ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1342 ਪ੍ਰਭਾਤੀ ਅਸਟਪਦੀਆ ਮਹਲਾ ੧ ਬਿਭਾਸ ੴ ਸਤਿਗੁਰ ਪ੍ਰਸਾਦਿ ॥ ਦੁਬਿਧਾ ਬਉਰੀ ਮਨੁ ਬਉਰਾਇਆ ॥ ਝੂਠੈ ਲਾਲਚਿ ਜਨਮੁ ਗਵਾਇਆ ॥ ਲਪਟਿ ਰਹੀ ਫੁਨਿ ਬੰਧੁ ਨ ਪਾਇਆ ॥ ਸਤਿਗੁਰਿ ਰਾਖੇ ਨਾਮੁ ਦ੍ਰਿੜਾਇਆ ॥੧॥ ਨਾ ਮਨੁ ਮਰੈ ਨ ਮਾਇਆ ਮਰੈ ॥ ਜਿਨਿ ਕਿਛੁ ਕੀਆ ਸੋਈ ਜਾਣੈ ਸਬਦੁ ਵੀਚਾਰਿ ਭਉ ਸਾਗਰੁ ਤਰੈ ॥੧॥ ਰਹਾਉ ॥ ਮਾਇਆ ਸੰਚਿ ਰਾਜੇ ਅਹੰਕਾਰੀ ॥ ਮਾਇਆ ਸਾਥਿ ਨ ਚਲੈ ਪਿਆਰੀ ॥ ਮਾਇਆ ਮਮਤਾ ਹੈ ਬਹੁ ਰੰਗੀ ॥ ਬਿਨੁ ਨਾਵੈ ਕੋ ਸਾਥਿ ਨ ਸੰਗੀ ॥੨॥ ਜਿਉ ਮਨੁ ਦੇਖਹਿ ਪਰ ਮਨੁ ਤੈਸਾ ॥ ਜੈਸੀ ਮਨਸਾ ਤੈਸੀ ਦਸਾ ॥ ਜੈਸਾ ਕਰਮੁ ਤੈਸੀ ਲਿਵ ਲਾਵੈ ॥ ਸਤਿਗੁਰੁ ਪੂਛਿ ਸਹਜ ਘਰੁ ਪਾਵੈ ॥੩॥ ਰਾਗਿ ਨਾਦਿ ਮਨੁ ਦੂਜੈ ਭਾਇ ॥ ਅੰਤਰਿ ਕਪਟੁ ਮਹਾ ਦੁਖੁ ਪਾਇ ॥ ਸਤਿਗੁਰੁ ਭੇਟੈ ਸੋਝੀ ਪਾਇ ॥ ਸਚੈ ਨਾਮਿ ਰਹੈ ਲਿਵ ਲਾਇ ॥੪॥ ਸਚੈ ਸਬਦਿ ਸਚੁ ਕਮਾਵੈ ॥ ਸਚੀ ਬਾਣੀ ਹਰਿ ਗੁਣ ਗਾਵੈ ॥ ਨਿਜ ਘਰਿ ਵਾਸੁ ਅਮਰ ਪਦੁ ਪਾਵੈ ॥ ਤਾ ਦਰਿ ਸਾਚੈ ਸੋਭਾ ਪਾਵੈ ॥੫॥ ਗੁਰ ਸੇਵਾ ਬਿਨੁ ਭਗਤਿ ਨ ਹੋਈ ॥ ਅਨੇਕ ਜਤਨ ਕਰੈ ਜੇ ਕੋਈ ॥ ਹਉਮੈ ਮੇਰਾ ਸਬਦੇ ਖੋਈ ॥ ਨਿਰਮਲ ਨਾਮੁ ਵਸੈ ਮਨਿ ਸੋਈ ॥੬॥ ਇਸੁ ਜਗ ਮਹਿ ਸਬਦੁ ਕਰਣੀ ਹੈ ਸਾਰੁ ॥ ਬਿਨੁ ਸਬਦੈ ਹੋਰੁ ਮੋਹੁ ਗੁਬਾਰੁ ॥ ਸਬਦੇ ਨਾਮੁ ਰਖੈ ਉਰਿ ਧਾਰਿ ॥ ਸਬਦੇ ਗਤਿ ਮਤਿ ਮੋਖ ਦੁਆਰੁ ॥੭॥ ਅਵਰੁ ਨਾਹੀ ਕਰਿ ਦੇਖਣਹਾਰੋ ॥ ਸਾਚਾ ਆਪਿ ਅਨੂਪੁ ਅਪਾਰੋ ॥ ਰਾਮ ਨਾਮ ਊਤਮ ਗਤਿ ਹੋਈ ॥ ਨਾਨਕ ਖੋਜਿ ਲਹੈ ਜਨੁ ਕੋਈ ॥੮॥੧॥ {ਪੰਨਾ 1342} ਪਦ ਅਰਥ: ਦੁਬਿਧਾ = ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ, ਦੁਚਿੱਤਾ-ਪਨ। ਲਾਲਚਿ = ਲਾਲਚ ਦੇ ਕਾਰਨ। ਲਪਟਿ ਰਹੀ = (ਮਾਇਆ) ਚੰਬੜੀ ਰਹਿੰਦੀ ਹੈ। ਬੰਧੁ = ਰੋਕ, ਰੁਕਾਵਟ। ਸਤਿਗੁਰਿ = ਗੁਰੂ ਨੇ।1। ਨਾ ਮਨੁ ਮਰੈ = ਮਨ ਮਾਇਆ ਦੇ ਮੋਹ ਵਿਚ ਫਸਣੋਂ ਹਟਦਾ ਨਹੀਂ। ਨ ਮਾਇਆ ਮਰੈ = ਮਾਇਆ ਆਪਣਾ ਜ਼ੋਰ ਪਾਣੋਂ ਨਹੀਂ ਹਟਦੀ। ਜਿਨਿ = ਜਿਸ (ਪਰਮਾਤਮਾ) ਨੇ। ਕਿਛੁ = ਇਹ ਖੇਡ। ਭਉ ਸਾਗਰੁ = ਸੰਸਾਰ-ਸਮੁੰਦਰ।1। ਰਹਾਉ। ਸੰਚਿ = ਜੋੜ ਜੋੜ ਕੇ, ਇਕੱਠੀ ਕਰ ਕੇ। ਮਮਤਾ = ਅਪਣੱਤ, ਆਪਣੀ ਬਣਾਣ ਦੀ ਤਾਂਘ। ਬਹੁ ਰੰਗੀ = ਕਈ ਕਿਸਮਾਂ ਦੀ।2। ਦੇਖਹਿ = ਵੇਖਦੇ ਹਨ। ਪਰ ਮਨੁ = ਦੂਜੇ ਦਾ ਮਨ। ਮਨਸਾ = ਕਾਮਨਾ, ਖ਼ਾਹਸ਼। ਦਸਾ = ਹਾਲਤ, ਅਵਸਥਾ। ਕਰਮੁ = ਕੰਮ। ਲਿਵ = ਲਗਨ। ਪੂਛਿ = ਪੁੱਛ ਕੇ। ਸਹਜ ਘਰੁ = ਆਤਮਕ ਅਡੋਲਤਾ ਦਾ ਟਿਕਾਣਾ, ਉਹ ਘਰ ਜਿਥੇ ਆਤਮਕ ਅਡੋਲਤਾ ਮਿਲ ਸਕੇ।3। ਰਾਗਿ = ਰਾਗ ਦੀ ਰਾਹੀਂ। ਨਾਦਿ = ਨਾਦ ਦੀ ਰਾਹੀਂ। ਰਾਗਿ ਨਾਦਿ = (ਦੁਨੀਆ ਦੇ) ਰਾਗ ਰੰਗ ਦੀ ਰਾਹੀਂ। ਭਾਇ = ਪਿਆਰ ਵਿਚ। ਭਉ = ਪਿਆਰ। ਕਪਟੁ = ਖੋਟ। ਭੇਟੈ = ਮਿਲਦਾ ਹੈ।4। ਸਚੁ = ਸਦਾ-ਥਿਰ ਸਿਮਰਨ ਦੀ ਕਾਰ। ਘਰਿ = ਘਰ ਵਿਚ। ਅਮਰ ਪਦੁ = ਉਹ ਦਰਜਾ ਜਿੱਥੇ ਆਤਮਕ ਜੀਵਨ ਬਣਿਆ ਰਹਿੰਦਾ ਹੈ। ਦਰਿ = (ਪ੍ਰਭੂ ਦੇ) ਦਰ ਤੇ।5। ਖੋਈ = ਨਾਸ ਹੁੰਦਾ ਹੈ। ਸੋਈ = ਉਹੀ।6। ਸਾਰੁ = ਸ੍ਰੇਸ਼ਟ। ਗੁਬਾਰੁ = ਹਨੇਰਾ। ਉਰਿ = ਹਿਰਦੇ ਵਿਚ। ਗਤਿ = ਉੱਚੀ ਆਤਮਕ ਅਵਸਥਾ।7। ਕਰਿ = (ਜਗਤ) ਪੈਦਾ ਕਰ ਕੇ। ਦੇਖਣਹਾਰੋ = ਸੰਭਾਲ ਕਰਨ ਵਾਲਾ। ਅਨੂਪੁ = (ਉਪਮਾ-ਰਹਿਤ) ਬੇ-ਮਿਸਾਲ, ਮਹਾਂ ਸੁੰਦਰ। ਅਪਾਰੋ = ਜਿਸ ਦੇ ਗੁਣਾਂ ਦਾ ਪਾਰਲਾ ਬੰਨਾ ਨਾਹ ਦਿੱਸੇ।8। ਅਰਥ: ਮਾਇਆ (ਇਤਨੀ ਪ੍ਰਬਲ ਹੈ ਕਿ ਇਹ ਜੀਵਾਂ ਉਤੇ) ਆਪਣਾ ਜ਼ੋਰ ਪਾਣੋਂ ਨਹੀਂ ਹਟਦੀ, (ਮਨੁੱਖ ਦਾ) ਮਨ (ਕਮਜ਼ੋਰ ਹੈ ਇਹ) ਮਾਇਆ ਦੇ ਮੋਹ ਵਿਚ ਫਸਣੋਂ ਨਹੀਂ ਹਟਦਾ। ਜਿਸ ਪਰਮਾਤਮਾ ਨੇ ਇਹ ਖੇਡ ਰਚੀ ਹੈ ਉਹੀ ਜਾਣਦਾ ਹੈ (ਕਿ ਮਾਇਆ ਦੇ ਪ੍ਰਭਾਵ ਤੋਂ ਜੀਵ ਕਿਵੇਂ ਬਚ ਸਕਦਾ ਹੈ) । ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਂਦਾ ਹੈ ਉਹ (ਮਾਇਆ ਦੇ ਮੋਹ-ਰੂਪ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।1। ਰਹਾਉ। (ਮਾਇਆ ਦੇ ਮੋਹ ਦੇ ਕਾਰਨ ਮਨੁੱਖ ਦੀ ਮਤਿ) ਪਰਮਾਤਮਾ ਤੋਂ ਬਿਨਾ ਹੋਰ ਹੋਰ ਆਸਰੇ ਦੀ ਝਾਕ ਵਿਚ ਕਮਲੀ ਹੋ ਜਾਂਦੀ ਹੈ, ਮਨ (ਭੀ) ਕਮਲਾ ਹੋ ਜਾਂਦਾ ਹੈ (ਇਸ ਤਰ੍ਹਾਂ) ਝੂਠੇ ਲਾਲਚ ਵਿਚ ਫਸ ਕੇ ਮਨੁੱਖ ਆਪਣਾ ਜੀਵਨ ਜ਼ਾਇਆ ਕਰ ਲੈਂਦਾ ਹੈ। (ਮਾਇਆ ਇਤਨੀ ਡਾਢੀ ਹੈ ਕਿ ਇਹ ਜੀਵ ਨੂੰ) ਮੁੜ ਮੁੜ ਚੰਬੜਦੀ ਹੈ, ਇਸ ਦੇ ਰਾਹ ਵਿਚ ਕੋਈ ਰੋਕ ਨਹੀਂ ਪੈ ਸਕਦੀ। (ਹਾਂ) ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਨੇ ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ, ਉਸ ਨੂੰ ਉਸ ਨੇ (ਮਾਇਆ ਦੇ ਪੰਜੇ ਤੋਂ) ਬਚਾ ਲਿਆ।1। ਮਾਇਆ ਇਕੱਠੀ ਕਰ ਕੇ ਰਾਜੇ ਮਾਣ ਕਰਨ ਲੱਗ ਪੈਂਦੇ ਹਨ, ਪਰ ਉਹਨਾਂ ਦੀ ਉਹ ਪਿਆਰੀ ਮਾਇਆ (ਅੰਤ ਵੇਲੇ) ਉਹਨਾਂ ਦੇ ਨਾਲ ਨਹੀਂ ਜਾਂਦੀ। ਮਾਇਆ ਨੂੰ ਆਪਣੀ ਬਣਾਣ ਦੀ ਤਾਂਘ ਕਈ ਰੰਗਾਂ ਦੀ ਹੈ (ਭਾਵ, ਕਈ ਤਰੀਕਿਆਂ ਨਾਲ ਮਾਇਆ ਜੀਵ ਉਤੇ ਮਮਤਾ ਦਾ ਜਾਲ ਵਿਛਾਂਦੀ ਹੈ) , ਪਰ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਪਦਾਰਥ ਜੀਵ ਦਾ ਸੰਗੀ ਨਹੀਂ ਬਣਦਾ, ਜੀਵ ਦੇ ਨਾਲ ਨਹੀਂ ਜਾਂਦਾ।2। (ਮਾਇਆ ਦੇ ਪ੍ਰਭਾਵ ਹੇਠ ਜੀਵਾਂ ਦੀ ਹਾਲਤ ਇਹ ਹੋ ਜਾਂਦੀ ਹੈ ਕਿ ਮਨੁੱਖ) ਜਿਵੇਂ ਆਪਣੇ ਮਨ ਨੂੰ ਵੇਖਦੇ ਹਨ, ਤਿਹੋ ਜਿਹਾ ਹੋਰਨਾਂ ਦੇ ਮਨ ਨੂੰ ਸਮਝਦੇ ਹਨ (ਭਾਵ, ਜਿਵੇਂ ਆਪਣੇ ਆਪ ਨੂੰ ਮਾਇਆ-ਵੱਸ ਜਾਣਦੇ ਹਨ ਤਿਵੇਂ ਹੋਰਨਾਂ ਨੂੰ ਭੀ ਮਾਇਆ ਦੇ ਲੋਭੀ ਸਮਝਦੇ ਹਨ। ਇਸ ਵਾਸਤੇ ਕੋਈ ਕਿਸੇ ਉਤੇ ਇਤਬਾਰ ਨਹੀਂ ਕਰਦਾ) । (ਮਨੁੱਖ ਦੇ ਅੰਦਰ) ਜਿਹੋ ਜਿਹੀ ਕਾਮਨਾ ਉੱਠਦੀ ਹੈ ਤਿਹੋ ਜਿਹੀ ਉਸ ਦੇ ਆਤਮਕ ਜੀਵਨ ਦੀ ਹਾਲਤ ਹੋ ਜਾਂਦੀ ਹੈ, (ਉਸ ਦਸ਼ਾ ਦੇ ਅਧੀਨ) ਮਨੁੱਖ ਜਿਹੋ ਜਿਹਾ ਕੰਮ (ਨਿੱਤ) ਕਰਦਾ ਹੈ, ਉਹੋ ਜਿਹੀ ਉਸ ਦੀ ਲਗਨ ਬਣਦੀ ਜਾਂਦੀ ਹੈ (ਇਸ ਗੇੜ ਵਿਚ ਫਸਿਆ ਮਨੁੱਖ ਸਾਰੀ ਉਮਰ ਮਾਇਆ ਦੀ ਖ਼ਾਤਰ ਭਟਕਦਾ ਫਿਰਦਾ ਹੈ) । ਸਤਿਗੁਰੂ ਪਾਸੋਂ ਸਿੱਖਿਆ ਲੈ ਕੇ ਹੀ ਮਨੁੱਖ ਆਤਮਕ ਅਡੋਲਤਾ ਦਾ ਟਿਕਾਣਾ ਲੱਭ ਸਕਦਾ ਹੈ।3। (ਦੁਨੀਆ ਵਾਲਾ ਰਾਗ-ਰੰਗ ਭੀ ਮਾਇਆ ਦਾ ਹੀ ਸਰੂਪ ਹੈ। ਵਿਕਾਰ-ਵਾਸਨਾ ਪੈਦਾ ਕਰਨ ਵਾਲੇ) ਰਾਗ-ਰੰਗ ਵਿਚ ਫਸ ਕੇ ਮਨੁੱਖ ਦਾ ਮਨ ਪਰਮਾਤਮਾ ਤੋਂ ਬਿਨਾ ਹੋਰ ਹੋਰ ਮੋਹ ਵਿਚ ਫਸਦਾ ਹੈ (ਇਸ ਰਾਗ-ਰੰਗ ਦੀ ਰਾਹੀਂ ਜਿਉਂ ਜਿਉਂ ਵਿਕਾਰ-ਵਾਸਨਾ ਵਧਦੀ ਹੈ) ਮਨੁੱਖ ਦੇ ਅੰਦਰ ਖੋਟ ਪੈਦਾ ਹੁੰਦਾ ਹੈ (ਤੇ ਖੋਟ ਦੇ ਕਾਰਨ) ਮਨੁੱਖ ਬਹੁਤ ਦੁੱਖ ਪਾਂਦਾ ਹੈ। ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ (ਸਹੀ ਜੀਵਨ ਰਾਹ ਦੀ) ਸਮਝ ਆ ਜਾਂਦੀ ਹੈ, ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜੀ ਰੱਖਦਾ ਹੈ।4। (ਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ ਉਹ) ਗੁਰੂ ਦੇ ਸੱਚੇ ਸ਼ਬਦ ਵਿਚ ਜੁੜ ਕੇ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਕਾਰ ਕਮਾਂਦਾ ਹੈ, ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਜੁੜਦਾ ਹੈ ਉਹ ਪਰਮਾਤਮਾ ਦੇ ਗੁਣ (ਸਦਾ) ਗਾਂਦਾ ਹੈ, ਉਹ (ਬਾਹਰ ਮਾਇਆ ਦੇ ਪਿੱਛੇ ਭਟਕਣ ਦੇ ਥਾਂ) ਆਪਣੇ ਅੰਤਰ ਆਤਮੇ ਹੀ ਟਿਕਦਾ ਹੈ, ਉਸ ਨੂੰ ਉਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਜਿਥੇ ਸਦਾ ਉੱਚਾ ਆਤਮਕ ਜੀਵਨ ਬਣਿਆ ਰਹਿੰਦਾ ਹੈ। ਤਦੋਂ ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਆਦਰ ਪਾਂਦਾ ਹੈ।5। ਜੇ ਕੋਈ ਮਨੁੱਖ ਅਨੇਕਾਂ ਜਤਨ ਭੀ ਕਰੇ, ਤਾਂ ਭੀ ਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ (ਹਉਮੈ ਤੇ ਮਮਤਾ ਮਨੁੱਖ ਦਾ ਮਨ ਭਗਤੀ ਵਿਚ ਜੁੜਨ ਨਹੀਂ ਦੇਂਦੇ; ਇਹ) ਹਉਮੈ ਤੇ ਮਮਤਾ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਨੁੱਖ (ਆਪਣੇ ਅੰਦਰੋਂ) ਦੂਰ ਕਰ ਸਕਦਾ ਹੈ। ਜਿਸ ਮਨੁੱਖ ਦੇ ਮਨ ਵਿਚ (ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ) ਪਵਿਤ੍ਰ ਨਾਮ ਵੱਸ ਪੈਂਦਾ ਹੈ ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ।6। ਸਤਿਗੁਰੂ ਦਾ ਸ਼ਬਦ (ਹਿਰਦੇ ਵਿਚ ਵਸਾਣਾ) ਇਸ ਜਗਤ ਵਿਚ ਸਭ ਤੋਂ ਸ੍ਰੇਸ਼ਟ ਕਰਤੱਬ ਹੈ। ਗੁਰ-ਸ਼ਬਦ ਤੋਂ ਬਿਨਾ ਮਨੁੱਖ ਦੀ ਜਿੰਦ ਵਾਸਤੇ (ਚਾਰ ਚੁਫੇਰੇ) ਹੋਰ ਸਭ ਕੁਝ ਮੋਹ (-ਰੂਪ) ਘੁੱਪ ਹਨੇਰਾ ਪੈਦਾ ਕਰਨ ਵਾਲਾ ਹੈ। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਟਿਕਾ ਕੇ ਰੱਖਦਾ ਹੈ, ਉਹ ਸ਼ਬਦ ਵਿਚ ਜੁੜ ਕੇ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ਉਸ ਦੀ ਮਤਿ ਸੁਚੱਜੀ ਹੋ ਜਾਂਦੀ ਹੈ, ਉਹ (ਮਾਇਆ ਦੇ ਮੋਹ ਤੋਂ) ਖ਼ਲਾਸੀ ਪਾਣ ਦਾ ਰਸਤਾ ਲੱਭ ਲੈਂਦਾ ਹੈ।7। (ਗੁਰੂ ਦੇ ਸ਼ਬਦ ਵਿਚ ਜੁੜਨ ਵਾਲੇ ਨੂੰ ਇਹ ਸਮਝ ਆ ਜਾਂਦੀ ਹੈ ਕਿ) ਜਗਤ ਰਚ ਕੇ ਇਸ ਦੀ ਸੰਭਾਲ ਕਰਨ ਵਾਲਾ ਇਕ ਪਰਮਾਤਮਾ ਹੀ ਹੈ, ਹੋਰ ਕੋਈ ਦੂਜਾ ਨਹੀਂ ਹੈ। ਉਹ ਪ੍ਰਭੂ ਆਪ ਸਦਾ-ਥਿਰ ਰਹਿਣ ਵਾਲਾ ਹੈ, ਉਸ ਵਰਗਾ ਹੋਰ ਕੋਈ ਨਹੀਂ, ਤੇ ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ। ਉਹ ਮਨੁੱਖ ਪ੍ਰਭੂ ਦਾ ਨਾਮ ਜਪ ਕੇ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ। ਪਰ, ਹੇ ਨਾਨਕ! ਕੋਈ ਵਿਰਲਾ ਮਨੁੱਖ ਹੀ (ਗੁਰੂ ਦੇ ਸ਼ਬਦ ਦੀ ਰਾਹੀਂ) ਭਾਲ ਕਰ ਕੇ ਪਰਮਾਤਮਾ ਦੀ ਪ੍ਰਾਪਤੀ ਕਰਦਾ ਹੈ।8।1। ਪ੍ਰਭਾਤੀ ਮਹਲਾ ੧ ॥ ਮਾਇਆ ਮੋਹਿ ਸਗਲ ਜਗੁ ਛਾਇਆ ॥ ਕਾਮਣਿ ਦੇਖਿ ਕਾਮਿ ਲੋਭਾਇਆ ॥ ਸੁਤ ਕੰਚਨ ਸਿਉ ਹੇਤੁ ਵਧਾਇਆ ॥ ਸਭੁ ਕਿਛੁ ਅਪਨਾ ਇਕੁ ਰਾਮੁ ਪਰਾਇਆ ॥੧॥ ਐਸਾ ਜਾਪੁ ਜਪਉ ਜਪਮਾਲੀ ॥ ਦੁਖ ਸੁਖ ਪਰਹਰਿ ਭਗਤਿ ਨਿਰਾਲੀ ॥੧॥ ਰਹਾਉ ॥ ਗੁਣ ਨਿਧਾਨ ਤੇਰਾ ਅੰਤੁ ਨ ਪਾਇਆ ॥ ਸਾਚ ਸਬਦਿ ਤੁਝ ਮਾਹਿ ਸਮਾਇਆ ॥ ਆਵਾ ਗਉਣੁ ਤੁਧੁ ਆਪਿ ਰਚਾਇਆ ॥ ਸੇਈ ਭਗਤ ਜਿਨ ਸਚਿ ਚਿਤੁ ਲਾਇਆ ॥੨॥ ਗਿਆਨੁ ਧਿਆਨੁ ਨਰਹਰਿ ਨਿਰਬਾਣੀ ॥ ਬਿਨੁ ਸਤਿਗੁਰ ਭੇਟੇ ਕੋਇ ਨ ਜਾਣੀ ॥ ਸਗਲ ਸਰੋਵਰ ਜੋਤਿ ਸਮਾਣੀ ॥ ਆਨਦ ਰੂਪ ਵਿਟਹੁ ਕੁਰਬਾਣੀ ॥੩॥ ਭਾਉ ਭਗਤਿ ਗੁਰਮਤੀ ਪਾਏ ॥ ਹਉਮੈ ਵਿਚਹੁ ਸਬਦਿ ਜਲਾਏ ॥ ਧਾਵਤੁ ਰਾਖੈ ਠਾਕਿ ਰਹਾਏ ॥ ਸਚਾ ਨਾਮੁ ਮੰਨਿ ਵਸਾਏ ॥੪॥ ਬਿਸਮ ਬਿਨੋਦ ਰਹੇ ਪਰਮਾਦੀ ॥ ਗੁਰਮਤਿ ਮਾਨਿਆ ਏਕ ਲਿਵ ਲਾਗੀ ॥ ਦੇਖਿ ਨਿਵਾਰਿਆ ਜਲ ਮਹਿ ਆਗੀ ॥ ਸੋ ਬੂਝੈ ਹੋਵੈ ਵਡਭਾਗੀ ॥੫॥ ਸਤਿਗੁਰੁ ਸੇਵੇ ਭਰਮੁ ਚੁਕਾਏ ॥ ਅਨਦਿਨੁ ਜਾਗੈ ਸਚਿ ਲਿਵ ਲਾਏ ॥ ਏਕੋ ਜਾਣੈ ਅਵਰੁ ਨ ਕੋਇ ॥ ਸੁਖਦਾਤਾ ਸੇਵੇ ਨਿਰਮਲੁ ਹੋਇ ॥੬॥ ਸੇਵਾ ਸੁਰਤਿ ਸਬਦਿ ਵੀਚਾਰਿ ॥ ਜਪੁ ਤਪੁ ਸੰਜਮੁ ਹਉਮੈ ਮਾਰਿ ॥ ਜੀਵਨ ਮੁਕਤੁ ਜਾ ਸਬਦੁ ਸੁਣਾਏ ॥ ਸਚੀ ਰਹਤ ਸਚਾ ਸੁਖੁ ਪਾਏ ॥੭॥ ਸੁਖਦਾਤਾ ਦੁਖੁ ਮੇਟਣਹਾਰਾ ॥ ਅਵਰੁ ਨ ਸੂਝਸਿ ਬੀਜੀ ਕਾਰਾ ॥ ਤਨੁ ਮਨੁ ਧਨੁ ਹਰਿ ਆਗੈ ਰਾਖਿਆ ॥ ਨਾਨਕੁ ਕਹੈ ਮਹਾ ਰਸੁ ਚਾਖਿਆ ॥੮॥੨॥ {ਪੰਨਾ 1342-1343} ਪਦ ਅਰਥ: ਮੋਹਿ = ਮੋਹ ਨੇ। ਛਾਇਆ = ਪ੍ਰਭਾਵਿਤ ਕੀਤਾ ਹੋਇਆ ਹੈ। ਕਾਮਣਿ = ਇਸਤ੍ਰੀ। ਕਾਮਿ = ਕਾਮ-ਵਾਸਨਾ ਵਿਚ। ਸੁਤ = ਪੁੱਤਰ। ਕੰਚਨ = ਸੋਨਾ। ਹੇਤੁ = ਮੋਹ, ਪ੍ਰੇਮ।1। ਜਪਉ = ਮੈਂ ਜਪਦਾ ਹਾਂ। ਜਪਮਾਲੀ = ਮਾਲਾ ਵਾਂਗ (ਜਿਵੇਂ ਮਾਲਾ ਦੇ ਮਣਕੇ ਕਿਤੇ ਮੁੱਕਦੇ ਨਹੀਂ) ਇਕ-ਤਾਰ। ਪਰਹਰਿ = ਤਿਆਗ ਕੇ। ਨਿਰਾਲੀ = ਨਿਰੀ, ਕੇਵਲ।1। ਰਹਾਉ। ਗੁਣ ਨਿਧਾਨ = ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! ਆਵਾਗਉਣੁ = ਜਨਮ ਮਰਨ ਦਾ ਗੇੜ। ਸਚਿ = ਸਦਾ-ਥਿਰ ਪ੍ਰਭੂ ਵਿਚ।2। ਨਰਹਰਿ = ਪਰਮਾਤਮਾ। ਨਿਰਬਾਣੀ = ਵਾਸਨਾ-ਰਹਿਤ। ਸਰੋਵਰ = ਸਰੋਵਰਾਂ ਵਿਚ, ਸਰੀਰਾਂ ਵਿਚ। ਵਿਟਹੁ = ਤੋਂ।3। ਵਿਚਹੁ = ਆਪਣੇ ਅੰਦਰੋਂ। ਸਬਦਿ = ਸ਼ਬਦ ਦੀ ਰਾਹੀਂ। ਧਾਵਤੁ = (ਮਾਇਆ ਵੱਲ) ਦੌੜਦਾ ਮਨ। ਮੰਨਿ = ਮਨ ਵਿਚ।4। ਬਿਸਮ = ਅਸਚਰਜ। ਬਿਨੋਦ = ਚੋਜ਼ ਤਮਾਸ਼ੇ। ਰਹੇ = ਰਹਿ ਜਾਂਦੇ ਹਨ, ਮੁੱਕ ਜਾਂਦੇ ਹਨ। ਪਰਮਾਦੀ = ਪਰਮਾਦ ਪੈਦਾ ਕਰਨ ਵਾਲੇ, ਮਸਤੀ ਪੈਦਾ ਕਰਨ ਵਾਲੇ। ਦੇਖਿ = (ਪਰਮਾਤਮਾ ਨੂੰ) ਵੇਖ ਕੇ। ਜਲ ਮਹਿ = ਨਾਮ-ਜਲ ਵਿਚ ਚੁੱਭੀ ਲਾ ਕੇ। ਆਗੀ = ਅੱਗ, ਤ੍ਰਿਸਨਾ-ਅੱਗ।5। ਭਰਮੁ = ਭਟਕਣਾ। ਅਨਦਿਨੁ = ਹਰ ਰੋਜ਼, ਹਰ ਵੇਲੇ। ਜਾਗੈ = (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ। ਸਚਿ = ਸਦਾ-ਥਿਰ ਪ੍ਰਭੂ ਵਿਚ।6। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਮਾਰਿ = ਮਾਰ ਕੇ। ਜਾ = ਜਦੋਂ। ਸਚੀ = ਸਦਾ-ਥਿਰ।7। ਬੀਜੀ = ਦੂਜੀ, ਹੋਰ। ਨਾਨਕੁ ਕਹੈ– ਨਾਨਕ ਆਖਦਾ ਹੈ।8। ਅਰਥ: (ਜਿਵੇਂ ਮਾਲਾ ਦੇ ਮਣਕੇ ਮੁੱਕਦੇ ਨਹੀਂ, ਮਣਕਿਆਂ ਦਾ ਗੇੜ ਜਾਰੀ ਰਹਿੰਦਾ ਹੈ) ਮੈਂ ਇਕ-ਤਾਰ (ਸਦਾ) ਅਜੇਹੇ ਤਰੀਕੇ ਨਾਲ ਪਰਮਾਤਮਾ ਦੇ ਗੁਣਾਂ ਦਾ ਜਾਪ ਜਪਦਾ ਹਾਂ ਕਿ ਦੁੱਖਾਂ ਦੀ ਘਬਰਾਹਟ ਤੇ ਸੁਖਾਂ ਦੀ ਲਾਲਸਾ ਛੱਡ ਕੇ ਪ੍ਰਭੂ ਦੀ ਕੇਵਲ (ਪ੍ਰੇਮ-ਭਰੀ) ਭਗਤੀ ਹੀ ਕਰਦਾ ਹਾਂ।1। ਰਹਾਉ। (ਪ੍ਰਭੂ ਦੇ ਨਾਮ ਤੋਂ ਖੁੰਝੇ ਹੋਏ) ਸਾਰੇ ਜਗਤ ਨੂੰ ਮਾਇਆ ਦੇ ਮੋਹ ਨੇ ਪ੍ਰਭਾਵਿਤ ਕੀਤਾ ਹੋਇਆ ਹੈ (ਕਿਤੇ ਤਾਂ ਇਹ) ਇਸਤ੍ਰੀ ਨੂੰ ਵੇਖ ਕੇ ਕਾਮ-ਵਾਸਨਾ ਵਿਚ ਫਸਦਾ ਹੈ (ਕਿਤੇ ਇਹ ਜਗਤ) ਪੁੱਤਰਾਂ ਤੇ ਸੋਨੇ (ਆਦਿਕ ਧਨ) ਨਾਲ ਪਿਆਰ ਵਧਾ ਰਿਹਾ ਹੈ। (ਜਗਤ ਨੇ ਦਿੱਸਦੀ) ਹਰੇਕ ਚੀਜ਼ ਨੂੰ ਆਪਣੀ ਬਣਾਇਆ ਹੋਇਆ ਹੈ, ਸਿਰਫ਼ ਪਰਮਾਤਮਾ ਨੂੰ ਹੀ (ਇਹ) ਓਪਰਾ ਸਮਝਦਾ ਹੈ।1। ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! (ਤੇਰੀ ਕੁਦਰਤਿ ਦਾ) ਕਿਸੇ ਅੰਤ ਨਹੀਂ ਲੱਭਾ। ਜੇਹੜਾ ਮਨੁੱਖ ਤੇਰੀ ਸਦਾ-ਥਿਰ ਰਹਿਣ ਵਾਲੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ ਜੁੜਦਾ ਹੈ ਉਹੋ ਤੇਰੇ ਚਰਨਾਂ ਵਿਚ ਲੀਨ ਰਹਿੰਦਾ ਹੈ (ਉਹ ਤੈਨੂੰ "ਪਰਾਇਆ" ਨਹੀਂ ਜਾਣਦਾ) । ਹੇ ਪ੍ਰਭੂ! ਜਨਮ ਮਰਨ ਦਾ ਗੇੜ ਤੂੰ ਆਪ ਹੀ ਬਣਾਇਆ ਹੈ, ਜਿਨ੍ਹਾਂ ਨੇ ਤੇਰੇ ਸਦਾ-ਥਿਰ ਨਾਮ ਵਿਚ ਚਿੱਤ ਜੋੜਿਆ ਹੈ (ਉਹ ਇਸ ਗੇੜ ਵਿਚ ਨਹੀਂ ਪੈਂਦੇ, ਤੇ) ਉਹੀ (ਤੇਰੇ ਅਸਲ) ਭਗਤ ਹਨ।2। ਪਰਮਾਤਮਾ ਦੀ ਜੋਤਿ ਸਾਰੇ ਹੀ ਸਰੀਰਾਂ ਵਿਚ ਵਿਆਪਕ ਹੈ (ਫਿਰ ਭੀ) ਉਸ ਵਾਸਨਾ-ਰਹਿਤ ਪ੍ਰਭੂ ਨਾਲ ਡੂੰਘੀ ਸਾਂਝ ਤੇ ਉਸ ਦੇ ਚਰਨਾਂ ਵਿਚ ਜੁੜਨਾ ਸਤਿਗੁਰੂ ਨੂੰ ਮਿਲਣ ਤੋਂ ਬਿਨਾ ਕੋਈ ਮਨੁੱਖ ਨਹੀਂ ਸਮਝ ਸਕਦਾ। ਮੈਂ ਉਸ ਆਨੰਦ-ਸਰੂਪ ਪਰਮਾਤਮਾ ਤੋਂ ਸਦਕੇ (ਜਾਂਦਾ) ਹਾਂ।3। ਜੇਹੜਾ ਮਨੁੱਖ ਗੁਰੂ ਦੀ ਮਤਿ ਤੇ ਤੁਰ ਕੇ ਪਰਮਾਤਮਾ ਨਾਲ ਪਿਆਰ ਕਰਨਾ ਸਿੱਖਦਾ ਹੈ ਪਰਮਾਤਮਾ ਦੀ ਭਗਤੀ ਕਰਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੇ ਅੰਦਰੋਂ ਹਉਮੈ ਨੂੰ ਸਾੜ ਦੇਂਦਾ ਹੈ, ਉਹ (ਮਾਇਆ ਵੱਲ) ਦੌੜਦੇ ਮਨ ਨੂੰ ਬਚਾ ਲੈਂਦਾ ਹੈ (ਬਾਹਰ ਜਾਂਦੇ ਨੂੰ) ਰੋਕ ਕੇ (ਆਪਣੇ ਅੰਦਰ ਹੀ) ਟਿਕਾ ਲੈਂਦਾ ਹੈ, ਉਹ ਮਨੁੱਖ ਪਰਮਾਤਮਾ ਦਾ ਸਦਾ-ਥਿਰ ਨਾਮ ਆਪਣੇ ਮਨ ਵਿਚ ਵਸਾ ਲੈਂਦਾ ਹੈ।4। (ਉਸ ਮਨੁੱਖ ਦੇ ਅੰਦਰੋਂ) ਮੋਹ ਦੇ ਮਸਤੀ ਪੈਦਾ ਕਰਨ ਵਾਲੇ ਅਚਰਜ ਚੋਜ ਤਮਾਸ਼ੇ ਖ਼ਤਮ ਹੋ ਜਾਂਦੇ ਹਨ, ਉਸ ਦਾ ਮਨ ਗੁਰੂ ਦੀ ਸਿੱਖਿਆ ਵਿਚ ਪਤੀਜ ਜਾਂਦਾ ਹੈ, ਉਸ ਦੀ ਸੁਰਤਿ ਇਕ ਪ੍ਰਭੂ ਵਿਚ ਜੁੜੀ ਰਹਿੰਦੀ ਹੈ, ਪਰਮਾਤਮਾ ਦਾ ਦਰਸਨ ਕਰ ਕੇ ਪਰਮਾਤਮਾ ਦੇ ਨਾਮ-ਜਲ ਵਿਚ ਚੁੱਭੀ ਲਾ ਕੇ ਉਹ ਆਪਣੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝਾ ਲੈਂਦਾ ਹੈ। ਪਰ ਇਹ ਭੇਤ ਉਹੀ ਸਮਝਦਾ ਹੈ ਜੋ ਚੰਗੇ ਭਾਗਾਂ ਵਾਲਾ ਹੋਵੇ।5। ਜੇਹੜਾ ਮਨੁੱਖ ਸਤਿਗੁਰੂ ਦੀ ਸਰਨ ਪੈਂਦਾ ਹੈ ਉਹ ਆਪਣੇ ਮਨ ਦੀ ਭਟਕਣਾ ਦੂਰ ਕਰ ਲੈਂਦਾ ਹੈ, ਉਹ ਹਰ ਵੇਲੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਆਪਣੀ ਸੁਰਤਿ ਜੋੜੀ ਰੱਖਦਾ ਹੈ। ਉਹ ਮਨੁੱਖ ਸਿਰਫ਼ ਪਰਮਾਤਮਾ ਨੂੰ ਹੀ ਸੁਖਾਂ ਦਾ ਦਾਤਾ ਸਮਝਦਾ ਹੈ, ਕਿਸੇ ਹੋਰ ਨੂੰ ਨਹੀਂ। ਉਹ ਉਸ ਸੁਖਦਾਤੇ ਨੂੰ ਸਿਮਰਦਾ ਹੈ ਤੇ (ਸਿਮਰਨ ਦੀ ਬਰਕਤਿ ਨਾਲ) ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ।6। ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰ ਕੇ ਉਸ ਮਨੁੱਖ ਦੀ ਸੁਰਤਿ ਸੇਵਾ ਵਲ ਪਰਤਦੀ ਹੈ, ਆਪਣੇ ਅੰਦਰੋਂ ਹਉਮੈ ਮਾਰ ਕੇ ਉਹ, ਮਾਨੋ, ਜਪ ਤਪ ਤੇ ਸੰਜਮ ਕਮਾ ਲੈਂਦਾ ਹੈ। ਸਤਿਗੁਰੂ ਉਸ ਨੂੰ ਆਪਣਾ ਸ਼ਬਦ ਸੁਣਾਂਦਾ ਹੈ ਤੇ ਉਹ ਮਨੁੱਖ ਦੁਨੀਆ ਦੇ ਕਾਰ-ਵਿਹਾਰ ਕਰਦਾ ਹੋਇਆ ਹੀ (ਮਾਇਆ ਦੇ ਮੋਹ ਤੋਂ) ਸੁਤੰਤਰ ਹੋ ਜਾਂਦਾ ਹੈ, ਉਸ ਦੀ ਰਹਤ-ਬਹਤ ਐਸੀ ਹੋ ਜਾਂਦੀ ਹੈ ਕਿ (ਮਾਇਆ ਵੱਲ) ਉਹ ਡੋਲਦਾ ਨਹੀਂ ਤੇ (ਇਸ ਤਰ੍ਹਾਂ) ਉਹ ਸਦਾ ਕਾਇਮ ਰਹਿਣ ਵਾਲਾ ਆਤਮਕ ਆਨੰਦ ਮਾਣਦਾ ਹੈ।7। ਉਸ ਮਨੁੱਖ ਨੂੰ ਪਰਮਾਤਮਾ ਹੀ ਸੁਖਾਂ ਦੇ ਦੇਣ ਵਾਲਾ ਤੇ ਦੁੱਖਾਂ ਦਾ ਕੱਟਣ ਵਾਲਾ ਦਿੱਸਦਾ ਹੈ (ਇਸ ਵਾਸਤੇ ਪ੍ਰਭੂ ਦੇ ਸਿਮਰਨ ਤੋਂ ਬਿਨਾ) ਉਸ ਨੂੰ ਕੋਈ ਹੋਰ ਕਾਰ (ਲਾਭਦਾਇਕ) ਨਹੀਂ ਸੁੱਝਦੀ। ਉਹ ਮਨੁੱਖ ਆਪਣਾ ਸਰੀਰ ਆਪਣਾ ਮਨ ਤੇ ਆਪਣਾ ਧਨ-ਪਦਾਰਥ ਪਰਮਾਤਮਾ ਦੇ ਅੱਗੇ ਭੇਟ ਰੱਖਦਾ ਹੈ। ਨਾਨਕ ਆਖਦਾ ਹੈ ਕਿ ਉਹ ਮਨੁੱਖ (ਸਭ ਰਸਾਂ ਤੋਂ) ਸ੍ਰੇਸ਼ਟ ਨਾਮ-ਰਸ (ਸਦਾ) ਚੱਖਦਾ ਹੈ।8।2। |
Sri Guru Granth Darpan, by Professor Sahib Singh |