ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1336 ਪ੍ਰਭਾਤੀ ਮਹਲਾ ੪ ॥ ਇਕੁ ਖਿਨੁ ਹਰਿ ਪ੍ਰਭਿ ਕਿਰਪਾ ਧਾਰੀ ਗੁਨ ਗਾਏ ਰਸਕ ਰਸੀਕ ॥ ਗਾਵਤ ਸੁਨਤ ਦੋਊ ਭਏ ਮੁਕਤੇ ਜਿਨਾ ਗੁਰਮੁਖਿ ਖਿਨੁ ਹਰਿ ਪੀਕ ॥੧॥ ਮੇਰੈ ਮਨਿ ਹਰਿ ਹਰਿ ਰਾਮ ਨਾਮੁ ਰਸੁ ਟੀਕ ॥ ਗੁਰਮੁਖਿ ਨਾਮੁ ਸੀਤਲ ਜਲੁ ਪਾਇਆ ਹਰਿ ਹਰਿ ਨਾਮੁ ਪੀਆ ਰਸੁ ਝੀਕ ॥੧॥ ਰਹਾਉ ॥ ਜਿਨ ਹਰਿ ਹਿਰਦੈ ਪ੍ਰੀਤਿ ਲਗਾਨੀ ਤਿਨਾ ਮਸਤਕਿ ਊਜਲ ਟੀਕ ॥ ਹਰਿ ਜਨ ਸੋਭਾ ਸਭ ਜਗ ਊਪਰਿ ਜਿਉ ਵਿਚਿ ਉਡਵਾ ਸਸਿ ਕੀਕ ॥੨॥ ਜਿਨ ਹਰਿ ਹਿਰਦੈ ਨਾਮੁ ਨ ਵਸਿਓ ਤਿਨ ਸਭਿ ਕਾਰਜ ਫੀਕ ॥ ਜੈਸੇ ਸੀਗਾਰੁ ਕਰੈ ਦੇਹ ਮਾਨੁਖ ਨਾਮ ਬਿਨਾ ਨਕਟੇ ਨਕ ਕੀਕ ॥੩॥ ਘਟਿ ਘਟਿ ਰਮਈਆ ਰਮਤ ਰਾਮ ਰਾਇ ਸਭ ਵਰਤੈ ਸਭ ਮਹਿ ਈਕ ॥ ਜਨ ਨਾਨਕ ਕਉ ਹਰਿ ਕਿਰਪਾ ਧਾਰੀ ਗੁਰ ਬਚਨ ਧਿਆਇਓ ਘਰੀ ਮੀਕ ॥੪॥੩॥ {ਪੰਨਾ 1336} ਪਦ ਅਰਥ: ਪ੍ਰਭਿ = ਪ੍ਰਭੂ ਦੇ। ਰਸਕ ਰਸੀਕ = ਹਰਿ-ਨਾਮ-ਰਸ ਦੇ ਰਸੀਆਂ ਨੇ। ਦੋਊ = ਦੋਵੇਂ ਹੀ। ਮੁਕਤੇ = ਵਿਕਾਰਾਂ ਤੋਂ ਬਚੇ ਹੋਏ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਹਰਿ ਪੀਕ = ਹਰਿ-ਨਾਮ-ਰਸ ਪੀਤਾ।1। ਮੇਰੈ ਮਨਿ = ਮੇਰੇ ਮਨ ਵਿਚ। ਟੀਕ = ਟਿਕਿਆ ਹੋਇਆ ਹੈ। ਗੁਰਮੁਖਿ = ਗੁਰੂ ਦੀ ਰਾਹੀਂ। ਸੀਤਲ = ਠੰਢਾ। ਹਰਿ ਰਸੁ = ਹਰਿ-ਨਾਮ-ਰਸ। ਝੀਕ = ਡੀਕ ਲਾ ਕੇ।1। ਜਿਨ ਹਿਰਦੈ = ਜਿਨ੍ਹਾਂ ਦੇ ਹਿਰਦੇ ਵਿਚ। ਮਸਤਕਿ = ਮੱਥੇ ਉਤੇ। ਟੀਕ = ਟਿੱਕਾ। ਊਜਲ = ਰੌਸ਼ਨ, ਚਮਕਦਾ। ਊਪਰਿ = ਉੱਤੇ। ਉਡਵਾ = ਤਾਰੇ। ਸਸਿ = ਚੰਦ੍ਰਮਾ। ਕੀਕ = ਕੀਤਾ ਹੋਇਆ ਹੈ।2। ਸਭਿ = ਸਾਰੇ। ਫੀਕ = ਫਿੱਕੇ, ਕੋਰੇ, ਰੁੱਖੇ, ਬੇ-ਸੁਆਦੇ। ਸੀਗਾਰੁ = ਸਜਾਵਟ। ਦੇਹ = ਸਰੀਰ। ਕਰੈ = ਕਰਦਾ ਹੈ (ਇਕ-ਵਚਨ) । ਨਕਟੇ = ਨਕ-ਵੱਢੇ। ਕੀਕ = ਕੀਹ?।3। ਘਟਿ ਘਟਿ = ਹਰੇਕ ਸਰੀਰ ਵਿਚ। ਰਮਈਆ = ਸੋਹਣਾ ਰਾਮ। ਰਮਤਾ = ਵਿਆਪਕ ਹੈ। ਰਾਮ ਰਾਇ = ਪ੍ਰਭੂ ਪਾਤਿਸ਼ਾਹ। ਸਭ ਵਰਤੈ = ਸਾਰੀ ਸ੍ਰਿਸ਼ਟੀ ਵਿਚ ਮੌਜੂਦ ਹੈ। ਈਕ = ਇਕ ਆਪ ਹੀ। ਕਉ = ਨੂੰ, ਉੱਤੇ। ਗੁਰ ਬਚਨ = ਗੁਰੂ ਦੇ ਬਚਨਾਂ ਦੀ ਰਾਹੀਂ (ਬਹੁ-ਵਚਨ) । ਘਰੀ ਮੀਕ = ਇੱਕ ਘੜੀ।4। ਅਰਥ: ਹੇ ਭਾਈ! (ਗੁਰੂ ਦੀ ਕਿਰਪਾ ਨਾਲ) ਮੇਰੇ ਮਨ ਵਿਚ ਹਰ ਵੇਲੇ ਪਰਮਾਤਮਾ ਦਾ ਨਾਮ-ਰਸ ਟਿਕਿਆ ਰਹਿੰਦਾ ਹੈ। (ਜਿਸ ਮਨੁੱਖ ਨੂੰ) ਗੁਰੂ ਦੇ ਸਨਮੁਖ ਹੋ ਕੇ (ਆਤਮਕ) ਠੰਢ ਪਾਣ ਵਾਲਾ ਨਾਮ-ਜਲ ਮਿਲ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦਾ ਨਾਮ-ਰਸ ਡੀਕ ਲਾ ਕੇ ਪੀਂਦਾ ਰਹਿੰਦਾ ਹੈ।1। ਰਹਾਉ। ਹੇ ਭਾਈ! (ਜਿਨ੍ਹਾਂ ਮਨੁੱਖਾਂ ਉਤੇ) ਪ੍ਰਭੂ ਨੇ ਇਕ ਖਿਨ ਭਰ ਭੀ ਮਿਹਰ ਕੀਤੀ, ਉਹਨਾਂ ਨੇ ਨਾਮ-ਰਸ ਦੇ ਰਸੀਏ ਬਣ ਕੇ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਖਿਨ ਖਿਨ ਹਰਿ-ਨਾਮ ਰਸ ਪੀਣਾ ਸ਼ੁਰੂ ਕਰ ਦਿੱਤਾ, ਉਹ ਹਰਿ-ਗੁਣ ਗਾਣ ਵਾਲੇ ਅਤੇ ਸੁਣਨ ਵਾਲੇ ਦੋਵੇਂ ਹੀ ਵਿਕਾਰਾਂ ਤੋਂ ਬਚ ਗਏ।1। ਹੇ ਭਾਈ! (ਗੁਰੂ ਨੇ) ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਪੈਦਾ ਕਰ ਦਿੱਤਾ (ਲੋਕ ਪਰਲੋਕ ਵਿਚ) ਉਹਨਾਂ ਦੇ ਮੱਥੇ ਉਤੇ (ਸੋਭਾ ਦਾ) ਰੌਸ਼ਨ ਟਿੱਕਾ ਲੱਗਾ ਰਹਿੰਦਾ ਹੈ। ਹੇ ਭਾਈ! ਪਰਮਾਤਮਾ ਦੇ ਭਗਤਾਂ ਦੀ ਸੋਭਾ ਸਾਰੇ ਜਹਾਨ ਉਤੇ ਖਿਲਰ ਜਾਂਦੀ ਹੈ; ਜਿਵੇਂ (ਆਕਾਸ਼ ਦੇ) ਤਾਰਿਆਂ ਵਿਚ ਚੰਦ੍ਰਮਾ (ਸੋਹਣਾ) ਬਣਾਇਆ ਹੋਇਆ ਹੈ।2। ਪਰ, ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਉਹਨਾਂ ਦੇ (ਦੁਨੀਆ ਵਾਲੇ) ਸਾਰੇ ਹੀ ਕੰਮ ਫਿੱਕੇ ਹੁੰਦੇ ਹਨ (ਉਹਨਾਂ ਦੇ ਜੀਵਨ ਨੂੰ ਰੁੱਖਾ ਬਣਾਈ ਰੱਖਦੇ ਹਨ) , ਜਿਵੇਂ (ਕੋਈ ਨਕ-ਵੱਢਾ ਮਨੁੱਖ ਆਪਣੇ) ਮਨੁੱਖਾ ਸਰੀਰ ਦੀ ਸਜਾਵਟ ਕਰਦਾ ਹੈ, ਪਰ ਨੱਕ ਤੋਂ ਬਿਨਾ ('ਬਿਨਾ ਨਕ') ਉਹ ਸਜਾਵਟ ਕਿਸ ਅਰਥ? ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਨਕ-ਵੱਢੇ ਹੀ ਹਨ।3। ਹੇ ਭਾਈ! (ਉਂਞ ਤਾਂ) ਸੋਹਣਾ ਰਾਮ ਪ੍ਰਭੂ ਪਾਤਿਸ਼ਾਹ ਹਰੇਕ ਸਰੀਰ ਵਿਚ ਵਿਆਪਕ ਹੈ, ਸਾਰੀ ਸ੍ਰਿਸ਼ਟੀ ਵਿਚ ਸਾਰੇ ਜੀਵਾਂ ਵਿਚ ਉਹ ਆਪ ਹੀ ਮੌਜੂਦ ਹੈ, (ਪਰ,) ਹੇ ਨਾਨਕ! ਜਿਨ੍ਹਾਂ ਸੇਵਕਾਂ ਉਤੇ ਉਸ ਨੇ ਮਿਹਰ ਕੀਤੀ, ਉਹ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਘੜੀ ਘੜੀ (ਹਰ ਵੇਲੇ) ਉਸ ਦਾ ਨਾਮ ਸਿਮਰਨ ਲੱਗ ਪਏ।4।3। ਪ੍ਰਭਾਤੀ ਮਹਲਾ ੪ ॥ ਅਗਮ ਦਇਆਲ ਕ੍ਰਿਪਾ ਪ੍ਰਭਿ ਧਾਰੀ ਮੁਖਿ ਹਰਿ ਹਰਿ ਨਾਮੁ ਹਮ ਕਹੇ ॥ ਪਤਿਤ ਪਾਵਨ ਹਰਿ ਨਾਮੁ ਧਿਆਇਓ ਸਭਿ ਕਿਲਬਿਖ ਪਾਪ ਲਹੇ ॥੧॥ ਜਪਿ ਮਨ ਰਾਮ ਨਾਮੁ ਰਵਿ ਰਹੇ ॥ ਦੀਨ ਦਇਆਲੁ ਦੁਖ ਭੰਜਨੁ ਗਾਇਓ ਗੁਰਮਤਿ ਨਾਮੁ ਪਦਾਰਥੁ ਲਹੇ ॥੧॥ ਰਹਾਉ ॥ ਕਾਇਆ ਨਗਰਿ ਨਗਰਿ ਹਰਿ ਬਸਿਓ ਮਤਿ ਗੁਰਮਤਿ ਹਰਿ ਹਰਿ ਸਹੇ ॥ ਸਰੀਰਿ ਸਰੋਵਰਿ ਨਾਮੁ ਹਰਿ ਪ੍ਰਗਟਿਓ ਘਰਿ ਮੰਦਰਿ ਹਰਿ ਪ੍ਰਭੁ ਲਹੇ ॥੨॥ ਜੋ ਨਰ ਭਰਮਿ ਭਰਮਿ ਉਦਿਆਨੇ ਤੇ ਸਾਕਤ ਮੂੜ ਮੁਹੇ ॥ ਜਿਉ ਮ੍ਰਿਗ ਨਾਭਿ ਬਸੈ ਬਾਸੁ ਬਸਨਾ ਭ੍ਰਮਿ ਭ੍ਰਮਿਓ ਝਾਰ ਗਹੇ ॥੩॥ ਤੁਮ ਵਡ ਅਗਮ ਅਗਾਧਿ ਬੋਧਿ ਪ੍ਰਭ ਮਤਿ ਦੇਵਹੁ ਹਰਿ ਪ੍ਰਭ ਲਹੇ ॥ ਜਨ ਨਾਨਕ ਕਉ ਗੁਰਿ ਹਾਥੁ ਸਿਰਿ ਧਰਿਓ ਹਰਿ ਰਾਮ ਨਾਮਿ ਰਵਿ ਰਹੇ ॥੪॥੪॥ {ਪੰਨਾ 1336} ਪਦ ਅਰਥ: ਅਗਮ = ਅਪਹੁੰਚ। ਪ੍ਰਭਿ = ਪ੍ਰਭੂ ਨੇ। ਮੁਖਿ = ਮੂੰਹ ਨਾਲ। ਹਮ = ਅਸਾਂ ਜੀਵਾਂ ਨੇ। ਕਹੇ = ਉਚਾਰਿਆ। ਪਤਿਤ = ਪਾਪਾਂ ਵਿਚ ਡਿੱਗੇ ਹੋਏ। ਪਤਿਤ ਪਾਵਨ = ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ। ਸਭਿ = ਸਾਰੇ। ਕਿਲਬਿਖ = ਪਾਪ।1। ਜਪਿ = ਜਪਿਆ ਕਰ! ਮਨ = ਹੇ ਮਨ! ਰਵਿ ਰਹੇ = (ਜੋ ਸਭ ਥਾਈਂ) ਵਿਆਪਕ ਹੈ। ਦੁਖ ਭੰਜਨੁ = ਦੁੱਖਾਂ ਦਾ ਨਾਸ ਕਰਨ ਵਾਲਾ ਪ੍ਰਭੂ। ਪਦਾਰਥੁ = ਕੀਮਤੀ ਵਸਤ। ਲਹੇ = ਲੱਭ ਲਿਆ ਹੈ।1। ਰਹਾਉ। ਨਗਰਿ = ਨਗਰ ਵਿਚ। ਨਗਰਿ ਨਗਰਿ = ਹਰੇਕ ਨਗਰ ਵਿਚ। ਸਹੇ = ਸਹੀ ਕੀਤਾ, ਨਿਸ਼ਚਾ ਲਿਆਂਦਾ। ਸਰੋਵਰਿ = ਸਰੋਵਰ ਵਿਚ। ਘਰਿ = (ਹਿਰਦੇ-) ਘਰ ਵਿਚ। ਮੰਦਰਿ = (ਸਰੀਰ-) ਮੰਦਰ ਵਿਚ। ਲਹੇ = ਲੱਭ ਲਿਆ।2। ਭਰਮਿ ਭਰਮਿ = ਭਟਕ ਭਟਕ ਕੇ। ਉਦਿਆਨੇ = (ਸੰਸਾਰ-) ਜੰਗਲ ਵਿਚ। ਤੇ = ਉਹ (ਬਹੁ-ਵਚਨ) । ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ। ਮੂੜ = ਮੂਰਖ। ਮੁਹੇ = ਠੱਗੇ ਗਏ। ਮ੍ਰਿਗ ਨਾਭਿ = ਹਿਰਨ ਦੀ ਧੁੰਨੀ ਵਿਚ। ਬਾਸੁ = ਸੁਗੰਧੀ। ਬਸਨਾ = ਕਸਤੂਰੀ। ਭ੍ਰਮਿ ਭ੍ਰਮਿਓ = ਭਟਕਦਾ ਫਿਰਿਆ। ਝਾਰ = ਝਾੜੀਆਂ। ਗਹੇ = ਫੜਦਾ ਹੈ, ਢੂੰਢਦਾ ਹੈ।3। ਅਗਾਧਿ ਬੋਧਿ = ਬੋਧ ਵਿਚ ਅਗਾਧ, ਮਨੁੱਖ ਦੀ ਸਮਝ ਤੋਂ ਪਰੇ। ਪ੍ਰਭ = ਹੇ ਪ੍ਰਭੂ! ਲਹੇ = ਲੱਭ ਸਕੀਏ। ਗੁਰਿ = ਗੁਰੂ ਨੇ। ਸਿਰਿ = ਸਿਰ ਉੱਤੇ। ਨਾਮਿ = ਨਾਮ ਵਿਚ। ਰਵਿ ਰਹੇ = ਲੀਨ ਹੋ ਗਏ।4। ਅਰਥ: ਹੇ (ਮੇਰੇ) ਮਨ! ਜਿਹੜਾ ਪਰਮਾਤਮਾ ਸਭ ਵਿਚ ਵਿਆਪਕ ਹੈ ਉਸ ਦਾ ਨਾਮ ਜਪਿਆ ਕਰ। ਜਿਸ ਮਨੁੱਖ ਨੇ ਦੀਨਾਂ ਉਤੇ ਦਇਆ ਕਰਨ ਵਾਲੇ ਦੁੱਖਾਂ ਦਾ ਨਾਸ ਕਰਨ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ, ਗੁਰੂ ਦੀ ਮਤਿ ਦੀ ਰਾਹੀਂ ਉਸ ਨੇ ਬਹੁ-ਮੁੱਲਾ ਹਰਿ-ਨਾਮ ਲੱਭ ਲਿਆ।1। ਰਹਾਉ। ਹੇ ਭਾਈ! ਅਪਹੁੰਚ ਅਤੇ ਦਇਆ ਦੇ ਸੋਮੇ ਪ੍ਰਭੂ ਨੇ (ਜਦੋਂ ਅਸਾਂ ਜੀਵਾਂ ਉੱਤੇ) ਮਿਹਰ ਕੀਤੀ, ਤਾਂ ਅਸਾਂ ਮੂੰਹ ਨਾਲ ਉਸ ਦਾ ਨਾਮ ਜਪਿਆ। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਪਰਮਾਤਮਾ ਦਾ ਨਾਮ ਸਿਮਰਿਆ, ਉਹਨਾਂ ਦੇ ਸਾਰੇ ਹੀ ਪਾਪ ਦੂਰ ਹੋ ਗਏ।1। ਹੇ ਭਾਈ! (ਉਂਞ ਤਾਂ) ਹਰੇਕ ਸਰੀਰ-ਸ਼ਹਰ ਵਿਚ ਪਰਮਾਤਮਾ ਵੱਸਦਾ ਹੈ, ਪਰ ਗੁਰੂ ਦੀ ਮਤਿ ਦੀ ਬਰਕਤਿ ਨਾਲ ਹੀ ਇਹ ਨਿਸ਼ਚਾ ਬਣਦਾ ਹੈ। ਜਿਸ ਸਰੀਰ-ਸਰੋਵਰ ਵਿਚ ਪਰਮਾਤਮਾ ਦਾ ਨਾਮ ਪਰਗਟ ਹੁੰਦਾ ਹੈ, ਉਸ ਹਿਰਦੇ-ਘਰ ਵਿਚ ਉਸ ਹਿਰਦੇ-ਮੰਦਰ ਵਿਚ ਪਰਮਾਤਮਾ ਲੱਭ ਪੈਂਦਾ ਹੈ।2। ਪਰ, ਹੇ ਭਾਈ! ਜਿਹੜੇ ਮਨੁੱਖ (ਮਾਇਆ ਦੀ ਖ਼ਾਤਰ ਹੀ ਇਸ ਸੰਸਾਰ) ਜੰਗਲ ਵਿਚ ਭਟਕ ਕੇ (ਉਮਰ ਗੁਜ਼ਾਰਦੇ ਹਨ) ਉਹ ਮਨੁੱਖ ਪਰਮਾਤਮਾ ਨਾਲੋਂ ਟੁੱਟੇ ਰਹਿੰਦੇ ਹਨ, (ਉਹ ਆਪਣਾ ਆਤਮਕ ਜੀਵਨ) ਲੁਟਾ ਬੈਠਦੇ ਹਨ; ਜਿਵੇਂ ਕਸਤੂਰੀ ਦੀ ਸੁਗੰਧੀ (ਤਾਂ) ਹਿਰਨ ਦੀ ਧੁੰਨੀ ਵਿਚ ਵੱਸਦੀ ਹੈ, ਪਰ ਉਹ (ਬਾਹਰ ਭਟਕ ਭਟਕ ਕੇ ਝਾੜੀਆਂ ਸੁੰਘਦਾ ਫਿਰਦਾ ਹੈ।3। ਹੇ ਹਰੀ! ਹੇ ਪ੍ਰਭੂ! ਤੂੰ ਬਹੁਤ ਅਪਹੁੰਚ ਹੈਂ, ਤੂੰ ਜੀਵਾਂ ਦੀ ਸਮਝ ਤੋਂ ਪਰੇ ਹੈਂ। ਜੇ ਤੂੰ ਆਪ ਹੀ ਅਕਲ ਬਖ਼ਸ਼ੇਂ, ਤਾਂ ਹੀ ਤੈਨੂੰ ਜੀਵ ਮਿਲ ਸਕਦੇ ਹਨ। ਹੇ ਨਾਨਕ! ਜਿਸ ਸੇਵਕ ਦੇ ਸਿਰ ਉੱਤੇ ਗੁਰੂ ਨੇ (ਆਪਣਾ ਮਿਹਰ-ਭਰਿਆ) ਹੱਥ ਰੱਖਿਆ ਉਹ ਮਨੁੱਖ ਸਦਾ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ।4। 4। ਪ੍ਰਭਾਤੀ ਮਹਲਾ ੪ ॥ ਮਨਿ ਲਾਗੀ ਪ੍ਰੀਤਿ ਰਾਮ ਨਾਮ ਹਰਿ ਹਰਿ ਜਪਿਓ ਹਰਿ ਪ੍ਰਭੁ ਵਡਫਾ ॥ ਸਤਿਗੁਰ ਬਚਨ ਸੁਖਾਨੇ ਹੀਅਰੈ ਹਰਿ ਧਾਰੀ ਹਰਿ ਪ੍ਰਭ ਕ੍ਰਿਪਫਾ ॥੧॥ ਮੇਰੇ ਮਨ ਭਜੁ ਰਾਮ ਨਾਮ ਹਰਿ ਨਿਮਖਫਾ ॥ ਹਰਿ ਹਰਿ ਦਾਨੁ ਦੀਓ ਗੁਰਿ ਪੂਰੈ ਹਰਿ ਨਾਮਾ ਮਨਿ ਤਨਿ ਬਸਫਾ ॥੧॥ ਰਹਾਉ ॥ ਕਾਇਆ ਨਗਰਿ ਵਸਿਓ ਘਰਿ ਮੰਦਰਿ ਜਪਿ ਸੋਭਾ ਗੁਰਮੁਖਿ ਕਰਪਫਾ ॥ ਹਲਤਿ ਪਲਤਿ ਜਨ ਭਏ ਸੁਹੇਲੇ ਮੁਖ ਊਜਲ ਗੁਰਮੁਖਿ ਤਰਫਾ ॥੨॥ ਅਨਭਉ ਹਰਿ ਹਰਿ ਹਰਿ ਲਿਵ ਲਾਗੀ ਹਰਿ ਉਰ ਧਾਰਿਓ ਗੁਰਿ ਨਿਮਖਫਾ ॥ ਕੋਟਿ ਕੋਟਿ ਕੇ ਦੋਖ ਸਭ ਜਨ ਕੇ ਹਰਿ ਦੂਰਿ ਕੀਏ ਇਕ ਪਲਫਾ ॥੩॥ ਤੁਮਰੇ ਜਨ ਤੁਮ ਹੀ ਤੇ ਜਾਨੇ ਪ੍ਰਭ ਜਾਨਿਓ ਜਨ ਤੇ ਮੁਖਫਾ ॥ ਹਰਿ ਹਰਿ ਆਪੁ ਧਰਿਓ ਹਰਿ ਜਨ ਮਹਿ ਜਨ ਨਾਨਕੁ ਹਰਿ ਪ੍ਰਭੁ ਇਕਫਾ ॥੪॥੫॥ {ਪੰਨਾ 1336} ਪਦ ਅਰਥ: ਮਨਿ = ਮਨ ਵਿਚ। ਵਡਫਾ = ਵੱਡਾ। ਸੁਖਾਨੇ = ਪਿਆਰੇ ਲੱਗੇ। ਹੀਅਰੈ = ਹਿਰਦੇ ਵਿਚ। ਕ੍ਰਿਪਫਾ = ਕਿਰਪਾ।1। ਮਨ = ਹੇ ਮਨ! ਨਿਮਖਫਾ = ਹਰ ਨਿਮਖ (ਅੱਖ ਝਮਕਣ ਜਿਤਨਾ ਸਮਾ) । ਗੁਰਿ ਪੂਰੈ = ਪੂਰੇ ਗੁਰੂ ਨੇ। ਮਨਿ = ਮਨ ਵਿਚ। ਤਨਿ = ਤਨ ਵਿਚ। ਬਸਫਾ = ਵੱਸ ਪਿਆ।1। ਰਹਾਉ। ਕਾਇਆ = ਸਰੀਰ। ਨਗਰਿ = ਨਗਰ ਵਿਚ। ਘਰਿ = (ਹਿਰਦੇ-) ਘਰ ਵਿਚ। ਮੰਦਰਿ = ਮੰਦਰ ਵਿਚ। ਜਪਿ = ਜਪ ਕੇ। ਕਰਪਫਾ = ਕਰਦੇ ਹਨ। ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ (pr>) । ਸੁਹੇਲੇ = ਸੁਖੀ। ਊਜਲ = ਰੌਸ਼ਨ। ਤਰਫਾ = ਤਰਦੇ ਹਨ। ਅਨਭਉ = ਜਿਸ ਨੂੰ ਕੋਈ ਡਰ ਪੋਹ ਨਹੀਂ ਸਕਦਾ। ਉਰ = ਹਿਰਦਾ। ਉਰਧਾਰਿਓ = ਹਿਰਦੇ ਵਿਚ ਵਸਾਇਆ। ਗੁਰਿ = ਗੁਰੂ ਦੀ ਰਾਹੀਂ। ਕੋਟਿ = ਕ੍ਰੋੜਾਂ। ਕੋਟਿ ਕੋਟਿ ਕੇ = ਕ੍ਰੋੜਾਂ (ਜਨਮਾਂ) ਦੇ। ਦੋਖ = ਐਬ, ਪਾਪ। ਪਲਫਾ = ਪਲ ਵਿਚ।3। ਤੁਮ ਹੀ ਤੇ = ਤੈਥੋਂ ਹੀ, ਤੇਰੀ ਹੀ ਮਿਹਰ ਨਾਲ। ਜਾਨੇ = ਪਰਗਟ ਹੁੰਦੇ ਹਨ। ਪ੍ਰਭ = ਹੇ ਪ੍ਰਭੂ! ਜਾਨਿਓ = (ਜਿਨ੍ਹਾਂ ਨੇ ਤੈਨੂੰ) ਜਾਣਿਆਂ, ਤੇਰੇ ਨਾਲ ਸਾਂਝ ਪਾਈ। ਜਨ ਤੇ = ਤੇ ਜਨ; ਉਹ ਮਨੁੱਖ (ਬਹੁ-ਵਚਨ) । ਮੁਖਫਾ = ਮੁਖੀ, ਇੱਜ਼ਤ ਵਾਲੇ। ਆਪੁ = ਆਪਣਾ ਆਪ। ਜਨ ਨਾਨਕੁ = (ਪ੍ਰਭੂ ਦਾ) ਦਾਸ (ਗੁਰੂ) ਨਾਨਕ (ਹੈ) । ਇਕਫਾ = ਇੱਕ-ਰੂਪ।4। ਅਰਥ: ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਹਰ ਨਿਮਖ (ਹਰ ਵੇਲੇ) ਜਪਿਆ ਕਰ। ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ ਜਪਣ ਦੀ ਦਾਤਿ ਦੇ ਦਿੱਤੀ, ਉਸ ਦੇ ਮਨ ਵਿਚ ਉਸਦੇ ਹਿਰਦੇ ਵਿਚ ਹਰਿ-ਨਾਮ ਵੱਸ ਪਿਆ।1। ਰਹਾਉ। ਹੇ ਭਾਈ! ਜਿਸ ਮਨੁੱਖ ਉਤੇ ਹਰੀ-ਪ੍ਰਭੂ ਨੇ ਮਿਹਰ ਕੀਤੀ, ਉਸ ਦੇ ਹਿਰਦੇ ਵਿਚ ਗੁਰੂ ਦੇ ਬਚਨ ਪਿਆਰੇ ਲੱਗਣ ਲੱਗ ਪਏ, ਉਸ ਦੇ ਮਨ ਵਿਚ ਪਰਮਾਤਮਾ ਦੇ ਨਾਮ ਦੀ ਪ੍ਰੀਤ ਪੈਦਾ ਹੋ ਗਈ, ਉਸ ਨੇ ਸਭ ਤੋਂ ਵੱਡੇ ਹਰੀ-ਪ੍ਰਭੂ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ।1। ਹੇ ਭਾਈ! (ਉਂਞ ਤਾਂ) ਹਰੇਕ ਸਰੀਰ-ਨਗਰ ਵਿਚ, ਸਰੀਰ-ਘਰ ਵਿਚ, ਸਰੀਰ-ਮੰਦਰ ਵਿਚ ਪਰਮਾਤਮਾ ਵੱਸਦਾ ਹੈ, ਪਰ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਹੀ ਉਸ ਦਾ ਨਾਮ) ਜਪ ਕੇ ਉਸ ਦੀ ਸਿਫ਼ਤਿ-ਸਾਲਾਹ ਕਰਦੇ ਹਨ। ਪ੍ਰਭੂ ਦੇ ਸੇਵਕ ਇਸ ਲੋਕ ਵਿਚ ਪਰਲੋਕ ਵਿਚ (ਨਾਮ ਦੀ ਬਰਕਤਿ ਨਾਲ) ਸੁਖੀ ਰਹਿੰਦੇ ਹਨ, ਉਹਨਾਂ ਦੇ ਮੁਖ (ਲੋਕ ਪਰਲੋਕ ਵਿਚ) ਰੌਸ਼ਨ ਰਹਿੰਦੇ ਹਨ, ਉਹ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ।2। ਹੇ ਭਾਈ! ਪਰਮਾਤਮਾ ਉਤੇ ਕੋਈ ਡਰ-ਭਉ ਪ੍ਰਭਾਵ ਨਹੀਂ ਪਾ ਸਕਦਾ। ਗੁਰੂ ਦੀ ਰਾਹੀਂ ਜਿਸ ਮਨੁੱਖ ਨੇ ਉਸ ਪਰਮਾਤਮਾ ਵਿਚ ਸੁਰਤਿ ਜੋੜੀ, ਉਸ ਪਰਮਾਤਮਾ ਨੂੰ ਇਕ ਨਿਮਖ ਵਾਸਤੇ ਭੀ ਹਿਰਦੇ ਵਿਚ ਵਸਾਇਆ, ਪਰਮਾਤਮਾ ਨੇ ਉਸ ਸੇਵਕ ਦੇ ਕ੍ਰੋੜਾਂ ਜਨਮਾਂ ਦੇ ਪਾਪ ਇਕ ਪਲ ਵਿਚ ਦੂਰ ਕਰ ਦਿੱਤੇ।3। ਹੇ ਪ੍ਰਭੂ! ਤੇਰੇ ਭਗਤ ਤੇਰੀ ਹੀ ਮਿਹਰ ਨਾਲ (ਜਗਤ ਵਿਚ) ਪਰਗਟ ਹੁੰਦੇ ਹਨ। ਹੇ ਪ੍ਰਭੂ! ਜਿਨ੍ਹਾਂ ਨੇ ਤੇਰੇ ਨਾਲ ਸਾਂਝ ਪਾਈ, ਉਹ ਸੇਵਕ ਇੱਜ਼ਤ ਵਾਲੇ ਹੋ ਜਾਂਦੇ ਹਨ। ਹੇ ਭਾਈ! ਪਰਮਾਤਮਾ ਨੇ ਆਪਣਾ ਆਪ ਆਪਣੇ ਭਗਤਾਂ ਦੇ ਅੰਦਰ ਰੱਖਿਆ ਹੁੰਦਾ ਹੈ। (ਤਾਹੀਏਂ, ਹੇ ਭਾਈ! ਪਰਮਾਤਮਾ ਦਾ) ਸੇਵਕ (ਗੁਰੂ) ਨਾਨਕ ਅਤੇ ਹਰੀ-ਪ੍ਰਭੂ ਇੱਕ-ਰੂਪ ਹੈ।4।5। |
Sri Guru Granth Darpan, by Professor Sahib Singh |