ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1362

ਆਸਾ ਇਤੀ ਆਸ ਕਿ ਆਸ ਪੁਰਾਈਐ ॥ ਸਤਿਗੁਰ ਭਏ ਦਇਆਲ ਤ ਪੂਰਾ ਪਾਈਐ ॥ ਮੈ ਤਨਿ ਅਵਗਣ ਬਹੁਤੁ ਕਿ ਅਵਗਣ ਛਾਇਆ ॥ ਹਰਿਹਾਂ ਸਤਿਗੁਰ ਭਏ ਦਇਆਲ ਤ ਮਨੁ ਠਹਰਾਇਆ ॥੫॥ {ਪੰਨਾ 1362}

ਪਦ ਅਰਥ: ਇਤੀ ਆਸ = ਇਤਨੀ ਕੁ ਤਾਂਘ। ਪੁਰਾਈਐ = ਪੂਰੀ ਹੋ ਜਾਏ। ਦਇਆਲ = ਦਇਆਵਾਨ। ਤ = ਤਾਂ। ਪੂਰਾ = ਸਰਬ ਗੁਣ-ਭਰਪੂਰ। ਪਾਈਐ = ਮਿਲਦਾ ਹੈ। ਮੈ ਤਨਿ = ਮੇਰੇ ਸਰੀਰ ਵਿਚ। ਛਾਇਆ = ਢਕਿਆ ਰਹਿੰਦਾ ਹੈ। ਠਹਰਾਇਆ = ਠਹਰ ਜਾਂਦਾ ਹੈ, ਵਿਕਾਰਾਂ ਵਲ ਡੋਲਣੋਂ ਹਟ ਜਾਂਦਾ ਹੈ।5।

ਅਰਥ: ਹੇ ਸਹੇਲੀਏ! (ਮੇਰੇ ਅੰਦਰ) ਇਤਨੀ ਕੁ ਤਾਂਘ ਬਣੀ ਰਹਿੰਦੀ ਹੈ ਕਿ (ਪ੍ਰਭੂ-ਮਿਲਾਪ ਦੀ ਮੇਰੀ) ਆਸ ਪੂਰੀ ਹੋ ਜਾਏ। ਪਰ ਸਰਬ-ਗੁਣ ਭਰਪੂਰ ਪ੍ਰਭੂ ਤਦੋਂ ਮਿਲਦਾ ਹੈ ਜਦੋਂ ਗੁਰੂ ਦਇਆਵਾਨ ਹੋਵੇ। ਹੇ ਸਹੇਲੀਏ! ਮੇਰੇ ਸਰੀਰ ਵਿਚ (ਇਤਨੇ) ਵਧੀਕ ਔਗੁਣ ਹਨ ਕਿ (ਮੇਰਾ ਆਪਾ) ਔਗੁਣਾਂ ਨਾਲ ਢਕਿਆ ਰਹਿੰਦਾ ਹੈ। ਪਰ ਜਦੋਂ ਗੁਰੂ ਦਇਆਵਾਨ ਹੁੰਦਾ ਹੈ ਤਦੋਂ ਮਨ (ਵਿਕਾਰਾਂ ਵਲ) ਡੋਲਣੋਂ ਹਟ ਜਾਂਦਾ ਹੈ।5।

ਕਹੁ ਨਾਨਕ ਬੇਅੰਤੁ ਬੇਅੰਤੁ ਧਿਆਇਆ ॥ ਦੁਤਰੁ ਇਹੁ ਸੰਸਾਰੁ ਸਤਿਗੁਰੂ ਤਰਾਇਆ ॥ ਮਿਟਿਆ ਆਵਾ ਗਉਣੁ ਜਾਂ ਪੂਰਾ ਪਾਇਆ ॥ ਹਰਿਹਾਂ ਅੰਮ੍ਰਿਤੁ ਹਰਿ ਕਾ ਨਾਮੁ ਸਤਿਗੁਰ ਤੇ ਪਾਇਆ ॥੬॥

ਪਦ ਅਰਥ: ਦੁਤਰੁ = (duÔqr) ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ। ਤਰਾਇਆ = ਪਾਰ ਲੰਘਾ ਦਿੱਤਾ। ਆਵਾਗਉਣੁ = ਜੰਮਣ ਮਰਨ ਦਾ ਗੇੜ। ਜਾਂ = ਜਦੋਂ। ਪਾਇਆ = ਲੱਭ ਲਿਆ, ਮਿਲਾਪ ਹਾਸਲ ਕਰ ਲਿਆ। ਤੇ = ਤੋਂ, ਪਾਸੋਂ।6।

ਅਰਥ: ਹੇ ਨਾਨਕ! ਆਖ– (ਹੇ ਸਹੇਲੀਏ!) ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣਾ ਬਹੁਤ ਔਖਾ ਹੈ, ਪਰ ਜਿਸ ਮਨੁੱਖ ਨੇ ਬੇਅੰਤ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ, ਗੁਰੂ ਨੇ ਉਸ ਨੂੰ ਪਾਰ ਲੰਘਾ ਦਿੱਤਾ (ਗੁਰੂ ਨੇ ਉਸ ਨੂੰ ਪੂਰਨ ਪ੍ਰਭੂ ਨਾਲ ਜੋੜ ਦਿੱਤਾ, ਤੇ) ਜਦੋਂ ਉਸ ਨੇ ਪੂਰਨ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ, ਉਸ ਦਾ ਜਨਮ ਮਰਨ ਦਾ ਗੇੜ (ਭੀ) ਮੁੱਕ ਗਿਆ। ਹੇ ਸਹੇਲੀਏ! ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਗੁਰੂ ਤੋਂ (ਹੀ) ਮਿਲਦਾ ਹੈ।6।

ਮੇਰੈ ਹਾਥਿ ਪਦਮੁ ਆਗਨਿ ਸੁਖ ਬਾਸਨਾ ॥ ਸਖੀ ਮੋਰੈ ਕੰਠਿ ਰਤੰਨੁ ਪੇਖਿ ਦੁਖੁ ਨਾਸਨਾ ॥ ਬਾਸਉ ਸੰਗਿ ਗੁਪਾਲ ਸਗਲ ਸੁਖ ਰਾਸਿ ਹਰਿ ॥ ਹਰਿਹਾਂ ਰਿਧਿ ਸਿਧਿ ਨਵ ਨਿਧਿ ਬਸਹਿ ਜਿਸੁ ਸਦਾ ਕਰਿ ॥੭॥

ਪਦ ਅਰਥ: ਹਾਥਿ = ਹੱਥ ਵਿਚ। ਮੇਰੈ ਹਾਥਿ = ਮੇਰੇ ਹੱਥ ਵਿਚ। ਪਦਮੁ = ਕੌਲ-ਫੁੱਲ, (ਕੌਲ-ਫੁੱਲ ਦੀ ਰੇਖਾ) । ਆਗਨਿ = ਵਿਹੜੇ ਵਿਚ (ਹਿਰਦੇ ਦੇ ਵਿਹੜੇ ਵਿਚ) ! ਬਾਸਨਾ = ਸੁਗੰਧੀ। ਸੁਖ ਬਾਸਨਾ = ਆਤਮਕ ਅਨੰਦ ਦੀ ਸੁਗੰਧੀ। ਸਖੀ = ਹੇ ਸਹੇਲੀਏ! ਮੋਰੈ ਕੰਠਿ = ਮੇਰੇ ਗਲੇ ਵਿਚ। ਪੇਖਿ = ਵੇਖ ਕੇ। ਬਸਾਉ = ਬਸਾਉਂ, ਮੈਂ ਵੱਸਦੀ ਹਾਂ। ਸੰਗਿ ਗੁਪਾਲ = ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਨਾਲ। ਸਗਲ = ਸਾਰੇ। ਸੁਖ ਰਾਸਿ = ਸੁਖਾਂ ਦਾ ਸੋਮਾ। ਰਿਧਿ ਸਿਧਿ = ਆਤਮਕ ਤਾਕਤਾਂ। ਨਵ ਨਿਧਿ = (ਧਰਤੀ ਦੇ ਸਾਰੇ) ਨੌਂ ਖ਼ਜ਼ਾਨੇ। ਬਸਹਿ = ਵੱਸਦੇ ਹਨ। ਜਿਸ ਕਰਿ = ਜਿਸ (ਪਰਮਾਤਮਾ) ਦੇ ਹੱਥ ਵਿਚ। ਕਰਿ = ਹੱਥ ਵਿਚ।7।

ਅਰਥ: ਹੇ ਸਹੇਲੀਏ! ਜਿਸ (ਪਰਮਾਤਮਾ) ਦੇ ਹੱਥ ਵਿਚ ਸਾਰੀਆਂ ਆਤਮਕ ਤਾਕਤਾਂ ਅਤੇ (ਧਰਤੀ ਦੇ ਸਾਰੇ) ਨੌਂ ਖ਼ਜ਼ਾਨੇ ਸਦਾ ਟਿਕੇ ਰਹਿੰਦੇ ਹਨ, ਜਿਹੜਾ ਪਰਮਾਤਮਾ ਸਾਰੇ ਸੁਖਾਂ ਦਾ ਸੋਮਾ ਹੈ (ਗੁਰੂ ਦੀ ਮਿਹਰ ਦਾ ਸਦਕਾ) ਮੈਂ ਉਸ ਸ੍ਰਿਸ਼ਟੀ ਦੇ ਪਾਲਣਹਾਰ ਨਾਲ (ਸਦਾ) ਵੱਸਦੀ ਹਾਂ। (ਹੁਣ) ਮੇਰੇ ਹੱਥ ਵਿਚ ਕੌਲ-ਫੁੱਲ (ਦੀ ਰੇਖਾ ਬਣ ਪਈ) ਹੈ (ਮੇਰੇ ਭਾਗ ਜਾਗ ਪਏ ਹਨ) ਮੇਰੇ (ਹਿਰਦੇ ਦੇ) ਵਿਹੜੇ ਵਿਚ ਆਤਮਕ ਆਨੰਦ ਦੀ ਸੁਗੰਧੀ (ਖਿਲਰੀ ਰਹਿੰਦੀ) ਹੈ। (ਜਿਵੇਂ ਬੱਚਿਆਂ ਦੇ ਗਲ ਵਿਚ ਨਜ਼ਰ-ਪੱਟੂ ਪਾਇਆ ਹੁੰਦਾ ਹੈ) ਹੇ ਸਹੇਲੀਏ! ਮੇਰੇ ਗਲੇ ਵਿਚ ਰਤਨ ਲਟਕ ਰਿਹਾ ਹੈ (ਮੇਰੇ ਗਲ ਵਿਚ ਨਾਮ-ਰਤਨ ਪ੍ਰੋਤਾ ਗਿਆ ਹੈ) ਜਿਸ ਨੂੰ ਵੇਖ ਕੇ (ਹਰੇਕ) ਦੁੱਖ ਦੂਰ ਹੋ ਗਿਆ ਹੈ।7।

ਪਰ ਤ੍ਰਿਅ ਰਾਵਣਿ ਜਾਹਿ ਸੇਈ ਤਾ ਲਾਜੀਅਹਿ ॥ ਨਿਤਪ੍ਰਤਿ ਹਿਰਹਿ ਪਰ ਦਰਬੁ ਛਿਦ੍ਰ ਕਤ ਢਾਕੀਅਹਿ ॥ ਹਰਿ ਗੁਣ ਰਮਤ ਪਵਿਤ੍ਰ ਸਗਲ ਕੁਲ ਤਾਰਈ ॥ ਹਰਿਹਾਂ ਸੁਨਤੇ ਭਏ ਪੁਨੀਤ ਪਾਰਬ੍ਰਹਮੁ ਬੀਚਾਰਈ ॥੮॥

ਪਦ ਅਰਥ: ਪਰ ਤ੍ਰਿਅ = ਪਰਾਈ ਇਸਤ੍ਰੀ। ਰਾਵਣਿ ਜਾਹਿ = ਭੋਗਣ ਜਾਂਦੇ ਹਨ। ਸੇਈ = ਉਹ ਬੰਦੇ ਹੀ। ਲਾਜੀਅਹਿ = (ਪ੍ਰਭੂ ਦੀ ਹਜ਼ੂਰੀ ਵਿਚ) ਲੱਜਿਆਵਾਨ ਹੁੰਦੇ ਹਨ, ਸ਼ਰਮਸਾਰ ਹੁੰਦੇ ਹਨ। ਨਿਤ ਪ੍ਰਤਿ = ਸਦਾ ਹੀ। ਹਿਰਹਿ = ਚੁਰਾਂਦੇ ਹਨ (ਬਹੁ-ਵਚਨ) । ਦਰਬੁ = ਧਨ। ਛਿਦ੍ਰ = ਐਬ, ਵਿਕਾਰ। ਕਤ = ਕਿੱਥੇ? ਢਾਕੀਅਹਿ = ਢੱਕੇ ਜਾ ਸਕਦੇ ਹਨ। ਰਮਤ = ਸਿਮਰਦਿਆਂ। ਤਾਰਈ = ਤਾਰ ਲੈਂਦਾ ਹੈ (ਇਕ-ਵਚਨ) । ਪੁਨੀਤ = ਪਵਿੱਤਰ। ਬੀਚਾਰਈ = ਵਿਚਾਰਦਾ ਹੈ (ਇਕ-ਵਚਨ) ।8।

ਅਰਥ: ਹੇ ਭਾਈ! ਜਿਹੜੇ ਮਨੁੱਖ ਪਰਾਈ ਇਸਤ੍ਰੀ ਭੋਗਣ ਜਾਂਦੇ ਹਨ, ਉਹ (ਪ੍ਰਭੂ ਦੀ ਹਜ਼ੂਰੀ ਵਿਚ) ਜ਼ਰੂਰ ਸ਼ਰਮਸਾਰ ਹੁੰਦੇ ਹਨ। ਜਿਹੜੇ ਮਨੁੱਖ ਸਦਾ ਪਰਾਇਆ ਧਨ ਚੁਰਾਂਦੇ ਰਹਿੰਦੇ ਹਨ (ਹੇ ਭਾਈ! ਉਹਨਾਂ ਦੇ ਇਹ) ਕੁਕਰਮ ਕਿੱਥੇ ਲੁਕੇ ਰਹਿ ਸਕਦੇ ਹਨ? (ਪਰਮਾਤਮਾ ਸਭ ਕੁਝ ਵੇਖ ਰਿਹਾ ਹੈ) । ਹੇ ਭਾਈ! ਪਰਮਾਤਮਾ ਦੇ ਗੁਣ ਯਾਦ ਕਰਦਿਆਂ ਮਨੁੱਖ (ਆਪ) ਸੁੱਚੇ ਜੀਵਨ ਵਾਲਾ ਬਣ ਜਾਂਦਾ ਹੈ (ਅਤੇ ਆਪਣੀਆਂ) ਸਾਰੀਆਂ ਕੁਲਾਂ ਨੂੰ (ਭੀ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ। (ਜਿਹੜੇ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ) ਸੁਣਦੇ ਹਨ, ਉਹ ਸਾਰੇ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ।8।

ਊਪਰਿ ਬਨੈ ਅਕਾਸੁ ਤਲੈ ਧਰ ਸੋਹਤੀ ॥ ਦਹ ਦਿਸ ਚਮਕੈ ਬੀਜੁਲਿ ਮੁਖ ਕਉ ਜੋਹਤੀ ॥ ਖੋਜਤ ਫਿਰਉ ਬਿਦੇਸਿ ਪੀਉ ਕਤ ਪਾਈਐ ॥ ਹਰਿਹਾਂ ਜੇ ਮਸਤਕਿ ਹੋਵੈ ਭਾਗੁ ਤ ਦਰਸਿ ਸਮਾਈਐ ॥੯॥

ਪਦ ਅਰਥ: ਊਪਰਿ = ਉਤਾਂਹ। ਬਨੈ = ਫਬ ਰਿਹਾ ਹੈ। ਤਲੈ = ਹੇਠ, ਪੈਰਾਂ ਵਾਲੇ ਪਾਸੇ। ਧਰ = ਧਰਤੀ। ਸੋਹਤੀ = (ਹਰਿਆਵਲ ਆਦਿਕ ਨਾਲ) ਸਜੀ ਹੋਈ ਹੈ। ਦਹ = ਦਸ। ਦਿਸ = ਪਾਸਾ। ਦਹ ਦਿਸ = ਦਸੀਂ ਪਾਸੀਂ। ਬੀਜੁਲਿ = ਬਿਜਲੀ। ਜੋਹਤੀ = ਤੱਕਦੀ ਹੈ, ਲਿਸ਼ਕਾਰੇ ਮਾਰਦੀ ਹੈ। ਫਿਰਉ = ਫਿਰਉਂ, ਮੈਂ ਫਿਰਦੀ ਹਾਂ। ਬਿਦੇਸਿ = ਪਰਦੇਸ ਵਿਚ। ਪੀਉ = ਪ੍ਰੀਤਮ-ਪ੍ਰਭੂ। ਕਤ = ਕਿੱਥੇ? ਪਾਈਐ = ਮਿਲ ਸਕਦਾ ਹੈ। ਮਸਤਕਿ = ਮੱਥੇ ਉੱਤੇ। ਦਰਸਿ = ਦਰਸਨ ਵਿਚ। ਸਮਾਈਐ = ਲੀਨ ਹੋ ਸਕਦਾ ਹੈ।9।

ਅਰਥ: ਹੇ ਸਹੇਲੀਏ! ਉਤਾਂਹ (ਤਾਰਿਆਂ ਆਦਿਕ ਨਾਲ) ਆਕਾਸ਼ ਫਬ ਰਿਹਾ ਹੈ, ਹੇਠ ਪੈਰਾਂ ਵਾਲੇ ਪਾਸੇ (ਹਰਿਆਵਲ ਆਦਿਕ ਨਾਲ) ਧਰਤੀ ਸਜ ਰਹੀ ਹੈ। ਦਸੀਂ ਪਾਸੀਂ ਬਿਜਲੀ ਚਮਕ ਰਹੀ ਹੈ, ਮੂੰਹ ਉੱਤੇ ਲਿਸ਼ਕਾਰੇ ਮਾਰ ਰਹੀ ਹੈ (ਰੱਬੀ ਜੋਤਿ ਦਾ ਕੈਸਾ ਸੋਹਣਾ ਸਾਕਾਰ ਸਰੂਪ ਹੈ!) ਪਰ ਮੈਂ (ਉਸ ਦੇ ਇਸ ਸਰਗਣ ਸਰੂਪ ਦੀ ਕਦਰ ਨਾਹ ਸਮਝ ਕੇ) ਪਰਦੇਸ ਵਿਚ (ਜੰਗਲ ਆਦਿਕ ਵਿਚ) ਢੂੰਢਦੀ ਫਿਰਦੀ ਹਾਂ ਕਿ ਪ੍ਰੀਤਮ-ਪ੍ਰਭੂ ਕਿਤੇ ਲੱਭ ਪਏ। ਹੇ ਸਹੇਲੀਏ! ਜੇ ਮੱਥੇ ਉੱਤੇ ਭਾਗ ਜਾਗ ਪਏ ਤਾਂ (ਹਰ ਥਾਂ ਹੀ ਉਸ ਦੇ) ਦੀਦਾਰ ਵਿਚ ਲੀਨ ਹੋ ਸਕੀਦਾ ਹੈ।9।

ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ॥ ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ ॥ ਵਸਦੀ ਸਘਨ ਅਪਾਰ ਅਨੂਪ ਰਾਮਦਾਸ ਪੁਰ ॥ ਹਰਿਹਾਂ ਨਾਨਕ ਕਸਮਲ ਜਾਹਿ ਨਾਇਐ ਰਾਮਦਾਸ ਸਰ ॥੧੦॥

ਪਦ ਅਰਥ: ਥਾਵ = (ਲਫ਼ਜ਼ 'ਥਾਉ' ਤੋਂ ਬਹੁ-ਵਚਨ) । ਸਭੇ ਥਾਵ = ਸਾਰੇ ਥਾਂ। ਤੁਧੁ ਜੇਹਿਆ = ਤੇਰੇ ਬਰਾਬਰ ਦਾ। ਬਧੋਹੁ = ਤੈਨੂੰ ਬੰਨ੍ਹਿਆ ਹੈ, ਤੈਨੂੰ ਬਣਾਇਆ ਹੈ। ਪੁਰਖਿ = (ਅਕਾਲ-) ਪੁਰਖ ਨੇ। ਬਿਧਾਤੈ = ਸਿਰਜਣਹਾਰ ਨੇ। ਸੋਹਿਆ = ਸੋਹਣਾ ਦਿੱਸਦਾ ਹੈਂ। ਵਸਦੀ = ਵੱਸੋਂ, (ਉੱਚੇ ਆਤਮਕ ਗੁਣਾਂ ਦੀ) ਵੱਸੋਂ। ਸਘਨ = ਸੰਘਣੀ। ਅਪਾਰ = ਬੇਅੰਤ। ਅਨੂਪ = (ਅਨ-ਊਪ) ਉਪਮਾ-ਰਹਿਤ, ਬੇ-ਮਿਸਾਲ। ਰਾਮਦਾਸ = ਰਾਮ ਦੇ ਦਾਸ। ਰਾਮਦਾਸਪੁਰ = ਹੇ ਰਾਮ ਦੇ ਦਾਸਾਂ ਦੇ ਨਗਰ! ਹੇ ਸਤਸੰਗ! ਨਾਨਕ = ਹੇ ਨਾਨਕ! ਕਸਮਲ = (ਸਾਰੇ) ਪਾਪ। ਜਾਹਿ = ਦੂਰ ਹੋ ਜਾਂਦੇ ਹਨ। ਰਾਮਦਾਸ ਸਰ = ਹੇ ਰਾਮ ਦੇ ਦਾਸਾਂ ਦੇ ਸਰੋਵਰ! ਨਾਇਐ = (ਤੇਰੇ ਵਿਚ) ਇਸ਼ਨਾਨ ਕੀਤਿਆਂ।10।

ਅਰਥ: ਹੇ ਨਾਨਕ! (ਆਖ-) ਹੇ ਰਾਮ ਦੇ ਦਾਸਾਂ ਦੇ ਸਰੋਵਰ! (ਹੇ ਸਤਸੰਗ! ਤੇਰੇ ਵਿਚ ਆਤਮਕ) ਇਸ਼ਨਾਨ ਕੀਤਿਆਂ! (ਮਨੁੱਖ ਦੇ ਮਨ ਦੇ ਸਾਰੇ) ਪਾਪ ਦੂਰ ਹੋ ਜਾਂਦੇ ਹਨ। ਹੇ ਰਾਮ ਦੇ ਦਾਸਾਂ ਦੇ ਸ਼ਹਰ! (ਹੇ ਸਤਸੰਗ!) (ਤੇਰੇ ਅੰਦਰ ਉੱਚੇ ਆਤਮਕ ਗੁਣਾਂ ਦੀ) ਵੱਸੋਂ ਬਹੁਤ ਸੰਘਣੀ ਹੈ, ਬੇਅੰਤ ਹੈ, ਬੇ-ਬਿਸਾਲ ਹੈ। ਹੇ ਰਾਮ ਦੇ ਦਾਸਾਂ ਦੇ ਸ਼ਹਰ! ਮੈਂ ਹੋਰ ਸਾਰੇ ਥਾਂ ਵੇਖ ਲਏ ਹਨ, (ਪਰ) ਤੇਰੇ ਬਰਾਬਰ ਦਾ (ਮੈਨੂੰ ਕੋਈ) ਨਹੀਂ (ਦਿੱਸਿਆ) । ਹੇ ਰਾਮ ਦੇ ਦਾਸਾਂ ਦੇ ਸ਼ਹਰ! (ਹੇ ਸਤਸੰਗ!) ਤੇਰੀ ਨੀਂਹ ਅਕਾਲ ਪੁਰਖ ਸਿਰਜਣਹਾਰ ਨੇ ਆਪ ਰੱਖੀ ਹੋਈ ਹੈ, ਇਸੇ ਵਾਸਤੇ ਤੂੰ (ਉਸ ਦੇ ਆਤਮਕ ਗੁਣਾਂ ਦੀ ਬਰਕਤਿ ਨਾਲ) ਸੋਹਣਾ ਦਿੱਸਦਾ ਰਿਹਾ ਹੈਂ।10।

ਚਾਤ੍ਰਿਕ ਚਿਤ ਸੁਚਿਤ ਸੁ ਸਾਜਨੁ ਚਾਹੀਐ ॥ ਜਿਸੁ ਸੰਗਿ ਲਾਗੇ ਪ੍ਰਾਣ ਤਿਸੈ ਕਉ ਆਹੀਐ ॥ ਬਨੁ ਬਨੁ ਫਿਰਤ ਉਦਾਸ ਬੂੰਦ ਜਲ ਕਾਰਣੇ ॥ ਹਰਿਹਾਂ ਤਿਉ ਹਰਿ ਜਨੁ ਮਾਂਗੈ ਨਾਮੁ ਨਾਨਕ ਬਲਿਹਾਰਣੇ ॥੧੧॥ {ਪੰਨਾ 1362}

ਪਦ ਅਰਥ: ਚਾਤ੍ਰਿਕ = ਪਪੀਹਾ। ਚਿਤ ਸੁਚਤਿ = ਸੁਚੇਤ-ਚਿੱਤ ਹੋ ਕੇ। ਸੁ = ਉਹ। ਚਾਹੀਐ = ਪਿਆਰਨਾ ਚਾਹੀਦਾ ਹੈ। ਸੰਗਿ = ਨਾਲ। ਪ੍ਰਾਣ = ਜਿੰਦ। ਤਿਸੈ ਕਉ = ਤਿਸ ਹੀ ਕਉ, ਉਸੇ ਨੂੰ। ਆਹੀਐ = ਲੋੜਨਾ ਚਾਹੀਦਾ ਹੈ, ਢੂੰਢਣਾ ਚਾਹੀਦਾ ਹੈ। ਬਨੁ ਬਨੁ = ਹਰੇਕ ਜੰਗਲ। ਕਾਰਣੇ = ਵਾਸਤੇ। ਹਰਿ ਜਨੁ = ਪਰਮਾਤਮਾ ਦਾ ਭਗਤ। ਮਾਂਗੈ = ਮੰਗਦਾ ਹੈ (ਇਕ-ਵਚਨ) ।11।

ਅਰਥ: ਹੇ ਭਾਈ! ਪਪੀਹੇ ਵਾਂਗ ਸੁਚੇਤ-ਚਿੱਤ ਹੋ ਕੇ ਉਸ ਸੱਜਣ-ਪ੍ਰਭੂ ਨੂੰ ਪਿਆਰ ਕਰਨਾ ਚਾਹੀਦਾ ਹੈ। ਜਿਸ ਸੱਜਣ ਨਾਲ ਜਿੰਦ ਦੀ ਪ੍ਰੀਤਿ ਬਣ ਜਾਏ, ਉਸੇ ਨੂੰ ਹੀ (ਮਿਲਣ ਦੀ) ਤਾਂਘ ਕਰਨੀ ਚਾਹੀਦੀ ਹੈ। (ਹੇ ਭਾਈ! ਵੇਖ, ਪਪੀਹਾ ਵਰਖਾ ਦੇ) ਪਾਣੀ ਦੀ ਇਕ ਬੂੰਦ ਵਾਸਤੇ (ਦਰਿਆਵਾਂ ਟੋਭਿਆਂ ਦੇ ਪਾਣੀ ਵਲੋਂ) ਉਪਰਾਮ ਹੋ ਕੇ ਜੰਗਲ ਜੰਗਲ (ਢੂੰਡਦਾ) ਫਿਰਦਾ ਹੈ। ਹੇ ਨਾਨਕ! (ਆਖ– ਜਿਹੜਾ) ਪ੍ਰਭੂ ਦਾ ਸੇਵਕ (ਪਪੀਹੇ ਵਾਂਗ ਪਰਮਾਤਮਾ ਦਾ ਨਾਮ) ਮੰਗਦਾ ਹੈ, ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ।11।

ਮਿਤ ਕਾ ਚਿਤੁ ਅਨੂਪੁ ਮਰੰਮੁ ਨ ਜਾਨੀਐ ॥ ਗਾਹਕ ਗੁਨੀ ਅਪਾਰ ਸੁ ਤਤੁ ਪਛਾਨੀਐ ॥ ਚਿਤਹਿ ਚਿਤੁ ਸਮਾਇ ਤ ਹੋਵੈ ਰੰਗੁ ਘਨਾ ॥ ਹਰਿਹਾਂ ਚੰਚਲ ਚੋਰਹਿ ਮਾਰਿ ਤ ਪਾਵਹਿ ਸਚੁ ਧਨਾ ॥੧੨॥ {ਪੰਨਾ 1362}

ਪਦ ਅਰਥ: ਮਿਤ = (ਪ੍ਰਭੂ) ਮਿੱਤਰ। ਅਨੂਪੁ = (ਅਨ-ਊਪ) ਬੇ-ਮਿਸਾਲ, ਅੱਤਿ ਸੋਹਣਾ। ਮਰੰਮੁ = ਭੇਤ। ਗਾਹਕ ਗੁਨੀ ਅਪਾਰ = ਉਸ ਅਪਾਰ ਪ੍ਰਭੂ ਦੇ ਗੁਣਾਂ ਦੇ ਗਾਹਕਾਂ ਦੀ ਰਾਹੀਂ। ਸੁ ਤਤੁ = ਉਹ ਮਰੰਮੁ, ਉਹ ਭੇਤ, ਉਹ ਅਸਲੀਅਤ। ਪਛਾਨੀਐ = ਪਛਾਣ ਸਕੀਦੀ ਹੈ। ਚਿਤਹਿ = (ਪ੍ਰਭੂ ਦੇ) ਚਿੱਤ ਵਿਚ। ਸਮਾਇ = ਲੀਨ ਹੋ ਜਾਏ। ਰੰਗੁ = ਆਤਮਕ ਆਨੰਦ। ਘਨਾ = ਬਹੁਤ। ਚੰਚਲ ਚੋਰਹਿ = ਹਰ ਵੇਲੇ ਭਟਕ ਰਹੇ (ਮਨ) ਚੋਰ ਨੂੰ। ਤ = ਤਾਂ। ਪਾਵਹਿ = ਤੂੰ ਹਾਸਲ ਕਰ ਲਏਂਗਾ। ਸਚੁ = ਸਦਾ ਟਿਕੇ ਰਹਿਣ ਵਾਲਾ।12।

ਅਰਥ: ਹੇ ਭਾਈ! (ਪਰਮਾਤਮਾ-) ਮਿੱਤਰ ਦਾ ਚਿੱਤ ਅੱਤਿ ਸੋਹਣਾ ਹੈ, (ਉਸ ਦਾ) ਭੇਤ ਨਹੀਂ ਜਾਣਿਆ ਜਾ ਸਕਦਾ। ਪਰ ਉਸ ਬੇਅੰਤ ਪ੍ਰਭੂ ਦੇ ਗੁਣਾਂ ਦੇ ਗਾਹਕ ਸੰਤ-ਜਨਾਂ ਦੀ ਰਾਹੀਂ ਉਹ ਭੇਤ ਸਮਝ ਲਈਦਾ ਹੈ। (ਉਹ ਭੇਤ ਇਹ ਹੈ ਕਿ) ਜੇ ਉਸ ਪਰਮਾਤਮਾ ਦੇ ਚਿੱਤ ਵਿਚ (ਮਨੁੱਖ ਦਾ) ਚਿੱਤ ਲੀਨ ਹੋ ਜਾਏ, ਤਾਂ (ਮਨੁੱਖ ਦੇ ਅੰਦਰ) ਬਹੁਤ ਆਤਮਕ ਆਨੰਦ ਪੈਦਾ ਹੋ ਜਾਂਦਾ ਹੈ। ਸੋ, ਹੇ ਭਾਈ! ਜੇ ਤੂੰ (ਪ੍ਰਭੂ ਦੇ ਚਿੱਤ ਵਿਚ ਲੀਨ ਕਰ ਕੇ) ਇਸ ਸਦਾ ਭਟਕਦੇ (ਮਨ-) ਚੋਰ ਨੂੰ (ਚੰਚਲਤਾ ਵਲੋਂ) ਮਾਰ ਲਏਂ, ਤਾਂ ਤੂੰ ਸਦਾ ਕਾਇਮ ਰਹਿਣ ਵਾਲਾ ਨਾਮ-ਧਨ ਹਾਸਲ ਕਰ ਲਏਂਗਾ।12।

ਸੁਪਨੈ ਊਭੀ ਭਈ ਗਹਿਓ ਕੀ ਨ ਅੰਚਲਾ ॥ ਸੁੰਦਰ ਪੁਰਖ ਬਿਰਾਜਿਤ ਪੇਖਿ ਮਨੁ ਬੰਚਲਾ ॥ ਖੋਜਉ ਤਾ ਕੇ ਚਰਣ ਕਹਹੁ ਕਤ ਪਾਈਐ ॥ ਹਰਿਹਾਂ ਸੋਈ ਜਤੰਨੁ ਬਤਾਇ ਸਖੀ ਪ੍ਰਿਉ ਪਾਈਐ ॥੧੩॥ {ਪੰਨਾ 1362}

ਪਦ ਅਰਥ: ਸੁਪਨੈ = ਸੁਪਨੇ ਵਿਚ (ਪ੍ਰਭੂ-ਪਤੀ ਨੂੰ ਵੇਖ ਕੇ) । ਊਭੀ = ਉੱਚੀ। ਊਭੀ ਭਈ = ਮੈਂ ਉੱਠ ਖਲੋਤੀ। ਕੀ ਨ = ਕਿਉਂ ਨ? ਗਹਿਓ = ਫੜਿਆ। ਅੰਚਲਾ = (ਪ੍ਰਭੂ-ਪਤੀ ਦਾ) ਪੱਲਾ। ਬਿਰਾਜਿਤ = ਦਗ-ਦਗ ਕਰ ਰਿਹਾ। ਪੇਖਿ = ਵੇਖ ਕੇ। ਬੰਚਲਾ = ਠੱਗਿਆ ਗਿਆ, ਮੋਹਿਆ ਗਿਆ। ਖੋਜਉ = ਖੋਜਉਂ, ਮੈਂ ਖੋਜ ਰਹੀ ਹਾਂ। ਤਾ ਕੇ = ਉਸ (ਪ੍ਰਭੂ-ਪਤੀ) ਦੇ। ਕਹਹੁ = ਦੱਸੋ। ਕਤ = ਕਿੱਥੇ? ਕਿਵੇਂ? ਜਤੰਨੁ = ਜਤਨ, ਉੱਦਮ। ਸੁਖੀ = ਹੇ ਸਹੇਲੀਏ! ਪ੍ਰਿਉ = ਪਿਆਰਾ।13।

ਅਰਥ: ਹੇ ਸਹੇਲੀਏ! ਸੁਪਨੇ ਵਿਚ (ਪ੍ਰਭੂ-ਪਤੀ ਨੂੰ ਵੇਖ ਕੇ) ਮੈਂ ਉੱਠ ਖਲੋਤੀ (ਪਰ ਮੈਂ ਉਸ ਦਾ ਪੱਲਾ ਨਾਹ ਫੜ ਸਕੀ) । ਮੈਂ (ਉਸ ਦਾ) ਪੱਲਾ ਕਿਉਂ ਨ ਫੜਿਆ? (ਇਸ ਵਾਸਤੇ ਨਾਹ ਫੜ ਸਕੀ ਕਿ) ਉਸ ਸੋਹਣੇ ਦਗ-ਦਗ ਕਰਦੇ ਪ੍ਰਭੂ-ਪਤੀ ਨੂੰ ਵੇਖ ਕੇ (ਮੇਰਾ) ਮਨ ਮੋਹਿਆ ਗਿਆ (ਮੈਨੂੰ ਆਪਣੇ ਆਪ ਦੀ ਸੁਰਤਿ ਹੀ ਨਾਹ ਰਹੀ) । ਹੁਣ ਮੈਂ ਉਸ ਦੇ ਕਦਮਾਂ ਦੀ ਖੋਜ ਕਰਦੀ ਫਿਰਦੀ ਹਾਂ। ਦਸੋ, ਹੇ ਸਹੇਲੀਏ! ਉਹ ਕਿਵੇਂ ਮਿਲੇ? ਹੇ ਸਹੇਲੀਏ! ਮੈਨੂੰ ਉਹ ਜਤਨ ਦੱਸ ਜਿਸ ਨਾਲ ਉਹ ਪਿਆਰਾ ਮਿਲ ਪਏ।13।

(ਨੋਟ: ਅਗਲੇ 'ਬੰਦ' ਵਿਚ ਉਹ ਜਤਨ ਦੱਸਿਆ ਗਿਆ ਹੈ) ।

ਨੈਣ ਨ ਦੇਖਹਿ ਸਾਧ ਸਿ ਨੈਣ ਬਿਹਾਲਿਆ ॥ ਕਰਨ ਨ ਸੁਨਹੀ ਨਾਦੁ ਕਰਨ ਮੁੰਦਿ ਘਾਲਿਆ ॥ ਰਸਨਾ ਜਪੈ ਨ ਨਾਮੁ ਤਿਲੁ ਤਿਲੁ ਕਰਿ ਕਟੀਐ ॥ ਹਰਿਹਾਂ ਜਬ ਬਿਸਰੈ ਗੋਬਿਦ ਰਾਇ ਦਿਨੋ ਦਿਨੁ ਘਟੀਐ ॥੧੪॥ {ਪੰਨਾ 1362}

ਪਦ ਅਰਥ: ਨੈਣ = ਅੱਖਾਂ। ਨ ਦੇਖਹਿ = ਨਹੀਂ ਵੇਖਦੀਆਂ, ਦਰਸਨ ਨਹੀਂ ਕਰਦੀਆਂ। ਸਾਧ = ਸੰਤ-ਜਨ, ਸਤ ਸੰਗੀ ਬੰਦੇ। ਸਿ ਨੈਣ = ਉਹ ਅੱਖਾਂ। ਬਿਹਾਲਿਆ = ਬੇ-ਹਾਲ, ਭੈੜੇ ਹਾਲ ਵਾਲੀਆਂ। ਕਰਨ = ਕੰਨ (ਬਹੁ-ਵਚਨ) । ਨ ਸੁਨਹੀ = ਨ ਸੁਨਹਿ, ਨਹੀਂ ਸੁਣਦੇ। ਨਾਦੁ = ਸ਼ਬਦ, ਸਿਫ਼ਤਿ-ਸਾਲਾਹ। ਮੁੰਦਿ = (ਆਤਮਕ ਆਨੰਦ ਵਲੋਂ) ਬੰਦ ਕਰ ਕੇ। ਮੁੰਦਿ ਘਾਲਿਆ = ਬੰਦ ਕੀਤੇ ਪਏ ਹਨ। ਰਸਨਾ = ਜੀਭ। ਤਿਲੁ ਤਿਲੁ ਕਰਿ = ਰਤਾ ਰਤਾ ਕਰ ਕੇ। ਕਟੀਐ = ਕੱਟੀ ਜਾ ਰਹੀ ਹੈ, (ਦੁਨੀਆ ਦੇ ਝੰਬੇਲਿਆਂ ਦੀਆਂ ਗੱਲਾਂ ਅਤੇ ਨਿੰਦਾ ਆਦਿਕ ਦੀ ਕੈਂਚੀ ਨਾਲ) ਕੱਟੀ ਜਾ ਰਹੀ ਹੈ। ਬਿਸਰੈ = ਭੁੱਲ ਜਾਂਦਾ ਹੈ। ਘਟੀਐ = ਆਤਮਕ ਜੀਵਨ ਵਲੋਂ ਕਮਜ਼ੋਰ ਹੁੰਦੇ ਜਾਈਦਾ ਹੈ।14।

ਅਰਥ: ਹੇ ਸਹੇਲੀਏ! ਜਿਹੜੀਆਂ ਅੱਖਾਂ ਸਤ-ਸੰਗੀਆਂ ਦੇ ਦਰਸਨ ਨਹੀਂ ਕਰਦੀਆਂ, ਉਹ ਅੱਖਾਂ (ਦੁਨੀਆ ਦੇ ਪਦਾਰਥਾਂ ਅਤੇ ਰੂਪ ਨੂੰ ਤੱਕ ਤੱਕ ਕੇ) ਬੇ-ਹਾਲ ਹੋਈਆਂ ਰਹਿੰਦੀਆਂ ਹਨ। ਜਿਹੜੇ ਕੰਨ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਹੀਂ ਸੁਣਦੇ, ਉਹ ਕੰਨ (ਆਤਮਕ ਆਨੰਦ ਦੀ ਧੁਨੀ ਸੁਣਨ ਵਲੋਂ) ਬੰਦ ਕੀਤੇ ਪਏ ਹਨ। ਜਿਹੜੀ ਜੀਭ ਪਰਮਾਤਮਾ ਦਾ ਨਾਮ ਨਹੀਂ ਜਪਦੀ, ਉਹ ਜੀਭ (ਦੁਨੀਆ ਦੇ ਝੰਬੇਲਿਆਂ ਦੀਆਂ ਗੱਲਾਂ ਅਤੇ ਨਿੰਦਾ ਆਦਿਕ ਦੀ ਕੈਂਚੀ ਨਾਲ ਹਰ ਵੇਲੇ) ਕੱਟੀ ਜਾ ਰਹੀ ਹੈ। ਹੇ ਸਹੇਲੀਏ! ਜਦੋਂ ਪ੍ਰਭੂ-ਪਾਤਿਸ਼ਾਹ (ਦੀ ਯਾਦ) ਭੁੱਲ ਜਾਏ, ਤਦੋਂ ਦਿਨੋ ਦਿਨ (ਆਤਮਕ ਜੀਵਨ ਵਲੋਂ) ਕਮਜ਼ੋਰ ਹੁੰਦੇ ਜਾਈਦਾ ਹੈ। (ਸੋ, ਹੇ ਸਹੇਲੀਏ! ਸਾਧ ਸੰਗਤਿ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਦੇ ਰਹਿਣਾ, ਜੀਭ ਨਾਲ ਨਾਮ ਜਪਦੇ ਰਹਿਣਾ = ਇਹੀ ਹੈ ਜਤਨ ਉਸ ਨੂੰ ਲੱਭ ਸਕਣ ਦਾ) ।14।

ਪੰਕਜ ਫਾਥੇ ਪੰਕ ਮਹਾ ਮਦ ਗੁੰਫਿਆ ॥ ਅੰਗ ਸੰਗ ਉਰਝਾਇ ਬਿਸਰਤੇ ਸੁੰਫਿਆ ॥ ਹੈ ਕੋਊ ਐਸਾ ਮੀਤੁ ਜਿ ਤੋਰੈ ਬਿਖਮ ਗਾਂਠਿ ॥ ਨਾਨਕ ਇਕੁ ਸ੍ਰੀਧਰ ਨਾਥੁ ਜਿ ਟੂਟੇ ਲੇਇ ਸਾਂਠਿ ॥੧੫॥ {ਪੰਨਾ 1362-1363}

ਪਦ ਅਰਥ: ਪੰਕ = ਚਿੱਕੜ। ਪੰਕਜ = (ਚਿੱਕੜ ਵਿਚ ਉੱਗੇ ਹੋਏ) ਕੌਲ ਫੁੱਲ। ਪੰਕ = ਪੰਖ, ਭੌਰਿਆਂ ਦੇ ਖੰਭ। ਮਦ = ਸੁਗੰਧੀ। ਮਹਾ ਮਦ = ਤੀਬਰ ਸੁਗੰਧੀ। ਗੁੰਫਿਆ = (ÀwuzP` = to string or weave together, ਗੁੰਦਣਾ) ਗੁੰਦਿਆ ਜਾ ਕੇ, ਫਸ ਕੇ, ਫਸਣ ਦੇ ਕਾਰਨ, ਮਸਤ ਹੋ ਜਾਣ ਦੇ ਕਾਰਨ। ਅੰਗ ਸੰਗ ਉਰਝਾਇ = (ਕੌਲ ਫੁੱਲ ਦੀਆਂ) ਪੰਖੜੀਆਂ ਨਾਲ ਉਲਝ ਕੇ। ਸੁੰਫਿਆ = ਖਿੜਾਉ, ਖ਼ੁਸ਼ੀ, ਇਕ ਫੁੱਲ ਤੋਂ ਉੱਡ ਕੇ ਦੂਜੇ ਫੁੱਲ ਉਤੇ ਜਾਣਾ, ਉਡਾਰੀ। ਜਿ = ਜਿਹੜਾ। ਤੋਰੈ = ਤੋੜ ਦੇਵੇ। ਬਿਖਮ = ਔਖੀ। ਗਾਂਠਿ = ਗੰਢ। ਸ੍ਰੀਧਰ = ਲੱਛਮੀ ਦਾ ਆਸਰਾ। ਲੇਇ ਸਾਂਠਿ = ਗੰਢ ਲੈਂਦਾ ਹੈ।

ਅਰਥ: ਹੇ ਭਾਈ! (ਕੌਲ ਫੁੱਲ ਦੀ) ਤੇਜ਼ ਸੁਗੰਧੀ ਵਿਚ ਮਸਤ ਹੋ ਜਾਣ ਦੇ ਕਾਰਨ (ਭੌਰੇ ਦੇ) ਖੰਭ ਕੌਲ ਫੁੱਲ (ਦੀਆਂ ਪੰਖੜੀਆਂ) ਵਿਚ ਫਸ ਜਾਂਦੇ ਹਨ, (ਉਹਨਾਂ ਪੰਖੜੀਆਂ ਨਾਲ ਉਲਝ ਕੇ (ਭੌਰੇ ਨੂੰ) ਉਡਾਰੀਆਂ ਲਾਣੀਆਂ ਭੁੱਲ ਜਾਂਦੀਆਂ ਹਨ (ਇਹੀ ਹਾਲ ਹੈ ਜੀਵ-ਭੌਰੇ ਦਾ) । ਕੋਈ ਵਿਰਲਾ ਹੀ ਇਹੋ ਜਿਹਾ (ਸੰਤ-) ਮਿੱਤਰ ਮਿਲਦਾ ਹੈ ਜੋ (ਇਸ ਜੀਵ-ਭੌਰੇ ਦੀ ਜਿੰਦ ਨੂੰ ਮਾਇਆ ਦੇ ਮੋਹ ਦੀ ਪਈ ਹੋਈ) ਪੱਕੀ ਗੰਢ ਤੋੜ ਸਕਦਾ ਹੈ। ਹੇ ਨਾਨਕ! ਲੱਛਮੀ-ਦਾ-ਆਸਰਾ (ਸਾਰੇ ਜਗਤ ਦਾ) ਨਾਥ ਪ੍ਰਭੂ ਹੀ ਸਮਰੱਥ ਹੈ ਜੋ (ਆਪਣੇ ਨਾਲੋਂ) ਟੁੱਟੇ ਹੋਇਆਂ ਨੂੰ ਮੁੜ ਗੰਢ ਲੈਂਦਾ ਹੈ।15।

TOP OF PAGE

Sri Guru Granth Darpan, by Professor Sahib Singh