ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1338

ਪ੍ਰਭਾਤੀ ਮਹਲਾ ੫ ॥ ਪ੍ਰਭ ਕੀ ਸੇਵਾ ਜਨ ਕੀ ਸੋਭਾ ॥ ਕਾਮ ਕ੍ਰੋਧ ਮਿਟੇ ਤਿਸੁ ਲੋਭਾ ॥ ਨਾਮੁ ਤੇਰਾ ਜਨ ਕੈ ਭੰਡਾਰਿ ॥ ਗੁਨ ਗਾਵਹਿ ਪ੍ਰਭ ਦਰਸ ਪਿਆਰਿ ॥੧॥ ਤੁਮਰੀ ਭਗਤਿ ਪ੍ਰਭ ਤੁਮਹਿ ਜਨਾਈ ॥ ਕਾਟਿ ਜੇਵਰੀ ਜਨ ਲੀਏ ਛਡਾਈ ॥੧॥ ਰਹਾਉ ॥ ਜੋ ਜਨੁ ਰਾਤਾ ਪ੍ਰਭ ਕੈ ਰੰਗਿ ॥ ਤਿਨਿ ਸੁਖੁ ਪਾਇਆ ਪ੍ਰਭ ਕੈ ਸੰਗਿ ॥ ਜਿਸੁ ਰਸੁ ਆਇਆ ਸੋਈ ਜਾਨੈ ॥ ਪੇਖਿ ਪੇਖਿ ਮਨ ਮਹਿ ਹੈਰਾਨੈ ॥੨॥ ਸੋ ਸੁਖੀਆ ਸਭ ਤੇ ਊਤਮੁ ਸੋਇ ॥ ਜਾ ਕੈ ਹ੍ਰਿਦੈ ਵਸਿਆ ਪ੍ਰਭੁ ਸੋਇ ॥ ਸੋਈ ਨਿਹਚਲੁ ਆਵੈ ਨ ਜਾਇ ॥ ਅਨਦਿਨੁ ਪ੍ਰਭ ਕੇ ਹਰਿ ਗੁਣ ਗਾਇ ॥੩॥ ਤਾ ਕਉ ਕਰਹੁ ਸਗਲ ਨਮਸਕਾਰੁ ॥ ਜਾ ਕੈ ਮਨਿ ਪੂਰਨੁ ਨਿਰੰਕਾਰੁ ॥ ਕਰਿ ਕਿਰਪਾ ਮੋਹਿ ਠਾਕੁਰ ਦੇਵਾ ॥ ਨਾਨਕੁ ਉਧਰੈ ਜਨ ਕੀ ਸੇਵਾ ॥੪॥੨॥ {ਪੰਨਾ 1338}

ਪਦ ਅਰਥ: ਸੇਵਾ = ਭਗਤੀ। ਜਨ ਕੈ ਭੰਡਾਰਿ = ਸੇਵਕਾਂ ਦੇ ਖ਼ਜ਼ਾਨੇ ਵਿਚ। ਗਾਵਹਿ = ਗਾਂਦੇ ਹਨ (ਬਹੁ-ਵਚਨ) । ਦਰਸ ਪਿਆਰਿ = ਦਰਸਨ ਦੀ ਤਾਂਘ ਵਿਚ।1।

ਪ੍ਰਭ = ਹੇ ਪ੍ਰਭੂ! ਤੁਮਹਿ = ਤੂੰ (ਆਪ ਹੀ) । ਜਨਾਈ = ਸਮਝਾਈ, ਦੱਸੀ। ਕਾਟਿ = ਕੱਟ ਕੇ। ਜੇਵਰੀ = ਮੋਹ ਦੀ ਰੱਸੀ।1। ਰਹਾਉ।

ਕੈ ਰੰਗਿ = ਦੇ (ਪ੍ਰੇਮ-) ਰੰਗ ਵਿਚ। ਰਾਤਾ = ਰੰਗਿਆ ਹੋਇਆ। ਕੈ ਸੰਗਿ = ਦੇ ਨਾਲ। ਰਸੁ = ਸੁਆਦ। ਪੇਖਿ = ਵੇਖ ਕੇ। ਹੈਰਾਨੈ = ਵਿਸਮਾਦ-ਹਾਲਤ ਵਿਚ।2।

ਤੇ = ਤੋਂ। ਸੋਇ = ਉਹ ਹੀ। ਕੈ ਹ੍ਰਿਦੈ = ਹਿਰਦੇ ਵਿਚ। ਨਿਹਚਲੁ = ਅਡੋਲ-ਚਿੱਤ। ਆਵੈ ਨ ਜਾਇ = ਨਾਹ ਆਉਂਦਾ ਹੈ ਨਾਹ ਜਾਂਦਾ ਹੈ, ਭਟਕਦਾ ਨਹੀਂ। ਅਨਦਿਨੁ = ਹਰ ਰੋਜ਼।3।

ਕਉ = ਨੂੰ। ਸਗਲ = ਸਾਰੇ। ਜਾ ਕੈ ਮਨਿ = ਜਿਸ ਦੇ ਮਨ ਵਿਚ। ਮੋਹਿ = ਮੈਨੂੰ, ਮੇਰੇ ਉੱਤੇ। ਠਾਕੁਰ = ਹੇ ਠਾਕੁਰ! ਦੇਵਾ = ਹੇ ਦੇਵ! ਹੇ ਪ੍ਰਕਾਸ਼-ਰੂਪ! ਉਧਰੈ = (ਵਿਕਾਰਾਂ ਤੋਂ) ਬਚਿਆ ਰਹੇ।4।

ਅਰਥ: ਹੇ ਪ੍ਰਭੂ! ਆਪਣੀ ਭਗਤੀ (ਆਪਣੇ ਸੇਵਕਾਂ ਨੂੰ) ਤੂੰ ਆਪ ਹੀ ਸਮਝਾਈ ਹੈ, (ਉਹਨਾਂ ਦੀ ਮੋਹ ਦੀ) ਫਾਹੀ ਕੱਟ ਕੇ ਆਪਣੇ ਸੇਵਕਾਂ ਨੂੰ ਤੂੰ ਆਪ ਹੀ (ਮਾਇਆ ਦੇ ਮੋਹ ਤੋਂ) ਬਚਾਇਆ ਹੈ।1। ਰਹਾਉ।

ਹੇ ਭਾਈ! ਪਰਮਾਤਮਾ ਦੀ ਭਗਤੀ ਨਾਲ ਪਰਮਾਤਮਾ ਦੇ ਭਗਤ ਦੀ ਵਡਿਆਈ (ਲੋਕ ਪਰਲੋਕ ਵਿਚ) ਹੁੰਦੀ ਹੈ, ਉਸ ਦੇ ਅੰਦਰੋਂ ਕਾਮ ਕ੍ਰੋਧ ਲੋਭ (ਆਦਿਕ ਵਿਕਾਰ) ਮਿਟ ਜਾਂਦੇ ਹਨ। ਹੇ ਪ੍ਰਭੂ! ਤੇਰਾ ਨਾਮ-ਧਨ ਤੇਰੇ ਭਗਤਾਂ ਦੇ ਖ਼ਜ਼ਾਨੇ ਵਿਚ (ਭਰਪੂਰ ਰਹਿੰਦਾ ਹੈ) । ਹੇ ਪ੍ਰਭੂ! ਤੇਰੇ ਭਗਤ ਤੇਰੇ ਦੀਦਾਰ ਦੀ ਤਾਂਘ ਵਿਚ ਤੇਰੇ ਗੁਣ ਗਾਂਦੇ ਰਹਿੰਦੇ ਹਨ।1।

ਹੇ ਭਾਈ! ਜਿਹੜਾ ਜਿਹੜਾ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਗਿਆ, ਉਹਨਾਂ ਨੇ ਪਰਮਾਤਮਾ ਦੇ (ਚਰਨਾਂ) ਨਾਲ (ਲੱਗ ਕੇ) ਆਤਮਕ ਆਨੰਦ ਪ੍ਰਾਪਤ ਕੀਤਾ, (ਪਰ ਉਸ ਆਨੰਦ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ) ਜਿਸ ਮਨੁੱਖ ਨੂੰ ਉਹ ਆਨੰਦ ਆਉਂਦਾ ਹੈ, ਉਹੀ ਉਸ ਨੂੰ ਜਾਣਦਾ ਹੈ, ਉਹ ਮਨੁੱਖ (ਪਰਮਾਤਮਾ ਦਾ) ਦਰਸਨ ਕਰ ਕਰ ਕੇ (ਆਪਣੇ) ਮਨ ਵਿਚ ਵਾਹ ਵਾਹ ਕਰ ਉੱਠਦਾ ਹੈ।2।

ਹੇ ਭਾਈ! ਜਿਸ (ਮਨੁੱਖ) ਦੇ ਹਿਰਦੇ ਵਿਚ ਉਹ ਪਰਮਾਤਮਾ ਆ ਵੱਸਦਾ ਹੈ, ਉਹ ਸੁਖੀ ਹੋ ਜਾਂਦਾ ਹੈ, ਉਹ ਹੋਰ ਸਭਨਾਂ ਨਾਲੋਂ ਸ੍ਰੇਸ਼ਟ ਜੀਵਨ ਵਾਲਾ ਹੋ ਜਾਂਦਾ ਹੈ। ਉਹ ਮਨੁੱਖ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਉਹ ਸਦਾ ਅਡੋਲ ਚਿੱਤ ਰਹਿੰਦਾ ਹੈ, ਉਹ ਕਦੇ ਭਟਕਦਾ ਨਹੀਂ ਫਿਰਦਾ।3।

ਹੇ ਭਾਈ! ਜਿਸ (ਮਨੁੱਖ) ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ, ਉਸ ਦੇ ਅੱਗੇ ਸਾਰੇ ਆਪਣਾ ਸਿਰ ਨਿਵਾਇਆ ਕਰੋ। ਹੇ ਠਾਕੁਰ ਪ੍ਰਭੂ! ਹੇ ਪ੍ਰਕਾਸ਼-ਰੂਪ ਪ੍ਰਭੂ! ਮੇਰੇ ਉਤੇ ਮਿਹਰ ਕਰ, (ਤੇਰਾ ਸੇਵਕ) ਨਾਨਕ ਤੇਰੇ ਭਗਤ ਦੀ ਸਰਨ ਵਿਚ ਰਹਿ ਕੇ (ਵਿਕਾਰਾਂ ਤੋਂ) ਬਚਿਆ ਰਹੇ।4।2।

ਪ੍ਰਭਾਤੀ ਮਹਲਾ ੫ ॥ ਗੁਨ ਗਾਵਤ ਮਨਿ ਹੋਇ ਅਨੰਦ ॥ ਆਠ ਪਹਰ ਸਿਮਰਉ ਭਗਵੰਤ ॥ ਜਾ ਕੈ ਸਿਮਰਨਿ ਕਲਮਲ ਜਾਹਿ ॥ ਤਿਸੁ ਗੁਰ ਕੀ ਹਮ ਚਰਨੀ ਪਾਹਿ ॥੧॥ ਸੁਮਤਿ ਦੇਵਹੁ ਸੰਤ ਪਿਆਰੇ ॥ ਸਿਮਰਉ ਨਾਮੁ ਮੋਹਿ ਨਿਸਤਾਰੇ ॥੧॥ ਰਹਾਉ ॥ ਜਿਨਿ ਗੁਰਿ ਕਹਿਆ ਮਾਰਗੁ ਸੀਧਾ ॥ ਸਗਲ ਤਿਆਗਿ ਨਾਮਿ ਹਰਿ ਗੀਧਾ ॥ ਤਿਸੁ ਗੁਰ ਕੈ ਸਦਾ ਬਲਿ ਜਾਈਐ ॥ ਹਰਿ ਸਿਮਰਨੁ ਜਿਸੁ ਗੁਰ ਤੇ ਪਾਈਐ ॥੨॥ ਬੂਡਤ ਪ੍ਰਾਨੀ ਜਿਨਿ ਗੁਰਹਿ ਤਰਾਇਆ ॥ ਜਿਸੁ ਪ੍ਰਸਾਦਿ ਮੋਹੈ ਨਹੀ ਮਾਇਆ ॥ ਹਲਤੁ ਪਲਤੁ ਜਿਨਿ ਗੁਰਹਿ ਸਵਾਰਿਆ ॥ ਤਿਸੁ ਗੁਰ ਊਪਰਿ ਸਦਾ ਹਉ ਵਾਰਿਆ ॥੩॥ ਮਹਾ ਮੁਗਧ ਤੇ ਕੀਆ ਗਿਆਨੀ ॥ ਗੁਰ ਪੂਰੇ ਕੀ ਅਕਥ ਕਹਾਨੀ ॥ ਪਾਰਬ੍ਰਹਮ ਨਾਨਕ ਗੁਰਦੇਵ ॥ ਵਡੈ ਭਾਗਿ ਪਾਈਐ ਹਰਿ ਸੇਵ ॥੪॥੩॥ {ਪੰਨਾ 1338}

ਪਦ ਅਰਥ: ਗਾਵਤ = ਗਾਂਦਿਆਂ। ਮਨਿ = ਮਨ ਵਿਚ। ਸਿਮਰਉ = ਸਿਮਰਉਂ, ਮੈਂ ਸਿਮਰਦਾ ਹਾਂ। ਜਾ ਕੈ = ਜਿਸ (ਗੁਰੂ ਦੀ ਕਿਰਪਾ) ਨਾਲ। ਕਲਮਲ = (ਸਾਰੇ) ਪਾਪ। ਜਾਹਿ = ਦੂਰ ਹੋ ਜਾਂਦੇ ਹਨ (ਬਹੁ-ਵਚਨ) । ਹਮ ਪਾਹਿ = ਅਸੀਂ ਪੈਂਦੇ ਹਾਂ, ਮੈਂ ਪੈਂਦਾ ਹਾਂ। ਸਿਮਰਨਿ = ਨਾਮ ਦੇ ਸਿਮਰਨ ਦੀ ਰਾਹੀਂ।1।

ਸੰਤ ਪਿਆਰੇ = ਹੇ ਪਿਆਰੇ ਗੁਰੂ! ਸਿਮਰਉ = ਮੈਂ ਸਿਮਰਦਾ ਹਾਂ। ਮੋਹਿ = ਮੈਨੂੰ। ਨਿਸਤਾਰੇ = (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ।1। ਰਹਾਉ।

ਜਿਨਿ = ਜਿਸ ਨੇ। ਗੁਰਿ = ਗੁਰੂ ਨੇ। ਜਿਨਿ ਗੁਰਿ = ਜਿਸ ਗੁਰੂ ਨੇ। ਮਾਰਗੁ = (ਜੀਵਨ-) ਰਾਹ। ਤਿਆਗਿ = ਤਿਆਗ ਕੇ। ਨਾਮਿ = ਨਾਮ ਵਿਚ। ਗੀਧਾ = ਗਿੱਝ ਗਿਆ, ਪਰਚ ਗਿਆ। ਕੈ ਬਲਿ ਜਾਈਐ = ਤੋਂ ਸਦਕੇ ਜਾਣਾ ਚਾਹੀਦਾ ਹੈ। ਤੇ = ਤੋਂ। ਪਾਈਐ = ਪ੍ਰਾਪਤ ਹੁੰਦਾ ਹੈ।2।

ਬੂਡਤ = (ਵਿਕਾਰਾਂ ਵਿਚ) ਡੁੱਬਦਾ। ਜਿਨਿ ਗੁਰਹਿ = ਜਿਸ ਗੁਰੂ ਨੇ। ਜਿਸੁ ਪ੍ਰਸਾਦਿ = ਜਿਸ ਦੀ ਕਿਰਪਾ ਨਾਲ। ਮੋਹੈ ਨਹੀ = ਮੋਹ ਨਹੀਂ ਸਕਦੀ। ਹਲਤੁ = ਇਕ ਲੋਕ। ਪਲਤੁ = ਪਰਲੋਕ। ਸਵਾਰਿਆ = ਸੋਹਣਾ ਬਣਾ ਦਿੱਤਾ। ਹਉ = ਹਉਂ, ਮੈਂ। ਵਾਰਿਆ = ਕੁਰਬਾਨ।3।

ਮੁਗਧ = ਮੂਰਖ। ਤੇ = ਤੋਂ। ਗਿਆਨੀ = ਸਿਆਣਾ, ਗਿਆਨਵਾਨ, ਆਤਮਕ ਜੀਵਨ ਦੀ ਸੂਝ ਵਾਲਾ। ਅਕਥ = (ਅ-ਕਥ) ਜੋ ਬਿਆਨ ਨਾਹ ਕੀਤੀ ਜਾ ਸਕੇ। ਨਾਨਕ = ਹੇ ਨਾਨਕ! ਭਾਗਿ = ਕਿਸਮਤ ਨਾਲ।4।

ਅਰਥ: ਹੇ ਪਿਆਰੇ ਸਤਿਗੁਰੂ! (ਮੈਨੂੰ) ਚੰਗੀ ਅਕਲ ਬਖ਼ਸ਼ (ਜਿਸ ਦੀ ਰਾਹੀਂ) ਮੈਂ ਪਰਮਾਤਮਾ ਦਾ ਨਾਮ ਸਿਮਰਦਾ ਰਹਾਂ (ਜਿਹੜਾ ਨਾਮ) ਮੈਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਏ।1। ਰਹਾਉ।

ਹੇ ਭਾਈ! ਪਰਮਾਤਮਾ ਦੇ ਗੁਣ ਗਾਂਦਿਆਂ ਮਨ ਵਿਚ ਆਨੰਦ ਪੈਦਾ ਹੁੰਦਾ ਹੈ, (ਤਾਹੀਏਂ) ਮੈਂ ਅੱਠੇ ਪਹਰ ਭਗਵਾਨ (ਦਾ ਨਾਮ) ਸਿਮਰਦਾ ਹਾਂ। ਜਿਸ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਸਿਮਰਨ ਦੀ ਰਾਹੀਂ (ਸਾਰੇ) ਪਾਪ ਦੂਰ ਹੋ ਜਾਂਦੇ ਹਨ, ਮੈਂ ਉਸ ਗੁਰੂ ਦੀ (ਸਦਾ) ਚਰਨੀਂ ਲੱਗਾ ਰਹਿੰਦਾ ਹਾਂ।2।

ਹੇ ਭਾਈ! ਜਿਸ ਗੁਰੂ ਨੇ (ਆਤਮਕ ਜੀਵਨ ਦਾ) ਸਿੱਧਾ ਰਸਤਾ ਦੱਸਿਆ ਹੈ (ਜਿਸ ਦੀ ਬਰਕਤਿ ਨਾਲ ਮਨੁੱਖ) ਹੋਰ ਸਾਰੇ (ਮੋਹ) ਛੱਡ ਕੇ ਪਰਮਾਤਮਾ ਦੇ ਨਾਮ ਵਿਚ ਪਰਚਿਆ ਰਹਿੰਦਾ ਹੈ, ਜਿਸ ਗੁਰੂ ਪਾਸੋਂ ਪਰਮਾਤਮਾ ਦਾ ਨਾਮ ਸਿਮਰਨ (ਦੀ ਦਾਤਿ) ਮਿਲਦੀ ਹੈ, ਉਸ ਗੁਰੂ ਤੋਂ ਸਦਾ ਕੁਰਬਾਨ ਜਾਣਾ ਚਾਹੀਦਾ ਹੈ।2।

ਹੇ ਭਾਈ! ਜਿਸ ਗੁਰੂ ਨੇ (ਸੰਸਾਰ-ਸਮੁੰਦਰ ਵਿਚ) ਡੁੱਬ ਰਹੇ ਪ੍ਰਾਣੀਆਂ ਨੂੰ ਪਾਰ ਲੰਘਾਇਆ, ਜਿਸ (ਗੁਰੂ) ਦੀ ਮਿਹਰ ਨਾਲ ਮਾਇਆ ਠੱਗ ਨਹੀਂ ਸਕਦੀ, ਜਿਸ ਗੁਰੂ ਨੇ (ਸਰਨ ਪਏ ਮਨੁੱਖ ਦਾ) ਇਹ ਲੋਕ ਅਤੇ ਪਰਲੋਕ ਸੋਹਣਾ ਬਣਾ ਦਿੱਤਾ, ਮੈਂ ਉਸ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ।3।

ਹੇ ਭਾਈ! ਪੂਰੇ ਗੁਰੂ ਦੀ ਸਿਫ਼ਤਿ-ਸਾਲਾਹ ਪੂਰੇ ਤੌਰ ਤੇ ਬਿਆਨ ਨਹੀਂ ਕੀਤੀ ਜਾ ਸਕਦੀ, (ਗੁਰੂ ਨੇ) ਮਹਾ ਮੂਰਖ ਮਨੁੱਖ ਤੋਂ ਆਤਮਕ ਜੀਵਨ ਦੀ ਸੂਝ ਵਾਲਾ ਬਣਾ ਦਿੱਤਾ। ਹੇ ਨਾਨਕ! (ਆਖ– ਗੁਰੂ ਦੀ ਸਰਨ ਪੈ ਕੇ) ਵੱਡੀ ਕਿਸਮਤ ਨਾਲ ਪਾਰਬ੍ਰਹਮ ਗੁਰਦੇਵ ਹਰੀ ਦੀ ਸੇਵਾ-ਭਗਤੀ ਪ੍ਰਾਪਤ ਹੁੰਦੀ ਹੈ।4।3।

ਪ੍ਰਭਾਤੀ ਮਹਲਾ ੫ ॥ ਸਗਲੇ ਦੂਖ ਮਿਟੇ ਸੁਖ ਦੀਏ ਅਪਨਾ ਨਾਮੁ ਜਪਾਇਆ ॥ ਕਰਿ ਕਿਰਪਾ ਅਪਨੀ ਸੇਵਾ ਲਾਏ ਸਗਲਾ ਦੁਰਤੁ ਮਿਟਾਇਆ ॥੧॥ ਹਮ ਬਾਰਿਕ ਸਰਨਿ ਪ੍ਰਭ ਦਇਆਲ ॥ ਅਵਗਣ ਕਾਟਿ ਕੀਏ ਪ੍ਰਭਿ ਅਪੁਨੇ ਰਾਖਿ ਲੀਏ ਮੇਰੈ ਗੁਰ ਗੋਪਾਲਿ ॥੧॥ ਰਹਾਉ ॥ ਤਾਪ ਪਾਪ ਬਿਨਸੇ ਖਿਨ ਭੀਤਰਿ ਭਏ ਕ੍ਰਿਪਾਲ ਗੁਸਾਈ ॥ ਸਾਸਿ ਸਾਸਿ ਪਾਰਬ੍ਰਹਮੁ ਅਰਾਧੀ ਅਪੁਨੇ ਸਤਿਗੁਰ ਕੈ ਬਲਿ ਜਾਈ ॥੨॥ ਅਗਮ ਅਗੋਚਰੁ ਬਿਅੰਤੁ ਸੁਆਮੀ ਤਾ ਕਾ ਅੰਤੁ ਨ ਪਾਈਐ ॥ ਲਾਹਾ ਖਾਟਿ ਹੋਈਐ ਧਨਵੰਤਾ ਅਪੁਨਾ ਪ੍ਰਭੂ ਧਿਆਈਐ ॥੩॥ ਆਠ ਪਹਰ ਪਾਰਬ੍ਰਹਮੁ ਧਿਆਈ ਸਦਾ ਸਦਾ ਗੁਨ ਗਾਇਆ ॥ ਕਹੁ ਨਾਨਕ ਮੇਰੇ ਪੂਰੇ ਮਨੋਰਥ ਪਾਰਬ੍ਰਹਮੁ ਗੁਰੁ ਪਾਇਆ ॥੪॥੪॥ {ਪੰਨਾ 1338}

ਪਦ ਅਰਥ: ਦੀਏ = ਦਿੱਤੇ। ਸਗਲੇ = ਸਾਰੇ। ਕਰਿ = ਕਰ ਕੇ। ਸੇਵਾ = ਭਗਤੀ। ਦੁਰਤੁ = ਪਾਪ।1।

ਪ੍ਰਭ ਦਇਆਲ = ਹੇ ਦਇਆ ਦੇ ਘਰ ਪ੍ਰਭੂ! ਬਾਰਿਕ = ਬੱਚੇ। ਕਾਟਿ = ਕੱਟ ਕੇ। ਪ੍ਰਭਿ = ਪ੍ਰਭੂ ਨੇ। ਮੇਰੈ ਗੋਪਾਲਿ = ਮੇਰੇ ਗੋਪਾਲ ਨੇ, ਮੇਰੇ ਪ੍ਰਭੂ ਨੇ। ਗੋਪਾਲਿ = ਗੋਪਾਲ ਨੇ, ਸ੍ਰਿਸ਼ਟੀ ਦੇ ਰੱਖਿਅਕ ਨੇ।1। ਰਹਾਉ।

ਤਾਪ = ਦੁੱਖ-ਕਲੇਸ਼। ਭੀਤਰਿ = ਵਿਚ। ਗੁਸਾਈ = ਗੋਸਾਈਂ, ਧਰਤੀ ਦਾ ਖਸਮ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਸਾਸਿ = ਸਾਹ ਦੀ ਰਾਹੀਂ। ਅਰਾਧੀ = ਅਰਾਧੀਂ, ਮੈਂ ਆਰਾਧਦਾ ਹਾਂ। ਕੈ ਬਲਿ ਜਾਈ = ਕੈ ਬਲਿ ਜਾਈਂ, (ਗੁਰੂ) ਤੋਂ ਮੈਂ ਸਦਕੇ ਜਾਂਦਾ ਹਾਂ।2।

ਅਗਮ = ਅਪਹੁੰਚ। ਅਗੋਚਰੁ = (ਅ-ਗੋ-ਚਰੁ। ਗੋ = ਇੰਦ੍ਰੇ। ਚਰੁ = ਪਹੁੰਚ) ਜਿਸ ਤਕ ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਨ ਪਾਈਐ = ਨਹੀਂ ਪਾਇਆ ਜਾ ਸਕਦਾ। ਖਟਿ = ਖੱਟ ਕੇ। ਹੋਈਐ = ਹੋ ਜਾਈਦਾ ਹੈ। ਧਿਆਈਐ = ਧਿਆਉਣਾ ਚਾਹੀਦਾ ਹੈ।3।

ਧਿਆਈ = ਧਿਆਈਂ, ਮੈਂ ਧਿਆਉਂਦਾ ਹਾਂ। ਪਾਇਆ = ਲੱਭ ਲਿਆ ਹੈ।4।

ਅਰਥ: ਹੇ ਦਇਆ ਦੇ ਸੋਮੇ ਪ੍ਰਭੂ! ਅਸੀਂ (ਜੀਵ ਤੇਰੇ) ਬੱਚੇ (ਤੇਰੀ) ਸਰਨ ਹਾਂ। ਹੇ ਭਾਈ! ਧਰਤੀ ਦੇ ਰੱਖਿਅਕ ਪ੍ਰਭੂ ਨੇ (ਜਿਨ੍ਹਾਂ ਦੀ) ਰੱਖਿਆ ਕੀਤੀ, (ਉਹਨਾਂ ਦੇ ਅੰਦਰੋਂ) ਔਗੁਣ ਦੂਰ ਕਰ ਕੇ (ਉਹਨਾਂ ਨੂੰ ਉਸ) ਪ੍ਰਭੂ ਨੇ ਆਪਣੇ ਬਣਾ ਲਿਆ।1। ਰਹਾਉ।

ਹੇ ਭਾਈ! (ਪ੍ਰਭੂ ਨੇ) ਮਿਹਰ ਕਰ ਕੇ (ਜਿਨ੍ਹਾਂ ਨੂੰ) ਆਪਣੀ ਭਗਤੀ ਵਿਚ ਜੋੜਿਆ, (ਉਹਨਾਂ ਦੇ ਅੰਦਰੋਂ ਉਸ ਨੇ) ਸਾਰਾ ਪਾਪ ਦੂਰ ਕਰ ਦਿੱਤਾ। ਜਿਨ੍ਹਾਂ ਨੂੰ ਉਸ ਨੇ ਆਪਣਾ ਨਾਮ ਜਪਣ ਦੀ ਪ੍ਰੇਰਨਾ ਕੀਤੀ, ਉਹਨਾਂ ਨੂੰ ਉਸ ਨੇ ਸਾਰੇ ਸੁਖ ਬਖ਼ਸ਼ ਦਿੱਤੇ, (ਉਹਨਾਂ ਅੰਦਰੋਂ) ਸਾਰੇ ਦੁੱਖ ਦੂਰ ਹੋ ਗਏ।1।

ਹੇ ਭਾਈ! ਧਰਤੀ ਦੇ ਖਸਮ ਪ੍ਰਭੂ ਜੀ (ਜਿਨ੍ਹਾਂ ਉੱਤੇ) ਦਇਆਵਾਨ ਹੋਏ, (ਉਹਨਾਂ ਦੇ) ਸਾਰੇ ਦੁੱਖ-ਕਲੇਸ਼ ਸਾਰੇ ਪਾਪ ਇਕ ਖਿਨ ਵਿਚ ਨਾਸ ਹੋ ਗਏ। ਹੇ ਭਾਈ! ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, (ਉਸ ਦੀ ਮਿਹਰ ਨਾਲ) ਮੈਂ ਆਪਣੇ ਹਰੇਕ ਸਾਹ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ।2।

ਹੇ ਭਾਈ! ਮਾਲਕ-ਪ੍ਰਭੂ ਅਪਹੁੰਚ ਹੈ, ਉਸ ਤਕ (ਜੀਵਾਂ ਦੇ) ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਉਹ ਬੇਅੰਤ ਹੈ, ਉਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਹੇ ਭਾਈ! ਆਪਣੇ ਉਸ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ, (ਉਸ ਦਾ ਨਾਮ ਹੀ ਅਸਲ ਧਨ ਹੈ, ਇਹ) ਲਾਭ ਖੱਟ ਕੇ ਧਨਵਾਨ ਬਣ ਜਾਈਦਾ ਹੈ।3।

ਹੇ ਨਾਨਕ! ਆਖ– (ਹੇ ਭਾਈ!) ਮੈਨੂੰ ਗੁਰੂ ਮਿਲ ਪਿਆ ਹੈ (ਗੁਰੂ ਦੀ ਕਿਰਪਾ ਨਾਲ) ਮੈਨੂੰ ਪਰਮਾਤਮਾ ਮਿਲ ਪਿਆ ਹੈ, ਮੇਰੀਆਂ ਸਾਰੀਆਂ ਮਨੋ-ਕਾਮਨਾਂ ਪੂਰੀਆਂ ਹੋ ਗਈਆਂ ਹਨ। ਹੁਣ ਮੈਂ ਅੱਠੇ ਪਹਰ ਉਸ ਦਾ ਨਾਮ ਸਿਮਰਦਾ ਹਾਂ ਸਦਾ ਹੀ ਉਸ ਦੇ ਗੁਣ ਗਾਂਦਾ ਰਹਿੰਦਾ ਹਾਂ।4। 4।

TOP OF PAGE

Sri Guru Granth Darpan, by Professor Sahib Singh