ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1335 ਪ੍ਰਭਾਤੀ ਮਹਲਾ ੩ ॥ ਮੇਰੇ ਮਨ ਗੁਰੁ ਅਪਣਾ ਸਾਲਾਹਿ ॥ ਪੂਰਾ ਭਾਗੁ ਹੋਵੈ ਮੁਖਿ ਮਸਤਕਿ ਸਦਾ ਹਰਿ ਕੇ ਗੁਣ ਗਾਹਿ ॥੧॥ ਰਹਾਉ ॥ ਅੰਮ੍ਰਿਤ ਨਾਮੁ ਭੋਜਨੁ ਹਰਿ ਦੇਇ ॥ ਕੋਟਿ ਮਧੇ ਕੋਈ ਵਿਰਲਾ ਲੇਇ ॥ ਜਿਸ ਨੋ ਅਪਣੀ ਨਦਰਿ ਕਰੇਇ ॥੧॥ ਗੁਰ ਕੇ ਚਰਣ ਮਨ ਮਾਹਿ ਵਸਾਇ ॥ ਦੁਖੁ ਅਨ੍ਹ੍ਹੇਰਾ ਅੰਦਰਹੁ ਜਾਇ ॥ ਆਪੇ ਸਾਚਾ ਲਏ ਮਿਲਾਇ ॥੨॥ ਗੁਰ ਕੀ ਬਾਣੀ ਸਿਉ ਲਾਇ ਪਿਆਰੁ ॥ ਐਥੈ ਓਥੈ ਏਹੁ ਅਧਾਰੁ ॥ ਆਪੇ ਦੇਵੈ ਸਿਰਜਨਹਾਰੁ ॥੩॥ ਸਚਾ ਮਨਾਏ ਅਪਣਾ ਭਾਣਾ ॥ ਸੋਈ ਭਗਤੁ ਸੁਘੜੁ ਸੋੁਜਾਣਾ ॥ ਨਾਨਕੁ ਤਿਸ ਕੈ ਸਦ ਕੁਰਬਾਣਾ ॥੪॥੭॥੧੭॥੭॥੨੪॥ {ਪੰਨਾ 1335} ਪਦ ਅਰਥ: ਮਨ = ਹੇ ਮਨ! ਸਾਲਾਹਿ = ਵਡਿਆਇਆ ਕਰ। ਭਾਗੁ = ਕਿਸਮਤ। ਮੁਖਿ = ਮੂੰਹ ਉੱਤੇ। ਮਸਤਕਿ = ਮੱਥੇ ਉੱਤੇ। ਗਾਹਿ = ਚੁੱਭੀ ਲਾਇਆ ਕਰ। ਗੁਣ ਗਾਹਿ = ਗੁਣਾਂ ਵਿਚ ਚੁੱਭੀ ਲਾਇਆ ਕਰ।1। ਰਹਾਉ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਦੇਇ = ਦੇਂਦਾ ਹੈ। ਕੋਟਿ ਮਧੇ = ਕ੍ਰੋੜਾਂ ਵਿਚੋਂ। ਲੇਇ = ਲੈਂਦਾ ਹੈ। ਜਿਸ ਨੋ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ) । ਨਦਰਿ = ਮਿਹਰ ਦੀ ਨਿਗਾਹ। ਕਰੇਇ = ਕਰਦਾ ਹੈ।1। ਵਸਾਇ = ਵਸਾਈ ਰੱਖ। ਜਾਇ = ਦੂਰ ਹੋ ਜਾਂਦਾ ਹੈ। ਅਨ੍ਹ੍ਹੇਰਾ = ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਹਨੇਰਾ। ਆਪੇ = ਆਪ ਹੀ। ਸਾਚਾ = ਸਦਾ ਕਾਇਮ ਰਹਿਣ ਵਾਲਾ ਪ੍ਰਭੂ।2। ਸਿਉ = ਨਾਲ। ਐਥੈ = ਇਸ ਲੋਕ ਵਿਚ। ਓਥੇ = ਪਰਲੋਕ ਵਿਚ। ਅਧਾਰੁ = (ਜ਼ਿੰਦਗੀ ਦਾ) ਆਸਰਾ।3। ਭਾਣਾ = ਰਜ਼ਾ, ਮਰਜ਼ੀ। ਮਨਾਏ = ਮੰਨਣ ਲਈ ਮਦਦ ਕਰਦਾ ਹੈ। ਸੁਘੜੁ = ਸੋਹਣੀ ਮਾਨਸਕ ਘਾੜਤ ਵਾਲਾ, ਸੁਚੱਜਾ। ਸੋੁਜਾਣਾ = (ਅੱਖਰ 'ਸ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ 'ਸੁਜਾਣਾ' ਹੈ, ਇਥੇ 'ਸੋਜਾਣਾ' ਪੜ੍ਹਨਾ ਹੈ) ਸਿਆਣਾ। ਤਿਸ ਕੈ = (ਸੰਬੰਧਕ 'ਕੈ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ) ਉਸ ਤੋਂ। ਸਦ = ਸਦਾ।4। ਅਰਥ: ਹੇ ਮੇਰੇ ਮਨ! (ਸਦਾ) ਆਪਣੇ ਗੁਰੂ ਦੀ ਸੋਭਾ ਕਰਿਆ ਕਰ, (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਗੁਣਾਂ ਵਿਚ ਚੁੱਭੀ ਲਾਇਆ ਕਰ। ਤੇਰੇ ਮੱਥੇ ਉੱਤੇ ਪੂਰੀ ਕਿਸਮਤ ਜਾਗ ਪਵੇਗੀ।1। ਰਹਾਉ। ਹੇ ਭਾਈ! ਜਿਸ ਮਨੁੱਖ ਉਤੇ ਪਰਮਾਤਮਾ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ, (ਉਸ ਨੂੰ ਉਸ ਦੀ ਜਿੰਦ ਵਾਸਤੇ) ਖ਼ੁਰਾਕ (ਆਪਣਾ) ਆਤਮਕ ਜੀਵਨ ਦੇਣ ਵਾਲਾ ਨਾਮ ਬਖ਼ਸ਼ਦਾ ਹੈ, (ਪਰ) ਕ੍ਰੋੜਾਂ ਵਿਚੋਂ ਕੋਈ ਵਿਰਲਾ ਮਨੁੱਖ ਹੀ (ਇਹ ਦਾਤਿ) ਹਾਸਲ ਕਰਦਾ ਹੈ।1। ਹੇ ਭਾਈ! ਗੁਰੂ ਦੇ (ਸੋਹਣੇ) ਚਰਨ (ਆਪਣੇ) ਮਨ ਵਿਚ ਟਿਕਾਈ ਰੱਖ (ਇਸ ਤਰ੍ਹਾਂ) ਮਨ ਵਿਚੋਂ (ਹਰੇਕ) ਦੁੱਖ ਦੂਰ ਹੋ ਜਾਂਦਾ ਹੈ, (ਆਤਮਕ ਜੀਵਨ ਵਲੋਂ) ਬੇ-ਸਮਝੀ ਦਾ ਹਨੇਰਾ ਹਟ ਜਾਂਦਾ ਹੈ (ਅਤੇ) ਸਦਾ ਕਾਇਮ ਰਹਿਣ ਵਾਲਾ ਆਪ ਹੀ (ਜੀਵ ਨੂੰ ਆਪਣੇ ਨਾਲ) ਮਿਲਾ ਲੈਂਦਾ ਹੈ।2। ਹੇ ਭਾਈ! ਸਤਿਗੁਰੂ ਦੀ ਬਾਣੀ ਨਾਲ ਪਿਆਰ ਜੋੜ। (ਇਹ ਬਾਣੀ ਹੀ) ਇਸ ਲੋਕ ਅਤੇ ਪਰਲੋਕ ਵਿਚ (ਜ਼ਿੰਦਗੀ ਦਾ) ਆਸਰਾ ਹੈ (ਪਰ ਇਹ ਦਾਤਿ) ਜਗਤ ਨੂੰ ਪੈਦਾ ਕਰਨ ਵਾਲਾ ਪ੍ਰਭੂ ਆਪ ਹੀ ਦੇਂਦਾ ਹੈ।3। ਹੇ ਭਾਈ! ਸਦਾ-ਥਿਰ ਰਹਿਣ ਵਾਲਾ ਪਰਮਾਤਮਾ (ਗੁਰੂ ਦੀ ਸਰਨ ਪਾ ਕੇ) ਆਪਣੀ ਰਜ਼ਾ ਮਿੱਠੀ ਕਰ ਕੇ ਮੰਨਣ ਲਈ (ਮਨੁੱਖ ਦੀ) ਸਹਾਇਤਾ ਕਰਦਾ ਹੈ। (ਜਿਹੜਾ ਮਨੁੱਖ ਰਜ਼ਾ ਨੂੰ ਮੰਨ ਲੈਂਦਾ ਹੈ) ਉਹੀ ਹੈ ਸੋਹਣਾ ਸੁਚੱਜਾ ਸਿਆਣਾ ਭਗਤ। (ਅਜਿਹੇ ਮਨੁੱਖ ਤੋਂ) ਨਾਨਕ ਸਦਾ ਸਦਕੇ ਜਾਂਦਾ ਹੈ।4।7। 17।7। 24। ਵੇਰਵਾ ਅੰਕਾਂ ਦਾ ਪ੍ਰਭਾਤੀ ਮਹਲਾ ੪ ਬਿਭਾਸ ੴ ਸਤਿਗੁਰ ਪ੍ਰਸਾਦਿ ॥ ਰਸਕਿ ਰਸਕਿ ਗੁਨ ਗਾਵਹ ਗੁਰਮਤਿ ਲਿਵ ਉਨਮਨਿ ਨਾਮਿ ਲਗਾਨ ॥ ਅੰਮ੍ਰਿਤੁ ਰਸੁ ਪੀਆ ਗੁਰ ਸਬਦੀ ਹਮ ਨਾਮ ਵਿਟਹੁ ਕੁਰਬਾਨ ॥੧॥ ਹਮਰੇ ਜਗਜੀਵਨ ਹਰਿ ਪ੍ਰਾਨ ॥ ਹਰਿ ਊਤਮੁ ਰਿਦ ਅੰਤਰਿ ਭਾਇਓ ਗੁਰਿ ਮੰਤੁ ਦੀਓ ਹਰਿ ਕਾਨ ॥੧॥ ਰਹਾਉ ॥ ਆਵਹੁ ਸੰਤ ਮਿਲਹੁ ਮੇਰੇ ਭਾਈ ਮਿਲਿ ਹਰਿ ਹਰਿ ਨਾਮੁ ਵਖਾਨ ॥ ਕਿਤੁ ਬਿਧਿ ਕਿਉ ਪਾਈਐ ਪ੍ਰਭੁ ਅਪੁਨਾ ਮੋ ਕਉ ਕਰਹੁ ਉਪਦੇਸੁ ਹਰਿ ਦਾਨ ॥੨॥ ਸਤਸੰਗਤਿ ਮਹਿ ਹਰਿ ਹਰਿ ਵਸਿਆ ਮਿਲਿ ਸੰਗਤਿ ਹਰਿ ਗੁਨ ਜਾਨ ॥ ਵਡੈ ਭਾਗਿ ਸਤਸੰਗਤਿ ਪਾਈ ਗੁਰੁ ਸਤਿਗੁਰੁ ਪਰਸਿ ਭਗਵਾਨ ॥੩॥ ਗੁਨ ਗਾਵਹ ਪ੍ਰਭ ਅਗਮ ਠਾਕੁਰ ਕੇ ਗੁਨ ਗਾਇ ਰਹੇ ਹੈਰਾਨ ॥ ਜਨ ਨਾਨਕ ਕਉ ਗੁਰਿ ਕਿਰਪਾ ਧਾਰੀ ਹਰਿ ਨਾਮੁ ਦੀਓ ਖਿਨ ਦਾਨ ॥੪॥੧॥ {ਪੰਨਾ 1335} ਪਦ ਅਰਥ: ਰਸਕਿ = ਸੁਆਦ ਨਾਲ। ਰਸਕਿ ਰਸਕਿ = ਮੁੜ ਮੁੜ ਸੁਆਦ ਨਾਲ। ਗਾਵਹ = ਆਓ ਅਸੀਂ ਗਾਇਆ ਕਰੀਏ। ਉਨਮਨਿ = ਉਨਮਨ ਵਿਚ, (ਪ੍ਰਭੂ-ਮਿਲਾਪ ਦੀ) ਤਾਂਘ ਵਿਚ। ਨਾਮਿ = ਨਾਮ ਵਿਚ। ਲਗਾਨ = ਲੱਗ ਜਾਂਦੀ ਹੈ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਵਿਟਹੁ = ਤੋਂ।1। ਜਗਜੀਵਨ ਹਰਿ = ਜਗਤ ਦੇ ਜੀਵਨ ਪ੍ਰਭੂ ਜੀ। ਪ੍ਰਾਨ = ਜਿੰਦ-ਜਾਨ। ਰਿਦ = ਹਿਰਦਾ। ਭਾਇਓ = ਪਿਆਰਾ ਲੱਗ ਪੈਂਦਾ ਹੈ। ਗੁਰਿ = ਗੁਰੂ ਨੇ। ਮੰਤੁ = ਉਪਦੇਸ਼। ਕਾਨ = ਕੰਨਾਂ ਵਿਚ।1। ਰਹਾਉ। ਸੰਤ = ਹੇ ਸੰਤ ਜਨੋ! ਭਾਈ = ਹੇ ਭਰਾਵੋ! ਮਿਲਿ = ਮਿਲ ਕੇ। ਵਖਾਨ = ਉਚਾਰੀਏ। ਕਿਤੁ = ਕਿਸ ਦੀ ਰਾਹੀਂ? ਕਿਤੁ ਬਿਧਿ = ਕਿਸ ਵਿਧੀ ਨਾਲ? ਕਿਉ = ਕਿਵੇਂ? ਮੋ ਕਉ = ਮੈਨੂੰ।2। ਹਰਿ ਗੁਨ ਜਾਨ = ਪ੍ਰਭੂ ਦੇ ਗੁਣਾਂ ਨਾਲ ਸਾਂਝ ਬਣਦੀ ਹੈ। ਭਾਗਿ = ਕਿਸਮਤ ਨਾਲ। ਪਰਸਿ = ਛੂਹ ਕੇ।3। ਗਾਵਹ = ਆਓ ਅਸੀਂ ਗਾਵੀਏ। ਅਗਮ = ਅਪਹੁੰਚ। ਗਾਇ = ਗਾ ਕੇ। ਹੈਰਾਨ = ਵਿਸਮਾਦ ਅਵਸਥਾ ਵਿਚ। ਗੁਰਿ = ਗੁਰੂ ਨੇ।4। ਅਰਥ: ਹੇ ਭਾਈ! ਜਗਤ ਦੇ ਜੀਵਨ ਪ੍ਰਭੂ ਜੀ ਹੀ ਅਸਾਂ ਜੀਵਾਂ ਦੀ ਜਿੰਦ-ਜਾਨ ਹਨ (ਫਿਰ ਭੀ ਅਸਾਂ ਜੀਵਾਂ ਨੂੰ ਇਹ ਸਮਝ ਨਹੀਂ ਆਉਂਦੀ) । (ਜਿਸ ਮਨੁੱਖ ਦੇ) ਕੰਨਾਂ ਵਿਚ ਗੁਰੂ ਨੇ ਹਰਿ-ਨਾਮ ਦਾ ਉਪਦੇਸ਼ ਦੇ ਦਿੱਤਾ, ਉਸ ਮਨੁੱਖ ਨੂੰ ਉੱਤਮ ਹਰੀ (ਆਪਣੇ) ਹਿਰਦੇ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ।1। ਰਹਾਉ। ਹੇ ਭਾਈ! ਗੁਰੂ ਦੀ ਮਤਿ ਉਤੇ ਤੁਰ ਕੇ, ਆਓ ਅਸੀਂ ਮੁੜ ਮੁੜ ਸੁਆਦ ਨਾਲ ਪਰਮਾਤਮਾ ਦੇ ਗੁਣ ਗਾਵਿਆ ਕਰੀਏ, (ਇਸ ਤਰ੍ਹਾਂ) ਪਰਮਾਤਮਾ ਦੇ ਨਾਮ ਵਿਚ ਲਗਨ ਲੱਗ ਜਾਂਦੀ ਹੈ (ਪ੍ਰਭੂ-ਮਿਲਾਪ ਦੀ) ਤਾਂਘ ਵਿਚ ਸੁਰਤਿ ਟਿਕੀ ਰਹਿੰਦੀ ਹੈ। ਹੇ ਭਾਈ! ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਤਾ ਜਾ ਸਕਦਾ ਹੈ। ਹੇ ਭਾਈ! ਮੈਂ ਤਾਂ ਪਰਮਾਤਮਾ ਦੇ ਨਾਮ ਤੋਂ ਸਦਕੇ ਜਾਂਦਾ ਹਾਂ।1। ਹੇ ਸੰਤ ਜਨੋ! ਹੇ ਮੇਰੇ ਭਰਾਵੋ! ਆਓ, ਮਿਲ ਬੈਠੋ। ਮਿਲ ਕੇ ਪਰਮਾਤਮਾ ਦਾ ਨਾਮ ਜਪੀਏ। ਹੇ ਸੰਤ ਜਨੋ! ਪ੍ਰਭੂ-ਮਿਲਾਪ ਦਾ ਉਪਦੇਸ ਮੈਨੂੰ ਦਾਨ ਵਜੋਂ ਦੇਵੋ (ਮੈਨੂੰ ਦੱਸੋ ਕਿ) ਪਿਆਰਾ ਪ੍ਰਭੂ ਕਿਵੇਂ ਕਿਸ ਤਰੀਕੇ ਨਾਲ ਮਿਲ ਸਕਦਾ ਹੈ।2। ਹੇ ਭਾਈ! ਪਰਮਾਤਮਾ ਸਾਧ ਸੰਗਤਿ ਵਿਚ ਸਦਾ ਵੱਸਦਾ ਹੈ। ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੇ ਗੁਣਾਂ ਦੀ ਸਾਂਝ ਪੈ ਸਕਦੀ ਹੈ। ਜਿਸ ਨੂੰ ਵੱਡੀ ਕਿਸਮਤ ਨਾਲ ਸਾਧ ਸੰਗਤਿ ਪ੍ਰਾਪਤ ਹੋ ਗਈ, ਉਸ ਨੇ ਗੁਰੂ ਸਤਿਗੁਰੂ (ਦੇ ਚਰਨ) ਛੁਹ ਕੇ ਭਗਵਾਨ (ਦਾ ਮਿਲਾਪ ਹਾਸਲ ਕਰ ਲਿਆ) ।3। ਹੇ ਭਾਈ! ਆਓ, ਅਪਹੁੰਚ ਠਾਕੁਰ ਪ੍ਰਭੂ ਦੇ ਗੁਣ ਗਾਵਿਆ ਕਰੀਏ। ਉਸ ਦੇ ਗੁਣ ਗਾ ਗਾ ਕੇ (ਉਸ ਦੀ ਵਡਿਆਈ ਅੱਖਾਂ ਸਾਹਮਣੇ ਲਿਆ ਲਿਆ ਕੇ) ਹੈਰਤ ਵਿਚ ਗੁੰਮ ਹੋ ਜਾਈਦਾ ਹੈ। ਹੇ ਨਾਨਕ! ਜਿਸ ਦਾਸ ਉੱਤੇ ਗੁਰੂ ਨੇ ਮਿਹਰ ਕੀਤੀ, ਉਸ ਨੂੰ (ਗੁਰੂ ਨੇ) ਇਕ ਖਿਨ ਵਿਚ ਪਰਮਾਤਮਾ ਦਾ ਨਾਮ ਦਾਨ ਦੇ ਦਿੱਤਾ।4।1। ਪ੍ਰਭਾਤੀ ਮਹਲਾ ੪ ॥ ਉਗਵੈ ਸੂਰੁ ਗੁਰਮੁਖਿ ਹਰਿ ਬੋਲਹਿ ਸਭ ਰੈਨਿ ਸਮ੍ਹ੍ਹਾਲਹਿ ਹਰਿ ਗਾਲ ॥ ਹਮਰੈ ਪ੍ਰਭਿ ਹਮ ਲੋਚ ਲਗਾਈ ਹਮ ਕਰਹ ਪ੍ਰਭੂ ਹਰਿ ਭਾਲ ॥੧॥ ਮੇਰਾ ਮਨੁ ਸਾਧੂ ਧੂਰਿ ਰਵਾਲ ॥ ਹਰਿ ਹਰਿ ਨਾਮੁ ਦ੍ਰਿੜਾਇਓ ਗੁਰਿ ਮੀਠਾ ਗੁਰ ਪਗ ਝਾਰਹ ਹਮ ਬਾਲ ॥੧॥ ਰਹਾਉ ॥ ਸਾਕਤ ਕਉ ਦਿਨੁ ਰੈਨਿ ਅੰਧਾਰੀ ਮੋਹਿ ਫਾਥੇ ਮਾਇਆ ਜਾਲ ॥ ਖਿਨੁ ਪਲੁ ਹਰਿ ਪ੍ਰਭੁ ਰਿਦੈ ਨ ਵਸਿਓ ਰਿਨਿ ਬਾਧੇ ਬਹੁ ਬਿਧਿ ਬਾਲ ॥੨॥ ਸਤਸੰਗਤਿ ਮਿਲਿ ਮਤਿ ਬੁਧਿ ਪਾਈ ਹਉ ਛੂਟੇ ਮਮਤਾ ਜਾਲ ॥ ਹਰਿ ਨਾਮਾ ਹਰਿ ਮੀਠ ਲਗਾਨਾ ਗੁਰਿ ਕੀਏ ਸਬਦਿ ਨਿਹਾਲ ॥੩॥ ਹਮ ਬਾਰਿਕ ਗੁਰ ਅਗਮ ਗੁਸਾਈ ਗੁਰ ਕਰਿ ਕਿਰਪਾ ਪ੍ਰਤਿਪਾਲ ॥ ਬਿਖੁ ਭਉਜਲ ਡੁਬਦੇ ਕਾਢਿ ਲੇਹੁ ਪ੍ਰਭ ਗੁਰ ਨਾਨਕ ਬਾਲ ਗੁਪਾਲ ॥੪॥੨॥ {ਪੰਨਾ 1335} ਪਦ ਅਰਥ: ਸੂਰੁ = ਸੂਰਜ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਬੋਲਹਿ = ਬੋਲਦੇ ਹਨ। ਰੈਨਿ = ਰਾਤ। ਸਮ੍ਹ੍ਹਾਲਹਿ = ਸੰਭਾਲਦੇ ਹਨ, ਚੇਤੇ ਕਰਦੇ ਹਨ। ਹਰਿ ਗਾਲ = ਹਰੀ ਦੀਆਂ (ਸਿਫ਼ਤਿ-ਸਾਲਾਹ ਦੀਆਂ) ਗੱਲਾਂ। ਹਮਰੈ ਪ੍ਰਭਿ = ਅਸਾਡੇ ਪ੍ਰਭੂ ਨੇ, ਮੇਰੇ ਪ੍ਰਭੂ ਨੇ। ਲੋਚ = ਤਾਂਘ। ਹਮ = ਮੈਨੂੰ, ਅਸਾਨੂੰ। ਹਮ ਕਰਹ = ਅਸੀਂ ਕਰਦੇ ਹਾਂ, ਮੈਂ ਕਰਦਾ ਹਾਂ। ਭਾਲ = ਢੂੰਢ।1। ਸਾਧੂ = ਗੁਰੂ। ਰਵਾਲ = ਚਰਨ-ਧੂੜ। ਦ੍ਰਿੜਾਇਓ = ਹਿਰਦੇ ਵਿਚ ਪੱਕਾ ਕੀਤਾ ਹੈ। ਗੁਰਿ = ਗੁਰੂ ਨੇ। ਗੁਰ ਪਗ = ਗੁਰੂ ਦੇ ਪੈਰ। ਝਾਰਹ ਹਮ = ਅਸੀਂ ਝਾੜਦੇ ਹਾਂ। ਬਾਲ = ਕੇਸਾਂ ਨਾਲ।1। ਰਹਾਉ। ਸਾਕਤ ਕਉ = ਸਾਕਤਾਂ ਨੂੰ, ਪ੍ਰਭੂ ਤੋਂ ਟੁੱਟੇ ਹੋਏ ਬੰਦਿਆਂ ਨੂੰ। ਅੰਧਾਰੀ = ਹਨੇਰੀ। ਮੋਹਿ = ਮੋਹ ਵਿਚ। ਜਾਲ = ਫਾਹੀਆਂ। ਰਿਦੈ = ਹਿਰਦੇ ਵਿਚ। ਰਿਨਿ = ਕਰਜ਼ੇ ਨਾਲ (ਰਿਨ = ਕਰਜ਼ਾ) । ਬਾਲ ਬਾਧੇ = ਵਾਲ ਵਾਲ ਬੱਝੇ ਰਹਿੰਦੇ ਹਨ।2। ਮਿਲਿ = ਮਿਲ ਕੇ। ਹਉ = ਹਉਮੈ। ਮਮਤਾ ਜਾਲ = ਅਪਣੱਤ ਦੀਆਂ ਫਾਹੀਆਂ। ਗੁਰਿ = ਗੁਰੂ ਨੇ। ਸਬਦਿ = ਸ਼ਬਦ ਦੀ ਰਾਹੀਂ। ਨਿਹਾਲ = ਪ੍ਰਸੰਨ, ਸ਼ਾਂਤ।3। ਹਮ = ਅਸੀਂ ਜੀਵ। ਬਾਰਿਕ = ਬੱਚੇ। ਗੁਰ = ਵੱਡਾ। ਅਗਮ = ਅਪਹੁੰਚ। ਗੁਸਾਈ = ਧਰਤੀ ਦਾ ਖਸਮ (ਗੋ = ਧਰਤੀ। ਸਾਂਈ = ਖਸਮ) । ਗੁਰ = ਹੇ ਗੁਰੂ! ਪ੍ਰਤਿਪਾਲ = ਰੱਖਿਆ ਕਰ। ਬਿਖੁ = ਆਤਮਕ ਮੌਤ ਲਿਆਉਣ ਵਾਲੀ ਜ਼ਹਿਰ। ਭਉਜਲ = ਸੰਸਾਰ-ਸਮੁੰਦਰ। ਪ੍ਰਭ = ਹੇ ਪ੍ਰਭੂ! ਗੁਪਾਲ = ਹੇ ਗੁਪਾਲ! ਹੇ ਸ੍ਰਿਸ਼ਟੀ ਦੇ ਰਾਖੇ!।4। ਅਰਥ: ਹੇ ਭਾਈ! ਗੁਰੂ ਨੇ ਪਰਮਾਤਮਾ ਦਾ ਮਿੱਠਾ ਨਾਮ ਮੇਰੇ ਹਿਰਦੇ ਵਿਚ ਪੱਕਾ ਕਰ ਦਿੱਤਾ ਹੈ। ਮੈਂ (ਆਪਣੇ) ਕੇਸਾਂ ਨਾਲ ਗੁਰੂ ਦੇ ਚਰਨ ਝਾੜਦਾ ਹਾਂ। ਮੇਰਾ ਮਨ ਗੁਰੂ ਦੇ ਚਰਨਾਂ ਦੀ ਧੂੜ ਹੋਇਆ ਰਹਿੰਦਾ ਹੈ।1। ਰਹਾਉ। ਹੇ ਭਾਈ! (ਜਦੋਂ) ਸੂਰਜ ਚੜ੍ਹਦਾ ਹੈ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪਰਮਾਤਮਾ ਦਾ ਨਾਮ ਜਪਣ ਲੱਗ ਪੈਂਦੇ ਹਨ, ਸਾਰੀ ਰਾਤ ਭੀ ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਹੀ ਕਰਦੇ ਹਨ। ਮੇਰੇ ਪ੍ਰਭੂ ਨੇ ਮੇਰੇ ਅੰਦਰ ਭੀ ਇਹ ਲਗਨ ਪੈਦਾ ਕਰ ਦਿੱਤੀ ਹੈ, (ਇਸ ਵਾਸਤੇ) ਮੈਂ ਭੀ ਪ੍ਰਭੂ ਦੀ ਢੂੰਢ ਕਰਦਾ ਰਹਿੰਦਾ ਹਾਂ।1। ਹੇ ਭਾਈ! ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਵਾਸਤੇ (ਸਾਰਾ) ਦਿਨ (ਸਾਰੀ) ਰਾਤ ਘੁੱਪ ਹਨੇਰਾ ਹੁੰਦੀ ਹੈ, (ਕਿਉਂਕਿ ਉਹ) ਮਾਇਆ ਦੇ ਮੋਹ ਵਿਚ, ਮਾਇਆ (ਦੇ ਮੋਹ) ਦੀਆਂ ਫਾਹੀਆਂ ਵਿਚ ਫਸੇ ਰਹਿੰਦੇ ਹਨ। ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਇਕ ਖਿਨ ਭਰ ਭੀ ਇਕ ਪਲ ਭਰ ਭੀ ਨਹੀਂ ਵੱਸਦਾ। ਉਹ ਕਈ ਤਰੀਕਿਆਂ ਨਾਲ (ਵਿਕਾਰਾਂ ਦੇ) ਕਰਜ਼ੇ ਵਿਚ ਵਾਲ ਵਾਲ ਬੱਝੇ ਰਹਿੰਦੇ ਹਨ।2। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਸਾਧ ਸੰਗਤਿ ਵਿਚ ਮਿਲ ਕੇ (ਉੱਚੀ) ਮਤਿ (ਉੱਚੀ) ਅਕਲ ਪ੍ਰਾਪਤ ਕਰ ਲਈ, (ਉਹਨਾਂ ਦੇ ਅੰਦਰੋਂ) ਹਉਮੈ ਮੁੱਕ ਜਾਂਦੀ ਹੈ, ਮਾਇਆ ਦੇ ਮੋਹ ਦੀਆਂ ਫਾਹੀਆਂ ਟੁੱਟ ਜਾਂਦੀਆਂ ਹਨ। ਉਹਨਾਂ ਨੂੰ ਪ੍ਰਭੂ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ। ਗੁਰੂ ਨੇ (ਉਹਨਾਂ ਨੂੰ ਆਪਣੇ) ਸ਼ਬਦ ਦੀ ਬਰਕਤਿ ਨਾਲ ਨਿਹਾਲ ਕਰ ਦਿੱਤਾ ਹੁੰਦਾ ਹੈ।3। ਹੇ ਗੁਰੂ! ਹੇ ਅਪਹੁੰਚ ਮਾਲਕ! ਅਸੀਂ ਜੀਵ ਤੇਰੇ (ਅੰਞਾਣ) ਬੱਚੇ ਹਾਂ। ਹੇ ਗੁਰੂ ਮਿਹਰ ਕਰ, ਸਾਡੀ ਰੱਖਿਆ ਕਰ। ਹੇ ਨਾਨਕ! (ਆਖ-) ਹੇ ਗੁਰੂ! ਹੇ ਪ੍ਰਭੂ! ਹੇ ਧਰਤੀ ਦੇ ਰਾਖੇ! ਅਸੀਂ ਤੇਰੇ (ਅੰਞਾਣ) ਬੱਚੇ ਹਾਂ, ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਮੋਹ ਦੇ ਸਮੁੰਦਰ ਵਿਚ ਡੁੱਬਦਿਆਂ ਨੂੰ ਸਾਨੂੰ ਬਚਾ ਲੈ।4।2। |
Sri Guru Granth Darpan, by Professor Sahib Singh |