ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1329 ਪ੍ਰਭਾਤੀ ਮਹਲਾ ੧ ॥ ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ ॥ ਆਪਾ ਮਧੇ ਆਪੁ ਪਰਗਾਸਿਆ ਪਾਇਆ ਅੰਮ੍ਰਿਤੁ ਨਾਮੁ ॥੧॥ ਕਰਤਾ ਤੂ ਮੇਰਾ ਜਜਮਾਨੁ ॥ ਇਕ ਦਖਿਣਾ ਹਉ ਤੈ ਪਹਿ ਮਾਗਉ ਦੇਹਿ ਆਪਣਾ ਨਾਮੁ ॥੧॥ ਰਹਾਉ ॥ ਪੰਚ ਤਸਕਰ ਧਾਵਤ ਰਾਖੇ ਚੂਕਾ ਮਨਿ ਅਭਿਮਾਨੁ ॥ ਦਿਸਟਿ ਬਿਕਾਰੀ ਦੁਰਮਤਿ ਭਾਗੀ ਐਸਾ ਬ੍ਰਹਮ ਗਿਆਨੁ ॥੨॥ ਜਤੁ ਸਤੁ ਚਾਵਲ ਦਇਆ ਕਣਕ ਕਰਿ ਪ੍ਰਾਪਤਿ ਪਾਤੀ ਧਾਨੁ ॥ ਦੂਧੁ ਕਰਮੁ ਸੰਤੋਖੁ ਘੀਉ ਕਰਿ ਐਸਾ ਮਾਂਗਉ ਦਾਨੁ ॥੩॥ ਖਿਮਾ ਧੀਰਜੁ ਕਰਿ ਗਊ ਲਵੇਰੀ ਸਹਜੇ ਬਛਰਾ ਖੀਰੁ ਪੀਐ ॥ ਸਿਫਤਿ ਸਰਮ ਕਾ ਕਪੜਾ ਮਾਂਗਉ ਹਰਿ ਗੁਣ ਨਾਨਕ ਰਵਤੁ ਰਹੈ ॥੪॥੭॥ {ਪੰਨਾ 1329} ਪਦ ਅਰਥ: ਪਰਸਾਦੀ = ਕਿਰਪਾ ਨਾਲ, ਪਰਸਾਦਿ। ਮਾਨੁ = ਆਦਰ। ਆਪਾ ਮਧੇ = ਆਪਣੇ ਅੰਦਰ। ਆਪੁ = ਆਪਣਾ ਆਪ। ਪਰਗਾਸਿਆ = ਰੌਸ਼ਨ ਹੋ ਜਾਂਦਾ ਹੈ।1। ਕਰਤਾ = ਹੇ ਕਰਤਾਰ! ਜਜਮਾਨ = ਦਾਤਾ (ਨੋਟ: ਯਜਮਾਨ = ਉਹ ਜੋ ਯੱਗ ਆਦਿਕ ਬ੍ਰਾਹਮਣ ਪਾਸੋਂ ਕਰਾ ਕੇ ਉਸ ਨੂੰ ਧਨ-ਪਦਾਰਥ ਭੇਟਾ ਕਰਦਾ ਹੈ) । ਦਖਿਣਾ = ਦੱਛਣਾ, ਬ੍ਰਾਹਮਣ ਨੂੰ ਮਾਇਆ ਦੀ ਭੇਟਾ, ਦਾਨ। ਤੈ ਪਹਿ = ਤੈਥੋਂ। ਮਾਗਉ = ਮੈਂ ਮੰਗਦਾ ਹਾਂ।1। ਰਹਾਉ। ਪੰਚ = ਪੰਜ। ਤਸਕਰ = ਚੋਰ। ਧਾਵਤ (ਵਿਕਾਰਾਂ ਵਲ) ਦੌੜਦੇ। ਮਨਿ = ਮਨ ਵਿਚ (ਟਿਕਿਆ ਹੋਇਆ) । ਦਿਸਟਿ = ਨਿਗਾਹ, ਨਜ਼ਰ। ਬਿਕਾਰੀ = ਵਿਕਾਰਾਂ ਵਾਲੀ। ਦੁਰਮਤਿ = ਖੋਟੀ ਅਕਲ। ਬ੍ਰਹਮ ਗਿਆਨੁ = ਪਰਮਾਤਮਾ ਨਾਲ ਜਾਣ-ਪਛਾਣ।2। ਜਤੁ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦਾ ਉੱਦਮ। ਸਤੁ = ਉੱਚਾ ਆਚਰਨ। ਪ੍ਰਾਪਤਿ ਪਾਤੀ = ਪ੍ਰਭੂ ਦੀ ਪ੍ਰਾਪਤੀ ਦਾ ਪਾਤ੍ਰ ਬਣਨਾ, ਪਰਮਾਤਮਾ ਨਾਲ ਮਿਲਾਪ ਦੀ ਯੋਗਤਾ। ਧਾਨੁ = ਧਨ।3। ਸਹਜੇ = ਸਹਜਿ, ਅਡੋਲ ਅਵਸਥਾ ਵਿਚ। ਬਛਰਾ = ਵੱਛਾ (ਮਨ) । ਖੀਰੁ = ਦੁੱਧ। ਸਰਮ = ਉੱਦਮ (ਸ਼੍ਰਮ) । ਰਵਤੁ ਰਹੈ– ਸਿਮਰਦਾ ਰਹੇ।4। ਅਰਥ: ਹੇ ਕਰਤਾਰ! ਤੂੰ ਮੇਰਾ ਦਾਤਾ ਹੈਂ। ਮੈਂ ਤੇਰੇ ਪਾਸੋਂ ਇਕ ਦਾਨ ਮੰਗਦਾ ਹਾਂ। ਮੈਨੂੰ ਆਪਣਾ ਨਾਮ ਬਖ਼ਸ਼।1। ਰਹਾਉ। ਜੇਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਦਾ ਨਾਮ ਸਿਮਰਨ ਦੀ) ਵਿੱਦਿਆ ਵਿਚਾਰਦਾ ਹੈ (ਸਿੱਖਦਾ ਹੈ) ਉਹ ਇਸ ਵਿੱਦਿਆ ਨੂੰ ਪੜ੍ਹ ਪੜ੍ਹ ਕੇ (ਜਗਤ ਵਿਚ) ਆਦਰ ਹਾਸਲ ਕਰਦਾ ਹੈ, ਉਸ ਦੇ ਅੰਦਰ ਹੀ ਉਸ ਦਾ ਆਪਣਾ ਆਪ ਚਮਕ ਪੈਂਦਾ ਹੈ (ਉਸ ਦਾ ਆਤਮਕ ਜੀਵਨ ਰੌਸ਼ਨ ਹੋ ਜਾਂਦਾ ਹੈ, ਉਸ ਦੇ ਮਨ ਵਿਚੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ) , ਉਸ ਮਨੁੱਖ ਨੂੰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਮਿਲ ਜਾਂਦਾ ਹੈ।1। (ਸਿਮਰਨ ਦੀ ਰਾਹੀਂ) ਪਰਮਾਤਮਾ ਨਾਲ ਪਾਈ ਹੋਈ ਡੂੰਘੀ ਸਾਂਝ ਐਸੀ (ਬਰਕਤਿ ਵਾਲੀ) ਹੈ ਕਿ (ਵਿਕਾਰਾਂ ਵਲ) ਦੌੜਦੇ ਪੰਜੇ ਗਿਆਨ-ਇੰਦ੍ਰੇ ਰੋਕ ਲਈਦੇ ਹਨ, ਮਨ ਵਿਚ (ਟਿਕਿਆ ਹੋਇਆ) ਅਹੰਕਾਰ ਦੂਰ ਹੋ ਜਾਂਦਾ ਹੈ, ਵਿਕਾਰਾਂ ਵਾਲੀ ਨਿਗਾਹ ਤੇ ਖੋਟੀ ਮਤਿ ਮੁੱਕ ਜਾਂਦੀ ਹੈ।2। (ਬ੍ਰਾਹਮਣ ਆਪਣੇ ਜਜਮਾਨ ਪਾਸੋਂ ਚਾਵਲ, ਕਣਕ, ਧਨ, ਦੁੱਧ, ਘਿਉ ਆਦਿਕ ਸਾਰੇ ਪਦਾਰਥ ਮੰਗਦਾ ਤੇ ਲੈਂਦਾ ਹੈ ਹੇ ਪ੍ਰਭੂ! ਤੂੰ ਮੇਰਾ ਜਜਮਾਨ ਹੈ, ਮੈਂ ਤੇਰੇ ਨਾਮ ਦਾ ਜੱਗ ਰਚਾਇਆ ਹੋਇਆ ਹੈ,) ਮੈਂ ਤੈਥੋਂ ਇਹੋ ਜਿਹਾ ਦਾਨ ਮੰਗਦਾ ਹਾਂ ਕਿ ਮੈਨੂੰ ਚਾਵਲਾਂ ਦੇ ਥਾਂ ਜਤ ਸਤ ਦੇਹ (ਮੈਨੂੰ ਸੱਚਾ ਆਚਰਨ ਦੇਹ ਕਿ ਮੈਂ ਗਿਆਨ-ਇੰਦ੍ਰਿਆਂ ਨੂੰ ਮੰਦੇ ਪਾਸੇ ਵਲੋਂ ਰੋਕ ਸਕਾਂ) , ਕਣਕ ਦੇ ਥਾਂ ਮੇਰੇ ਹਿਰਦੇ ਵਿਚ ਦਇਆ ਪੈਦਾ ਕਰ, ਮੈਨੂੰ ਇਹ ਧਨ ਦੇਹ ਕਿ ਮੈਂ ਤੇਰੇ ਚਰਨਾਂ ਵਿਚ ਜੁੜਨ ਦੀ ਯੋਗਤਾ ਵਾਲਾ ਹੋ ਜਾਵਾਂ। ਮੈਨੂੰ ਸ਼ੁਭ ਕਰਮ (ਕਰਨ ਦੀ ਸਮਰੱਥਾ) ਬਖ਼ਸ਼, ਸੰਤੋਖ ਬਖ਼ਸ਼, ਇਹ ਹਨ ਮੇਰੇ ਵਾਸਤੇ ਦੁੱਧ ਤੇ ਘਿਉ।3। ਹੇ ਨਾਨਕ! (ਆਖ– ਹੇ ਪ੍ਰਭੂ! ਮੇਰੇ ਅੰਦਰ) ਦੂਜਿਆਂ ਦੀ ਵਧੀਕੀ ਸਹਾਰਨ ਦਾ ਸੁਭਾਵ ਤੇ ਜਿਗਰਾ ਪੈਦਾ ਕਰ, ਇਹ ਹੈ ਮੇਰੇ ਲਈ ਲਵੇਰੀ ਗਾਂ, ਤਾਕਿ ਮੇਰਾ ਮਨ-ਵੱਛਾ ਸ਼ਾਂਤ ਅਵਸਥਾ ਵਿਚ ਟਿਕ ਕੇ (ਇਹ ਸ਼ਾਂਤੀ ਦਾ) ਦੁੱਧ ਪੀ ਸਕੇ। ਮੈਂ ਤੈਥੋਂ ਤੇਰੀ ਸਿਫ਼ਤਿ-ਸਾਲਾਹ ਕਰਨ ਦੇ ਉੱਦਮ ਦਾ ਕੱਪੜਾ ਮੰਗਦਾ ਹਾਂ, ਤਾਕਿ ਮੇਰਾ ਮਨ ਸਦਾ ਤੇਰੇ ਗੁਣ ਗਾਂਦਾ ਰਹੇ।4।7। ਪ੍ਰਭਾਤੀ ਮਹਲਾ ੧ ॥ ਆਵਤੁ ਕਿਨੈ ਨ ਰਾਖਿਆ ਜਾਵਤੁ ਕਿਉ ਰਾਖਿਆ ਜਾਇ ॥ ਜਿਸ ਤੇ ਹੋਆ ਸੋਈ ਪਰੁ ਜਾਣੈ ਜਾਂ ਉਸ ਹੀ ਮਾਹਿ ਸਮਾਇ ॥੧॥ ਤੂਹੈ ਹੈ ਵਾਹੁ ਤੇਰੀ ਰਜਾਇ ॥ ਜੋ ਕਿਛੁ ਕਰਹਿ ਸੋਈ ਪਰੁ ਹੋਇਬਾ ਅਵਰੁ ਨ ਕਰਣਾ ਜਾਇ ॥੧॥ ਰਹਾਉ ॥ ਜੈਸੇ ਹਰਹਟ ਕੀ ਮਾਲਾ ਟਿੰਡ ਲਗਤ ਹੈ ਇਕ ਸਖਨੀ ਹੋਰ ਫੇਰ ਭਰੀਅਤ ਹੈ ॥ ਤੈਸੋ ਹੀ ਇਹੁ ਖੇਲੁ ਖਸਮ ਕਾ ਜਿਉ ਉਸ ਕੀ ਵਡਿਆਈ ॥੨॥ ਸੁਰਤੀ ਕੈ ਮਾਰਗਿ ਚਲਿ ਕੈ ਉਲਟੀ ਨਦਰਿ ਪ੍ਰਗਾਸੀ ॥ ਮਨਿ ਵੀਚਾਰਿ ਦੇਖੁ ਬ੍ਰਹਮ ਗਿਆਨੀ ਕਉਨੁ ਗਿਰਹੀ ਕਉਨੁ ਉਦਾਸੀ ॥੩॥ ਜਿਸ ਕੀ ਆਸਾ ਤਿਸ ਹੀ ਸਉਪਿ ਕੈ ਏਹੁ ਰਹਿਆ ਨਿਰਬਾਣੁ ॥ ਜਿਸ ਤੇ ਹੋਆ ਸੋਈ ਕਰਿ ਮਾਨਿਆ ਨਾਨਕ ਗਿਰਹੀ ਉਦਾਸੀ ਸੋ ਪਰਵਾਣੁ ॥੪॥੮॥ {ਪੰਨਾ 1329} ਪਦ ਅਰਥ: ਆਵਤੁ = (ਸੰਸਾਰ ਵਿਚ) ਆਉਂਦਾ, ਜੰਮਦਾ। ਨ ਰਾਖਿਆ = ਨਹੀਂ ਰੋਕਿਆ। ਜਾਵਤੁ = ਜਗਤ ਤੋਂ ਜਾਂਦਾ, ਮਰਦਾ। ਜਿਸ ਤੇ = ਜਿਸ ਪਰਮਾਤਮਾ ਤੋਂ। ਹੋਆ = ਪੈਦਾ ਹੋਇਆ ਹੈ। ਸੋਈ = ਉਹੀ, ਉਹੀ ਪਰਮਾਤਮਾ। ਪਰੁਜਾਣੈ = ਚੰਗੀ ਤਰ੍ਹਾਂ ਜਾਣਦਾ ਹੈ। ਮਾਹਿ = ਵਿਚ।1। ਵਾਹੁ = ਅਚਰਜ। ਪਰੁ ਹੋਇਬਾ = ਜ਼ਰੂਰ ਹੋਵੇਗਾ।1। ਰਹਾਉ। ਹਰਹਟ = ਹਰਟ। ਮਾਲਾ = ਮਹਲ। ਫੇਰਿ = ਮੁੜ। ਖੇਲੁ = ਜਗਤ-ਰਚਨਾ ਦਾ ਤਮਾਸ਼ਾ।2। ਮਾਰਗਿ = ਰਸਤੇ ਤੇ। ਸੁਰਤੀ ਕੈ ਮਾਰਿਗ = ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜਨ ਦੇ ਰਸਤੇ ਤੇ। ਉਲਟੀ = (ਮਾਇਆ ਦੇ ਮੋਹ ਵਲੋਂ) ਪਰਤਾਈ। ਮਨਿ = ਮਨ ਵਿਚ। ਵੀਚਾਰਿ = ਵਿਚਾਰ ਕੇ। ਬ੍ਰਹਮ ਗਿਆਨੀ = ਹੇ ਬ੍ਰਹਮ-ਗਿਆਨੀ! ਹੇ ਪਰਮਾਤਮਾ ਨਾਲ ਸਾਂਝ ਪਾਣ ਦਾ ਜਤਨ ਕਰਨ ਵਾਲੇ! ਗਿਰਹੀ = ਗ੍ਰਿਹਸਤੀ।3। ਨਿਰਬਾਣੁ = ਵਾਸਨਾ-ਰਹਿਤ। ਸੋਈ = ਉਸੇ ਪ੍ਰਭੂ ਨੂੰ। ਕਰਿ = ਕਰ ਕੇ, (ਰਜ਼ਾ ਦਾ ਮਾਲਕ) ਜਾਣ ਕੇ। ਮਾਨਿਆ = ਮੰਨਿਆ, ਆਪਣਾ ਮਨ ਜੋੜਿਆ। ਪਰਵਾਣੁ = ਕਬੂਲ।4। ਅਰਥ: ਹੇ ਪ੍ਰਭੂ! (ਇਸ ਜਗਤ ਦਾ ਰਚਨਹਾਰ) ਤੂੰ ਆਪ ਹੀ ਹੈਂ (ਤੂੰ ਆਪ ਹੀ ਇਸ ਨੂੰ ਆਪਣੀ ਰਜ਼ਾ ਅਨੁਸਾਰ ਪੈਦਾ ਕੀਤਾ ਹੈ) ਤੇਰੀ ਰਜ਼ਾ ਭੀ ਅਚਰਜ ਹੈ (ਭਾਵ, ਜੀਵਾਂ ਦੀ ਸਮਝ ਤੋਂ ਪਰੇ ਹੈ) । ਹੇ ਪ੍ਰਭੂ! ਜੋ ਕੁਝ ਤੂੰ ਕਰਦਾ ਹੈਂ, ਜ਼ਰੂਰ ਉਹੀ ਕੁਝ ਵਾਪਰਦਾ ਹੈ, ਤੇਰੀ ਰਜ਼ਾ ਦੇ ਉਲਟ (ਕਿਸੇ ਜੀਵ ਪਾਸੋਂ) ਕੁਝ ਨਹੀਂ ਕੀਤਾ ਜਾ ਸਕਦਾ (ਜੀਵ ਦਾ ਇਹ ਅੰਞਾਣਪੁਣਾ ਹੈ ਕਿ ਤੇਰੇ ਰਚੇ ਜਗਤ ਤੋਂ ਨਫ਼ਰਤ ਕਰੇ, ਤੇ ਗ੍ਰਿਹਸਤ ਛੱਡ ਕੇ ਫ਼ਕੀਰ ਜਾ ਬਣੇ) ।1। ਰਹਾਉ। ਪ੍ਰਭੂ ਦੀ ਰਜ਼ਾ ਅਨੁਸਾਰ ਜੇਹੜਾ ਜੀਵ ਜਗਤ ਵਿਚ ਜੰਮਦਾ ਹੈ ਉਸ ਨੂੰ ਜੰਮਣੋਂ ਕੋਈ ਰੋਕ ਨਹੀਂ ਸਕਦਾ, ਜੇਹੜਾ (ਮਰ ਕੇ ਇਥੋਂ) ਜਾਣ ਲਗਦਾ ਹੈ ਉਸ ਨੂੰ ਕੋਈ ਇਥੇ ਰੋਕ ਕੇ ਨਹੀਂ ਰੱਖ ਸਕਦਾ। ਜਿਸ ਪਰਮਾਤਮਾ ਤੋਂ ਜਗਤ ਪੈਦਾ ਹੁੰਦਾ ਹੈ, ਉਸੇ ਵਿਚ ਹੀ ਇਹ ਲੀਨ ਹੋ ਜਾਂਦਾ ਹੈ (ਇਸ ਜਗਤ-ਰਚਨਾ ਦੇ ਭੇਤ ਨੂੰ) ਉਹ ਪਰਮਾਤਮਾ ਹੀ ਠੀਕ ਤਰ੍ਹਾਂ ਜਾਣਦਾ ਹੈ (ਜੀਵ ਨੂੰ ਇਹ ਗੱਲ ਨਹੀਂ ਸੋਭਦੀ ਕਿ ਜਗਤ ਨੂੰ ਮਾੜਾ ਆਖ ਕੇ ਇਸ ਤੋਂ ਨਫ਼ਰਤ ਕਰ ਕੇ ਪਰੇ ਹਟੇ) ।1। ਜਿਵੇਂ ਵਗਦੇ ਖੂਹ ਦੀ ਮਾਹਲ ਨਾਲ ਟਿੰਡਾਂ ਬੱਧੀਆਂ ਹੁੰਦੀਆਂ ਹਨ (ਜਿਉਂ ਜਿਉਂ ਖੂਹ ਚੱਲਦਾ ਹੈ, ਤਿਉਂ ਤਿਉਂ) ਕੁਝ ਟਿੰਡਾਂ ਖ਼ਾਲੀ ਹੁੰਦੀਆਂ ਜਾਂਦੀਆਂ ਹਨ ਤੇ ਕੁਝ (ਟਿੰਡਾਂ ਖੂਹ ਦੇ ਪਾਣੀ ਨਾਲ) ਮੁੜ ਭਰਦੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਦਾ ਹੀ ਜਗਤ-ਰਚਨਾ ਦਾ ਇਹ ਤਮਾਸ਼ਾ ਹੈ ਜੋ ਖਸਮ-ਪ੍ਰਭੂ ਨੇ ਰਚਿਆ ਹੋਇਆ ਹੈ (ਕੁਝ ਇਥੋਂ ਕੂਚ ਕਰ ਕੇ ਥਾਂ ਖ਼ਾਲੀ ਕਰ ਜਾਂਦੇ ਹਨ, ਤੇ ਕੁਝ ਸਰੀਰ ਧਾਰ ਕੇ ਥਾਂ ਆ ਮੱਲਦੇ ਹਨ) । ਜਿਵੇਂ ਪਰਮਾਤਮਾ ਦੀ ਰਜ਼ਾ ਹੈ ਤਿਵੇਂ ਇਹ ਤਮਾਸ਼ਾ ਹੋ ਰਿਹਾ ਹੈ (ਇਸ ਤੋਂ ਨੱਕ ਵੱਟਣਾ ਫਬਦਾ ਨਹੀਂ) ।2। (ਪਰ ਹਾਂ) ਉਸ ਮਨੁੱਖ ਦੀ ਨਿਗਾਹ ਵਿਚ ਚਾਨਣ ਹੋਇਆ ਹੈ (ਭਾਵ, ਉਸ ਮਨੁੱਖ ਨੂੰ ਜੀਵਨ-ਜੁਗਤਿ ਦੀ ਸਹੀ ਸਮਝ ਪਈ ਹੈ) ਜਿਸ ਨੇ (ਜਗਤ ਦੇ ਰਚਨਹਾਰ) ਕਰਤਾਰ ਦੇ ਚਰਨਾਂ ਵਿਚ ਸੁਰਤਿ ਜੋੜਨ ਦੇ ਰਸਤੇ ਤੇ ਤੁਰ ਕੇ ਆਪਣੀ ਸੁਰਤਿ ਮਾਇਆ ਦੇ ਮੋਹ ਵਲੋਂ ਹਟਾਈ ਹੈ। ਹੇ ਪਰਮਾਤਮਾ ਨਾਲ ਸਾਂਝ ਪਾਣ ਦਾ ਜਤਨ ਕਰਨ ਵਾਲੇ! ਆਪਣੇ ਮਨ ਵਿਚ ਸੋਚ ਕੇ (ਅੱਖਾਂ ਖੋਲ੍ਹ ਕੇ) ਵੇਖ (ਜੇ ਸੁਰਤਿ ਟਿਕਾਣੇ ਤੇ ਨਹੀਂ ਹੈ; ਤਾਂ) ਨਾਹ ਹੀ ਗ੍ਰਿਹਸਤੀ ਜੀਵਨ-ਸਫ਼ਰ ਵਿਚ ਠੀਕ ਰਾਹੇ ਤੁਰ ਰਿਹਾ ਹੈ ਤੇ ਨਾਹ ਹੀ (ਉਹ ਮਨੁੱਖ ਜੋ ਆਪਣੇ ਆਪ ਨੂੰ) ਵਿਰਕਤ (ਸਮਝਦਾ ਹੈ) ।3। ਹੇ ਨਾਨਕ! ਜਿਸ ਪਰਮਾਤਮਾ ਨੇ ਦੁਨੀਆ ਵਾਲੀ ਮੋਹ ਮਾਇਆ ਦੀ ਆਸਾ ਮਨੁੱਖ ਨੂੰ ਚੰਬੋੜ ਦਿੱਤੀ ਹੈ, ਜੋ ਮਨੁੱਖ ਉਸੇ ਪਰਮਾਤਮਾ ਦੇ (ਇਹ ਆਸਾ ਤ੍ਰਿਸ਼ਨਾ) ਹਵਾਲੇ ਕਰਦਾ ਹੈ, ਤੇ ਵਾਸਨਾ-ਰਹਿਤ ਹੋ ਕੇ ਜੀਵਨ ਗੁਜ਼ਾਰਦਾ ਹੈ, ਤੇ ਇਸ ਪਰਮਾਤਮਾ ਦੀ ਰਜ਼ਾ ਵਿਚ ਇਹ ਜਗਤ-ਰਚਨਾ ਹੋਈ ਹੈ ਉਸ ਨੂੰ ਰਜ਼ਾ ਦਾ ਮਾਲਕ ਜਾਣ ਕੇ ਉਸ ਵਿਚ ਆਪਣਾ ਮਨ ਜੋੜਦਾ ਹੈ, ਉਹ ਚਾਹੇ ਗ੍ਰਿਹਸਤੀ ਹੈ ਚਾਹੇ ਵਿਰਕਤ, ਉਹ ਪਰਮਾਤਮਾ ਦੀ ਦਰਗਾਹ ਵਿਚ ਕਬੂਲ ਹੈ।4।8। ਪ੍ਰਭਾਤੀ ਮਹਲਾ ੧ ॥ ਦਿਸਟਿ ਬਿਕਾਰੀ ਬੰਧਨਿ ਬਾਂਧੈ ਹਉ ਤਿਸ ਕੈ ਬਲਿ ਜਾਈ ॥ ਪਾਪ ਪੁੰਨ ਕੀ ਸਾਰ ਨ ਜਾਣੈ ਭੂਲਾ ਫਿਰੈ ਅਜਾਈ ॥੧॥ ਬੋਲਹੁ ਸਚੁ ਨਾਮੁ ਕਰਤਾਰ ॥ ਫੁਨਿ ਬਹੁੜਿ ਨ ਆਵਣ ਵਾਰ ॥੧॥ ਰਹਾਉ ॥ ਊਚਾ ਤੇ ਫੁਨਿ ਨੀਚੁ ਕਰਤੁ ਹੈ ਨੀਚ ਕਰੈ ਸੁਲਤਾਨੁ ॥ ਜਿਨੀ ਜਾਣੁ ਸੁਜਾਣਿਆ ਜਗਿ ਤੇ ਪੂਰੇ ਪਰਵਾਣੁ ॥੨॥ ਤਾ ਕਉ ਸਮਝਾਵਣ ਜਾਈਐ ਜੇ ਕੋ ਭੂਲਾ ਹੋਈ ॥ ਆਪੇ ਖੇਲ ਕਰੇ ਸਭ ਕਰਤਾ ਐਸਾ ਬੂਝੈ ਕੋਈ ॥੩॥ ਨਾਉ ਪ੍ਰਭਾਤੈ ਸਬਦਿ ਧਿਆਈਐ ਛੋਡਹੁ ਦੁਨੀ ਪਰੀਤਾ ॥ ਪ੍ਰਣਵਤਿ ਨਾਨਕ ਦਾਸਨਿ ਦਾਸਾ ਜਗਿ ਹਾਰਿਆ ਤਿਨਿ ਜੀਤਾ ॥੪॥੯॥ {ਪੰਨਾ 1329} ਪਦ ਅਰਥ: ਦਿਸਟਿ = ਦ੍ਰਿਸ਼ਟੀ, ਨਿਗਾਹ, ਨਜ਼ਰ, ਸੁਰਤਿ। ਬਿਕਾਰੀ = ਵਿਕਾਰਾਂ ਵਲ। ਬੰਧਨਿ = ਬੰਧਨ ਨਾਲ, ਜਕੜ ਨਾਲ, ਰੱਸੀ ਨਾਲ। ਹਉ = ਮੈਂ। ਤਿਸ ਕੈ = ਉਸ ਬੰਦੇ ਤੋਂ। ਬਲਿ ਜਾਇ = ਮੈਂ ਕੁਰਬਾਨ ਜਾਂਦਾ ਹਾਂ। ਸਾਰ = ਅਸਲੀਅਤ। ਅਜਾਈ = ਵਿਅਰਥ।1। ਸਚੁ = ਸਦਾ ਕਾਇਮ ਰਹਿਣ ਵਾਲਾ। ਫੁਨਿ = ਮੁੜ। ਬਹੁੜਿ = ਮੁੜ। ਆਵਣ ਵਾਰ = ਆਉਣ ਦੀ ਵਾਰੀ, ਜਨਮ ਲੈਣ ਦੀ ਵਾਰੀ।1। ਰਹਾਉ। ਸੁਲਤਾਨੁ = ਬਾਦਸ਼ਾਹ। ਜਾਣੁ = ਜਾਣਨਹਾਰ ਪ੍ਰਭੂ ਨੂੰ। ਜਗਿ = ਜਗਤ ਵਿਚ।2। ਤਾ ਕਉ = ਉਸ ਬੰਦੇ ਨੂੰ। ਕੋ = ਕੋਈ। ਕਰਤਾ = ਕਰਤਾਰ।3। ਸਬਦਿ = ਗੁਰੂ ਦੇ ਸ਼ਬਦ ਵਿਚ (ਜੁੜ ਕੇ) । ਦੁਨੀ ਪਰੀਤਾ = ਦੁਨੀਆ ਦੀ ਪ੍ਰੀਤ, ਮਾਇਆ ਦਾ ਮੋਹ। ਤਿਨਿ = ਉਸ ਮਨੁੱਖ ਨੇ।4। ਅਰਥ: (ਹੇ ਭਾਈ!) ਕਰਤਾਰ ਦਾ ਸਦਾ ਕਾਇਮ ਰਹਿਣ ਵਾਲਾ ਨਾਮ (ਸਦਾ) ਸਿਮਰੋ। (ਨਾਮ ਸਿਮਰਨ ਦੀ ਬਰਕਤਿ ਨਾਲ ਜਗਤ ਵਿਚ) ਮੁੜ ਮੁੜ ਜਨਮ ਲੈਣ ਦੀ ਵਾਰੀ ਨਹੀਂ ਆਵੇਗੀ।1। ਰਹਾਉ। ਮੈਂ ਉਸ ਬੰਦੇ ਤੋਂ ਕੁਰਬਾਨ ਜਾਂਦਾ ਹਾਂ ਜੇਹੜਾ (ਆਪਣੀ) ਵਿਕਾਰਾਂ ਵਲ ਜਾਂਦੀ ਸੁਰਤਿ ਨੂੰ (ਹਰਿ-ਨਾਮ ਸਿਮਰਨ ਦੀ) ਡੋਰੀ ਲਾਲ ਬੰਨ੍ਹ੍ਹ ਰੱਖਦਾ ਹੈ। (ਪਰ ਜੇਹੜਾ ਮਨੁੱਖ ਸਿਮਰਨ ਤੋਂ ਖੁੰਝ ਕੇ) ਭਲੇ ਬੁਰੇ ਕੰਮ ਦੇ ਭੇਤ ਨੂੰ ਨਹੀਂ ਸਮਝਦਾ, ਉਹ (ਜੀਵਨ ਦੇ ਸਹੀ ਰਸਤੇ ਤੋਂ) ਖੁੰਝਿਆ ਫਿਰਦਾ ਹੈ ਤੇ (ਜੀਵਨ) ਵਿਅਰਥ ਗਵਾਂਦਾ ਹੈ।1। (ਹੇ ਭਾਈ! ਉਸ ਕਰਤਾਰ ਦਾ ਨਾਮ ਸਦਾ ਸਿਮਰੋ) ਜੋ ਉੱਚਿਆਂ ਤੋਂ ਨੀਵੇਂ ਕਰ ਦੇਂਦਾ ਹੈ ਤੇ ਨੀਵਿਆਂ (ਗਰੀਬਾਂ) ਨੂੰ ਬਾਦਸ਼ਾਹ ਬਣਾ ਦੇਂਦਾ ਹੈ। ਜਿਨ੍ਹਾਂ ਬੰਦਿਆਂ ਨੇ ਉਸ (ਘਟ ਘਟ ਦੀ) ਜਾਣਨ ਵਾਲੇ ਪਰਮਾਤਮਾ ਨੂੰ ਚੰਗੀ ਤਰ੍ਹਾਂ ਜਾਣ ਲਿਆ ਹੈ (ਭਾਵ, ਉਸ ਨਾਲ ਡੂੰਘੀ ਸਾਂਝ ਪਾ ਲਈ ਹੈ) ਜਗਤ ਵਿਚ ਆਏ ਉਹੀ ਬੰਦੇ ਸਫਲ ਹਨ ਤੇ ਕਬੂਲ ਹਨ।2। (ਪਰ ਜੀਵਾਂ ਦੇ ਕੀਹ ਵੱਸ?) ਉਸੇ ਜੀਵ ਨੂੰ ਮਤਿ ਦੇਣ ਦਾ ਜਤਨ ਕੀਤਾ ਜਾ ਸਕਦਾ ਹੈ ਜੇਹੜਾ (ਆਪ) ਕੁਰਾਹੇ ਪਿਆ ਹੋਵੇ, (ਇਥੇ ਤਾਂ ਰਾਹੇ ਪੈਣ ਜਾਂ ਕੁਰਾਹੇ ਪੈਣ ਵਾਲਾ) ਸਾਰਾ ਹੀ ਤਮਾਸ਼ਾ ਕਰਤਾਰ ਆਪ ਹੀ ਕਰ ਰਿਹਾ ਹੈ– ਇਹ ਭੇਤ ਭੀ ਕੋਈ ਵਿਰਲਾ ਬੰਦਾ ਹੀ ਸਮਝਦਾ ਹੈ। (ਤੇ ਉਹ ਰਜ਼ਾ ਦੇ ਮਾਲਕ ਕਰਤਾਰ ਦਾ ਨਾਮ ਸਿਮਰਦਾ ਹੈ) ।3। (ਹੇ ਭਾਈ!) ਅੰਮ੍ਰਿਤ ਵੇਲੇ ਹੀ (ਉੱਠ ਕੇ) ਗੁਰੂ ਦੇ ਸ਼ਬਦ ਵਿਚ ਜੁੜ ਕੇ ਕਰਤਾਰ ਦਾ ਨਾਮ ਸਿਮਰਨਾ ਚਾਹੀਦਾ ਹੈ, (ਹੇ ਭਾਈ!) ਮਾਇਆ ਦਾ ਮੋਹ ਤਿਆਗੋ (ਇਹ ਮੋਹ ਹੀ ਕਰਤਾਰ ਦੀ ਯਾਦ ਭੁਲਾਂਦਾ ਹੈ) । ਕਰਤਾਰ ਦੇ ਸੇਵਕਾਂ ਦਾ ਸੇਵਕ ਨਾਨਕ ਬੇਨਤੀ ਕਰਦਾ ਹੈ ਕਿ ਜੇਹੜਾ ਬੰਦਾ (ਮਾਇਆ ਦਾ ਮੋਹ ਤਿਆਗ ਕੇ) ਜਗਤ ਵਿਚ ਨਿਮ੍ਰਤਾ ਨਾਲ ਜ਼ਿੰਦਗੀ ਗੁਜ਼ਾਰਦਾ ਹੈ, ਉਸੇ ਨੇ ਹੀ (ਜੀਵਨ ਦੀ ਬਾਜ਼ੀ) ਜਿੱਤੀ ਹੈ।4।9। |
Sri Guru Granth Darpan, by Professor Sahib Singh |