ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1334 ਪ੍ਰਭਾਤੀ ਮਹਲਾ ੩ ॥ ਗੁਰਮੁਖਿ ਹਰਿ ਜੀਉ ਸਦਾ ਧਿਆਵਹੁ ਜਬ ਲਗੁ ਜੀਅ ਪਰਾਨ ॥ ਗੁਰ ਸਬਦੀ ਮਨੁ ਨਿਰਮਲੁ ਹੋਆ ਚੂਕਾ ਮਨਿ ਅਭਿਮਾਨੁ ॥ ਸਫਲੁ ਜਨਮੁ ਤਿਸੁ ਪ੍ਰਾਨੀ ਕੇਰਾ ਹਰਿ ਕੈ ਨਾਮਿ ਸਮਾਨ ॥੧॥ ਮੇਰੇ ਮਨ ਗੁਰ ਕੀ ਸਿਖ ਸੁਣੀਜੈ ॥ ਹਰਿ ਕਾ ਨਾਮੁ ਸਦਾ ਸੁਖਦਾਤਾ ਸਹਜੇ ਹਰਿ ਰਸੁ ਪੀਜੈ ॥੧॥ ਰਹਾਉ ॥ ਮੂਲੁ ਪਛਾਣਨਿ ਤਿਨ ਨਿਜ ਘਰਿ ਵਾਸਾ ਸਹਜੇ ਹੀ ਸੁਖੁ ਹੋਈ ॥ ਗੁਰ ਕੈ ਸਬਦਿ ਕਮਲੁ ਪਰਗਾਸਿਆ ਹਉਮੈ ਦੁਰਮਤਿ ਖੋਈ ॥ ਸਭਨਾ ਮਹਿ ਏਕੋ ਸਚੁ ਵਰਤੈ ਵਿਰਲਾ ਬੂਝੈ ਕੋਈ ॥੨॥ ਗੁਰਮਤੀ ਮਨੁ ਨਿਰਮਲੁ ਹੋਆ ਅੰਮ੍ਰਿਤੁ ਤਤੁ ਵਖਾਨੈ ॥ ਹਰਿ ਕਾ ਨਾਮੁ ਸਦਾ ਮਨਿ ਵਸਿਆ ਵਿਚਿ ਮਨ ਹੀ ਮਨੁ ਮਾਨੈ ॥ ਸਦ ਬਲਿਹਾਰੀ ਗੁਰ ਅਪੁਨੇ ਵਿਟਹੁ ਜਿਤੁ ਆਤਮ ਰਾਮੁ ਪਛਾਨੈ ॥੩॥ ਮਾਨਸ ਜਨਮਿ ਸਤਿਗੁਰੂ ਨ ਸੇਵਿਆ ਬਿਰਥਾ ਜਨਮੁ ਗਵਾਇਆ ॥ ਨਦਰਿ ਕਰੇ ਤਾਂ ਸਤਿਗੁਰੁ ਮੇਲੇ ਸਹਜੇ ਸਹਜਿ ਸਮਾਇਆ ॥ ਨਾਨਕ ਨਾਮੁ ਮਿਲੈ ਵਡਿਆਈ ਪੂਰੈ ਭਾਗਿ ਧਿਆਇਆ ॥੪॥੫॥ {ਪੰਨਾ 1334} ਪਦ ਅਰਥ: ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਜਬ ਲਗੁ = ਜਦੋਂ ਤਕ। ਜੀਅ ਪਰਾਨ = ਜਿੰਦ ਹੈ ਤੇ ਸਾਹ ਆ ਰਹੇ ਹਨ। ਸਬਦੀ = ਸ਼ਬਦ ਦੀ ਰਾਹੀਂ। ਨਿਰਮਲੁ = ਪਵਿੱਤਰ। ਚੂਕਾ = ਮੁੱਕ ਜਾਂਦਾ ਹੈ। ਮਨਿ = ਮਨ ਵਿਚ। ਕੇਰਾ = ਦਾ। ਕੈ ਨਾਮਿ = ਦੇ ਨਾਮ ਵਿਚ। ਸਮਾਨ = ਸਮਾਇਆ ਰਹਿੰਦਾ ਹੈ।1। ਮਨ = ਹੇ ਮਨ! ਸਿਖ = ਸਿੱਖਿਆ। ਸੁਣੀਜੈ = ਸੁਣਨੀ ਚਾਹੀਦੀ ਹੈ। ਸਹਜੇ = ਆਤਮਕ ਅਡੋਲਤਾ ਵਿਚ। ਪੀਜੈ = ਪੀਣਾ ਚਾਹੀਦਾ ਹੈ।1। ਰਹਾਉ। ਮੂਲੁ = ਜਗਤ ਦਾ ਰਚਨਹਾਰ। ਨਿਜ ਘਰਿ = ਆਪਣੇ (ਅਸਲ) ਘਰ ਵਿਚ, ਪ੍ਰਭੂ-ਚਰਨਾਂ ਵਿਚ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਕਮਲੁ = ਹਿਰਦਾ, ਕੌਲ-ਫੁੱਲ। ਪਰਗਾਸਿਆ = ਖਿੜ ਪੈਂਦਾ ਹੈ। ਦੁਰਮਤਿ = ਖੋਟੀ। ਸਚੁ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਵਰਤੈ = ਕੰਮ ਕਰ ਰਿਹਾ ਹੈ, ਮੌਜੂਦ ਹੈ (vãq` = to exist) ।2। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ। ਵਖਾਨੈ = ਉਚਾਰਦਾ ਹੈ (ਇਕ-ਵਚਨ) । ਮਨਿ = ਮਨ ਵਿਚ। ਵਿਚਿ ਮਨ ਹੀ = ਮਨ ਵਿਚਿ ਹੀ, ਮਨ ਦੇ ਅੰਦਰ ਹੀ। ਮਾਨੈ = ਪਤੀਜਿਆ ਰਹਿੰਦਾ ਹੈ। ਸਦ = ਸਦਾ। ਵਿਟਹੁ = ਤੋਂ। ਜਿਤੁ = ਜਿਸ (ਗੁਰੁ) ਦੀ ਰਾਹੀਂ। ਆਤਮ ਰਾਮੁ = ਪਰਮਾਤਮਾ।3। ਜਨਮਿ = ਜਨਮ ਵਿਚ, ਜੀਵਨ ਵਿਚ। ਬਿਰਥਾ = ਵਿਅਰਥ (vãQw) । ਨਦਰਿ = ਮਿਹਰ ਦੀ ਨਿਗਾਹ। ਮੇਲੇ = ਮਿਲਾਂਦਾ ਹੈ। ਸਹਜੇ ਸਹਜਿ = ਹਰ ਵੇਲੇ ਆਤਮਕ ਅਡੋਲਤਾ ਵਿਚ। ਪੂਰੈ ਭਾਗਿ = ਵੱਡੀ ਕਿਸਮਤ ਨਾਲ।4। ਅਰਥ: ਹੇ ਮੇਰੇ ਮਨ! ਗੁਰੂ ਦਾ (ਇਹ) ਉਪਦੇਸ਼ (ਸਦਾ) ਸੁਣਦੇ ਰਹਿਣਾ ਚਾਹੀਦਾ ਹੈ (ਕਿ) ਪਰਮਾਤਮਾ ਦਾ ਨਾਮ ਸਦਾ ਸੁਖ ਦੇਣ ਵਾਲਾ ਹੈ (ਇਸ ਵਾਸਤੇ) ਆਤਮਕ ਅਡੋਲਤਾ ਵਿਚ (ਟਿਕ ਕੇ) ਪਰਮਾਤਮਾ ਦਾ ਨਾਮ-ਜਲ ਪੀਂਦੇ ਰਹਿਣਾ ਚਾਹੀਦਾ ਹੈ।1। ਰਹਾਉ। ਹੇ ਭਾਈ! ਜਦੋਂ ਤਕ ਜਿੰਦ ਕਾਇਮ ਹੈ ਤੇ ਸੁਆਸ ਆ ਰਹੇ ਹਨ ਗੁਰੂ ਦੀ ਸਰਨ ਪੈ ਕੇ ਸਦਾ ਪਰਮਾਤਮਾ ਦਾ ਨਾਮ ਸਿਮਰਦੇ ਰਹੋ। (ਜਿਹੜਾ ਮਨੁੱਖ ਨਾਮ ਸਿਮਰਦਾ ਹੈ, ਉਸ ਦਾ) ਮਨ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪਵਿੱਤਰ ਹੋ ਜਾਂਦਾ ਹੈ, ਉਸ ਦਾ ਮਨ ਵਿਚ (ਵੱਸਦਾ) ਅਹੰਕਾਰ ਮੁੱਕ ਜਾਂਦਾ ਹੈ। ਉਸ ਮਨੁੱਖ ਦਾ ਸਾਰਾ ਜੀਵਨ ਕਾਮਯਾਬ ਹੋ ਜਾਂਦਾ ਹੈ, ਉਹ ਮਨੁੱਖ (ਸਦਾ) ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ।1। ਹੇ ਭਾਈ! ਜਿਹੜੇ ਮਨੁੱਖ ਜਗਤ ਦੇ ਰਚਨਹਾਰ ਨਾਲ ਸਾਂਝ ਪਾਂਦੇ ਹਨ, ਉਹਨਾਂ ਦਾ ਨਿਵਾਸ ਪ੍ਰਭੂ-ਚਰਨਾਂ ਵਿਚ ਹੋਇਆ ਰਹਿੰਦਾ ਹੈ ਸਦਾ ਆਤਮਕ ਅਡੋਲਤਾ ਵਿਚ ਟਿਕੇ ਰਹਿਣ ਦੇ ਕਾਰਨ ਉਹਨਾਂ ਨੂੰ ਆਤਮਕ ਆਨੰਦ ਮਿਲਿਆ ਰਹਿੰਦਾ ਹੈ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਦਾ ਹਿਰਦਾ ਖਿੜਿਆ ਰਹਿੰਦਾ ਹੈ। (ਉਹਨਾਂ ਦੇ ਅੰਦਰੋਂ) ਹਉਮੈ ਵਾਲੀ ਖੋਟੀ ਮਤਿ ਨਾਸ ਹੋ ਜਾਂਦੀ ਹੈ। ਹੇ ਭਾਈ! (ਉਂਞ ਤਾਂ) ਸਭ ਜੀਵਾਂ ਵਿਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਮੌਜੂਦ ਹੈ, ਪਰ ਕੋਈ ਵਿਰਲਾ ਮਨੁੱਖ (ਗੁਰੂ ਦੇ ਸ਼ਬਦ ਦੀ ਰਾਹੀਂ ਇਹ ਗੱਲ) ਸਮਝਦਾ ਹੈ।2। ਹੇ ਭਾਈ! ਗੁਰੂ ਦੀ ਮਤਿ ਉਤੇ ਤੁਰ ਕੇ (ਜਿਸ ਮਨੁੱਖ ਦਾ) ਮਨ ਪਵਿੱਤਰ ਹੋ ਜਾਂਦਾ ਹੈ, ਉਹ ਮਨੁੱਖ ਜਗਤ ਦੇ ਅਸਲੇ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਜਪਦਾ ਰਹਿੰਦਾ ਹੈ। ਪਰਮਾਤਮਾ ਦਾ ਨਾਮ ਸਦਾ ਉਸ ਦੇ ਮਨ ਵਿਚ ਟਿਕਿਆ ਰਹਿੰਦਾ ਹੈ, ਉਸ ਦਾ ਮਨ ਆਪਣੇ ਅੰਦਰੋਂ ਹੀ ਪਤੀਜਿਆ ਰਹਿੰਦਾ ਹੈ। ਉਹ ਮਨੁੱਖ ਸਦਾ ਆਪਣੇ ਗੁਰੂ ਤੋਂ ਸਦਕੇ ਜਾਂਦਾ ਹੈ ਜਿਸ ਦੀ ਰਾਹੀਂ ਉਹ ਪਰਮਾਤਮਾ ਨਾਲ ਸਾਂਝ ਪਾ ਲੈਂਦਾ ਹੈ।3। ਹੇ ਭਾਈ! ਜਿਸ ਮਨੁੱਖ ਨੇ ਇਸ ਮਨੁੱਖਾ ਜੀਵਨ ਵਿਚ ਗੁਰੂ ਦੀ ਸਰਨ ਨਹੀਂ ਲਈ, ਉਸ ਨੇ ਆਪਣੀ ਜ਼ਿੰਦਗੀ ਵਿਅਰਥ ਗਵਾ ਲਈ। (ਪਰ ਜੀਵ ਦੇ ਭੀ ਕੀਹ ਵੱਸ?) ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ, ਉਸ ਨੂੰ ਗੁਰੂ ਮਿਲਾਂਦਾ ਹੈ, ਉਹ ਮਨੁੱਖ ਫਿਰ ਹਰ ਵੇਲੇ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ। ਹੇ ਨਾਨਕ! ਜਿਸ ਮਨੁੱਖ ਨੂੰ ਨਾਮ (ਜਪਣ ਦੀ) ਵਡਿਆਈ ਮਿਲ ਜਾਂਦੀ ਹੈ, ਉਹ ਵੱਡੀ ਕਿਸਮਤ ਨਾਲ ਨਾਮ ਸਿਮਰਦਾ ਰਹਿੰਦਾ ਹੈ।4।5। ਪ੍ਰਭਾਤੀ ਮਹਲਾ ੩ ॥ ਆਪੇ ਭਾਂਤਿ ਬਣਾਏ ਬਹੁ ਰੰਗੀ ਸਿਸਟਿ ਉਪਾਇ ਪ੍ਰਭਿ ਖੇਲੁ ਕੀਆ ॥ ਕਰਿ ਕਰਿ ਵੇਖੈ ਕਰੇ ਕਰਾਏ ਸਰਬ ਜੀਆ ਨੋ ਰਿਜਕੁ ਦੀਆ ॥੧॥ ਕਲੀ ਕਾਲ ਮਹਿ ਰਵਿਆ ਰਾਮੁ ॥ ਘਟਿ ਘਟਿ ਪੂਰਿ ਰਹਿਆ ਪ੍ਰਭੁ ਏਕੋ ਗੁਰਮੁਖਿ ਪਰਗਟੁ ਹਰਿ ਹਰਿ ਨਾਮੁ ॥੧॥ ਰਹਾਉ ॥ ਗੁਪਤਾ ਨਾਮੁ ਵਰਤੈ ਵਿਚਿ ਕਲਜੁਗਿ ਘਟਿ ਘਟਿ ਹਰਿ ਭਰਪੂਰਿ ਰਹਿਆ ॥ ਨਾਮੁ ਰਤਨੁ ਤਿਨਾ ਹਿਰਦੈ ਪ੍ਰਗਟਿਆ ਜੋ ਗੁਰ ਸਰਣਾਈ ਭਜਿ ਪਇਆ ॥੨॥ ਇੰਦ੍ਰੀ ਪੰਚ ਪੰਚੇ ਵਸਿ ਆਣੈ ਖਿਮਾ ਸੰਤੋਖੁ ਗੁਰਮਤਿ ਪਾਵੈ ॥ ਸੋ ਧਨੁ ਧਨੁ ਹਰਿ ਜਨੁ ਵਡ ਪੂਰਾ ਜੋ ਭੈ ਬੈਰਾਗਿ ਹਰਿ ਗੁਣ ਗਾਵੈ ॥੩॥ ਗੁਰ ਤੇ ਮੁਹੁ ਫੇਰੇ ਜੇ ਕੋਈ ਗੁਰ ਕਾ ਕਹਿਆ ਨ ਚਿਤਿ ਧਰੈ ॥ ਕਰਿ ਆਚਾਰ ਬਹੁ ਸੰਪਉ ਸੰਚੈ ਜੋ ਕਿਛੁ ਕਰੈ ਸੁ ਨਰਕਿ ਪਰੈ ॥੪॥ ਏਕੋ ਸਬਦੁ ਏਕੋ ਪ੍ਰਭੁ ਵਰਤੈ ਸਭ ਏਕਸੁ ਤੇ ਉਤਪਤਿ ਚਲੈ ॥ ਨਾਨਕ ਗੁਰਮੁਖਿ ਮੇਲਿ ਮਿਲਾਏ ਗੁਰਮੁਖਿ ਹਰਿ ਹਰਿ ਜਾਇ ਰਲੈ ॥੫॥੬॥ {ਪੰਨਾ 1334} ਪਦ ਅਰਥ: ਆਪੇ = (ਪ੍ਰਭੂ) ਆਪ ਹੀ। ਭਾਂਤਿ = ਅਨੇਕਾਂ ਕਿਸਮਾਂ ਦੀ। ਬਹੁ ਰੰਗੀ = ਅਨੇਕਾਂ ਰੰਗਾਂ ਦੀ। ਉਪਾਇ = ਪੈਦਾ ਕਰ ਕੇ। ਪ੍ਰਭਿ = ਪ੍ਰਭੂ ਨੇ। ਖੇਲੁ = ਜਗਤ-ਤਮਾਸ਼ਾ। ਕਰਿ = ਕਰ ਕੇ। ਕਰਿ ਕਰਿ = ('ਖੇਲੁ') ਰਚ ਰਚ ਕੇ। ਕਰਾਏ = (ਜੀਵਾਂ ਪਾਸੋਂ) ਕਰਾਂਦਾ ਹੈ।1। ਕਲੀ ਕਾਲ ਮਹਿ = ਇਸ ਜੀਵਨ-ਸਮੇ ਵਿਚ ਜੋ ਕਈ ਬਖੇੜਿਆਂ ਨਾਲ ਘਿਰਿਆ ਪਿਆ ਹੈ। ਕਲੀ = ਝਗੜੇ-ਕਲੇਸ਼। ਰਵਿਆ = ਸਿਮਰਿਆ। ਘਟਿ ਘਟਿ = ਹਰੇਕ ਸਰੀਰ ਵਿਚ। ਗੁਰਮੁਖਿ = ਗੁਰੂ ਦੀ ਰਾਹੀਂ।1। ਰਹਾਉ। ਗੁਪਤਾ = ਲੁਕਿਆ ਹੋਇਆ। ਵਿਚਿ = (ਹਰੇਕ ਜੀਵ ਦੇ) ਅੰਦਰ। ਕਲਜੁਗਿ = ਕਲਜੁਗ ਵਿਚ, ਬਖੇੜਿਆਂ-ਭਰੇ ਜੀਵਨ-ਸਮੇ ਵਿਚ। ਘਟਿ ਘਟਿ = ਹਰੇਕ ਘਟ ਵਿਚ। ਹਿਰਦੈ = ਹਿਰਦੇ ਵਿਚ। ਭਜਿ ਪਇਆ = ਛੇਤੀ ਜਾ ਪਿਆ।2। ਪੰਚੇ = ਪੰਜ ਹੀ। ਵਸਿ = ਵੱਸ ਵਿਚ। ਆਣੈ = ਲਿਆਉਂਦਾ ਹੈ। ਖਿਮਾ = ਕਿਸੇ ਦੀ ਵਧੀਕੀ ਨੂੰ ਸਹਾਰਨ ਦਾ ਸੁਭਾਉ। ਧਨੁ ਧਨੁ = ਧੰਨ ਧੰਨ, ਭਾਗਾਂ ਵਾਲਾ। ਭੈ = (ਪਰਮਾਤਮਾ ਦੇ) ਡਰ-ਅਦਬ ਵਿਚ (ਰਹਿ ਕੇ) । ਬੈਰਾਗਿ = (ਦੁਨੀਆ ਵਲੋਂ) ਉਪਰਾਮਤਾ ਵਿਚ।3। ਤੇ = ਤੋਂ। ਚਿਤਿ = (ਆਪਣੇ) ਚਿੱਤ ਵਿਚ। ਕਰਿ ਆਚਾਰ = (ਕਰਮ-ਕਾਂਡ ਦੇ) ਕਰਮ ਕਰ ਕੇ। ਸੰਪਉ = ਧਨ। ਸੰਚੈ = ਇਕੱਠਾ ਕਰਦਾ ਹੈ। ਨਰਕਿ = ਨਰਕ ਵਿਚ, ਦੁੱਖ ਵਿਚ। ਪਰੈ = ਪਿਆ ਰਹਿੰਦਾ ਹੈ।4। ਏਕੋ = ਇੱਕ ਹੀ। ਸਬਦੁ = (ਪਰਮਾਤਮਾ ਦਾ) ਹੁਕਮ। ਵਰਤੈ = ਚੱਲ ਰਿਹਾ ਹੈ। ਏਕਸੁ ਤੇ = ਇੱਕ ਪਰਮਾਤਮਾ ਤੋਂ ਹੀ। ਗੁਰਮੁਖਿ = ਗੁਰੂ ਦੀ ਰਾਹੀਂ।5। ਅਰਥ: ਹੇ ਭਾਈ! ਸਿਰਫ਼ ਪਰਮਾਤਮਾ ਹੀ ਹਰੇਕ ਘਟ ਵਿਚ ਵਿਆਪਕ ਹੈ, ਪਰ ਜਿਸ ਮਨੁੱਖ ਨੇ ਇਸ ਬਖੇੜਿਆਂ-ਭਰੇ ਜੀਵਨ-ਸਮੇ ਵਿਚ ਗੁਰੂ ਦੀ ਸਰਨ ਪੈ ਕੇ ਉਸ ਰਾਮ ਨੂੰ ਸਿਮਰਿਆ ਹੈ, ਉਸ ਦੇ ਅੰਦਰ ਉਸ ਦਾ ਨਾਮ ਪਰਗਟ ਹੋ ਜਾਂਦਾ ਹੈ (ਅਤੇ ਝਗੜੇ-ਬਖੇੜੇ ਉਸ ਉੱਤੇ ਜ਼ੋਰ ਨਹੀਂ ਪਾ ਸਕਦੇ) ।1। ਰਹਾਉ। ਹੇ ਭਾਈ! ਪ੍ਰਭੂ ਆਪ ਹੀ ਕਈ ਕਿਸਮਾਂ ਦੀ ਕਈ ਰੰਗਾਂ ਦੀ ਸ੍ਰਿਸ਼ਟੀ ਰਚਦਾ ਹੈ। ਸ੍ਰਿਸ਼ਟੀ ਰਚ ਕੇ ਪ੍ਰਭੂ ਨੇ ਆਪ ਹੀ ਇਹ ਜਗਤ-ਤਮਾਸ਼ਾ ਬਣਾਇਆ ਹੈ। (ਇਹ ਜਗਤ-ਤਮਾਸ਼ਾ) ਰਚ ਰਚ ਕੇ (ਆਪ ਹੀ ਇਸ ਦੀ) ਸੰਭਾਲ ਕਰਦਾ ਹੈ, (ਸਭ ਕੁਝ ਆਪ ਹੀ) ਕਰ ਰਿਹਾ ਹੈ (ਜੀਵਾਂ ਪਾਸੋਂ) ਕਰਾ ਰਿਹਾ ਹੈ। ਸਭ ਜੀਵਾਂ ਨੂੰ ਆਪ ਹੀ ਰਿਜ਼ਕ ਦੇਂਦਾ ਆ ਰਿਹਾ ਹੈ।1। ਹੇ ਭਾਈ! (ਹਰੇਕ ਸਰੀਰ ਵਿਚ) ਪਰਮਾਤਮਾ ਦਾ ਨਾਮ ਗੁਪਤ ਮੌਜੂਦ ਹੈ, ਬਖੇੜਿਆਂ-ਭਰੇ ਜੀਵਨ-ਸਮੇ ਵਿਚ (ਉਹ ਆਪ ਹੀ ਸਭ ਦੇ ਅੰਦਰ ਲੁਕਿਆ ਪਿਆ ਹੈ) । ਪ੍ਰਭੂ ਹਰੇਕ ਸਰੀਰ ਵਿਚ ਵਿਆਪਕ ਹੈ। (ਫਿਰ ਭੀ ਉਸ ਦਾ) ਸ੍ਰੇਸ਼ਟ ਨਾਮ ਉਹਨਾਂ ਮਨੁੱਖਾਂ ਦੇ ਹਿਰਦੇ ਵਿਚ (ਹੀ) ਪਰਗਟ ਹੁੰਦਾ ਹੈ, ਜਿਹੜੇ ਗੁਰੂ ਦੀ ਸਰਨ ਜਾ ਪੈਂਦੇ ਹਨ।2। ਹੇ ਭਾਈ! ਜਿਹੜਾ ਮਨੁੱਖ ਗੁਰੂ ਦੀ ਮਤਿ ਦੀ ਰਾਹੀਂ ਖਿਮਾ ਸੰਤੋਖ (ਆਦਿਕ ਗੁਣ) ਹਾਸਲ ਕਰ ਲੈਂਦਾ ਹੈ, ਜਿਹੜਾ ਮਨੁੱਖ ਡਰ-ਅਦਬ ਵਿਚ ਰਹਿ ਕੇ ਵੈਰਾਗ ਨਾਲ ਪਰਮਾਤਮਾ ਦੇ ਗੁਣ ਗਾਂਦਾ ਹੈ, ਉਹ ਮਨੁੱਖ ਭਾਗਾਂ ਵਾਲਾ ਹੈ, ਉਹ ਮਨੁੱਖ ਵੱਡਾ ਹੈ ਗੁਣਾਂ ਵਿਚ ਪੂਰਨ ਹੈ (ਇਹ ਜੋ ਬਲਵਾਨ) ਪੰਜ ਇੰਦ੍ਰੇ ਹਨ ਇਹਨਾਂ ਪੰਜਾਂ ਨੂੰ ਆਪਣੇ ਵੱਸ ਵਿਚ ਲੈ ਆਉਂਦਾ ਹੈ।3। ਪਰ, ਹੇ ਭਾਈ! ਜੇ ਕੋਈ ਮਨੁੱਖ ਗੁਰੂ ਵਲੋਂ ਮੂੰਹ ਪਰਤਾਈ ਰੱਖਦਾ ਹੈ, ਗੁਰੂ ਦਾ ਬਚਨ ਆਪਣੇ ਮਨ ਵਿਚ ਨਹੀਂ ਵਸਾਂਦਾ, (ਉਂਞ ਤੀਰਥ-ਜਾਤ੍ਰਾ ਆਦਿਕ ਮਿਥੇ ਹੋਏ) ਧਾਰਮਿਕ ਕਰਮ ਕਰ ਕੇ ਬਹੁਤ ਧਨ ਭੀ ਇਕੱਠਾ ਕਰ ਲੈਂਦਾ ਹੈ, (ਫਿਰ ਭੀ) ਉਹ ਜੋ ਕੁਝ ਕਰਦਾ ਹੈ (ਉਹ ਕਰਦਿਆਂ) ਨਰਕ ਵਿਚ ਹੀ ਪਿਆ ਰਹਿੰਦਾ ਹੈ (ਸਦਾ ਦੁੱਖੀ ਹੀ ਰਹਿੰਦਾ ਹੈ) ।4। ਹੇ ਭਾਈ! (ਜੀਵਾਂ ਦੇ ਭੀ ਕੀਹ ਵੱਸ?) ਇਕ ਪਰਮਾਤਮਾ ਹੀ (ਸਾਰੇ ਜਗਤ ਵਿਚ) ਮੌਜੂਦ ਹੈ, (ਪਰਮਾਤਮਾ ਦਾ ਹੀ) ਹੁਕਮ ਚੱਲ ਰਿਹਾ ਹੈ। ਇਕ ਪਰਮਾਤਮਾ ਤੋਂ ਹੀ ਸਾਰੀ ਸ੍ਰਿਸ਼ਟੀ ਦੀ ਕਾਰ ਚੱਲ ਰਹੀ ਹੈ। ਹੇ ਨਾਨਕ! ਗੁਰੂ ਦੀ ਸਰਨ ਪਾ ਕੇ ਪ੍ਰਭੂ ਆਪ ਹੀ ਜਿਸ ਜੀਵ ਨੂੰ ਆਪਣੇ ਨਾਲ ਮਿਲਾਂਦਾ ਹੈ, ਉਹ ਜੀਵ ਗੁਰੂ ਦੀ ਰਾਹੀਂ ਪਰਮਾਤਮਾ ਵਿਚ ਜਾ ਮਿਲਦਾ ਹੈ।5।6। |
Sri Guru Granth Darpan, by Professor Sahib Singh |