ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1347 ਧ੍ਰਿਗੁ ਖਾਣਾ ਧ੍ਰਿਗੁ ਪੈਨ੍ਹ੍ਹਣਾ ਜਿਨ੍ਹ੍ਹਾ ਦੂਜੈ ਭਾਇ ਪਿਆਰੁ ॥ ਬਿਸਟਾ ਕੇ ਕੀੜੇ ਬਿਸਟਾ ਰਾਤੇ ਮਰਿ ਜੰਮਹਿ ਹੋਹਿ ਖੁਆਰੁ ॥੫॥ ਜਿਨ ਕਉ ਸਤਿਗੁਰੁ ਭੇਟਿਆ ਤਿਨਾ ਵਿਟਹੁ ਬਲਿ ਜਾਉ ॥ ਤਿਨ ਕੀ ਸੰਗਤਿ ਮਿਲਿ ਰਹਾਂ ਸਚੇ ਸਚਿ ਸਮਾਉ ॥੬॥ ਪੂਰੈ ਭਾਗਿ ਗੁਰੁ ਪਾਈਐ ਉਪਾਇ ਕਿਤੈ ਨ ਪਾਇਆ ਜਾਇ ॥ ਸਤਿਗੁਰ ਤੇ ਸਹਜੁ ਊਪਜੈ ਹਉਮੈ ਸਬਦਿ ਜਲਾਇ ॥੭॥ ਹਰਿ ਸਰਣਾਈ ਭਜੁ ਮਨ ਮੇਰੇ ਸਭ ਕਿਛੁ ਕਰਣੈ ਜੋਗੁ ॥ ਨਾਨਕ ਨਾਮੁ ਨ ਵੀਸਰੈ ਜੋ ਕਿਛੁ ਕਰੈ ਸੁ ਹੋਗੁ ॥੮॥੨॥੭॥੨॥੯॥ {ਪੰਨਾ 1347} ਪਦ ਅਰਥ: ਧ੍ਰਿਗੁ = ਫਿਟਕਾਰ-ਜੋਗ। ਦੂਜੈ ਭਾਇ = (ਪ੍ਰਭੂ ਤੋਂ ਬਿਨਾ) ਹੋਰ ਦੇ ਮੋਹ ਵਿਚ। ਰਾਤੇ = ਮਸਤ। ਮਰਿ ਜੰਮਹਿ = ਮਰ ਕੇ ਜੰਮਦੇ ਹਨ, ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ। ਹੋਹਿ = ਹੁੰਦੇ ਹਨ (ਬਹੁ-ਵਚਨ) ।5। ਭੇਟਿਆ = ਮਿਲ ਪਿਆ। ਵਿਟਹੁ = ਤੋਂ। ਬਲਿ ਜਾਉ = ਬਲਿ ਜਾਉਂ, ਮੈਂ ਕੁਰਬਾਨ ਜਾਂਦਾ ਹਾਂ। ਮਿਲਿ ਰਹਾਂ = ਮੈਂ ਮਿਲਿਆ ਰਹਾਂ। ਸਚੇ ਸਚਿ = ਹਰ ਵੇਲੇ ਸਦਾ-ਥਿਰ ਪ੍ਰਭੂ ਵਿਚ। ਸਮਾਉ = ਸਮਾਉਂ, ਮੈਂ ਲੀਨ ਰਹਾਂ।6। ਭਾਗਿ = ਕਿਸਮਤ ਨਾਲ। ਪਾਈਐ = ਮਿਲਦਾ ਹੈ। ਉਪਾਇ ਕਿਤੈ = ਕਿਸੇ (ਹੋਰ) ਹੀਲੇ ਨਾਲ। ਤੇ = ਤੋਂ, ਪਾਸੋਂ। ਸਹਜੁ = ਆਤਮਕ ਅਡਲੋਤਾ। ਸਬਦਿ = (ਗੁਰੂ ਦੇ) ਸ਼ਬਦ ਦੀ ਰਾਹੀਂ। ਜਲਾਇ = ਸਾੜ ਕੇ।7। ਭਜੁ = ਪਿਆ ਰਹੁ। ਮਨ = ਹੇ ਮਨ! ਕਰਣੈ ਜੋਗੁ = ਕਰਨ ਦੀ ਸਮਰਥਾ ਵਾਲਾ। ਹੋਗੁ = ਹੋਵੇਗਾ।8। ਅਰਥ: ਹੇ ਭਾਈ! ਜਿਨ੍ਹਾਂ ਮਨੁੱਖਾਂ ਦੀ ਲਗਨ ਮਾਇਆ ਦੇ ਮੋਹ ਵਿਚ ਟਿਕੀ ਰਹਿੰਦੀ ਹੈ, (ਉਹਨਾਂ ਦਾ ਚੰਗੇ ਚੰਗੇ ਪਦਾਰਥ) ਖਾਣਾ ਹੰਢਾਣਾ (ਭੀ ਉਹਨਾਂ ਵਾਸਤੇ) ਫਿਟਕਾਰ-ਜੋਗ (ਜੀਵਨ ਹੀ ਬਣਾਂਦਾ) ਹੈ। (ਜਿਵੇਂ) ਗੂੰਹ ਦੇ ਕੀੜੇ ਗੂੰਹ ਵਿਚ ਹੀ ਮਸਤ ਰਹਿੰਦੇ ਹਨ (ਤਿਵੇਂ ਮਾਇਆ ਦੇ ਮੋਹ ਵਿਚ ਫਸੇ ਮਨੁੱਖ ਭੀ ਵਿਕਾਰਾਂ ਦੇ ਗੰਦ ਵਿਚ ਹੀ ਪਏ ਰਹਿੰਦੇ ਹਨ, ਉਹ) ਜਨਮ ਮਰਨ ਦੇ ਗੇੜ ਵਿਚ ਫਸੇ ਰਹਿੰਦੇ ਹਨ ਅਤੇ ਦੁਖੀ ਹੁੰਦੇ ਰਹਿੰਦੇ ਹਨ।5। ਹੇ ਭਾਈ! ਜਿਨ੍ਹਾਂ (ਵਡ-ਭਾਗੀਆਂ) ਨੂੰ ਗੁਰੂ ਮਿਲ ਪੈਂਦਾ ਹੈ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ (ਮੇਰੀ ਤਾਂਘ ਹੈ ਕਿ) ਮੈਂ ਉਹਨਾਂ ਦੀ ਸੰਗਤਿ ਵਿਚ ਟਿਕਿਆ ਰਹਾਂ (ਅਤੇ ਇਸ ਤਰ੍ਹਾਂ) ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਲੀਨ ਰਹਾਂ।6। ਪਰ, ਹੇ ਭਾਈ! ਗੁਰੂ ਵੱਡੀ ਕਿਸਮਤ ਨਾਲ (ਹੀ) ਮਿਲਦਾ ਹੈ, ਕਿਸੇ ਭੀ (ਹੋਰ) ਹੀਲੇ ਨਾਲ ਨਹੀਂ ਲਭਿਆ ਜਾ ਸਕਦਾ। (ਜੇ ਗੁਰੂ ਮਿਲ ਪਏ, ਤਾਂ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਅੰਦਰੋਂ) ਹਉਮੈ ਸਾੜ ਕੇ ਗੁਰੂ ਦੀ ਰਾਹੀਂ (ਅੰਦਰ) ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ।7। ਹੇ ਮੇਰੇ ਮਨ! (ਗੁਰੂ ਦੀ ਰਾਹੀਂ) ਪਰਮਾਤਮਾ ਦੀ ਸਰਨ ਪਿਆ ਰਹੁ। ਪਰਮਾਤਮਾ ਸਭ ਕੁਝ ਕਰਨ ਦੀ ਸਮਰਥਾ ਵਾਲਾ ਹੈ। ਹੇ ਨਾਨਕ! (ਤੂੰ ਸਦਾ ਅਰਦਾਸ ਕਰਦਾ ਰਹੁ ਕਿ ਪਰਮਾਤਮਾ ਦਾ) ਨਾਮ ਨਾਹ ਭੁੱਲ ਜਾਏ, ਹੋਵੇਗਾ ਉਹੀ ਕੁਝ ਜੋ ਉਹ ਆਪ ਕਰਦਾ ਹੈ (ਭਾਵ, ਉਸ ਦਾ ਨਾਮ ਉਸ ਦੀ ਮਿਹਰ ਨਾਲ ਹੀ ਮਿਲੇਗਾ) ।8।2।7।2।9। ਵੇਰਵਾ:
ਅਸਟਪਦੀਆ ਮਹਲਾ 1 . . . . .7 ਬਿਭਾਸ ਪ੍ਰਭਾਤੀ ਮਹਲਾ ੫ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਮਾਤ ਪਿਤਾ ਭਾਈ ਸੁਤੁ ਬਨਿਤਾ ॥ ਚੂਗਹਿ ਚੋਗ ਅਨੰਦ ਸਿਉ ਜੁਗਤਾ ॥ ਉਰਝਿ ਪਰਿਓ ਮਨ ਮੀਠ ਮੋੁਹਾਰਾ ॥ ਗੁਨ ਗਾਹਕ ਮੇਰੇ ਪ੍ਰਾਨ ਅਧਾਰਾ ॥੧॥ ਏਕੁ ਹਮਾਰਾ ਅੰਤਰਜਾਮੀ ॥ ਧਰ ਏਕਾ ਮੈ ਟਿਕ ਏਕਸੁ ਕੀ ਸਿਰਿ ਸਾਹਾ ਵਡ ਪੁਰਖੁ ਸੁਆਮੀ ॥੧॥ ਰਹਾਉ ॥ ਛਲ ਨਾਗਨਿ ਸਿਉ ਮੇਰੀ ਟੂਟਨਿ ਹੋਈ ॥ ਗੁਰਿ ਕਹਿਆ ਇਹ ਝੂਠੀ ਧੋਹੀ ॥ ਮੁਖਿ ਮੀਠੀ ਖਾਈ ਕਉਰਾਇ ॥ ਅੰਮ੍ਰਿਤ ਨਾਮਿ ਮਨੁ ਰਹਿਆ ਅਘਾਇ ॥੨॥ ਲੋਭ ਮੋਹ ਸਿਉ ਗਈ ਵਿਖੋਟਿ ॥ ਗੁਰਿ ਕ੍ਰਿਪਾਲਿ ਮੋਹਿ ਕੀਨੀ ਛੋਟਿ ॥ ਇਹ ਠਗਵਾਰੀ ਬਹੁਤੁ ਘਰ ਗਾਲੇ ॥ ਹਮ ਗੁਰਿ ਰਾਖਿ ਲੀਏ ਕਿਰਪਾਲੇ ॥੩॥ ਕਾਮ ਕ੍ਰੋਧ ਸਿਉ ਠਾਟੁ ਨ ਬਨਿਆ ॥ ਗੁਰ ਉਪਦੇਸੁ ਮੋਹਿ ਕਾਨੀ ਸੁਨਿਆ ॥ ਜਹ ਦੇਖਉ ਤਹ ਮਹਾ ਚੰਡਾਲ ॥ ਰਾਖਿ ਲੀਏ ਅਪੁਨੈ ਗੁਰਿ ਗੋਪਾਲ ॥੪॥ {ਪੰਨਾ 1347} ਪਦ ਅਰਥ: ਭਾਈ = ਭਰਾ। ਸੁਤੁ = ਪੁੱਤਰ। ਬਨਿਤਾ = ਇਸਤ੍ਰੀ। ਚੂਗਹਿ ਚੋਗ = ਚੋਗ ਚੁਗਦੇ ਹਨ, ਭੋਗ ਭੋਗਦੇ ਹਨ (ਬਹੁ-ਵਚਨ) । ਜੁਗਤਾ = ਰਲ ਕੇ। ਉਰਝਿ ਪਰਿਓ = ਫਸਿਆ ਰਹਿੰਦਾ ਹੈ। ਮੋੁਹਾਰਾ = (ਅੱਖਰ 'ਮ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ 'ਮੋਹਾਰਾ' ਹੈ, ਇਥੇ 'ਮੁਹਾਰਾ' ਪੜ੍ਹਨਾ ਹੈ) ਮੋਹ ਦਾ। ਮੀਠ ਮੋੁਹਾਰਾ = ਮੋਹ ਦੀ ਮਿਠਾਸ ਵਿਚ। ਪ੍ਰਾਨ ਅਧਾਰਾ = ਪ੍ਰਾਣਾਂ ਦਾ ਆਸਰਾ। ਗੁਨ ਗਾਹਕ = ਪਰਮਾਤਮਾ ਦੇ ਗੁਣਾਂ ਦੇ ਵਣਜਾਰੇ।1। ਅੰਤਰਜਾਮੀ = ਸਭ ਦੇ ਦਿਲ ਦੀ ਜਾਣਨ ਵਾਲਾ। ਧਰ = ਆਸਰਾ। ਟਿਕ = ਟੇਕ, ਸਹਾਰਾ। ਸਿਰਿ ਸਾਹਾ = ਸ਼ਾਹਾਂ ਦੇ ਸਿਰ ਉੱਤੇ।1। ਰਹਾਉ। ਨਾਗਨਿ = ਸੱਪਣੀ, ਮਾਇਆ। ਟੂਟਨਿ ਹੋਈ = (ਪ੍ਰੀਤ) ਟੁੱਟ ਗਈ ਹੈ। ਗੁਰਿ = ਗੁਰੂ ਨੇ। ਧੋਹੀ = ਧੋਹ ਕਰਨ ਵਾਲੀ, ਠੱਗੀ ਕਰਨ ਵਾਲੀ। ਮੁਖਿ = ਮੂੰਹ ਵਿਚ। ਖਾਈ = ਖਾਧੀ ਹੋਈ। ਕਉਰਾਇ = ਕੌੜਾ ਸੁਆਦ ਦੇਣ ਵਾਲੀ। ਅੰਮ੍ਰਿਤ ਨਾਮਿ = ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ ਵਿਚ। ਰਹਿਆ ਅਘਾਇ = ਰੱਜਿਆ ਪਿਆ ਹੈ।2। ਸਿਉ = ਨਾਲ। ਵਿਖੋਟਿ = (ਵਿ-ਖੋਟਿ। ਖੋਟ ਦੀ ਅਣਹੋਂਦ) ਇਤਬਾਰ। ਗੁਰਿ ਕ੍ਰਿਪਾਲਿ = ਕਿਰਪਾਲ ਗੁਰੂ ਨੇ। ਛੋਟਿ = ਬਖ਼ਸ਼ਸ਼। ਮੋਹਿ = ਮੈਨੂੰ, ਮੇਰੇ ਉੱਤੇ। ਠਗਵਾਰੀ = ਠੱਗਾਂ ਦੀ ਵਾੜੀ ਨੇ, ਠੱਗਾਂ ਦੇ ਟੋਲੇ ਨੇ।3। ਠਾਟੁ = ਮੇਲ। ਮੋਹਿ = ਮੈਂ। ਕਾਨੀ = ਕਾਨੀਂ, ਕੰਨਾਂ ਨਾਲ, ਧਿਆਨ ਨਾਲ। ਜਹ = ਜਿੱਥੇ। ਦੇਖਉ = ਦੇਖਉਂ, ਮੈਂ ਵੇਖਦਾ ਹਾਂ। ਮਹਾ = ਵੱਡੇ। ਅਪੁਨੈ ਗੁਰਿ = ਆਪਣੇ ਗੁਰੂ ਨੇ।4। ਅਰਥ: ਹੇ ਭਾਈ! ਸਭ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ ਹੀ ਮੇਰਾ (ਰਾਖਾ) ਹੈ। ਮੈਨੂੰ ਸਿਰਫ਼ ਪਰਮਾਤਮਾ ਦਾ ਹੀ ਆਸਰਾ ਹੈ, ਮੈਨੂੰ ਸਿਰਫ਼ ਇਕ ਪਰਮਾਤਮਾ ਦਾ ਹੀ ਸਹਾਰਾ ਹੈ। (ਮੇਰਾ) ਉਹ ਮਾਲਕ ਵੱਡੇ ਵੱਡੇ ਬਾਦਸ਼ਾਹਾਂ ਦੇ ਸਿਰ ਉੱਤੇ (ਭੀ) ਖਸਮ ਹੈ।1। ਰਹਾਉ। ਹੇ ਭਾਈ! ਮਾਂ, ਪਿਉ, ਭਰਾ, ਪੁੱਤਰ, ਇਸਤ੍ਰੀ (ਪਰਵਾਰਾਂ ਦੇ ਇਹ ਸਾਰੇ ਸਾਥੀ) ਰਲ ਕੇ ਮੌਜ ਨਾਲ (ਮਾਇਆ ਦੇ) ਭੋਗ ਭੋਗਦੇ ਰਹਿੰਦੇ ਹਨ, (ਸਭਨਾਂ ਦੇ) ਮਨ (ਮਾਇਆ ਦੇ) ਮੋਹ ਦੀ ਮਿਠਾਸ ਵਿਚ ਫਸੇ ਰਹਿੰਦੇ ਹਨ। (ਪਰ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ) ਗੁਣਾਂ ਦੇ ਗਾਹਕ (ਸੰਤ-ਜਨ) ਮੇਰੀ ਜ਼ਿੰਦਗੀ ਦਾ ਆਸਰਾ ਬਣ ਗਏ ਹਨ।1। ਹੇ ਭਾਈ! ਗੁਰੂ ਨੇ (ਮੈਨੂੰ) ਦੱਸ ਦਿੱਤਾ ਹੈ ਕਿ ਇਹ (ਮਾਇਆ) ਝੂਠੀ ਹੈ ਤੇ ਠੱਗੀ ਕਰਨ ਵਾਲੀ ਹੈ (ਇਹ ਮਾਇਆ ਉਸ ਚੀਜ਼ ਵਰਗੀ ਹੈ ਜੋ) ਮੂੰਹ ਵਿਚ ਮਿੱਠੀ ਲੱਗਦੀ ਹੈ, ਪਰ ਖਾਧਿਆਂ ਕੌੜਾ ਸੁਆਦ ਦੇਂਦੀ ਹੈ। (ਸੋ, ਗੁਰੂ ਦੀ ਕਿਰਪਾ ਨਾਲ) ਇਸ ਛਲ ਕਰਨ ਵਾਲੀ ਸਪਣੀ (-ਮਾਇਆ) ਨਾਲੋਂ ਮੇਰਾ ਸੰਬੰਧ ਟੁੱਟ ਗਿਆ ਹੈ, ਮੇਰਾ ਮਨ ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ ਨਾਲ ਰੱਜਿਆ ਰਹਿੰਦਾ ਹੈ।1। ਹੇ ਭਾਈ! ਕਿਰਪਾਲ ਗੁਰੂ ਨੇ ਮੇਰੇ ਉੱਤੇ ਬਖ਼ਸ਼ਸ਼ ਕੀਤੀ ਹੈ, ਲੋਭ ਮੋਹ (ਆਦਿਕ) ਨਾਲੋਂ ਮੇਰਾ ਇਤਬਾਰ ਮੁੱਕ ਗਿਆ ਹੈ। ਠੱਗਾਂ ਦੇ ਇਸ ਟੋਲੇ ਨੇ ਅਨੇਕਾਂ ਘਰ (ਹਿਰਦੇ) ਤਬਾਹ ਕਰ ਦਿੱਤੇ ਹਨ। ਮੈਨੂੰ ਤਾਂ (ਇਹਨਾਂ ਪਾਸੋਂ) ਦਇਆ ਦੇ ਸੋਮੇ ਗੁਰੂ ਨੇ ਬਚਾ ਲਿਆ ਹੈ।3। ਹੇ ਭਾਈ! ਗੁਰੂ ਦਾ ਉਪਦੇਸ਼ ਮੈਂ ਬੜੇ ਧਿਆਨ ਨਾਲ ਸੁਣਿਆ ਹੈ, (ਇਸ ਵਾਸਤੇ) ਕਾਮ ਕ੍ਰੋਧ (ਆਦਿਕ) ਨਾਲ ਮੇਰੀ ਸਾਂਝ ਨਹੀਂ ਬਣੀ। ਮੈਂ ਜਿਧਰ ਵੇਖਦਾ ਹਾਂ, ਉਧਰ ਇਹ ਵੱਡੇ ਚੰਡਾਲ (ਆਪਣਾ ਜ਼ੋਰ ਪਾ ਰਹੇ ਹਨ) , ਮੈਨੂੰ ਤਾਂ ਮੇਰੇ ਗੁਰੂ ਨੇ ਗੋਪਾਲ ਨੇ (ਇਹਨਾਂ ਤੋਂ) ਬਚਾ ਲਿਆ ਹੈ।4। ਦਸ ਨਾਰੀ ਮੈ ਕਰੀ ਦੁਹਾਗਨਿ ॥ ਗੁਰਿ ਕਹਿਆ ਏਹ ਰਸਹਿ ਬਿਖਾਗਨਿ ॥ ਇਨ ਸਨਬੰਧੀ ਰਸਾਤਲਿ ਜਾਇ ॥ ਹਮ ਗੁਰਿ ਰਾਖੇ ਹਰਿ ਲਿਵ ਲਾਇ ॥੫॥ ਅਹੰਮੇਵ ਸਿਉ ਮਸਲਤਿ ਛੋਡੀ ॥ ਗੁਰਿ ਕਹਿਆ ਇਹੁ ਮੂਰਖੁ ਹੋਡੀ ॥ ਇਹੁ ਨੀਘਰੁ ਘਰੁ ਕਹੀ ਨ ਪਾਏ ॥ ਹਮ ਗੁਰਿ ਰਾਖਿ ਲੀਏ ਲਿਵ ਲਾਏ ॥੬॥ ਇਨ ਲੋਗਨ ਸਿਉ ਹਮ ਭਏ ਬੈਰਾਈ ॥ ਏਕ ਗ੍ਰਿਹ ਮਹਿ ਦੁਇ ਨ ਖਟਾਂਈ ॥ ਆਏ ਪ੍ਰਭ ਪਹਿ ਅੰਚਰਿ ਲਾਗਿ ॥ ਕਰਹੁ ਤਪਾਵਸੁ ਪ੍ਰਭ ਸਰਬਾਗਿ ॥੭॥ ਪ੍ਰਭ ਹਸਿ ਬੋਲੇ ਕੀਏ ਨਿਆਂਏਂ ॥ ਸਗਲ ਦੂਤ ਮੇਰੀ ਸੇਵਾ ਲਾਏ ॥ ਤੂੰ ਠਾਕੁਰੁ ਇਹੁ ਗ੍ਰਿਹੁ ਸਭੁ ਤੇਰਾ ॥ ਕਹੁ ਨਾਨਕ ਗੁਰਿ ਕੀਆ ਨਿਬੇਰਾ ॥੮॥੧॥ {ਪੰਨਾ 1347} ਪਦ ਅਰਥ: ਦਸ ਨਾਰੀ = ਦਸ ਇੰਦ੍ਰੀਆਂ। ਕਰੀ = ਕਰ ਦਿੱਤੀਆਂ ਹਨ। ਦੁਹਾਗਨਿ = ਛੁੱਟੜ। ਗੁਰਿ = ਗੁਰੂ ਨੇ। ਰਸਹਿ = ਰਸਾਂ ਦੀ। ਬਿਖਾਗਨਿ = ਬਿਖ-ਅਗਨਿ, ਆਤਮਕ ਮੌਤ ਲਿਆਉਣ ਵਾਲੀ ਜ਼ਹਿਰ-ਅੱਗ। ਇਨ ਸਨਬੰਧੀ = ਇਹਨਾਂ (ਰਸਾਂ) ਦੇ ਨਾਲ ਮੇਲ ਰੱਖਣ ਵਾਲਾ। ਰਸਾਤਲਿ = ਨਰਕ ਵਿਚ, ਆਤਮਕ ਮੌਤ ਦੀ ਨੀਵੀਂ ਤੋਂ ਨੀਵੀਂ ਖੱਡ ਵਿਚ। ਜਾਇ = ਜਾ ਪੈਂਦਾ ਹੈ (ਇਕ-ਵਚਨ) । ਲਾਇ = ਲਾ ਕੇ, ਪੈਦਾ ਕਰ ਕੇ।5। ਅਹੰਮੇਵ = (AhzEv = ਮੈਂ ਹੀ ਮੈਂ) ਅਹੰਕਾਰ। ਮਸਲਤਿ = ਸਾਲਾਹ, ਮੇਲ-ਜੋਲ। ਹੋਡੀ = ਜ਼ਿੱਦੀ। ਨੀਘਰੁ = ਨਿਘਰਾ। ਘਰੁ = ਟਿਕਾਣਾ। ਕਹੀ = ਕਿਤੇ ਭੀ।6। ਬੈਰਾਈ = ਓਪਰੇ। ਦੁਇ = ਦੋਵੇਂ ਧਿਰਾਂ ਦਾ। ਖਟਾਂਈ = ਮੇਲ। ਪਹਿ = ਪਾਸ, ਕੋਲ। ਅੰਚਰਿ = (ਗੁਰੂ ਦੇ) ਪੱਲੇ ਨਾਲ। ਲਾਗਿ = ਲੱਗ ਕੇ। ਤਪਾਵਸੁ = ਨਿਆਉਂ। ਪ੍ਰਭ = ਹੇ ਪ੍ਰਭੂ! ਸਰਬਾਗਿ = (svL<) ਹੇ ਸਭ ਕੁਝ ਜਾਣਨ ਵਾਲੇ!।7। ਹਸਿ = ਹੱਸ ਕੇ। ਦੂਤ = ਵੈਰੀ। ਗ੍ਰਿਹੁ = ਸਰੀਰ-ਘਰ। ਠਾਕੁਰੁ = ਮਾਲਕ। ਨਿਬੇਰਾ = ਫ਼ੈਸਲਾ।8। ਅਰਥ: ਹੇ ਭਾਈ! (ਆਪਣੀਆਂ) ਦਸਾਂ ਹੀ ਇੰਦ੍ਰੀਆਂ ਨੂੰ ਮੈਂ ਛੁੱਟੜ ਕਰ ਦਿੱਤਾ ਹੈ (ਰਸਾਂ ਦੀ ਖ਼ੁਰਾਕ ਅਪੜਾਣੀ ਬੰਦ ਕਰ ਦਿੱਤੀ ਹੈ, ਕਿਉਂਕਿ) ਗੁਰੂ ਨੇ (ਮੈਨੂੰ) ਦੱਸਿਆ ਹੈ ਕਿ ਇਹ ਰਸਾਂ ਦੀ ਆਤਮਕ ਮੌਤ ਲਿਆਉਣ ਵਾਲੀ ਅੱਗ ਹੈ, ਇਹਨਾਂ (ਰਸਾਂ) ਨਾਲ ਮੇਲ ਰੱਖਣ ਵਾਲਾ (ਪ੍ਰਾਣੀ) ਆਤਮਕ ਮੌਤ ਦੀ ਨੀਵੀਂ ਖੱਡ ਵਿਚ ਜਾ ਪੈਂਦਾ ਹੈ। ਹੇ ਭਾਈ! ਪਰਮਾਤਮਾ ਦੀ ਲਗਨ ਪੈਦਾ ਕਰ ਕੇ ਗੁਰੂ ਨੇ ਮੈਨੂੰ (ਇਹਨਾਂ ਰਸਾਂ ਤੋਂ ਬਚਾ ਲਿਆ ਹੈ।5। ਹੇ ਭਾਈ! ਮੈਂ ਅਹੰਕਾਰ ਨਾਲ (ਭੀ) ਮੇਲ-ਮਿਲਾਪ ਛੱਡ ਦਿੱਤਾ ਹੈ, ਗੁਰੂ ਨੇ (ਤੈਨੂੰ) ਦੱਸਿਆ ਹੈ ਕਿ ਇਹ (ਅਹੰਕਾਰ) ਮੂਰਖ ਹੈ ਜ਼ਿੱਦੀ ਹੈ (ਅਹੰਕਾਰ ਮਨੁੱਖ ਨੂੰ ਮੂਰਖ ਤੇ ਜ਼ਿੱਦੀ ਬਣਾ ਦੇਂਦਾ ਹੈ) । (ਹੁਣ) ਇਹ (ਅਹੰਕਾਰ) ਬੇ-ਘਰਾ ਹੋ ਗਿਆ ਹੈ (ਮੇਰੇ ਅੰਦਰ) ਇਸ ਨੂੰ ਕੋਈ ਟਿਕਾਣਾ ਨਹੀਂ ਮਿਲਦਾ। ਪ੍ਰਭੂ-ਚਰਨਾਂ ਦੀ ਲਗਨ ਪੈਦਾ ਕਰ ਕੇ ਗੁਰੂ ਨੇ ਮੈਨੂੰ ਇਸ ਅਹੰਕਾਰ ਤੋਂ ਬਚਾ ਲਿਆ ਹੈ।6। ਹੇ ਭਾਈ! ਇਹਨਾਂ (ਕਾਮ ਕ੍ਰੋਧ ਅਹੰਕਾਰ ਆਦਿਕਾਂ) ਨਾਲੋਂ ਮੈਂ ਬੇ-ਵਾਸਤਾ ਹੋ ਗਿਆ ਹਾਂ, ਇੱਕੋ (ਸਰੀਰ) ਘਰ ਵਿਚ ਦੋਹਾਂ ਧਿਰਾਂ ਦਾ ਮੇਲ ਨਹੀਂ ਹੋ ਸਕਦਾ। ਮੈਂ (ਆਪਣੇ ਗੁਰੂ ਦੇ) ਲੜ ਲੱਗ ਕੇ ਪ੍ਰਭੂ ਦੇ ਦਰ ਤੇ ਆ ਗਿਆ ਹਾਂ, (ਤੇ, ਅਰਦਾਸ ਕਰਦਾ ਹਾਂ-) ਹੇ ਸਰਬੱਗ ਪ੍ਰਭੂ! ਤੂੰ ਆਪ ਹੀ ਨਿਆਂ ਕਰ।7। ਹੇ ਭਾਈ! ਪ੍ਰਭੂ ਜੀ ਹੱਸ ਕੇ ਆਖਣ ਲੱਗੇ = ਅਸਾਂ ਨਿਆਂ ਕਰ ਦਿੱਤੇ ਹਨ। ਹੇ ਭਾਈ! ਪ੍ਰਭੂ ਨੇ (ਕਾਮਾਦਿਕ ਇਹ) ਸਾਰੇ ਵੈਰੀ ਮੇਰੀ ਸੇਵਾ ਵਿਚ ਲਾ ਦਿੱਤੇ ਹਨ। ਹੇ ਨਾਨਕ! ਆਖ– ਗੁਰੂ ਨੇ ਇਹ ਫ਼ੈਸਲਾ ਕਰ ਦਿੱਤਾ ਹੈ (ਤੇ ਆਖ ਦਿੱਤਾ ਹੈ-) ਇਹ (ਸਰੀਰ-) ਘਰ ਸਾਰਾ ਤੇਰਾ ਹੈ, ਅਤੇ ਹੁਣ ਤੂੰ ਇਸ ਦਾ ਮਾਲਕ ਹੈਂ (ਕਾਮਾਦਿਕ ਇਸ ਉੱਤੇ ਜ਼ੋਰ ਨਹੀਂ ਪਾ ਸਕਣਗੇ) ।8।1। |
Sri Guru Granth Darpan, by Professor Sahib Singh |