ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1353 Extra text associated with this page ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਪੜ੍ਹ੍ਹਿ ਪੁਸ੍ਤਕ ਸੰਧਿਆ ਬਾਦੰ ॥ ਸਿਲ ਪੂਜਸਿ ਬਗੁਲ ਸਮਾਧੰ ॥ ਮੁਖਿ ਝੂਠੁ ਬਿਭੂਖਨ ਸਾਰੰ ॥ ਤ੍ਰੈਪਾਲ ਤਿਹਾਲ ਬਿਚਾਰੰ ॥ ਗਲਿ ਮਾਲਾ ਤਿਲਕ ਲਿਲਾਟੰ ॥ ਦੁਇ ਧੋਤੀ ਬਸਤ੍ਰ ਕਪਾਟੰ ॥ ਜੋ ਜਾਨਸਿ ਬ੍ਰਹਮੰ ਕਰਮੰ ॥ ਸਭ ਫੋਕਟ ਨਿਸਚੈ ਕਰਮੰ ॥ ਕਹੁ ਨਾਨਕ ਨਿਸਚੌ ਧ੍ਯ੍ਯਿਾਵੈ ॥ ਬਿਨੁ ਸਤਿਗੁਰ ਬਾਟ ਨ ਪਾਵੈ ॥੧॥ ਪਦ ਅਰਥ: ਪੁਸ੍ਤਕ = ਵੇਦ ਸ਼ਾਸਤ੍ਰ ਆਦਿਕ ਧਰਮ-ਪੁਸਤਕ। ਬਾਦੰ = ਚਰਚਾ (vwd) । ਸਿਲ = ਪੱਥਰ ਦੀ ਮੂਰਤੀ। ਬਿਭੂਖਣ = (ivBu = x) ਗਹਣੇ। ਸਾਰੰ = ਸ੍ਰੇਸ਼ਟ। ਤ੍ਰੈਪਾਲ = ਤਿੰਨ ਪਾਲਾਂ ਵਾਲੀ, ਗਾਯਤ੍ਰੀ ਮੰਤ੍ਰ। ਤਿਹਾਲ = ਤ੍ਰਿਹ ਕਾਲ, ਤਿੰਨ ਵੇਲੇ। ਲਿਲਾਟੰ = (llwtz) ਮੱਥੇ ਉਤੇ। ਬ੍ਰਹਮੰ ਕਰਮੰ = ਪਰਮਾਤਮਾ ਦੀ ਭਗਤੀ ਦਾ ਕੰਮ। ਨਿਸਚੈ = ਜ਼ਰੂਰ, ਯਕੀਨਨ। ਨਿਸਚੌ = ਸਰਧਾ ਧਾਰ ਕੇ। ਬਾਟ = (vwt) ਰਸਤਾ। ਸੰਧਿਆ = (szÆXw = The morning, noon and evening prayers of a Brahmin) ਬ੍ਰਾਹਮਣ ਦਾ ਤਿੰਨ ਵੇਲਿਆਂ ਦਾ ਪੂਜਾ-ਪਾਠ। ਗਲਿ = ਗਲ ਵਿਚ। ਕਪਾਟ = (kpwl) ਖੋਪਰੀ, ਸਿਰ। ਅਰਥ: ਪੰਡਿਤ (ਵੇਦ ਆਦਿਕ ਧਾਰਮਿਕ) ਪੁਸਤਕਾਂ ਪੜ੍ਹ ਕੇ ਸੰਧਿਆ ਕਰਦਾ ਹੈ, ਅਤੇ (ਹੋਰਨਾਂ ਨਾਲ) ਚਰਚਾ ਕਰਦਾ ਹੈ, ਮੂਰਤੀ ਪੂਜਦਾ ਹੈ ਅਤੇ ਬਗਲੇ ਵਾਂਗ ਸਮਾਧੀ ਲਾਂਦਾ ਹੈ; ਮੁਖੋਂ ਝੂਠ ਬੋਲਦਾ ਹੈ (ਪਰ ਉਸ ਝੂਠ ਨੂੰ) ਬੜੇ ਸੋਹਣੇ ਗਹਣਿਆਂ ਵਾਂਗ ਸੋਹਣਾ ਕਰ ਕੇ ਵਿਖਾਲਦਾ ਹੈ; (ਹਰ ਰੋਜ਼) ਤਿੰਨ ਵੇਲੇ ਗਾਯਤ੍ਰੀ ਮੰਤ੍ਰ ਨੂੰ ਵਿਚਾਰਦਾ ਹੈ; ਗਲ ਵਿਚ ਮਾਲਾ ਰੱਖਦਾ ਹੈ, ਮੱਥੇ ਉਤੇ ਤਿਲਕ ਲਾਂਦਾ ਹੈ; ਸਦਾ ਦੋ ਧੋਤੀਆਂ (ਆਪਣੇ ਪਾਸ) ਰੱਖਦਾ ਹੈ, ਤੇ (ਸੰਧਿਆ ਕਰਨ ਵੇਲੇ) ਸਿਰ ਉਤੇ ਇਕ ਵਸਤ੍ਰ ਧਰ ਲੈਂਦਾ ਹੈ। ਪਰ ਜੋ ਮਨੁੱਖ ਪਰਮਾਤਮਾ ਦੀ ਭਗਤੀ ਦਾ ਕੰਮ ਜਾਣਦਾ ਹੋਵੇ, ਤਦ ਨਿਸ਼ਚਾ ਕਰ ਕੇ ਜਾਣ ਲਵੋ ਕਿ ਉਸ ਦੇ ਵਾਸਤੇ ਇਹ ਸਾਰੇ ਕੰਮ ਫੋਕੇ ਹਨ। ਹੇ ਨਾਨਕ! ਆਖ: (ਮਨੁੱਖ) ਸਰਧਾ ਧਾਰ ਕੇ ਪਰਮਾਤਮਾ ਨੂੰ ਸਿਮਰੇ (ਕੇਵਲ ਇਹੋ ਰਸਤਾ ਲਾਭਦਾਇਕ ਹੈ, ਪਰ) ਇਹ ਰਸਤਾ ਸਤਿਗੁਰੂ ਤੋਂ ਬਿਨਾ ਨਹੀਂ ਲੱਭਦਾ।1। ਭਾਵ: ਸਰਧਾ ਰੱਖ ਕੇ ਪਰਮਾਤਮਾ ਦੀ ਭਗਤੀ ਕਰਨੀ ਹੀ ਜੀਵਨ ਦਾ ਸਹੀ ਰਸਤਾ ਹੈ, ਇਹ ਰਸਤਾ ਗੁਰੂ ਪਾਸੋਂ ਹੀ ਲੱਭਦਾ ਹੈ। ਵਿਖਾਵੇ ਦੇ ਧਾਰਮਿਕ ਕਰਮ ਆਤਮਕ ਜੀਵਨ ਨੂੰ ਸੋਹਣਾ ਨਹੀਂ ਬਣਾ ਸਕਦੇ। ਨਿਹਫਲੰ ਤਸ੍ਯ੍ਯ ਜਨਮਸ੍ਯ੍ਯ ਜਾਵਦ ਬ੍ਰਹਮ ਨ ਬਿੰਦਤੇ ॥ ਸਾਗਰੰ ਸੰਸਾਰਸ੍ਯ੍ਯ ਗੁਰ ਪਰਸਾਦੀ ਤਰਹਿ ਕੇ ॥ ਕਰਣ ਕਾਰਣ ਸਮਰਥੁ ਹੈ ਕਹੁ ਨਾਨਕ ਬੀਚਾਰਿ ॥ ਕਾਰਣੁ ਕਰਤੇ ਵਸਿ ਹੈ ਜਿਨਿ ਕਲ ਰਖੀ ਧਾਰਿ ॥੨॥ {ਪੰਨਾ 1353} ਪਦ ਅਰਥ: ਤਸ੍ਯ੍ਯ = ਉਸ (ਮਨੁੱਖ) ਦਾ (qÔX) । ਜਾਵਦ = ਜਿਤਨਾ ਚਿਰ (Xwvq`) । ਬ੍ਰਹਮ = ਪਰਮਾਤਮਾ (ਨੂੰ) । ਨ ਬਿੰਦਤੇ = ਨਹੀਂ ਜਾਣਦਾ (ivd` = to know) । ਸਾਗਰੰ = ਸਮੁੰਦਰ। ਤਰਹਿ = ਤਰਦੇ ਹਨ। ਕੇ = ਕਈ ਬੰਦੇ (k¥ = pronoun, plural) । ਕਰਣ ਕਾਰਣ = ਜਗਤ ਦਾ ਮੂਲ। ਵਸਿ = ਵੱਸ ਵਿਚ। ਜਿਨਿ = ਜਿਸ ਪਰਮਾਤਮਾ ਨੇ। ਕਲ = ਸੱਤਿਆ। ਰਖੀ ਧਾਰਿ = ਧਾਰ ਰੱਖੀ, ਟਿਕਾ ਰੱਖੀ ਹੈ। ਕਾਰਣੁ = ਸਬਬ। ਨਿਹਫਲੰ = (inÕPl) ਵਿਅਰਥ। ਸੰਸਾਰਸ੍ਯ੍ਯ = (szswrÔX) ਸੰਸਾਰ ਦਾ। ਅਰਥ: ਜਦ ਤਕ ਮਨੁੱਖ ਪਰਮਾਤਮਾ ਨਾਲ ਸਾਂਝ ਨਹੀਂ ਪਾਂਦਾ, ਤਦ ਤਕ ਉਸ ਦਾ (ਮਨੁੱਖਾ) ਜਨਮ ਵਿਅਰਥ ਹੈ। (ਜੋ ਮਨੁੱਖ) ਗੁਰੂ ਦੀ ਕਿਰਪਾ ਦੀ ਰਾਹੀਂ (ਪਰਮਾਤਮਾ ਨਾਲ ਸਾਂਝ ਪਾਂਦੇ ਹਨ, ਉਹ) ਅਨੇਕਾਂ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ। ਹੇ ਨਾਨਕ! (ਪਰਮਾਤਮਾ ਦਾ ਨਾਮ ਮੁੜ ਮੁੜ) ਆਖ, (ਪਰਮਾਤਮਾ ਦੇ ਨਾਮ ਦੀ) ਵਿਚਾਰ ਕਰ, (ਉਹ) ਜਗਤ ਦਾ ਮੂਲ (ਪਰਮਾਤਮਾ) ਸਭ ਤਾਕਤਾਂ ਦਾ ਮਾਲਕ ਹੈ। ਜਿਸ ਪ੍ਰਭੂ ਨੇ (ਜਗਤ ਵਿਚ ਆਪਣੀ) ਸੱਤਿਆ ਟਿਕਾ ਰੱਖੀ ਹੈ, ਉਸ ਕਰਤਾਰ ਦੇ ਇਖ਼ਤਿਆਰ ਵਿਚ ਹੀ (ਹਰੇਕ) ਸਬਬ ਹੈ।2। ਭਾਵ: ਪਰਮਾਤਮਾ ਨਾਲ ਡੂੰਘੀ ਸਾਂਝ ਪਾਇਆਂ ਹੀ ਮਨੁੱਖਾ ਜਨਮ ਸਫਲ ਹੁੰਦਾ ਹੈ। ਗੁਰੂ ਦੀ ਸਰਨ ਪੈ ਕੇ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਦੁਨੀਆ ਦੇ ਵਿਕਾਰਾਂ ਤੋਂ ਬਚੇ ਰਹਿੰਦੇ ਹਨ। ਵਿਕਾਰਾਂ ਤੋਂ ਬਚਾ ਰੱਖਣ ਦੀ ਸਮਰਥਾ ਪਰਮਾਤਮਾ ਦੇ ਨਾਮ ਵਿਚ ਹੀ ਹੈ। ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਤ ਬ੍ਰਾਹਮਣਹ ॥ ਖ੍ਯ੍ਯਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾ ਕ੍ਰਿਤਹ ॥ ਸਰਬ ਸਬਦੰ ਤ ਏਕ ਸਬਦੰ ਜੇ ਕੋ ਜਾਨਸਿ ਭੇਉ ॥ ਨਾਨਕ ਤਾ ਕੋ ਦਾਸੁ ਹੈ ਸੋਈ ਨਿਰੰਜਨ ਦੇਉ ॥੩॥ ਪਦ ਅਰਥ: ਸਬਦੰ = ਧਰਮ। ਸਬਦੰ ਬ੍ਰਾਹਮਣਹ = ਬ੍ਰਾਹਮਣਾਂ ਦਾ ਧਰਮ। ਸੂਰ = ਸੂਰਮੇ। ਪਰਾ ਕ੍ਰਿਤਹ = ਦੂਜਿਆਂ ਦੀ ਸੇਵਾ ਕਰਨੀ। ਸਰਬ ਸਬਦੰ = ਸਾਰਿਆਂ ਧਰਮਾਂ ਦਾ ਧਰਮ, ਸਭ ਤੋਂ ਸ੍ਰੇਸ਼ਟ ਧਰਮ। ਏਕ ਸਬਦੰ = ਇਕ ਪ੍ਰਭੂ ਦਾ (ਸਿਮਰਨ-ਰੂਪ) ਧਰਮ। ਭੇਉ = ਭੇਤ। ਨਿਰੰਜਨ ਦੇਉ = ਮਾਇਆ-ਰਹਿਤ ਪ੍ਰਭੂ ਦਾ ਰੂਪ। ਤਾ ਕੋ = ਉਸ ਦਾ। ਕੋ = ਕੋਈ (kI*s*ip) । ਜਾਨਸਿ = (jwnwiq) ਜਾਣਦਾ ਹੈ। ਨਿਰੰਜਨ = (inr`-Azjn।Azjn = ਕਾਲਖ, ਮੋਹ ਦੀ ਕਾਲਖ) ਉਹ ਪਰਮਾਤਮਾ ਜਿਸ ਉਤੇ ਮਾਇਆ ਦੇ ਮੋਹ ਦੀ ਕਾਲਖ ਅਸਰ ਨਹੀਂ ਕਰ ਸਕਦੀ। ਅਰਥ: (ਵਰਨ-ਵੰਡ ਦੇ ਵਿਤਕਰੇ ਪਾਣ ਵਾਲੇ ਆਖਦੇ ਹਨ ਕਿ) ਜੋਗ ਦਾ ਧਰਮ ਗਿਆਨ ਪ੍ਰਾਪਤ ਕਰਨਾ ਹੈ (ਬ੍ਰਹਮ ਦੀ ਵਿਚਾਰ ਕਰਨਾ ਹੈ;) ਬ੍ਰਾਹਮਣਾਂ ਦਾ ਧਰਮ ਵੇਦਾਂ ਦੀ ਵਿਚਾਰ ਹੈ; ਖਤ੍ਰੀਆਂ ਦਾ ਧਰਮ ਸੂਰਮਿਆਂ ਵਾਲੇ ਕੰਮ ਕਰਨਾ ਹੈ ਅਤੇ ਸ਼ੂਦਰਾਂ ਦਾ ਧਰਮ ਦੂਜਿਆਂ ਦੀ ਸੇਵਾ ਕਰਨੀ ਹੈ। ਪਰ ਸਭ ਤੋਂ ਸ੍ਰੇਸ਼ਟ ਧਰਮ ਇਹ ਹੈ ਕਿ ਪਰਮਾਤਮਾ ਦਾ ਸਿਮਰਨ ਕੀਤਾ ਜਾਏ। ਜੇ ਕੋਈ ਮਨੁੱਖ ਇਸ ਭੇਤ ਨੂੰ ਸਮਝ ਲਏ, ਨਾਨਕ ਉਸ ਮਨੁੱਖ ਦਾ ਦਾਸ ਹੈ, ਉਹ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ।3। ਭਾਵ: ਪਰਮਾਤਮਾ ਦਾ ਨਾਮ ਸਿਮਰਨਾ ਮਨੁੱਖਾ ਜੀਵਨ ਦਾ ਅਸਲੀ ਫ਼ਰਜ਼ ਹੈ, ਤੇ, ਇਹ ਫ਼ਰਜ਼ ਹਰੇਕ ਮਨੁੱਖ ਵਾਸਤੇ ਸਾਂਝਾ ਹੈ ਭਾਵੇਂ ਮਨੁੱਖ ਕਿਸੇ ਹੀ ਵਰਨ ਦਾ ਹੋਵੇ। ਸਿਮਰਨ ਕਰਨ ਵਾਲਾ ਮਨੁੱਖ ਪਰਮਾਤਮਾ ਦਾ ਰੂਪ ਹੀ ਹੋ ਜਾਂਦਾ ਹੈ। ਏਕ ਕ੍ਰਿਸ੍ਨੰ ਤ ਸਰਬ ਦੇਵਾ ਦੇਵ ਦੇਵਾ ਤ ਆਤਮਹ ॥ ਆਤਮੰ ਸ੍ਰੀ ਬਾਸ੍ਵਦੇਵਸ੍ਯ੍ਯ ਜੇ ਕੋਈ ਜਾਨਸਿ ਭੇਵ ॥ ਨਾਨਕ ਤਾ ਕੋ ਦਾਸੁ ਹੈ ਸੋਈ ਨਿਰੰਜਨ ਦੇਵ ॥੪॥ ਪਦ ਅਰਥ: ਏਕ ਕ੍ਰਿਸ੍ਨੰ = (ø&x = The Supreme Spirit) ਇੱਕ ਪਰਮਾਤਮਾ। ਸਰਬ ਦੇਵ ਆਤਮਾ = ਸਾਰੇ ਦੇਵਤਿਆਂ ਦਾ ਆਤਮਾ। ਦੇਵਾ ਦੇਵ ਆਤਮਾ = ਦੇਵਤਿਆਂ ਦੇ ਦੇਵਤਿਆਂ ਦਾ ਆਤਮਾ। ਤ = ਭੀ। ਬਾਸ੍ਵਦੇਵਸ੍ਯ੍ਯ = ਪਰਮਾਤਮਾ ਦਾ, ਵਾਸਦੇਵ ਦਾ। ਬਾਸ੍ਵਦੇਵਸ੍ਯ੍ਯ ਆਤਮ = ਪ੍ਰਭੂ ਦਾ ਆਤਮਾ। ਨਿਰੰਜਨ = ਨਿਰ-ਅੰਜਨ, ਮਾਇਆ ਦੀ ਕਾਲਖ ਤੋਂ ਰਹਿਤ ਪ੍ਰਭੂ। ਕੋ = ਦਾ। ਅਰਥ: ਇਕ ਪਰਮਾਤਮਾ ਹੀ ਸਾਰੇ ਦੇਵਤਿਆਂ ਦਾ ਆਤਮਾ ਹੈ, ਦੇਵਤਿਆਂ ਦੇ ਦੇਵਤਿਆਂ ਦਾ ਭੀ ਆਤਮਾ ਹੈ। ਜੋ ਮਨੁੱਖ ਪ੍ਰਭੂ ਦੇ ਆਤਮਾ ਦਾ ਭੇਤ ਜਾਣ ਲੈਂਦਾ ਹੈ, ਨਾਨਕ ਉਸ ਮਨੁੱਖ ਦਾ ਦਾਸ ਹੈ, ਉਹ ਮਨੁੱਖ ਪਰਮਾਤਮਾ ਦਾ ਰੂਪ ਹੈ।4। ਭਾਵ: ਪਰਮਾਤਮਾ ਹੀ ਸਾਰੇ ਦੇਵਤਿਆਂ ਦਾ ਦੇਵਤਾ ਹੈ, ਉਸੇ ਨਾਲ ਹੀ ਡੂੰਘੀ ਸਾਂਝ ਪਾਣੀ ਚਾਹੀਦੀ ਹੈ। ੴ ਸਤਿਗੁਰ ਪ੍ਰਸਾਦਿ ॥ ਮਹਲਾ 5 ਦੇ ਸਹਸਕ੍ਰਿਤੀ ਸਲੋਕਾਂ ਦਾ ਭਾਵ: ਸਲੋਕਾਂ-ਵਾਰ: 1. ਮਨੁੱਖ ਦੇ ਨਾਲ ਸਦਾ ਦਾ ਸਾਥ ਕਰਨ ਵਾਲਾ ਸਿਰਫ਼ ਪਰਮਾਤਮਾ ਦਾ ਭਜਨ ਹੀ ਹੈ। ਕਿਤਨੇ ਭੀ ਪਿਆਰੇ ਰਿਸ਼ਤੇਦਾਰ ਹੋਣ ਕਿਸੇ ਦਾ ਭੀ ਸਾਥ ਸਦਾ ਲਈ ਨਹੀਂ ਹੋ ਸਕਦਾ। ਮਾਇਆ ਭੀ ਇਥੇ ਹੀ ਧਰੀ ਰਹਿ ਜਾਂਦੀ ਹੈ। 2. ਜਿਹੜੇ ਮਨੁੱਖ ਸਾਧ-ਸੰਗਤਿ ਵਿਚ ਪਿਆਰ ਬਣਾਂਦੇ ਹਨ, ਉਹਨਾਂ ਦੀ ਜ਼ਿੰਦਗੀ ਆਤਮਕ ਆਨੰਦ ਵਿਚ ਬੀਤਦੀ ਹੈ। 3. ਅਜਬ ਖੇਡ ਬਣੀ ਪਈ ਹੈ! ਜਿਉਂ ਜਿਉਂ ਬੁਢੇਪਾ ਵਧਦਾ ਹੈ ਤਿਉਂ ਤਿਉਂ ਮਨੁੱਖ ਦੇ ਅੰਦਰ ਮਾਇਆ ਦਾ ਮੋਹ ਭੀ ਵਧਦਾ ਜਾਂਦਾ ਹੈ। ਮਨੁੱਖ ਮਾਇਆ ਦੇ ਮੋਹ ਦੇ ਖੂਹ ਵਿਚ ਡਿੱਗਾ ਰਹਿੰਦਾ ਹੈ। ਪਰਮਾਤਮਾ ਦੀ ਕਿਰਪਾ ਹੀ ਇਸ ਖੂਹ ਵਿਚੋਂ ਕੱਢਦੀ ਹੈ। 4. ਇਸ ਸਰੀਰ ਦੀ ਕੀਹ ਪਾਂਇਆਂ? ਪਰ ਆਤਮਕ ਜੀਵਨ ਦੀ ਸੂਝ ਤੋਂ ਸੱਖਣਾ ਮਨੁੱਖ ਇਸ ਨੂੰ ਸਦਾ ਕਾਇਮ ਰਹਿਣ ਵਾਲਾ ਮਿਥ ਬੈਠਦਾ ਹੈ ਤੇ ਪਰਮਾਤਮਾ ਨੂੰ ਭੁਲਾ ਦੇਂਦਾ ਹੈ। 5. ਪਰਮਾਤਮਾ ਦੇ ਦਰ ਤੇ ਪਏ ਰਿਹਾਂ ਹੀ ਜੀਵਨ ਦੀ ਸਹੀ ਸਮਝ ਪੈਂਦੀ ਹੈ। 6. ਜਿਸ ਦਾ ਰਾਖਾ ਪਰਮਾਤਮਾ ਆਪ ਬਣੇ, ਉਸ ਦਾ ਕੋਈ ਵਾਲ ਭੀ ਵਿੰਗਾ ਨਹੀਂ ਕਰ ਸਕਦਾ। 7. ਪਰ ਧੁਰ ਦਰਗਾਹ ਤੋਂ ਜਿਸ ਦੀ ਚਿੱਠੀ ਪਾਟੀ ਹੋਈ ਆ ਜਾਂਦੀ ਹੈ, ਉਹ ਆਪਣੀ ਰਾਖੀ ਦੇ ਪਿਆ ਕਈ ਬਾਨ੍ਹਣੂ ਬੰਨ੍ਹੇ, ਮਾੜਾ ਜਿਹਾ ਬਹਾਨਾ ਹੀ ਉਸ ਦੀ ਚੋਗ ਸਦਾ ਲਈ ਮੁਕਾ ਦੇਂਦਾ ਹੈ। 8. ਜਿਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ ਪਿਆਰ ਕਰ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਹਨ ਉਹਨਾਂ ਨੂੰ ਪਰਮਾਤਮਾ ਹਰ ਥਾਂ ਵੱਸਦਾ ਦਿੱਸਦਾ ਹੈ। 9. ਇਹ ਸਾਰਾ ਦਿੱਸਦਾ ਜਗਤ ਨਾਸਵੰਤ ਹੈ। ਸਿਰਫ਼ ਸਿਰਜਣਹਾਰ ਪਰਮਾਤਮਾ ਅਬਿਨਾਸੀ ਹੈ, ਅਤੇ ਉਸ ਦਾ ਸਿਮਰਨ ਕਰਨ ਵਾਲੇ ਬੰਦਿਆਂ ਦਾ ਆਤਮਕ ਜੀਵਨ ਅਟੱਲ ਰਹਿੰਦਾ ਹੈ। 10. ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ, ਉਹ ਉਸ ਦਾ ਨਾਮ ਸਿਮਰਦਾ ਹੈ। ਨਾਮ ਦੀ ਬਰਕਤਿ ਨਾਲ ਉਸ ਦਾ ਜੀਵਨ ਐਸਾ ਬਣ ਜਾਂਦਾ ਹੈ ਕਿ ਉਹ ਵਿਕਾਰਾਂ ਵਲੋਂ ਸਦਾ ਸੰਕੋਚ ਕਰਦਾ ਹੈ, ਪਰ ਨੇਕੀ ਭਲਾਈ ਕਰਨ ਵਿਚ ਰਤਾ ਢਿੱਲ ਨਹੀਂ ਕਰਦਾ। 11. ਮਾਇਆ ਕਈ ਰੰਗਾਂ ਰੂਪਾਂ ਵਿਚ ਮਨੁੱਖ ਉਤੇ ਆਪਣਾ ਪ੍ਰਭਾਵ ਪਾਂਦੀ ਹੈ। ਜਿਹੜਾ ਮਨੁੱਖ ਪਰਮਾਤਮਾ ਦੀ ਸਰਨ ਆਉਂਦਾ ਹੈ ਉਸ ਉਤੇ ਮਾਇਆ ਦਾ ਜ਼ੋਰ ਨਹੀਂ ਪੈ ਸਕਦਾ। 12. ਜਗਤ ਵਿਚ ਦਿੱਸਦੀ ਹਰੇਕ ਸ਼ੈ ਦਾ ਅੰਤ ਭੀ ਹੈ। ਸਿਰਫ਼ ਪਰਮਾਤਮਾ ਹੀ ਮਨੁੱਖ ਦੇ ਨਾਲ ਨਿਭ ਸਕਦਾ ਹੈ, ਤੇ, ਇਹ ਸਿਮਰਨ ਸਾਧ ਸੰਗਤਿ ਦੇ ਆਸਰੇ ਕੀਤਾ ਜਾ ਸਕਦਾ ਹੈ। 13. ਜਿਸ ਮਨੁੱਖ ਉਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ, ਉਸ ਨੂੰ ਸਹੀ ਜੀਵਨ ਦੀ ਸੂਝ ਆ ਜਾਂਦੀ ਹੈ, ਉਸ ਦਾ ਮਨ ਕਾਬੂ ਵਿਚ ਰਹਿੰਦਾ ਹੈ, ਤੇ, ਉਹ ਸਦਾ ਪਰਮਾਤਮਾ ਦੇ ਦੀਦਾਰ ਵਿਚ ਮਸਤ ਰਹਿੰਦਾ ਹੈ। 14. ਸਭ ਤੋਂ ਸ੍ਰੇਸ਼ਟ ਵਿੱਦਿਆ ਹੈ ਪਰਮਾਤਮਾ ਦੀ ਯਾਦ। ਜਿਨ੍ਹਾਂ ਮਨੁੱਖਾਂ ਉਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਉਹ ਪਰਮਾਤਮਾ ਪਾਸੋਂ ਸਦਾ ਨਾਮ ਸਿਮਰਨ ਦੀ ਦਾਤਿ ਮੰਗਦੇ ਰਹਿੰਦੇ ਹਨ। 15. ਪਰਮਾਤਮਾ ਦਾ ਨਾਮ ਸਿਮਰਨ ਦੀ ਬਰਕਤਿ ਨਾਲ ਮਨੁੱਖ ਅੰਦਰ ਇਹ ਨਿਸ਼ਚਾ ਬਣ ਜਾਂਦਾ ਹੈ ਕਿ ਦਇਆ ਦਾ ਸਮੁੰਦਰ ਇਕ ਪਰਮਾਤਮਾ ਹੀ ਸਭ ਦੀ ਪਾਲਣਾ ਕਰਨ ਵਾਲਾ ਹੈ। 16. ਪਰਮਾਤਮਾ ਦੀ ਮਿਹਰ ਨਾਲ ਜਿਸ ਮਨੁੱਖ ਨੂੰ ਸਾਧ-ਸੰਗਤਿ ਪ੍ਰਾਪਤ ਹੁੰਦੀ ਹੈ ਉਹ ਮਾਇਆ ਦੀ ਖ਼ਾਤਰ ਭਟਕਣੋਂ ਬਚ ਜਾਂਦਾ ਹੈ ਉਹ ਵਿਕਾਰਾਂ ਵਿਚ ਫਸਣੋਂ ਬਚ ਜਾਂਦਾ ਹੈ। 17. ਕੋਈ ਵੱਡੇ ਤੋਂ ਵੱਡੇ ਕਠਨ ਤਪ ਭੀ ਮਨੁੱਖ ਨੂੰ ਮਾਇਆ ਦੇ ਮੋਹ ਤੋਂ ਬਚਾ ਨਹੀਂ ਸਕਦੇ। ਜਿੰਦ ਦਾ ਆਸਰਾ ਸਿਰਫ਼ ਗੁਰ-ਸ਼ਬਦ ਹੀ ਹੋ ਸਕਦਾ ਹੈ ਜੋ ਸਾਧ ਸੰਗਤਿ ਵਿਚੋਂ ਮਿਲਦਾ ਹੈ। 18. ਪਰਮਾਤਮਾ ਦੇ ਨਾਮ ਦਾ ਸਿਮਰਨ ਪਿਛਲੇ ਕੀਤੇ ਹੋਏ ਸਾਰੇ ਕੁਕਰਮਾਂ ਦੇ ਸੰਸਕਾਰਾਂ ਦਾ ਨਾਸ ਕਰ ਦੇਂਦਾ ਹੈ। 19. ਨਾਮ ਸਿਮਰਨ ਦੀ ਬਰਕਤਿ ਨਾਲ ਸਹੀ ਜੀਵਨ ਜੀਊਣ ਦੀ ਜਾਚ ਆ ਜਾਂਦੀ ਹੈ, ਮਨੁੱਖ ਦਾ ਆਚਰਨ ਸੁੱਚਾ ਬਣ ਜਾਂਦਾ ਹੈ। 20. ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਦਰ ਤੋਂ ਹਰੇਕ ਮੰਗੀ ਮੁਰਾਦ ਪੂਰੀ ਹੋ ਜਾਂਦੀ ਹੈ। ਪਰਮਾਤਮਾ ਸਭ ਦਾਤਾਂ ਦੇਣ ਵਾਲਾ ਹੈ, ਦੇਣ ਦੇ ਸਮਰੱਥ ਹੈ। 21. ਸਰਬ-ਵਿਆਪਕ ਪਰਮਾਤਮਾ ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਨਿਆਸਰਿਆਂ ਨੂੰ ਆਸਰਾ ਦੇਣ ਵਾਲਾ ਹੈ। ਉਸ ਦੇ ਦਰ ਤੋਂ ਉਸ ਦੀ ਭਗਤੀ ਦੀ ਦਾਤਿ ਮੰਗਦੇ ਰਹਿਣਾ ਚਾਹੀਦਾ ਹੈ। 22. ਜਿਸ ਉਤੇ ਪਰਮਾਤਮਾ ਮਿਹਰ ਕਰੇ ਉਹ ਉਸ ਦਾ ਨਾਮ ਸਿਮਰਦਾ ਹੈ। ਆਪਣੇ ਉੱਦਮ ਨਾਲ ਮਨੁੱਖ ਭਗਤੀ ਨਹੀਂ ਕਰ ਸਕਦਾ। 23. ਜਿਹੜੇ ਮਨੁੱਖ ਸਭ ਦਾਤਾਂ ਦੇਣ ਵਾਲੇ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਇਹਨਾਂ ਨਾਸਵੰਤ ਪਦਾਰਥਾਂ ਦੇ ਮੋਹ ਤੋਂ ਬਚੇ ਰਹਿੰਦੇ ਹਨ। 24. ਜਗਤ ਵਿਚ ਮਲਕੀਅਤਾਂ ਤੇ ਮੌਜ-ਮੇਲਿਆਂ ਦੇ ਕਾਰਨ ਜਿਹੜੇ ਮਨੁੱਖ ਜੀਵਨ ਦੇ ਉਲਟੇ ਰਾਹੇ ਪੈ ਜਾਂਦੇ ਹਨ ਉਹਨਾਂ ਨੂੰ ਅਨੇਕਾਂ ਜੂਨਾਂ ਦੇ ਦੁੱਖ ਸਹਾਰਨੇ ਪੈਂਦੇ ਹਨ। 25. ਜਿਹੜੇ ਮਨੁੱਖ ਪਰਮਾਤਮਾ ਦੀ ਯਾਦ ਭੁਲਾ ਦੇਂਦੇ ਹਨ, ਉਹ ਸਰੀਰਕ ਤੌਰ ਤੇ ਨਰੋਏ ਹੁੰਦਿਆਂ ਭੀ ਅਨੇਕਾਂ ਆਤਮਕ ਰੋਗ ਸਹੇੜ ਲੈਂਦੇ ਹਨ। 26. ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਜਪਣ ਦੀ ਆਦਤ ਪੈ ਜਾਂਦੀ ਹੈ ਉਹ ਇਸ ਤੋਂ ਬਿਨਾ ਰਹਿ ਹੀ ਨਹੀਂ ਸਕਦਾ। 27. ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ; ਦੂਜਿਆਂ ਦੀ ਵਧੀਕੀ ਸਹਾਰਨੀ ਉਸ ਦਾ ਸੁਭਾਉ ਬਣ ਜਾਂਦਾ ਹੈ। 28. ਪਰਮਾਤਮਾ ਦਾ ਨਾਮ ਸਿਮਰਨ ਵਾਲੇ ਮਨੁੱਖ ਉਤੇ ਕਿਸੇ ਵਲੋਂ ਹੋਈ ਨਿਰਾਦਰੀ ਆਪਣਾ ਅਸਰ ਨਹੀਂ ਪਾ ਸਕਦੀ, ਕੋਈ ਦੁੱਖ-ਕਲੇਸ਼ ਆਪਣਾ ਜ਼ੋਰ ਨਹੀਂ ਪਾ ਸਕਦਾ। 29. ਨਿਮ੍ਰਤਾ, ਸਿਮਰਨ, ਸ਼ਬਦ ਦੀ ਓਟ = ਜਿਸ ਮਨੁੱਖ ਦੇ ਕੋਲ ਹਰ ਵੇਲੇ ਇਹ ਹਥਿਆਰ ਹਨ, ਕਾਮਾਦਿਕ ਵਿਕਾਰ ਉਸ ਉਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੇ। 30. ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਉਹ ਟੱਬਰ-ਪਰਵਾਰ ਦੇ ਮੋਹ ਵਿਚ ਨਹੀਂ ਫਸਦਾ। 31. ਸਾਧ ਸੰਗਤਿ ਵਿਚ ਟਿਕ ਕੇ ਮੂਰਖ ਮਨੁੱਖ ਭੀ ਸਿਆਣਾ ਬਣ ਜਾਂਦਾ ਹੈ, ਕਿਉਂਕਿ ਉਥੇ ਉਹ ਜੀਵਨ ਦਾ ਸਹੀ ਰਸਤਾ ਲੱਭ ਲੈਂਦਾ ਹੈ। 32. ਪਰਮਾਤਮਾ ਦਾ ਨਾਮ ਜਪਣ ਨਾਲ ਅਤੇ ਹਿਰਦੇ ਵਿਚ ਪ੍ਰਭੂ-ਪਿਆਰ ਟਿਕਾਣ ਨਾਲ ਮਨੁੱਖ ਮੋਹਣੀ ਮਾਇਆ ਦੇ ਪ੍ਰਭਾਵ ਤੋਂ ਬਚਿਆ ਰਹਿੰਦਾ ਹੈ। 33. ਜਿਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਨਹੀਂ ਤੁਰਦਾ, ਉਹ ਵਿਕਾਰਾਂ ਦੇ ਢਹੇ ਚੜ੍ਹਿਆ ਰਹਿੰਦਾ ਹੈ ਅਤੇ ਚੁਫੇਰਿਓਂ ਉਸ ਨੂੰ ਫਿਟਕਾਰਾਂ ਹੀ ਪੈਂਦੀਆਂ ਹਨ। 34. ਸਾਧ ਸੰਗਤਿ ਦਾ ਆਸਰਾ ਲੈ ਕੇ ਜਿਹੜਾ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ, ਵਿਕਾਰ ਉਸ ਦੇ ਨੇੜੇ ਨਹੀਂ ਢੁਕ ਸਕਦੇ। 35. ਦੁਨੀਆ ਦੇ ਪਦਾਰਥ ਮਿਲਣੇ ਔਖੀ ਗੱਲ ਨਹੀਂ ਪਰ ਪਰਮਾਤਮਾ ਦਾ ਨਾਮ ਕਿਤੇ ਭਾਗਾਂ ਨਾਲ ਮਿਲਦਾ ਹੈ। ਮਿਲਦਾ ਹੈ ਇਹ ਸਾਧ ਸੰਗਤਿ ਵਿਚੋਂ; ਤਦੋਂ, ਜਦੋਂ ਪਰਮਾਤਮਾ ਆਪ ਮਿਹਰ ਕਰੇ। 36. ਜਿਹੜਾ ਮਨੁੱਖ ਹਰ ਥਾਂ ਪਰਮਾਤਮਾ ਦਾ ਦਰਸ਼ਨ ਕਰਨ ਲਗ ਪੈਂਦਾ ਹੈ, ਉਸ ਉਤੇ ਵਿਕਾਰ ਆਪਣਾ ਪ੍ਰਭਾਵ ਨਹੀਂ ਪਾ ਸਕਦੇ। 37. ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਸਹਾਰਾ ਮਿਲ ਜਾਂਦਾ ਹੈ, ਉਹ ਜਨਮ ਮਰਨ ਦੇ ਗੇੜ ਵਿਚੋਂ ਨਿਕਲ ਜਾਂਦਾ ਹੈ, ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁਕਦੀ, ਦੁਨੀਆ ਦੇ ਕੋਈ ਡਰ-ਸਹਿਮ ਉਸ ਉਤੇ ਅਸਰ ਨਹੀਂ ਪਾ ਸਕਦੇ। 38. ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ ਉਸ ਨੂੰ ਸ਼ਾਂਤੀ ਸੁਭਾਉ ਬਖ਼ਸ਼ਦਾ ਹੈ ਉਸ ਨੂੰ ਪਵਿੱਤਰ ਜੀਵਨ ਬਖ਼ਸ਼ਦਾ ਹੈ। 39. ਸਾਧ ਸੰਗਤਿ ਹੀ ਇਕ ਐਸੀ ਥਾਂ ਹੈ ਜਿਥੇ ਮਨੁੱਖ ਨੂੰ ਆਤਮਕ ਸ਼ਾਂਤੀ ਹਾਸਲ ਹੁੰਦੀ ਹੈ। 40. ਅਸਲੀ ਸਾਧ ਉਹ ਮਨੁੱਖ ਹੈ, ਸਰਬ-ਵਿਆਪਕ ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਜਿਸ ਦੀ ਆਤਮਕ ਅਵਸਥਾ ਅਜਿਹੀ ਬਣ ਜਾਂਦੀ ਹੈ ਕਿ ਉਸ ਦੇ ਅੰਦਰੋਂ ਮੇਰ-ਤੇਰ ਮਿਟ ਜਾਂਦੀ ਹੈ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਉਸ ਦੀ ਜ਼ਿੰਦਗੀ ਦਾ ਸਹਾਰਾ ਬਣ ਜਾਂਦੀ ਹੈ ਮਾਇਆ ਅਤੇ ਕਾਮਾਦਿਕ ਵਿਕਾਰ ਉਸ ਉਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੇ। 41. ਦੁਨੀਆ ਦੇ ਭੋਗਾਂ ਦੇ ਨਾਲ ਨਾਲ ਜਗਤ ਵਿਚ ਅਨੇਕਾਂ ਸਹਿਮ ਭੀ ਹਨ ਜੋ ਪਰਮਾਤਮਾ ਦੇ ਨਾਮ ਤੋਂ ਖੁੰਝਿਆਂ ਮਨੁੱਖ ਉਤੇ ਆਪਣਾ ਦਬਾਉ ਪਾਈ ਰੱਖਦੇ ਹਨ। 42. ਮਾਇਆ ਅਨੇਕਾਂ ਤਰੀਕਿਆਂ ਨਾਲ ਮਨੁੱਖ ਉਤੇ ਆਪਣਾ ਪ੍ਰਭਾਵ ਪਾਈ ਰੱਖਦੀ ਹੈ। ਜਿਹੜਾ ਮਨੁੱਖ ਸਾਧ ਸੰਗਤਿ ਦਾ ਆਸਰਾ ਲੈ ਕੇ ਪਰਮਾਤਮਾ ਦਾ ਭਜਨ ਕਰਦਾ ਹੈ ਉਹ ਇਸ ਤੋਂ ਬਚਿਆ ਰਹਿੰਦਾ ਹੈ। 43. ਪਰਮਾਤਮਾ ਹੀ ਸਭ ਜੀਵਾਂ ਨੂੰ ਦਾਤਾਂ ਦੇਂਦਾ ਹੈ ਤੇ ਦੇਣ-ਜੋਗਾ ਹੈ। ਉਸੇ ਦਾ ਆਸਰਾ ਲੈਣਾ ਚਾਹੀਦਾ ਹੈ। 44. ਜਿਸ ਮਨੁੱਖ ਉਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ ਉਹ ਸਾਧ ਸੰਗਤਿ ਦਾ ਆਸਰਾ ਲੈ ਕੇ ਉਸ ਦਾ ਨਾਮ ਜਪਦਾ ਹੈ। ਇਹੀ ਹੈ ਮਨੁੱਖਾ ਜੀਵਨ ਦਾ ਮਨੋਰਥ। ਸਿਮਰਨ ਦੀ ਬਰਕਤਿ ਨਾਲ ਮਨੁੱਖ ਦਾ ਜੀਵਨ ਪਲਟ ਜਾਂਦਾ ਹੈ। 45. ਮੋਹ ਜਗਤ ਦੇ ਸਾਰੇ ਜੀਵਾਂ ਉਤੇ ਭਾਰੂ ਹੈ ਇਸ ਦੀ ਮਾਰ ਤੋਂ ਉਹੀ ਬਚਦੇ ਹਨ ਜੋ ਜਗਤ ਦੇ ਮਾਲਕ ਪਰਮਾਤਮਾ ਦਾ ਆਸਰਾ ਲੈਂਦੇ ਹਨ ਪਰਮਾਤਮਾ ਦਾ ਨਾਮ ਸਿਮਰਦੇ ਹਨ। 46. ਮਨੁੱਖ ਉੱਚੀ ਜਾਤਿ ਦੇ ਹੋਣ ਜਾਂ ਨੀਵੀਂ ਜਾਤਿ ਦੇ, ਕਾਮਦੇਵ ਸਭਨਾਂ ਨੂੰ ਆਪਣੇ ਕਾਬੂ ਵਿਚ ਕਰ ਲੈਂਦਾ ਹੈ। ਇਸ ਦੀ ਮਾਰ ਤੋਂ ਉਹੀ ਬਚਦਾ ਹੈ ਜੋ ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਆਸਰਾ ਲੈਂਦਾ ਹੈ। 47. ਬਲੀ ਕ੍ਰੋਧ ਦੇ ਵੱਸ ਵਿਚ ਆ ਕੇ ਮਨੁੱਖ ਕਈ ਝਗੜੇ ਖੜੇ ਕਰ ਲੈਂਦਾ ਹੈ, ਤੇ, ਆਪਣਾ ਜੀਵਨ ਦੁਖੀ ਬਣਾ ਲੈਂਦਾ ਹੈ। ਇਸ ਦੀ ਮਾਰ ਤੋਂ ਬਚਣ ਲਈ ਭੀ ਪਰਮਾਤਮਾ ਦੀ ਸ਼ਰਨ ਹੀ ਇਕੋ ਇਕ ਵਸੀਲਾ ਹੈ। 48. ਲੋਭ ਦੇ ਅਸਰ ਹੇਠ ਮਨੁੱਖ ਸ਼ਰਮ-ਹਯਾ ਛੱਡ ਕੇ ਅਯੋਗ ਕਰਤੂਤਾਂ ਕਰਨ ਲੱਗ ਪੈਂਦਾ ਹੈ। ਪਰਮਾਤਮਾ ਦੇ ਹੀ ਦਰ ਤੇ ਅਰਦਾਸਾਂ ਕਰ ਕੇ ਇਸ ਤੋਂ ਬਚਿਆ ਜਾ ਸਕਦਾ ਹੈ। 49. ਪਰਮਾਤਮਾ ਹੀ ਇਕ ਐਸਾ ਹਕੀਮ ਹੈ ਜੋ ਅਹੰਕਾਰ ਦੇ ਰੋਗ ਤੋਂ ਜੀਵਾਂ ਨੂੰ ਬਚਾਂਦਾ ਹੈ। ਅਹੰਕਾਰ ਦੇ ਵੱਸ ਹੋ ਕੇ ਜੀਵ ਅਨੇਕਾਂ ਵੈਰੀ ਸਹੇੜ ਲੈਂਦਾ ਹੈ। 50. ਹਰ ਵੇਲੇ ਪਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ। ਉਹੀ ਸੰਸਾਰੀ ਜੀਵਾਂ ਦੇ ਦੁੱਖ ਨਾਸ ਕਰਨ ਦੇ ਸਮਰੱਥ ਹੈ। 51. ਸੰਸਾਰ-ਸਮੁੰਦਰ ਵਿਚੋਂ ਜ਼ਿੰਦਗੀ ਦੀ ਬੇੜੀ ਸਹੀ-ਸਲਾਮਤ ਪਾਰ ਲੰਘਾਣ ਦਾ ਇਕੋ ਇਕ ਤਰੀਕਾ ਹੈ– ਸਾਧ ਸੰਗਤਿ ਵਿਚ ਰਹਿ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ ਜਾਏ। 52. ਪਰਮਾਤਮਾ ਹੀ ਮਨੁੱਖ ਦੇ ਸਰੀਰ ਦੀ ਜਿੰਦ ਦੀ ਹਰੇਕ ਕਿਸਮ ਦੀ ਰੱਖਿਆ ਕਰਨ ਵਾਲਾ ਹੈ। ਜਿਹੜੇ ਮਨੁੱਖ ਉਸ ਦੀ ਭਗਤੀ ਕਰਦੇ ਹਨ ਉਹਨਾਂ ਨਾਲ ਉਹ ਪਿਆਰ ਕਰਦਾ ਹੈ। 53. ਸੰਸਾਰ-ਸਮੁੰਦਰ ਸਮਾਨ ਹੈ। ਇਸ ਵਿਚ ਅਨੇਕਾਂ ਵਿਕਾਰਾਂ ਦੀਆਂ ਲਹਿਰਾਂ ਉੱਠ ਰਹੀਆਂ ਹਨ। ਜਿਹੜਾ ਮਨੁੱਖ ਪਰਮਾਤਮਾ ਦਾ ਆਸਰਾ ਲੈਂਦਾ ਹੈ ਉਸ ਦੇ ਆਤਮਕ ਜੀਵਨ ਨੂੰ ਇਹ ਵਿਕਾਰ ਤਬਾਹ ਨਹੀਂ ਕਰ ਸਕਦੇ। 54. ਪਰਮਾਤਮਾ ਦੀ ਭਗਤੀ ਹੀ ਇਨਸਾਨੀ ਜ਼ਿੰਦਗੀ ਦੇ ਸਫ਼ਰ ਵਾਸਤੇ ਪੱਧਰਾ ਰਸਤਾ ਹੈ। ਇਹ ਦਾਤਿ ਸਾਧ-ਸੰਗਤਿ ਵਿਚੋਂ ਮਿਲਦੀ ਹੈ। 55. ਜਿਹੜਾ ਮਨੁੱਖ ਸਾਧ ਸੰਗਤਿ ਦੀ ਰਾਹੀਂ ਪਰਮਾਤਮਾ ਦਾ ਆਸਰਾ ਲੈ ਕੇ ਨਾਮ ਸਿਮਰਦਾ ਹੈ ਉਹ ਮੋਹ ਅਹੰਕਾਰ ਆਦਿਕ ਸਾਰੇ ਬਲੀ ਵਿਕਾਰਾਂ ਦਾ ਟਾਕਰਾ ਕਰਨ ਜੋਗਾ ਹੋ ਜਾਂਦਾ ਹੈ। 56. ਨਿਰੇ ਧਾਰਮਿਕ ਚਿੰਨ੍ਹ ਧਾਰਨ ਕਰ ਕੇ ਤੇ ਭਗਤੀ ਤੋਂ ਸੱਖਣਾ ਰਹਿ ਕੇ ਆਪਣੇ ਆਪ ਨੂੰ ਧਰਮੀ ਅਖਵਾਣ ਵਾਲਾ ਮਨੁੱਖ ਧਰਮੀ ਨਹੀਂ ਹੈ। 57. ਪਰਮਾਤਮਾ ਭਗਤੀ ਕਰਨ ਵਾਲੇ ਬੰਦਿਆਂ ਦੇ ਹਿਰਦੇ ਵਿਚ ਵੱਸਦਾ ਹੈ। 58. ਮਨੁੱਖ ਇਸ ਸੰਸਾਰ-ਸਮੁੰਦਰ ਦੇ ਅਨੇਕਾਂ ਹੀ ਵਿਕਾਰਾਂ ਦੇ ਘੇਰੇ ਵਿਚ ਫਸਿਆ ਰਹਿੰਦਾ ਹੈ। ਸਾਧ ਸੰਗਤਿ ਦਾ ਆਸਰਾ ਲੈ ਕੇ ਜਿਹੜਾ ਮਨੁੱਖ ਪਰਮਾਤਮਾ ਦਾ ਭਜਨ ਕਰਦਾ ਹੈ ਉਹੀ ਇਹਨਾਂ ਤੋਂ ਬਚਦਾ ਹੈ। ਪਰ ਇਹ ਦਾਤਿ ਮਿਲਦੀ ਹੈ ਪਰਮਾਤਮਾ ਦੀ ਆਪਣੀ ਮਿਹਰ ਨਾਲ ਹੀ। 59. ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ, ਉਹ ਸਾਧ ਸੰਗਤਿ ਵਿਚ ਆ ਕੇ ਉਸ ਦਾ ਨਾਮ ਸਿਮਰਦਾ ਹੈ। 60. ਭਲਾ ਮਨੁੱਖ ਉਹ ਹੈ ਜੋ ਅੰਦਰੋਂ ਭੀ ਭਲਾ ਹੈ ਤੇ ਬਾਹਰੋਂ ਭੀ ਭਲਾ ਹੈ। ਅੰਦਰ ਖੋਟ ਰੱਖ ਕੇ ਭਲਾਈ ਦਾ ਵਿਖਾਵਾ ਕਰਨ ਵਾਲਾ ਮਨੁੱਖ ਭਲਾ ਨਹੀਂ ਹੈ। 61. ਮਾਇਆ ਦਾ ਮੋਹ ਬਹੁਤ ਪ੍ਰਬਲ ਹੈ। ਬੁਢੇਪਾ ਆ ਕੇ ਮੌਤ ਸਿਰ ਉਤੇ ਕੂਕ ਰਹੀ ਹੁੰਦੀ ਹੈ, ਫਿਰ ਭੀ ਮਨੁੱਖ ਪਰਵਾਰ ਦੇ ਮੋਹ ਵਿਚ ਫਸਿਆ ਰਹਿੰਦਾ ਹੈ। ਇਸ ਮੋਹ ਤੋਂ ਪਰਮਾਤਮਾ ਦੀ ਯਾਦ ਹੀ ਬਚਾਂਦੀ ਹੈ। 62. ਜੀਭ ਨਾਲ ਪਰਮਾਤਮਾ ਦਾ ਨਾਮ ਜਪਣਾ ਸੀ, ਪਰ ਇਹ ਮਨੁੱਖ ਨੂੰ ਚਸਕਿਆਂ ਵਿਚ ਹੀ ਪਾਈ ਰੱਖਦੀ ਹੈ। 63. ਪਰਮਾਤਮਾ ਨੂੰ ਭੁਲਾ ਕੇ ਦੂਜਿਆਂ ਉਤੇ ਵਧੀਕੀਆਂ ਕਰਨ ਵਾਲੇ ਅਹੰਕਾਰੀ ਮਨੁੱਖ ਨਾਲੋਂ ਪਰਮਾਤਮਾ ਦਾ ਨਾਮ ਸਿਮਰਨ ਵਾਲਾ ਅੱਤ ਗਰੀਬ ਮਨੁੱਖ ਚੰਗਾ ਹੈ। ਅਹੰਕਾਰੀ ਦਾ ਜੀਵਨ ਵਿਅਰਥ ਜਾਂਦਾ ਹੈ, ਉਹ ਅਜਿਹੇ ਕਰਮ ਹੀ ਸਦਾ ਕਰਦਾ ਹੈ ਕਿ ਉਸ ਨੂੰ ਫਿਟਕਾਰਾਂ ਹੀ ਪੈਂਦੀਆਂ ਹਨ। 64. ਜਿਸ ਮਨੁੱਖ ਉਤੇ ਗੁਰੂ ਪਰਮਾਤਮਾ ਮਿਹਰ ਕਰਦਾ ਹੈ, ਸਿਮਰਨ ਦੀ ਬਰਕਤਿ ਨਾਲ ਉਸ ਦਾ ਆਤਮਕ ਜੀਵਨ ਬਹੁਤ ਉੱਚਾ ਹੋ ਜਾਂਦਾ ਹੈ, ਵਿਕਾਰਾਂ ਦਾ ਹਨੇਰਾ ਉਸ ਦੇ ਨੇੜੇ ਨਹੀਂ ਢੁਕਦਾ, ਉਸ ਦੀ ਜ਼ਿੰਦਗੀ ਗੁਣਾਂ ਨਾਲ ਭਰਪੂਰ ਹੋ ਜਾਂਦੀ ਹੈ। 65. ਪਰਮਾਤਮਾ ਦਾ ਨਾਮ ਸਿਮਰਨ ਵਾਲਾ ਮਨੁੱਖ ਹੀ ਉੱਚੀ ਜਾਤਿ ਦਾ ਹੈ ਉਸ ਦੀ ਸੰਗਤਿ ਵਿਚ ਹੋਰ ਬੰਦੇ ਭੀ ਕੁਕਰਮਾਂ ਤੋਂ ਬਚ ਜਾਂਦੇ ਹਨ। ਮਾਇਆ ਦੇ ਮੋਹ ਵਿਚ ਫਸਿਆ ਹੋਇਆ (ਉੱਚੀ ਜਾਤਿ ਦਾ ਭੀ) ਮਨੁੱਖ ਵਿਅਰਥ ਜੀਵਨ ਗਵਾ ਜਾਂਦਾ ਹੈ। 66. ਆਪਣੀ ਜਿੰਦ ਦੀ ਖ਼ਾਤਰ ਹੋਰਨਾਂ ਦਾ ਨੁਕਸਾਨ ਕਰ ਕੇ ਪਰਾਇਆ ਧਨ ਵਰਤਣ ਵਾਲੇ ਮਨੁੱਖ ਦੀ ਜ਼ਿੰਦਗੀ ਸਦਾ ਮੰਦੇ ਕੰਮਾਂ ਦੇ ਗੰਦ ਵਿਚ ਹੀ ਗੁਜ਼ਰਦੀ ਹੈ। 67. ਜਿਹੜਾ ਮਨੁੱਖ ਪਰਮਾਤਮਾ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ ਉਹ ਵਿਕਾਰਾਂ ਤੋਂ ਬਚ ਜਾਂਦਾ ਹੈ, ਉਸ ਦੀ ਸੰਗਤਿ ਕਰਨ ਵਾਲੇ ਮਨੁੱਖ ਭੀ ਵਿਕਾਰਾਂ ਦੇ ਪੰਜੇ ਵਿਚੋਂ ਨਿਕਲ ਜਾਂਦੇ ਹਨ। ਲੜੀ-ਵਾਰ ਭਾਵ: (1 ਤੋਂ 15) ਮਨੁੱਖ ਦੇ ਨਾਲ ਸਦਾ ਨਿਭਣ ਵਾਲਾ ਸਾਥੀ ਸਿਰਫ਼ ਪਰਮਾਤਮਾ ਦਾ ਨਾਮ ਹੀ ਹੈ। ਪਰ ਆਤਮਕ ਜੀਵਨ ਦੀ ਸੂਝ ਤੋਂ ਸੱਖਣਾ ਮਨੁੱਖ ਮਾਇਆ ਦੇ ਮੋਹ ਦੇ ਖੂਹ ਵਿਚ ਡਿੱਗਾ ਰਹਿੰਦਾ ਹੈ, ਤੇ, ਅਸਲ ਸਾਥੀ ਨੂੰ ਭੁਲਾਈ ਰੱਖਦਾ ਹੈ। ਮਾਇਆ ਕਈ ਰੰਗਾਂ ਰੂਪਾਂ ਵਿਚ ਮਨੁੱਖ ਉਤੇ ਆਪਣਾ ਪ੍ਰਭਾਵ ਪਾਂਦੀ ਹੈ। ਜਿਸ ਮਨੁੱਖ ਉਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ ਉਸ ਨੂੰ ਸਹੀ ਆਤਮਕ ਜੀਵਨ ਦੀ ਸੂਝ ਆ ਜਾਂਦੀ ਹੈ, ਉਹ ਸਾਧ ਸੰਗਤਿ ਦੀ ਓਟ ਲੈ ਕੇ ਨਾਮ ਸਿਮਰਦਾ ਹੈ। (16 ਤੋਂ 25) ਆਪਣੇ ਉੱਦਮ ਨਾਲ ਮਨੁੱਖ ਭਗਤੀ ਨਹੀਂ ਕਰ ਸਕਦਾ। ਪਿਛਲੇ ਕੀਤੇ ਕਰਮਾਂ ਦੇ ਸੰਸਕਾਰ ਉਸੇ ਹੀ ਪਾਸੇ ਵਲ ਪ੍ਰੇਰਦੇ ਹਨ। ਕੋਈ ਵੱਡੇ ਤੋਂ ਵੱਡੇ ਕਠਨ ਤਪ ਭੀ ਮਨੁੱਖ ਨੂੰ ਮਾਇਆ ਦੇ ਮੋਹ ਤੋਂ ਬਚਾ ਨਹੀਂ ਸਕਦੇ। ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ, ਉਹ ਸਾਧ ਸੰਗਤਿ ਦੀ ਸਰਨ ਲੈ ਕੇ ਸਿਫ਼ਤਿ-ਸਾਲਾਹ ਵਿਚ ਜੁੜਦਾ ਹੈ, ਤੇ, ਇਸ ਤਰ੍ਹਾਂ ਉਸ ਦੇ ਪਿਛਲੇ ਕੀਤੇ ਸਾਰੇ ਕੁਕਰਮਾਂ ਦੇ ਸੰਸਕਾਰ ਮਿਟ ਜਾਂਦੇ ਹਨ। ਸਰੀਰਕ ਤੌਰ ਤੇ ਨਰੋਆ ਹੁੰਦਿਆਂ ਭੀ ਜੇ ਮਨੁੱਖ ਪਰਮਾਤਮਾ ਦੀ ਯਾਦ ਭੁਲਾਂਦਾ ਹੈ, ਤਾਂ ਉਹ ਅਨੇਕਾਂ ਆਤਮਕ ਰੋਗ ਸਹੇੜੀ ਰੱਖਦਾ ਹੈ। (26 ਤੋਂ 44) ਪਰਮਾਤਮਾ ਦਾ ਨਾਮ ਸਿਮਰਨ ਦੀ ਬਰਕਤਿ ਨਾਲ ਮਨੁੱਖ ਦੇ ਅੰਦਰ ਉੱਚੇ ਆਤਮਕ ਗੁਣ ਪੈਦਾ ਹੋ ਜਾਂਦੇ ਹਨ। ਕਿਸੇ ਵਲੋਂ ਹੋਈ ਕੋਈ ਭੀ ਨਿਰਾਦਰੀ ਉਸ ਉਤੇ ਅਸਰ ਨਹੀਂ ਪਾ ਸਕਦੀ, ਕੋਈ ਵਿਕਾਰ ਉਸ ਦੇ ਨੇੜੇ ਨਹੀਂ ਢੁਕ ਸਕਦਾ, ਦੂਜਿਆਂ ਦੀ ਵਧੀਕੀ ਸਹਾਰਨ ਦੀ ਉਸ ਨੂੰ ਆਦਤ ਪੈ ਜਾਂਦੀ ਹੈ। ਇਹ ਦਾਤਿ ਮਿਲਦੀ ਹੈ ਸਾਧ ਸੰਗਤਿ ਵਿਚੋਂ, ਤੇ, ਮਿਲਦੀ ਹੈ ਪਰਮਾਤਮਾ ਦੀ ਮੇਹਰ ਨਾਲ। (45 ਤੋਂ 55) ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਦਿਕ ਵਿਕਾਰ ਇਤਨੇ ਬਲੀ ਹਨ ਕਿ ਆਪਣੇ ਉੱਦਮ ਨਾਲ ਮਨੁੱਖ ਇਹਨਾਂ ਦਾ ਟਾਕਰਾ ਨਹੀਂ ਕਰ ਸਕਦਾ। ਇਹਨਾਂ ਦੀ ਮਾਰ ਤੋਂ ਬਚ ਕੇ ਸੰਸਾਰ-ਸਮੁੰਦਰ ਵਿਚੋਂ ਜ਼ਿੰਦਗੀ ਦੀ ਬੇੜੀ ਸਹੀ-ਸਲਾਮਤ ਪਾਰ ਲੰਘਾਣ ਦਾ ਇਕੋ ਇਕ ਤਰੀਕਾ ਹੈ– ਸਾਧ ਸੰਗਤਿ ਵਿਚ ਰਹਿ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ। ਇਹੀ ਇਨਸਾਨੀ ਜ਼ਿੰਦਗੀ ਦੇ ਸਫ਼ਰ ਵਾਸਤੇ ਜੀਵਨ ਦਾ ਪੱਧਰਾ ਰਸਤਾ ਹੈ। ਪਰ ਇਹ ਮਿਲਦਾ ਹੈ ਪਰਮਾਤਮਾ ਦੀ ਆਪਣੀ ਮਿਹਰ ਨਾਲ। (56 ਤੋਂ 67) ਨਿਰੇ ਧਾਰਮਿਕ ਚਿੰਨ੍ਹ ਮਨੁੱਖ ਨੂੰ ਵਿਕਾਰਾਂ ਦਾ ਟਾਕਰਾ ਕਰਨ-ਜੋਗਾ ਨਹੀਂ ਬਣਾ ਸਕਦੇ। ਅੰਦਰ ਖੋਟ ਰੱਖ ਕੇ ਭਲਾਈ ਦਾ ਵਿਖਾਵਾ ਮਨੁੱਖ ਨੂੰ ਭਲਾ ਨਹੀਂ ਬਣਾ ਸਕਦਾ। ਮਾਇਆ ਦਾ ਮੋਹ ਬਹੁਤ ਪ੍ਰਬਲ ਹੈ, ਇਸ ਤੋਂ ਪਰਮਾਤਮਾ ਦੀ ਯਾਦ ਹੀ ਬਚਾਂਦੀ ਹੈ। ਪਰਮਾਤਮਾ ਨੂੰ ਭੁਲਾ ਕੇ ਦੂਜਿਆਂ ਉਤੇ ਵਧੀਕੀ ਕਰਨ ਵਾਲੇ ਅਹੰਕਾਰੀ ਮਨੁੱਖ ਨਾਲੋਂ ਸਿਮਰਨ ਕਰਨ ਵਾਲਾ ਅੱਤ ਗਰੀਬ ਬੰਦਾ ਚੰਗਾ ਹੈ, ਉਹ ਹੀ ਉੱਚੀ ਜਾਤਿ ਵਾਲਾ ਹੈ, ਉਸ ਦੀ ਸੰਗਤਿ ਵਿਚ ਹੋਰ ਬੰਦੇ ਭੀ ਕੁਕਰਮਾਂ ਤੋਂ ਬਚ ਜਾਂਦੇ ਹਨ। ਮੁੱਖ ਭਾਵ: ਮਾਇਆ ਦਾ ਮੋਹ ਬਹੁਤ ਪ੍ਰਬਲ ਹੈ, ਇਸ ਦੇ ਅਸਰ ਹੇਠ ਰਹਿ ਕੇ ਮਨੁੱਖ ਵਿਕਾਰਾਂ ਵਿਚ ਫਸ ਜਾਂਦਾ ਹੈ। ਵਿਕਾਰਾਂ ਤੋਂ ਬਚੇ ਰਹਿਣ ਦਾ ਇਕੋ ਇਕ ਤਰੀਕਾ ਹੈ– ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹਿਣਾ। ਇਹ ਦਾਤਿ ਮਿਲਦੀ ਹੈ ਪਰਮਾਤਮਾ ਦੀ ਆਪਣੀ ਹੀ ਮਿਹਰ ਨਾਲ। ਨੋਟ: ਸਹਸਕ੍ਰਿਤੀ ਲਫ਼ਜ਼ 'ਸਹਸ' ਸੰਸਕ੍ਰਿਤ ਦੇ ਲਫ਼ਜ਼ 'ਸੰਸ' ਤੋਂ ਪ੍ਰਾਕ੍ਰਿਤ-ਰੂਪ ਹੈ, ਜਿਵੇਂ ਲਫ਼ਜ਼ 'ਸੰਸ਼ਯ' (sz_Q) ਤੋਂ ਪ੍ਰਾਕ੍ਰਿਤ-ਰੂਪ 'ਸਹਸਾ' ਹੈ। ਸੋ, ਇਹ ਸਲੋਕ ਜਿਨ੍ਹਾਂ ਦਾ ਸਿਰਲੇਖ ਹੈ 'ਸਹਸ ਕ੍ਰਿਤੀ' ਸੰਸਕ੍ਰਿਤ ਦੇ ਨਹੀਂ ਹਨ। ਲਫ਼ਜ਼ 'ਸਹਸ-ਕ੍ਰਿਤੀ' ਲਫ਼ਜ਼ 'ਸੰਸਕ੍ਰਿਤ' (szÔøq) ਦਾ ਪ੍ਰਾਕ੍ਰਿਤ-ਰੂਪ ਹੈ। ਇਹ ਸਾਰੇ ਸਲੋਕ ਭੀ ਪ੍ਰਾਕ੍ਰਿਤ ਬੋਲੀ ਦੇ ਹੀ ਹਨ। ਪਾਠਕਾਂ ਦੀ ਸਹੂਲਤ ਵਾਸਤੇ ਕਈ ਲਫ਼ਜ਼ਾਂ ਦੇ ਅਸਲ ਸੰਸਕ੍ਰਿਤ-ਰੂਪ ਭੀ ਪਦ-ਅਰਥਾਂ ਵਿਚ ਦੇ ਦਿੱਤੇ ਗਏ ਹਨ। ਸਲੋਕ ਸਹਸਕ੍ਰਿਤੀ ਮਹਲਾ ੫ ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਿਤਾ ਬਿਨੋਦ ਸੁਤਹ ॥ ਕਤੰਚ ਭ੍ਰਾਤ ਮੀਤ ਹਿਤ ਬੰਧਵ ਕਤੰਚ ਮੋਹ ਕੁਟੰਬ੍ਯ੍ਯਤੇ ॥ ਕਤੰਚ ਚਪਲ ਮੋਹਨੀ ਰੂਪੰ ਪੇਖੰਤੇ ਤਿਆਗੰ ਕਰੋਤਿ ॥ ਰਹੰਤ ਸੰਗ ਭਗਵਾਨ ਸਿਮਰਣ ਨਾਨਕ ਲਬਧ੍ਯ੍ਯੰ ਅਚੁਤ ਤਨਹ ॥੧॥ {ਪੰਨਾ 1353} ਪਦ ਅਰਥ: ਕਤੰ = ਕਿੱਥੇ? ਚ = ਅਤੇ। ਬਨਿਤਾ = ਇਸਤ੍ਰੀ (vinqw) । ਬਿਨੋਦ = ਆਨੰਦ, ਲਾਡ-ਪਿਆਰ। ਸੁਤਹ = ਪੁੱਤਰ। ਹਿਤ = ਹਿਤੂ। ਬੰਧਵ = ਰਿਸ਼ਤੇਦਾਰ। ਚਪਲ = ਚੰਚਲ। ਪੇਖੰਤੇ = ਵੇਖਦਿਆਂ ਹੀ। ਕਰੋਤਿ = ਕਰਦੀ ਹੈ (krwyiq) । ਰਹੰਤ = ਰਹਿੰਦਾ ਹੈ। ਲਬਧ੍ਯ੍ਯੰ = ਲੱਭੀਦਾ ਹੈ, ਲੱਭ ਸਕੀਦਾ ਹੈ। ਅਚੁਤ = ਅਬਿਨਾਸੀ ਪ੍ਰਭੂ (AÁXuq, ਅੱਚੁਤ) । ਤਨਹ = ਪੁੱਤਰ। ਅਚੁਤ ਤਨਹ = ਅਬਿਨਾਸੀ ਪ੍ਰਭੂ ਦੇ ਪੁੱਤਰ, ਸੰਤ ਜਨ। ਅਰਥ: ਕਿੱਥੇ ਰਹਿ ਜਾਂਦੀ ਹੈ ਮਾਂ, ਤੇ ਕਿੱਥੇ ਰਹਿ ਜਾਂਦਾ ਹੈ ਪਿਉ? ਤੇ ਕਿੱਥੇ ਰਹਿ ਜਾਂਦੇ ਹਨ ਇਸਤ੍ਰੀ ਪੁੱਤ੍ਰਾਂ ਦੇ ਲਾਡ-ਪਿਆਰ? ਕਿੱਥੇ ਰਹਿ ਜਾਂਦੇ ਹਨ ਭਰਾ ਮਿਤ੍ਰ ਹਿਤੂ ਤੇ ਸਨਬੰਧੀ? ਤੇ ਕਿੱਥੇ ਰਹਿ ਜਾਂਦਾ ਹੈ ਪਰਵਾਰ ਦਾ ਮੋਹ? ਕਿੱਥੇ ਜਾਂਦੀ ਹੈ ਮਨ ਨੂੰ ਮੋਹਣ ਵਾਲੀ ਇਹ ਚੰਚਲ ਮਾਇਆ ਵੇਖਦਿਆਂ ਵੇਖਦਿਆਂ ਹੀ ਛੱਡ ਜਾਂਦੀ ਹੈ। ਹੇ ਨਾਨਕ! (ਮਨੁੱਖ ਦੇ) ਨਾਲ (ਸਦਾ) ਰਹਿੰਦਾ ਹੈ ਭਗਵਾਨ ਦਾ ਭਜਨ (ਹੀ) , ਤੇ ਇਹ ਭਜਨ ਮਿਲਦਾ ਹੈ ਸੰਤ ਜਨਾਂ ਤੋਂ।1। ਭਾਵ = ਮਨੁੱਖ ਦੇ ਨਾਲ ਸਦਾ ਦਾ ਸਾਥ ਕਰਨ ਵਾਲਾ ਸਿਰਫ਼ ਪਰਮਾਤਮਾ ਦਾ ਭਜਨ ਹੀ ਹੈ। ਕਿਤਨੇ ਭੀ ਪਿਆਰੇ ਰਿਸ਼ਤੇਦਾਰ ਹੋਣ, ਕਿਸੇ ਦਾ ਭੀ ਸਾਥ ਸਦਾ ਲਈ ਨਹੀਂ ਹੋ ਸਕਦਾ। ਮਾਇਆ ਭੀ ਇਥੇ ਹੀ ਧਰੀ ਰਹਿ ਜਾਂਦੀ ਹੈ। |
Sri Guru Granth Darpan, by Professor Sahib Singh |