲੋਂ ਹੋਰ ਸੰਸਾਰ ਚੰਗਾ ਹੈ। ਜਿਸ ਜਿਸ ਸਰੀਰ ਵਿਚ ਪ੍ਰਭੂ ਦਾ ਨਾਮ ਨਹੀਂ, ਉਹ ਸਰੀਰ (ਵਿਕਾਰਾਂ ਵਿਚ ਪੈ ਕੇ) ਖ਼ੁਆਰ ਹੁੰਦੇ ਹਨ।4।2।

TOP OF PAGE

Sri Guru Granth Darpan, by Professor Sahib Singh