ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1351 ਪ੍ਰਭਾਤੀ ॥ ਆਦਿ ਜੁਗਾਦਿ ਜੁਗਾਦਿ ਜੁਗੋ ਜੁਗੁ ਤਾ ਕਾ ਅੰਤੁ ਨ ਜਾਨਿਆ ॥ ਸਰਬ ਨਿਰੰਤਰਿ ਰਾਮੁ ਰਹਿਆ ਰਵਿ ਐਸਾ ਰੂਪੁ ਬਖਾਨਿਆ ॥੧॥ ਗੋਬਿਦੁ ਗਾਜੈ ਸਬਦੁ ਬਾਜੈ ॥ ਆਨਦ ਰੂਪੀ ਮੇਰੋ ਰਾਮਈਆ ॥੧॥ ਰਹਾਉ ॥ ਬਾਵਨ ਬੀਖੂ ਬਾਨੈ ਬੀਖੇ ਬਾਸੁ ਤੇ ਸੁਖ ਲਾਗਿਲਾ ॥ ਸਰਬੇ ਆਦਿ ਪਰਮਲਾਦਿ ਕਾਸਟ ਚੰਦਨੁ ਭੈਇਲਾ ॥੨॥ ਤੁਮ੍ਹ੍ਹ ਚੇ ਪਾਰਸੁ ਹਮ ਚੇ ਲੋਹਾ ਸੰਗੇ ਕੰਚਨੁ ਭੈਇਲਾ ॥ ਤੂ ਦਇਆਲੁ ਰਤਨੁ ਲਾਲੁ ਨਾਮਾ ਸਾਚਿ ਸਮਾਇਲਾ ॥੩॥੨॥ {ਪੰਨਾ 1351} ਪਦ ਅਰਥ: ਆਦਿ = (ਸਭ ਦਾ) ਮੁੱਢ। ਜੁਗਾਦਿ = ਜੁਗਾਂ ਦੇ ਆਦਿ ਤੋਂ। ਜੁਗੋ ਜੁਗੁ = ਹਰੇਕ ਜੁਗ ਵਿਚ। ਤਾ ਕਾ = ਉਸ (ਪ੍ਰਭੂ) ਦਾ। ਨਿਰੰਤਰਿ = ਅੰਦਰ ਇਕ-ਰਸ। ਰਵਿ ਰਹਿਆ = ਵਿਆਪਕ ਹੈ। ਬਖਾਨਿਆ = ਬਿਆਨ ਕੀਤਾ ਗਿਆ ਹੈ, (ਧਰਮ-ਪੁਸਤਕਾਂ ਵਿਚ) ਦੱਸਿਆ ਗਿਆ ਹੈ।1। ਗਾਜੇ = ਗੱਜਦਾ ਹੈ, ਪਰਗਟ ਹੋ ਜਾਂਦਾ ਹੈ। ਬਾਜੈ = ਵੱਜਦਾ ਹੈ। ਸਬਦੁ ਬਾਜੈ = ਗੁਰੂ ਦਾ ਸ਼ਬਦ-ਵਾਜਾ ਵੱਜਦਾ ਹੈ। ਰਾਮਈਆ = ਸੋਹਣਾ ਰਾਮ।1। ਰਹਾਉ। ਬਾਵਨ = ਚੰਦਨ। ਬੀਖੂ = (vã˜) ਬਿਰਖ, ਰੁੱਖ। ਬਾਨੈ ਬੀਖੇ = ਬਨ ਵਿਖੇ, ਜੰਗਲ ਵਿਚ। ਬਾਸੁ ਤੇ = (ਚੰਦਨ ਦੀ) ਸੁਗੰਧੀ ਤੋਂ। ਲਾਗਿਲਾ = ਲੱਗਦਾ ਹੈ, ਮਿਲਦਾ ਹੈ। ਪਰਮਲਾਦਿ = ਪਰਮਲ ਆਦਿ, ਸੁਗੰਧੀਆਂ ਦਾ ਮੂਲ। ਕਾਸਟ = (ਸਾਧਾਰਨ) ਕਾਠ। ਭੈਇਲਾ = ਹੋ ਜਾਂਦਾ ਹੈ।2। ਤੁਮ੍ਹ੍ਹ ਚੇ = ਤੇਰੇ ਵਰਗਾ (ਭਾਵ, ਤੂੰ) ਪਾਰਸ ਹੈਂ। ਹਮ ਚੇ = ਮੇਰੇ ਵਰਗਾ (ਭਾਵ, ਮੈਂ) । ਸੰਗੇ = ਤੇਰੀ ਸੰਗਤਿ ਵਿਚ, ਤੇਰੇ ਨਾਲ ਛੋਹਿਆਂ। ਕੰਚਨ = ਸੋਨਾ। ਸਾਚਿ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ। ਸਮਾਇਲਾ = ਲੀਨ ਹੋ ਗਿਆ ਹੈ।3। ਅਰਥ: (ਇਸ ਮਨੁੱਖ ਦੇ ਹਿਰਦੇ ਵਿਚ ਗੁਰੂ ਦਾ) ਸ਼ਬਦ-ਵਾਜਾ ਵੱਜਦਾ ਹੈ, ਉਥੇ ਮੇਰਾ ਸੋਹਣਾ ਰਾਮ, ਸੁਖ-ਸਰੂਪ ਰਾਮ, ਗੋਬਿੰਦ ਪਰਗਟ ਹੋ ਜਾਂਦਾ ਹੈ।1। ਰਹਾਉ। (ਉਹ ਸੋਹਣਾ ਰਾਮ) ਸਾਰੇ ਸੰਸਾਰ ਦਾ ਮੂਲ ਹੈ, ਜੁਗਾਂ ਦੇ ਆਦਿ ਤੋਂ ਹੈ, ਹਰੇਕ ਜੁਗ ਵਿਚ ਮੌਜੂਦ ਹੈ, ਉਸ ਰਾਮ ਦੇ ਗੁਣਾਂ ਦਾ ਕਿਸੇ ਨੇ ਅੰਤ ਨਹੀਂ ਪਾਇਆ, ਉਹ ਰਾਮ ਸਭ ਜੀਵਾਂ ਵਿਚ ਇਕ-ਰਸ ਵਿਆਪਕ ਹੈ– (ਸਭ ਧਰਮ-ਪੁਸਤਕਾਂ ਨੇ) ਉਸ ਰਾਮ ਦਾ ਕੁਝ ਇਹੋ ਜਿਹਾ ਸਰੂਪ ਬਿਆਨ ਕੀਤਾ ਹੈ।1। (ਜਿਵੇਂ) ਜੰਗਲ ਵਿਚ ਚੰਦਨ ਦਾ ਬੂਟਾ ਹੁੰਦਾ ਹੈ, (ਉਸ ਦੀ) ਸੁਗੰਧੀ ਤੋਂ (ਸਭ ਨੂੰ) ਸੁਖ ਮਿਲਦਾ ਹੈ, (ਉਸ ਦੀ ਸੰਗਤਿ ਨਾਲ ਸਾਧਾਰਨ) ਰੁੱਖ ਚੰਦਨ ਬਣ ਜਾਂਦਾ ਹੈ; ਤਿਵੇਂ, ਉਹ ਰਾਮ, ਸਭ ਜੀਵਾਂ ਦਾ ਮੂਲ ਰਾਮ, (ਸਭ ਗੁਣਾਂ-ਰੂਪ) ਸੁਗੰਧੀਆਂ ਦਾ ਮੂਲ ਹੈ (ਉਸ ਦੀ ਸੰਗਤਿ ਵਿਚ ਸਾਧਾਰਨ ਜੀਵ ਗੁਣਾਂ ਵਾਲੇ ਹੋ ਜਾਂਦੇ ਹਨ) ।2। (ਹੇ ਮੇਰੇ ਸੋਹਣੇ ਰਾਮ!) ਤੂੰ ਪਾਰਸ ਹੈਂ, ਮੈਂ ਲੋਹਾ ਹਾਂ, ਤੇਰੀ ਸੰਗਤਿ ਵਿਚ ਮੈਂ ਸੋਨਾ ਬਣ ਗਿਆ ਹਾਂ। ਤੂੰ ਦਇਆ ਦਾ ਘਰ ਹੈਂ, ਤੂੰ ਰਤਨ ਹੈਂ, ਤੂੰ ਲਾਲ ਹੈਂ। ਮੈਂ ਨਾਮਾ ਤੈਂ ਸਦਾ-ਥਿਰ ਰਹਿਣ ਵਾਲੇ ਵਿਚ ਲੀਨ ਹੋ ਗਿਆ ਹਾਂ।3।2। ਸ਼ਬਦ ਦਾ ਭਾਵ: ਸਿਮਰਨ ਦੀ ਬਰਕਤਿ ਨਾਲ ਪਰਮਾਤਮਾ ਵਾਲੇ ਗੁਣ ਭਗਤ ਦੇ ਅੰਦਰ ਪੈਦਾ ਹੋ ਜਾਂਦੇ ਹਨ। ਪ੍ਰਭਾਤੀ ॥ ਅਕੁਲ ਪੁਰਖ ਇਕੁ ਚਲਿਤੁ ਉਪਾਇਆ ॥ ਘਟਿ ਘਟਿ ਅੰਤਰਿ ਬ੍ਰਹਮੁ ਲੁਕਾਇਆ ॥੧॥ ਜੀਅ ਕੀ ਜੋਤਿ ਨ ਜਾਨੈ ਕੋਈ ॥ ਤੈ ਮੈ ਕੀਆ ਸੁ ਮਾਲੂਮੁ ਹੋਈ ॥੧॥ ਰਹਾਉ ॥ ਜਿਉ ਪ੍ਰਗਾਸਿਆ ਮਾਟੀ ਕੁੰਭੇਉ ॥ ਆਪ ਹੀ ਕਰਤਾ ਬੀਠੁਲੁ ਦੇਉ ॥੨॥ ਜੀਅ ਕਾ ਬੰਧਨੁ ਕਰਮੁ ਬਿਆਪੈ ॥ ਜੋ ਕਿਛੁ ਕੀਆ ਸੁ ਆਪੈ ਆਪੈ ॥੩॥ ਪ੍ਰਣਵਤਿ ਨਾਮਦੇਉ ਇਹੁ ਜੀਉ ਚਿਤਵੈ ਸੁ ਲਹੈ ॥ ਅਮਰੁ ਹੋਇ ਸਦ ਆਕੁਲ ਰਹੈ ॥੪॥੩॥ {ਪੰਨਾ 1351} ਪਦ ਅਰਥ: ਕੁ-ਧਰਤੀ। ਕੁਲ = ਧਰਤੀ ਤੇ ਪੈਦਾ ਹੋਇਆ, ਖ਼ਾਨਦਾਨ, ਬੰਸ। ਅਕੁਲ = (ਅ-ਕੁਲ) ਜੋ ਧਰਤੀ ਉਤੇ ਜੰਮੀ (ਕਿਸੇ ਕੁਲ) ਵਿਚੋਂ ਨਹੀਂ ਹੈ। ਪੁਰਖ = ਸਭ ਵਿਚ ਵਿਆਪਕ (Skt. puir _yqy eiq pu{ =) । ਚਲਿਤੁ = ਜਗਤ-ਰੂਪ ਤਮਾਸ਼ਾ। ਘਟਿ ਘਟਿ = ਹਰੇਕ ਘਟ ਵਿਚ। ਅੰਤਰਿ = ਹਰੇਕ ਦੇ ਅੰਦਰ। ਬ੍ਰਹਮੁ = ਆਤਮਾ, ਜਿੰਦ।1। ਜੀਅ ਕੀ ਜੋਤਿ = ਹਰੇਕ ਜੀਵ ਦੇ ਅੰਦਰ ਵੱਸਦੀ ਜੋਤਿ। ਕੋਈ = ਕੋਈ ਪ੍ਰਾਣੀ। ਤੈ ਮੈ ਕੀਆ = ਅਸਾਂ ਜੀਵਾਂ ਨੇ ਜੋ ਕੁਝ ਕੀਤਾ, ਅਸੀਂ ਜੀਵ ਜੋ ਕੁਝ ਕਰਦੇ ਹਾਂ। ਮੈ = ਤੂੰ ਤੇ ਮੈਂ, ਅਸੀਂ ਸਾਰੇ ਜੀਵ। ਹੋਈ = ਹੁੰਦਾ ਹੈ।1। ਰਹਾਉ। ਜਿਉ = ਜਿਵੇਂ। ਕੁੰਭੇਉ = ਕੁੰਭ, ਘੜਾ। ਕਰਤਾ = ਪੈਦਾ ਕਰਨ ਵਾਲਾ। ਬੀਠੁਲ ਦੇਉ = ਮਾਇਆ ਤੋਂ ਰਹਿਤ ਪ੍ਰਭੂ।2। ਕਰਮੁ = ਕੀਤਾ ਹੋਇਆ ਕੰਮ। ਬੰਧਨੁ = ਜੰਜਾਲ। ਬਿਆਪੈ = ਪ੍ਰਭਾਵ ਪਾ ਰੱਖਦਾ ਹੈ। ਆਪੈ = ਆਪ ਹੀ ਆਪ, ਪ੍ਰਭੂ ਨੇ ਆਪ ਹੀ।3। ਚਿਤਵੈ = ਚਿਤਵਦਾ ਹੈ, ਤਾਂਘ ਕਰਦਾ ਹੈ। ਲਹੈ– ਹਾਸਲ ਕਰ ਲੈਂਦਾ ਹੈ। ਅਮਰੁ = (ਅ-ਮਰੁ) ਮੌਤ-ਰਹਿਤ। ਆਕੁਲ = ਸਰਬ-ਵਿਆਪਕ।4। ਅਰਥ: ਜਿਸ ਪਰਮਾਤਮਾ ਦੀ ਕੋਈ ਖ਼ਾਸ ਕੁਲ ਨਹੀਂ ਹੈ ਉਸ ਸਰਬ-ਵਿਆਪਕ ਨੇ ਇਹ ਜਗਤ-ਰੂਪ ਇਕ ਖੇਡ ਬਣਾ ਦਿੱਤੀ ਹੈ। ਹਰੇਕ ਸਰੀਰ ਵਿਚ, ਹਰੇਕ ਦੇ ਅੰਦਰ ਉਸ ਨੇ ਆਪਣਾ ਆਤਮਾ ਗੁਪਤ ਰੱਖ ਦਿੱਤਾ ਹੈ।1। ਸਾਰੇ ਜੀਵਾਂ ਵਿਚ ਵੱਸਦੀ ਜੋਤਿ ਨੂੰ ਤਾਂ ਕੋਈ ਪ੍ਰਾਣੀ ਜਾਣਦਾ ਨਹੀਂ ਹੈ, ਪਰ ਅਸੀਂ ਸਾਰੇ ਜੀਵ ਜੋ ਕੁਝ ਕਰਦੇ ਹਾਂ (ਸਾਡੇ ਅੰਦਰ) ਉਸ ਅੰਦਰ-ਵੱਸਦੀ-ਜੋਤਿ ਨੂੰ ਮਲੂਮ ਹੋ ਜਾਂਦੇ ਹਨ।1। ਰਹਾਉ। ਜਿਵੇਂ ਮਿੱਟੀ ਤੋਂ ਘੜਾ ਬਣ ਜਾਂਦਾ ਹੈ, (ਤਿਵੇਂ ਉਸ ਪਰਮ-ਜੋਤਿ ਤੋਂ ਸਾਰੇ ਜੀਵ ਬਣਦੇ ਹਨ, ਪਰ) ਉਹ ਬੀਠੁਲ ਪ੍ਰਭੂ ਆਪ ਹੀ ਸਭ ਦਾ ਪੈਦਾ ਕਰਨ ਵਾਲਾ ਹੈ।2। ਜੀਵ ਦਾ ਕੀਤਾ ਹੋਇਆ ਕੰਮ ਉਸ ਲਈ ਜੰਜਾਲ ਹੋ ਢੁਕਦਾ ਹੈ, ਪਰ ਇਹ ਜੰਜਾਲ ਆਦਿਕ ਭੀ ਜੋ ਕੁਝ ਬਣਾਇਆ ਹੈ ਪ੍ਰਭੂ ਨੇ ਆਪ ਹੀ ਬਣਾਇਆ ਹੈ।3। ਨਾਮਦੇਵ ਬੇਨਤੀ ਕਰਦਾ ਹੈ, ਇਹ ਜੀਵ ਜਿਸ ਸ਼ੈ ਉਤੇ ਆਪਣਾ ਮਨ ਟਿਕਾਂਦਾ ਹੈ ਉਸ ਨੂੰ ਹਾਸਲ ਕਰ ਲੈਂਦਾ ਹੈ (ਮਾਇਆ-ਜਾਲ ਦੀ ਚਿਤਵਨੀ ਕਰਦਾ ਹੈ ਤਾਂ ਮਾਇਆ-ਜਾਲ ਵਿਚ ਫਸ ਜਾਂਦਾ ਹੈ, ਪਰ) ਜੇ ਇਹ ਜੀਵ ਸਰਬ-ਵਿਆਪਕ ਪਰਮਾਤਮਾ ਨੂੰ ਆਪਣੇ ਮਨ ਵਿਚ ਟਿਕਾਏ ਤਾਂ (ਉਸ ਅਮਰ ਪ੍ਰਭੂ ਵਿਚ ਟਿਕ ਕੇ ਆਪ ਭੀ) ਅਮਰ ਹੋ ਜਾਂਦਾ ਹੈ।4। ਸ਼ਬਦ ਦਾ ਭਾਵ: ਸਰਬ-ਵਿਆਪਕ ਪਰਮਾਤਮਾ ਨੇ ਜਗਤ ਦੀ ਇਹ ਖੇਡ ਆਪ ਹੀ ਰਚਾਈ ਹੈ। ਨੋਟ: ਨਾਮਦੇਵ ਜੀ ਦਾ 'ਬੀਠੁਲ' ਉਹ ਹੈ ਜੋ 'ਆਪ ਹੀ ਕਰਤਾ' ਹੈ ਜਿਸ ਨੇ ਇਹ ਜਗਤ-ਤਮਾਸ਼ਾ ਬਣਾਇਆ ਹੈ ਅਤੇ ਜਿਸ ਨੂੰ ਸਭ ਜੀਵਾਂ ਦੇ ਦਿਲ ਦੇ ਭੇਤ ਮਲੂਮ ਹੋ ਜਾਂਦੇ ਹਨ। ਇਹ ਲਫ਼ਜ਼ 'ਬੀਠੁਲ' ਸਤਿਗੁਰੂ ਜੀ ਨੇ ਭੀ ਆਪਣੀ ਬਾਣੀ ਵਿਚ ਕਈ ਵਾਰ ਵਰਤਿਆ ਹੈ। ਜੇ ਨਿਰਾ ਇਹ ਲਫ਼ਜ਼ ਵਰਤਣ ਤੋਂ ਹੀ ਨਾਮਦੇਵ ਜੀ ਨੂੰ ਕਿਸੇ ਬੀਠੁਲ-ਮੂਰਤੀ ਦਾ ਉਪਾਸ਼ਕ ਮੰਨ ਲੈਣਾ ਹੈ ਤਾਂ ਇਹ ਲਫ਼ਜ਼ ਤਾਂ ਸਤਿਗੁਰੂ ਜੀ ਨੇ ਭੀ ਵਰਤਿਆ ਹੈ। ਪ੍ਰਭਾਤੀ ਭਗਤ ਬੇਣੀ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਤਨਿ ਚੰਦਨੁ ਮਸਤਕਿ ਪਾਤੀ ॥ ਰਿਦ ਅੰਤਰਿ ਕਰ ਤਲ ਕਾਤੀ ॥ ਠਗ ਦਿਸਟਿ ਬਗਾ ਲਿਵ ਲਾਗਾ ॥ ਦੇਖਿ ਬੈਸਨੋ ਪ੍ਰਾਨ ਮੁਖ ਭਾਗਾ ॥੧॥ ਕਲਿ ਭਗਵਤ ਬੰਦ ਚਿਰਾਂਮੰ ॥ ਕ੍ਰੂਰ ਦਿਸਟਿ ਰਤਾ ਨਿਸਿ ਬਾਦੰ ॥੧॥ ਰਹਾਉ ॥ ਨਿਤਪ੍ਰਤਿ ਇਸਨਾਨੁ ਸਰੀਰੰ ॥ ਦੁਇ ਧੋਤੀ ਕਰਮ ਮੁਖਿ ਖੀਰੰ ॥ ਰਿਦੈ ਛੁਰੀ ਸੰਧਿਆਨੀ ॥ ਪਰ ਦਰਬੁ ਹਿਰਨ ਕੀ ਬਾਨੀ ॥੨॥ ਸਿਲ ਪੂਜਸਿ ਚਕ੍ਰ ਗਣੇਸੰ ॥ ਨਿਸਿ ਜਾਗਸਿ ਭਗਤਿ ਪ੍ਰਵੇਸੰ ॥ ਪਗ ਨਾਚਸਿ ਚਿਤੁ ਅਕਰਮੰ ॥ ਏ ਲੰਪਟ ਨਾਚ ਅਧਰਮੰ ॥੩॥ ਮ੍ਰਿਗ ਆਸਣੁ ਤੁਲਸੀ ਮਾਲਾ ॥ ਕਰ ਊਜਲ ਤਿਲਕੁ ਕਪਾਲਾ ॥ ਰਿਦੈ ਕੂੜੁ ਕੰਠਿ ਰੁਦ੍ਰਾਖੰ ॥ ਰੇ ਲੰਪਟ ਕ੍ਰਿਸਨੁ ਅਭਾਖੰ ॥੪॥ ਜਿਨਿ ਆਤਮ ਤਤੁ ਨ ਚੀਨ੍ਹ੍ਹਿਆ ॥ ਸਭ ਫੋਕਟ ਧਰਮ ਅਬੀਨਿਆ ॥ ਕਹੁ ਬੇਣੀ ਗੁਰਮੁਖਿ ਧਿਆਵੈ ॥ ਬਿਨੁ ਸਤਿਗੁਰ ਬਾਟ ਨ ਪਾਵੈ ॥੫॥੧॥ {ਪੰਨਾ 1351} ਪਦ ਅਰਥ: ਤਨਿ = ਸਰੀਰ ਉੱਤੇ। ਮਸਤਕਿ = ਮੱਥੇ ਉੱਤੇ। ਪਾਤੀ = ਤੁਲਸੀ ਦੇ ਪੱਤਰ। ਰਿਦ = ਹਿਰਦਾ। ਕਰ ਤਲ = ਹੱਥਾਂ ਦੀਆਂ ਤਲੀਆਂ ਉੱਤੇ, ਹੱਥਾਂ ਵਿਚ। ਕਾਤੀ = ਕੈਂਚੀ। ਦਿਸਟਿ = ਨਜ਼ਰ, ਤੱਕ। ਬਗਾ = ਬਗਲਾ। ਦੇਖਿ = ਵੇਖ ਕੇ, ਵੇਖਣ ਨੂੰ। ਪ੍ਰਾਨ = ਸੁਆਸ। ਭਾਗਾ = ਨੱਸ ਗਏ ਹਨ।1। ਕਲਿ = ਕਲਜੁਗ ਵਿਚ। ਚਿਰਾਮੰ = ਚਿਰ ਤੱਕ। ਕ੍ਰੂਰ = ਟੇਢੀ। ਰਤਾ = ਮਸਤ। ਨਿਸ = (ਭਾਵ) ਨਿਸਿ ਦਿਨ, ਰਾਤ ਦਿਨੇ, ਹਰ ਵੇਲੇ। ਬਾਦੰ = ਝਗੜਾ, ਮਾਇਆ ਲਈ ਝਗੜਾ, ਮਾਇਆ ਲਈ ਦੌੜ-ਭੱਜ।1। ਰਹਾਉ। ਨਿਤ ਪ੍ਰਤਿ = ਸਦਾ। ਮੁਖਿ ਖੀਰੰ = ਮੂੰਹ ਵਿਚ ਦੁੱਧ ਹੈ, ਦੂਧਾਧਾਰੀ ਹੈ। ਸੰਧਿਆਨੀ = ਤੱਕ ਕੇ ਰੱਖੀ ਹੋਈ ਹੈ, ਨਿਸ਼ਾਨਾ ਬੰਨ੍ਹ ਕੇ ਰੱਖੀ ਹੋਈ ਹੈ। ਦਰਬੁ = ਧਨ। ਹਿਰਨ = ਚੁਰਾਉਣਾ। ਬਾਨੀ = ਆਦਤ।2। ਨਿਸਿ = ਰਾਤ ਨੂੰ। ਭਗਤਿ = ਰਾਸਾਂ ਦੀ ਭਗਤੀ। ਪਗ = ਪੈਰਾਂ ਨਾਲ। ਅਕਰਮੰ = ਮੰਦੇ ਕੰਮਾਂ ਵਿਚ। ਏ ਲੰਪਟ = ਹੇ ਵਿਸ਼ਈ! ਅਧਰਮੰ = ਧਰਮ ਲਈ ਨਹੀਂ।3। ਮ੍ਰਿਗ = ਹਿਰਨ। ਕਰ ਊਜਲ = ਸਾਫ਼ ਹੱਥਾਂ ਨਾਲ। ਕਪਾਲਾ = ਮੱਥੇ ਉੱਤੇ। ਕੰਨਿ = ਗਲ ਵਿਚ। ਕ੍ਰਿਸਨੁ = ਪਰਮਾਤਮਾ। ਅਭਾਖੰ = ਅ+ਭਾਖੰ, ਨਹੀਂ ਬੋਲਦਾ, ਨਹੀਂ ਸਿਮਰਦਾ।4। ਜਿਨਿ = ਜਿਸ ਮਨੁੱਖ ਨੇ। ਤਤੁ = ਅਸਲੀਅਤ। ਅਬੀਨਿਆ = ਅੰਨ੍ਹੇ ਦੇ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਬਾਟ = ਜੀਵਨ ਦਾ ਸਹੀ ਰਸਤਾ।5।1। ਅਰਥ: (ਹੇ ਵਿਸ਼ਈ ਮਨੁੱਖ! ਤੂੰ ਉਂਞ ਤਾਂ) ਕਲਜੁਗੀ ਸੁਭਾਵ ਵਿਚ ਪ੍ਰਵਿਰਤ ਹੈਂ, ਪਰ ਮੂਰਤੀ ਨੂੰ ਚਿਰ ਤੱਕ ਨਮਸਕਾਰ ਕਰਦਾ ਹੈਂ, ਤੇਰੀ ਨਜ਼ਰ ਟੇਢੀ ਹੈ (ਤੇਰੀ ਨਿਗਾਹ ਵਿਚ ਖੋਟ ਹੈ) , ਦਿਨ ਰਾਤ ਤੂੰ ਮਾਇਆ ਦੇ ਧੰਧਿਆਂ ਵਿਚ ਰੱਤਾ ਹੋਇਆ ਹੈਂ (ਤੇਰੀਆਂ ਇਹ ਮੂਰਤੀ ਨੂੰ ਬੰਦਨਾਂ ਕਿਸ ਅਰਥ?) ।1। ਰਹਾਉ। (ਹੇ ਲੰਪਟ!) ਤੂੰ ਸਰੀਰ ਉੱਤੇ ਚੰਦਨ (ਦਾ ਲੇਪ ਕਰਦਾ ਹੈਂ) ਮੱਥੇ ਉੱਤੇ ਤੁਲਸੀ ਦੇ ਪੱਤਰ (ਲਾਂਦਾ ਹੈਂ; ਪਰ) ਤੇਰੇ ਹਿਰਦੇ ਵਿਚ (ਇਉਂ ਕੁਝ ਹੋ ਰਿਹਾ ਹੈ ਜਿਵੇਂ) ਤੇਰੇ ਹੱਥਾਂ ਵਿਚ ਕੈਂਚੀ ਫੜੀ ਹੋਈ ਹੈ; ਤੇਰੀ ਨਿਗਾਹ ਠੱਗਾਂ ਵਾਲੀ ਬਗਲੇ ਵਾਂਗ ਤੂੰ ਸਮਾਧੀ ਲਾਈ ਹੋਈ ਹੈ, ਵੇਖਣ ਨੂੰ ਤੂੰ ਵੈਸ਼ਨੋ ਜਾਪਦਾ ਹੈਂ ਜਿਵੇਂ ਤੇਰੇ ਮੂੰਹ ਵਿਚੋਂ ਸੁਆਸ ਭੀ ਨਿਕਲ ਗਏ ਹਨ (ਭਾਵ, ਵੇਖਣ ਨੂੰ ਤੂੰ ਬੜਾ ਹੀ ਦਇਆਵਾਨ ਜਾਪਦਾ ਹੈਂ) ।1। (ਹੇ ਵਿਸ਼ਈ ਮਨੁੱਖ!) ਤੂੰ ਹਰ ਰੋਜ਼ ਆਪਣੇ ਸਰੀਰ ਨੂੰ ਇਸ਼ਨਾਨ ਕਰਾਂਦਾ ਹੈਂ, ਦੋ ਧੋਤੀਆਂ ਰੱਖਦਾ ਹੈਂ, (ਹੋਰ) ਕਰਮ ਕਾਂਡ (ਭੀ ਕਰਦਾ ਹੈਂ) , ਦੂਧਾਧਾਰੀ (ਬਣਿਆ ਹੋਇਆ) ਹੈਂ; ਪਰ ਆਪਣੇ ਹਿਰਦੇ ਵਿਚ ਤੂੰ ਛੁਰੀ ਕੱਸ ਕੇ ਰੱਖੀ ਹੋਈ ਹੈ, ਤੈਨੂੰ ਪਰਾਇਆ ਧਨ ਠੱਗਣ ਦੀ ਆਦਤ ਪਈ ਹੋਈ ਹੈ।2। (ਹੇ ਲੰਪਟ!) ਤੂੰ ਸਿਲਾ ਪੂਜਦਾ ਹੈਂ, ਸਰੀਰ ਉੱਤੇ ਤੂੰ ਗਣੇਸ਼ ਦੇਵਤੇ ਦੇ ਨਿਸ਼ਾਨ ਬਣਾਏ ਹੋਏ ਹਨ, ਰਾਤ ਨੂੰ ਰਾਸਾਂ ਵਿਚ (ਭਗਤੀ ਵਜੋਂ) ਜਾਗਦਾ ਭੀ ਹੈਂ, ਉਥੇ ਪੈਰਾਂ ਨਾਲ ਤੂੰ ਨੱਚਦਾ ਹੈਂ, ਪਰ ਤੇਰਾ ਚਿੱਤ ਮੰਦੇ ਕਰਮਾਂ ਵਿਚ ਹੀ ਮਗਨ ਰਹਿੰਦਾ ਹੈ, ਹੇ ਲੰਪਟ! ਇਹ ਨਾਚ ਕੋਈ ਧਰਮ (ਦਾ ਕੰਮ) ਨਹੀਂ ਹੈ।3। ਹੇ ਵਿਸ਼ਈ ਮਨੁੱਖ! (ਪੂਜਾ ਪਾਠ ਵੇਲੇ) ਤੂੰ ਹਿਰਨ ਦੀ ਖੱਲ ਦਾ ਆਸਣ (ਵਰਤਦਾ ਹੈਂ) , ਤੁਲਸੀ ਦੀ ਮਾਲਾ ਤੇਰੇ ਪਾਸ ਹੈ, ਸਾਫ਼ ਹੱਥਾਂ ਨਾਲ ਤੂੰ ਮੱਥੇ ਉੱਤੇ ਤਿਲਕ ਲਾਂਦਾ ਹੈਂ, ਗਲ ਵਿਚ ਤੂੰ ਰੁਦ੍ਰਾਖ ਦੀ ਮਾਲਾ ਪਾਈ ਹੋਈ ਹੈ, ਪਰ ਤੇਰੇ ਹਿਰਦੇ ਵਿਚ ਠੱਗੀ ਹੈ। (ਹੇ ਲੰਪਟ! ਇਸ ਤਰ੍ਹਾਂ) ਤੂੰ ਹਰੀ ਨੂੰ ਸਿਮਰ ਨਹੀਂ ਰਿਹਾ ਹੈਂ।4। ਹੇ ਬੇਣੀ! ਇਹ ਗੱਲ ਸੱਚ ਹੈ ਕਿ ਜਿਸ ਮਨੁੱਖ ਨੇ ਆਤਮਾ ਦੀ ਅਸਲੀਅਤ ਨੂੰ ਨਹੀਂ ਪਛਾਣਿਆ, ਉਸ ਅੰਨ੍ਹੇ ਦੇ ਸਾਰੇ ਕਰਮ-ਧਰਮ ਫੋਕੇ ਹਨ। ਉਹੀ ਮਨੁੱਖ ਸਿਮਰਨ ਕਰਦਾ ਹੈ ਜੋ ਗੁਰੂ ਦੇ ਸਨਮੁਖ ਹੁੰਦਾ ਹੈ, ਗੁਰੂ ਤੋਂ ਬਿਨਾ ਜ਼ਿੰਦਗੀ ਦਾ ਸਹੀ ਰਾਹ ਨਹੀਂ ਲੱਭਦਾ।5।1। ਨੋਟ: ਇਸ ਸ਼ਬਦ ਦੇ ਲਫ਼ਜ਼ਾਂ ਨੂੰ ਰਤਾ ਗਹੁ ਨਾਲ ਵੇਖੋ; ਕਿਸੇ ਚੰਗੇ ਵਿਦਵਾਨ ਦੇ ਮੂੰਹੋਂ ਨਿਕਲੇ ਦਿੱਸਦੇ ਹਨ। ਬੇਣੀ ਜੀ ਜਾਤਿ ਦੇ ਬ੍ਰਾਹਮਣ ਸਨ, ਵਿਦਵਾਨ ਬ੍ਰਾਹਮਣ ਸਨ। ਬ੍ਰਾਹਮਣ ਦੇ ਵਿਛਾਏ ਹੋਏ ਕਰਮ-ਕਾਂਡ ਦੇ ਜਾਲ ਨੂੰ ਨਸ਼ਰ ਕਰ ਰਹੇ ਹਨ। ਇਹ ਸੂਰਮੇ ਮਰਦ ਦਾ ਹੀ ਕੰਮ ਹੋ ਸਕਦਾ ਸੀ ਕਿ ਆਪਣੇ ਜਾਤਿ-ਭਾਈ ਬ੍ਰਾਹਮਣਾਂ ਦੇ ਨਾਲ ਮਿਲ ਕੇ ਇਸ ਕਰਮ-ਕਾਂਡੀ ਜਾਲ ਤੋਂ ਮਾਇਕ ਉਠਾਣ ਦੇ ਥਾਂ, ਬੇਣੀ ਜੀ ਨੇ ਇਸ ਦਾ ਥੋਥਾ-ਪਨ ਜ਼ਾਹਰ ਕਰ ਦਿੱਤਾ। ਇਸ ਸੂਰਮੇ ਮਰਦ ਦੀ ਇਹ ਦਲੇਰੀ ਹੀ ਸੀ, ਜਿਸ ਨੇ ਸਤਿਗੁਰੂ ਨਾਨਕ ਪਾਤਿਸ਼ਾਹ ਦੇ ਹਿਰਦੇ ਵਿਚ ਖਿੱਚ ਪਾਈ। ਪਹਿਲੀ 'ਉਦਾਸੀ' ਵਿਚ ਗੁਰੂ ਨਾਨਕ ਸਾਹਿਬ ਨੇ ਬੇਣੀ ਜੀ ਦੇ ਸ਼ਬਦ ਲਿਆਂਦੇ ਸਨ, ਅਤੇ ਆਪਣੀ ਬਾਣੀ ਨਾਲ ਸਾਂਭ ਕੇ ਰੱਖੇ ਸਨ। ਬੇਣੀ ਜੀ ਕਿਸੇ ਪਖੰਡੀ ਦਾ ਨਕਸ਼ਾ ਖਿੱਚ ਰਹੇ ਹਨ ਕਿ ਕਿਵੇਂ ਬਾਹਰੋਂ ਧਾਰਮਿਕ ਭੇਖ ਧਾਰ ਕੇ ਅੰਦਰੋਂ ਕਾਤੀ ਚਲਾਂਦਾ ਹੈ। ਇਸੇ ਹੀ ਰਾਗ ਵਿਚ ਸਤਿਗੁਰੂ ਨਾਨਕ ਦੇਵ ਜੀ ਦਾ ਸ਼ਬਦ ਨੰ: 14 ਗਹੁ ਨਾਲ ਪੜ੍ਹ ਕੇ ਵੇਖੋ। ਇਹਨਾਂ ਦੋਹਾਂ ਸ਼ਬਦਾਂ ਵਿਚ ਬੜੀ ਡੂੰਘੀ ਸਾਂਝ ਹੈ: (1) ਦੋਹਾਂ ਸ਼ਬਦਾਂ ਦੇ ਪੰਜ ਪੰਜ ਬੰਦ ਹਨ, ਇਹਨਾਂ ਦੋਹਾਂ ਸ਼ਬਦਾਂ ਦੀ ਇਸ ਸਾਂਝ ਤੋਂ ਸਾਫ਼ ਪਰਗਟ ਹੈ ਕਿ ਸਤਿਗੁਰੂ ਨਾਨਕ ਸਾਹਿਬ ਨੇ ਜਦੋਂ ਇਹ ਸ਼ਬਦ ਨੰ: 14 ਉਚਾਰਿਆ ਸੀ, ਉਹਨਾਂ ਦੇ ਪਾਸ ਬੇਣੀ ਜੀ ਦਾ ਇਹ ਸ਼ਬਦ ਮੌਜੂਦ ਸੀ। ਪ੍ਰਭਾਤੀ ਰਾਗ ਵਿਚ ਗੁਰੂ ਨਾਨਕ ਦੇਵ ਜੀ ਦਾ ਉਹ ਸ਼ਬਦ ਨੰ: 14 ਇਉਂ ਹੈ: ਗੀਤ ਨਾਦ ਹਰਖ ਚਤੁਰਾਈ ॥ ਰਹਸ ਰੰਗ ਫੁਰਮਾਇਸਿ ਕਾਈ ॥ ਪੈਨ੍ਹ੍ਹਣੁ ਖਾਣਾ ਚੀਤਿ ਨ ਪਾਈ ॥ ਸਾਚੁ ਸਹਜੁ ਸੁਖੁ ਨਾਮਿ ਵਸਾਈ ॥1॥ ਕਿਆ ਜਾਨਾਂ ਕਿਆ ਕਰੈ ਕਰਾਵੈ ॥ ਨਾਮ ਬਿਨਾ ਤਨਿ ਕਿਛੁ ਨ ਸੁਖਾਵੈ ॥ਰਹਾਉ॥ ਜੋਗ ਬਿਨੋਦ ਸ੍ਵਾਦ ਆਨੰਦਾ ॥ ਮਤਿ ਸਤ ਭਾਇ ਭਗਤਿ ਗੋਬਿੰਦਾ ॥ ਕੀਰਤਿ ਕਰਮ ਕਾਰ ਨਿਜ ਸੰਦਾ ॥ ਅੰਤਰਿ ਰਵਤੌ ਰਾਜ ਰਵਿੰਦਾ ॥2॥ ਪ੍ਰਿਉ ਪ੍ਰਿਉ ਪ੍ਰੀਤਿ ਪ੍ਰੇਮਿ ਉਰਧਾਰੀ ॥ ਦੀਨਾਨਾਥੁ ਪੀਉ ਬਨਵਾਰੀ ॥ ਅਨਦਿਨੁ ਨਾਮੁ ਦਾਨੁ ਬ੍ਰਤ ਕਾਰੀ ॥ ਤਿਪਤਿ ਤਰੰਗੀ, ਤਤੁ ਬੀਚਾਰੀ ॥3॥ ਅਕਥੌ ਕਥਉ, ਕਿਆ ਮੈ ਜੋਰੁ ॥ ਭਗਤਿ ਕਰੀ, ਕਰਾਇਹਿ ਮੋਰ ॥ ਅੰਤਰਿ ਵਸੈ, ਚੂਕੈ ਮੈ ਮੋਰ ॥ ਕਿਸੁ ਸੇਵੀ, ਦੂਜਾ ਨਹੀ ਹੋਰੁ ॥4॥ ਗੁਰ ਕਾ ਸਬਦੁ, ਮਹਾ ਰਸੁ ਮੀਠਾ ॥ ਐਸਾ ਅੰਮ੍ਰਿਤੁ ਅੰਤਰਿ ਡੀਠਾ ॥ ਜਿਨਿ ਚਾਖਿਆ, ਪੂਰਾ ਪਦੁ ਹੋਇ ॥ ਨਾਨਕ ਧ੍ਰਾਪਿਓ, ਤਨਿ ਸੁਖੁ ਹੋਇ ॥5॥14॥ ਆਸਾ ਦੀ ਵਾਰ ਦੀ ਪਉੜੀ ਨੰ: 14 ਦਾ ਦੂਜਾ ਸਲੋਕ ਭੀ ਪੜ੍ਹੋ: ਪੜਿ ਪੁਸਤਕ ਸੰਧਿਆ ਬਾਦੰ ॥ ਸਿਲ ਪੂਜਸਿ ਬਗੁਲ ਸਮਾਧੰ ॥ ਮੁਖਿ ਝੂਠੁ ਬਿਭੂਖਣ ਸਾਰੰ ॥ ਤ੍ਰੈਪਾਲ ਤਿਹਾਲ ਬਿਚਾਰੰ ॥ ਗਲਿ ਮਾਲਾ ਤਿਲਕ ਲਿਲਾਟੰ ॥ ਦੁਇ ਧੋਤੀ ਬਸਤ੍ਰ ਕਪਾਟੰ ॥ ਜੇ ਜਾਣਸਿ ਬ੍ਰਹਮੰ ਕਰਮੰ ॥ ਸਭਿ ਫੋਕਟ ਨਿਸਚਉ ਕਰਮੰ ॥ ਕਹੁ ਨਾਨਕ ਨਿਹਚਉ ਧਿਆਵੈ ॥ ਵਿਣੁ ਸਤਿਗੁਰ ਵਾਟ ਨ ਪਾਵੈ ॥2॥14॥ ਬੇਣੀ ਜੀ ਦੇ ਸ਼ਬਦ ਨਾਲ ਇਸ ਨੂੰ ਰਲਾ ਕੇ ਵੇਖੋ। ਮਜ਼ਮੂਨ ਰਲਦਾ ਹੈ, ਚਾਲ ਰਲਦੀ ਹੈ, ਕਈ ਲਫ਼ਜ਼ ਸਾਂਝੇ ਹਨ, ਅਖ਼ੀਰਲੀ ਤੁਕ ਦੀ ਸਾਂਝ ਤਾਂ ਕਮਾਲ ਦੀ ਹੈ। ਵਿਰੋਧੀ ਸੱਜਣ ਜੇ ਇਸ ਸਲੋਕ ਨੂੰ ਬੇਣੀ ਜੀ ਦੇ ਸ਼ਬਦ ਨਾਲ ਰਲਾ ਕੇ ਪੜ੍ਹਨ ਦੀ ਖੇਚਲ ਕਰਦਾ, ਤਾਂ ਇਹ ਨਾਹ ਲਿਖਦਾ ਕਿ ਇਸ ਸ਼ਬਦ ਵਿਚੋਂ 'ਗੁਰਮਤਿ ਦੇ ਕਿਸੇ ਸਿੱਧਾਂਤ ਉਤੇ ਚਾਨਣਾ ਨਹੀਂ ਪੈਂਦਾ'। |
Sri Guru Granth Darpan, by Professor Sahib Singh |