ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1344

ਪ੍ਰਭਾਤੀ ਮਹਲਾ ੧ ਦਖਣੀ ॥ ਗੋਤਮੁ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰੁ ਲੁਭਾਇਆ ॥ ਸਹਸ ਸਰੀਰ ਚਿਹਨ ਭਗ ਹੂਏ ਤਾ ਮਨਿ ਪਛੋਤਾਇਆ ॥੧॥ ਕੋਈ ਜਾਣਿ ਨ ਭੂਲੈ ਭਾਈ ॥ ਸੋ ਭੂਲੈ ਜਿਸੁ ਆਪਿ ਭੁਲਾਏ ਬੂਝੈ ਜਿਸੈ ਬੁਝਾਈ ॥੧॥ ਰਹਾਉ ॥ ਤਿਨਿ ਹਰੀ ਚੰਦਿ ਪ੍ਰਿਥਮੀ ਪਤਿ ਰਾਜੈ ਕਾਗਦਿ ਕੀਮ ਨ ਪਾਈ ॥ ਅਉਗਣੁ ਜਾਣੈ ਤ ਪੁੰਨ ਕਰੇ ਕਿਉ ਕਿਉ ਨੇਖਾਸਿ ਬਿਕਾਈ ॥੨॥ ਕਰਉ ਅਢਾਈ ਧਰਤੀ ਮਾਂਗੀ ਬਾਵਨ ਰੂਪਿ ਬਹਾਨੈ ॥ ਕਿਉ ਪਇਆਲਿ ਜਾਇ ਕਿਉ ਛਲੀਐ ਜੇ ਬਲਿ ਰੂਪੁ ਪਛਾਨੈ ॥੩॥ ਰਾਜਾ ਜਨਮੇਜਾ ਦੇ ਮਤੀ ਬਰਜਿ ਬਿਆਸਿ ਪੜ੍ਹ੍ਹਾਇਆ ॥ ਤਿਨ੍ਹ੍ਹਿ ਕਰਿ ਜਗ ਅਠਾਰਹ ਘਾਏ ਕਿਰਤੁ ਨ ਚਲੈ ਚਲਾਇਆ ॥੪॥ ਗਣਤ ਨ ਗਣੀ ਹੁਕਮੁ ਪਛਾਣਾ ਬੋਲੀ ਭਾਇ ਸੁਭਾਈ ॥ ਜੋ ਕਿਛੁ ਵਰਤੈ ਤੁਧੈ ਸਲਾਹੀ ਸਭ ਤੇਰੀ ਵਡਿਆਈ ॥੫॥ ਗੁਰਮੁਖਿ ਅਲਿਪਤੁ ਲੇਪੁ ਕਦੇ ਨ ਲਾਗੈ ਸਦਾ ਰਹੈ ਸਰਣਾਈ ॥ ਮਨਮੁਖੁ ਮੁਗਧੁ ਆਗੈ ਚੇਤੈ ਨਾਹੀ ਦੁਖਿ ਲਾਗੈ ਪਛੁਤਾਈ ॥੬॥ ਆਪੇ ਕਰੇ ਕਰਾਏ ਕਰਤਾ ਜਿਨਿ ਏਹ ਰਚਨਾ ਰਚੀਐ ॥ ਹਰਿ ਅਭਿਮਾਨੁ ਨ ਜਾਈ ਜੀਅਹੁ ਅਭਿਮਾਨੇ ਪੈ ਪਚੀਐ ॥੭॥ ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ ਭੁਲੈ ॥ ਨਾਨਕ ਸਚਿ ਨਾਮਿ ਨਿਸਤਾਰਾ ਕੋ ਗੁਰ ਪਰਸਾਦਿ ਅਘੁਲੈ ॥੮॥੪॥ {ਪੰਨਾ 1344}

ਪਦ ਅਰਥ: ਲੁਭਾਇਆ = ਮਸਤ ਹੋ ਗਿਆ। ਸਹਸ = ਹਜ਼ਾਰ। ਚਿਹਨ– ਨਿਸ਼ਾਨ। ਮਨਿ = ਮਨ ਵਿਚ।1।

ਜਾਣਿ = ਜਾਣ ਬੁੱਝ ਕੇ, ਸਮਝ ਸੋਚ ਕੇ। ਭੂਲੈ = ਕੁਰਾਹੇ ਪੈਂਦਾ। ਭਾਈ = ਹੇ ਭਾਈ!।1। ਰਹਾਉ।

ਤਿਨਿ ਹਰੀ ਚੰਦਿ ਰਾਜੈ = ਉਸ ਰਾਜੇ ਹਰੀਚੰਦ ਨੇ। ਕਾਗਦਿ = ਕਾਗਜ਼ ਉਤੇ। ਕੀਮ = ਕੀਮਤ! ਨੇਖਾਸਿ = ਨਿਖ਼ਾਸ ਵਿਚ, ਮੰਡੀ ਵਿਚ।2।

ਕਰਉ ਅਢਾਈ = ਢਾਈ ਕਰਮ (ਲੰਮੀ) । ਬਾਵਨ ਰੂਪਿ = ਵਉਣੇ ਰੂਪ ਵਿਚ। ਬਹਾਨੈ = ਬਹਾਨੇ ਨਾਲ। ਪਇਆਲਿ = ਪਤਾਲ ਵਿਚ। ਛਲੀਐ = ਠਗਿਆ ਜਾਂਦਾ। ਰੂਪੁ = ਵਉਣੇ ਰੂਪ ਨੂੰ।3।

ਦੇ = ਦੇ ਕੇ। ਮਤੀ = ਮੱਤਾਂ। ਬਰਜਿ = ਵਰਜ ਕੇ, ਰੋਕ ਕੇ। ਬਿਆਸਿ = ਬਿਆਸ ਨੇ। ਤਿਨਿ = ਉਸ (ਰਾਜੇ ਜਨਮੇਜਾ) ਨੇ। ਘਾਏ = ਮਾਰ ਦਿੱਤੇ। ਕਿਰਤੁ = ਕੀਤੇ ਕਰਮਾਂ ਦੇ ਸੰਸਕਾਰਾਂ ਦਾ ਸਮੂਹ।4।

ਨ ਗਣੀ = ਮੈਂ ਨਹੀਂ ਗਿਣਦਾ। ਬੋਲੀ = ਮੈਂ ਬੋਲਦਾ ਹਾਂ। ਭਾਇ = ਪ੍ਰੇਮ ਵਿਚ। ਤੁਥੈ = ਤੈਨੂੰ ਹੀ, ਹੇ ਪ੍ਰਭੂ! ਸਾਲਾਹੀ = ਮੈਂ ਸਲਾਹੁੰਦਾ ਹਾਂ।5।

ਅਲਿਪਤੁ = ਨਿਰਲੇਪ। ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਆਗੈ = ਪਹਿਲਾਂ, ਵੇਲੇ ਸਿਰ। ਦੁਖਿ ਲਾਗੈ = ਦੁੱਖ ਲੱਗਿਆਂ, ਜਦੋਂ ਦੁਖ ਵਿਚ ਫਸਦਾ ਹੈ।3।

ਜਿਨਿ = ਜਿਸ (ਕਰਤਾਰ) ਨੇ। ਹਰਿ = ਹੇ ਹਰੀ! ਜੀਅਹੁ = ਦਿਲ ਵਿਚੋਂ। ਪੈ = ਪੈ ਕੇ।7।

ਸਭੁ ਕੋਈ = ਹਰੇਕ ਜੀਵ। ਨਿਸਤਾਰਾ = ਵਿਕਾਰਾਂ ਤੋਂ ਖ਼ਲਾਸੀ। ਪਰਸਾਦਿ = ਕਿਰਪਾ ਨਾਲ। ਅਘੁਲੈ = ਖ਼ਲਾਸੀ ਪ੍ਰਾਪਤ ਕਰਦਾ ਹੈ।8।

ਅਰਥ: ਹੇ ਭਾਈ! ਕੋਈ ਭੀ ਜੀਵ ਜਾਣ ਬੁੱਝ ਕੇ ਕੁਰਾਹੇ ਨਹੀਂ ਪੈਂਦਾ (ਜੀਵ ਦੇ ਵੱਸ ਦੀ ਗੱਲ ਨਹੀਂ) । ਉਹੀ ਮਨੁੱਖ ਕੁਰਾਹੇ ਪੈਂਦਾ ਹੈ ਜਿਸ ਨੂੰ ਪਰਮਾਤਮਾ ਆਪ ਕੁਰਾਹੇ ਪਾਂਦਾ ਹੈ। ਉਹੀ ਮਨੁੱਖ (ਸਹੀ ਜੀਵਨ-ਰਾਹ) ਸਮਝਦਾ ਹੈ, ਜਿਸ ਨੂੰ ਪਰਮਾਤਮਾ ਆਪ ਸਮਝ ਬਖ਼ਸ਼ਦਾ ਹੈ।1। ਰਹਾਉ।

ਗੋਤਮ (ਇਕ ਪ੍ਰਸਿੱਧ) ਤਪੀ (ਸੀ) , ਅਹਿੱਲਿਆ (ਉਸ ਦੀ) ਇਸਤ੍ਰੀ (ਸੀ) , ਉਸ ਦਾ ਰੂਪ ਵੇਖ ਕੇ (ਦੇਵਤਿਆਂ ਦਾ ਰਾਜਾ ਅਖਵਾਂਦਾ) ਇੰਦ੍ਰ ਮਸਤ ਹੋ ਗਿਆ। (ਗੋਤਮ ਦੇ ਸਰਾਪ ਨਾਲ) (ਉਸ ਦੇ ਇੰਦਰ ਦੇ) ਸਰੀਰ ਉਤੇ ਹਜ਼ਾਰ ਭਗਾਂ ਦੇ ਨਿਸ਼ਾਨ ਬਣ ਗਏ, ਤਦੋਂ ਇੰਦ੍ਰ ਆਪਣੇ ਮਨ ਵਿਚ (ਉਸ ਕੁਕਰਮ ਤੇ) ਪਛੁਤਾਇਆ।1।

ਧਰਤੀ ਦੇ ਰਾਜੇ ਉਸ ਰਾਜਾ ਹਰੀ ਚੰਦ ਨੇ (ਇਤਨੇ ਦਾਨ-ਪੁੰਨ ਕੀਤੇ ਕਿ ਉਹਨਾਂ ਦਾ) ਮੁੱਲ ਕਾਗਜ਼ ਉਤੇ ਨਹੀਂ ਪੈ ਸਕਦਾ। ਜੇ (ਰਾਜਾ ਹਰੀ ਚੰਦ ਉਹਨਾਂ ਦਾਨ-ਪੁੰਨਾਂ ਨੂੰ) ਮਾੜਾ ਕੰਮ ਸਮਝਦਾ ਤਾਂ ਦਾਨ ਪੁੰਨ ਕਰਦਾ ਹੀ ਕਿਉਂ? (ਨਾਹ ਉਹ ਦਾਨ-ਪੁੰਨ ਕਰਦਾ) ਤੇ ਨਾਹ ਹੀ ਮੰਡੀ ਵਿਚ ਵਿਕਦਾ।2।

(ਵਿਸ਼ਨੂੰ ਨੇ) ਵਉਣੇ ਰੂਪ ਵਿਚ (ਆ ਕੇ) ਬਹਾਨੇ ਨਾਲ ਰਾਜਾ ਬਲਿ ਪਾਸੋਂ ਢਾਈ ਕਰਮ ਧਰਤੀ (ਦਾ ਦਾਨ ਆਪਣੀ ਕੁਟੀਆ ਬਣਾਣ ਲਈ) ਮੰਗਿਆ। ਜੇ ਬਲਿ ਰਾਜਾ ਵਉਣੇ ਰੂਪ ਨੂੰ ਪਛਾਣ ਲੈਂਦਾ, ਤਾਂ ਨਾਹ ਹੀ ਠੱਗਿਆ ਜਾਂਦਾ ਤੇ ਨਾਹ ਹੀ ਪਾਤਾਲ ਵਿਚ ਜਾਂਦਾ।3।

ਬਿਆਸ ਰਿਸ਼ੀ ਨੇ ਮੱਤਾਂ ਦੇ ਕੇ ਰਾਜਾ ਜਨਮੇਜੈ ਨੂੰ ਸਮਝਾਇਆ ਤੇ ਵਰਜਿਆ (ਕਿ ਉਸ ਅਪੱਛਰਾਂ ਨੂੰ ਆਪਣੇ ਘਰ ਵਿਚ ਨਾਹ ਲਿਆਈਂ। ਪਰ ਪਰਮਾਤਮਾ ਨੇ ਉਸ ਦੀ ਮਤਿ ਮਾਰੀ ਹੋਈ ਸੀ। ਉਹ ਰਿਸ਼ੀ ਦੇ ਆਖੇ ਨਾਹ ਲੱਗਾ। ਅਪੱਛਰਾਂ ਨੂੰ ਲੈ ਕੇ ਆਇਆ। ਫਿਰ) ਉਸ ਨੇ ਅਠਾਰਾਂ ਜੱਗ ਕਰ ਕੇ ਅਠਾਰਾਂ ਬ੍ਰਾਹਮਣ ਮਾਰ ਦਿੱਤੇ (ਕਿਉਂਕਿ ਉਹ ਅੱਤ ਬਰੀਕ ਕਪੜਿਆਂ ਵਿਚ ਆਈ ਅੱਧ-ਨਗਨ ਅਪੱਛਰਾ ਵੇਖ ਕੇ ਹੱਸ ਪਏ ਸਨ) । ਕੀਤੇ ਕਰਮਾਂ ਦੇ ਫਲ ਨੂੰ ਕੋਈ ਮਿਟਾ ਨਹੀਂ ਸਕਦਾ।4।

ਹੇ ਪ੍ਰਭੂ! ਮੈਂ ਹੋਰ ਕੋਈ ਸੋਚਾਂ ਨਹੀਂ ਸੋਚਦਾ, ਮੈਂ ਤਾਂ ਤੇਰੀ ਰਜ਼ਾ ਨੂੰ ਸਮਝਣ ਦਾ ਜਤਨ ਕਰਦਾ ਹਾਂ, ਤੇ ਤੇਰੇ ਪ੍ਰੇਮ ਵਿਚ (ਮਗਨ ਹੋ ਕੇ) ਤੇਰੇ ਗੁਣ ਉਚਾਰਦਾ ਹਾਂ। ਮੈਂ ਤਾਂ ਤੇਰੀ ਹੀ ਸਿਫ਼ਤਿ-ਸਾਲਾਹ ਕਰਦਾ ਹਾਂ। ਜੋ ਕੁਝ ਜਗਤ ਵਿਚ ਹੋ ਰਿਹਾ ਹੈ ਤੇਰੀ ਤਾਕਤ ਦਾ ਜ਼ਹੂਰ ਹੋ ਰਿਹਾ ਹੈ।5।

ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਜਗਤ ਵਿਚ ਨਿਰਲੇਪ ਰਹਿੰਦਾ ਹੈ, ਉਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ, ਉਹ ਸਦਾ ਪਰਮਾਤਮਾ ਦੀ ਓਟ ਫੜਦਾ ਹੈ। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ (ਜ਼ਿੰਦਗੀ ਵਿਚ) ਵੇਲੇ ਸਿਰ ਪਰਮਾਤਮਾ ਨੂੰ ਯਾਦ ਨਹੀਂ ਕਰਦਾ, ਜਦੋਂ (ਆਪਣੀ ਇਸ ਮੂਰਖਤਾ ਦੇ ਕਾਰਨ) ਦੁੱਖ ਵਿਚ ਫਸਦਾ ਹੈ ਤਾਂ ਹੱਥ ਮਲਦਾ ਹੈ।6।

ਜਿਸ ਪਰਮਾਤਮਾ ਨੇ ਇਹ ਜਗਤ-ਰਚਨਾ ਰਚੀ ਹੈ ਉਹ ਆਪ ਹੀ ਸਭ ਕੁਝ ਕਰਦਾ ਹੈ ਉਹ ਆਪ ਹੀ ਜੀਵਾਂ ਪਾਸੋਂ ਸਭ ਕੁਝ ਕਰਾਂਦਾ ਹੈ।

ਹੇ ਪ੍ਰਭੂ! (ਅਸੀਂ ਜੀਵ ਮੂਰਖ ਹਾਂ, ਅਸੀਂ ਇਹ ਮਾਣ ਕਰਦੇ ਹਾਂ ਕਿ ਅਸੀਂ ਹੀ ਸਭ ਕੁਝ ਕਰਦੇ ਹਾਂ ਤੇ ਕਰ ਸਕਦੇ ਹਾਂ) ਸਾਡੇ ਦਿਲਾਂ ਵਿਚੋਂ ਅਹੰਕਾਰ ਦੂਰ ਨਹੀਂ ਹੁੰਦਾ। ਅਹੰਕਾਰ ਵਿਚ ਪੈ ਕੇ ਖ਼ੁਆਰ ਹੁੰਦੇ ਹਾਂ।7।

ਕਰਤਾਰ ਆਪ ਕਦੇ ਗ਼ਲਤੀ ਨਹੀਂ ਖਾਂਦਾ ਪਰ ਹਰੇਕ ਜੀਵ ਜੋ ਉਸ ਨੇ ਪੈਦਾ ਕੀਤਾ ਹੈ ਭੁੱਲਾਂ ਵਿਚ ਫਸਦਾ ਰਹਿੰਦਾ ਹੈ।

ਹੇ ਨਾਨਕ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਇਹਨਾਂ ਭੁੱਲਾਂ ਤੋਂ ਬਚ ਸਕੀਦਾ ਹੈ। ਗੁਰੂ ਦੀ ਕਿਰਪਾ ਨਾਲ ਹੀ ਕੋਈ ਵਿਰਲਾ ਜੀਵ ਕੁਰਾਹੇ ਪੈਣ ਤੋਂ ਬਚਦਾ ਹੈ।8।4।

ਪ੍ਰਭਾਤੀ ਮਹਲਾ ੧ ॥ ਆਖਣਾ ਸੁਨਣਾ ਨਾਮੁ ਅਧਾਰੁ ॥ ਧੰਧਾ ਛੁਟਕਿ ਗਇਆ ਵੇਕਾਰੁ ॥ ਜਿਉ ਮਨਮੁਖਿ ਦੂਜੈ ਪਤਿ ਖੋਈ ॥ ਬਿਨੁ ਨਾਵੈ ਮੈ ਅਵਰੁ ਨ ਕੋਈ ॥੧॥ ਸੁਣਿ ਮਨ ਅੰਧੇ ਮੂਰਖ ਗਵਾਰ ॥ ਆਵਤ ਜਾਤ ਲਾਜ ਨਹੀ ਲਾਗੈ ਬਿਨੁ ਗੁਰ ਬੂਡੈ ਬਾਰੋ ਬਾਰ ॥੧॥ ਰਹਾਉ ॥ ਇਸੁ ਮਨ ਮਾਇਆ ਮੋਹਿ ਬਿਨਾਸੁ ॥ ਧੁਰਿ ਹੁਕਮੁ ਲਿਖਿਆ ਤਾਂ ਕਹੀਐ ਕਾਸੁ ॥ ਗੁਰਮੁਖਿ ਵਿਰਲਾ ਚੀਨ੍ਹ੍ਹੈ ਕੋਈ ॥ ਨਾਮ ਬਿਹੂਨਾ ਮੁਕਤਿ ਨ ਹੋਈ ॥੨॥ ਭ੍ਰਮਿ ਭ੍ਰਮਿ ਡੋਲੈ ਲਖ ਚਉਰਾਸੀ ॥ ਬਿਨੁ ਗੁਰ ਬੂਝੇ ਜਮ ਕੀ ਫਾਸੀ ॥ ਇਹੁ ਮਨੂਆ ਖਿਨੁ ਖਿਨੁ ਊਭਿ ਪਇਆਲਿ ॥ ਗੁਰਮੁਖਿ ਛੂਟੈ ਨਾਮੁ ਸਮ੍ਹ੍ਹਾਲਿ ॥੩॥ ਆਪੇ ਸਦੇ ਢਿਲ ਨ ਹੋਇ ॥ ਸਬਦਿ ਮਰੈ ਸਹਿਲਾ ਜੀਵੈ ਸੋਇ ॥ ਬਿਨੁ ਗੁਰ ਸੋਝੀ ਕਿਸੈ ਨ ਹੋਇ ॥ ਆਪੇ ਕਰੈ ਕਰਾਵੈ ਸੋਇ ॥੪॥ ਝਗੜੁ ਚੁਕਾਵੈ ਹਰਿ ਗੁਣ ਗਾਵੈ ॥ ਪੂਰਾ ਸਤਿਗੁਰੁ ਸਹਜਿ ਸਮਾਵੈ ॥ ਇਹੁ ਮਨੁ ਡੋਲਤ ਤਉ ਠਹਰਾਵੈ ॥ ਸਚੁ ਕਰਣੀ ਕਰਿ ਕਾਰ ਕਮਾਵੈ ॥੫॥ ਅੰਤਰਿ ਜੂਠਾ ਕਿਉ ਸੁਚਿ ਹੋਇ ॥ ਸਬਦੀ ਧੋਵੈ ਵਿਰਲਾ ਕੋਇ ॥ ਗੁਰਮੁਖਿ ਕੋਈ ਸਚੁ ਕਮਾਵੈ ॥ ਆਵਣੁ ਜਾਣਾ ਠਾਕਿ ਰਹਾਵੈ ॥੬॥ ਭਉ ਖਾਣਾ ਪੀਣਾ ਸੁਖੁ ਸਾਰੁ ॥ ਹਰਿ ਜਨ ਸੰਗਤਿ ਪਾਵੈ ਪਾਰੁ ॥ ਸਚੁ ਬੋਲੈ ਬੋਲਾਵੈ ਪਿਆਰੁ ॥ ਗੁਰ ਕਾ ਸਬਦੁ ਕਰਣੀ ਹੈ ਸਾਰੁ ॥੭॥ ਹਰਿ ਜਸੁ ਕਰਮੁ ਧਰਮੁ ਪਤਿ ਪੂਜਾ ॥ ਕਾਮ ਕ੍ਰੋਧ ਅਗਨੀ ਮਹਿ ਭੂੰਜਾ ॥ ਹਰਿ ਰਸੁ ਚਾਖਿਆ ਤਉ ਮਨੁ ਭੀਜਾ ॥ ਪ੍ਰਣਵਤਿ ਨਾਨਕੁ ਅਵਰੁ ਨ ਦੂਜਾ ॥੮॥੫॥ {ਪੰਨਾ 1344-1345}

ਪਦ ਅਰਥ: ਅਧਾਰੁ = ਆਸਰਾ। ਵੇਕਾਰੁ = ਵਿਅਰਥ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਦੂਜੈ = ਪ੍ਰਭੂ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ ਵਿਚ। ਪਤਿ = ਇੱਜ਼ਤ।1।

ਮਨ ਗਵਾਰ = ਹੇ ਅਮੋੜ ਮਨ! ਲਾਜ ਨਹੀ ਲਾਗੈ = ਸ਼ਰਮ ਨਹੀਂ ਆਉਂਦੀ। ਬਾਰੋ ਬਾਰੋ = ਮੁੜ ਮੁੜ।1। ਰਹਾਉ।

ਮੋਹਿ = ਮੋਹ ਵਿਚ। ਬਿਨਾਸੁ = ਆਤਮਕ ਮੌਤ। ਕਾਸੁ = ਕਿਸ ਨੂੰ? ਚੀਨ੍ਹ੍ਹੈ– ਪਛਾਣਦਾ ਹੈ।2।

ਭ੍ਰਮਿ = ਭਟਕ ਕੇ। ਊਭਿ = ਉੱਚਾ, ਆਕਾਸ਼ ਵਿਚ। ਪਇਆਲ = ਪਤਾਲ ਵਿਚ।3।

ਸਹਿਲਾ = ਸੌਖਾ।4।

ਸਹਿਜ = ਆਤਮਕ ਅਡੋਲਤਾ ਵਿਚ। ਸਚੁ = ਸਦਾ-ਥਿਰ ਪਰਮਾਤਮਾ ਦੇ ਨਾਮ ਦਾ ਸਿਮਰਨ।5।

ਸੁਚਿ = ਪਵਿਤ੍ਰਤਾ। ਕੋਇ = ਕੋਇ ਵਿਰਲਾ। ਠਾਕਿ = ਰੋਕ ਕੇ।6।

ਭਉ = ਡਰ-ਅਦਬ। ਸਾਰੁ = ਸ੍ਰੇਸ਼ਟ। ਪਾਰੁ = ਪਾਰਲਾ ਬੰਨਾ।7।

ਜਸੁ = ਸਿਫ਼ਤਿ-ਸਾਲਾਹ। ਭੂੰਜਾ = ਭੁੰਨਿਆ ਹੈ, ਸਾੜ ਦਿੱਤਾ ਹੈ।8।

ਅਰਥ: ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨ! ਹੇ ਮੂਰਖ ਮਨ! ਹੇ ਅਮੋੜ ਮਨ! ਸੁਣ (ਜੇਹੜਾ ਬੰਦਾ ਮਾਇਆ ਦੇ ਮੋਹ ਵਿਚ ਅੰਨ੍ਹਾ ਹੋ ਜਾਂਦਾ ਹੈ, ਤੇ ਮੁੜ ਮੁੜ ਮਾਇਆ ਦੇ ਮੋਹ ਵਿਚ ਫਸਣੋਂ ਮੁੜਦਾ ਨਹੀਂ, ਉਸ ਨੂੰ ਨਿਰੀ) ਮਾਇਆ ਦੀ ਖ਼ਾਤਰ ਦੌੜ-ਭੱਜ ਕਰਨ ਵਿਚ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ। ਗੁਰੂ ਦੀ ਸਰਨ ਤੋਂ ਵਾਂਜਿਆਂ ਰਹਿ ਕੇ ਉਹ ਮੁੜ ਮੁੜ ਮਾਇਆ ਦੇ ਮੋਹ ਵਿਚ ਹੀ ਡੁੱਬਦਾ ਹੈ (ਹੇ ਮਨ! ਚੇਤਾ ਰੱਖ ਤੂੰ ਭੀ ਐਸਾ ਹੀ ਨਿਲੱਜ ਹੋ ਜਾਵੇਂਗਾ) ।1। ਰਹਾਉ।

ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸੁਣਨ ਸੁਣਾਨ ਨੂੰ ਆਪਣੇ ਆਤਮਕ ਜੀਵਨ ਦਾ ਸਹਾਰਾ ਬਣਾ ਲਿਆ ਹੈ, ਉਸ ਦੀ ਮਾਇਆ ਦੀ ਖ਼ਾਤਰ ਹਰ ਵੇਲੇ ਦੀ ਵਿਅਰਥ ਦੌੜ-ਭੱਜ ਮੁੱਕ ਜਾਂਦੀ ਹੈ। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਪਰਮਾਤਮਾ ਤੋਂ ਬਿਨਾ ਹੋਰ ਹੋਰ ਆਸਰੇ ਦੀ ਝਾਕ ਵਿਚ (ਦੌੜ-ਭੱਜ ਕਰਦਾ) ਹੈ ਤੇ ਇੱਜ਼ਤ ਗਵਾ ਲੈਂਦਾ ਹੈ। (ਹੇ ਮੇਰੇ ਮਨ!) ਮੈਨੂੰ ਤਾਂ ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਹੋਰ ਆਸਰਾ ਨਹੀਂ ਸੁੱਝਦਾ।1।

(ਹੇ ਭਾਈ!) ਮਾਇਆ ਦੇ ਮੋਹ ਵਿਚ (ਫਸ ਕੇ) ਇਸ ਮਨ ਦੀ ਆਤਮਕ ਮੌਤ ਹੋ ਜਾਂਦੀ ਹੈ (ਪਰ ਜੀਵ ਦੇ ਕੀਹ ਵੱਸ?) ਜਦੋਂ ਧੁਰੋਂ ਹੀ ਇਹ ਹੁਕਮ ਚਲਿਆ ਆ ਰਿਹਾ ਹੈ ਤਾਂ ਕਿਸੇ ਹੋਰ ਅੱਗੇ ਪੁਕਾਰ ਭੀ ਨਹੀਂ ਕੀਤੀ ਜਾ ਸਕਦੀ (ਭਾਵ, ਮਾਇਆ ਦਾ ਮੋਹ ਆਤਮਕ ਮੌਤ ਦਾ ਕਾਰਨ ਬਣਦਾ ਹੈ– ਇਹ ਨਿਯਮ ਅਟੱਲ ਹੈ, ਇਸ ਨੂੰ ਕੋਈ ਉਲੰਘ ਨਹੀਂ ਸਕਦਾ) । ਕੋਈ ਵਿਰਲਾ ਬੰਦਾ ਗੁਰੂ ਦੀ ਸਰਨ ਪੈ ਕੇ ਸਮਝਦਾ ਹੈ ਕਿ ਪ੍ਰਭੂ ਦੇ ਨਾਮ ਤੋਂ ਬਿਨਾ ਮਾਇਆ ਦੇ ਮੋਹ ਤੋਂ ਖ਼ਲਾਸੀ ਨਹੀਂ ਹੋ ਸਕਦੀ।2।

ਮਾਇਆ ਦੇ ਮੋਹ ਵਿਚ ਭਟਕ ਭਟਕ ਕੇ ਜੀਵ ਚੌਰਾਸੀ ਲੱਖ ਜੂਨਾਂ ਦੇ ਗੇੜ ਵਿਚ ਧੱਕੇ ਖਾਂਦਾ ਫਿਰਦਾ ਹੈ। ਗੁਰੂ ਤੋਂ ਬਿਨਾ ਸਹੀ ਜੀਵਨ-ਰਾਹ ਨਹੀਂ ਸਮਝਦਾ ਤੇ ਜਮ ਦੀ ਫਾਹੀ (ਇਸ ਦੇ ਗਲ ਵਿਚ ਪਈ ਰਹਿੰਦੀ ਹੈ) । (ਮਾਇਆ ਦੇ ਅਸਰ ਵਿਚ) ਇਹ ਮਨ ਕਦੇ ਆਕਾਸ਼ ਵਿਚ ਜਾ ਚੜ੍ਹਦਾ ਹੈ ਕਦੇ ਪਾਤਾਲ ਵਿਚ ਡਿੱਗ ਪੈਂਦਾ ਹੈ। ਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ਉਹ ਪਰਮਾਤਮਾ ਦਾ ਨਾਮ ਸਿਮਰ ਕੇ ਇਸ ਗੇੜ ਵਿਚੋਂ ਬਚ ਨਿਕਲਦਾ ਹੈ।3।

ਜਿਸ ਮਨੁੱਖ ਨੂੰ ਪ੍ਰਭੂ ਆਪ ਹੀ (ਆਪਣੇ ਚਰਨਾਂ ਵਿਚ ਜੁੜਨ ਲਈ) ਸੱਦਦਾ ਹੈ ਉਸ ਨੂੰ ਮਿਲਦਿਆਂ ਚਿਰ ਨਹੀਂ ਲੱਗਦਾ, ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਮਾਇਆ ਦੇ ਮੋਹ ਵਲੋਂ ਮਰ ਜਾਂਦਾ ਹੈ (ਭਾਵ, ਮਾਇਆ ਉਸ ਉਤੇ ਪ੍ਰਭਾਵ ਨਹੀਂ ਪਾ ਸਕਦੀ) ਤੇ ਉਹ ਬੜਾ ਸੌਖਾ ਜੀਵਨ ਗੁਜ਼ਾਰਦਾ ਹੈ। ਗੁਰੂ ਦੀ ਸਰਨ ਪੈਣ ਤੋਂ ਬਿਨਾ ਕਿਸੇ ਨੂੰ ਆਤਮਕ ਜੀਵਨ ਦੀ ਸਮਝ ਨਹੀਂ ਪੈਂਦੀ (ਗੁਰੂ ਨਾਲ ਭੀ ਪ੍ਰਭੂ ਆਪ ਹੀ ਮਿਲਾਂਦਾ ਹੈ) ਪ੍ਰਭੂ ਆਪ ਹੀ ਇਹ ਸਭ ਕੁਝ ਕਰਦਾ ਹੈ ਤੇ ਜੀਵਾਂ ਪਾਸੋਂ ਕਰਾਂਦਾ ਹੈ।4।

ਜਿਸ ਮਨੁੱਖ ਦਾ ਮਾਇਆ ਦੇ ਮੋਹ ਦਾ ਲੰਮਾ ਗੇੜ ਪ੍ਰਭੂ ਮੁਕਾਂਦਾ ਹੈ ਉਹ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ, ਪੂਰਾ ਗੁਰੂ ਉਸ ਦੇ ਸਿਰ ਉਤੇ ਰਾਖਾ ਬਣਦਾ ਹੈ ਤੇ ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ। ਤਦੋਂ ਮਨੁੱਖ ਦਾ ਇਹ ਮਨ ਮਾਇਆ ਪਿੱਛੇ ਭਟਕਣੋਂ ਹਟ ਜਾਂਦਾ ਹੈ, ਤਦੋਂ ਮਨੁੱਖ ਸਦਾ-ਥਿਰ ਨਾਮ ਦੇ ਸਿਮਰਨ ਨੂੰ ਆਪਣਾ ਕਰਤੱਬ ਜਾਣ ਕੇ ਸਿਮਰਨ ਦੀ ਕਾਰ ਕਰਦਾ ਹੈ।5।

ਪਰ ਜਿਸ ਮਨੁੱਖ ਦਾ ਮਨ (ਵਿਕਾਰਾਂ ਨਾਲ) ਮੈਲਾ ਹੋ ਚੁਕਾ ਹੋਵੇ ਉਸ ਦੇ ਅੰਦਰ (ਬਾਹਰਲੇ ਇਸ਼ਨਾਨ ਆਦਿਕ ਨਾਲ) ਪਵਿਤ੍ਰਤਾ ਨਹੀਂ ਆ ਸਕਦੀ। ਕੋਈ ਵਿਰਲਾ ਮਨੁੱਖ ਗੁਰੂ ਦੇ ਸ਼ਬਦ ਨਾਲ ਹੀ (ਮਨ ਨੂੰ) ਸਾਫ਼ ਕਰਦਾ ਹੈ। ਕੋਈ ਵਿਰਲਾ ਹੀ ਗੁਰੂ ਦੀ ਸਰਨ ਪੈ ਕੇ ਸਦਾ-ਥਿਰ ਨਾਮ ਨੂੰ ਸਿਮਰਨ ਦੀ ਕਾਰ ਕਰਦਾ ਹੈ ਤੇ ਆਪਣੇ ਮਨ ਦੀ ਭਟਕਣਾ ਨੂੰ ਰੋਕ ਰੱਖਦਾ ਹੈ।6।

ਜਿਸ ਮਨੁੱਖ ਨੇ ਪਰਮਾਤਮਾ ਦੇ ਡਰ-ਅਦਬ ਨੂੰ ਆਪਣੇ ਆਤਮਕ ਜੀਵਨ ਦਾ ਆਸਰਾ ਬਣਾ ਲਿਆ ਹੈ ਜਿਵੇਂ ਖਾਣ ਪੀਣ ਨੂੰ ਸਰੀਰ ਦਾ ਸਹਾਰਾ ਬਣਾਈਦਾ ਹੈ, ਉਹ ਮਨੁੱਖ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ (ਮਾਇਆ ਦੇ ਮੋਹ ਦੇ ਸਮੁੰਦਰ ਦਾ) ਪਾਰਲਾ ਬੰਨਾ ਲੱਭ ਲੈਂਦਾ ਹੈ। ਉਹ ਮਨੁੱਖ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਦਾ ਹੈ, ਪ੍ਰਭੂ-ਚਰਨਾਂ ਦਾ ਪਿਆਰ ਉਸ ਨੂੰ ਸਿਮਰਨ ਵਲ ਹੀ ਪ੍ਰੇਰਦਾ ਰਹਿੰਦਾ ਹੈ। ਗੁਰੂ ਦੇ ਸ਼ਬਦ ਨੂੰ ਹਿਰਦੇ ਵਿਚ ਟਿਕਾਣਾ ਹੀ ਉਹ ਮਨੁੱਖ ਸਭ ਤੋਂ ਸ੍ਰੇਸ਼ਟ ਕਰਤੱਬ ਸਮਝਦਾ ਹੈ।7।

ਉਸ ਮਨੁੱਖ ਨੇ ਇਹ ਨਿਸ਼ਚਾ ਕਰ ਲਿਆ ਹੁੰਦਾ ਹੈ ਕਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਮੇਰੇ ਵਾਸਤੇ ਕਰਮ-ਕਾਂਡ ਹੈ, ਇਹੀ ਮੇਰੇ ਲਈ (ਲੋਕ ਪਰਲੋਕ ਦੀ) ਇੱਜ਼ਤ ਹੈ ਤੇ ਇਹੀ ਮੇਰੇ ਵਾਸਤੇ ਦੇਵ-ਪੂਜਾ ਹੈ। ਉਹ ਮਨੁੱਖ ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ (ਗਿਆਨ ਦੀ) ਅੱਗ ਵਿਚ ਸਾੜ ਦੇਂਦਾ ਹੈ।

ਨਾਨਕ ਬੇਨਤੀ ਕਰਦਾ ਹੈ ਕਿ ਜਦੋਂ ਮਨੁੱਖ (ਇਕ ਵਾਰੀ) ਪਰਮਾਤਮਾ ਦੇ ਨਾਮ ਦਾ ਰਸ ਚੱਖ ਲੈਂਦਾ ਹੈ ਤਾਂ ਉਸ ਦਾ ਮਨ (ਸਦਾ ਲਈ ਉਸ ਰਸ ਵਿਚ) ਭਿੱਜ ਜਾਂਦਾ ਹੈ, ਫਿਰ ਉਸ ਨੂੰ ਕੋਈ ਹੋਰ ਰਸ ਚੰਗਾ ਨਹੀਂ ਲੱਗਦਾ।8।5।

TOP OF PAGE

Sri Guru Granth Darpan, by Professor Sahib Singh