ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1345

ਪ੍ਰਭਾਤੀ ਮਹਲਾ ੧ ॥ ਰਾਮ ਨਾਮੁ ਜਪਿ ਅੰਤਰਿ ਪੂਜਾ ॥ ਗੁਰ ਸਬਦੁ ਵੀਚਾਰਿ ਅਵਰੁ ਨਹੀ ਦੂਜਾ ॥੧॥ ਏਕੋ ਰਵਿ ਰਹਿਆ ਸਭ ਠਾਈ ॥ ਅਵਰੁ ਨ ਦੀਸੈ ਕਿਸੁ ਪੂਜ ਚੜਾਈ ॥੧॥ ਰਹਾਉ ॥ ਮਨੁ ਤਨੁ ਆਗੈ ਜੀਅੜਾ ਤੁਝ ਪਾਸਿ ॥ ਜਿਉ ਭਾਵੈ ਤਿਉ ਰਖਹੁ ਅਰਦਾਸਿ ॥੨॥ ਸਚੁ ਜਿਹਵਾ ਹਰਿ ਰਸਨ ਰਸਾਈ ॥ ਗੁਰਮਤਿ ਛੂਟਸਿ ਪ੍ਰਭ ਸਰਣਾਈ ॥੩॥ ਕਰਮ ਧਰਮ ਪ੍ਰਭਿ ਮੇਰੈ ਕੀਏ ॥ ਨਾਮੁ ਵਡਾਈ ਸਿਰਿ ਕਰਮਾਂ ਕੀਏ ॥੪॥ ਸਤਿਗੁਰ ਕੈ ਵਸਿ ਚਾਰਿ ਪਦਾਰਥ ॥ ਤੀਨਿ ਸਮਾਏ ਏਕ ਕ੍ਰਿਤਾਰਥ ॥੫॥ ਸਤਿਗੁਰਿ ਦੀਏ ਮੁਕਤਿ ਧਿਆਨਾਂ ॥ ਹਰਿ ਪਦੁ ਚੀਨ੍ਹ੍ਹਿ ਭਏ ਪਰਧਾਨਾ ॥੬॥ ਮਨੁ ਤਨੁ ਸੀਤਲੁ ਗੁਰਿ ਬੂਝ ਬੁਝਾਈ ॥ ਪ੍ਰਭੁ ਨਿਵਾਜੇ ਕਿਨਿ ਕੀਮਤਿ ਪਾਈ ॥੭॥ ਕਹੁ ਨਾਨਕ ਗੁਰਿ ਬੂਝ ਬੁਝਾਈ ॥ ਨਾਮ ਬਿਨਾ ਗਤਿ ਕਿਨੈ ਨ ਪਾਈ ॥੮॥੬॥ {ਪੰਨਾ 1345}

ਪਦ ਅਰਥ: ਅੰਤਰਿ = ਹਿਰਦੇ ਵਿਚ। ਵੀਚਾਰਿ = ਆਪਣੇ ਸੋਚ-ਮੰਡਲ ਵਿਚ ਰੱਖ।1।

ਰਹਿ ਰਹਿਆ = ਵਿਆਪਕ ਹੈ। ਠਾਈ = ਥਾਂਈ।1। ਰਹਾਉ।

ਜੀਅੜਾ = ਨਿੱਕੀ ਜਿਹੀ ਜਿੰਦ।2।

ਸਚੁ = ਸਦਾ-ਥਿਰ ਪ੍ਰਭੂ ਦਾ ਨਾਮ। ਰਸਨ = ਜੀਭ। ਰਸਾਈ = ਇਕ-ਸਾਰ ਕਰ ਲਿਆ।3।

ਪ੍ਰਭਿ ਮੇਰੈ = ਮੇਰੇ ਪ੍ਰਭੂ ਨੇ। ਸਿਰਿ ਕਰਮਾਂ = ਕਰਮਾਂ ਦੇ ਸਿਰ ਉੱਤੇ।4।

ਤੀਨਿ = ਤਿੰਨ ਪਦਾਰਥ (ਧਰਮ, ਅਰਥ ਤੇ ਕਾਮ) । ਕ੍ਰਿਤਾਰਥ-ਸਫਲ।5।

ਸਤਿਗੁਰਿ = ਗੁਰੂ ਨੇ। ਮੁਕਤਿ = ਮਾਇਆ ਦੇ ਮੋਹ ਤੋਂ ਖ਼ਲਾਸੀ। ਚੀਨ੍ਹ੍ਹਿ = ਪਛਾਣ ਕੇ।6।

ਗੁਰਿ = ਗੁਰੂ ਨੇ। ਨਿਵਾਜੇ = ਵਡਿਆਇਆ ਹੈ। ਕਿਨਿ = ਕਿਸ ਨੇ?।7।

ਗਤਿ = ਉੱਚੀ ਆਤਮਕ ਅਵਸਥਾ।8।

ਅਰਥ: (ਹੇ ਪੰਡਿਤ!) ਇਕ ਪਰਮਾਤਮਾ ਸਭ ਥਾਵਾਂ ਵਿਚ ਵਿਆਪਕ ਹੈ। ਮੈਨੂੰ (ਉਸ ਤੋਂ ਬਿਨਾ ਕਿਤੇ) ਕੋਈ ਹੋਰ ਨਹੀਂ ਦਿੱਸਦਾ। ਮੈਂ ਹੋਰ ਕਿਸ ਦੀ ਪੂਜਾ ਕਰਾਂ? ਮੈਂ ਹੋਰ ਕਿਸ ਨੂੰ (ਫੁੱਲ ਆਦਿਕ) ਭੇਟ ਕਰਾਂ?।1।

(ਹੇ ਪੰਡਿਤ!) ਪਰਮਾਤਮਾ ਦਾ ਨਾਮ ਜਪ, (ਇਹੀ) ਅੰਤਰ ਆਤਮੇ (ਪਰਮਾਤਮ ਦੇਵ ਦੀ) ਪੂਜਾ ਹੈ। ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਈ ਰੱਖ (ਤੈਨੂੰ ਸਮਝ ਆ ਜਾਇਗੀ ਕਿ) ਪਰਮਾਤਮਾ ਤੋਂ ਬਿਨਾ ਕੋਈ (ਦੇਵੀ ਦੇਵਤਾ) ਨਹੀਂ ਹੈ (ਜਿਸ ਦੀ ਪੂਜਾ ਕੀਤੀ ਜਾਏ) ।1।

(ਹੇ ਪੰਡਿਤ! ਇਹ ਫੁੱਲਾਂ ਦੀ ਭੇਟ ਕਿਸ ਅਰਥ? ਮੈਂ ਤਾਂ ਇਉਂ ਪਰਮਾਤਮਾ ਦੇ ਦਰ ਤੇ) ਅਰਦਾਸ ਕਰਦਾ ਹਾਂ = (ਹੇ ਪ੍ਰਭੂ!) ਮੇਰਾ ਇਹ ਮਨ ਮੇਰਾ ਇਹ ਸਰੀਰ ਤੇਰੇ ਅੱਗੇ ਹਾਜ਼ਰ ਹੈ ਮੇਰੀ ਇਹ ਨਿੱਕੀ ਜਿੰਦ ਭੀ ਤੇਰੇ ਹਵਾਲੇ ਹੈ, ਜਿਵੇਂ ਤੇਰੀ ਰਜ਼ਾ ਹੈ ਮੈਨੂੰ ਉਵੇਂ ਰੱਖ।2।

ਜੇਹੜਾ ਮਨੁੱਖ ਗੁਰੂ ਦੀ ਮਤਿ ਲੈ ਕੇ ਪ੍ਰਭੂ ਦੀ ਸਰਨ ਪੈਂਦਾ ਹੈ, ਆਪਣੀ ਜੀਭ ਨਾਲ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਦਾ ਹੈ ਤੇ ਆਪਣੀ ਜੀਭ ਨੂੰ ਪ੍ਰਭੂ ਦੇ ਨਾਮ-ਰਸ ਵਿਚ ਰਸਾ ਲੈਂਦਾ ਹੈ ਉਹ ਮਾਇਆ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ।3।

(ਪਰਮਾਤਮਾ ਸਭ ਹੀ ਜੀਵਾਂ ਵਿਚ ਵਿਆਪਕ ਹੈ, ਇਸ ਦ੍ਰਿਸ਼ਟੀ-ਕੋਣ ਤੋਂ) ਮੇਰੇ ਪਰਮਾਤਮਾ ਨੇ ਹੀ ਕਰਮ-ਕਾਂਡ ਬਣਾਏ ਹਨ, ਪਰ ਪ੍ਰਭੂ ਨੇ ਹੀ ਨਾਮ-ਸਿਮਰਨ ਨੂੰ ਸਭ ਕਰਮਾਂ ਦੇ ਉੱਤੇ ਵਡਿਆਈ ਦਿੱਤੀ ਹੈ।4।

(ਲੋਕ ਦੁਨੀਆ ਦੇ ਪਦਾਰਥਾਂ ਦੀ ਖ਼ਾਤਰ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਫਿਰਦੇ ਹਨ, ਪਰ) ਗੁਰੂ ਦੇ ਇਖ਼ਤਿਆਰ ਵਿਚ (ਧਰਮ, ਅਰਥ, ਕਾਮ, ਮੋਖ) ਚਾਰੇ ਹੀ ਪਦਾਰਥ ਹਨ। (ਗੁਰੂ ਦੀ) ਸਰਨ ਪਿਆਂ (ਪਹਿਲੇ) ਤਿੰਨਾਂ ਪਦਾਰਥਾਂ ਦੀ ਵਾਸਨਾ ਹੀ ਮੁੱਕ ਜਾਂਦੀ ਹੈ, ਤੇ, ਮਨੁੱਖ ਨੂੰ ਇਕ ਵਿਚ ਸਫਲਤਾ ਹੋ ਜਾਂਦੀ ਹੈ (ਭਾਵ, ਮਾਇਆ ਦੇ ਮੋਹ ਤੋਂ ਮੁਕਤੀ ਮਿਲ ਜਾਂਦੀ ਹੈ) ।5।

ਜਿਨ੍ਹਾਂ ਮਨੁੱਖਾਂ ਨੂੰ ਗੁਰੂ ਨੇ ਮਾਇਆ ਦੇ ਮੋਹ ਤੋਂ ਖ਼ਲਾਸੀ ਬਖ਼ਸ਼ੀ, ਪ੍ਰਭੂ-ਚਰਨਾਂ ਵਿਚ ਸੁਰਤਿ ਜੋੜਨ ਦੀ ਦਾਤਿ ਦਿੱਤੀ, ਉਹਨਾਂ ਨੇ ਪਰਮਾਤਮਾ ਨਾਲ ਮੇਲ-ਅਵਸਥਾ ਪਛਾਣ ਲਈ ਤੇ ਉਹ (ਲੋਕ ਪਰਲੋਕ ਵਿਚ) ਮੰਨੇ ਪ੍ਰਮੰਨੇ ਗਏ।6।

ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਨੇ ਆਤਮਕ ਜੀਵਨ ਦੀ ਸਮਝ ਬਖ਼ਸ਼ੀ ਉਹਨਾਂ ਦਾ ਮਨ ਉਹਨਾਂ ਦਾ ਸਰੀਰ (ਭਾਵ, ਗਿਆਨ-ਇੰਦ੍ਰੇ ਵਿਕਾਰਾਂ ਦੀ ਤਪਸ਼ ਤੋਂ ਬਚ ਕੇ) ਠੰਢੇ-ਠਾਰ ਹੋ ਗਏ, ਪ੍ਰਭੂ ਨੇ ਉਹਨਾਂ ਨੂੰ ਵਡਿਆਈ ਦਿੱਤੀ, (ਉਹਨਾਂ ਦਾ ਆਤਮਕ ਜੀਵਨ ਇਤਨਾ ਉੱਚਾ ਹੋ ਗਿਆ ਕਿ) ਕੋਈ ਆਦਮੀ ਉਸ ਜੀਵਨ ਦਾ ਮੁੱਲ ਨਹੀਂ ਪਾ ਸਕਦਾ।7।

ਹੇ ਨਾਨਕ! ਆਖ– ਗੁਰੂ ਨੇ (ਮੈਨੂੰ) ਇਹ ਸੂਝ ਬਖ਼ਸ਼ ਦਿੱਤੀ ਹੈ ਕਿ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਕਿਸੇ ਨੇ (ਕਦੇ) ਉੱਚੀ ਆਤਮਕ ਅਵਸਥਾ ਹਾਸਲ ਨਹੀਂ ਕੀਤੀ।8।6।

ਪ੍ਰਭਾਤੀ ਮਹਲਾ ੧ ॥ ਇਕਿ ਧੁਰਿ ਬਖਸਿ ਲਏ ਗੁਰਿ ਪੂਰੈ ਸਚੀ ਬਣਤ ਬਣਾਈ ॥ ਹਰਿ ਰੰਗ ਰਾਤੇ ਸਦਾ ਰੰਗੁ ਸਾਚਾ ਦੁਖ ਬਿਸਰੇ ਪਤਿ ਪਾਈ ॥੧॥ ਝੂਠੀ ਦੁਰਮਤਿ ਕੀ ਚਤੁਰਾਈ ॥ ਬਿਨਸਤ ਬਾਰ ਨ ਲਾਗੈ ਕਾਈ ॥੧॥ ਰਹਾਉ ॥ ਮਨਮੁਖ ਕਉ ਦੁਖੁ ਦਰਦੁ ਵਿਆਪਸਿ ਮਨਮੁਖਿ ਦੁਖੁ ਨ ਜਾਈ ॥ ਸੁਖ ਦੁਖ ਦਾਤਾ ਗੁਰਮੁਖਿ ਜਾਤਾ ਮੇਲਿ ਲਏ ਸਰਣਾਈ ॥੨॥ ਮਨਮੁਖ ਤੇ ਅਭ ਭਗਤਿ ਨ ਹੋਵਸਿ ਹਉਮੈ ਪਚਹਿ ਦਿਵਾਨੇ ॥ ਇਹੁ ਮਨੂਆ ਖਿਨੁ ਊਭਿ ਪਇਆਲੀ ਜਬ ਲਗਿ ਸਬਦ ਨ ਜਾਨੇ ॥੩॥ ਭੂਖ ਪਿਆਸਾ ਜਗੁ ਭਇਆ ਤਿਪਤਿ ਨਹੀ ਬਿਨੁ ਸਤਿਗੁਰ ਪਾਏ ॥ ਸਹਜੈ ਸਹਜੁ ਮਿਲੈ ਸੁਖੁ ਪਾਈਐ ਦਰਗਹ ਪੈਧਾ ਜਾਏ ॥੪॥ ਦਰਗਹ ਦਾਨਾ ਬੀਨਾ ਇਕੁ ਆਪੇ ਨਿਰਮਲ ਗੁਰ ਕੀ ਬਾਣੀ ॥ ਆਪੇ ਸੁਰਤਾ ਸਚੁ ਵੀਚਾਰਸਿ ਆਪੇ ਬੂਝੈ ਪਦੁ ਨਿਰਬਾਣੀ ॥੫॥ ਜਲੁ ਤਰੰਗ ਅਗਨੀ ਪਵਨੈ ਫੁਨਿ ਤ੍ਰੈ ਮਿਲਿ ਜਗਤੁ ਉਪਾਇਆ ॥ ਐਸਾ ਬਲੁ ਛਲੁ ਤਿਨ ਕਉ ਦੀਆ ਹੁਕਮੀ ਠਾਕਿ ਰਹਾਇਆ ॥੬॥ ਐਸੇ ਜਨ ਵਿਰਲੇ ਜਗ ਅੰਦਰਿ ਪਰਖਿ ਖਜਾਨੈ ਪਾਇਆ ॥ ਜਾਤਿ ਵਰਨ ਤੇ ਭਏ ਅਤੀਤਾ ਮਮਤਾ ਲੋਭੁ ਚੁਕਾਇਆ ॥੭॥ ਨਾਮਿ ਰਤੇ ਤੀਰਥ ਸੇ ਨਿਰਮਲ ਦੁਖੁ ਹਉਮੈ ਮੈਲੁ ਚੁਕਾਇਆ ॥ ਨਾਨਕੁ ਤਿਨ ਕੇ ਚਰਨ ਪਖਾਲੈ ਜਿਨਾ ਗੁਰਮੁਖਿ ਸਾਚਾ ਭਾਇਆ ॥੮॥੭॥ {ਪੰਨਾ 1345}

ਪਦ ਅਰਥ: ਇਕਿ = ਕਈ ਬੰਦੇ, ਜੇਹੜੇ ਬੰਦੇ। ਗੁਰਿ = ਗੁਰੂ ਨੇ। ਧੁਰਿ = ਧੁਰੋਂ ਪ੍ਰਭੂ ਦੀ ਰਜ਼ਾ ਅਨੁਸਾਰ। ਸਚੀ = ਸਦਾ-ਥਿਰ ਰਹਿਣ ਵਾਲੀ, ਸਦਾ-ਥਿਰ ਪ੍ਰਭੂ ਦੀ ਯਾਦ ਵੱਲ ਪ੍ਰੇਰਨ ਵਾਲੀ। ਬਣਤ = ਬਨਾਵਟ, ਮਨ ਦੀ ਬਨਾਵਟ। ਸਾਚਾ = ਸਦਾ-ਥਿਰ ਰਹਿਣ ਵਾਲਾ। ਪਤਿ = ਇੱਜ਼ਤ।2।

ਝੂਠੀ = ਨਾਸਵੰਤ, ਨਾਸਵੰਤ ਪਦਾਰਥਾਂ ਵੱਲ ਪ੍ਰੇਰਨ ਵਾਲੀ। ਚਤੁਰਾਈ = ਸਿਆਣਪ। ਬਿਨਸਤ = ਨਾਸ ਹੁੰਦਿਆਂ, ਆਤਮਕ ਮੌਤ ਹੁੰਦਿਆਂ। ਬਾਰ = ਚਿਰ।1। ਰਹਾਉ।

ਵਿਆਪਸਿ = ਜ਼ੋਰ ਪਾਂਦਾ ਹੈ।2।

ਤੇ = ਤੋਂ, ਪਾਸੋਂ। ਅਭ = ਹਿਰਦਾ। ਅਭ ਭਗਤਿ = ਦਿਲੀ ਭਗਤਿ। ਪਚਹਿ = ਖ਼ੁਆਰ ਹੁੰਦੇ ਹਨ। ਦਿਵਾਨੇ = ਪਾਗਲ। ਊਭਿ = ਆਕਾਸ਼ ਵਿਚ। ਪਇਆਲਿ = ਪਤਾਲ ਵਿਚ। ਜਬ ਲਗਿ = ਜਦੋਂ ਤਕ।3।

ਤਿਪਤਿ = ਸੰਤੋਖ। ਸਹਜੁ = ਆਤਮਕ ਅਡੋਲਤਾ। ਪੈਧਾ = ਸਰੋਪਾ ਲੈ ਕੇ, ਇੱਜ਼ਤ ਨਾਲ।4।

ਦਾਨਾ = (ਸਭ ਦੇ ਦਿਲਾਂ ਦੀ) ਜਾਣਨ ਵਾਲਾ। ਬੀਨਾ = ਸਭ ਦੇ ਕੰਮਾਂ ਨੂੰ ਵੇਖਣ ਵਾਲਾ। ਸੁਰਤਾ = ਸੁਰਤਿ ਜੋੜਨ ਵਾਲਾ, ਸੁਣਨ ਵਾਲਾ। ਨਿਰਬਾਣੀ = ਵਾਸਨਾ-ਰਹਿਤ।5।

ਤਰੰਗ = ਲਹਿਰ। ਪਵਨ = ਹਵਾ। ਹੁਕਮੀ = ਹੁਕਮ ਵਿਚ ਹੀ।6।

ਖਜਾਨੈ = ਖ਼ਜ਼ਾਨੇ ਵਿਚ। ਤੇ = ਤੋਂ। ਅਤੀਤਾ = ਨਿਰਲੇਪ, ਵੱਖਰੇ।7।

ਸੇ = ਉਹ ਮਨੁੱਖ। ਨਾਮਿ = ਨਾਮ ਵਿਚ। ਪਖਾਲੈ = ਧੋਂਦਾ ਹੈ। ਸਾਚਾ = ਸਦਾ-ਥਿਰ ਪ੍ਰਭੂ।8।

ਅਰਥ: ਭੈੜੀ ਮਤਿ ਤੋਂ ਪੈਦਾ ਹੋਈ ਸਿਆਣਪ ਮਨੁੱਖ ਨੂੰ ਨਾਸਵੰਤ ਪਦਾਰਥਾਂ ਵੱਲ ਹੀ ਪ੍ਰੇਰਦੀ ਰਹਿੰਦੀ ਹੈ, ਇਸ ਸਿਆਣਪ ਦੇ ਕਾਰਨ ਮਨੁੱਖ ਨੂੰ ਆਤਮਕ ਮੌਤੇ ਮਰਦਿਆਂ ਰਤਾ ਚਿਰ ਨਹੀਂ ਲੱਗਦਾ।1। ਰਹਾਉ।

ਜੇਹੜੇ ਬੰਦੇ ਧੁਰੋਂ ਪ੍ਰਭੂ ਦੀ ਰਜ਼ਾ ਅਨੁਸਾਰ ਪੂਰੇ ਗੁਰੂ ਨੇ ਬਖ਼ਸ਼ੇ ਹਨ (ਜਿਨ੍ਹਾਂ ਉਤੇ ਗੁਰੂ ਨੇ ਮੇਹਰ ਕੀਤੀ ਹੈ) ਗੁਰੂ ਨੇ ਉਹਨਾਂ ਦੀ ਮਾਨਸਕ ਬਨਾਵਟ ਅਜੇਹੀ ਬਣਾ ਦਿੱਤੀ ਹੈ ਕਿ ਉਹਨਾਂ ਨੂੰ ਸਦਾ-ਥਿਰ ਪ੍ਰਭੂ ਦੇ ਸਿਮਰਨ ਵੱਲ ਪ੍ਰੇਰਦੀ ਹੈ। ਉਹ ਸਦਾ ਪਰਮਾਤਮਾ ਦੇ ਨਾਮ-ਰੰਗ ਨਾਲ ਰੰਗੇ ਰਹਿੰਦੇ ਹਨ, ਉਹਨਾਂ (ਦੇ ਮਨ) ਨੂੰ ਸਦਾ-ਥਿਰ ਰਹਿਣ ਵਾਲਾ ਪ੍ਰੇਮ-ਰੰਗ ਚੜ੍ਹਿਆ ਰਹਿੰਦਾ ਹੈ। ਉਹਨਾਂ ਦੇ ਦੁੱਖ ਦੂਰ ਹੋ ਜਾਂਦੇ ਹਨ ਤੇ ਉਹ (ਲੋਕ ਪਰਲੋਕ ਵਿਚ) ਸੋਭਾ ਖੱਟਦੇ ਹਨ।1।

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ (ਕਈ ਕਿਸਮ ਦੇ) ਦੁੱਖ ਕਲੇਸ਼ ਦਬਾਈ ਰੱਖਦੇ ਹਨ, ਆਪਣੇ ਮਨ ਦੀ ਅਗਵਾਈ ਵਿਚ ਉਹਨਾਂ ਦਾ ਦੁਖ ਕਦੇ ਦੂਰ ਨਹੀਂ ਹੁੰਦਾ। ਜੇਹੜੇ ਬੰਦੇ ਗੁਰੂ ਦੀ ਸਰਨ ਪੈਂਦੇ ਹਨ ਉਹ ਸੁਖ ਦੇਣ ਵਾਲੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦੇ ਹਨ, ਪਰਮਾਤਮਾ ਉਹਨਾਂ ਨੂੰ ਆਪਣੀ ਸਰਨ ਵਿਚ ਰੱਖ ਕੇ ਆਪਣੇ ਨਾਲ ਮਿਲਾ ਲੈਂਦਾ ਹੈ।2।

ਮਨਮੁਖਾਂ ਪਾਸੋਂ ਚਿੱਤ ਦੀ ਇਕਾਗ੍ਰਤਾ ਨਾਲ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ਕਿਉਂਕਿ ਉਹ ਹਉਮੈ ਵਿਚ ਕਮਲੇ ਹੋਏ ਹੋਏ ਅੰਦਰੇ ਅੰਦਰ ਖ਼ੁਆਰ ਹੁੰਦੇ ਰਹਿੰਦੇ ਹਨ। ਜਦੋਂ ਤਕ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦਾ, ਤਦ ਤਕ ਇਸ ਦਾ ਇਹ ਮਨ (ਮਾਇਆ ਦੇ ਮੋਹ ਕਾਰਨ) ਕਦੇ ਆਕਾਸ਼ ਵਿਚ ਜਾ ਪਹੁੰਚਦਾ ਹੈ ਕਦੇ ਪਾਤਾਲ ਵਿਚ ਜਾ ਡਿੱਗਦਾ ਹੈ।3।

ਜਗਤ ਮਾਇਆ ਦੀ ਭੁੱਖ ਮਾਇਆ ਦੀ ਤ੍ਰੇਹ ਨਾਲ ਘਬਰਾਇਆ ਪਿਆ ਹੈ, ਸਤਿਗੁਰੂ ਦੀ ਸਰਨ ਆਉਣ ਤੋਂ ਬਿਨਾ ਤ੍ਰਿਸ਼ਨਾ ਨਹੀਂ ਮਿਟਦੀ ਸੰਤੋਖ ਨਹੀਂ ਆਉਂਦਾ ਗੁਰੂ ਦੀ ਸਰਨ ਪਿਆਂ ਆਤਮਕ ਅਡੋਲਤਾ ਪ੍ਰਾਪਤ ਹੁੰਦੀ ਹੈ, ਆਤਮਕ ਆਨੰਦ ਮਿਲਦਾ ਹੈ, ਤੇ ਪਰਮਾਤਮਾ ਦੀ ਹਜ਼ੂਰੀ ਵਿਚ ਮਨੁੱਖ ਆਦਰ ਨਾਲ ਜਾਂਦਾ ਹੈ।4।

ਸਤਿਗੁਰੂ ਦੀ ਪਵਿਤ੍ਰ-ਬਾਣੀ ਵਿਚ ਜੁੜਿਆਂ ਇਹ ਸਮਝ ਆਉਂਦੀ ਹੈ ਕਿ ਪਰਮਾਤਮਾ ਆਪ ਹੀ ਸਭ ਜੀਵਾਂ ਦੇ ਦਿਲ ਦੀ ਜਾਣਦਾ ਹੈ, ਆਪ ਹੀ ਸਭ ਦੇ ਕਰਮ ਵੇਖਦਾ ਹੈ, ਸਦਾ-ਥਿਰ ਪ੍ਰਭੂ ਆਪ ਹੀ ਸਭ ਦੀਆਂ ਅਰਦਾਸਾਂ ਸੁਣਦਾ ਹੈ ਤੇ ਵਿਚਾਰਦਾ ਹੈ, ਆਪ ਹੀ ਜੀਵਾਂ ਦੀਆਂ ਲੋੜਾਂ ਸਮਝਦਾ ਹੈ, ਆਪ ਹੀ ਵਾਸਨਾ-ਰਹਿਤ ਆਤਮਕ ਅਵਸਥਾ ਦਾ ਮਾਲਕ ਹੈ।5।

ਗੁਰੂ ਦੀ ਰਾਹੀਂ ਇਹ ਸਮਝ ਆਉਂਦੀ ਹੈ ਕਿ ਪਰਮਾਤਮਾ ਨੇ ਆਪ ਹੀ ਪਾਣੀ ਅੱਗ ਹਵਾ (ਆਦਿਕ) ਤੱਤ ਪੈਂਦਾ ਕੀਤੇ, ਪ੍ਰਭੂ ਦੇ ਹੁਕਮ ਵਿਚ ਹੀ ਇਹਨਾਂ ਤਿੰਨਾਂ ਨੇ ਮਿਲ ਕੇ ਜਗਤ ਪੈਦਾ ਕੀਤਾ। ਪਰਮਾਤਮਾ ਨੇ ਇਹਨਾਂ ਤੱਤਾਂ ਨੂੰ ਬੇਅੰਤ ਤਾਕਤ ਦਿੱਤੀ ਹੋਈ ਹੈ, ਪਰ ਆਪਣੇ ਹੁਕਮ ਨਾਲ ਇਹਨਾਂ ਨੂੰ (ਬੇ-ਥਵ੍ਹੀ ਤਾਕਤ ਵਰਤਣ ਵਲੋਂ) ਰੋਕ ਭੀ ਰਖਿਆ।6।

ਜਗਤ ਵਿਚ ਅਜੇਹੇ ਬੰਦੇ ਵਿਰਲੇ ਹਨ ਜਿਨ੍ਹਾਂ ਦੇ ਜੀਵਨ ਨੂੰ ਪਰਖ ਕੇ (ਤੇ ਪਰਵਾਨ ਕਰ ਕੇ) ਪਰਮਾਤਮਾ ਨੇ ਆਪਣੇ ਖ਼ਜ਼ਾਨੇ ਵਿਚ ਪਾ ਲਿਆ, ਅਜੇਹੇ ਬੰਦੇ ਜਾਤਿ ਤੇ (ਬ੍ਰਾਹਮਣ ਖਤ੍ਰੀ ਆਦਿਕ) ਵਰਨ ਦੇ ਮਾਣ ਤੋਂ ਨਿਰਲੇਪ ਰਹਿੰਦੇ ਹਨ, ਤੇ ਮਾਇਆ ਦੀ ਮਮਤਾ ਤੇ ਮਾਇਆ ਦਾ ਲੋਭ ਦੂਰ ਕਰ ਲੈਂਦੇ ਹਨ।7।

ਹੇ ਨਾਨਕ! (ਆਖ-) ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਬੰਦਿਆਂ ਨੂੰ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਪਿਆਰਾ ਲੱਗਦਾ ਹੈ ਮੈਂ ਉਹਨਾਂ ਦੇ ਚਰਨ ਧੋਂਦਾ ਹਾਂ। ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਹੋਏ ਬੰਦੇ ਅਸਲੀ ਪਵਿਤ੍ਰ ਤੀਰਥ ਹਨ, ਉਹਨਾਂ ਨੇ ਹਉਮੈ ਦਾ ਦੁੱਖ ਹਉਮੈ ਦੀ ਮੈਲ ਆਪਣੇ ਮਨ ਵਿਚੋਂ ਮੁਕਾ ਲਈ ਹੁੰਦੀ ਹੈ।8।7।

TOP OF PAGE

Sri Guru Granth Darpan, by Professor Sahib Singh