ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1337 ਪ੍ਰਭਾਤੀ ਮਹਲਾ ੪ ॥ ਗੁਰ ਸਤਿਗੁਰਿ ਨਾਮੁ ਦ੍ਰਿੜਾਇਓ ਹਰਿ ਹਰਿ ਹਮ ਮੁਏ ਜੀਵੇ ਹਰਿ ਜਪਿਭਾ ॥ ਧਨੁ ਧੰਨੁ ਗੁਰੂ ਗੁਰੁ ਸਤਿਗੁਰੁ ਪੂਰਾ ਬਿਖੁ ਡੁਬਦੇ ਬਾਹ ਦੇਇ ਕਢਿਭਾ ॥੧॥ ਜਪਿ ਮਨ ਰਾਮ ਨਾਮੁ ਅਰਧਾਂਭਾ ॥ ਉਪਜੰਪਿ ਉਪਾਇ ਨ ਪਾਈਐ ਕਤਹੂ ਗੁਰਿ ਪੂਰੈ ਹਰਿ ਪ੍ਰਭੁ ਲਾਭਾ ॥੧॥ ਰਹਾਉ ॥ ਰਾਮ ਨਾਮੁ ਰਸੁ ਰਾਮ ਰਸਾਇਣੁ ਰਸੁ ਪੀਆ ਗੁਰਮਤਿ ਰਸਭਾ ॥ ਲੋਹ ਮਨੂਰ ਕੰਚਨੁ ਮਿਲਿ ਸੰਗਤਿ ਹਰਿ ਉਰ ਧਾਰਿਓ ਗੁਰਿ ਹਰਿਭਾ ॥੨॥ ਹਉਮੈ ਬਿਖਿਆ ਨਿਤ ਲੋਭਿ ਲੁਭਾਨੇ ਪੁਤ ਕਲਤ ਮੋਹਿ ਲੁਭਿਭਾ ॥ ਤਿਨ ਪਗ ਸੰਤ ਨ ਸੇਵੇ ਕਬਹੂ ਤੇ ਮਨਮੁਖ ਭੂੰਭਰ ਭਰਭਾ ॥੩॥ ਤੁਮਰੇ ਗੁਨ ਤੁਮ ਹੀ ਪ੍ਰਭ ਜਾਨਹੁ ਹਮ ਪਰੇ ਹਾਰਿ ਤੁਮ ਸਰਨਭਾ ॥ ਜਿਉ ਜਾਨਹੁ ਤਿਉ ਰਾਖਹੁ ਸੁਆਮੀ ਜਨ ਨਾਨਕੁ ਦਾਸੁ ਤੁਮਨਭਾ ॥੪॥੬॥ ਛਕਾ ੧ ॥ {ਪੰਨਾ 1337} ਪਦ ਅਰਥ: ਸਤਿਗੁਰਿ = ਸਤਿਗੁਰੂ ਨੇ। ਦ੍ਰਿੜਾਇਓ = (ਹਿਰਦੇ ਵਿਚ) ਪੱਕਾ ਕਰ ਦਿੱਤਾ। ਮੁਏ = (ਪਹਿਲਾਂ) ਆਤਮਕ ਮੌਤੇ ਮਰੇ ਹੋਏ। ਜੀਵੇ = ਜੀਊ ਪਏ, ਆਤਮਕ ਜੀਵਨ ਵਾਲੇ ਹੋ ਗਏ। ਜਪਿਭਾ = ਜਪਿ, ਜਪ ਕੇ। ਧਨੁ ਧੰਨੁ = ਸਲਾਹੁਣ-ਜੋਗ। ਬਿਖੁ ਡੁਬਦੇ = ਆਤਮਕ ਮੌਤ ਲਿਆਉਣ ਵਾਲੀ ਜ਼ਹਿਰ (ਦੇ ਸਮੁੰਦਰ) ਵਿਚ ਡੁੱਬਦੇ ਨੂੰ। ਦੇਇ = ਦੇ ਕੇ। ਕਢਿਭਾ = ਕੱਢ ਲਿਆ।1। ਜਪਿ = ਜਪਿਆ ਕਰ। ਮਨ = ਹੇ ਮਨ! ਅਰਧਾਂਭਾ = ਆਰਾਧਣ-ਜੋਗ। ਉਪਜੰਪਿ = (apjwp = Secret whispering into the ear = ਕੰਨ ਵਿਚ ਕੋਈ ਗੁਪਤ ਮੰਤ੍ਰ ਦੇਣਾ) ਕੰਨ ਵਿਚ ਕੋਈ ਗੁਪਤ ਮੰਤ੍ਰ ਦੇਣ ਨਾਲ। ਉਪਾਇ = (ਲਫ਼ਜ਼ 'ਉਪਾਉ' ਤੋਂ ਕਰਣ ਕਾਰਕ) ਢੰਗ ਨਾਲ। ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ।1। ਰਹਾਉ। ਰਸਾਇਣੁ = (ਰਸ-ਅਯਨ) ਰਸਾਂ ਦਾ ਘਰ, ਸਭ ਰਸਾਂ ਨਾਲੋਂ ਸ੍ਰੇਸ਼ਟ। ਰਸਭਾ = ਰਸ ਨਾਲ। ਮਨੂਰ = ਸੜਿਆ ਹੋਇਆ ਲੋਹਾ। ਕੰਚਨੁ = ਸੋਨਾ। ਮਿਲਿ = ਮਿਲ ਕੇ। ਉਰਧਾਰਿਓ = ਹਿਰਦੇ ਵਿਚ ਵਸਾ ਦਿੱਤਾ। ਗੁਰਿ = ਗੁਰੂ ਨੇ। ਹਰਿਭਾ = ਹਰੀ ਦੀ ਜੋਤਿ।2। ਬਿਖਿਆ = ਮਾਇਆ। ਬਿਖਿਆ ਲੋਭਿ = ਮਾਇਆ ਦੇ ਲੋਭ ਵਿਚ। ਕਲਤ = ਇਸਤ੍ਰੀ। ਮੋਹਿ = ਮੋਹ ਵਿਚ। ਪਗ ਸੰਤ = ਸੰਤ-ਜਨਾਂ ਦੇ ਚਰਨ। ਤੇ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਹ ਮਨੁੱਖ। ਭੂੰਭਰ = ਭੁੱਬਲ; ਤੱਤੀ ਸੁਆਹ। ਭੂੰਭਰ ਭਰਭਾ = ਭੁੱਬਲ ਨਾਲ ਲਿਬੜੇ ਹੋਏ।3। ਪ੍ਰਭ = ਹੇ ਪ੍ਰਭੂ! ਹਾਰਿ = ਹਾਰ ਕੇ; ਹੋਰਨਾਂ ਪਾਸਿਆਂ ਵਲੋਂ ਆਸ ਲਾਹ ਕੇ। ਸੁਆਮੀ = ਹੇ ਸੁਆਮੀ! ਤੁਮਨਭਾ = ਤੇਰਾ।4। ਅਰਥ: ਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਜਪਿਆ ਕਰ; (ਇਹ ਨਾਮ) ਜਪਣ-ਜੋਗ ਹੈ। ਕੰਨਾਂ ਵਿਚ ਜੋਈ ਗੁਪਤ ਮੰਤ੍ਰ ਦੇਣ ਆਦਿਕ ਦੇ ਢੰਗ ਨਾਲ ਕਦੇ ਭੀ ਪਰਮਾਤਮਾ ਨਹੀਂ ਮਿਲਦਾ। ਪੂਰੇ ਗੁਰੂ ਦੀ ਰਾਹੀਂ (ਨਾਮ ਜਪ ਕੇ ਹੀ) ਪਰਮਾਤਮਾ ਲੱਭਦਾ ਹੈ।1। ਰਹਾਉ। ਹੇ ਭਾਈ! ਅਸੀਂ ਜੀਵ ਆਤਮਕ ਮੌਤੇ ਮਰੇ ਰਹਿੰਦੇ ਹਾਂ। ਸਤਿਗੁਰੂ ਨੇ ਜਦੋਂ ਸਾਡੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ ਤਾਂ ਹਰਿ-ਨਾਮ ਜਪ ਕੇ ਅਸੀਂ ਆਤਮਕ ਜੀਵਨ ਹਾਸਲ ਕਰ ਲੈਂਦੇ ਹਾਂ। ਹੇ ਭਾਈ! ਪੂਰਾ ਗੁਰੂ ਧੰਨ ਹੈ, ਗੁਰੂ ਸਲਾਹੁਣ-ਜੋਗ ਹੈ। (ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਮੋਹ ਦੇ) ਵਿਹੁਲੇ ਸਮੁੰਦਰ ਵਿਚ ਡੁੱਬਦਿਆਂ ਨੂੰ ਗੁਰੂ (ਆਪਣੀ) ਬਾਂਹ ਫੜਾ ਕੇ ਕੱਢ ਲੈਂਦਾ ਹੈ।1। ਹੇ ਭਾਈ! ਪਰਮਾਤਮਾ ਦਾ ਨਾਮ-ਰਸ (ਦੁਨੀਆ ਦੇ ਹੋਰ ਸਾਰੇ) ਰਸਾਂ ਦਾ ਘਰ ਹੈ (ਸਭ ਰਸਾਂ ਤੋਂ ਸ੍ਰੇਸ਼ਟ ਹੈ, ਪਰ) ਇਹ ਨਾਮ-ਰਸ ਗੁਰਮਤਿ ਦੇ ਰਸ ਦੀ ਰਾਹੀਂ ਪੀਤਾ ਜਾ ਸਕਦਾ ਹੈ। ਸੜਿਆ ਹੋਇਆ ਲੋਹਾ (ਪਾਰਸ ਨੂੰ ਮਿਲ ਕੇ) ਸੋਨਾ (ਹੋ ਜਾਂਦਾ ਹੈ, ਤਿਵੇਂ) ਸੰਗਤਿ ਵਿਚ ਮਿਲ ਕੇ (ਮਨੁੱਖ) ਪਰਮਾਤਮਾ ਦਾ ਨਾਮ-ਰਸ (ਆਪਣੇ) ਹਿਰਦੇ ਵਿਚ ਵਸਾ ਲੈਂਦਾ ਹੈ, ਗੁਰੂ ਦੀ ਰਾਹੀਂ ਰੱਬੀ ਜੋਤਿ ਉਸ ਦੇ ਅੰਦਰ ਪਰਗਟ ਹੋ ਜਾਂਦੀ ਹੈ।2। ਹੇ ਭਾਈ! ਜਿਹੜੇ ਮਨੁੱਖ ਹਉਮੈ ਵਿਚ ਗ੍ਰਸੇ ਰਹਿੰਦੇ ਹਨ, ਮਾਇਆ ਦੇ ਲੋਭ ਵਿਚ ਸਦਾ ਫਸੇ ਰਹਿੰਦੇ ਹਨ, ਪੁੱਤਰ ਇਸਤ੍ਰੀ ਦੇ ਮੋਹ ਵਿਚ ਘਿਰੇ ਰਹਿੰਦੇ ਹਨ, ਉਹਨਾਂ ਨੇ ਕਦੇ ਸੰਤ-ਜਨਾਂ ਦੇ ਚਰਨ ਨਹੀਂ ਛੁਹੇ ਹੁੰਦੇ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਹਨਾਂ ਮਨੁੱਖਾਂ ਦੇ ਅੰਦਰ (ਤ੍ਰਿਸ਼ਨਾ ਦੀ) ਭੁੱਬਲ ਧੁੱਖਦੀ ਰਹਿੰਦੀ ਹੈ।3। ਹੇ ਪ੍ਰਭੂ! ਆਪਣੇ ਗੁਣ ਤੂੰ ਆਪ ਹੀ ਜਾਣਦਾ ਹੈਂ। ਅਸੀਂ ਜੀਵ (ਹੋਰ ਸਭ ਪਾਸਿਆਂ ਵਲੋਂ) ਹਾਰ ਕੇ ਤੇਰੀ ਹੀ ਸਰਨ ਆ ਪੈਂਦੇ ਹਾਂ। ਹੇ ਸੁਆਮੀ! ਜਿਵੇਂ ਹੋ ਸਕੇ, ਮੇਰੀ ਰੱਖਿਆ ਕਰ (ਮੈਂ) ਨਾਨਕ ਤੇਰਾ ਹੀ ਦਾਸ ਹਾਂ।4।6। ਛਕਾ 1। ਪ੍ਰਭਾਤੀ ਬਿਭਾਸ ਪੜਤਾਲ ਮਹਲਾ ੪ ੴ ਸਤਿਗੁਰ ਪ੍ਰਸਾਦਿ ॥ ਜਪਿ ਮਨ ਹਰਿ ਹਰਿ ਨਾਮੁ ਨਿਧਾਨ ॥ ਹਰਿ ਦਰਗਹ ਪਾਵਹਿ ਮਾਨ ॥ ਜਿਨਿ ਜਪਿਆ ਤੇ ਪਾਰਿ ਪਰਾਨ ॥੧॥ ਰਹਾਉ ॥ ਸੁਨਿ ਮਨ ਹਰਿ ਹਰਿ ਨਾਮੁ ਕਰਿ ਧਿਆਨੁ ॥ ਸੁਨਿ ਮਨ ਹਰਿ ਕੀਰਤਿ ਅਠਸਠਿ ਮਜਾਨੁ ॥ ਸੁਨਿ ਮਨ ਗੁਰਮੁਖਿ ਪਾਵਹਿ ਮਾਨੁ ॥੧॥ ਜਪਿ ਮਨ ਪਰਮੇਸੁਰੁ ਪਰਧਾਨੁ ॥ ਖਿਨ ਖੋਵੈ ਪਾਪ ਕੋਟਾਨ ॥ ਮਿਲੁ ਨਾਨਕ ਹਰਿ ਭਗਵਾਨ ॥੨॥੧॥੭॥ {ਪੰਨਾ 1337} ਪੜਤਾਲ = ਇਸ ਸ਼ਬਦ ਨੂੰ ਗਾਵਣ ਵੇਲੇ ਤਾਲ ਮੁੜ ਮੁੜ ਪਰਤਣਾ ਹੈ। ਪਦ ਅਰਥ: ਜਪਿ = ਜਪਿਆ ਕਰ। ਮਨ = ਹੇ ਮਨ! ਨਿਧਾਨ = ਖ਼ਜ਼ਾਨਾ। ਪਾਵਹਿ = ਤੂੰ ਹਾਸਲ ਕਰੇਂਗਾ। ਮਾਨ = ਆਦਰ। ਜਿਨਿ = ਜਿਨਿ ਜਿਨਿ, ਜਿਸ ਜਿਸ ਨੇ। ਤੇ = ਉਹ (ਬਹੁ-ਵਚਨ) । ਪਾਰਿ ਪਰਾਨ = (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਏ।1। ਰਹਾਉ। ਕਰਿ ਧਿਆਨੁ = ਧਿਆਨ ਕਰ ਕੇ, ਧਿਆਨ ਨਾਲ। ਕੀਰਤਿ = ਸਿਫ਼ਤਿ-ਸਾਲਾਹ। ਅਠਸਠਿ = ਅਠਾਹਠ ਤੀਰਥ। ਮਜਾਨੁ = ਮੱਜਨ, ਇਸ਼ਨਾਨ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।1। ਕੋਟਾਨ ਪਾਪ = ਕ੍ਰੋੜਾਂ ਪਾਪਾਂ (ਦਾ ਨਾਸ) । ਮਿਲੁ = ਮਿਲਿਆ ਰਹੁ।2। ਅਰਥ: ਹੇ (ਮੇਰੇ) ਮਨ! ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆ ਕਰ (ਇਹੀ ਹੈ ਅਸਲ) ਖ਼ਜ਼ਾਨਾ। (ਨਾਮ ਦੀ ਬਰਕਤਿ ਨਾਲ) ਤੂੰ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਹਾਸਲ ਕਰੇਂਗਾ। ਜਿਸ ਜਿਸ ਨੇ ਨਾਮ ਜਪਿਆ ਹੈ ਉਹ ਸਭ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ।1। ਰਹਾਉ। ਹੇ (ਮੇਰੇ) ਮਨ! ਧਿਆਨ ਜੋੜ ਕੇ ਸਦਾ ਪਰਮਾਤਮਾ ਦਾ ਨਾਮ ਸੁਣਿਆ ਕਰ। ਹੇ ਮਨ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਿਆ ਕਰ (ਇਹੀ ਹੈ) ਅਠਾਹਠ ਤੀਰਥਾਂ ਦਾ ਇਸ਼ਨਾਨ। ਹੇ ਮਨ! ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦਾ ਨਾਮ) ਸੁਣਿਆ ਕਰ (ਲੋਕ ਪਰਲੋਕ ਵਿਚ) ਇੱਜ਼ਤ ਖੱਟੇਂਗਾ।1। ਹੇ ਮਨ! ਪਰਮੇਸਰ (ਦਾ ਨਾਮ) ਜਪਿਆ ਕਰ (ਉਹੀ ਸਭ ਤੋਂ) ਵੱਡਾ (ਹੈ) । (ਨਾਮ ਜਪਣ ਦੀ ਬਰਕਤਿ ਨਾਲ) ਕ੍ਰੋੜਾਂ ਪਾਪਾਂ ਦਾ ਨਾਸ (ਇਕ) ਖਿਨ ਵਿਚ ਹੋ ਜਾਂਦਾ ਹੈ। ਹੇ ਨਾਨਕ! ਸਦਾ ਹਰੀ ਭਗਵਾਨ (ਦੇ ਚਰਨਾਂ ਵਿਚ) ਜੁੜਿਆ ਰਹੁ।2।1।7। ਪ੍ਰਭਾਤੀ ਮਹਲਾ ੫ ਬਿਭਾਸ ੴ ਸਤਿਗੁਰ ਪ੍ਰਸਾਦਿ ॥ ਮਨੁ ਹਰਿ ਕੀਆ ਤਨੁ ਸਭੁ ਸਾਜਿਆ ॥ ਪੰਚ ਤਤ ਰਚਿ ਜੋਤਿ ਨਿਵਾਜਿਆ ॥ ਸਿਹਜਾ ਧਰਤਿ ਬਰਤਨ ਕਉ ਪਾਨੀ ॥ ਨਿਮਖ ਨ ਵਿਸਾਰਹੁ ਸੇਵਹੁ ਸਾਰਿਗਪਾਨੀ ॥੧॥ ਮਨ ਸਤਿਗੁਰੁ ਸੇਵਿ ਹੋਇ ਪਰਮ ਗਤੇ ॥ ਹਰਖ ਸੋਗ ਤੇ ਰਹਹਿ ਨਿਰਾਰਾ ਤਾਂ ਤੂ ਪਾਵਹਿ ਪ੍ਰਾਨਪਤੇ ॥੧॥ ਰਹਾਉ ॥ ਕਾਪੜ ਭੋਗ ਰਸ ਅਨਿਕ ਭੁੰਚਾਏ ॥ ਮਾਤ ਪਿਤਾ ਕੁਟੰਬ ਸਗਲ ਬਨਾਏ ॥ ਰਿਜਕੁ ਸਮਾਹੇ ਜਲਿ ਥਲਿ ਮੀਤ ॥ ਸੋ ਹਰਿ ਸੇਵਹੁ ਨੀਤਾ ਨੀਤ ॥੨॥ ਤਹਾ ਸਖਾਈ ਜਹ ਕੋਇ ਨ ਹੋਵੈ ॥ ਕੋਟਿ ਅਪ੍ਰਾਧ ਇਕ ਖਿਨ ਮਹਿ ਧੋਵੈ ॥ ਦਾਤਿ ਕਰੈ ਨਹੀ ਪਛੋੁਤਾਵੈ ॥ ਏਕਾ ਬਖਸ ਫਿਰਿ ਬਹੁਰਿ ਨ ਬੁਲਾਵੈ ॥੩॥ ਕਿਰਤ ਸੰਜੋਗੀ ਪਾਇਆ ਭਾਲਿ ॥ ਸਾਧਸੰਗਤਿ ਮਹਿ ਬਸੇ ਗੁਪਾਲ ॥ ਗੁਰ ਮਿਲਿ ਆਏ ਤੁਮਰੈ ਦੁਆਰ ॥ ਜਨ ਨਾਨਕ ਦਰਸਨੁ ਦੇਹੁ ਮੁਰਾਰਿ ॥੪॥੧॥ {ਪੰਨਾ 1337} ਪਦ ਅਰਥ: ਸਾਜਿਆ = ਪੈਦਾ ਕੀਤਾ। ਰਚਿ = ਬਣਾ ਕੇ। ਨਿਵਾਜਿਆ = ਸੋਹਣਾ ਬਣਾ ਦਿੱਤਾ। ਸਿਹਜਾ = (ਲੇਟਣ ਵਾਸਤੇ) ਵਿਛੌਣਾ। ਕਉ = ਨੂੰ, ਵਾਸਤੇ। ਨਿਮਖ = (inmy =) ਅੱਖ ਝਮਕਣ ਜਿਤਨਾ ਸਮਾ। ਸਾਰਿਗਪਾਨੀ = (ਸਾਰਿਗ = ਧਨੁੱਖ। ਪਾਨੀ = ਹੱਥ। ਜਿਸ ਦੇ ਹੱਥ ਵਿਚ ਧਨੁਖ ਹੈ) ਪਰਮਾਤਮਾ।1। ਮਨ = ਹੇ ਮਨ! ਪਰਮ ਗਤੇ = ਸਭ ਤੋਂ ਉੱਚੀ ਆਤਮਕ ਅਵਸਥਾ। ਹਰਖ = ਖ਼ੁਸ਼ੀ। ਸੋਗ = ਗ਼ਮ। ਤੇ = ਤੋਂ। ਰਹਹਿ = (ਜੇ) ਤੂੰ ਟਿਕਿਆ ਰਹੇਂ। ਨਿਰਾਰਾ = ਵੱਖਰਾ। ਪ੍ਰਾਨ ਪਤੇ = ਜਿੰਦ ਦਾ ਮਾਲਕ-ਪ੍ਰਭੂ।1। ਰਹਾਉ। ਕਾਪੜ = ਕੱਪੜੇ। ਭੁੰਚਾਏ = ਖਾਣ ਲਈ ਦੇਂਦਾ ਹੈ। ਸਗਲ = ਸਾਰੇ। ਕੁਟੰਬ = ਪਰਵਾਰ। ਸਮਾਹੇ = ਸੰਬਾਹੇ, ਅਪੜਾਂਦਾ ਹੈ। ਜਲਿ = ਜਲ ਵਿਚ। ਥਲਿ = ਧਰਤੀ ਉੱਤੇ, ਧਰਤੀ ਵਿਚ। ਮੀਤ = ਹੇ ਮਿੱਤਰ! ਨੀਤਾ ਨੀਤ = ਸਦਾ ਹੀ।2। ਤਹ = ਉੱਥੇ। ਸਖਾਈ = ਸਾਥੀ। ਜਹ = ਜਿੱਥੇ। ਕੋਟਿ = ਕ੍ਰੋੜਾਂ। ਅਪ੍ਰਾਧ = ਭੁੱਲਾਂ। ਪਛੋੁਤਾਵੈ = (ਅੱਖਰ 'ਛ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ 'ਪਛੁਤਾਵੈ' ਹੈ, ਇੱਥੇ 'ਪਛੋਤਾਵੈ' ਪੜ੍ਹਨਾ ਹੈ) ਅਫ਼ਸੋਸ ਕਰਦਾ। ਏਕਾ = ਇਕੋ ਵਾਰੀ। ਬਖਸ = ਬਖ਼ਸ਼ਸ਼, ਮਿਹਰ। ਬਹੁਰਿ = ਮੁੜ। ਬੁਲਾਵੈ = ਸੱਦਦਾ, ਲੇਖਾ ਮੰਗਦਾ।3। ਕਿਰਤ = ਪਿਛਲੇ ਕੀਤੇ ਹੋਏ ਕੰਮ। ਸੰਜੋਗ = ਮੇਲ। ਸੰਜੋਗੀ = ਮੇਲ ਅਨੁਸਾਰ। ਕਿਰਤ ਸੰਜੋਗੀ = ਪਿਛਲੇ ਕੀਤੇ ਕਰਮਾਂ ਦੇ ਮਿਲਾਪ ਅਨੁਸਾਰ। ਭਾਲਿ = ਢੂੰਢ ਕੇ। ਗੁਪਾਲ = ਧਰਤੀ ਦੇ ਰੱਖਣਹਾਰ ਪ੍ਰਭੂ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਮੁਰਾਰਿ = ਹੇ ਮੁਰਾਰੀ! (ਮੁਰ-ਅਰਿ। ਅਰਿ = ਵੈਰੀ। ਮੁਰ ਦੈਂਤ ਦਾ ਵੈਰੀ) ।4। ਅਰਥ: ਹੇ (ਮੇਰੇ) ਮਨ! ਗੁਰੂ ਦੀ ਸਰਨ ਪਿਆ ਰਹੁ (ਇਸ ਤਰ੍ਹਾਂ) ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਜੇ ਤੂੰ (ਗੁਰੂ ਦੇ ਦਰ ਤੇ ਰਹਿ ਕੇ) ਖ਼ੁਸ਼ੀ ਗ਼ਮੀ ਤੋਂ ਨਿਰਲੇਪ ਟਿਕਿਆ ਰਹੇਂ, ਤਾਂ ਤੂੰ ਜਿੰਦ ਦੇ ਮਾਲਕ ਪ੍ਰਭੂ ਨੂੰ ਮਿਲ ਪਏਂਗਾ।1। ਰਹਾਉ। ਹੇ ਭਾਈ! ਜਿਸ ਪਰਮਾਤਮਾ ਨੇ (ਤੇਰਾ) ਮਨ ਬਣਾਇਆ, (ਤੇਰਾ) ਸਰੀਰ ਬਣਾਇਆ। (ਮਿੱਟੀ ਹਵਾ ਆਦਿਕ) ਪੰਜ ਤੱਤਾਂ ਦਾ ਪੁਤਲਾ ਬਣਾ ਕੇ (ਉਸ ਨੂੰ ਆਪਣੀ) ਜੋਤਿ ਨਾਲ ਸੋਹਣਾ ਬਣਾ ਦਿੱਤਾ। (ਜਿਸ ਨੇ ਤੈਨੂੰ) ਲੇਟਣ ਵਾਸਤੇ ਧਰਤੀ ਦਿੱਤੀ, (ਜਿਸ ਨੇ ਤੈਨੂੰ) ਵਰਤਣ ਲਈ ਪਾਣੀ ਦਿੱਤਾ, ਉਸ ਪਰਮਾਤਮਾ ਨੂੰ ਕਦੇ ਨਾਹ ਭੁਲਾਓ, ਉਸ ਨੂੰ (ਹਰ ਵੇਲੇ) ਸਿਮਰਦੇ ਰਹੋ।1। ਹੇ ਭਾਈ! ਜਿਸ ਪਰਮਾਤਮਾ ਨੇ ਤੈਨੂੰ ਅਨੇਕਾਂ (ਕਿਸਮਾਂ ਦੇ) ਕੱਪੜੇ ਵਰਤਣ ਨੂੰ ਦਿੱਤੇ, ਜਿਸ ਨੇ ਤੈਨੂੰ ਅਨੇਕਾਂ ਚੰਗੇ ਚੰਗੇ ਪਦਾਰਥ ਖਾਣ-ਪੀਣ ਨੂੰ ਦਿੱਤੇ, ਜਿਸ ਨੇ ਤੇਰੇ ਵਾਸਤੇ ਮਾਂ ਪਿਉ ਪਰਵਾਰ (ਆਦਿਕ) ਸਾਰੇ ਸੰਬੰਧੀ ਬਣਾ ਦਿੱਤੇ, ਹੇ ਮਿੱਤਰ! ਜਿਹੜਾ ਪਰਮਾਤਮਾ ਪਾਣੀ ਵਿਚ ਧਰਤੀ ਵਿਚ (ਹਰ ਥਾਂ ਜੀਵਾਂ ਨੂੰ) ਰਿਜ਼ਕ ਅਪੜਾਂਦਾ ਹੈ, ਉਸ ਪਰਮਾਤਮਾ ਨੂੰ ਸਦਾ ਹੀ ਸਦਾ ਹੀ ਯਾਦ ਕਰਦੇ ਰਹੋ।2। ਹੇ ਭਾਈ! ਜਿੱਥੇ ਕੋਈ ਭੀ ਮਦਦ ਨਹੀਂ ਕਰ ਸਕਦਾ, ਪਰਮਾਤਮਾ ਉੱਥੇ (ਭੀ) ਸਾਥੀ ਬਣਦਾ ਹੈ, (ਜੀਵਾਂ ਦੇ) ਕ੍ਰੋੜਾਂ ਪਾਪ ਇਕ ਖਿਨ ਵਿਚ ਧੋ ਦੇਂਦਾ ਹੈ। ਹੇ ਭਾਈ! ਉਹ ਪ੍ਰਭੂ (ਸਭ ਜੀਵਾਂ ਨੂੰ) ਦਾਤਾਂ ਦੇਂਦਾ ਰਹਿੰਦਾ ਹੈ, ਕਦੇ (ਇਸ ਗੱਲੋਂ) ਪਛੁਤਾਂਦਾ ਨਹੀਂ। (ਜਿਸ ਪ੍ਰਾਣੀ ਉਤੇ) ਇਕ ਵਾਰੀ ਬਖ਼ਸ਼ਸ਼ ਕਰ ਦੇਂਦਾ ਹੈ, ਉਸ ਨੂੰ (ਉਸ ਦੇ ਲੇਖਾ ਮੰਗਣ ਲਈ) ਫਿਰ ਨਹੀਂ ਸੱਦਦਾ।3। ਹੇ ਭਾਈ! ਸ੍ਰਿਸ਼ਟੀ ਦਾ ਰੱਖਿਅਕ ਪ੍ਰਭੂ ਸਾਧ ਸੰਗਤਿ ਵਿਚ ਵੱਸਦਾ ਹੈ। ਪਿਛਲੇ ਕੀਤੇ ਕਰਮਾਂ ਦੇ ਸੰਜੋਗਾਂ ਨਾਲ (ਉਸ ਨੂੰ ਸਾਧ ਸੰਗਤਿ ਵਿਚ) ਢੂੰਢ ਕੇ ਲੱਭ ਲਈਦਾ ਹੈ। ਹੇ ਮੁਰਾਰੀ! ਗੁਰੂ ਦੀ ਸਰਨ ਪੈ ਕੇ ਮੈਂ ਤੇਰੇ ਦਰ ਤੇ ਆਇਆ ਹਾਂ (ਆਪਣੇ) ਦਾਸ ਨਾਨਕ ਨੂੰ (ਆਪਣਾ) ਦੀਦਾਰ ਬਖ਼ਸ਼।4।1। |
Sri Guru Granth Darpan, by Professor Sahib Singh |