ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1340

ਪ੍ਰਭਾਤੀ ਮਹਲਾ ੫ ॥ ਗੁਰੁ ਪੂਰਾ ਪੂਰੀ ਤਾ ਕੀ ਕਲਾ ॥ ਗੁਰ ਕਾ ਸਬਦੁ ਸਦਾ ਸਦ ਅਟਲਾ ॥ ਗੁਰ ਕੀ ਬਾਣੀ ਜਿਸੁ ਮਨਿ ਵਸੈ ॥ ਦੂਖੁ ਦਰਦੁ ਸਭੁ ਤਾ ਕਾ ਨਸੈ ॥੧॥ ਹਰਿ ਰੰਗਿ ਰਾਤਾ ਮਨੁ ਰਾਮ ਗੁਨ ਗਾਵੈ ॥ ਮੁਕਤੋੁ ਸਾਧੂ ਧੂਰੀ ਨਾਵੈ ॥੧॥ ਰਹਾਉ ॥ ਗੁਰ ਪਰਸਾਦੀ ਉਤਰੇ ਪਾਰਿ ॥ ਭਉ ਭਰਮੁ ਬਿਨਸੇ ਬਿਕਾਰ ॥ ਮਨ ਤਨ ਅੰਤਰਿ ਬਸੇ ਗੁਰ ਚਰਨਾ ॥ ਨਿਰਭੈ ਸਾਧ ਪਰੇ ਹਰਿ ਸਰਨਾ ॥੨॥ ਅਨਦ ਸਹਜ ਰਸ ਸੂਖ ਘਨੇਰੇ ॥ ਦੁਸਮਨੁ ਦੂਖੁ ਨ ਆਵੈ ਨੇਰੇ ॥ ਗੁਰਿ ਪੂਰੈ ਅਪੁਨੇ ਕਰਿ ਰਾਖੇ ॥ ਹਰਿ ਨਾਮੁ ਜਪਤ ਕਿਲਬਿਖ ਸਭਿ ਲਾਥੇ ॥੩॥ ਸੰਤ ਸਾਜਨ ਸਿਖ ਭਏ ਸੁਹੇਲੇ ॥ ਗੁਰਿ ਪੂਰੈ ਪ੍ਰਭ ਸਿਉ ਲੈ ਮੇਲੇ ॥ ਜਨਮ ਮਰਨ ਦੁਖ ਫਾਹਾ ਕਾਟਿਆ ॥ ਕਹੁ ਨਾਨਕ ਗੁਰਿ ਪੜਦਾ ਢਾਕਿਆ ॥੪॥੮॥ {ਪੰਨਾ 1340}

ਪਦ ਅਰਥ: ਤਾ ਕੀ = ਉਸ (ਗੁਰੂ) ਦੀ। ਕਲਾ = ਤਾਕਤ, ਆਤਮਕ ਉੱਚਤਾ। ਸਦ = ਸਦਾ। ਅਟਲਾ = ਅਟੱਲ, ਆਪਣੇ ਨਿਸ਼ਾਨੇ ਤੇ ਸਦਾ ਟਿਕਿਆ ਰਹਿਣ ਵਾਲਾ। ਜਿਸੁ ਮਨਿ = ਜਿਸ (ਮਨੁੱਖ) ਦੇ ਮਨ ਵਿਚ। ਤਾ ਕਾ = ਉਸ (ਮਨੁੱਖ) ਦਾ। ਨਸੈ = ਦੂਰ ਹੋ ਜਾਂਦਾ ਹੈ।1।

ਰੰਗਿ = ਪ੍ਰੇਮ-ਰੰਗ ਵਿਚ। ਰਾਤਾ = ਰੰਗਿਆ ਹੋਇਆ। ਗਾਵੈ = ਗਾਂਦਾ ਰਹਿੰਦਾ ਹੈ। ਮੁਕਤੋੁ = ਵਿਕਾਰਾਂ ਤੋਂ ਬਚਿਆ ਹੋਇਆ (ਅੱਖਰ 'ਤ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ 'ਮੁਕਤੁ' ਹੈ, ਇਥੇ 'ਮੁਕਤੋ' ਪੜ੍ਹਨਾ ਹੈ) । ਨਾਵੈ = ਇਸ਼ਨਾਨ ਕਰਦਾ ਹੈ।1। ਰਹਾਉ।

ਪਰਸਾਦੀ = ਪਰਸਾਦਿ, ਕਿਰਪਾ ਨਾਲ। ਭਰਮੁ = ਵਹਿਮ, ਭਟਕਣਾ। ਅੰਤਰਿ = ਅੰਦਰ। ਸਾਧ = ਸੰਤ ਜਨ। ਨਿਰਭੈ = ਸਾਰੇ ਡਰਾਂ ਤੋਂ ਰਹਿਤ।2।

ਅਨਦ = ਆਨੰਦ। ਸਹਜ = ਆਤਮਕ ਅਡੋਲਤਾ। ਘਨੇਰੇ = ਬਹੁਤ। ਨੇਰੇ = ਨੇੜੇ। ਗੁਰਿ ਪੂਰੈ = ਪੂਰੇ ਗੁਰੂ ਨੇ। ਕਰਿ = ਬਣਾ ਕੇ। ਰਾਖੇ = ਰੱਖ ਲਏ, ਰੱਖਿਆ ਕੀਤੀ। ਜਪਤ = ਜਪਦਿਆਂ। ਕਿਲਬਿਖ = ਪਾਪ। ਸਭਿ = ਸਾਰੇ।3।

ਸਿਖ = (ਸਾਰੇ) ਸਿੱਖ (ਬਹੁ-ਵਚਨ) । ਸੁਹੇਲੇ = ਸੁਖੀ। ਸਿਉ = ਨਾਲ। ਲੈ = ਫੜ ਕੇ। ਮੇਲੇ = ਮਿਲਾ ਦਿੱਤੇ। ਗੁਰਿ = ਗੁਰੂ ਨੇ। ਪੜਦਾ ਢਾਕਿਆ = ਲਾਜ ਰੱਖ ਲਈ।4।

ਅਰਥ: ਹੇ ਭਾਈ! (ਜਿਸ ਮਨੁੱਖ ਦਾ) ਮਨ ਪਰਮਾਤਮਾ ਦੇ (ਪਿਆਰ-) ਰੰਗ ਵਿਚ ਰੰਗਿਆ ਰਹਿੰਦਾ ਹੈ (ਜਿਹੜਾ ਮਨੁੱਖ) ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ, (ਜਿਹੜਾ ਮਨੁੱਖ) ਗੁਰੂ ਦੀ ਚਰਨ-ਧੂੜ ਵਿਚ ਇਸ਼ਨਾਨ ਕਰਦਾ ਰਹਿੰਦਾ ਹੈ, ਉਹ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ (ਉਹੀ ਹੈ 'ਮੁਕਤ') ।1। ਰਹਾਉ।

ਹੇ ਭਾਈ! ਗੁਰੂ (ਸਾਰੇ ਗੁਣਾਂ ਨਾਲ) ਪੂਰਨ ਹੈ, ਗੁਰੂ ਦੀ (ਆਤਮਕ) ਸ਼ਕਤੀ ਹਰੇਕ ਸਮਰਥਾ ਵਾਲੀ ਹੈ, ਗੁਰੂ ਦਾ ਸ਼ਬਦ ਸਦਾ ਹੀ ਅਟੱਲ ਰਹਿੰਦਾ ਹੈ (ਕਦੇ ਉਕਾਈ ਵਾਲਾ ਨਹੀਂ) । ਜਿਸ (ਮਨੁੱਖ) ਦੇ ਮਨ ਵਿਚ ਸਤਿਗੁਰੂ ਦੀ ਬਾਣੀ ਟਿਕੀ ਰਹਿੰਦੀ ਹੈ, ਉਸ (ਮਨੁੱਖ) ਦਾ ਹਰੇਕ ਦਰਦ ਨਾਸ ਹੋ ਜਾਂਦਾ ਹੈ।1।

ਹੇ ਭਾਈ! ਜਿਨ੍ਹਾਂ ਦੇ ਮਨ ਵਿਚ ਤਨ ਵਿਚ ਗੁਰੂ ਦੇ ਚਰਨ ਟਿਕੇ ਰਹਿੰਦੇ ਹਨ, ਉਹਨਾਂ ਸੰਤ ਜਨਾਂ ਨੂੰ ਕੋਈ ਡਰ ਪੋਹ ਨਹੀਂ ਸਕਦਾ, ਉਹ ਸਦਾ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ, ਡਰ ਭਟਕਣਾ (ਆਦਿਕ ਸਾਰੇ) ਵਿਕਾਰ (ਉਹਨਾਂ ਦੇ ਅੰਦਰੋਂ) ਨਾਸ ਹੋ ਜਾਂਦੇ ਹਨ, ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।2।

ਹੇ ਭਾਈ! ਪੂਰੇ ਗੁਰੂ ਨੇ ਜਿਨ੍ਹਾਂ ਨੂੰ ਆਪਣੇ ਬਣਾ ਕੇ (ਉਹਨਾਂ ਦੀ) ਰੱਖਿਆ ਕੀਤੀ, ਪਰਮਾਤਮਾ ਦਾ ਨਾਮ ਜਪਦਿਆਂ (ਉਹਨਾਂ ਦੇ) ਸਾਰੇ ਪਾਪ ਦੂਰ ਹੋ ਗਏ। ਕੋਈ ਵੈਰੀ ਦੁੱਖ ਉਹਨਾਂ ਦੇ ਨੇੜੇ ਨਹੀਂ ਢੁਕ ਸਕਦਾ (ਉਹਨਾਂ ਉਤੇ ਆਪਣਾ ਦਬਾਉ ਨਹੀਂ ਪਾ ਸਕਦਾ) । (ਉਹਨਾਂ ਦੇ ਅੰਦਰ) ਆਤਮਕ ਅਡਲੋਤਾ ਦੇ ਅਨੇਕਾਂ ਆਨੰਦ ਤੇ ਸੁਖ ਬਣੇ ਰਹਿੰਦੇ ਹਨ।3।

ਹੇ ਭਾਈ! ਜਿਨ੍ਹਾਂ ਸੰਤ-ਜਨਾਂ ਸੱਜਣਾਂ ਸਿੱਖਾਂ ਨੂੰ ਪੂਰੇ ਗੁਰੂ ਨੇ ਪਰਮਾਤਮਾ ਨਾਲ ਲਿਆ ਜੋੜਿਆ, ਉਹ ਸੁਖੀ ਜੀਵਨ ਵਾਲੇ ਹੋ ਗਏ। ਹੇ ਨਾਨਕ! ਆਖ– ਗੁਰੂ ਨੇ ਉਹਨਾਂ ਦੀ ਇੱਜ਼ਤ ਰੱਖ ਲਈ, ਉਹਨਾਂ ਦੇ ਜਨਮ ਮਰਨ ਦੇ ਗੇੜ ਦੇ ਦੁੱਖਾਂ ਦੀ ਫਾਹੀ (ਗੁਰੂ ਨੇ) ਕੱਟ ਦਿੱਤੀ ਹੈ।4।8।

ਪ੍ਰਭਾਤੀ ਮਹਲਾ ੫ ॥ ਸਤਿਗੁਰਿ ਪੂਰੈ ਨਾਮੁ ਦੀਆ ॥ ਅਨਦ ਮੰਗਲ ਕਲਿਆਣ ਸਦਾ ਸੁਖੁ ਕਾਰਜੁ ਸਗਲਾ ਰਾਸਿ ਥੀਆ ॥੧॥ ਰਹਾਉ ॥ ਚਰਨ ਕਮਲ ਗੁਰ ਕੇ ਮਨਿ ਵੂਠੇ ॥ ਦੂਖ ਦਰਦ ਭ੍ਰਮ ਬਿਨਸੇ ਝੂਠੇ ॥੧॥ ਨਿਤ ਉਠਿ ਗਾਵਹੁ ਪ੍ਰਭ ਕੀ ਬਾਣੀ ॥ ਆਠ ਪਹਰ ਹਰਿ ਸਿਮਰਹੁ ਪ੍ਰਾਣੀ ॥੨॥ ਘਰਿ ਬਾਹਰਿ ਪ੍ਰਭੁ ਸਭਨੀ ਥਾਈ ॥ ਸੰਗਿ ਸਹਾਈ ਜਹ ਹਉ ਜਾਈ ॥੩॥ ਦੁਇ ਕਰ ਜੋੜਿ ਕਰੀ ਅਰਦਾਸਿ ॥ ਸਦਾ ਜਪੇ ਨਾਨਕੁ ਗੁਣਤਾਸੁ ॥੪॥੯॥ {ਪੰਨਾ 1340}

ਪਦ ਅਰਥ: ਸਤਿਗੁਰਿ ਪੂਰੇ = ਪੂਰੇ ਸਤਿਗੁਰੂ ਨੇ। ਅਨਦ = ਆਨੰਦ। ਮੰਗਲ = ਖ਼ੁਸ਼ੀ। ਕਲਿਆਣ = ਸੁਖ-ਸਾਂਦ। ਸਗਲਾ = ਸਾਰਾ। ਰਾਸਿ ਥੀਆ = ਸਿਰੇ ਚੜ੍ਹ ਜਾਂਦਾ ਹੈ।1। ਰਹਾਉ।

ਚਰਨ ਕਮਲ ਗੁਰ ਕੇ = ਗੁਰੂ ਦੇ ਸੋਹਣੇ ਚਰਨ। ਮਨਿ = (ਜਿਸ ਮਨੁੱਖ ਦੇ) ਮਨ ਵਿਚ। ਵੂਠੇ = ਆ ਵੱਸੇ। ਭ੍ਰਮ ਝੂਠੇ = ਨਾਸਵੰਤ ਪਦਾਰਥਾਂ ਦੀ ਖ਼ਾਤਰ ਭਟਕਣ।1।

ਉਠਿ = ਉੱਠ ਕੇ। ਪ੍ਰਾਣੀ = ਹੇ ਪ੍ਰਾਣੀ!।2।

ਘਰਿ = ਘਰ ਵਿਚ। ਥਾਈ = ਥਾਈਂ, ਥਾਵਾਂ ਵਿਚ। ਸੰਗਿ = ਨਾਲ। ਸਹਾਈ = ਮਦਦ ਕਰਨ ਵਾਲਾ। ਜਹ = ਜਿੱਥੇ। ਹਉ = ਹਉਂ, ਮੈਂ। ਜਾਈ = ਜਾਈਂ, ਮੈਂ ਜਾਂਦਾ ਹਾਂ।3।

ਦੁਇ ਕਰ = ਦੋਵੇਂ ਹੱਥ। ਕਰੀ = ਕਰੀਂ, ਮੈਂ ਕਰਦਾ ਹਾਂ। ਗੁਣ ਤਾਸੁ = ਗੁਣਾਂ ਦਾ ਖ਼ਜ਼ਾਨਾ ਪ੍ਰਭੂ।4।

ਅਰਥ: ਹੇ ਭਾਈ! (ਜਿਸ ਮਨੁੱਖ ਨੂੰ) ਪੂਰੇ ਗੁਰੂ ਨੇ (ਪਰਮਾਤਮਾ ਦਾ) ਨਾਮ (-ਖ਼ਜ਼ਾਨਾ ਬਖ਼ਸ਼ਿਆ, ਉਸ ਦੇ ਅੰਦਰ ਆਨੰਦ ਖ਼ੁਸ਼ੀ ਸ਼ਾਂਤੀ ਅਤੇ ਸਦਾ ਦਾ ਸੁਖ ਬਣ ਗਿਆ, ਉਸ (ਦੀ ਜ਼ਿੰਦਗੀ) ਦਾ ਸਾਰਾ ਹੀ ਮਨੋਰਥ ਸਫਲ ਹੋ ਗਿਆ।1। ਰਹਾਉ।

ਹੇ ਭਾਈ! (ਜਿਸ ਮਨੁੱਖ ਦੇ) ਮਨ ਵਿਚ ਗੁਰੂ ਦੇ ਸੋਹਣੇ ਚਰਨ ਆ ਵੱਸੇ, ਉਸ ਦੇ ਸਾਰੇ ਦੁੱਖ ਦੂਰ ਹੋ ਗਏ, ਨਾਸਵੰਤ ਪਦਾਰਥਾਂ ਦੀ ਖ਼ਾਤਰ ਸਾਰੀਆਂ ਭਟਕਣਾਂ (ਉਸ ਦੇ ਅੰਦਰੋਂ) ਮੁੱਕ ਗਈਆਂ।1।

ਹੇ ਪ੍ਰਾਣੀਓ! ਸਦਾ ਉੱਠ ਕੇ (ਨਿੱਤ ਆਹਰ ਨਾਲ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਗਾਵਿਆ ਕਰੋ, ਅਤੇ ਅੱਠੇ ਪਹਰ ਪਰਮਾਤਮਾ ਦਾ ਸਿਮਰਨ ਕਰਿਆ ਕਰੋ।2।

ਹੇ ਭਾਈ! ਮੈਂ (ਤਾਂ) ਜਿੱਥੇ (ਭੀ) ਜਾਂਦਾ ਹਾਂ, ਮੈਨੂੰ ਪਰਮਾਤਮਾ (ਤੇਰੇ) ਨਾਲ ਮਦਦਗਾਰ (ਦਿੱਸਦਾ) ਹੈ, ਘਰ ਦੇ ਅੰਦਰ ਤੇ ਬਾਹਰ (ਹਰ ਥਾਂ) ਸਭ ਥਾਵਾਂ ਵਿਚ (ਮੈਨੂੰ) ਪ੍ਰਭੂ ਹੀ (ਦਿੱਸਦਾ) ਹੈ।3।

ਹੇ ਭਾਈ! ਮੈਂ (ਤਾਂ) ਦੋਵੇਂ ਹੱਥ ਜੋੜ ਕੇ ਅਰਜ਼ੋਈ ਕਰਦਾ ਰਹਿੰਦਾ ਹਾਂ ਕਿ (ਉਸ ਪ੍ਰਭੂ ਦਾ ਦਾਸ) ਨਾਨਕ ਸਦਾ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦਾ ਨਾਮ ਜਪਦਾ ਰਹੇ।4।9।

ਪ੍ਰਭਾਤੀ ਮਹਲਾ ੫ ॥ ਪਾਰਬ੍ਰਹਮੁ ਪ੍ਰਭੁ ਸੁਘੜ ਸੁਜਾਣੁ ॥ ਗੁਰੁ ਪੂਰਾ ਪਾਈਐ ਵਡਭਾਗੀ ਦਰਸਨ ਕਉ ਜਾਈਐ ਕੁਰਬਾਣੁ ॥੧॥ ਰਹਾਉ ॥ ਕਿਲਬਿਖ ਮੇਟੇ ਸਬਦਿ ਸੰਤੋਖੁ ॥ ਨਾਮੁ ਅਰਾਧਨ ਹੋਆ ਜੋਗੁ ॥ ਸਾਧਸੰਗਿ ਹੋਆ ਪਰਗਾਸੁ ॥ ਚਰਨ ਕਮਲ ਮਨ ਮਾਹਿ ਨਿਵਾਸੁ ॥੧॥ ਜਿਨਿ ਕੀਆ ਤਿਨਿ ਲੀਆ ਰਾਖਿ ॥ ਪ੍ਰਭੁ ਪੂਰਾ ਅਨਾਥ ਕਾ ਨਾਥੁ ॥ ਜਿਸਹਿ ਨਿਵਾਜੇ ਕਿਰਪਾ ਧਾਰਿ ॥ ਪੂਰਨ ਕਰਮ ਤਾ ਕੇ ਆਚਾਰ ॥੨॥ ਗੁਣ ਗਾਵੈ ਨਿਤ ਨਿਤ ਨਿਤ ਨਵੇ ॥ ਲਖ ਚਉਰਾਸੀਹ ਜੋਨਿ ਨ ਭਵੇ ॥ ਈਹਾਂ ਊਹਾਂ ਚਰਣ ਪੂਜਾਰੇ ॥ ਮੁਖੁ ਊਜਲੁ ਸਾਚੇ ਦਰਬਾਰੇ ॥੩॥ ਜਿਸੁ ਮਸਤਕਿ ਗੁਰਿ ਧਰਿਆ ਹਾਥੁ ॥ ਕੋਟਿ ਮਧੇ ਕੋ ਵਿਰਲਾ ਦਾਸੁ ॥ ਜਲਿ ਥਲਿ ਮਹੀਅਲਿ ਪੇਖੈ ਭਰਪੂਰਿ ॥ ਨਾਨਕ ਉਧਰਸਿ ਤਿਸੁ ਜਨ ਕੀ ਧੂਰਿ ॥੪॥੧੦॥ {ਪੰਨਾ 1340}

ਪਦ ਅਰਥ: ਸੁਘੜ = (suGt = ਸੋਹਣੇ ਹਿਰਦੇ ਵਾਲਾ) ਸੋਹਣੀ ਆਤਮਕ ਘਾੜਤ ਵਾਲਾ। ਸੁਜਾਣੁ = ਸਿਆਣਾ। ਪਾਈਐ = ਮਿਲਦਾ ਹੈ। ਦਰਸਨ ਕਉ = ਦਰਸਨ ਦੀ ਖ਼ਾਤਰ। ਜਾਈਐ ਕੁਰਬਾਣੁ = ਸਦਕੇ ਹੋਣਾ ਚਾਹੀਦਾ ਹੈ, ਆਪਾ ਵਾਰਨਾ ਚਾਹੀਦਾ ਹੈ, ਆਪਣਾ ਆਪ (ਗੁਰੂ ਦੇ) ਹਵਾਲੇ ਕਰ ਦੇਣਾ ਚਾਹੀਦਾ ਹੈ।1। ਰਹਾਉ।

ਕਿਲਬਿਖ = ਪਾਪ। ਮੇਟੇ = (ਗੁਰੂ ਨੇ) ਮਿਟਾ ਦਿੱਤੇ। ਸਬਦਿ = ਸ਼ਬਦ ਦੀ ਰਾਹੀਂ। ਜੋਗੁ = ਲਾਇਕ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਪਰਗਾਸੁ = (ਆਤਮਕ ਜੀਵਨ ਦੀ ਸੂਝ ਦਾ) ਚਾਨਣ। ਚਰਨ ਕਮਲ = ਕੌਲ ਫੁੱਲਾਂ ਵਰਗੇ ਸੋਹਣੇ ਚਰਨ।1।

ਜਿਨਿ = ਜਿਸ (ਪਰਮਾਤਮਾ) ਨੇ। ਤਿਨਿ = ਉਸ (ਪਰਮਾਤਮਾ) ਨੇ। ਅਨਾਥ = ਨਿਖਸਮੇ। ਜਿਸਹਿ = ਜਿਸ (ਮਨੁੱਖ) ਨੂੰ (ਲਫ਼ਜ਼ 'ਜਿਸੁ' ਦਾ ੁ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਿਆ ਹੈ) । ਨਿਵਾਜੇ = ਉੱਚਾ ਕਰਦਾ ਹੈ, ਇੱਜ਼ਤ ਦੇਂਦਾ ਹੈ। ਧਾਰਿ = ਧਾਰ ਕੇ, ਕਰ ਕੇ। ਆਚਾਰ = ਕਰਤੱਬ।2।

ਗਾਵੈ = ਗਾਂਦਾ ਹੈ (ਇਕ-ਵਚਨ) । ਈਹਾਂ = ਇਸ ਲੋਕ ਵਿਚ। ਊਹਾਂ = ਪਰਲੋਕ ਵਿਚ। ਊਜਲੁ = ਰੌਸ਼ਨ। ਦਰਬਾਰੇ = ਦਰਬਾਰਿ, ਦਰਬਾਰ ਵਿਚ। ਸਾਚੇ ਦਰਬਾਰੇ = ਸਦਾ-ਥਿਰ ਪ੍ਰਭੂ ਦੇ ਦਰਬਾਰ ਵਿਚ।3।

ਜਿਸੁ ਮਸਤਕਿ = ਜਿਸ (ਮਨੁੱਖ) ਦੇ ਮੱਥੇ ਉੱਤੇ। ਗੁਰਿ = ਗੁਰੂ ਨੇ। ਕੋ = ਕੋਈ (ਪੜਨਾਂਵ) । ਜਲਿ = ਪਾਣੀ ਵਿਚ। ਥਲਿ = ਧਰਤੀ ਦੇ ਅੰਦਰ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉੱਤੇ, ਪੁਲਾੜ ਵਿਚ, ਆਕਾਸ਼ ਵਿਚ। ਪੇਖੈ = ਵੇਖਦਾ ਹੈ। ਭਰਪੂਰਿ = ਹਰ ਥਾਂ ਵਿਆਪਕ। ਨਾਨਕ = ਹੇ ਨਾਨਕ! ਉਧਰਸਿ = ਤੂੰ (ਭੀ) ਤਰ ਜਾਹਿਂਗਾ।4।

ਅਰਥ: ਹੇ ਭਾਈ! ਸੋਹਣੀ ਆਤਮਕ ਘਾੜਤ ਵਾਲਾ ਸਿਆਣਾ ਪ੍ਰਭੂ ਪਾਰਬ੍ਰਹਮ (ਤਦੋਂ ਮਿਲਦਾ ਹੈ, ਜਦੋਂ) ਵੱਡੇ ਭਾਗਾਂ ਨਾਲ ਪੂਰਾ ਗੁਰੂ ਮਿਲ ਪੈਂਦਾ ਹੈ। (ਹੇ ਭਾਈ! ਗੁਰੂ ਦਾ) ਦਰਸਨ ਕਰਨ ਦੀ ਖ਼ਾਤਰ ਆਪਣਾ-ਆਪ (ਗੁਰੂ ਦੇ) ਹਵਾਲੇ ਕਰਨ ਦੀ ਲੋੜ ਹੁੰਦੀ ਹੈ।1। ਰਹਾਉ।

ਹੇ ਭਾਈ! (ਗੁਰੂ ਨੇ ਆਪਣੇ) ਸ਼ਬਦ ਦੀ ਰਾਹੀਂ (ਜਿਸ ਮਨੁੱਖ ਦੇ ਸਾਰੇ) ਪਾਪ ਮਿਟਾ ਦਿੱਤੇ (ਅਤੇ ਉਸ ਨੂੰ) ਸੰਤੋਖ ਬਖ਼ਸ਼ਿਆ, ਉਹ ਮਨੁੱਖ ਪਰਮਾਤਮਾ ਦਾ ਨਾਮ ਸਿਮਰਨ ਜੋਗਾ ਹੋ ਜਾਂਦਾ ਹੈ। ਗੁਰੂ ਦੀ ਸੰਗਤਿ ਵਿਚ (ਰਹਿ ਕੇ ਉਸ ਮਨੁੱਖ ਦੇ ਅੰਦਰ ਆਤਮਕ ਜੀਵਨ ਦੀ ਸੂਝ ਦਾ) ਚਾਨਣ ਹੋ ਜਾਂਦਾ ਹੈ, ਪਰਮਾਤਮਾ ਦੇ ਸੋਹਣੇ ਚਰਨ ਉਸ ਦੇ ਮਨ ਵਿਚ ਟਿਕ ਜਾਂਦੇ ਹਨ।1।

ਹੇ ਭਾਈ! ਜਿਸ (ਪਰਮਾਤਮਾ) ਨੇ (ਮਨੁੱਖ ਨੂੰ) ਪੈਦਾ ਕੀਤਾ ਹੈ (ਜਦੋਂ ਉਹ ਮਨੁੱਖ ਗੁਰੂ ਦੀ ਸਰਨ ਪੈ ਗਿਆ ਤਾਂ) ਉਸ (ਪੈਦਾ ਕਰਨ ਵਾਲੇ ਪ੍ਰਭੂ) ਨੇ (ਉਸ ਨੂੰ ਵਿਕਾਰਾਂ ਤੋਂ) ਬਚਾ ਲਿਆ। ਹੇ ਭਾਈ! ਪ੍ਰਭੂ (ਸਾਰੇ ਗੁਣਾਂ ਨਾਲ) ਪੂਰਨ ਹੈ, ਅਤੇ ਨਿਖਸਮਿਆਂ ਦਾ ਖਸਮ ਹੈ। ਮਿਹਰ ਕਰ ਕੇ ਪਰਮਾਤਮਾ ਜਿਸ (ਮਨੁੱਖ) ਨੂੰ ਇੱਜ਼ਤ ਬਖ਼ਸ਼ਦਾ ਹੈ, ਉਸ ਮਨੁੱਖ ਦੇ ਸਾਰੇ ਕਰਮ ਸਾਰੇ ਕਰਤੱਬ ਸਫਲ ਹੋ ਜਾਂਦੇ ਹਨ।2।

ਹੇ ਭਾਈ! (ਗੁਰੂ ਦੀ ਸਰਨ ਪੈ ਕੇ ਜਿਹੜਾ ਮਨੁੱਖ) ਸਦਾ ਹੀ ਪਰਮਾਤਮਾ ਦੇ ਗੁਣ ਇਉਂ ਗਾਂਦਾ ਰਹਿੰਦਾ ਹੈ (ਜਿਵੇਂ ਉਹ ਗੁਣ ਉਸ ਦੇ ਵਾਸਤੇ ਅਜੇ) ਨਵੇਂ (ਹਨ, ਜਿਵੇਂ ਪਹਿਲਾਂ ਕਦੇ ਨਾਹ ਵੇਖੀ ਹੋਈ ਚੀਜ਼ ਮਨ ਨੂੰ ਖਿੱਚ ਪਾਂਦੀ ਹੈ) , ਉਹ ਮਨੁੱਖ ਚੌਰਾਸੀ ਲੱਖ ਜੂਨਾਂ ਦੇ ਗੇੜ ਵਿਚ ਨਹੀਂ ਭਟਕਦਾ। ਉਸ ਮਨੁੱਖ ਦੀ ਇਸ ਲੋਕ ਅਤੇ ਪਰਲੋਕ ਵਿਚ ਇੱਜ਼ਤ ਹੁੰਦੀ ਹੈ। ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿਚ ਉਸ ਮਨੁੱਖ ਦਾ ਮੂੰਹ ਰੌਸ਼ਨ ਹੁੰਦਾ ਹੈ।3।

ਹੇ ਭਾਈ! ਗੁਰੂ ਨੇ ਜਿਸ (ਮਨੁੱਖ) ਦੇ ਮੱਥੇ ਉੱਤੇ ਹੱਥ ਰੱਖਿਆ, ਉਹ ਮਨੁੱਖ ਪਰਮਾਤਮਾ ਦਾ ਦਾਸ ਬਣ ਜਾਂਦਾ ਹੈ (ਪਰ ਅਜਿਹਾ ਮਨੁੱਖ) ਕ੍ਰੋੜਾਂ ਵਿਚੋਂ ਕੋਈ ਵਿਰਲਾ ਹੀ ਹੁੰਦਾ ਹੈ। (ਫਿਰ, ਉਹ ਮਨੁੱਖ) ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ (ਹਰ ਥਾਂ) ਪਰਮਾਤਮਾ ਨੂੰ ਵੱਸਦਾ ਵੇਖਦਾ ਹੈ। ਹੇ ਨਾਨਕ! ਅਜਿਹੇ ਮਨੁੱਖ ਦੀ ਚਰਨ-ਧੂੜ ਲੈ ਕੇ ਤੂੰ ਭੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਹਿਂਗਾ।4।10।

ਪ੍ਰਭਾਤੀ ਮਹਲਾ ੫ ॥ ਕੁਰਬਾਣੁ ਜਾਈ ਗੁਰ ਪੂਰੇ ਅਪਨੇ ॥ ਜਿਸੁ ਪ੍ਰਸਾਦਿ ਹਰਿ ਹਰਿ ਜਪੁ ਜਪਨੇ ॥੧॥ ਰਹਾਉ ॥ ਅੰਮ੍ਰਿਤ ਬਾਣੀ ਸੁਣਤ ਨਿਹਾਲ ॥ ਬਿਨਸਿ ਗਏ ਬਿਖਿਆ ਜੰਜਾਲ ॥੧॥ ਸਾਚ ਸਬਦ ਸਿਉ ਲਾਗੀ ਪ੍ਰੀਤਿ ॥ ਹਰਿ ਪ੍ਰਭੁ ਅਪੁਨਾ ਆਇਆ ਚੀਤਿ ॥੨॥ ਨਾਮੁ ਜਪਤ ਹੋਆ ਪਰਗਾਸੁ ॥ ਗੁਰ ਸਬਦੇ ਕੀਨਾ ਰਿਦੈ ਨਿਵਾਸੁ ॥੩॥ ਗੁਰ ਸਮਰਥ ਸਦਾ ਦਇਆਲ ॥ ਹਰਿ ਜਪਿ ਜਪਿ ਨਾਨਕ ਭਏ ਨਿਹਾਲ ॥੪॥੧੧॥ {ਪੰਨਾ 1340-1341}

ਪਦ ਅਰਥ: ਜਾਈ = ਜਾਈਂ, ਮੈਂ ਜਾਂਦਾ ਹਾਂ। ਜਿਸੁ ਪ੍ਰਸਾਦਿ = ਜਿਸ (ਗੁਰੂ) ਦੀ ਕਿਰਪਾ ਨਾਲ। ਜਪਨੇ = ਜਪਿਆ ਜਾ ਸਕਦਾ ਹੈ।1। ਰਹਾਉ।

ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਨਿਹਾਲ = ਪ੍ਰਸੰਨ-ਚਿੱਤ। ਬਿਖਿਆ = ਮਾਇਆ। ਜੰਜਾਲ = ਫਾਹੀਆਂ।1।

ਸਿਉ = ਨਾਲ। ਸਬਦ = ਸਿਫ਼ਤਿ-ਸਾਲਾਹ। ਚੀਤਿ = ਚਿੱਤ ਵਿਚ।2।

ਜਪਤ = ਜਪਦਿਆਂ। ਪਰਗਾਸੁ = (ਆਤਮਕ ਜੀਵਨ ਦੀ ਸੂਝ ਦਾ) ਚਾਨਣ। ਸਬਦੇ = ਸਬਦਿ, ਸ਼ਬਦ ਦੀ ਰਾਹੀਂ। ਰਿਦੈ = ਹਿਰਦੇ ਵਿਚ।3।

ਸਮਰਥ = ਸਭ ਤਾਕਤਾਂ ਦਾ ਮਾਲਕ। ਜਪਿ = ਜਪ ਕੇ।4।

ਅਰਥ: ਹੇ ਭਾਈ! ਜਿਸ (ਗੁਰੂ) ਦੀ ਕਿਰਪਾ ਨਾਲ ਸਦਾ ਪਰਮਾਤਮਾ (ਦੇ ਨਾਮ) ਦਾ ਜਾਪ ਜਪਿਆ ਜਾ ਸਕਦਾ ਹੈ, ਮੈਂ ਆਪਣੇ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ (ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰਦਾ ਹਾਂ) ।1। ਰਹਾਉ।

ਹੇ ਭਾਈ! (ਮੈਂ ਆਪਣੇ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਦੀ) ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ ਸੁਣਦਿਆਂ ਮਨ ਖਿੜ ਆਉਂਦਾ ਹੈ, ਅਤੇ ਮਾਇਆ (ਦੇ ਮੋਹ) ਦੀਆਂ ਫਾਹੀਆਂ ਨਾਸ ਹੋ ਜਾਂਦੀਆਂ ਹਨ।1।

ਹੇ ਭਾਈ! (ਮੈਂ ਆਪਣੇ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਦੀ ਰਾਹੀਂ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਨਾਲ ਪਿਆਰ ਬਣ ਜਾਂਦਾ ਹੈ, ਅਤੇ ਆਪਣਾ ਹਰੀ-ਪ੍ਰਭੂ ਮਨ ਵਿਚ ਆ ਵੱਸਦਾ ਹੈ।2।

ਹੇ ਭਾਈ! (ਮੈਂ ਆਪਣੇ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਦੀ ਕਿਰਪਾ ਨਾਲ ਪਰਮਾਤਮਾ ਦਾ) ਨਾਮ ਜਪਦਿਆਂ (ਮਨ ਵਿਚ ਆਤਮਕ ਜੀਵਨ ਦੀ ਸੂਝ ਦਾ) ਚਾਨਣ ਹੋ ਜਾਂਦਾ ਹੈ, (ਜਿਸ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਪਰਮਾਤਮਾ ਮਨੁੱਖ ਦੇ) ਹਿਰਦੇ ਵਿਚ ਆ ਨਿਵਾਸ ਕਰਦਾ ਹੈ।3।

ਹੇ ਨਾਨਕ! (ਆਖ– ਹੇ ਭਾਈ!) ਗੁਰੂ ਸਭ ਤਾਕਤਾਂ ਦਾ ਮਾਲਕ ਹੈ, ਗੁਰੂ ਸਦਾ ਹੀ ਦਇਆਵਾਨ ਰਹਿੰਦਾ ਹੈ, (ਗੁਰੂ ਦੀ ਮਿਹਰ ਨਾਲ) ਪਰਮਾਤਮਾ ਦਾ ਨਾਮ ਜਪ ਜਪ ਕੇ ਮਨ ਖਿੜਿਆ ਰਹਿੰਦਾ ਹੈ।4।11।

TOP OF PAGE

Sri Guru Granth Darpan, by Professor Sahib Singh