ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1363

ਧਾਵਉ ਦਸਾ ਅਨੇਕ ਪ੍ਰੇਮ ਪ੍ਰਭ ਕਾਰਣੇ ॥ ਪੰਚ ਸਤਾਵਹਿ ਦੂਤ ਕਵਨ ਬਿਧਿ ਮਾਰਣੇ ॥ ਤੀਖਣ ਬਾਣ ਚਲਾਇ ਨਾਮੁ ਪ੍ਰਭ ਧ੍ਯ੍ਯਾਈਐ ॥ ਹਰਿਹਾਂ ਮਹਾਂ ਬਿਖਾਦੀ ਘਾਤ ਪੂਰਨ ਗੁਰੁ ਪਾਈਐ ॥੧੬॥ {ਪੰਨਾ 1363}

ਪਦ ਅਰਥ: ਧਾਵਉ = ਧਾਵਉਂ, ਮੈਂ ਦੌੜਦਾ ਹਾਂ। ਦਸਾ = ਦਿਸ਼ਾ, ਪਾਸੇ (ਦਸ਼ਾ = ਹਾਲਤ) । ਪੰਚ ਦੂਤ = (ਕਾਮਾਦਿਕ) ਪੰਜ ਵੈਰੀ। ਮਤਾਵਹਿ = ਸਤਾਂਦੇ ਰਹਿੰਦੇ ਹਨ (ਬਹੁ-ਵਚਨ) । ਕਵਨ ਬਿਧਿ = ਕਿਸ ਤਰੀਕੇ ਨਾਲ? ਤੀਖਣ = ਤੇਜ਼, ਤ੍ਰਿੱਖੇ। ਚਲਾਇ = ਚਲਾ ਕੇ। ਧਾਈਐ = ਸਿਮਰਨਾ ਚਾਹੀਦਾ ਹੈ। ਮਹਾਂ ਬਿਖਾਦੀ = ਵੱਡੇ ਝਗੜਾਲੂ। ਘਾਤ = ਮੌਤ, ਮਾਰਨਾ। ਪਾਈਐ = ਮਿਲ ਪੈਂਦਾ ਹੈ। 16।

ਅਰਥ: ਹੇ ਭਾਈ! ਪਰਮਾਤਮਾ (ਦੇ ਚਰਨਾਂ) ਦਾ ਪ੍ਰੇਮ ਹਾਸਲ ਕਰਨ ਵਾਸਤੇ ਮੈਂ ਕਈ ਪਾਸੀਂ ਦੌੜਦਾ ਫਿਰਦਾ ਹਾਂ, (ਪਰ ਇਹ ਕਾਮਾਦਿਕ) ਪੰਜ ਵੈਰੀ ਸਤਾਂਦੇ (ਹੀ) ਰਹਿੰਦੇ ਹਨ। (ਇਹਨਾਂ ਨੂੰ) ਕਿਸ ਤਰੀਕੇ ਨਾਲ ਮਾਰਿਆ ਜਾਏ? (ਇਹਨਾਂ ਨੂੰ ਮਾਰਨ ਦਾ ਤਰੀਕਾ ਇਹੀ ਹੈ ਕਿ) ਪਰਮਾਤਮਾ ਦਾ ਨਾਮ (ਸਦਾ) ਸਿਮਰਦੇ ਰਹਿਣਾ ਚਾਹੀਦਾ ਹੈ। ਜਦੋਂ ਪੂਰਾ ਗੁਰੂ ਮਿਲਦਾ ਹੈ (ਉਸ ਦੀ ਸਹਾਇਤਾ ਨਾਲ ਸਿਮਰਨ ਦੇ) ਤ੍ਰਿੱਖੇ ਤੀਰ ਚਲਾ ਕੇ (ਇਹਨਾਂ ਕਾਮਾਦਿਕ) ਵੱਡੇ ਝਗੜਾਲੂਆਂ ਦਾ ਨਾਸ (ਕੀਤਾ ਜਾ ਸਕਦਾ ਹੈ) । 16।

ਸਤਿਗੁਰ ਕੀਨੀ ਦਾਤਿ ਮੂਲਿ ਨ ਨਿਖੁਟਈ ॥ ਖਾਵਹੁ ਭੁੰਚਹੁ ਸਭਿ ਗੁਰਮੁਖਿ ਛੁਟਈ ॥ ਅੰਮ੍ਰਿਤੁ ਨਾਮੁ ਨਿਧਾਨੁ ਦਿਤਾ ਤੁਸਿ ਹਰਿ ॥ ਨਾਨਕ ਸਦਾ ਅਰਾਧਿ ਕਦੇ ਨ ਜਾਂਹਿ ਮਰਿ ॥੧੭॥ {ਪੰਨਾ 1363}

ਪਦ ਅਰਥ: ਦਾਤਿ = ਨਾਮ ਦੀ ਦਾਤਿ। ਮੂਲਿ = ਬਿਲਕੁਲ। ਨਿਖੁਟਈ = ਮੁੱਕਦੀ। ਭੁੰਚਹੁ = ਵਰਤੋ। ਸਭਿ = ਸਾਰੇ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਛੁਟਈ = ਛੁਟੈ, ਵਿਕਾਰਾਂ ਤੋਂ ਬਚ ਜਾਂਦਾ ਹੈ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਨਿਧਾਨੁ = ਖ਼ਜ਼ਾਨਾ। ਤੁਸਿ = ਪ੍ਰਸੰਨ ਹੋ ਕੇ, ਤ੍ਰੁੱਠ ਕੇ। ਅਰਾਧਿ = ਸਿਮਰਿਆ ਕਰ। 17।

ਅਰਥ: ਹੇ ਭਾਈ! ਗੁਰੂ ਦੀ ਬਖ਼ਸ਼ੀ ਹੋਈ ਹਰਿ-ਨਾਮ-ਦਾਤਿ ਕਦੇ ਭੀ ਨਹੀਂ ਮੁੱਕਦੀ, ਬੇਸ਼ੱਕ ਤੁਸੀ ਸਾਰੇ ਇਸ ਦਾਤਿ ਨੂੰ ਵਰਤੋ। (ਸਗੋਂ) ਗੁਰੂ ਦੀ ਸਰਨ ਪੈ ਕੇ (ਇਸ ਦਾਤਿ ਨੂੰ ਵਰਤਣ ਵਾਲਾ ਮਨੁੱਖ ਵਿਕਾਰਾਂ ਤੋਂ) ਬਚਿਆ ਰਹਿੰਦਾ ਹੈ। ਆਤਮਕ ਜੀਵਨ ਦੇਣ ਵਾਲਾ (ਇਹ) ਨਾਮ-ਖ਼ਜ਼ਾਨਾ ਪਰਮਾਤਮਾ (ਆਪ ਹੀ) ਖ਼ੁਸ਼ ਹੋ ਕੇ ਦੇਂਦਾ ਹੈ। ਹੇ ਨਾਨਕ! (ਆਖ– ਹੇ ਭਾਈ!) ਸਦਾ ਇਸ ਨਾਮ ਨੂੰ ਸਿਮਰਿਆ ਕਰ, ਤੈਨੂੰ ਕਦੇ ਆਤਮਕ ਮੌਤ ਨਹੀਂ ਆਵੇਗੀ। 17।

ਜਿਥੈ ਜਾਏ ਭਗਤੁ ਸੁ ਥਾਨੁ ਸੁਹਾਵਣਾ ॥ ਸਗਲੇ ਹੋਏ ਸੁਖ ਹਰਿ ਨਾਮੁ ਧਿਆਵਣਾ ॥ ਜੀਅ ਕਰਨਿ ਜੈਕਾਰੁ ਨਿੰਦਕ ਮੁਏ ਪਚਿ ॥ ਸਾਜਨ ਮਨਿ ਆਨੰਦੁ ਨਾਨਕ ਨਾਮੁ ਜਪਿ ॥੧੮॥ {ਪੰਨਾ 1363}

ਪਦ ਅਰਥ: ਜਿਥੈ = ਜਿਸ ਥਾਂ ਤੇ। ਜਾਏ = ਜਾਂਦਾ ਹੈ, ਜਾ ਬੈਠਦਾ ਹੈ। ਸੁ = ਉਹ (ਇਕ-ਵਚਨ) । ਸਗਲੇ = ਸਾਰੇ। ਜੀਅ = (ਸਾਰੇ) ਜੀਅ। ਕਰਨਿ = ਕਰਦੇ ਹਨ, ਕਰਨ ਲੱਗ ਪੈਂਦੇ ਹਨ। ਜੈਕਾਰੁ = ਪਰਮਾਤਮਾ ਦੀ ਸਿਫ਼ਤਿ-ਸਾਲਾਹ। ਪਚਿ = ਸੜ ਕੇ, (ਈਰਖਾ ਦੀ ਅੱਗ ਨਾਲ) ਸੜ ਕੇ। ਮੁਏ = ਆਤਮਕ ਮੌਤ ਸਹੇੜ ਲੈਂਦੇ ਹਨ। ਮਨਿ = ਮਨ ਵਿਚ। ਜਪਿ = ਜਪ ਕੇ। 18।

ਅਰਥ: ਹੇ ਭਾਈ! ਜਿਸ ਥਾਂ ਤੇ (ਭੀ ਕੋਈ ਪਰਮਾਤਮਾ ਦਾ) ਭਗਤ ਜਾ ਬੈਠਦਾ ਹੈ, ਉਹ ਥਾਂ (ਸਿਫ਼ਤਿ-ਸਾਲਾਹ ਦੇ ਵਾਯੂ-ਮੰਡਲ ਨਾਲ) ਸੁਖਦਾਈ ਬਣ ਜਾਂਦਾ ਹੈ, ਪਰਮਾਤਮਾ ਦਾ ਨਾਮ ਸਿਮਰਦਿਆਂ (ਉਥੇ) ਸਾਰੇ ਸੁਖ ਹੋ ਜਾਂਦੇ ਹਨ, (ਉਥੇ ਆਂਢ-ਗੁਆਂਢ ਰਹਿਣ ਵਾਲੇ ਸਾਰੇ) ਜੀਅ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਲੱਗ ਪੈਂਦੇ ਹਨ। (ਪਰ ਭਾਗਾਂ ਦੀ ਗੱਲ ਹੈ ਕਿ) ਨਿੰਦਾ ਕਰਨ ਵਾਲੇ ਮਨੁੱਖ (ਸੰਤ ਜਨਾਂ ਦੀ ਵਡਿਆਈ ਵੇਖ ਕੇ ਈਰਖਾ ਦੀ ਅੱਗ ਨਾਲ) ਸੜ ਸੜ ਕੇ ਆਤਮਕ ਮੌਤ ਸਹੇੜ ਲੈਂਦੇ ਹਨ। ਹੇ ਨਾਨਕ! ਪਰਮਾਤਮਾ ਦਾ ਨਾਮ ਜਪ ਜਪ ਕੇ ਸੱਜਣ ਜਨਾਂ ਦੇ ਮਨ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ। 18।

ਪਾਵਨ ਪਤਿਤ ਪੁਨੀਤ ਕਤਹ ਨਹੀ ਸੇਵੀਐ ॥ ਝੂਠੈ ਰੰਗਿ ਖੁਆਰੁ ਕਹਾਂ ਲਗੁ ਖੇਵੀਐ ॥ ਹਰਿਚੰਦਉਰੀ ਪੇਖਿ ਕਾਹੇ ਸੁਖੁ ਮਾਨਿਆ ॥ ਹਰਿਹਾਂ ਹਉ ਬਲਿਹਾਰੀ ਤਿੰਨ ਜਿ ਦਰਗਹਿ ਜਾਨਿਆ ॥੧੯॥ {ਪੰਨਾ 1363}

ਪਦ ਅਰਥ: ਪਾਵਨ = ਪਵਿੱਤਰ-ਸਰੂਪ ਹਰੀ। ਪਤਿਤ ਪੁਨੀਤ = ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ। ਕਤਹ ਨਹੀ = ਕਦੇ ਭੀ ਨਹੀਂ। ਸੇਵੀਐ = ਸਿਮਰਿਆ ਜਾ ਸਕਦਾ। ਝੂਠੇ ਰੰਗਿ = ਨਾਸਵੰਤ ਪਦਾਰਥਾਂ ਦੇ ਪਿਆਰ-ਰੰਗ ਵਿਚ। ਖੁਆਰੁ = ਦੁਖੀ, ਔਖਾ। ਕਹਾਂ ਲਗੁ = ਕਦ ਤਕ? ਬਹੁਤਾ ਚਿਰ ਨਹੀਂ। ਖੇਵੀਐ = (ਜ਼ਿੰਦਗੀ ਦੀ) ਬੇੜੀ ਚਲਾ ਸਕੀਦੀ। ਹਰਿਚੰਦਉਰੀ = ਹਰਿਚੰਦ ਨਗਰੀ, ਗੰਧਰਬ ਨਗਰੀ, ਹਵਾਈ ਕਿਲ੍ਹੇ। ਪੇਖਿ = ਵੇਖ ਕੇ। ਹਉ = ਮੈਂ। ਜਿ = ਜਿਹੜੇ। ਦਰਗਹਿ = ਪਰਮਾਤਮਾ ਦੀ ਹਜ਼ੂਰੀ ਵਿਚ। 19।

ਅਰਥ: ਹੇ ਭਾਈ! ਮਾਇਕ ਪਦਾਰਥਾਂ ਦੇ ਮੋਹ ਵਿਚ (ਫਸੇ ਰਹਿ ਕੇ ਜ਼ਿੰਦਗੀ ਦੀ) ਬੇੜੀ ਬਹੁਤਾ ਵਿਚ (ਸੁਖ ਨਾਲ) ਨਹੀਂ ਚਲਾਈ ਜਾ ਸਕਦੀ, (ਆਖ਼ਰ) ਖ਼ੁਆਰ ਹੀ ਹੋਈਦਾ ਹੈ, (ਇਸ ਝੂਠੇ ਰੰਗ ਵਿਚ ਟਿਕੇ ਰਹਿ ਕੇ) ਪਵਿੱਤਰ-ਸਰੂਪ ਹਰੀ ਨੂੰ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ ਹਰੀ ਨੂੰ ਕਦੇ ਭੀ ਸਿਮਰਿਆ ਨਹੀਂ ਜਾ ਸਕਦਾ। ਹੇ ਭਾਈ! (ਮਾਇਕ ਪਦਾਰਥਾਂ ਦੇ ਇਹਨਾਂ) ਹਵਾਈ ਕਿਲ੍ਹਿਆਂ ਨੂੰ ਵੇਖ ਵੇਖ ਕੇ ਤੂੰ ਕਿਉਂ ਸੁਖ ਪ੍ਰਤੀਤ ਕਰ ਰਿਹਾ ਹੈਂ? (ਨਾਹ ਇਹ ਸਦਾ ਕਾਇਮ ਰਹਿਣੇ, ਅਤੇ ਨਾਹ ਹੀ ਇਹਨਾਂ ਦੇ ਮੋਹ ਵਿਚ ਫਸਿਆਂ ਪ੍ਰਭੂ ਦਰ ਤੇ ਆਦਰ ਮਿਲਣਾ) । ਹੇ ਭਾਈ! ਮੈਂ (ਤਾਂ) ਉਹਨਾਂ ਤੋਂ ਸਦਕੇ ਜਾਂਦਾ ਹਾਂ ਜਿਹੜੇ (ਪਰਮਾਤਮਾ ਦਾ ਨਾਮ ਜਪ ਜਪ ਕੇ) ਪਰਮਾਤਮਾ ਦੀ ਹਜ਼ੂਰੀ ਵਿਚ ਸਤਕਾਰੇ ਜਾਂਦੇ ਹਨ। 19।

ਕੀਨੇ ਕਰਮ ਅਨੇਕ ਗਵਾਰ ਬਿਕਾਰ ਘਨ ॥ ਮਹਾ ਦ੍ਰੁਗੰਧਤ ਵਾਸੁ ਸਠ ਕਾ ਛਾਰੁ ਤਨ ॥ ਫਿਰਤਉ ਗਰਬ ਗੁਬਾਰਿ ਮਰਣੁ ਨਹ ਜਾਨਈ ॥ ਹਰਿਹਾਂ ਹਰਿਚੰਦਉਰੀ ਪੇਖਿ ਕਾਹੇ ਸਚੁ ਮਾਨਈ ॥੨੦॥ {ਪੰਨਾ 1363}

ਪਦ ਅਰਥ: ਗਵਾਰ = ਮੂਰਖ। ਘਨ = ਬਹੁਤ। ਕਰਮ ਬਿਕਾਰ = ਵਿਕਾਰਾਂ ਦੇ ਕੰਮ। ਦ੍ਰੁਗੰਧਤ = ਵਿਕਾਰਾਂ ਦੀ ਗੰਦਗੀ। ਵਾਸੁ = ਨਿਵਾਸ। ਸਠ = ਮੂਰਖ। ਛਾਰੁ = ਸੁਆਹ (ਦੇ ਬਰਾਬਰ) । ਛਾਰੁ ਤਨ = ਮਿੱਟੀ ਵਿਚ ਰੁਲਿਆ ਸਰੀਰ। ਫਿਰਤਉ = ਫਿਰਦਾ ਹੈ। ਗਰਬ ਗੁਬਾਰਿ = ਅਹੰਕਾਰ ਦੇ ਹਨੇਰੇ ਵਿਚ। ਮਰਣੁ = ਮੌਤ। ਜਾਨਈ = ਜਾਨੈ, ਜਾਣਦਾ। ਹਰਿਚੰਦਉਰੀ = ਹਰਿਚੰਦ-ਨਗਰੀ, ਗੰਧਰਬ ਨਗਰੀ, ਹਵਾਈ ਕਿਲ੍ਹੇ। ਪੇਖਿ = ਵੇਖ ਕੇ। ਕਾਹੇ = ਕਿਉਂ? ਸਚੁ = ਸਦਾ-ਥਿਰ। ਮਾਨਈ = ਮਾਨੈ, ਮੰਨਦਾ ਹੈ। 20।

ਅਰਥ: ਹੇ ਭਾਈ! ਮੂਰਖ ਮਨੁੱਖ ਅਨੇਕਾਂ ਹੀ ਕੁਕਰਮ ਕਰਦਾ ਰਹਿੰਦਾ ਹੈ। ਵੱਡੇ ਕੁਕਰਮਾਂ ਦੀ ਗੰਦਗੀ ਵਿਚ ਇਸ ਦਾ ਨਿਵਾਸ ਹੋਇਆ ਰਹਿੰਦਾ ਹੈ ਜਿਸ ਕਰਕੇ ਮੂਰਖ ਦਾ ਸਰੀਰ ਮਿੱਟੀ ਵਿਚ ਰੁਲ ਜਾਂਦਾ ਹੈ (ਅਮੋਲਕ ਮਨੁੱਖਾ ਸਰੀਰ ਕੌਡੀ ਦੇ ਬਰਾਬਰ ਦਾ ਨਹੀਂ ਰਹਿ ਜਾਂਦਾ) । (ਅਜਿਹਾ ਮਨੁੱਖ) ਅਹੰਕਾਰ ਦੇ ਹਨੇਰੇ ਵਿਚ ਤੁਰਿਆ ਫਿਰਦਾ ਹੈ, ਇਸ ਨੂੰ ਮੌਤ (ਭੀ) ਨਹੀਂ ਸੁੱਝਦੀ। ਇਸ ਹਵਾਈ ਕਿਲ੍ਹੇ ਨੂੰ ਵੇਖ ਵੇਖ ਕੇ ਪਤਾ ਨਹੀਂ, ਇਹ ਕਿਉਂ ਇਸ ਨੂੰ ਸਦਾ-ਕਾਇਮ ਰਹਿਣਾ ਮੰਨੀ ਬੈਠਾ ਹੈ। 20।

ਜਿਸ ਕੀ ਪੂਜੈ ਅਉਧ ਤਿਸੈ ਕਉਣੁ ਰਾਖਈ ॥ ਬੈਦਕ ਅਨਿਕ ਉਪਾਵ ਕਹਾਂ ਲਉ ਭਾਖਈ ॥ ਏਕੋ ਚੇਤਿ ਗਵਾਰ ਕਾਜਿ ਤੇਰੈ ਆਵਈ ॥ ਹਰਿਹਾਂ ਬਿਨੁ ਨਾਵੈ ਤਨੁ ਛਾਰੁ ਬ੍ਰਿਥਾ ਸਭੁ ਜਾਵਈ ॥੨੧॥ {ਪੰਨਾ 1363}

ਪਦ ਅਰਥ: ਜਿਸ ਕੀ = (ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ) । ਪੂਜੈ = ਅਖ਼ੀਰ ਤੇ ਪਹੁੰਚ ਜਾਂਦੀ ਹੈ, ਖ਼ਤਮ ਹੋ ਜਾਂਦੀ ਹੈ, ਮੁੱਕ ਜਾਂਦੀ ਹੈ। ਅਉਧ = (ਉਮਰ ਦੀ) ਮਿਆਦ, ਆਖ਼ਰੀ ਹੱਦ। ਰਾਖਈ = ਰਾਖੈ, ਰੱਖ ਸਕਦਾ ਹੈ, ਮੌਤ ਤੋਂ ਬਚਾ ਸਕਦਾ ਹੈ। ਬੈਦਕ = ਹਿਕਮਤ-ਵਿੱਦਿਆ। ਉਪਾਵ = ਹੀਲੇ, ਢੰਗ। ਕਹਾਂ ਲਉ = ਕਿੱਥੋਂ ਤਕ? ਭਾਖਈ = ਭਾਖੈ, ਦੱਸ ਸਕਦੀ ਹੈ। ਏਕੋ = ਇਕ (ਪਰਮਾਤਮਾ) ਨੂੰ ਹੀ। ਚੇਤਿ = ਸਿਮਰਿਆ ਕਰ। ਗਵਾਰ = ਹੇ ਮੂਰਖ! ਕਾਜਿ ਤੇਰੈ = ਤੇਰੇ ਕੰਮ ਵਿਚ। ਆਵਈ = ਆਵੈ, ਆਉਂਦਾ ਹੈ। ਛਾਰੁ = ਸੁਆਹ (ਸਮਾਨ) । ਬ੍ਰਿਥਾ = ਵਿਅਰਥ। 21।

ਅਰਥ: ਹੇ ਭਾਈ! ਜਿਸ (ਮਨੁੱਖ) ਦੀ (ਉਮਰ ਦੀ) ਆਖ਼ਰੀ ਹੱਦ ਪਹੁੰਚ ਜਾਂਦੀ ਹੈ, ਉਸ ਨੂੰ ਕੋਈ ਮਨੁੱਖ (ਮੌਤ ਦੇ ਮੂੰਹੋਂ) ਬਚਾ ਨਹੀਂ ਸਕਦਾ। ਹਿਕਮਤ-ਵਿੱਦਿਆ ਦੇ ਅਨੇਕਾਂ ਹੀ ਢੰਗ (ਨੁਸਖ਼ੇ) ਕਿੱਥੋਂ ਤਕ (ਕੋਈ) ਦੱਸ ਸਕਦਾ ਹੈ? ਹੇ ਮੂਰਖ! ਇਕ ਪਰਮਾਤਮਾ ਨੂੰ ਹੀ ਯਾਦ ਕਰਿਆ ਕਰ, (ਉਹ ਹੀ ਹਰ ਵੇਲੇ) ਤੇਰੇ ਕੰਮ ਆਉਂਦਾ ਹੈ। ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਸਰੀਰ ਮਿੱਟੀ (ਸਮਾਨ) ਹੈ, ਸਾਰਾ ਵਿਅਰਥ ਚਲਾ ਜਾਂਦਾ ਹੈ। 21।

ਅਉਖਧੁ ਨਾਮੁ ਅਪਾਰੁ ਅਮੋਲਕੁ ਪੀਜਈ ॥ ਮਿਲਿ ਮਿਲਿ ਖਾਵਹਿ ਸੰਤ ਸਗਲ ਕਉ ਦੀਜਈ ॥ ਜਿਸੈ ਪਰਾਪਤਿ ਹੋਇ ਤਿਸੈ ਹੀ ਪਾਵਣੇ ॥ ਹਰਿਹਾਂ ਹਉ ਬਲਿਹਾਰੀ ਤਿੰਨ੍ਹ੍ਹ ਜਿ ਹਰਿ ਰੰਗੁ ਰਾਵਣੇ ॥੨੨॥ {ਪੰਨਾ 1363}

ਪਦ ਅਰਥ: ਅਉਖਧੁ = ਦਵਾਈ। ਅਪਾਰੁ = ਬੇਅੰਤ। ਅਮੋਲਕੁ = ਜਿਸ ਦਾ ਮੁੱਲ ਨਾਹ ਪਾਇਆ ਜਾ ਸਕੇ। ਪੀਜਈ = ਪੀਤਾ ਜਾ ਸਕਦਾ ਹੈ। ਮਿਲਿ = ਮਿਲ ਕੇ। ਮਿਲਿ ਮਿਲਿ = ਸਦਾ ਮਿਲ ਕੇ। ਖਾਵਹਿ = ਖਾਂਦੇ ਹਨ (ਬਹੁ-ਵਚਨ) । ਦੀਜਈ = ਵੰਡਿਆ ਜਾਂਦਾ ਹੈ। ਪਰਾਪਤਿ ਹੋਇ = ਭਾਗਾਂ ਅਨੁਸਾਰ ਮਿਲਣਾ ਹੋਵੇ। ਤਿਸੈ ਹੀ = ਉਸੇ ਨੂੰ ਹੀ। ਰੰਗੁ = ਆਨੰਦ। ਰਾਵਣੇ = ਮਾਣਦੇ ਹਨ। 22।

ਅਰਥ: ਹੇ ਭਾਈ! (ਆਤਮਕ ਰੋਗਾਂ ਨੂੰ ਦੂਰ ਕਰਨ ਲਈ ਪਰਮਾਤਮਾ ਦਾ) ਨਾਮ (ਹੀ) ਦਵਾਈ ਹੈ, ਬਹੁਤ ਹੀ ਕੀਮਤੀ ਦਵਾਈ ਹੈ। (ਇਹ ਦਵਾਈ ਸਾਧ ਸੰਗਤਿ ਵਿਚ ਮਿਲ ਕੇ) ਕੀਤੀ ਜਾ ਸਕਦੀ ਹੈ। (ਸਾਧ ਸੰਗਤਿ ਵਿਚ) ਸੰਤ ਜਨ ਸਦਾ ਮਿਲ ਕੇ (ਇਹ ਹਰਿ-ਨਾਮ ਦਵਾਈ) ਖਾਂਦੇ ਰਹਿੰਦੇ ਹਨ (ਜਿਹੜੇ ਭੀ ਵਡਭਾਗੀ ਸਾਧ ਸੰਗਤਿ ਵਿਚ ਜਾਂਦੇ ਹਨ, ਉਹਨਾਂ) ਸਾਰਿਆਂ ਨੂੰ (ਇਹ ਨਾਮ-ਦਵਾਈ) ਵੰਡੀ ਜਾਂਦੀ ਹੈ। ਪਰ ਉਸੇ ਮਨੁੱਖ ਨੂੰ ਇਹ ਨਾਮ-ਦਵਾਈ ਮਿਲਦੀ ਹੈ, ਜਿਸ ਦੇ ਭਾਗਾਂ ਵਿਚ ਇਸ ਦਾ ਮਿਲਣਾ ਲਿਖਿਆ ਹੁੰਦਾ ਹੈ। ਹੇ ਭਾਈ! ਮੈਂ ਸਦਕੇ ਜਾਂਦਾ ਹਾਂ ਉਹਨਾਂ ਤੋਂ ਜਿਹੜੇ (ਹਰਿ-ਨਾਮ ਜਪ ਕੇ) ਪ੍ਰਭੂ-ਮਿਲਾਪ ਦਾ ਆਨੰਦ ਮਾਣਦੇ ਹਨ। 22।

ਵੈਦਾ ਸੰਦਾ ਸੰਗੁ ਇਕਠਾ ਹੋਇਆ ॥ ਅਉਖਦ ਆਏ ਰਾਸਿ ਵਿਚਿ ਆਪਿ ਖਲੋਇਆ ॥ ਜੋ ਜੋ ਓਨਾ ਕਰਮ ਸੁਕਰਮ ਹੋਇ ਪਸਰਿਆ ॥ ਹਰਿਹਾਂ ਦੂਖ ਰੋਗ ਸਭਿ ਪਾਪ ਤਨ ਤੇ ਖਿਸਰਿਆ ॥੨੩॥ {ਪੰਨਾ 1363}

ਪਦ ਅਰਥ: ਸੰਦਾ = ਦਾ। ਵੈਦਾ ਸੰਦਾ ਸੰਗੁ = ਵੈਦਾਂ ਸੰਦਾ ਸੰਗੁ, ਹਕੀਮਾਂ ਦਾ ਸਾਥ, ਹਕੀਮਾਂ ਦਾ ਟੋਲਾ (ਆਤਮਕ ਮੌਤ ਤੋਂ ਬਚਾਣ ਵਾਲੇ) ਸੰਤ ਜਨਾਂ ਦੀ ਸੰਗਤਿ। ਅਉਖਦ = ਦਵਾਈ, ਨਾਮ-ਦਾਰੂ। ਆਏ ਰਾਸਿ = ਪੂਰਾ ਅਸਰ ਕਰਦੀ ਹੈ, ਕਾਰ-ਗਰ ਹੋ ਜਾਂਦੀ ਹੈ। ਆਪਿ = ਪਰਮਾਤਮਾ ਆਪ। ਓਨਾ = ਉਹਨਾਂ (ਵੈਦਾਂ) ਦੇ, ਉਹਨਾਂ ਸੰਤ-ਜਨਾਂ ਦੇ। ਕਰਮ = ਨਿੱਤ ਦੇ ਕਰਤੱਬ। ਸੁਕਰਮ = ਸ੍ਰੇਸ਼ਟ ਕੰਮ, ਸ੍ਰੇਸ਼ਟ ਪੂਰਨੇ। ਸੁਕਰਮ ਹੋਇ = ਵਧੀਆ ਪੂਰਨੇ ਬਣ ਕੇ। ਪਸਰਿਆ = ਖਿਲਰਦੇ ਹਨ, ਆਮ ਲੋਕਾਂ ਦੇ ਸਾਹਮਣੇ ਆਉਂਦੇ ਹਨ। ਸਭਿ = ਸਾਰੇ। ਤੇ = ਤੋਂ। ਖਿਸਰਿਆ = ਦੂਰ ਹੋ ਜਾਂਦੇ ਹਨ। 23।

ਅਰਥ: ਹੇ ਭਾਈ! (ਸਾਧ ਸੰਗਤਿ ਵਿਚ ਆਤਮਕ ਮੌਤ ਤੋਂ ਬਚਾਣ ਵਾਲੇ) ਹਕੀਮਾਂ (ਸੰਤ-ਜਨਾਂ) ਦੀ ਸੰਗਤਿ ਇਕੱਠੀ ਹੁੰਦੀ ਹੈ (ਉਹਨਾਂ ਦੀ ਵਰਤੀ ਹੋਈ ਤੇ ਦੱਸੀ ਹੋਈ ਹਰਿ-ਨਾਮ ਸਿਮਰਨ ਦੀ) ਦਵਾਈ (ਸਾਧ ਸੰਗਤਿ ਵਿਚ) ਆਪਣਾ ਪੂਰਾ ਅਸਰ ਕਰਦੀ ਹੈ (ਕਿਉਂਕਿ ਉਸ ਇਕੱਠ ਵਿਚ ਪਰਮਾਤਮਾ ਆਪ ਹਾਜ਼ਰ ਰਹਿੰਦਾ ਹੈ) । (ਆਤਮਕ ਰੋਗਾਂ ਦੇ ਉਹ ਵੈਦ ਸੰਤ-ਜਨ) ਜਿਹੜੇ ਜਿਹੜੇ ਨਿੱਤ ਦੇ ਕਰਤੱਬ ਕਰਦੇ ਹਨ (ਉਹ ਸਾਧ ਸੰਗਤਿ ਵਿਚ ਆਏ ਆਮ ਲੋਕਾਂ ਦੇ ਸਾਹਮਣੇ) ਵਧੀਆ ਪੂਰਨੇ ਬਣ ਕੇ ਪਰਗਟ ਹੁੰਦੇ ਹਨ, (ਇਸੇ ਵਾਸਤੇ ਸਾਧ ਸੰਗਤਿ ਵਿਚ ਆਏ ਵਡਭਾਗੀਆਂ ਦੇ) ਸਰੀਰ ਤੋਂ ਸਾਰੇ ਦੁੱਖ ਸਾਰੇ ਰੋਗ ਸਾਰੇ ਪਾਪ ਦੂਰ ਹੋ ਜਾਂਦੇ ਹਨ। 23।

ਚਉਬੋਲੇ ਮਹਲਾ ੫    ੴ ਸਤਿਗੁਰ ਪ੍ਰਸਾਦਿ ॥ ਸੰਮਨ ਜਉ ਇਸ ਪ੍ਰੇਮ ਕੀ ਦਮ ਕ੍ਯ੍ਯਿਹੁ ਹੋਤੀ ਸਾਟ ॥ ਰਾਵਨ ਹੁਤੇ ਸੁ ਰੰਕ ਨਹਿ ਜਿਨਿ ਸਿਰ ਦੀਨੇ ਕਾਟਿ ॥੧॥ ਪ੍ਰੀਤਿ ਪ੍ਰੇਮ ਤਨੁ ਖਚਿ ਰਹਿਆ ਬੀਚੁ ਨ ਰਾਈ ਹੋਤ ॥ ਚਰਨ ਕਮਲ ਮਨੁ ਬੇਧਿਓ ਬੂਝਨੁ ਸੁਰਤਿ ਸੰਜੋਗ ॥੨॥ {ਪੰਨਾ 1363}

ਚਉਬੋਲਾ = ਇਕ ਛੰਤ ਦਾ ਨਾਮ ਹੈ। ਇਥੇ 'ਚਉਬੋਲਾ' ਛੰਤ ਦੇ 11 ਬੰਦ ਹਨ।

ਪਦ ਅਰਥ: ਸੰਮਨ = ਹੇ ਸੰਮਨ! ਹੇ ਮਨ ਵਾਲੇ ਬੰਦੇ! ਹੇ ਦਿਲ ਵਾਲੇ ਬੰਦੇ! ਹੇ ਦਿਲ ਖੋਹਲ ਕੇ ਦਾਨ ਕਰਨ ਵਾਲੇ ਬੰਦੇ! ਹੇ ਦਾਨੀ ਮਨੁੱਖ! ਜਉ = ਜੇ। ਦਮ = ਦਮੜੇ, ਧਨ। ਕ੍ਯ੍ਯਿਹੁ = ਤੋਂ। ਸਾਟ = ਵਟਾਂਦਰਾ। ਹੋਤੀ = ਹੋ ਸਕਦੀ। ਹੁਤੇ = ਵਰਗੇ। ਰੰਕ = ਕੰਗਾਲ। ਜਿਨਿ = ਜਿਸ (ਰਾਵਣ) ਨੇ। ਸੁ = ਉਹ (ਰਾਵਣ) । ਸਿਰ = (ਸ਼ਿਵ ਜੀ ਨੂੰ ਪ੍ਰਸੰਨ ਕਰਨ ਲਈ 11 ਵਾਰੀ ਆਪਣੇ) ਸਿਰ। ਕਾਟਿ = ਕੱਟ ਕੇ।1।

ਤਨੁ = ਸਰੀਰ। ਖਚਿ ਰਹਿਆ = ਮਗਨ ਹੋਇਆ ਰਹਿੰਦਾ ਹੈ। ਬੀਚੁ = ਅੰਤਰਾ, ਵਿੱਥ। ਰਾਈ = ਰਾਈ ਜਿਤਨਾ ਭੀ, ਰਤਾ ਭਰ। ਚਰਨ ਕਮਲ = ਕੌਲ ਫੁੱਲਾਂ ਵਰਗੇ ਚਰਨਾਂ ਵਿਚ। ਬੇਧਿਓ = ਵਿੱਝ ਗਿਆ (ਜਿਵੇਂ ਭੌਰਾ ਕੌਲ-ਫੁੱਲ ਵਿਚ) । ਬੂਝਨੁ = ਸਮਝ, ਮਨ ਦੀ ਸਮਝਣ ਦੀ ਤਾਕਤ। ਸੁਰਤਿ ਸੰਜੋਗ = ਸੁਰਤਿ ਨਾਲ ਮਿਲ ਗਈ ਹੈ (ਭਾਵ, ਮਨ ਲਗਨ ਵਿਚ ਹੀ ਲੀਨ ਹੋ ਗਿਆ ਹੈ) ।2।

ਅਰਥ: ਹੇ ਦਾਨੀ ਮਨੁੱਖ! (ਧਨ ਦੇ ਵੱਟੇ ਹਰਿ-ਨਾਮ ਦਾ ਪ੍ਰੇਮ ਨਹੀਂ ਮਿਲ ਸਕਦਾ) ਜੇ ਇਸ ਪ੍ਰੇਮ ਦਾ ਵਟਾਂਦਰਾ ਧਨ ਤੋਂ ਹੋ ਸਕਦਾ, ਤਾਂ ਉਹ (ਰਾਵਣ) ਜਿਸ ਨੇ ਸ਼ਿਵ ਜੀ ਨੂੰ ਖ਼ੁਸ਼ ਕਰਨ ਲਈ ਗਿਆਰਾਂ ਵਾਰੀ ਆਪਣੇ) ਸਿਰ ਕੱਟ ਕੇ ਦਿੱਤੇ ਸਨ (ਸਿਰ ਦੇਣ ਦੇ ਥਾਂ ਬੇਅੰਤ ਧਨ ਦੇ ਦੇਂਦਾ, ਕਿਉਂਕਿ) ਰਾਵਣ ਵਰਗੇ ਕੰਗਾਲ ਨਹੀਂ ਸਨ।1।

(ਹੇ ਦਾਨੀ ਮਨੁੱਖ! ਵੇਖ, ਜਿਸ ਮਨੁੱਖ ਦਾ) ਹਿਰਦਾ (ਆਪਣੇ ਪ੍ਰੀਤਮ ਦੇ) ਪ੍ਰੇਮ-ਪਿਆਰ ਵਿਚ ਮਗਨ ਹੋਇਆ ਰਹਿੰਦਾ ਹੈ (ਉਸ ਦੇ ਅੰਦਰ ਆਪਣੇ ਪ੍ਰੀਤਮ ਨਾਲੋਂ) ਰਤਾ ਭਰ ਭੀ ਵਿੱਥ ਨਹੀਂ ਹੁੰਦੀ, (ਜਿਵੇਂ ਭੌਰਾ ਕੌਲ-ਫੁੱਲ ਵਿਚ ਵਿੱਝ ਜਾਂਦਾ ਹੈ, ਤਿਵੇਂ ਉਸ ਮਨੁੱਖ ਦਾ) ਮਨ (ਪਰਮਾਤਮਾ ਦੇ) ਸੋਹਣੇ ਚਰਨਾਂ ਵਿਚ ਵਿੱਝਿਆ ਰਹਿੰਦਾ ਹੈ, ਉਸ ਦੀ ਸਮਝਣ ਵਾਲੀ ਮਾਨਸਕ ਤਾਕਤ ਲਗਨ ਵਿਚ ਹੀ ਲੀਨ ਹੋਈ ਰਹਿੰਦੀ ਹੈ।2।

TOP OF PAGE

Sri Guru Granth Darpan, by Professor Sahib Singh