ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1348 ਪ੍ਰਭਾਤੀ ਮਹਲਾ ੫ ॥ ਮਨ ਮਹਿ ਕ੍ਰੋਧੁ ਮਹਾ ਅਹੰਕਾਰਾ ॥ ਪੂਜਾ ਕਰਹਿ ਬਹੁਤੁ ਬਿਸਥਾਰਾ ॥ ਕਰਿ ਇਸਨਾਨੁ ਤਨਿ ਚਕ੍ਰ ਬਣਾਏ ॥ ਅੰਤਰ ਕੀ ਮਲੁ ਕਬ ਹੀ ਨ ਜਾਏ ॥੧॥ ਇਤੁ ਸੰਜਮਿ ਪ੍ਰਭੁ ਕਿਨ ਹੀ ਨ ਪਾਇਆ ॥ ਭਗਉਤੀ ਮੁਦ੍ਰਾ ਮਨੁ ਮੋਹਿਆ ਮਾਇਆ ॥੧॥ ਰਹਾਉ ॥ ਪਾਪ ਕਰਹਿ ਪੰਚਾਂ ਕੇ ਬਸਿ ਰੇ ॥ ਤੀਰਥਿ ਨਾਇ ਕਹਹਿ ਸਭਿ ਉਤਰੇ ॥ ਬਹੁਰਿ ਕਮਾਵਹਿ ਹੋਇ ਨਿਸੰਕ ॥ ਜਮ ਪੁਰਿ ਬਾਂਧਿ ਖਰੇ ਕਾਲੰਕ ॥੨॥ ਘੂਘਰ ਬਾਧਿ ਬਜਾਵਹਿ ਤਾਲਾ ॥ ਅੰਤਰਿ ਕਪਟੁ ਫਿਰਹਿ ਬੇਤਾਲਾ ॥ ਵਰਮੀ ਮਾਰੀ ਸਾਪੁ ਨ ਮੂਆ ॥ ਪ੍ਰਭੁ ਸਭ ਕਿਛੁ ਜਾਨੈ ਜਿਨਿ ਤੂ ਕੀਆ ॥੩॥ ਪੂੰਅਰ ਤਾਪ ਗੇਰੀ ਕੇ ਬਸਤ੍ਰਾ ॥ ਅਪਦਾ ਕਾ ਮਾਰਿਆ ਗ੍ਰਿਹ ਤੇ ਨਸਤਾ ॥ ਦੇਸੁ ਛੋਡਿ ਪਰਦੇਸਹਿ ਧਾਇਆ ॥ ਪੰਚ ਚੰਡਾਲ ਨਾਲੇ ਲੈ ਆਇਆ ॥੪॥ {ਪੰਨਾ 1348} ਪਦ ਅਰਥ: ਮਹਿ = ਵਿਚ। ਕਰਹਿ = ਕਰਦੇ ਹਨ। ਬਿਸਥਾਰਾ = ਖਿਲਾਰਾ (ਕਈ ਰਸਮਾਂ ਦਾ) । ਕਰਿ = ਕਰ ਕੇ। ਤਨਿ = ਸਰੀਰ ਉੱਤੇ। ਚਕ੍ਰ = (ਧਾਰਮਿਕ ਚਿੰਨ੍ਹਾਂ ਦੇ) ਨਿਸ਼ਾਨ। ਅੰਤਰ ਕੀ = (ਮਨ ਦੇ) ਅੰਦਰ ਦੀ। ਕਬ ਹੀ = ਕਦੇ ਭੀ।1। ਇਤੁ = ਇਸ ਦੀ ਰਾਹੀਂ। ਸੰਜਮਿ = ਸੰਜਮ ਦੀ ਰਾਹੀਂ। ਇਤੁ ਸੰਜਮਿ = ਇਸ ਤਰੀਕੇ ਨਾਲ। ਕਿਨ ਹੀ = ਕਿਨਿ ਹੀ, ਕਿਸੇ ਨੇ ਭੀ (ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਨਿ' ਦੀ 'ਿ' ਉੱਡ ਗਈ ਹੈ) । ਭਗਉਤੀ ਮੁਦ੍ਰਾ = ਵਿਸ਼ਨੂ-ਭਗਤੀ ਦੇ ਚਿਹਨ।1। ਰਹਾਉ। ਕਰਹਿ = ਕਰਦੇ ਹਨ (ਬਹੁ-ਵਚਨ) । ਬਾਸਿ = ਵੱਸ ਵਿਚ। ਰੇ = ਹੇ ਭਾਈ! ਨਾਇ = ਨ੍ਹਾ ਕੇ। ਤੀਰਥਿ = (ਕਿਸੇ) ਤੀਰਥ ਉੱਤੇ। ਕਹਹਿ = ਆਖਦੇ ਹਨ। ਸਭਿ = ਸਾਰੇ (ਪਾਪ) । ਬਾਹੁਰਿ = ਮੁੜ, ਫਿਰ। ਨਿਸੰਕ = ਝਾਕਾ ਲਾਹ ਕੇ। ਜਮਪੁਰਿ = ਜਮਰਾਜ ਦੀ ਨਗਰੀ ਵਿਚ। ਬਾਂਧਿ = ਬੰਨ੍ਹ ਕੇ। ਖਰੇ = ਖੜੇ ਜਾਂਦੇ ਹਨ। ਕਾਲੰਕ = ਪਾਪਾਂ ਦੇ ਕਾਰਨ।2। ਘੂਘਰ = ਘੁੰਘਰੂ। ਬਜਾਵਹਿ = ਵਜਾਂਦੇ ਹਨ। ਅੰਤਰਿ = (ਮਨ ਦੇ) ਅੰਦਰ (ਲਫ਼ਜ਼ 'ਅੰਤਰ' ਅਤੇ 'ਅੰਤਰਿ' ਦਾ ਫ਼ਰਕ ਚੇਤੇ ਰੱਖਣ-ਜੋਗ ਹੈ) । ਬੇਤਾਲਾ = (ਸਹੀ ਆਤਮਕ ਜੀਵਨ ਦੇ) ਤਾਲ ਤੋਂ ਖੁੰਝੇ ਹੋਏ। ਵਰਮੀ = ਸੱਪ ਦੀ ਖੁੱਡ। ਮਾਰੀ = ਬੰਦ ਕਰ ਦਿੱਤੀ। ਜਿਨਿ = ਜਿਸ (ਪ੍ਰਭੂ) ਨੇ। ਤੂ = ਤੈਨੂੰ। ਕੀਆ = ਪੈਦਾ ਕੀਤਾ।3। ਪੂੰਅਰ = ਧੂਣੀਆਂ। ਤਾਪ = ਤਪਾਇਆਂ। ਅਪਦਾ = ਬਿਪਤਾ। ਤੇ = ਤੋਂ। ਛੋਡਿ = ਛੱਡ ਕੇ। ਧਾਇਆ = ਦੌੜਦਾ ਫਿਰਦਾ। ਪੰਚ ਚੰਡਾਲ = (ਕਾਮਾਦਿਕ) ਪੰਜੇ ਚੰਦਰੇ ਵਿਕਾਰ। ਨਾਲੇ = ਨਾਲ ਹੀ।4। ਅਰਥ: ਹੇ ਭਾਈ! (ਜੇ) ਮਨ ਮਾਇਆ ਦੇ ਮੋਹ ਵਿਚ ਫਸਿਆ ਰਹੇ, (ਪਰ ਮਨੁੱਖ) ਵਿਸ਼ਨੂ-ਭਗਤੀ ਦੇ ਬਾਹਰਲੇ ਚਿਹਨ (ਆਪਣੇ ਸਰੀਰ ਉੱਤੇ ਬਣਾਂਦਾ ਰਹੇ, ਤਾਂ) ਇਸ ਤਰੀਕੇ ਨਾਲ ਕਿਸੇ ਨੇ ਭੀ ਪ੍ਰਭੂ-ਮਿਲਾਪ ਹਾਸਲ ਨਹੀਂ ਕੀਤਾ।1। ਰਹਾਉ। ਹੇ ਭਾਈ! ਜੇ ਮਨ ਵਿਚ ਕ੍ਰੋਧ ਟਿਕਿਆ ਰਹੇ, ਬਲੀ ਅਹੰਕਾਰ ਵੱਸਿਆ ਰਹੇ, ਪਰ ਕਈ ਧਾਰਮਿਕ ਰਸਮਾਂ ਦੇ ਖਿਲਾਰੇ ਖਿਲਾਰ ਕੇ (ਮਨੁੱਖ ਦੇਵ) ਪੂਜਾ ਕਰਦੇ ਰਹਿਣ ਜੇ (ਤੀਰਥ-ਆਦਿ ਉਤੇ) ਇਸ਼ਨਾਨ ਕਰ ਕੇ ਸਰੀਰ ਉੱਤੇ (ਧਾਰਮਿਕ ਚਿਹਨਾਂ ਦੇ) ਨਿਸ਼ਾਨ ਲਾਏ ਜਾਣ, (ਇਸ ਤਰ੍ਹਾਂ) ਮਨ ਦੀ (ਵਿਕਾਰਾਂ ਦੀ) ਮੈਲ ਕਦੇ ਦੂਰ ਨਹੀਂ ਹੁੰਦੀ।1। ਹੇ ਭਾਈ! (ਜਿਹੜੇ ਮਨੁੱਖ ਕਾਮਾਦਿਕ) ਪੰਜਾਂ ਦੇ ਵੱਸ ਵਿਚ (ਰਹਿ ਕੇ) ਪਾਪ ਕਰਦੇ ਰਹਿੰਦੇ ਹਨ, (ਫਿਰ ਕਿਸੇ) ਤੀਰਥ ਉੱਤੇ ਇਸ਼ਨਾਨ ਕਰ ਕੇ ਆਖਦੇ ਹਨ (ਕਿ ਸਾਡੇ) ਸਾਰੇ (ਪਾਪ) ਲਹਿ ਗਏ ਹਨ, (ਤੇ) ਝਾਕਾ ਲਾਹ ਕੇ ਮੁੜ ਮੁੜ (ਉਹੀ ਪਾਪ) ਕਰੀ ਜਾਂਦੇ ਹਨ (ਤੀਰਥ-ਇਸ਼ਨਾਨ ਉਹਨਾਂ ਨੂੰ ਜਮਰਾਜ ਤੋਂ ਬਚਾ ਨਹੀਂ ਸਕਦਾ, ਉਹ ਤਾਂ ਕੀਤੇ) ਪਾਪਾਂ ਦੇ ਕਾਰਨ ਬੰਨ੍ਹ ਕੇ ਜਮਰਾਜ ਦੇ ਦੇਸ ਵਿਚ ਅਪੜਾਏ ਜਾਂਦੇ ਹਨ।2। ਹੇ ਭਾਈ! (ਜਿਹੜੇ ਮਨੁੱਖ) ਘੁੰਘਰੂ ਬੰਨ੍ਹ ਕੇ (ਕਿਸੇ ਮੂਰਤੀ ਅੱਗੇ ਜਾਂ ਰਾਸਿ ਆਦਿਕ ਵਿਚ) ਤਾਲ ਵਜਾਂਦੇ ਹਨ (ਤਾਲ-ਸਿਰ ਨੱਚਦੇ ਹਨ) , ਪਰ ਉਹਨਾਂ ਦੇ ਮਨ ਵਿਚ ਠੱਗੀ-ਫ਼ਰੇਬ ਹੈ, (ਉਹ ਮਨੁੱਖ ਅਸਲ ਵਿਚ ਸਹੀ ਜੀਵਨ-) ਤਾਲ ਤੋਂ ਖੁੰਝੇ ਫਿਰਦੇ ਹਨ। ਜੇ ਸੱਪ ਦੀ ਖੁੱਡ ਬੰਦ ਕਰ ਦਿੱਤੀ ਜਾਏ, (ਤਾਂ ਇਸ ਤਰ੍ਹਾਂ ਉਸ ਖੁੱਡ ਵਿਚ ਰਹਿਣ ਵਾਲਾ) ਸੱਪ ਨਹੀਂ ਮਰਦਾ। ਹੇ ਭਾਈ! ਜਿਸ ਪਰਮਾਤਮਾ ਨੇ ਪੈਦਾ ਕੀਤਾ ਹੈ ਉਹ (ਤੇਰੇ ਦਿਲ ਦੀ) ਹਰੇਕ ਗੱਲ ਜਾਣਦਾ ਹੈ।3। ਹੇ ਭਾਈ! ਜਿਹੜਾ ਮਨੁੱਖ ਧੂਣੀਆਂ ਤਪਾਂਦਾ ਰਹਿੰਦਾ ਹੈ, ਗੇਰੀ-ਰੰਗੇ ਕੱਪੜੇ ਪਾਈ ਫਿਰਦਾ ਹੈ (ਉਂਝ ਕਿਸੇ) ਬਿਪਤਾ ਦਾ ਮਾਰਿਆ (ਆਪਣੇ) ਘਰੋਂ ਭੱਜਾ ਫਿਰਦਾ ਹੈ ਆਪਣਾ ਵਤਨ ਛੱਡ ਕੇ ਹੋਰ ਹੋਰ ਦੇਸਾਂ ਵਿਚ ਭਟਕਦਾ ਫਿਰਦਾ ਹੈ, (ਅਜਿਹਾ ਮਨੁੱਖ ਕਾਮਾਦਿਕ) ਪੰਜ ਚੰਡਾਲਾਂ ਨੂੰ ਤਾਂ (ਆਪਣੇ ਅੰਦਰ) ਨਾਲ ਹੀ ਲਈ ਫਿਰਦਾ ਹੈ।4। ਕਾਨ ਫਰਾਇ ਹਿਰਾਏ ਟੂਕਾ ॥ ਘਰਿ ਘਰਿ ਮਾਂਗੈ ਤ੍ਰਿਪਤਾਵਨ ਤੇ ਚੂਕਾ ॥ ਬਨਿਤਾ ਛੋਡਿ ਬਦ ਨਦਰਿ ਪਰ ਨਾਰੀ ॥ ਵੇਸਿ ਨ ਪਾਈਐ ਮਹਾ ਦੁਖਿਆਰੀ ॥੫॥ ਬੋਲੈ ਨਾਹੀ ਹੋਇ ਬੈਠਾ ਮੋਨੀ ॥ ਅੰਤਰਿ ਕਲਪ ਭਵਾਈਐ ਜੋਨੀ ॥ ਅੰਨ ਤੇ ਰਹਤਾ ਦੁਖੁ ਦੇਹੀ ਸਹਤਾ ॥ ਹੁਕਮੁ ਨ ਬੂਝੈ ਵਿਆਪਿਆ ਮਮਤਾ ॥੬॥ ਬਿਨੁ ਸਤਿਗੁਰ ਕਿਨੈ ਨ ਪਾਈ ਪਰਮ ਗਤੇ ॥ ਪੂਛਹੁ ਸਗਲ ਬੇਦ ਸਿੰਮ੍ਰਿਤੇ ॥ ਮਨਮੁਖ ਕਰਮ ਕਰੈ ਅਜਾਈ ॥ ਜਿਉ ਬਾਲੂ ਘਰ ਠਉਰ ਨ ਠਾਈ ॥੭॥ ਜਿਸ ਨੋ ਭਏ ਗੋੁਬਿੰਦ ਦਇਆਲਾ ॥ ਗੁਰ ਕਾ ਬਚਨੁ ਤਿਨਿ ਬਾਧਿਓ ਪਾਲਾ ॥ ਕੋਟਿ ਮਧੇ ਕੋਈ ਸੰਤੁ ਦਿਖਾਇਆ ॥ ਨਾਨਕੁ ਤਿਨ ਕੈ ਸੰਗਿ ਤਰਾਇਆ ॥੮॥ ਜੇ ਹੋਵੈ ਭਾਗੁ ਤਾ ਦਰਸਨੁ ਪਾਈਐ ॥ ਆਪਿ ਤਰੈ ਸਭੁ ਕੁਟੰਬੁ ਤਰਾਈਐ ॥੧॥ ਰਹਾਉ ਦੂਜਾ ॥੨॥ {ਪੰਨਾ 1348} ਪਦ ਅਰਥ: ਫਰਾਇ = ਪੜਵਾ ਕੇ। ਹਿਰਾਏ = (ਹੇਰੇ) ਤੱਕਦਾ ਫਿਰਦਾ ਹੈ। ਟੂਕਾ = ਟੁੱਕਰ। ਘਰਿ ਘਰਿ = ਹਰੇਕ ਘਰ ਵਿਚ। ਤੇ = ਤੋਂ। ਚੂਕਾ = ਰਹਿ ਜਾਂਦਾ ਹੈ। ਬਨਿਤਾ = ਇਸਤ੍ਰੀ। ਛੋਡਿ = ਛੱਡ ਕੇ। ਬਦ = ਮੰਦੀ, ਭੈੜੀ। ਨਦਰਿ = ਨਿਗਾਹ। ਵੇਸਿ = ਵੇਸ ਨਾਲ, ਧਾਰਮਿਕ ਪਹਿਰਾਵੇ ਨਾਲ।5। ਮੋਨੀ = ਮੋਨਧਾਰੀ। ਅੰਤਰਿ = ਅੰਦਰ, ਮਨ ਵਿਚ। ਕਲਪ = ਕਲਪਣਾ, ਕਾਮਨਾ। ਤੇ = ਤੋਂ। ਦੇਹੀ = ਸਰੀਰ। ਵਿਆਪਿਆ = ਫਸਿਆ ਹੋਇਆ। ਮਮਤਾ = ਅਪਣੱਤ।6। ਕਿਨੈ = ਕਿਸੇ ਨੇ ਭੀ। ਪਰਮ ਗਤੇ = ਸਭ ਤੋਂ ਉੱਚੀ ਆਤਮਕ ਅਵਸਥਾ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਅਜਾਈ = ਵਿਅਰਥ। ਬਾਲੂ = ਰੇਤ। ਠਉਰ ਠਾਈ = ਥਾਂ-ਥਿੱਤਾ।7। ਜਿਸ ਨੋ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ) । ਗੋੁਬਿੰਦ = (ਅੱਖਰ 'ਗ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ 'ਗੋਬਿੰਦ' ਹੈ, ਇਥੇ 'ਗੁਬਿੰਦ' ਪੜ੍ਹਨਾ ਹੈ) । ਤਿਨਿ = ਉਸ ਨੇ। ਪਾਲਾ = ਪੱਲੇ। ਕੋਟਿ ਮਧੇ = ਕ੍ਰੋੜਾਂ ਵਿਚ। ਤਿਨ ਕੈ ਸੰਗਿ = ਉਹਨਾਂ ਦੀ ਸੰਗਤਿ ਵਿਚ।8। ਭਾਗੁ = ਕਿਸਮਤ। ਤਰੈ = ਪਾਰ ਲੰਘ ਜਾਂਦਾ ਹੈ। ਸਭੁ = ਸਾਰਾ। ਕੁਟੰਬੁ = ਪਰਵਾਰ। ਰਹਾਉ ਦੂਜਾ।2। ਅਰਥ: ਹੇ ਭਾਈ! (ਜਿਹੜਾ ਮਨੁੱਖ ਆਪਣੇ ਵਲੋਂ ਸ਼ਾਂਤੀ ਦੀ ਖ਼ਾਤਰ) ਕੰਨ ਪੜਵਾ ਕੇ (ਜੋਗੀ ਬਣ ਜਾਂਦਾ ਹੈ, ਪਰ ਪੇਟ ਦੀ ਭੁੱਖ ਮਿਟਾਣ ਲਈ ਹੋਰਨਾਂ ਦੇ) ਟੁੱਕਰ ਤੱਕਦਾ ਫਿਰਦਾ ਹੈ, ਹਰੇਕ ਘਰ (ਦੇ ਬੂਹੇ) ਤੇ (ਰੋਟੀ) ਮੰਗਦਾ ਫਿਰਦਾ ਹੈ, ਉਹ (ਸਗੋਂ) ਤ੍ਰਿਪਤੀ ਤੋਂ ਵਾਂਜਿਆ ਰਹਿੰਦਾ ਹੈ। (ਉਹ ਮਨੁੱਖ ਆਪਣੀ) ਇਸਤ੍ਰੀ ਛੱਡ ਕੇ ਪਰਾਈ ਇਸਤ੍ਰੀ ਵੱਲ ਭੈੜੀ ਨਿਗਾਹ ਰੱਖਦਾ ਹੈ। ਹੇ ਭਾਈ! (ਨਿਰੇ) ਧਾਰਮਿਕ ਪਹਿਰਾਵੇ ਨਾਲ (ਪਰਮਾਤਮਾ) ਨਹੀਂ ਮਿਲਦਾ। (ਇਸ ਤਰ੍ਹਾਂ ਸਗੋਂ ਜਿੰਦ) ਬਹੁਤ ਦੁਖੀ ਹੁੰਦੀ ਹੈ।5। ਹੇ ਭਾਈ! (ਜਿਹੜਾ ਮਨੁੱਖ ਆਤਮਕ ਸ਼ਾਂਤੀ ਵਾਸਤੇ ਜੀਭ ਨਾਲ) ਨਹੀਂ ਬੋਲਦਾ, ਮੋਨਧਾਰੀ ਬਣ ਕੇ ਬੈਠ ਜਾਂਦਾ ਹੈ (ਉਸਦੇ) ਅੰਦਰ (ਤਾਂ) ਕਾਮਨਾ ਟਿਕੀ ਰਹਿੰਦੀ ਹੈ (ਜਿਸ ਦੇ ਕਾਰਨ) ਕਈ ਜੂਨਾਂ ਵਿਚ ਉਹ ਭਟਕਾਇਆ ਜਾਂਦਾ ਹੈ। (ਉਹ) ਅੰਨ (ਖਾਣ) ਤੋਂ ਪਰਹੇਜ਼ ਕਰਦਾ ਹੈ, (ਇਸ ਤਰ੍ਹਾਂ) ਸਰੀਰ ਉੱਤੇ ਦੁੱਖ (ਹੀ) ਸਹਾਰਦਾ ਹੈ। (ਜਦ ਤਕ ਮਨੁੱਖ ਪਰਮਾਤਮਾ ਦੀ) ਰਜ਼ਾ ਨੂੰ ਨਹੀਂ ਸਮਝਦਾ, (ਮਾਇਆ ਦੀ) ਮਮਤਾ ਵਿਚ ਫਸਿਆ (ਹੀ) ਰਹਿੰਦਾ ਹੈ।6। ਹੇ ਭਾਈ! ਬੇ-ਸ਼ੱਕ ਵੇਦ ਸਿਮ੍ਰਿਤੀਆਂ (ਆਦਿਕ ਧਰਮ-ਪੁਸਤਕਾਂ) ਨੂੰ ਭੀ ਵਿਚਾਰਦੇ ਰਹੋ, ਗੁਰੂ ਦੇ ਸਰਨ ਤੋਂ ਬਿਨਾ ਕਦੇ ਕਿਸੇ ਨੇ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਕੀਤੀ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਜਿਹੜੇ ਭੀ ਆਪਣੇ ਵਲੋਂ ਧਾਰਮਿਕ) ਕਰਮ ਕਰਦਾ ਹੈ ਵਿਅਰਥ (ਹੀ ਜਾਂਦੇ ਹਨ) , ਜਿਵੇਂ ਰੇਤ ਦੇ ਘਰ ਦਾ ਨਿਸ਼ਾਨ ਹੀ ਮਿਟ ਜਾਂਦਾ ਹੈ।7। ਹੇ ਭਾਈ! ਜਿਸ ਮਨੁੱਖ ਉੱਤੇ ਪਰਮਾਤਮਾ ਦਇਆਵਾਨ ਹੋਇਆ, ਉਸ ਨੇ ਗੁਰੂ ਦਾ ਬਚਨ (ਆਪਣੇ) ਪੱਲੇ ਬੰਨ੍ਹ ਲਿਆ। (ਪਰ ਇਹੋ ਜਿਹਾ) ਸੰਤ ਕ੍ਰੋੜਾਂ ਵਿਚੋਂ ਕੋਈ ਕੋਈ ਵਿਰਲਾ ਹੀ ਵੇਖਣ ਵਿਚ ਆਉਂਦਾ ਹੈ। ਨਾਨਕ (ਤਾਂ) ਇਹੋ ਜਿਹੇ (ਸੰਤ ਜਨਾਂ) ਦੀ ਸੰਗਤਿ ਵਿਚ (ਹੀ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ।8। ਹੇ ਭਾਈ! ਜੇ (ਮੱਥੇ ਦਾ) ਭਾਗ ਜਾਗ ਪਏ ਤਾਂ (ਅਜਿਹੇ ਸੰਤ ਦਾ) ਦਰਸਨ ਪ੍ਰਾਪਤ ਹੁੰਦਾ ਹੈ। (ਦਰਸਨ ਕਰਨ ਵਾਲਾ) ਆਪ ਪਾਰ ਲੰਘਦਾ ਹੈ, ਆਪਣੇ ਸਾਰੇ ਪਰਵਾਰ ਨੂੰ ਭੀ ਪਾਰ ਲੰਘਾ ਲੈਂਦਾ ਹੈ। ਰਹਾਉ ਦੂਜਾ।2। ਪ੍ਰਭਾਤੀ ਮਹਲਾ ੫ ॥ ਸਿਮਰਤ ਨਾਮੁ ਕਿਲਬਿਖ ਸਭਿ ਕਾਟੇ ॥ ਧਰਮ ਰਾਇ ਕੇ ਕਾਗਰ ਫਾਟੇ ॥ ਸਾਧਸੰਗਤਿ ਮਿਲਿ ਹਰਿ ਰਸੁ ਪਾਇਆ ॥ ਪਾਰਬ੍ਰਹਮੁ ਰਿਦ ਮਾਹਿ ਸਮਾਇਆ ॥੧॥ ਰਾਮ ਰਮਤ ਹਰਿ ਹਰਿ ਸੁਖੁ ਪਾਇਆ ॥ ਤੇਰੇ ਦਾਸ ਚਰਨ ਸਰਨਾਇਆ ॥੧॥ ਰਹਾਉ ॥ ਚੂਕਾ ਗਉਣੁ ਮਿਟਿਆ ਅੰਧਿਆਰੁ ॥ ਗੁਰਿ ਦਿਖਲਾਇਆ ਮੁਕਤਿ ਦੁਆਰੁ ॥ ਹਰਿ ਪ੍ਰੇਮ ਭਗਤਿ ਮਨੁ ਤਨੁ ਸਦ ਰਾਤਾ ॥ ਪ੍ਰਭੂ ਜਨਾਇਆ ਤਬ ਹੀ ਜਾਤਾ ॥੨॥ ਘਟਿ ਘਟਿ ਅੰਤਰਿ ਰਵਿਆ ਸੋਇ ॥ ਤਿਸੁ ਬਿਨੁ ਬੀਜੋ ਨਾਹੀ ਕੋਇ ॥ ਬੈਰ ਬਿਰੋਧ ਛੇਦੇ ਭੈ ਭਰਮਾਂ ॥ ਪ੍ਰਭਿ ਪੁੰਨਿ ਆਤਮੈ ਕੀਨੇ ਧਰਮਾ ॥੩॥ ਮਹਾ ਤਰੰਗ ਤੇ ਕਾਂਢੈ ਲਾਗਾ ॥ ਜਨਮ ਜਨਮ ਕਾ ਟੂਟਾ ਗਾਂਢਾ ॥ ਜਪੁ ਤਪੁ ਸੰਜਮੁ ਨਾਮੁ ਸਮ੍ਹ੍ਹਾਲਿਆ ॥ ਅਪੁਨੈ ਠਾਕੁਰਿ ਨਦਰਿ ਨਿਹਾਲਿਆ ॥੪॥ ਪਦ ਅਰਥ: ਸਿਮਰਤ = ਸਿਮਰਦਿਆਂ। ਕਿਲਬਿਖ ਸਭਿ = ਸਾਰੇ ਪਾਪ। ਕਾਗਰ = (ਕਰਮਾਂ ਦੇ ਲੇਖੇ) ਕਾਗ਼ਜ਼। ਫਾਟੇ = ਪਾਟ ਜਾਂਦੇ ਹਨ। ਮਿਲਿ = ਮਿਲ ਕੇ। ਰਸੁ = ਸੁਆਦ, ਆਨੰਦ। ਰਿਦ ਮਾਹਿ = ਹਿਰਦੇ ਵਿਚ।1। ਰਮਤ = ਸਿਮਰਦਿਆਂ। ਸੁਖੁ = ਆਤਮਕ ਆਨੰਦ। ਤੇਰੇ ਦਾਸ ਚਰਨ = ਤੇਰੇ ਦਾਸਾਂ ਦੇ ਚਰਨਾਂ ਦੀ।1। ਰਹਾਉ। ਚੂਕਾ = ਮੁੱਕ ਗਿਆ। ਗਉਣੁ = ਭਟਕਣਾ। ਅੰਧਿਆਰੁ = (ਆਤਮਕ ਜੀਵਨ ਵਲੋਂ ਬੇ-ਸਮਝੀ ਦਾ) ਹਨੇਰਾ। ਗੁਰਿ = ਗੁਰੂ ਨੇ। ਮੁਕਤਿ ਦੁਆਰੁ = ਵਿਕਾਰਾਂ ਵਲੋਂ ਖ਼ਲਾਸੀ ਦਾ ਬੂਹਾ। ਸਦ = ਸਦਾ। ਰਾਤਾ = ਰੰਗਿਆ ਰਹਿੰਦਾ ਹੈ। ਜਨਾਇਆ = ਸਮਝ ਬਖ਼ਸ਼ੀ। ਜਾਤਾ = ਸਮਝਿਆ।2। ਘਟਿ ਘਟਿ = ਹਰੇਕ ਸਰੀਰ ਵਿਚ। ਅੰਤਰਿ = (ਸਭ ਜੀਵਾਂ ਦੇ) ਅੰਦਰ। ਰਵਿਆ = ਵਿਆਪਕ। ਬੀਜੋ = ਦੂਜਾ। ਛੇਦੇ = ਕੱਟੇ ਜਾਂਦੇ ਹਨ। ਭੈ = ਸਾਰੇ ਡਰ (ਲਫ਼ਜ਼ 'ਭਉ' ਤੋਂ ਬਹੁ-ਵਚਨ) । ਪ੍ਰਭਿ = ਪ੍ਰਭੂ ਨੇ। ਪੁੰਨਿਆਤਮੈ = ਪਵਿੱਤਰ ਆਤਮਾ ਵਾਲੇ ਨੇ। ਧਰਮ = ਫ਼ਰਜ਼।3। ਤਰੰਗ = ਲਹਿਰਾਂ। ਤੇ = ਤੋਂ। ਕਾਂਢੈ = ਕੰਢੇ ਤੇ। ਗਾਂਢਾ = ਗੰਢ ਦਿੱਤਾ, ਜੋੜ ਦਿੱਤਾ। ਸਮ੍ਹ੍ਹਾਲਿਆ = ਹਿਰਦੇ ਵਿਚ ਵਸਾ ਲਿਆ। ਠਾਕੁਰਿ = ਠਾਕੁਰ ਨੇ। ਨਦਰਿ ਨਿਹਾਲਿਆ = ਮਿਹਰ ਦੀ ਨਿਗਾਹ ਨਾਲ ਵੇਖਿਆ।4। ਅਰਥ: ਹੇ ਪ੍ਰਭੂ! (ਜਿਹੜਾ ਮਨੁੱਖ) ਤੇਰੇ ਦਾਸਾਂ ਦੇ ਚਰਨਾਂ ਦੀ ਸਰਨ ਆ ਪਿਆ, ਉਸ ਨੇ ਸਦਾ ਤੇਰਾ ਹਰਿ-ਨਾਮ ਸਿਮਰਦਿਆਂ ਆਤਮਕ ਆਨੰਦ ਮਾਣਿਆ।1। ਰਹਾਉ। ਹੇ ਭਾਈ! (ਸੰਤ ਜਨਾਂ ਦੀ ਸਰਨ ਪੈ ਕੇ) ਹਰਿ-ਨਾਮ ਸਿਮਰਦਿਆਂ (ਮਨੁੱਖ ਦੇ) ਸਾਰੇ ਪਾਪ ਕੱਟੇ ਜਾਂਦੇ ਹਨ, ਧਰਮਰਾਜ ਦੇ ਲੇਖੇ ਦੇ ਕਾਗ਼ਜ਼ ਭੀ ਪਾਟ ਜਾਂਦੇ ਹਨ। (ਜਿਸ ਮਨੁੱਖ ਨੇ) ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੇ ਨਾਮ ਦਾ ਆਨੰਦ ਪ੍ਰਾਪਤ ਕੀਤਾ, ਪਰਮਾਤਮਾ ਉਸ ਦੇ ਹਿਰਦੇ ਵਿਚ ਟਿਕ ਗਿਆ।1। ਹੇ ਭਾਈ! (ਜਿਸ ਮਨੁੱਖ ਨੂੰ) ਗੁਰੂ ਨੇ ਵਿਕਾਰਾਂ ਤੋਂ ਖ਼ਲਾਸੀ ਪਾਣ ਦਾ (ਇਹ ਨਾਮ-ਸਿਮਰਨ ਵਾਲਾ) ਰਸਤਾ ਵਿਖਾ ਦਿੱਤਾ, ਉਸ ਦੀ ਭਟਕਣਾ ਮੁੱਕ ਗਈ, (ਉਸ ਦੇ ਅੰਦਰੋਂ ਆਤਮਕ ਜੀਵਨ ਵਲੋਂ ਬੇਸਮਝੀ ਦਾ ਹਨੇਰਾ ਮਿਟ ਗਿਆ, ਉਸ ਦਾ ਮਨ ਉਸ ਦਾ ਤਨ ਪਰਮਾਤਮਾ ਦੀ ਪਿਆਰ-ਭਰੀ ਭਗਤੀ ਵਿਚ ਸਦਾ ਰੰਗਿਆ ਰਹਿੰਦਾ ਹੈ। ਪਰ, ਹੇ ਭਾਈ! ਇਹ ਸੂਝ ਤਦੋਂ ਹੀ ਪੈਂਦੀ ਹੈ ਜਦੋਂ ਪਰਮਾਤਮਾ ਆਪ ਸੂਝ ਬਖ਼ਸ਼ੇ।2। ਹੇ ਭਾਈ! (ਸੰਤ ਜਨਾਂ ਦੀ ਸਰਨ ਪੈ ਕੇ ਹਰਿ-ਨਾਮ ਸਿਮਰਦਿਆਂ ਇਹ ਸਮਝ ਆ ਜਾਂਦੀ ਹੈ ਕਿ) ਹਰੇਕ ਸਰੀਰ ਵਿਚ (ਸਭਨਾਂ ਜੀਵਾਂ ਦੇ) ਅੰਦਰ ਉਹ (ਪਰਮਾਤਮਾ) ਹੀ ਮੌਜੂਦ ਹੈ, ਉਸ (ਪਰਮਾਤਮਾ) ਤੋਂ ਬਿਨਾ ਕੋਈ ਦੂਜਾ ਨਹੀਂ ਹੈ। (ਸਿਮਰਨ ਦੀ ਬਰਕਤਿ ਨਾਲ ਮਨੁੱਖ ਦੇ ਅੰਦਰੋਂ) ਸਾਰੇ ਵੈਰ-ਵਿਰੋਧ ਸਾਰੇ ਡਰ ਭਰਮ ਕੱਟੇ ਜਾਂਦੇ ਹਨ। (ਪਰ ਇਹ ਦਰਜਾ ਉਸੇ ਨੂੰ ਮਿਲਿਆ, ਜਿਸ ਉੱਤੇ) ਪਵਿੱਤਰ ਆਤਮਾ ਵਾਲੇ ਪਰਮਾਤਮਾ ਨੇ ਆਪ ਮਿਹਰ ਕੀਤੀ।3। ਹੇ ਭਾਈ! (ਜਿਸ ਮਨੁੱਖ ਨੂੰ) ਪਿਆਰੇ ਮਾਲਕ-ਪ੍ਰਭੂ ਨੇ ਮਿਹਰ ਦੀ ਨਿਗਾਹ ਨਾਲ ਵੇਖਿਆ, ਉਸ ਨੇ (ਆਪਣੇ ਹਿਰਦੇ ਵਿਚ) ਪਰਮਾਤਮਾ ਦਾ ਨਾਮ ਵਸਾਇਆ (ਇਹ ਹਰਿ-ਨਾਮ ਹੀ ਉਸ ਦੇ ਵਾਸਤੇ) ਜਪ ਤਪ ਸੰਜਮ ਹੁੰਦਾ ਹੈ। ਉਹ ਮਨੁੱਖ (ਸੰਸਾਰ-ਸਮੁੰਦਰ ਦੀਆਂ) ਵੱਡੀਆਂ ਲਹਿਰਾਂ ਤੋਂ (ਬਚ ਕੇ) ਕੰਢੇ ਆ ਲੱਗਦਾ ਹੈ, ਅਨੇਕਾਂ ਹੀ ਜਨਮਾਂ ਦਾ ਵਿਛੁੜਿਆ ਹੋਇਆ ਉਹ ਫਿਰ ਪ੍ਰਭੂ ਚਰਨਾਂ ਨਾਲ ਜੁੜ ਜਾਂਦਾ ਹੈ।4। |
Sri Guru Granth Darpan, by Professor Sahib Singh |