ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1352 ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਰਾਗੁ ਜੈਜਾਵੰਤੀ ਮਹਲਾ ੯ ॥ ਰਾਮੁ ਸਿਮਰਿ ਰਾਮੁ ਸਿਮਰਿ ਇਹੈ ਤੇਰੈ ਕਾਜਿ ਹੈ ॥ ਮਾਇਆ ਕੋ ਸੰਗੁ ਤਿਆਗੁ ਪ੍ਰਭ ਜੂ ਕੀ ਸਰਨਿ ਲਾਗੁ ॥ ਜਗਤ ਸੁਖ ਮਾਨੁ ਮਿਥਿਆ ਝੂਠੋ ਸਭ ਸਾਜੁ ਹੈ ॥੧॥ ਰਹਾਉ ॥ ਸੁਪਨੇ ਜਿਉ ਧਨੁ ਪਛਾਨੁ ਕਾਹੇ ਪਰਿ ਕਰਤ ਮਾਨੁ ॥ ਬਾਰੂ ਕੀ ਭੀਤਿ ਜੈਸੇ ਬਸੁਧਾ ਕੋ ਰਾਜੁ ਹੈ ॥੧॥ ਨਾਨਕੁ ਜਨੁ ਕਹਤੁ ਬਾਤ ਬਿਨਸਿ ਜੈਹੈ ਤੇਰੋ ਗਾਤੁ ॥ ਛਿਨੁ ਛਿਨੁ ਕਰਿ ਗਇਓ ਕਾਲੁ ਤੈਸੇ ਜਾਤੁ ਆਜੁ ਹੈ ॥੨॥੧॥ {ਪੰਨਾ 1352} ਪਦ ਅਰਥ: ਸਿਮਰਿ = ਸਿਮਰਿਆ ਕਰ। ਇਹੈ– ਇਹ (ਸਿਮਰਨ) ਹੀ। ਤੇਰੈ ਕਾਜਿ = ਤੇਰੇ ਕੰਮ ਵਿਚ (ਆਉਣ ਵਾਲਾ) । ਕੋ = ਦਾ। ਸੰਗੁ = ਸਾਥ, ਮੋਹ। ਲਾਗੁ = ਪਿਆ ਰਹੁ। ਮਾਨੁ = ਮੰਨ, ਸਮਝ ਲੈ। ਮਿਥਿਆ = ਨਾਸਵੰਤ। ਸਾਜੁ = ਜਗਤ-ਪਸਾਰਾ।1। ਰਹਾਉ। ਕਾਹੇ ਪਰਿ = ਕਾਹਦੇ ਉੱਤੇ? ਮਾਨੁ = ਅਹੰਕਾਰ। ਬਾਰੂ = ਰੇਤ। ਭੀਤਿ = ਕੰਧ। ਬਸੁਧਾ = ਧਰਤੀ। ਕੋ = ਦਾ।1। ਨਾਨਕੁ ਕਹਤ = ਨਾਨਕ ਆਖਦਾ ਹੈ। ਬਾਤ = ਗੱਲ। ਬਿਨਸਿ ਜੈ ਹੈ– ਨਾਸ ਹੋ ਜਾਇਗਾ। ਗਾਤੁ = ਸਰੀਰ। ਕਾਲੁ = ਕੱਲ (ਦਾ ਦਿਨ) । ਆਜੁ = ਅੱਜ ਦਾ ਦਿਨ।2। ਅਰਥ: ਹੇ ਭਾਈ! ਪਰਮਾਤਮਾ (ਦਾ ਨਾਮ) ਸਿਮਰਿਆ ਕਰ, ਪਰਮਾਤਮਾ ਦਾ ਨਾਮ ਸਿਮਰਿਆ ਕਰ। ਇਹ (ਸਿਮਰਨ) ਹੀ ਤੇਰੇ ਕੰਮ ਵਿਚ (ਆਉਣ ਵਾਲਾ) ਹੈ। ਹੇ ਭਾਈ! ਮਾਇਆ ਦਾ ਮੋਹ ਛੱਡ ਦੇਹ, ਪਰਮਾਤਮਾ ਦੀ ਸਰਨ ਪਿਆ ਰਹੁ। ਹੇ ਭਾਈ! ਦੁਨੀਆ ਦੇ ਸੁਖਾਂ ਨੂੰ ਨਾਸਵੰਤ ਸਮਝ। ਜਗਤ ਦਾ ਇਹ ਸਾਰਾ ਪਸਾਰਾ (ਹੀ) ਸਾਥ ਛੱਡ ਜਾਣ ਵਾਲਾ ਹੈ।1। ਰਹਾਉ। ਹੇ ਭਾਈ! ਇਸ ਧਨ ਨੂੰ ਸੁਪਨੇ (ਵਿਚ ਮਿਲੇ ਪਦਾਰਥਾਂ) ਵਾਂਗ ਸਮਝ (ਜਾਗ ਖੁਲ੍ਹਦਿਆਂ ਹੀ ਉਹ ਪਦਾਰਥ ਲੋਪ ਹੋ ਜਾਂਦੇ ਹਨ। ਦੱਸ,) ਤੂੰ ਕਾਹਦੇ ਉੱਤੇ ਅਹੰਕਾਰ ਕਰਦਾ ਹੈਂ? (ਸਾਰੀ) ਧਰਤੀ ਦਾ ਰਾਜ (ਭੀ) ਰੇਤ ਦੀ ਕੰਧ ਵਰਗਾ ਹੀ ਹੈ।1। ਹੇ ਭਾਈ! ਦਾਸ ਨਾਨਕ (ਤੈਨੂੰ ਇਹ) ਗੱਲ ਦੱਸਦਾ ਹੈ ਕਿ ਤੇਰਾ (ਤਾਂ ਇਹ ਆਪਣਾ ਮਿਥਿਆ ਹੋਇਆ) ਸਰੀਰ (ਭੀ) ਨਾਸ ਹੋ ਜਾਇਗਾ। (ਵੇਖ, ਜਿਵੇਂ ਤੇਰੀ ਉਮਰ ਦਾ) ਕੱਲ (ਦਾ ਦਿਨ) ਛਿਨ ਛਿਨ ਕਰ ਕੇ ਬੀਤ ਗਿਆ ਹੈ, ਤਿਵੇਂ ਅੱਜ (ਦਾ ਦਿਨ ਭੀ) ਲੰਘਦਾ ਜਾ ਰਿਹਾ ਹੈ।2।1। ਜੈਜਾਵੰਤੀ ਮਹਲਾ ੯ ॥ ਰਾਮੁ ਭਜੁ ਰਾਮੁ ਭਜੁ ਜਨਮੁ ਸਿਰਾਤੁ ਹੈ ॥ ਕਹਉ ਕਹਾ ਬਾਰ ਬਾਰ ਸਮਝਤ ਨਹ ਕਿਉ ਗਵਾਰ ॥ ਬਿਨਸਤ ਨਹ ਲਗੈ ਬਾਰ ਓਰੇ ਸਮ ਗਾਤੁ ਹੈ ॥੧॥ ਰਹਾਉ ॥ ਸਗਲ ਭਰਮ ਡਾਰਿ ਦੇਹਿ ਗੋਬਿੰਦ ਕੋ ਨਾਮੁ ਲੇਹਿ ॥ ਅੰਤਿ ਬਾਰ ਸੰਗਿ ਤੇਰੈ ਇਹੈ ਏਕੁ ਜਾਤੁ ਹੈ ॥੧॥ ਬਿਖਿਆ ਬਿਖੁ ਜਿਉ ਬਿਸਾਰਿ ਪ੍ਰਭ ਕੌ ਜਸੁ ਹੀਏ ਧਾਰਿ ॥ ਨਾਨਕ ਜਨ ਕਹਿ ਪੁਕਾਰਿ ਅਉਸਰੁ ਬਿਹਾਤੁ ਹੈ ॥੨॥੨॥ {ਪੰਨਾ 1352} ਪਦ ਅਰਥ: ਭਜੁ = ਭਜਨ ਕਰ, ਜਪਿਆ ਕਰ। ਸਿਰਾਤੁ ਹੈ– ਬੀਤਦਾ ਜਾ ਰਿਹਾ ਹੈ। ਕਹਉ = ਕਹਉਂ, ਮੈਂ ਆਖਾਂ। ਕਹਾ = ਕਹਾਂ? ਕੀਹ? ਬਾਰ ਬਾਰ = ਮੁੜ ਮੁੜ। ਗਵਾਰ = ਹੇ ਮੂਰਖ! ਬਿਨਸਤ = ਨਾਸ ਹੁੰਦਿਆਂ। ਬਾਰ = ਚਿਰ, ਢਿੱਲ। ਓਰਾ = ਗੜਾ। ਓਰੇ ਸਮ = ਗੜੇ ਵਰਗਾ, ਗੜੇ ਦੇ ਬਰਾਬਰ। ਸਮ = ਬਰਾਬਰ, ਸਮਾਨ। ਗਾਤੁ = ਸਰੀਰ।1। ਰਹਾਉ। ਭਰਮ = ਭਟਕਣਾ। ਡਾਰਿ ਦੇਹਿ = ਛੱਡ ਦੇਹ। ਕੋ = ਦਾ। ਲੇਹਿ = ਜਪਿਆ ਕਰ। ਅੰਤਿ ਬਾਰ = ਅੰਤਲੇ ਸਮੇ। ਸੰਗਿ ਤੇਰੈ = ਤੇਰੇ ਨਾਲ। ਇਹੈ ਏਕ = ਸਿਰਫ਼ ਇਹ ਹੀ।1। ਬਿਖਿਆ = ਮਾਇਆ। ਬਿਖੁ = ਜ਼ਹਿਰ। ਬਿਸਾਰਿ = ਭੁਲਾ ਦੇਹ। ਜਸੁ = ਸਿਫ਼ਤਿ-ਸਾਲਾਹ। ਹੀਏ = ਹਿਰਦੇ ਵਿਚ। ਧਾਰਿ = ਵਸਾਈ ਰੱਖ। ਕਹਿ = ਕਹੈ, ਆਖਦਾ ਹੈ। ਪੁਕਾਰਿ = ਪੁਕਾਰ ਕੇ, ਕੂਕ ਕੇ। ਅਉਸਰੁ = ਮੌਕਾ, ਸਮਾ।2। ਅਰਥ: ਹੇ ਭਾਈ! ਪਰਮਾਤਮਾ ਦਾ ਭਜਨ ਕਰਿਆ ਕਰ, ਪਰਮਾਤਮਾ ਦਾ ਭਜਨ ਕਰਿਆ ਕਰ। ਮਨੁੱਖਾ ਜਨਮ ਲੰਘਦਾ ਜਾ ਰਿਹਾ ਹੈ। ਹੇ ਮੂਰਖ! ਮੈਂ (ਤੈਨੂੰ) ਮੁੜ ਮੁੜ ਕੀਹ ਆਖਾਂ? ਤੂੰ ਕਿਉਂ ਨਹੀਂ ਸਮਝਦਾ? (ਤੇਰਾ ਇਹ) ਸਰੀਰ (ਨਾਸ ਹੋਣ ਵਿਚ) ਗੜੇ ਵਰਗਾ ਹੀ ਹੈ (ਇਸ ਦੇ) ਨਾਸ ਹੁੰਦਿਆਂ ਚਿਰ ਨਹੀਂ ਲੱਗਦਾ।1। ਰਹਾਉ। ਹੇ ਭਾਈ! ਸਾਰੀਆਂ ਭਟਕਣਾਂ ਛੱਡ ਦੇਹ, ਪਰਮਾਤਮਾ ਦਾ ਨਾਮ ਜਪਿਆ ਕਰ। ਅੰਤਲੇ ਸਮੇ ਤੇਰੇ ਨਾਲ ਸਿਰਫ਼ ਇਹ ਨਾਮ ਹੀ ਜਾਣ ਵਾਲਾ ਹੈ।1। ਹੇ ਭਾਈ! ਮਾਇਆ (ਦਾ ਮੋਹ ਆਪਣੇ ਅੰਦਰੋਂ) ਜ਼ਹਿਰ ਵਾਂਗ ਭੁਲਾ ਦੇਹ। ਪਰਮਾਤਮਾ ਦੀ ਸਿਫ਼ਤਿ-ਸਾਲਾਹ (ਆਪਣੇ) ਹਿਰਦੇ ਵਿਚ ਵਸਾਈ ਰੱਖ। ਦਾਸ ਨਾਨਕ (ਤੈਨੂੰ) ਕੂਕ ਕੂਕ ਕੇ ਆਖ ਰਿਹਾ ਹੈ, (ਮਨੁੱਖਾ ਜ਼ਿੰਦਗੀ ਦਾ ਸਮਾ) ਬੀਤਦਾ ਜਾ ਰਿਹਾ ਹੈ।2। 2। ਜੈਜਾਵੰਤੀ ਮਹਲਾ ੯ ॥ ਰੇ ਮਨ ਕਉਨ ਗਤਿ ਹੋਇ ਹੈ ਤੇਰੀ ॥ ਇਹ ਜਗ ਮਹਿ ਰਾਮ ਨਾਮੁ ਸੋ ਤਉ ਨਹੀ ਸੁਨਿਓ ਕਾਨਿ ॥ ਬਿਖਿਅਨ ਸਿਉ ਅਤਿ ਲੁਭਾਨਿ ਮਤਿ ਨਾਹਿਨ ਫੇਰੀ ॥੧॥ ਰਹਾਉ ॥ ਮਾਨਸ ਕੋ ਜਨਮੁ ਲੀਨੁ ਸਿਮਰਨੁ ਨਹ ਨਿਮਖ ਕੀਨੁ ॥ ਦਾਰਾ ਸੁਖ ਭਇਓ ਦੀਨੁ ਪਗਹੁ ਪਰੀ ਬੇਰੀ ॥੧॥ ਨਾਨਕ ਜਨ ਕਹਿ ਪੁਕਾਰਿ ਸੁਪਨੈ ਜਿਉ ਜਗ ਪਸਾਰੁ ॥ ਸਿਮਰਤ ਨਹ ਕਿਉ ਮੁਰਾਰਿ ਮਾਇਆ ਜਾ ਕੀ ਚੇਰੀ ॥੨॥੩॥ {ਪੰਨਾ 1352} ਪਦ ਅਰਥ: ਗਤਿ = ਹਾਲਤ, ਦਸ਼ਾ। ਹੋਇ ਹੈ– ਹੋਵੇਗੀ। ਮਹਿ = ਵਿਚ। ਤਉ = ਤਾਂ। ਕਾਨਿ = ਕੰਨ ਨਾਲ, ਧਿਆਨ ਦੇ ਕੇ। ਬਿਖਿਅਨ ਸਿਉੇ = ਵਿਸ਼ਿਆਂ ਨਾਲ। ਅਤਿ = ਬਹੁਤ। ਲੁਭਾਨਿ = ਗ੍ਰਸਿਆ ਹੋਇਆ। ਫੇਰੀ = ਪਰਤਾਈ।1। ਰਹਾਉ। ਕੋ = ਦਾ। ਲੀਨੁ = ਲਿਆ, ਹਾਸਲ ਕੀਤਾ। ਨਿਮਖ = (inmy =) ਅੱਖ ਝਮਕਣ ਜਿਤਨਾ ਸਮਾ। ਕੀਨੁ = ਕੀਤਾ। ਦਾਰਾ = ਇਸਤ੍ਰੀ। ਦੀਨੁ = ਆਤੁਰ, ਅਧੀਨ। ਪਗਹੁ = ਪੈਰਾਂ ਵਿਚ। ਪਰੀ = ਪਈ ਹੋਈ ਹੈ। ਬੇਰੀ = ਬੇੜੀ।1। ਕਹਿ = ਕਹੈ, ਆਖਦਾ ਹੈ। ਪੁਕਾਰਿ = ਪੁਕਾਰ ਕੇ। ਜਗ ਪਸਾਰੁ = ਜਗਤ ਦਾ ਖਿਲਾਰਾ। ਮੁਰਾਰਿ = (ਮੁਰ-ਅਰਿ) ਪਰਮਾਤਮਾ। ਜਾ ਕੀ = ਜਿਸ (ਪਰਮਾਤਮਾ) ਦੀ। ਚੇਰੀ = ਦਾਸੀ।2। ਅਰਥ: ਹੇ ਮਨ! (ਤੂੰ ਕਦੇ ਸੋਚਦਾ ਨਹੀਂ ਕਿ) ਤੇਰੀ ਕੀਹ ਦਸ਼ਾ ਹੋਵੇਗੀ। ਇਸ ਜਗਤ ਵਿਚ (ਤੇਰਾ ਅਮਲ ਸਾਥੀ) ਪਰਮਾਤਮਾ ਦਾ ਨਾਮ (ਹੀ) ਹੈ, ਉਹ (ਨਾਮ) ਤੂੰ ਕਦੇ ਧਿਆਨ ਨਾਲ ਸੁਣਿਆ ਨਹੀਂ। ਤੂੰ ਵਿਸ਼ਿਆਂ ਵਿਚ ਹੀ ਬਹੁਤ ਫਸਿਆ ਰਹਿੰਦਾ ਹੈਂ, ਤੂੰ (ਆਪਣੀ) ਸੁਰਤਿ (ਇਹਨਾਂ ਵਲੋਂ ਕਦੇ) ਪਰਤਾਂਦਾ ਨਹੀਂ।1। ਰਹਾਉ। ਹੇ ਭਾਈ! ਤੂੰ ਮਨੁੱਖ ਦਾ ਜਨਮ (ਤਾਂ) ਹਾਸਲ ਕੀਤਾ, ਪਰ ਕਦੇ ਰਤਾ ਭਰ ਸਮੇ ਲਈ ਭੀ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ। ਤੂੰ ਸਦਾ ਇਸਤ੍ਰੀ ਦੇ ਸੁਖਾਂ ਦੇ ਹੀ ਅਧੀਨ ਹੋਇਆ ਰਹਿੰਦਾ ਹੈਂ। ਤੇਰੇ ਪੈਰਾਂ ਵਿਚ (ਇਸਤ੍ਰੀ ਦੇ ਮੋਹ ਦੀ) ਬੇੜੀ ਪਈ ਰਹਿੰਦੀ ਹੈ।1। ਹੇ ਭਾਈ! ਦਾਸ ਨਾਨਕ (ਤੈਨੂੰ) ਪੁਕਾਰ ਕੇ ਆਖਦਾ ਹੈ ਕਿ ਇਹ ਜਗਤ ਦਾ ਖਿਲਾਰਾ ਸੁਪਨੇ ਵਰਗਾ ਹੀ ਹੈ। ਇਹ ਮਾਇਆ ਜਿਸ ਦੀ ਦਾਸੀ ਹੈ ਤੂੰ ਉਸ ਪਰਮਾਤਮਾ ਦਾ ਸਿਮਰਨ ਕਿਉਂ ਨਹੀਂ ਕਰਦਾ।2।3। ਜੈਜਾਵੰਤੀ ਮਹਲਾ ੯ ॥ ਬੀਤ ਜੈਹੈ ਬੀਤ ਜੈਹੈ ਜਨਮੁ ਅਕਾਜੁ ਰੇ ॥ ਨਿਸਿ ਦਿਨੁ ਸੁਨਿ ਕੈ ਪੁਰਾਨ ਸਮਝਤ ਨਹ ਰੇ ਅਜਾਨ ॥ ਕਾਲੁ ਤਉ ਪਹੂਚਿਓ ਆਨਿ ਕਹਾ ਜੈਹੈ ਭਾਜਿ ਰੇ ॥੧॥ ਰਹਾਉ ॥ ਅਸਥਿਰੁ ਜੋ ਮਾਨਿਓ ਦੇਹ ਸੋ ਤਉ ਤੇਰਉ ਹੋਇ ਹੈ ਖੇਹ ॥ ਕਿਉ ਨ ਹਰਿ ਕੋ ਨਾਮੁ ਲੇਹਿ ਮੂਰਖ ਨਿਲਾਜ ਰੇ ॥੧॥ ਰਾਮ ਭਗਤਿ ਹੀਏ ਆਨਿ ਛਾਡਿ ਦੇ ਤੈ ਮਨ ਕੋ ਮਾਨੁ ॥ ਨਾਨਕ ਜਨ ਇਹ ਬਖਾਨਿ ਜਗ ਮਹਿ ਬਿਰਾਜੁ ਰੇ ॥੨॥੪॥ {ਪੰਨਾ 1352-1353} ਪਦ ਅਰਥ: ਜੈਹੈ– ਜਾਇਗਾ। ਬੀਤ ਜੈਹੈ– ਗੁਜ਼ਰ ਜਾਇਗਾ। ਅਕਾਜੁ = (ਅ-ਕਾਜੁ) ਅਸਫਲ, ਜੀਵਨ-ਮਨੋਰਥ ਪ੍ਰਾਪਤ ਕਰਨ ਤੋਂ ਬਿਨਾ। ਰੇ = ਹੇ ਭਾਈ! ਨਿਸਿ = ਰਾਤ। ਰੇ ਅਜਾਨ = ਹੇ ਬੇ-ਸਮਝ! ਹੇ ਮੂਰਖ! ਕਾਲੁ = ਮੌਤ ਦਾ ਸਮਾ। ਆਨਿ = ਆ ਕੇ। ਭਾਜਿ = ਭੱਜ ਕੇ। ਕਹਾ = ਕਿੱਥੇ?।1। ਰਹਾਉ। ਅਸਥਿਰੁ = ਸਦਾ ਕਾਇਮ ਰਹਿਣ ਵਾਲਾ। ਜੋ ਦੇਹ = ਜਿਹੜਾ ਸਰੀਰ। ਮਾਨਿਓ = ਤੂੰ ਮੰਨੀ ਬੈਠਾ ਹੈਂ। ਤਉ = ਤਾਂ। ਹੋਇ ਹੈ– ਹੋ ਜਾਇਗਾ। ਖੇਹਿ = ਮਿੱਟੀ, ਸੁਆਹ। ਕੋ = ਦਾ। ਕਿਉ ਨ ਲੇਹਿ = ਤੂੰ ਕਿਉਂ ਨਹੀ ਜਪਦਾ? (ਲੇਹਿਂ) । ਮੂਰਖ ਨਿਲਾਜ ਰੇ = ਹੇ ਮੂਰਖ! ਹੇ ਬੇ-ਸ਼ਰਮ!।1। ਹੀਏ = ਹਿਰਦੇ ਵਿਚ! ਆਨਿ = ਲਿਆ ਰੱਖ। ਤੈ = ਤੂੰ। ਕੋ = ਦਾ। ਮਾਨੁ = ਅਹੰਕਾਰ। ਇਹੈ– ਇਹ ਹੀ। ਬਖਾਨਿ = ਬਖਾਨੈ, ਆਖਦਾ ਹੈ। ਮਹਿ = ਵਿਚ। ਬਿਰਾਜੁ = ਰੌਸ਼ਨ ਹੋ, ਚੰਗਾ ਜੀਵਨ ਜੀਉ।2। ਅਰਥ: ਹੇ ਭਾਈ! (ਪਰਮਾਤਮਾ ਦੀ ਭਗਤੀ ਤੋਂ ਬਿਨਾ) ਮਨੁੱਖਾ ਜੀਵਨ (ਦਾ ਸਮਾ) ਜਨਮ-ਮਨੋਰਥ ਹਾਸਲ ਕਰਨ ਤੋਂ ਬਿਨਾ ਹੀ ਲੰਘਦਾ ਜਾ ਰਿਹਾ ਹੈ, ਗੁਜ਼ਰਦਾ ਜਾ ਰਿਹਾ ਹੈ। ਹੇ ਮੂਰਖ! ਰਾਤ ਦਿਨ ਪੁਰਾਣ (ਆਦਿਕ ਪੁਸਤਕਾਂ ਦੀਆਂ ਕਹਾਣੀਆਂ) ਸੁਣ ਕੇ (ਭੀ) ਤੂੰ ਨਹੀਂ ਸਮਝਦਾ (ਕਿ ਇਥੇ ਸਦਾ ਨਹੀਂ ਬੈਠ ਰਹਿਣਾ) । ਮੌਤ (ਦਾ ਸਮਾ) ਤਾਂ (ਨੇੜੇ) ਆ ਪਹੁੰਚਿਆ ਹੈ (ਦੱਸ, ਤੂੰ ਇਸ ਪਾਸੋਂ) ਭੱਜ ਕਿੱਥੇ ਚਲਾ ਜਾਹਿਂਗਾ।1। ਰਹਾਉ। ਹੇ ਮੂਰਖ! ਹੇ ਬੇ-ਸ਼ਰਮ! ਜਿਸ (ਆਪਣੇ) ਸਰੀਰ ਨੂੰ ਤੂੰ ਸਦਾ ਕਾਇਮ ਰਹਿਣ ਵਾਲਾ ਸਮਝੀ ਬੈਠਾ ਹੈਂ, ਤੇਰਾ ਉਹ (ਸਰੀਰ) ਤਾਂ (ਜ਼ਰੂਰ) ਸੁਆਹ ਹੋ ਜਾਇਗਾ। (ਫਿਰ) ਤੂੰ ਕਿਉਂ ਪਰਮਾਤਮਾ ਦਾ ਨਾਮ ਨਹੀਂ ਜਪਦਾ?।1। ਦਾਸ ਨਾਨਕ (ਤੈਨੂੰ ਮੁੜ ਮੁੜ) ਇਹ ਗੱਲ ਹੀ ਆਖਦਾ ਹੈ ਕਿ (ਆਪਣੇ) ਮਨ ਦਾ ਅਹੰਕਾਰ ਛੱਡ ਦੇਹ, ਪਰਮਾਤਮਾ ਦੀ ਭਗਤੀ (ਆਪਣੇ) ਹਿਰਦੇ ਵਿਚ ਵਸਾ ਲੈ। ਇਹੋ ਜਿਹਾ ਸੁਚੱਜਾ ਜੀਵਨ ਜੀਉ।2।4। |
Sri Guru Granth Darpan, by Professor Sahib Singh |