ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1339

ਪ੍ਰਭਾਤੀ ਮਹਲਾ ੫ ॥ ਸਿਮਰਤ ਨਾਮੁ ਕਿਲਬਿਖ ਸਭਿ ਨਾਸੇ ॥ ਸਚੁ ਨਾਮੁ ਗੁਰਿ ਦੀਨੀ ਰਾਸੇ ॥ ਪ੍ਰਭ ਕੀ ਦਰਗਹ ਸੋਭਾਵੰਤੇ ॥ ਸੇਵਕ ਸੇਵਿ ਸਦਾ ਸੋਹੰਤੇ ॥੧॥ ਹਰਿ ਹਰਿ ਨਾਮੁ ਜਪਹੁ ਮੇਰੇ ਭਾਈ ॥ ਸਗਲੇ ਰੋਗ ਦੋਖ ਸਭਿ ਬਿਨਸਹਿ ਅਗਿਆਨੁ ਅੰਧੇਰਾ ਮਨ ਤੇ ਜਾਈ ॥੧॥ ਰਹਾਉ ॥ ਜਨਮ ਮਰਨ ਗੁਰਿ ਰਾਖੇ ਮੀਤ ॥ ਹਰਿ ਕੇ ਨਾਮ ਸਿਉ ਲਾਗੀ ਪ੍ਰੀਤਿ ॥ ਕੋਟਿ ਜਨਮ ਕੇ ਗਏ ਕਲੇਸ ॥ ਜੋ ਤਿਸੁ ਭਾਵੈ ਸੋ ਭਲ ਹੋਸ ॥੨॥ ਤਿਸੁ ਗੁਰ ਕਉ ਹਉ ਸਦ ਬਲਿ ਜਾਈ ॥ ਜਿਸੁ ਪ੍ਰਸਾਦਿ ਹਰਿ ਨਾਮੁ ਧਿਆਈ ॥ ਐਸਾ ਗੁਰੁ ਪਾਈਐ ਵਡਭਾਗੀ ॥ ਜਿਸੁ ਮਿਲਤੇ ਰਾਮ ਲਿਵ ਲਾਗੀ ॥੩॥ ਕਰਿ ਕਿਰਪਾ ਪਾਰਬ੍ਰਹਮ ਸੁਆਮੀ ॥ ਸਗਲ ਘਟਾ ਕੇ ਅੰਤਰਜਾਮੀ ॥ ਆਠ ਪਹਰ ਅਪੁਨੀ ਲਿਵ ਲਾਇ ॥ ਜਨੁ ਨਾਨਕੁ ਪ੍ਰਭ ਕੀ ਸਰਨਾਇ ॥੪॥੫॥ {ਪੰਨਾ 1339}

ਪਦ ਅਰਥ: ਸਿਮਰਤ = ਸਿਮਰਦਿਆਂ। ਕਿਲਬਿਖ = ਪਾਪ। ਸਚੁ = ਸਦਾ ਕਾਇਮ ਰਹਿਣ ਵਾਲਾ। ਗੁਰਿ = ਗੁਰੂ ਨੇ। ਰਾਸੇ = ਰਾਸਿ, ਸਰਮਾਇਆ, ਪੂੰਜੀ। ਸੇਵਿ = ਸੇਵਾ ਕਰ ਕੇ, ਭਗਤੀ ਕਰ ਕੇ। ਸੋਹੰਤੇ = ਸੋਹਣੇ ਲੱਗਦੇ ਹਨ।1।

ਭਾਈ = ਹੇ ਭਾਈ! ਦੋਖ = ਐਬ, ਪਾਪ। ਸਭਿ = ਸਾਰੇ। ਬਿਨਸਹਿ = ਨਾਸ ਹੋ ਜਾਂਦੇ ਹਨ। ਅਗਿਆਨੁ = ਆਤਮਕ ਜੀਵਨ ਵਲੋਂ ਬੇ-ਸਮਝੀ। ਤੇ = ਤੋਂ। ਜਾਈ = ਦੂਰ ਹੋ ਜਾਂਦਾ ਹੈ।1। ਰਹਾਉ।

ਗੁਰਿ = ਗੁਰੂ ਨੇ। ਰਾਖੇ = ਮੁਕਾ ਦਿੱਤੇ। ਮੀਤ = ਹੇ ਮਿੱਤਰ! ਸਿਉ = ਨਾਲ। ਕੋਟਿ = ਕ੍ਰੋੜਾਂ। ਤਿਸੁ ਭਾਵੈ = ਉਸ ਪਰਮਾਤਮਾ ਨੂੰ ਚੰਗਾ ਲੱਗਦਾ ਹੈ। ਭਲ = ਭਲਾ। ਹੋਸ = ਹੋਵੇਗਾ।2।

ਹਉ = ਹਉਂ, ਮੈਂ। ਸਦ = ਸਦਾ। ਬਲਿ ਜਾਈ = ਬਲਿ ਜਾਈਂ, ਮੈਂ ਸਦਕੇ ਜਾਂਦਾ ਹਾਂ। ਪ੍ਰਸਾਦਿ = ਕਿਰਪਾ ਨਾਲ। ਧਿਆਈ = ਧਿਆਈਂ, ਮੈਂ ਧਿਆਉਂਦਾ ਹਾਂ। ਲਿਵ = ਲਗਨ।3।

ਪਾਰਬ੍ਰਹਮ = ਹੇ ਪਾਰਬ੍ਰਹਮ! ਘਰ = ਸਰੀਰ, ਹਿਰਦਾ। ਅੰਤਰਜਾਮੀ = ਹੇ ਅੰਦਰ ਦੀ ਜਾਣਨ ਵਾਲੇ! ਲਿਵ ਲਾਇ = ਪਿਆਰ ਬਣਾਈ ਰੱਖ। ਜਨੁ = ਦਾਸ।4।

ਅਰਥ: ਹੇ ਮੇਰੇ ਭਾਈ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰੋ। (ਸਿਮਰਨ ਦੀ ਬਰਕਤਿ ਨਾਲ ਮਨ ਦੇ) ਸਾਰੇ ਰੋਗ ਦੂਰ ਹੋ ਜਾਂਦੇ ਹਨ, ਸਾਰੇ ਪਾਪ ਨਾਸ ਹੋ ਜਾਂਦੇ ਹਨ, ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਹਨੇਰਾ ਮਨ ਤੋਂ ਦੂਰ ਹੋ ਜਾਂਦਾ ਹੈ।1। ਰਹਾਉ।

ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ। (ਜਿਨ੍ਹਾਂ ਨੂੰ) ਗੁਰੂ ਨੇ ਸਦਾ-ਥਿਰ ਹਰਿ-ਨਾਮ ਦਾ ਸਰਮਾਇਆ ਬਖ਼ਸ਼ਿਆ, ਪਰਮਾਤਮਾ ਦੀ ਦਰਗਾਹ ਵਿਚ ਉਹ ਇੱਜ਼ਤ ਵਾਲੇ ਬਣੇ। ਹੇ ਭਾਈ! ਪਰਮਾਤਮਾ ਦੇ ਭਗਤ (ਪਰਮਾਤਮਾ ਦੀ) ਭਗਤੀ ਕਰ ਕੇ ਸਦਾ (ਲੋਕ ਪਰਲੋਕ ਵਿਚ) ਸੋਹਣੇ ਲੱਗਦੇ ਹਨ।1।

ਹੇ ਮਿੱਤਰ! (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਨਾਮ ਵਿਚ (ਜਿਨ੍ਹਾਂ ਮਨੁੱਖਾਂ ਦਾ) ਪਿਆਰ ਬਣਿਆ, ਗੁਰੂ ਨੇ (ਉਹਨਾਂ ਦੇ) ਜਨਮ ਮਰਨ (ਦੇ ਗੇੜ) ਮੁਕਾ ਦਿੱਤੇ। (ਹਰਿ-ਨਾਮ ਨਾਲ ਪ੍ਰੀਤ ਦੀ ਬਰਕਤਿ ਨਾਲ ਉਹਨਾਂ ਦੇ) ਕ੍ਰੋੜਾਂ ਜਨਮਾਂ ਦੇ ਦੁੱਖ-ਕਲੇਸ਼ ਦੂਰ ਹੋ ਗਏ। (ਉਹਨਾਂ ਨੂੰ) ਉਹ ਕੁਝ ਭਲਾ ਜਾਪਦਾ ਹੈ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਹੈ।2।

ਹੇ ਭਾਈ! ਮੈਂ ਉਸ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ, ਜਿਸ ਦੀ ਮਿਹਰ ਨਾਲ ਮੈਂ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹਾਂ। ਹੇ ਭਾਈ! ਇਹੋ ਜਿਹਾ ਗੁਰੂ ਵੱਡੀ ਕਿਸਮਤ ਨਾਲ ਹੀ ਮਿਲਦਾ ਹੈ, ਜਿਸ ਦੇ ਮਿਲਿਆਂ ਪਰਮਾਤਮਾ ਨਾਲ ਪਿਆਰ ਬਣਦਾ ਹੈ।3।

ਹੇ ਪਾਰਬ੍ਰਹਮ! ਹੇ ਸੁਆਮੀ! ਹੇ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲੇ! ਮਿਹਰ ਕਰ। (ਮੇਰੇ ਅੰਦਰ) ਅੱਠੇ ਪਹਰ ਆਪਣੀ ਲਗਨ ਲਾਈ ਰੱਖ, (ਤੇਰਾ) ਦਾਸ ਨਾਨਕ ਤੇਰੀ ਸਰਨ ਪਿਆ ਰਹੇ।4।5।

ਪ੍ਰਭਾਤੀ ਮਹਲਾ ੫ ॥ ਕਰਿ ਕਿਰਪਾ ਅਪੁਨੇ ਪ੍ਰਭਿ ਕੀਏ ॥ ਹਰਿ ਕਾ ਨਾਮੁ ਜਪਨ ਕਉ ਦੀਏ ॥ ਆਠ ਪਹਰ ਗੁਨ ਗਾਇ ਗੁਬਿੰਦ ॥ ਭੈ ਬਿਨਸੇ ਉਤਰੀ ਸਭ ਚਿੰਦ ॥੧॥ ਉਬਰੇ ਸਤਿਗੁਰ ਚਰਨੀ ਲਾਗਿ ॥ ਜੋ ਗੁਰੁ ਕਹੈ ਸੋਈ ਭਲ ਮੀਠਾ ਮਨ ਕੀ ਮਤਿ ਤਿਆਗਿ ॥੧॥ ਰਹਾਉ ॥ ਮਨਿ ਤਨਿ ਵਸਿਆ ਹਰਿ ਪ੍ਰਭੁ ਸੋਈ ॥ ਕਲਿ ਕਲੇਸ ਕਿਛੁ ਬਿਘਨੁ ਨ ਹੋਈ ॥ ਸਦਾ ਸਦਾ ਪ੍ਰਭੁ ਜੀਅ ਕੈ ਸੰਗਿ ॥ ਉਤਰੀ ਮੈਲੁ ਨਾਮ ਕੈ ਰੰਗਿ ॥੨॥ ਚਰਨ ਕਮਲ ਸਿਉ ਲਾਗੋ ਪਿਆਰੁ ॥ ਬਿਨਸੇ ਕਾਮ ਕ੍ਰੋਧ ਅਹੰਕਾਰ ॥ ਪ੍ਰਭ ਮਿਲਨ ਕਾ ਮਾਰਗੁ ਜਾਨਾਂ ॥ ਭਾਇ ਭਗਤਿ ਹਰਿ ਸਿਉ ਮਨੁ ਮਾਨਾਂ ॥੩॥ ਸੁਣਿ ਸਜਣ ਸੰਤ ਮੀਤ ਸੁਹੇਲੇ ॥ ਨਾਮੁ ਰਤਨੁ ਹਰਿ ਅਗਹ ਅਤੋਲੇ ॥ ਸਦਾ ਸਦਾ ਪ੍ਰਭੁ ਗੁਣ ਨਿਧਿ ਗਾਈਐ ॥ ਕਹੁ ਨਾਨਕ ਵਡਭਾਗੀ ਪਾਈਐ ॥੪॥੬॥ {ਪੰਨਾ 1339}

ਪਦ ਅਰਥ: ਕਰਿ = ਕਰ ਕੇ। ਪ੍ਰਭਿ = ਪ੍ਰਭੂ ਨੇ। ਕੀਏ = ਬਣਾ ਲਿਆ। ਕਉ = ਵਾਸਤੇ, ਨੂੰ। ਗਾਇ = ਗਾਇਆ ਕਰ। ਭੈ = ਸਾਰੇ ਡਰ (ਲਫ਼ਜ਼ 'ਭਉ' ਤੋਂ ਬਹੁ-ਵਚਨ) । ਚਿੰਦ = ਚਿੰਤਾ।1।

ਉਬਰੇ = (ਵਿਕਾਰਾਂ ਤੋਂ) ਬਚ ਗਏ। ਲਾਗਿ = ਲੱਗ ਕੇ। ਕਹੈ– ਆਖਦਾ ਹੈ। ਭਲ = ਭਲਾ। ਤਿਆਗਿ = ਤਿਆਗ ਕੇ।1। ਰਹਾਉ।

ਮਨਿ = ਮਨ ਵਿਚ। ਤਨਿ = ਤਨ ਵਿਚ। ਕਲਿ = ਝਗੜੇ। ਕਲੇਸ = ਦੁੱਖ। ਬਿਘਨੁ = ਰੁਕਾਵਟ। ਜੀਅ ਕੈ ਸੰਗਿ = ਜਿੰਦ ਦੇ ਨਾਲ। ਕੈ ਰੰਗਿ = ਦੇ (ਪ੍ਰੇਮ-) ਰੰਗ ਵਿਚ।2।

ਸਿਉ = ਨਾਲ। ਮਾਰਗੁ = ਰਸਤਾ। ਜਾਨਾਂ = ਸਮਝ ਲਿਆ। ਭਾਇ = ਪ੍ਰੇਮ ਵਿਚ। ਮਾਨਾਂ = ਪਤੀਜ ਗਿਆ, ਗਿੱਝ ਗਿਆ।3।

ਸਜਣ = ਹੇ ਸੱਜਣ! ਸੰਤ = ਹੇ ਸੰਤ ਜਨੋ! ਅਗਹ = ਅਪਹੁੰਚ। ਅਗਹ ਨਾਮੁ = ਅਪਹੁੰਚ ਹਰੀ ਦਾ ਨਾਮ। ਗੁਣਨਿਧਿ = ਗੁਣਾਂ ਦਾ ਖ਼ਜ਼ਾਨਾ ਪ੍ਰਭੂ। ਗਾਈਐ = ਗਾਣਾ ਚਾਹੀਦਾ ਹੈ, ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ। ਪਾਈਐ = ਪ੍ਰਾਪਤ ਹੁੰਦੀ ਹੈ।4।

ਅਰਥ: ਹੇ ਭਾਈ! ਸਤਿਗੁਰੂ ਦੀ ਚਰਨੀਂ ਲੱਗ ਕੇ (ਅਨੇਕਾਂ ਪ੍ਰਾਣੀ ਵਿਕਾਰਾਂ ਵਿਚ ਡੁੱਬਣੋਂ) ਬਚ ਜਾਂਦੇ ਹਨ। ਆਪਣੇ ਮਨ ਦੀ ਚਤੁਰਾਈ ਛੱਡ ਕੇ (ਗੁਰੂ ਦੀ ਸਰਨ ਪਿਆਂ) ਜੋ ਕੁਝ ਗੁਰੂ ਦੱਸਦਾ ਹੈ, ਉਹ ਚੰਗਾ ਤੇ ਪਿਆਰਾ ਲੱਗਦਾ ਹੈ।1। ਰਹਾਉ।

ਹੇ ਭਾਈ! (ਜਿਹੜੇ ਮਨੁੱਖ ਗੁਰੂ ਦੀ ਸਰਨ ਪਏ) ਪ੍ਰਭੂ ਨੇ (ਉਹਨਾਂ ਨੂੰ) ਮਿਹਰ ਕਰ ਕੇ ਆਪਣੇ ਬਣਾ ਲਿਆ (ਕਿਉਂਕਿ ਗੁਰੂ ਨੇ) ਪਰਮਾਤਮਾ ਦਾ ਨਾਮ ਜਪਣ ਵਾਸਤੇ ਉਹਨਾਂ ਨੂੰ ਦਿੱਤਾ। ਹੇ ਭਾਈ! (ਗੁਰੂ ਦੀ ਸਰਨ ਪੈ ਕੇ) ਅੱਠੇ ਪਹਰ ਪਰਮਾਤਮਾ ਦੇ ਗੁਣ ਗਾਇਆ ਕਰ (ਇਸ ਤਰ੍ਹਾਂ) ਸਾਰੇ ਡਰ ਨਾਸ ਹੋ ਜਾਂਦੇ ਹਨ, ਸਾਰੀ ਚਿੰਤਾ ਦੂਰ ਜਾਂਦੀ ਹੈ।1।

ਹੇ ਭਾਈ! (ਗੁਰੂ ਦੀ ਸਰਨ ਪਿਆਂ) ਮਨ ਵਿਚ ਤਨ ਵਿਚ ਉਹ ਪਰਮਾਤਮਾ ਹੀ ਵੱਸਿਆ ਰਹਿੰਦਾ ਹੈ, ਕੋਈ ਦੁੱਖ-ਕਲੇਸ਼ (ਆਦਿਕ ਜ਼ਿੰਦਗੀ ਦੇ ਰਸਤੇ ਵਿਚ) ਰੁਕਾਵਟ ਨਹੀਂ ਪੈਂਦੀ। ਪਰਮਾਤਮਾ ਹਰ ਵੇਲੇ ਹੀ ਜਿੰਦ ਦੇ ਨਾਲ (ਵੱਸਦਾ ਪ੍ਰਤੀਤ ਹੁੰਦਾ ਹੈ) , ਪਰਮਾਤਮਾ ਨਾਮ ਦੇ ਪਿਆਰ-ਰੰਗ ਵਿਚ ਟਿਕੇ ਰਿਹਾਂ (ਵਿਕਾਰਾਂ ਦੀ) ਸਾਰੀ ਮੈਲ (ਮਨ ਤੋਂ) ਲਹਿ ਜਾਂਦੀ ਹੈ।2।

ਹੇ ਭਾਈ! (ਗੁਰੂ ਦੀ ਸਰਨ ਪਿਆਂ) ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਪਿਆਰ ਬਣ ਜਾਂਦਾ ਹੈ, ਕਾਮ ਕ੍ਰੋਧ ਅਹੰਕਾਰ (ਆਦਿਕ ਵਿਕਾਰ ਅੰਦਰੋਂ) ਮੁੱਕ ਜਾਂਦੇ ਹਨ। ਹੇ ਭਾਈ! (ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਮਿਲਾਪ ਦਾ ਰਸਤਾ ਸਮਝ ਲਿਆ, ਪਿਆਰ ਦੀ ਬਰਕਤਿ ਨਾਲ ਭਗਤੀ ਦੀ ਬਰਕਤਿ ਨਾਲ ਉਸ ਦਾ ਮਨ ਪ੍ਰਭੂ ਦੀ ਯਾਦ ਵਿਚ ਗਿੱਝ ਜਾਂਦਾ ਹੈ।3।

ਹੇ ਸੱਜਣ! ਹੇ ਸੰਤ! ਹੇ ਮਿੱਤਰ! ਸੁਣ (ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਨੇ) ਅਪਹੁੰਚ ਅਤੇ ਅਤੋਲ ਹਰੀ ਦਾ ਕੀਮਤੀ ਨਾਮ ਹਾਸਲ ਕਰ ਲਿਆ, ਉਹ ਸਦਾ ਸੁਖੀ ਜੀਵਨ ਵਾਲੇ ਹੋ ਗਏ। ਹੇ ਭਾਈ! ਸਦਾ ਹੀ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਪਰ, ਹੇ ਨਾਨਕ! ਆਖ– ਇਹ ਦਾਤਿ ਵੱਡੀ ਕਿਸਮਤ ਨਾਲ ਮਿਲਦੀ ਹੈ।4।6।

ਪ੍ਰਭਾਤੀ ਮਹਲਾ ੫ ॥ ਸੇ ਧਨਵੰਤ ਸੇਈ ਸਚੁ ਸਾਹਾ ॥ ਹਰਿ ਕੀ ਦਰਗਹ ਨਾਮੁ ਵਿਸਾਹਾ ॥੧॥ ਹਰਿ ਹਰਿ ਨਾਮੁ ਜਪਹੁ ਮਨ ਮੀਤ ॥ ਗੁਰੁ ਪੂਰਾ ਪਾਈਐ ਵਡਭਾਗੀ ਨਿਰਮਲ ਪੂਰਨ ਰੀਤਿ ॥੧॥ ਰਹਾਉ ॥ ਪਾਇਆ ਲਾਭੁ ਵਜੀ ਵਾਧਾਈ ॥ ਸੰਤ ਪ੍ਰਸਾਦਿ ਹਰਿ ਕੇ ਗੁਨ ਗਾਈ ॥੨॥ ਸਫਲ ਜਨਮੁ ਜੀਵਨ ਪਰਵਾਣੁ ॥ ਗੁਰ ਪਰਸਾਦੀ ਹਰਿ ਰੰਗੁ ਮਾਣੁ ॥੩॥ ਬਿਨਸੇ ਕਾਮ ਕ੍ਰੋਧ ਅਹੰਕਾਰ ॥ ਨਾਨਕ ਗੁਰਮੁਖਿ ਉਤਰਹਿ ਪਾਰਿ ॥੪॥੭॥ {ਪੰਨਾ 1339}

ਪਦ ਅਰਥ: ਸੇ = ਉਹ ਮਨੁੱਖ (ਬਹੁ-ਵਚਨ) । ਸੇਈ = ਉਹੀ ਮਨੁੱਖ (ਬਹੁ-ਵਚਨ) । ਸਚੁ = ਯਕੀਨੀ ਤੌਰ ਤੇ। ਸਾਹਾ = ਸਾਹੂਕਾਰ। ਵਿਸਾਹਾ = ਖ਼ਰੀਦਿਆ, ਵਿਹਾਝਿਆ।1।

ਮਨ = ਹੇ ਮਨ! ਮੀਤ = ਹੇ ਮਿੱਤਰ! ਨਿਰਮਲ = ਪਵਿੱਤਰ ਕਰਨ ਵਾਲੀ। ਰੀਤਿ = ਮਰਯਾਦਾ।1। ਰਹਾਉ।

ਵਜੀ = ਵੱਜ ਪਈ, ਤਕੜੀ ਹੋ ਗਈ। ਵਾਧਾਈ = ਉਤਸ਼ਾਹ ਵਾਲੀ ਅਵਸਥਾ, ਚੜ੍ਹਦੀ ਕਲਾ। ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਗਾਈ = ਗਾਂਦਾ ਹੈ।2।

ਸਫਲ = ਕਾਮਯਾਬ। ਪਰਵਾਣੁ = ਕਬੂਲ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਰੰਗੁ = ਆਤਮਕ ਆਨੰਦ। ਮਾਣੁ = ਮਾਣਦਾ ਰਹੁ।3।

ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਉਤਰਹਿ ਪਾਰਿ = ਪਾਰ ਲੰਘ ਜਾਂਦੇ ਹਨ।4।

ਅਰਥ: ਹੇ ਮਿੱਤਰ! ਹੇ ਮਨ! (ਗੁਰੂ ਦੀ ਸਰਨ ਪੈ ਕੇ) ਸਦਾ ਪਰਮਾਤਮਾ ਦਾ ਨਾਮ ਜਪਿਆ ਕਰ। (ਪਰ ਨਾਮ ਜਪਣ ਵਾਲੀ) ਪਵਿੱਤਰ ਤੇ ਮੁਕੰਮਲ ਮਰਯਾਦਾ (ਚਲਾਣ ਵਾਲਾ) ਪੂਰਾ ਗੁਰੂ ਵੱਡੀ ਕਿਸਮਤ ਨਾਲ (ਹੀ) ਮਿਲਦਾ ਹੈ।1। ਰਹਾਉ।

ਹੇ ਭਾਈ! (ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਨੇ ਇਥੇ) ਪਰਮਾਤਮਾ ਦਾ ਨਾਮ-ਸੌਦਾ ਖ਼ਰੀਦਿਆ, ਪਰਮਾਤਮਾ ਦੀ ਹਜ਼ੂਰੀ ਵਿਚ ਮਨੁੱਖ ਧਨਾਢ (ਗਿਣੇ ਜਾਂਦੇ ਹਨ) ਉਹੀ ਮਨੁੱਖ ਯਕੀਨੀ ਤੌਰ ਤੇ ਸ਼ਾਹੂਕਾਰ (ਸਮਝੇ ਜਾਂਦੇ ਹਨ) ।1।

ਹੇ ਭਾਈ! (ਜਿਹੜਾ ਮਨੁੱਖ) ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਗੁਣ ਗਾਂਦਾ ਹੈ (ਉਹ ਇਥੇ ਅਸਲ) ਨਫ਼ਾ ਖੱਟਦਾ ਹੈ, (ਉਸ ਦੇ ਅੰਦਰ) ਆਤਮਕ ਉਤਸ਼ਾਹ ਵਾਲੀ ਅਵਸਥਾ ਪ੍ਰਬਲ ਬਣੀ ਰਹਿੰਦੀ ਹੈ।2।

ਹੇ ਭਾਈ! ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਨਾਮ ਦਾ ਆਨੰਦ ਮਾਣਦਾ ਰਹੁ (ਨਾਮ ਜਪਣ ਵਾਲੇ ਦਾ) ਮਨੁੱਖਾ ਜਨਮ ਕਾਮਯਾਬ ਹੈ, ਜੀਵਨ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੈ।3।

ਹੇ ਨਾਨਕ! ਗੁਰੂ ਦੀ ਸਰਨ ਪੈ ਕੇ (ਨਾਮ ਜਪਣ ਵਾਲੇ ਮਨੁੱਖ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ, (ਉਹਨਾਂ ਦੇ ਅੰਦਰੋਂ) ਕਾਮ ਕ੍ਰੋਧ ਅਹੰਕਾਰ (ਆਦਿਕ ਵਿਕਾਰ) ਨਾਸ ਹੋ ਜਾਂਦੇ ਹਨ।4।7।

TOP OF PAGE

Sri Guru Granth Darpan, by Professor Sahib Singh