ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1341 ਪ੍ਰਭਾਤੀ ਮਹਲਾ ੫ ॥ ਗੁਰੁ ਗੁਰੁ ਕਰਤ ਸਦਾ ਸੁਖੁ ਪਾਇਆ ॥ ਦੀਨ ਦਇਆਲ ਭਏ ਕਿਰਪਾਲਾ ਅਪਣਾ ਨਾਮੁ ਆਪਿ ਜਪਾਇਆ ॥੧॥ ਰਹਾਉ ॥ ਸੰਤਸੰਗਤਿ ਮਿਲਿ ਭਇਆ ਪ੍ਰਗਾਸ ॥ ਹਰਿ ਹਰਿ ਜਪਤ ਪੂਰਨ ਭਈ ਆਸ ॥੧॥ ਸਰਬ ਕਲਿਆਣ ਸੂਖ ਮਨਿ ਵੂਠੇ ॥ ਹਰਿ ਗੁਣ ਗਾਏ ਗੁਰ ਨਾਨਕ ਤੂਠੇ ॥੨॥੧੨॥ {ਪੰਨਾ 1341} ਪਦ ਅਰਥ: ਕਰਤ = ਕਰਦਿਆਂ। ਗੁਰੁ ਗੁਰੁ ਕਰਤ = ਗੁਰੂ ਨੂੰ ਹਰ ਵੇਲੇ ਯਾਦ ਕਰਦਿਆਂ। ਕਿਰਪਾਲਾ = ਦਇਆਵਾਨ।1। ਰਹਾਉ। ਸੰਤ ਸੰਗਤਿ = ਗੁਰੂ ਦੀ ਸੰਗਤਿ। ਮਿਲਿ = ਮਿਲ ਕੇ। ਪ੍ਰਗਾਸ = (ਆਤਮਕ ਜੀਵਨ ਦੀ ਸੂਝ ਦਾ) ਚਾਨਣ। ਜਪਤ = ਜਪਦਿਆਂ।1। ਸਰਬ = ਸਾਰੇ। ਕਲਿਆਣ = ਆਨੰਦ, ਸੁਖ। ਮਨਿ = ਮਨ ਵਿਚ। ਵੂਠੇ = ਆ ਵੱਸੇ। ਨਾਨਕ = ਹੇ ਨਾਨਕ! ਗੁਰ ਤੂਠੇ = ਗੁਰੂ ਦੇ ਪ੍ਰਸੰਨ ਹੋਇਆਂ।2। ਅਰਥ: ਹੇ ਭਾਈ! ਗੁਰੂ ਨੂੰ ਹਰ ਵੇਲੇ ਯਾਦ ਕਰਦਿਆਂ ਸਦਾ ਆਤਮਕ ਆਨੰਦ ਪ੍ਰਾਪਤ ਹੋਇਆ ਰਹਿੰਦਾ ਹੈ। ਗਰੀਬਾਂ ਉਤੇ ਦਇਆ ਕਰਨ ਵਾਲੇ ਪ੍ਰਭੂ ਜੀ ਮਿਹਰਵਾਨ ਹੋ ਜਾਂਦੇ ਹਨ, ਅਤੇ ਆਪਣਾ ਨਾਮ ਆਪ ਜਪਣ ਲਈ (ਜੀਵ ਨੂੰ) ਪ੍ਰੇਰਨਾ ਦੇਂਦੇ ਹਨ।1। ਰਹਾਉ। ਹੇ ਭਾਈ! ਗੁਰੂ ਦੀ ਸੰਗਤਿ ਵਿਚ ਮਿਲ ਕੇ (ਬੈਠਿਆਂ ਮਨੁੱਖ ਦੇ ਅੰਦਰ ਆਤਮਕ ਜੀਵਨ ਦੀ ਸੂਝ ਦਾ) ਚਾਨਣ ਹੋ ਜਾਂਦਾ ਹੈ। (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਹਰ ਵੇਲੇ ਜਪਦਿਆਂ (ਹਰੇਕ) ਆਸ ਪੂਰੀ ਹੋ ਜਾਂਦੀ ਹੈ।1। ਹੇ ਨਾਨਕ! ਜੇ ਗੁਰੂ ਮਿਹਰਵਾਨ ਹੋ ਜਾਏ, ਤਾਂ ਪਰਮਾਤਮਾ ਦੇ ਗੁਣ ਗਾਏ ਜਾ ਸਕਦੇ ਹਨ (ਗੁਣ ਗਾਣ ਦੀ ਬਰਕਤਿ ਨਾਲ) ਸਾਰੇ ਸੁਖ ਆਨੰਦ (ਮਨੁੱਖ ਦੇ) ਮਨ ਵਿਚ ਆ ਵੱਸਦੇ ਹਨ।2।12। ਪ੍ਰਭਾਤੀ ਮਹਲਾ ੫ ਘਰੁ ੨ ਬਿਭਾਸ ੴ ਸਤਿਗੁਰ ਪ੍ਰਸਾਦਿ ॥ ਅਵਰੁ ਨ ਦੂਜਾ ਠਾਉ ॥ ਨਾਹੀ ਬਿਨੁ ਹਰਿ ਨਾਉ ॥ ਸਰਬ ਸਿਧਿ ਕਲਿਆਨ ॥ ਪੂਰਨ ਹੋਹਿ ਸਗਲ ਕਾਮ ॥੧॥ ਹਰਿ ਕੋ ਨਾਮੁ ਜਪੀਐ ਨੀਤ ॥ ਕਾਮ ਕ੍ਰੋਧ ਅਹੰਕਾਰੁ ਬਿਨਸੈ ਲਗੈ ਏਕੈ ਪ੍ਰੀਤਿ ॥੧॥ ਰਹਾਉ ॥ ਨਾਮਿ ਲਾਗੈ ਦੂਖੁ ਭਾਗੈ ਸਰਨਿ ਪਾਲਨ ਜੋਗੁ ॥ ਸਤਿਗੁਰੁ ਭੇਟੈ ਜਮੁ ਨ ਤੇਟੈ ਜਿਸੁ ਧੁਰਿ ਹੋਵੈ ਸੰਜੋਗੁ ॥੨॥ ਰੈਨਿ ਦਿਨਸੁ ਧਿਆਇ ਹਰਿ ਹਰਿ ਤਜਹੁ ਮਨ ਕੇ ਭਰਮ ॥ ਸਾਧਸੰਗਤਿ ਹਰਿ ਮਿਲੈ ਜਿਸਹਿ ਪੂਰਨ ਕਰਮ ॥੩॥ ਜਨਮ ਜਨਮ ਬਿਖਾਦ ਬਿਨਸੇ ਰਾਖਿ ਲੀਨੇ ਆਪਿ ॥ ਮਾਤ ਪਿਤਾ ਮੀਤ ਭਾਈ ਜਨ ਨਾਨਕ ਹਰਿ ਹਰਿ ਜਾਪਿ ॥੪॥੧॥੧੩॥ {ਪੰਨਾ 1341} ਪਦ ਅਰਥ: ਅਵਰੁ = (Apr) ਹੋਰ। ਠਾਉ = ਥਾਂ, ਆਸਰਾ। ਸਰਬ ਸਿਧਿ = ਸਾਰੀਆਂ ਸਿਧੀਆਂ। ਸਰਬ ਕਲਿਆਨ = ਸਾਰੇ ਸੁਖ। ਪੂਰਨ ਹੋਹਿ = ਪੂਰੇ ਹੋ ਜਾਂਦੇ ਹਨ (ਬਹੁ-ਵਚਨ) । ਕਾਮ = ਕੰਮ।1। ਕੋ = ਦਾ। ਜਪੀਐ = ਜਪਣਾ ਚਾਹੀਦਾ ਹੈ। ਨੀਤ = ਨਿੱਤ, ਸਦਾ। ਬਿਨਸੈ = ਨਾਸ ਹੋ ਜਾਂਦਾ ਹੈ। ਏਕੈ ਪ੍ਰੀਤਿ = ਇਕ ਪਰਮਾਤਮਾ ਦਾ ਹੀ ਪਿਆਰ।1। ਰਹਾਉ। ਨਾਮਿ = ਨਾਮ ਵਿਚ। ਭਾਗੈ = ਦੂਰ ਹੋ ਜਾਂਦਾ ਹੈ। ਸਰਨਿ ਪਾਲਨ ਜੋਗੁ = ਸਰਨ ਪਏ ਦੀ ਰੱਖਿਆ ਕਰ ਸਕਣ ਵਾਲਾ ਪ੍ਰਭੂ। ਭੇਟੈ = ਮਿਲਦਾ ਹੈ। ਨ ਤੇਟੈ = ਜ਼ੋਰ ਨਹੀਂ ਪਾ ਸਕਦਾ। ਧੁਰਿ = ਧੁਰ-ਦਰਗਾਹ ਤੋਂ। ਸੰਜੋਗੁ = (ਗੁਰੂ ਨਾਲ) ਮਿਲਾਪ ਦਾ ਅਵਸਰ।2। ਰੈਨਿ = ਰਾਤ। ਤਜਹੁ = ਛੱਡੋ। ਭਰਮ = ਭਟਕਣਾ। ਮਿਲੈ = ਮਿਲਦਾ ਹੈ। ਜਿਸਹਿ = ਜਿਸ ਦੇ। ਕਰਮ = ਭਾਗ।3। ਬਿਖਾਦ = (iv = wd) ਦੁੱਖ-ਕਲੇਸ਼। ਜਾਪਿ = ਜਪਿਆ ਕਰ।4। ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਸਦਾ ਜਪਣਾ ਚਾਹੀਦਾ ਹੈ। (ਜਿਹੜਾ ਮਨੁੱਖ ਜਪਦਾ ਹੈ ਉਸ ਦੇ ਅੰਦਰੋਂ) ਕਾਮ ਕ੍ਰੋਧ ਅਹੰਕਾਰ (ਆਦਿਕ ਹਰੇਕ ਵਿਕਾਰ) ਨਾਸ ਹੋ ਜਾਂਦਾ ਹੈ, (ਉਸ ਦੇ ਅੰਦਰ) ਇਕ ਪਰਮਾਤਮਾ ਨਾਲ ਹੀ ਪਿਆਰ ਬਣਿਆ ਰਹਿੰਦਾ ਹੈ।1। ਰਹਾਉ। ਹੇ ਭਾਈ! (ਪਰਮਾਤਮਾ ਦੇ ਨਾਮ ਤੋਂ ਬਿਨਾ ਅਸੀਂ ਜੀਵਾਂ ਦਾ) ਹੋਰ ਕੋਈ ਦੂਜਾ ਆਸਰਾ ਨਹੀਂ ਹੈ, ਪਰਮਾਤਮਾ ਦੇ ਨਾਮ ਤੋਂ ਬਿਨਾ (ਹੋਰ ਕੋਈ ਸਹਾਰਾ) ਨਹੀਂ ਹੈ। (ਹਰਿ-ਨਾਮ ਵਿਚ ਹੀ) ਸਾਰੀਆਂ ਸਿਧੀਆਂ ਹਨ ਸਾਰੇ ਸੁਖ ਹਨ। (ਨਾਮ ਜਪਣ ਦੀ ਬਰਕਤਿ ਨਾਲ) ਸਾਰੇ ਕੰਮ ਸਫਲ ਹੋ ਜਾਂਦੇ ਹਨ।1। ਹੇ ਭਾਈ! (ਜਿਹੜਾ ਮਨੁੱਖ ਪਰਮਾਤਮਾ ਦੇ) ਨਾਮ ਵਿਚ ਜੁੜਦਾ ਹੈ (ਉਸ ਦਾ ਹਰੇਕ) ਦੁੱਖ ਦੂਰ ਹੋ ਜਾਂਦਾ ਹੈ (ਕਿਉਂਕਿ ਪਰਮਾਤਮਾ) ਸਰਨ ਪਏ ਮਨੁੱਖ ਦੀ ਰੱਖਿਆ ਕਰ ਸਕਣ ਵਾਲਾ ਹੈ। ਹੇ ਭਾਈ! ਜਿਸ ਮਨੁੱਖ ਨੂੰ ਧੁਰ ਦਰਗਾਹ ਤੋਂ (ਗੁਰੂ ਨਾਲ) ਮਿਲਾਪ ਦਾ ਅਵਸਰ ਮਿਲਦਾ ਹੈ, ਉਸ ਨੂੰ ਗੁਰੂ ਮਿਲ ਪੈਂਦਾ ਹੈ (ਤੇ, ਉਸ ਮਨੁੱਖ ਉੱਤੇ) ਜਮ (ਭੀ) ਜ਼ੋਰ ਨਹੀਂ ਪਾ ਸਕਦਾ।2। ਹੇ ਭਾਈ! (ਆਪਣੇ) ਮਨ ਦੀਆਂ ਸਾਰੀਆਂ ਭਟਕਣਾਂ ਛੱਡੋ, ਅਤੇ ਦਿਨ ਰਾਤ ਸਦਾ ਪਰਮਾਤਮਾ ਦਾ ਨਾਮ ਜਪਦੇ ਰਹੋ। ਜਿਸ ਮਨੁੱਖ ਦੇ ਪੂਰੇ ਭਾਗ ਜਾਗਦੇ ਹਨ, ਉਸ ਨੂੰ ਗੁਰੂ ਦੀ ਸੰਗਤਿ ਵਿਚ ਪਰਮਾਤਮਾ ਮਿਲ ਪੈਂਦਾ ਹੈ।3। ਹੇ ਦਾਸ ਨਾਨਕ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰ। ਪਰਮਾਤਮਾ ਹੀ ਮਾਂ ਪਿਉ ਮਿੱਤਰ ਭਰਾ ਹੈ। (ਪਰਮਾਤਮਾ ਦਾ ਨਾਮ ਜਪਿਆਂ) ਅਨੇਕਾਂ ਜਨਮਾਂ ਦੇ ਦੁੱਖ-ਕਲੇਸ਼ ਨਾਸ ਹੋ ਜਾਂਦੇ ਹਨ, (ਦੁੱਖਾਂ-ਕਲੇਸ਼ਾਂ ਤੋਂ) ਪਰਮਾਤਮਾ ਆਪ ਹੀ ਬਚਾ ਲੈਂਦਾ ਹੈ।4।1।13। ਪ੍ਰਭਾਤੀ ਮਹਲਾ ੫ ਬਿਭਾਸ ਪੜਤਾਲ ੴ ਸਤਿਗੁਰ ਪ੍ਰਸਾਦਿ ॥ ਰਮ ਰਾਮ ਰਾਮ ਰਾਮ ਜਾਪ ॥ ਕਲਿ ਕਲੇਸ ਲੋਭ ਮੋਹ ਬਿਨਸਿ ਜਾਇ ਅਹੰ ਤਾਪ ॥੧॥ ਰਹਾਉ ॥ ਆਪੁ ਤਿਆਗਿ ਸੰਤ ਚਰਨ ਲਾਗਿ ਮਨੁ ਪਵਿਤੁ ਜਾਹਿ ਪਾਪ ॥੧॥ ਨਾਨਕੁ ਬਾਰਿਕੁ ਕਛੂ ਨ ਜਾਨੈ ਰਾਖਨ ਕਉ ਪ੍ਰਭੁ ਮਾਈ ਬਾਪ ॥੨॥੧॥੧੪॥ {ਪੰਨਾ 1341} ਪੜਤਾਲ = ਤਾਲ ਮੁੜ ਮੁੜ ਪਰਤਾਣਾ ਹੈ ਗਾਵਣ ਸਮੇ। ਪਦ ਅਰਥ: ਰਮ = ਸਰਬ-ਵਿਆਪਕ। ਕਲਿ = ਦੁੱਖ, ਝਗੜੇ। ਬਿਨਸਿ ਜਾਇ = ਨਾਸ ਹੋ ਜਾਂਦਾ ਹੈ (ਇਕ-ਵਚਨ) । ਅਹੰ = ਹਉਮੈ।1। ਰਹਾਉ। ਆਪੁ = ਆਪਾ-ਭਾਵ। ਜਾਹਿ = ਦੂਰ ਹੋ ਜਾਂਦੇ ਹਨ (ਬਹੁ-ਵਚਨ) ।1। ਬਾਰਿਕੁ = ਅੰਞਾਣ ਬੱਚਾ। ਨ ਜਾਣੈ = ਨਹੀਂ ਜਾਣਦਾ। ਰਾਖਨ ਕਉ = ਰੱਖਿਆ ਕਰ ਸਕਣ ਵਾਲਾ। ਮਾਈ = ਮਾਂ।2। ਅਰਥ: ਹੇ ਭਾਈ! ਸਰਬ-ਵਿਆਪਕ ਪਰਮਾਤਮਾ ਦਾ ਨਾਮ ਸਦਾ ਜਪਿਆ ਕਰ। (ਸਿਮਰਨ ਦੀ ਬਰਕਤਿ ਨਾਲ) ਦੁੱਖ ਕਲੇਸ਼ ਲੋਭ ਮੋਹ ਹਉਮੈ ਦਾ ਤਾਪ = (ਹਰੇਕ ਵਿਕਾਰ) ਨਾਸ ਹੋ ਜਾਂਦਾ ਹੈ।1। ਰਹਾਉ। ਹੇ ਭਾਈ! ਆਪਾ-ਭਾਵ ਛੱਡ ਦੇਹ, ਸੰਤ ਜਨਾਂ ਦੇ ਚਰਨਾਂ ਵਿਚ ਟਿਕਿਆ ਰਹੁ। (ਇਸ ਤਰ੍ਹਾਂ) ਮਨ ਪਵਿੱਤਰ (ਹੋ ਜਾਂਦਾ ਹੈ, ਅਤੇ ਸਾਰੇ) ਪਾਪ ਦੂਰ ਹੋ ਜਾਂਦੇ ਹਨ।1। ਹੇ ਭਾਈ! ਨਾਨਕ (ਤਾਂ ਪ੍ਰਭੂ ਦਾ ਇਕ) ਅੰਞਾਣ ਬੱਚਾ (ਇਹਨਾਂ ਵਿਕਾਰਾਂ ਤੋਂ ਬਚਣ ਦਾ) ਕੋਈ ਢੰਗ ਨਹੀਂ ਜਾਣਦਾ। ਪ੍ਰਭੂ ਆਪ ਹੀ ਬਚਾ ਸਕਣ ਵਾਲਾ ਹੈ, ਉਹ ਪ੍ਰਭੂ ਹੀ (ਨਾਨਕ ਦਾ) ਮਾਂ ਪਿਉ ਹੈ।2।1।14। ਪ੍ਰਭਾਤੀ ਮਹਲਾ ੫ ॥ ਚਰਨ ਕਮਲ ਸਰਨਿ ਟੇਕ ॥ ਊਚ ਮੂਚ ਬੇਅੰਤੁ ਠਾਕੁਰੁ ਸਰਬ ਊਪਰਿ ਤੁਹੀ ਏਕ ॥੧॥ ਰਹਾਉ ॥ ਪ੍ਰਾਨ ਅਧਾਰ ਦੁਖ ਬਿਦਾਰ ਦੈਨਹਾਰ ਬੁਧਿ ਬਿਬੇਕ ॥੧॥ ਨਮਸਕਾਰ ਰਖਨਹਾਰ ਮਨਿ ਅਰਾਧਿ ਪ੍ਰਭੂ ਮੇਕ ॥ ਸੰਤ ਰੇਨੁ ਕਰਉ ਮਜਨੁ ਨਾਨਕ ਪਾਵੈ ਸੁਖ ਅਨੇਕ ॥੨॥੨॥੧੫॥ {ਪੰਨਾ 1341} ਪਦ ਅਰਥ: ਟੇਕ = ਆਸਰਾ। ਮੂਚ = ਵੱਡਾ।1। ਰਹਾਉ। ਅਧਾਰ = ਆਸਰਾ। ਦੁਖ ਬਿਦਾਰ = ਦੁੱਖਾਂ ਦਾ ਨਾਸ ਕਰਨ ਵਾਲਾ। ਦੈਨਹਾਰ = ਦੇ ਸਕਣ ਵਾਲਾ। ਬਿਬੇਕ = (ਚੰਗੇ ਮੰਦੇ ਕੰਮ ਦੀ) ਪਰਖ।1। ਮਨਿ = ਮਨ ਵਿਚ। ਅਰਾਧਿ = ਆਰਾਧਨ ਕਰੋ। ਮੇਕ = ਇਕ, ਸਿਰਫ਼। ਰੇਨੁ = ਚਰਨ-ਧੂੜ। ਕਰਉ = ਕਰਉਂ, ਮੈਂ ਕਰਦਾ ਹਾਂ। ਮਜਨੁ = ਇਸ਼ਨਾਨ। ਨਾਨਕ = ਹੇ ਨਾਨਕ! ਪਾਵੈ = ਹਾਸਲ ਕਰਦਾ ਹੈ।2। ਅਰਥ: ਹੇ ਪ੍ਰਭੂ! ਸਭ ਜੀਵਾਂ ਦੇ ਉੱਤੇ ਇਕ ਤੂੰ ਹੀ (ਰਾਖਾ) ਹੈਂ। ਤੂੰ ਬੇਅੰਤ ਉੱਚਾ ਮਾਲਕ ਹੈਂ, ਤੂੰ ਬੇਅੰਤ ਵੱਡਾ ਮਾਲਕ ਹੈਂ। (ਤੇਰੇ) ਸੋਹਣੇ ਚਰਨਾਂ ਦੀ ਸਰਨ ਹੀ (ਜੀਵਾਂ ਵਾਸਤੇ) ਆਸਰਾ ਹੈ।1। ਰਹਾਉ। ਹੇ ਪ੍ਰਭੂ! (ਤੂੰ ਸਭ ਜੀਵਾਂ ਦੀ) ਜਿੰਦ ਦਾ ਆਸਰਾ ਹੈਂ, ਤੂੰ (ਸਭ ਜੀਵਾਂ ਦੇ) ਦੁੱਖ ਨਾਸ ਕਰਨ ਵਾਲਾ ਹੈਂ, ਤੂੰ (ਜੀਵਾਂ ਨੂੰ) ਚੰਗੇ ਮੰਦੇ ਕਰਮ ਦੀ ਪਰਖ ਕਰ ਸਕਣ ਵਾਲੀ ਅਕਲ ਦੇਣ ਵਾਲਾ ਹੈਂ।1। ਹੇ ਭਾਈ! ਸਿਰਫ਼ (ਉਸ) ਪ੍ਰਭੂ ਨੂੰ ਹੀ (ਆਪਣੇ) ਮਨ ਵਿਚ ਸਿਮਰਿਆ ਕਰੋ, ਉਸ ਸਭ ਦੀ ਰਖਿਆ ਕਰ ਸਕਣ ਵਾਲੇ ਨੂੰ ਸਿਰ ਨਿਵਾਇਆ ਕਰੋ। ਹੇ ਨਾਨਕ! (ਆਖ– ਹੇ ਭਾਈ!) ਮੈਂ (ਉਸ ਪ੍ਰਭੂ ਦੇ) ਸੰਤ ਜਨਾਂ ਦੇ ਚਰਨਾਂ ਦੀ ਧੂੜ ਵਿਚ ਇਸ਼ਨਾਨ ਕਰਦਾ ਹਾਂ। (ਜਿਹੜਾ ਮਨੁੱਖ ਸੰਤ-ਜਨਾਂ ਦੀ ਚਰਨ-ਧੂੜ ਵਿਚ ਇਸ਼ਨਾਨ ਕਰਦਾ ਹੈ, ਉਹ) ਅਨੇਕਾਂ ਸੁਖ ਹਾਸਲ ਕਰ ਲੈਂਦਾ ਹੈ।2। 2।15। |
Sri Guru Granth Darpan, by Professor Sahib Singh |