ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1349

ਮੰਗਲ ਸੂਖ ਕਲਿਆਣ ਤਿਥਾਈਂ ॥ ਜਹ ਸੇਵਕ ਗੋਪਾਲ ਗੁਸਾਈ ॥ ਪ੍ਰਭ ਸੁਪ੍ਰਸੰਨ ਭਏ ਗੋਪਾਲ ॥ ਜਨਮ ਜਨਮ ਕੇ ਮਿਟੇ ਬਿਤਾਲ ॥੫॥ ਹੋਮ ਜਗ ਉਰਧ ਤਪ ਪੂਜਾ ॥ ਕੋਟਿ ਤੀਰਥ ਇਸਨਾਨੁ ਕਰੀਜਾ ॥ ਚਰਨ ਕਮਲ ਨਿਮਖ ਰਿਦੈ ਧਾਰੇ ॥ ਗੋਬਿੰਦ ਜਪਤ ਸਭਿ ਕਾਰਜ ਸਾਰੇ ॥੬॥ ਊਚੇ ਤੇ ਊਚਾ ਪ੍ਰਭ ਥਾਨੁ ॥ ਹਰਿ ਜਨ ਲਾਵਹਿ ਸਹਜਿ ਧਿਆਨੁ ॥ ਦਾਸ ਦਾਸਨ ਕੀ ਬਾਂਛਉ ਧੂਰਿ ॥ ਸਰਬ ਕਲਾ ਪ੍ਰੀਤਮ ਭਰਪੂਰਿ ॥੭॥ ਮਾਤ ਪਿਤਾ ਹਰਿ ਪ੍ਰੀਤਮੁ ਨੇਰਾ ॥ ਮੀਤ ਸਾਜਨ ਭਰਵਾਸਾ ਤੇਰਾ ॥ ਕਰੁ ਗਹਿ ਲੀਨੇ ਅਪੁਨੇ ਦਾਸ ॥ ਜਪਿ ਜੀਵੈ ਨਾਨਕੁ ਗੁਣਤਾਸ ॥੮॥੩॥੨॥੭॥੧੨॥ {ਪੰਨਾ 1349}

ਪਦ ਅਰਥ: ਮੰਗਲ = ਖ਼ੁਸ਼ੀਆਂ। ਕਲਿਆਣ = ਸੁਖ-ਸਾਂਦ। ਤਿਥਾਈਂ = ਉਸ ਥਾਂ ਵਿਚ ਹੀ। ਜਹ = ਜਿੱਥੇ। ਸੇਵਕ ਗੋਪਾਲ = ਗੋਪਾਲ ਦੇ ਸੇਵਕ। ਗੋਪਾਲ = ਸ੍ਰਿਸ਼ਟੀ ਦਾ ਪਾਲਣ ਵਾਲਾ ਪ੍ਰਭੂ। ਬਿਤਾਲ = (ਜੀਵਨ-ਸਫ਼ਰ ਵਿਚ) ਤਾਲੋਂ ਖੁੰਝੇ ਹੋਏ ਕਦਮ।5।

ਉਰਧ ਤਪ = ਪੁੱਠੇ ਲਟਕ ਕੇ ਕੀਤੇ ਹੋਏ ਤਪ। ਕੋਟਿ = ਕ੍ਰੋੜਾਂ। ਨਿਖਮ = (inmy =) ਅੱਖ ਝਮਕਣ ਜਿਤਨਾ ਸਮਾ। ਰਿਦੈ = ਹਿਰਦੇ ਵਿਚ। ਜਪਤ = ਜਪਦਿਆਂ। ਸਭਿ = ਸਾਰੇ। ਸਾਰੇ = ਸੰਵਾਰ ਲੈਂਦਾ ਹੈ।6।

ਪ੍ਰਭ ਥਾਨੁ = ਪ੍ਰਭੂ ਦਾ ਟਿਕਾਣਾ। ਲਾਵਹਿ = ਲਾਂਦੇ ਹਨ। ਸਹਜਿ = ਆਤਮਕ ਅਡੋਲਤਾ ਵਿਚ। ਬਾਛਉ = ਬਾਛਉਂ, ਮੈਂ ਮੰਗਤਾ ਹਾਂ। ਕਲਾ = ਤਾਕਤ।7।

ਨੇਰਾ = ਨੇੜੇ। ਕਰੁ = ਹੱਠ। ਗਹਿ = ਫੜ ਕੇ। ਜਪਿ = ਜਪ ਕੇ। ਗੁਣਤਾਸ = ਗੁਣਾਂ ਦਾ ਖ਼ਜ਼ਾਨਾ ਹੈ।8।

ਅਰਥ: ਹੇ ਭਾਈ! ਜਿੱਥੇ (ਸਾਧ ਸੰਗਤਿ ਵਿਚ) ਸ੍ਰਿਸ਼ਟੀ ਦੇ ਰੱਖਿਅਕ ਖਸਮ-ਪ੍ਰਭੂ ਦੇ ਭਗਤ-ਜਨ (ਰਹਿੰਦੇ ਹਨ) , ਉਥੇ ਹੀ ਸਾਰੇ ਸੁਖ ਸਾਰੀਆਂ ਖੁਸ਼ੀਆਂ ਸਾਰੇ ਆਨੰਦ ਹੁੰਦੇ ਹਨ। (ਉਥੇ ਸਾਧ ਸੰਗਤਿ ਵਿਚ ਜਿਹੜੇ ਮਨੁੱਖ ਟਿਕਦੇ ਹਨ, ਉਹਨਾਂ ਉੱਤੇ) ਜਗਤ-ਰੱਖਿਅਕ ਪ੍ਰਭੂ ਜੀ ਬਹੁਤ ਤ੍ਰੁੱਠਦੇ ਹਨ, (ਉਹਨਾਂ ਦੇ) ਅਨੇਕਾਂ ਜਨਮਾਂ ਦੇ ਬੇ-ਥਵ੍ਹੇ-ਪਨ ਮਿਟ ਜਾਂਦੇ ਹਨ।5।

ਹੇ ਭਾਈ! (ਸਾਧ ਸੰਗਤਿ ਦੀ ਬਰਕਤਿ ਨਾਲ ਜਿਹੜਾ ਮਨੁੱਖ) ਪਰਮਾਤਮਾ ਦੇ ਸੋਹਣੇ ਚਰਨ ਨਿਮਖ ਨਿਮਖ (ਹਰ ਵੇਲੇ) ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ, ਉਹ ਮਨੁੱਖ ਗੋਬਿੰਦ ਦਾ ਨਾਮ ਜਪਦਿਆਂ (ਅਪਣੇ) ਸਾਰੇ ਕੰਮ ਸੰਵਾਰ ਲੈਂਦਾ ਹੈ, (ਉਸ ਨੇ ਮਾਨੋ,) ਕ੍ਰੋੜਾਂ ਤੀਰਥਾਂ ਦਾ ਇਸ਼ਨਾਨ ਕਰ ਲਿਆ, (ਉਸ ਨੇ, ਮਾਨੋ, ਅਨੇਕਾਂ) ਹੋਮ ਜੱਗ (ਕਰ ਲਏ। ਉਸ ਨੇ, ਮਾਨੋ,) ਉਲਟੇ ਲਟਕ ਕੇ ਤਪ (ਕਰ ਲਏ। ਉਸ ਨੇ, ਮਾਨੋ, ਦੇਵ-) ਪੂਜਾ (ਕਰ ਲਈ) ।6।

ਹੇ ਭਾਈ! (ਸਾਧ ਸੰਗਤਿ ਦੀ ਬਰਕਤਿ ਨਾਲ ਇਹ ਸਮਝ ਆ ਜਾਂਦੀ ਹੈ ਕਿ) ਪਰਮਾਤਮਾ ਦਾ ਟਿਕਾਣਾ ਬਹੁਤ ਹੀ ਉੱਚਾ ਹੈ (ਬਹੁਤ ਹੀ ਉੱਚਾ ਆਤਮਕ ਜੀਵਨ ਹੀ ਉਸ ਦੇ ਚਰਨਾਂ ਨਾਲ ਮਿਲਾ ਸਕਦਾ ਹੈ) । ਪ੍ਰਭੂ ਦੇ ਭਗਤ ਆਤਮਕ ਅਡੋਲਤਾ ਵਿਚ (ਉਸ ਪ੍ਰਭੂ ਵਿਚ) ਸੁਰਤਿ ਜੋੜੀ ਰੱਖਦੇ ਹਨ। ਹੇ ਭਾਈ! ਜਿਹੜਾ ਪ੍ਰਭੂ-ਪ੍ਰੀਤਮ ਸਾਰੀਆਂ ਤਾਕਤਾਂ ਦਾ ਮਾਲਕ ਹੈ ਜੋ ਸਭ ਥਾਈਂ ਮੌਜੂਦ ਹੈ, ਉਸ ਦੇ ਦਾਸਾਂ ਦੇ ਦਾਸਾਂ ਦੀ ਚਰਨ-ਧੂੜ ਮੈਂ (ਭੀ) ਲੋਚਦਾ ਰਹਿੰਦਾ ਹਾਂ।7।

ਹੇ ਪ੍ਰਭੂ! ਤੂੰ ਹੀ ਮੇਰੀ ਮਾਂ ਹੈਂ ਮੇਰਾ ਪਿਉ ਹੈਂ ਪ੍ਰੀਤਮ ਹੈਂ ਮੇਰੇ ਹਰ ਵੇਲੇ ਨੇੜੇ ਰਹਿੰਦਾ ਹੈਂ। ਹੇ ਪ੍ਰਭੂ! ਤੂੰ ਹੀ ਮੇਰਾ ਮਿੱਤਰ ਹੈਂ, ਮੇਰਾ ਸੱਜਣ ਹੈਂ, ਮੈਨੂੰ ਤੇਰਾ ਹੀ ਸਹਾਰਾ ਹੈ। ਹੇ ਪ੍ਰਭੂ! ਆਪਣੇ ਦਾਸਾਂ ਨੂੰ (ਉਹਨਾਂ ਦਾ) ਹੱਥ ਫੜ ਕੇ ਤੂੰ ਆਪਣੇ ਬਣਾ ਲੈਂਦਾ ਹੈਂ। ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! (ਤੇਰਾ ਦਾਸ) ਨਾਨਕ (ਤੇਰਾ ਨਾਮ) ਜਪ ਕੇ (ਹੀ) ਆਤਮਕ ਜੀਵਨ ਹਾਸਲ ਕਰ ਰਿਹਾ ਹੈ।8।3।

ਬਿਭਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ    ੴ ਸਤਿਗੁਰ ਪ੍ਰਸਾਦਿ ॥ ਮਰਨ ਜੀਵਨ ਕੀ ਸੰਕਾ ਨਾਸੀ ॥ ਆਪਨ ਰੰਗਿ ਸਹਜ ਪਰਗਾਸੀ ॥੧॥ ਪ੍ਰਗਟੀ ਜੋਤਿ ਮਿਟਿਆ ਅੰਧਿਆਰਾ ॥ ਰਾਮ ਰਤਨੁ ਪਾਇਆ ਕਰਤ ਬੀਚਾਰਾ ॥੧॥ ਰਹਾਉ ॥ ਜਹ ਅਨੰਦੁ ਦੁਖੁ ਦੂਰਿ ਪਇਆਨਾ ॥ ਮਨੁ ਮਾਨਕੁ ਲਿਵ ਤਤੁ ਲੁਕਾਨਾ ॥੨॥ ਜੋ ਕਿਛੁ ਹੋਆ ਸੁ ਤੇਰਾ ਭਾਣਾ ॥ ਜੋ ਇਵ ਬੂਝੈ ਸੁ ਸਹਜਿ ਸਮਾਣਾ ॥੩॥ ਕਹਤੁ ਕਬੀਰੁ ਕਿਲਬਿਖ ਗਏ ਖੀਣਾ ॥ ਮਨੁ ਭਇਆ ਜਗਜੀਵਨ ਲੀਣਾ ॥੪॥੧॥ {ਪੰਨਾ 1349}

ਨੋਟ: ਇਹ ਸ਼ਬਦ ਬਿਭਾਸ ਅਤੇ ਪ੍ਰਭਾਤੀ ਦੋਹਾਂ ਮਿਲਵੇਂ ਰਾਗਾਂ ਵਿਚ ਗਾਉਣ ਵਾਸਤੇ ਹਨ।

ਪਦ ਅਰਥ: ਸੰਕਾ = ਸਹਿਸਾ, ਫ਼ਿਕਰ, ਸ਼ੱਕ। ਆਪਨ ਰੰਗਿ = ਆਪਣੀ ਮੌਜ ਵਿਚ, ਆਪਣੀ ਰਜ਼ਾ ਵਿਚ। ਸਹਜ = ਅਡੋਲ ਅਵਸਥਾ ਦਾ।1।

ਕਰਤ ਬੀਚਾਰਾ = ਵਿਚਾਰ ਕਰਦਿਆਂ ਕਰਦਿਆਂ, ਸੁਰਤਿ ਜੋੜਦਿਆਂ ਜੋੜਦਿਆਂ।1। ਰਹਾਉ।

ਜਹ = ਜਿਸ ਮਨ ਵਿਚ। ਪਇਆਨਾ = ਚਲਾ ਜਾਂਦਾ ਹੈ। ਮਾਨਕੁ = ਮੋਤੀ। ਤਤੁ = ਸਾਰੇ ਜਗਤ ਦਾ ਮੂਲ ਪ੍ਰਭੂ। ਲੁਕਾਨਾ = ਲੁਕਾ ਲੈਂਦਾ ਹੈ, ਵਸਾ ਲੈਂਦਾ ਹੈ। ਲਿਵ = ਸੁਰਤ ਜੋੜ ਕੇ।2।

ਇਵ = ਇਸ ਤਰ੍ਹਾਂ। ਇਵ ਬੂਝੈ = ਇਹ ਸੂਝ ਪੈ ਜਾਂਦੀ ਹੈ। ਸਹਜਿ = ਸਹਜਿ-ਅਵਸਥਾ ਵਿਚ।3।

ਖੀਣਾ = ਕਮਜ਼ੋਰ। ਗਏ ਖੀਣਾ = ਕਮਜ਼ੋਰ ਹੋ ਕੇ ਨਾਸ ਹੋ ਜਾਂਦੇ ਹਨ। ਭਇਆ ਲੀਣਾ = ਲੀਨ ਹੋ ਜਾਂਦਾ ਹੈ, ਮਗਨ ਹੋ ਜਾਂਦਾ ਹੈ।4।

ਅਰਥ: (ਪ੍ਰਭੂ ਦੇ ਨਾਮ ਵਿਚ) ਸੁਰਤ ਜੋੜਦਿਆਂ ਜੋੜਦਿਆਂ ਜਿਸ ਮਨੁੱਖ ਨੂੰ ਨਾਮ ਰਤਨ ਲੱਭ ਪੈਂਦਾ ਹੈ (ਉਸ ਦੇ ਅੰਦਰ) ਪ੍ਰਭੂ ਦੀ ਜੋਤਿ ਜਗ ਪੈਂਦੀ ਹੈ, ਤੇ (ਉਸ ਦੇ ਅੰਦਰੋਂ ਵਿਕਾਰ ਆਦਿਕਾਂ ਦਾ) ਹਨੇਰਾ ਮਿਟ ਜਾਂਦਾ ਹੈ।1। ਰਹਾਉ।

(ਉਸ ਮਨੁੱਖ ਦਾ) ਇਹ ਤੌਖਲਾ ਮੁੱਕ ਜਾਂਦਾ ਹੈ ਕਿ ਜਨਮ ਮਰਨ ਦੇ ਗੇੜ ਵਿਚ ਪੈਣਾ ਪਏਗਾ, ਕਿਉਂਕਿ ਪਰਮਾਤਮਾ ਆਪਣੀ ਮਿਹਰ ਨਾਲ (ਉਸ ਦੇ ਅੰਦਰ) ਆਤਮਕ ਅਡੋਲਤਾ ਦਾ ਪ੍ਰਕਾਸ਼ ਕਰ ਦੇਂਦਾ ਹੈ।1।

ਜਿਸ ਮਨ ਵਿਚ (ਪ੍ਰਭੂ ਦੇ ਮੇਲ ਦਾ) ਅਨੰਦ ਬਣ ਜਾਏ ਤੇ (ਦੁਨੀਆ ਵਾਲਾ) ਦੁੱਖ ਕਲੇਸ਼ ਨਾਸ ਹੋ ਜਾਏ, ਉਹ ਮਨ (ਪ੍ਰਭੂ-ਚਰਨਾਂ ਵਿਚ) ਜੁੜਨ ਦੀ ਬਰਕਤਿ ਨਾਲ ਮੋਤੀ (ਵਰਗਾ ਕੀਮਤੀ) ਬਣ ਕੇ ਪ੍ਰਭੂ ਨੂੰ ਆਪਣੇ ਅੰਦਰ ਵਸਾ ਲੈਂਦਾ ਹੈ।2।

(ਹੇ ਪ੍ਰਭੂ! ਤੇਰੇ ਨਾਮ ਵਿਚ ਸੁਰਤਿ ਜੋੜਦਿਆਂ ਜੋੜਦਿਆਂ) ਜਿਸ ਮਨੁੱਖ ਨੂੰ ਇਹ ਸੂਝ ਪੈ ਜਾਂਦੀ ਹੈ ਕਿ ਜਗਤ ਵਿਚ ਜੋ ਕੁਝ ਹੋ ਰਿਹਾ ਹੈ ਤੇਰੀ ਰਜ਼ਾ ਹੋ ਰਹੀ ਹੈ, ਉਹ ਮਨੁੱਖ ਸਦਾ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ (ਉਸ ਨੂੰ ਕਦੇ ਕੋਈ ਤੌਖਲਾ ਨਹੀਂ ਹੁੰਦਾ) ।3।

ਕਬੀਰ ਆਖਦਾ ਹੈ– ਉਸ ਮਨੁੱਖ ਦੇ ਪਾਪ ਨਾਸ ਹੋ ਜਾਂਦੇ ਹਨ, ਉਸ ਦਾ ਮਨ ਜਗਤ-ਦੇ-ਜੀਵਨ ਪ੍ਰਭੂ ਵਿਚ ਮਗਨ ਰਹਿੰਦਾ ਹੈ।4।1।

ਸ਼ਬਦ ਦਾ ਭਾਵ: ਮਿਲਾਪ-ਅਵਸਥਾ = ਮਨ ਵਿਚੋਂ ਵਿਕਾਰ ਦੂਰ ਹੋ ਜਾਂਦੇ ਹਨ, ਜਗਤ ਵਿਚ ਜੋ ਕੁਝ ਹੋ ਰਿਹਾ ਹੈ ਪ੍ਰਭੂ ਦੀ ਹੀ ਰਜ਼ਾ ਦਿੱਸਦੀ ਹੈ।

ਪ੍ਰਭਾਤੀ ॥ ਅਲਹੁ ਏਕੁ ਮਸੀਤਿ ਬਸਤੁ ਹੈ ਅਵਰੁ ਮੁਲਖੁ ਕਿਸੁ ਕੇਰਾ ॥ ਹਿੰਦੂ ਮੂਰਤਿ ਨਾਮ ਨਿਵਾਸੀ ਦੁਹ ਮਹਿ ਤਤੁ ਨ ਹੇਰਾ ॥੧॥ ਅਲਹ ਰਾਮ ਜੀਵਉ ਤੇਰੇ ਨਾਈ ॥ ਤੂ ਕਰਿ ਮਿਹਰਾਮਤਿ ਸਾਈ ॥੧॥ ਰਹਾਉ ॥ ਦਖਨ ਦੇਸਿ ਹਰੀ ਕਾ ਬਾਸਾ ਪਛਿਮਿ ਅਲਹ ਮੁਕਾਮਾ ॥ ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ ਏਹੀ ਠਉਰ ਮੁਕਾਮਾ ॥੨॥ ਬ੍ਰਹਮਨ ਗਿਆਸ ਕਰਹਿ ਚਉਬੀਸਾ ਕਾਜੀ ਮਹ ਰਮਜਾਨਾ ॥ ਗਿਆਰਹ ਮਾਸ ਪਾਸ ਕੈ ਰਾਖੇ ਏਕੈ ਮਾਹਿ ਨਿਧਾਨਾ ॥੩॥ ਕਹਾ ਉਡੀਸੇ ਮਜਨੁ ਕੀਆ ਕਿਆ ਮਸੀਤਿ ਸਿਰੁ ਨਾਂਏਂ ॥ ਦਿਲ ਮਹਿ ਕਪਟੁ ਨਿਵਾਜ ਗੁਜਾਰੈ ਕਿਆ ਹਜ ਕਾਬੈ ਜਾਂਏਂ ॥੪॥ ਏਤੇ ਅਉਰਤ ਮਰਦਾ ਸਾਜੇ ਏ ਸਭ ਰੂਪ ਤੁਮ੍ਹ੍ਹਾਰੇ ॥ ਕਬੀਰੁ ਪੂੰਗਰਾ ਰਾਮ ਅਲਹ ਕਾ ਸਭ ਗੁਰ ਪੀਰ ਹਮਾਰੇ ॥੫॥ ਕਹਤੁ ਕਬੀਰੁ ਸੁਨਹੁ ਨਰ ਨਰਵੈ ਪਰਹੁ ਏਕ ਕੀ ਸਰਨਾ ॥ ਕੇਵਲ ਨਾਮੁ ਜਪਹੁ ਰੇ ਪ੍ਰਾਨੀ ਤਬ ਹੀ ਨਿਹਚੈ ਤਰਨਾ ॥੬॥੨॥ {ਪੰਨਾ 1349}

ਪਦ ਅਰਥ: ਕੇਰਾ = ਦਾ। ਦੁਹ ਮਹਿ = (ਹਿੰਦੂ ਤੇ ਮੁਸਲਮਾਨ) ਦੋਹਾਂ ਵਿਚੋਂ। ਹੇਰਾ = ਵੇਖਿਆ।1।

ਜੀਵਉ = ਜੀਵਉਂ, ਮੈਂ ਜੀਵਾਂ। ਨਾਈ = ਨਾਮ ਦੀ ਬਰਕਤਿ ਨਾਲ, ਨਾਮ ਸਿਮਰ ਕੇ, ਨਾਮ ਦੀ ਰਾਹੀਂ।1। ਰਹਾਉ।

ਦਖਨ ਦੇਸ = ਜਗਨ ਨਾਥ ਪੁਰੀ ਜੋ ਕਬੀਰ ਜੀ ਦੇ ਵਤਨ ਬਨਾਰਸ ਤੋਂ ਦੱਖਣ ਵਲ ਹੈ। ਪਛਿਮਿ = ਪੱਛਮ ਵੱਲ। ਅਲਹ = ਅੱਲਾਹ ਦਾ, ਰੱਬ ਦਾ। ਦਿਲਿ = ਦਿਲ ਵਿਚ। ਦਿਲੈ ਦਿਲਿ = ਦਿਲ ਹੀ ਦਿਲ ਵਿਚ। ਠਉਰ = ਥਾਂ।2।

ਗਿਆਸ = ਇਕਾਦਸ਼ੀ। ਚਉਬੀਸਾ = 24 (ਹਰ ਮਹੀਨੇ ਦੋ ਇਕਾਦਸ਼ੀਆਂ, ਸਾਲ ਵਿਚ 24) । ਮਹ ਰਮਜਾਨਾ = ਰਮਜ਼ਾਨ ਦਾ ਮਹੀਨਾ। ਮਾਸ = ਮਹੀਨੇ। ਪਾਸ ਕੈ = ਲਾਂਭੇ ਕਰ ਕੇ।3।

ਉਡੀਸੇ = ਉਡੀਸੇ ਪ੍ਰਾਂਤ ਦੇ ਤੀਰਥ ਜਗਨ ਨਾਥ ਪੁਰੀ। ਮਜਨੁ = ਤੀਰਥ-ਇਸ਼ਨਾਨ। ਨਾਂਏਂ = ਨਿਵਾਇਆਂ।4।

ਅਉਰਤ = ਜ਼ਨਾਨੀਆਂ। ਮਰਦਾ = ਮਨੁੱਖ। ਪੂੰਗਰਾ = ਨਿੱਕਾ ਜਿਹਾ ਬਾਲ, ਅੰਞਾਣਾ ਬੱਚਾ।5।

ਨਰਵੈ = ਹੇ ਨਾਰੀਓ! ਨਿਹਚੈ = ਜ਼ਰੂਰ, ਨਿਸ਼ਚੇ ਨਾਲ।6।

ਅਰਥ: ਹੇ ਅੱਲਾਹ! ਹੇ ਰਾਮ! ਹੇ ਸਾਈਂ! ਤੂੰ ਮੇਰੇ ਉੱਤੇ ਮਿਹਰ ਕਰ, (ਮੈਂ ਤੈਨੂੰ ਇਕ ਹੀ ਜਾਣ ਕੇ) ਤੇਰਾ ਨਾਮ ਸਿਮਰ ਕੇ ਜੀਵਾਂ (ਆਤਮਕ ਜੀਵਨ ਹਾਸਲ ਕਰਾਂ) ।1। ਰਹਾਉ।

ਜੇ (ਉਹ) ਇਕ ਖ਼ੁਦਾ (ਸਿਰਫ਼) ਕਾਹਬੇ ਵਿਚ ਵੱਸਦਾ ਹੈ ਤਾਂ ਬਾਕੀ ਦਾ ਮੁਲਕ ਕਿਸ ਦਾ (ਕਿਹਾ ਜਾਏ) ? (ਸੋ, ਮੁਸਲਮਾਨ ਦਾ ਇਹ ਅਕੀਦਾ ਠੀਕ ਨਹੀਂ ਹੈ) । ਹਿੰਦੂ ਪਰਮਾਤਮਾ ਦਾ ਨਿਵਾਸ ਮੂਰਤੀ ਵਿਚ ਸਮਝਦਾ ਹੈ; (ਇਸ ਤਰ੍ਹਾਂ ਹਿੰਦੂ ਮੁਸਲਮਾਨ) ਦੋਹਾਂ ਵਿਚੋਂ ਕਿਸੇ ਨੇ ਪਰਮਾਤਮਾ ਨੂੰ ਨਹੀਂ ਵੇਖਿਆ।1।

(ਹਿੰਦੂ ਆਖਦਾ ਹੈ ਕਿ) ਹਰੀ ਦਾ ਨਿਵਾਸ ਦੱਖਣ ਦੇਸ ਵਿਚ (ਜਗਨ ਨਾਥ ਪੁਰੀ ਵਿਚ) ਹੈ, ਮੁਸਲਮਾਨ ਆਖਦਾ ਹੈ ਕਿ ਖ਼ੁਦਾ ਦਾ ਘਰ ਪੱਛਮ ਵਲ (ਕਾਹਬੇ ਵਿਚ) ਹੈ। (ਪਰ ਹੇ ਸੱਜਣ!) ਆਪਣੇ ਦਿਲ ਵਿਚ (ਰੱਬ ਨੂੰ) ਭਾਲ, ਸਿਰਫ਼ ਦਿਲ ਵਿਚ ਹੀ ਲੱਭ, ਇਹ ਦਿਲ ਹੀ ਉਸ ਦਾ ਨਿਵਾਸ ਥਾਂ ਹੈ, ਉਸ ਦਾ ਮੁਕਾਮ ਹੈ।2।

ਬ੍ਰਾਹਮਣ ਚੌਵੀ ਇਕਾਦਸ਼ੀਆਂ (ਦੇ ਵਰਤ ਰੱਖਣ ਦੀ ਆਗਿਆ) ਕਰਦੇ ਹਨ, ਕਾਜ਼ੀ ਰਮਜ਼ਾਨ ਦੇ ਮਹੀਨੇ (ਰੋਜ਼ੇ ਰੱਖਣ ਦੀ ਹਿਦਾਇਤ) ਕਰਦੇ ਹਨ। ਇਹ ਲੋਕ (ਬਾਕੀ ਦੇ) ਗਿਆਰਾਂ ਮਹੀਨੇ ਲਾਂਭੇ ਹੀ ਰੱਖ ਦੇਂਦੇ ਹਨ, ਤੇ (ਕੋਈ) ਖ਼ਜ਼ਾਨਾ ਇੱਕੋ ਹੀ ਮਹੀਨੇ ਵਿਚੋਂ ਲੱਭਦੇ ਹਨ।3।

(ਅਸਲ ਗੱਲ ਇਹ ਹੈ ਕਿ) ਜੇ ਦਿਲ ਵਿਚ ਠੱਗੀ ਫ਼ਰੇਬ ਵੱਸਦਾ ਹੈ ਤਾਂ ਨਾਹ ਤਾਂ ਉਡੀਸੇ ਜਗਨ ਨਾਥ ਪੁਰੀ ਵਿਚ ਇਸ਼ਨਾਨ ਕਰਨ ਦਾ ਕੋਈ ਲਾਭ ਹੈ, ਨਾਹ ਮਸੀਤ ਵਿਚ ਜਾ ਕੇ ਸਿਜਦਾ ਕਰਨ ਦਾ ਫ਼ਾਇਦਾ ਹੈ, ਨਾਹ ਨਮਾਜ਼ ਪੜ੍ਹਨ ਦਾ ਲਾਭ ਹੈ, ਨਾਹ ਹੀ ਕਾਹਬੇ ਦਾ ਹੱਜ ਕਰਨ ਦਾ ਕੋਈ ਗੁਣ ਹੈ।4।

ਹੇ ਪ੍ਰਭੂ! ਇਹ ਸਾਰੇ ਇਸਤ੍ਰੀ ਮਰਦ ਜੋ ਤੂੰ ਪੈਦਾ ਕੀਤੇ ਹਨ, ਇਹ ਸਭ ਤੇਰਾ ਹੀ ਰੂਪ ਹਨ (ਤੂੰ ਹੀ ਆਪ ਇਹਨਾਂ ਵਿਚ ਵੱਸਦਾ ਹੈਂ) । ਤੂੰ ਹੀ, ਹੇ ਪ੍ਰਭੂ! ਅੱਲਾਹ ਹੈਂ ਤੇ ਰਾਮ ਹੈਂ। ਮੈਂ ਕਬੀਰ ਤੇਰਾ ਅੰਞਾਣ ਬੱਚਾ ਹਾਂ, (ਤੇਰੇ ਭੇਜੇ ਹੋਏ) ਅਵਤਾਰ ਪੈਗ਼ੰਬਰ ਮੈਨੂੰ ਸਭ ਆਪਣੇ ਦਿੱਸਦੇ ਹਨ।5।

ਕਬੀਰ ਆਖਦਾ ਹੈ– ਹੇ ਨਰ ਨਾਰੀਓ! ਸੁਣੋ, ਇਕ ਪਰਮਾਤਮਾ ਦੀ ਸ਼ਰਨ ਪਵੋ (ਉਹੀ ਅੱਲਾਹ ਹੈ, ਉਹੀ ਰਾਮ ਹੈ) । ਹੇ ਬੰਦਿਓ! ਸਿਰਫ਼ ਨਾਮ ਜਪੋ, ਯਕੀਨ ਨਾਲ ਜਾਣੋ, ਤਾਂ ਹੀ (ਸੰਸਾਰ-ਸਾਗਰ ਤੋਂ) ਤਰ ਸਕੋਗੇ।6।2।

ਸ਼ਬਦ ਦਾ ਭਾਵ: ਸਰਬ-ਵਿਆਪਕ = ਨਾਹ ਉਚੇਚਾ ਕਾਹਬੇ ਵਿਚ ਬੈਠਾ ਹੈ, ਨਾਹ ਜਗਨਨਾਥ ਪੁਰੀ ਵਿਚ। ਉਸ ਨੂੰ ਆਪਣੇ ਹਿਰਦੇ ਵਿਚ ਵਸਾਓ, ਮਜ਼ਹਬੀ ਪੱਖ-ਪਾਤ ਦੂਰ ਹੋ ਜਾਣਗੇ।

ਪ੍ਰਭਾਤੀ ॥ ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥ ਲੋਗਾ ਭਰਮਿ ਨ ਭੂਲਹੁ ਭਾਈ ॥ ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ॥੧॥ ਰਹਾਉ ॥ ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ ॥ ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ ॥੨॥ ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ ॥ ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ ॥੩॥ ਅਲਹੁ ਅਲਖੁ ਨ ਜਾਈ ਲਖਿਆ ਗੁਰਿ ਗੁੜੁ ਦੀਨਾ ਮੀਠਾ ॥ ਕਹਿ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨੁ ਡੀਠਾ ॥੪॥੩॥ {ਪੰਨਾ 1349-1350}

ਪਦ ਅਰਥ: ਅਵਲਿ = ਸਭ ਤੋਂ ਪਹਿਲਾਂ, ਸ਼ੁਰੂ ਵਿਚ, ਸਭ ਦਾ ਮੂਲ। ਅਲਹ ਨੂਰ = ਅੱਲਾਹ ਦਾ ਨੂਰ, ਪਰਮਾਤਮਾ ਦੀ ਜੋਤ। ਉਪਾਇਆ = (ਜਿਸ ਨੇ ਜਗਤ) ਪੈਦਾ ਕੀਤਾ। ਕੁਦਰਤਿ ਕੇ = ਖ਼ੁਦਾ ਦੀ ਕੁਦਰਤ ਦੇ (ਪੈਦਾ ਕੀਤੇ ਹੋਏ) । ਨੂਰ = ਜੋਤ। ਤੇ = ਤੋਂ। ਕੋ = ਕੌਣ?।1।

ਲੋਗਾ = ਹੇ ਲੋਕੋ! ਭਾਈ = ਹੇ ਭਾਈ! ਖਾਲਕੁ = (ਜਗਤ ਨੂੰ) ਪੈਦਾ ਕਰਨ ਵਾਲਾ ਪ੍ਰਭੂ। ਸ੍ਰਬ ਠਾਂਈ = ਸਭ ਥਾਂ।1। ਰਹਾਉ।

ਭਾਂਤਿ = ਕਿਸਮ। ਸਾਜੀ = ਪੈਦਾ ਕੀਤੀ, ਬਣਾਈ। ਪੋਚ = ਐਬ, ਊਣਤਾਈ।2।

ਸੋਈ = ਉਹੀ ਮਨੁੱਖ।3।

ਅਲਖੁ = ਜਿਸ ਦਾ ਮੁਕੰਮਲ ਸਰੂਪ ਬਿਆਨ ਨਹੀਂ ਹੋ ਸਕਦਾ। ਗੁੜੁ = (ਪਰਮਾਤਮਾ ਦੇ ਗੁਣਾਂ ਦੀ ਸੂਝ-ਰੂਪ) ਗੁੜ। ਗੁਰਿ = ਗੁਰੂ ਨੇ। ਸੰਕਾ = ਸ਼ੱਕ, ਭੁਲੇਖਾ। ਸਰਬ = ਸਾਰਿਆਂ ਵਿਚ।4।

ਅਰਥ: ਹੇ ਲੋਕੋ! ਹੇ ਭਾਈ! (ਰੱਬ ਦੀ ਹਸਤੀ ਬਾਰੇ) ਕਿਸੇ ਭੁਲੇਖੇ ਵਿਚ ਪੈ ਕੇ ਖ਼ੁਆਰ ਨਾਹ ਹੋਵੋ। ਉਹ ਰੱਬ ਸਾਰੀ ਖ਼ਲਕਤ ਨੂੰ ਪੈਦਾ ਕਰਨ ਵਾਲਾ ਹੈ ਤੇ ਸਾਰੀ ਖ਼ਲਕਤ ਵਿਚ ਮੌਜੂਦ ਹੈ, ਉਹ ਸਭ ਥਾਂ ਭਰਪੂਰ ਹੈ।1। ਰਹਾਉ।

ਸਭ ਤੋਂ ਪਹਿਲਾਂ ਖ਼ੁਦਾ ਦਾ ਨੂਰ ਹੀ ਹੈ ਜਿਸ ਨੇ (ਜਗਤ) ਪੈਦਾ ਕੀਤਾ ਹੈ, ਇਹ ਸਾਰੇ ਜੀਅ-ਜੰਤ ਰੱਬ ਦੀ ਕੁਦਰਤ ਦੇ ਹੀ ਬਣਾਏ ਹੋਏ ਹਨ। ਇਕ ਪ੍ਰਭੂ ਦੀ ਹੀ ਜੋਤ ਤੋਂ ਸਾਰਾ ਜਗਤ ਪੈਦਾ ਹੋਇਆ ਹੈ। (ਤਾਂ ਫਿਰ ਕਿਸੇ ਜਾਤ ਮਜ਼ਹਬ ਦੇ ਭੁਲੇਖੇ ਵਿਚ ਪੈ ਕੇ) ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮੰਦਾ ਨਾਹ ਸਮਝੋ।1।

ਸਿਰਜਨਹਾਰ ਨੇ ਇੱਕੋ ਹੀ ਮਿੱਟੀ ਤੋਂ (ਭਾਵ, ਇੱਕੋ ਜਿਹੇ ਹੀ ਤੱਤਾਂ ਤੋਂ) ਅਨੇਕਾਂ ਕਿਸਮਾਂ ਦੇੁ ਜੀਆ-ਜੰਤ ਪੈਦਾ ਕਰ ਦਿੱਤੇ ਹਨ। (ਜਿੱਥੋਂ ਤਕ ਜੀਵਾਂ ਦੇ ਅਸਲੇ ਦਾ ਸੰਬੰਧ ਹੈ) ਨਾਹ ਇਹਨਾਂ ਮਿੱਟੀ ਦੇ ਭਾਂਡਿਆਂ (ਭਾਵ, ਜੀਵਾਂ) ਵਿਚ ਕੋਈ ਊਣਤਾ ਹੈ, ਤੇ ਨਾਹ (ਇਹਨਾਂ ਭਾਂਡਿਆਂ ਦੇ ਬਣਾਣ ਵਾਲੇ) ਘੁਮਿਆਰ ਵਿਚ।2।

ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਸਭ ਜੀਵਾਂ ਵਿਚ ਵੱਸਦਾ ਹੈ। ਜੋ ਕੁਝ ਜਗਤ ਵਿਚ ਹੋ ਰਿਹਾ ਹੈ, ਉਸੇ ਦਾ ਕੀਤਾ ਹੋ ਰਿਹਾ ਹੈ। ਉਹੀ ਮਨੁੱਖ ਰੱਬ ਦਾ (ਪਿਆਰਾ) ਬੰਦਾ ਕਿਹਾ ਜਾ ਸਕਦਾ ਹੈ, ਜੋ ਉਸ ਦੀ ਰਜ਼ਾ ਨੂੰ ਪਛਾਣਦਾ ਹੈ ਤੇ ਉਸ ਇਕ ਨਾਲ ਸਾਂਝ ਪਾਂਦਾ ਹੈ।3।

ਉਹ ਰੱਬ ਐਸਾ ਹੈ ਜਿਸ ਦਾ ਮੁਕੰਮਲ ਸਰੂਪ ਬਿਆਨ ਤੋਂ ਪਰੇ ਹੈ, ਉਸ ਦੇ ਗੁਣ ਕਹੇ ਨਹੀਂ ਜਾ ਸਕਦੇ। ਕਬੀਰ ਆਖਦਾ ਹੈ– ਮੇਰੇ ਗੁਰੂ ਨੇ (ਪ੍ਰਭੂ ਦੇ ਗੁਣਾਂ ਦੀ ਸੂਝ-ਰੂਪ) ਮਿੱਠਾ ਗੁੜ ਮੈਨੂੰ ਦਿੱਤਾ ਹੈ (ਜਿਸ ਦਾ ਸੁਆਦ ਤਾਂ ਮੈਂ ਨਹੀਂ ਦੱਸ ਸਕਦਾ, ਪਰ) ਮੈਂ ਉਸ ਮਾਇਆ ਰਹਿਤ ਪ੍ਰਭੂ ਨੂੰ ਹਰ ਥਾਂ ਵੇਖ ਲਿਆ ਹੈ, ਮੈਨੂੰ ਇਸ ਵਿਚ ਕੋਈ ਸ਼ੱਕ ਨਹੀਂ ਰਿਹਾ (ਮੇਰਾ ਅੰਦਰ ਕਿਸੇ ਜਾਤ ਜਾਂ ਮਜ਼ਹਬ ਦੇ ਬੰਦਿਆਂ ਦੀ ਉੱਚਤਾ ਜਾਂ ਨੀਚਤਾ ਦਾ ਕਰਮ ਨਹੀਂ ਰਿਹਾ) ।4।3।

ਸ਼ਬਦ ਦਾ ਭਾਵ: ਸਰਬ-ਵਿਆਪਕ ਪ੍ਰਭੂ ਹੀ ਸਾਰੇ ਜੀਵਾਂ ਦਾ ਸਿਰਜਣਹਾਰ ਹੈ। ਸਭ ਦਾ ਅਸਲਾ ਇਕੋ ਹੈ, ਕਿਸੇ ਨੂੰ ਮੰਦਾ ਨਾਹ ਆਖੋ।

TOP OF PAGE

Sri Guru Granth Darpan, by Professor Sahib Singh