ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1332

ਪ੍ਰਭਾਤੀ ਮਹਲਾ ੧ ॥ ਬਾਰਹ ਮਹਿ ਰਾਵਲ ਖਪਿ ਜਾਵਹਿ ਚਹੁ ਛਿਅ ਮਹਿ ਸੰਨਿਆਸੀ ॥ ਜੋਗੀ ਕਾਪੜੀਆ ਸਿਰਖੂਥੇ ਬਿਨੁ ਸਬਦੈ ਗਲਿ ਫਾਸੀ ॥੧॥ ਸਬਦਿ ਰਤੇ ਪੂਰੇ ਬੈਰਾਗੀ ॥ ਅਉਹਠਿ ਹਸਤ ਮਹਿ ਭੀਖਿਆ ਜਾਚੀ ਏਕ ਭਾਇ ਲਿਵ ਲਾਗੀ ॥੧॥ ਰਹਾਉ ॥ ਬ੍ਰਹਮਣ ਵਾਦੁ ਪੜਹਿ ਕਰਿ ਕਿਰਿਆ ਕਰਣੀ ਕਰਮ ਕਰਾਏ ॥ ਬਿਨੁ ਬੂਝੇ ਕਿਛੁ ਸੂਝੈ ਨਾਹੀ ਮਨਮੁਖੁ ਵਿਛੁੜਿ ਦੁਖੁ ਪਾਏ ॥੨॥ ਸਬਦਿ ਮਿਲੇ ਸੇ ਸੂਚਾਚਾਰੀ ਸਾਚੀ ਦਰਗਹ ਮਾਨੇ ॥ ਅਨਦਿਨੁ ਨਾਮਿ ਰਤਨਿ ਲਿਵ ਲਾਗੇ ਜੁਗਿ ਜੁਗਿ ਸਾਚਿ ਸਮਾਨੇ ॥੩॥ ਸਗਲੇ ਕਰਮ ਧਰਮ ਸੁਚਿ ਸੰਜਮ ਜਪ ਤਪ ਤੀਰਥ ਸਬਦਿ ਵਸੇ ॥ ਨਾਨਕ ਸਤਿਗੁਰ ਮਿਲੈ ਮਿਲਾਇਆ ਦੂਖ ਪਰਾਛਤ ਕਾਲ ਨਸੇ ॥੪॥੧੬॥ {ਪੰਨਾ 1332}

ਪਦ ਅਰਥ: ਬਾਰਹ = ਜੋਗੀਆਂ ਦੇ ਬਾਰਾਂ ਪੰਥ (ਹੇਤੁ, ਪਾਵ, ਆਈ, ਗਮਯ, ਪਾਗਲ, ਗੋਪਾਲ, ਕੰਥੜੀ, ਬਨ, ਧ੍ਵਜ, ਚੋਲੀ, ਰਾਵਲ ਅਤੇ ਦਾਸ) । ਰਾਵਲ = ਜੋਗੀ ਜੋ ਅਲੱਖ ਅਲੱਖ ਦੀ ਧੁਨਿ ਕਰ ਕੇ ਭਿੱਛਿਆ ਮੰਗਦੇ ਹਨ। ਜੋਗੀਆਂ ਦਾ ਇਕ ਖਾਸ ਫ਼ਿਰਕਾ ਜਿਸ ਵਿਚ ਮੁਸਲਮਾਨ ਅਤੇ ਹਿੰਦੂ ਦੋਵੇਂ ਹੁੰਦੇ ਹਨ। ਚਹੁ ਛਿਅ ਮਹਿ = ਦਸ (ਫ਼ਿਰਕਿਆਂ) ਵਿਚ (ਸੰਨਿਆਸੀਆਂ ਦੇ ਦਸ ਫ਼ਿਰਕੇ: ਤੀਰਥ, ਆਸ਼੍ਰਮ, ਵਨ, ਅਰਣਯ, ਗਿਰਿ, ਪਰਵਤ, ਸਾਗਰ, ਸਰਸ੍ਵਤੀ, ਭਾਰਤੀ ਅਤੇ ਪੁਰੀ) । ਕਾਪੜੀਆ = ਟਾਕੀਆਂ ਦੀ ਗੋਦੜੀ ਜਾਂ ਚੋਲਾ ਪਹਿਨਣ ਵਾਲਾ। ਸਿਰਖੂਥਾ = ਜੈਨ ਮਤ ਦਾ ਇਕ ਫ਼ਿਰਕਾ ਜੋ ਸਿਰ ਦੇ ਵਾਲ ਜੜ੍ਹਾਂ ਤੋਂ ਪੁੱਟ ਦੇਂਦਾ ਹੈ, ਢੂੰਢੀਆ। ਗਲਿ = ਗਲ ਵਿਚ।1।

ਸਬਦਿ = ਗੁਰੂ ਦੇ ਸ਼ਬਦ ਵਿਚ। ਬੈਰਾਗੀ = ਵਿਰਕਤ। ਅਉਹਠ = (AvG´) ਹਿਰਦਾ। ਅਉਹਠਿ ਹਸਤ = (AvG´ÔQ) ਹਿਰਦੇ ਵਿਚ ਟਿਕਿਆ ਹੋਇਆ। ਭੀਖਿਆ = ਭਿੱਛਿਆ, ਦਾਨ। ਜਾਚੀ = ਮੰਗੀ। ਏਕ ਭਾਇ = ਇੱਕ (ਪਰਮਾਤਮਾ) ਦੇ ਪਿਆਰ ਵਿਚ।1। ਰਹਾਉ।

ਵਾਦੁ = ਝਗੜਾ, ਚਰਚਾ, ਬਹਿਸ। ਕਰਿ = ਕਰ ਕੇ। ਕਿਰਿਆ ਕਰਮ = ਕਰਮ ਕਾਂਡ। ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਵਿਛੁੜਿ = ਪ੍ਰਭੂ ਤੋਂ ਵਿੱਛੁੜ ਕੇ।2।

ਸੂਚਾ ਚਾਰੀ = ਪਵਿਤ੍ਰ ਆਚਰਨ ਵਾਲੇ। ਨਾਮਿ ਰਤਨਿ = ਨਾਮ-ਰਤਨ ਵਿਚ, ਸ੍ਰੇਸ਼ਟ ਨਾਮ ਵਿਚ। ਜੁਗ ਜੁਗ = ਹਰੇਕ ਜੁਗ ਵਿਚ, ਸਦਾ ਹੀ।3।

ਸੁਚਿ = ਪਵਿਤ੍ਰਤਾ। ਸੰਜਮ = ਇੰਦ੍ਰਿਆਂ ਨੂੰ ਵੱਸ ਵਿਚ ਰੱਖਣ ਦੇ ਉੱਦਮ। ਸਤਿਗੁਰ ਮਿਲੈ = (ਜੇਹੜਾ ਮਨੁੱਖ) ਗੁਰੂ ਨੂੰ ਮਿਲ ਪੈਂਦਾ ਹੈ। ਪਰਾਛਤ = ਪਾਪ। ਕਾਲ = ਮੌਤ ਦਾ ਡਰ।4।

ਅਰਥ: ਜੇਹੜੇ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਰੰਗੇ ਰਹਿੰਦੇ ਹਨ, ਉਹ (ਮਾਇਆ ਦੇ ਮੋਹ ਤੋਂ) ਪੂਰੇ ਤੌਰ ਤੇ ਉਪਰਾਮ ਰਹਿੰਦੇ ਹਨ। ਉਹਨਾਂ ਨੇ ਆਪਣੇ ਹਿਰਦੇ ਵਿਚ ਟਿਕੇ ਪਰਮਾਤਮਾ (ਦੇ ਚਰਨਾਂ) ਵਿਚ (ਜੁੜ ਕੇ ਸਦਾ ਉਸ ਦੇ ਨਾਮ ਦੀ) ਭਿੱਛਿਆ ਮੰਗੀ ਹੈ, ਉਹਨਾਂ ਦੀ ਸੁਰਤਿ ਸਿਰਫ਼ ਪਰਮਾਤਮਾ ਦੇ ਪਿਆਰ ਵਿਚ ਟਿਕੀ ਰਹਿੰਦੀ ਹੈ।1।

ਪਰਮਾਤਮਾ ਦੀ ਸਿਫ਼ਤਿ-ਸਾਲਾਹ ਤੋਂ ਖੁੰਝ ਕੇ ਬਾਰਾਂ ਹੀ ਫ਼ਿਰਕਿਆਂ ਵਿਚ ਦੇ ਜੋਗੀ ਅਤੇ ਦਸਾਂ ਹੀ ਫ਼ਿਰਕਿਆਂ ਵਿਚ ਦੇ ਸੰਨਿਆਸੀ ਖਪਦੇ ਫਿਰਦੇ ਹਨ। ਟਾਕੀਆਂ ਦੀ ਗੋਦੜੀ ਪਹਿਨਣ ਵਾਲੇ ਜੋਗੀ ਅਤੇ ਸਿਰ ਦੇ ਵਾਲਾਂ ਨੂੰ ਜੜ੍ਹਾਂ ਤੋਂ ਹੀ ਪੁਟਾਣ ਵਾਲੇ ਢੂੰਢੀਏ ਜੈਨੀ ਭੀ (ਖ਼ੁਆਰ ਹੀ ਹੁੰਦੇ ਰਹਿੰਦੇ ਹਨ) । ਗੁਰੂ ਦੇ ਸ਼ਬਦ ਤੋਂ ਬਿਨਾ ਇਹਨਾਂ ਸਭਨਾਂ ਦੇ ਗਲ ਵਿਚ (ਮਾਇਆ ਦੇ ਮੋਹ ਦੀ) ਫਾਹੀ ਪਈ ਰਹਿੰਦੀ ਹੈ।1।

ਬ੍ਰਾਹਮਣ ਉੱਚੇ ਆਚਰਨ (ਤੇ ਜ਼ੋਰ ਦੇਣ ਦੇ ਥਾਂ) ਕਰਮ ਕਾਂਡ ਕਰਾਂਦਾ ਹੈ, ਇਹ ਕਰਮ ਕਾਂਡ ਕਰ ਕੇ (ਇਸੇ ਦੇ ਆਧਾਰ ਤੇ ਸ਼ਾਸਤ੍ਰਾਂ ਵਿਚੋਂ) ਚਰਚਾ ਪੜ੍ਹਦੇ ਹਨ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਪਰਮਾਤਮਾ ਦੀ ਯਾਦ ਤੋਂ ਖੁੰਝ ਕੇ ਆਤਮਕ ਦੁੱਖ ਸਹਾਰਦਾ ਹੈ, ਕਿਉਂਕਿ (ਗੁਰੂ ਦੇ ਸ਼ਬਦ ਨੂੰ) ਨਾਹ ਸਮਝਣ ਦੇ ਕਾਰਨ ਇਸ ਨੂੰ ਜੀਵਨ ਦਾ ਸਹੀ ਰਸਤਾ ਸੁੱਝਦਾ ਨਹੀਂ ਹੈ।2।

ਪਵਿਤ੍ਰ ਕਰਤੱਬ ਵਾਲੇ ਸਿਰਫ਼ ਉਹ ਬੰਦੇ ਹਨ ਜੋ (ਮਨੋਂ) ਗੁਰੂ ਦੇ ਸ਼ਬਦ ਵਿਚ ਜੁੜੇ ਹੋਏ ਹਨ, ਪਰਮਾਤਮਾ ਦੀ ਸਦਾ ਕਾਇਮ ਰਹਿਣ ਵਾਲੀ ਦਰਗਾਹ ਵਿਚ ਉਹਨਾਂ ਨੂੰ ਆਦਰ ਮਿਲਦਾ ਹੈ। ਉਹਨਾਂ ਦੀ ਲਿਵ ਹਰ ਰੋਜ਼ ਪ੍ਰਭੂ ਦੇ ਸ੍ਰੇਸ਼ਟ ਨਾਮ ਵਿਚ ਲਗੀ ਰਹਿੰਦੀ ਹੈ, ਉਹ ਸਦਾ ਹੀ ਸਦਾ-ਥਿਰ (ਦੀ ਯਾਦ) ਵਿਚ ਲੀਨ ਰਹਿੰਦੇ ਹਨ।3।

(ਮੁੱਕਦੀ ਗੱਲ,) ਕਰਮ ਕਾਂਡ ਦੇ ਸਾਰੇ ਧਰਮ, (ਬਾਹਰਲੀ) ਸੁੱਚ, (ਬਾਹਰਲੇ) ਸੰਜਮ, ਜਪ ਤਪ ਤੇ ਤੀਰਥ-ਇਸ਼ਨਾਨ = ਇਹ ਸਾਰੇ ਹੀ ਗੁਰੂ ਦੇ ਸ਼ਬਦ ਵਿਚ ਵੱਸਦੇ ਹਨ (ਭਾਵ, ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਜੁੜਨ ਵਾਲੇ ਨੂੰ ਇਹਨਾਂ ਕਰਮਾਂ ਧਰਮਾਂ ਦੀ ਲੋੜ ਨਹੀਂ ਰਹਿ ਜਾਂਦੀ) ।

ਹੇ ਨਾਨਕ! ਜੇਹੜਾ ਮਨੁੱਖ ਪ੍ਰਭੂ ਦੀ ਮੇਹਰ ਨਾਲ ਗੁਰੂ ਨੂੰ ਮਿਲ ਪੈਂਦਾ ਹੈ। (ਗੁਰੂ ਦੀ ਸਰਨ ਆ ਜਾਂਦਾ ਹੈ) ਉਸ ਦੇ ਸਾਰੇ ਦੁੱਖ-ਕਲੇਸ਼, ਪਾਪ ਤੇ ਮੌਤ ਆਦਿਕ ਦੇ ਡਰ ਦੂਰ ਹੋ ਜਾਂਦੇ ਹਨ।4। 16।

ਪ੍ਰਭਾਤੀ ਮਹਲਾ ੧ ॥ ਸੰਤਾ ਕੀ ਰੇਣੁ ਸਾਧ ਜਨ ਸੰਗਤਿ ਹਰਿ ਕੀਰਤਿ ਤਰੁ ਤਾਰੀ ॥ ਕਹਾ ਕਰੈ ਬਪੁਰਾ ਜਮੁ ਡਰਪੈ ਗੁਰਮੁਖਿ ਰਿਦੈ ਮੁਰਾਰੀ ॥੧॥ ਜਲਿ ਜਾਉ ਜੀਵਨੁ ਨਾਮ ਬਿਨਾ ॥ ਹਰਿ ਜਪਿ ਜਾਪੁ ਜਪਉ ਜਪਮਾਲੀ ਗੁਰਮੁਖਿ ਆਵੈ ਸਾਦੁ ਮਨਾ ॥੧॥ ਰਹਾਉ ॥ ਗੁਰ ਉਪਦੇਸ ਸਾਚੁ ਸੁਖੁ ਜਾ ਕਉ ਕਿਆ ਤਿਸੁ ਉਪਮਾ ਕਹੀਐ ॥ ਲਾਲ ਜਵੇਹਰ ਰਤਨ ਪਦਾਰਥ ਖੋਜਤ ਗੁਰਮੁਖਿ ਲਹੀਐ ॥੨॥ ਚੀਨੈ ਗਿਆਨੁ ਧਿਆਨੁ ਧਨੁ ਸਾਚੌ ਏਕ ਸਬਦਿ ਲਿਵ ਲਾਵੈ ॥ ਨਿਰਾਲੰਬੁ ਨਿਰਹਾਰੁ ਨਿਹਕੇਵਲੁ ਨਿਰਭਉ ਤਾੜੀ ਲਾਵੈ ॥੩॥ ਸਾਇਰ ਸਪਤ ਭਰੇ ਜਲ ਨਿਰਮਲਿ ਉਲਟੀ ਨਾਵ ਤਰਾਵੈ ॥ ਬਾਹਰਿ ਜਾਤੌ ਠਾਕਿ ਰਹਾਵੈ ਗੁਰਮੁਖਿ ਸਹਜਿ ਸਮਾਵੈ ॥੪॥ ਸੋ ਗਿਰਹੀ ਸੋ ਦਾਸੁ ਉਦਾਸੀ ਜਿਨਿ ਗੁਰਮੁਖਿ ਆਪੁ ਪਛਾਨਿਆ ॥ ਨਾਨਕੁ ਕਹੈ ਅਵਰੁ ਨਹੀ ਦੂਜਾ ਸਾਚ ਸਬਦਿ ਮਨੁ ਮਾਨਿਆ ॥੫॥੧੭॥ {ਪੰਨਾ 1332}

ਪਦ ਅਰਥ: ਰੇਣੁ = ਚਰਨ-ਧੂੜ। ਕੀਰਤਿ = ਸਿਫ਼ਤਿ-ਸਾਲਾਹ। ਤਰੁ ਤਾਰੀ = ਤਾਰੀ ਤਰ, (ਪਾਰ ਲੰਘਣ ਵਾਸਤੇ) ਇਹ ਤਾਰੀ ਲਾ। ਕਹਾ ਕਰੈ = ਕੀਹ ਕਰ ਸਕਦਾ ਹੈ? ਕੁਝ ਵਿਗਾੜ ਨਹੀਂ ਸਕਦਾ। ਬਪੁਰਾ = ਵਿਚਾਰਾ। ਡਰਪੈ = ਡਰਦਾ ਹੈ। ਰਿਦੈ = ਹਿਰਦੇ ਵਿਚ। ਮੁਰਾਰੀ = ਪਰਮਾਤਮਾ।1।

ਜਲਿ ਜਾਉ = ਸੜ ਜਾਏ। ਜਪਉ = ਮੈਂ ਜਪਦਾ ਹਾਂ। ਜਪਮਾਲੀ = ਮਾਲਾ। ਸਾਦੁ = ਸੁਆਦ, ਰਸ। ਮਨਾ = ਹੇ ਮਨ!।1।

ਗੁਰ ਉਪਦੇਸ ਸੁਖੁ = ਗੁਰੂ ਦੇ ਉਪਦੇਸ਼ ਦਾ ਆਨੰਦ। ਜਾ ਕਉ = ਜਿਸ (ਮਨੁੱਖ) ਨੂੰ। ਉਪਮਾ = ਵਡਿਆਈ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ।2।

ਚੀਨੈ = ਪਛਾਣਦਾ ਹੈ ਸਮਝਦਾ ਹੈ। ਗਿਆਨੁ = (ਪਰਮਾਤਮਾ ਨਾਲ) ਡੂੰਘੀ ਸਾਂਝ। ਸਾਚੌ = ਸਦਾ ਕਾਇਮ ਰਹਿਣ ਵਾਲਾ। ਸਬਦਿ = ਸ਼ਬਦ ਵਿਚ। ਨਿਰਾਲੰਬੁ = (ਨਿਰ-ਆਲੰਬੁ) ਜਿਸ ਨੂੰ ਕਿਸੇ ਹੋਰ ਆਸਰੇ ਦੀ ਲੋੜ ਨਹੀਂ। ਨਿਰਹਾਰੁ = (ਨਿਰ-ਆਹਾਰੁ) ਜਿਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ। ਨਿਹਕੇਵਲੁ = ਜਿਸ ਨੂੰ ਕੋਈ ਵਾਸਨਾ ਪੋਹ ਨਹੀਂ ਸਕਦੀ। ਤਾੜੀ ਲਾਵੈ = ਆਪਣੀ ਸੁਰਤਿ ਵਿਚ ਟਿਕਾਂਦਾ ਹੈ।3।

ਸਾਇਰ = ਸਮੁੰਦਰ, ਸਾਗਰ। ਸਪਤ = ਸੱਤ। ਸਾਇਰ ਸਪਤ = ਸੱਤ ਸਮੁੰਦਰ, ਸੱਤ ਸਰੋਵਰ (ਪੰਜ ਗਿਆਨ-ਇੰਦ੍ਰੇ, ਮਨ ਅਤੇ ਬੁਧਿ) । ਜਲ ਨਿਰਮਲਿ = ਨਿਰਮਲ ਜਲ ਨਾਲ। ਉਲਟੀ = ਮਾਇਆ ਵਲੋਂ ਪਰਤਾਈ ਹੋਈ। ਨਾਵ = ਬੇੜੀ, ਜੀਵਨ-ਬੇੜੀ। ਜਾਤੌ = ਜਾਂਦਾ। ਠਾਕਿ = ਵਰਜ ਕੇ। ਸਹਜਿ = ਸਹਜ (ਅਵਸਥਾ) ਵਿਚ।4।

ਗਿਰਹੀ = ਗ੍ਰਿਹਸਤੀ। ਉਦਾਸੀ = ਵਿਰਕਤ। ਜਿਨਿ = ਜਿਸ ਨੇ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਆਪੁ = ਆਪਣੇ ਆਪ ਨੂੰ। ਸਬਦਿ = ਸ਼ਬਦ ਵਿਚ।5।

ਅਰਥ: ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ (ਮਨੁੱਖ ਦਾ) ਜੀਵਨ (ਵਿਕਾਰਾਂ ਦੀ ਅੱਗ ਵਿਚ ਸੜਦਾ ਹੈ ਤਾਂ) ਪਿਆ ਸੜੇ (ਸਿਮਰਨ ਤੋਂ ਬਿਨਾ ਕੋਈ ਹੋਰ ਉੱਦਮ ਇਸ ਨੂੰ ਸੜਨ ਤੋਂ ਬਚਾ ਨਹੀਂ ਸਕਦਾ) । (ਇਸ ਵਾਸਤੇ) ਹੇ (ਮੇਰੇ) ਮਨ! ਮੈਂ ਪਰਮਾਤਮਾ ਦਾ ਨਾਮ ਜਪ ਕੇ ਜਪਦਾ ਹਾਂ (ਭਾਵ, ਮੁੜ ਮੁੜ ਪਰਮਾਤਮਾ ਦਾ ਨਾਮ ਹੀ ਜਪਦਾ ਹਾਂ) , ਮੈਂ ਪਰਮਾਤਮਾ ਦੇ ਜਾਪ ਨੂੰ ਹੀ ਮਾਲਾ (ਬਣਾ ਲਿਆ ਹੈ) । ਗੁਰੂ ਦੀ ਸਰਨ ਪੈ ਕੇ (ਜਪਿਆਂ ਇਸ ਜਾਪ ਦਾ) ਆਨੰਦ ਆਉਂਦਾ ਹੈ।1। ਰਹਾਉ।

(ਹੇ ਮੇਰੇ ਮਨ!) ਸੰਤ ਜਨਾਂ ਦੀ ਚਰਨ-ਧੂੜ (ਆਪਣੇ ਮੱਥੇ ਤੇ ਲਾ) , ਸਾਧ ਜਨਾਂ ਦੀ ਸੰਗਤਿ ਕਰ, (ਸਤਸੰਗ ਵਿਚ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ (ਸੰਸਾਰ ਸਮੁੰਦਰ ਦੀਆਂ ਲਹਿਰਾਂ ਵਿਚੋਂ ਪਾਰ ਲੰਘਣ ਲਈ ਇਹ) ਤਾਰੀ ਲਾ। ਗੁਰੂ ਦੀ ਸਰਨ ਪੈ ਕੇ (ਜਿਸ ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ (ਆ ਵੱਸਦਾ) ਹੈ, ਵਿਚਾਰਾ ਜਮਰਾਜ (ਭੀ) ਉਸਦਾ ਕੁਝ ਵਿਗਾੜ ਨਹੀਂ ਸਕਦਾ, ਸਗੋਂ ਜਮਰਾਜ (ਉਸ ਪਾਸੋਂ) ਡਰਦਾ ਹੈ।1।

ਜਿਸ ਮਨੁੱਖ ਨੂੰ ਸਤਿਗੁਰੂ ਦੇ ਉਪਦੇਸ਼ ਦਾ ਸਦਾ ਕਾਇਮ ਰਹਿਣ ਵਾਲਾ ਆਤਮਕ ਆਨੰਦ ਆ ਜਾਂਦਾ ਹੈ, ਉਸ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ (ਗੁਰੂ ਦੇ ਉਪਦੇਸ਼ ਵਿਚੋਂ) ਖੋਜਦਾ ਖੋਜਦਾ ਲਾਲ ਹੀਰੇ ਰਤਨ (ਆਦਿਕ ਪਦਾਰਥਾਂ ਵਰਗੇ ਕੀਮਤੀ ਆਤਮਕ ਗੁਣ) ਹਾਸਲ ਕਰ ਲੈਂਦਾ ਹੈ।2।

ਜੇਹੜਾ ਮਨੁੱਖ ਇਕ (ਪ੍ਰਭੂ ਦੀ ਸਿਫ਼ਤਿ) ਦੇ ਸ਼ਬਦ ਵਿਚ ਸੁਰਤਿ ਜੋੜਦਾ ਹੈ ਉਹ ਪਰਮਾਤਮਾ ਨਾਲ ਡੂੰਘੀ ਸਾਂਝ ਪਾਣੀ ਸਮਝ ਲੈਂਦਾ ਹੈ, ਪਰਮਾਤਮਾ ਵਿਚ ਜੁੜੀ ਸੁਰਤਿ ਉਸ ਦਾ ਸਦਾ-ਥਿਰ ਧਨ ਬਣ ਜਾਂਦਾ ਹੈ। ਉਹ ਮਨੁੱਖ ਆਪਣੀ ਸੁਰਤਿ ਵਿਚ ਉਸ ਪਰਮਾਤਮਾ ਨੂੰ ਟਿਕਾ ਲੈਂਦਾ ਹੈ ਜਿਸ ਨੂੰ ਕਿਸੇ ਹੋਰ ਆਸਰੇ ਦੀ ਲੋੜ ਨਹੀਂ ਜਿਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ ਜਿਸ ਨੂੰ ਕੋਈ ਵਾਸਨਾ ਪੋਹ ਨਹੀਂ ਸਕਦੀ।3।

(ਪੰਜੇ ਗਿਆਨ-ਇੰਦ੍ਰੇ, ਮਨ ਅਤੇ ਬੁਧਿ ਇਹ ਸੱਤੇ ਹੀ ਮਾਨੋ, ਚਸ਼ਮੇ ਹਨ ਜਿਨ੍ਹਾਂ ਤੋਂ ਹਰੇਕ ਇਨਸਾਨ ਨੂੰ ਆਤਮਕ ਜੀਵਨ ਦੀ ਪ੍ਰਫੁੱਲਤਾ ਵਾਸਤੇ ਚੰਗੀ ਮੰਦੀ ਪ੍ਰੇਰਨਾ ਦਾ ਪਾਣੀ ਮਿਲਦਾ ਰਹਿੰਦਾ ਹੈ) ਜਿਸ ਮਨੁੱਖ ਦੇ ਇਹ ਸੱਤੇ ਹੀ ਸਰੋਵਰ ਨਾਮ-ਸਿਮਰਨ ਦੇ ਪਵਿਤ੍ਰ ਜਲ ਨਾਲ ਭਰੇ ਰਹਿੰਦੇ ਹਨ (ਉਸ ਨੂੰ ਇਹਨਾਂ ਤੋਂ ਪਵਿੱਤ੍ਰ ਪ੍ਰੇਰਨਾ ਦਾ ਜਲ ਮਿਲਦਾ ਹੈ ਤੇ) ਉਹ ਵਿਕਾਰਾਂ ਵਲੋਂ ਉਲਟਾ ਕੇ ਆਪਣੀ ਜਿੰਦਗੀ ਦੀ ਬੇੜੀ ਨਾਮ-ਜਲ ਵਿਚ ਤਰਾਂਦਾ ਹੈ। (ਨਾਮ ਦੀ ਬਰਕਤਿ ਨਾਲ) ਉਹ ਬਾਹਰ ਭਟਕਦੇ ਮਨ ਨੂੰ ਰੋਕ ਰੱਖਦਾ ਹੈ, ਤੇ ਗੁਰੂ ਦੀ ਸਰਨ ਪੈ ਕੇ ਅਡੋਲ ਅਵਸਥਾ ਵਿਚ ਲੀਨ ਰਹਿੰਦਾ ਹੈ।4।

(ਜੇ ਮਨ ਵਿਕਾਰਾਂ ਵਲ ਭਟਕਦਾ ਹੀ ਰਹੇ ਤਾਂ ਗ੍ਰਿਹਸਤੀ ਜਾਂ ਵਿਰਕਤ ਅਖਵਾਣ ਵਿਚ ਕੋਈ ਫ਼ਰਕ ਨਹੀਂ ਪੈਂਦਾ) ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਆਪਣੇ ਆਪ ਨੂੰ ਪਛਾਣ ਲਿਆ ਹੈ ਉਹੀ (ਅਸਲ) ਗ੍ਰਿਹਸਤੀ ਹੈ ਤੇ ਉਹੀ (ਪ੍ਰਭੂ ਦਾ) ਸੇਵਕ ਵਿਰਕਤ ਹੈ।

ਨਾਨਕ ਆਖਦਾ ਹੈ ਜਿਸ ਮਨੁੱਖ ਦਾ ਮਨ ਸਦਾ-ਥਿਰ ਰਹਿਣ ਵਾਸਤੇ ਪਰਮਾਤਮਾ (ਦੀ ਸਿਫ਼ਤਿ-ਸਾਲਾਹ) ਦੇ ਸ਼ਬਦ ਵਿਚ ਗਿੱਝ ਜਾਂਦਾ ਹੈ, ਉਸ ਨੂੰ ਪ੍ਰਭੂ ਤੋਂ ਬਿਨਾ (ਕਿਤੇ ਭੀ) ਕੋਈ ਹੋਰ ਦੂਜਾ ਨਹੀਂ ਦਿੱਸਦਾ।5। 17।

ਰਾਗੁ ਪ੍ਰਭਾਤੀ ਮਹਲਾ ੩ ਚਉਪਦੇ    ੴ ਸਤਿਗੁਰ ਪ੍ਰਸਾਦਿ ॥ ਗੁਰਮੁਖਿ ਵਿਰਲਾ ਕੋਈ ਬੂਝੈ ਸਬਦੇ ਰਹਿਆ ਸਮਾਈ ॥ ਨਾਮਿ ਰਤੇ ਸਦਾ ਸੁਖੁ ਪਾਵੈ ਸਾਚਿ ਰਹੈ ਲਿਵ ਲਾਈ ॥੧॥ ਹਰਿ ਹਰਿ ਨਾਮੁ ਜਪਹੁ ਜਨ ਭਾਈ ॥ ਗੁਰ ਪ੍ਰਸਾਦਿ ਮਨੁ ਅਸਥਿਰੁ ਹੋਵੈ ਅਨਦਿਨੁ ਹਰਿ ਰਸਿ ਰਹਿਆ ਅਘਾਈ ॥੧॥ ਰਹਾਉ ॥ ਅਨਦਿਨੁ ਭਗਤਿ ਕਰਹੁ ਦਿਨੁ ਰਾਤੀ ਇਸੁ ਜੁਗ ਕਾ ਲਾਹਾ ਭਾਈ ॥ ਸਦਾ ਜਨ ਨਿਰਮਲ ਮੈਲੁ ਨ ਲਾਗੈ ਸਚਿ ਨਾਮਿ ਚਿਤੁ ਲਾਈ ॥੨॥ ਸੁਖੁ ਸੀਗਾਰੁ ਸਤਿਗੁਰੂ ਦਿਖਾਇਆ ਨਾਮਿ ਵਡੀ ਵਡਿਆਈ ॥ ਅਖੁਟ ਭੰਡਾਰ ਭਰੇ ਕਦੇ ਤੋਟਿ ਨ ਆਵੈ ਸਦਾ ਹਰਿ ਸੇਵਹੁ ਭਾਈ ॥੩॥ ਆਪੇ ਕਰਤਾ ਜਿਸ ਨੋ ਦੇਵੈ ਤਿਸੁ ਵਸੈ ਮਨਿ ਆਈ ॥ ਨਾਨਕ ਨਾਮੁ ਧਿਆਇ ਸਦਾ ਤੂ ਸਤਿਗੁਰਿ ਦੀਆ ਦਿਖਾਈ ॥੪॥੧॥ {ਪੰਨਾ 1332-1333}

ਪਦ ਅਰਥ: ਗੁਰਮੁਖਿ = ਗੁਰੂ ਦੇ ਸਨਮੁਖ ਰਹਿ ਕੇ। ਬੂਝੈ = ਸਮਝਦਾ ਹੈ (ਇਕ-ਵਚਨ) । ਸਬਦੇ = ਗੁਰੂ ਦੇ ਸ਼ਬਦ ਦੀ ਰਾਹੀਂ। ਰਹਿਆ ਸਮਾਈ = (ਸਭ ਵਿਚ) ਵਿਆਪਕ ਹੈ। ਨਾਮਿ = ਨਾਮ ਵਿਚ। ਪਾਵੈ = ਹਾਸਲ ਕਰਦਾ ਹੈ। ਸਾਚਿ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ। ਰਹੈ ਲਾਈ = ਲਾਇ ਰਹੈ, ਲਾਈ ਰੱਖਦਾ ਹੈ।1।

ਜਨ ਭਾਈ = ਹੇ ਜਨੋ! ਹੇ ਭਰਾਵੋ! ਪ੍ਰਸਾਦਿ = ਕਿਰਪਾ ਨਾਲ। ਅਸਥਿਰੁ = ਅਡੋਲ। ਅਨਦਿਨੁ = ਹਰ ਰੋਜ਼। ਰਸਿ = ਰਸ ਨਾਲ। ਰਹਿਆ ਅਘਾਈ = ਰੱਜਿਆ ਰਹਿੰਦਾ ਹੈ।1।

ਇਸੁ ਜੁਗ ਕਾ = ਇਸ ਮਨੁੱਖਾ ਜੀਵਨ ਦਾ। ਲਾਹਾ = ਲਾਭ। ਨਿਰਮਲ = ਪਵਿੱਤਰ ਜੀਵਨ ਵਾਲੇ। ਸਚਿ = ਸਦਾ-ਥਿਰ ਹਰੀ ਵਿਚ। ਨਾਮਿ = ਨਾਮ ਵਿਚ। ਸਚਿ ਨਾਮਿ = ਸਦਾ-ਥਿਰ ਹਰਿ-ਨਾਮ ਵਿਚ।2।

ਸੀਗਾਰੁ = ਗਹਿਣਾ, (ਆਤਮਕ ਜੀਵਨ ਲਈ) ਗਹਿਣਾ। ਅਖੁਟ = ਕਦੇ ਨਾਹ ਮੁੱਕਣ ਵਾਲੇ। ਭੰਡਾਰ = ਖ਼ਜ਼ਾਨੇ।3।

ਆਪੇ = ਆਪ ਹੀ। ਜਿਸ ਨੋ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ) । ਤਿਸੁ ਮਨਿ = ਉਸ (ਮਨੁੱਖ) ਦੇ ਮਨ ਵਿਚ। ਸਤਿਗੁਰਿ = ਸਤਿਗੁਰੂ ਨੇ।4।

ਅਰਥ: ਹੇ ਭਾਈ ਜਨੋ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰੋ। (ਨਾਮ ਜਪਣ ਦੀ ਰਾਹੀਂ) ਗੁਰੂ ਦੀ ਕਿਰਪਾ ਨਾਲ (ਮਨੁੱਖ ਦਾ) ਮਨ (ਮਾਇਆ ਦੇ ਹੱਲਿਆਂ ਦੇ ਟਾਕਰੇ ਤੇ) ਅਡੋਲ ਰਹਿੰਦਾ ਹੈ। ਹਰਿ-ਨਾਮ ਦੇ ਸੁਆਦ ਦੀ ਬਰਕਤਿ ਨਾਲ (ਮਨੁੱਖ) ਹਰ ਵੇਲੇ (ਮਾਇਆ ਦੇ ਲਾਲਚ ਵਲੋਂ) ਰੱਜਿਆ ਰਹਿੰਦਾ ਹੈ।1। ਰਹਾਉ।

ਹੇ ਭਾਈ! ਕੋਈ ਵਿਰਲਾ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਗੁਰੂ ਦੇ ਸ਼ਬਦ ਦੀ ਰਾਹੀਂ (ਇਹ) ਸਮਝ ਲੈਂਦਾ ਹੈ ਕਿ ਪਰਮਾਤਮਾ ਸਭ ਥਾਈਂ ਵਿਆਪਕ ਹੈ। ਪਰਮਾਤਮਾ ਦੇ ਨਾਮ ਵਿਚ ਰੱਤਾ ਰਹਿ ਕੇ (ਮਨੁੱਖ) ਸਦਾ ਆਤਮਕ ਆਨੰਦ ਮਾਣਦਾ ਹੈ, ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਸੁਰਤਿ ਜੋੜੀ ਰੱਖਦਾ ਹੈ।1।

ਹੇ ਭਾਈ! ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੇ ਰਹੋ। ਇਹੀ ਹੈ ਇਸ ਮਨੁੱਖਾ ਜੀਵਨ ਦਾ ਲਾਭ। (ਭਗਤੀ ਕਰਨ ਵਾਲੇ) ਮਨੁੱਖ ਸਦਾ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ। ਜਿਹੜਾ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਚਿੱਤ ਜੋੜਦਾ ਹੈ (ਉਸ ਦੇ ਮਨ ਨੂੰ ਵਿਕਾਰਾਂ ਦੀ) ਮੈਲ ਨਹੀਂ ਲੱਗਦੀ।2।

ਹੇ ਭਾਈ! ਆਤਮਕ ਆਨੰਦ (ਮਨੁੱਖਾ ਜੀਵਨ ਵਾਸਤੇ ਇਕ) ਗਹਿਣਾ ਹੈ। (ਜਿਸ ਮਨੁੱਖ ਨੂੰ) ਗੁਰੂ ਨੇ (ਇਹ ਗਹਿਣਾ) ਵਿਖਾ ਦਿੱਤਾ, ਉਸ ਨੇ ਹਰਿ-ਨਾਮ ਵਿਚ ਜੁੜ ਕੇ (ਲੋਕ ਪਰਲੋਕ ਦੀ) ਇੱਜ਼ਤ ਖੱਟ ਲਈ। ਹੇ ਭਾਈ! ਸਦਾ ਪ੍ਰਭੂ ਦੀ ਸੇਵਾ-ਭਗਤੀ ਕਰਦੇ ਰਹੋ (ਸਦਾ ਭਗਤੀ ਕਰਦੇ ਰਿਹਾਂ ਇਹ) ਕਦੇ ਨਾਹ ਮੁੱਕਣ ਵਾਲੇ ਖ਼ਜ਼ਾਨੇ (ਮਨੁੱਖ ਦੇ ਅੰਦਰ) ਭਰੇ ਰਹਿੰਦੇ ਹਨ, (ਇਹਨਾਂ ਖ਼ਜ਼ਾਨਿਆਂ ਵਿਚ) ਕਦੇ ਕਮੀ ਨਹੀਂ ਹੁੰਦੀ।3।

ਪਰ, ਹੇ ਭਾਈ! ਇਹ ਨਾਮ-ਖ਼ਜ਼ਾਨਾ ਜਿਸ ਮਨੁੱਖ ਨੂੰ ਕਰਤਾਰ ਆਪ ਹੀ ਦੇਂਦਾ ਹੈ, ਉਸ ਦੇ ਮਨ ਵਿਚ ਆ ਵੱਸਦਾ ਹੈ। ਹੇ ਨਾਨਕ! ਤੂੰ ਸਦਾ ਹਰਿ-ਨਾਮ ਸਿਮਰਦਾ ਰਹੁ। (ਭਗਤੀ-ਸਿਮਰਨ ਦਾ ਇਹ ਰਸਤਾ) ਗੁਰੂ ਨੇ (ਹੀ) ਵਿਖਾਇਆ ਹੈ (ਇਹ ਰਸਤਾ ਗੁਰੂ ਦੀ ਰਾਹੀਂ ਹੀ ਲੱਭਦਾ ਹੈ) ।4।1।

TOP OF PAGE

Sri Guru Granth Darpan, by Professor Sahib Singh