ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1364, The extra text associated with this page

ਚਉਬੋਲਿਆਂ ਦਾ ਭਾਵ:


ਹਰੇਕ ਬੰਦ ਦਾ ਵੱਖ-ਵੱਖ:

1. ਪਰਮਾਤਮਾ ਦੇ ਨਾਮ ਦਾ ਪ੍ਰੇਮ ਧਨ ਦੇ ਵੱਟੇ ਨਹੀਂ ਮਿਲ ਸਕਦਾ।

2. ਸੱਚੇ ਪ੍ਰੇਮੀ ਦੇ ਮਨ ਵਿਚ ਆਪਣੇ ਪ੍ਰੀਤਮ ਨਾਲੋਂ ਰਤਾ ਭਰ ਭੀ ਵਿੱਥ ਨਹੀਂ ਹੁੰਦੀ।

3. ਤੀਰਥ-ਜਾਤ੍ਰਾ ਆਦਿਕ ਵਾਸਤੇ ਧਰਤੀ ਦਾ ਰਟਨ ਪਰਮਾਤਮਾ ਦੇ ਪਿਆਰ ਦੇ ਰਸਤੇ ਵਿਚ ਕੌਡੀ ਭੀ ਮੁੱਲ ਨਹੀਂ ਰੱਖਦਾ।

4. ਜਿਨ੍ਹਾਂ ਮਨੁੱਖਾਂ ਦੇ ਹਿਰਦੇ-ਆਕਾਸ਼ ਨੂੰ ਪ੍ਰਭੂ-ਪ੍ਰੇਮ ਦੀ ਚਾਨਣੀ ਰੌਸ਼ਨ ਕਰਦੀ ਹੈ, ਉਹ ਸਦਾ ਪਰਮਾਤਮਾ ਦੇ ਚਰਨਾਂ ਵਿਚ ਜੁੜੇ ਰਹਿੰਦੇ ਹਨ।

5. ਜਾਪ, ਤਾਪ, ਪੁੱਠੇ ਲਟਕਣਾ = ਸਰੀਰ ਨੂੰ ਕਸ਼ਟ ਦੇਣ ਵਾਲੇ ਇਹੋ ਜਿਹੇ ਸਾਧਨ ਭੀ ਪ੍ਰਭੂ-ਪਿਆਰ ਦੇ ਟਾਕਰੇ ਤੇ ਕੋਈ ਮੁੱਲ ਨਹੀਂ ਪਾਂਦੇ।

6. ਪ੍ਰੀਤਮ-ਪ੍ਰਭੂ ਦੇ ਪਿਆਰ ਤੋਂ ਸੱਖਣਾ ਮਨੁੱਖ ਆਤਮਕ ਮੌਤ ਸਹੇੜੀ ਰੱਖਦਾ ਹੈ।

7. ਜਿਹੜਾ ਮਨੁੱਖ ਪਰਮਾਤਮਾ ਦੀ ਯਾਦ ਭੁਲਾਈ ਰੱਖਦਾ ਹੈ, ਉਹ ਆਪਣੇ ਆਤਮਕ ਜੀਵਨ ਦੀ ਰਾਸਿ-ਪੂੰਜੀ ਲੁਟਾਈ ਜਾਂਦਾ ਹੈ।

8. ਪਰਮਾਤਮਾ ਦੇ ਨਾਮ ਦੇ ਆਸ਼ਿਕ ਮਨੁੱਖ ਤੀਰਥ-ਜਾਤ੍ਰਾ ਆਦਿਕ ਅਤੇ ਤਪ ਆਦਿਕ ਵਾਲੇ ਰਸਤੇ ਨੂੰ ਨਹੀਂ ਅਪਣਾਂਦੇ।

9. ਪ੍ਰਭੂ-ਚਰਨਾਂ ਦੇ ਪ੍ਰੇਮੀਆਂ ਨੂੰ ਨਿਮ੍ਰਤਾ ਵਾਲੇ ਜੀਵਨ ਵਿਚੋਂ ਆਤਮਕ ਆਨੰਦ ਮਿਲਦਾ ਹੈ।

10. ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਦਾ ਪ੍ਰੇਮੀ ਹੈ ਉਸ ਨੂੰ 'ਨਵ ਖੰਡ ਬਸੁਧਾ ਭਰਮ' ਅਤੇ 'ਜਪ ਤਪ ਸੰਜਮ' ਆਦਿਕ ਸਾਧਨ ਬੇ-ਲੋੜਵੇਂ ਜਾਪਦੇ ਹਨ।

11. ਮੁੱਕਦੀ ਗੱਲ, ਪ੍ਰਭੂ-ਚਰਨਾਂ ਦਾ ਪ੍ਰੇਮ ਮਿਲਦਾ ਹੈ ਆਪਾ ਕੁਰਬਾਨ ਕੀਤਿਆਂ।

ਲੜੀ-ਵਾਰ ਭਾਵ:

(1, 2) ਧਨ ਦੇ ਵੱਟੇ ਪ੍ਰਭੂ-ਚਰਨਾਂ ਦਾ ਪ੍ਰੇਮ ਨਹੀਂ ਮਿਲਦਾ, ਇਥੇ ਤਾਂ ਹਰ ਵੇਲੇ ਮਨ ਨੂੰ ਪ੍ਰਭੂ ਦੀ ਯਾਦ ਵਿਚ ਜੋੜੀ ਰੱਖਣ ਦੀ ਲੋੜ ਹੁੰਦੀ ਹੈ।

(3 ਤੋਂ 7) ਤੀਰਥ-ਜਾਤ੍ਰਾ, ਜਪ ਤਪ ਸੰਜਮ ਆਦਿਕ ਸਾਧਨ = ਇਹ ਕੋਈ ਭੀ, ਮਨੁੱਖ ਦੇ ਆਤਮਕ ਜੀਵਨ ਨੂੰ ਵਿਕਾਰਾਂ ਦੇ ਢਹੇ ਚੜ੍ਹਨ ਤੋਂ ਬਚਾ ਨਹੀਂ ਸਕਦੇ। ਪਰਮਾਤਮਾ ਦੀ ਯਾਦ ਨੂੰ ਭੁਲਾਇਆਂ ਆਤਮਕ ਜੀਵਨ ਦੀ ਰਾਸਿ-ਪੂੰਜੀ ਲੁੱਟੀ ਜਾਂਦੀ ਹੈ।

(8 ਤੋਂ 11) ਪ੍ਰਭੂ-ਪ੍ਰੇਮ ਦੇ ਰਸਤੇ ਵਿਚ ਤੀਰਥ-ਜਾਤ੍ਰਾ, ਜਪ ਤਪ ਸੰਜਮ ਆਦਿਕ ਦੀ ਲੋੜ ਹੀ ਨਹੀਂ ਪੈਂਦੀ। ਨਿਮ੍ਰਤਾ ਵਾਲਾ ਜੀਵਨ ਆਤਮਕ ਆਨੰਦ ਪੈਦਾ ਕਰਦਾ ਹੈ। ਪ੍ਰੇਮ ਵਿਹਾਝਣ ਵਾਸਤੇ ਆਪਾ-ਭਾਵ ਦੇਣਾ ਪੈਂਦਾ ਹੈ।


ਮੁੱਖ-ਭਾਵ:

ਪਰਮਾਤਮਾ ਦੇ ਚਰਨਾਂ ਦਾ ਪਿਆਰ ਨਾਹ ਧਨ ਤੋਂ ਮਿਲਦਾ ਹੈ ਨਾਹ ਤੀਰਥ-ਜਾਤ੍ਰਾ ਅਤੇ ਜਪ ਤਪ ਸੰਜਮ ਆਦਿਕ ਸਾਧਨਾਂ ਦੀ ਰਾਹੀਂ। ਹਉਮੈ ਦਾ ਤਿਆਗ ਕਰ ਕੇ ਪਰਮਾਤਮਾ ਦੀ ਯਾਦ ਵਿਚ ਜੁੜੇ ਰਹਿਣਾ ਹੀ ਸਹੀ ਰਸਤਾ ਹੈ।

_________________________
_________________________


ਸਲੋਕ ਭਗਤ ਕਬੀਰ ਜੀਉ ਕੇ


ਮੁੱਢਲੀ ਜਾਣ-ਪਛਾਣ:

ਪਹਿਲਾਂ ਪਹਿਲ ਮੈਨੂੰ ਸੰਨ 1925 ਵਿਚ ਪਤਾ ਲੱਗਾ ਕਿ ਕੁਝ ਸੱਜਣ ਭਗਤ-ਬਾਣੀ ਨੂੰ ਗੁਰਮਤਿ ਦੇ ਅਨੁਸਾਰ ਨਾਹ ਸਮਝ ਕੇ ਇਸ ਦੇ ਵਿਰੁੱਧ ਪਰਚਾਰ ਕਰ ਰਹੇ ਹਨ। ਸੰਨ 1927 ਵਿਚ ਜਦੋਂ ਕਿ ਅਜੇ ਮੈਂ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿਚ ਮੀਤ ਸਕੱਤ੍ਰ ਸਾਂ, ਮੈਨੂੰ ਇਹ ਖ਼ਬਰ ਮਿਲੀ ਕਿ ਇਹ ਸੱਜਣ ਭੱਟਾਂ ਦੇ ਸਵਈਆਂ, ਸੱਦ, ਸੱਤੇ ਬਲਵੰਡ ਦੀ ਵਾਰ, ਤੁਖਾਰੀ ਰਾਗ ਦੇ ਇਕ ਛੰਤ ਮ: 4 ਨੂੰ ਭੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੇਖਣਾ ਪਸੰਦ ਨਹੀਂ ਕਰਦੇ। ਉਹਨਾਂ ਦੇ ਖ਼ਿਆਲ ਅਨੁਸਾਰ ਇਹ ਬਾਣੀਆਂ ਭੀ ਗੁਰਮਤਿ ਦੇ ਅਨਕੂਲ ਨਹੀਂ ਹਨ। ਸੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸਾਧਾਰਨ ਵਿਚਾਰ ਦੇ ਨਾਲ ਨਾਲ ਇਹਨਾਂ ਉਪਰ-ਦੱਸੀਆਂ ਬਾਣੀਆਂ ਸੰਬੰਧੀ ਮੈਂ ਖ਼ਾਸ ਉਚੇਚੀ ਮਿਹਨਤ ਸ਼ੁਰੂ ਕੀਤੀ। ਜੁਲਾਈ 1929 ਵਿਚ ਜਦੋਂ ਕਿ ਮੈਂ ਗੁਰੂ ਨਾਨਕ ਖ਼ਾਲਸਾ ਕਾਲਜ ਗੁਜਰਾਂਵਾਲਾ ਛੱਡ ਚੁਕਿਆ ਸਾਂ, ਮੈਂ ਭੱਟਾਂ ਦੇ ਸਵਈਆਂ ਦਾ ਟੀਕਾ ਲਿਖਣਾ ਸ਼ੁਰੂ ਕੀਤਾ ਜੋ ਮੈਂ ਅਕਤੂਬਰ ਨਵੰਬਰ ਵਿਚ ਖ਼ਤਮ ਕਰ ਲਿਆ। ਇਸ ਬਾਣੀ ਦੇ ਵਿਰੋਧੀਆਂ ਵਿਚੋਂ ਇਕ ਮੋਢੀ ਸੱਜਣ ਡਾਕਟਰ ਰਣ ਸਿੰਘ ਜੀ ਗੁਜਰਾਂਵਾਲੇ ਵਿਚ ਆ ਟਿਕੇ ਹੋਏ ਸਨ, ਉਹਨਾਂ ਨਾਲ ਮੇਰੀ ਚੰਗੀ ਡੂੰਘੀ ਸਾਂਝ-ਮਿਤ੍ਰਤਾ ਬਣ ਚੁਕੀ ਹੋਈ ਸੀ। ਇਸ ਟੀਕੇ ਦਾ ਸਾਰਾ ਖਰੜਾ ਮੈਂ ਉਹਨਾਂ ਨੂੰ ਪੜ੍ਹਨ ਲਈ ਦਿੱਤਾ; ਉਹਨੀਂ ਦਿਨੀਂ ਉਹ ਇਸ ਬਾਣੀ ਦੇ ਵਿਰੁੱਧ ਆਪਣੀ ਪੁਸਤਕ 'ਭੱਟ ਗਿਰਾ ਕਸੌਟੀ' ਲਿਖ ਰਹੇ ਸਨ। ਮੇਰਾ ਖਰੜਾ ਉਹ ਵੀਹ ਕੁ ਦਿਨ ਪੜ੍ਹਦੇ ਰਹੇ। ਆਖ਼ਰ ਉਹਨਾਂ ਨੇ ਆਪਣਾ ਪੁਰਾਣਾ ਬਣਿਆ ਖ਼ਿਆਲ ਛੱਡ ਦਿੱਤਾ, ਤੇ ਮੇਰੇ ਨਾਲ ਸਹਿਮਤ ਹੋ ਗਏ। ਉਹਨਾਂ ਮੇਰੇ ਨਾਲ ਬਚਨ ਕੀਤਾ ਕਿ ਉਹ ਆਪਣੇ ਪਹਿਲੇ ਹਮ-ਖ਼ਿਆਲ ਸਾਥੀਆਂ ਵਿਚ ਭੱਟਾਂ ਦੇ ਸਵਈਆਂ ਦੇ ਗੁਰਮਤਿ ਅਨੁਕੂਲ ਹੋਣ ਦਾ ਪਰਚਾਰ ਕਰਨਗੇ; ਪਰ ਕੁਦਰਤਿ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ, ਡਾਕਟਰ ਰਣ ਸਿੰਘ ਜੀ ਮਹੀਨਾ ਕੁ ਬੀਮਾਰ ਰਹਿ ਕੇ ਗੁਰਪੁਰੀ ਸਿਧਾਰ ਗਏ। ਆਪਣੇ ਉਸ ਵਿਛੁੜੇ ਮਿੱਤ੍ਰ ਦੇ ਦਿੱਤੇ ਉਤਸ਼ਾਹ ਨਾਲ ਮੈਂ ਭਗਤ-ਬਾਣੀ ਦੇ ਕੁਝ ਕੁ ਸ਼ਬਦਾਂ ਨੂੰ ਭੀ ਹੱਥ ਪਾਇਆ, ਉਹਨਾਂ ਉੱਤੇ ਵਿਚਾਰ ਤੇ ਉਹਨਾਂ ਦਾ ਟੀਕਾ ਇੱਕ ਇੱਕ ਕਰ ਕੇ ਮੈਂ ਮਾਸਕ-ਪੱਤ੍ਰ 'ਅੰਮਿਤ੍ਰ' ਵਿਚ ਛਾਪਦਾ ਰਿਹਾ। ਸੰਨ 1935-36 ਵਿਚ ਰਾਮਕਲੀ ਰਾਗ ਦੀ ਬਾਣੀ 'ਸੱਦ' ਉੱਤੇ ਭੀ ਇਕ ਖੁਲ੍ਹੀ ਵਿਚਾਰ ਲਿਖ ਕੇ ਮੈਂ ਪਾਠਕਾਂ ਦੇ ਪੇਸ਼ ਕੀਤੀ ਤੇ ਦੱਸਿਆ ਕਿ ਇਹ ਬਾਣੀ ਨਿਰੋਲ ਗੁਰਮਤਿ ਅਨੁਸਾਰ ਹੈ। ਸੰਨ 1942 ਵਿਚ ਮੈਂ ਬਾਬਾ ਫਰੀਦ ਜੀ ਦੇ ਸ਼ਲੋਕਾਂ ਦਾ ਟੀਕਾ ਲਿਖਿਆ, ਪਰ ਮੇਰੇ ਇਕ ਮਿਤ੍ਰ ਨੇ ਮੈਨੂੰ ਸਮਝਾਇਆ ਕਿ ਅਜੇਹੇ ਇੱਕੜ-ਦੁੱਕੜ ਕੰਮ ਕਾਫ਼ੀ ਨਹੀਂ ਹਨ; ਮੇਰਾ ਲਿਖਿਆ 'ਗੁਰਬਾਣੀ ਵਿਆਕਰਣ' ਸਭਨਾਂ ਲੋਕਾਂ ਨੇ ਨਾਹ ਹੀ ਪੜ੍ਹਨਾ ਹੈ ਅਤੇ ਨਾਹ ਹੀ ਗੁਰਬਾਣੀ ਨੂੰ ਉਸ ਦੇ ਅਨੁਸਾਰ ਸਮਝਣ ਦੀ ਔਖੀ ਮਿਹਨਤ ਕਰਨੀ ਹੈ; ਜਿਤਨਾ ਹੋ ਸਕੇ ਇਹ ਕੰਮ ਮੈਨੂੰ ਹੀ ਸ਼ੁਰੂ ਕਰਨਾ ਚਾਹੀਦਾ ਹੈ। ਸੋ, 'ਬਾਈ ਵਾਰਾਂ' ਦੇ 1924 ਦੇ ਸ਼ੁਰੂ ਕੀਤੇ ਟੀਕੇ ਨੂੰ ਮੁਕਾ ਕੇ 1945 ਵਿਚ ਮੈਂ ਭਗਤਾਂ ਦੀ ਬਾਣੀ ਦਾ ਟੀਕਾ ਸ਼ੁਰੂ ਕਰ ਦਿੱਤਾ। ਇਹ ਕੰਮ ਬੜਾ ਹੀ ਔਖਾ ਸਾਬਤ ਹੋਇਆ; ਅੱਠ ਨੌ ਮਹੀਨਿਆਂ ਵਿਚ ਮੈਂ ਹੰਭ ਗਿਆ, ਤੇ ਕਬੀਰ ਜੀ ਦੇ ਸ਼ਲੋਕ ਮੈਨੂੰ ਛੱਡਣੇ ਹੀ ਪਏ। ਸੰਨ 1946 ਵਿਚ ਮੈਂ ਭਗਤਾਂ ਸੰਬੰਧੀ ਹੋਰ ਹੋਰ ਵਿਚਾਰਾਂ ਲਿਖਦਾ ਰਿਹਾ, ਜਿਨ੍ਹਾਂ ਵਿਚੋਂ ਕੁਝ ਕੁ ਮੈਂ ਪੁਸਤਕ 'ਗੁਰਮਤਿ ਪ੍ਰਕਾਸ਼' ਵਿਚ ਪਾਠਕਾਂ ਦੇ ਸਾਹਮਣੇ ਪੇਸ਼ ਕੀਤੀਆਂ।

ਮਾਰਚ ਸੰਨ 1947 ਵਿਚ ਲਾਹੌਰ ਅਤੇ ਅੰਮ੍ਰਿਤਸਰ ਫ਼ਿਰਕੂ ਫ਼ਸਾਦ ਸ਼ੁਰੂ ਹੋ ਗਏ। ਇਹਨਾਂ ਇਤਨੀ ਡਰਾਉਣੀ ਸ਼ਕਲ ਫੜ ਲਈ ਕਿ ਹਜ਼ਾਰਾਂ ਹਿੰਦੂ ਅਤੇ ਸਿੱਖ ਜੀ-ਭਿਆਣੇ ਖ਼ਾਲਸਾ ਕਾਲਜ ਦੇ ਅੰਦਰ ਆ ਵੜੇ। ਪੜ੍ਹਾਈ ਦਾ ਸਾਰਾ ਕੰਮ ਉਲਟ-ਪੁਲਟ ਗਿਆ। ਦਿਨ-ਰਾਤ ਫ਼ਸਾਦਾਂ ਦੀ ਦੰਦ-ਕਥਾ ਹੀ ਹਰ ਥਾਂ ਹੁੰਦੀ ਰਹਿੰਦੀ ਸੀ। ਮਹੀਨਾ ਡੇਢ ਮਹੀਨਾ ਤਾਂ 'ਅਹੁ ਆਏ, ਅਹੁ ਆਏ' ਦੇ ਰੌਲੇ ਵਿਚ ਲੰਘਾਏ; ਆਖ਼ਰ ਸਮਝ ਆਈ ਕਿ ਇਹ ਝਗੜੇ ਛੇਤੀ ਮੁੱਕਣ ਵਾਲੇ ਨਹੀਂ ਹਨ, ਤੇ ਇਸ ਬੇ-ਚੈਨੀ ਵਿਚ ਵਧੀਕ ਸਮਾਂ ਲੰਘਾਇਆ ਨਹੀਂ ਜਾ ਸਕੇਗਾ। ਸੋ, ਭਗਤ-ਬਾਣੀ ਵਿਚੋਂ ਜੇਹੜਾ ਹਿੱਸਾ ਟੀਕਾ ਕਰਨੋਂ ਰਹਿ ਗਿਆ ਸੀ, ਉਸ ਨੂੰ ਸ਼ੁਰੂ ਕਰਨ ਦੀ ਸਾਲਾਹ ਕੀਤੀ। ਪਰ, ਸੁਰਤਿ ਅਜੇ ਰੌਲਿਆਂ ਵਿਚ ਬਹੁਤ ਖਿੰਡੀ ਹੋਈ ਸੀ; ਇਸ ਨੂੰ ਟਿਕਾਣੇ ਲਿਆਉਣ ਲਈ ਮੈਂ ਟੀਕੇ ਦਾ ਸਾਰਾ ਖਰੜਾ ਮੁੜ ਗਹੁ ਨਾਲ ਪੜ੍ਹਿਆ। ਇਸ ਤਰ੍ਹਾਂ ਚੇਤਾ-ਸ਼ਕਤੀ ਨੂੰ ਤਾਜ਼ਾ ਕਰ ਕੇ ਕਬੀਰ ਜੀ ਦੇ ਸਲੋਕਾਂ ਦਾ ਟੀਕਾ ਮੈਂ 9 ਜੂਨ ਨੂੰ ਸ਼ੁਰੂ ਕੀਤਾ।

ਪਹਿਲਾਂ ਪਹਿਲਾਂ ਮੇਰਾ ਇਹ ਖ਼ਿਆਲ ਬਣਿਆ ਹੋਇਆ ਸੀ ਕਿ ਇਹ ਸ਼ਲੋਕ ਸੁਖੱਲੇ ਹੀ ਹਨ, ਇਹਨਾਂ ਦਾ ਟੀਕਾ ਮੈਂ ਦਸ ਬਾਰਾਂ ਦਿਨਾਂ ਵਿਚ ਮੁਕਾ ਲਵਾਂਗਾ। ਪਰ ਜਿਉਂ ਜਿਉਂ ਇੱਕ ਇੱਕ ਕਰ ਕੇ ਮੈਂ ਇਹਨਾਂ ਨੂੰ ਹੱਥ ਪਾਇਆ, ਕਬੀਰ ਜੀ ਦੀਆਂ ਉੱਚ ਉਡਾਰੀਆਂ ਤੇ ਮੈਂ ਹੈਰਾਨ ਹੁੰਦਾ ਗਿਆ। ਇਤਨੀਆਂ ਡੂੰਘੀਆਂ ਰਮਜ਼ਾਂ ਨਾਲ ਵਾਹ ਪੈਣ ਲੱਗਾ ਕਿ ਕਈ ਥਾਈਂ ਤਾਂ ਇੱਕ ਇੱਕ ਸ਼ਲੋਕ ਵਿਚ ਘੰਟਿਆਂ-ਬੱਧੀ ਚੁੱਭੀ ਲਾਣੀ ਪੈਂਦੀ ਸੀ। ਬੜਾ ਅਸਗਾਹ ਸਮੁੰਦਰ ਨਿੱਕੇ ਜਿਹੇ ਕੁੱਜੇ ਵਿਚ ਬੰਦ ਰੱਖਿਆ ਜਾਪਦਾ ਸੀ। ਕਈ ਸਿਆਣੇ ਵਿਦਵਾਨਾਂ ਤੇ ਪਰਚਾਰਕਾਂ ਦੇ ਮੂੰਹੋਂ ਹੁਣ ਤਕ ਮੈਂ ਸੁਣਦਾ ਆਇਆ ਸਾਂ = ਕਬੀਰ ਜੀ ਪ੍ਰਾਣਾਯਾਮ ਕਰਿਆ ਕਰਦੇ ਸਨ; ਮਾਸ ਬਾਰੇ ਕਬੀਰ ਜੀ ਦਾ ਮਤ ਸਿੱਖ ਧਰਮ ਨਾਲ ਨਹੀਂ ਰਲਦਾ ਕਿਉਂਕਿ ਉਹ ਮਾਸ ਖਾਣ ਦੀ ਨਿਖੇਧੀ ਕਰ ਗਏ ਹਨ; ਕਬੀਰ ਜੀ ਮੱਛੀ ਦਾ ਮਾਸ ਖਾਣੋ ਵਰਜ ਗਏ ਹਨ। ਬਾਂਗ ਆਦਿਕ ਬਾਰੇ ਕਈ ਮੁਸਲਮਾਨ ਪਰਚਾਰਕ ਕਬੀਰ ਜੀ ਨੂੰ ਇਸਲਾਮ ਤੋਂ ਨਾਵਾਕਿਫ਼ ਸਾਬਤ ਕਰਦੇ ਸੁਣੇ ਜਾ ਰਹੇ ਸਨ। ਪਰ, ਉੱਚ ਕੋਟੀ ਦੇ ਡੂੰਘੇ ਕਵੀਆਂ ਨੂੰ ਓਪਰੀ ਨਜ਼ਰੇ ਵੇਖਿਆਂ ਇਹ ਭੁਲੇਖੇ ਪੈਣੇ ਕੁਦਰਤੀ ਗੱਲ ਸੀ। ਜਦੋਂ ਇਹ ਸਾਰੇ ਸ਼ਲੋਕ ਮੈਨੂੰ ਇਕ ਖ਼ਿਆਲ-ਲੜੀ ਵਿਚ ਪ੍ਰੋਤੇ ਹੋਏ ਦਿੱਸ ਪਏ, ਤਾਂ ਉਹਨਾਂ ਲੋਕਾਂ ਦੇ ਪਾਏ ਹੋਏ ਭੁਲੇਖੇ ਤੇ ਭਰਮ-ਵਹਿਮ ਮੇਰੇ ਮਨ ਵਿਚੋਂ ਇਉਂ ਉੱਡੇ, ਜਿਵੇਂ ਤੇਜ਼ ਹਵਾ ਨਾਲ ਧੂੰ ਦਾ ਪਹਾੜ ਉੱਡ ਜਾਂਦਾ ਹੈ।

ਇਸ ਟੀਕੇ ਦੇ ਨਾਲ ਕਬੀਰ ਜੀ ਦੇ ਸ਼ਲੋਕਾਂ ਬਾਰੇ ਹੁਣ ਮੈਂ ਹੇਠ-ਲਿਖੀਆਂ ਵਿਚਾਰਾਂ ਪਾਠਕਾਂ ਦੇ ਸਾਹਮਣੇ ਪੇਸ਼ ਕਰ ਰਿਹਾ ਹਾਂ:

(1) ਸਾਰੇ ਸ਼ਲੋਕਾਂ ਦਾ ਮਿਲਵਾਂ ਲੜੀ-ਵਾਰ ਭਾਵ।

(2) ਇਹ ਵਿਚਾਰ ਕਿ ਕਬੀਰ ਜੀ ਦੇ ਸਾਰੇ ਸ਼ਲੋਕਾਂ ਦੀ ਇਕੋ ਹੀ ਮਿਲਵੀਂ ਖ਼ਿਆਲ ਲੜੀ ਹੈ।

(3) ਕੀ ਕਬੀਰ ਜੀ ਵੈਸ਼ਨਵ ਭਗਤ ਸਨ?

(4) ਕਬੀਰ ਜੀ ਦੇ ਸ਼ਲੋਕ ਅਤੇ ਗੁਰੂ ਨਾਨਕ ਸਾਹਿਬ।

ਇਹ ਟੀਕਾ ਚੂੰਕਿ ਸਿਰਫ਼ ਸ਼ਲੋਕਾਂ ਦਾ ਹੀ ਹੈ, ਮੈਂ ਕਬੀਰ ਜੀ ਦੇ ਸ਼ਬਦਾਂ ਵਿਚੋਂ ਕੋਈ ਗਵਾਹੀ-ਪ੍ਰਮਾਣ ਪੇਸ਼ ਨਹੀਂ ਕਰ ਰਿਹਾ। ਕਬੀਰ ਜੀ ਦੇ ਜੀਵਨ ਬਾਰੇ ਪਏ ਹੋਏ ਭੁਲੇਖਿਆਂ ਉੱਤੇ ਕੀਤੀ ਵਿਚਾਰ ਮੈਂ 'ਦਰਪਣ' ਦੀ ਪੰਜਵੀਂ ਪੋਥੀ ਵਿਚ ਪੇਸ਼ ਕਰ ਚੁਕਾ ਹਾਂ ਜੋ ਪਹਿਲਾਂ 'ਭਗਤ-ਬਾਣੀ ਸਟੀਕ' ਦੇ ਚੌਥੇ ਹਿੱਸੇ ਵਿਚ ਭੀ ਛਪ ਚੁਕੀ ਹੈ।

ਮੇਰੇ ਪਾਤਿਸ਼ਾਹ ਸਤਿਗੁਰੂ ਜੀ ਨੇ ਜੋ ਕੁਝ ਮੈਨੂੰ ਬਖ਼ਸ਼ਿਆ ਹੈ ਉਸ ਦੇ ਅਨੁਸਾਰ ਨੇਕ-ਨੀਅਤੀ ਨਾਲ ਮੈਂ ਇਹ ਭੇਟਾ ਪੇਸ਼ ਕਰਦਾ ਹਾਂ। ਹੋ ਸਕਦਾ ਹੈ ਕਿ ਕਈ ਸੱਜਣਾਂ ਨਾਲ ਕਈ ਥਾਈਂ ਮੇਰਾ ਮਤ-ਭੇਦ ਹੋਵੇ। ਫਿਰ ਭੀ ਜੇ ਕਿਤੇ ਕਿਸੇ ਇਕ-ਅੱਧ ਸੱਜਣ ਨੂੰ ਹੀ ਇਸ ਮਿਹਨਤ ਦੀ ਰਾਹੀਂ ਇਸ ਬਾਣੀ ਵਿਚੋਂ ਕੋਈ ਸੁਆਦਲਾ ਹੁਲਾਰਾ ਆ ਸਕਿਆ ਤਾਂ ਮੈਂ ਆਪਣੇ ਉੱਤੇ ਆਪਣੇ ਸਤਿਗੁਰੂ ਦੀ ਬੇਅੰਤ ਕਿਰਪਾ ਸਮਝਾਂਗਾ ਕਿ ਉਸ ਨੇ ਮੈਨੂੰ ਉਸ ਹਿਲ-ਜੁਲ ਤੇ ਰੌਲੇ-ਰੱਪੇ ਦੇ ਸਮੇ ਚੰਗੇ ਆਹਰੇ ਲਾਈ ਰੱਖਿਆ।

24, ਖ਼ਾਲਸਾ ਕਾਲਜ, ਅੰਮ੍ਰਿਤਸਰ . . . . . . . ਸਾਹਿਬ ਸਿੰਘ
ਨਵੰਬਰ 19, 1947 . . . . . . . . . . . . . ਬੀ.ਏ.

__________________________


ਸਲੋਕ ਭਗਤ ਕਬੀਰ ਜੀਉ ਕੇ


ਕਬੀਰ ਜੀ ਦੇ ਸ਼ਲੋਕਾਂ ਦਾ ਲੜੀ-ਵਾਰ ਭਾਵ


ਸਲੋਕ ਨੰ: 1 ਤੋਂ 12 ਤਕ:

ਜਦ ਤੋਂ ਸੰਸਾਰ ਬਣਿਆ ਹੈ ਮਨੁੱਖ ਵਾਸਤੇ ਸੁਖ ਦਾ ਇਕੋ ਹੀ ਅਟੱਲ ਨਿਯਮ ਚਲਿਆ ਆ ਰਿਹਾ ਹੈ ਕਿ ਸੁਖ ਸਿਰਫ਼ ਨਾਮ ਸਿਮਰਨ ਵਿਚ ਹੈ; ਨੀਵੀਂ ਤੋਂ ਨੀਵੀਂ ਜਾਤਿ ਦੇ ਬੰਦੇ ਵਾਸਤੇ ਭੀ ਕੋਈ ਬੰਦਸ਼ ਨਹੀਂ ਹੈ। ਮਨੁੱਖ ਕਿਤਨਾ ਭੀ ਧਨਾਢ ਹੋਵੇ, ਤੇ, ਬਾਹਰੋਂ ਬਾਂਕਾ ਬਣਿਆ ਹੋਵੇ, ਨਾਮ ਤੋਂ ਬਿਨਾ ਹਿਰਦੇ ਵਿਚ ਸੜਨ ਹੀ ਟਿਕੀ ਰਹਿੰਦੀ ਹੈ, ਤੇ, ਜਦ ਤਕ ਧਨ ਆਦਿਕ ਸੰਸਾਰਕ ਸੁਖਾਂ ਦੀ ਲਾਲਸਾ ਹੈ ਤਦ ਤਕ ਹਰਿ-ਨਾਮ ਦਾ ਸਿਮਰਨ ਨਹੀਂ ਹੋ ਸਕਦਾ, ਤੇ ਸੁਖ ਨਹੀਂ ਹੋ ਸਕਦਾ।

ਪ੍ਰਭੂ ਦਾ ਨਾਮ ਸਿਮਰ ਕੇ ਜਿਸ ਮਨੁੱਖ ਦੀ 'ਹਉ' ਮੁੱਕਦੀ ਹੈ, ਉਸ ਦੇ ਸਾਰੇ ਗਿਆਨ-ਇੰਦ੍ਰਿਆਂ ਦੀ ਰੁਚੀ ਰੱਬ ਵਾਲੇ ਪਾਸੇ ਹੋ ਜਾਂਦੀ ਹੈ; ਪਹਿਲਾਂ ਉਸ ਨੂੰ ਆਪਣਾ ਆਪ ਚੰਗਾ ਜਾਪਦਾ ਸੀ, ਹੁਣ ਉਸ ਨੂੰ ਦੂਜਿਆਂ ਵਿਚ ਗੁਣ ਦਿੱਸਣ ਲਗ ਪੈਂਦੇ ਹਨ; ਪਰ ਇਹ ਸਾਰੀ ਬਰਕਤਿ ਗੁਰੂ-ਦਰ ਤੋਂ ਨਸੀਬ ਹੁੰਦੀ ਹੈ।

'ਹਉ' ਨੂੰ ਮਾਰਨਾ ਇਕ ਐਸਾ ਭਲਾ ਕੰਮ ਹੈ ਜਿਸ ਨੂੰ ਸਾਰਾ ਸੰਸਾਰ ਸਲਾਹੁੰਦਾ ਹੈ। ਨਿਮ੍ਰਤਾ ਵਾਲਾ ਮਨੁੱਖ, ਮਾਨੋ ਚੰਦਨ ਦਾ ਬੂਟਾ ਹੈ ਜੋ ਸਭ ਨੂੰ ਸੁਗੰਧੀ ਦੇਂਦਾ ਹੈ। 'ਹਉ' ਦੇ ਮਾਰੇ ਹੋਏ ਬੰਦੇ ਹਨੇਰੀਆਂ ਰਾਤਾਂ ਵਰਗੇ ਕਾਲੇ ਦਿਲ ਵਾਲੇ ਹੁੰਦੇ ਹਨ, ਉਹ ਮਾਨੋ, ਬਾਂਸ ਹਨ ਜੋ ਚੰਦਨ ਦੇ ਨੇੜੇ ਹੁੰਦੇ ਹੋਏ ਭੀ ਚੰਦਨ ਦੀ ਸੁਗੰਧੀ ਤੋਂ ਵਾਂਜੇ ਰਹਿੰਦੇ ਹਨ ਤੇ ਆਪੋ ਵਿਚ ਖਹਿ-ਖਹਿ ਕੇ ਸੜਦੇ ਹਨ।


ਮੁੱਖ ਭਾਵ:

ਹਰਿ-ਨਾਮ ਦਾ ਸਿਮਰਨ ਮਨੁੱਖ ਵਾਸਤੇ ਸੁਖ ਦਾ ਅਸਲ ਸਾਧਨ ਹੈ, ਤੇ ਇਹ ਹਰਿ-ਨਾਮ ਗੁਰੂ-ਦਰ ਤੇ ਪਿਆਂ ਮਿਲਦਾ ਹੈ। ਗਰੀਬ ਤੋਂ ਗਰੀਬ ਤੇ ਨੀਵੀਂ ਤੋਂ ਨੀਵੀਂ ਜਾਤਿ ਦਾ ਬੰਦਾ ਵੀ ਹਰਿ-ਨਾਮ ਸਿਮਰ ਕੇ ਸੁਖੀ ਹੋ ਜਾਂਦਾ ਹੈ।


ਸਲੋਕ ਨੰ: 13 ਤੋਂ 30 ਤਕ:

ਦੁਨੀਆਵੀ ਪਦਾਰਥਾਂ ਨੂੰ ਸੁਖ ਦਾ ਵਸੀਲਾ ਸਮਝ ਕੇ ਜੋ ਮਨੁੱਖ ਹਰਿ-ਨਾਮ ਨੂੰ ਵਿਸਾਰਦਾ ਹੈ ਉਹ ਘਾਟੇ ਵਿਚ ਰਹਿੰਦਾ ਹੈ; ਦੁਨੀਆ ਦੇ ਰੰਗ-ਤਮਾਸ਼ੇ ਤੇ ਮਹਲ-ਮਾੜੀਆਂ ਬਲਦੀ ਭੱਠੀ ਵਰਗੇ ਹਨ ਕਿਉਂਕਿ ਨਾਮ ਵਿਸਾਰ ਕੇ ਦੁਨੀਆ ਵਿਚ ਮਸਤ ਬੰਦਿਆਂ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਬਲਦੀ ਰਹਿੰਦੀ ਹੈ ਤੇ ਸਾਰੀ ਉਮਰ ਮਾਇਆ ਦੀ ਖ਼ਾਤਰ ਭਟਕਣ ਕਰ ਕੇ ਫਿਰ ਉਹ ਕਈ ਜੂਨਾਂ ਵਿਚ ਭਟਕਦੇ ਹਨ। ਅਜੇਹੇ ਬੰਦਿਆਂ ਦੇ ਮੂੰਹੋਂ ਜਦੋਂ ਭੀ ਨਿਕਲਦੇ ਹਨ ਮੰਦੇ ਬੋਲ ਹੀ ਨਿਕਲਦੇ ਹਨ; ਮਨੁੱਖਾ ਜਨਮ ਦੇ ਅਸਲ ਮਨੋਰਥ ਤੋਂ ਖੁੰਝ ਕੇ ਉਹ ਸਾਰੀ ਉਮਰ ਖ਼ੁਆਰ ਹੀ ਹੁੰਦੇ ਹਨ ਕਿਉਂਕਿ ਮਾਇਆ ਅਨੇਕ ਰੂਪ ਧਾਰ ਕੇ ਸਦਾ ਉਹਨਾਂ ਨੂੰ ਕੁਰਾਹੇ ਪਾਈ ਰੱਖਦੀ ਹੈ। ਇਤਨੇ ਦੁਖੀ ਰਹਿ ਕੇ ਭੀ ਮਾਇਆ ਵੇੜ੍ਹੇ ਜੀਵ ਮਾਇਆ ਦਾ ਮੋਹ ਛੱਡਣ ਨੂੰ ਤਿਆਰ ਨਹੀਂ ਹੁੰਦੇ; ਇਹ ਜਾਣਦੇ ਹੋਏ ਭੀ ਕਿ 'ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ' ਮਾਇਆ ਦਾ ਮੋਹ ਤਿਆਗ ਕੇ ਹਰਿ-ਨਾਮ ਦੇ ਗਾਹਕ ਨਹੀਂ ਬਣਦੇ। ਜਿਨ੍ਹਾਂ ਬੰਦਿਆਂ ਨੇ ਹਰਿ-ਨਾਮ ਦੇ ਥਾਂ ਵਿੱਦਿਆ, ਰਾਜ, ਭੁਇਂ ਆਦਿਕ ਨੂੰ ਜ਼ਿੰਦਗੀ ਦਾ ਆਸਰਾ-ਪਰਨਾ ਬਣਾ ਰੱਖਿਆ ਹੈ, ਉਹਨਾਂ ਦੀ ਸਾਂਝ-ਮਿਤ੍ਰਤਾ ਭੀ ਇਤਬਾਰ-ਜੋਗ ਨਹੀਂ ਹੁੰਦੀ।

ਲੰਮੀਆਂ ਜਟਾਂ ਵਾਲੇ ਜਾਂ ਰੋਡ-ਮੋਡ ਸੰਨਿਆਸੀ ਵੇਖ ਕੇ ਇਕ ਗ੍ਰਿਹਸਤੀ ਨੂੰ ਇਹ ਖ਼ਿਆਲ ਪੈਦਾ ਹੋ ਸਕਦਾ ਹੈ ਕਿ ਇਹ ਲੋਕ ਤਾਂ 'ਦੁਨੀ' ਛੱਡ ਕੇ 'ਦੀਨ' ਦੇ ਰਸਤੇ ਪਏ ਹੋਏ ਹਨ। ਪਰ ਇਹ ਗ਼ਲਤ ਹੈ, ਕੋਈ ਭੇਖ ਜਾਂ ਬਾਹਰਲਾ ਤਿਆਗ 'ਦੁਨੀ' ਦੇ ਮੋਹ ਤੋਂ ਬਚਾ ਨਹੀਂ ਸਕਦਾ, ਤੇ, ਜਦ ਤਕ ਇਹ ਮੋਹ ਕਾਇਮ ਹੈ ਤਦ ਤਕ ਸਹਿਮ ਜਿੰਦ ਨੂੰ ਖਾਂਦਾ ਹੀ ਰਹੇਗਾ। 'ਕਾਜਲ ਕੀ ਕੋਠਰੀ' ਜਗਤ ਵਿਚੋਂ ਬੇ-ਦਾਗ਼ ਰਹਿਣ ਲਈ ਹਰਿ-ਨਾਮ ਹੀ ਵਸੀਲਾ ਹੈ ਜੋ 'ਸਾਧ ਸੰਗਤਿ' ਵਿਚ ਰਿਹਾਂ ਸਿਮਰਿਆ ਜਾ ਸਕਦਾ ਹੈ।

ਅਜਬ ਖੇਡ ਬਣੀ ਪਈ ਹੈ! 'ਦੁਨੀ' ਦਾ ਵਪਾਰੀ ਜੀਵ ਹਰ ਵੇਲੇ ਮੌਤ ਦੇ ਸਹਿਮ ਹੇਠ ਦਬਿਆ ਰਹਿੰਦਾ ਹੈ, ਫਿਰ ਵੀ 'ਦੁਨੀ' ਦਾ ਮੋਹ ਤਿਆਗਣ ਨੂੰ ਤਿਆਰ ਨਹੀਂ; 'ਬਨ ਫਲ ਪਾਕੇ' ਵਾਂਗ ਇਹ ਜਨਮ ਭੀ ਅਜਾਈਂ ਗਵਾਂਦਾ ਹੈ ਤੇ ਮੁੜ ਚੌਰਾਸੀ ਦੇ ਲੰਮੇ ਗੇੜ ਵਿਚ ਪੈ ਜਾਂਦਾ ਹੈ। 30।


31 ਤੋਂ 40 ਤਕ:

ਸਰੀਰ ਦਾ ਮੋਹ ਮਨੁੱਖ ਨੂੰ 'ਦੁਨੀਆ' ਦੀ ਦੋੜ-ਭੱਜ ਵੱਲ ਪ੍ਰੇਰਦਾ ਹੈ, ਜੇ ਇਸ ਦੀ ਚਾਹ ਅਨੁਸਾਰ ਮਾਇਆ ਨਾ ਇਕੱਠੀ ਹੋਵੇ ਤਾਂ ਗਿਲੇ-ਗੁਜ਼ਾਰੀਆਂ ਕਰਦਾ ਹੈ। ਪ੍ਰਭੂ ਦੇ ਗੁਣ ਭੀ ਗਾਵੇ ਤੇ ਗਿਲੇ-ਗੁਜ਼ਾਰੀਆਂ ਭੀ ਕਰਦਾ ਰਹੇ = ਇਹ 'ਸਲਾਮੁ ਜਬਾਬੁ ਦੋਵੇ ਕਰੇ, ਮੁਢਹ ਘੁਥਾ ਜਾਇ'। ਪ੍ਰਭੂ ਨਾਲ ਪ੍ਰੀਤ ਦੀ ਪਰਖ ਵਿਚ ਉਹੀ ਮਨੁੱਖ ਪੂਰਾ ਉਤਰਦਾ ਹੈ ਜੋ 'ਦੁਨੀਆ' ਦੇ ਮੋਹ ਵਲੋਂ ਮਰ ਕੇ ਹਰਿ-ਨਾਮ ਦੇ ਪਿਆਰ ਵਿਚ ਜੀਉ ਪੈਂਦਾ ਹੈ। ਇਨਸਾਨੀ ਜ਼ਿੰਦਗੀ, ਮਾਨੋ, ਇਕ ਬੇੜੀ ਹੈ, ਕਈ ਜੂਨਾਂ ਵਿਚੋਂ ਲੰਘਣ ਕਰਕੇ ਇਹ ਬੇੜੀ ਪੁਰਾਣੀ ਹੋ ਚੁਕੀ ਹੈ, ਅਨੇਕਾਂ ਜਨਮਾਂ ਦੇ ਕੀਤੇ ਕੁਕਰਮਾਂ ਦੇ ਸੰਸਕਾਰ ਇਸ ਬੇੜੀ ਵਿਚ ਮਾਨੋ, ਛੇਕ ਹਨ, ਇਸ ਦੁਨੀਆ ਦੇ ਮੋਹ ਵਿਚ ਫਸਿਆ ਮਨੁੱਖ ਡੁੱਬਾ ਹੀ ਜਾਣੋ। ਫਿਰ, ਇਹ ਮੋਹ ਕਰਨਾ ਭੀ ਕਿਸ ਸ਼ੈ ਨਾਲ? ਸੋਹਣਾ ਸਰੀਰ ਆਖ਼ਰ ਮਿੱਟੀ ਵਿਚ ਮਿਲ ਜਾਂਦਾ ਹੈ, ਮਹਲ ਮਾੜੀਆਂ ਛੱਡਣੇ ਪੈ ਜਾਂਦੇ ਹਨ, ਧਨ ਪਦਾਰਥ ਜਾਂਦਿਆਂ ਚਿਰ ਨਹੀਂ ਲਗਦਾ।


ਮੁਖ ਭਾਵ:

ਦੁਨੀਆਵੀ ਪਦਾਰਥਾਂ ਤੇ ਭੋਗਾਂ ਨੂੰ ਸੁਖ ਦਾ ਸਾਧਨ ਸਮਝ ਕੇ ਹਰਿ-ਨਾਮ ਵਿਸਾਰਿਆਂ ਨਿਰੀ ਖ਼ੁਆਰੀ ਹੀ ਹੁੰਦੀ ਹੈ, ਤੇ ਇਹਨਾਂ ਨਾਲ ਸਾਥ ਭੀ ਨਹੀਂ ਨਿਭਦਾ।


ਸਲੋਕ ਨੰ: 41 ਤੋਂ 70 ਤਕ:

ਇਹ ਮਨੁੱਖਾ ਜਨਮ ਹੀ ਹਰਿ-ਨਾਮ ਦੇ ਸਿਮਰਨ ਦਾ ਵੇਲਾ ਹੈ; ਪਰ ਇਹ ਨਾਮ-ਧਨ ਇਕੱਠਾ ਕਰਨ ਲਈ ਜ਼ਰੂਰੀ ਹੈ ਕਿ ਮਨੁੱਖ ਪਹਿਲਾਂ ਸਰੀਰਕ ਮੋਹ ਛੱਡ ਕੇ ਵਿਕਾਰਾਂ ਨਾਲੋਂ ਸਾਂਝ ਤਿਆਗੇ। ਇਹਨਾਂ ਭੋਗਾਂ-ਵਿਕਾਰਾਂ ਦੀ ਪਾਂਇਆਂ ਅਸਲ ਵਿਚ ਇਤਨੀ ਕੁ ਹੀ ਜਾਣੋ, ਜਿਵੇ ਕਿਸੇ ਹੱਟੀ ਤੋਂ ਸੌਦਾ ਲੈ ਕੇ ਝੂੰਗੇ ਵਜੋਂ ਰਤਾ ਕੁ ਗੁੜ ਲੈ ਕੇ ਖਾ ਲਈਦਾ ਹੈ। ਦੁਨੀਆ ਦੇ ਭੋਗ ਤਾਂ ਕਿਤੇ ਰਹੇ, ਜੇ ਵਿੱਦਿਆ ਅਤੇ ਭਗਤੀ ਵਿਚੋਂ ਕੋਈ ਇੱਕ ਚੁਣਨੀ ਪੈ ਜਾਏ, ਤਾਂ ਵਿੱਦਿਆ ਛੱਡ ਕੇ ਹਰਿ-ਨਾਮ ਹੀ ਚੁਣਨਾ ਚਾਹੀਦਾ ਹੈ। ਇਥੇ ਸੰਸਾਰ ਵਿਚ ਜੀਵ ਦੀ ਜੋਗੀ ਵਾਲੀ ਹੀ ਚਾਰ ਦਿਨ ਦੀ ਫੇਰੀ ਹੈ; ਵਿਕਾਰਾਂ ਦੀ ਅੱਗ ਵਿਚ ਪੈ ਕੇ ਜਿਸ ਅਭਾਗੇ ਜੀਵ-ਜੋਗੀ ਦੀ ਸਰੀਰ ਗੋਦੜੀ ਸੜ ਕੇ ਕੋਲਾ ਹੋ ਗਈ, ਉਸ ਦੇ ਪੱਲੇ ਖੇਹ-ਖ਼ੁਆਰੀ ਹੀ ਪੈਂਦੀ ਹੈ। ਜੇ ਜੀਵ ਦੁਨੀਆਵੀ ਭੋਗ ਵਿੱਦਿਆ ਧਨ ਆਦਿਕ ਨੂੰ ਆਪਣੇ ਜੀਵਨ ਦਾ ਆਸਰਾ ਬਣਾ ਲਏ, ਤਾਂ ਮਾਇਆ ਦੇ 'ਪਾਂਚਉ ਲਰਿਕਾ' ਇਸ ਨੂੰ ਅਸਾਨੀ ਨਾਲ ਹੀ ਗ੍ਰਸ ਲੈਂਦੇ ਹਨ ਜਿਵੇਂ ਥੋੜ੍ਹੇ ਪਾਣੀ ਵਿਚ ਰਹਿੰਦੀ ਮੱਛੀ ਨੂੰ ਝੀਊਰ ਛੇਤੀ ਫੜ ਲੈਂਦਾ ਹੈ। ਇਹ ਭੋਗ ਸੁਆਦਲੇ ਜਾਪਦੇ ਹਨ, ਫਿਰ ਭੀ ਪ੍ਰਭੂ ਦੇ ਨਾਮ ਦੇ ਸਾਹਮਣੇ ਦੁਨੀਆ ਵਾਲੇ ਇਹ ਸਾਰੇ ਆਸਰੇ ਹੋਛੇ ਹਨ। ਨਿਖਸਮੀਆਂ ਤੇ ਮਲਾਹ-ਹੀਣ ਬੇੜੀਆਂ ਠਿੱਲ੍ਹਾਂ ਦੇ ਮੂੰਹ ਆ ਕੇ ਡੁੱਬ ਜਾਂਦੀਆਂ ਹਨ, ਇਸੇ ਤਰ੍ਹਾਂ ਜਿਸ ਜੀਵ ਦੀ ਜ਼ਿੰਦਗੀ ਦੀ ਬੇੜੀ ਦਾ ਕੋਈ ਗੁਰੂ-ਮਲਾਹ ਨਹੀਂ ਹੈ ਉਹ ਵਿਕਾਰਾਂ ਦੀਆਂ ਠਿੱਲ੍ਹਾਂ ਨਾਲ ਟੱਕਰ ਖਾ ਕੇ ਡੁੱਬ ਜਾਂਦੀ ਹੈ। ਵਿਕਾਰੀ ਕੁਸੰਗੀ ਤੋਂ ਬਚੋ, ਨਹੀਂ ਤਾਂ ਇਹਨਾਂ ਕਮਜ਼ੋਰ ਜੀਵ-ਹਰਨ ਵਿਕਾਰ-ਸ਼ਿਕਾਰੀਆਂ ਦੇ ਢਹੇ ਚੜ੍ਹਨੋਂ ਬਚ ਨਹੀਂ ਸਕੇਗਾ। 53।

ਤੀਰਥਾਂ ਤੇ ਰਿਹੈਸ਼ ਰੱਖਿਆਂ ਮਨ ਵਿਕਾਰਾਂ ਤੋਂ ਬਚ ਨਹੀਂ ਸਕਦਾ, ਉੱਚੀ ਜਾਤਿ ਵਿਚ ਜਨਮ ਲੈਣਾ ਭੀ ਕੋਈ ਸਹੈਤਾ ਨਹੀਂ ਕਰਦਾ, ਸਿਮਰਨ ਨਾਲ ਹੀ ਮਨ ਪਵਿਤ੍ਰ ਹੋ ਸਕਦਾ ਹੈ। ਤੀਰਥ-ਇਸ਼ਨਾਨ ਤੇ ਉੱਚੀ ਜਾਤਿ ਤਾਂ ਸਗੋਂ ਮਨ ਨੂੰ ਅਹੰਕਾਰ ਨਾਲ ਹਾਥੀ ਵਰਗਾ ਬਣਾ ਦੇਂਦੇ ਹਨ। ਜਾਇਦਾਦ ਦੀ ਮਲਕੀਅਤ ਦੀ ਲਾਲਸਾ, ਮਾਇਆ ਦੀ ਮਮਤਾ ਭੀ ਪ੍ਰਭੂ-ਚਰਨਾਂ ਵਿਚ ਜੁੜਨ ਨਹੀਂ ਦੇਂਦੀ। ਜਿਸ ਉੱਤੇ ਪ੍ਰਭੂ ਮੇਹਰ ਕਰੇ, ਉਹ ਕਿਰਤ-ਕਾਰ ਕਰਦਾ ਹੋਇਆ ਭੀ ਸੁਰਿਤ ਪ੍ਰਭੂ-ਚਰਨਾਂ ਵਿਚ ਰੱਖਦਾ ਹੈ। ਦਿਨ ਵੇਲੇ ਕਿਰਤ-ਕਾਰ ਕਰਦਿਆਂ ਸੁਰਤਿ ਪਰਮਾਤਮਾ ਦੀ ਯਾਦ ਵਿਚ ਰੱਖੋ, ਰਾਤ ਸੁੱਤੇ ਪਿਆਂ ਆਪਣੇ ਆਪ ਧਿਆਨ ਉਧਰ ਹੀ ਰਹੇਗਾ, ਇਸ ਤਰ੍ਹਾਂ ਉੱਠਦੇ ਬੈਠਦੇ ਜਾਗਦੇ ਸੁੱਤੇ ਹਰ ਵੇਲੇ ਪ੍ਰਭੂ-ਚਰਨਾਂ ਵਿਚ ਜੁੜਨ ਦੀ ਆਦਤ ਬਣ ਜਾਇਗੀ। ਪਰ ਜੇ ਸਾਰਾ ਦਿਨ 'ਬਡ ਬਡ ਰੂੰਧਹਿ ਠਾਉ', ਜੇਹੜੀ ਸੁਰਤਿ ਸਾਰਾ ਦਿਨ ਨਿਰੀਆਂ ਮੱਲਾਂ ਮੱਲਣ ਵਿਚ ਲੱਗੀ ਰਹੇ, ਉਹ ਪ੍ਰਭੂ-ਚਰਨਾਂ ਵਿਚ ਨਹੀਂ ਜੁੜ ਸਕਦੀ। ਜ਼ਿੰਦਗੀ ਦੀ ਸਾਰੀ ਦੌੜ-ਭੱਜ ਮੱਲਾਂ ਮੱਲਣ ਵਾਸਤੇ ਹੀ ਨਹੀਂ ਚਾਹੀਦੀ; ਪਰ ਦੂਜੇ ਪਾਸੇ, ਦੁਨੀਆ ਛੱਡ ਕੇ ਧੂਣੀਆਂ ਤਪਾਇਆਂ ਪੁੱਠੇ ਲਟਕਿਆਂ ਭੀ ਰੱਬ ਨਹੀਂ ਮਿਲਦਾ। ਅਸਾਂ ਕਿਰਤ-ਕਾਰ ਕਰਨੀ ਹੈ, ਤੇ ਹੱਕ ਦੀ ਕਿਰਤ ਕਰਦਿਆਂ ਉਸ ਦੇ ਦਰ ਤੋਂ ਨਾਮ ਦੀ ਦਾਤਿ ਭੀ ਮੰਗਣੀ ਹੈ। ਉਸ ਦੀ ਯਾਦ ਨਿਰੋਲ ਉਸ ਦੀ ਬਖ਼ਸ਼ਸ਼ ਹੈ ਕਿਸੇ ਜਪ ਤਪ ਦਾ ਕੋਈ ਮਾਣ ਨਹੀਂ ਕੀਤਾ ਜਾ ਸਕਦਾ, ਕੋਈ ਹੱਕ ਨਹੀਂ ਜਤਾ ਸਕਦਾ। 65।

ਜੇ ਪਭੂ ਦੇ ਦਰ ਤੇ ਟਿਕੇ ਰਹੀਏ ਤਾਂ 'ਲਾਖ ਅਹੇਰੀ' 'ਪਾਂਚਉ ਲਰਿਕਾ' ਆਦਿਕ ਵਿਚੋਂ ਕੋਈ ਭੀ ਜੀਵਨ ਦੇ ਸਹੀ ਰਾਹ ਵਿਚ ਰੋਕ ਨਹੀਂ ਪਾ ਸਕਦਾ। ਸਿਫ਼ਤਿ-ਸਾਲਾਹ ਦਾ ਹੁਲਾਰਾ ਇਕ ਐਸੀ ਤਾਕਤ ਹੈ ਕਿ ਸੰਸਾਰਕ ਮੋਹ ਦੀਆਂ ਠਿੱਲ੍ਹਾਂ ਵਿਚੋਂ ਅਡੋਲ ਹੀ ਮਨੁੱਖ ਨੂੰ ਉਤਾਂਹ ਚੁੱਕ ਲੈਂਦਾ ਹੈ ਤੇ ਡੁਬਣਂੋ ਬਚਾ ਲੈਂਦਾ ਹੈ। ਫਿਰ ਭੀ ਵਿਕਾਰੀ ਬੰਦੇ ਨੂੰ ਇਹ ਸਿਫ਼ਤਿ-ਸਾਲਾਹ ਚੰਗੀ ਨਹੀਂ ਲਗਦੀ, ਉਸ ਦਾ ਸੁਭਾਉ ਮੱਖੀ ਵਾਂਗ ਹੋ ਜਾਂਦਾ ਹੈ। ਜੋ ਸਦਾ ਬਦ-ਬੂ ਵਾਲੇ ਥਾਂ ਹੀ ਜਾਂਦੀ ਹੈ। ਕੋਈ ਅੰਞਾਣਾ ਹੋਵੇ ਚਾਹੇ ਸਿਆਣਾ ਹੋਵੇ, ਜੋ ਭੀ ਹਰਿ-ਨਾਮ ਦਾ ਸਿਮਰਨ ਤਿਆਗਦਾ ਹੈ ਉਹ ਮਾਇਕ ਮੋਹ ਵਿਚ ਡੁੱਬ ਕੇ ਆਤਮਕ ਮੌਤੇ ਮਰ ਰਿਹਾ ਹੈ, ਉਸ ਨੂੰ ਵਿਕਾਰ ਅੰਦਰੋ ਅੰਦਰ ਖੋਖਲਾ ਕਰੀ ਜਾਂਦੇ ਹਨ। 70।


ਮੁੱਖ ਭਾਵ:

ਇਹ ਮਨੁੱਖਾ ਜਨਮ ਹੀ ਸਿਮਰਨ ਦਾ ਵੇਲਾ ਹੈ, ਪਰ ਵਿਕਾਰਾਂ ਤੋਂ ਬਚਿਆਂ ਹੀ ਇਹ ਕਮਾਈ ਹੋ ਸਕਦੀ ਹੈ। ਤੇ, ਜਿਥੇ ਸਿਮਰਨ ਨਹੀਂ ਹੈ ਉਥੇ ਵਿਕਾਰ ਆ ਦਬਾਂਦੇ ਹਨ।


ਸਲੋਕ ਨੰ: 71 ਤੋਂ 101 ਤਕ:

ਜਿਸ ਮਨੁੱਖ ਨੂੰ ਪ੍ਰਭੂ-ਦਰ ਤੋਂ ਭਗਤੀ ਦੀ ਦਾਤਿ ਮਿਲਦੀ ਹੈ ਉਹ ਸਤੀ ਵਾਂਗ ਖ਼ੁਸ਼ੀ-ਖ਼ੁਸ਼ੀ ਸਰੀਰਕ ਮੋਹ ਨੂੰ ਸਾੜਦਾ ਹੈ, ਵਿਕਾਰਾਂ ਵਲੋਂ ਮੂੰਹ ਮੋੜਦਾ ਹੈ। ਗੰਨੇ ਨੂੰ ਮਿੱਠਾ ਰਸ ਮਿਲਦਾ ਹੈ, ਉਸ ਦੇ ਵੱਟੇ ਵਿਚ ਉਹ ਵੇਲਣੇ ਵਿਚ ਪੀੜੀਦਾ ਹੈ, ਤਿਵੇਂ ਗੁਣਾਂ ਦੇ ਬਦਲੇ ਆਪਾ-ਭਾਵ ਤੋਂ ਮਰਨਾ ਹੀ ਪੈਂਦਾ ਹੈ। ਇਸ ਸਰੀਰ ਦੀ ਪਾਂਇਆਂ ਭੀ ਕੱਚੇ ਘੜੇ ਵਾਂਗ ਚਾਰ ਦਿਨ ਦੀ ਹੀ ਹੈ, ਇਸ ਦਾ ਮੋਹ ਤਿਆਗ ਕੇ ਗੁਰੂ ਦੇ ਦੱਸੇ ਰਾਹ ਤੇ ਤੁਰਨਾ ਚਾਹੀਦਾ ਹੈ, ਕਿਉਂਕਿ ਰਾਖਵੇਂ ਕੁੱਤੇ ਵਾਂਗ ਇੱਕ ਮਾਲਕ ਦਾ ਹੋ ਰਹਿਣ ਵਿਚ ਆਦਰ ਤੇ ਸੁਖ ਹੈ, ਦਰ ਦਰ ਤੇ ਭਟਕਿਆਂ ਨਿਰਾਦਰੀ ਤੇ ਦੁੱਖ ਹੈ। ਗੁਰੂ-ਦਰ ਤੋਂ ਜਿਸ ਮਨੁੱਖ ਨੂੰ ਇਹ ਸੂਝ ਮਿਲਦੀ ਹੈ ਕਿ ਇਹਨਾਂ ਕਾਮਾਦਿਕਾਂ ਨੇ ਮੈਨੂੰ ਰੱਬ ਨਾਲੋਂ ਵਿਛੋੜ ਦਿੱਤਾ ਹੈ, ਪਰਮਾਤਮਾ ਤੋਂ ਵਿਛੋੜੇ ਦੇ ਅਹਿਸਾਸ ਦਾ ਇਕ ਐਸਾ ਡੰਗ ਉਸ ਨੂੰ ਵੱਜਦਾ ਹੈ ਕਿ ਵਿਕਾਰਾਂ ਦਾ ਕੋਈ ਮੰਤ੍ਰ ਉਸ ਉਤੇ ਚੱਲ ਨਹੀਂ ਸਕਦਾ। ਗੁਰੂ-ਪਾਰਸ ਉਸ ਨੂੰ ਸੋਨਾ ਬਣਾ ਦੇਂਦਾ ਹੈ, ਗੁਰੂ-ਚੰਦਨ ਉਸ ਦੇ ਅੰਦਰ ਸਿਮਰਨ ਦੀ ਸੁਗੰਧੀ ਪੈਦਾ ਕਰ ਦੇਂਦਾ ਹੈ। ਗੁਰ ਵਿਕਾਰਾਂ ਦੀ ਮਾਰ ਤੋਂ ਬਚਾ ਕੇ ਮੌਤ ਦਾ ਸਹਿਮ ਦੂਰ ਕਰ ਦੇਂਦਾ ਹੈ। ਇਥੇ ਸਦਾ ਨਹੀਂ ਟਿਕੇ ਰਹਿਣਾ, ਮੌਤ ਆਉਣੀ ਹੀ ਹੈ, ਤਾਂ ਫਿਰ ਮਨ-ਮੰਨੀਆਂ ਮੌਜਾਂ ਵਿਚ ਪੈ ਕੇ ਮਨੁੱਖਾ ਸਰੀਰ ਗਵਾ ਲੈਣਾ ਭਾਰੀ ਭੁੱਲ ਹੈ, ਇਹ ਮੁੜ ਛੇਤੀ ਨਹੀਂ ਮਿਲੇਗਾ। 80।

ਇਨਸਾਨ ਨੇ ਪਰਮਾਤਮਾ ਦੇ ਗੁਣ ਇਸ ਵਾਸਤੇ ਨਹੀਂ ਗਾਉਣੇ ਕਿ ਗੁਣਾਂ ਦਾ ਅੰਤ ਪਾਇਆ ਜਾ ਸਕੇ। ਗੁਣਾਂ ਦੇ ਨਾਲ ਮਨ ਨੂੰ ਮੁੜ ਮੁੜ ਜੋੜਿਆਂ ਮਨ ਵਿਚ ਗੁਣ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ, ਨੀਵੀਂ ਜਾਤਿ ਆਦਿਕ ਵਾਲਾ ਨਿਤਾਣਾ-ਪਨ ਦੂਰ ਹੋਣ ਲੱਗ ਪੈਂਦਾ ਹੈ। ਜਿਵੇਂ ਪਰਲੋਕ ਅੱਪੜੇ ਪਤੀ ਨੂੰ ਮਿਲਣ ਦੀ ਖ਼ਾਤਰ ਸਤੀ ਹੱਸ-ਹੱਸ ਕੇ ਆਪਣਾ ਸਰੀਰ ਚਿਖਾ ਵਿਚ ਸਾੜਦੀ ਹੈ, ਤਿਵੇਂ ਪ੍ਰਭੂ-ਪਤੀ ਨੂੰ ਮਿਲਣ ਵਾਸਤੇ ਜੀਵ-ਇਸਤਰੀ ਸਿਫ਼ਤਿ-ਸਾਲਾਹ ਦੀ ਬ੍ਰਹਮ-ਅਗਨੀ ਵਿੱਚ ਸਰੀਰਕ ਮੋਹ ਨੂੰ ਸਾੜਦੀ ਹੈ, ਮਨ-ਪੰਛੀ ਮਾਇਆ ਦੇ ਪਿੱਛੇ ਦੌੜਨੋਂ ਹੱਟ ਕੇ ਪ੍ਰਭੂ-ਚਰਨਾਂ ਵਿਚ ਟਿਕਿਆ ਰਹਿੰਦਾ ਹੈ, ਕੁਸੰਗ ਤੋਂ ਬਚੇ ਰਹੀਦਾ ਹੈ ਤੇ ਜਿੰਦ ਆਤਮਕ ਮੌਤੇ ਮਰਨੋਂ ਬਚ ਜਾਂਦੀ ਹੈ। ਨਿੰਦਿਆ ਇਕ ਐਸਾ ਚੰਦਰਾ ਦੋਖ ਹੈ ਮਨੁੱਖ ਹੋਰਨਾਂ ਦੇ ਐਬ ਫੋਲਦਾ ਫੋਲਦਾ ਆਪਣੇ ਮੰਦ-ਜੀਵਨ ਵਲੋਂ ਅਵੇਸਲਾ ਹੋ ਜਾਂਦਾ ਹੈ; ਪ੍ਰਭੂ ਦੀ ਸਿਫ਼ਤਿ-ਸਾਲਾਹ ਇਸ ਖ਼ਤਰਨਾਕ ਰਸਤੇ ਤੋਂ ਬਚਾਂਦੀ ਹੈ। ਸਿਫ਼ਤਿ-ਸਾਲਾਹ ਤੋਂ ਖੁੰਝਾ ਹੋਇਆ ਮਨੁੱਖ ਕੁਸੰਗ ਵਿਚ ਫਸਦਾ ਹੈ, ਸਹਜੇ ਸਹਜੇ ਉਸ ਦੀ ਕੋਮਲ ਜਿੰਦ ਵਿਕਾਰਾਂ ਵਿਚ ਸੜ ਕੇ ਕੋਲੇ ਹੋ ਜਾਂਦੀ ਹੈ, ਉਹ ਹਰ ਵੇਲੇ ਖਿੱਝਦਾ ਤੇ ਸੜਦਾ ਹੈ। ਇਹ ਖਿੱਝ, ਇਹ ਸਾੜਾ, ਇਹ ਕਾਲਖ ਮੁੱਕਣ ਵਿਚ ਨਹੀਂ ਆਉਂਦੇ, ਸੜਿਆ ਹੋਇਆ ਮਨੁੱਖ ਕੁਸੰਗ ਵਿਚ ਬੈਠਾ ਹੋਰ ਸੜਦਾ ਹੈ ਤੇ ਸੜਨ-ਖਿੱਝਣ ਦੀ ਇਹ ਇਕ ਲੰਮੀ ਕਹਾਣੀ ਬਣੀ ਰਹਿੰਦੀ ਹੈ। ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨ ਵਿਕਾਰਾਂ ਵਲੋਂ ਮਰ ਜਾਂਦਾ ਹੈ, ਮਨ ਦੇ ਮਰਨ ਨਾਲ ਜਾਤਿ-ਅਭਿਮਾਨ, ਸਰੀਰਕ ਮੋਹ, ਤ੍ਰਿਸ਼ਨਾ, ਕੁਸੰਗ, ਨਿੰਦਿਆ ਆਦਿਕ ਸਾਰੇ ਐਬ ਦੂਰ ਹੋ ਜਾਂਦੇ ਹਨ। 81।

ਪਰਮਾਤਮਾ ਦਾ ਨਾਮ ਹੀ ਵਿਕਾਰਾਂ ਵਲ ਭਟਕਣ ਤੋਂ ਬਚਾਂਦਾ ਹੈ, ਤੇ ਉਹ ਨਾਮ-ਸਾਧ-ਸੰਗਤਿ ਵਿਚ ਮਿਲਦਾ ਹੈ। ਤੇ, ਸਾਧ ਉਹ ਹਨ ਜਿਨ੍ਹਾਂ ਨੇ ਸਰਬ-ਵਿਆਪਕ ਪ੍ਰਭੂ ਨੂੰ ਚੇਤੇ ਰੱਖਿਆ ਹੋਇਆ ਹੈ, ਉਹਨਾਂ ਸੰਗਤਿ ਹੀ ਮਨ ਵਾਸਤੇ ਸ਼ਾਂਤੀ ਦੀ 'ਠੌਰ' ਹੈ। ਪਰ ਜਿਨ੍ਹਾਂ ਨੇ ਚੇਲਿਆਂ ਚਾਟੜਿਆਂ ਵਾਲਾ ਅਡੰਬਰ ਰਚ ਲਿਆ ਹੈ, ਜੋ ਬੰਦਗੀ ਵੱਲੋਂ ਖੁੰਝ ਕੇ ਆਪਣੀ ਸੇਵਾ ਪੂਜਾ ਵਿੱਚ ਹੀ ਮਸਤ ਹੋ ਗਏ ਹਨ, ਉਹ 'ਸਾਧ' ਨਹੀਂ ਹਨ। ਇਨਸਾਨੀ ਉੱਚ ਜੀਵਨ-ਰੂਪ ਰੁੱਖ ਦੀ ਚੋਟੀ ਤੇ ਅਪੜਾਣ ਲਈ 'ਸਾਧ', ਮਾਨੋ, ਡਾਲੀਆਂ ਹਨ ਜਿਨ੍ਹਾਂ ਦਾ ਆਸਰਾ ਲੈ ਕੇ ਮਨੁੱਖ ਨੇ ਚੋਟੀ ਤੇ ਅੱਪੜਨਾ ਹੈ; ਤੇ ਪਰ ਭੇਖੀ ਤੇ ਚੇਲੇ-ਚਾਟੜੇ ਹੀ ਬਨਾਣ ਵਾਲੇ ਸਾਧ ਕਮਜ਼ੋਰ ਟਾਹਣੀਆਂ ਹਨ, ਇਹਨਾਂ ਦਾ ਆਸਰਾ ਲਿਆਂ ਮੂੰਹ-ਭਾਰ ਡਿੱਗ ਕੇ ਆਤਮਕ ਮੌਤੇ ਮਰਨ ਦਾ ਖ਼ਤਰਾ ਪੈ ਜਾਂਦਾ ਹੈ। ਇਹ ਜੋ ਸਿਰ ਮੁਨਾ ਕੇ ਆਪਣੇ ਆਪ ਨੂੰ 'ਸਾਧ' ਸਮਝਦਾ ਫਿਰਦਾ ਹੈ, ਜੇ ਇਸ ਨੇ ਆਪਣੇ ਮਨ ਉਤੋਂ ਵਿਕਾਰਾਂ ਦੀ ਮੈਲ ਨਹੀਂ ਦੂਰ ਕੀਤੀ, ਤਾਂ ਸਿਰ ਦੇ ਕੇਸ ਮੁਨਾਇਆਂ ਤਾਂ ਇਹ 'ਸਾਧ' ਨਹੀਂ ਬਣ ਗਿਆ, ਅਜੇਹੇ ਬੰਦੇ ਸਗੋਂ ਸਾਕਤ ਹੁੰਦੇ ਹਨ, ਇਹਨਾਂ ਦੀ ਸੁਹਬਤਿ ਵਿਚ ਮਨ ਪਵਿਤ੍ਰ ਹੋਣ ਦੇ ਥਾਂ ਕਾਲਾ ਹੋ ਜਾਂਦਾ ਹੈ। ਮਨ ਨੂੰ ਸਾਧਣ ਵਾਲੇ ਗੁਰਮੁਖਾਂ ਦੀ ਸੰਗਤਿ ਵਿਚ ਰਿਹਾਂ ਦਿਨੋ-ਦਿਨ ਪਰਮਾਤਮਾ ਨਾਲ ਪਿਆਰ ਵਧਦਾ ਹੀ ਵਧਦਾ ਹੈ, ਐਸੇ ਸੁਭਾਗ ਬੰਦਿਆਂ ਦੀ ਸੰਗਤਿ ਕੀਤਿਆਂ ਜੇ ਕਿਰਤ-ਕਮਾਈ ਘਟਣ ਕਰਕੇ ਗਰੀਬੀ ਆਦਿਕ ਕਸ਼ਟ ਭੀ ਆ ਜਾਏ ਤਾਂ ਪਿਆ ਆਵੇ।


ਮੁੱਖ-ਭਾਵ:

ਗੁਣਾਂ ਦੇ ਵੱਟੇ ਆਪਾ-ਭਾਵ ਤੋਂ ਮਰਨਾ ਹੀ ਪੈਂਦਾ ਹੈ, ਵਿਕਾਰ ਛੱਡਣੇ ਹੀ ਪੈਂਦੇ ਹਨ, ਗੁਣ ਗਾਵਣ ਦੀ ਬਰਕਤਿ ਨਾਲ ਜਾਤਿ-ਅਭਿਮਾਨ, ਸਰੀਰਕ ਮੋਹ, ਤ੍ਰਿਸ਼ਨਾ, ਕੁਸੰਗ, ਨਿੰਦਿਆ ਆਦਿਕ ਸਾਰੇ ਐਬ ਦੂਰ ਹੋ ਜਾਂਦੇ ਹਨ। ਪਰ ਸਿਫ਼ਤਿ-ਸਾਲਾਹ ਦੀ ਇਹ ਦਾਤਿ ਸਾਧ ਸੰਗਤਿ ਵਿਚੋਂ ਮਿਲਦੀ ਹੈ।


ਸਲੋਕ ਨੰ: 102 ਤੋਂ 131 ਤਕ:

'ਤਨੁ ਧਨੁ' ਜਾਣ ਤੇ ਭੀ ਜੇ ਸਾਡਾ ਮਨ 'ਰਾਮਹਿ ਨਾਮਿ' ਸਮਾਇਆ ਰਹੇ ਤਾਂ ਭੀ ਇਹ ਸੌਦਾ ਬੜਾ ਸਸਤਾ ਹੈ ਕਿਉਂਕਿ ਨਾਮ ਦੀ ਬਰਕਤਿ ਨਾਲ ਸਰੀਰਕ ਮੋਹ ਮਾਤ ਪੈ ਜਾਂਦਾ ਹੈ; ਉਹ ਮਨ ਹੀ ਨਹੀਂ ਰਹਿ ਜਾਂਦਾ ਜੋ ਸਰੀਰਕ ਮੋਹ ਦਾ ਵਾਜਾ ਵਜਾਂਦਾ ਹੈ। ਵੇਦ ਆਦਿਕਾਂ ਦਾ ਕਰਮ-ਕਾਂਡ ਵਿਕਾਰਾਂ ਤੋਂ ਨਹੀਂ ਬਚਾ ਸਕਦਾ, ਬਾਹਰਲੇ ਧਰਮ-ਭੇਖ ਨਾਲ ਲੋਕ ਤਾਂ ਭਾਵੇਂ ਪਤੀਜ ਜਾਣ, ਪਰ ਅੰਦਰਲੇ ਪਾਪ ਪਰਮਾਤਮਾ ਤੋਂ ਲੁਕੇ ਨਹੀਂ ਰਹਿ ਸਕਦੇ।

ਪਰਮਾਤਮਾ ਦਾ ਸਿਮਰਨ ਛੱਡਣ ਦਾ ਹੀ ਨਤੀਜਾ ਹੈ ਕਿਤੇ ਕੋਈ ਸਾਰੀ ਉਮਰ ਨਿਰਾ ਟੱਬਰ ਹੀ ਪਾਲਦਾ ਪਾਲਦਾ ਆਤਮਕ ਮੌਤੇ ਮਰ ਜਾਂਦਾ ਹੈ, ਕਿਤੇ ਕੋਈ ਔਂਤਰੀ ਜਾਹਲ ਜ਼ਨਾਨੀ ਔਲਾਦ ਦੀ ਖ਼ਾਤਰ ਰਾਤ ਨੂੰ ਮਸਾਣ ਜਗਾਣ ਤੁਰ ਪੈਂਦੀ ਹੈ, ਕਿਤੇ ਕੋਈ ਇਸਤ੍ਰੀ ਸੀਤਲਾ ਆਦਿਕ ਦਾ ਵਰਤ ਰੱਖਦੀ ਫਿਰਦੀ ਹੈ। ਉਂਞ ਸਿਮਰਨ ਕਰਨਾ ਭੀ ਕੋਈ ਸੌਖੀ ਕਾਰ ਨਹੀਂ ਹੈ, ਦੁਨੀਆ ਦੇ ਚਸਕੇ ਛਡਣੇ ਪੈਂਦੇ ਹਨ। ਤੇ, ਜੋ ਕੋਈ ਸਿਮਰਨ ਕਰਦਾ ਹੈ ਉਸ ਦਾ ਆਪਣਾ ਆਤਮਾ ਉਸ ਦਾ ਪਿੰਡ ਉਸ ਦੀ ਕੁਲ ਸਭ ਪਵਿਤ੍ਰ ਹੋ ਜਾਂਦੇ ਹਨ। ਸਿਮਰਣ-ਹੀਨ ਰਾਜ-ਭਾਗ ਦੇ ਸੁਖ ਨਾਲੋਂ ਮੰਗ ਕੇ ਖਾਧਾ ਟੁੱਕਰ ਚੰਗਾ ਹੈ ਜੇ ਜ਼ਿੰਦਗੀ ਦੇ ਦਿਨ ਪ੍ਰਭੂ ਦੀ ਯਾਦ ਵਿਚ ਗੁਜ਼ਰਨ, ਕਿਉਂਕਿ ਨਾਮ ਤੋਂ ਬਿਨਾ ਹੋਰ ਕੋਈ ਕਿਸੇ ਦਾ ਤੋੜ ਨਿਭਣ ਵਾਲਾ ਸਾਥੀ ਨਹੀਂ ਹੁੰਦਾ। ਪਰ ਪ੍ਰਭੂ ਆਪ ਹੀ ਮੇਹਰ ਕਰੇ, ਤਾਂ ਹੀ ਇਹ ਜੀਵ ਗੁਣ ਗਾ ਸਕਦਾ ਹੈ। ਜਿਸ ਉੱਤੇ ਸਿਮਰਨ ਦੀ ਬਖ਼ਸ਼ਸ਼ ਨਹੀਂ ਹੁੰਦੀ ਉਸ ਦਾ ਸਾਰਾ ਹੀ ਟੱਬਰ (ਅੱਖਾਂ, ਕੰਨ, ਨੱਕ ਆਦਿਕ ਸਾਰੇ ਹੀ ਇੰਦ੍ਰਿਆਂ ਦਾ ਟੋਲਾ) ਵਿਕਾਰਾਂ ਵਿਚ ਜ਼ਰੂਰ ਡੁੱਬ ਜਾਂਦਾ ਹੈ। 115।

ਸਿਮਰਨ ਦੀ ਦਾਤਿ ਗੁਰਮੁਖਾਂ ਦੀ ਸੰਗਤਿ ਵਿਚ ਹੀ ਮਿਲਦੀ ਹੈ। ਸਤਸੰਗ ਵਿਚ ਜਾਣ ਲੱਗਿਆਂ ਕੋਈ ਆਸਰੇ ਨਹੀਂ ਢੂੰਢਣੇ ਚਾਹੀਦੇ, ਕੋਈ ਸਾਥ ਨਹੀਂ ਉਡੀਕਣਾ ਚਾਹੀਦਾ, ਕਿਉਂ ਕਿ ਆਮ ਤੌਰ ਤੇ ਹਰੇਕ ਜੀਵ ਮਮਤਾ ਵਿਚ ਬੱਝਾ ਪਿਆ ਹੈ, ਆਸਰੇ ਤੱਕਦਿਆਂ ਮਤਾਂ ਮਮਤਾ-ਬੱਝੇ ਸਾਥੀ ਦੀ ਪ੍ਰੇਰਨਾ ਵਿਚ ਹੀ ਆ ਜਾਵੀਏ। ਇਹ ਮਮਤਾ ਦੀ ਜੇਵੜੀ ਇਤਨੀ ਪੱਕੀ ਹੁੰਦੀ ਹੈ ਕਿ ਸੱਥਰ ਤੇ ਪਿਆ ਮਨੁੱਖ ਭੀ ਪ੍ਰਭੂ ਨੂੰ ਯਾਦ ਕਰਨ ਦੇ ਥਾਂ ਸੈਨਤਾਂ ਨਾਲ ਹੀ ਸੰਬੰਧੀਆਂ ਨੂੰ ਰੱਖੀ-ਰਖਾਈ ਮਾਇਆ ਦੀਆਂ ਗੱਲਾਂ ਸਮਝਾਣ ਦੇ ਜਤਨ ਕਰਦਾ ਹੈ। 118।

ਪ੍ਰਭੂ-ਦਰ ਤੋਂ ਸਿਮਰਨ ਦੀ ਦਾਤਿ ਮੰਗੋ। ਪਰਮਾਤਮਾ ਦੇ ਸੋਹਣੇ ਚਰਨਾਂ ਦੀ ਯਾਦ ਦੇ ਹੁਲਾਰੇ ਦਾ ਅਨੰਦ ਅਜੇਹਾ ਹੁੰਦਾ ਹੈ ਕਿ ਕਿਸੇ ਸੁਰਗ ਆਦਿਕ ਦਾ ਸੁਖ ਇਸ ਦੀ ਬਰਾਬਰੀ ਨਹੀਂ ਕਰ ਸਕਦਾ, ਤੇ ਨਰਕ ਆਦਿਕ ਦਾ ਕੋਈ ਡਰ ਨੇੜੇ ਨਹੀਂ ਢੁਕਦਾ। 122।

ਪਰ ਭਾਗ-ਹੀਣ ਮਨੁੱਖ ਦਾ ਹਾਲ ਵੇਖੋ! ਕੂੰਜ ਵਾਂਗ ਇਸ ਦੀ ਸੁਰਤਿ ਹਰ ਵੇਲੇ ਮਾਇਆ ਦੀ ਮਲਕੀਅਤ ਦੀ ਤਾਂਘ ਵਿਚ ਹੀ ਟਿਕੀ ਰਹਿੰਦੀ ਹੈ, ਤੇ ਪਪੀਹੇ ਵਾਂਗ ਸਦਾ ਇਹ ਵਿਲਕਦਾ ਹੀ ਰਹਿੰਦਾ ਹੈ। ਮਾਇਆ ਦੀ ਮਮਤਾ ਦਾ ਇਹ ਹਨੇਰਾ ਜਨਮਾਂ ਜਨਮਾਂਤਰਾਂ ਤਕ ਇਸ ਦੀ ਖ਼ਲਾਸੀ ਨਹੀਂ ਕਰਦਾ; ਪ੍ਰਭੂ ਚਰਨਾਂ ਤੋਂ ਵਿਛੁੜ ਕੇ ਮਾਇਆ ਦੀ ਖ਼ਾਤਰ ਇਹ ਦਰ ਦਰ ਤੇ ਤਰਲੇ ਲੈਂਦਾ ਹੈ। ਫਿਰ ਭੀ ਮੋਹ ਦੀ ਇਸ ਮਿੱਠੀ ਨੀਂਦ ਵਿਚੋਂ ਜਾਗਣ ਨੂੰ ਇਸ ਦਾ ਚਿੱਤ ਨਹੀਂ ਕਰਦਾ, ਕਦੇ ਨਹੀਂ ਸੋਚਦਾ ਕਿ ਇਕ ਦਿਨ ਇਹ ਸਭ ਕੁਝ ਸਦਾ ਲਈ ਛੱਡ ਜਾਣਾ ਪਏਗਾ। ਅਸਲ ਗੱਲ ਇਹ ਹੈ ਕਿ ਇਹ ਜਾਗ ਗੁਰਮੁਖਾਂ ਦੀ ਸੰਗਤਿ ਵਿਚ ਰਿਹਾਂ ਅਤੇ ਸਾਕਤਾਂ ਤੋਂ ਪਰੇ ਹਟਿਆਂ ਹੀ ਆ ਸਕਦੀ ਹੈ। 131।


ਮੁੱਖ ਭਾਵ:

ਪ੍ਰਭੂ ਦਾ ਸਿਮਰਨ ਛੱਡਿਆਂ ਕਈ ਕਿਸਮ ਦੇ ਸਹਿਮ ਤੇ ਭਰਮ-ਵਹਿਮ ਆ ਦਬਾਂਦੇ ਹਨ। ਪ੍ਰਭੂ ਦੇ ਚਰਨਾਂ ਵਿਚ ਜੁੜੇ ਰਹਿਣਾ ਸਭ ਤੋਂ ਚੰਗਾ ਸੁਰਗ ਅਤੇ ਵਿਛੁੜਨਾ ਨਰਕ ਹੈ। ਪਰ ਇਹ ਸਿਮਰਨ ਤਦੋਂ ਹੀ ਹੋ ਸਕਦਾ ਹੈ ਜੇ ਭਲਿਆਂ ਦੀ ਸੰਗਤਿ ਵਿਚ ਟਿਕੇ ਰਹੀਏ ਅਤੇ ਸਾਕਤਾਂ ਦੀ ਸੁਹਬਤਿ ਤੋਂ ਬਚੇ ਰਹੀਏ। 102 ਤੋਂ 103।


ਸਲੋਕ ਨੰ: 132 ਤੋਂ 183 ਤਕ:

ਸਾਧਾਰਨ ਤੌਰ ਤੇ ਸਿਮਰਨ ਦੀ ਆਦਤਿ ਪਕਾਣ ਦਾ ਸਮਾ ਬੁਢੇਪੇ ਤੋਂ ਪਹਿਲਾਂ ਪਹਿਲਾਂ ਹੀ ਹੁੰਦਾ ਹੈ, ਉਂਞ ਹੈ ਇਹ ਨਿਰੋਲ ਬਖ਼ਸ਼ਸ਼; ਬੁਢੇਪਾ ਹੋਵੇ ਚਾਹੇ ਜੁਆਨੀ, ਸਿਮਰਨ ਉਹੀ ਕਰਦਾ ਹੈ ਜਿਸ ਉੱਤੇ ਮੇਹਰ ਹੋਵੇ। ਤੇ, ਜੋ ਭਾਗਾਂ ਵਾਲੇ ਪੂਰੀ ਸਰਧਾ ਵਿਚ ਰਹਿ ਕੇ ਯਾਦ ਵਿਚ ਜੁੜੇ ਰਹਿੰਦੇ ਹਨ ਉਹਨਾਂ ਦਾ ਜੀਵਨ ਕਬੂਲ ਪੈਂਦਾ ਹੈ। ਪਰ ਮੂਰਤੀ-ਪੂਜਾ ਤੇ ਤੀਰਥ-ਇਸ਼ਨਾਨ ਦੇ, 'ਭਰਵਾਸੇ ਜੋ ਰਹੇ, ਬੂਡੇ ਕਾਲੀ ਧਾਰ'। ਪੰਡਿਤਾਂ ਦੀ ਇਸ ਕੈਦ ਵਿਚੋਂ ਨਿਕਲ ਕੇ ਪਰਮਾਤਮਾ ਦਾ ਸਿਮਰਨ ਕਰੋ, ਤੇ ਅੱਜ-ਕੱਲ ਆਖਦਿਆਂ ਸਮਾ ਅਜ਼ਾਈਂ ਨਾਹ ਜਾਣ ਦਿਓ। 138।

ਪਰਮਾਤਮਾ ਦੀ ਯਾਦ ਤੋਂ ਖੁੰਝਿਆ ਹੋਇਆ ਮਨੁੱਖ ਭਾਵੇਂ ਕਿਤਨਾ ਹੀ ਚੁਸਤ-ਚਾਲਾਕ ਦਿੱਸਦਾ ਹੋਵੇ, ਅਸਲ ਵਿਚ ਉਹ ਅਕਲ ਤੋਂ ਸੱਖਣਾ ਹੁੰਦਾ ਹੈ। ਸਿਆਣਾ ਉਸੇ ਨੂੰ ਜਾਣੋ ਜੋ ਪ੍ਰਭੂ ਦੀ ਭਗਤੀ ਤੋਂ ਨਹੀਂ ਖੁੰਝਦਾ; ਉਹ ਮਨੁੱਖ ਭੌਰੇ ਵਾਂਗ ਪ੍ਰਭੂ-ਪਿਆਰ ਦੀ ਸੁਗੰਧੀ ਵਿਚ ਲੀਨ ਰਹਿੰਦਾ ਹੈ। ਜੋ ਮਨੁੱਖ ਨਿਰਾ ਕੁਟੰਬ ਦੇ ਗਾੜ੍ਹ ਵਿਚ ਫਸਿਆ ਪਿਆ ਹੈ, ਪਰਮਾਤਮਾ ਦਾ ਭਜਨ ਉਸ ਦੇ ਹਿਰਦੇ ਤੋਂ ਲਾਂਭੇ ਹੀ ਰਹਿ ਜਾਂਦਾ ਹੈ, ਅਜੇਹੇ ਸਾਕਤਾਂ ਨਾਲੋਂ ਤਾਂ ਸੂਰ ਹੀ ਚੰਗਾ ਜੋ ਪਿੰਡਾਂ ਦੇ ਦੁਆਲੇ ਦਾ ਗੰਦ ਖਾ ਕੇ ਪਿੰਡ ਨੂੰ ਸਾਫ਼-ਸੁਥਰਾ ਰੱਖਦਾ ਹੈ। ਨਿਰਾ ਧਨ ਕਮਾਣ ਵਾਲੇ ਬੰਦੇ ਉਮਰ ਅਜਾਈਂ ਗਵਾਂਦੇ ਹਨ, ਪਰ ਨਿਰੇ ਭੇਖ ਨੂੰ ਹੀ ਭਗਤੀ-ਮਾਰਗ ਸਮਝਣ ਵਾਲੇ ਭੀ ਕੁਝ ਨਹੀਂ ਖੱਟ ਰਹੇ। ਅਭਿਮਾਨ ਤਿਆਗਣਾ ਹੈ, ਹਿਰਦੇ ਨੂੰ ਕੋਮਲ ਬਨਾਣਾ ਹੈ, ਸਭ ਨਾਲ ਅਜੇਹਾ ਸਾਂਵਾਂ ਸਲੂਕ ਕਰਨਾ ਹੈ ਕਿ 'ਜੈਸਾ ਹਰਿ ਹੀ ਹੋਇ' ਵੈਸਾ ਬਣਨਾ ਹੈ– ਅਜੇਹੀ ਅਵਸਥਾ ਵਿਚ ਅਪੜੇ ਮਨੁੱਖ ਨੂੰ ਸਤਸੰਗ ਤੋਂ ਵਧੀਕ ਪਿਆਰਾ ਥਾਂ ਲਗਦਾ ਹੈ, ਉਸ ਦਾ ਮਨ ਉਸ ਪੱਤਣ ਤੇ ਜਾ ਟਿਕਦਾ ਹੈ ਜਿਥੇ ਸਹਿਜ-ਅਵਸਥਾ ਹੈ ਤੇ ਜਿਥੇ ਮਾਇਕ ਪਦਾਰਥਾਂ ਦੇ ਫੁਰਨਿਆਂ ਵਲੋਂ ਸੁੰਞ ਹੈ। ਅਜੇਹੇ ਮਨੁੱਖ ਦੇ ਉੱਚੇ ਜੀਵਨ ਦੀ ਕੀਮਤ ਨਹੀਂ ਪੈ ਸਕਦੀ। 153।

ਪਰ "ਊਚ ਭਵਨ ਕਨਕਾਮਨੀ" ਆਦਿਕ ਪਦਾਰਥਾਂ ਵਿਚ ਮਸਤ ਰਹਿਣ ਕਰਕੇ ਇਹ ਹੀਰਾ-ਜਨਮ "ਕਉਡੀ ਬਦਲੈ'' ਜਾਂਦਾ ਹੈ ਕਿਉਂਕਿ ਦੁਨੀਆ ਦੀਆਂ ਮੌਜਾਂ ਦੇ 'ਲੋਭ' ਦੇ ਕਾਰਨ ਮਨੁੱਖ ਆਤਮਕ ਮੌਤ ਸਹੇੜ ਲੈਂਦਾ ਹੈ। (ਇਸ ਦਾ ਇਹ ਭਾਵ ਨਹੀਂ ਕਿ ਦੁਨੀਆ 'ਤਿਆਗ' ਕੇ ਕਿਤੇ ਜੰਗਲੀਂ ਜਾ ਬੈਠਣਾ ਹੈ, ਇਹ ਤਰੀਕਾ ਤਾਂ ਸਗੋਂ ਮਾਨ-ਅਹੰਕਾਰ ਪੈਦਾ ਕਰਦਾ ਹੈ। ਹੀਰੇ ਜਨਮ ਨੂੰ "ਕਉਡੀ ਬਦਲੈ" ਜਾਣ ਤੋਂ ਬਚਾਣ ਦਾ ਬੱਸ, ਇਕੋ ਹੀ ਰਸਤਾ ਹੈ, ਉਹ ਹੈ ਸਤਿਗੁਰੂ ਦੀ ਸਰਨ। ਪਰ ਗੁਰੂ-ਦਰ ਤੇ ਭੀ ਰਸਮੀ ਤੌਰ ਤੇ ਨਹੀਂ ਆਉਣਾ। ਆਪਣੀ ਚਤੁਰਾਈ ਛੱਡ ਕੇ ਗੁਰੂ ਦੇ ਦੱਸੇ ਰਾਹ ਉੱਤੇ ਤੁਰਨਾ ਹੈ) ਸੋ, "ਬਿਖੈ ਕਉ ਮਾਂਗ" ਸਵਾਰਨ ਵਾਲੀ "ਛਤ੍ਰਪਤਿ ਕੀ ਨਾਰਿ" ਨਾਲੋਂ "ਹਰਿ ਜਨ ਕੀ ਪਨਿਹਾਰ" ਭਾਗਾਂ ਵਾਲੀ ਹੈ ਕਿਉਂ ਕਿ ਸਾਧ ਸੰਗਤਿ ਵਿਚ ਰਹਿ ਕੇ "ਓਹ ਸਿਮਰੈ ਹਰਿ ਨਾਮੁ"। (ਗੁਰ-ਸ਼ਬਦ ਦੀ ਬਰਕਤਿ ਨਾਲ ਹਰਿ-ਨਾਮ ਦੀ ਕਦਰ ਜਾਨਣ ਵਾਲੇ ਵਡਭਾਗੀ ਬੰਦੇ ਸੰਤ-ਸੰਗ ਵਿਚ ਰਲ ਕੇ ਬੜੇ ਖਿੱਚ ਪਿਆਰ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਹਨ। ਇੱਥੇ ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਇਕ ਤਾਂ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦੇਵੀ ਦੇਵਤੇ ਦੀ ਪੂਜਾ ਨਾ ਕਰੋ, ਦੂਜੇ, ਪਰਮਾਤਮਾ ਦਾ ਮਿਲਾਪ ਸਿਰਫ਼ ਸਤਸੰਗ ਵਿਚ ਹੈ, ਕਰਮ ਕਾਂਡੀ ਪੰਡਿਤਾਂ ਅੱਗੇ ਨੱਕ ਨਾਹ ਰਗੜਦੇ ਫਿਰੋ। ਕਰਮ-ਕਾਂਡ ਦੀ ਕੈਦ ਵਿਚ ਕੁਲਾਰੀਤ ਭੀ ਬੜਾ ਜਕੜ ਰੱਖਦੀ ਹੈ, ਇਸ ਨੂੰ ਭੀ ਨਿਡਰ ਹੋ ਕੇ ਤਿਆਗਣਾ ਪਏਗਾ) । ਨਿਰੀਆਂ ਜਾਇਦਾਦਾਂ ਦੀਆਂ ਮੱਲਾਂ ਮੱਲਣ ਨਾਲੋਂ ਮੰਗਤਾ ਬਣ ਕੇ ਘਰ ਘਰ ਤੋਂ ਮੰਗੀ ਹੋਈ ਰੋਟੀ ਖਾ ਕੇ ਗੁਜ਼ਾਰਾ ਕਰ ਲੈਣਾ ਚੰਗਾ ਹੈ ਕਿਉਂਕਿ ਮਲਕੀਅਤਾਂ ਬਣਾਇਆਂ ਮਨੁੱਖ ਦੇ ਅੰਦਰ ਖਿੱਝ-ਸੜਨ ਪੈਦਾ ਹੁੰਦੀ ਹੈ। ਪ੍ਰਭੂ ਸੰਸਾਰ ਦੇ ਜ਼ੱਰੇ ਜ਼ੱਰੇ ਵਿਚ ਵੱਸਦਾ ਹੋਵੇ, ਪਰ ਲੋਕ ਮੱਲਾਂ ਮੱਲਣ ਦੇ ਆਹਰੇ ਲੱਗ ਕੇ ਤ੍ਰਿਸ਼ਨਾ ਅੱਗ ਵਿਚ ਸੜਦੇ ਹੋਏ ਉਸ ਘਟ-ਘਟ ਵਾਸੀ ਨੂੰ ਨਾਹ ਪਛਾਣ ਸਕਣ = ਇਹ ਕਿਤਨੀ ਹਸਰਤਿ-ਭਰੀ ਘਟਨਾ ਹੈ! ਮਲਕੀਅਤਾਂ ਤੋਂ ਪੈਦਾ ਹੋਈ ਅੰਦਰਲੀ ਤਪਸ਼ ਦੇ ਕਾਰਨ ਮਨੁੱਖ ਦੇ ਗਿਆਨ-ਇੰਦ੍ਰਿਆਂ ਵਿਚੋਂ ਪ੍ਰਭੂ ਵਾਲੇ ਪਾਸੇ ਦੀ ਲੋ ਘਟਦੀ ਜਾਂਦੀ ਹੈ; ਮਾਇਆ ਅਨੇਕ ਰੂਪਾਂ ਵਿਚ ਮਨੁੱਖ ਨੂੰ ਮੋਹ ਰਹੀ ਹੈ, ਮਨੁੱਖ ਇਸ ਮਾਇਆ ਦੀ ਹਰੇਕ ਮੌਜ ਨੂੰ ਆਪਣੀ ਮਲਕੀਅਤ ਬਣਾਣ ਦੀ ਕੋਸ਼ਸ਼ ਕਰਦਾ ਹੈ। ਸੋ, ਮੱਲਾਂ ਮੱਲਣ ਤੋਂ ਪੈਦਾ ਹੋਈ ਅੰਦਰਲੀ ਅੱਗ, ਮਾਨੋ, ਹਰੇਕ ਪਾਸੇ ਵਲੋਂ ਲੱਗੀ ਹੋਈ ਹੈ। ਜੋ ਮਲਕੀਅਤ ਬਨਾਣ ਦੀ ਇਸ ਕੋਸ਼ਸ਼ ਵਲੋਂ ਬੇ-ਪਰਵਾਹ ਰਹਿੰਦੇ ਹਨ, ਉਹਨਾਂ ਨੂੰ ਦੁਨੀਆ ਮੂਰਖ ਆਖਦੀ ਹੈ। ਜਿਸ ਕਿਸੇ ਨੂੰ ਵਿੱਦਿਆ ਹਾਸਲ ਕਰਨ ਦਾ ਮੌਕਾ ਮਿਲਿਆ ਹੈ ਉਸ ਨੂੰ ਚਾਹੀਦਾ ਹੈ ਕਿ ਉਸ ਦੀ ਰਾਹੀਂ ਦੁਨੀਆ ਮਲਕੀਅਤਾਂ ਵਿਚ ਖਿੱਝਣ ਦੇ ਥਾਂ ਵਿਚਾਰਵਾਨ ਬਣੇ ਅਤੇ ਪਰਮਾਤਮਾ ਦਾ ਸਿਮਰਨ ਕਰੇ। 173।

ਜਿਵੇਂ ਸੱਪਾਂ ਨਾਲ ਘਿਰਿਆ ਹੋਇਆ ਭੀ ਚੰਦਨ ਦਾ ਬੂਟਾ ਆਪਣੀ ਅੰਦਰਲੀ ਠੰਢਕ ਨਹੀਂ ਤਿਆਗਦਾ, ਤਿਵੇਂ ਸਿਮਰਨ ਦੀ ਬਰਕਤਿ ਨਾਲ ਸੰਤ-ਗੁਰਮੁਖ ਕ੍ਰੋੜਾਂ ਭੈੜੇ ਬੰਦਿਆਂ ਨਾਲ ਵਾਹ ਪੈਣ ਤੇ ਭੀ ਸ਼ਾਂਤ ਸੁਭਾਉ ਨਹੀਂ ਛੱਡਦਾ। ਹਜ਼ੂਰੀ ਵਿਚ ਰਹਿਣ ਵਾਲੇ ਨੂੰ ਪਤਾ ਹੁੰਦਾ ਹੈ ਕਿ ਮਾਇਆ ਦੀ ਸੜਨ ਤੋਂ ਬਚਣ ਲਈ ਮਾਇਆ ਦੇ ਰਚਨਹਾਰ ਪ੍ਰਭੂ ਦੇ ਚਰਨਾਂ ਵਿਚ ਜੁੜੇ ਰਹਿਣਾ ਹੀ ਸਹੀ ਤਰੀਕਾ ਹੈ। ਮਾਇਆ ਦੇ ਅਸਰ ਹੇਠ ਸਦਾ ਇਹ ਖ਼ਤਰਾ ਰਹਿੰਦਾ ਹੈ ਕਿ ਜੀਵ ਗੜੇ (ਅਹਿਣ) ਵਾਂਗ ਕਠੋਰ ਨਾਹ ਬਣ ਜਾਏ, ਇਸ ਨੂੰ ਅੰਤਰ ਆਤਮੇ (ਸੂਰਜ ਦੇ) ਨਿੱਘ ਦੀ ਲੋੜ ਹੈ, ਇਹ ਨਿੱਘ (ਪਿਆਰ) ਤੇ ਇਹ ਸੀਤਲਤਾ ਗੁਰੂ ਪਰਮਾਤਮਾ ਦੇ ਚਰਨਾਂ ਵਿਚ ਜੁੜਿਆਂ ਮਿਲਦੇ ਹਨ। ਅਜਬ ਖੇਡ ਬਣੀ ਪਈ ਹੈ! ਜੀਵਨ ਦੇ ਇਸ ਭੇਤ ਨੂੰ ਨਾਹ ਸਮਝਣ ਕਰ ਕੇ ਲੋਕ ਦਾਝਨ, ਸੰਸੇ, ਕਠੋਰਤਾ ਆਦਿਕ ਵਿਚ ਵਿਲਕਦੇ ਭੀ ਰਹਿੰਦੇ ਹਨ ਤੇ ਵਿਕਾਰਾਂ ਦਾ ਖਹਿੜਾ ਫਿਰ ਭੀ ਨਹੀਂ ਛੱਡਦੇ। ਪ੍ਰਭੂ-ਚਰਨਾਂ ਵਿਚ ਜੁੜੇ ਰਹਿਣ ਵਾਲਾ ਬੰਦਾ ਇਸ ਮਾਇਆ ਦਾ ਸਦਾ ਟਾਕਰਾ ਕਰਦਾ ਹੈ, ਉਂਞ ਇਹ ਕੰਮ ਬੜਾ ਹੀ ਔਖਾ ਹੈ। ਜੋ ਭਾਗਾਂ ਵਾਲਾ ਮਨੁੱਖ ਗੁਰੂ ਦੇ ਸ਼ਬਦ-ਨੇਜ਼ੇ ਦੀ ਸੱਟ ਸਹਾਰਦਾ ਰਹਿੰਦਾ ਹੈ, ਬਿਰਹਣੀ ਨਾਰ ਵਾਂਗ ਉਸ ਦੇ ਅੰਦਰ ਪ੍ਰਭੂ ਪਤੀ ਦੇ ਮਿਲਣ ਦੀ ਤਾਂਘ ਪੈਦਾ ਹੋ ਜਾਂਦੀ ਹੈ ਤੇ ਮਾਇਆ ਵਾਲੇ ਦਾਝਨ, ਸੰਸੇ ਆਦਿਕ ਉਸ ਨੂੰ ਦੁਖੀ ਨਹੀਂ ਕਰ ਸਕਦੇ। 183।


ਮੁੱਖ ਭਾਵ:

ਵੇਲੇ-ਸਿਰ ਜਦੋਂ ਕਿ ਸਰੀਰ ਵਿਚ ਸਤਿਆ ਹੈ ਪਰਮਾਤਮਾ ਦਾ ਭਜਨ ਕਰੋ। ਜਗਤ ਵਿਚ ਬੇਅੰਤ ਵਿਕਾਰ ਤੇ ਝੰਬੇਲੇ ਹਨ ਜੋ ਇਨਸਾਨੀ ਜ਼ਿੰਦਗੀ ਨੂੰ ਦੁਖੀ ਬਣਾਈ ਰੱਖਦੇ ਹਨ, ਇਹਨਾਂ ਤੋਂ ਬਚੇ ਰਹਿਣ ਲਈ ਪ੍ਰਭੂ-ਚਰਨਾਂ ਵਿਚ ਜੁੜੇ ਰਹਿਣਾ ਹੀ ਸਹੀ ਤਰੀਕਾ ਹੈ।


ਸਲੋਕ ਨੰ: 184 ਤੋਂ 227 ਤਕ

ਮਜ਼ਹਬ ਨੇ, ਮਜ਼ਹਬ ਦੀ ਰਹੁ ਰੀਤੀ ਨੇ, ਬਾਂਗ ਨਿਮਾਜ਼ ਹੱਜ ਆਦਿਕ ਨੇ, ਦਿਲ ਦੀ ਸਫ਼ਾਈ ਸਿਖਾਣੀ ਹੈ; ਪਰ ਜੇ ਰਿਸ਼ਵਤ ਤਅੱਸਬ ਆਦਿਕ ਨਾਲ ਦਿਲ ਨਿਰਦਈ ਹੋ ਚੁਕਾ ਹੈ, ਤੇ, ਜੇ ਸਗੋਂ ਇਹੀ ਧਾਰਮਿਕ ਕੰਮ ਦਿਲ ਨੂੰ ਹੋਰ ਕਠੋਰ ਬਣਾਈ ਜਾ ਰਹੇ ਹਨ, ਤਾਂ ਇਹਨਾਂ ਦੇ ਕਰਨ ਦਾ ਕੋਈ ਲਾਭ ਨਹੀਂ ਹੈ। ਜਿਸ ਮਨੁੱਖ ਦੇ ਆਪਣੇ ਮਨ ਵਿਚ ਸ਼ਾਂਤੀ ਨਹੀਂ ਆਈ, ਉਸ ਦੇ ਭਾਣੇ ਰੱਬ ਕਿਤੇ ਭੀ ਨਹੀਂ ਹੈ। ਜਾਨਵਰ ਦੀ ਕੁਰਬਾਨੀ ਦਿੱਤਿਆਂ ਪਾਪ ਨਹੀਂ ਬਖ਼ਸ਼ੇ ਜਾਂਦੇ, ਇਹ ਮਾਸ ਤਾਂ ਕੁਰਬਾਨੀ ਦੇਣ ਵਾਲੇ ਰਲ ਮਿਲ ਕੇ ਆਪ ਹੀ ਖਾ ਲੈਂਦੇ ਹਨ। 188।

ਬ੍ਰਾਹਮਣ ਪਾਸੋਂ ਜਨੇਊ ਪੁਆ ਕੇ, ਉਸ ਨੂੰ ਗੁਰੂ ਧਾਰ ਕੇ, ਠਾਕੁਰ-ਪੂਜਾ ਅਤੇ ਦਿਨ-ਦਿਹਾਰ ਸਮੇ ਬ੍ਰਹਮਣ ਦੀ ਸੇਵਾ ਨੂੰ ਹਿੰਦੂ ਆਪਣਾ ਮੁੱਖ ਧਰਮ ਸਮਝ ਲੈਂਦਾ ਹੈ; ਪਰ ਇਸ ਗੱਲ ਵਲ ਉਹ ਕਦੇ ਧਿਆਨ ਨਹੀਂ ਦੇਂਦਾ ਕਿ ਜੀਵਨ ਵਿਚ ਕੀਹ ਫ਼ਰਕ ਪਿਆ ਹੈ। ਪਰਾਈ ਨਿੰਦਾ ਕਰਨੀ ਤੇ ਸੁਣਨੀ, ਵਿਕਾਰਾਂ ਵਾਲੇ ਪਾਸੇ ਜਾਣਾ, ਅਹੰਕਾਰ = ਅਜੇਹੇ ਮੰਦ ਕਰਮਾਂ ਨੂੰ ਤਿਆਗਣ ਦਾ ਖ਼ਿਆਲ ਭੀ ਨਹੀਂ ਆਉਂਦਾ, ਫਿਰ ਭੀ ਸਮਝਦਾ ਹੈ ਕਿ ਮੈਂ ਗੁਰੂ-ਪ੍ਰੋਹਤ ਵਾਲਾ ਹਾਂ। ਪਰ ਜੇ ਪ੍ਰਭੂ ਦੀ ਮਿਹਰ ਨਾਲ ਮਨੁੱਖ ਨੂੰ ਗੁਰੂ ਮਿਲ ਪਏ, ਗੁਰੂ ਇਸ ਦੀ ਸਰੀਰ-ਧਰਤੀ ਨੂੰ ਅਜੇਹਾ ਸੰਵਾਰ ਦੇਂਦਾ ਹੈ ਕਿ ਇਹ ਆਪਣਾ ਜੀਵਨ ਭੀ ਸਫਲਾ ਕਰ ਲੈਂਦਾ ਹੈ ਤੇ ਹੋਰਨਾਂ ਦੀ ਭੀ ਸੇਵਾ ਕਰਦਾ ਹੈ, ਕੋਈ ਵਿਕਾਰ ਕੋਈ ਕੁਸੰਗ ਇਸ ਨੂੰ ਇਸ ਸੋਹਣੇ ਰਸਤੇ ਤੋਂ ਉਖੇੜ ਨਹੀਂ ਸਕਦਾ। 196।

ਖ਼ੁਦਾ ਦੇ ਨਾਮ ਤੇ ਗਾਂ ਆਦਿਕ ਦੀ ਕੁਰਬਾਨੀ ਦੇ ਦੇਣੀ, ਰਲ ਮਿਲ ਕੇ ਖਾ ਪੀ ਜਾਣਾ ਸਭ ਕੁਝ ਆਪ ਹੀ, ਤੇ ਫਿਰ ਇਹ ਸਮਝ ਲੈਣਾ ਕਿ ਇਸ ਕੁਰਬਾਨੀ ਦੇ ਇਵਜ਼ ਅਸਾਡੇ ਗੁਨਾਹ ਬਖ਼ਸ਼ ਦਿੱਤੇ ਗਏ ਹਨ– ਇਹ ਬੜਾ ਭਾਰਾ ਭੁਲੇਖਾ ਹੈ। ਖ਼ੁਦਾ ਨੂੰ ਖ਼ੁਸ਼ ਕਰਨ ਦਾ ਇਹ ਤਰੀਕਾ ਨਹੀਂ ਹੈ, ਖ਼ੁਦਾ ਖ਼ੁਸ਼ ਹੁੰਦਾ ਹੈ ਦਿਲ ਦੀ ਪਾਕੀਜ਼ਗੀ-ਪਵਿਤ੍ਰਤਾ ਨਾਲ। ਜੇ ਦਿਲ ਵਿਚ ਕਠੋਰਤਾ ਤੇ ਵਿਕਾਰ ਹਨ, ਤਾਂ ਅਨੇਕਾਂ ਵਾਰੀ ਰੱਜ ਕਰਨ ਤੇ ਭੀ ਖ਼ੁਦਾ ਖ਼ੁਸ਼ ਹੋ ਕੇ ਹਾਜੀ ਨੂੰ ਦੀਦਾਰ ਨਹੀਂ ਦੇਂਦਾ। 201।

ਇਨਸਾਨ ਦੇ ਹਿਰਦੇ ਦੀ ਦ੍ਵੈਤ-ਮੇਰ-ਤੇਰ ਇਨਸਾਨੀ ਜ਼ਿੰਦਗੀ ਦੇ ਸਫ਼ਰ ਵਿਚ ਇਕ ਬੜੀ ਔਖੀ ਘਾਟੀ ਹੈ। ਇਸ 'ਦਇ' ਨੂੰ ਮਿਟਾਣ ਲਈ ਨਾਹ ਹੱਜ ਨਾਹ ਕੁਰਬਾਨੀਆਂ, ਨਾਹ ਠਾਕੁਰ-ਪੂਜਾ, ਨਾਹ ਬ੍ਰਹਮਣ ਦੀ ਸੇਵਾ, ਨਾਹ ਤਿਆਗ ਤੇ ਨਾਹ ਜੋਗ-ਸਾਧਨ = ਇਹ ਕੋਈ ਸਹਾਇਤਾ ਨਹੀਂ ਕਰਦੇ। ਸਿਰਫ਼ ਇਕੋ ਹੀ ਤਰੀਕਾ ਹੈ, ਉਹ ਇਹ ਕਿ ਆਪਣਾ ਆਪ ਪ੍ਰਭੂ ਦੇ ਹਵਾਲੇ ਕਰ ਕੇ ਉਸ ਨੂੰ ਯਾਦ ਕੀਤਾ ਜਾਏ। ਜੋ ਮਨੁੱਖ 'ਦੁਇ' ਵਿਚ ਫਸੇ ਰਹਿ ਕੇ ਸਿਮਰਨ ਨਹੀਂ ਕਰਦੇ, ਕਿਸੇ ਭੀ ਪਦਾਰਥ ਦੇ ਮਿਲਣ ਨਾਲ ਉਹਨਾਂ ਦੇ ਮਨ ਦੀ ਦੌੜ-ਭੱਜ ਮੁੱਕਦੀ ਨਹੀਂ, ਆਸਾਂ ਹੋਰ ਵਧਦੀਆਂ ਜਾਂਦੀਆਂ ਹਨ ਤੇ ਸਿਮਰਨ ਵੱਲੋਂ ਅੱਜ-ਭਲਕ ਕਰਦਿਆਂ ਸਿਰ ਤੇ ਮੌਤ ਆ ਅੱਪੜਦੀ ਹੈ। (ਗੁਰੂ ਤੋਂ ਬਿਨਾ ਇਹ ਜੀਵ-ਟਾਲ-ਮਟੋਲੇ ਕਰਨ ਤੇ ਮਜਬੂਰ ਹੈ, ਕਿਉਂਕਿ ਇਸ ਦਾ ਸੁਭਾਉ ਕੁੱਤੇ ਵਰਗਾ ਹੈ, ਇਸ ਦੀ ਵਾਦੀ ਹੀ ਇਹ ਹੈ ਕਿ ਹਰ ਵੇਲੇ ਮੁਰਦਾਰ ਦੇ ਪਿਛੇ ਦੌੜਦਾ ਫਿਰੇ। ਜੇ ਚੰਗੇ ਭਾਗਾਂ ਨਾਲ ਇਸ ਨੂੰ ਗੁਰਮੁਖ ਦਾ ਮੇਲ ਹੋ ਜਾਏ, ਤਾਂ ਭਲਾਈ ਵਲ ਪਰਤ ਪੈਂਦਾ ਹੈ। ਬੜਾ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਕੁਸੰਗ ਦੀ ਬੈਠਕ ਭਲੇ ਬੰਦੇ ਨੂੰ ਭੀ ਆਖ਼ਰ ਵਿਕਾਰਾਂ ਦੀ ਮਾਰ ਪੁਆਂਦੀ ਹੈ– ਮਹਲਾ 5) । ਦੁਨੀਆ ਦੀ ਕਿਰਤ-ਕਾਰ ਛੱਡਣੀ ਨਹੀਂ ਇਹ ਕਰਦਿਆਂ ਹੋਇਆਂ ਹੀ ਅਸਾਂ ਆਪਣਾ ਚਿੱਤ ਨਿਰੰਜਨ ਨਾਲ ਜੋੜ ਰੱਖਣਾ ਹੈ ਕਿਉਂਕਿ ਅਸਲ ਸਾਥੀ ਪਰਮਾਤਮਾ ਦਾ ਨਾਮ ਹੀ ਹੈ। ਕਿਸੇ ਖ਼ਾਸ ਨਿਯਤ ਸਮੇਂ ਪੂਜਾ-ਪਾਠ ਕਰ ਕੇ ਸਾਰਾ ਦਿਨ ਠੱਗੀ-ਧੋਖੇ ਦੀ ਕਿਰਤ ਕਰਨੀ ਇਉਂ ਹੀ ਹੈ ਜਿਵੇਂ ਚੱਕੀ ਪੀਹ ਪੀਹ ਕੇ ਜੋੜਿਆ ਹੋਇਆ ਆਟਾ ਚਿੱਕੜ ਵਿਚ ਡਿਗ ਪਏ; ਜਾਂ, ਜਿਵੇਂ ਰਾਤ ਵੇਲੇ ਜਗਦਾ ਦੀਵਾ ਹੱਥ ਵਿਚ ਫੜਿਆ ਹੋਇਆ ਹੋਵੇ, ਦੀਵੇ ਦਾ ਚਾਨਣ ਹੁੰਦਿਆਂ ਭੀ ਮਨੁੱਖ ਕਿਸੇ ਖੂਹ ਵਿਚ ਜਾ ਡਿੱਗੇ। ਸਿਮਰਨ ਭਜਨ ਦੇ ਨਾਲ ਨਾਲ ਹੱਕ ਦੀ ਕਿਰਤ-ਕਮਾਈ ਅੱਤ ਜ਼ਰੂਰੀ ਹੈ। 216।

ਸਾਕ ਸੰਬੰਧੀਆਂ ਦਾ ਮੋਹ ਅਤੇ ਠੱਗੀ ਦੀ ਕਿਰਤ-ਕਾਰ ਜੀਵ ਨੂੰ ਜਿੰਦ-ਦਾਤਾ ਪ੍ਰਭੂ ਨਾਲੋਂ ਵਿਛੋੜਦੇ ਹਨ, ਤੇ, ਪ੍ਰਭੂ ਨਾਲੋਂ ਵਿਛੁੜੀ ਜਿੰਦ ਨੂੰ ਸੁਖ ਹੋ ਹੀ ਨਹੀਂ ਸਕਦਾ। ਨਿਰਾ ਘਰ-ਬਾਰ ਮਹਲ ਮਾੜੀਆਂ ਦਾ ਸ਼ੌਕ ਭੀ ਆਤਮਕ ਮੌਤ ਦਾ ਕਾਰਨ ਹੀ ਹੁੰਦਾ ਹੈ, ਕਿਉਂਕਿ ਲਾਲਚ-ਅੱਟਿਆ ਜੀਵ ਹਰ ਵੇਲੇ ਮਇਆ ਦੀਆਂ ਸੋਚਾਂ ਹੀ ਸੋਚਦਾ ਰਹਿੰਦਾ ਹੈ। ਜਿੰਦ ਨੂੰ ਤੇ ਗਿਆਨ-ਇੰਦ੍ਰਿਆਂ ਨੂੰ ਬਾਹਰਲੇ ਭੈੜੇ ਅਸਰਾਂ ਤੋਂ ਬਚਾ ਕੇ ਰੱਖਣ ਦਾ ਇਕੋ ਹੀ ਤਰੀਕਾ ਹੈ ਕਿ ਅਵੇਸਲਾ-ਪਨ ਛੱਡ ਕੇ ਹਰ ਵੇਲੇ ਪਰਮਾਤਮਾ ਨੂੰ ਸਿਮਰਦੇ ਰਹੀਏ। ਸਿਮਰਨ ਤੋਂ ਖੁੰਝਿਆਂ ਇਹ ਸਰੀਰ ਅਨੇਕਾਂ ਵਿਕਾਰ-ਰੂਪ ਉੱਗੇ ਰੁੱਖਾਂ ਦਾ ਇਕ ਜੰਗਲ ਬਣ ਜਾਂਦਾ ਹੈ ਜਿਸ ਵਿਚ ਮਨ-ਹਾਥੀ ਮਦ ਮੱਤਾ ਹੋਇਆ ਫਿਰਦਾ ਹੈ। ਸਤਸੰਗ ਵਿਚ ਆ ਕੇ ਇਸ ਮਨ ਨੂੰ ਗੁਰੂ ਦੇ ਹਵਾਲੇ ਕਰਨਾ ਪਏਗਾ, ਤਾਂ ਹੀ ਸਿਮਰਨ ਦੀ ਦਾਤਿ ਮਿਲਦੀ ਹੈ; ਨਹੀਂ ਤਾਂ ਦੁਨੀਆ ਦੇ ਖਪਾਣਿਆਂ ਵਿਚ ਪੈ ਕੇ ਮਨੁੱਖ ਅਜਿਹੀ ਆਤਮਕ ਮੌਤੇ ਮਰਦਾ ਹੈ ਕਿ ਨਾਹ ਹੀ ਇਹਨਾਂ ਧੰਧਿਆਂ ਵਿਚੋਂ ਇਸ ਨੂੰ ਕਦੇ ਵੇਹਲ ਮਿਲਦੀ ਹੈ ਤੇ ਨਾ ਹੀ ਇਹ ਕਦੇ ਪਰਮਾਤਮਾ ਦਾ ਨਾਮ ਮੂੰਹੋਂ ਉਚਾਰਦਾ ਹੈ, ਆਖ਼ਰ ਉਮਰ ਬੀਤ ਜਾਣ ਤੇ ਜਮ ਮੌਤ ਦਾ ਨਗਾਰਾ ਆ ਵਜਾਂਦੇ ਹਨ। 227।


ਮੁੱਖ ਭਾਵ:

ਇਨਸਾਨ ਦੇ ਹਿਰਦੇ ਦੀ ਮੇਰ-ਤੇਰ ਇਕ ਐਸੀ ਔਖੀ ਘਾਟੀ ਹੈ ਕਿ ਇਸ ਨੂੰ ਮਿਟਾਣ ਲਈ ਨਾਹ ਹੱਜ ਨਾਹ ਕੁਰਬਾਨੀਆਂ, ਨਾਹ ਠਾਕੁਰ-ਪੂਜਾ ਨਾਹ ਬ੍ਰਾਹਮਣ ਦੀ ਸੇਵਾ, ਨਾਹ ਤਿਆਗ ਤੇ ਨਾਹ ਜੋਗ ਸਾਧਨ = ਕੋਈ ਭੀ ਸਹੈਤਾ ਨਹੀਂ ਕਰਦਾ। ਸਤਸੰਗ ਵਿਚ ਆ ਕੇ ਮਨ ਨੂੰ ਗੁਰੂ ਦੇ ਹਵਾਲੇ ਕਰ ਕੇ ਪਰਮਾਤਮਾ ਦਾ ਨਾਮ ਸਿਮਰਨਾ ਹੀ ਇਕੋ ਇਕ ਸਹੀ ਤਰੀਕਾ ਹੈ।


ਸ਼ਲੋਕ ਨੰ: 228 ਤੋਂ 243 ਤਕ:

ਵਿਕਾਰਾਂ ਤੇ ਵਾਦ-ਵਿਵਾਦ ਦੀ ਤਪਸ਼ ਨਾਲ ਤਪ ਰਹੇ ਇਸ ਸੰਸਾਰ ਵਿਚ ਪਰਮਾਤਮਾ ਦਾ ਨਾਮ ਹੀ ਠੰਢ ਦੇਣ ਵਾਲਾ ਹੈ, ਇਹ ਨਾਮ ਗੁਰਮੁਖਾਂ ਦੀ ਸੰਗਤਿ ਵਿਚੋਂ ਮਿਲਦਾ ਹੈ। ਸੋ, ਥੋੜਾ-ਬਹੁਤ ਜਿਤਨਾ ਭੀ ਸਮਾਂ ਮਿਲੇ, ਸਤਸੰਗ ਜ਼ਰੂਰ ਕਰਨਾ ਚਾਹੀਦਾ ਹੈ। ਪਰ ਕਈ ਲੋਕ ਐਸੇ ਭੀ ਹੁੰਦੇ ਹਨ ਜੋ ਸਤਸੰਗ ਵਿਚ ਜਾ ਕੇ ਰਾਮ-ਰਾਮ ਭੀ ਕਰ ਆਉਂਦੇ ਹਨ ਤੇ ਉਥੋਂ ਆ ਕੇ ਵਿਕਾਰਾਂ ਵਿਚ ਭੀ ਕਸਰ ਨਹੀਂ ਰੱਖਦੇ। ਅਜੇਹੇ ਬੰਦਿਆਂ ਦੇ ਸਾਰੇ ਧਾਰਮਿਕ ਉੱਦਮ ਨਿਸਫਲ ਜਾਂਦੇ ਹਨ। ਸਤ ਸੰਗ ਵਿਚੋਂ ਇਹ ਲਾਭ ਖੱਟਣਾ ਹੈ ਕਿ ਦੁਨੀਆ ਦੇ ਰਸਾਂ ਨਾਲ ਖੇਡਾਂ ਖੇਡਣ ਦੇ ਥਾਂ ਜੀਵ ਕਿਰਤ-ਕਾਰ ਕਰਦਾ ਆਪਣੀ ਸੁਰਤਿ ਨੂੰ ਸਦਾ ਪ੍ਰਭੂ-ਚਰਨਾਂ ਵਿਚ ਜੋੜੀ ਰੱਖੇ ਤੇ ਕਿਸੇ ਪ੍ਰਾਣੀ-ਮਾਤ੍ਰ ਤੋਂ ਇਸ ਨੂੰ ਨਫ਼ਰਤ ਨਾਹ ਰਹੇ।

ਇਹ ਗੁਣ ਕਰਮ-ਕਾਂਡੀ ਬ੍ਰਾਹਮਣ ਤੋਂ ਨਹੀਂ ਮਿਲ ਸਕਦਾ, ਉਹ ਤਾਂ ਆਪ ਹੀ ਕਰਮ-ਕਾਂਡ ਦੀਆਂ ਉਲਝਣਾਂ ਵਿਚ ਪੈ ਕੇ ਆਤਮਕ ਮੌਤੇ ਮਰ ਚੁਕਾ ਹੁੰਦਾ ਹੈ; ਕਿਉਂਕਿ ਕਰਮ-ਕਾਂਡ ਵਿਚੋਂ ਨਿਰੀ ਹਉਮੈ ਹੀ ਨਿਕਲਦੀ ਹੈ, ਹਉਮੈ ਤੇ ਹਰਿ-ਨਾਮ ਦਾ ਕਦੇ ਮੇਲ ਨਹੀਂ ਹੋ ਸਕਦਾ। ਸੋ, ਜੇ ਪ੍ਰਭੂ-ਪਿਆਰ ਦੀ ਖੇਡ ਖੇਡਣ ਦੀ ਸੱਧਰ ਹੈ, ਤਾਂ ਜਨੇਊ ਆਦਿਕ ਦੇ ਕੇ ਗੁਰੂ ਬਣ ਬੈਠਣ ਵਾਲੇ ਬ੍ਰਾਹਮਣ ਤੋਂ ਹਟ ਕੇ ਨਾਮ ਦੇ ਰਸੀਏ ਗੁਰੂ ਦੀ ਸਰਨ ਆਓ; ਨਾਮ ਦੇ ਰਸੀਆਂ ਦੀ ਸੰਗਤਿ ਤੋਂ ਬਿਨਾ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ। ਨਾਮ ਤੋਂ ਖੁੰਝਿਆਂ ਸਦਾ ਦੁੱਖ ਹੀ ਦੁੱਖ ਹੈ। ਮਨੁੱਖਾ ਜਨਮ ਦਾ ਮਨੋਰਥ ਹੀ ਇਹ ਹੈ ਕਿ ਜੀਵ ਪ੍ਰਭੂ ਦਾ ਨਾਮ ਸਿਮਰੇ।


ਮੁੱਖ ਭਾਵ:

ਵਿਕਾਰਾਂ ਤੇ ਵਾਦ-ਵਿਵਾਦ ਦੀ ਤਪਸ਼ ਵਿਚ ਸੜ ਰਹੇ ਸੰਸਾਰ ਨੂੰ ਠੰਢਕ ਅਪੜਾਣ ਵਾਲਾ ਕੇਵਲ ਹਰਿ-ਨਾਮ ਹੀ ਹੈ, ਤੇ ਇਸ ਦੀ ਪ੍ਰਾਪਤੀ ਨਾਮ ਦੇ ਰਸੀਏ ਗੁਰਮੁਖਾਂ ਪਾਸੋਂ ਹੀ ਹੋ ਸਕਦੀ ਹੈ।

ਕਬੀਰ ਜੀ ਦੇ ਸਾਰੇ ਸ਼ਲੋਕਾਂ ਦਾ


ਸਮੁੱਚਾ ਭਾਵ


1 ਤੋਂ 12 ਤਕ

ਹਰਿ-ਨਾਮ ਦਾ ਸਿਮਰਨ ਮਨੁੱਖ ਵਾਸਤੇ ਸੁਖ ਦਾ ਅਸਲ ਸਾਧਨ ਹੈ, ਤੇ ਇਹ ਹਰਿ-ਨਾਮ ਗੁਰੂ-ਦਰ ਤੇ ਪਿਆਂ ਮਿਲਦਾ ਹੈ। ਗ਼ਰੀਬ ਤੋਂ ਗ਼ਰੀਬ ਤੇ ਨੀਵੀਂ ਤੋਂ ਨੀਵੀਂ ਜਾਤਿ ਦਾ ਬੰਦਾ ਭੀ ਹਰਿ-ਨਾਮ ਸਿਮਰ ਕੇ ਸੁਖੀ ਹੋ ਜਾਂਦਾ ਹੈ।


13 ਤੋਂ 40 ਤਕ:

ਦੁਨਿਆਵੀ ਪਦਾਰਥਾਂ ਤੇ ਭੋਗਾਂ ਨੂੰ ਸੁਖ ਦਾ ਸਾਧਨ ਸਮਝ ਕੇ ਹਰਿ-ਨਾਮ ਵਿਸਾਰਿਆਂ ਨਿਰੀ ਖ਼ੁਆਰੀ ਹੀ ਹੁੰਦੀ ਹੈ, ਤੇ ਇਹਨਾਂ ਨਾਲ ਸਾਥ ਭੀ ਨਹੀਂ ਨਿਭਦਾ।


41 ਤੋਂ 70 ਤਕ:

ਸਿਰਫ਼ ਇਹ ਮਨੁੱਖਾ ਜਨਮ ਹੀ ਹਰਿ-ਨਾਮ ਦੇ ਸਿਮਰਨ ਦਾ ਵੇਲਾ ਹੈ, ਪਰ ਵਿਕਾਰਾਂ ਤੋਂ ਬਚਿਆਂ ਹੀ ਇਹ ਕਮਾਈ ਹੋ ਸਕਦੀ ਹੈ। ਤੇ, ਜਿਥੇ ਸਿਮਰਨ ਨਹੀਂ ਹੈ ਉਥੇ ਵਿਕਾਰ ਆ ਦਬਾਂਦੇ ਹਨ।


71 ਤੋਂ 101 ਤਕ:

ਹਰਿ-ਨਾਮ ਸਿਮਰਨ ਦੀ ਬਰਕਤਿ ਨਾਲ ਜਾਤਿ-ਅਭਿਮਾਨ, ਸਰੀਰਕ ਮੋਹ, ਤ੍ਰਿਸ਼ਨਾ, ਕੁਸੰਗ, ਨਿੰਦਿਆ ਆਦਿਕ ਸਾਰੇ ਐਬ ਦੂਰ ਹੋ ਜਾਂਦੇ ਹਨ। ਪਰ ਸਿਫ਼ਤਿ-ਸਾਲਾਹ ਦੀ ਇਹ ਦਾਤਿ ਸਾਧ ਸੰਗਤਿ ਵਿਚੋਂ ਮਿਲਦੀ ਹੈ।


102 ਤੋਂ 131 ਤਕ:

ਪ੍ਰਭੂ ਦਾ ਸਿਮਰਨ ਛੱਡਿਆਂ ਕਈ ਕਿਸਮ ਦੇ ਸਹਿਮ ਤੇ ਭਰਮ-ਵਹਿਮ ਆ ਦਬਾਂਦੇ ਹਨ। ਪ੍ਰਭੂ ਦੇ ਚਰਨਾਂ ਵਿਚ ਜੁੜੇ ਰਹਿਣਾ ਸਭ ਤੋਂ ਚੰਗਾ ਸੁਰਗ ਅਤੇ ਵਿਛੁੜਨਾ ਨਰਕ ਹੈ। ਪਰ ਇਹ ਸਿਮਰਨ ਤਦੋਂ ਹੀ ਹੋ ਸਕਦਾ ਹੈ ਜੇ ਭਲਿਆਂ ਦੀ ਸੰਗਤਿ ਵਿਚ ਟਿਕੇ ਰਹੀਏ ਅਤੇ ਸਾਕਤਾਂ ਦੀ ਸੁਹਬਤਿ ਤੋਂ ਬਚੇ ਰਹੀਏ।


132 ਤੋਂ 183 ਤਕ:

ਵੇਲੇ-ਸਿਰ ਜਦੋਂ ਕਿ ਸਰੀਰ ਵਿਚ ਸੱਤਿਆ ਹੈ ਪਰਮਾਤਮਾ ਦਾ ਸਿਮਰਨ ਕਰੋ। ਜਗਤ ਵਿਚ ਬੇਅੰਤ ਵਿਕਾਰ ਤੇ ਝੰਬੇਲੇ ਹਨ ਜੋ ਇਨਸਾਨੀ ਜ਼ਿੰਦਗੀ ਨੂੰ ਦੁਖੀ ਬਣਾਈ ਰੱਖਦੇ ਹਨ, ਇਹਨਾਂ ਤੋਂ ਬਚੇ ਰਹਿਣ ਲਈ ਪ੍ਰਭੂ-ਚਰਨਾਂ ਵਿਚ ਜੁੜੇ ਰਹਿਣਾ ਹੀ ਸਹੀ ਤਰੀਕਾ ਹੈ।


184 ਤੋਂ 227 ਤਕ:

ਪ੍ਰਭੂ-ਚਰਨਾਂ ਤੋਂ ਵਿਛੋੜਾ ਇਨਸਾਨੀ ਜੀਵਨ ਵਿਚ ਇਕ ਬੜੀ ਦੁਖਦਾਈ ਅਵਸਥਾ ਹੈ, ਇਸ ਨੂੰ ਮਿਟਾਣ ਲਈ ਨਾਹ ਹੱਜ ਨਾਹ ਕੁਰਬਾਨੀਆਂ, ਨਾਹ ਠਾਕੁਰ-ਪੂਜਾ ਨਾਹ ਬ੍ਰਹਮਣ ਦੀ ਸੇਵਾ, ਨਾਹ ਘਰ ਦਾ ਤਿਆਗ ਤੇ ਨਾਹ ਜੋਗ-ਸਾਧਨ = ਕੋਈ ਭੀ ਸਹੈਤਾ ਨਹੀਂ ਕਰਦਾ। ਸਤਸੰਗ ਵਿਚ ਆ ਕੇ ਮਨ ਨੂੰ ਗੁਰੂ ਦੇ ਹਵਾਲੇ ਕਰ ਕੇ ਪਰਮਾਤਮਾ ਦਾ ਨਾਮ ਸਿਮਰਨਾ ਹੀ ਇਕੋ ਇਕ ਸਹੀ ਤਰੀਕਾ ਹੈ।


228 ਤੋਂ 243 ਤਕ:

ਵਿਕਾਰਾਂ ਤੇ ਵਾਦ-ਵਿਵਾਦ ਦੀ ਤਪਸ਼ ਵਿਚ ਸੜ ਰਹੇ ਸੰਸਾਰ ਨੂੰ ਠੰਢਕ ਅਪੜਾਣ ਵਾਲਾ ਕੇਵਲ ਹਰਿ-ਨਾਮ ਹੀ ਹੈ, ਤੇ ਇਸ ਦੀ ਪ੍ਰਾਪਤੀ ਨਾਮ ਦੇ ਰਸੀਏ ਗੁਰਮੁਖਾਂ ਪਾਸੋਂ ਹੀ ਹੋ ਸਕਦੀ ਹੈ।


ਸਾਰੇ ਸ਼ਲੋਕਾਂ ਦਾ ਮਿਲਵਾਂ ਮੁੱਖ ਭਵ:

ਪ੍ਰਭੂ ਦੇ ਚਰਨਾਂ ਤੋਂ ਵਿਛੋੜਾ ਇਕ ਮਹਾ ਭਿਆਨਕ ਰੋਗ ਹੈ ਜੋ (ਸਰੀਰਕ ਮੋਹ, ਜਾਤਿ-ਅਭਿਮਾਨ, ਕੁਸੰਗ, ਨਿੰਦਿਆ, ਤ੍ਰਿਸ਼ਨਾ, ਵਾਦ-ਵਿਵਾਦ ਆਦਿ) ਕਈ ਰੂਪਾਂ ਵਿਚ ਮਨੁੱਖ ਨੂੰ ਦੁਖੀ ਕਰ ਰਿਹਾ ਹੈ। ਸੁਖੀ ਹੋਣ ਦਾ ਇਕੋ ਹੀ ਤਰੀਕਾ ਹੈ ਕਿ ਸਤਸੰਗ ਵਿਚ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਸਿਮਰੀਏ। ਮਨੁੱਖਾ ਜਨਮ ਦਾ ਮਨੋਰਥ ਹੀ ਇਹ ਹੈ ਕਿ ਮਨੁੱਖ ਪ੍ਰਭੂ ਦਾ ਨਾਮ ਸਿਮਰੇ।

ਕਬੀਰ ਜੀ ਦੇ ਸਾਰੇ ਸ਼ਲੋਕ

ਇਕੋ ਹੀ ਮਾਲਾ ਦੇ ਮੋਤੀ ਹਨ

ਸਾਡੇ ਇਕ ਵਿਦਵਾਨ ਸੱਜਣ ਕਬੀਰ ਜੀ ਦੇ ਸ਼ਲੋਕਾਂ ਬਾਰੇ ਲਿਖਦੇ ਹਨ ਕਿ ਇਹ ਸ਼ਲੋਕ ਵਿਕੋਲਿਤਰੇ ਹੋਣ ਕਰਕੇ ਖ਼ਿਆਲ ਦੀ ਲੜੀ ਢੂੰਢਣ ਦੀ ਲੋੜ ਨਹੀਂ। ਇਸੇ ਤਰ੍ਹਾਂ ਫਰੀਦ ਜੀ ਦੇ ਸ਼ਲੋਕਾਂ ਬਾਬਤ ਭੀ ਲਿਖਦੇ ਹਨ ਕਿ ਫਰੀਦ ਜੀ ਦੇ ਸ਼ਲੋਕ ਭੀ ਕਬੀਰ ਜੀ ਦੇ ਸ਼ਲੋਕਾਂ ਵਾਂਗ ਵਿਕੋਲਿਤਰੇ ਹੋਣ ਕਰਕੇ ਖ਼ਿਆਲਾਂ ਦੀ ਸੰਗਲੀ ਲੱਭਣ ਦੀ ਲੋੜ ਨਹੀਂ। ਬਾਕੀ ਟੀਕਾਕਾਰਾਂ ਨੇ ਇਹ ਗੱਲ ਖੁਲ੍ਹੇ ਲਫ਼ਜ਼ਾਂ ਵਿਚ ਭਾਵੇਂ ਨਹੀਂ ਲਿਖੀ, ਪਰ ਉਹਨਾਂ ਦੇ ਟੀਕਿਆਂ ਤੋਂ ਸਾਫ਼ ਦਿੱਸਦਾ ਹੈ ਕਿ ਉਹ ਭੀ ਇਸੇ ਹੀ ਖ਼ਿਆਲ ਦੇ ਹਨ। ਕਿਸੇ ਭੀ ਟੀਕਾਕਾਰ ਨੇ ਕਿਤੇ ਭੀ ਸ਼ਲੋਕਾਂ ਦੀ ਆਪੋ ਵਿਚ ਦੀ ਸਾਂਝ ਲੱਭਣ ਦੀ ਕੋਸ਼ਸ਼ ਨਹੀਂ ਕੀਤੀ।


ਇਹ ਵਿਚਾਰ ਕਿਉਂ ਜ਼ਰੂਰੀ ਹੈ?


ਇਹਨਾਂ ਸ਼ਲੋਕਾਂ ਵਿਚ ਖ਼ਿਆਲ ਦੀ ਸਾਂਝੀ ਲੜੀ ਹੈ ਜਾਂ ਨਹੀਂ, ਇਹ ਸ਼ਲੋਕ ਵਿਕੋਲਿਤਰੇ ਹਨ ਜਾਂ ਮਿਲਵੇਂ = ਇਸ ਮਜ਼ਮੂਨ ਉਤੇ ਵਿਚਾਰ ਕਰਨੀ ਚੁੰਚ-ਗਿਆਨਤਾ ਨਹੀਂ ਹੈ। ਪਾਠਕ ਸੱਜਣ ਇਸ ਭੁਲੇਖੇ ਵਿਚ ਨਾਹ ਪੈਣ ਕਿ ਮੈਂ ਫ਼ਾਲਤੂ ਗੱਲਾਂ ਵਿਚ ਉਹਨਾਂ ਦਾ ਕੀਮਤੀ ਸਮਾ ਜ਼ਾਇਆ ਕਰਨ ਲੱਗਾ ਹਾਂ। ਸੰਨ 1944 ਵਿਚ ਮੈਂ ਫਰੀਦ ਜੀ ਦੇ ਸ਼ਲੋਕਾਂ ਦਾ ਟੀਕਾ ਛਪਵਾਣ ਲਈ ਸ਼ਹਿਰ ਗਿਆ। ਉਥੇ ਇਕ ਸਿੱਖ ਸੱਜਣ ਜੋ ਪੰਜਾਬੀ ਪੁਸਤਕਾਂ ਲਿਖਣ ਕਰਕੇ ਪੰਜਾਬੀ ਨਾਲ ਪਿਆਰ ਕਰਨ ਵਾਲਿਆਂ ਵਿਚ ਕਾਫ਼ੀ ਨਾਮ ਖੱਟ ਚੁਕਾ ਹੈ, ਮੈਨੂੰ ਮਿਲ ਪਿਆ। ਪਹਿਲੇ ਦਿਨ ਹੀ ਸਾਡੀ ਜਾਣ-ਪਛਾਣ ਬਣੀ। ਮੇਰੇ ਹੱਥ ਵਿਚ ਫਰੀਦ ਜੀ ਦੇ ਸਟੀਕ ਸ਼ਲੋਕਾਂ ਦਾ ਖਰੜਾ ਵੇਖ ਕੇ ਉਸ ਲਿਖਾਰੀ ਸੱਜਣ ਨੇ ਆਪਣੇ ਆਪ ਹੀ ਬਾਬਾ ਜੀ ਦੀ ਵਡਿਆਈ ਵਿਚ ਆਖਣਾ ਸ਼ੁਰੂ ਕਰ ਦਿੱਤਾ ਕਿ ਫਰੀਦ ਜੀ ਦੇ ਸ਼ਲੋਕ ਪੜ੍ਹਿਆਂ ਇਸ ਨਤੀਜੇ ਉੱਤੇ ਅੱਪੜੀਦਾ ਹੈ ਕਿ ਉਹ ਦੁਨੀਆ ਤੋਂ ਅੱਕੇ ਹੋਏ ਸਨ; ਉਹਨਾਂ ਦੀ ਬਾਣੀ ਢਹਿੰਦੇ ਪਾਸੇ ਵਲ ਲੈ ਜਾਂਦੀ ਹੈ। ਤੇ, ਆਪਣੇ ਇਸ ਵਿੱਦਵਤਾ-ਭਰੇ ਕਥਨ ਦੀ ਪ੍ਰੋੜ੍ਹਤਾ ਵਾਸਤੇ ਉਸ ਸੱਜਣ ਨੇ ਤੁਰਤ ਹੀ ਫਰੀਦ ਜੀ ਦਾ ਇਕ ਸ਼ਲੋਕ ਭੀ ਸੁਣਾ ਦਿੱਤਾ:

ਫਰੀਦਾ ਜਿ ਦਿਹਿ ਨਾਲਾ ਕਪਿਆ, ਜੇ ਗਲੁ ਕਪਹਿ ਚੁਖ ॥ ਪਵਨਿ ਨ ਇਤੀ ਮਾਮਲੇ, ਸਹਾਂ ਨ ਇਤੀ ਦੁਖ ॥76॥

ਕਰਤਾਰ ਦੇ ਰੰਗ! ਜਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਅਸੀਂ ਆਪਣੀ ਜ਼ਿੰਦਗੀ ਦਾ ਆਸਰਾ-ਪਰਨਾ ਸਮਝਦੇ ਹੋਏ ਉਸ ਅੱਗੇ ਅਦਬ-ਸਤਕਾਰ ਨਾਲ ਤੇ ਨਿਮ੍ਰਤਾ-ਅਧੀਨਗੀ ਨਾਲ ਸਿਰ ਨਿਵਾਂਦੇ ਹਾਂ, ਉਸੇ ਵਿਚ ਕਿਤੇ ਅਜੇਹੇ ਅੰਗ ਭੀ ਸਮਝੀ ਬੈਠੇ ਹਾਂ ਜੋ ਸਾਨੂੰ ਦੁਨੀਆ ਵਲੋਂ ਅੱਕੇ ਹੋਏ ਜਾਪਦੇ ਹਨ ਜੋ ਸਾਨੂੰ ਢਹਿੰਦੇ ਪਾਸੇ ਲੈ ਜਾਂਦੇ ਦਿੱਸਦੇ ਹਨ। ਇਸ ਦਾ ਨਾਮ ਸਰਧਾ ਨਹੀਂ ਹੈ; ਇਹ ਤਾਂ:

ਸਲਾਮੁ ਜਬਾਬੁ ਦੋਵੈ ਕਰੈ, ਮੁਢਹੁ ਘੁਥਾ ਜਾਇ ॥

ਪਰ ਇਹ ਅਕੇਵਾਂ ਕਿਨ੍ਹਾਂ ਨੂੰ ਦਿੱਸ ਰਿਹਾ ਹੈ? ਉਹਨਾਂ ਨੂੰ ਜੋ ਇਹਨਾਂ ਸ਼ਲੋਕਾਂ ਨੂੰ ਵਿਕੋਲਿਤਰੇ ਸਮਝਦੇ ਹਨ। (ਫਰੀਦ ਜੀ ਦੇ ਇਸ ਸ਼ਲੋਕ ਨੂੰ ਅਤੇ ਫਰੀਦ ਜੀ ਬਾਰੇ ਹੋਰ ਕਈ ਭੁਲੇਖਿਆਂ ਨੂੰ ਸਮਝਣ ਵਾਸਤੇ ਪੜ੍ਹੋ 'ਫਰੀਦ-ਬਾਣੀ ਸਟੀਕ') ।

ਕਬੀਰ ਜੀ ਦੀ ਬਾਬਤ ਭੀ ਅਜਿਹੇ ਭੁਲੇਖੇ ਕਈ ਵਿਦਵਾਨ ਪਰਚਾਰਕਾਂ ਦੇ ਮੂੰਹੋਂ ਸੁਣਨ ਵਿਚ ਆਉਂਦੇ ਰਹਿੰਦੇ ਹਨ ਕਿ ਕਬੀਰ ਜੀ ਤਾਂ ਵੈਸ਼ਨਵ ਭਗਤ ਸਨ। ਉਹ ਮਾਸ ਦੇ ਵਿਰੁੱਧ ਪ੍ਰਚਾਰ ਕਰਦੇ ਹਨ ਤੇ ਅਸੀਂ ਸਿੱਖ ਮਾਸ ਖਾਣ ਦੇ ਹੱਕ ਵਿਚ ਹਾਂ। (ਇਸ ਮਜ਼ਮੂਨ ਉੱਤੇ ਅਗਲੇ ਲੇਖ ਵਿਚ ਵਿਚਾਰ ਕੀਤੀ ਜਾਇਗੀ) । ਅਜੇਹੇ ਸਰਧਾ-ਹੀਨ ਬੋਲ ਅਸੀਂ ਕਿਉਂ ਬੋਲ ਰਹੇ ਹਾਂ? ਸਿਰਫ਼ ਇਸ ਵਾਸਤੇ ਕਿ ਅਸੀਂ ਇਹਨਾਂ ਸ਼ਲੋਕਾਂ ਨੂੰ ਵਿਕੋਲਿਤਰੇ ਜਾਣ ਕੇ ਅਸਲ ਲੜੀ ਵਿਚੋਂ ਵੱਖਰਾ ਕੱਢ ਕੇ ਪੜ੍ਹਦੇ ਹਾਂ। ਜੇ ਅਸਾਂ ਥਿੜਕਣ ਤੋਂ ਬਚਣਾ ਹੈ, ਤਾਂ ਇਹ ਚੇਤਾ ਰੱਖੀਏ ਕਿ ਅਸੀਂ ਸਮੁੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਨਿਵਾਂਦੇ ਹਾਂ, ਸਿਰ ਨਿਵਾਣ ਵੇਲੇ ਕਦੇ ਭੀ ਕਿਸੇ ਸਿੱਖ ਦੇ ਦਿਲ ਵਿਚ ਇਹ ਵਿਤਕਰਾ ਨਹੀਂ ਆ ਸਕਦਾ ਕਿ ਅਸੀਂ ਸਿਰਫ਼ ਗੁਰ-ਮਹਲਾਂ ਦੀ ਬਾਣੀ ਦਾ ਸਤਕਾਰ ਕਰ ਰਹੇ ਹਾਂ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤਕ ਗੁਰਿਆਈ ਸਿਰਫ਼ ਇੱਕ ਇੱਕ ਵਿਅਕਤੀ ਨੂੰ ਮਿਲਦੀ ਰਹੀ ਹੈ, ਕਦੇ ਭੀ ਕਿਸੇ ਗੁਰ-ਵਿਅਕਤੀ ਦਾ ਵੱਖੋ-ਵੱਖ ਖ਼ਿਆਲਾਂ ਵਾਲਾ ਸਾਰਾ ਪਰਵਾਰ 'ਗੁਰੂ' ਨਹੀਂ ਅਖਵਾ ਸਕਿਆ। ਤੇ, ਹਰੇਕ ਗੁਰ-ਵਿਅਕਤੀ ਸਦਾ ਨਿਰੋਲ ਉਹਨਾਂ ਖ਼ਿਆਲਾਂ ਦਾ ਹੁੰਦਾ ਸੀ ਜੋ ਸਤਿਗੁਰੂ ਨਾਨਕ ਦੇਵ ਜੀ ਦੇ ਸਨ:

ਜੋਤਿ ਓਹਾ ਜੁਗਤਿ ਸਾਇ, ਸਹਿ ਕਾਇਆ ਫੇਰਿ ਪਲਟੀਐ ॥

ਗੁਰੂ ਗੋਬਿੰਦ ਸਿੰਘ ਜੀ ਨੇ ਭੀ ਇੱਕੋ ਗੁਰ-ਵਿਅਕਤੀ ਨੂੰ ਗੁਰਿਆਈ ਸੌਂਪੀ ਸੀ, ਉਹ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ। ਇਥੇ ਭੀ 'ਜੋਤਿ ਓਹਾ ਜੁਗਤਿ ਸਾਇ' ਹੀ ਹੋ ਸਕਦੀ ਹੈ। ਕਿਸੇ ਇੱਕ ਥਾਂ ਭੀ 'ਜੋਤਿ' ਅਤੇ 'ਜੁਗਤਿ' ਵਿਚ ਰਤਾ ਭਰ ਭੀ ਫ਼ਰਕ ਨਹੀਂ ਹੋ ਸਕਦਾ।

ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਬਾਰੇ ਇਹ ਨਿਸ਼ਾਨਾ ਅੱਖਾਂ ਅੱਗੇ ਰੱਖ ਕੇ ਪਹਿਲਾਂ ਇਥੇ ਅਸਾਂ ਇਹ ਵਿਚਾਰਨਾ ਹੈ ਕਿ ਕਬੀਰ ਜੀ ਦੇ ਸਾਰੇ ਸ਼ਲੋਕਾਂ ਦਾ ਇੱਕੋ ਹੀ ਮਿਲਵਾਂ ਮਜ਼ਮੂਨ ਹੈ, ਸਾਰੇ ਇਕੋ ਹੀ ਖ਼ਿਆਲ-ਲੜੀ ਵਿਚ ਪ੍ਰੋਤੇ ਹੋਏ ਹਨ। ਪਾਠਕਾਂ ਦੀ ਸਹੂਲਤ ਵਾਸਤੇ ਮੈਂ ਸਾਰੇ ਸ਼ਲੋਕਾਂ ਦਾ ਮਿਲਵਾਂ ਭਾਵ, ਸਮੁੱਚਾ ਭਾਵ, ਅਤੇ ਮੁੱਖ ਭਾਵ ਵੱਖਰੇ ਭੀ ਪੂਰੇ ਵਿਸਥਾਰ ਨਾਲ ਦੇ ਦਿੱਤੇ ਹਨ। ਪਰ ਜਿਨ੍ਹਾਂ ਪਾਠਕਾਂ ਨੇ ਆਪੋ ਆਪਣੀ ਵਿਚਾਰ-ਕਸਵੱਟੀ ਵਰਤ ਕੇ ਇਸ ਉੱਪਰ-ਦਿੱਤੇ ਖ਼ਿਆਲ ਦੀ ਹੋਰ ਵਧੀਕ ਡੂੰਘਾਈ ਵਿਚ ਜਾਣਾ ਹੈ, ਉਹਨਾਂ ਦੀ ਸਹੈਤਾ ਵਾਸਤੇ ਕੁਝ ਕੁ ਗੱਲਾਂ ਪੇਸ਼ ਕੀਤੀਆਂ ਜਾਂਦੀਆਂ ਹਨ।

1. ਮੁੱਢਲਾ ਅਤੇ ਅਖ਼ੀਰਲਾ ਖ਼ਿਆਲ ਇੱਕੋ ਹੀ ਹੈ:

ਪਹਿਲੇ ਸ਼ਲੋਕ ਵਿਚ ਕਬੀਰ ਜੀ ਲਿਖਦੇ ਹਨ:

ਕਬੀਰ ਮੇਰੀ ਸਿਮਰਨੀ, ਰਸਨਾ ਊਪਰਿ ਰਾਮੁ ॥ ਆਦਿ ਜੁਗਾਦੀ ਸਗਲ ਭਗਤ, ਤਾ ਕੋ ਸੁਖੁ ਬਿਸ੍ਰਾਮੁ ॥1॥ (ਪੰਨਾ 1364)

ਕਿ

ਜਦ ਤੋਂ ਸ੍ਰਿਸ਼ਟੀ ਬਣੀ ਹੈ ਸਾਰੇ ਭਗਤ ਹਰਿ-ਨਾਮ ਸਿਮਰਦੇ ਆਏ ਹਨ, ਹਰਿ-ਨਾਮ ਹੀ ਸੁਖ ਤੇ ਸ਼ਾਂਤੀ ਦਾ ਵਸੀਲਾ ਹੈ।

ਅਖੀਰ ਤੇ ਜਾ ਕੇ ਸ਼ਲੋਕ ਨੰ: 242 ਵਿੱਚ ਲਿਖਦੇ ਹਨ:

ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ ॥ ਤੇ ਨਰ ਦੋਜਕ ਜਾਹਿਗੇ ਸਤਿ ਭਾਖੈ ਰਵਿਦਾਸ ॥੨੪੨॥ (ਪੰਨਾ 1377)

ਕਿ

ਜੋ ਮਨੁੱਖ ਹਰਿ-ਨਾਮ ਨੂੰ ਵਿਸਾਰ ਕੇ ਕਿਸੇ ਹੋਰ ਥਾਂ ਤੋਂ ਸੁਖ-ਸ਼ਾਂਤੀ ਦੀ ਆਸ ਰੱਖਦੇ ਹਨ ਉਹ ਉਕਾਈ ਖਾ ਰਹੇ ਹਨ।

ਸਭ ਤੋਂ ਅਖ਼ਰੀਲੇ ਸ਼ਲੋਕ ਨੰ: 243 ਵਿਚ ਕਬੀਰ ਜੀ ਨੇ ਇਹ ਮੋਹਰ ਲਾ ਦਿੱਤੀ ਹੈ ਤੇ ਫ਼ੈਸਲਾ ਦੇ ਦਿੱਤਾ ਹੈ ਕਿ ਬੱਸ! ਹਰਿ-ਨਾਮ ਹੀ ਗ੍ਰਿਹਸਤੀ ਦਾ ਮੁੱਖ ਧਰਮ ਹੈ; ਜੇ ਹਰਿ-ਨਾਮ ਨੂੰ ਵਿਸਾਰ ਕੇ ਸੰਸਾਰਕ ਭੋਗਾਂ ਅਤੇ ਵਿਕਾਰਾਂ ਤੋਂ ਮਨੁੱਖ ਸੁਖ ਭਾਲਦਾ ਹੈ ਤਾਂ ਇਹ ਇਸ ਦਾ ਕਮਲਾ-ਪਨ ਹੈ। ਮਨੁੱਖ ਵਾਸਤੇ ਘਰ-ਬਾਰੀ ਜੀਵਨ ਜ਼ਿੰਦਗੀ ਦਾ ਸਹੀ ਰਸਤਾ ਹੈ, ਪਰ ਉਹ ਭੀ ਤਦੋਂ ਹੀ, ਜੇ ਇਸ ਵਿਚ ਹਰਿ-ਨਾਮ ਸਿਮਰੇ; ਨਹੀਂ ਤਾਂ ਜੀਵਨ ਗੰਦਾ ਕਰ ਲੈਣ ਨਾਲੋਂ ਘਰ-ਬਾਰ ਛੱਡ ਦੇਵੇ। ਲਿਖਦੇ ਹਨ:

ਕਬੀਰ ਜਉ ਗ੍ਰਿਹੁ ਕਰਹਿ ਤ ਧਰਮੁ ਕਰੁ, ਨਾਹੀ ਤ ਕਰੁ ਬੈਰਾਗੁ ॥ ਬੈਰਾਗੀ ਬੰਧਨੁ ਕਰੈ, ਤਾ ਕੋ ਬਡੋ ਅਭਾਗੁ ॥243॥

ਜਿਸ ਖ਼ਿਆਲ ਤੋਂ ਇਹਨਾਂ ਸ਼ਲੋਕਾਂ ਨੂੰ ਕਬੀਰ ਜੀ ਨੇ ਸ਼ੁਰੂ ਕੀਤਾ ਹੈ, ਉਥੇ ਹੀ ਆ ਕੇ ਖ਼ਤਮ ਕੀਤਾ ਹੈ।

2. ਕੇਂਦਰੀ ਖ਼ਿਆਲ 'ਸਿਮਰਨ' ਦੇ ਵੱਖ ਵੱਖ ਪਹਿਲੂ:

ਸਾਰੇ ਹੀ ਸ਼ਲੋਕਾਂ ਵਿਚ ਇਕੋ ਹੀ ਮਜ਼ਮੂਨ 'ਹਰਿ-ਨਾਮ ਦਾ ਸਿਮਰਨ' ਉਤੇ ਉਸ ਦੇ ਵੱਖ-ਵੱਖ ਪਹਿਲੂ ਲੈ ਕੇ ਵਿਚਾਰ ਕੀਤੀ ਗਈ ਹੈ। ਇਸ ਦ੍ਰਿਸ਼ਟੀ-ਕੋਣ ਤੋਂ ਅਸਾਂ ਇਹਨਾਂ ਸਾਰੇ ਸ਼ਲੋਕਾਂ ਨੂੰ ਅੱਠ ਹਿੱਸਿਆਂ ਵਿਚ ਵੰਡਿਆ ਹੈ, ਤੇ ਹਰੇਕ ਹਿੱਸੇ ਦਾ ਵੱਖੋ-ਵੱਖਰਾ ਮਿਲਵਾਂ ਭਾਵ ਤੇ ਮੁੱਖ ਭਾਵ ਦਿੱਤਾ ਹੈ। ਪਾਠਕ ਸੱਜਣ ਉਹਨਾਂ ਨੂੰ ਪੜ੍ਹ ਕੇ ਆਪ ਹੀ ਵਿਚਾਰ ਲੈਣਗੇ ਕਿ ਇਹ ਸ਼ਲੋਕ ਵਿਕੋਲਿਤਰੇ ਨਹੀਂ ਹਨ।

(ੳ) ਸ਼ਲੋਕ ਨੰ: 1 ਤੋਂ 9 ਤਕ ਗਹੁ ਨਾਲ ਪੜ੍ਹ ਕੇ ਵੇਖੋ। 'ਰਾਮ...ਸੁਖੁ ਬਿਸ੍ਰਾਮੁ' ਤੋਂ ਸ਼ੁਰੂ ਹੋ ਕੇ ਇਹੀ ਖ਼ਿਆਲ ਕਈ ਰੂਪਾਂ ਵਿਚ ਚਲ ਕੇ 'ਜਿਹ ਮੂਐ ਸੁਖੁ ਹੋਇ' ਤੇ ਆ ਅੱਪੜਦਾ ਹੈ। ਸਾਫ਼ ਤੌਰ ਤੇ ਇਕੋ ਹੀ ਲੜੀ ਹੈ।

(ਅ) ਸਿਫ਼ਤਿ-ਸਾਲਾਹ ਦੀ ਬਰਕਤਿ = 'ਸਤੀ' ਦਾ ਸੁਨੇਹਾ:

ਸ਼ਲੋਕ ਨੰ: 81 ਤੋਂ 91 ਤਕ ਗਹੁ ਨਾਲ ਪੜ੍ਹੋ। ਨੰ: 81 ਵਿਚ ਪਰਮਾਤਮਾ ਦੇ ਗੁਣ ਗਾਵਣ ਦਾ ਜ਼ਿਕਰ ਹੈ; ਇਸ ਤੋਂ ਅਗਲੇ 9 ਸ਼ਲੋਕਾਂ ਵਿਚ ਕਬੀਰ ਜੀ ਲਿਖਦੇ ਹਨ ਕਿ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਨੀਵੀਂ ਜਾਤਿ ਵਾਲਾ ਨਿਤਾਣਾ-ਪਨ ਸਰੀਰਕ ਮੋਹ, ਮਨ ਦੀ ਭਟਕਣਾ, ਕੁਸੰਗ, ਨਿੰਦਾ ਆਦਿਕ ਐਬ ਦੂਰ ਹੋ ਜਾਂਦੇ ਹਨ। ਅਖ਼ੀਰਲੇ ਸ਼ਲੋਕ ਨੰ: 91 ਵਿਚ ਫਿਰ ਸਮੁੱਚੇ ਤੌਰ ਤੇ ਪਹਿਲੇ 10 ਸ਼ਲੋਕਾਂ ਦਾ ਸੰਖੇਪ-ਭਾਵ ਦੱਸਦੇ ਹਨ ਕਿ ਹਰਿ-ਸਿਮਰਨ ਦੀ ਬਰਕਤਿ ਨਾਲ ਮਨ ਵੱਸ ਵਿਚ ਆਉਂਦਾ ਹੈ, ਇਸ ਇੱਕ ਦੇ ਮਰਨ ਨਾਲ ਪੰਜ ਹੋਰ ਵਿਕਾਰ ਨਾਸ ਹੋ ਜਾਂਦੇ ਹਨ।

ਇਸ ਸੰਗ੍ਰਹਿ ਵਿਚੋਂ ਹੇਠ-ਲਿਖੇ 3 ਸ਼ਲੋਕ ਖ਼ਾਸ ਤੌਰ ਤੇ ਸੁਆਦਲੇ ਤਰੀਕੇ ਨਾਲ ਸਾਡੇ ਇਸ ਖ਼ਿਆਲ ਦੀ ਪ੍ਰੋੜ੍ਹਤਾ ਕਰਦੇ ਹਨ ਕਿ ਸ਼ਲੋਕ ਵਿਕੋਲਿਤਰੇ ਨਹੀਂ ਹਨ:

ਕਬੀਰ ਐਸਾ ਕੋ ਨਹੀ, ਮੰਦਰੁ ਦੇਇ ਜਰਾਇ ॥ ਪਾਂਚਉ ਲਰਿਕੇ ਮਾਰਿ ਕੈ, ਰਹੈ ਰਾਮ ਲਿਉ ਲਾਇ ॥83॥

ਕਬੀਰ ਐਸਾ ਕੋ ਨਹੀ, ਇਹੁ ਤਨੁ ਦੇਵੈ ਫੂਕਿ ॥ ਅੰਧਾ ਲੋਗੁ ਨ ਜਾਨਈ, ਰਹਿਓ ਕਬੀਰਾ ਕੂਕਿ ॥84॥

ਕਬੀਰ ਸਤੀ ਪੁਕਾਰੈ ਚਿਹ ਚੜੀ, ਸੁਨੁ ਹੋ ਬੀਰ ਮਸਾਨ ॥ ਲੋਗੁ ਸਬਾਇਆ ਚਲਿ ਗਇਓ, ਹਮ ਤੁਮ ਕਾਮੁ ਨਿਦਾਨ ॥85॥

ਇਹਨਾਂ ਸ਼ਲੋਕਾਂ ਨੂੰ ਵਿਕੋਲਿਤਰੇ ਦੱਸਣ ਵਾਲੇ ਸਾਡੇ ਵਿਦਵਾਨਾਂ ਨੇ ਸ਼ਲੋਕ ਨੰ: 85 ਦਾ ਅਰਥ ਇਉਂ ਲਿਖ ਦਿੱਤਾ ਹੈ– ਕਬੀਰ! ਚਿਖਾ ਤੇ ਚੜ੍ਹੀ ਹੋਈ ਸਤੀ ਪੁਕਾਰ ਕੇ ਆਖਦੀ ਹੈ 'ਹੇ ਮਸਾਣਾਂ ਵਿਚ ਆਏ ਵੀਰੋ! ਸੁਣੋ, ਸਾਰਾ ਜਗਤ ਤੁਰ ਗਿਆ ਹੈ, ਸਾਡਾ ਤੁਹਾਡਾ ਸਭ ਦਾ ਅੰਤ ਇਹੋ ਕੰਮ ਹੈ।

ਪਰ ਇਥੇ ਇਹ ਇਤਰਾਜ਼ ਉੱਠਦਾ ਹੈ ਕਿ ਮੌਤ ਦਾ ਇਹ ਸਨੇਹਾ ਸਿਰਫ਼ 'ਸਤੀ' ਦੇ ਮੂੰਹੋਂ ਕਿਉਂ ਸਣਾਇਆ ਗਿਆ ਹੈ, ਸੂਝ ਵਾਲੇ ਬੰਦੇ ਨੂੰ ਤਾਂ ਹਰੇਕ ਬਲਦੀ ਚਿਖਾ ਤੋਂ ਇਹੀ ਚੇਤਾਵਨੀ ਮਿਲਦੀ ਹੈ ਕਿ ਤੇਰੀ ਭੀ ਵਾਰੀ ਆਉਣੀ ਹੈ। ਕਾਵਿ-ਮੰਡਲ ਵਿਚ ਇਤਨੀ ਉੱਚੀ ਉਡਾਰੀ ਲਾਣ ਵਾਲੇ ਕਬੀਰ ਜੀ ਨੇ ਲਫ਼ਜ਼ 'ਸਤੀ' ਕਿਸੇ ਖ਼ਾਸ ਸੁੰਦਰ ਖ਼ਿਆਲ ਨੂੰ ਜ਼ਾਹਰ ਕਰਨ ਵਾਸਤੇ ਵਰਤਿਆ ਹੋਵੇਗਾ। ਕਬੀਰ ਜੀ ਦੀ ਉਹ ਡੂੰਘੀ ਰਮਜ਼ ਇਹਨਾਂ ਤਿੰਨਾਂ ਸ਼ਲੋਕਾਂ ਨੂੰ ਇਕੱਠੇ ਪੜ੍ਹਿਆਂ ਹੀ ਲੱਭ ਸਕਦੀ ਹੈ।

ਪਹਿਲੇ ਦੋ ਸ਼ਲੋਕਾਂ (ਨੰ: 83 ਅਤੇ 84) ਵਿਚ ਕਬੀਰ ਜੀ ਆਖਦੇ ਹਨ ਕਿ ਜਗਤ ਵਿਚ ਕੋਈ ਵਿਰਲਾ ਹੀ ਹੈ ਜੋ ਆਪਣੇ ਆਪ ਨੂੰ ਸਾੜਦਾ ਹੈ। ਨੰ: 85 ਵਿਚ ਆਖਦੇ ਹਨ ਕਿ ਅਸਾਂ 'ਸਤੀ' ਨੂੰ ਵੇਖਿਆ ਹੈ ਜੋ ਹੱਸ ਹੱਸ ਕੇ ਆਪਣੇ ਸਰੀਰ ਨੂੰ ਸਾੜਦੀ ਹੈ। ਸਾਰਾ ਸੰਸਾਰ ਮਸਾਣਾਂ ਤੋਂ ਡਰਦਾ ਕੰਬਦਾ ਹੈ; ਪਰ 'ਸਤੀ' ਮਸਾਣ ਨੂੰ 'ਵੀਰ' ਆਖ ਕੇ ਬੁਲਾਂਦੀ ਹੈ, ਉਸ ਮਸਾਣ ਨਾਲ ਪਿਆਰ ਕਰਦੀ ਹੈ।

ਇਹ ਕਿਉਂ?

'ਸਤੀ' ਜਾਣਦੀ ਹੈ ਕਿ ਜਦੋਂ ਇਹ ਮਸਾਣ ਮੇਰੇ ਸਰੀਰ ਨੂੰ ਸਾੜ ਦੇਵੇਗਾ, ਤਾਂ ਮੈਂ ਆਪਣੇ ਪਰਲੋਕ-ਅੱਪੜੇ ਪਤੀ ਨੂੰ ਜਾ ਮਿਲਾਂਗੀ।

ਪ੍ਰਭੂ ਪਤੀ ਪਰਦੇਸ ਵਿਚ ਬੈਠਾ ਹੈ, ਜੀਵ-ਇਸਤ੍ਰੀ ਪੇਕੇ-ਲੋਕ ਵਿਚ ਬੈਠੀ ਆਪਣੇ ਹੀ ਸਰੀਰ ਨਾਲ ਪਿਆਰ ਕਰੀ ਜਾ ਰਹੀ ਹੈ। ਜੀਵ-ਇਸਤ੍ਰੀ ਦਾ ਇਹ ਸਰੀਰਕ ਮੋਹ ਪ੍ਰਭੂ-ਪਤੀ ਨੂੰ ਮਿਲਣ ਦੇ ਰਾਹ ਵਿਚ ਰੋਕ ਪਾ ਰਿਹਾ ਹੈ। ਇਹ ਮੋਹ ਬੜਾ ਹੀ ਬਲਵਾਨ ਹੈ, ਇਸ ਨੂੰ ਵਿਰਲੀ ਹੀ ਸਾੜਦੀ ਹੈ, ਸਿਰਫ਼ ਉਹੀ ਸਾੜਦੀ ਹੈ ਜਿਸ ਨੂੰ ਸਮਝ ਆ ਗਈ ਹੈ ਕਿ ਇਸ ਦੇ ਸੜਿਆਂ ਹੀ ਪਤੀ-ਪ੍ਰਭੂ ਮਿਲੇਗਾ।

ਜਿਸ ਜੀਵ-ਇਸਤ੍ਰੀ ਨੂੰ ਇਹ ਯਕੀਨ ਬਣ ਜਾਂਦਾ ਹੈ ਕਿ ਸਰੀਰਕ ਮੋਹ ਨੂੰ ਸਾੜਨ ਤੋਂ ਬਿਨਾ ਪ੍ਰਭੂ-ਪਤੀ ਨਾਲ ਮਿਲਾਪ ਨਹੀਂ ਹੋ ਸਕਦਾ, ਤੇ ਇਸ ਮੋਹ ਦੇ ਸਾੜਨ ਲਈ ਸਿਰਫ਼ ਸਿਫ਼ਤਿ-ਸਾਲਾਹ ਹੀ ਸਮਰੱਥ ਹੈ ਸਿਰਫ਼ 'ਬ੍ਰਹਮ-ਅਗਨਿ' ਹੀ ਇਸ ਨੂੰ ਸਾੜ ਸਕਦੀ ਹੈ, ਉਹ ਜੀਵ-ਇਸਤ੍ਰੀ 'ਸਤੀ' ਵਾਂਗ ਇਸ ਸਿਫ਼ਤਿ-ਸਾਲਾਹ ਨੂੰ ਪਿਆਰ ਕਰਦੀ ਹੈ, ਇਸ ਬ੍ਰਹਮ-ਅਗਨਿ' ਨੂੰ 'ਵੀਰ' ਆਖ ਕੇ ਬੁਲਾਂਦੀ ਹੈ ਤੇ ਆਖਦੀ ਹੈ– 'ਹੇ ਪਿਆਰੀ ਬ੍ਰਹਮ-ਅਗਨਿ! ਦੁਨੀਆ ਵਾਲੇ ਸਾਥੀ ਮੈਨੂੰ ਪ੍ਰਭੂ-ਪਤੀ ਨਾਲ ਨਹੀਂ ਜੋੜ ਸਕੇ, ਉਹਨਾਂ ਦਾ ਸਾਥ ਭੀ ਕੱਚਾ ਹੀ ਸਾਬਤ ਹੋਇਆ। ਹੇ ਬ੍ਰਹਮ-ਅਗਨਿ! ਇਕ ਤੂੰ ਹੀ ਹੈਂ ਜੋ ਮੇਰੇ ਸਰੀਰਕ ਮੋਹ ਨੂੰ ਸਾੜ ਕੇ ਮੈਨੂੰ ਪਿਆਰੇ ਪ੍ਰਭੂ-ਪਤੀ ਨਾਲ ਮਿਲਾ ਸਕਦੀ ਹੈਂ। ਆਖ਼ਰ ਮੈਂ ਤੇਰਾ ਆਸਰਾ ਲਿਆ ਹੈ।

ਹੁਣ ਸਲੋਕ ਨੰ: 81 ਤੋਂ ਲੈ ਕੇ 85 ਤਕ ਪੜ੍ਹ ਕੇ ਵੇਖੋ। ਇਹਨਾਂ ਨੂੰ ਵਿਕੋਲਿਤਰੇ ਨਹੀਂ ਕਿਹਾ ਜਾ ਸਕਦਾ।

(ੲ) ਮੱਲਾਂ ਮੱਲਣੀਆਂ ਕਿ ਮੰਗ ਖਾਣਾ

ਸ਼ਲੋਕ ਨੰ: 168 ਤੋਂ 171 ਤਕ ਰਲਾ ਕੇ ਪੜ੍ਹੋ:

ਕਬੀਰ ਭਲੀ ਮਧੂਕਰੀ, ਨਾਨਾ ਬਿਧਿ ਕੋ ਨਾਜੁ ॥ ਦਾਵਾ ਕਾਹੂ ਕੋ ਨਹੀ, ਬਡਾ ਦੇਸੁ ਬਡ ਰਾਜੁ ॥168॥ ਕਬੀਰ ਦਾਵੈ ਦਾਝਨੁ ਹੋਤੁ ਹੈ, ਨਿਰਦਾਵੈ ਰਹੈ ਨਿਸੰਕ ॥ ਜੋ ਜਨੁ ਨਿਰਦਾਵੈ ਰਹੈ, ਸੋ ਗਨੈ ਇੰਦ੍ਰ ਸੋ ਰੰਕ ॥169॥ ਕਬੀਰ ਪਾਲਿ ਸਮੁਹਾ ਸਰਵਰੁ ਭਰਾ, ਪੀ ਨ ਸਕੈ ਕੋਈ ਨੀਰੁ ॥ ਭਾਗ ਬਡੇ ਤੈ ਪਾਇਓ, ਤੂੰ ਭਰਿ ਭਰਿ ਪੀਉ ਕਬੀਰ ॥170॥ ਕਬੀਰ ਪਰਭਾਤੇ ਤਾਰੇ ਖਿਸਹਿ, ਤਿਉ ਇਹੁ ਖਿਸੈ ਸਰੀਰੁ ॥ ਏ ਦੁਇ ਅਖਰ ਨਾ ਖਿਸਹਿ, ਸੋ ਗਹਿ ਰਹਿਓ ਕਬੀਰੁ ॥171॥

ਜੇ ਸ਼ਲੋਕ ਨੰ: 168 ਨੂੰ ਵਿਕੋਲਿਤਰਾ ਸਮਝ ਕੇ ਇਕੱਲਾ ਹੀ ਪੜ੍ਹੋਗੇ ਤਾਂ ਇਉਂ ਜਾਪੇਗਾ ਕਿ ਕਬੀਰ ਜੀ ਮੰਗਿ ਖਾਣ ਦੀ ਹਿਦਾਇਤ ਕਰਦੇ ਹਨ। ਪਰ ਜਦੋਂ ਇਸ ਤੋਂ ਅਗਲੇ ਸ਼ਲੋਕ ਨੂੰ ਇਸ ਦੇ ਨਾਲ ਰਲਾ ਕੇ ਪੜ੍ਹੋਗੇ ਤਾਂ ਕਬੀਰ ਜੀ ਦਾ ਅਸਲ ਭਾਵ ਖੁਲ੍ਹ ਜਾਇਗਾ। ਆਖਦੇ ਹਨ ਕਿ ਜਾਇਦਾਦਾਂ ਬਣਾਉਣ, ਮੱਲਾਂ ਮੱਲਣ, ਮਲਕੀਅਤਾਂ ਬਨਾਉਣ ਨਾਲੋਂ ਮੰਗਤਿਆਂ ਵਾਂਗ ਮੰਗਿ ਖਾਣਾ ਚੰਗਾ ਹੈ, ਕਿਉਂਕਿ ਜਿਉਂ ਜਿਉਂ ਮਨੁੱਖ ਜਾਇਦਾਦ ਇਕੱਠੀ ਕਰਦਾ ਹੈ ਤਿਉਂ ਤਿਉਂ ਉਸ ਦੇ ਅੰਦਰ 'ਦਾਝਨ' ਵਧਦੀ ਹੈ। ਹੁਣ ਇਹਨਾਂ ਦੋਹਾਂ ਸ਼ਲੋਕਾਂ ਦੇ ਨਾਲ ਅਗਲਾ ਸ਼ਲੋਕ ਨੰ: 170 ਰਲਾਉ। ਕੈਸੀ ਹਸਰਤਿ-ਭਰੀ ਦੁਖਦਾਈ ਗੱਲ ਦੱਸ ਰਹੇ ਹਨ! ਲੋਕ 'ਦਾਝਨ' ਦੇ ਕਾਰਨ, ਅੰਦਰਲੀ ਤ੍ਰੇਹ-ਸੜਨ ਦੇ ਕਾਰਨ, ਪਾਣੀ ਖੁਣੋਂ ਤੜਫ ਰਹੇ ਹਨ। ਪਾਣੀ ਦਾ ਤਲਾਬ ਭਰਿਆ ਪਿਆ ਹੈ, ਅਤੇ ਨਕਾ-ਨਕ ਭਰਿਆ ਹੈ, ਪਰ ਕਿਸੇ ਨੂੰ ਦਿੱਸਦਾ ਨਹੀਂ। ਇਹ ਸਾਰਾ ਦੋਸ਼ ਕਿਸ ਦਾ ਹੈ? ਮੱਲਾਂ ਮੱਲਣ ਦਾ, ਮਲਕੀਅਤਾਂ ਬਨਾਣ ਦਾ। ਸੰਸਾਰ ਦੇ ਜ਼ੱਰੇ ਜ਼ੱਰੇ ਵਿਚ ਪ੍ਰਭੂ ਵੱਸਦਾ ਹੋਵੇ, ਘਟ ਘਟ ਵਿਚ ਵਿਆਪਕ ਹੋਵੇ, ਪਰ ਲੋਕ ਮੱਲਾਂ ਮੱਲਣ ਦੇ ਆਹਰੇ ਲੱਗ ਕੇ ਤ੍ਰਿਸ਼ਨਾ ਅੱਗ ਵਿਚ ਸੜਦੇ ਹੋਏ ਉਸ ਘਟ-ਘਟ-ਵਾਸੀ ਨੂੰ ਨਾਹ ਪਛਾਣ ਸਕਣ = ਇਹ ਕਿਤਨੀ ਹਸਰਤਿ-ਭਰੀ ਘਟਨਾ ਹੈ!

ਹੁਣ ਸ਼ਲੋਕ ਨੰ: 171 ਦੇ ਲਫ਼ਜ਼ "ਗਹਿ ਰਹਿਓ" ਨੂੰ ਧਿਆਨ ਨਾਲ ਪੜ੍ਹੋ। ਜਗਤ ਮਲਕੀਅਤਾਂ ਬਣਾ ਰਿਹਾ ਹੈ, ਮੱਲਾਂ ਮਲ ਰਿਹਾ ਹੈ, ਪਰ ਕਬੀਰ ਦੁਨੀਆ ਦੀਆਂ ਮੱਲਾਂ ਮੱਲਣ ਦੀ ਥਾਂ ਹਰਿ-ਨਾਮ ਨੂੰ ਸਾਂਭੀ ਬੈਠਾ ਹੈ। ਇਥੇ ਇਹ ਲਫ਼ਜ਼ "ਗਹਿ ਰਹਿਓ" ਸਾਫ਼ ਤੌਰ ਤੇ ਸ਼ਲੋਕ ਨੰ: 169 ਦੇ "ਦਾਵੈ" ਵਲ ਇਸ਼ਾਰਾ ਕਰਦੇ ਹਨ। ਨਿਰਾ ਇਹੀ ਲਫ਼ਜ਼ ਨਹੀਂ, ਪਰਭਾਤ ਵੇਲੇ ਤਾਰਿਆਂ ਦੇ ਖਿੱਸਣ ਦਾ ਦ੍ਰਿਸ਼ਟਾਂਤ ਭੀ ਸ਼ਲੋਕ ਨੰ: 169 ਵਲ ਹੀ ਇਸ਼ਾਰਾ ਕਰਦਾ ਹੈ। ਰਾਤ ਦੀ ਟਿਕਵੀਂ ਸ਼ਾਂਤੀ ਵਿਚ ਤਾਰੇ ਚਮਕਦੇ ਹਨ, ਪਰ ਪਰਭਾਤ ਵੇਲੇ ਸੂਰਜ ਦੇ ਆਉਂਦੇ ਤੇਜ ਪ੍ਰਤਾਪ ਕਰਕੇ ਮੱਧਮ ਪੈਂਦੇ ਜਾਂਦੇ ਹਨ।

ਇਹ ਗਿਆਨ-ਇੰਦ੍ਰੇ ਸਰੀਰ-ਆਕਾਸ਼ ਦੇ, ਮਾਨੋ, ਤਾਰੇ ਹਨ। ਪ੍ਰਭੂ-ਚਰਨਾਂ ਵਿਚ ਜੁੜ ਕੇ ਪ੍ਰਾਪਤ ਕੀਤੀ ਹੋਈ ਟਿਕਵੀਂ ਸ਼ਾਂਤੀ ਦੇ ਕਾਰਨ ਇਹ ਤਾਰੇ ਪ੍ਰਭੂ-ਪਿਆਰ ਵਿਚ ਚਮਕਦੇ ਹਨ; ਪਰ ਮਲਕੀਅਤਾਂ ਤੋਂ ਪੈਦਾ ਹੋਈ ਅੰਦਰਲੀ ਤਪਸ਼ (ਪਰਭਾਤ) ਦੇ ਕਾਰਨ ਗਿਆਨ-ਇੰਦ੍ਰਿਆਂ (ਤਾਰਿਆਂ) ਵਿਚੋਂ ਪ੍ਰਭੂ ਵਾਲੇ ਪਾਸੇ ਦੀ ਲੋ ਘਟਦੀ ਜਾਂਦੀ ਹੈ। ਸਿਰਫ਼ ਇੱਕ ਹਰਿ-ਨਾਮ ਹੀ ਹੈ ਜੋ ਮਲਕੀਅਤਾਂ ਦੀ ਤਪਸ਼ ਦੇ ਅਸਰ ਤੋਂ ਪਰੇ ਰਹਿੰਦਾ ਹੈ, ਇਸ ਵਾਸਤੇ ਦੁਨੀਆ ਦੀਆਂ ਮੱਲਾਂ ਮੱਲਣ ਦੇ ਥਾਂ ਕਬੀਰ ਉਹ ਹਰਿ-ਨਾਮ ਨੂੰ "ਗਹਿ ਰਹਿਓ। "

ਕੌਣ ਕਹਿ ਸਕਦਾ ਹੈ ਕਿ ਇਹਨਾਂ ਸ਼ਲੋਕਾਂ ਵਿਚ ਡੂੰਘੀ ਸਾਂਝ ਨਹੀਂ ਹੈ? ਇਹ ਖ਼ਿਆਲ-ਲੜੀ ਅਜੇ ਅਗਾਂਹ ਤੁਰੀ ਜਾ ਰਹੀ ਹੈ।

(ਸ) ਬੰਦਿਆਂ ਵਲੋਂ ਰੁੱਖਾ ਤੇ ਰੱਬ ਵੱਲੋਂ ਰੁੱਖਾ

ਸ਼ਲੋਕ ਨੰ: 174 ਤੋਂ 179 ਤਕ ਮਿਲਾ ਕੇ ਪੜ੍ਹੋ:

ਕਬੀਰ ਸੰਤੁ ਨ ਛਾਡੈ ਸੰਤਈ, ਜਉ ਕੋਟਿਕ ਮਿਲਹਿ ਅਸੰਤ ॥ ਮਲਿਆਗਰੁ ਭੁਯੰਗਮ ਬੇਢਿਓ, ਤ ਸੀਤਲਤਾ ਨ ਤਜੰਤ ॥174॥ ਕਬੀਰ ਮਨੁ ਸੀਤਲੁ ਭਇਆ, ਪਾਇਆ ਬ੍ਰਹਮ ਗਿਆਨੁ ॥ ਜਿਨਿ ਜੁਆਲਾ ਜਗੁ ਜਾਰਿਆ, ਸੁ ਜਨ ਕੇ ਉਦਕ ਸਮਾਨਿ ॥175॥ ਕਬੀਰ ਸਾਰੀ ਸਿਰਜਨਹਾਰ ਕੀ, ਜਾਨੈ ਨਾਹੀ ਕੋਇ ॥ ਕੈ ਜਾਨੈ ਆਪਨ ਧਨੀ, ਕੈ ਦਾਸੁ ਦੀਵਾਨੀ ਹੋਇ ॥176॥ ਕਬੀਰ ਭਲੀ ਭਈ ਜੋ ਭਉ ਪਰਿਆ, ਦਿਸਾ ਗਈ ਸਭ ਭੂਲਿ ॥ ਓਰਾ ਗਰਿ ਪਾਨੀ ਭਇਆ, ਜਾਇ ਮਿਲਿਓ ਢਲਿ ਕੂਲਿ ॥177॥ ਕਬੀਰਾ ਧੂਰਿ ਸਕੇਲਿ ਕੈ, ਪੁਰੀਆ ਬਾਂਧੀ ਦੇਹ ॥ ਦਿਵਸ ਚਾਰਿ ਕੋ ਪੇਖਨਾ, ਅੰਤਿ ਖੇਹ ਕੀ ਖੇਹ ॥178॥ ਕਬੀਰ ਸੂਰਜ ਚਾਂਦ ਕੈ ਉਦੈ, ਭਈ ਸਭ ਦੇਹ ॥ ਗੁਰ ਗੋਬਿੰਦ ਕੇ ਬਿਨੁ ਮਿਲੇ, ਪਲਟਿ ਭਈ ਸਭ ਖੇਹ ॥179॥

ਬੜੇ ਬੜੇ ਜ਼ਹਿਰੀ ਸੱਪ ਜਿਨ੍ਹਾਂ ਦੀ ਨਿਰੀ ਫੂਕ ਹੀ ਸਾੜਨ ਦੀ ਤਾਕਤ ਰੱਖਦੀ ਹੈ ਚੰਦਨ ਦੇ ਬੂਟੇ ਨੂੰ ਘੇਰੀ ਰੱਖਦੇ ਹਨ, ਪਰ ਚੰਦਨ ਦੀ ਆਪਣੀ ਅੰਦਰਲੀ ਠੰਢਕ ਉਸ ਨੂੰ ਸੱਪਾਂ ਦੇ ਜ਼ਹਿਰ ਤੋਂ ਬਚਾ ਲੈਂਦੀ ਹੈ। ਇਹ ਮਾਇਆ, ਮਾਨੋ ਜੁਆਲਾ ਹੈ 'ਜਿਨਿ ਜਗੁ ਜਾਰਿਆ' ਪਰ ਪ੍ਰਭੂ ਦੀ ਹਜ਼ੂਰੀ ਵਿਚ ਰਹਿਣ ਵਾਲੇ ਨੂੰ ਪਤਾ ਹੁੰਦਾ ਹੈ ਕਿ ਮਾਇਆ ਦੀ ਸੜਨ ਤੋਂ ਬਚਣ ਲਈ ਮਾਇਆ ਨੂੰ ਬਨਾਣ ਵਾਲੇ ਦੇ ਚਰਨਾਂ ਵਿਚ ਜੁੜੇ ਰਹਿਣਾ ਹੀ ਸਹੀ ਰਸਤਾ ਹੈ।

ਵਰਖਾ ਪੈਣ ਤੇ ਮੀਂਹ ਦੀਆਂ ਬੂੰਦਾਂ ਰਲ ਕੇ ਨਦੀ ਵਿਚ ਜਾ ਮਿਲਦੀਆਂ ਹਨ। ਪਰ ਬਹੁਤੀ ਠੰਢ ਲੱਗ ਜਾਣ ਤੇ ਉਹ ਬੂੰਦਾਂ ਗੜੇ ਬਣ ਜਾਂਦੀਆਂ ਹਨ, ਇਹ ਗੜੇ ਆਪੋ ਵਿਚੋਂ ਨਿੱਖੜ ਕੇ ਧਰਤੀ ਉੱਤੇ ਡਿੱਗ ਕੇ ਇਧਰ-ਉਧਰ ਰਿੜ੍ਹਦੇ ਹਨ। ਜਦੋਂ ਇਹਨਾਂ ਨੂੰ ਫਿਰ ਸੇਕ ਲੱਗੇ, ਤਾਂ ਮੁੜ ਪਾਣੀ ਬਣ ਕੇ ਆਪਣੇ ਅਸਲੇ ਨਦੀ ਦੇ ਪਾਣੀ ਨਾਲ ਜਾ ਰਲਦੇ ਹਨ।

'ਦਾਝਨ' ਤੋਂ ਇਲਾਵਾ ਮਾਇਆ ਮਨੁੱਖ ਦੇ ਅੰਦਰ ਅਹਣ (ਗੜਿਆਂ) ਵਾਲੀ ਕਠੋਰਤਾ ਭੀ ਪੈਦਾ ਕਰਦੀ ਹੈ, ਬੰਦਿਆਂ ਵਲੋਂ ਰੁੱਖਾ ਤੇ ਰੱਬ ਵਲੋਂ ਭੀ ਰੁੱਖਾ; ਮਾਇਆ ਦੀ ਭਟਕਣਾ ਵਿਚ ਆਸੇ-ਪਾਸੇ ਠੇਡੇ ਖਾਂਦਾ ਫਿਰਦਾ ਹੈ। ਜਦੋਂ ਪ੍ਰਭੂ ਦਾ ਡਰ-ਰੂਪ ਸੇਕ ਇਸ ਨੂੰ ਲੱਗਦਾ ਹੈ ਤਾਂ ਹੋਰ ਪਾਸੇ ਭੁਲਾ ਕੇ ਪ੍ਰਭੂ-ਚਰਨਾਂ ਵਿਚ ਆ ਜੁੜਦਾ ਹੈ।

ਸ਼ਲੋਕ ਨੰ: 178 ਦੀ ਤੁਕ "ਅੰਤਿ ਖੇਹ ਕੀ ਖੇਹ" ਅਤੇ ਨੰ: 179 ਦੀ ਤੁਕ "ਪਲਟਿ ਭਈ ਸਭ ਖੇਹ" ਤੋਂ ਸਾਫ਼ ਦਿੱਸਦਾ ਹੈ ਕਿ ਇਹ ਦੋਵੇਂ ਸ਼ਲੋਕ ਇਕੱਠੇ ਹੀ ਵਿਚਾਰਨੇ ਹਨ। ਭਾਵੇਂ ਇਹ ਸਰੀਰ-ਨਗਰੀ ਚਾਰ ਦਿਨਾਂ ਦੇ ਵਾਸਤੇ ਹੀ ਹੈ, ਪਰ ਇਸ ਵਿਚ ਸੂਰਜ ਦਾ ਪ੍ਰਕਾਸ਼ ਹੋਣਾ ਚਾਹੀਦਾ ਹੈ, ਇਸ ਵਿਚ ਚੰਦ੍ਰਮਾ ਦੀਆਂ ਠੰਢੀਆਂ ਮਿੱਠੀਆਂ ਕਿਰਨਾਂ ਪੈਣੀਆਂ ਚਾਹੀਦੀਆਂ ਹਨ।

ਸ਼ਲੋਕ ਨੰ: 175 ਅਤੇ 177 ਵਿਚ ਮਾਇਆ ਦੇ ਜੋ ਭਿਆਨਕ ਅਸਰ ਦੱਸੇ ਹਨ, ਉਹਨਾਂ ਦਾ ਇਲਾਜ ਸ਼ਲੋਕ ਨੰ: 179 ਵਿਚ ਦੱਸਿਆ ਹੈ। ਜੀਵ ਦੇ ਚਾਰ-ਚੁਫੇਰੇ ਵਿਕਾਰਾਂ ਦੀ ਤਪਸ਼ ਹੈ; ਇਸ ਤਪਸ਼ ਤੋਂ ਬਚਣ ਲਈ ਇਸ ਨੂੰ ਅੰਤਰ-ਆਤਮੇ ਚੰਦ੍ਰਮਾ ਵਾਲੀ ਠੰਢ ਦੀ ਲੋੜ ਹੈ; ਜਿਵੇਂ ਚੰਦਨ ਨੂੰ ਉਸ ਦੀ ਆਪਣੀ ਅੰਦਰਲੀ ਸੀਤਲਤਾ ਸੱਪਾਂ ਦੇ ਜ਼ਹਿਰ ਤੋਂ ਬਚਾਈ ਰੱਖਦੀ ਹੈ। ਮਾਇਆ ਦੇ ਅਸਰ ਹੇਠ ਸਦਾ ਇਹ ਖ਼ਤਰਾ ਹੈ ਕਿ ਜੀਵ ਗੜੇ ਵਾਂਗ ਕਠੋਰ ਨਾਹ ਬਣ ਜਾਏ, ਇਸ ਕਠੋਰਤਾ ਤੋਂ ਬਚਣ ਲਈ ਇਸ ਨੂੰ ਅੰਤਰ-ਆਤਮੇ ਸੂਰਜ ਦੇ ਨਿੱਘ ਦੀ ਲੋੜ ਹੈ। ਇਹ ਨਿੱਘ (ਪਿਆਰ) ਤੇ ਇਹ ਸੀਤਲਤਾ (ਸ਼ਾਂਤੀ) ਗੁਰੂ ਪਰਮਾਤਮਾ ਦੇ ਚਰਨਾਂ ਵਿਚ ਜੁੜਿਆਂ ਮਿਲਦੇ ਹਨ।

ਵੇਖ ਲਉ, ਇਹ ਸਾਰੇ ਸ਼ਲੋਕ ਇਕੋ ਹੀ ਖ਼ਿਆਲ-ਲੜੀ ਦੇ ਮੋਤੀ ਹਨ।

ਕਬੀਰ ਜੀ ਨਾਲ ਬੇ-ਇਨਸਾਫ਼ੀ

ਬੂਡਾ ਬੰਸੁ ਕਬੀਰ ਕਾ, ਉਪਜਿਓ ਪੂਤੁ ਕਮਾਲੁ ॥ ਹਰਿ ਕਾ ਸਿਮਰਨੁ ਛਾਡਿ ਕੈ, ਘਰਿ ਲੇ ਆਯਾ ਮਾਲੁ ॥115॥

ਕਬੀਰ ਜੀ ਦੀ ਬਹੁਤ ਸਾਰੀ ਬਾਣੀ ਐਸੀ ਹੈ ਜਿਸ ਵਿਚ ਡੂੰਘੀਆਂ ਰਮਜ਼ਾਂ ਹਨ। ਪਰ ਸਾਡੇ ਕਈ ਟੀਕਾਕਾਰ ਇਹਨਾਂ ਔਖੀਆਂ ਘਾਟੀਆਂ ਨੂੰ ਕਹਾਣੀਆਂ ਘੜ ਘੜ ਕੇ ਲੰਘਦੇ ਆਏ ਹਨ। ਕਹਾਣੀਆਂ ਘੜਨ ਵੇਲੇ ਕਈ ਵਾਰੀ ਇਸ ਗੱਲ ਦਾ ਭੀ ਖ਼ਿਆਲ ਨਹੀਂ ਰਿਹਾ ਕਿ ਇਸ ਕਹਾਣੀ ਦੀ ਟੇਕ ਤੇ ਕੀਤੇ ਹੋਏ ਅਰਥ ਸਾਡੇ ਮੌਜੂਦਾ ਇਨਸਾਨੀ ਜੀਵਨ ਨਾਲ ਮੇਲ ਖਾਂਦੇ ਹਨ ਜਾਂ ਨਹੀਂ। ਕਬੀਰ ਦਾ ਆਪਣੀ ਵਹੁਟੀ ਲੋਈ ਨਾਲ ਗੁੱਸੇ ਹੋ ਜਾਣਾ, ਨਾਮਦੇਵ ਦਾ ਮੁਗ਼ਲ ਨੂੰ ਰੱਬ ਆਖਣਾ = ਅਜੇਹੀਆਂ ਕਈ ਬੇ-ਥਵੀਆਂ ਕਥਾ-ਕਹਾਣੀਆਂ ਐਸ ਵੇਲੇ ਸਿੱਖ ਪਰਚਾਰਕ ਸੁਣਾ ਦੇਂਦੇ ਹਨ ਜੋ ਅਸਲ ਵਿਚ ਸਿੱਖ ਧਰਮ ਦੇ ਆਸ਼ੇ ਦੇ ਹੀ ਬਿਲਕੁਲ ਵਿਰੁੱਧ ਜਾਂਦੀਆਂ ਹਨ।

ਪਰ ਇਸ ਮੌਜੂਦਾ ਸ਼ਲੋਕ ਵਿਚ ਤਾਂ ਕਬੀਰ ਜੀ ਨਾਲ ਇਕ ਬੇ-ਇਨਸਾਫ਼ੀ ਭੀ ਕੀਤੀ ਗਈ ਹੈ। ਆਪਣੇ ਕੱਚੇ ਤੇ ਕਮਜ਼ੋਰ ਅਰਥ ਦੀ ਪਕਿਆਈ ਦੀ ਖ਼ਾਤਰ ਕਹਾਣੀਆਂ ਘੜਨ ਵਾਲਿਆਂ ਨੇ ਇਹ ਅੰਦਾਜ਼ਾ ਲਾਇਆ ਹੈ ਕਿ ਕਬੀਰ ਜੀ ਦਾ ਪੁੱਤਰ (ਜਿਸ ਦਾ ਨਾਮ ਇਹ ਲੋਕ 'ਕਮਾਲ' ਦੱਸ ਰਹੇ ਹਨ) ਕਿਸੇ ਲਾਲਚ ਵਿਚ ਫਸ ਕੇ ਕੁਝ 'ਮਾਲ' ਘਰ ਲੈ ਆਇਆ ਸੀ, ਤੇ ਕਬੀਰ ਜੀ ਨੇ ਉਸ ਦੀ ਇਸ ਕਰਤੂਤ ਦੀ ਨਿਖੇਧੀ ਇਸ ਸ਼ਲੋਕ ਵਿਚ ਕੀਤੀ ਹੈ। ਕੁਝ ਇਸੇ ਤਰ੍ਹਾਂ ਹੀ ਗਉੜੀ ਰਾਗ ਦੇ ਇਕ 'ਛੰਤ' ਵਿਚ ਲਫ਼ਜ਼ 'ਮੋਹਨ' ਵੇਖ ਕੇ ਕਹਾਣੀਆਂ ਘੜਨ ਵਾਲਿਆਂ ਨੇ ਬਾਬਾ ਮੋਹਨ ਦੀਆਂ ਸੈਂਚੀਆਂ ਦੀ ਕਹਾਣੀ ਗੁਰੂ ਅਰਜਨ ਸਾਹਿਬ ਦੇ ਨਾਲ ਜੋੜ ਦਿੱਤੀ। (ਇਸ ਬਾਰੇ ਪੜ੍ਹੋ ਮੇਰੀ ਪੁਸਤਕ 'ਕੁਝ ਹੋਰ ਧਾਰਮਿਕ ਲੇਖ' ਦੇ ਪਹਿਲੇ ਤਿੰਨ ਮਜ਼ਮੂਨ) । ਅਜੇਹੇ ਅੰਦਾਜ਼ੇ ਲਾਣੇ ਕਈ ਵਾਰੀ ਮਹਾ ਪੁਰਖਾਂ ਦੀ ਨਿਰਾਦਰੀ ਦੇ ਤੁੱਲ ਹੋ ਜਾਂਦੇ ਹਨ।

ਇਸ ਸ਼ਲੋਕ ਦੇ ਨਾਲ ਇਹ ਕੋਝੀ ਕਹਾਣੀ ਜੋੜਨ ਦੀ ਕਿਉਂ ਲੋੜ ਪਈ? ਸਿਰਫ਼ ਇਸ ਵਾਸਤੇ ਕਿ ਇਸ ਨੂੰ ਵਿਕੋਲਿਤਰਾ ਜਾਣ ਕੇ ਇਸ ਨੂੰ ਇਕੱਲੇ ਨੂੰ ਸਮਝਣ ਦੀ ਕੋਸ਼ਸ਼ ਕੀਤੀ ਗਈ। ਪਰ ਇਸ ਸਾਰੇ ਸੰਗ੍ਰਹ ਨੂੰ ਰਲਾ ਕੇ ਪੜ੍ਹੋ। ਸ਼ਲੋਕ ਨੰ: 102 ਵਿਚ ਕਬੀਰ ਜੀ ਹਦਾਇਤ ਕਰਦੇ ਹਨ ਕਿ:

ਕਬੀਰ ਰਾਮੁ ਨ ਛੋਡੀਐ, ਤਨੁ ਧਨੁ ਜਾਇ ਤ ਜਾਉ ॥

ਸਰੀਰ ਅਤੇ ਧਨ ਕੁਰਬਾਨ ਕਰ ਕੇ ਭੀ ਕਿਉਂ "ਰਾਮੁ ਨ ਛੋਡੀਐ" = ਇਹ ਗੱਲ ਸ਼ਲੋਕ ਨੰ: 103, 104 ਅਤੇ 105 ਵਿਚ ਸਮਝਾ ਕੇ ਅੱਗੇ ਲਿਖਦੇ ਹਨ ਕਿ ਸਿਮਰਨ ਛੱਡ ਕੇ ਦੁਨੀਆ ਉਲਟੇ ਰਾਹੇ ਤੁਰ ਪੈਂਦੀ ਹੈ:

ਕਬੀਰ ਹਰਿ ਕਾ ਸਿਮਰਨੁ ਛਾਡਿ ਕੈ, ਪਾਲਿਓ ਬਹੁਤੁ ਕੁਟੰਬੁ ॥ ਧੰਧਾ ਕਰਤਾ ਰਹਿ ਗਇਆ, ਭਾਈ ਰਹਿਆ ਨ ਬੰਧੁ ॥106॥ ਕਬੀਰ ਹਰਿ ਕਾ ਸਿਮਰਨੁ ਛਾਡਿ ਕੈ, ਰਾਤਿ ਜਗਾਵਨ ਜਾਇ ॥ ਸਰਪਨਿ ਹੋਇ ਕੈ ਅਉਤਰੈ, ਜਾਏ ਅਪੁਨੇ ਖਾਇ ॥107॥ ਕਬੀਰ ਹਰਿ ਕਾ ਸਿਮਰਨੁ ਛਾਡਿ ਕੈ, ਅਹੋਈ ਰਾਖੈ ਨਾਰਿ ॥ ਗਦਹੀ ਹੋਇ ਕੈ ਅਉਤਰੈ, ਭਾਰੁ ਸਹੈ ਮਨ ਚਾਰਿ ॥108॥

ਪ੍ਰਭੂ-ਚਰਨਾਂ ਤੋਂ ਵਿੱਛੁੜੇ ਮਨੁੱਖ ਨੂੰ ਜਗਤ ਦੇ ਕਈ ਸਹਿਮ ਘੇਰਾ ਪਾਈ ਰੱਖਦੇ ਹਨ– ਦੁੱਖ-ਕਲੇਸ਼, ਰੋਗ, ਗਰੀਬੀ, ਲੋਕ-ਰਾਜ, ਈਰਖਾ-ਸਾੜੇ, ਕਈ ਕਿਸਮ ਦੀਆਂ ਮੁਥਾਜੀਆਂ ਆਦਿਕ। ਇਹਨਾਂ ਦੇ ਅਸਰ ਨੂੰ ਭੁਲਾਣ ਦੀ ਖ਼ਾਤਰ ਕਿਤੇ ਇਹ ਵਿਚਾਰਾ ਲੁਕਵੇਂ ਪਾਪ ਕਰਦਾ ਹੈ, ਕਿਤੇ ਸੰਤਾਨ ਦੀ ਖ਼ਾਤਰ ਮਸਾਣ ਜਗਾਏ ਜਾਂਦੇ ਹਨ, ਕਿਤੇ ਵਰਤ ਰੱਖੀਦੇ ਹਨ। ਫਿਰ ਭੀ ਸੁਖ ਨਹੀਂ ਹੈ, ਸਹਿਮ ਹੀ ਸਹਿਮ ਹੈ। ਇਹ ਸਾਰੀਆਂ ਸਿਆਣਪਾਂ ਅਕਾਰਥ ਜਾ ਰਹੀਆਂ ਹਨ।

ਇਹਨਾਂ ਦਾ ਇਲਾਜ ਇਕੋ ਹੀ ਹੈ। ਪ੍ਰਭੂ ਤੋਂ ਵਿਛੋੜੇ ਦੇ ਕਾਰਨ ਇਹ ਦੁਖ ਹਨ। ਸਿਰਫ਼ ਵਿਛੋੜਾ ਦੂਰ ਕਰਨਾ ਹੈ, ਪ੍ਰਭੂ ਦੇ ਚਰਨਾਂ ਵਿਚ ਜੁੜਨਾ ਹੈ। ਪਰ ਨਿਰਾ 'ਰਾਮ ਰਾਮ' ਆਖਣ ਨੂੰ ਸਿਮਰਨ ਨਹੀਂ ਕਹੀਦਾ। ਇਸ ਦਾਰੂ ਦੇ ਨਾਲ ਕਈ ਪਰਹੇਜ਼ ਭੀ ਹਨ– ਚਸਕੇ, ਸਰੀਰਕ ਮੋਹ, ਜਾਤਿ-ਅਭਿਮਾਨ, ਪਰਾਈ ਨਿੰਦਾ, ਕੁਸੰਗ, ਵਰਤ ਆਦਿਕਾਂ ਦਾ ਭਰਮ, ਸੰਗ੍ਰਾਂਦ-ਮੱਸਿਆ ਦੀ ਭਟਕਣਾ, ਨੱਕ-ਨਮੂਜ ਦੀ ਖ਼ਾਤਰ ਕੀਤੀਆਂ ਜਾ ਰਹੀਆਂ ਵਿਅਰਥ ਰਸਮਾਂ = ਅਜੇਹੇ ਕਈ ਕੰਮ ਹਨ ਜੋ ਜਦ ਤਕ ਛੱਡੇ ਨਾਹ ਜਾਣ, ਸਿਮਰਨ ਆਪਣਾ ਜੌਹਰ ਵਿਖਾ ਨਹੀਂ ਸਕਦਾ। ਪਰ ਇਹਨਾਂ ਦਾ ਤਿਆਗ ਕੋਈ ਸੌਖੀ ਖੇਡ ਨਹੀਂ; ਕਿਤੇ ਆਪਣਾ ਹੀ ਵਿਗਾੜਿਆ ਹੋਇਆ ਮਨ ਵਰਜਦਾ ਹੈ, ਕਿਤੇ ਲੋਕ-ਲਾਜ ਵਰਜਦੀ ਹੈ। ਸੋ, ਸਿਮਰਨ ਕਰਨਾ ਇਕ ਬੜੀ ਔਖੀ ਖੇਡ ਹੈ, ਸੂਲੀ ਉਤੇ ਚੜ੍ਹਨ ਸਮਾਨ ਹੈ। ਪਰ ਸਿਮਰਨ ਤੋਂ ਬਿਨਾ ਹੋਰ ਕੋਈ ਰਸਤਾ ਭੀ ਨਹੀਂ ਹੈ ਜਿਸ ਤੇ ਤੁਰ ਕੇ ਮਨੁੱਖਤਾ ਦੀ ਚੋਟੀ ਉਤੇ ਅੱਪੜਿਆ ਜਾ ਸਕੇ:

ਕਬੀਰ ਚਤੁਰਾਈ ਅਤਿ ਘਨੀ, ਹਰਿ ਜਪਿ ਹਿਰਦੈ ਮਾਹਿ ॥ ਸੂਰੀ ਊਪਰਿ ਖੇਲਨਾ, ਗਿਰੈ ਤ ਠਾਹਰ ਨਾਹਿ ॥109॥

ਇਸ ਵਾਸਤੇ ਉਹ ਪਿੰਡ ਪਵਿਤ੍ਰ ਹੈ ਉਹ ਕੁਲ ਭਲੀ ਹੈ ਜਿਸ ਵਿਚ ਕੋਈ ਭਾਗਾਂ ਵਾਲਾ ਹਰਿ-ਨਾਮ ਸਿਮਰਦਾ ਹੈ:

ਕਬੀਰ ਸੋੁਈ ਮੁਖੁ ਧੰਨਿ ਹੈ, ਜਾ ਮੁਖਿ ਕਹੀਐ ਰਾਮੁ ॥ ਦੇਹੀ ਕਿਸ ਕੀ ਬਾਪੁਰੀ, ਪਵਿਤ੍ਰੁ ਹੋਇਗੋ ਗ੍ਰਾਮੁ ॥110॥ ਕਬੀਰ ਸੋਈ ਕੁਲ ਭਲੀ, ਜਾ ਕੁਲ ਹਰਿ ਕੋ ਦਾਸੁ ॥ ਜਿਹ ਕੁਲ ਦਾਸੁ ਨ ਊਪਜੈ, ਸੋ ਕੁਲ ਢਾਕੁ ਪਲਾਸੁ ॥111॥

"ਹਰਿ ਕਾ ਸਿਮਰਨੁ ਛਾਡਿ ਕੈ" ਵਾਲੇ ਖ਼ਿਆਲ ਨੂੰ ਜਾਰੀ ਰੱਖਦੇ ਹੋਏ ਅਗਲੇ ਦੋ ਸ਼ਲੋਕਾਂ ਵਿਚ ਆਖਦੇ ਹਨ– ਮੈਂ ਸਾਰੇ ਜਗਤ ਨੂੰ ਪੁੱਛ ਵੇਖਿਆ ਹੈ ਕਿ ਦੱਸੋ, ਭਾਈ! ਇਸ ਰਾਜ-ਭਾਗ ਮਹਲ-ਮਾੜੀਆਂ ਸਾਕ ਸੰਬੰਧੀਆਂ ਵਿਚੋਂ ਕੋਈ ਤੋੜ ਨਿਭਣ ਵਾਲਾ ਸਾਥੀ ਭੀ ਕਿਸੇ ਨੇ ਵੇਖਿਆ ਹੈ ਪਰ ਕਿਸੇ ਨੇ ਹਾਮੀ ਨਹੀਂ ਭਰੀ:

ਕਬੀਰ ਹੈ ਗਇ ਬਾਹਨ ਸਘਨ ਘਨ, ਲਾਖ ਧਜਾ ਫਹਰਾਹਿ ॥ ਇਆ ਸੁਖ ਤੇ ਭਿਖ੍ਯ੍ਯਾ ਭਲੀ, ਜਉ ਹਰਿ ਸਿਮਰਤ ਦਿਨ ਜਾਹਿ ॥112॥ ਕਬੀਰ ਸਭੁ ਜਗੁ ਹਉ ਫਿਰਿਓ, ਮਾਂਦਲੁ ਕੰਧ ਚਢਾਇ ॥ ਕੋਈ ਕਾਹੂ ਕੋ ਨਹੀ, ਸਭ ਦੇਖੀ ਠੋਕਿ ਬਜਾਇ ॥113॥

ਫਿਰ ਭੀ ਅੰਨ੍ਹੇ ਹੋਏ ਮਨੁੱਖ ਨੂੰ ਸਿਮਰਨ ਦੀ ਸਾਰ ਨਹੀਂ ਆਉਂਦੀ:

ਮਾਰਗਿ ਮੋਤੀ ਬੀਥਰੇ, ਅੰਧਾ ਨਿਕਸਿਓ ਆਇ ॥ ਜੋਤਿ ਬਿਨਾ ਜਗਦੀਸ ਕੀ, ਜਗਤੁ ਉਲੰਘੇ ਜਾਇ ॥114॥

ਸ਼ਲੋਕ ਨੰ: 106, 107 ਅਤੇ 108 ਵਾਲਾ ਖ਼ਿਆਲ ਜਾਰੀ ਰੱਖਦੇ ਹੋਏ ਤੇ ਉਹੀ ਤੁਕ "ਹਰਿ ਕਾ ਸਿਮਰਨ ਛਾਡਿ ਕੈ" ਵਰਤ ਕੇ ਆਖਦੇ ਹਨ:

ਬੂਡਾ ਬੰਸੁ ਕਬੀਰ ਕਾ, ਉਪਜਿਓ ਪੂਤੁ ਕਮਾਲੁ ॥ ਹਰਿ ਕਾ ਸਿਮਰਨੁ ਛਾਡਿ ਕੈ, ਘਰਿ ਲੇ ਆਯਾ ਮਾਲੁ ॥115॥

ਸ਼ਲੋਕ 106 ਤੋਂ 115 ਤਕ ਗਹੁ ਨਾਲ ਪੜ੍ਹ ਕੇ ਵੇਖੋ। ਜਗਤ ਦੀ ਆਮ ਹਾਲਤ ਦੱਸ ਰਹੇ ਹਨ ਕਿ ਸਿਮਰਨ ਤੋਂ ਵਾਂਜੇ ਰਹਿ ਕੇ ਇਨਸਾਨ ਕਿਸ ਨੀਵੀਂ ਦਸ਼ਾ ਵਿਚ ਜਾ ਡਿੱਗਦਾ ਹੈ। ਸਿਮਰਨ ਤੋਂ ਖੁੰਝ ਕੇ ਮਨੁੱਖ ਸਾਰੀ ਉਮਰ ਨਿਰਾ ਟੱਬਰ ਹੀ ਪਾਲਦਾ ਰਹਿੰਦਾ ਹੈ, ਟੱਬਰ ਦੀ ਖ਼ਾਤਰ ਜਗਤ ਦੇ ਧੰਧੇ ਕਰਦਾ ਕਰਦਾ ਆਖ਼ਰ ਆਤਮਕ ਮੌਤੇ ਮਰ ਜਾਂਦਾ ਹੈ। ਸਿਮਰਨ ਤੋਂ ਵਾਂਜੀ ਰਹਿਣ ਕਰਕੇ ਹੀ ਕੋਈ ਔਤਰੀ ਜਾਹਲ ਜ਼ਨਾਨੀ ਰਾਤ ਨੂੰ ਮਸਾਣ ਜਗਾਣ ਤੁਰ ਪੈਂਦੀ ਹੈ। ਹਰਿ-ਨਾਮ ਛੱਡਣ ਦਾ ਹੀ ਇਹ ਨਤੀਜਾ ਹੈ ਕਿ ਕਈ ਮੂਰਖ ਇਸਤ੍ਰੀਆਂ ਸ਼ੀਤਲਾ ਆਦਿਕ ਦਾ ਵਰਤ ਰੱਖਦੀਆਂ ਫਿਰਦੀਆਂ ਹਨ। ਅਖ਼ੀਰਲੇ ਸ਼ਲੋਕ ਵਿਚ ਆਖਦੇ ਹਨ– ਹਰਿ-ਨਾਮ ਵਿਸਾਰਨ ਦਾ ਨਤੀਜਾ ਆਖ਼ਰ ਇਹ ਨਿਕਲਦਾ ਹੈ ਕਿ ਮਨੁੱਖ ਆਪਣੇ ਅੰਦਰ ਨਿਰਾ ਮਾਇਆ ਦਾ ਮੋਹ ਹੀ ਵਸਾ ਲੈਂਦਾ ਹੈ ਤੇ ਇਸ ਦਾ ਸਾਰਾ 'ਬੰਸੁ' (ਅੱਖਾਂ, ਕੰਨ, ਨੱਕ ਆਦਿਕ ਸਾਰੇ ਹੀ ਇੰਦ੍ਰਿਆਂ ਦਾ ਟੋਲਾ) ਵਿਕਾਰਾਂ ਵਿਚ ਜ਼ਰੂਰ ਡੁੱਬ ਜਾਂਦਾ ਹੈ।

ਸ਼ਲੋਕ ਨੰ: 106 ਤੋਂ 115 ਤਕ "ਹਰਿ ਕਾ ਸਿਮਰਨੁ ਛਾਡਿ ਕੈ" ਤੁਕ ਦੀ ਵਰਤੋਂ ਇਹ ਦੱਸਦੀ ਹੈ ਕਿ ਇਹਨਾਂ ਵਿਚ ਮਿਲਵਾਂ ਸਾਂਝਾ ਖ਼ਿਆਲ ਹੈ।

ਲਫ਼ਜ਼ 'ਪੂਤ' ਕਬੀਰ ਜੀ ਨੇ ਦੋ ਹੋਰ ਸ਼ਬਦਾਂ (ਰਾਗ ਸੋਰਠਿ ਅਤੇ ਬਸੰਤ) ਵਿਚ ਭੀ ਵਰਤਿਆ ਹੈ, ਇਸ ਦਾ ਅਰਥ ਹੈ 'ਮਨ'। (ਹੋਰ ਵਿਸਥਾਰ ਨਾਲ ਸਮਝਣ ਲਈ ਪੜ੍ਹੋ ਇਸ ਸ਼ਲੋਕ ਨੰ: 115 ਦੇ ਅਰਥ) ।

(ਕ) ਕੇਸਾਂ ਬਾਰੇ ਕਬੀਰ ਜੀ:

ਕਬੀਰ ਪ੍ਰੀਤਿ ਇਕ ਸਿਉ ਕੀਏ, ਆਨ ਦੁਬਿਧਾ ਜਾਇ ॥ ਭਾਵੈ ਲਾਂਬੇ ਕੇਸ ਕਰੁ, ਭਾਵੈ ਘਰਰਿ ਮੁਡਾਇ ॥25॥

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਿੱਖ-ਆਤਮਾ ਦੀ ਜਿੰਦ-ਜਾਨ ਹੈ। ਭਗਤ ਕਬੀਰ ਜੀ ਦੇ ਸ਼ਲੋਕ ਭੀ ਗੁਰੂ ਗ੍ਰੰਥ ਸਾਹਿਬ ਦਾ ਹੀ ਹਿੱਸਾ ਹਨ। ਪਰ ਜਦੋਂ ਸਾਡੇ ਸਿੱਖ ਵਿਦਵਾਨਾਂ ਨੇ ਇਹ ਸਮਝੀ ਰੱਖਿਆ ਕਿ ਇਹਨਾਂ ਸ਼ਲੋਕਾਂ ਦੀ ਆਪੋ ਵਿਚ ਖ਼ਿਆਲ ਦੀ ਕੋਈ ਸਾਂਝ ਨਹੀਂ ਹੈ, ਮਨ-ਮਤੀਆਂ ਪਾਸੋਂ ਤਾਂ ਇਹ ਆਸ ਹੀ ਨਹੀਂ ਹੋ ਸਕਦੀ ਸੀ ਕਿ ਉਹ ਕੋਈ ਖੇਚਲ ਕਰ ਕੇ ਇਥੋਂ ਅਸਲ ਸੱਚਾਈ ਨੂੰ ਲੱਭਦੇ। ਅੱਜ ਤੋਂ ਤੀਹ ਚਾਲੀ ਸਾਲ ਪਹਿਲਾਂ ਇਕ ਸਮਾ ਐਸਾ ਆਇਆ ਜਦੋਂ ਮਜ਼ਹਬੀ ਬਹਿਸ-ਮੁਬਾਹਸੇ ਹੁੰਦੇ ਸਨ, ਪੰਡਿਤ ਪਰਚਾਰਕ ਪਾਰਟੀ ਤੇ ਮੌਲਵੀ ਲੋਕ ਜਲਸੇ ਕਰ ਕਰ ਕੇ ਦੂਜੇ ਧਰਮਾਂ ਉਤੇ ਚਿੱਕੜ ਸੁੱਟਣ ਦੀ ਕੋਸ਼ਸ਼ ਕਰਦੇ ਸਨ, ਤੇ ਇਹਨਾਂ ਜਲਸਿਆਂ ਵਿਚ ਆਏ ਲੋਕ ਸੁਣ ਸੁਣ ਕੇ ਬੜੇ ਖ਼ੁਸ਼ ਹੁੰਦੇ ਸਨ, ਕਈ ਸਿੱਖ-ਧਰਮ ਵਿਰੋਧੀ ਵੀਰ ਇਸ ਉਪਰ-ਲਿਖੇ ਸ਼ਲੋਕ ਦਾ ਹਵਾਲਾ ਦੇ ਕੇ ਗੁਰੂ ਗ੍ਰੰਥ ਸਾਹਿਬ ਵਿਚੋਂ ਹੀ ਕੇਸਾਂ ਦੀ ਨਿਖੇਧੀ ਸਾਬਤ ਕਰਨ ਦੇ ਜਤਨ ਕਰਦੇ ਸਨ।

ਅਸਾਂ ਇਥੇ ਕੇਸ ਰੱਖਣ ਜਾਂ ਨਾਹ ਰੱਖਣ ਤੇ ਕੋਈ ਬਹਿਸ ਨਹੀਂ ਕਰਨੀ; ਸਿਰਫ਼ ਇਹ ਵੇਖਣਾ ਹੈ ਕਿ ਪ੍ਰਸੰਗ ਅਨੁਸਾਰ ਇਸ ਸ਼ਲੋਕ ਦਾ ਕੀਹ ਅਰਥ ਹੈ। ਜਿਸ ਲੜੀ ਵਿਚ ਇਹ ਸ਼ਲੋਕ ਆਇਆ ਹੈ ਉਸ ਨੂੰ ਪੇਸ਼ ਕਰਨ ਤੋਂ ਪਹਿਲਾਂ ਪਾਠਕਾਂ ਨੂੰ ਇਕ ਹੋਰ ਗੱਲ ਚੇਤੇ ਕਰਾ ਦੇਣੀ ਜ਼ਰੂਰੀ ਹੈ। ਪਰੰਪਰਾ ਤੋਂ ਇਹ ਰੀਤ ਤੁਰੀ ਆ ਰਹੀ ਹੈ ਕਿ ਧਰਤੀ ਉਤੇ ਤਦੋਂ ਹੀ ਕੋਈ ਮਹਾ ਪੁਰਖ ਹੁੰਦਾ ਹੈ, ਜਦੋਂ ਲੋਕਾਂ ਦੇ ਰੋਜ਼ਾਨਾ ਜੀਵਨ ਵਿਚ ਬਹੁਤ ਕੁਰੀਤੀਆਂ ਚੱਲ ਪੈਣ, ਜਦੋਂ ਆਪਣੇ ਆਪ ਨੂੰ ਧਾਰਮਿਕ ਸਮਝਣ ਵਾਲੇ ਜਾਂ ਜ਼ਾਹਰ ਕਰਨ ਵਾਲੇ ਲੋਕ ਨਿਰਾ ਧਾਰਮਿਕ ਭੇਖ ਨੂੰ ਹੀ ਧਰਮ ਸਮਝ ਕੇ ਆਮ ਲੋਕਾਂ ਵਿਚ ਭੀ ਇਸੇ ਹੀ ਧਰਮ-ਭੇਖ ਦਾ ਪ੍ਰਚਾਰ ਕਰਨ ਤੇ ਇਸ ਤਰ੍ਹਾਂ ਧਰਮ ਅਤੇ ਇਨਸਾਨੀ ਜੀਵਨ ਵਿਚ ਬਹੁਤ ਵਿੱਥ ਪੈ ਜਾਏ। ਅਜੇਹੇ ਸਮਿਆਂ ਤੇ ਮਹਾ ਪੁਰਖ ਪਰਗਟ ਹੋ ਕੇ ਆਪਣੇ ਸਮੇ ਦੀਆਂ ਧਾਰਮਿਕ ਠੱਗੀਆਂ ਤੇ ਭੇਖ ਆਦਿਕ ਦਾ ਪੋਲ ਖੋਲ੍ਹ ਕੇ ਲੋਕਾਂ ਨੂੰ ਸਹੀ ਜੀਵਨ ਦਾ ਰਾਹ ਦੱਸਦੇ ਹਨ। ਪਰ ਅਜੇ ਤਕ ਇਹ ਕਦੇ ਨਹੀਂ ਹੋ ਸਕਿਆ, ਤੇ, ਨਾਹ ਹੀ ਅਗਾਂਹ ਨੂੰ ਭੀ ਕਦੇ ਹੋ ਸਕਦਾ ਹੈ ਕਿ ਕੋਈ ਮਹਾ ਪੁਰਖ ਕਿਸੇ ਐਸੀ ਧਰਮ-ਮਰਯਾਦਾ ਉੱਤੇ ਨੁਕਤਾਚੀਨੀ ਕਰ ਜਾਏ ਜੋ ਮਰਯਾਦਾ ਅਜੇ ਵਜੂਦ ਵਿਚ ਭੀ ਨਾਹ ਆਈ ਹੋਵੇ। ਕਬੀਰ ਜੀ ਦੇ ਵੇਲੇ 'ਖਾਲਸੇ' ਵਾਂਗ ਅਜੇ ਕੋਈ ਕੇਸਾਧਾਰੀ ਪੰਥ ਮੌਜੂਦ ਨਹੀਂ ਸੀ ਜਿਸ ਦੀ ਕਿਸੇ ਰਹਿਤ-ਮਰਯਾਦਾ ਉੱਤੇ ਕਬੀਰ ਜੀ ਨੂੰ ਨੁਕਤਾਚੀਨੀ ਕਰਨ ਦੀ ਲੋੜ ਪੈਂਦੀ।

ਹੁਣ ਆਵੀਏ ਅਸਲ ਮਜ਼ਮੂਨ ਵਲ।

ਸਲੋਕ ਨੰ: 13 ਤੋਂ ਉਹਨਾਂ ਦਾ ਜ਼ਿਕਰ ਚੱਲਿਆ ਹੈ ਜੋ 'ਦੀਨ' ਨੂੰ ਵਿਸਾਰ ਕੇ ਨਿਰਾ 'ਦੁਨੀ' ਦਾ ਵਪਾਰ ਕਰ ਰਹੇ ਹਨ।

ਕਬੀਰ ਦੀਨੁ ਗਵਾਇਆ ਦੁਨੀ ਸਿਉ, ਦੁਨੀ ਨ ਚਾਲੀ ਸਾਥਿ ॥ ਪਾਇ ਕੁਹਾੜਾ ਮਾਰਿਆ, ਗਾਫਲਿ ਅਪੁਨੈ ਹਾਥਿ ॥13॥

ਇਹ ਮਜ਼ਮੂਨ ਸ਼ਲੋਕ ਨੰ: 40 ਤਕ ਅੱਪੜਦਾ ਹੈ। ਇਸ ਸੰਗ੍ਰਹਿ ਦੇ ਸ਼ਲੋਕ ਨੰ: 21 ਤੋਂ 28 ਤਕ ਗਹੁ ਨਾਲ ਪੜ੍ਹੋ:

ਕਬੀਰ ਸੂਖੁ ਨ ਏਂਹ ਜੁਗਿ, ਕਰਹਿ ਜੁ ਬਹੁਤੈ ਮੀਤ ॥ ਜੋ ਚਿਤੁ ਰਾਖਹਿ ਏਕ ਸਿਉ, ਤੇ ਸੁਖੁ ਪਾਵਹਿ ਨੀਤ ॥21॥ ਕਬੀਰ ਜਿਸੁ ਮਰਨੇ ਤੇ ਜਗੁ ਡਰੈ, ਮੇਰੈ ਮਨਿ ਆਨੰਦੁ ॥ ਮਰਨੇ ਹੀ ਤੇ ਪਾਈਐ, ਪੂਰਨੁ ਪਰਮਾਨੰਦੁ ॥22॥ ਰਾਮ ਪਦਾਰਥੁ ਪਾਇ ਕੈ, ਕਬੀਰਾ ਗਾਂਠਿ ਨ ਖੋਲ੍ਹ੍ਹ ॥ ਨਹੀ ਪਟਣੁ ਨਹੀ ਪਾਰਖੂ, ਨਹੀ ਗਾਹਕੁ ਨਹੀ ਮੋਲੁ ॥23॥ ਕਬੀਰ ਤਾ ਸਿਉ ਪ੍ਰੀਤਿ ਕਰਿ, ਜਾ ਕੋ ਠਾਕੁਰੁ ਰਾਮੁ ॥ ਪੰਡਿਤ ਰਾਜੇ ਭੂਪਤੀ, ਆਵਹਿ ਕਉਨੇ ਕਾਮ ॥24॥ ਕਬੀਰ ਪ੍ਰੀਤਿ ਇਕ ਸਿਉ ਕੀਏ, ਆਨ ਦੁਬਿਧਾ ਜਾਇ ॥ ਭਾਵੈ ਲਾਂਬੇ ਕੇਸ ਕਰੁ, ਭਾਵੈ ਘਰਰਿ ਮੁਡਾਇ ॥25॥ ਕਬੀਰ ਜਗੁ ਕਾਜਲ ਕੀ ਕੋਠਰੀ, ਅੰਧ ਪਰੇ ਤਿਸ ਮਾਹਿ ॥ ਹਉ ਬਲਿਹਾਰੀ ਤਿਨ ਕਉ, ਪੈਸਿ ਜੁ ਨੀਕਸਿ ਜਾਹਿ ॥26॥ ਕਬੀਰ ਇਹੁ ਤਨੁ ਜਾਇਗਾ, ਸਕਹੁ ਤ ਲੇਹੁ ਬਹੋਰਿ ॥ ਨਾਂਗੇ ਪਾਵਹੁ ਤੇ ਗਏ, ਜਿਨ ਕੇ ਲਾਖ ਕਰੋਰਿ ॥27॥ਕਬੀਰ ਇਹੁ ਤਨੁ ਜਾਇਗਾ, ਕਵਨੈ ਮਾਰਗਿ ਲਾਇ ॥ ਕੈ ਸੰਗਤਿ ਕਰਿ ਸਾਧ ਕੀ, ਕੈ ਹਰਿ ਕੇ ਗੁਨ ਗਾਇ ॥28॥

'ਦੀਨੁ' ਵਿਸਾਰ ਕੇ ਪਰਮਾਤਮਾ ਨੂੰ ਭੁਲਾ ਕੇ ਮਨੁੱਖ ਪੁਤ੍ਰ ਇਸਤ੍ਰੀ ਧਨ ਪਦਾਰਥ ਆਦਿਕ ਕਈ ਮਿੱਤ੍ਰ ਬਣਾਂਦਾ ਹੈ, ਪਰ ਇਹਨਾਂ ਮਿੱਤ੍ਰਾਂ ਤੋਂ ਸੁਖ ਨਹੀਂ ਮਿਲਦਾ। ਫਿਰ ਭੀ ਸੁਖ ਦੀ ਆਸ ਤੇ ਇਹਨਾਂ ਨਾਲੋਂ ਮੋਹ ਨਹੀਂ ਤੋੜ ਸਕਦਾ, ਤੇ 'ਦੁਨੀ' ਦੇ ਇਸ ਮੋਹ ਵਲੋਂ ਮਰਿਆਂ ਹੀ 'ਪੂਰਨੁ ਪਰਮਾਨੰਦ' ਮਿਲ ਸਕਦਾ ਹੈ। ਜਗਤ 'ਦੁਨੀ' ਵਿਚ ਇਤਨਾ ਮਸਤ ਹੈ ਕਿ ਹਰਿ-ਨਾਮ ਦੇ ਖ਼ਰੀਦਣ ਲਈ ਕੋਈ ਤਿਆਰ ਹੀ ਨਹੀਂ ਹੁੰਦਾ; ਕਿਉਂਕਿ ਮੋਹ-ਗ੍ਰਸੇ ਜੀਵ ਨੂੰ ਇਹ ਬੜਾ ਹੀ ਮਹਿੰਗਾ ਸੌਦਾ ਜਾਪਦਾ ਹੈ ਕਿ 'ਦੁਨੀ' ਦਾ ਮੋਹ ਛੱਡ ਕੇ 'ਦੀਨ' ਖ਼ਰੀਦੇ। ਦੁਨੀਆ ਵਿਚ ਹਫੜਾ-ਤਫੜੀ ਮਚੀ ਪਈ ਹੈ, ਕੋਈ ਕਿਸੇ ਦਾ ਨਹੀਂ ਬਣਦਾ। ਚਾਹੇ ਵਿੱਦਿਆ ਹੈ, ਚਾਹੇ ਰਾਜ ਹੈ, ਚਾਹੇ ਭੁਇਂ ਹੈ, ਜਿਨ੍ਹਾਂ ਨੇ ਇਹਨਾਂ ਨੂੰ ਆਪਣੀ ਜ਼ਿੰਦਗੀ ਦਾ ਆਸਰਾ-ਪਰਨਾ ਬਣਾ ਰੱਖਿਆ ਹੈ, ਉਹਨਾਂ ਦੀ ਸਾਂਝ-ਮਿਤ੍ਰਤਾ ਇਤਬਾਰ-ਜੋਗ ਨਹੀਂ ਹੈ ਕਿਉਂਕਿ ਹਰੇਕ ਦੇ ਅੰਦਰ 'ਦੁਬਿਧਾ' ਹੀ 'ਦੁਬਿਧਾ' ਹੈ। ਲੰਮੀਆਂ ਜਟਾਂ ਵਾਲੇ ਜਾਂ ਰੋਡ-ਮੋਡ ਸੰਨਿਆਸੀ ਸਾਧੂਆਂ ਨੂੰ ਵੇਖ ਕੇ ਇਕ ਗ੍ਰਿਹਸਤੀ ਦੇ ਮਨ ਵਿਚ ਇਹ ਖ਼ਿਆਲ ਪੈਦਾ ਹੋ ਜਾਣਾ ਕੁਦਰਤੀ ਗੱਲ ਹੈ ਕਿ ਇਹ ਲੋਕ ਤਾਂ 'ਦੁਨੀ' ਤਿਆਗ ਕੇ 'ਦੀਨ' ਦੇ ਰਸਤੇ ਪਏ ਹੋਏ ਹਨ, ਇਹਨਾਂ ਦੇ ਅੰਦਰ ਤਾਂ 'ਦੁਬਿਧਾ' ਨਹੀਂ ਹੋਵੇਗੀ। ਕਬੀਰ ਜੀ ਆਖਦੇ ਹਨ ਕਿ ਕੋਈ ਭੇਖ ਜਾਂ ਬਾਹਰਲਾ ਤਿਆਗ 'ਦੁਨੀ' ਦੇ ਮੋਹ ਤੋਂ ਬਚਾ ਨਹੀਂ ਸਕਦਾ, ਸਿਰਫ਼ ਪ੍ਰਭੂ-ਪ੍ਰੀਤ ਹੀ ਕਾਰੀ ਨੁਸਖ਼ਾ ਹੈ (ਨੋਟ:- ਸ਼ਲੋਕ ਨੰ: 24 ਦੀ ਪਹਿਲੀ ਅੱਧੀ ਤੁਕ 'ਕਬੀਰ ਤਾ ਸਿਉ ਪ੍ਰੀਤਿ ਕਰਿ' ਅਤੇ ਨੰ: 25 ਦੀ ਭੀ ਪਹਿਲੀ ਅੱਧੀ ਤੁਕ 'ਕਬੀਰ ਪ੍ਰੀਤਿ ਇਕ ਸਿਉ ਕੀਏ' ਦੇ ਲਫ਼ਜ਼ਾਂ ਦੀ ਸਾਂਝ ਦੱਸਦੀ ਹੈ ਕਿ ਦੋਹਾਂ ਵਿਚ ਇੱਕੋ ਖ਼ਿਆਲ ਦਿੱਤਾ ਜਾ ਰਿਹਾ ਹੈ। ਨੰ: 24 ਵਿਚ ਨਿਰੋਲ ਦੁਨੀਆਦਾਰਾਂ ਦਾ ਜ਼ਿਕਰ ਹੈ, ਨੰ: 25 ਵਿਚ ਉਹਨਾਂ ਦਾ ਜ਼ਿਕਰ ਹੈ ਜੋ ਆਪਣੇ ਵਲੋਂ 'ਦੁਨੀਆ' ਤਿਆਗ ਗਏ ਹਨ। ਪੰਡਿਤ ਹੋਵੇ ਚਾਹੇ ਕੋਈ ਰਾਜਾ ਭੂਪਤੀ ਹੋਵੇ, ਵਿੱਦਿਆ ਜਾਂ ਬੇਅੰਤ ਧਨ-ਪਦਾਰਥ 'ਦੁਨੀ' ਦੇ ਮੋਹ ਦੀ ਕਾਲਖ-ਭਰੀ ਕੋਠਰੀ ਵਿਚ ਡਿੱਗਣ ਤੋਂ ਬਚਾ ਨਹੀਂ ਸਕਦੇ। ਪਰ ਇਹ ਭੀ ਭੁਲੇਖਾ ਹੈ ਕਿ ਜਟਾਧਾਰੀ ਜਾਂ ਰੋਡ-ਮੋਡ ਸੰਨਿਆਸੀ ਆਦਿਕ ਸਾਧੂ ਜੋ ਅਸਾਨੂੰ ਗ੍ਰਿਹਸਤੀਆਂ ਨੂੰ ਤਿਆਗੀ ਜਾਪਦੇ ਹਨ ਇਸ ਕੱਜਲ ਦੀ ਕੋਠੜੀ ਵਿਚ ਡਿੱਗਣ ਤੋਂ ਬਚੇ ਹੋਏ ਹਨ। ਇਹ ਜ਼ਾਹਰਾ ਤਿਆਗ ਭੀ ਬਚਾਣ-ਜੋਗਾ ਨਹੀਂ ਹੈ। ਇਕ ਪ੍ਰਭੂ-ਪ੍ਰੀਤਿ ਹੀ ਵਸੀਲਾ ਹੈ ਜੋ ਸਾਧ ਸੰਗਤਿ ਵਿਚ ਪ੍ਰਾਪਤ ਹੁੰਦੀ ਹੈ।)

(ਖ) ਹਨੇਰੇ ਵਿਚ ਠੇਡੇ:

ਸੰਨ 1925 ਦਾ ਜ਼ਿਕਰ ਹੈ, ਹੋਲੇ ਦੇ ਮੌਕੇ ਤੇ ਅੰਮ੍ਰਿਤਸਰ ਵਿਚ ਇਕ ਭਾਰੀ ਇਕੱਠ ਹੋਇਆ। ਮੈਂ ਭੀ ਦਰਸ਼ਨ ਕਰਨ ਗਿਆ। ਮੇਰੇ ਇਕ ਰਿਸ਼ਤੇਦਾਰ ਸੱਜਣ ਉਥੇ ਮਿਲ ਪਏ, ਬੁਰਜ ਬਾਬਾ ਫੂਲਾ ਸਿੰਘ ਜੀ ਪਾਸ ਉਹਨਾਂ ਡੇਰਾ ਕੀਤਾ ਹੋਇਆ ਸੀ। ਆਪਣੇ ਇਲਾਕੇ ਵਿਚ ਉਹਨਾਂ ਦੀ ਕੁਝ ਮਾਨ-ਪ੍ਰਤਿਸ਼ਟਾ ਬਣੀ ਹੋਈ ਸੀ, ਲੋਕ ਉਹਨਾਂ ਨੂੰ 'ਸੰਤ ਜੀ, ਸੰਤ ਜੀ' ਕਰ ਕੇ ਬੁਲਾਂਦੇ ਸਨ (ਨੋਟ:- ਸਾਡਾ ਉਹ ਇਲਾਕਾ ਹੁਣ ਪਾਕਿਸਤਾਨ ਵਿਚ ਰਹਿ ਗਿਆ ਹੈ) । ਸੋ, ਉਹ ਤਾਂ ਇਕ ਮੰਜੇ ਉਤੇ ਸਨ, ਤੇ ਪੰਜ ਛੇ ਸੇਵਕ ਭੁੰਞੇ ਬੈਠੇ ਹੋਏ ਸਨ। ਮੈਂ ਭੀ ਫਤਹਿ ਬੁਲਾ ਕੇ ਸੇਵਕਾਂ ਵਿਚ ਬੈਠ ਗਿਆ। ਉਥੇ ਗੱਲਾਂ ਬ੍ਰਹਮ-ਗਿਆਨ ਦੀਆਂ ਹੀ ਹੋ ਰਹੀਆਂ ਸਨ; ਪਰ ਅਜਬ ਰਮਜ਼ਾਂ-ਇਸ਼ਾਰਿਆਂ ਵਿਚ। ਇਕ ਧਿਰ ਕੋਈ ਪ੍ਰਸ਼ਨ ਕਰਦੀ ਸੀ, ਤੇ ਦੂਜਾ ਧਿਰ ਉਸ ਪ੍ਰਸ਼ਨ ਦੇ ਉੱਤਰ ਵਿਚ ਕੋਈ ਗੱਲ ਆਖਣ ਦੇ ਥਾਂ ਪ੍ਰਸ਼ਨ ਦੇ ਉੱਤਰ ਵਿਚ ਪ੍ਰਸ਼ਨ ਹੀ ਕਰ ਦਿੰਦਾ ਸੀ। ਅਜੇਹੀ ਹਰੇਕ ਪ੍ਰਸ਼ਨੋਤਰੀ ਦੇ ਪਿਛੋਂ ਉਹ ਸਾਹੇ 'ਹਾ ਹਾ ਹਾ' ਕਰ ਕੇ ਖ਼ੂਬ ਉੱਚੀ ਉੱਚੀ ਹੱਸਦੇ ਸਨ, ਤੇ ਕਦੇ ਕਦੇ ਸੰਤ ਜੀ 'ਹਰੇ! ਹਰੇ! ਤੂੰ ਧੰਨ ਹੈਂ' ਦੇ ਨਾਹਰੇ ਲਾ ਦਿੰਦੇ ਸਨ।

ਇਸ ਪ੍ਰਸ਼ੋਨਤਰੀ ਪਿਛੋਂ ਉਹ ਗੁਰਬਾਣੀ ਦੀ ਵਿਚਾਰ ਵਲ ਚੱਲ ਪਏ। ਤਰੀਕਾ ਉਹੀ ਸੀ, ਵਿਰੋਧਾਭਾਸ। ਇਕ ਸੇਵਕ ਨੇ ਆਖਿਆ: ਮਹਾਰਾਜ ਜੀ! ਇਸ ਦਾ ਕੀਹ ਭਾਵ ਹੈ:

ਤਨੁ ਤਪੈ ਤਨੂਰ ਜਿਉ, ਬਾਲਣ ਹਡ ਬਲੰਨਿ ॥ ਪੈਰੀ ਥਕਾਂ ਸਿਰਿ ਜੁਲਾਂ, ਜੇ ਮੂ ਪਿਰੀ ਮਿਲੰਨਿ ॥

ਕਿਸੇ ਦੂਜੇ ਸੇਵਕ ਨੇ ਕੋਲੋਂ ਇਸ ਦਾ ਉੱਤਰ ਦੇ ਦਿੱਤਾ:

ਤਨੁ ਨ ਤਪਾਇ ਤਨੂਰ ਜਿਉ, ਬਾਲਣ ਹਡ ਨ ਬਾਲਿ ॥ ਸਿਰਿ ਪੈਰੀ ਕਿਆ ਫੇੜਿਆ, ਅੰਦਰ ਪਿਰੀ ਨਿਹਾਲਿ ॥

ਸਭ ਰਲ ਕੇ ਹੱਸੇ ਤੇ ਸੰਤ ਜੀ ਨੇ ਚਾਰ ਪੰਜ ਵਾਰੀ ਨਾਹਰਾ ਲਾਇਆ, "ਹੂੰਹ! ਹਰੇ! ਧੰਨ ਹੈਂ!" ਕੁਝ ਚਿਰ ਲਈ ਸਭ ਦੀ 'ਸਮਾਧੀ' ਲੱਗ ਗਈ।

ਫਿਰ ਇਕ ਹੋਰ ਸੇਵਕ ਬੋਲਿਆ:

ਫਰੀਦਾ ਪਾੜਿ ਪਟੋਲਾ ਧਜ ਕਰੀ, ਕੰਬਲੜੀ ਪਹਿਰੇਉ ॥ ਜਿਨੀ ਵੇਸੀ ਸਹੁ ਮਿਲੈ, ਸੇਈ ਵੇਸ ਕਰੇਉ ॥

ਇਹ ਸੁਣ ਕੇ ਸਭ ਨੂੰ ਕੁਝ ਹੁਲਾਰਾ ਜਿਹਾ ਆਇਆ, ਪਰ ਫਿਰ ਇਕ ਹੋਰ ਸੱਜਣ ਬੋਲ ਉੱਠਿਆ:

ਕਾਇ ਪਟੋਲਾ ਪਾੜਤੀ, ਕੰਬਲੜੀ ਪਹਿਰੇਇ ॥ ਨਾਨਕ ਘਰ ਹੀ ਬੈਠਿਆਂ ਸਹੁ ਮਿਲੈ, ਜੇ ਨੀਅਤਿ ਰਾਸਿ ਕਰੇਇ ॥

ਇਹ ਸੁਣ ਕੇ ਪਹਿਲੀ ਵਾਰ ਵਾਂਗ ਹੀ ਸਭ ਹੱਸੇ, ਤੇ ਸੰਤ ਜੀ ਨੇ ਫਿਰ ਉਸੇ ਤਰ੍ਹਾਂ ਆਖਿਆ, 'ਹਰੇ! ਹਰੇ! ਧੰਨ ਹੈਂ! ਧੰਨ ਹੈਂ!'

ਕੁਝ ਸਮਾਂ ਚੁੱਪ ਵਿਚ ਬੀਤਿਆ ਤੇ ਇਕ ਸੇਵਕ ਨੇ ਕਬੀਰ ਜੀ ਦਾ ਸ਼ਲੋਕ ਸੁਣਾਇਆ:

ਕਬੀਰ ਪ੍ਰੀਤਿ ਇਕ ਸਿਉ ਕੀਏ, ਆਨ ਦੁਬਿਧਾ ਜਾਇ ॥ ਭਾਵੈ ਲਾਂਬੇ ਕੇਸ ਕਰੁ, ਭਾਵੈ ਘਰਰਿ ਮੁਡਾਇ ॥25॥

ਤੇ, ਤੁਰਤ ਇੱਕ ਹੋਰ ਸੱਜਣ ਨੇ ਆਖਿਆ:

ਕਬੀਰ ਮਨੁ ਮੂੰਡਿਆ ਨਹੀ, ਕੇਸ ਮੁੰਡਾਏ ਕਾਂਇ ॥ ਜੋ ਕਿਛੁ ਕੀਆ ਸੋ ਮਨ ਕੀਆ, ਮੂੰਡਾ ਮੂੰਡੁ ਅਜਾਂਇ ॥101॥

ਬੜਾ ਹੈਰਾਨ ਜਿਹਾ ਹੋ ਕੇ ਮੈਂ ਸੋਚੀਂ ਪੈ ਗਿਆ ਕਿ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਰੋਧੀ ਗੱਲਾਂ ਭੀ ਲਿਖੀਆਂ ਪਈਆਂ ਹਨ ਜੋ ਇਨਸਾਨੀ ਜੀਵਨ ਵਿਚ ਮੇਚ ਨਹੀਂ ਖਾ ਸਕਦੀਆਂ। ਤਾਂ ਫਿਰ ਜੀਵਨ-ਸਫ਼ਰ ਵਿਚ ਸਾਨੂੰ ਸਹੀ ਚਾਨਣ ਕਿਵੇਂ ਮਿਲੇ?

ਪਰ ਇਹਨਾਂ ਠੇਡਿਆਂ ਦਾ ਸਿਰਫ਼ ਇਕੋ ਹੀ ਕਾਰਨ ਹੈ ਕਿ ਅਸੀਂ ਇਹਨਾਂ ਸ਼ਲੋਕਾਂ ਨੂੰ ਵਿਕੋਲਿਤਰੇ ਸਮਝਦੇ ਹਾਂ।

ਇਹ ਸ਼ਲੋਕ ਨੰ: 101 ਸਲੋਕ ਨੰ: 25 ਦਾ ਵਿਰੋਧੀ ਨਹੀਂ ਹੈ। ਜਿਵੇਂ ਸਲੋਕ ਨੰ: 25 ਵਿਚ ਕੇਸ ਰੱਖਣ ਜਾਂ ਨਾਹ ਰੱਖਣ ਤੇ ਵਿਚਾਰ ਨਹੀਂ ਹੈ, ਤਿਵੇਂ ਇਸ ਨੰ: 101 ਵਿਚ ਭੀ ਕੇਸ ਕਟਾਣ ਜਾਂ ਨਾਹ ਕਟਾਣ ਦਾ ਮਜ਼ਮੂਨ ਨਹੀਂ। ਇਸ ਨੂੰ ਸਹੀ ਤਰ੍ਹਾਂ ਸਮਝਣ ਵਾਸਤੇ ਨੰ: 92 ਤੋਂ ਸ਼ੁਰੂ ਕਰੋ, 92 ਤੋਂ 101 ਤਕ ਇੱਕੋ ਹੀ ਖ਼ਿਆਲ-ਲੜੀ ਹੈ:

ਕਬੀਰ ਦੇਖਿ ਦੇਖਿ ਜਗੁ ਢੂੰਢਿਆ, ਕਹੂੰ ਨ ਪਾਇਆ ਠਉਰੁ ॥ ਜਿਨਿ ਹਰਿ ਕਾ ਨਾਮੁ ਨ ਚੇਤਿਓ, ਕਹਾ ਭੁਲਾਨੇ ਅਉਰ ॥92॥ ਕਬੀਰ ਸੰਗਤਿ ਕਰੀਐ ਸਾਧ ਕੀ, ਅੰਤਿ ਕਰੈ ਨਿਰਬਾਹੁ ॥ ਸਾਕਤ ਸੰਗੁ ਨ ਕੀਜੀਐ, ਜਾ ਤੇ ਹੋਇ ਬਿਨਾਹੁ ॥93॥ ਕਬੀਰ ਜਗ ਮਹਿ ਚੇਤਿਓ ਜਾਨਿ ਕੈ, ਜਗ ਮਹਿ ਰਹਿਓ ਸਮਾਇ ॥ ਜਿਨ ਹਰਿ ਕਾ ਨਾਮੁ ਨ ਚੇਤਿਓ, ਬਾਦਹਿ ਜਨਮੇਂ ਆਇ ॥94॥ ਕਬੀਰ ਆਸਾ ਕਰੀਐ ਰਾਮ ਕੀ, ਅਵਰੈ ਆਸ ਨਿਰਾਸ ॥ ਨਰਕਿ ਪਰਹਿ ਤੇ ਮਾਨਈ, ਜੋ ਹਰਿ ਨਾਮ ਉਦਾਸ ॥95॥ ਕਬੀਰ ਸਿਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨ ਮੀਤੁ ॥ ਚਾਲੇ ਥੇ ਹਰਿ ਮਿਲਨ ਕਉ, ਬੀਚੈ ਅਟਕਿਓ ਚੀਤੁ ॥96॥ ਕਬੀਰ ਕਾਰਨੁ ਬਪੁਰਾ ਕਿਆ ਕਰੈ, ਜਉ ਰਾਮੁ ਨ ਕਰੈ ਸਹਾਇ ॥ ਜਿਹ ਜਿਹ ਡਾਲੀ ਪਗੁ ਧਰਉ, ਸੋਈ ਮੁਰਿ ਮੁਰਿ ਜਾਇ ॥97॥ ਕਬੀਰ ਅਵਰਹ ਕਉ ਉਪਦੇਸਤੇ, ਮੁਖ ਮੈ ਪਰਿ ਹੈ ਰੇਤੁ ॥ ਰਾਸਿ ਬਿਰਾਨੀ ਰਾਖਤੇ, ਖਾਯਾ ਘਰ ਕਾ ਖੇਤੁ ॥98॥ ਕਬੀਰ ਸਾਧੂ ਕੀ ਸੰਗਤਿ ਰਹਉ, ਜਉ ਕੀ ਭੂਸੀ ਖਾਉ ॥ ਹੋਨਹਾਰੁ ਸੋ ਹੋਇ ਹੈ, ਸਾਕਤ ਸੰਗਿ ਨ ਜਾਉ ॥99॥ ਕਬੀਰ ਸੰਗਤਿ ਸਾਧ ਕੀ, ਦਿਨ ਦਿਨ ਦੂਨਾ ਹੇਤੁ ॥ ਸਾਕਤ ਕਾਰੀ ਕਾਂਬਰੀ, ਧੋਏ ਹੋਇ ਨ ਸੇਤੁ ॥100॥ ਕਬੀਰ ਮਨੁ ਮੂੰਡਿਆ ਨਹੀ, ਕੇਸ ਮੁੰਡਾਏ ਕਾਂਇ ॥ ਜੋ ਕਿਛੁ ਕੀਆ ਸੋ ਮਨ ਕੀਆ, ਮੂੰਡਾ ਮੂੰਡੁ ਅਜਾਂਇ ॥101॥

ਮਨ ਵਾਸਤੇ ਸ਼ਾਂਤੀ ਦੀ 'ਠੌਰ' ਸਰਬ-ਵਿਆਪਕ ਪਰਮਾਤਮਾ ਦਾ ਨਾਮ ਹੀ ਹੈ ਜੋ ਸਾਧ ਸੰਗਤਿ ਵਿਚ ਮਿਲਦਾ ਹੈ; ਪਰ ਜਿਨ੍ਹਾਂ ਨੇ ਚੇਲਿਆਂ ਚਾਟੜਿਆਂ ਵਾਲਾ ਅਡੰਬਰ ਰਚ ਲਿਆ ਹੈ ਤੇ ਜੋ ਬੰਦਗੀ ਵਲੋਂ ਖੁੰਝ ਕੇ ਆਪਣੀ ਹੀ ਸੇਵਾ-ਪੂਜਾ ਕਰਾਣ ਵਿਚ ਮਸਤ ਹਨ ਉਹ 'ਸਾਧ' ਨਹੀਂ ਹਨ, ਅਜੇਹੇ 'ਸਾਧਾਂ' ਦਾ ਆਸਰਾ ਕਮਜ਼ੋਰ ਆਸਰਾ ਹੈ, ਉਹ ਨਿਰਾ ਹੋਰਨਾਂ ਨੂੰ ਮੱਤਾਂ ਦੇਂਦੇ ਹਨ ਉਹਨਾਂ ਦੇ ਆਪਣੇ ਅੰਦਰ ਕੋਈ ਰਸ ਨਹੀਂ ਆਉਂਦਾ। ਤੇ, ਉਹ ਜੋ ਸਿਰ ਮੁਨਾ ਕੇ ਆਪਣੇ ਆਪ ਨੂੰ 'ਸਾਧ' ਸਮਝਦਾ ਫਿਰਦਾ ਹੈ, ਜੋ ਉਸ ਨੇ ਆਪਣੇ ਮਨ ਉੱਤੋਂ ਵਿਕਾਰਾਂ ਦੀ ਮੈਲ ਦੂਰ ਨਹੀਂ ਕੀਤੀ, ਤਾਂ ਸਿਰ ਦੇ ਕੇਸ ਦੂਰ ਕੀਤਿਆਂ ਤਾਂ ਉਹ 'ਸਾਧ' ਨਹੀਂ ਬਣ ਗਿਆ। ਅਜੇਹੇ ਬੰਦੇ ਸਗੋਂ ਸਾਕਤ ਹੁੰਦੇ ਹਨ, ਇਹਨਾਂ ਦੀ ਸੁਹਬਤਿ ਵਿਚ ਮਨ ਪਵਿਤ੍ਰ ਹੋਣ ਦੇ ਥਾਂ ਕਾਲਾ ਹੋ ਜਾਂਦਾ ਹੈ।

ਸ਼ਲੋਕ ਨੰ: 25 ਅਤੇ 101 ਦੋਹਾਂ ਵਿਚ ਭੇਖੀ ਸਾਧਾਂ ਦਾ ਜ਼ਿਕਰ ਹੈ ਚਾਹੇ ਉਹ ਜਟਾਧਾਰੀ ਹਨ ਚਾਹੇ ਰੋਡ-ਮੋਡ ਸੰਨਿਆਸੀ।

ਇਹ ਥੋੜੇ ਜਿਹੇ ਪ੍ਰਮਾਣ ਵਿਚਾਰਵਾਨ ਪਾਠਕ ਸੱਜਣਾਂ ਨੂੰ ਇਸ ਨਤੀਜੇ ਉੱਤੇ ਅਪੜਾਣ ਲਈ ਕਾਫ਼ੀ ਹੋਣਗੇ ਕਿ ਕਬੀਰ ਜੀ ਦੇ ਸਲੋਕ ਵਿਕੋਲਿਤਰੇ ਨਹੀਂ ਹਨ, ਇਹ ਸਾਰੇ ਇਕੋ ਹੀ ਲੜੀ ਦੇ ਮੋਤੀ ਹਨ।

ਕੀ ਕਬੀਰ ਜੀ ਵੈਸ਼ਨਵ ਭਗਤ ਹਨ?

ਸਾਡੇ ਕਈ ਉੱਘੇ ਪਰਚਾਰਕ ਇਹ ਆਖਦੇ ਸੁਣੇ ਜਾ ਰਹੇ ਹਨ ਕਿ ਭਗਤਾਂ ਦੀ ਬਾਣੀ ਹੂ-ਬ-ਹੂ ਲਫ਼ਜ਼-ਬ-ਲਫ਼ਜ਼ ਮੰਨੀ ਨਹੀਂ ਜਾ ਸਕਦੀ, ਕਈ ਥਾਈਂ ਸਿੱਖ ਧਰਮ ਨਾਲੋਂ ਇਸ ਵਿਚ ਖ਼ਿਆਲਾਂ ਦੀ ਵਿੱਥ ਹੈ। ਪਰਚਾਰ ਬੜਾ ਖ਼ਤਰਨਾਕ ਹੈ, ਸਿੱਖਾਂ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਬੰਧੀ ਦੁਚਿੱਤਾ-ਪਨ ਪੈਦਾ ਕਰੇਗਾ। ਅਜਬ ਦੁਖਦਾਈ ਹਾਲਤ ਬਣੀ ਪਈ ਹੈ। ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਹੋਇਆਂ ਅੱਜ ਸਾਢੇ ਤਿੰਨ ਸੌ ਸਾਲ ਤੋਂ ਉਪਰ ਹੋ ਗਏ ਹਨ, ਅਜੇ ਤਕ ਆਮ ਜਨਤਾ ਤਾਂ ਕਿਤੇ ਰਹੀ, ਸਿੱਖ ਵਿਦਵਾਨ ਭੀ ਆਪਣੇ ਅੰਦਰ ਇਹ ਯਕੀਨ ਨਹੀਂ ਬਿਠਾ ਸਕੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਹੀ ਬਾਣੀ 'ਗੁਰੂ'-ਰੂਪ ਹੈ ਅਤੇ ਸਾਰੀ ਦਾ ਆਸ਼ਾ ਇਕੋ ਹੈ। ਕਿਤੇ ਕੋਈ ਵਿਖੇਪਤਾ ਨਹੀਂ ਹੈ, ਕਿਉਂਕਿ ਗੁਰੂ ਅਰਜਨ ਸਾਹਿਬ ਕਿਤੇ ਭੀ ਕਿਸੇ ਪਤ੍ਰੇ ਦੇ ਹਾਸ਼ੀਏ ਉਤੇ ਭੀ ਕੋਈ ਅਜੇਹੀ ਚੇਤਾਵਨੀ ਨਹੀਂ ਲਿਖ ਲਿਖਾ ਗਏ। ਤੇ, ਸਾਧਾਰਨ ਜੇਹੀ ਸਮਝ ਵਾਲਾ ਬੰਦਾ ਭੀ ਇਹ ਵਿਚਾਰ ਸਕਦਾ ਹੈ ਕਿ ਅਮਿਲਵੇਂ ਖ਼ਿਆਲਾਂ ਵਾਲੀ 'ਕਵਿਤਾ' ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਨ ਦੀ ਲੋੜ ਹੀ ਪੈਦਾ ਨਹੀਂ ਹੋ ਸਕਦੀ ਸੀ। ਅਨ-ਮਤਾਂ ਦੀਆਂ ਗੁਰਮਤਿ ਨਾਲ ਅਢੁਕਵੀਆਂ ਰਸਮਾਂ-ਰੀਤਾਂ ਦੀ ਨਿਖੇਧੀ, ਇੱਕ ਥਾਂ ਨਹੀਂ, ਸੈਂਕੜੇ ਥਾਂ ਕੀਤੀ ਗਈ ਹੈ। ਫਿਰ ਗੋਲ-ਮੋਲ ਤਰੀਕੇ ਨਾਲ ਕੋਈ ਐਸੇ ਸ਼ਬਦ-ਸ਼ਲੋਕ ਕਿਉਂ ਦਰਜ ਕੀਤੇ ਜਾਂਦੇ, ਜਿਨ੍ਹਾਂ ਦਾ ਨਿਰਨਾ ਕਰਨਾ ਸਿੱਖ ਜਨਤਾ ਦੇ ਹੱਥ ਛੱਡਿਆ ਜਾਂਦਾ?

ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿੱਖ ਜਥੇਬੰਦੀਆਂ ਵਲੋਂ ਕਿਤੇ ਕਿਤੇ ਅਜੇਹੇ ਆਸ਼੍ਰਮ ਖੁਲ੍ਹਦੇ ਰਹੇ ਹਨ ਅਤੇ ਖੁਲ੍ਹੇ ਹੋਏ ਹਨ ਜਿਥੇ ਸਿੱਖ ਪ੍ਰਚਾਰਕਾਂ ਨੂੰ ਗੁਰਮਤਿ ਦੀ ਸੂਝ ਕਰਾਣ ਦੇ ਜਤਨ ਕੀਤੇ ਜਾਂਦੇ ਦੱਸੇ ਜਾ ਰਹੇ ਹਨ। ਪਰ ਇਸ ਬਾਰੇ ਮੇਰੀ ਇਕ ਅਨੋਖੀ ਹੱਡ-ਬੀਤੀ ਹੈ। ਇਥੋਂ ਪਾਠਕ ਸੱਜਣ ਅੰਦਾਜ਼ਾ ਲਾ ਲੈਣ ਕਿ ਅਸੀਂ ਕਿਧਰ ਜਾ ਰਹੇ ਹਾਂ। ਜਨਵਰੀ-ਫਰਵਰੀ ਸੰਨ 1928 ਦਾ ਜ਼ਿਕਰ ਹੈ, ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਜਨਮ-ਪੁਰਬ ਤੋਂ ਅਗਲਾ ਦਿਨ ਸੀ। ਮੈਂ ਉਹਨੀਂ ਦਿਨੀਂ ਗੁਰੂ ਨਾਨਕ ਖਾਲਸਾ ਕਾਲਜ ਗੁਜਰਾਂਵਾਲੇ ਵਿਚ ਪੜ੍ਹਾਂਦਾ ਸਾਂ। ਗੁਜਰਾਂਵਾਲੇ ਤੋਂ ਪੰਦ੍ਰਾਂ ਸੋਲ੍ਹਾਂ ਮੀਲਾਂ ਦੀ ਵਿੱਥ ਤੇ ਜ਼ਿਲਾ ਸਿਆਲਕੋਟ ਵਿਚ ਡਸਕੇ ਪਾਸ ਇਕ ਨਗਰ ਗਲ੍ਹੋਟੀਆਂ ਹੈ। ਉਥੇ ਹਰ ਸਾਲ ਗੁਰੂ ਹਰਿ ਰਾਇ ਸਾਹਿਬ ਜੀ ਦੇ ਜਨਮ-ਦਿਨ ਤੇ ਇਲਾਕੇ ਦੀ ਸੰਗਤਿ ਵਲੋਂ ਦੋ ਦਿਨ ਤਕੜਾ ਦੀਵਾਨ ਹੁੰਦਾ ਸੀ ਜਿਸ ਵਿਚ ਸਿਆਣੇ ਸਿਆਣੇ ਉੱਘੇ ਸਿੱਖ ਪ੍ਰਚਾਰਕ ਅਤੇ ਰਾਗੀ ਜੱਥੇ ਸੱਦੇ ਜਾਂਦੇ ਸਨ। ਮੈਂ 1928 ਦੇ ਗੁਰਪੁਰਬ ਦਾ ਜ਼ਿਕਰ ਕਰ ਰਿਹਾ ਹਾਂ। ਗੁਰੂ ਨਾਨਕ ਖਾਲਸਾ ਕਾਲਜ ਦੇ ਸਾਹਮਣੇ ਪਾਸੇ ਖਾਲਸਾ ਯਤੀਮਖਾਨਾ ਹੈ ਜਿਸ ਵਿਚ ਇਕ ਸ਼ਾਨਦਾਰ ਗੁਰਦੁਆਰਾ ਬਣਿਆ ਹੋਇਆ ਹੈ। ਉੱਥੇ ਹਰ ਰੋਜ਼ ਸਵੇਰੇ ਕੀਰਤਨ ਹੁੰਦਾ ਸੀ ਤੇ ਗੁਆਂਢ ਆਬਾਦੀ ਦੇ ਮਾਈ ਭਾਈ ਸਤਸੰਗ ਵਿਚ ਆ ਜੁੜਦੇ ਸਨ। ਗੁਰੂ ਹਰਿ ਰਾਇ ਸਾਹਿਬ ਜੀ ਦੇ ਜਨਮ-ਪੁਰਬ ਤੋਂ ਅਗਲੇ ਦਿਨ ਖਾਲਸਾ ਯਤੀਮਖਾਨੇ ਦੇ ਗੁਰਦੁਆਰੇ ਵਿਚ ਅਜੇ ਸਵੇਰ ਦਾ ਸਤਸੰਗ ਜਾਰੀ ਹੀ ਸੀ ਕਿ ਇਕ ਉੱਘੇ ਸਿੱਖ ਆਸ਼੍ਰਮ ਦਾ ਉੱਘਾ ਵਿਦਵਾਨ ਪਰਚਾਰਕ ਗਲ੍ਹੋਟੀਆਂ ਦੇ ਦੀਵਾਨ ਤੋਂ ਵਾਪਸੀ ਤੇ ਆ ਅੱਪੜਿਆ। ਇਹ ਪਰਚਾਰਕ ਕਿਤੇ ਪਹਿਲਾਂ ਉਸ ਯਤੀਮਖਾਨੇ ਵਿਚ ਭੀ ਪੜ੍ਹਦਾ ਰਿਹਾ ਸੀ। ਯਤੀਮਖਾਨੇ ਦੇ ਹੈੱਡਮਾਸਟਰ ਸਾਹਿਬ ਨੇ ਪਰਚਾਰਕ ਸੱਜਣ ਦੀ, ਸੰਗਤਿ ਨਾਲ ਜਾਣ-ਪਛਾਣ ਕਰਾਈ, ਤੇ, ਦਸ ਮਿੰਟ ਵਾਸਤੇ ਵਖਿਆਨ ਲਈ ਬੇਨਤੀ ਕੀਤੀ। ਵਖਿਆਨ ਹੋਇਆ, ਉਸ ਵਿਚ ਦੋ ਗੱਲਾਂ ਖ਼ਾਸ ਸੁਆਦਲੀਆਂ ਸਨ। ਪਰਚਾਰਕ ਜੀ ਬਹੁਤ ਹੀ ਛੇਤੀ ਛੇਤੀ ਬੋਲਦੇ ਸਨ, ਤੇ, ਵਖਿਆਨ ਵਿਚ ਅੱਧੇ ਨਾਲੋਂ ਵਧੀਕ ਫ਼ਾਰਸੀ ਦੇ ਸ਼ਿਅਰ ਸਨ। ਮੈਂ ਵਰਨੈਕੁਲਰ ਮਿਡਲ ਤਕ ਪੰਜ ਸਾਲ ਫ਼ਾਰਸੀ ਪੜ੍ਹਦਾ ਰਿਹਾ ਸਾਂ, ਅਤੇ 1928 ਵਿਚ ਭਾਈ ਨੰਦ ਲਾਲ ਜੀ ਦੀਆਂ ਗ਼ਜ਼ਲਾਂ ਤਕਰੀਬਨ ਅੱਧੀਆਂ ਮੈਨੂੰ ਜ਼ਬਾਨੀ ਯਾਦ ਸਨ। ਸਾਡੇ ਪਰਚਾਰਕ ਜੀ ਸਾਨੂੰ ਸਾਹਦੀ ਅਤੇ ਹਾਫ਼ਜ਼ ਸੁਣਾ ਰਹੇ ਸਨ। ਮੈਂ ਬਥੇਰਾ ਸਿਰ ਮਾਰਿਆ, ਪਰ ਉਹਨਾਂ ਦੇ ਵਖਿਆਨ ਦੀ ਮੈਨੂੰ ਪੂਰੀ ਸਮਝ ਨਾ ਪੈ ਸਕੀ। ਦੀਵਾਨ ਵਿਚ ਬੈਠੀਆਂ ਬੀਬੀਆਂ ਉਸ ਵਖਿਆਨ ਨੂੰ ਸੁਣ ਕੇ ਮਸਤੀ ਵਿਚ ਹੁਲਾਰੇ ਲੈ ਰਹੀਆਂ ਸਨ। ਉਹਨਾਂ ਨੂੰ ਵੇਖ ਕੇ ਮੈਂ ਆਪਣੇ ਦਿਲ ਵਿਚ ਬਹੁਤ ਸ਼ਰਮਿੰਦਾ ਹੋਇਆ ਕਿ ਮੇਰੀ ਕਈ ਸਾਲਾਂ ਦੀ ਪੜ੍ਹਣ-ਪੜ੍ਹਾਣ ਦੀ ਸਿਰ-ਦਰਦੀ ਐਵੇਂ ਹੀ ਗਈ; ਇਹ ਬੀਬੀਆਂ ਹੀ ਸਿਆਣੀਆਂ ਨਿਕਲੀਆਂ ਜੋ ਵਖਿਆਨ ਨੂੰ ਸਮਝ ਰਹੀਆਂ ਹਨ ਤੇ ਮੈਂ ਉੱਲੂ ਵਾਂਗ ਬਿਟ-ਬਿਟ ਹੀ ਤੱਕ ਰਿਹਾ ਹਾਂ।

ਵਖਿਆਨ ਸਮਾਪਤ ਹੋਇਆ। ਯਤੀਮਖਾਨੇ ਦੇ ਹੈੱਡ-ਮਾਸਟਰ ਸਾਹਿਬ ਨੇ ਉੱਠ ਕੇ ਪਰੰਸਸਾ ਕੀਤੀ ਤੇ ਤਜਵੀਜ਼ ਕੀਤੀਓ ਨੇ ਕਿ ਲਹੁਡੇ ਵੇਲੇ ਸ਼ਹਿਰ ਵਿਚ ਢੰਢੋਰਾ ਦਿਵਾ ਕੇ ਇਕ ਘੰਟਾ ਹੋਰ ਵਖਿਆਨ ਕਰਾਇਆ ਜਾਏ ਤੇ ਭਾਈ ਸਾਹਿਬ ਜੀ ਨੂੰ ਠਹਿਰਨ ਵਾਸਤੇ ਬੇਨਤੀ ਕੀਤੀ ਜਾਏ। ਹਾਮੀ ਭਰਾਣ ਦੀ ਖ਼ਾਤਰ ਕਹਿ ਦਿੱਤੋਨੇ, ਕਿਉਂ ਭਾਈ ਸਾਹਿਬ ਸਿੰਘ ਜੀ! ਠੀਕ ਹੈ ਨ? ਮੈਂ ਤਾਂ ਅੱਗੇ ਹੀ ਆਪਣੀ ਅਨ-ਪੜ੍ਹਤਾ ਨੂੰ ਫਿਟਕਾਰ ਪਾ ਰਿਹਾ ਸਾਂ, ਇਹ ਸੁਣ ਕੇ ਘਬਰਾਹਟ ਨਾਲ ਮੇਰਾ ਮੂੰਹ ਅੱਡਿਆ ਰਹਿ ਗਿਆ ਤੇ ਮੈਂ ਕੋਈ 'ਹਾਂ ਹੂੰ' ਨਾ ਕਰ ਸਕਿਆ।

ਸਤਸੰਗ ਦਾ ਭੋਗ ਪਿਆ। ਸਤਸੰਗੀ ਘਰੋ-ਘਰ ਜਾਣ ਲਗ ਪਏ। ਮੈਂ ਗੁਰਦੁਆਰੇ ਦੇ ਅੰਦਰ ਹੀ ਹੈੱਡਮਾਸਟਰ ਸਾਹਿਬ ਨੂੰ ਬਾਹੋਂ ਫੜ ਲਿਆ ਤੇ ਆਖਿਆ: ਮਾਸਟਰ ਜੀ! ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਖੜੇ ਸੱਚ ਦੱਸੋ ਕਿ ਤੁਹਾਨੂੰ ਇਸ ਵਖਿਆਨ ਵਿਚੋਂ ਕਿਤਨੀ ਕੁ ਸਮਝ ਪਈ ਹੈ। ਉਹਨਾਂ ਸਾਫ਼ ਮੰਨ ਲਿਆ ਕਿ ਕੋਈ ਸਮਝ ਨਹੀਂ ਆਈ।

ਮੈਂ ਆਖਿਆ, ਤੁਸੀ 30 ਸਾਲਾਂ ਤੋਂ ਇਸ ਆਸ਼੍ਰਮ ਵਿਚ ਵੱਡੀਆਂ ਜਮਾਤਾਂ ਦੇ ਮੁੰਡਿਆਂ ਨੂੰ ਪੜ੍ਹਾ ਰਹੇ ਹੋ, ਜੇ ਤੁਹਾਨੂੰ ਸਮਝ ਨਹੀਂ ਪਈ, ਤਾਂ ਇਹ ਬੀਬੀਆਂ ਕੀਹ ਕੁਝ ਸਮਝ ਕੇ ਸਿਰ ਹਿਲਾਂਦੀਆਂ ਰਹੀਆਂ ਸਨ?

ਕਹਿਣ ਲੱਗੇ, ਕਰਤਾਰ ਜਾਣੇ, ਉਹਨਾਂ ਕੀਹ ਕੁਝ ਸਮਝਿਆ ਸੀ। ਹੈੱਡ-ਮਾਸਟਰ ਨੇ ਸ਼ਾਮ ਦਾ ਦੀਵਾਨ ਫਿਰ ਕੋਈ ਨਾ ਕਰਾਇਆ।

ਇਸ ਉੱਪਰ-ਦੱਸੀ ਸ਼੍ਰੇਣੀ ਦੇ ਪਰਚਾਰਕ, ਅਜੇ ਖੁਲ੍ਹਮ-ਖੁੱਲ੍ਹਾ ਤਾਂ ਨਹੀਂ, ਪਰ ਨਿਵੇਕਲੇ ਬੈਠ ਕੇ ਕਬੀਰ ਜੀ ਦੀ ਬਾਬਤ ਇਹ ਆਖਦੇ ਸੁਣੇ ਜਾ ਰਹੇ ਹਨ ਕਿ ਕਬੀਰ ਜੀ ਵੈਸ਼ਨਵ ਸਨ, ਮਾਸ ਖਾਣ ਦੇ ਵਿਰੁੱਧ ਆਖ ਗਏ ਹਨ, ਅਸੀਂ ਉਹਨਾਂ ਦੀ ਇਹ ਸਿੱਖਿਆ ਮੰਨਣ ਨੂੰ ਤਿਆਰ ਨਹੀਂ ਹਾਂ। ਹੋ ਸਕਦਾ ਹੈ ਕਿ ਇਹ ਖ਼ਿਆਲ ਵਧੀਕ ਚੱਲ ਪਏ ਤੇ ਕਿਸੇ ਵੇਲੇ ਦੁਖਦਾਈ ਸਾਬਤ ਹੋਵੇ। ਸੋ, ਮੈਂ ਇਸ ਮਜ਼ਮੂਨ ਨੂੰ ਪਿਛਲੇ ਲੇਖ ਨਾਲੋਂ ਉਚੇਚਾ ਵੱਖਰਾ ਕਰ ਲਿਆ ਹੈ ਤਾਂ ਕਿ ਪਾਠਕ ਸੱਜਣ ਇਧਰ ਖ਼ਾਸ ਧਿਆਨ ਦੇ ਸਕਣ।

ਸੰਨ 1913 ਵਿਚ ਮੈਂ ਐੱਫ. ਏ. ਦਾ ਇਮਤਿਹਾਨ ਦੇ ਕੇ ਮੈਂ ਆਪਣੇ ਪਿੰਡ (ਥਰਪਾਲ) ਗਿਆ ਜੋ ਰਾਵੀ ਤੋਂ ਪਾਰਲੇ ਪਾਸੇ 3 ਮੀਲਾਂ ਤੇ ਜ਼ਿਲਾ ਸਿਆਲਕੋਟ ਵਿਚ ਉਸ ਸੜਕ ਉੱਤੇ ਹੈ ਜੋ ਅੰਮ੍ਰਿਤਸਰ ਤੋਂ ਸਿਆਲਕੋਟ ਨੂੰ ਜਾਂਦੀ ਹੈ। ਜੁਲਾਈ-ਅਗਸਤ ਦੇ ਦਿਨ ਸਨ। ਇਕ ਦਿਨ ਬੱਦਲ-ਵਾਈ ਵਿਚ ਮੈਂ ਘਰੋਂ ਸੈਰ ਕਰਨ ਤੁਰਿਆ ਤੁਰਿਆ ਰਾਵੀ ਤੇ ਜਾ ਅੱਪੜਿਆ। ਪਾਰਲੇ ਪਾਸਿਓਂ ਬੇੜੀ ਵਿਚੋਂ ਮੁਸਾਫ਼ਰ ਉਤਰੇ, ਉਹਨਾਂ ਨੂੰ ਵੇਖਣ ਲਈ ਖਲੋ ਗਿਆ। ਇਕ ਮੁਸਾਫ਼ਰ ਉਤਰਿਆ ਜਿਸ ਨੂੰ ਮੈਂ ਪਛਾਣ ਲਿਆ, ਕਦੇ ਉਹ ਸਾਡੇ ਘਰ ਦਾ ਪਰੋਹਤ ਸੀ। ਪੰਡਿਤ ਜੀ ਦੀ ਗੰਢੜੀ ਮੈਂ ਚੁਕ ਲਈ ਤੇ ਉਹਨਾਂ ਨੂੰ ਮੈਂ ਆਪਣੇ ਪਿੰਡ ਲੈ ਆਇਆ। ਅਸੀਂ ਤਿੰਨ ਭਰਾ ਸਾਂ ਤੇ ਤਿੰਨੇ ਹੀ ਸਿੰਘ ਬਣ ਚੁਕੇ ਸਾਂ। ਪਰੋਹਤ ਜੀ ਨੇ ਬੜਾ ਹਉਕਾ ਲਿਆ। ਫਿਰ ਉਹਨਾਂ ਆਪਣੀ ਗੰਢੜੀ ਵਿਚੋਂ ਇਕ ਕਿਤਾਬ ਕੱਢੀ ਤੇ ਮੈਨੂੰ ਕਹਿਣ ਲੱਗੇ = ਕਾਕਾ! ਆ ਮੈਂ ਤੈਨੂੰ ਤੁਹਾਡੇ ਗੁਰੂ ਦੀਆਂ ਗੱਲਾਂ ਸੁਣਾਵਾਂ। ਤੁਹਾਡਾ ਗੁਰੂ ਆਖਦਾ ਹੈ:

ਕਾਜੀਆ ਬਾਹਮਣਾ ਕੀ ਗਲ ਥਕੀ, ਅਗਦੁ ਪੜੈ ਸੈਤਾਨੁ ਵੇ ਲਾਲੋ ॥

ਕਿ

ਜਿਨ੍ਹਾਂ ਲੋਕਾਂ ਦਾ ਵਿਆਹ ਨਾਹ ਬ੍ਰਾਹਮਣ ਪੜ੍ਹਾਂਦਾ ਹੈ ਨਾਹ ਕਾਜ਼ੀ, ਉਹਨਾਂ ਦਾ ਵਿਆਹ ਸ਼ੈਤਾਨ ਪੜ੍ਹਾਂਦਾ ਹੈ। ਦੱਸ, ਤੁਹਾਡਾ ਗੁਰੂ ਇਹ ਤੁਹਾਡੇ ਵਾਸਤੇ ਹੀ ਆਖ ਗਿਆ ਹੈ ਨ?

ਆਪਣੇ ਸਕੂਲ ਤੇ ਕਾਲਜ ਦੇ ਸਿੱਖ ਮੁੰਡਿਆਂ ਵਿਚ ਭਾਵੇਂ ਮੈਂ 'ਉੱਜੜੇ ਪਿੰਡ ਭੜੋਲਾ ਮਹਲ' ਵਾਂਗ ਗੁਰਬਾਣੀ ਦੀ ਕੁਝ ਸੂਝ ਰੱਖਣ ਵਾਲਾ ਸਮਝਿਆ ਜਾਂਦਾ ਸਾਂ, ਪਰ ਪੰਡਿਤ ਜੀ ਦੀ ਇਸ ਚੋਭ ਦਾ ਤਦੋਂ ਮੈਂ ਉੱਤਰ ਦੇਣ ਜੋਗਾ ਨਹੀਂ ਸਾਂ।

ਅਜੇ ਮੈਂ ਹੈਰਾਨ ਹੀ ਖਲੋਤਾ ਸੀ ਕਿ ਪੰਡਿਤ ਜੀ ਨੇ ਉਸੇ ਕਿਤਾਬ ਦੇ ਕੁਝ ਕੁ ਵਰਕੇ ਹੋਰ ਫੋਲ ਕੇ ਮੈਨੂੰ ਆਖਿਆ: ਲੈ, ਕਾਕਾ! ਤੁਹਾਡੇ ਗੁਰੂ ਨੇ ਸਾਥੋਂ ਇਕ ਵਾਰੀ ਮੁਆਫ਼ੀ ਭੀ ਮੰਗੀ ਸੀ:

ਮੇਰੋ ਕਛੂ ਅਪਰਾਧ ਨਹੀ, ਗਯੋ ਯਾਦ ਤੇ ਭੂਲ ਨ ਕੋਪ ਚਿਤਾਰੋ ॥

ਚਾਰ ਪੰਜ ਸਾਲ ਹੋਏ ਹਨ, ਇਸੇ ਤਰ੍ਹਾਂ ਸਬਬ ਨਾਲ ਮੈਨੂੰ ਇਥੇ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਦੋ ਕਾਦੀਆਨੀ ਵੀਰ ਆ ਮਿਲੇ। ਘੰਟਾ ਕੁ ਇਧਰ-ਉਧਰ ਦੀ ਸਿਰ-ਦਰਦੀ ਕਰ ਕੇ ਉਹ ਆਪਣੇ ਅਸਲੀ ਮਤਲਬ ਤੇ ਆਏ ਤੇ ਆਖਣ ਲੱਗੇ = ਹਜ਼ਰਤਿ ਬਾਬਾ ਨਾਨਕ ਮਿਰਜ਼ਾ ਸਾਹਿਬ ਬਾਰੇ ਇਕ ਪੇਸ਼ੀਨਗੋਈ ਕਰ ਗਏ ਹਨ ਤੇ ਸਿੱਖਾਂ ਨੂੰ ਹਦਾਇਤ ਕਰ ਗਏ ਹਨ ਕਿ ਤੁਸਾਂ ਉਹਨਾਂ ਦੀ ਵਿਰੋਧਤਾ ਨਾਹ ਕਰਨੀ:

ਵੇਲ ਨ ਪਾਈਆ ਪੰਡਤੀ...... ॥ ਵਖਤੁ ਨ ਪਾਇਓ ਕਾਦੀਆ...... ॥

ਕਹਿਣ ਲੱਗੇ = ਲਫ਼ਜ਼ 'ਪਾਇਆ' ਬੀਤ ਗਏ ਸਮੇ ਵਾਸਤੇ ਹੈ, ਤੇ ਲਫ਼ਜ਼ 'ਪਾਇਓ' ਆਉਣ ਵਾਲੇ ਸਮੇ ਵਾਸਤੇ ਹੈ। ਗ੍ਰੰਥ ਸਾਹਿਬ ਵਿਚ ਬਿੰਦੀ (ਂ) ਵਰਤਣ ਦਾ ਰਿਵਾਜ ਨਹੀਂ ਸੀ, ਲਫ਼ਜ਼ 'ਕਾਦੀਆ' ਨੂੰ 'ਕਾਦੀਆਂ' ਪੜ੍ਹਨਾ ਹੈ; ਇਹ ਨਗਰ 'ਕਾਦੀਆਂ' ਦਾ ਜ਼ਿਕਰ ਹੈ।

ਅਨ-ਮਤੀ ਵਿਰੋਧੀਆਂ ਨੇ ਤਾਂ ਇਹ ਹੋਛੀਆਂ ਗੱਲਾਂ ਅਨਜਾਣ ਸਿੱਖਾਂ ਨੂੰ ਥਿੜਕਾਣ ਵਾਸਤੇ ਕਰਨੀਆਂ ਹੀ ਹੋਈਆਂ; ਪਰ ਅਫ਼ਸੋਸ!

ਇਸ ਘਰ ਕੋ ਆਗ ਲਗ ਰਹੀ (ਗਈ) ਘਰ ਕੇ ਚਿਰਾਗ਼ ਸੇ ॥

ਜਿਸ ਸ਼ਲੋਕ ਵਿਚ ਮਾਸ ਖਾਣ ਦੇ ਵਿਰੁੱਧ ਉਪਦੇਸ਼ ਸਮਝਿਆ ਜਾ ਰਿਹਾ ਹੈ, ਉਹ ਇਉਂ ਹੈ:

ਕਬੀਰ ਖੂਬੁ ਖਾਨਾ ਖੀਚਰੀ, ਜਾ ਮਹਿ ਅੰਮ੍ਰਿਤੁ ਲੋਨੁ ॥ ਹੇਰਾ ਰੋਟੀ ਕਾਰਨੇ, ਗਲਾ ਕਟਾਵੈ ਕਉਨੁ ॥188॥

ਅਸੀਂ ਪਿਛਲੇ ਮਜ਼ਮੂਨ ਵਿਚ ਕਈ ਪ੍ਰਮਾਣ ਦੇ ਕੇ ਵਿਸਥਾਰ ਨਾਲ ਸਾਬਤ ਕਰ ਚੁਕੇ ਹਾਂ ਕਿ ਕਬੀਰ ਜੀ ਦੇ ਸਾਰੇ ਸ਼ਲੋਕ ਇਕੋ ਹੀ ਖ਼ਿਆਲ ਲੜੀ ਵਿਚ ਪ੍ਰੋਤੇ ਹੋਏ ਹਨ। ਕਿਸੇ ਇਕ ਸ਼ਲੋਕ ਨੂੰ ਲੜੀ ਵਿਚੋਂ ਵੱਖਰਾ ਕਰ ਕੇ ਪੜ੍ਹਿਆਂ ਅਸਲ ਭਾਵ ਤੋਂ ਖੁੰਝਣ ਦੀ ਸੰਭਾਵਨਾ ਹੋ ਸਕਦੀ ਹੈ। ਇਸ ਉਪਰ-ਲਿਖੇ ਸ਼ਲੋਕ ਨੰ: 188 ਨੂੰ ਭੀ ਲੜੀ ਵਿਚੋਂ ਵੱਖਰਾ ਕਰਨ ਕਰਕੇ ਹੀ ਭੁਲੇਖਾ ਪੈ ਰਿਹਾ ਹੈ। ਇਸ ਸੰਗ੍ਰਹਿ ਦੇ ਪੰਜ ਸ਼ਲੋਕ ਹਨ, ਸੋ ਇਕੱਠੇ ਹੀ ਪੜ੍ਹਨੇ-ਵਿਚਾਰਨੇ ਹਨ:

ਕਬੀਰ ਮੁਲਾਂ ਮੁਨਾਰੇ ਕਿਆ ਚਢਹਿ, ਸਾਂਈ ਨ ਬਹਰਾ ਹੋਇ ॥ ਜਾ ਕਾਰਨਿ ਤੂੰ ਬਾਂਗ ਦੇਹਿ, ਦਿਲ ਹੀ ਭੀਤਰਿ ਜੋਇ ॥184॥ ਸੇਖ ਸਬੂਰੀ ਬਾਹਰਾ, ਕਿਆ ਹਜ ਕਾਬੇ ਜਾਇ ॥ ਕਬੀਰ ਜਾ ਕੀ ਦਿਲ ਸਾਬਤਿ ਨਹੀ, ਤਾ ਕਉ ਕਹਾਂ ਖੁਦਾਇ ॥185॥ ਕਬੀਰ ਅਲਹ ਕੀ ਕਰਿ ਬੰਦਗੀ, ਜਿਹ ਸਿਮਰਤ ਦੁਖੁ ਜਾਇ ॥ ਦਿਲ ਮਹਿ ਸਾਂਈ ਪਰਗਟੈ, ਬੁਝੈ ਬਲੰਤੀ ਨਾਂਇ ॥186॥ ਕਬੀਰ ਜੋਰੀ ਕੀਏ ਜੁਲਮੁ ਹੈ, ਕਹਤਾ ਨਾਉ ਹਲਾਲੁ ॥ ਦਫਤਰਿ ਲੇਖਾ ਮਾਂਗੀਐ, ਤਬ ਹੋਇਗੋ ਕਉਨੁ ਹਵਾਲੁ ॥187॥ ਕਬੀਰ ਖੂਬੁ ਖਾਨਾ ਖੀਚਰੀ, ਜਾ ਮਹਿ ਅੰਮ੍ਰਿਤੁ ਲੋਨੁ ॥ ਹੇਰਾ ਰੋਟੀ ਕਾਰਨੇ, ਗਲਾ ਕਟਾਵੈ ਕਉਨੁ ॥188॥

ਕੋਈ ਭੀ ਮਜ਼ਹਬ ਧਰਮ ਹੋਵੇ, ਇਨਸਾਨ ਵਾਸਤੇ ਉਹ ਤਦ ਤਕ ਹੀ ਲਾਭਦਾਇਕ ਹੈ, ਜਦ ਤਕ ਉਸ ਦੇ ਦੱਸੇ ਪੂਰਨਿਆਂ ਉੱਤੇ ਤੁਰ ਕੇ ਮਨੁੱਖ ਆਪਣੇ ਦਿਲ ਵਿਚ ਭਲਾਈ ਪੈਦਾ ਕਰਨ ਦੀ ਕੋਸ਼ਸ਼ ਕਰਦਾ ਹੈ, ਖ਼ਾਲਕ ਅਤੇ ਉਸ ਦੀ ਖ਼ਲਕਤਿ ਵਾਸਤੇ ਦਿਲ ਵਿਚ ਮੁਹੱਬਤਿ ਬਣਾਂਦਾ ਹੈ। ਜਦੋਂ ਮਨੁੱਖ ਰਿਵਾਜੀ ਤੌਰ ਤੇ ਹੀ ਮਜ਼ਹਬ ਦੇ ਅਸੂਲਾਂ ਅਤੇ ਰਸਮਾਂ ਨੂੰ ਕਰਨ ਲੱਗ ਪੈਂਦਾ ਹੈ, ਪਰ ਇਹ ਨਹੀਂ ਵੇਖਦਾ ਕਿ ਦਿਲ ਵਿਚ ਕੋਈ ਭਲੀ ਤਬਦੀਲੀ ਆਈ ਹੈ ਜਾਂ ਨਹੀਂ, ਜਾਂ ਸਗੋਂ ਕਿਤੇ ਭਲਾਈ ਦੇ ਥਾਂ ਮਨ ਵਿਚ ਕਠੋਰਤਾ ਤਅੱਸਥ ਆਦਿਕ ਤਾਂ ਨਹੀਂ ਵਧ ਰਹੇ, ਉਸ ਵੇਲੇ ਉਸ ਦੇ ਸਾਰੇ ਧਾਰਮਿਕ ਉੱਦਮ ਵਿਅਰਥ ਹੋ ਜਾਂਦੇ ਹਨ।

ਪਠਾਣਾਂ ਮੁਗ਼ਲਾਂ ਦੇ ਰਾਜ ਵੇਲੇ ਸਾਡੇ ਦੇਸ ਵਿਚ ਇਸਲਾਮੀ ਸ਼ਰਹ ਦਾ ਕਾਨੂੰਨ ਚੱਲਦਾ ਸੀ। ਭਾਰਤ-ਵਾਸੀਆਂ ਵਾਸਤੇ ਅਤੇ ਆਮ ਮੁਗ਼ਲਾਂ ਵਾਸਤੇ ਭੀ ਅਰਬੀ ਬੋਲੀ ਬਿਗਾਨੇ ਦੇਸ ਦੀ ਬੋਲੀ ਸੀ। ਸੋ, ਹਰੇਕ ਮੁਸਲਮਾਨ ਕੁਰਾਨ ਸ਼ਰਫ਼ਿ ਨੂੰ ਨਹੀਂ ਸਮਝ ਸਕਦਾ ਸੀ। ਇਸ ਦਾ ਨਤੀਜਾ ਇਹ ਨਿਕਲਿਆ ਕਿ ਜਿਥੋਂ ਤਕ ਕਾਨੂੰਨ ਨੂੰ ਵਰਤਣ ਦਾ ਸੰਬੰਧ ਪੈਂਦਾ ਸੀ, ਰਾਜਸੀ ਤਾਕਤ ਕਾਜ਼ੀਆਂ ਮੌਲਵੀਆਂ ਦੇ ਹੱਥ ਵਿਚ ਸੀ, ਕਿਉਂਕਿ ਇਹੀ ਲੋਕ ਕੁਰਾਨ ਸ਼ਰਫ਼ਿ ਦੇ ਅਰਥ ਕਰਨ ਵਿਚ ਇਤਬਾਰ-ਯੋਗ ਮੰਨੇ ਜਾਂਦੇ ਸਨ। ਇਕ ਪਾਸੇ ਇਹ ਲੋਕ ਰਾਜਸੀ ਤਾਕਤ ਦੇ ਮਾਲਕ; ਦੂਜੇ ਪਾਸੇ ਇਹੀ ਲੋਕ ਧਾਰਮਿਕ ਆਗੂ ਆਮ ਲੋਕਾਂ ਨੂੰ ਜੀਵਨ ਦਾ ਸਹੀ ਰਾਹ ਦੱਸਣ ਵਾਲੇ। ਇਹ ਦੋਵੇਂ ਵਿਰੋਧੀ ਗੱਲਾਂ ਇਕੱਠੀਆਂ ਹੋ ਗਈਆਂ। ਰਾਜ ਪ੍ਰਬੰਧ ਚਲਾਣ ਵਾਲੇ ਗ਼ੁਲਾਮ ਹਿੰਦੂ ਕੌਮ ਉੱਤੇ ਕਠੋਰਤਾ ਵਰਤਣੀ ਇਹਨਾਂ ਲੋਕਾਂ ਵਾਸਤੇ ਕੁਦਰਤੀ ਗੱਲ ਸੀ। ਪਰ ਇਸ ਕਠੋਰਤਾ ਨੂੰ ਆਪਣੇ ਵਲੋਂ ਉਹ ਇਸਲਾਮੀ ਸ਼ਰਹ ਸਮਝਦੇ ਤੇ ਦੱਸਦੇ ਸਨ। ਸੋ, ਮਜ਼ਹਬ ਵਿਚੋਂ ਇਹਨਾਂ ਨੂੰ ਸੁਭਾਵਿਕ ਹੀ ਦਿਲ ਦੀ ਕਠੋਰਤਾ ਹੀ ਮਿਲਦੀ ਗਈ। ਜਿਸ ਭੀ ਦੇਸ ਵਿਚ ਰਾਜ-ਪ੍ਰਬੰਧ ਕਿਸੇ ਖ਼ਾਸ ਮਜ਼ਹਬ ਦੇ ਅਸੂਲਾਂ ਅਨੁਸਾਰ ਚਲਾਇਆ ਜਾਂਦਾ ਰਿਹਾ ਹੈ, ਉਸ ਮਜ਼ਹਬ ਦੇ ਪਰਚਾਰਕਾਂ ਦਾ ਇਹੀ ਹਾਲ ਹੁੰਦਾ ਰਿਹਾ ਹੈ।

ਕਬੀਰ ਜੀ ਆਪਣੇ ਵਕਤ ਦੇ ਕਾਜ਼ੀਆਂ ਮੌਲਵੀਆਂ ਦੀ ਇਹ ਹਾਲਤ ਵੇਖ ਕੇ ਇਹਨਾਂ ਸ਼ਲੋਕਾਂ ਵਿਚ ਕਹਿ ਰਹੇ ਹਨ ਕਿ ਮਜ਼ਹਬ ਨੇ, ਮਜ਼ਹਬ ਦੀ ਰਹੁ-ਰੀਤੀ ਨੇ, ਬਾਂਗ ਨਿਮਾਜ਼ ਹੱਜ ਆਦਿਕ ਨੇ, ਦਿਲ ਦੀ ਸਫ਼ਾਈ ਸਿਖਾਣੀ ਸੀ। ਪਰ ਜੋ ਰਿਸ਼ਵਤ ਕਠੋਰਤਾ ਤਅੱਸਬ ਆਦਿਕ ਦੇ ਕਾਰਨ ਦਿਲ ਨਿਰਦਈ ਹੋ ਚੁਕਾ ਹੈ, ਸਗੋਂ ਇਹੀ ਹੱਜ ਆਦਿਕ ਕਰਮ ਦਿਲ ਨੂੰ ਹੋਰ ਕਠੋਰ ਬਣਾਈ ਜਾ ਰਹੇ ਹਨ, ਤਾਂ ਇਹਨਾਂ ਦੇ ਕਰਨ ਦਾ ਕੋਈ ਲਾਭ ਨਹੀਂ, ਕਿਉਂਕਿ ਜਿਸ ਮਨੁੱਖ ਦੇ ਆਪਣੇ ਦਿਲ ਵਿਚ ਸ਼ਾਂਤੀ ਨਹੀਂ ਆਈ, ਉਸ ਦੇ ਭਾਣੇ ਰੱਬ ਕਿਤੇ ਭੀ ਨਹੀਂ ਹੈ। ਇਹੀ ਖ਼ਿਆਲ ਕਬੀਰ ਜੀ ਨੇ ਪ੍ਰਭਾਤੀ ਰਾਗ ਦੇ ਸ਼ਬਦ ਨੰ: 9 ਵਿਚ ਦਸਿਆ ਹੈ:

ਮੁਲਾਂ, ਕਹਹੁ ਨਿਆਉ ਖੁਦਾਈ ॥ ਤੇਰੇ ਮਨ ਕਾ ਭਰਮੁ ਨ ਜਾਈ ॥1॥ ਰਹਾਉ॥ ਪਕਰਿ ਜੀਉ ਆਨਿਆ, ਦੇਹ ਬਿਨਾਸੀ, ਮਾਟੀ ਕਉ ਬਿਸਮਿਲ ਕੀਆ॥ ਜੋਤਿ ਸਰੂਪ ਅਨਾਹਤ ਲਾਗੀ, ਕਹੁ ਹਲਾਲੁ ਕਿਆ ਕੀਆ ॥2॥ ਕਿਆ ਉਜੂ ਪਾਕੁ ਕੀਆ ਮੁਹੁ ਧੋਇਆ, ਕਿਆ ਮਸੀਤ ਸਿਰੁ ਲਾਇਆ ॥ ਜਉ ਦਿਲ ਮਹਿ ਕਪਟੁ ਨਿਵਾਜ ਗੁਜਾਰਹੁ, ਕਿਆ ਹਜ ਕਾਬੈ ਜਾਇਆ ॥3॥

ਉੱਪਰ-ਲਿਖੇ ਪੰਜ ਸਲੋਕਾਂ ਦਾ ਭਾਵ ਇਉਂ ਹੈ:

ਜੋ ਮੁੱਲਾਂ ਬਾਂਗ ਦੇ ਕੇ ਸਿਰਫ਼ ਲੋਕਾਂ ਨੂੰ ਹੀ ਸੱਦ ਰਿਹਾ ਹੈ ਪਰ ਉਸ ਦੇ ਆਪਣੇ ਦਿਲ ਵਿਚ ਸ਼ਾਂਤੀ ਨਹੀਂ ਹੈ, ਹਰੇਕ ਦੇ ਦਿਲ ਦੀ ਜਾਨਣ ਵਾਲੇ ਰੱਬ ਨੂੰ ਉਹ ਇਸ ਬਾਂਗ ਆਦਿਕ ਨਾਲ ਧੋਖਾ ਨਹੀਂ ਦੇ ਸਕਦਾ। ਅਜੇਹਾ ਮਨੁੱਖ ਜੇ ਹੱਜ ਭੀ ਕਰ ਆਵੇ ਤਾਂ ਉਸ ਨੂੰ ਕੋਈ ਲਾਭ ਨਹੀਂ ਹੁੰਦਾ, ਕਿਉਂਕਿ ਦਿਲ ਦੇ ਕਠੋਰ ਬੰਦੇ ਦੇ ਭਾਣੇ ਰੱਬ ਹੈ ਹੀ ਨਹੀਂ। ਫਿਰ, ਕਿਸੇ ਜਾਨਵਰ ਨੂੰ ਬਿਸਮਿੱਲਾ ਆਖ ਕੇ ਇਹ ਲੋਕ ਜ਼ਬਹ ਕਰਦੇ ਹਨ ਤੇ ਇਹ ਆਖਦੇ ਹਨ ਕਿ ਇਹ ਜ਼ਬਹ ਕੀਤਾ ਜਾਨਵਰ ਰੱਬ ਦੇ ਨਾਮ ਦੇ ਕੁਰਬਾਨੀ ਦੇਣ ਦੇ ਲਾਇਕ ਹੋ ਗਿਆ ਹੈ ਅਤੇ ਖ਼ੁਦਾ ਨੇ ਖ਼ੁਸ਼ ਹੋ ਕੇ ਕੁਰਬਾਨੀ ਦੇਣ ਵਾਲੇ ਬੰਦੇ ਦੇ ਗੁਨਾਹ ਬਖ਼ਸ਼ ਦਿੱਤੇ ਹਨ– ਇਹ ਗੱਲ ਵਿਚਾਰ ਤੋਂ ਸੱਖਣੀ ਹੈ। ਜਾਨਵਰ ਦਾ ਮਾਸ ਤਾਂ ਇਹ ਲੋਕ ਰਲ-ਮਿਲ ਕੇ ਆਪ ਹੀ ਖਾ ਲੈਂਦੇ ਹਨ। ਕਬੀਰ ਜੀ ਆਖਦੇ ਹਨ ਕਿ ਕੁਰਬਾਨੀ ਦੇ ਬਹਾਨੇ ਮਾਸ ਖਾ ਲੈਣ ਨਾਲੋਂ ਤਾਂ ਖਿਚੜੀ ਖਾ ਲੈਣੀ ਚੰਗੀ ਹੈ।

ਇਹਨਾਂ ਸ਼ਲੋਕਾਂ ਵਿਚ ਕਬੀਰ ਜੀ ਨੇ ਇਸਲਾਮੀ ਸ਼ਰਹ ਵਾਂਗ ਨਿਮਾਜ਼ ਹੱਜ ਕੁਰਬਾਨੀ ਦਾ ਜ਼ਿਕਰ ਕੀਤਾ ਹੈ। ਇਥੇ ਲਫ਼ਜ਼ ਭੀ ਆਮ ਤੌਰ ਤੇ ਮੁਸਲਮਾਨੀ ਹੀ ਵਰਤੇ ਹਨ। ਅਗਾਂਹ ਸ਼ਲੋਕ ਨੰ: 189 ਤੋਂ ਲੈ ਕੇ 196 ਤਕ ਅੱਠ ਸ਼ਲੋਕਾਂ ਵਿਚ ਬ੍ਰਾਹਮਣ ਦੇ ਰਸਮੀ ਗੁਰੂ ਬਣਨ ਅਤੇ ਮੂਰਤੀ-ਪੂਜਾ ਦਾ ਜ਼ਿਕਰ ਹੈ, ਇਹਨਾਂ ਵਿਚ ਲਫ਼ਜ ਭੀ ਸਾਰੇ ਹੇਂਦਕੇ ਹੀ ਵਰਤੇ ਗਏ ਹਨ। ਇਹਨਾਂ ਤੋਂ ਅਗਾਂਹ ਨੰ: 197 ਤੋਂ 201 ਤਕ ਫਿਰ 'ਕੁਰਬਾਨੀ' ਦੇਣ ਦਾ ਜ਼ਿਕਰ ਹੈ, ਇਥੇ ਫਿਰ ਸਾਰੇ ਲਫ਼ਜ਼ ਤੇ ਖ਼ਿਆਲ ਆਮ ਤੌਰ ਤੇ ਮੁਸਲਮਾਨੀ ਹਨ:

ਕਬੀਰ ਹਜ ਕਾਬੇ ਹਉ ਜਾਇ ਥਾ, ਆਗੈ ਮਿਲਿਆ ਖੁਦਾਇ ॥ ਸਾਂਈ ਮੁਝ ਸਿਉ ਲਰਿ ਪਰਿਆ, ਤੁਝੈ ਕਿਨ੍ਹ੍ਹਿ ਫੁਰਮਾਈ ਗਾਇ ॥197॥ ਕਬੀਰ ਹਜ ਕਾਬੈ ਹੋਇ ਹੋਇ ਗਇਆ, ਕੇਤੀ ਬਾਰ ਕਬੀਰ ॥ ਸਾਂਈ ਮੁਝ ਮਹਿ ਕਿਆ ਖਤਾ, ਮੁਖਹੁ ਨ ਬੋਲੈ ਪੀਰ ॥198॥ ਕਬੀਰ ਜੀਅ ਜੁ ਮਾਰਹਿ ਜੋਰੁ ਕਰਿ, ਕਹਤੇ ਹਹਿ ਜੁ ਹਲਾਲੁ ॥ ਦਫਤਰੁ ਦਈ ਜਬ ਕਾਢਿ ਹੈ, ਹੋਇਗਾ ਕਉਨੁ ਹਵਾਲੁ ॥199॥ਕਬੀਰ ਜੋਰੁ ਕੀਆ ਸੋ ਜੁਲਮੁ ਹੈ, ਲੇਇ ਜਬਾਬੁ ਖੁਦਾਇ ॥ ਦਫਤਰਿ ਲੇਖਾ ਨੀਕਸੈ, ਮਾਰ ਮੁਹੈ ਮੁਹਿ ਖਾਇ ॥200॥ ਕਬੀਰ ਲੇਖਾ ਦੇਨਾ ਸੁਹੇਲਾ, ਜਉ ਦਿਲ ਸੂਚੀ ਹੋਇ ॥ ਉਸੁ ਸਾਚੇ ਦੀਬਾਨ ਮਹਿ, ਪਲਾ ਨ ਪਕਰੈ ਕੋਇ ॥201॥

ਚੂੰਕਿ ਆਮ ਮੁਸਲਮਾਨ ਕਾਬੇ ਨੂੰ ਖ਼ੁਦਾ ਦਾ ਘਰ ਮੰਨਦਾ ਹੈ, ਇਸ ਵਾਸਤੇ ਕਬੀਰ ਜੀ ਭੀ ਉਹੀ ਖ਼ਿਆਲ ਦੱਸ ਕੇ ਆਖਦੇ ਹਨ ਕਿ ਖ਼ੁਦਾ ਇਸ ਹੱਜ ਤੇ ਖੁਸ਼ ਨਹੀਂ ਹੁੰਦਾ। ਅਨੇਕਾਂ ਵਾਰੀ ਹੱਜ ਕਰਨ ਤੇ ਵੀ ਖ਼ੁਦਾ ਖ਼ੁਸ਼ ਹੋ ਕੇ ਕਿਉਂ ਹਾਜੀ ਨੂੰ ਦੀਦਾਰ ਨਹੀਂ ਦੇਂਦਾ ਤੇ ਉਹ ਹਾਜੀ ਖ਼ੁਦਾ ਦੀਆਂ ਨਿਗਾਹਾਂ ਵਿਚ ਅਜੇ ਭੀ ਕਿਉਂ ਗੁਨਾਹਗਾਰ ਸਮਝਿਆ ਜਾਂਦਾ ਹੈ– ਇਸ ਭੇਤ ਦਾ ਜ਼ਿਕਰ ਇਹਨਾਂ ਸ਼ਲੋਕਾਂ ਵਿਚ ਕੀਤਾ ਗਿਆ ਹੈ ਕਿ ਖ਼ੁਦਾ ਦੇ ਨਾਮ ਤੇ ਗਾਂ ਆਦਿਕ ਦੀ 'ਕੁਰਬਾਨੀ' ਦੇਣੀ, ਰਲ-ਮਿਲ ਕੇ ਖਾ ਪੀ ਜਾਣਾ ਸਭ ਕੁਝ ਆਪ ਹੀ, ਤੇ ਫਿਰ ਇਹ ਸਮਝ ਲੈਣਾ ਕਿ ਇਸ 'ਕੁਰਬਾਨੀ' ਦੇ ਇਵਜ਼ ਸਾਡੇ ਗੁਨਾਹ ਬਖ਼ਸ਼ ਦਿੱਤੇ ਗਏ ਹਨ– ਇਹ ਬੜਾ ਭਾਰਾ ਭੁਲੇਖਾ ਹੈ। ਇਹ ਖ਼ੁਦਾ ਨੂੰ ਖ਼ੁਸ਼ ਕਰਨ ਦਾ ਤਰੀਕਾ ਨਹੀਂ। ਖ਼ੁਦਾ ਖ਼ੁਸ਼ ਹੁੰਦਾ ਹੈ ਦਿਲ ਦੀ ਪਕੀਜ਼ਗੀ-ਪਵਿਤ੍ਰਤਾ ਨਾਲ।

ਅਸੀਂ ਵੇਖ ਚੁਕੇ ਹਾਂ ਕਿ ਜਿਸ ਸ਼ਲੋਕ ਵਿਚ ਖਿਚੜੀ ਦੀ ਰਾਹੀਂ ਵੈਸ਼ਨਵ ਮਤ ਦਾ ਪ੍ਰਚਾਰ ਕੀਤਾ ਸਮਝਿਆ ਜਾ ਰਿਹਾ ਹੈ, ਉਹ ਅਸਲ ਵਿਚ ਐਸੇ ਸ਼ਲੋਕਾਂ ਦੇ ਸੰਗ੍ਰਹ ਨਾਲ ਸੰਬੰਧ ਰੱਖਦਾ ਹੈ; ਜਿਨ੍ਹਾਂ ਵਿਚ 'ਕੁਰਬਾਨੀ' ਦੀ ਰਸਮ ਤੇ ਬਹਿਸ ਹੈ। ਜੇ ਕੋਈ ਸੱਜਣ ਇਹ ਕਹਿਣ ਕਿ "ਪਰਥਾਇ ਸਾਖੀ ਮਹਾ ਪੁਰਖ ਬੋਲਦੇ, ਸਾਝੀ ਸਗਲ ਜਹਾਨੈ" ਦੇ ਅਨੁਸਾਰ ਹੁਣ ਇਸ ਵਿਚੋਂ ਮਾਸ ਦੇ ਵਿਰੁੱਧ ਉਪਦੇਸ਼ ਲਿਆ ਜਾ ਸਕਦਾ ਹੈ, ਤਾਂ ਭੀ ਇਹ ਦਲੀਲ ਅਫਬਵੀਂ ਹੈ। ਰਿਸ਼ਵਤ ਆਦਿਕ ਦੀ ਰਾਹੀਂ ਮਨੁੱਖ ਦੀ ਰੱਤ ਪੀ ਕੇ ਤੇ ਹੋਰ ਧੱਕੇ-ਪਾਪ ਰੋਜ਼ਾਨਾ ਕਰਦਾ ਹੋਇਆ ਜੇ ਕੋਈ ਮੁਸਲਮਾਨ ਇਹ ਸਮਝਦਾ ਹੈ ਕਿ ਗਾਂ ਆਦਿਕ ਦੀ 'ਕੁਰਬਾਨੀ' ਨਾਲ ਮੈਂ ਖ਼ੁਦਾ ਨੂੰ ਖ਼ੁਸ਼ ਕਰ ਰਿਹਾ ਹਾਂ, ਤੇ ਆਪਣੇ ਗੁਨਾਹ ਬਖ਼ਸ਼ਵਾ ਰਿਹਾ ਹਾਂ, ਤਾਂ "ਸਾਝੀ ਸਗਲ ਜਹਾਨੈ" ਦੀ ਕਸਵਟੀ ਵਰਤ ਕੇ ਇਉਂ ਆਖਣਾ ਪਏਗਾ = ਠੱਗੀ-ਫ਼ਰੇਬ ਦੀ ਕਮਾਈ ਕਰ ਕੇ, ਸੂਦ-ਖ਼ੋਰੀ ਨਾਲ ਗ਼ਰੀਬਾਂ ਦਾ ਲਹੂ ਪੀ ਕੇ, ਆਮ ਜਨਤਾ ਦੀ ਬੇ-ਬਸੀ ਤੋਂ ਫ਼ਾਇਦਾ ਉਠਾਂਦੇ ਹੋਇਆਂ ਸੌਦਾ ਇਤਨਾ ਮਹਿੰਗੇ ਭਾ ਵੇਚ ਕੇ ਕਿ ਗਰੀਬ ਲੋਕ ਪੀਸੇ ਜਾਣ; ਰਿਸ਼ਵਤ ਆਦਿਕ ਦੀ ਰਾਹੀਂ; ਮੁੱਕਦੀ ਗੱਲ ਹੋਰ ਅਜਿਹੇ ਤਰੀਕੇ ਵਰਤ ਕੇ ਜਿਨ੍ਹਾਂ ਨਾਲ ਗ਼ਰੀਬ ਲੋਕ ਬਹੁਤ ਦੁਖੀ ਹੋਣ, ਜੇ ਕੋਈ ਮਨੁੱਖ (ਚਾਹੇ ਉਹ ਕਿਸੇ ਭੀ ਦੇਸ ਜਾਂ ਕੌਮ ਦਾ ਹੈ) ਪੈਸਾ ਕਮਾਂਦਾ ਹੈ ਤੇ ਉਸ ਵਿਚੋਂ ਮੰਦਰ ਗੁਰਦੁਆਰੇ ਬਣਾਣ ਲਈ ਦਾਨ ਕਰਦਾ ਹੈ, ਤੀਰਥ-ਜਾਤ੍ਰਾ ਕਰਦਾ ਹੈ, ਗੁਰਦੁਆਰਿਆਂ ਦੇ ਦਰਸ਼ਨ ਕਰਨ ਤੇ ਮਾਇਆ ਖ਼ਰਚਦਾ ਹੈ, ਗੁਰੂ ਦਰ ਤੇ ਕੜਾਹ-ਪ੍ਰਸ਼ਾਦਿ ਭੇਟਾ ਕਰਦਾ ਹੈ, ਅਜੇਹੇ ਭਾਵੇਂ ਅਨੇਕਾਂ ਪੁੰਨ-ਕਰਮ ਕਰੇ; ਗੁਰੂ-ਪਰਮਾਤਮਾ ਉਸ ਉੱਤੇ ਖ਼ੁਸ਼ ਨਹੀਂ ਹੋ ਸਕਦਾ। ਬੱਸ! ਇਹਨਾਂ ਸ਼ਲੋਕਾਂ ਵਿਚ ਇਨਸਾਨੀ ਜੀਵਨ ਦੀ ਉਹੀ ਤਸਵੀਰ ਹੈ ਜਿਸ ਦਾ ਕੁਝ ਕੁ ਅੰਗ ਮਲਕ ਭਾਗੋ ਵਾਲੀ ਸਾਖੀ ਵਿਚ ਮਿਲਦਾ ਹੈ।

ਕਬੀਰ ਜੀ ਦਾ ਇਕ ਸ਼ਲੋਕ ਹੋਰ ਹੈ ਜਿਸ ਦੀ ਬਾਬਤ ਇਹ ਖ਼ਿਆਲ ਬਣਿਆ ਹੋਇਆ ਹੈ ਕਿ ਕਬੀਰ ਜੀ ਨੇ ਮੱਛੀ ਦੇ ਮਾਸ ਵਲੋਂ ਮਨ੍ਹਾ ਕੀਤਾ ਹੈ। :

ਕਬੀਰ ਭਾਂਗ ਮਾਛੁਲੀ ਸੁਰਾਪਾਨਿ, ਜੋ ਜੋ ਪ੍ਰਾਨੀ ਖਾਂਹਿ ॥ ਤੀਰਥ ਬਰਤ ਨੇਮ ਕੀਏ, ਤੇ ਸਭੈ ਰਸਾਤਲਿ ਜਾਂਹਿ ॥232॥

ਇਸ ਸ਼ਲੋਕ ਦੇ ਅਸਲ ਭਾਵ ਨੂੰ ਭੀ ਤਦੋਂ ਹੀ ਸਮਝਿਆ ਜਾ ਸਕੇਗਾ, ਜਦੋਂ ਇਸ ਦੇ ਸਾਥੀ ਸ਼ਲੋਕਾਂ ਨਾਲ ਰਲਾ ਕੇ ਪੜ੍ਹਾਂਗੇ। ਇਹ ਨਵਾਂ ਸੰਗ੍ਰਹ ਨੰ: 228 ਤੋਂ ਸ਼ੁਰੂ ਹੁੰਦਾ ਹੈ:

ਕਬੀਰ ਤਰਵਰ ਰੂਪੀ ਰਾਮੁ ਹੈ, ਫਲ ਰੂਪੀ ਬੈਰਾਗੁ ॥ ਛਾਇਆ ਰੂਪੀ ਸਾਧੁ ਹੈ, ਜਿਨਿ ਤਜਿਆ ਬਾਦੁ ਬਿਬਾਦੁ ॥228॥

ਕਬੀਰ ਐਸਾ ਬੀਜੁ ਬੋਇ, ਬਾਰਹ ਮਾਸ ਫਲੰਤ ॥ ਸੀਤਲ ਛਾਇਆ, ਗਹਿਰ ਫਲ, ਪੰਖੀ ਕੇਲ ਕਰੰਤ ॥229॥

ਕਬੀਰ ਦਾਤਾ ਤਰਵਰੁ ਦਯਾ ਫਲੁ, ਉਪਕਾਰੀ ਜੀਵੰਤ ॥ ਪੰਖੀ ਚਲੇ ਦਿਸਾਵਰੀ, ਬਿਰਖਾ ਸੁਫਲ ਫਲੰਤ ॥230॥

ਕਬੀਰ ਸਾਧੂ ਸੰਗੁ ਪਰਾਪਤੀ, ਲਿਖਿਆ ਹੋਇ ਲਿਲਾਟ ॥ ਮੁਕਤਿ ਪਦਾਰਥੁ ਪਾਈਐ, ਠਾਕ ਨ ਅਵਘਟ ਘਾਟ ॥231॥

ਕਬੀਰ ਏਕ ਘੜੀ ਆਧੀ ਘਰੀ, ਆਧੀ ਹੂੰ ਤੇ ਆਧ ॥ ਭਗਤਨ ਸੇਤੀ ਗੋਸਟੇ, ਜੋ ਕੀਨੇ ਸੋ ਲਾਭ ॥232॥

ਕਬੀਰ ਭਾਂਗ ਮਾਛੁਲੀ ਸੁਰਾ ਪਾਨਿ, ਜੋ ਜੋ ਪ੍ਰਾਨੀ ਖਾਂਹਿ ॥ ਤੀਰਥ ਬਰਤ ਨੇਮ ਕੀਏ, ਤੇ ਸਭੈ ਰਸਾਤਲਿ ਜਾਂਹਿ ॥233॥

ਸ਼ਲੋਕ ਨੰ: 228 ਤੋਂ ਇਕ ਨਵਾਂ ਖ਼ਿਆਲ ਚੱਲਿਆ ਹੈ। ਜਗਤ ਵਿਚ "ਬਾਦ ਬਿਬਾਦ" ਦੀ ਤਪਸ਼ ਪੈ ਰਹੀ ਹੈ, ਜੀਵ ਤੜਫ ਰਹੇ ਹਨ। ਪਰਮਾਤਮਾ ਦਾ ਨਾਮ ਇਥੇ ਇਕ ਸੋਹਣਾ ਰੁਖ ਹੈ। ਜਿਨ੍ਹਾਂ ਵਿਰਲੇ ਭਾਗਾਂ ਵਾਲੇ ਗੁਰਮੁਖਾਂ ਨੇ ਦੁਨੀਆ ਦਾ ਇਹ "ਬਾਦ ਬਿਬਾਦ" ਤਜਿਆ ਹੈ, ਉਹ ਇਸ ਰੁੱਖ ਦੀ ਠੰਢੀ ਛਾਂ ਹਨ। ਇਸ ਛਾਂ ਦਾ ਆਸਰਾ ਲਿਆਂ, ਸਾਧੂ-ਗੁਰਮੁਖਾਂ ਦੀ ਸੰਗਤਿ ਕੀਤਿਆਂ, ਇਸ "ਬਾਦ ਬਿਬਾਦ" ਦੀ ਤਪਸ਼ ਵਿਚ ਸੜਨ ਤੋਂ ਬਚ ਜਾਈਦਾ ਹੈ, ਇਸ "ਬਾਦ ਬਿਬਾਦ" ਤੋਂ "ਵੈਰਾਗ'' ਪਰਾਪਤ ਹੋ ਜਾਂਦਾ ਹੈ।

ਪਰ ਦੁਨੀਆ ਵਿਚ ਇਕ ਅਜਬ ਖੇਡ ਹੋ ਰਹੀ ਹੈ। ਲੋਕ ਸਵੇਰ ਵੇਲੇ ਧਰਮ-ਅਸਥਾਨ ਵਿਚ ਭੀ ਹੋ ਆਉਂਦੇ ਹਨ, ਵਰਤ ਆਦਿਕ ਭੀ ਰੱਖਦੇ ਹਨ, ਹੋਰ ਕਈ ਕਿਸਮਾਂ ਦੇ ਨੇਮ ਭੀ ਨਿਬਾਹੁੰਦੇ ਹਨ, ਪਰ ਇਹਨਾਂ ਦੇ ਨਾਲ ਵਿਕਾਰ ਭੀ ਕਰੀ ਜਾਂਦੇ ਹਨ। ਕਬੀਰ ਜੀ ਜਿਥੇ ਆਖਦੇ ਹਨ ਕਿ 'ਸਾਧੂ' ਦੀ ਸੰਗਤਿ ਕਰਨ ਦਾ ਭਾਵ ਇਹ ਨਹੀਂ ਹੈ ਕਿ ਜਿਤਨਾ ਚਿਰ ਸਤਸੰਗ ਵਿਚ ਬੈਠੋ ਉਤਨਾ ਚਿਰ 'ਰਾਮ ਰਾਮ' ਕਰੀ ਜਾਉ, ਉਥੋਂ ਆ ਕੇ ਵਿਕਾਰਾਂ ਵਿਚ ਭੀ ਹਿੱਸਾ ਲਈ ਜਾਉ। ਇਹ ਤੀਰਥ-ਜਾਤ੍ਰਾ, ਵਰਤ-ਨੇਮ ਸਭ ਹੀ ਨਿਸਫਲ ਜਾਂਦੇ ਹਨ ਜੇ ਮਨੁੱਖ ਵਿਕਾਰੀ ਜੀਵਨ ਵਲੋਂ ਨਹੀਂ ਪਰਤਦਾ।

ਪਿਛਲੇ ਸਲੋਕ ਨੰ: 232 ਵਿਚ ਜ਼ਿਕਰ ਹੈ ਕਿ "ਭਗਤਨ ਸੇਤੀ ਗੋਸਟੇ, ਜੋ ਕੀਨੇ ਸੋ ਲਾਭ"। ਇਥੇ ਨੰ: 233 ਵਿਚ ਇਹ ਆਖਦੇ ਹਨ ਕਿ ਜੇ ਮਨੁੱਖ 'ਭਗਤਨ ਸੇਤੀ ਗੋਸਟੇ" ਤੋਂ ਆ ਕੇ ਸ਼ਰਾਬ-ਮਾਸ ਆਦਿਕ ਵਿਕਾਰਾਂ ਵਿਚ ਲੱਗਾ ਰਹੇ, ਤਾਂ ਉਹ ਕੀਤਾ ਹੋਇਆ ਸਤਸੰਗ ਤੇ ਉਥੇ ਲਏ ਹੋਏ ਪ੍ਰਣ (ਵਰਤ) ਸਭ ਵਿਅਰਥ ਜਾਂਦੇ ਹਨ।

ਲਫ਼ਜ਼ "ਭਾਂਗ ਮਾਛੁਲੀ ਅਤੇ ਸੁਰਾ" ਤੋਂ ਇਹ ਭਾਵ ਨਹੀਂ ਲੈਣਾ ਕਿ ਕਬੀਰ ਜੀ ਸਿਰਫ਼ ਭੰਗ ਤੇ ਸ਼ਰਾਬ ਤੋਂ ਰੋਕਦੇ ਹਨ, ਅਤੇ ਪੋਸਤ ਅਫ਼ੀਮ ਆਦਿਕ ਦੀ ਮਨਾਹੀ ਨਹੀਂ ਕਰਦੇ। ਇਸੇ ਤਰ੍ਹਾਂ ਇਹ ਗੱਲ ਨਹੀਂ ਕਿ ਇਥੇ ਮੱਛੀ ਦਾ ਮਾਸ ਖਾਣ ਤੋਂ ਰੋਕ ਰਹੇ ਹਨ। ਸਾਰੇ ਪ੍ਰਸੰਗ ਨੂੰ ਰਲਾ ਕੇ ਪੜ੍ਹੋ। ਸਤਸੰਗ ਭੀ ਕਰਨਾ ਤੇ ਵਿਕਾਰ ਭੀ ਕਰੀ ਜਾਣੇ = ਕਬੀਰ ਜੀ ਇਸ ਕੰਮ ਤੋਂ ਵਰਜਦੇ ਹਨ। ਕਾਮੀ ਲੋਕ ਆਮ ਤੌਰ ਤੇ ਸ਼ਰਾਬ-ਮਾਸ ਵਰਤ ਕੇ ਕਾਮ-ਵਾਸ਼ਨਾ ਵਿਭਚਾਰ ਵਿਚ ਪ੍ਰਵਿਰਤ ਹੁੰਦੇ ਹਨ, ਤੇ, ਮੱਛੀ ਦਾ ਮਾਸ ਚੂੰਕਿ ਕਾਮ-ਰੁਚੀ ਵਧੀਕ ਪੈਦਾ ਕਰਨ ਵਿਚ ਪ੍ਰਸਿਧ ਹੈ, ਇਸ ਵਾਸਤੇ ਕਬੀਰ ਜੀ ਨੇ ਸ਼ਰਾਬ ਭੰਗ ਮੱਛੀ ਲਫ਼ਜ਼ ਵਰਤੇ ਹਨ।

ਸ਼ਲੋਕ ਨੰ: 228 ਤੋਂ 236 ਤਕ ਦਾ ਮਿਲਵਾਂ ਭਾਵ:

ਵਿਕਾਰਾਂ ਤੇ ਵਾਦ-ਵਿਵਾਦ ਦੀ ਤਪਸ਼ ਨਾਲ ਤਪ ਰਹੇ ਇਸ ਸੰਸਾਰ ਵਿਚ ਪਰਮਾਤਮਾ ਦਾ ਨਾਮ ਹੀ ਠੰਢ ਦੇਣ ਵਾਲਾ ਹੈ, ਇਹ ਨਾਮ ਗੁਰਮੁਖਾਂ ਦੀ ਸੰਗਤਿ ਵਿਚੋਂ ਮਿਲਦਾ ਹੈ। ਸੋ, ਥੋੜਾ-ਬਹੁਤ ਜਿਤਨਾ ਭੀ ਸਮਾ ਮਿਲੇ ਸਤਸੰਗ ਜ਼ਰੂਰ ਕਰਨਾ ਚਾਹੀਦਾ ਹੈ। ਪਰ ਕਈ ਲੋਕ ਐਸੇ ਭੀ ਹੁੰਦੇ ਹਨ ਜੋ ਸਤਸੰਗ ਵਿਚ ਜਾ ਕੇ ਰਾਮ ਰਾਮ ਭੀ ਕਰ ਆਉਂਦੇ ਹਨ ਤੇ ਉਥੋਂ ਆ ਕੇ ਵਿਕਾਰਾਂ ਵਿਚ ਭੀ ਕਸਰ ਨਹੀਂ ਰੱਖਦੇ। ਅਜੇਹੇ ਬੰਦਿਆਂ ਦੇ ਸਾਰੇ ਧਾਰਮਿਕ ਉੱਦਮ ਨਿਸਫਲ ਜਾਂਦੇ ਹਨ। ਸਤਸੰਗ ਵਿਚੋਂ ਤਾਂ ਇਹ ਲਾਭ ਖੱਟਣਾ ਹੈ ਕਿ ਦੁਨੀਆ ਦੇ ਰਸਾਂ ਨਾਲ ਖੇਡਾਂ ਖੇਡਣ ਦੇ ਥਾਂ ਜੀਵ ਕਿਰਤ-ਕਾਰ ਕਰਦਾ ਕਰਦਾ ਆਪਣੀ ਸੁਰਤਿ ਨੂੰ ਸਦਾ ਪ੍ਰਭੂ-ਚਰਨਾਂ ਵਿਚ ਜੋੜੀ ਰੱਖੇ ਤੇ ਪ੍ਰਾਣੀ-ਮਾਤ੍ਰ ਤੋਂ ਇਸ ਨੂੰ ਨਫ਼ਰਤਿ ਨਾਹ ਰਹੇ।

ਇਸ ਉੱਪਰ-ਲਿਖੀ ਸਾਰੀ ਵਿਚਾਰ ਤੋਂ ਪਾਠਕ ਸੱਜਣ ਵੇਖ ਚੁਕੇ ਹਨ ਕਿ ਕਬੀਰ ਜੀ ਨੇ ਕਿਤੇ ਭੀ ਮਾਸ ਖਾਣ ਜਾਂ ਨਾਹ ਖਾਣ ਦੀ ਬਹਿਸ ਨਹੀਂ ਛੇੜੀ ਹੈ। ਕਾਹਲੀ ਵਿਚ ਓਪਰੀ ਨਿਗਾਹੇ ਇਹਨਾਂ ਸ਼ਲੋਕਾਂ ਨੂੰ ਵਿਕੋਲਿਤਰੇ ਜਾਣ ਕੇ ਇਹ ਖ਼ਿਆਲ ਬਣਾ ਲੈਣਾ ਬੜਾ ਹਾਨੀਕਾਰਕ ਹੈ ਕਿ ਕਿਤੇ ਕਿਤੇ ਕਬੀਰ ਜੀ ਦੇ ਖ਼ਿਆਲ ਗੁਰਮਤਿ ਨਾਲ ਨਹੀਂ ਮਿਲਦੇ।

____________________________


ਕਬੀਰ ਜੀ ਦੇ ਸਲੋਕ ਅਤੇ ਗੁਰੂ ਨਾਨਕ ਸਾਹਿਬ


ਲੇਖ-ਲੜੀ ਦੀ ਮੇਰੀ ਦੂਜੀ "ਕੁਝ ਹੋਰ ਧਾਰਮਿਕ ਲੇਖ" (ਗੁਰਬਾਣੀ ਤੇ ਇਤਿਹਾਸ ਬਾਰੇ) ਦੇ ਪਹਿਲੇ 3 ਲੇਖਾਂ ਵਿਚ ਇਹ ਗੱਲ ਬੜੇ ਵਿਸਥਾਰ ਨਾਲ ਦੱਸੀ ਜਾ ਚੁਕੀ ਹੈ ਕਿ ਸਤਿਗੁਰੂ ਨਾਨਕ ਦੇਵ ਜੀ ਆਪਣੀ ਸਾਰੀ ਹੀ ਬਾਣੀ ਆਪਣੀ ਹੱਥੀਂ ਆਪ ਲਿਖ ਕੇ ਸਾਂਭਦੇ ਰਹੇ ਸਨ। ਗੁਰੂ ਅੰਗਦ ਸਾਹਿਬ ਨੂੰ ਗੁਰਿਆਈ ਦੇਣ ਵੇਲੇ ਇਹ ਸਾਰਾ ਖ਼ਜ਼ਾਨਾ ਉਹਨਾਂ ਇਹਨਾਂ ਦੇ ਹਵਾਲੇ ਕਰ ਦਿੱਤਾ ਸੀ। ਗੁਰੂ ਅੰਗਦ ਸਾਹਿਬ ਨੇ ਇਹ ਜ਼ਿੰਮੇਵਾਰੀ ਗੁਰੂ ਅਮਰਦਾਸ ਜੀ ਨੂੰ ਸੌਂਪਣ ਲੱਗਿਆਂ ਗੁਰੂ ਨਾਨਕ ਸਾਹਿਬ ਦੀ ਬਾਣੀ ਅਤੇ ਆਪਣੀ ਬਾਣੀ ਗੁਰੂ ਅਮਰਦਾਸ ਜੀ ਨੂੰ ਦੇ ਦਿੱਤੀ। ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਤੋਂ ਗੁਰੂ ਰਾਮਦਾਸ ਜੀ ਤਕ ਤੇ ਇਹਨਾਂ ਤੋਂ ਗੁਰੂ ਅਰਜਨ ਸਾਹਿਬ ਤਕ ਇਹ ਸਾਰੀ ਬਾਣੀ ਅੱਪੜੀ, ਜਿਸ ਦਾ ਜ਼ਿਕਰ ਗੁਰੂ ਅਰਜਨ ਸਾਹਿਬ ਨੇ ਇਕ ਸ਼ਬਦ ਵਿਚ ਇਉਂ ਕੀਤਾ:

ਗਉੜੀ ਗੁਆਰੇਰੀ ਮਹਲਾ 5 ॥ ਹਮ ਧਨਵੰਤ ਭਾਗਠ ਭਾਗਠ ਸਚ ਨਾਇ ॥ ਹਰਿ ਗੁਣ ਗਾਵਹ ਸਹਜਿ ਸੁਭਾਇ ॥1॥ਰਹਾਉ॥ ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ॥ ਤਾ ਮੇਰੈ ਮਨਿ ਭਇਆ ਨਿਧਾਨਾ॥1॥ ਰਤਨ ਲਾਲ ਜਾ ਕਾ ਕਛੂ ਨ ਮੋਲੁ ॥ ਭਰੇ ਭੰਡਾਰ ਅਖੂਟ ਅਤੋਲ ॥2॥ ਖਾਵਹਿ ਖਰਚਹਿ ਰਲਿ ਮਿਲਿ ਭਾਈ ॥ ਤੋਟਿ ਨ ਆਵੈ ਵਧਦੋ ਜਾਈ ॥3॥ ਕਹੁ ਨਾਨਕ ਜਿਸੁ ਮਸਤਕਿ ਲੇਖੁ ਲਿਖਾਇ ॥ ਸੁ ਏਤੁ ਖਜਾਨੈ ਲਇਆ ਰਲਾਇ ॥4॥31॥100॥

ਲੇਖ-ਲੜੀ ਦੀ ਤੀਜੀ ਪੁਸਤਕ "ਗੁਰਮਤਿ ਪ੍ਰਕਾਸ਼" ਵਿਚ ਹੇਠ ਲਿਖੇ ਭਗਤਾਂ ਦੀ ਬਾਣੀ ਵਿਚੋਂ ਹਵਾਲੇ ਦੇ ਕੇ ਇਹ ਸਾਫ਼ ਤੌਰ ਤੇ ਸਿੱਧ ਕੀਤੀ ਜਾ ਚੁਕੀ ਹੈ ਕਿ ਇਹਨਾਂ ਦੀ ਸਾਰੀ ਬਾਣੀ ਗੁਰੂ ਨਾਨਕ ਸਾਹਿਬ ਪਾਸ ਮੌਜੂਦ ਸੀ:

ਬਾਬਾ ਫਰੀਦ ਜੀ।

ਭਗਤ ਜੈਦੇਵ ਜੀ।

ਭਗਤ ਬੇਣੀ ਜੀ।

ਭਗਤ ਰਵਿਦਾਸ ਜੀ।

ਜਦੋਂ ਸਤਿਗੁਰੂ ਜੀ ਨੇ 3 'ਉਦਾਸੀਆਂ' ਵਿਚ ਸਾਰੇ ਭਾਰਤ ਅਤੇ ਹੋਰ ਦੇਸਾਂ ਦਾ ਚੱਕਰ ਲਾਇਆ ਸੀ, ਤਦੋਂ ਇਹਨਾਂ ਦੇ ਵਤਨ ਅੱਪੜ ਕੇ ਇਹਨਾਂ ਦੀ ਸੰਤਾਨ ਜਾਂ ਸ਼ਰਧਾਲੂਆਂ ਪਾਸੋਂ ਇਹਨਾਂ ਦੀ ਬਾਣੀ ਲਿਆਏ ਸਨ। (ਨੋਟ:- ਉਹ ਸਾਰੇ ਲੇਖ 'ਦਰਪਣ' ਦੀ ਤੀਜੀ ਅਤੇ ਪੰਜਵੀਂ ਪੋਥੀ ਵਿਚ ਛਪ ਚੁਕੇ ਹਨ) ।

ਜਦੋਂ ਅਸੀਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਭਗਤਾਂ ਦੀ ਬਾਣੀ ਗਹੁ ਨਾਲ ਪੜ੍ਹਦੇ ਹਾਂ ਤਾਂ ਇਹ ਗੱਲ ਬੜੀ ਪ੍ਰਤੱਖ ਦਿੱਸਦੀ ਹੈ ਕਿ ਸਤਿਗੁਰੂ ਜੀ ਦਾ ਤੇ ਭਗਤਾਂ ਦਾ ਆਸ਼ਾ ਬਿਲਕੁਲ ਇੱਕ ਸੀ। ਮੂਰਤੀ-ਪੂਜਾ, ਜਾਤਿ-ਅਭਿਮਾਨ = ਇਹ ਦੋ ਭਾਰੀਆਂ ਧਾਰਮਿਕ ਕੁਚਾਲਾਂ ਹਿੰਦੂ ਕੌਮ ਵਿਚ ਉਸ ਵੇਲੇ ਆਮ ਪ੍ਰਚਲਤ ਸਨ, ਚਾਰ-ਚੁਫੇਰੇ ਕਰਮ ਕਾਂਡ ਦਾ ਜਾਲ ਵਿਛਿਆ ਹੋਇਆ ਸੀ; ਹੱਕ ਦੀ ਕਮਾਈ ਅਤੇ ਸ਼ੁੱਧ ਆਚਰਨ ਨੂੰ ਧਾਰਮਿਕ ਜੀਵਨ ਵਿਚ ਕੋਈ ਥਾਂ ਨਹੀਂ ਦਿੱਤਾ ਜਾ ਰਿਹਾ ਸੀ, ਕ੍ਰੋੜਾਂ ਬੰਦਿਆਂ ਨੂੰ ਸ਼ੂਦਰ ਆਖ ਆਖ ਕੇ ਪੈਰਾਂ ਹੇਠ ਲਤਾੜਿਆ ਜਾ ਰਿਹਾ ਸੀ। ਇਹਨਾਂ ਸਾਰੀਆਂ ਕੁਰੀਤੀਆਂ ਦੇ ਵਿਰੁੱਧ ਗੁਰੂ ਨਾਨਕ ਸਾਹਿਬ ਨੇ ਬੜੇ ਜ਼ੋਰ ਨਾਲ ਆਵਾਜ਼ ਉਠਾਈ ਤੇ ਆਪਣੀ ਸਾਰੀ ਉਮਰ ਇਸੇ ਸੁਧਾਰ ਉਤੇ ਖ਼ਰਚ ਕੀਤੀ। ਭਗਤਾਂ ਦੀ ਬਾਣੀ ਪੜ੍ਹ ਕੇ ਵੇਖੋ, ਉਸ ਵਿਚੋਂ ਭੀ ਇਹੀ ਦਿੱਸ ਰਿਹਾ ਹੈ ਕਿ ਉਹ ਸਾਰੇ ਮਹਾ ਪੁਰਖ ਭੀ ਸਾਰੀ ਉਮਰ ਇਹੀ ਕੰਮ ਕਰਦੇ ਰਹੇ। ਜਿਵੇਂ ਉੱਚ-ਜਾਤੀ ਵਾਲਿਆਂ ਵਲੋਂ ਗੁਰੂ ਨਾਨਕ ਸਾਹਿਬ ਦੇ ਰਾਹ ਵਿਚ ਕਈ ਰੋਕਾਂ ਪਾਈਆਂ ਗਈਆਂ, ਤਿਵੇਂ ਹੀ ਇਹਨਾਂ ਭਗਤਾਂ ਨਾਲ ਭੀ ਸਲੂਕ ਹੁੰਦਾ ਰਿਹਾ, ਪਰ ਇਹ ਨਿਡਰ ਰਹਿ ਕੇ ਆਪਣਾ ਇਹ ਸੁਧਾਰ ਦਾ ਕੰਮ ਪੂਰੇ ਜ਼ੋਰ ਨਾਲ ਕਰਦੇ ਰਹੇ। ਇਹ ਕੁਦਰਤੀ ਗੱਲ ਸੀ ਕਿ ਸਤਿਗੁਰੂ ਨਾਨਕ ਦੇਵ ਜੀ ਇਹਨਾਂ ਮਹਾਂ ਪੁਰਖਾਂ ਦੇ ਉੱਦਮ ਦੀ ਸ਼ਲਾਘਾ ਕਰਨ ਤੇ ਇਹਨਾਂ ਦੀ ਬਾਣੀ ਸਤਿਗੁਰੂ ਜੀ ਨੂੰ ਪਿਆਰੀ ਲਗੇ। ਸੋ, 'ਉਦਾਸੀਆਂ' ਸਮੇ ਜਿਸ ਜਿਸ ਭਗਤ ਦੀ ਜਨਮ-ਭੁਇਂ ਤੇ ਗਏ, ਉਹਨਾਂ ਪਾਸੋਂ ਜਾਂ ਉਹਨਾਂ ਦੇ ਸ਼ਰਧਾਲੂਆਂ ਪਾਸੋਂ ਉਹਨਾਂ ਦੀ ਬਾਣੀ ਲਿਖ ਕੇ ਆਪਣੇ ਪਾਸ ਆਪਣੀ ਲਿਖੀ ਬਾਣੀ ਦੇ ਨਾਲ ਸਾਂਭਦੇ ਗਏ। ਜਦੋਂ ਸਤਿਗੁਰੂ ਜੀ ਨੇ ਆਪਣੀ ਬਾਣੀ ਗੁਰੂ ਅੰਗਦ ਸਾਹਿਬ ਦੇ ਸਪੁਰਦ ਕੀਤੀ, ਉਸ ਵੇਲੇ ਭਗਤਾਂ ਦੀ ਬਾਣੀ ਭੀ ਨਾਲ ਹੀ ਦੇ ਦਿੱਤੀ। ਤੇ, ਗੁਰੂ ਅੰਗਦ ਸਾਹਿਬ ਤੋਂ ਇਹ ਸਾਰੀ ਬਾਣੀ ਗੁਰੂ ਅਮਰਦਾਸ ਜੀ ਨੂੰ ਮਿਲੀ। ਕਬੀਰ ਜੀ ਦੇ ਇਹਨਾਂ ਸ਼ਲੋਕਾਂ ਵਿਚੋਂ ਇਹ ਸਬੂਤ ਸਾਫ਼ ਮਿਲਦੇ ਹਨ ਕਿ ਇਹ ਸ਼ਲੋਕ ਗੁਰੂ ਅਮਰਦਾਸ ਜੀ ਪਾਸ ਮੌਜੂਦ ਸਨ।

ਸ਼ਲੋਕ ਨੰ: 28 ਅਤੇ 29 ਵਿਚ ਕਬੀਰ ਜੀ ਲਿਖਦੇ ਹਨ:

ਕਬੀਰ ਇਹੁ ਤਨੁ ਜਾਇਗਾ, ਕਵਨੈ ਮਾਰਗਿ ਲਾਇ ॥ ਕੈ ਸੰਗਤਿ ਕਰਿ ਸਾਧ ਕੀ, ਕੈ ਹਰਿ ਕੇ ਗੁਨ ਗਾਇ ॥28॥ ਕਬੀਰ ਮਰਤਾ ਮਰਤਾ ਜਗੁ ਮੂਆ, ਮਰਿ ਭੀ ਨ ਜਾਨਿਆ ਕੋਇ ॥ ਐਸੇ ਮਰਨੇ ਜੋ ਮਰੈ, ਬਹੁਰਿ ਨ ਮਰਨਾ ਹੋਇ ॥29॥

ਤੁਕ 'ਐਸੇ ਮਰਨੇ' ਜੋ ਮਰੈ' ਦੀ ਰਾਹੀਂ ਕਬੀਰ ਜੀ ਨੇ ਸਾਫ਼ ਲਫ਼ਜ਼ਾਂ ਵਿਚ ਇਹ ਨਹੀਂ ਦੱਸਿਆ ਕਿ ਉਹ 'ਐਸੇ ਮਰਨੇ' ਤੋਂ ਕੀਹ ਭਾਵ ਲੈਂਦੇ ਹਨ। ਉਂਞ ਸ਼ਲੋਕ ਨੰ: 28 ਵਿਚ ਉਹ ਦੱਸ ਆਏ ਹਨ ਕਿ ਇਸ ਨਾਸਵੰਤ ਸਰੀਰ ਨੂੰ ਸਫਲ ਕਰਨ ਲਈ "ਸੰਗਤਿ ਕਰਿ ਸਾਧ ਕੀ, ਹਰਿ ਕੇ ਗੁਨ ਗਾਇ"। ਲਫ਼ਜ਼ 'ਐਸੇ' ਦੱਸਦਾ ਹੈ ਕਿ ਇਸ ਦਾ ਜ਼ਿਕਰ ਪਹਿਲੇ ਸ਼ਲੋਕ ਨੰ: 28 ਵਿਚ ਕੀਤਾ ਜਾ ਚੁਕਾ ਹੈ। ਜਦੋਂ ਮਨੁੱਖ ਨਿਰੀ 'ਦੁਨੀਆ' ਦੀ ਖ਼ਾਤਰ ਭਟਕਦਾ ਹੈ, ਤਾਂ ਇਸ ਮਾਇਆ ਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਬਣਾ ਲੈਂਦਾ ਹੈ; ਫਿਰ ਹਰ ਵੇਲੇ ਇਹ ਸਹਿਮ ਭੀ ਟਿਕਿਆ ਰਹਿੰਦਾ ਹੈ ਕਿ ਕਿਤੇ ਇਹ ਰਾਸਿ-ਪੂੰਜੀ ਹੱਥੋਂ ਚਲੀ ਨਾ ਜਾਏ ਜਾਂ ਇਸ ਜੋੜੀ ਹੋਈ ਨੂੰ ਛੇਤੀ ਹੀ ਨਾ ਛੱਡਣਾ ਪੈ ਜਾਏ, ਛੇਤੀ ਹੀ ਮੌਤ ਦਾ ਨਗਾਰਾ ਨਾਹ ਆ ਵੱਜੇ। ਸੋ, ਨਿਰੀ 'ਦੁਨੀਆ' ਦਾ ਗਾਹਕ ਮਨੁੱਖ ਇਸ ਤਰ੍ਹਾਂ ਦਿਨ ਵਿਚ ਕਈ ਵਾਰੀ ਅਣ-ਆਈ ਮੌਤੇ ਹੀ ਪਿਆ ਮਰਦਾ ਹੈ ਸਹਿਮ ਨਾਲ ਹਰ ਵੇਲੇ ਇਸ ਦਾ ਸਾਹ ਸੁੱਕਾ ਰਹਿੰਦਾ ਹੈ। ਇਸ ਰੋਜ਼ਾਨਾ ਮੌਤ ਤੋਂ ਬਚਣ ਲਈ ਕਬੀਰ ਜੀ ਨੇ ਸ਼ਲੋਕ ਨੰ: 28 ਵਿਚ "ਮਾਰਗ" ਦੱਸਿਆ ਹੈ "ਸੰਗਤਿ ਕਰਿ ਸਾਧ ਕੀ, ਹਰਿ ਕੇ ਗੁਨ ਗਾਇ"। ਇਸੇ ਖ਼ਿਆਲ ਨੂੰ ਸ਼ਲੋਕ ਨੰ: 29 ਵਿਚ ਇਸ਼ਾਰੇ-ਮਾਤ੍ਰ ਆਖਦੇ ਹਨ, "ਐਸੇ ਮਰਨੇ ਜੋ ਮਰੈ"। ਇਹ ਸਾਰੀ ਖ਼ਿਆਲ-ਲੜੀ ਸ਼ਲੋਕ ਨੰ: 13 ਤੋਂ ਸ਼ੁਰੂ ਹੋਈ ਹੈ ਤੇ ਨੰ: 40 ਤੇ ਜਾ ਮੁਕਦੀ ਹੈ। ਪਰ ਜੋ ਸੱਜਣ ਸਾਰੇ ਸ਼ਲੋਕਾਂ ਨੂੰ ਵਿਕੋਲਿਤਰੇ ਸਮਝ ਰਹੇ ਹਨ ਉਹ "ਐਸੇ ਮਰਨੇ" ਦਾ ਅਰਥ ਆਪਣੇ ਹੀ ਅੰਦਾਜ਼ੇ ਲਾ ਕੇ ਕਰਨਗੇ।

ਇਸ "ਐਸੇ ਮਰਨੇ ਜੋ ਮਰੈ" ਨੂੰ ਗੁਰੂ ਅਮਰਦਾਸ ਜੀ ਨੇ ਸਾਫ਼ ਲਫ਼ਜ਼ਾਂ ਵਿਚ ਸਮਝਾ ਦਿੱਤਾ ਹੈ। ਬਿਹਾਗੜੇ ਕੀ ਵਾਰ ਦੀ ਪਉੜੀ ਨੰ: 17 ਦੇ ਨਾਲ ਕਬੀਰ ਜੀ ਦਾ ਇਹ ਸ਼ਲੋਕ ਨੰ: 29 ਅਤੇ ਗੁਰੂ ਅਮਰਦਾਸ ਜੀ ਦਾ ਸ਼ਲੋਕ ਇਉਂ ਹਨ:

ਸਲੋਕ ॥ ਕਬੀਰ ਮਰਤਾ ਮਰਤਾ ਜਗੁ ਮੂਆ, ਮਰਿ ਭਿ ਨ ਜਾਨੈ ਕੋਇ ॥ ਐਸੀ ਮਰਨੀ ਜੋ ਮਰੈ, ਬਹੁਰਿ ਨ ਮਰਨਾ ਹੋਇ ॥1॥

ਕਬੀਰ ਜੀ ਦੇ ਇਸ "ਐਸੀ ਮਰਨੀ ਜੋ ਮਰੈ" ਦੇ ਭਾਵ ਨੂੰ ਸਮਝਾਣ ਲਈ ਗੁਰੂ ਅਮਰਦਾਸ ਜੀ ਲਿਖਦੇ ਹਨ।

ਮ: 3 ॥ ਕਿਆ ਜਾਣਾ ਕਿਵ ਮਰਹਿਗੇ, ਕੈਸਾ ਮਰਨਾ ਹੋਇ ॥ ਜੇਕਰਿ ਸਾਹਿਬੁ ਮਨਹੁ ਨ ਵੀਸਰੈ, ਤਾ ਸਹਲਾ ਮਰਣਾ ਹੋਇ ॥ ਮਰਣੈ ਤੇ ਜਗਤੁ ਡਰੈ, ਜੀਵਿਆ ਲੋੜੈ ਸਭੁ ਕੋਇ ॥ ਗੁਰ ਪਰਸਾਦੀ ਜੀਵਤੁ ਮਰੈ, ਹੁਕਮੈ ਬੂਝੈ ਸੋਇ ॥ ਨਾਨਕ ਐਸੀ ਮਰਨੀ ਜੋ ਮਰੈ, ਤਾ ਸਦ ਜੀਵਣੁ ਹੋਇ ॥2॥17॥

ਪਰਮਾਤਮਾ ਨੂੰ ਮਨੋਂ ਨਾਹ ਵਿਸਾਰਨਾ ਤੇ ਉਸ ਦੀ ਰਜ਼ਾ ਨੂੰ ਸਮਝਣਾ = ਇਹ ਹੈ ਕਬੀਰ ਜੀ ਦੇ ਗੂਝ ਭਾਵ ਦੀ ਵਿਆਖਿਆ ਜੋ ਸਤਿਗੁਰੂ ਅਮਰਦਾਸ ਜੀ ਨੇ ਕੀਤੀ ਹੈ। ਅਖ਼ੀਰ ਤੇ ਹਜ਼ੂਰ ਨੇ ਕਬੀਰ ਜੀ ਦੇ ਲਫ਼ਜ਼ਾਂ ਨੂੰ ਦੁਹਰਾ ਕੇ ਕਹਿ ਭੀ ਦਿੱਤਾ ਹੈ।

"ਨਾਨਕ ਐਸੀ ਮਰਨੀ ਜੋ ਮਰੈ, ਤਾ ਸਦ ਜੀਵਣੁ ਹੋਇ। "

ਕਬੀਰ ਜੀ ਲਿਖਦੇ ਹਨ, "ਐਸੀ ਮਰਨੀ ਜੋ ਮਰੈ"; ਸਤਿਗੁਰੂ ਜੀ ਲਿਖਦੇ ਹਨ "ਨਾਨਕ ਐਸੀ ਮਰਨੀ ਜੋ ਮਰੈ"। ਕਬੀਰ ਜੀ ਲਿਖਦੇ ਹਨ "ਬਹੁਰਿ ਨ ਮਰਨਾ ਹੋਇ"; ਸਤਿਗੁਰੂ ਜੀ ਇਸੇ ਖ਼ਿਆਲ ਨੂੰ ਹੋਰ ਲਫ਼ਜ਼ਾਂ ਵਿਚ ਵਟਾ ਕੇ ਲਿਖਦੇ ਹਨ "ਤਾ ਸਦ ਜੀਵਣੁ ਹੋਇ"।

ਖ਼ਿਆਲ ਤੇ ਲਫ਼ਜ਼ਾਂ ਦੀ ਇਹ ਸਾਂਝ ਸਬੱਬ ਨਾਲ ਨਹੀਂ ਹੋ ਗਈ। ਸਤਿਗੁਰੂ ਅਮਰਦਾਸ ਜੀ ਦੇ ਪਾਸ ਕਬੀਰ ਜੀ ਦਾ ਇਹ ਸ਼ਲੋਕ ਹੂ-ਬ-ਹੂ ਮੌਜੂਦ ਸੀ। ਕਬੀਰ ਜੀ ਨੇ ਖ਼ਿਆਲ ਨੂੰ ਗੂਝ ਜਿਹਾ ਰੱਖਿਆ ਸੀ, ਗੁਰੂ ਅਮਰਦਾਸ ਜੀ ਨੇ ਉਸ ਨੂੰ ਖੁਲ੍ਹੇ ਲਫ਼ਜ਼ਾਂ ਵਿਚ ਸਪਸ਼ਟ ਕਰ ਦਿੱਤਾ।

(2) ਕਬੀਰ ਮੁਕਤਿ ਦੁਆਰਾ ਸੰਕੁਰਾ, ਰਾਈ ਦਸਏਂ ਭਾਇ ॥ ਮਨੁ ਤਉ ਮੈਗਲੁ ਹੋਇ ਰਹਿਓ, ਨਿਕਸੋ ਕਿਉ ਕੈ ਜਾਇ ॥58॥

ਕਬੀਰ ਐਸਾ ਸਤਿਗੁਰੁ ਜੇ ਮਿਲੈ ਤੁਠਾ ਕਰੇ ਪਸਾਉ ॥ ਮੁਕਤਿ ਦੁਆਰਾ ਮੋਕਲਾ ਸਹਜੇ ਆਵਉ ਜਾਉ ॥59॥

ਰਾਗ ਗੂਜਰੀ ਕੀ ਵਾਰ ਮ: 3 ਦੀ ਪਉੜੀ ਨੰ: 4 ਦੇ ਨਾਲ ਕਬੀਰ ਜੀ ਦੇ ਇਹ ਦੋਵੇਂ ਸ਼ਲੋਕ ਇਉਂ ਲਿਖੇ ਮਿਲਦੇ ਹਨ:

ਕਬੀਰ ਮੁਕਤਿ ਦੁਆਰਾ ਸੰਕੁੜਾ, ਰਾਈ ਦਸਵੈ ਭਾਇ ॥ ਮਨੁ ਤਉ ਮੈਗਲੁ ਹੋਇ ਰਹਾ, ਨਿਕਸਿਆ ਕਿਉਕਰਿ ਜਾਇ ॥ ਐਸਾ ਸਤਿਗੁਰੁ ਜੇ ਮਿਲੈ, ਤੁਠਾ ਕਰੇ ਪਸਾਉ ॥ ਮੁਕਤਿ ਦੁਆਰਾ ਮੋਕਲਾ, ਸਹਜੇ ਆਵਉ ਜਾਉ ॥1॥

ਇਸ ਸ਼ਲੋਕ ਦੇ ਨਾਲ ਗੁਰੂ ਅਮਰਦਾਸ ਜੀ ਦਾ ਹੇਠ-ਲਿਖਿਆ ਸ਼ਲੋਕ ਰਲਾ ਕੇ ਪੜ੍ਹੋ, ਜੋ ਉਸੇ ਹੀ ਪਉੜੀ ਦੇ ਨਾਲ ਦਰਜ ਹੈ:

ਨਾਨਕ ਮੁਕਤਿ ਦੁਆਰਾ ਅਤਿ ਨੀਕਾ, ਨਾਨ੍ਹਾ ਹੋਇ ਸੁ ਜਾਇ ॥ ਹਉਮੈ ਮਨੁ ਅਸਥੂਲੁ ਹੈ, ਕਿਉਕਰਿ ਵਿਚੁਦੇ ਜਾਇ ॥ ਸਤਿਗੁਰ ਮਿਲਿਐ ਹਉਮੈ ਗਈ, ਜੋਤਿ ਰਹੀ ਸਭ ਆਇ ॥ ਇਹ ਜੀਉ ਸਦਾ ਮੁਕਤੁ ਹੈ, ਸਹਜੇ ਰਹਿਆ ਸਮਾਇ ॥2॥

ਕਬੀਰ ਜੀ ਨੇ ਆਪਣੇ ਸ਼ਲੋਕਾਂ ਵਿਚ ਜੋ ਗੱਲਾਂ ਗੂਝ ਰੱਖੀਆਂ ਸਨ, ਗੁਰੂ ਅਮਰਦਾਸ ਜੀ ਨੇ ਉਹਨਾਂ ਦੀ ਵਿਆਖਿਆ ਕਰ ਦਿੱਤੀ ਹੈ। ਕਬੀਰ ਜੀ ਨੇ ਆਖਿਆ, "ਮਨੁ ਤਉ ਮੈਗਲੁ ਹੋਇ ਰਹਿਓ" ਲਫ਼ਜ਼ 'ਮੈਗਲੁ' ਦੀ ਵਿਆਖਿਆ ਵਿਚ ਗੁਰੂ ਅਮਰਦਾਸ ਨੇ ਲਿਖਿਆ ਹੈ "ਹਉਮੈ ਮਨੁ ਅਸਥੂਲੁ ਹੈ"। ਕਬੀਰ ਜੀ ਨੇ ਲਿਖਿਆ ਹੈ ਕਿ ਜੇ ਗੁਰੂ ਮਿਲ ਪਏ ਤਾਂ ਉਹ "ਤੁਠਾ ਕਰੇ ਪਸਾਉ", ਪਰ ਉਹ ਕੇਹੜੀ ਮੇਹਰ ਹੈ ਜੋ ਗੁਰੂ ਤ੍ਰੁੱਠ ਕਰਦਾ ਹੈ, ਇਹ ਗੱਲ ਗੁਰੂ ਅਮਰਦਾਸ ਜੀ ਨੇ ਦੱਸੀ ਹੈ ਕਿ "ਸਤਿਗੁਰੂ ਮਿਲਿਐ ਹਉਮੈ ਗਈ"।

ਹੁਣ ਕਬੀਰ ਜੀ ਅਤੇ ਗੁਰੂ ਅਮਰਦਾਸ ਜੀ ਦੇ ਸ਼ਲੋਕਾਂ ਦੇ ਲਫ਼ਜ਼ਾਂ ਨੂੰ ਗਹੁ ਨਾਲ ਵੇਖੋ, ਕਈ ਲਫ਼ਜ਼ ਸਾਂਝੇ ਹਨ। ਸੋ, ਇਥੋਂ ਇੱਕ ਗੱਲ ਸਾਫ਼ ਪ੍ਰਤੱਖ ਹੈ, ਕਿ ਜਦੋਂ ਗੁਰੂ ਅਮਰਦਾਸ ਜੀ ਨੇ ਇਹ ਸ਼ਲੋਕ ਲਿਖਿਆ ਸੀ, ਕਬੀਰ ਜੀ ਦੇ ਇਹ ਦੋਵੇਂ ਸ਼ਲੋਕ ਨੰ: 58 ਅਤੇ 59 ਉਹਨਾਂ ਪਾਸ ਮੌਜੂਦ ਸਨ।

(3) ਕਬੀਰ ਮਹਿਦੀ ਕਰਿ ਘਾਲਿਆ, ਆਪੁ ਪੀਸਾਇ ਪੀਸਾਇ ॥ ਤੈ ਸਹ ਬਾਤ ਨ ਪੂਛੀਐ, ਕਬਹੁ ਨ ਲਾਈ ਪਾਇ ॥65॥

ਸ਼ਲੋਕ ਨੰ: 41 ਤੋਂ ਨਵੀਂ ਖ਼ਿਆਲ ਲੜੀ ਚੱਲਦੀ ਹੈ ਜੋ ਨੰ: 70 ਤੇ ਜਾ ਮੁੱਕਦੀ ਹੈ। ਇਸ ਸਾਰੀ ਲੜੀ ਨੂੰ ਗਹੁ ਨਾਲ ਰਲਾ ਕੇ ਪੜ੍ਹ ਵੇਖੋ। ਨੰ: 60 ਅਤੇ 61 ਤਕ ਕਬੀਰ ਜੀ ਆਖਦੇ ਆ ਰਹੇ ਹਨ ਕਿ ਤੀਰਥ-ਇਸ਼ਨਾਨ ਅਤੇ ਉੱਚੀ ਜਾਤਿ ਕੁਲ ਦਾ ਆਸਰਾ ਮਨੁੱਖ ਨੂੰ ਪਰਮਾਤਮਾ ਦਾ ਸਿਮਰਨ ਕਰਨ ਤੋਂ ਰੋਕਦੇ ਹਨ, ਸਗੋਂ ਇਹ "ਲਾਖ ਅਹੇਰੀ" ਅਤੇ "ਪਾਂਚਿਉ ਲਰਿਕਾ" ਦੇ ਜਾਲ ਵਿਚ ਫਸਾ ਦੇਂਦੇ ਹਨ। ਇਸੇ ਤਰ੍ਹਾਂ ਜਾਇਦਾਦ ਦੀ ਮਲਕੀਅਤ ਤੇ ਮਾਇਆ ਦੀ ਮਮਤਾ ਭੀ ਪ੍ਰਭੂ-ਚਰਨਾਂ ਵਿਚ ਜੁੜਨ ਨਹੀਂ ਦੇਂਦੀ। ਤਾਂ ਤੇ ਜ਼ਿੰਦਗੀ ਦੀ ਸਾਰੀ ਦੌੜ-ਭੱਜ ਮੱਲਾਂ ਮੱਲਣ ਵਾਸਤੇ ਹੀ ਨਹੀਂ ਚਾਹੀਦੀ। ਪਰ, ਦੂਜੇ ਪਾਸੇ, ਦੁਨੀਆ ਛੱਡ ਕੇ ਧੂਣੀਆਂ ਤਪਾਇਆਂ ਪੁੱਠੇ ਲਟਕਿਆਂ ਤੇ ਅਜੇਹੇ ਹੋਰ ਅਨੇਕਾਂ ਕਸ਼ਟ ਸਰੀਰ ਨੂੰ ਦਿੱਤਿਆਂ ਭੀ ਰੱਬ ਨਹੀਂ ਮਿਲਦਾ। ਦੁਨੀਆ ਦੀ ਕਿਰਤ-ਕਾਰ ਕਰਨੀ ਹੈ, ਤੇ ਹੱਕ ਦੀ ਕਿਰਤ ਕਰਦਿਆਂ ਉਸ ਦੇ ਦਰ ਤੋਂ ਨਾਮ ਦੀ ਦਾਤਿ ਭੀ ਮੰਗਣੀ ਹੈ। ਉਸ ਦੀ ਯਾਦ ਨਿਰੋਲ ਉਸ ਦੀ ਬਖ਼ਸ਼ਸ਼ ਹੈ। ਕਿਸੇ ਜਪ ਤਪ ਦਾ ਕੋਈ ਮਾਣ ਨਹੀਂ ਕੀਤਾ ਜਾ ਸਕਦਾ।

ਕਬੀਰ ਜੀ ਦੇ ਇਸ ਖ਼ਿਆਲ ਨੂੰ ਜੋ ਰਤਾ ਗੂਝ ਲਫ਼ਜ਼ਾਂ ਵਿਚ ਹੈ ਗੁਰੂ ਅਮਰਦਾਸ ਜੀ ਨੇ ਸਾਫ਼ ਲਫ਼ਜ਼ਾਂ ਵਿਚ ਬਿਆਨ ਕੀਤਾ ਹੈ। ਰਾਮਕਲੀ ਕੀ ਵਾਰ ਮ: 3 ਦੀ ਪਉੜੀ ਨੰ: 2 ਦੇ ਨਾਲ ਪਹਿਲਾਂ ਕਬੀਰ ਜੀ ਦਾ ਉਪਰ-ਲਿਖਿਆ ਸ਼ਲੋਕ ਹੈ, ਫਿਰ,

ਮ: 3 ॥ ਨਾਨਕ ਮਹਿਦੀ ਕਰਿ ਕੈ ਰਖਿਆ, ਸੋ ਸਹੁ ਨਦਰਿ ਕਰੇਇ ॥ ਆਪੇ ਪੀਸੈ ਆਪੇ ਘਸੈ, ਆਪੇ ਹੀ ਲਾਇ ਲਏਇ ॥ ਇਹ ਪਿਰਮ ਪਿਆਲਾ ਖਸਮ ਕਾ, ਜੈ ਭਾਵੈ ਤੈ ਦੇਇ ॥2॥2॥

ਦੋਹਾਂ ਸ਼ਲੋਕਾਂ ਦੇ ਸਾਂਝੇ ਲਫ਼ਜ਼ ਸਾਫ਼ ਦੱਸ ਰਹੇ ਹਨ ਕਿ ਇਹ ਸ਼ਲੋਕ ਲਿਖਣ ਵੇਲੇ ਗੁਰੂ ਅਮਰਦਾਸ ਜੀ ਦੇ ਪਾਸ ਕਬੀਰ ਜੀ ਦਾ ਸ਼ਲੋਕ ਮੌਜੂਦ ਸੀ।

(4) ਕਬੀਰ ਜੋ ਮੈ ਚਿਤਵਉ ਨਾ ਕਰੈ, ਕਿਆ ਮੇਰੇ ਚਿਤਵੇ ਹੋਇ ॥ ਅਪਨਾ ਚਿਤਵਿਆ ਹਰਿ ਕਰੇ, ਜੋ ਮੇਰੇ ਚਿਤਿ ਨ ਹੋਇ ॥219॥

ਇਸ ਦੇ ਨਾਲ ਗੁਰੂ ਅਮਰਦਾਸ ਜੀ ਦਾ ਹੇਠ-ਲਿਖਿਆ ਸ਼ਲੋਕ ਨੰ: 220 ਹੈ:

ਮ: 3 ॥ ਚਿੰਤਾ ਭਿ ਆਪਿ ਕਰਾਇਸੀ, ਅਚਿੰਤੁ ਭਿ ਆਪੇ ਦੇਇ ॥ ਨਾਨਕ ਸੋ ਸਾਲਾਹੀਐ, ਜਿ ਸਭਨਾ ਸਾਰ ਕਰੇਇ ॥220॥

ਦੋਹਾਂ ਸ਼ਲੋਕਾਂ ਨੂੰ ਰਲਾ ਕੇ ਪੜ੍ਹਿਆਂ ਸਾਫ਼ ਦਿੱਸਦਾ ਹੈ ਕਿ ਗੁਰੂ ਅਮਰਦਾਸ ਜੀ ਨੇ ਕਬੀਰ ਜੀ ਦੇ ਸ਼ਲੋਕ ਨੰ: 219 ਦੇ ਸੰਬੰਧ ਵਿਚ ਇਹ ਸ਼ਲੋਕ ਉਚਾਰਿਆ ਸੀ।

ਲੇਖ-ਲੜੀ ਦੀ ਦੂਜੀ ਪੁਸਤਕ "ਕੁਝ ਹੋਰ ਧਾਰਮਿਕ ਲੇਖ" (ਗੁਰਬਾਣੀ ਤੇ ਇਤਿਹਾਸ ਬਾਰੇ) ਵਿਚ ਅਸੀਂ ਵੇਖ ਆਏ ਹਾਂ ਕਿ ਗੁਰੂ ਅਮਰਦਾਸ ਜੀ ਨੂੰ ਸਾਰੀ ਬਾਣੀ ਗੁਰੂ ਅੰਗਦ ਸਾਹਿਬ ਪਾਸੋਂ ਮਿਲੀ ਸੀ। (ਵੇਖੋ 'ਦਰਪਣ' ਤੀਜੀ ਪੋਥੀ ਦੇ ਅਖ਼ੀਰਲੇ ਲੇਖ) । ਇਹ ਨਹੀਂ ਹੋ ਸਕਦਾ ਕਿ ਉਹਨਾਂ ਨੂੰ ਸਿਰਫ਼ ਇਹ ਚਾਰੇ ਸ਼ਲੋਕ ਮਿਲੇ ਸਨ; ਇਹ ਸਾਰੇ ਸ਼ਲੋਕ ਇਕੋ ਹੀ ਖ਼ਿਆਲ ਲੜੀ ਵਿਚ ਪ੍ਰੋਤੇ ਹੋਏ ਹਨ, ਤੇ ਇਹ ਸਾਰਾ ਸੰਗ੍ਰਹ ਇਕੱਠਾ ਹੀ ਸੀ ਜੋ ਸਾਰੇ ਦਾ ਸਾਰਾ ਗੁਰੂ ਨਾਨਕ ਸਾਹਿਬ ਪਾਸ ਸੀ, ਤੇ ਉਹਨਾਂ ਤੋਂ ਗੁਰੂ ਅੰਗਦ ਸਾਹਿਬ ਨੂੰ ਤੇ ਫਿਰ ਗੁਰੂ ਅਮਰਦਾਸ ਜੀ ਨੂੰ ਮਿਲਿਆ ਸੀ।

___________________________

TOP OF PAGE

Sri Guru Granth Darpan, by Professor Sahib Singh