ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1346

ਪ੍ਰਭਾਤੀ ਮਹਲਾ ੩ ਬਿਭਾਸ    ੴ ਸਤਿਗੁਰ ਪ੍ਰਸਾਦਿ ॥ ਗੁਰ ਪਰਸਾਦੀ ਵੇਖੁ ਤੂ ਹਰਿ ਮੰਦਰੁ ਤੇਰੈ ਨਾਲਿ ॥ ਹਰਿ ਮੰਦਰੁ ਸਬਦੇ ਖੋਜੀਐ ਹਰਿ ਨਾਮੋ ਲੇਹੁ ਸਮ੍ਹ੍ਹਾਲਿ ॥੧॥ ਮਨ ਮੇਰੇ ਸਬਦਿ ਰਪੈ ਰੰਗੁ ਹੋਇ ॥ ਸਚੀ ਭਗਤਿ ਸਚਾ ਹਰਿ ਮੰਦਰੁ ਪ੍ਰਗਟੀ ਸਾਚੀ ਸੋਇ ॥੧॥ ਰਹਾਉ ॥ ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ ॥ ਮਨਮੁਖ ਮੂਲੁ ਨ ਜਾਣਨੀ ਮਾਣਸਿ ਹਰਿ ਮੰਦਰੁ ਨ ਹੋਇ ॥੨॥ ਹਰਿ ਮੰਦਰੁ ਹਰਿ ਜੀਉ ਸਾਜਿਆ ਰਖਿਆ ਹੁਕਮਿ ਸਵਾਰਿ ॥ ਧੁਰਿ ਲੇਖੁ ਲਿਖਿਆ ਸੁ ਕਮਾਵਣਾ ਕੋਇ ਨ ਮੇਟਣਹਾਰੁ ॥੩॥ ਸਬਦੁ ਚੀਨ੍ਹ੍ਹਿ ਸੁਖੁ ਪਾਇਆ ਸਚੈ ਨਾਇ ਪਿਆਰ ॥ ਹਰਿ ਮੰਦਰੁ ਸਬਦੇ ਸੋਹਣਾ ਕੰਚਨੁ ਕੋਟੁ ਅਪਾਰ ॥੪॥ ਹਰਿ ਮੰਦਰੁ ਏਹੁ ਜਗਤੁ ਹੈ ਗੁਰ ਬਿਨੁ ਘੋਰੰਧਾਰ ॥ ਦੂਜਾ ਭਾਉ ਕਰਿ ਪੂਜਦੇ ਮਨਮੁਖ ਅੰਧ ਗਵਾਰ ॥੫॥ {ਪੰਨਾ 1346}

ਪਦ ਅਰਥ: ਗੁਰ ਪਰਸਾਦੀ = ਗੁਰ ਪਰਸਾਦਿ, ਗੁਰੂ ਦੀ ਕਿਰਪਾ ਨਾਲ। ਸਬਦੇ = ਸਬਦਿ ਹੀ, ਸ਼ਬਦ ਦੀ ਰਾਹੀਂ ਹੀ। ਖੋਜੀਐ = ਖੋਜਿਆ ਜਾ ਸਕਦਾ ਹੈ। ਨਾਮੋ = ਨਾਮ ਹੀ। ਲੇਹੁ ਸਮ੍ਹ੍ਹਾਲਿ = ਸੰਭਾਲ ਲੈ; ਸਾਂਭ ਰੱਖ।1।

ਮਨ = ਹੇ ਮਨ! ਰਪੈ = (ਜਿਹੜਾ ਮਨੁੱਖ) ਰੰਗਿਆ ਜਾਂਦਾ ਹੈ। ਰੰਗੁ = (ਪ੍ਰਭੂ ਦੇ ਪਿਆਰ ਦਾ) ਰੰਗ। ਸਚੀ ਭਗਤਿ = ਸਦਾ-ਥਿਰ ਪ੍ਰਭੂ ਦੀ ਭਗਤੀ। ਸਚਾ = ਸਦਾ ਕਾਇਮ ਰਹਿਣ ਵਾਲਾ, ਕਦੇ ਨਾਹ ਡੋਲਣ ਵਾਲਾ। ਸੋਇ = ਸੋਭਾ।1। ਰਹਾਉ।

ਗਿਆਨਿ = ਆਤਮਕ ਜੀਵਨ ਦੀ ਸੂਝ ਦੀ ਰਾਹੀਂ। ਰਤਨਿ = ਰਤਨ ਦੀ ਰਾਹੀਂ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਨ ਜਾਣਨੀ = ਨ ਜਾਣਨਿ, ਨਹੀਂ ਜਾਣਦੇ (ਬਹੁ-ਵਚਨ) । ਮਾਣਸਿ = ਮਨੁੱਖ ਦੇ ਅੰਦਰ।2।

ਸਾਜਿਆ = ਬਣਾਇਆ। ਹੁਕਮਿ = (ਆਪਣੇ) ਹੁਕਮ ਨਾਲ। ਰਖਿਆ ਸਵਾਰਿ = ਸੋਹਣਾ ਬਣਾ ਦਿੱਤਾ ਹੈ। ਧੁਰਿ = ਧੁਰ ਦਰਗਾਹ ਤੋਂ। ਲੇਖੁ = (ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ) ਲੇਖ। ਸੁ = ਉਹ ਲੇਖ।3।

ਚੀਨ੍ਹ੍ਹਿ = ਪਛਾਣ ਕੇ। ਨਾਇ = ਨਾਮ ਵਿਚ। ਸਚੈ ਨਾਇ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ। ਸਬਦੇ = ਸ਼ਬਦ ਦੀ ਬਰਕਤਿ ਨਾਲ। ਕੰਚਨੁ = ਸੋਨਾ। ਕੋਟੁ = ਕਿਲਾ। ਅਪਾਰ ਕੋਟੁ = ਬੇਅੰਤ ਪ੍ਰਭੂ ਦਾ ਕਿਲ੍ਹਾ।4।

ਘੋਰੰਧਾਰ = ਘੋਰ ਅੰਧਾਰ, ਘੁੱਪ ਹਨੇਰਾ। ਦੂਜਾ = ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨੂੰ। ਭਾਉ ਕਰਿ = ਪਿਆਰ ਪਾ ਕੇ। ਅੰਧ = ਅੰਨ੍ਹੇ। ਗਵਾਰ = ਮੂਰਖ।5।

ਅਰਥ: ਹੇ ਮੇਰੇ ਮਨ! (ਜਿਹੜਾ ਮਨੁੱਖ ਗੁਰੂ ਦੇ) ਸ਼ਬਦ ਵਿਚ ਰੰਗਿਆ ਜਾਂਦਾ ਹੈ (ਉਸ ਦੇ ਮਨ ਨੂੰ ਪਰਮਾਤਮਾ ਦੀ ਭਗਤੀ ਦਾ) ਰੰਗ ਚੜ੍ਹ ਜਾਂਦਾ ਹੈ। ਉਸ ਨੂੰ ਸਦਾ-ਥਿਰ ਪ੍ਰਭੂ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ, ਉਸ ਦੀ ਸੋਭਾ ਸਦਾ ਲਈ (ਲੋਕ ਪਰਲੋਕ ਵਿਚ) ਖਿਲਰ ਜਾਂਦੀ ਹੈ। (ਉਸ ਮਨੁੱਖ ਦਾ ਸਰੀਰ) ਪਰਮਾਤਮਾ ਦਾ ਕਦੇ ਨਾਹ ਡੋਲਣ ਵਾਲਾ ਘਰ ਬਣ ਜਾਂਦਾ ਹੈ (ਉਸ ਦਾ ਸਰੀਰ ਅਜਿਹਾ 'ਹਰਿ ਮੰਦਰ' ਬਣ ਜਾਂਦਾ ਹੈ ਜਿਸ ਨੂੰ ਵਿਕਾਰਾਂ ਦਾ ਝੱਖੜ ਹਿਲਾ ਨਹੀਂ ਸਕਦਾ) ।1। ਰਹਾਉ।

ਹੇ ਭਾਈ! ਤੂੰ ਗੁਰੂ ਦੀ ਕਿਰਪਾ ਨਾਲ ਵੇਖ, ਪਰਮਾਤਮਾ ਦਾ ਘਰ ਤੇਰੇ ਨਾਲ ਹੈ (ਤੇਰੇ ਅੰਦਰ ਹੀ ਹੈ। ਇਸ) 'ਹਰਿ ਮੰਦਰ' ਨੂੰ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਲੱਭਿਆ ਜਾ ਸਕਦਾ ਹੈ (ਹੇ ਭਾਈ! ਗੁਰੂ ਦੇ ਸ਼ਬਦ ਵਿਚ ਜੁੜ, ਅਤੇ) ਪਰਮਾਤਮਾ ਦਾ ਨਾਮ ਆਪਣੇ ਅੰਦਰ ਸਾਂਭ ਕੇ ਰੱਖ।1।

ਹੇ ਭਾਈ! (ਮਨੁੱਖ ਦਾ) ਇਹ ਸਰੀਰ 'ਹਰਿ-ਮੰਦਰ' ਹੈ (ਪਰ ਇਹ ਭੇਤ ਸਤਿਗੁਰੂ ਦੀ ਬਖ਼ਸ਼ੀ) ਆਤਮਕ ਜੀਵਨ ਦੀ ਕੀਮਤੀ ਸੂਝ ਦੀ ਰਾਹੀਂ ਖੁਲ੍ਹਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ (ਜਗਤ ਦੇ) ਮੂਲ (ਪਰਮਾਤਮਾ) ਨਾਲ ਸਾਂਝ ਨਹੀਂ ਪਾਂਦੇ (ਇਸ ਵਾਸਤੇ ਉਹ ਸਮਝਦੇ ਹਨ ਕਿ) ਮਨੁੱਖ ਦੇ ਅੰਦਰ 'ਹਰਿ-ਮੰਦਰ' ਨਹੀਂ ਹੋ ਸਕਦਾ।2।

ਹੇ ਭਾਈ! (ਇਹ ਮਨੁੱਖਾ ਸਰੀਰ) 'ਹਰਿ-ਮੰਦਰ' ਪ੍ਰਭੂ ਜੀ ਨੇ ਆਪ ਬਣਾਇਆ ਹੈ (ਅਤੇ ਆਪਣੇ) ਹੁਕਮ ਨਾਲ ਸਜਾ ਰੱਖਿਆ ਹੈ। ਧੁਰ ਦਰਗਾਹ ਤੋਂ (ਹਰੇਕ ਮਨੁੱਖ ਦੇ ਕੀਤੇ ਕਰਮਾਂ ਅਨੁਸਾਰ ਜਿਹੜਾ) ਲੇਖ (ਹਰੇਕ ਸਰੀਰ = ਹਰਿ-ਮੰਦਰ ਵਿਚ) ਲਿਖਿਆ ਜਾਂਦਾ ਹੈ ਉਸ ਲੇਖ ਅਨੁਸਾਰ ਹਰੇਕ ਪ੍ਰਾਣੀ ਨੂੰ ਤੁਰਨਾ ਪੈਂਦਾ ਹੈ। ਕੋਈ ਮਨੁੱਖ (ਆਪਣੇ ਕਿਸੇ ਉੱਦਮ ਨਾਲ ਉਸ ਲੇਖ ਨੂੰ) ਮਿਟਾਣ ਜੋਗਾ ਨਹੀਂ ਹੈ।3।

ਹੇ ਭਾਈ! (ਗੁਰੂ ਦੇ ਸ਼ਬਦ ਦੀ ਰਾਹੀਂ) ਸਦਾ-ਥਿਰ ਹਰਿ-ਨਾਮ ਵਿਚ (ਜਿਸ ਮਨੁੱਖ ਨੇ) ਪਿਆਰ ਪਾਇਆ, ਉਸ ਨੇ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਆਤਮਕ ਆਨੰਦ ਪ੍ਰਾਪਤ ਕੀਤਾ। (ਉਸ ਮਨੁੱਖ ਦਾ ਸਰੀਰ-) ਹਰਿ-ਮੰਦਰ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਸੋਹਣਾ ਬਣ ਗਿਆ, (ਉਹ ਹਰਿ-ਮੰਦਰ) ਬੇਅੰਤ ਪ੍ਰਭੂ (ਦੇ ਨਿਵਾਸ) ਵਾਸਤੇ (ਮਾਨੋ) ਸੋਨੇ ਦਾ ਕਿਲ੍ਹਾ ਬਣ ਗਿਆ।4।

ਹੇ ਭਾਈ! ਇਹ ਸਾਰਾ ਸੰਸਾਰ ਭੀ 'ਹਰਿ-ਮੰਦਰ' ਹੀ ਹੈ (ਪਰਮਾਤਮਾ ਦੇ ਰਹਿਣ ਦਾ ਘਰ ਹੈ) । ਪਰ ਗੁਰੂ (ਦੀ ਸਰਨ) ਤੋਂ ਬਿਨਾ (ਆਤਮਕ ਜੀਵਨ ਵਲੋਂ) ਘੁੱਪ ਹਨੇਰਾ ਬਣਿਆ ਰਹਿੰਦਾ ਹੈ (ਤੇ, ਜੀਵਾਂ ਨੂੰ ਇਸ ਭੇਤ ਦੀ ਸਮਝ ਨਹੀਂ ਪੈਂਦੀ) । ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ, ਆਤਮਕ ਜੀਵਨ ਵਲੋਂ ਅੰਨ੍ਹੇ ਹੋਏ ਹੋਏ ਮੂਰਖ ਮਨੁੱਖ (ਪਰਮਾਤਮਾ ਤੋਂ ਬਿਨਾ) ਹੋਰ ਨਾਲ ਪਿਆਰ ਪਾ ਕੇ ਉਸ ਨੂੰ ਪੂਜਦੇ-ਸਤਕਾਰਦੇ ਰਹਿੰਦੇ ਹਨ।5।

ਜਿਥੈ ਲੇਖਾ ਮੰਗੀਐ ਤਿਥੈ ਦੇਹ ਜਾਤਿ ਨ ਜਾਇ ॥ ਸਾਚਿ ਰਤੇ ਸੇ ਉਬਰੇ ਦੁਖੀਏ ਦੂਜੈ ਭਾਇ ॥੬॥ ਹਰਿ ਮੰਦਰ ਮਹਿ ਨਾਮੁ ਨਿਧਾਨੁ ਹੈ ਨਾ ਬੂਝਹਿ ਮੁਗਧ ਗਵਾਰ ॥ ਗੁਰ ਪਰਸਾਦੀ ਚੀਨ੍ਹ੍ਹਿਆ ਹਰਿ ਰਾਖਿਆ ਉਰਿ ਧਾਰਿ ॥੭॥ ਗੁਰ ਕੀ ਬਾਣੀ ਗੁਰ ਤੇ ਜਾਤੀ ਜਿ ਸਬਦਿ ਰਤੇ ਰੰਗੁ ਲਾਇ ॥ ਪਵਿਤੁ ਪਾਵਨ ਸੇ ਜਨ ਨਿਰਮਲ ਹਰਿ ਕੈ ਨਾਮਿ ਸਮਾਇ ॥੮॥ ਹਰਿ ਮੰਦਰੁ ਹਰਿ ਕਾ ਹਾਟੁ ਹੈ ਰਖਿਆ ਸਬਦਿ ਸਵਾਰਿ ॥ ਤਿਸੁ ਵਿਚਿ ਸਉਦਾ ਏਕੁ ਨਾਮੁ ਗੁਰਮੁਖਿ ਲੈਨਿ ਸਵਾਰਿ ॥੯॥ ਹਰਿ ਮੰਦਰ ਮਹਿ ਮਨੁ ਲੋਹਟੁ ਹੈ ਮੋਹਿਆ ਦੂਜੈ ਭਾਇ ॥ ਪਾਰਸਿ ਭੇਟਿਐ ਕੰਚਨੁ ਭਇਆ ਕੀਮਤਿ ਕਹੀ ਨ ਜਾਇ ॥੧੦॥ ਹਰਿ ਮੰਦਰ ਮਹਿ ਹਰਿ ਵਸੈ ਸਰਬ ਨਿਰੰਤਰਿ ਸੋਇ ॥ ਨਾਨਕ ਗੁਰਮੁਖਿ ਵਣਜੀਐ ਸਚਾ ਸਉਦਾ ਹੋਇ ॥੧੧॥੧॥ {ਪੰਨਾ 1346}

ਪਦ ਅਰਥ: ਮੰਗੀਐ = ਮੰਗਿਆ ਜਾਂਦਾ ਹੈ। ਦੇਹ = ਸਰੀਰ। ਜਾਇ = ਜਾਂਦੀ। ਸਾਚਿ = ਸਦਾ-ਥਿਰ ਪ੍ਰਭੂ ਵਿਚ। ਰਤੇ = ਰੰਗੇ ਹੋਏ। ਸੇ = ਉਹ (ਬਹੁ-ਵਚਨ) । ਉਬਰੇ = (ਲੇਖੇ ਵਿਚ) ਸੁਰਖ਼ਰੂ ਹੋ ਜਾਂਦੇ ਹਨ। ਦੂਜੈ ਭਾਇ = (ਪ੍ਰਭੂ ਤੋਂ ਬਿਨਾ) ਹੋਰ ਦੇ ਪਿਆਰ ਵਿਚ।6।

ਨਿਧਾਨੁ = ਖ਼ਜ਼ਾਨਾ। ਬੂਝਹਿ = ਸਮਝਦੇ (ਬਹੁ-ਵਚਨ) । ਪਰਸਾਦੀ = ਕਿਰਪਾ ਨਾਲ। ਚੀਨ੍ਹ੍ਹਿਆ = ਪਛਾਣਿਆ। ਉਰਿ = ਹਿਰਦੇ ਵਿਚ। ਰਾਖਿਆ ਧਾਰਿ = ਟਿਕਾ ਕੇ ਰੱਖਿਆ।7।

ਤੇ = ਤੋਂ। ਜਾਤੀ = (ਕਦਰ) ਸਮਝ ਲਈ। ਜਿ = ਜਿਹੜੇ ਮਨੁੱਖ। ਰਤੇ = ਰੰਗੇ ਹੋਏ। ਰੰਗ ਲਾਇ = ਪਿਆਰ ਬਣਾ ਕੇ। ਪਾਵਨ = ਪਵਿੱਤਰ। ਕੈ ਨਾਮਿ = ਦੇ ਨਾਮ ਵਿਚ। ਸਮਾਇ = ਲੀਨ ਹੋ ਕੇ।8।

ਹਾਟੁ = ਦੁਕਾਨ, ਹੱਟ। ਸਬਦਿ = ਸ਼ਬਦ ਦੀ ਰਾਹੀਂ। ਸਵਾਰਿ = ਸਜਾ ਕੇ। ਤਿਸੁ ਵਿਚਿ = ਉਸ (ਸਰੀਰ-) ਹੱਟ ਵਿਚ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਲੈਨਿ = ਲੈਂਦੇ ਹਨ (ਬਹੁ-ਵਚਨ) ।9।

ਲੋਹਟੁ = ਲੋਹਾ। ਮੋਹਿਆ = ਠੱਗਿਆ ਹੋਇਆ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਪਾਰਸਿ ਭੇਟਿਐ = ਜੇ (ਗੁਰੂ-) ਪਾਰਸ ਨੂੰ ਮਿਲ ਪਏ। ਕੰਚਨੁ = ਸੋਨਾ।10।

ਸਰਬ ਨਿਰੰਤਰਿ = ਸਭ ਜੀਵਾਂ ਦੇ ਅੰਦਰ ਇਕ-ਰਸ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਵਣਜੀਐ = ਵਣਜ ਕੀਤਾ ਜਾ ਸਕਦਾ ਹੈ।11।

ਅਰਥ: ਹੇ ਭਾਈ! ਜਿੱਥੇ (ਪਰਮਾਤਮਾ ਦੀ ਦਰਗਾਹ ਵਿਚ ਮਨੁੱਖ ਪਾਸੋਂ ਉਸ ਦੇ ਕੀਤੇ ਕਰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ ਉਥੇ (ਮਨੁੱਖ ਦੇ ਨਾਲ) ਨਾਹ (ਇਹ) ਸਰੀਰ ਜਾਂਦਾ ਹੈ ਨਾਹ (ਉੱਚੀ ਨੀਵੀਂ) ਜਾਤਿ ਜਾਂਦੀ ਹੈ। (ਜਿਹੜੇ ਮਨੁੱਖ) ਸਦਾ-ਥਿਰ ਹਰਿ-ਨਾਮ ਵਿਚ ਰੰਗੇ ਰਹਿੰਦੇ ਹਨ, ਉਹ (ਉਥੇ ਲੇਖਾ ਹੋਣ ਸਮੇ) ਸੁਰਖ਼ਰੂ ਹੋ ਜਾਂਦੇ ਹਨ, (ਜਿਹੜੇ) ਮਾਇਆ ਦੇ ਪਿਆਰ ਵਿਚ (ਹੀ ਜ਼ਿੰਦਗੀ ਦੇ ਦਿਨ ਗੁਜ਼ਾਰ ਜਾਂਦੇ ਹਨ, ਉਹ ਉਥੇ) ਦੁਖੀ ਹੁੰਦੇ ਹਨ।6।

ਹੇ ਭਾਈ! (ਇਸ ਸਰੀਰ-) 'ਹਰਿ-ਮੰਦਰ' ਵਿਚ ਪਰਮਾਤਮਾ ਦਾ ਨਾਮ (ਮਨੁੱਖ ਵਾਸਤੇ) ਖ਼ਜ਼ਾਨਾ ਹੈ, ਪਰ ਮੂਰਖ ਬੰਦੇ (ਇਹ ਗੱਲ) ਨਹੀਂ ਸਮਝਦੇ। ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ (ਇਹ ਭੇਤ) ਸਮਝ ਲਿਆ, ਉਹਨਾਂ ਨੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਸਾਂਭ ਕੇ ਰੱਖ ਲਿਆ।7।

ਹੇ ਭਾਈ! ਜਿਹੜੇ ਮਨੁੱਖ (ਗੁਰੂ ਦੀ ਰਾਹੀਂ ਪਰਮਾਤਮਾ ਨਾਲ) ਪਿਆਰ ਬਣਾ ਕੇ ਗੁਰੂ ਦੇ ਸ਼ਬਦ ਵਿਚ ਰੰਗੇ ਰਹਿੰਦੇ ਹਨ, ਉਹ ਮਨੁੱਖ ਗੁਰੂ ਪਾਸੋਂ ਗੁਰੂ ਦੀ ਬਾਣੀ (ਦੀ ਕਦਰ) ਸਮਝ ਲੈਂਦੇ ਹਨ। ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਲੀਨ ਰਹਿ ਕੇ ਸੁੱਚੇ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ।8।

ਹੇ ਭਾਈ! (ਇਹ ਮਨੁੱਖਾ ਸਰੀਰ) 'ਹਰਿ-ਮੰਦਰ' ਪਰਮਾਤਮਾ (ਦੇ ਨਾਮ-ਵੱਖਰ) ਦਾ ਹੱਟ ਹੈ, ਇਸ (ਹੱਟ) ਨੂੰ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਸਜਾ ਕੇ ਰੱਖਿਆ ਜਾ ਸਕਦਾ ਹੈ। ਇਸ (ਸਰੀਰ ਹੱਟ) ਵਿਚ ਪਰਮਾਤਮਾ ਦਾ ਨਾਮ-ਸੌਦਾ (ਮਿਲ ਸਕਦਾ) ਹੈ। (ਪਰ ਸਿਰਫ਼) ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਹੀ ਆਪਣੇ ਜੀਵਨ ਨੂੰ) ਸੋਹਣਾ ਬਣਾ ਕੇ (ਇਹ ਸੌਦਾ) ਲੈਂਦੇ ਹਨ।9।

ਹੇ ਭਾਈ! (ਜਿਹੜਾ ਮਨੁੱਖ) ਮਾਇਆ ਦੇ ਮੋਹ ਵਿਚ (ਫਸ ਕੇ ਆਤਮਕ ਜੀਵਨ ਦੀ ਰਾਸਿ-ਪੂੰਜੀ) ਲੁਟਾ ਬੈਠਦਾ ਹੈ, (ਉਸ ਦਾ) ਮਨ (ਇਸ ਸਰੀਰ-) ਹਰਿ-ਮੰਦਰ ਵਿਚ ਲੋਹਾ (ਹੀ ਬਣਿਆ ਰਹਿੰਦਾ) ਹੈ। (ਪਰ, ਹਾਂ) ਜੇ ਗੁਰੂ-ਪਾਰਸ ਮਿਲ ਪਏ (ਤਾਂ ਲੋਹੇ ਵਰਗਾ ਨਿਕੰਮਾ ਬਣਿਆ ਉਸ ਦਾ ਮਨ) ਸੋਨਾ ਹੋ ਜਾਂਦਾ ਹੈ (ਫਿਰ ਉਹ ਇਤਨੇ ਉੱਚੇ ਜੀਵਨ ਵਾਲਾ ਹੋ ਜਾਂਦਾ ਹੈ ਕਿ ਉਸ ਦਾ) ਮੁੱਲ ਨਹੀਂ ਦੱਸਿਆ ਜਾ ਸਕਦਾ।10।

ਹੇ ਭਾਈ! (ਇਸ ਸਰੀਰ-) 'ਹਰਿ-ਮੰਦਰ' ਵਿਚ ਪਰਮਾਤਮਾ (ਆਪ) ਵੱਸਦਾ ਹੈ, ਉਹ ਪਰਮਾਤਮਾ ਸਭ ਜੀਵਾਂ ਵਿਚ ਹੀ ਇਕ-ਰਸ ਵੱਸ ਰਿਹਾ ਹੈ। ਹੇ ਨਾਨਕ! (ਸਰਬ-ਨਿਵਾਸੀ ਪ੍ਰਭੂ ਦੇ ਨਾਮ ਦਾ ਸੌਦਾ) ਗੁਰੂ ਦੀ ਰਾਹੀਂ ਵਣਜਿਆ ਜਾ ਸਕਦਾ ਹੈ। ਇਹ ਸੌਦਾ ਸਦਾ ਕਾਇਮ ਰਹਿਣ ਵਾਲਾ ਸੌਦਾ ਹੈ।11।1।

ਪ੍ਰਭਾਤੀ ਮਹਲਾ ੩ ॥ ਭੈ ਭਾਇ ਜਾਗੇ ਸੇ ਜਨ ਜਾਗ੍ਰਣ ਕਰਹਿ ਹਉਮੈ ਮੈਲੁ ਉਤਾਰਿ ॥ ਸਦਾ ਜਾਗਹਿ ਘਰੁ ਅਪਣਾ ਰਾਖਹਿ ਪੰਚ ਤਸਕਰ ਕਾਢਹਿ ਮਾਰਿ ॥੧॥ ਮਨ ਮੇਰੇ ਗੁਰਮੁਖਿ ਨਾਮੁ ਧਿਆਇ ॥ ਜਿਤੁ ਮਾਰਗਿ ਹਰਿ ਪਾਈਐ ਮਨ ਸੇਈ ਕਰਮ ਕਮਾਇ ॥੧॥ ਰਹਾਉ ॥ ਗੁਰਮੁਖਿ ਸਹਜ ਧੁਨਿ ਊਪਜੈ ਦੁਖੁ ਹਉਮੈ ਵਿਚਹੁ ਜਾਇ ॥ ਹਰਿ ਨਾਮਾ ਹਰਿ ਮਨਿ ਵਸੈ ਸਹਜੇ ਹਰਿ ਗੁਣ ਗਾਇ ॥੨॥ ਗੁਰਮਤੀ ਮੁਖ ਸੋਹਣੇ ਹਰਿ ਰਾਖਿਆ ਉਰਿ ਧਾਰਿ ॥ ਐਥੈ ਓਥੈ ਸੁਖੁ ਘਣਾ ਜਪਿ ਹਰਿ ਹਰਿ ਉਤਰੇ ਪਾਰਿ ॥੩॥ ਹਉਮੈ ਵਿਚਿ ਜਾਗ੍ਰਣੁ ਨ ਹੋਵਈ ਹਰਿ ਭਗਤਿ ਨ ਪਵਈ ਥਾਇ ॥ ਮਨਮੁਖ ਦਰਿ ਢੋਈ ਨਾ ਲਹਹਿ ਭਾਇ ਦੂਜੈ ਕਰਮ ਕਮਾਇ ॥੪॥ {ਪੰਨਾ 1346}

ਪਦ ਅਰਥ: ਭੈ = (ਪ੍ਰਭੂ ਦੇ) ਡਰ-ਅਦਬ ਵਿਚ। ਭਾਇ = (ਪ੍ਰਭੂ ਦੇ) ਪਿਆਰ ਵਿਚ। ਜਾਗੇ = (ਜਿਹੜੇ ਮਨੁੱਖ ਕਾਮਾਦਿਕਾਂ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ। ਜਾਗ੍ਰਣ = ਜਾਗਰੇ (ਪਿੰਡਾਂ ਵਿਚ ਕਈ ਲੋਕ 'ਜਾਗਰਾ' ਕਰਾਂਦੇ ਹਨ, ਜਿਸ ਵਿਚ ਦੇਵੀ ਦੇ ਭਗਤ ਝੀਊਰ ਪਹਿਲਾਂ ਦੇਵੀ ਦੀ ਉਸਤਤਿ ਵਿਚ ਗੀਤ ਗਾਂਦੇ ਹਨ, ਫਿਰ ਸਾਰੀ ਰਾਤ ਰਾਮਾਇਣ ਮਹਾਭਾਰਤ ਆਦਿਕ ਦੀਆਂ 'ਵਾਰਾਂ' ਗਾਂਦੇ ਹਨ। ਪਹੁ-ਫੁਟਾਲੇ ਦੇ ਕਰੀਬ ਫਿਰ ਦੇਵੀ ਦੀ ਉਸਤਤਿ ਗਾਈ ਜਾਂਦੀ ਹੈ, ਤੇ, 'ਜਾਗਰਾ' ਖ਼ਤਮ ਹੋ ਜਾਂਦਾ ਹੈ। ਆਮ ਤੌਰ ਤੇ ਕੋਈ ਸੁੱਖਣਾ ਸੁੱਖਣ ਤੇ 'ਜਾਗਰਾ' ਕਰਾਂਦੇ ਹਨ) । ਕਰਹਿ = ਕਰਦੇ ਹਨ। ਉਤਾਰਿ = ਲਾਹ ਕੇ, ਦੂਰ ਕਰ ਕੇ। ਜਾਗਹਿ = ਸੁਚੇਤ ਰਹਿੰਦੇ ਹਨ। ਤਸਕਰ = ਚੋਰ। ਮਾਰਿ = ਮਾਰ ਕੇ।1।

ਮਨ = ਹੇ ਮਨ! ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਧਿਆਇ = ਸਿਮਰਿਆ ਕਰ। ਜਿਤੁ ਮਾਰਗਿ = ਜਿਸ ਰਸਤੇ ਤੇ। ਪਾਈਐ = ਮਿਲ ਸਕੇ। ਮਨ = ਹੇ ਮਨ! ਕਮਾਇ = ਕਰ।1। ਰਹਾਉ।

ਗੁਰਮੁਖਿ = ਗੁਰੂ ਦੀ ਸਰਨ ਪਿਆਂ। ਸਹਜ ਧੁਨਿ = ਆਤਮਕ ਅਡੋਲਤਾ ਦੀ ਰੌ। ਵਿਚਹੁ = ਮਨ ਵਿਚੋਂ। ਜਾਇ = ਦੂਰ ਹੋ ਜਾਂਦਾ ਹੈ। ਮਨਿ = ਮਨ ਵਿਚ। ਸਹਜੇ = ਆਤਮਕ ਅਡੋਲਤਾ ਵਿਚ। ਗਾਇ = ਗਾ ਕੇ।2।

ਉਰਿ = ਹਿਰਦੇ ਵਿਚ। ਐਥੈ = ਇਸ ਲੋਕ ਵਿਚ। ਓਥੈ = ਪਰਲੋਕ ਵਿਚ। ਘਣਾ = ਬਹੁਤ। ਜਪਿ = ਜਪ ਕੇ।3।

ਜਾਗ੍ਰਣੁ = ਜਾਗਰਾ। ਨ ਹੋਵਈ = ਨ ਹੋਵੈ, ਨਹੀਂ ਹੋ ਸਕਦਾ। ਨ ਪਵਈ = ਨ ਪਵੈ, ਨਹੀਂ ਪੈਂਦੀ। ਥਾਇ = ਥਾਂ ਵਿਚ, ਕਬੂਲ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਦਰਿ = (ਪ੍ਰਭੂ ਦੇ) ਦਰ ਤੇ। ਢੋਈ = ਥਾਂ, ਆਸਰਾ। ਭਾਇ ਦੂਜੇ = ਕਿਸੇ ਹੋਰ ਦੇ ਪਿਆਰ ਵਿਚ। ਕਮਾਇ = ਕਮਾ ਕੇ, ਕਰ ਕੇ।4।

ਅਰਥ: ਹੇ ਮੇਰੇ ਮਨ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰ। ਹੇ ਮਨ! (ਹੋਰ ਹੋਰ ਪੂਜਾ ਦੇ ਕਰਮ ਛੱਡ ਕੇ) ਉਹੀ ਕਰਮ ਕਰਿਆ ਕਰ, ਜਿਸ ਰਸਤੇ ਪਿਆਂ ਪਰਮਾਤਮਾ ਦਾ ਮਿਲਾਪ ਹੋ ਸਕੇ।1। ਰਹਾਉ।

ਹੇ ਭਾਈ! ਜਿਹੜੇ ਮਨੁੱਖ ਪਰਮਾਤਮਾ ਦੇ ਡਰ-ਅਦਬ ਵਿਚ ਰਹਿ ਕੇ ਪਰਮਾਤਮਾ ਦੇ ਪਿਆਰ ਵਿਚ ਟਿਕ ਕੇ (ਕਾਮਾਦਿਕ ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ, ਉਹ ਬੰਦੇ ਹੀ (ਆਪਣੇ ਮਨ ਤੋਂ) ਹਉਮੈ ਦੀ ਮੈਲ ਲਾਹ ਕੇ (ਅਸਲ) ਜਾਗਰੇ ਕਰਦੇ ਹਨ (ਅਜਿਹੇ ਮਨੁੱਖ) ਸਦਾ ਸੁਚੇਤ ਰਹਿੰਦੇ ਹਨ, ਆਪਣਾ ਹਿਰਦਾ-ਘਰ (ਵਿਕਾਰ ਦੀ ਮਾਰ ਤੋਂ) ਬਚਾ ਰੱਖਦੇ ਹਨ (ਇਹਨਾਂ ਕਾਮਾਦਕਿ) ਪੰਜ ਚੋਰਾਂ ਨੂੰ (ਆਪਣੇ ਅੰਦਰੋਂ) ਮਾਰ ਕੇ ਕੱਢ ਦੇਂਦੇ ਹਨ।1।

ਹੇ ਭਾਈ! ਗੁਰੂ ਦੀ ਸਰਨ ਪਿਆਂ (ਮਨੁੱਖ ਦੇ ਅੰਦਰ) ਆਤਮਕ ਅਡੋਲਤਾ ਦੀ ਰੌ ਚੱਲ ਪੈਂਦੀ ਹੈ (ਮਨੁੱਖ ਦੇ ਅੰਦਰੋਂ) ਹਉਮੈ ਦਾ ਦੁੱਖ ਦੂਰ ਹੋ ਜਾਂਦਾ ਹੈ। ਆਤਮਕ ਅਡੋਲਤਾ ਵਿਚ ਪਰਮਾਤਮਾ ਦੇ ਗੁਣ ਗਾ ਗਾ ਕੇ ਪਰਮਾਤਮਾ ਦਾ ਨਾਮ ਸਦਾ ਲਈ (ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ।2।

ਹੇ ਭਾਈ! ਗੁਰੂ ਦੀ ਮਤਿ ਉੱਤੇ ਤੁਰ ਕੇ (ਜਿਨ੍ਹਾਂ ਮਨੁੱਖਾਂ ਨੇ) ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ, ਉਹਨਾਂ ਦੇ ਮੂੰਹ (ਲੋਕ ਪਰਲੋਕ ਵਿਚ) ਸੋਹਣੇ ਹੋ ਜਾਂਦੇ ਹਨ। (ਉਹਨਾਂ ਨੂੰ) ਇਸ ਲੋਕ ਅਤੇ ਪਰਲੋਕ ਵਿਚ ਬਹੁਤ ਆਨੰਦ ਮਿਲਦਾ ਹੈ, ਪਰਮਾਤਮਾ ਦਾ ਨਾਮ ਸਦਾ ਜਪ ਕੇ ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।3।

ਹੇ ਭਾਈ! ਹਉਮੈ ਵਿਚ ਫਸੇ ਰਿਹਾਂ (ਵਿਕਾਰਾਂ ਵਲੋਂ) ਜਾਗਰਾ ਨਹੀਂ ਹੋ ਸਕਦਾ, (ਹਉਮੈ ਵਿਚ ਟਿਕੇ ਰਹਿ ਕੇ ਕੀਤੀ ਹੋਈ) ਪਰਮਾਤਮਾ ਦੀ ਭਗਤੀ (ਭੀ) ਕਬੂਲ ਨਹੀਂ ਹੁੰਦੀ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਪ੍ਰਭੂ ਤੋਂ ਬਿਨਾ) ਹੋਰ ਹੋਰ ਦੇ ਪਿਆਰ ਵਿਚ ਕਰਮ ਕਰ ਕੇ ਪਰਮਾਤਮਾ ਦੇ ਦਰ ਤੇ ਆਸਰਾ ਨਹੀਂ ਲੱਭ ਸਕਦੇ।4।

TOP OF PAGE

Sri Guru Granth Darpan, by Professor Sahib Singh