ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1328 ਪ੍ਰਭਾਤੀ ਮਹਲਾ ੧ ॥ ਜੈ ਕਾਰਣਿ ਬੇਦ ਬ੍ਰਹਮੈ ਉਚਰੇ ਸੰਕਰਿ ਛੋਡੀ ਮਾਇਆ ॥ ਜੈ ਕਾਰਣਿ ਸਿਧ ਭਏ ਉਦਾਸੀ ਦੇਵੀ ਮਰਮੁ ਨ ਪਾਇਆ ॥੧॥ ਬਾਬਾ ਮਨਿ ਸਾਚਾ ਮੁਖਿ ਸਾਚਾ ਕਹੀਐ ਤਰੀਐ ਸਾਚਾ ਹੋਈ ॥ ਦੁਸਮਨੁ ਦੂਖੁ ਨ ਆਵੈ ਨੇੜੈ ਹਰਿ ਮਤਿ ਪਾਵੈ ਕੋਈ ॥੧॥ ਰਹਾਉ ॥ ਅਗਨਿ ਬਿੰਬ ਪਵਣੈ ਕੀ ਬਾਣੀ ਤੀਨਿ ਨਾਮ ਕੇ ਦਾਸਾ ॥ ਤੇ ਤਸਕਰ ਜੋ ਨਾਮੁ ਨ ਲੇਵਹਿ ਵਾਸਹਿ ਕੋਟ ਪੰਚਾਸਾ ॥੨॥ ਜੇ ਕੋ ਏਕ ਕਰੈ ਚੰਗਿਆਈ ਮਨਿ ਚਿਤਿ ਬਹੁਤੁ ਬਫਾਵੈ ॥ ਏਤੇ ਗੁਣ ਏਤੀਆ ਚੰਗਿਆਈਆ ਦੇਇ ਨ ਪਛੋਤਾਵੈ ॥੩॥ ਤੁਧੁ ਸਾਲਾਹਨਿ ਤਿਨ ਧਨੁ ਪਲੈ ਨਾਨਕ ਕਾ ਧਨੁ ਸੋਈ ॥ ਜੇ ਕੋ ਜੀਉ ਕਹੈ ਓਨਾ ਕਉ ਜਮ ਕੀ ਤਲਬ ਨ ਹੋਈ ॥੪॥੩॥ {ਪੰਨਾ 1328} ਪਦ ਅਰਥ: ਜੈ = ਜਿਸ। ਜੈ ਕਾਰਣਿ = ਜਿਸ (ਪਰਮਾਤਮਾ ਦੇ ਮਿਲਾਪ) ਦੀ ਖ਼ਾਤਰ। ਬ੍ਰਹਮੈ = ਬ੍ਰਹਮਾ ਨੇ। ਸੰਕਰਿ = ਸ਼ੰਕਰ ਨੇ, ਸ਼ਿਵ ਨੇ। ਸਿਧ = ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਦੇਵੀ = ਦੇਵੀਂ, ਦੇਵਤਿਆਂ ਨੇ। ਪਰਮੁ = ਭੇਦ।1। ਬਾਬਾ = ਹੇ ਭਾਈ! ਮਨਿ = ਮਨ ਵਿਚ। ਸਾਚਾ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਮੁਖਿ = ਮੂੰਹ ਵਿਚ। ਤਰੀਐ = ਤਰ ਜਾਈਦਾ ਹੈ। ਹੋਈ = ਹੋ ਜਾਈਦਾ ਹੈ। ਨ ਆਵੈ ਨੇੜੈ = ਜ਼ੋਰ ਨਹੀਂ ਪਾ ਸਕਦਾ। ਹਰਿ ਮਤਿ = ਹਰੀ ਦਾ ਸਿਮਰਨ ਕਰਨ ਦੀ ਅਕਲ। ਕੋਈ = ਜੇਹੜਾ ਕੋਈ।1। ਰਹਾਉ। ਅਗਨਿ = ਅੱਗ, ਤਮੋ ਗੁਣ। ਬਿੰਬ = ਪਾਣੀ, ਸਤੋਗੁਣ। ਪਵਣ = ਹਵਾ, ਰਜੋਗੁਣ। ਬਾਣੀ = ਬਣਤਰ, ਬਨਾਵਟ। ਤੀਨਿ = ਇਹ ਤਿੰਨੇ ਮਾਇਆ ਦੇ ਗੁਣ। ਤਸਕਰ = ਚੋਰ। ਵਾਸਹਿ = ਵੱਸਦੇ ਹਨ। ਕੋਟ = ਕਿਲ੍ਹੇ। ਪੰਚਾਸਾ = (pzc-AÔX: pzcwÔX a lion) ਸ਼ੇਰ। ਕੋਟ ਪੰਚਾਸਾ = ਸ਼ੇਰਾਂ ਦੇ ਕਿਲਿਆਂ ਵਿਚ, ਕਾਮਾਦਿਕ ਸ਼ੇਰਾਂ ਦੇ ਘੁਰਨਿਆਂ ਵਿਚ।2। ਏਕ ਚੰਗਿਆਈ = ਇੱਕ ਭਲਾਈ, ਇੱਕ ਭਲਾ ਕੰਮ। ਮਨਿ = ਮਨਿ ਵਿਚ। ਚਿਤਿ = ਚਿੱਤ ਵਿਚ। ਬਫਾਵੈ = ਫੜਾਂ ਮਾਰਦਾ ਹੈ। ਦੇਇ = (ਦਾਤਾਂ) ਦੇਂਦਾ ਹੈ।3। ਸਾਲਾਹਨਿ = (ਜੋ ਜੀਵ) ਸਾਲਾਹੁੰਦੇ ਹਨ, ਸਿਫ਼ਤਿ-ਸਾਲਾਹ ਕਰਦੇ ਹਨ। ਤਿਨ ਪਲੈ = ਉਹਨਾਂ ਦੇ ਪੱਲੇ, ਉਹਨਾਂ ਦੇ ਹਿਰਦੇ ਵਿਚ। ਸੋਈ = ਉਹੀ ਹੈ। ਕੋ = ਕੋਈ ਬੰਦਾ। ਜੀਉ ਕਹੈ– ਆਦਰ-ਸਤਕਾਰ ਦਾ ਬਚਨ ਬੋਲਦਾ ਹੈ। ਤਲਬ = ਪੁੱਛ।4। ਅਰਥ: ਹੇ ਭਾਈ! ਆਪਣੇ ਮਨ ਵਿਚ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਵਸਾਣਾ ਚਾਹੀਦਾ ਹੈ, ਮੂੰਹ ਨਾਲ ਸਦਾ-ਥਿਰ ਪ੍ਰਭੂ ਦੀਆਂ ਸਿਫ਼ਤਾਂ ਕਰਨੀਆਂ ਚਾਹੀਦੀਆਂ ਹਨ, (ਇਸ ਤਰ੍ਹਾਂ ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ) ਪਾਰ ਲੰਘ ਜਾਈਦਾ ਹੈ, ਉਸ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਈਦਾ ਹੈ। ਜੇਹੜਾ ਕੋਈ ਮਨੁੱਖ ਪਰਮਾਤਮਾ ਦਾ ਸਿਮਰਨ ਕਰਨ ਦੀ ਅਕਲ ਸਿੱਖ ਲੈਂਦਾ ਹੈ, ਕੋਈ ਵੈਰੀ ਉਸ ਉਤੇ ਜ਼ੋਰ ਨਹੀਂ ਪਾ ਸਕਦਾ, ਕੋਈ ਦੁੱਖ-ਕਲੇਸ਼ ਉਸ ਨੂੰ ਦਬਾ ਨਹੀਂ ਸਕਦਾ।1। ਰਹਾਉ। ਜਿਸ ਪਰਮਾਤਮਾ ਦੇ ਮਿਲਾਪ ਦੀ ਖ਼ਾਤਰ ਬ੍ਰਹਮਾ ਨੇ ਵੇਦ ਉਚਾਰੇ, ਤੇ ਸ਼ਿਵ ਜੀ ਨੇ ਦੁਨੀਆ ਦੀ ਮਾਇਆ ਤਿਆਗੀ, ਜਿਸ ਪ੍ਰਭੂ ਨੂੰ ਪ੍ਰਾਪਤ ਕਰਨ ਵਾਸਤੇ ਜੋਗ-ਸਾਧਨਾ ਵਿਚ ਪੁੱਗੇ ਹੋਏ ਜੋਗੀ (ਦੁਨੀਆ ਵਲੋਂ) ਵਿਰਕਤ ਹੋ ਗਏ (ਉਹ ਬੜਾ ਬੇਅੰਤ ਹੈ) , ਦੇਵਤਿਆਂ ਨੇ (ਭੀ) ਉਸ (ਦੇ ਗੁਣਾਂ) ਦਾ ਭੇਤ ਨਹੀਂ ਪਾਇਆ।1। ਇਹ ਸਾਰਾ ਜਗਤ ਤਮੋ ਗੁਣ, ਸਤੋ ਗੁਣ ਤੇ ਰਜੋ ਗੁਣ ਦੀ ਰਚਨਾ ਹੈ (ਸਾਰੇ ਜੀਅ ਜੰਤ ਇਹਨਾਂ ਗੁਣਾਂ ਦੇ ਅਧੀਨ ਹਨ) , ਪਰ ਇਹ ਤਿੰਨੇ ਗੁਣ ਪ੍ਰਭੂ ਦੇ ਨਾਮ ਦੇ ਦਾਸ ਹਨ (ਜੇਹੜੇ ਬੰਦੇ ਨਾਮ ਜਪਦੇ ਹਨ, ਉਹਨਾਂ ਉਤੇ ਇਹ ਤਿੰਨ ਗੁਣ ਆਪਣਾ ਜ਼ੋਰ ਨਹੀਂ ਪਾ ਸਕਦੇ) । (ਪਰ ਹਾਂ) ਜੇਹੜੇ ਜੀਵ ਪ੍ਰਭੂ ਦਾ ਨਾਮ ਨਹੀਂ ਸਿਮਰਦੇ ਉਹ (ਇਹਨਾਂ ਤਿੰਨਾਂ ਗੁਣਾਂ ਦੇ) ਚੋਰ ਹਨ (ਇਹਨਾਂ ਤੋਂ ਕੁੱਟ ਖਾਂਦੇ ਹਨ, ਕਿਉਂਕਿ) ਉਹ ਸਦਾ (ਕਾਮਾਦਿਕ) ਸ਼ੇਰਾਂ ਦੇ ਘੁਰਨਿਆਂ ਵਿਚ ਵੱਸਦੇ ਹਨ।2। (ਹੇ ਭਾਈ! ਵੇਖੋ, ਉਸ ਪਰਮਾਤਮਾ ਦੀ ਖੁਲ੍ਹ੍ਹ-ਦਿਲੀ!) ਜੇ ਕੋਈ ਬੰਦਾ (ਕਿਸੇ ਨਾਲ) ਕੋਈ ਇੱਕ ਭਲਾਈ ਕਰਦਾ ਹੈ; ਤਾਂ ਉਹ ਆਪਣੇ ਮਨ ਵਿਚ ਚਿੱਤ ਵਿਚ ਬੜੀਆਂ ਫੜਾਂ ਮਰਦਾ ਹੈ (ਬੜਾ ਮਾਣ ਕਰਦਾ ਹੈ, ਪਰ) ਪਰਮਾਤਮਾ ਵਿਚ ਇਤਨੇ ਬੇਅੰਤ ਗੁਣ ਹਨ, ਉਹ ਇਤਨੀਆਂ ਭਲਾਈਆਂ ਕਰਦਾ ਹੈ, ਉਹ (ਸਭ ਜੀਵਾਂ ਨੂੰ ਦਾਤਾਂ) ਦੇਂਦਾ ਹੈ, ਪਰ ਦਾਤਾਂ ਦੇ ਦੇ ਕੇ ਕਦੇ ਅਫ਼ਸੋਸ ਨਹੀਂ ਕਰਦਾ (ਕਿ ਜੀਵ ਦਾਤਾਂ ਲੈ ਕੇ ਕਦਰ ਨਹੀਂ ਕਰਦੇ) ।3। ਹੇ ਪ੍ਰਭੂ! ਜੇਹੜੇ ਬੰਦੇ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ, ਉਹਨਾਂ ਦੇ ਹਿਰਦੇ ਵਿਚ ਤੇਰਾ ਨਾਮ-ਧਨ ਹੈ (ਉਹ ਅਸਲ ਧਨੀ ਹਨ) , ਮੈਂ ਨਾਨਕ ਦਾ ਧਨ ਭੀ ਤੇਰਾ ਨਾਮ ਹੀ ਹੈ। (ਜਿਨ੍ਹਾਂ ਦੇ ਪੱਲੇ ਨਾਮ-ਧਨ ਹੈ) ਜੇ ਕੋਈ ਉਹਨਾਂ ਨਾਲ ਆਦਰ-ਸਤਕਾਰ ਦਾ ਬੋਲ ਬੋਲਦਾ ਹੈ, ਤਾਂ ਜਮਰਾਜ (ਭੀ) ਉਹਨਾਂ ਤੋਂ ਕਰਮਾਂ ਦਾ ਲੇਖਾ ਨਹੀਂ ਪੁੱਛਦਾ (ਭਾਵ, ਉਹ ਮੰਦੇ ਪਾਸੇ ਵਲੋਂ ਹਟ ਜਾਂਦੇ ਹਨ) ।4।3। ਪ੍ਰਭਾਤੀ ਮਹਲਾ ੧ ॥ ਜਾ ਕੈ ਰੂਪੁ ਨਾਹੀ ਜਾਤਿ ਨਾਹੀ ਨਾਹੀ ਮੁਖੁ ਮਾਸਾ ॥ ਸਤਿਗੁਰਿ ਮਿਲੇ ਨਿਰੰਜਨੁ ਪਾਇਆ ਤੇਰੈ ਨਾਮਿ ਹੈ ਨਿਵਾਸਾ ॥੧॥ ਅਉਧੂ ਸਹਜੇ ਤਤੁ ਬੀਚਾਰਿ ॥ ਜਾ ਤੇ ਫਿਰਿ ਨ ਆਵਹੁ ਸੈਸਾਰਿ ॥੧॥ ਰਹਾਉ ॥ ਜਾ ਕੈ ਕਰਮੁ ਨਾਹੀ ਧਰਮੁ ਨਾਹੀ ਨਾਹੀ ਸੁਚਿ ਮਾਲਾ ॥ ਸਿਵ ਜੋਤਿ ਕੰਨਹੁ ਬੁਧਿ ਪਾਈ ਸਤਿਗੁਰੂ ਰਖਵਾਲਾ ॥੨॥ ਜਾ ਕੈ ਬਰਤੁ ਨਾਹੀ ਨੇਮੁ ਨਾਹੀ ਨਾਹੀ ਬਕਬਾਈ ॥ ਗਤਿ ਅਵਗਤਿ ਕੀ ਚਿੰਤ ਨਾਹੀ ਸਤਿਗੁਰੂ ਫੁਰਮਾਈ ॥੩॥ ਜਾ ਕੈ ਆਸ ਨਾਹੀ ਨਿਰਾਸ ਨਾਹੀ ਚਿਤਿ ਸੁਰਤਿ ਸਮਝਾਈ ॥ ਤੰਤ ਕਉ ਪਰਮ ਤੰਤੁ ਮਿਲਿਆ ਨਾਨਕਾ ਬੁਧਿ ਪਾਈ ॥੪॥੪॥ {ਪੰਨਾ 1328} ਪਦ ਅਰਥ: ਜਾ ਕੈ = ਜਿਨ੍ਹਾਂ ਬੰਦਿਆਂ ਦੇ ਕੋਲ। ਮਾਸਾ = (ਪਿੰਡੇ ਤੇ) ਮਾਸ (ਭਾਵ, ਸਰੀਰਕ ਬਲ) । ਸਤਿਗੁਰਿ = ਸਤਿਗੁਰੂ ਵਿਚ, ਗੁਰੂ ਦੇ ਚਰਨਾਂ ਵਿਚ। ਮਿਲੇ = ਜੁੜੇ। ਨਿਰੰਜਨੁ = ਉਹ ਪ੍ਰਭੂ ਜੋ ਮਾਇਆ ਦੀ ਕਾਲਖ ਤੋਂ ਰਹਿਤ ਹੈ। ਤੇਰੈ ਨਾਮਿ = (ਹੇ ਪ੍ਰਭੂ!) ਤੇਰੇ ਨਾਮ ਵਿਚ।1। ਅਉਧੂ = (ਉਹ ਸਾਧ ਜਿਸ ਨੇ ਮਾਇਆ ਵਾਲੇ ਬੰਧਨ ਤੋੜ ਕੇ ਪਰੇ ਸੁੱਟ ਦਿਤੇ ਹਨ, ਉਹ ਵਿਰਕਤ ਸਾਧ ਜੋ ਪਿੰਡੇ ਉਤੇ ਸੁਆਹ ਮਲੀ ਫਿਰਦੇ ਹਨ) , ਹੇ ਅਉਧੂ! ਸਹਜੇ = ਸਹਜਿ, ਅਡੋਲ ਅਵਸਥਾ ਵਿਚ (ਟਿਕ ਕੇ) । ਤਤੁ = ਜਗਤ ਦਾ ਮੂਲ-ਪ੍ਰਭੂ। ਤਤੁ ਬੀਚਾਰਿ = ਜਗਤ ਦੇ ਮੂਲ ਪ੍ਰਭੂ (ਦੇ ਗੁਣਾਂ) ਨੂੰ ਵਿਚਾਰ, ਪ੍ਰਭੂ ਦੇ ਗੁਣਾਂ ਵਿਚ ਸੁਰਤਿ ਜੋੜ। ਜਾ ਤੇ = ਜਿਸ ਨਾਲ, ਜਿਸ (ਉੱਦਮ) ਤੋਂ। ਸੰਸਾਰਿ = ਸੰਸਾਰ ਵਿਚ, ਜਨਮ ਮਰਨ ਦੇ ਚੱਕਰ ਵਿਚ।1। ਰਹਾਉ। ਕਰਮੁ = ਧਾਰਮਿਕ ਰਸਮ। ਧਰਮ = ਵਰਨ ਆਸ਼੍ਰਮ ਵਾਲਾ ਕੋਈ ਕਰਮ। ਸੁਚਿ = ਚੌਕੇ ਆਦਿਕ ਵਾਲੀ ਸੁੱਚ। ਸਿਵ ਜੋਤਿ = ਕੱਲਿਆਣ-ਰੂਪ ਪਰਮਾਤਮਾ ਦੀ ਜੋਤਿ। ਕੰਨਹੁ = ਕੋਲੋਂ, ਪਾਸੋਂ। ਬੁਧਿ = (ਤੱਤ ਬੀਚਾਰਨ ਦੀ) ਅਕਲ, ਪ੍ਰਭੂ ਦੇ ਗੁਣਾਂ ਵਿਚ ਸੁਰਤਿ ਜੋੜਨ ਦੀ ਸੂਝ।2। ਨੇਮੁ = ਕਰਮ ਕਾਂਡ ਅਨੁਸਾਰ ਰੋਜ਼ਾਨਾ ਕਰਨ ਵਾਲਾ ਕੋਈ ਕੰਮ। ਬਕਬਾਈ = ਹਵਾਈ ਬੋਲ, ਵਿਅਰਥ ਬਚਨ, ਚਤੁਰਾਈ ਦੇ ਬਚਨ। ਗਤਿ = ਮੁਕਤੀ। ਅਵਗਤਿ = (ਮੁਕਤੀ ਦੇ ਉਲਟ) ਨਰਕ ਆਦਿਕ। ਚਿੰਤ = ਸਹਿਮ, ਫ਼ਿਕਰ। ਫੁਰਮਾਈ = ਹੁਕਮ, ਉਪਦੇਸ਼।3। ਆਸ = ਦੁਨੀਆ ਦੇ ਧਨ ਪਦਾਰਥ ਦੀਆਂ ਆਸਾਂ। ਨਿਰਾਸ = ਦੁਨੀਆ ਵਲੋਂ ਉਪਰਾਮ ਹੋ ਜਾਣ ਦੇ ਖ਼ਿਆਲ। ਜਾ ਕੈ ਚਿਤਿ = ਜਿਸ ਦੇ ਚਿੱਤ ਵਿਚ। ਸਮਝਾਈ = ਸਮਝ, ਸੂਝ। ਤੰਤ = ਜੀਵਾਤਮਾ। ਪਰਮ ਤੰਤੁ = ਪਰਮ ਆਤਮਾ ਅਕਾਲ ਪੁਰਖ। ਬੁਧਿ = (ਪ੍ਰਭੂ ਦੇ ਗੁਣਾਂ ਵਿਚ ਸੁਰਤਿ ਜੋੜਨ ਦੀ) ਅਕਲ!।4। ਅਰਥ: ਹੇ ਜੋਗੀ! (ਤੂੰ ਘਰ ਬਾਰ ਛੱਡ ਕੇ ਪਿੰਡੇ ਤੇ ਸੁਆਹ ਮਲ ਕੇ ਹੀ ਇਹ ਸਮਝੀ ਬੈਠਾ ਹੈਂ ਕਿ ਤੂੰ ਜਨਮ ਮਰਨ ਦੇ ਚੱਕਰ ਵਿਚੋਂ ਨਿਕਲ ਗਿਆ ਹੈਂ, ਤੈਨੂੰ ਭੁਲੇਖਾ ਹੈ) । ਅਡੋਲ ਆਤਮਕ ਅਵਸਥਾ ਵਿਚ ਟਿਕ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਸੁਰਤਿ ਜੋੜ। (ਇਹੀ ਤਰੀਕਾ ਹੈ) ਜਿਸ ਨਾਲ ਤੂੰ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਆਵੇਂਗਾ।1। ਰਹਾਉ। (ਹੇ ਜੋਗੀ!) ਜਿਨ੍ਹਾਂ ਪਾਸ ਰੂਪ ਨਹੀਂ, ਜਿਨ੍ਹਾਂ ਦੀ ਉੱਚੀ ਜਾਤਿ ਨਹੀਂ, ਜਿਨ੍ਹਾਂ ਦੇ ਸੋਹਣੇ ਨਕਸ਼ ਨਹੀਂ, ਜਿਨ੍ਹਾਂ ਪਾਸ ਸਰੀਰਕ ਬਲ ਨਹੀਂ, ਜਦੋਂ ਉਹ ਗੁਰੂ-ਚਰਨਾਂ ਵਿਚ ਜੁੜੇ, ਤਾਂ ਉਹਨਾਂ ਨੂੰ ਮਾਇਆ-ਰਹਿਤ ਪ੍ਰਭੂ ਮਿਲ ਪਿਆ। (ਹੇ ਪ੍ਰਭੂ! ਗੁਰੂ ਦੀ ਸਰਨ ਪੈਣ ਨਾਲ) ਉਹਨਾਂ ਦਾ ਨਿਵਾਸ ਤੇਰੇ ਨਾਮ ਵਿਚ ਹੋ ਗਿਆ।1। (ਹੇ ਜੋਗੀ!) ਜੋ ਬੰਦੇ ਸ਼ਾਸਤ੍ਰਾਂ ਦਾ ਦੱਸਿਆ ਹੋਇਆ ਕੋਈ ਕਰਮ ਧਰਮ ਨਹੀਂ ਕਰਦੇ, ਜਿਨ੍ਹਾਂ ਚੌਕੇ ਆਦਿਕ ਦੀ ਕੋਈ ਸੁੱਚ ਨਹੀਂ ਰੱਖੀ, ਜਿਨ੍ਹਾਂ ਦੇ ਗਲ ਵਿਚ (ਤੁਲਸੀ ਆਦਿਕ ਦੀ) ਮਾਲਾ ਨਹੀਂ, ਜਦੋਂ ਉਹਨਾਂ ਦਾ ਰਾਖਾ ਗੁਰੂ ਬਣ ਗਿਆ, ਉਹਨਾਂ ਨੂੰ ਕੱਲਿਆਣ-ਰੂਪ ਨਿਰੰਕਾਰੀ ਜੋਤਿ ਪਾਸੋਂ (ਉਸ ਦੀ ਸਿਫ਼ਤਿ-ਸਾਲਾਹ ਵਿਚ ਜੁੜਨ ਦੀ) ਅਕਲ ਮਿਲ ਗਈ।2। (ਹੇ ਜੋਗੀ!) ਜਿਨ੍ਹਾਂ ਬੰਦਿਆਂ ਨੇ ਕਦੇ ਕੋਈ ਵਰਤ ਨਹੀਂ ਰੱਖਿਆ, ਕੋਈ (ਇਹੋ ਜਿਹਾ ਹੋਰ) ਨੇਮ ਨਹੀਂ ਧਾਰਿਆ, ਜੇਹੜੇ ਸ਼ਾਸਤ੍ਰ-ਚਰਚਾ ਦੇ ਕੋਈ ਚਤੁਰਾਈ ਵਾਲੇ ਬੋਲ ਬੋਲਣੇ ਨਹੀਂ ਜਾਣਦੇ, ਜਦੋਂ ਗੁਰੂ ਦਾ ਉਪਦੇਸ਼ ਉਹਨਾਂ ਨੂੰ ਮਿਲਿਆ, ਤਾਂ ਮੁਕਤੀ ਜਾਂ ਨਰਕ ਦਾ ਉਹਨਾਂ ਨੂੰ ਕੋਈ ਫ਼ਿਕਰ ਸਹਿਮ ਨਾਹ ਰਹਿ ਗਿਆ।3। ਹੇ ਨਾਨਕ! ਜਿਸ ਜੀਵ ਪਾਸ ਧਨ-ਪਦਾਰਥ ਨਹੀਂ ਕਿ ਉਹ ਦੁਨੀਆ ਦੀਆਂ ਆਸਾਂ ਚਿੱਤ ਵਿਚ ਬਣਾਈ ਰੱਖੇ, ਜਿਸ ਜੀਵ ਦੇ ਚਿੱਤ ਵਿਚ ਮਾਇਆ ਵਲੋਂ ਉਪਰਾਮ ਹੋ ਕੇ ਗ੍ਰਿਹਸਤ-ਤਿਆਗ ਦੇ ਖ਼ਿਆਲ ਭੀ ਨਹੀਂ ਉਠਦੇ, ਜਿਸ ਨੂੰ ਕੋਈ ਅਜੇਹੀ ਸੁਰਤਿ ਨਹੀਂ ਸਮਝ ਨਹੀਂ, ਜਦੋਂ ਉਸ ਨੂੰ (ਸਤਿਗੁਰੂ ਪਾਸੋਂ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਜੁੜਨ ਦੀ) ਅਕਲ ਮਿਲਦੀ ਹੈ, ਤਾਂ ਉਸ ਜੀਵ ਨੂੰ ਪਰਮਾਤਮਾ ਮਿਲ ਪੈਂਦਾ ਹੈ।4। 4। ਪ੍ਰਭਾਤੀ ਮਹਲਾ ੧ ॥ ਤਾ ਕਾ ਕਹਿਆ ਦਰਿ ਪਰਵਾਣੁ ॥ ਬਿਖੁ ਅੰਮ੍ਰਿਤੁ ਦੁਇ ਸਮ ਕਰਿ ਜਾਣੁ ॥੧॥ ਕਿਆ ਕਹੀਐ ਸਰਬੇ ਰਹਿਆ ਸਮਾਇ ॥ ਜੋ ਕਿਛੁ ਵਰਤੈ ਸਭ ਤੇਰੀ ਰਜਾਇ ॥੧॥ ਰਹਾਉ ॥ ਪ੍ਰਗਟੀ ਜੋਤਿ ਚੂਕਾ ਅਭਿਮਾਨੁ ॥ ਸਤਿਗੁਰਿ ਦੀਆ ਅੰਮ੍ਰਿਤ ਨਾਮੁ ॥੨॥ ਕਲਿ ਮਹਿ ਆਇਆ ਸੋ ਜਨੁ ਜਾਣੁ ॥ ਸਾਚੀ ਦਰਗਹ ਪਾਵੈ ਮਾਣੁ ॥੩॥ ਕਹਣਾ ਸੁਨਣਾ ਅਕਥ ਘਰਿ ਜਾਇ ॥ ਕਥਨੀ ਬਦਨੀ ਨਾਨਕ ਜਲਿ ਜਾਇ ॥੪॥੫॥ {ਪੰਨਾ 1328} ਪਦ ਅਰਥ: ਤਾ ਕਾ = ਉਸ ਮਨੁੱਖ ਦਾ। ਕਹਿਆ = ਬੋਲਿਆ ਹੋਇਆ ਬਚਨ। ਦਰਿ = ਪ੍ਰਭੂ ਦੇ ਦਰ ਤੇ। ਪਰਵਾਣੁ = ਕਬੂਲ, ਠੀਕ ਮੰਨਿਆ ਜਾਂਦਾ ਹੈ। ਬਿਖੁ = ਜ਼ਹਿਰ (ਭਾਵ, ਦੁੱਖ) । ਅੰਮ੍ਰਿਤੁ = (ਭਾਵ, ਸੁਖ) । ਸਮ = ਬਰਾਬਰ। ਕਰਿ = ਕਰ ਕੇ। ਜਾਣੁ = ਜਾਣੂ, ਜੋ ਜਾਣਨ ਵਾਲਾ ਹੈ।1। ਕਿਆ ਕਹੀਐ = ਕੁਝ ਆਖਿਆ ਨਹੀਂ ਜਾ ਸਕਦਾ। ਸਰਬੇ = ਸਭ ਜੀਵਾਂ ਵਿਚ। ਰਜਾਇ = ਹੁਕਮ ਅਨੁਸਾਰ।1। ਰਹਾਉ। ਚੂਕਾ = ਦੂਰ ਹੋ ਗਿਆ। ਸਤਿਗੁਰਿ = ਸਤਿਗੁਰ ਨੇ।2। ਕਲਿ ਮਹਿ = ਜਗਤ ਵਿਚ। ਜਾਣੁ = ਜਾਣੋ, ਸਮਝੋ। ਮਾਣੁ = ਇੱਜ਼ਤ।3। ਅਕਥ ਘਰਿ = ਅਕੱਥ ਪ੍ਰਭੂ ਦੇ ਘਰ ਵਿਚ। ਬਦਨੀ = (vd` = ਬੋਲਣਾ) ਬੋਲਣਾ। ਜਲਿ ਜਾਇ = ਸੜ ਜਾਂਦਾ ਹੈ, ਵਿਅਰਥ ਜਾਂਦਾ ਹੈ।4। ਅਰਥ: ਹੇ ਪ੍ਰਭੂ! (ਜਗਤ ਵਿਚ) ਜੋ ਕੁਝ ਵਾਪਰ ਰਿਹਾ ਹੈ ਸਭ ਤੇਰੇ ਹੁਕਮ ਅਨੁਸਾਰ ਵਾਪਰ ਰਿਹਾ ਹੈ। (ਕਿਸੇ ਨੂੰ ਸੁਖ ਹੈ ਕਿਸੇ ਨੂੰ ਦੁੱਖ ਮਿਲ ਰਿਹਾ ਹੈ, ਪਰ ਇਸ ਦੇ ਉਲਟ) ਕੁਝ ਕਿਹਾ ਨਹੀਂ ਜਾ ਸਕਦਾ ਕਿਉਂਕਿ ਤੂੰ ਸਭ ਜੀਵਾਂ ਵਿਚ ਮੌਜੂਦ ਹੈਂ (ਜਿਨ੍ਹਾਂ ਨੂੰ ਸੁਖ ਜਾਂ ਦੁੱਖ ਮਿਲਦਾ ਹੈ ਉਹਨਾਂ ਵਿਚ ਭੀ ਤੂੰ ਆਪ ਹੀ ਵਿਆਪਕ ਹੈਂ, ਤੇ ਆਪ ਹੀ ਉਸ ਸੁਖ ਜਾਂ ਦੁੱਖ ਨੂੰ ਭੋਗ ਰਿਹਾ ਹੈਂ) ।1। ਰਹਾਉ। ਜੋ ਮਨੁੱਖ ਜ਼ਹਰ ਤੇ ਅੰਮ੍ਰਿਤ (ਦੁੱਖ ਤੇ ਸੁਖ) ਦੋਹਾਂ ਨੂੰ ਇਕੋ ਜਿਹਾ ਸਮਝਣ-ਜੋਗਾ ਹੋ ਜਾਂਦਾ ਹੈ (ਪਰਮਾਤਮਾ ਦੀ ਰਜ਼ਾ ਬਾਰੇ) ਉਸ ਮਨੁੱਖ ਦਾ ਬੋਲਿਆ ਹੋਇਆ ਬਚਨ ਪਰਮਾਤਮਾ ਦੇ ਦਰ ਤੇ ਠੀਕ ਮੰਨਿਆ ਜਾਂਦਾ ਹੈ (ਕਿਉਂਕਿ ਉਹ ਮਨੁੱਖ ਚੰਗੀ ਤਰ੍ਹਾਂ ਜਾਣਦਾ ਹੈ ਕਿ ਜਿਨ੍ਹਾਂ ਨੂੰ ਸੁਖ ਜਾਂ ਦੁੱਖ ਮਿਲਦਾ ਹੈ ਉਹਨਾਂ ਸਭਨਾਂ ਵਿਚ ਪਰਮਾਤਮਾ ਆਪ ਮੌਜੂਦ ਹੈ) ।1। ਜਿਸ ਮਨੁੱਖ ਨੂੰ ਸਤਿਗੁਰੂ ਨੇ ਆਤਮਕ ਜੀਵਨ ਦੇਣ ਵਾਲਾ ਪ੍ਰਭੂ ਦਾ ਨਾਮ ਦਿੱਤਾ ਹੈ, ਉਸ ਦੇ ਅੰਦਰ ਪਰਮਾਤਮਾ ਦੀ ਜੋਤਿ ਦਾ ਚਾਨਣ ਹੋ ਜਾਂਦਾ ਹੈ (ਉਸ ਚਾਨਣ ਦੀ ਬਰਕਤਿ ਨਾਲ ਉਸ ਨੂੰ ਆਪਣੇ ਵਿਤ ਦੀ ਸਮਝ ਆ ਜਾਂਦੀ ਹੈ, ਇਸ ਵਾਸਤੇ ਉਸ ਦੇ ਅੰਦਰੋਂ) ਅਹੰਕਾਰ ਦੂਰ ਹੋ ਜਾਂਦਾ ਹੈ।2। (ਹੇ ਭਾਈ!) ਉਸੇ ਮਨੁੱਖ ਨੂੰ ਜਗਤ ਵਿਚ ਜਨਮਿਆ ਸਮਝੋ (ਭਾਵ, ਉਸੇ ਮਨੁੱਖ ਦਾ ਜਗਤ ਵਿਚ ਆਉਣਾ ਸਫਲ ਹੈ, ਜੋ ਸਰਬ-ਵਿਆਪਕ ਪਰਮਾਤਮਾ ਦੀ ਰਜ਼ਾ ਨੂੰ ਸਮਝਦਾ ਹੈ, ਤੇ ਇਸ ਵਾਸਤੇ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਦਰਗਾਹ ਵਿਚ ਇੱਜ਼ਤ ਹਾਸਲ ਕਰਦਾ ਹੈ।3। ਹੇ ਨਾਨਕ! ਉਹੀ ਬਚਨ ਬੋਲਣੇ ਤੇ ਸੁਣਨੇ ਸਫਲ ਹਨ ਜਿਨ੍ਹਾਂ ਦੀ ਰਾਹੀਂ ਮਨੁੱਖ ਬੇਅੰਤ ਗੁਣਾਂ ਵਾਲੇ ਪਰਮਾਤਮਾ ਦੇ ਚਰਨਾਂ ਵਿਚ ਜੁੜ ਸਕਦਾ ਹੈ। (ਪਰਮਾਤਮਾ ਦੀ ਰਜ਼ਾ ਤੋਂ ਪਰੇ ਲੈ ਜਾਣ ਵਾਲੀ, ਪਰਮਾਤਮਾ ਦੇ ਚਰਨਾਂ ਤੋਂ ਦੂਰ ਰੱਖਣ ਵਾਲੀ) ਹੋਰ ਹੋਰ ਕਹਣੀ ਕਥਨੀ ਵਿਅਰਥ ਜਾਂਦੀ ਹੈ।4।5। ਪ੍ਰਭਾਤੀ ਮਹਲਾ ੧ ॥ ਅੰਮ੍ਰਿਤੁ ਨੀਰੁ ਗਿਆਨਿ ਮਨ ਮਜਨੁ ਅਠਸਠਿ ਤੀਰਥ ਸੰਗਿ ਗਹੇ ॥ ਗੁਰ ਉਪਦੇਸਿ ਜਵਾਹਰ ਮਾਣਕ ਸੇਵੇ ਸਿਖੁ ਸੋੁ ਖੋਜਿ ਲਹੈ ॥੧॥ ਗੁਰ ਸਮਾਨਿ ਤੀਰਥੁ ਨਹੀ ਕੋਇ ॥ ਸਰੁ ਸੰਤੋਖੁ ਤਾਸੁ ਗੁਰੁ ਹੋਇ ॥੧॥ ਰਹਾਉ ॥ ਗੁਰੁ ਦਰੀਆਉ ਸਦਾ ਜਲੁ ਨਿਰਮਲੁ ਮਿਲਿਆ ਦੁਰਮਤਿ ਮੈਲੁ ਹਰੈ ॥ ਸਤਿਗੁਰਿ ਪਾਇਐ ਪੂਰਾ ਨਾਵਣੁ ਪਸੂ ਪਰੇਤਹੁ ਦੇਵ ਕਰੈ ॥੨॥ ਰਤਾ ਸਚਿ ਨਾਮਿ ਤਲ ਹੀਅਲੁ ਸੋ ਗੁਰੁ ਪਰਮਲੁ ਕਹੀਐ ॥ ਜਾ ਕੀ ਵਾਸੁ ਬਨਾਸਪਤਿ ਸਉਰੈ ਤਾਸੁ ਚਰਣ ਲਿਵ ਰਹੀਐ ॥੩॥ ਗੁਰਮੁਖਿ ਜੀਅ ਪ੍ਰਾਨ ਉਪਜਹਿ ਗੁਰਮੁਖਿ ਸਿਵ ਘਰਿ ਜਾਈਐ ॥ ਗੁਰਮੁਖਿ ਨਾਨਕ ਸਚਿ ਸਮਾਈਐ ਗੁਰਮੁਖਿ ਨਿਜ ਪਦੁ ਪਾਈਐ ॥੪॥੬॥ {ਪੰਨਾ 1328-1329} ਪਦ ਅਰਥ: ਅੰਮ੍ਰਿਤੁ = ਅਟਲ ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਨੀਰੁ = ਪਾਣੀ। ਗਿਆਨਿ = ਗਿਆਨ ਵਿਚ, ਗੁਰੂ ਤੋਂ ਮਿਲੇ ਆਤਮਕ ਚਾਨਣ ਵਿਚ। ਮਜਨੁ = ਚੁੱਭੀ, ਇਸ਼ਨਾਨ। ਅਠਸਠਿ = ਅਠਾਹਠ। ਸੰਗਿ = ਨਾਲ ਹੀ, ਗੁਰੂ-ਤੀਰਥ ਦੇ ਨਾਲ ਹੀ। ਗਹੇ = ਮਿਲ ਜਾਂਦੇ ਹਨ। ਉਪਦੇਸਿ = ਉਪਦੇਸ ਵਿਚ। ਸੋੁ = ਉਹ (ਸਿੱਖ) (ਨੋਟ: ਅਸਲ ਲਫ਼ਜ਼ ਹੈ 'ਸੋ', ਪਰ ਇਥੇ ਪੜ੍ਹਨਾ ਹੈ 'ਸੁ') । ਲਹੈ– ਲੱਭ ਲੈਂਦਾ ਹੈ। ਖੋਜਿ = ਖੋਜ ਕੇ।2। ਸਮਾਨਿ = ਵਰਗਾ, ਬਰਾਬਰ ਦਾ। ਸਰੁ = ਤਾਲਾਬ। ਤਾਸੁ = ਉਹੀ।1। ਰਹਾਉ। ਨਿਰਮਲੁ = ਮਲ-ਰਹਿਤ, ਸਾਫ਼। ਦੁਰਮਤਿ = ਭੈੜੀ ਅਕਲ। ਹਰੈ = ਦੂਰ ਕਰਦਾ ਹੈ। ਸਤਿਗੁਰਿ ਪਾਇਐ = ਜੋ ਸਤਿਗੁਰੂ ਮਿਲ ਪਏ। ਨਾਵਣੁ = ਇਸ਼ਨਾਨ। ਪਰੇਤਹੁ = ਪਰੇਤਾਂ ਤੋਂ। ਕਰੈ = ਬਣਾ ਦੇਂਦਾ ਹੈ।2। ਰਤਾ = ਰੱਤਾ, ਰੰਗਿਆ ਹੋਇਆ। ਸਚਿ = ਸਦਾ-ਥਿਰ ਪ੍ਰਭੂ ਵਿਚ। ਨਾਮਿ = ਨਾਮ ਵਿਚ। ਤਲ = ਉਪਰਲਾ ਪਾਸਾ, (ਭਾਵ, ਗਿਆਨ-ਇੰਦ੍ਰੇ) । ਹੀਅਲੁ = ਹੀਅਰਾ, ਹਿਰਦਾ। ਪਰਮਲੁ = ਸੁਗੰਧੀ, ਚੰਦਨ। ਜਾ ਕੀ = ਜਿਸ ਦੀ। ਵਾਸੁ = ਸੁਗੰਧੀ (ਨਾਲ) । ਸਉਰੈ = ਸੰਵਰ ਜਾਂਦੀ ਹੈ, ਸੁਗੰਧਿਤ ਹੋ ਜਾਂਦੀ ਹੈ। ਤਾਸੁ ਚਰਣ = ਉਸ ਦੇ ਚਰਨਾਂ ਵਿਚ। ਰਹੀਐ = ਟਿਕੀ ਰਹਿਣੀ ਚਾਹੀਦੀ ਹੈ।3। ਜੀਅ ਪ੍ਰਾਣ = ਜੀਵਾਂ ਦੇ ਪ੍ਰਾਣ, ਜੀਵਾਂ ਦੇ ਆਤਮਕ ਜੀਵਨ। ਉਪਜਹਿ = ਪੈਦਾ ਹੋ ਜਾਂਦੇ ਹਨ। ਸਿਵ ਘਰਿ = ਸ਼ਿਵ ਦੇ ਘਰ ਵਿਚ, ਉਸੇ ਦੇ ਘਰ ਵਿਚ ਜੋ ਸਦਾ ਕਲਿਆਣ-ਰੂਪ ਹੈ। ਨਿਜ = ਆਪਣਾ। ਪਦੁ = ਆਤਮਕ ਜੀਵਨ ਵਾਲਾ ਦਰਜਾ। ਨਿਜ ਪਦੁ = ਉਹ ਆਤਮਕ ਦਰਜਾ ਜੋ ਸਦਾ ਆਪਣਾ ਬਣਿਆ ਰਹਿੰਦਾ ਹੈ।4। ਅਰਥ: ਗੁਰੂ ਦੇ ਬਰਾਬਰ ਦਾ ਹੋਰ ਕੋਈ ਤੀਰਥ ਨਹੀਂ ਹੈ। ਉਹ ਗੁਰੂ ਹੀ ਸੰਤੋਖ-ਰੂਪ ਸਰੋਵਰ ਹੈ।1। ਰਹਾਉ। (ਗੁਰੂ ਤੋਂ ਮਿਲਣ ਵਾਲਾ) ਪ੍ਰਭੂ-ਨਾਮ (ਗੁਰੂ-ਤੀਰਥ ਦਾ) ਜਲ ਹੈ, ਗੁਰੂ ਤੋਂ ਮਿਲੇ ਆਤਮਕ ਚਾਨਣ ਵਿਚ ਮਨ ਦੀ ਚੁੱਭੀ (ਉਸ ਗੁਰ-ਤੀਰਥ ਦਾ) ਇਸ਼ਨਾਨ ਹੈ, (ਗੁਰੂ-ਤੀਰਥ ਦੇ) ਨਾਲ ਹੀ ਅਠਾਹਠ ਤੀਰਥ (ਦੇ ਇਸ਼ਨਾਨ) ਮਿਲ ਜਾਂਦੇ ਹਨ। ਗੁਰੂ ਦੇ ਉਪਦੇਸ਼ (-ਰੂਪ ਡੂੰਘੇ ਪਾਣੀਆਂ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ) ਮੋਤੀ ਤੇ ਜਵਾਹਰ ਹਨ। ਜੇਹੜਾ ਸਿੱਖ (ਗੁਰੂ-ਤੀਰਥ ਨੂੰ) ਸੇਂਵਦਾ ਹੈ (ਸਰਧਾ ਨਾਲ ਆਉਂਦਾ ਹੈ) ਉਹ ਭਾਲ ਕਰ ਕੇ ਲੱਭ ਲੈਂਦਾ ਹੈ।1। ਗੁਰੂ ਇਕ (ਐਸਾ) ਦਰਿਆ ਹੈ ਜਿਸ ਪਾਸੋਂ ਮਿਲਦਾ ਨਾਮ-ਅੰਮ੍ਰਿਤ ਉਸ ਦਰਿਆ ਵਿਚ (ਐਸਾ) ਜਲ ਹੈ ਜੋ ਸਦਾ ਹੀ ਸਾਫ਼ ਰਹਿੰਦਾ ਹੈ, ਜਿਸ ਮਨੁੱਖ ਨੂੰ ਉਹ ਜਲ ਮਿਲਦਾ ਹੈ ਉਸ ਦੀ ਖੋਟੀ ਮਤਿ ਦੀ ਮੈਲ ਦੂਰ ਕਰ ਦੇਂਦਾ ਹੈ। ਜੇ ਗੁਰੂ ਮਿਲ ਪਏ ਤਾਂ (ਉਸ ਗੁਰੂ-ਦਰਿਆ ਵਿਚ ਕੀਤਾ ਇਸ਼ਨਾਨ) ਸਫਲ ਇਸ਼ਨਾਨ ਹੁੰਦਾ ਹੈ, ਗੁਰੂ ਪਸ਼ੂਆਂ ਤੋਂ ਪਰੇਤਾਂ ਤੋਂ ਦੇਵਤੇ ਬਣਾ ਦੇਂਦਾ ਹੈ।2। ਜਿਸ ਗੁਰੂ ਦੇ ਗਿਆਨ-ਇੰਦ੍ਰੇ ਜਿਸ ਗੁਰੂ ਦਾ ਹਿਰਦਾ (ਸਦਾ) ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਸ ਗੁਰੂ ਨੂੰ ਚੰਦਨ ਆਖਣਾ ਚਾਹੀਦਾ ਹੈ, ਚੰਦਨ ਦੀ ਸੁਗੰਧੀ (ਨੇੜੇ ਉੱਗੀ) ਬਨਸਪਤੀ ਨੂੰ ਸੁਗੰਧਿਤ ਕਰ ਦੇਂਦੀ ਹੈ (ਗੁਰੂ ਦਾ ਉਪਦੇਸ਼ ਸਰਨ ਆਏ ਬੰਦਿਆਂ ਦੇ ਜੀਵਨ ਸੰਵਾਰ ਦੇਂਦਾ ਹੈ) , ਉਸ ਗੁਰੂ ਦੇ ਚਰਨਾਂ ਵਿਚ ਸੁਰਤਿ ਜੋੜ ਰੱਖਣੀ ਚਾਹੀਦੀ ਹੈ।3। ਗੁਰੂ ਦੀ ਸਰਨ ਪਿਆਂ ਜੀਵਾਂ ਦੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦੇ ਹਨ, ਗੁਰੂ ਦੀ ਰਾਹੀਂ ਉਸ ਪ੍ਰਭੂ ਦੇ ਦਰ ਤੇ ਪਹੁੰਚ ਜਾਈਦਾ ਹੈ ਜੋ ਸਦਾ ਆਨੰਦ-ਸਰੂਪ ਹੈ। ਹੇ ਨਾਨਕ! ਗੁਰੂ ਦੀ ਸਰਨ ਪਿਆਂ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਈਦਾ ਹੈ, ਗੁਰੂ ਦੀ ਰਾਹੀਂ ਉੱਚਾ ਆਤਮਕ ਦਰਜਾ ਮਿਲ ਜਾਂਦਾ ਹੈ ਜੋ ਸਦਾ ਹੀ ਆਪਣਾ ਬਣਿਆ ਰਹਿੰਦਾ ਹੈ (ਅਟੱਲ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ) ।4।6। |
Sri Guru Granth Darpan, by Professor Sahib Singh |