ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1343

ਪ੍ਰਭਾਤੀ ਮਹਲਾ ੧ ॥ ਨਿਵਲੀ ਕਰਮ ਭੁਅੰਗਮ ਭਾਠੀ ਰੇਚਕ ਪੂਰਕ ਕੁੰਭ ਕਰੈ ॥ ਬਿਨੁ ਸਤਿਗੁਰ ਕਿਛੁ ਸੋਝੀ ਨਾਹੀ ਭਰਮੇ ਭੂਲਾ ਬੂਡਿ ਮਰੈ ॥ ਅੰਧਾ ਭਰਿਆ ਭਰਿ ਭਰਿ ਧੋਵੈ ਅੰਤਰ ਕੀ ਮਲੁ ਕਦੇ ਨ ਲਹੈ ॥ ਨਾਮ ਬਿਨਾ ਫੋਕਟ ਸਭਿ ਕਰਮਾ ਜਿਉ ਬਾਜੀਗਰੁ ਭਰਮਿ ਭੁਲੈ ॥੧॥ ਖਟੁ ਕਰਮ ਨਾਮੁ ਨਿਰੰਜਨੁ ਸੋਈ ॥ ਤੂ ਗੁਣ ਸਾਗਰੁ ਅਵਗੁਣ ਮੋਹੀ ॥੧॥ ਰਹਾਉ ॥ ਮਾਇਆ ਧੰਧਾ ਧਾਵਣੀ ਦੁਰਮਤਿ ਕਾਰ ਬਿਕਾਰ ॥ ਮੂਰਖੁ ਆਪੁ ਗਣਾਇਦਾ ਬੂਝਿ ਨ ਸਕੈ ਕਾਰ ॥ ਮਨਸਾ ਮਾਇਆ ਮੋਹਣੀ ਮਨਮੁਖ ਬੋਲ ਖੁਆਰ ॥ ਮਜਨੁ ਝੂਠਾ ਚੰਡਾਲ ਕਾ ਫੋਕਟ ਚਾਰ ਸੀਂਗਾਰ ॥੨॥ ਝੂਠੀ ਮਨ ਕੀ ਮਤਿ ਹੈ ਕਰਣੀ ਬਾਦਿ ਬਿਬਾਦੁ ॥ ਝੂਠੇ ਵਿਚਿ ਅਹੰਕਰਣੁ ਹੈ ਖਸਮ ਨ ਪਾਵੈ ਸਾਦੁ ॥ ਬਿਨੁ ਨਾਵੈ ਹੋਰੁ ਕਮਾਵਣਾ ਫਿਕਾ ਆਵੈ ਸਾਦੁ ॥ ਦੁਸਟੀ ਸਭਾ ਵਿਗੁਚੀਐ ਬਿਖੁ ਵਾਤੀ ਜੀਵਣ ਬਾਦਿ ॥੩॥ ਏ ਭ੍ਰਮਿ ਭੂਲੇ ਮਰਹੁ ਨ ਕੋਈ ॥ ਸਤਿਗੁਰੁ ਸੇਵਿ ਸਦਾ ਸੁਖੁ ਹੋਈ ॥ ਬਿਨੁ ਸਤਿਗੁਰ ਮੁਕਤਿ ਕਿਨੈ ਨ ਪਾਈ ॥ ਆਵਹਿ ਜਾਂਹਿ ਮਰਹਿ ਮਰਿ ਜਾਈ ॥੪॥ ਏਹੁ ਸਰੀਰੁ ਹੈ ਤ੍ਰੈ ਗੁਣ ਧਾਤੁ ॥ ਇਸ ਨੋ ਵਿਆਪੈ ਸੋਗ ਸੰਤਾਪੁ ॥ ਸੋ ਸੇਵਹੁ ਜਿਸੁ ਮਾਈ ਨ ਬਾਪੁ ॥ ਵਿਚਹੁ ਚੂਕੈ ਤਿਸਨਾ ਅਰੁ ਆਪੁ ॥੫॥ ਜਹ ਜਹ ਦੇਖਾ ਤਹ ਤਹ ਸੋਈ ॥ ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ ॥ ਹਿਰਦੈ ਸਚੁ ਏਹ ਕਰਣੀ ਸਾਰੁ ॥ ਹੋਰੁ ਸਭੁ ਪਾਖੰਡੁ ਪੂਜ ਖੁਆਰੁ ॥੬॥ ਦੁਬਿਧਾ ਚੂਕੈ ਤਾਂ ਸਬਦੁ ਪਛਾਣੁ ॥ ਘਰਿ ਬਾਹਰਿ ਏਕੋ ਕਰਿ ਜਾਣੁ ॥ ਏਹਾ ਮਤਿ ਸਬਦੁ ਹੈ ਸਾਰੁ ॥ ਵਿਚਿ ਦੁਬਿਧਾ ਮਾਥੈ ਪਵੈ ਛਾਰੁ ॥੭॥ ਕਰਣੀ ਕੀਰਤਿ ਗੁਰਮਤਿ ਸਾਰੁ ॥ ਸੰਤ ਸਭਾ ਗੁਣ ਗਿਆਨੁ ਬੀਚਾਰੁ ॥ ਮਨੁ ਮਾਰੇ ਜੀਵਤ ਮਰਿ ਜਾਣੁ ॥ ਨਾਨਕ ਨਦਰੀ ਨਦਰਿ ਪਛਾਣੁ ॥੮॥੩॥ {ਪੰਨਾ 1343}

ਪਦ ਅਰਥ: ਨਿਵਲੀ ਕਰਮ = ਆਂਦਰਾਂ ਨੂੰ ਚੱਕਰ ਵਿਚ ਭਵਾਣਾ। ਭੁਅੰਗਮ = ਕੁੰਡਲਨੀ ਨਾੜੀ। ਭਾਠੀ = ਦਸਮ ਦੁਆਰ। ਰੇਚਕ = ਸੁਆਸ ਉਤਾਰਨੇ। ਪੂਰਕ = ਸੁਆਸ ਉਤਾਂਹ ਚਾੜ੍ਹਨੇ। ਕੁੰਭ = ਸੁਆਸ ਸੁਖਮਨਾ ਵਿਚ ਟਿਕਾਈ ਰੱਖਣੇ (ਇਹ ਤਿੰਨੇ ਪ੍ਰਾਣਾਯਾਮ ਦੇ ਸਾਧਨ ਹਨ) । ਮਰੈ = ਆਤਮਕ ਮੌਤ ਸਹੇੜ ਲੈਂਦਾ ਹੈ। ਫੋਕਟ = ਫੋਕੇ, ਵਿਅਰਥ। ਸਭਿ = ਸਾਰੇ।1।

ਖਟੁ ਕਰਮ = ਸ਼ਾਸਤ੍ਰਾਂ ਦੇ ਦੱਸੇ ਹੋਏ ਛੇ ਕਿਸਮਾਂ ਦੇ ਧਾਰਮਿਕ ਕੰਮ। ਮੋਹੀ = ਮੇਰੇ ਵਿਚ ਹੀ।1। ਰਹਾਉ।

ਧਾਵਣੀ = ਦੌੜ-ਭੱਜ, ਭਟਕਣਾ। ਬਿਕਾਰ = ਵਿਅਰਥ। ਆਪੁ = ਆਪਣੇ ਆਪ ਨੂੰ। ਗਣਾਇਦਾ = ਚੰਗਾ ਆਖਵਾਂਦਾ ਹੈ। ਮਨਸਾ = ਕਾਮਨਾ, ਖ਼ਾਹਸ਼। ਮਜਨੁ = ਇਸ਼ਨਾਨ। ਚਾਰ = ਸੁੰਦਰ।2।

ਬਾਦਿ = ਵਿਅਰਥ। ਬਿਬਾਦੁ = ਝਗੜਾ। ਅਹੰਕਰਣੁ = ਅਹੰਕਾਰ। ਸਾਦੁ = ਸੁਆਦ, ਆਨੰਦ। ਵਿਗੁਚੀਐ = ਖ਼ੁਆਰ ਹੋਈਦਾ ਹੈ। ਬਿਖੁ = ਜ਼ਹਿਰ। ਵਾਤੀ = ਮੂੰਹ ਵਿਚ।3।

ਏ = ਹੇ! ਭ੍ਰਮਿ = ਭਟਕਣਾ ਵਿਚ। ਮਰਿ ਜਾਈ = ਆਤਮਕ ਮੌਤੇ ਮਰ ਜਾਂਦਾ ਹੈ।4।

ਧਾਤੁ = ਮਾਇਆ। ਅਰੁ = ਅਤੇ। ਆਪੁ = ਆਪਾ-ਭਾਵ, ਅਹੰਕਾਰ।5।

ਦੇਖਾ = ਮੈਂ ਵੇਖਦਾ ਹਾਂ। ਸਾਰੁ = ਸ੍ਰੇਸ਼ਟ।6।

ਦੁਬਿਧਾ = ਪ੍ਰਭੂ ਤੋਂ ਬਿਨਾ ਹੋਰ ਆਸਰੇ ਦੀ ਝਾਕ। ਪਛਾਣੁ = ਪਛਾਣੂ, ਪਛਾਣਨ ਜੋਗਾ। ਜਾਣੁ = ਜਾਣੁ, ਜਾਣਨ-ਜੋਗਾ। ਮਾਥੈ = ਮੱਥੇ ਉਤੇ, ਸਿਰ ਵਿਚ। ਛਾਰੁ = ਸੁਆਹ।7।

ਕਰਣੀ = ਕਰਤੱਬ। ਕੀਰਤਿ = ਸਿਫ਼ਤਿ-ਸਾਲਾਹ। ਨਦਰੀ = ਮੇਹਰ ਦੀ ਨਿਗਾਹ ਕਰਨ ਵਾਲਾ ਪਰਮਾਤਮਾ।8।

ਅਰਥ: ਹੇ ਪ੍ਰਭੂ! ਸ਼ਾਸਤ੍ਰਾਂ ਦੇ ਦੱਸੇ ਹੋਏ ਛੇ ਧਾਰਮਿਕ ਕੰਮ (ਮੇਰੇ ਵਾਸਤੇ) ਤੇਰਾ ਨਾਮ ਹੀ ਹੈ, ਤੇਰਾ ਨਾਮ ਮਾਇਆ ਦੀ ਕਾਲਖ ਤੋਂ ਰਹਿਤ ਹੈ। ਹੇ ਪ੍ਰਭੂ! ਤੂੰ ਗੁਣਾਂ ਦਾ ਖ਼ਜ਼ਾਨਾ ਹੈਂ, ਪਰ (ਤੇਰੇ ਨਾਮ ਤੋਂ ਖੁੰਝ ਕੇ ਤੇ ਹੋਰ ਹੋਰ ਕਰਮ-ਕਾਂਡ ਵਿਚ ਪੈ ਕੇ) ਮੇਰੇ ਅੰਦਰ ਔਗੁਣ ਪੈਦਾ ਹੋ ਜਾਂਦੇ ਹਨ।1। ਰਹਾਉ।

(ਅਗਿਆਨੀ ਅੰਨ੍ਹਾ ਮਨੁੱਖ ਪ੍ਰਭੂ ਦਾ ਨਾਮ ਵਿਸਾਰ ਕੇ) ਨਿਵਲੀ ਕਰਮ ਕਰਦਾ ਹੈ, ਕੁੰਡਲਨੀ ਨਾੜੀ ਦੀ ਰਾਹੀਂ ਦਸਮ ਦੁਆਰ ਵਿਚ ਪ੍ਰਾਣ ਚਾੜ੍ਹਦਾ ਹੈ, ਸੁਆਸ ਉਤਾਰਦਾ ਹੈ, ਸੁਆਸ ਚਾੜ੍ਹਦਾ ਹੈ, ਸੁਆਸ (ਸੁਖਮਨਾ ਵਿਚ) ਟਿਕਾਂਦਾ ਹੈ। ਪਰ ਇਸ ਭਟਕਣਾ ਵਿਚ ਕੁਰਾਹੇ ਪੈ ਕੇ (ਇਹਨਾਂ ਕਰਮਾਂ ਦੇ ਗੇੜ ਵਿਚ) ਫਸ ਕੇ ਆਤਮਕ ਮੌਤ ਸਹੇੜ ਲੈਂਦਾ ਹੈ। ਸਤਿਗੁਰੂ ਦੀ ਸਰਨ ਪੈਣ ਤੋਂ ਬਿਨਾ ਸਹੀ ਜੀਵਨ ਦੀ ਇਸ ਨੂੰ ਸਮਝ ਨਹੀਂ ਪੈਂਦੀ। ਅੰਨ੍ਹਾ ਮਨੁੱਖ ਵਿਕਾਰਾਂ ਦੀ ਮੈਲ ਨਾਲ ਭਰਿਆ ਰਹਿੰਦਾ ਹੈ, ਮੁੜ ਮੁੜ ਕੁਰਾਹੇ ਪੈ ਕੇ ਹੋਰ ਵਿਕਾਰਾਂ ਦੀ ਮੈਲ ਨਾਲ ਲਿਬੜਦਾ ਹੈ (ਨਿਵਲੀ ਕਰਮ ਆਦਿ ਦੀ ਰਾਹੀਂ) ਇਹ ਮੈਲ ਧੋਣ ਦਾ ਜਤਨ ਕਰਦਾ ਹੈ, ਪਰ (ਇਸ ਤਰ੍ਹਾਂ) ਮਨ ਦੀ ਮੈਲ ਕਦੇ ਉਤਰਦੀ ਨਹੀਂ। (ਇਹ ਰੇਚਕ ਪੂਰਕ ਆਦਿਕ) ਸਾਰੇ ਹੀ ਕਰਮ ਪਰਮਾਤਮਾ ਦੇ ਨਾਮ ਤੋਂ ਬਿਨਾ ਵਿਅਰਥ ਹਨ। ਜਿਵੇਂ ਕਿਸੇ ਮਦਾਰੀ ਨੂੰ ਵੇਖ ਕੇ (ਅੰਞਾਣ ਮਨੁੱਖ) ਭੁਲੇਖੇ ਵਿਚ ਪੈ ਜਾਂਦਾ ਹੈ (ਕਿ ਜੋ ਜੋ ਕੁਝ ਮਦਾਰੀ ਵਿਖਾਂਦਾ ਹੈ ਸਚਮੁਚ ਉਸ ਦੇ ਪਾਸ ਮੌਜੂਦ ਹੈ, ਤਿਵੇਂ ਕਰਮ-ਕਾਂਡੀ ਮਨੁੱਖ ਇਹਨਾਂ ਨਾਟਕਾਂ ਚੇਟਕਾਂ ਵਿਚ ਭੁਲੇਖਾ ਖਾ ਜਾਂਦਾ ਹੈ) ।1।

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਮਨ ਦੀ ਦੌੜ-ਭੱਜ ਤਾਂ ਮਾਇਆ ਦੇ ਧੰਧਿਆਂ ਵਿਚ ਹੀ ਰਹਿੰਦੀ ਹੈ, ਭੈੜੀ ਮੱਤੇ ਲੱਗ ਕੇ (ਨਿਵਲੀ ਕਰਮ, ਰੇਚਕ ਪੂਰਕ ਆਦਿਕ) ਵਿਅਰਥ ਕੰਮ ਕਰਦਾ ਰਹਿੰਦਾ ਹੈ; ਮੂਰਖ ਸਹੀ ਰਸਤੇ ਦੀ ਕਾਰ ਤਾਂ ਸਮਝਦਾ ਨਹੀਂ, (ਇਹਨਾਂ ਨਿਵਲੀ ਕਰਮ ਆਦਿਕਾਂ ਦੇ ਕਾਰਨ) ਆਪਣੇ ਆਪ ਨੂੰ ਵੱਡਾ ਜ਼ਾਹਰ ਕਰਨ ਦਾ ਜਤਨ ਕਰਦਾ ਹੈ; ਉਸ ਮਨਮੁਖ ਦੀਆਂ ਖ਼ਾਹਸ਼ਾਂ ਮੋਹਣੀ ਮਾਇਆ ਵਿਚ ਹੀ ਰਹਿੰਦੀਆਂ ਹਨ (ਉਤੋਂ ਉਤੋਂ ਧਰਮ ਦੇ) ਬੋਲਾਂ ਦੀ ਰਾਹੀਂ (ਸਗੋਂ) ਖ਼ੁਆਰ ਹੁੰਦਾ ਹੈ। (ਅੰਤਰ ਆਤਮੇ ਉਸ ਦਾ ਜੀਵਨ ਚੰਡਾਲ ਵਰਗਾ ਹੈ) ਉਸ ਚੰਡਾਲ ਦਾ ਤੀਰਥ-ਇਸ਼ਨਾਨ ਭੀ ਨਿਰੀ ਠੱਗੀ ਹੁੰਦੀ ਹੈ, (ਨਿਵਲੀ ਕਰਮ ਆਦਿਕ ਵਾਲੇ ਉਸ ਦੇ ਸਾਰੇ) ਸੁੰਦਰ ਸਿੰਗਾਰ ਵਿਅਰਥ ਜਾਂਦੇ ਹਨ।

ਉਸ ਦਾ ਇਹ ਸਾਰਾ ਉੱਦਮ ਇਉਂ ਹੈ ਜਿਵੇਂ ਕਿਸੇ ਬ੍ਰਾਹਮਣ ਦੇ ਵਾਸਤੇ ਕਿਸੇ ਚੰਡਾਲ ਦਾ ਤੀਰਥ-ਇਸ਼ਨਾਨ ਨਿਰੀ ਠੱਗੀ ਹੈ ਤੇ ਉਸ ਦਾ ਸੁੰਦਰ ਸਿੰਗਾਰ ਭੀ ਫੋਕਾ ਹੈ।2।

ਮਨਮੁਖ ਦੇ ਮਨ ਦੀ ਮਤਿ ਝੂਠ ਵਾਲੇ ਪਾਸੇ ਲੈ ਜਾਂਦੀ ਹੈ, ਉਸ ਦਾ ਕਰਤੱਬ ਭੀ ਨਿਰਾ ਝਗੜੇ ਦਾ ਮੂਲ ਹੈ ਤੇ ਵਿਅਰਥ ਜਾਂਦਾ ਹੈ। ਉਸ ਝੂਠ ਵਿਹਾਝਣ ਵਾਲੇ ਦੇ ਅੰਦਰ ਹਉਮੈ ਅਹੰਕਾਰ ਟਿਕਿਆ ਰਹਿੰਦਾ ਹੈ ਉਸ ਨੂੰ ਖਸਮ-ਪ੍ਰਭੂ ਦੇ ਮਿਲਾਪ ਦਾ ਆਨੰਦ ਨਹੀਂ ਆ ਸਕਦਾ। ਪਰਮਾਤਮਾ ਦੇ ਨਾਮ ਨੂੰ ਛੱਡ ਕੇ (ਨਿਵਲੀ ਕਰਮ ਆਦਿਕ) ਜੋ ਕਰਮ ਭੀ ਕਰੀਦੇ ਹਨ ਉਹਨਾਂ ਦਾ ਸੁਆਦ ਫਿੱਕਾ ਹੁੰਦਾ ਹੈ (ਉਹ ਜੀਵਨ ਨੂੰ ਫਿੱਕਾ ਹੀ ਬਣਾਂਦੇ ਹਨ) ਅਜੇਹੀ ਭੈੜੀ ਸੰਗਤਿ ਵਿਚ (ਬੈਠਿਆਂ) ਖ਼ੁਆਰ ਹੋਈਦਾ ਹੈ ਕਿਉਂਕਿ ਅਜੇਹੇ ਬੰਦਿਆਂ ਦੇ ਮੂੰਹ ਵਿਚ (ਫਿੱਕੇ ਬੋਲ-ਰੂਪ) ਜ਼ਹਿਰ ਹੁੰਦਾ ਹੈ ਤੇ ਉਹਨਾਂ ਦਾ ਜੀਵਨ ਵਿਅਰਥ ਜਾਂਦਾ ਹੈ।3।

(ਨਿਉਲੀ ਕਰਮ ਆਦਿਕ ਦੀ) ਭਟਕਣਾ ਵਿਚ ਭੁੱਲੇ ਹੋਏ ਹੇ ਬੰਦਿਓ! (ਇਸ ਰਾਹੇ ਪੈ ਕੇ) ਆਤਮਕ ਮੌਤ ਨਾਹ ਸਹੇੜੋ। ਸਤਿਗੁਰੂ ਦੀ ਸਰਨ ਪਿਆਂ ਹੀ ਸਦਾ ਦਾ ਆਤਮਕ ਆਨੰਦ ਮਿਲਦਾ ਹੈ। ਗੁਰੂ ਦੀ ਸਰਨ ਤੋਂ ਬਿਨਾ ਕਦੇ ਕਿਸੇ ਨੂੰ (ਮਾਇਆ ਦੇ ਮੋਹ ਤੋਂ) ਖ਼ਲਾਸੀ ਨਹੀਂ ਮਿਲਦੀ। ਉਹ ਸਦਾ ਜੰਮਦੇ ਹਨ ਤੇ ਆਤਮਕ ਮੌਤ ਸਹੇੜਦੇ ਹਨ। (ਜੇਹੜਾ ਭੀ ਮਨੁੱਖ ਗੁਰੂ ਦੀ ਸਰਨ ਤੋਂ ਤੇ ਸਿਮਰਨ ਤੋਂ ਵਾਂਜਿਆ ਰਹਿੰਦਾ ਹੈ) ਉਹ ਆਤਮਕ ਮੌਤ ਸਹੇੜਦਾ ਹੈ।4।

ਇਹ ਸਰੀਰ ਹੈ ਹੀ ਤ੍ਰੈ-ਗੁਣੀ ਮਾਇਆ ਦਾ ਸਰੂਪ (ਭਾਵ, ਇੰਦ੍ਰੇ ਸੁਤੇ ਹੀ ਮਾਇਆ ਦੇ ਮੋਹ ਵਿਚ ਫਸ ਜਾਂਦੇ ਹਨ, ਜਿਸ ਦਾ ਸਿੱਟਾ ਇਹ ਨਿਕਲਦਾ ਹੈ ਕਿ) ਸਰੀਰ ਨੂੰ ਚਿੰਤਾ-ਫ਼ਿਕਰ ਤੇ ਦੁੱਖ-ਕਲੇਸ਼ ਦਬਾਈ ਰੱਖਦਾ ਹੈ। (ਹੇ ਭਾਈ!) ਉਸ ਪਰਮਾਤਮਾ ਦਾ ਸਿਮਰਨ ਕਰੋ, ਜਿਸ ਦਾ ਨਾਹ ਕੋਈ ਪਿਉ ਹੈ ਨਾਹ ਕੋਈ ਮਾਂ ਹੈ, (ਸਿਮਰਨ ਦੀ ਬਰਕਤਿ ਨਾਲ) ਅੰਦਰੋਂ ਮਾਇਆ ਦੀ ਤ੍ਰਿਸ਼ਨਾ ਹਉਮੈ ਅਹੰਕਾਰ ਮੁੱਕ ਜਾਂਦਾ ਹੈ।4।

(ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਿਆਂ ਹੁਣ) ਮੈਂ ਜਿਧਰ ਜਿਧਰ ਨਿਗਾਹ ਮਾਰਦਾ ਹਾਂ ਮੈਨੂੰ ਉਹੀ ਪਰਮਾਤਮਾ ਵੱਸਦਾ ਦਿੱਸਦਾ ਹੈ (ਤੇ ਮੈਨੂੰ ਮਾਇਆ ਕੁਰਾਹੇ ਨਹੀਂ ਪਾਂਦੀ) । ਪਰ ਗੁਰੂ ਦੀ ਸਰਨ ਤੋਂ ਬਿਨਾ ਮਾਇਆ ਦੇ ਬੰਧਨਾਂ ਤੋਂ ਆਜ਼ਾਦੀ ਨਹੀਂ ਮਿਲ ਸਕਦੀ। (ਹੇ ਭਾਈ!) ਸਦਾ-ਥਿਰ ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾਣਾ = ਇਹ ਕਰਤੱਬ ਸਭ ਤੋਂ ਸ੍ਰੇਸ਼ਟ ਹੈ (ਇਹ ਛੱਡ ਕੇ ਨਿਵਲੀ ਆਦਿਕ ਕਰਮ ਕਰਨਾ) ਇਹ ਸਭ ਕੁਝ ਪਖੰਡ ਹੈ (ਇਹਨਾਂ ਕਰਮਾਂ ਦੀ ਰਾਹੀਂ ਲੋਕਾਂ ਪਾਸੋਂ ਕਰਾਈ) ਪੂਜਾ-ਸੇਵਾ (ਆਖ਼ਰ) ਖ਼ੁਆਰ ਕਰਦੀ ਹੈ।6।

ਹੇ ਭਾਈ! ਗੁਰੂ ਦੇ ਸ਼ਬਦ ਨਾਲ ਸਾਂਝ ਬਣਾਓ, ਆਪਣੇ ਅੰਦਰ ਤੇ ਬਾਹਰ ਸਾਰੇ ਸੰਸਾਰ ਵਿਚ ਸਿਰਫ਼ ਇਕ ਪਰਮਾਤਮਾ ਨੂੰ ਵੱਸਦਾ ਸਮਝੋ। ਤਦੋਂ ਹੀ ਹੋਰ ਹੋਰ ਆਸਰੇ ਦੀ ਝਾਕ ਮੁੱਕੇਗੀ। ਇਹੀ ਚੰਗੀ ਅਕਲ ਹੈ। ਗੁਰੂ ਦਾ ਸ਼ਬਦ (ਹਿਰਦੇ ਵਿਚ ਵਸਾਣਾ ਹੀ) ਸ੍ਰੇਸ਼ਟ (ਉੱਦਮ) ਹੈ। ਜੇਹੜਾ ਮਨੁੱਖ ਗੁਰੂ ਦਾ ਸ਼ਬਦ ਵਿਸਾਰ ਕੇ ਪ੍ਰਭੂ ਦਾ ਨਾਮ ਭੁਲਾ ਕੇ ਹੋਰ ਆਸਰੇ ਦੀ ਝਾਕ ਵਿਚ ਪੈਂਦਾ ਹੈ, ਉਸ ਦੇ ਸਿਰ ਸੁਆਹ ਪੈਂਦੀ ਹੈ (ਉਹ ਖ਼ੁਆਰ ਹੁੰਦਾ ਹੈ) ।7।

(ਹੇ ਭਾਈ!) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਸ੍ਰੇਸ਼ਟ ਕਰਨੀ ਹੈ, ਗੁਰੂ ਦੀ ਸਿੱਖਿਆ ਤੇ ਤੁਰਨਾ ਸ੍ਰੇਸ਼ਟ ਉੱਦਮ ਹੈ। ਸਾਧ ਸੰਗਤਿ ਵਿਚ ਜਾ ਕੇ ਪਰਮਾਤਮਾ ਦੇ ਗੁਣਾਂ ਨਾਲ ਸਾਂਝ ਪਾਣੀ ਸਿੱਖ। ਇਹ ਗੱਲ ਪੱਕ ਸਮਝ ਕਿ ਜੇਹੜਾ ਮਨੁੱਖ ਆਪਣੇ ਮਨ ਨੂੰ ਮਾਰਦਾ ਹੈ ਉਹ ਦੁਨੀਆ ਦੇ ਕਾਰ-ਵਿਹਾਰ ਕਰਦਾ ਹੋਇਆ ਹੀ (ਵਿਕਾਰਾਂ ਦੀ ਚੋਟ ਤੋਂ ਬਚਿਆ ਰਹਿੰਦਾ ਹੈ) ਮਾਇਆ ਦੇ ਮੋਹ ਵਲੋਂ ਮਰਿਆ ਰਹਿੰਦਾ ਹੈ। ਹੇ ਨਾਨਕ! ਉਹ ਮਨੁੱਖ ਮੇਹਰ ਦੀ ਨਿਗਾਹ ਕਰਨ ਵਾਲੇ ਪਰਮਾਤਮਾ ਦੀ ਨਜ਼ਰ ਵਿਚ ਪਛਾਣੂ ਹੋ ਜਾਂਦਾ ਹੈ (ਜਚ ਜਾਂਦਾ ਹੈ) ।8।3।

TOP OF PAGE

Sri Guru Granth Darpan, by Professor Sahib Singh