ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1333 ਪ੍ਰਭਾਤੀ ਮਹਲਾ ੩ ॥ ਨਿਰਗੁਣੀਆਰੇ ਕਉ ਬਖਸਿ ਲੈ ਸੁਆਮੀ ਆਪੇ ਲੈਹੁ ਮਿਲਾਈ ॥ ਤੂ ਬਿਅੰਤੁ ਤੇਰਾ ਅੰਤੁ ਨ ਪਾਇਆ ਸਬਦੇ ਦੇਹੁ ਬੁਝਾਈ ॥੧॥ ਹਰਿ ਜੀਉ ਤੁਧੁ ਵਿਟਹੁ ਬਲਿ ਜਾਈ ॥ ਤਨੁ ਮਨੁ ਅਰਪੀ ਤੁਧੁ ਆਗੈ ਰਾਖਉ ਸਦਾ ਰਹਾਂ ਸਰਣਾਈ ॥੧॥ ਰਹਾਉ ॥ ਆਪਣੇ ਭਾਣੇ ਵਿਚਿ ਸਦਾ ਰਖੁ ਸੁਆਮੀ ਹਰਿ ਨਾਮੋ ਦੇਹਿ ਵਡਿਆਈ ॥ ਪੂਰੇ ਗੁਰ ਤੇ ਭਾਣਾ ਜਾਪੈ ਅਨਦਿਨੁ ਸਹਜਿ ਸਮਾਈ ॥੨॥ ਤੇਰੈ ਭਾਣੈ ਭਗਤਿ ਜੇ ਤੁਧੁ ਭਾਵੈ ਆਪੇ ਬਖਸਿ ਮਿਲਾਈ ॥ ਤੇਰੈ ਭਾਣੈ ਸਦਾ ਸੁਖੁ ਪਾਇਆ ਗੁਰਿ ਤ੍ਰਿਸਨਾ ਅਗਨਿ ਬੁਝਾਈ ॥੩॥ ਜੋ ਤੂ ਕਰਹਿ ਸੁ ਹੋਵੈ ਕਰਤੇ ਅਵਰੁ ਨ ਕਰਣਾ ਜਾਈ ॥ ਨਾਨਕ ਨਾਵੈ ਜੇਵਡੁ ਅਵਰੁ ਨ ਦਾਤਾ ਪੂਰੇ ਗੁਰ ਤੇ ਪਾਈ ॥੪॥੨॥ {ਪੰਨਾ 1333} ਪਦ ਅਰਥ: ਕਉ = ਨੂੰ। ਸੁਆਮੀ = ਹੇ ਸੁਆਮੀ! ਆਪੇ = (ਤੂੰ) ਆਪ ਹੀ। ਸਬਦੇ = (ਗੁਰੂ ਦੇ) ਸ਼ਬਦ ਵਿਚ (ਜੋੜ ਕੇ) । ਬੁਝਾਈ = (ਆਤਮਕ ਜੀਵਨ ਦੀ) ਸੂਝ।1। ਬਲਿ ਜਾਇ = ਬਲਿ ਜਾਈਂ, ਮੈਂ ਕੁਰਬਾਨ ਜਾਂਦਾ ਹਾਂ। ਅਰਪੀ = ਅਰਪੀਂ, ਮੈਂ ਭੇਟ ਕਰਦਾ ਹਾਂ। ਰਾਖਉ = ਰਾਖਉਂ, ਮੈਂ ਰੱਖਦਾ ਹਾਂ।1। ਰਹਾਉ। ਸੁਆਮੀ = ਹੇ ਸੁਆਮੀ! ਨਾਮੋ = ਨਾਮ ਹੀ। ਵਡਿਆਈ = ਇੱਜ਼ਤ। ਤੇ = ਤੋਂ, ਦੀ ਰਾਹੀਂ। ਜਾਪੈ = ਜਾਪਦਾ ਹੈ, ਸਮਝ ਵਿਚ ਆਉਂਦਾ ਹੈ। ਅਨਦਿਨੁ = ਹਰ ਰੋਜ਼, ਹਰ ਵੇਲੇ। ਸਹਜਿ = ਆਤਮਕ ਅਡੋਲਤਾ ਵਿਚ। ਸਮਾਈ = ਲੀਨਤਾ।2। ਭਾਣੈ = ਭਾਣੇ ਵਿਚ। ਤੁਧੁ = ਤੈਨੂੰ। ਭਾਵੈ = ਚੰਗਾ ਲੱਗੇ। ਗੁਰਿ = ਗੁਰੂ ਨੇ।3। ਕਰਤੇ = ਹੇ ਕਰਤਾਰ! ਜੇਵਡੁ = ਬਰਾਬਰ। ਤੇ = ਤੋਂ। ਪਾਈ = ਪ੍ਰਾਪਤ ਹੁੰਦਾ ਹੈ।4। ਅਰਥ: ਹੇ ਪ੍ਰਭੂ ਜੀ! ਮੈਂ ਤੈਥੋਂ ਸਦਕੇ ਜਾਂਦਾ ਹਾਂ। ਮੈਂ (ਆਪਣਾ) ਤਨ (ਆਪਣਾ) ਮਨ ਭੇਟ ਕਰਦਾ ਹਾਂ, ਤੇਰੇ ਅੱਗੇ ਰੱਖਦਾ ਹਾਂ (ਮਿਹਰ ਕਰ,) ਮੈਂ ਸਦਾ ਤੇਰੀ ਸਰਨ ਪਿਆ ਰਹਾਂ।1। ਰਹਾਉ। ਹੇ ਮੇਰੇ ਸੁਆਮੀ! (ਮੈਂ) ਗੁਣ-ਹੀਨ ਨੂੰ ਬਖ਼ਸ਼ ਲੈ, ਤੂੰ ਆਪ ਹੀ (ਮੈਨੂੰ ਆਪਣੇ) ਚਰਨਾਂ ਵਿਚ ਜੋੜੀ ਰੱਖ। ਤੂੰ ਬੇਅੰਤ ਹੈਂ, ਤੇਰੇ ਗੁਣਾਂ ਦਾ ਕਿਸੇ ਨੇ ਅੰਤ ਨਹੀਂ ਪਾਇਆ। (ਹੇ ਸੁਆਮੀ! ਗੁਰੂ ਦੇ) ਸ਼ਬਦ ਵਿਚ (ਜੋੜ ਕੇ) ਮੈਨੂੰ (ਆਤਮਕ ਜੀਵਨ ਦੀ) ਸੂਝ ਬਖ਼ਸ਼।1। ਹੇ ਮੇਰੇ ਸੁਆਮੀ! ਮੈਨੂੰ ਸਦਾ ਆਪਣੀ ਰਜ਼ਾ ਵਿਚ ਰੱਖ, ਮੈਨੂੰ ਆਪਣਾ ਨਾਮ ਹੀ ਦੇਹ (ਇਹ ਹੀ ਮੇਰੇ ਵਾਸਤੇ) ਇੱਜ਼ਤ (ਹੈ) । ਹੇ ਭਾਈ! ਪੂਰੇ ਗੁਰੂ ਪਾਸੋਂ (ਪਰਮਾਤਮਾ ਦੀ) ਰਜ਼ਾ ਦੀ ਸਮਝ ਆਉਂਦੀ ਹੈ, ਅਤੇ ਹਰ ਵੇਲੇ ਆਤਮਕ ਅਡੋਲਤਾ ਵਿਚ ਲੀਨਤਾ ਹੋ ਸਕਦੀ ਹੈ।2। ਹੇ ਮੇਰੇ ਸੁਆਮੀ! ਜੇ ਤੈਨੂੰ ਚੰਗਾ ਲੱਗੇ ਤਾਂ ਤੇਰੀ ਰਜ਼ਾ ਵਿਚ ਹੀ ਤੇਰੀ ਭਗਤੀ ਹੋ ਸਕਦੀ ਹੈ, ਤੂੰ ਆਪ ਹੀ ਮਿਹਰ ਕਰ ਕੇ ਆਪਣੇ ਚਰਨਾਂ ਵਿਚ ਜੋੜਦਾ ਹੈਂ। (ਜਿਸ ਮਨੁੱਖ ਦੇ ਅੰਦਰੋਂ) ਗੁਰੂ ਨੇ ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ, ਉਸ ਨੇ (ਹੇ ਪ੍ਰਭੂ!) ਤੇਰੀ ਰਜ਼ਾ ਵਿਚ ਰਹਿ ਕੇ ਸਦਾ ਆਤਮਕ ਆਨੰਦ ਮਾਣਿਆ।3। ਹੇ ਕਰਤਾਰ! (ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਤੂੰ (ਆਪ) ਕਰਦਾ ਹੈਂ (ਤੇਰੀ ਮਰਜ਼ੀ ਦੇ ਉਲਟ) ਹੋਰ ਕੁਝ ਨਹੀਂ ਕੀਤਾ ਜਾ ਸਕਦਾ। ਹੇ ਨਾਨਕ! ਪਰਮਾਤਮਾ ਦੇ ਨਾਮ ਦੇ ਬਰਾਬਰ ਦਾ ਹੋਰ ਕੋਈ ਦਾਤਾਂ ਦੇਣ ਵਾਲਾ ਨਹੀਂ ਹੈ। ਇਹ ਨਾਮ ਗੁਰੂ ਪਾਸੋਂ (ਹੀ) ਮਿਲਦਾ ਹੈ।4।2। ਪ੍ਰਭਾਤੀ ਮਹਲਾ ੩ ॥ ਗੁਰਮੁਖਿ ਹਰਿ ਸਾਲਾਹਿਆ ਜਿੰਨਾ ਤਿਨ ਸਲਾਹਿ ਹਰਿ ਜਾਤਾ ॥ ਵਿਚਹੁ ਭਰਮੁ ਗਇਆ ਹੈ ਦੂਜਾ ਗੁਰ ਕੈ ਸਬਦਿ ਪਛਾਤਾ ॥੧॥ ਹਰਿ ਜੀਉ ਤੂ ਮੇਰਾ ਇਕੁ ਸੋਈ ॥ ਤੁਧੁ ਜਪੀ ਤੁਧੈ ਸਾਲਾਹੀ ਗਤਿ ਮਤਿ ਤੁਝ ਤੇ ਹੋਈ ॥੧॥ ਰਹਾਉ ॥ ਗੁਰਮੁਖਿ ਸਾਲਾਹਨਿ ਸੇ ਸਾਦੁ ਪਾਇਨਿ ਮੀਠਾ ਅੰਮ੍ਰਿਤੁ ਸਾਰੁ ॥ ਸਦਾ ਮੀਠਾ ਕਦੇ ਨ ਫੀਕਾ ਗੁਰ ਸਬਦੀ ਵੀਚਾਰੁ ॥੨॥ ਜਿਨਿ ਮੀਠਾ ਲਾਇਆ ਸੋਈ ਜਾਣੈ ਤਿਸੁ ਵਿਟਹੁ ਬਲਿ ਜਾਈ ॥ ਸਬਦਿ ਸਲਾਹੀ ਸਦਾ ਸੁਖਦਾਤਾ ਵਿਚਹੁ ਆਪੁ ਗਵਾਈ ॥੩॥ ਸਤਿਗੁਰੁ ਮੇਰਾ ਸਦਾ ਹੈ ਦਾਤਾ ਜੋ ਇਛੈ ਸੋ ਫਲੁ ਪਾਏ ॥ ਨਾਨਕ ਨਾਮੁ ਮਿਲੈ ਵਡਿਆਈ ਗੁਰ ਸਬਦੀ ਸਚੁ ਪਾਏ ॥੪॥੩॥ {ਪੰਨਾ 1333} ਪਦ ਅਰਥ: ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਸਾਲਾਹਿਆ = ਸਿਫ਼ਤਿ-ਸਾਲਾਹ ਕੀਤੀ। ਸਲਾਹਿ ਜਾਤਾ = ਸਿਫ਼ਤਿ-ਸਾਲਾਹ ਕਰਨ ਦੀ ਜਾਚ ਆਈ। ਭਰਮੁ ਦੂਜਾ = ਮਾਇਆ ਵਾਲੀ ਭਟਕਣਾ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ।1। ਸੋਈ = ਸਾਰ ਲੈਣ ਵਾਲਾ। ਜਪੀ = ਜਪੀਂ, ਮੈਂ ਜਪਦਾ ਹਾਂ। ਤੁਧੈ = ਤੈਨੂੰ ਹੀ। ਸਾਲਾਹੀ = ਸਾਲਾਹੀਂ, ਮੈਂ ਸਲਾਹੁੰਦਾ ਹਾਂ। ਗਤਿ = ਉਚੀ ਆਤਮਕ ਅਵਸਥਾ। ਤੁਝ ਤੇ = ਤੇਰੇ ਪਾਸੋਂ।1। ਰਹਾਉ। ਸਾਲਾਹਨਿ = ਸਲਾਹੁੰਦੇ ਹਨ (ਬਹੁ-ਵਚਨ) । ਸੇ = ਉਹ (ਬਹੁ-ਵਚਨ) । ਸਾਦੁ = ਸੁਆਦ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਸਾਰੁ = ਸ੍ਰੇਸ਼ਟ। ਗੁਰ ਸਬਦੀ = ਗੁਰੂ ਦੇ ਸ਼ਬਦ ਦੀ ਰਾਹੀਂ।2। ਜਿਨਿ = ਜਿਸ (ਪਰਮਾਤਮਾ) ਨੇ (ਇਕ-ਵਚਨ) । ਵਿਟਹੁ = ਤੋਂ। ਜਾਈ = ਜਾਈਂ, ਮੈਂ ਜਾਂਦਾ ਹਾਂ। ਸਬਦਿ = ਸਬਦ ਦੀ ਰਾਹੀਂ। ਆਪੁ = ਆਪਾ-ਭਾਵ। ਗਵਾਈ = ਗਵਾਇ, ਦੂਰ ਕਰ ਕੇ।3। ਇਛੈ = ਮੰਗਦਾ ਹੈ (ਇਕ-ਵਚਨ) । ਸਚੁ = ਸਦਾ ਕਾਇਮ ਰਹਿਣ ਵਾਲਾ ਹਰੀ।4। ਅਰਥ: ਹੇ ਪ੍ਰਭੂ ਜੀ! ਮੇਰੀ ਸਾਰ ਲੈਣ ਵਾਲਾ ਸਿਰਫ਼ ਇਕ ਤੂੰ ਹੀ ਹੈਂ। ਮੈਂ (ਸਦਾ) ਤੈਨੂੰ (ਹੀ) ਜਪਦਾ ਹਾਂ, ਮੈਂ (ਸਦਾ) ਤੈਨੂੰ ਹੀ ਸਲਾਹੁੰਦਾ ਹਾਂ। ਉੱਚੀ ਆਤਮਕ ਅਵਸਥਾ ਤੇ ਉੱਚੀ ਅਕਲ ਤੈਥੋਂ ਹੀ ਮਿਲਦੀ ਹੈ।1। ਰਹਾਉ। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ, ਉਹਨਾਂ ਨੇ ਹੀ ਸਿਫ਼ਤਿ-ਸਾਲਾਹ ਕਰਨੀ ਸਿੱਖੀ। ਉਹਨਾਂ ਦੇ ਅੰਦਰੋਂ ਮਾਇਆ ਵਾਲੀ ਭਟਕਣਾ ਦੂਰ ਹੋ ਜਾਂਦੀ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪਰਮਾਤਮਾ ਨਾਲ ਸਾਂਝ ਪਾ ਲੈਂਦੇ ਹਨ।1। ਹੇ ਭਾਈ! ਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਉਹ (ਉਸ ਦਾ) ਆਨੰਦ ਮਾਣਦੇ ਹਨ। ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਉਹਨਾਂ ਨੂੰ ਮਿੱਠਾ ਲੱਗਦਾ ਹੈ (ਹੋਰ ਸਭ ਪਦਾਰਥਾਂ ਨਾਲੋਂ) ਸ੍ਰੇਸ਼ਟ ਲੱਗਦਾ ਹੈ। (ਉਹ ਮਨੁੱਖ) ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਨਾਮ ਦਾ) ਵਿਚਾਰ (ਕਰਦੇ ਹਨ, ਉਸ ਦਾ ਸੁਆਦ ਉਹਨਾਂ ਨੂੰ) ਸਦਾ ਮਿੱਠਾ ਲੱਗਦਾ ਹੈ, ਕਦੇ ਬੇ-ਸੁਆਦਾ ਨਹੀਂ ਜਾਪਦਾ।2। ਪਰ, ਹੇ ਭਾਈ! ਜਿਸ (ਪਰਮਾਤਮਾ) ਨੇ (ਆਪਣਾ ਨਾਮ) ਮਿੱਠਾ ਮਹਿਸੂਸ ਕਰਾਇਆ ਹੈ, ਉਹ ਆਪ ਹੀ (ਇਸ ਭੇਤ ਨੂੰ) ਜਾਣਦਾ ਹੈ। ਮੈਂ ਉਸ ਤੋਂ ਸਦਾ ਸਦਕੇ ਜਾਂਦਾ ਹਾਂ। ਮੈਂ (ਗੁਰੂ ਦੇ) ਸ਼ਬਦ ਦੀ ਰਾਹੀਂ (ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਕੇ ਉਸ ਸੁਖ-ਦਾਤੇ ਪਰਮਾਤਮਾ ਦੀ ਸਦਾ ਸਿਫ਼ਤਿ-ਸਾਲਾਹ ਕਰਦਾ ਹਾਂ।3। ਹੇ ਭਾਈ! ਪਿਆਰਾ ਗੁਰੂ ਸਦਾ (ਹਰੇਕ) ਦਾਤਿ ਦੇਣ ਵਾਲਾ ਹੈ ਜਿਹੜਾ ਮਨੁੱਖ (ਗੁਰੂ ਪਾਸੋਂ) ਮੰਗਦਾ ਹੈ, ਉਹ ਫਲ ਹਾਸਲ ਕਰ ਲੈਂਦਾ ਹੈ। ਹੇ ਨਾਨਕ! (ਗੁਰੂ ਪਾਸੋਂ ਪਰਮਾਤਮਾ ਦਾ) ਨਾਮ ਮਿਲਦਾ ਹੈ (ਇਹੀ ਹੈ ਅਸਲ) ਇੱਜ਼ਤ। ਗੁਰੂ ਦੇ ਸ਼ਬਦ ਦੀ ਰਾਹੀਂ (ਮਨੁੱਖ) ਸਦਾ-ਥਿਰ ਪ੍ਰਭੂ ਨੂੰ ਮਿਲ ਪੈਂਦਾ ਹੈ।4।3। ਪ੍ਰਭਾਤੀ ਮਹਲਾ ੩ ॥ ਜੋ ਤੇਰੀ ਸਰਣਾਈ ਹਰਿ ਜੀਉ ਤਿਨ ਤੂ ਰਾਖਨ ਜੋਗੁ ॥ ਤੁਧੁ ਜੇਵਡੁ ਮੈ ਅਵਰੁ ਨ ਸੂਝੈ ਨਾ ਕੋ ਹੋਆ ਨ ਹੋਗੁ ॥੧॥ ਹਰਿ ਜੀਉ ਸਦਾ ਤੇਰੀ ਸਰਣਾਈ ॥ ਜਿਉ ਭਾਵੈ ਤਿਉ ਰਾਖਹੁ ਮੇਰੇ ਸੁਆਮੀ ਏਹ ਤੇਰੀ ਵਡਿਆਈ ॥੧॥ ਰਹਾਉ ॥ ਜੋ ਤੇਰੀ ਸਰਣਾਈ ਹਰਿ ਜੀਉ ਤਿਨ ਕੀ ਕਰਹਿ ਪ੍ਰਤਿਪਾਲ ॥ ਆਪਿ ਕ੍ਰਿਪਾ ਕਰਿ ਰਾਖਹੁ ਹਰਿ ਜੀਉ ਪੋਹਿ ਨ ਸਕੈ ਜਮਕਾਲੁ ॥੨॥ ਤੇਰੀ ਸਰਣਾਈ ਸਚੀ ਹਰਿ ਜੀਉ ਨਾ ਓਹ ਘਟੈ ਨ ਜਾਇ ॥ ਜੋ ਹਰਿ ਛੋਡਿ ਦੂਜੈ ਭਾਇ ਲਾਗੈ ਓਹੁ ਜੰਮੈ ਤੈ ਮਰਿ ਜਾਇ ॥੩॥ ਜੋ ਤੇਰੀ ਸਰਣਾਈ ਹਰਿ ਜੀਉ ਤਿਨਾ ਦੂਖ ਭੂਖ ਕਿਛੁ ਨਾਹਿ ॥ ਨਾਨਕ ਨਾਮੁ ਸਲਾਹਿ ਸਦਾ ਤੂ ਸਚੈ ਸਬਦਿ ਸਮਾਹਿ ॥੪॥੪॥ {ਪੰਨਾ 1333-1334} ਪਦ ਅਰਥ: ਹਰਿ ਜੀਉ = ਹੇ ਪ੍ਰਭੂ ਜੀ! ਤਿਨ = ਉਹਨਾਂ ਨੂੰ (ਬਹੁ-ਵਚਨ) । ਰਾਖਨ ਜੋਗੁ = ਰਖਿਆ ਕਰਨ ਦੀ ਤਾਕਤ ਵਾਲਾ। ਜੇਵਡੁ = ਬਰਾਬਰ ਦਾ। ਅਵਰੁ = ਕੋਈ ਹੋਰ। ਕੋ = ਕੋਈ (ਪੜਨਾਂਵ) । ਹੋਗੁ = (ਅਗਾਂਹ ਨੂੰ) ਹੋਵੇਗਾ।1। ਭਾਵੈ = (ਤੈਨੂੰ) ਚੰਗਾ ਲੱਗੇ। ਸੁਆਮੀ = ਹੇ ਸੁਆਮੀ! ਵਡਿਆਈ = ਵਡੱਪਣ, ਸਮਰਥਾ।1। ਰਹਾਉ। ਕਰਹਿ = ਤੂੰ ਕਰਦਾ ਹੈਂ। ਪ੍ਰਤਿਪਾਲ = ਪਾਲਣਾ, ਸਹਾਇਤਾ। ਕਰਿ = ਕਰ ਕੇ। ਪੋਹਿ ਨ ਸਕੈ = (ਆਪਣਾ) ਜ਼ੋਰ ਨਹੀਂ ਪਾ ਸਕਦਾ, ਡਰਾ ਨਹੀਂ ਸਕਦਾ।2। ਸਚੀ = ਸਦਾ ਕਾਇਮ ਰਹਿਣ ਵਾਲੀ। ਨ ਜਾਇ = ਮੁੱਕਦੀ ਨਹੀਂ, ਨਾਸ ਨਹੀਂ ਹੁੰਦੀ। ਛੋਡਿ = ਛੱਡ ਕੇ। ਦੂਜੈ ਭਾਇ = ਕਿਸੇ ਹੋਰ ਪਿਆਰ ਵਿਚ। ਤੈ = ਅਤੇ। ਮਰਿ ਜਾਇ = ਮਰ ਜਾਂਦਾ ਹੈ।3। ਨਾਨਕ = ਹੇ ਨਾਨਕ! ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ। ਸਮਾਹਿ = ਤੂੰ ਲੀਨ ਰਹੇਂਗਾ।4। ਅਰਥ: ਹੇ ਪ੍ਰਭੂ ਜੀ! (ਮਿਹਰ ਕਰ, ਮੈਂ) ਸਦਾ ਤੇਰੀ ਸਰਨ ਪਿਆ ਰਹਾਂ। ਹੇ ਮੇਰੇ ਸੁਆਮੀ! ਜਿਵੇਂ ਤੈਨੂੰ ਭਾਵੇ (ਮੇਰੀ) ਰੱਖਿਆ ਕਰ (ਅਸਾਂ ਜੀਵਾਂ ਦੀ ਰੱਖਿਆ ਕਰ ਸਕਣਾ) ਇਹ ਤੇਰੀ ਹੀ ਸਮਰਥਾ ਹੈ।1। ਰਹਾਉ। ਹੇ ਪ੍ਰਭੂ ਜੀ! ਜਿਹੜੇ ਮਨੁੱਖ ਤੇਰੀ ਸਰਨ ਆ ਪੈਂਦੇ ਹਨ, ਤੂੰ ਉਹਨਾਂ ਦੀ ਰੱਖਿਆ ਕਰਨ ਦੇ ਸਮਰੱਥ ਹੈਂ। ਹੇ ਪ੍ਰਭੂ ਜੀ! ਤੇਰੇ ਬਰਾਬਰ ਦਾ ਮੈਨੂੰ ਹੋਰ ਕੋਈ ਨਹੀਂ ਸੁੱਝਦਾ। (ਅਜੇ ਤਕ ਤੇਰੇ ਬਰਾਬਰ ਦਾ) ਨਾਹ ਕੋਈ ਹੋਇਆ ਹੈ, (ਅਤੇ ਅਗਾਂਹ ਨੂੰ) ਨਾਹ ਕੋਈ ਹੋਵੇਗਾ।1। ਹੇ ਪ੍ਰਭੂ ਜੀ! ਜਿਹੜੇ ਮਨੁੱਖ ਤੇਰੀ ਸਰਨ ਆ ਪੈਂਦੇ ਹਨ, ਤੂੰ (ਆਪ) ਉਹਨਾਂ ਦੀ ਪਾਲਣਾ ਕਰਦਾ ਹੈਂ। ਮਿਹਰ ਕਰ ਕੇ ਤੂੰ ਆਪ ਉਹਨਾਂ ਦੀ ਰੱਖਿਆ ਕਰਦਾ ਹੈਂ, ਉਹਨਾਂ ਨੂੰ (ਫਿਰ) ਮੌਤ ਦਾ ਡਰ ਭੀ ਪੋਹ ਨਹੀਂ ਸਕਦਾ।1। ਹੇ ਪ੍ਰਭੂ ਜੀ! ਤੇਰੀ ਓਟ ਸਦਾ ਕਾਇਮ ਰਹਿਣ ਵਾਲੀ ਹੈ, ਨਾਹ ਉਹ ਘਟਦੀ ਹੈ ਨਾਹ ਉਹ ਖ਼ਤਮ ਹੁੰਦੀ ਹੈ। ਪਰ, ਹੇ ਭਾਈ! ਜਿਹੜਾ ਮਨੁੱਖ ਪ੍ਰਭੂ (ਦੀ ਓਟ) ਛੱਡ ਕੇ ਮਾਇਆ ਦੇ ਪਿਆਰ ਵਿਚ ਲੱਗ ਪੈਂਦਾ ਹੈ, ਉਹ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ।3। ਹੇ ਪ੍ਰਭੂ ਜੀ! ਜਿਹੜੇ ਮਨੁੱਖ ਤੇਰੀ ਸਰਨ ਪੈਂਦੇ ਹਨ, ਉਹਨਾਂ ਨੂੰ ਕੋਈ ਦੁੱਖ ਨਹੀਂ ਦਬਾ ਸਕਦੇ, ਉਹਨਾਂ ਨੂੰ (ਮਾਇਆ ਦੀ) ਭੁੱਖ ਨਹੀਂ ਵਿਆਪਦੀ। ਹੇ ਨਾਨਕ! ਪਰਮਾਤਮਾ ਦਾ ਨਾਮ ਸਦਾ ਸਲਾਹੁੰਦਾ ਰਿਹਾ ਕਰ, ਇਸ ਤਰ੍ਹਾਂ ਤੂੰ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਲੀਨ ਰਹੇਂਗਾ।4। 4। |
Sri Guru Granth Darpan, by Professor Sahib Singh |