ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1369 ਕਬੀਰ ਮਨੁ ਪੰਖੀ ਭਇਓ ਉਡਿ ਉਡਿ ਦਹ ਦਿਸ ਜਾਇ ॥ ਜੋ ਜੈਸੀ ਸੰਗਤਿ ਮਿਲੈ ਸੋ ਤੈਸੋ ਫਲੁ ਖਾਇ ॥੮੬॥ {ਪੰਨਾ 1369} ਪਦ ਅਰਥ: ਦਹ ਦਿਸ = ਦਸੀਂ ਪਾਸੀਂ, ਹਰ ਪਾਸੇ, ਅਨੇਕਾਂ ਮਾਇਕ ਪਦਾਰਥਾਂ ਵਲ। ਉਡਿ ਉਡਿ = ਮੁੜ ਮੁੜ ਉੱਡ ਕੇ, ਮੁੜ ਮੁੜ ਭਟਕ ਕੇ। ਅਰਥ: (ਹੇ ਕਬੀਰ! ਇਹ ਜਾਣਦਿਆਂ ਭੀ ਕਿ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਕਾਰਾਂ ਨੂੰ ਸਾੜ ਕੇ ਪ੍ਰਭੂ-ਚਰਨਾਂ ਵਿਚ ਜੋੜਦੀ ਹੈ) ਮਨੁੱਖ ਦਾ ਮਨ ਪੰਛੀ ਬਣ ਜਾਂਦਾ ਹੈ ਇਕ ਪ੍ਰਭੂ ਦਾ ਆਸਰਾ ਛੱਡ ਕੇ) ਭਟਕ ਭਟਕ ਕੇ (ਮਾਇਕ ਪਦਾਰਥਾਂ ਦੇ ਪਿੱਛੇ) ਦਸੀਂ ਪਾਸੀਂ ਦੌੜਦਾ ਹੈ (ਤੇ ਇਹ ਕੁਦਰਤਿ ਦਾ ਨਿਯਮ ਹੀ ਹੈ ਕਿ) ਜੋ ਮਨੁੱਖ ਜਿਹੋ ਜਿਹੀ ਸੰਗਤਿ ਵਿਚ ਬੈਠਦਾ ਹੈ ਉਹੋ ਜਿਹਾ ਉਸ ਨੂੰ ਫਲ ਮਿਲਦਾ ਹੈ ।86। ਕਬੀਰ ਜਾ ਕਉ ਖੋਜਤੇ ਪਾਇਓ ਸੋਈ ਠਉਰੁ ॥ ਸੋਈ ਫਿਰਿ ਕੈ ਤੂ ਭਇਆ ਜਾ ਕਉ ਕਹਤਾ ਅਉਰੁ ॥੮੭॥ {ਪੰਨਾ 1369} ਪਦ ਅਰਥ: ਠਉਰੁ = ਥਾਂ। ਫਿਰਿ ਕੈ = ਪਲਟ ਕੇ, ਤਬਦੀਲ ਹੋ ਕੇ। ਜਾ ਕਉ = ਜਿਸ (ਥਾਂ) ਨੂੰ। ਅਰਥ: ਹੇ ਕਬੀਰ! (ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤਿਆਂ, ਪ੍ਰਭੂ ਦੇ ਗੁਣ ਗਾਂਵਿਆਂ, ਗੁਣਾਂ ਦਾ ਅੰਤ ਤਾਂ ਨਹੀਂ ਪੈ ਸਕਦਾ; ਪਰ ਸਿਫ਼ਤਿ-ਸਾਲਾਹ ਦੀ ਸਹੈਤਾ ਨਾਲ) ਮੈਂ (ਪ੍ਰਭੂ ਦੇ ਚਰਨ-ਰੂਪ) ਜੇਹੜੀ ਥਾਂ ਭਾਲ ਰਿਹਾ ਸਾਂ, ਉਹੀ ਥਾਂ ਮੈਨੂੰ ਲੱਭ ਪਈ ਹੈ। ਹੇ ਕਬੀਰ! ਜਿਸ (ਪ੍ਰਭੂ) ਨੂੰ ਤੂੰ ਪਹਿਲਾਂ 'ਕੋਈ ਹੋਰ' ਆਖਦਾ ਸੈਂ (ਜਿਸ ਨੂੰ ਤੂੰ ਪਹਿਲਾਂ ਆਪਣੇ ਨਾਲੋਂ ਵੱਖਰਾ ਸਮਝਦਾ ਸੈਂ) ਤੂੰ (ਸਿਫ਼ਤਿ ਸਾਲਾਹ ਦੀ ਬਰਕਤਿ ਨਾਲ) ਬਦਲ ਕੇ ਉਸੇ ਦਾ ਹੀ ਰੂਪ ਬਣ ਗਿਆ ਹੈਂ, (ਉਸੇ ਵਿਚ ਲੀਨ ਹੋ ਗਿਆ ਹੈਂ, ਉਸੇ ਨਾਲ ਇਕ-ਮਿਕ ਹੋ ਗਿਆ ਹੈਂ) ।87। ਕਬੀਰ ਮਾਰੀ ਮਰਉ ਕੁਸੰਗ ਕੀ ਕੇਲੇ ਨਿਕਟਿ ਜੁ ਬੇਰਿ ॥ ਉਹ ਝੂਲੈ ਉਹ ਚੀਰੀਐ ਸਾਕਤ ਸੰਗੁ ਨ ਹੇਰਿ ॥੮੮॥ {ਪੰਨਾ 1369} ਪਦ ਅਰਥ: ਮਰਉ = ਮੈਂ ਮਰ ਜਾਵਾਂਗੀ, ਮੇਰੀ ਜਿੰਦ ਆਤਮਕ ਮੌਤ ਮਰ ਜਾਇਗੀ। ਕੁਸੰਗ ਕੀ ਮਾਰੀ = ਭੈੜੀ ਸੁਹਬਤਿ ਦੀ ਮਾਰ ਨਾਲ, ਭੈੜੀ ਸੁਹਬਤਿ ਵਿਚ ਬੈਠਿਆਂ, ਵਿਕਾਰਾਂ ਦੇ ਅਸਰ ਹੇਠ ਆ ਕੇ। ਨਿਕਟਿ = ਨੇੜੇ। ਜੁ = ਜਿਉਂ, ਜਿਵੇਂ। ਬੇਰਿ = ਬੇਰੀ। ਉਹ ਝੂਲੈ = ਬੇਰੀ ਹਵਾ ਨਾਲ ਹੁਲਾਰੇ ਲੈਂਦੀ ਹੈ, ਝੂਮਦੀ ਹੈ। ਉਹ ਚੀਰੀਐ = ਉਹ ਕੇਲਾ ਚੀਰੀਦਾ ਹੈ। ਨ ਹੇਰਿ = ਨਾਹ ਵੇਖ, ਨਾਹ ਤੱਕ। ਸਾਕਤ = ਰੱਬ ਨਾਲੋਂ ਟੁੱਟਾ ਹੋਇਆ ਬੰਦਾ, ਉਹ ਮਨੁੱਖ ਜੋ ਪਰਮਾਤਮਾ ਦੀ ਯਾਦ ਭੁਲਾ ਬੈਠਾ ਹੈ। ਅਰਥ: ਹੇ ਕਬੀਰ! (ਜੇ ਤੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਛੱਡ ਦਿੱਤੀ, ਤਾਂ ਸੁਤੇ ਹੀ ਉਹਨਾਂ ਦਾ ਸਾਥ ਕਰੇਂਗਾ ਜੋ ਪ੍ਰਭੂ ਨਾਲੋਂ ਟੁੱਟੇ ਹੋਏ ਹਨ; ਪਰ ਵੇਖ) ਰੱਬ ਨਾਲੋਂ ਟੁੱਟੇ ਬੰਦਿਆਂ ਦਾ ਸਾਥ ਕਦੇ ਭੀ ਨਾਹ ਕਰੀਂ। ਕੇਲੇ ਦੇ ਨੇੜੇ ਬੇਰੀ ਉੱਗੀ ਹੋਈ ਹੋਵੇ, ਬੇਰੀ ਹਵਾ ਨਾਲ ਹੁਲਾਰੇ ਲੈਂਦੀ ਹੈ, ਕੇਲਾ (ਉਸ ਦੇ ਕੰਡਿਆਂ ਨਾਲ) ਚੀਰੀਦਾ ਹੈ; ਤਿਵੇਂ (ਹੇ ਕਬੀਰ!) ਭੈੜੀ ਸੁਹਬਤਿ ਵਿਚ ਬੈਠਿਆਂ ਵਿਕਾਰਾਂ ਦੇ ਅਸਰ ਹੇਠ ਤੇਰੀ ਜਿੰਦ ਆਤਮਕ ਮੌਤੇ ਮਰ ਜਾਇਗੀ ।88। ਨੋਟ: ਪ੍ਰਭੂ ਦੇ ਗੁਣ ਗਾਂਵਿਆਂ ਗੁਣਾਂ ਦਾ ਅੰਤ ਤਾਂ ਨਹੀਂ ਪੈਂਦਾ, ਪਰ ਇਸ ਦੀ ਬਰਕਤਿ ਨਾਲ ਕੁਸੰਗ ਤੋਂ ਬਚੇ ਰਹੀਦਾ ਹੈ ਤੇ ਜਿੰਦ ਆਤਮਕ ਮੌਤੇ ਮਰਨੋਂ ਬਚ ਜਾਂਦੀ ਹੈ। ਕਬੀਰ ਭਾਰ ਪਰਾਈ ਸਿਰਿ ਚਰੈ ਚਲਿਓ ਚਾਹੈ ਬਾਟ ॥ ਅਪਨੇ ਭਾਰਹਿ ਨਾ ਡਰੈ ਆਗੈ ਅਉਘਟ ਘਾਟ ॥੮੯॥ {ਪੰਨਾ 1369} ਪਦ ਅਰਥ: ਭਾਰ ਪਰਾਈ = ਪਰਾਈ (ਨਿੰਦਿਆ) ਦਾ ਭਾਰ। ਸਿਰ ਚਰੈ = ਮਨੁੱਖ ਦੇ ਸਿਰ ਉੱਤੇ ਚੜ੍ਹਦਾ ਜਾਂਦਾ ਹੈ, 'ਕੁਸੰਗ' ਵਿਚ ਫਸੇ ਮਨੁੱਖ ਦੇ ਸਿਰ ਉੱਤੇ ਚੜ੍ਹਦਾ ਜਾਂਦਾ ਹੈ। ਬਾਟ = ਰਸਤਾ। ਚਲਿਓ ਚਾਹੈ ਬਾਟ = (ਭਾਰ ਚੜ੍ਹੀ ਜਾਂਦਾ ਹੈ, ਫਿਰ ਭੀ ਮਨੁੱਖ ਇਸ ਨਿੰਦਿਆ ਦੇ) ਰਾਹੇ ਹੀ ਤੁਰਨਾ ਪਸੰਦ ਕਰਦਾ ਹੈ। ਅਪਨੇ ਭਾਰਹਿ = ਆਪਣੇ (ਕੀਤੇ ਹੋਰ ਵਿਕਾਰਾਂ ਦੇ) ਭਾਰ ਤੋਂ। ਆਗੈ = ਮਨੁੱਖ ਦੇ ਸਾਹਮਣੇ। ਅਉਘਟ ਘਾਟ = ਔਖਾ ਰਸਤਾ। ਨੋਟ: ਜ਼ਿੰਦਗੀ ਦਾ ਸਫ਼ਰ, ਮਾਨੋ ਇਕ ਔਖੀ ਘਾਟੀ ਹੈ, ਚੜ੍ਹਾਈ ਦਾ ਪੈਂਡਾ ਹੈ, ਕਿਉਂਕਿ ਅਨੇਕਾਂ ਵਿਕਾਰ ਮਨੁੱਖ ਦੇ ਰਾਹ ਵਿਚ ਰੋਕਾਂ ਪਾਂਦੇ ਹਨ। ਜਦੋਂ ਮਨੁੱਖ ਪਰਮਾਤਮਾ ਦੀ ਯਾਦ ਭੁਲਾਂਦਾ ਹੈ ਤਾਂ ਅਵੇਸਲੇ-ਪਨ ਵਿਚ ਕੁਸੰਗ ਵਿਚ ਜਾ ਫਸਦਾ ਹੈ ਤਾਂ ਇਸ ਦੀ ਕੋਮਲ ਜਿੰਦ ਵਿਕਾਰਾਂ ਦੇ ਕੰਡਿਆਂ ਨਾਲ ਚੀਰੀ ਜਾਂਦੀ ਹੈ, ਕਈ ਵਿਕਾਰ-ਕੁਕਰਮ ਸਹੇੜ ਲੈਂਦਾ ਹੈ, ਕੁਕਰਮ ਕਰਨੋਂ ਰਤਾ ਨਹੀਂ ਝੱਕਦਾ। ਇਕ ਪਾਸੇ ਆਪਣੀ ਇਹ ਦੁਰ-ਦਸ਼ਾ ਦੂਜੇ ਪਾਸੇ ਹੋਰਨਾਂ ਦੀ ਨਿੰਦਾ ਕਰਨ ਦੀ ਭੀ ਵਾਦੀ ਪੈ ਜਾਂਦੀ ਹੈ, ਇਹ ਵਾਦੀ ਇਸ ਨੂੰ ਸਗੋਂ ਹੋਰ ਡੋਬਦੀ ਹੈ। ਬੱਸ! ਇਕ ਸਿਫ਼ਤਿ-ਸਾਲਾਹ ਤੋਂ ਖੁੰਝਿਆਂ ਇਹ ਮੰਦੀ ਹਾਲਤ ਬਣਦੀ ਹੈ। ਅਰਥ: ਹੇ ਕਬੀਰ! ਮਨੁੱਖ ਦੇ ਸਾਹਮਣੇ ਇਕ ਡਾਢਾ ਔਖਾ ਰਸਤਾ ਹੈ, ਪਰ (ਕੁਸੰਗ ਦੇ ਕਾਰਨ ਇਸ ਦੇ ਸਿਰ ਉਤੇ ਪਰਾਈ (ਨਿੰਦਿਆ) ਦਾ ਭਾਰ ਚੜ੍ਹਦਾ ਜਾਂਦਾ ਹੈ (ਭਾਰ ਭੀ ਚੜ੍ਹੀ ਜਾਂਦਾ ਹੈ, ਫਿਰ ਭੀ ਮਨੁੱਖ ਇਸ ਨਿੰਦਿਆ ਦੇ) ਰਾਹੇ ਹੀ ਤੁਰਨਾ ਪਸੰਦ ਕਰਦਾ ਹੈ; ਤੇ ਆਪਣੇ (ਕੀਤੇ ਹੋਰ ਮੰਦ-ਕਰਮਾਂ ਦੇ) ਭਾਰ ਦਾ ਤਾਂ ਇਸ ਨੂੰ ਚੇਤਾ ਹੀ ਨਹੀਂ ਆਉਂਦਾ ।89। ਨੋਟ: ਨਿੰਦਿਆ ਵਿਚ ਵੱਡੀ ਖ਼ਤਰੇ ਵਾਲੀ ਗੱਲ ਹੀ ਇਹ ਹੁੰਦੀ ਹੈ ਕਿ ਮਨੁੱਖ ਹੋਰਨਾਂ ਦੇ ਐਬ ਫੋਲਦਾ ਫੋਲਦਾ ਆਪਣੇ ਮੰਦ-ਜੀਵਨ ਵਲੋਂ ਅਵੇਸਲਾ ਹੀ ਹੋ ਜਾਂਦਾ ਹੈ। ਪ੍ਰਭੂ ਦੀ ਸਿਫ਼ਤਿ-ਸਾਲਾਹ ਇਸ ਖ਼ਤਰਨਾਕ ਰਸਤੇ ਤੋਂ ਬਚਾਂਦੀ ਹੈ। ਕਬੀਰ ਬਨ ਕੀ ਦਾਧੀ ਲਾਕਰੀ ਠਾਢੀ ਕਰੈ ਪੁਕਾਰ ॥ ਮਤਿ ਬਸਿ ਪਰਉ ਲੁਹਾਰ ਕੇ ਜਾਰੈ ਦੂਜੀ ਬਾਰ ॥੯੦॥ {ਪੰਨਾ 1369} ਨੋਟ: ਜੋ ਕੋਲਾ ਲੁਹਾਰ ਆਦਿਕ ਲੋਕ ਆਪਣੀਆਂ ਭੱਠੀਆਂ ਵਿਚ ਵਰਤਦੇ ਹਨ ਇਸ ਨੂੰ ਤਿਆਰ ਕਰਨ ਲਈ ਖ਼ਾਸ ਤਰੀਕਾ ਵਰਤਣਾ ਪੈਂਦਾ ਹੈ। ਕਿੱਕਰ ਆਦਿਕ ਲੱਕੜ ਦੇ ਮੋਛੇ ਖ਼ਾਸ ਤਰ੍ਹਾਂ ਦੀ ਬਣੀ ਹੋਈ ਭੱਠੀ ਵਿਚ ਮਿੱਟੀ ਦੇ ਹੇਠ ਨੱਪੇ ਜਾਂਦੇ ਹਨ, ਇਹਨਾਂ ਮੋਛਿਆਂ ਨੂੰ ਇਸ ਤਰ੍ਹਾਂ ਅੱਗ ਲਾਈ ਜਾਂਦੀ ਹੈ ਕਿ ਬਾਹਰੋਂ ਹਵਾ ਨਾਹ ਪਏ ਤੇ ਮਿੱਟੀ ਦੇ ਅੰਦਰ ਅੰਦਰ ਹੀ ਲੱਕੜਾਂ ਕੋਲਾ ਬਣ ਜਾਣ, ਪਰ ਇਹਨਾਂ ਦੀ ਗੈਸ ਕੋਲੇ ਦੇ ਵਿਚ ਹੀ ਟਿਕੀ ਰਹੇ। ਚੂੰਕਿ ਇਹ ਕੋਲਾ ਵਰਤਣ ਦੀ ਲੋੜ ਆਮ ਤੌਰ ਤੇ ਲੁਹਾਰਾਂ ਨੂੰ ਹੀ ਪੈਂਦੀ ਸੀ, ਸੋ ਇਸ ਕੋਲੇ ਨੂੰ ਤਿਆਰ ਭੀ ਲੁਹਾਰ ਹੀ ਕਰਿਆ ਕਰਦੇ ਸਨ। ਇਕ ਵਾਰੀ ਤਾਂ ਲੱਕੜ ਕੋਲਾ ਬਣਨ ਵੇਲੇ ਮਿੱਟੀ ਦੇ ਅੰਦਰ ਅੰਦਰ ਰਹਿ ਕੇ ਸੜਦੀ ਹੈ ਤੇ ਦੂਜੀ ਵਾਰੀ ਲੁਹਾਰ ਆਦਿਕ ਦੀ ਭੱਠੀ ਵਿਚ ਪੈ ਕੇ ਸੜਦੀ ਹੈ। ਇਹ ਲਫ਼ਜ਼ 'ਲੁਹਾਰ' ਬਾਬਾ ਫਰੀਦ ਜੀ ਨੇ ਭੀ ਵਰਤਿਆ ਹੈ, ਉਹਨਾਂ ਨੇ ਭੀ ਕੋਲੇ ਦੇ ਸੰਬੰਧ ਵਿਚ ਹੀ ਵਰਤਿਆ ਹੈ। ਲਿਖਦੇ ਹਨ: ਕੰਧਿ ਕੁਹਾੜਾ, ਸਿਰਿ ਘੜਾ, ਵਣਿ ਕੈਸਰੁ ਲੋਹਾਰੁ ॥ ਫਰੀਦਾ ਹਉ ਲੋੜੀ ਸਹੁ ਆਪਣਾ, ਤੂ ਲੋੜਹਿ ਅੰਗਿਆਰ ॥43॥ ਇਸ ਸ਼ਲੋਕ ਦਾ ਅਰਥ ਇਉਂ ਹੈ: ਮੋਢੇ ਉਤੇ ਕੁਹਾੜਾ ਤੇ ਸਿਰ ਉਤੇ ਘੜਾ (ਰੱਖੀ) ਲੁਹਾਰ ਜੰਗਲ ਵਿਚ ਬਾਦਸ਼ਾਹ (ਬਣਿਆ ਹੁੰਦਾ) ਹੈ (ਕਿਉਂਕਿ ਜਿਸ ਰੁੱਖ ਤੇ ਚਾਹੇ ਕੁਹਾੜਾ ਚਲਾ ਸਕਦਾ ਹੈ) ; ਇਸੇ ਤਰ੍ਹਾਂ ਮਨੁੱਖ, ਜਗਤ-ਜੰਗਲ ਦਾ ਸਰਦਾਰ ਹੈ) ਹੇ ਫਰੀਦ! ਮੈਂ ਤਾਂ (ਇਸ ਜਗਤ-ਜੰਗਲ ਵਿਚ) ਆਪਣੇ ਮਾਲਕ-ਪ੍ਰਭੂ ਨੂੰ ਲੱਭ ਰਿਹਾ ਹਾਂ, ਤੇ, ਤੂੰ (ਹੇ ਜੀਵ! ਲੁਹਾਰ ਵਾਂਗ) ਕੋਲੇ ਲੱਭ ਰਿਹਾ ਹੈਂ, (ਭਾਵ, 'ਵਿਸੁ ਗੰਦਲਾਂ'-ਰੂਪ ਕੋਲੇ ਲੱਭਦਾ ਹੈਂ) । ਕਬੀਰ ਜੀ ਅਤੇ ਫਰੀਦ ਜੀ ਦੇ ਇਹਨਾਂ ਦੋਹਾਂ ਸ਼ਲੋਕਾਂ ਵਿਚ ਲਫ਼ਜ਼ 'ਲੁਹਾਰ' ਦੀ ਸਾਂਝ ਬਹੁਤ ਸੁਆਦਲੀ ਹੈ, ਦੋਹਾਂ ਵਿਚ ਇਕੋ ਹੀ ਭਾਵ ਹੈ-ਉਹ ਮਨੁੱਖ ਜੋ ਕਿ ਸੀ ਤਾਂ ਇਸ ਧਰਤੀ ਦਾ ਸਰਦਾਰ, ਪਰ ਸਾਰੀ ਉਮਰ ਕੋਲੇ ਵਿਹਾਝਦਾ ਗੁਜ਼ਾਰ ਰਿਹਾ ਹੈ, ਸਾਰੀ ਉਮਰ ਵਿਕਾਰਾਂ ਵਿਚ ਗੰਵਾ ਰਿਹਾ ਹੈ, ਸਾਕਤ। ਪਦ ਅਰਥ: ਬਨ = ਜੰਗਲ। ਦਾਧੀ ਲਾਕਰੀ = ਸੜੀ ਹੋਈ ਲੱਕੜ, ਕੋਲਾ ਬਣ ਚੁੱਕੀ ਲੱਕੜ। ਠਾਢੀ = ਖਲੋਤੀ ਹੋਈ, (ਭਾਵ, ਸਾਫ਼ ਤੌਰ ਤੇ ਪ੍ਰਤੱਖ। ਮਤਿ = ਮਤਾਂ। ਬਸਿ = ਵੱਸ ਵਿਚ, ਸੁਹਬਤਿ ਵਿਚ। ਲੁਹਾਰ = ਉਹ ਮਨੁੱਖ ਜੋ ਸਾਰੀ ਉਮਰ ਕੋਲੇ-ਵਿਕਾਰ ਵਿਹਾਝਣ ਵਿਚ ਗੁਜ਼ਾਰ ਰਿਹਾ ਹੈ; ਸਾਕਤ, ਵਿਕਾਰੀ ਮਨੁੱਖ। ਅਰਥ: ਹੇ ਕਬੀਰ (ਜੇ ਤੂੰ ਧਿਆਨ ਨਾਲ ਸੁਣ ਕੇ ਸਮਝੇਂ ਤਾਂ) ਜੰਗਲ ਦੀ ਕੋਲਾ ਬਣੀ ਹੋਈ ਲੱਕੜੀ ਭੀ ਸਾਫ਼ ਤੌਰ ਤੇ ਪੁਕਾਰ ਕਰਦੀ (ਸੁਣੀਦੀ ਹੈ) ਕਿ ਮੈਂ ਕਿਤੇ ਲੁਹਾਰ ਦੇ ਵੱਸ ਨਾ ਪੈ ਜਾਵਾਂ, ਉਹ ਤਾਂ ਮੈਨੂੰ ਦੂਜੀ ਵਾਰੀ ਸਾੜੇਗਾ ।90। ਨੋਟ-ਸ਼ਲੋਕ 88, 89 ਅਤੇ 90 ਰਲਾ ਕੇ ਪੜ੍ਹੋ। ਪ੍ਰਭੂ ਦੀ ਸਿਫ਼ਤਿ-ਸਾਲਾਹ ਤੋਂ ਖੁੰਝਾ ਹੋਇਆ ਮਨੁੱਖ ਕੁਸੰਗ ਵਿਚ ਫਸਦਾ ਹੈ, ਸਹਜੇ ਸਹਜੇ ਉਸ ਦੀ ਕੋਮਲ ਜਿੰਦ ਵਿਕਾਰਾਂ ਵਿਚ ਸੜ ਦੇ ਕੋਲੇ ਹੋ ਜਾਂਦੀ ਹੈ, ਜੀਵਨ ਗੰਦਾ ਹੋ ਜਾਂਦਾ ਹੈ, ਉਹ ਹਰ ਵੇਲੇ ਖਿਝਦਾ ਤੇ ਸੜਦਾ ਹੈ। ਪਰ ਇਹ ਖਿਝ, ਇਹ ਸਾੜਾ, ਇਹ ਕਾਲਖ ਮੁੱਕਣ ਵਿਚ ਨਹੀਂ ਆਉਂਦੇ; ਸੜਿਆ ਹੋਇਆ ਮਨੁੱਖ ਕੁਸੰਗ ਵਿਚ ਬੈਠਾ ਹੋਰ ਸੜਦਾ ਹੈ ਹੋਰ ਖਿੱਝਦਾ ਹੈ, ਤੇ ਸੜਨ-ਖਿੱਝਣ ਦੀ ਇਹ ਇਕ ਲੰਬੀ ਕਹਾਣੀ ਬਣੀ ਰਹਿੰਦੀ ਹੈ ।90। ਕਬੀਰ ਏਕ ਮਰੰਤੇ ਦੁਇ ਮੂਏ ਦੋਇ ਮਰੰਤਹ ਚਾਰਿ ॥ ਚਾਰਿ ਮਰੰਤਹ ਛਹ ਮੂਏ ਚਾਰਿ ਪੁਰਖ ਦੁਇ ਨਾਰਿ ॥੯੧॥ {ਪੰਨਾ 1369} ਨੋਟ: ਇਸ ਸ਼ਲੋਕ ਵਿਚ ਕਿਸੇ ਛਿਆਂ ਦੇ ਮਰਨ ਦਾ ਜ਼ਿਕਰ ਹੈ। ਕੁਝ ਟੀਕਾਕਾਰ ਸੱਜਣਾਂ ਨੇ ਤਾਂ ਇਕ ਹਰਨੀ ਉਹਦੇ ਬੱਚਿਆਂ, ਸ਼ਿਕਾਰੀ ਤੇ ਉਸ ਦੀ ਵਹੁਟੀ ਦੇ ਮਰਨ ਦੀ ਕਹਾਣੀ ਘੜ ਲਈ ਹੈ; ਪਰ ਇਹ ਉੱਦਮ ਤਾਂ ਨਿਰੋਲ ਹਾਸੋ ਹੀਣਾ ਹੈ। ਜਿਨ੍ਹਾਂ ਨੂੰ ਕਹਾਣੀਆਂ ਘੜਨ ਦੀ ਵਾਦੀ ਪਈ, ਉਹ ਇੱਥੇ ਅੱਪੜ ਕੇ ਤਾਂ ਡਾਢੇ ਮੂੰਹ-ਭਾਰ ਪਏ ਜਾਪਦੇ ਹਨ। ਆਖ਼ਰ ਇਹਨਾਂ ਹਰਨੀ ਆਦਿਕਾਂ ਦੇ ਮਰਨ ਨਾਲ ਇਨਸਾਨੀ ਜੀਵਨ ਦਾ ਕੀਹ ਸੰਬੰਧ? ਅਸਾਨੂੰ ਆਪਣੇ ਮੌਜੂਦਾ ਜੀਵਨ-ਸਫ਼ਰ ਵਿਚ ਕੀਹ ਹਿਦਾਇਤ ਮਿਲੀ? ਇਹ ਸ਼ਲੋਕ ਕਾਫ਼ੀ ਮੁਸ਼ਕਿਲ ਹੈ ਕਿਉਂਕਿ ਇਹਨਾਂ 'ਛਿਆਂ' ਦਾ ਵੇਰਵਾ ਤਸੱਲੀ-ਬਖ਼ਸ਼ ਨਹੀਂ ਮਿਲ ਰਿਹਾ। ਹੰਗਤਾ, ਰਾਗ, ਦ੍ਵੈਖ, ਅਹੰਕਾਰ, ਆਸਾ, ਤ੍ਰਿਸ਼ਨਾ ਆਦਿਕ ਬੜੇ ਮਸ਼ਹੂਰ ਲਫ਼ਜ਼ ਹਨ, ਟੀਕਾਕਾਰਾਂ ਨੇ ਆਪੋ ਆਪਣੀ ਸਮਝ ਅਨੁਸਾਰ ਇਹ ਗਿਣਤੀ ਪੂਰੀ ਕਰ ਦਿੱਤੀ ਹੈ। ਪਰ ਇਹ ਕਿਵੇਂ ਪਤਾ ਲੱਗੇ ਕਿ ਕਬੀਰ ਜੀ ਕੇਹੜੇ ਛਿਆਂ ਵਲ ਇਸ਼ਾਰਾ ਕਰ ਰਹੇ ਹਨ? ਜਿਵੇਂ ਫਰੀਦ ਜੀ ਦੇ ਸ਼ਲੋਕ ਨੂੰ ਮੈਂ ਇਕ ਲੜੀ-ਵਾਰ ਮਜ਼ਮੂਨ ਸਮਝਦਾ ਹਾਂ, ਇਸ ਧੁਰੇ ਤੋਂ ਮੈਂ ਉਹਨਾਂ ਦਾ ਟੀਕਾ ਲਿਖਿਆ ਸੀ, ਇਸੇ ਤਰ੍ਹਾਂ ਮੈਂ ਇਹਨਾਂ ਸ਼ਲੋਕਾਂ ਨੂੰ ਭੀ ਲੜੀ-ਵਾਰ ਮਜ਼ਮੂਨ ਹੀ ਸਮਝਦਾ ਹਾਂ। ਜੇ ਇਸ ਧੁਰੇ ਤੋਂ ਵਿਚਾਰਨ ਦੀ ਕੋਸ਼ਸ਼ ਕੀਤੀ ਜਾਏ, ਤਾਂ ਆਸਾ ਤ੍ਰਿਸ਼ਨਾ ਹੰਗਤਾ ਆਦਿਕ ਵਿਕਾਰਾਂ ਦੇ ਨਾਮ ਦੇ ਕੇ ਗਿਣਤੀ ਪੂਰੀ ਕਰਨ ਦੀ ਲੋੜ ਨਹੀਂ ਪਏਗੀ। ਸ਼ਲੋਕ ਨੰ: 81 ਵਿਚ ਪਰਮਾਤਮਾ ਦੇ ਗੁਣ ਗਾਣ ਦਾ ਜ਼ਿਕਰ ਹੈ। ਇਸ ਤੋਂ ਅਗਲੇ 9 ਸ਼ਲੋਕਾਂ ਵਿਚ ਕਬੀਰ ਜੀ ਲਿਖਦੇ ਹਨ ਕਿ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਇਹ ਇਹ ਸਿੱਟੇ ਨਿਕਲਦੇ ਹਨ। ਧਾਰਮਿਕ ਰਾਹੇ ਤੁਰਨ ਦਾ ਜਤਨ ਕਰਨ ਵਾਲੇ ਹਰੇਕ ਮਨੁੱਖ ਦੇ ਸਾਹਮਣੇ ਸਭ ਤੋਂ ਪਹਿਲਾ ਮੋਟਾ ਸੁਆਲ ਇਹ ਆਉਂਦਾ ਹੈ ਕਿ ਮਨ ਨੂੰ ਕਿਵੇਂ ਮਾਰਿਆ ਜਾਏ। ਕੋਈ ਤਪ ਕਰਦਾ ਹੈ, ਕੋਈ ਦਾਨ-ਪੁੰਨ ਕਰਦਾ ਹੈ, ਕੋਈ ਤੀਰਥਾਂ ਤੇ ਜਾਂਦਾ ਹੈ, ਕੋਈ ਜੰਗਲੀਂ ਜਾ ਵੱਸਦਾ ਹੈ, ਪਰ ਕਬੀਰ ਜੀ ਆਖਦੇ ਹਨ: ਮਨ ਮਾਰਨ ਕਾਰਨਿ ਬਨ ਜਾਈਐ ॥ ਸੋ ਜਲੁ ਬਿਨੁ ਭਗਵੰਤ ਨ ਪਾਈਐ ॥ ਇਹਨਾਂ ਸ਼ਲੋਕਾਂ ਵਿਚ ਭੀ ਹੋਰ ਹੋਰ ਵੇਰਵੇ ਦੇ ਕੇ ਸ਼ਲੋਕ ਨੰ: 101 ਵਿਚ ਸਾਫ਼ ਆਖਦੇ ਹਨ ਕਿ ਸਾਧਨਾਂ ਦਾ ਕੀਹ ਲਾਭ ਜੇ 'ਮਨੁ ਮੂੰਡਿਆ ਨਹੀ' ਮਨੁੱਖਾ ਜੀਵਨ ਦੀ ਰਣ-ਭੂਮੀ ਵਿਚ ਸਭ ਤੋਂ ਪਹਿਲਾਂ ਟਾਕਰਾ ਮਨ ਨਾਲ ਹੀ ਮੰਨਿਆ ਗਿਆ ਹੈ, ਜੇ ਇਹ ਜਿੱਤਿਆ ਜਾਏ ਤਾਂ ਇਸ ਦੇ ਨਾਲ ਹੋਰ ਕਈ ਵਿਕਾਰ ਜਿੱਤੇ ਜਾਂਦੇ ਹਨ ਜਿਨ੍ਹਾਂ ਵਿਚੋਂ ਸ਼ਲੋਕ ਨੰ: 91 ਵਿਚ ਕਬੀਰ ਜੀ ਨੇ ਸਿਰਫ਼ ਪੰਜਾਂ ਵਲ ਇਸ਼ਾਰਾ ਕੀਤਾ ਹੈ (ਤੇ, ਛੇਵਾਂ ਮਨ) । ਇਹ ਠੀਕ ਹੈ ਕਿ ਇਸ ਸ਼ਲੋਕ ਵਿਚ ਕਬੀਰ ਜੀ ਨੇ ਛੇ ਆਖ ਕੇ ਸਿਰਫ਼ ਇਸ਼ਾਰਾ ਹੀ ਕੀਤਾ ਹੈ, ਪਰ ਅਸਲ ਵਿਚ ਸ਼ਲੋਕ ਨੰ: 81 ਤੋਂ 90 ਤਕ ਇਹਨਾਂ ਪੰਜਾਂ ਦਾ ਵੇਰਵਾ ਉਹ ਆਪ ਦੇ ਚੁੱਕੇ ਹਨ। ਆਖਦੇ ਹਨ-ਪ੍ਰਭੂ ਦੇ ਗੁਣ ਗਾਂਵਿਆਂ ਗੁਣਾਂ ਦਾ ਤਾਂ ਅੰਤ ਨਹੀਂ ਪੈ ਸਕਦਾ ਪਰ ਇਸ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ 'ਮਨ ਮੂੰਡਿਆ' ਜਾਂਦਾ ਹੈ, ਮਨ ਮਰ ਜਾਂਦਾ ਹੈ, ਇਸ ਮਨ ਦੇ ਮਰਨ ਨਾਲ ਹੇਠ-ਲਿਖੇ ਪੰਜ ਵੱਡੇ ਵੱਡੇ ਹੋਰ ਦੈਂਤ ਭੀ ਮਰ ਜਾਂਦੇ ਹਨ: ਸ਼ਲੋਕ ਨੰ: 82-ਜਾਤਿ-ਅਭਿਮਾਨ ਸ਼ਲੋਕ ਨੰ: 83, 84, 85-ਸਰੀਰਕ ਮੋਹ, ਦੇਹ-ਅੱਧਿਆਸ ਸ਼ਲੋਕ ਨੰ: 86-ਭਟਕਣਾ, ਤ੍ਰਿਸ਼ਨਾ ਸ਼ਲੋਕ ਨੰ: 88-ਕੁਸੰਗ ਸ਼ਲੋਕ ਨੰ: 89-ਨਿੰਦਿਆ ਇਹਨਾਂ ਵਿਚੋਂ-ਮਨ, ਜਾਤਿ-ਅਭਿਮਾਨ, ਸਰੀਰਕ ਮੋਹ, ਕੁਸੰਗ-ਇਹ ਚਾਰੇ 'ਪੁਰਖ' ਹਨ, ਪੁਲਿੰਗ ਹਨ। ਤ੍ਰਿਸ਼ਨਾ ਅਤੇ ਨਿੰਦਿਆ ਇਸਤ੍ਰੀ-ਲਿੰਗ ਹਨ, 'ਨਾਰਿ' ਹਨ। ਅਰਥ: ਹੇ ਕਬੀਰ! (ਪ੍ਰਭੂ ਦੇ ਗੁਣ ਗਾਂਵਿਆਂ ਗੁਣਾਂ ਦਾ ਅੰਤ ਤਾਂ ਨਹੀਂ ਪੈ ਸਕਦਾ, ਪਰ ਇਸ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ 'ਮਨ' ਮਰ ਜਾਂਦਾ ਹੈ 'ਮਨ' ਵਿਕਾਰਾਂ ਵਲੋਂ ਹਟ ਜਾਂਦਾ ਹੈ) ਇਸ ਇੱਕ ਮਨ ਦੇ ਮਰਨ ਨਾਲ ਇਕ ਹੋਰ ਭੀ ਮਰਿਆ ਜਾਤਿ-ਅਭਿਮਾਨ, ਤੇ ਕੁਲ ਦੋ ਮਰ ਗਏ-ਮਨ ਅਤੇ ਜਾਤਿ-ਅਭਿਮਾਨ। ਫਿਰ ਦੋ ਹੋਰ ਮਰੇ-ਦੇਹ-ਅੱਧਿਆਸ ਅਤੇ ਤ੍ਰਿਸ਼ਨਾ; ਕੁੱਲ ਚਾਰ ਹੋ ਗਏ। ਦੋ ਹੋਰ ਮਰੇ-ਕੁਸੰਗ ਅਤੇ ਨਿੰਦਾ; ਤੇ ਇਹ ਸਾਰੇ ਛੇ ਹੋ ਗਏ, ਚਾਰ ਪੁਲਿੰਗ ('ਪੁਰਖ') ਅਤੇ ਦੋ ਇਸਤ੍ਰੀ-ਲਿੰਗ ('ਨਾਰਿ') ।91। ਕਬੀਰ ਦੇਖਿ ਦੇਖਿ ਜਗੁ ਢੂੰਢਿਆ ਕਹੂੰ ਨ ਪਾਇਆ ਠਉਰੁ ॥ ਜਿਨਿ ਹਰਿ ਕਾ ਨਾਮੁ ਨ ਚੇਤਿਓ ਕਹਾ ਭੁਲਾਨੇ ਅਉਰ ॥੯੨॥ {ਪੰਨਾ 1369} ਪਦ ਅਰਥ: ਦੇਖਿ ਦੇਖਿ ਢੂੰਢਿਆ = ਮੁੜ ਮੁੜ ਦੇਖ ਕੇ ਭਾਲ ਕੀਤੀ ਹੈ। ਕਹੂੰ ਨ = ਕਿਤੇ ਭੀ ਨਹੀਂ। ਠਉਰੁ = ਥਾਂ, ਮਨ ਦੇ ਟਿਕਣ ਦਾ ਥਾਂ, ਉਹ ਥਾਂ ਜਿਥੇ ਮਨ ਨੂੰ ਸ਼ਾਂਤੀ ਮਿਲੇ, ਜਿਥੇ ਮਨ ਭਟਕਣੋਂ ਹਟ ਜਾਏ। ਜਿਨਿ = ਜਿਸ (ਮਨੁੱਖ) ਨੇ। ਕਹਾ ਅਉਰ = ਕਿਥੇ ਹੋਰ ਥੇ? ਕਿਉਂ ਕਿਥੇ ਹੋਰ ਥਾਂ? ਭੁਲਾਨੇ = ਭੁੱਲੇ ਫਿਰਦੇ ਹੋ। ਅਰਥ: ਹੇ ਕਬੀਰ! ਮੈਂ ਬੜੀ ਮੇਹਨਤਿ ਨਾਲ ਸਾਰਾ ਜਗਤ ਢੂੰਡ ਵੇਖਿਆ ਹੈ, ਕਿਤੇ ਵੀ ਅਜੇਹਾ ਥਾਂ ਨਹੀਂ ਲੱਭਾ ਜਿਥੇ ਮਨ ਭਟਕਣੋਂ ਹਟ ਜਾਏ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ (ਉਸ ਨੂੰ ਕਿਤੇ ਭੀ ਮਨ ਦੀ ਸ਼ਾਂਤੀ ਦਾ ਥਾਂ ਨਹੀਂ ਲੱਭ ਸਕਿਆ; ਪ੍ਰਭੂ ਦਾ ਨਾਮ ਹੀ, ਜੋ ਸਤਸੰਗ ਵਿਚ ਮਿਲਦਾ ਹੈ, ਭਟਕਣ ਤੋਂ ਬਚਾਂਦਾ ਹੈ) । (ਸਿਫ਼ਤਿ-ਸਾਲਾਹ ਛੱਡ ਕੇ) ਕਿਉਂ ਹੋਰ ਹੋਰ ਥਾਂ ਭਟਕਦੇ ਫਿਰਦੇ ਹੋ?।12। ਕਬੀਰ ਸੰਗਤਿ ਕਰੀਐ ਸਾਧ ਕੀ ਅੰਤਿ ਕਰੈ ਨਿਰਬਾਹੁ ॥ ਸਾਕਤ ਸੰਗੁ ਨ ਕੀਜੀਐ ਜਾ ਤੇ ਹੋਇ ਬਿਨਾਹੁ ॥੯੩॥ {ਪੰਨਾ 1369} ਪਦ ਅਰਥ: ਅੰਤਿ = ਅਖੀਰ ਤਕ, ਸਦਾ। ਕਰੈ ਨਿਰਬਾਹੁ = ਸਾਥ ਦੇਂਦਾ ਹੈ, ਸੰਗੀ ਬਣਿਆ ਰਹਿੰਦਾ ਹੈ। ਸਾਕਤ ਸੰਗੁ = ਰੱਬ ਤੋਂ ਟੁੱਟੇ ਹੋਏ ਦੀ ਸੁਹਬਤਿ। ਜਾ ਤੇ = ਜਿਸ (ਸੰਗ) ਤੋਂ। ਬਿਨਾਹੁ = ਨਾਸ, ਆਤਮਕ ਮੌਤ। ਅਰਥ: ਹੇ ਕਬੀਰ! (ਮਨ ਦੀ ਸ਼ਾਂਤੀ ਲਈ ਇਕੋ ਹੀ 'ਠੌਰ' ਹੈ, ਉਹ ਹੈ 'ਸਾਧ ਸੰਗਤਿ', ਸੋ) ਸਾਧ ਸੰਗਤਿ ਵਿਚ ਜੁੜਨਾ ਚਾਹੀਦਾ ਹੈ, ਸਾਧ ਸੰਗਤਿ ਵਾਲਾ ਸਾਥ ਤੋੜ ਨਿਭਦਾ ਹੈ; ਰੱਬ ਨਾਲੋਂ ਟੁੱਟੇ ਬੰਦਿਆਂ ਦੀ ਸੁਹਬਤਿ ਨਹੀਂ ਕਰਨੀ ਚਾਹੀਦੀ, ਇਸ ਤੋਂ ਆਤਮਕ ਮੌਤ (ਹੋਣ ਦਾ ਡਰ) ਹੈ ।93। ਕਬੀਰ ਜਗ ਮਹਿ ਚੇਤਿਓ ਜਾਨਿ ਕੈ ਜਗ ਮਹਿ ਰਹਿਓ ਸਮਾਇ ॥ ਜਿਨ ਹਰਿ ਕਾ ਨਾਮੁ ਨ ਚੇਤਿਓ ਬਾਦਹਿ ਜਨਮੇਂ ਆਇ ॥੯੪॥ {ਪੰਨਾ 1369} ਪਹਿਲੀ ਤੁਕ ਦਾ ਅਨਵੈ ਇਉਂ ਹੈ: ਕਬੀਰ! ਜਿਨ੍ਹ ਜਗ ਮਹਿ (ਆਇ) ਸੋ ਪ੍ਰਭੂ ਜਾਨਿ ਕੈ ਚੇਤਿਓ (ਜੋ) ਜਗ ਮਹਿ ਰਹਿਓ ਸਮਾਇ (ਸੇ ਜਗ ਪਹਿ ਜਨਮੇਂ ਆਇ) ...। ਪਦ ਅਰਥ: ਜਗ ਮਹਿ = ਜਗ ਮਹਿ (ਆਇ) , ਜਗਤ ਵਿਚ ਆ ਕੇ, ਜਗਤ ਵਿਚ ਜਨਮ ਲੈ ਕੇ। ਜਾਨਿ ਕੈ = ਪਛਾਣ ਕੇ। ਬਾਦਹਿ = ਵਿਅਰਥ। ਆਇ ਜਨਮੇਂ = ਆ ਕੇ ਜੰਮੇ। ਅਰਥ: ਹੇ ਕਬੀਰ! (ਮਨ ਵਾਸਤੇ ਸ਼ਾਂਤੀ ਦੀ 'ਠੌਰ' ਪ੍ਰਭੂ ਦਾ ਨਾਮ ਹੀ ਹੈ, ਸੋ) ਜਿਨ੍ਹਾਂ ਨੇ ਜਗਤ ਵਿਚ ਜਨਮ ਲੈ ਕੇ ਉਸ ਪ੍ਰਭੂ ਨੂੰ, ਇਉਂ ਪਛਾਣ ਕੇ ਕਿ ਉਹ ਸਾਰੇ ਜਗਤ ਵਿਚ ਵਿਆਪਕ ਹੈ, ਸਿਮਰਿਆ ਹੈ (ਉਹਨਾਂ ਨੂੰ ਹੀ ਜਗਤ ਵਿਚ ਜੰਮੇ ਸਮਝੋ, ਉਹਨਾਂ ਦਾ ਹੀ ਜੰਮਣਾ ਸਫਲ ਹੈ, ਉਹੀ ਹਨ ਸਾਧ, ਤੇ ਉਹਨਾਂ ਦੀ ਸੰਗਤਿ ਹੀ ਸਾਧ-ਸੰਗਤਿ ਹੈ) । ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, ਉਹ ਵਿਅਰਥ ਹੀ ਜੰਮੇ ।94। ਕਬੀਰ ਆਸਾ ਕਰੀਐ ਰਾਮ ਕੀ ਅਵਰੈ ਆਸ ਨਿਰਾਸ ॥ ਨਰਕਿ ਪਰਹਿ ਤੇ ਮਾਨਈ ਜੋ ਹਰਿ ਨਾਮ ਉਦਾਸ ॥੯੫॥ {ਪੰਨਾ 1369} ਪਦ ਅਰਥ: ਆਸਾ...ਕੀ = ਪਰਮਾਤਮਾ ਉਤੇ ਆਸ ਰੱਖੀਏ, ਪਰਮਾਤਮਾ ਦਾ ਆਸਰਾ ਤੱਕੀਏ। ਨਿਰਾਸ = ਨਿਰ-ਆਸ। ਨਰਕਿ ਪਰਹਿ = ਨਰਕ ਵਿਚ ਪੈਂਦੇ ਹਨ, ਸਦਾ ਦੁਖੀ ਰਹਿੰਦੇ ਹਨ। ਮਾਨਈ = ਮਨੁੱਖ। ਅਰਥ: ਹੇ ਕਬੀਰ! (ਜੇ ਮਨ ਵਾਸਤੇ ਸ਼ਾਂਤੀ ਦੀ 'ਠੌਰ' ਚਾਹੀਦੀ ਹੈ ਤਾਂ 'ਸਾਧ ਸੰਗਤਿ' ਵਿਚ ਜੁੜ ਕੇ) ਇਕ ਪਰਮਾਤਮਾ ਉਤੇ ਡੋਰੀ ਰੱਖਣੀ ਚਾਹੀਦੀ ਹੈ, ਹੋਰ ਆਸਾਂ ਛੱਡ ਦੇਣੀਆਂ ਚਾਹੀਦੀਆਂ ਹਨ। ਜੋ ਮਨੁੱਖ ਪਰਮਾਤਮਾ ਦੀ ਯਾਦ ਵਲੋਂ ਮੂੰਹ ਮੋੜ ਲੈਂਦੇ ਹਨ ਉਹ ਨਰਕ ਵਿਚ ਪਏ ਰਹਿੰਦੇ ਹਨ (ਸਦਾ ਦੁਖੀ ਰਹਿੰਦੇ ਹਨ) ।95। ਕਬੀਰ ਸਿਖ ਸਾਖਾ ਬਹੁਤੇ ਕੀਏ ਕੇਸੋ ਕੀਓ ਨ ਮੀਤੁ ॥ ਚਾਲੇ ਥੇ ਹਰਿ ਮਿਲਨ ਕਉ ਬੀਚੈ ਅਟਕਿਓ ਚੀਤੁ ॥੯੬॥ {ਪੰਨਾ 1369} ਪਦ ਅਰਥ: ਸਿਖ = ਚੇਲੇ = ਚਾਟੜੇ, ਚੇਲੇ = ਚਾਲੇ। ਕੇਸੋ = (Skt. केशव, केशाः, प्रशास्ताः) ਜਿਸ ਦੇ ਲੰਮੇ ਲੰਮੇ ਕੇਸ ਹਨ ਉਹ ਹਰੀ) ਪਰਮਾਤਮਾ। ਚਾਲੇ ਥੇ = ਤੁਰੇ ਸਨ, ਉੱਦਮ ਕੀਤਾ ਸੀ। ਅਟਕਿਓ = ਫਸ ਗਿਆ। ਅਰਥ: ਹੇ ਕਬੀਰ! ਜਿਨ੍ਹਾਂ ਨੇ ਪਰਮਾਤਮਾ ਨੂੰ ਮਿਤ੍ਰ ਨਾਹ ਬਣਾਇਆ (ਪਰਮਾਤਮਾ ਨਾਲ ਸਾਂਝ ਨਾਹ ਬਣਾਈ, ਤੇ) ਕਈ ਚੇਲੇ-ਚਾਟੜੇ ਬਣਾ ਲਏ, (ਉਹਨਾਂ ਨੇ ਪਹਿਲਾਂ ਤਾਂ ਭਾਵੇਂ) ਪਰਮਾਤਮਾ ਨੂੰ ਮਿਲਣ ਲਈ ਉੱਦਮ ਕੀਤਾ ਸੀ, ਪਰ ਉਹਨਾਂ ਦਾ ਮਨ ਰਾਹ ਵਿਚ ਹੀ ਅਟਕ ਗਿਆ (ਚੇਲਿਆਂ-ਚਾਟੜਿਆਂ ਤੋਂ ਸੇਵਾ-ਪੂਜਾ ਕਰਾਣ ਵਿਚ ਹੀ ਉਹ ਰੁਝ ਗਏ, ਪ੍ਰਭੂ ਦਾ ਸਿਮਰਨ ਭੁਲਾ ਬੈਠੇ ਤੇ ਮਨ ਦੀ ਸ਼ਾਂਤੀ ਦੀ 'ਠੌਰ' ਨਸੀਬ ਨਾਹ ਹੋਈ) ।96। ਨੋਟ: ਜਿਨ੍ਹਾਂ ਦੀ 'ਸੰਗਤਿ' ਕਰਨ ਦਾ ਜ਼ਿਕਰ ਸ਼ਲੋਕ ਨੰ: 93 ਵਿਚ ਹੈ, ਉਹਨਾਂ ਬਾਰੇ ਭੁਲੇਖੇ ਤੋਂ ਬਚਾਣ ਲਈ ਕਬੀਰ ਜੀ ਆਖਦੇ ਹਨ ਕਿ 'ਸਾਧ' ਸਿਰਫ਼ ਉਹੀ ਹਨ ਜੋ ਸਰਬ-ਵਿਆਪਕ ਰਾਮ ਨੂੰ ਸਿਮਰਦੇ ਹਨ। ਜਿਨ੍ਹਾਂ ਨੇ ਚੇਲਿਆਂ-ਚਾਟੜਿਆਂ ਵਾਲਾ ਅਡੰਬਰ ਰਚ ਲਿਆ ਹੈ ਤੇ ਜੋ ਬੰਦਗੀ ਵਲੋਂ ਖੁੰਝ ਕੇ ਆਪਣੀ ਸੇਵਾ-ਪੂਜਾ ਵਿਚ ਹੀ ਮਸਤ ਹੋ ਗਏ ਹਨ ਉਹ 'ਸਾਧ' ਨਹੀਂ ਹਨ, ਭਾਵੇਂ ਉਹ ਹੋਰਨਾਂ ਨੂੰ ਉਪਦੇਸ਼ ਭੀ ਕਰਦੇ ਹਨ। ਕਬੀਰ ਕਾਰਨੁ ਬਪੁਰਾ ਕਿਆ ਕਰੈ ਜਉ ਰਾਮੁ ਨ ਕਰੈ ਸਹਾਇ ॥ ਜਿਹ ਜਿਹ ਡਾਲੀ ਪਗੁ ਧਰਉ ਸੋਈ ਮੁਰਿ ਮੁਰਿ ਜਾਇ ॥੯੭॥ {ਪੰਨਾ 1369} ਨੋਟ: ਕਿਸੇ ਉੱਚੇ ਲੰਮੇ ਰੁੱਖ ਦੇ ਧੁਰ ਉੱਪਰ ਚੋਟੀ ਉਤੇ ਚੜ੍ਹਨਾ ਹੋਵੇ, ਤਾਂ ਰੁੱਖ ਦੀਆਂ ਡਾਲੀਆਂ ਦਾ ਆਸਰਾ ਲਈਦਾ ਹੈ; ਕਿਸੇ ਡਾਲੀ ਨੂੰ ਹੱਥ ਪਾਇਆ, ਕਿਸੇ ਡਾਲੀ ਉਤੇ ਪੈਰ ਰੱਖਿਆ। ਬਸ, ਧੀਰੇ ਧੀਰੇ ਜਿਸ ਵਸੀਲੇ ਨਾਲ ਚੋਟੀ ਉਤੇ ਜਾ ਪਹੁੰਚੀਦਾ ਹੈ। ਪਰ ਜੇ ਰੁੱਖ ਦੀਆਂ ਡਾਲੀਆਂ ਕਮਜ਼ੋਰ ਹੋਣ, ਤਾਂ ਚੋਟੀ ਉੱਤੇ ਅਪੜਨ ਦੇ ਥਾਂ ਕਿਸੇ ਡਾਲੀ ਦੇ ਟੁੱਟ ਜਾਣ ਨਾਲ ਸੱਟਾਂ ਖਾਈਦੀਆਂ ਹਨ ਤੇ ਜਿੰਦ ਜਾਣ ਦਾ ਭੀ ਕਈ ਵਾਰੀ ਖ਼ਤਰਾ ਪੈ ਜਾਂਦਾ ਹੈ। ਇਨਸਾਨੀ ਜ਼ਿੰਦਗੀ, ਮਾਨੋ, ਇਕ ਉੱਚਾ ਲੰਮਾ ਰੁੱਖ ਹੈ ਜਿਸ ਦੀ ਚੋਟੀ ਪ੍ਰਭੂ ਦੇ ਚਰਨ ਹਨ। ਮਨੁੱਖ ਨੇ ਆਪਣੇ ਜੀਵਨ-ਸਫ਼ਰ ਵਿਚ ਇਸ ਚੋਟੀ ਤੇ ਅਪੜਨਾ ਹੈ। ਗੁਰਮੁਖਿ, ਸਾਧ ਇਸ ਰੁੱਖ ਦੀਆਂ ਡਾਲੀਆਂ ਹਨ, ਇਹ ਲੋਕ ਸਾਧਾਰਨ ਮਨੁੱਖ ਵਾਸਤੇ ਪ੍ਰਭੂ-ਚਰਨਾਂ ਤਕ ਅਪੜਾਨ ਦਾ ਵਸੀਲਾ ਹਨ। ਪਰ ਜਗਤ ਵਿਚ ਭੇਖ ਭੀ ਬਹੁਤ ਹੈ। ਜੋ ਆਪ ਹੀ ਹਰਿ-ਨਾਮ ਵਲੋਂ ਕੋਰੇ ਹਨ, ਤੇ ਨਿਰੇ ਚੇਲੇ ਹੀ ਬਣਾਈ ਫਿਰਦੇ ਹਨ, ਉਹ ਇਸ ਰੁੱਖ ਦੀਆਂ, ਮਾਨੋ, ਕੱਚੀਆਂ ਡਾਲੀਆਂ ਹਨ, ਇਹਨਾਂ ਦਾ ਆਸਰਾ ਲਿਆਂ ਚੋਟੀ ਤੇ ਨਹੀਂ ਅੱਪੜ ਸਕੀਦਾ, ਸਗੋਂ ਮੂੰਹ-ਭਾਰ ਡਿੱਗ ਕੇ ਜਾਨ ਗਵਾਉਣ ਦਾ ਡਰ ਹੈ, ਆਤਮਕ-ਮੌਤੇ ਮਰਨ ਦਾ ਖ਼ਤਰਾ ਪੈ ਜਾਂਦਾ ਹੈ। 'ਸਾਧ' ਵਸੀਲਾ ਤਾਂ ਜ਼ਰੂਰ ਹਨ, ਪਰ 'ਸਾਧ' ਉਹ ਹੋਣ ਜਿਨ੍ਹਾਂ ਦੇ ਆਪਣੇ ਅੰਦਰ ਭੀ ਸਿਮਰਨ ਦੀ ਸੱਤਿਆ ਹੋਵੇ। ਪਦ ਅਰਥ: ਕਾਰਨੁ = ਵਸੀਲਾ, ਸਬਬ, ਹਰਿ ਮਿਲਨ' ਦਾ ਵਸੀਲਾ। ਬਪੁਰਾ = ਵਿਚਾਰਾ, ਕਮਜ਼ੋਰ। ਸਹਾਇ = ਸਹੈਤਾ। ਜਿਹ ਜਿਹ = ਜਿਸ ਜਿਸ। ਧਰਉ = ਮੈਂ ਧਰਦਾ ਹਾਂ। ਪਗੁ = ਪੈਰ। ਪਗੁ ਧਰਉ = ਮੈਂ ਪੈਰ ਧਰਦਾ ਹਾਂ, ਮੈਂ ਸਹਾਰਾ ਲੈਂਦਾ ਹਾਂ। ਮੁਰਿ ਮੁਰਿ ਜਾਇ = ਲਿਫਦੀ ਜਾ ਰਹੀ ਹੈ, ਟੁੱਟਦੀ ਜਾ ਰਹੀ ਹੈ, ਕਿਸੇ ਨ ਕਿਸੇ ਵਿਕਾਰ ਦੇ ਹੇਠ ਖ਼ੁਦਿ ਦੱਬਿਆ ਜਾ ਰਿਹਾ ਹੈ। ਅਰਥ: ਹੇ ਕਬੀਰ! (ਇਹ ਤਾਂ ਠੀਕ ਹੈ ਕਿ ਮਨ ਦੀ ਸ਼ਾਂਤੀ ਦਾ 'ਠੌਰ' ਸਾਧ ਸੰਗਤਿ ਹੀ ਹੈ, ਪ੍ਰਭੂ ਦੇ ਚਰਨਾਂ ਵਿਚ ਟਿਕੇ ਰਹਿਣ ਲਈ 'ਸੰਗਤਿ ਕਰੀਐ ਸਾਧ ਕੀ' ਸਾਧ ਸੰਗਤਿ ਹੀ ਇਕੋ-ਇਕ ਵਸੀਲਾ ਹੈ; ਪਰ) ਜੇ ਪਰਮਾਤਮਾ ਆਪ ਸਹੈਤਾ ਨਾਹ ਕਰੇ (ਜੇ 'ਸਾਧ' ਦੇ ਅੰਦਰ ਪਰਮਾਤਮਾ ਆਪ ਨ ਆ ਵਸੇ, ਜੇ 'ਸਾਧ' ਖ਼ੁਦਿ ਪ੍ਰਭੂ-ਚਰਨਾਂ ਵਿਚ ਨਾਹ ਜੁੜਿਆ ਹੋਵੇ) ਤਾਂ ਇਹ ਵਸੀਲਾ ਕਮਜ਼ੋਰ ਹੋ ਜਾਣ ਦੇ ਕਾਰਨ ਕੋਈ ਲਾਭ ਨਹੀਂ ਪੁਚਾਂਦਾ। (ਇਨਸਾਨੀ ਉੱਚ ਜੀਵਨ-ਰੂਪ ਰੁੱਖ ਦੀ ਚੋਟੀ ਤੇ ਅਪੜਾਣ ਲਈ 'ਸਾਧ', ਮਾਨੋ, ਡਾਲੀਆਂ ਹਨ, ਪਰ ਭੇਖੀ ਤੇ ਚੇਲੇ-ਚਾਟੜੇ ਹੀ ਬਨਾਣ ਵਾਲੇ 'ਸਾਧ' ਕਮਜ਼ੋਰ ਟਹਿਣੀਆਂ ਹਨ) ਮੈਂ ਤਾਂ (ਅਜੇਹੀ) ਜਿਸ ਜਿਸ ਡਾਲੀ ਉੱਤੇ ਪੈਰ ਧਰਦਾ ਹਾਂ ਉਹ (ਸੁਆਰਥ ਵਿਚ ਕਮਜ਼ੋਰ ਹੋਣ ਕਰਕੇ) ਟੁੱਟਦੀ ਜਾ ਰਹੀ ਹੈ ।97। ਕਬੀਰ ਅਵਰਹ ਕਉ ਉਪਦੇਸਤੇ ਮੁਖ ਮੈ ਪਰਿ ਹੈ ਰੇਤੁ ॥ ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ ਖੇਤੁ ॥੯੮॥ {ਪੰਨਾ 1369} ਪਦ ਅਰਥ: ਅਵਰਹ ਕਉ = ਹੋਰਨਾਂ ਨੂੰ। ਮੈ = ਮਹਿ, ਵਿਚ। ਪਰਿ ਹੈ– ਪੈਂਦੀ ਹੈ। ਰੇਤ = (ਲਫ਼ਜ਼ 'ਰੇਤੁ' ਇਸਤ੍ਰੀ-ਲਿੰਗ ਹੈ, ਪਰ ਫਿਰ ਭੀ ਇਸ ਦੇ ਅੰਤ ਵਿਚ (ੁ) ਟਿਕਿਆ ਰਹਿੰਦਾ ਹੈ) ਨੋਟ: ਪਰਮਾਤਮਾ ਦੇ ਨਾਮ ਦੀਆਂ ਗੱਲਾਂ, ਮਾਨੋ, ਖੰਡ ਹੈ; ਜੋ ਜੋ ਜੀਵ ਸੁਣਦਾ ਹੈ, ਉਸ ਨੂੰ ਮਿੱਠੀਆਂ ਲੱਗਦੀਆਂ ਹਨ। ਪਰ ਜੋ ਲੋਕ ਨਿਰਾ ਹੋਰਨਾਂ ਨੂੰ ਹੀ ਸਿੱਖਿਆ ਦੇਣ ਵਾਲੇ ਹਨ, ਉਹਨਾਂ ਦੇ ਭਾ ਦੇ ਇਹ ਲਫ਼ਜ਼, ਮਾਨੋ, ਨਿਰੀ ਰੇਤ ਹਨ, ਉਹਨਾਂ ਨੂੰ ਆਪ ਕੋਈ ਰਸ ਨਹੀਂ ਆਉਂਦਾ। ਬਿਰਾਨੀ = ਬਿਗਾਨੀ, ਹੋਰਨਾਂ ਦੀ। ਰਾਸਿ = ਪੂੰਜੀ। ਰਾਖਤੇ = ਰਾਖੀ ਕਰਨ ਦਾ ਜਤਨ ਕਰਦੇ ਹਨ। ਖੇਤੁ = ਫ਼ਸਲ, ਪਿਛਲੀ ਕੀਤੀ ਕਮਾਈ, ਪਿਛਲੇ ਸਾਰੇ ਗੁਣ। ਅਰਥ: ਹੇ ਕਬੀਰ! ਜੋ ('ਸਾਧ' ਨਿਰਾ) ਹੋਰਨਾਂ ਨੂੰ ਮੱਤਾਂ ਦੇਂਦੇ ਹਨ, ਪਰ ਉਹਨਾਂ ਦੇ ਆਪਣੇ ਅੰਦਰ ਕੋਈ ਰਸ ਨਹੀਂ ਆਉਂਦਾ। ਅਜੇਹੇ ('ਸਾਧ') ਹੋਰਨਾਂ ਦੀ ਰਾਸ-ਪੂੰਜੀ ਦੀ ਤਾਂ ਰਾਖੀ ਕਰਨ ਦਾ ਜਤਨ ਕਰਦੇ ਹਨ, ਪਰ ਆਪਣੇ ਪਿਛਲੇ ਸਾਰੇ ਗੁਣ ਮੁਕਾ ਲੈਂਦੇ ਹਨ (ਅਜੇਹੇ 'ਸਾਧ' ਭੀ ਕਮਜ਼ੋਰ ਡਾਲੀਆਂ ਹਨ, ਮਨੁੱਖਤਾ ਦੀ ਚੋਟੀ ਉਤੇ ਇਹ ਭੀ ਅਪੜਾ ਨਹੀਂ ਸਕਦੇ) ।98। ਕਬੀਰ ਸਾਧੂ ਕੀ ਸੰਗਤਿ ਰਹਉ ਜਉ ਕੀ ਭੂਸੀ ਖਾਉ ॥ ਹੋਨਹਾਰੁ ਸੋ ਹੋਇਹੈ ਸਾਕਤ ਸੰਗਿ ਨ ਜਾਉ ॥੯੯॥ {ਪੰਨਾ 1369} ਪਦ ਅਰਥ: ਭੂਸੀ = ਛਿੱਲੜ। ਜਉ = ਜੌਂ। ਅਰਥ: ਹੇ ਕਬੀਰ! (ਆਖ-ਮੇਰੀ ਤਾਂ ਇਹ ਤਾਂਘ ਹੈ ਕਿ) ਮੈਂ ਗੁਰਮੁਖਾਂ ਦੀ ਸੰਗਤਿ ਵਿਚ ਟਿਕਿਆ ਰਹਾਂ (ਚਾਹੇ ਮੇਰੀ ਕਿਰਤ-ਕਮਾਈ ਬਹੁਤ ਹੀ ਘਟ ਜਾਏ) ਤੇ ਮੈਂ ਜੌਂ ਦੇ ਛਿੱਲੜ ਖਾ ਕੇ ਗੁਜ਼ਾਰਾ ਕਰਾਂ। (ਸਾਧ ਸੰਗਤਿ ਵਿਚ ਸਮਾਂ ਦੇਣ ਕਰਕੇ ਗ਼ਰੀਬੀ ਆਦਿਕ) ਜੇਹੜਾ ਕਸ਼ਟ ਭੀ ਆਵੇ ਪਿਆ ਆਵੇ। ਪਰ ਮੈਂ ਰੱਬ ਤੋਂ ਟੁੱਟੇ ਹੋਏ ਬੰਦਿਆਂ ਦੀ ਸੁਹਬਤਿ ਵਿਚ ਨਾਹ ਜਾਵਾਂ ।99। ਕਬੀਰ ਸੰਗਤਿ ਸਾਧ ਕੀ ਦਿਨ ਦਿਨ ਦੂਨਾ ਹੇਤੁ ॥ ਸਾਕਤ ਕਾਰੀ ਕਾਂਬਰੀ ਧੋਏ ਹੋਇ ਨ ਸੇਤੁ ॥੧੦੦॥ {ਪੰਨਾ 1369} ਪਦ ਅਰਥ: ਦਿਨ ਦਿਨ = ਦਿਨੋ ਦਿਨ, ਜਿਉਂ ਜਿਉਂ ਦਿਨ ਗੁਜ਼ਰਦੇ ਹਨ। ਹੇਤੁ = (ਪ੍ਰਭੂ ਨਾਲ) ਪਿਆਰ। ਕਾਰੀ = ਕਾਲੀ। ਕਾਂਬਰੀ = ਕੰਬਲੀ। ਧੋਏ = ਧੋਤਿਆਂ। ਸੇਤੁ = ਸਫ਼ੈਦ। ਅਰਥ: ਹੇ ਕਬੀਰ! ਗੁਰਮੁਖਾਂ ਦੀ ਸੰਗਤਿ ਵਿਚ ਰਿਹਾਂ ਦਿਨੋ ਦਿਨ ਪਰਮਾਤਮਾ ਨਾਲ ਪਿਆਰ ਵਧਦਾ ਹੀ ਵਧਦਾ ਹੈ। ਪਰ ਰੱਬ ਨਾਲੋਂ ਟੁੱਟਾ ਹੋਇਆ ਮਨੁੱਖ, ਮਾਨੋ, ਕਾਲੀ ਕੰਬਲੀ ਹੈ ਜੋ ਧੋਤਿਆਂ ਭੀ ਕਦੇ ਚਿੱਟੀ ਨਹੀਂ ਹੁੰਦੀ। ਉਸ ਦੀ ਸੁਹਬਤਿ ਵਿਚ ਟਿਕਿਆਂ ਮਨ ਦੀ ਪਵਿਤ੍ਰਤਾ ਨਹੀਂ ਮਿਲ ਸਕਦੀ ।100। ਕਬੀਰ ਮਨੁ ਮੂੰਡਿਆ ਨਹੀ ਕੇਸ ਮੁੰਡਾਏ ਕਾਂਇ ॥ ਜੋ ਕਿਛੁ ਕੀਆ ਸੋ ਮਨ ਕੀਆ ਮੂੰਡਾ ਮੂੰਡੁ ਅਜਾਂਇ ॥੧੦੧॥ {ਪੰਨਾ 1369} ਪਦ ਅਰਥ: ਮੂੰਡਿਆ = ਮੁੰਨਿਆ। ਕਾਂਇ = ਕਾਹਦੇ ਲਈ? ਵਿਅਰਥ ਹੀ। ਮੂੰਡੁ = ਸਿਰ। ਅਜਾਂਇ = ਬੇ-ਫ਼ਾਇਦਾ। ਨੋਟ: ਸ਼ਲੋਕ ਨੰ: 97 ਵਾਲੀਆਂ ਕਮਜ਼ੋਰ ਡਾਲੀਆਂ ਵਲ ਫਿਰ ਇਸ਼ਾਰਾ ਹੈ, ਅਜੇਹੇ 'ਸਾਧ' ਕਮਜ਼ੋਰ ਵਸੀਲਾ ਹਨ। ਅਰਥ: ਹੇ ਕਬੀਰ! (ਇਹ ਜੋ ਸਿਰ ਮੁਨਾ ਕੇ ਆਪਣੇ ਆਪ ਨੂੰ 'ਸਾਧ' ਸਮਝਦਾ ਫਿਰਦਾ ਹੈ, ਇਸ ਨੇ) ਆਪਣਾ ਮਨ ਨਹੀਂ ਮੁੰਨਿਆ (ਮਨ ਉਤੋਂ ਵਿਕਾਰਾਂ ਦੀ ਮੈਲ ਨਹੀਂ ਦੂਰ ਕੀਤੀ) ਸਿਰ ਦੇ ਕੇਸ ਮੁਨਾਇਆਂ ਤਾਂ ਇਹ 'ਸਾਧੂ' ਨਹੀਂ ਬਣ ਗਿਆ। ਜਿਸ ਭੀ ਮੰਦੇ ਕਰਮ ਦੀ ਪ੍ਰੇਰਨਾ ਕਰਦਾ ਹੈ ਮਨ ਹੀ ਕਰਦਾ ਹੈ (ਜੇ 'ਸਾਧੂ' ਬਣਨ ਦੀ ਖ਼ਾਤਰ ਹੀ ਸਿਰ ਮੁਨਾਇਆ ਹੈ ਤਾਂ) ਸਿਰ ਮੁਨਾਉਣਾ ਵਿਅਰਥ ਹੈ ।101। ਨੰ: 102 ਤੋਂ 131 ਤਕ ਕਬੀਰ ਰਾਮੁ ਨ ਛੋਡੀਐ ਤਨੁ ਧਨੁ ਜਾਇ ਤ ਜਾਉ ॥ ਚਰਨ ਕਮਲ ਚਿਤੁ ਬੇਧਿਆ ਰਾਮਹਿ ਨਾਮਿ ਸਮਾਉ ॥੧੦੨॥ {ਪੰਨਾ 1369} ਪਦ ਅਰਥ: ਜਾਇ = (ਜੇ) ਜਾਂਦਾ ਹੈ, (ਜੇ) ਨਾਸ ਹੁੰਦਾ ਹੈ। ਤ = ਤਾਂ। ਜਾਉ = (ਵਿਆਕਰਣ ਅਨੁਸਾਰ ਹੁਕਮੀ ਭਵਿੱਖਤ, ਇਕ-ਵਚਨ, ਅੱਨ ਪੁਰਖ Imperative mood, Thired person Singular Number) ਬੇਸ਼ਕ ਜਾਏ, ਬੇਸ਼ਕ ਨਾਸ ਹੋ ਜਾਏ, ਕੋਈ ਪਰਵਾਹ ਨਹੀਂ ਨਾਸ ਹੋ ਜਾਏ। ਬੇਧਿਆ = ਵਿੱਝਿਆ (ਰਹੇ) । ਰਾਮਹਿ ਨਾਮਿ = ਰਾਮ ਦੇ ਨਾਮ ਵਿਚ (ਰਾਮਹਿ = रामस्य, ਰਾਮਸ੍ਯ੍ਯ) । ਸਮਾਉ = ਸਮਾਇਆ ਰਹੇ (ਹੁਕਮੀ ਭਵਿਖਤ, ਅੱਨ ਪੁਰਖ, ਇਕ-ਵਚਨ) । ਅਰਥ: ਹੇ ਕਬੀਰ! ਪਰਮਾਤਮਾ ਦਾ ਨਾਮ ਕਦੇ ਨਾਹ ਭੁਲਾਈਏ, (ਜੇ ਨਾਮ ਸਿਮਰਦਿਆਂ ਅਸਾਡਾ) ਸਰੀਰ ਤੇ ਧਨ ਨਾਸ ਹੋਣ ਲੱਗੇ ਤਾਂ ਬੇਸ਼ੱਕ ਨਾਸ ਹੋ ਜਾਏ। ਪਰ ਅਸਾਡਾ ਚਿੱਤ ਪ੍ਰਭੂ ਦੇ ਸੋਹਣੇ ਚਰਨਾਂ ਵਿਚ ਜ਼ਰੂਰ ਵਿੱਝਿਆ ਰਹੇ, ਪਰਮਾਤਮਾ ਦੇ ਨਾਮ ਵਿਚ ਜ਼ਰੂਰ ਸਮਾਇਆ ਰਹੇ ।102। ਕਬੀਰ ਜੋ ਹਮ ਜੰਤੁ ਬਜਾਵਤੇ ਟੂਟਿ ਗਈਂ ਸਭ ਤਾਰ ॥ ਜੰਤੁ ਬਿਚਾਰਾ ਕਿਆ ਕਰੈ ਚਲੇ ਬਜਾਵਨਹਾਰ ॥੧੦੩॥ {ਪੰਨਾ 1369} ਪਦ ਅਰਥ: ਜੰਤੁ = ਯੰਤ੍ਰ, ਵਾਜਾ, ਸਰੀਰ ਦਾ ਮੋਹ, ਦੇਹ = ਅੱਧਿਆਸ। ਟੂਟਿ ਗਈ = ਟੁੱਟ ਗਈਆਂ ਹਨ। ਤਾਰ = (ਮੋਹ ਦੀਆਂ) ਤਾਰਾਂ, ਸਰੀਰਕ ਮੋਹ ਦੀਆਂ ਤਾਰਾਂ। ਕਿਆ ਕਰੈ = ਕੋਈ ਜ਼ੋਰ ਨਹੀਂ ਪਾ ਸਕਦਾ। ਬਜਾਵਨਹਾਰ = ਵਜਾਣ ਵਾਲਾ, ਜੰਤ੍ਰ (ਢੋਲ, ਵਾਜੇ) ਨੂੰ ਵਜਾਣ ਵਾਲਾ, ਦੇਹ = ਅੱਧਿਆਸ ਦੇ ਢੋਲ ਨੂੰ ਵਜਾਣ ਵਾਲਾ, ਜੋ ਮਨ = ਸਰੀਰ ਦਾ ਮੋਹ-ਰੂਪ ਵਾਜਾ ਵਜਾ ਰਿਹਾ ਸੀ। ਨੋਟ: ਇਹੀ ਖ਼ਿਆਲ ਕਬੀਰ ਜੀ ਆਸਾ ਰਾਗ ਸ਼ਬਦ ਨੰ: 18 ਵਿਚ ਇਉਂ ਜ਼ਾਹਰ ਕਰਦੇ ਹਨ। ਬਜਾਵਨਹਾਰੋ ਕਹਾ ਗਇਓ, ਜਿਨਿ ਇਹੁ ਮੰਦਰੁ ਕੀਨਾ ॥ ਸਾਖੀ ਸਬਦੁ ਸੁਰਤਿ ਨਹੀ ਉਪਜੈ, ਖਿੰਚਿ ਤੇਜੁ ਸਭੁ ਲੀਨ੍ਹ੍ਹਾ ॥2॥ ਇਸੇ ਹੀ ਰਾਗ ਦੇ ਸ਼ਬਦ ਨੰ: 28 ਵਿਚ ਭੀ ਇਹੀ ਖ਼ਿਆਲ ਇਉਂ ਲਿਖਦੇ ਹਨ: ਜਉ ਮੈ ਰੂਪ ਕੀਏ ਬਹੁਤੇਰੇ, ਅਬ ਫੁਨਿ ਰੂਪੁ ਨ ਹੋਈ ॥ ਤਾਗਾ ਤੰਤੁ ਸਾਜੁ ਸਭੁ ਥਾਕਾ, ਰਾਮ ਨਾਮ ਬਸਿ ਹੋਈ ॥1॥ ਅਬ ਮੋਹਿ ਨਾਚਨੋ ਨ ਆਵੈ ॥ ਮੇਰਾ ਮਨੁ ਮੰਦਰੀਆ ਨ ਬਜਾਵੈ ॥1॥ਰਹਾਉ॥ ਅਰਥ: ('ਤਨੁ ਧਨ' ਜਾਣ ਤੇ ਭੀ ਜੇ ਮੇਰਾ ਮਨ 'ਰਾਮਹਿ ਨਾਮਿ' ਸਮਾਇਆ ਰਹੇ, ਤਾਂ ਇਹ ਸੌਦਾ ਬੜਾ ਸਸਤਾ ਹੈ, ਕਿਉਂਕਿ) ਹੇ ਕਬੀਰ! (ਪਰਮਾਤਮਾ ਦੇ ਨਾਮ ਤੋਂ ਖੁੰਝ ਕੇ) ਸਰੀਰਕ ਮੋਹ ਦਾ ਜੇਹੜਾ ਵਾਜਾ ਮੈਂ ਸਦਾ ਵਜਾਂਦਾ ਰਹਿੰਦਾ ਸਾਂ (ਹੁਣ ਨਾਮ ਸਿਮਰਨ ਦੀ ਬਰਕਤਿ ਨਾਲ) ਉਸ ਦੀਆਂ (ਮੋਹ ਦੀਆਂ) ਸਾਰੀਆਂ ਤਾਰਾਂ ਟੁੱਟ ਗਈਆਂ ਹਨ। (ਦੇਹ-ਅੱਧਿਆਸ ਦਾ ਇਹ) ਵਿਚਾਰਾ ਵਾਜਾ (ਹੁਣ) ਕੀਹ ਕਰ ਸਕਦਾ ਹੈ? ਭਾਵ, ਨਾਮ ਦੀ ਬਰਕਤਿ ਨਾਲ ਸਰੀਰਕ ਮੋਹ ਮਾਤ ਪੈ ਗਿਆ ਹੈ। (ਸਰੀਰਕ ਮੋਹ ਤਾਂ ਕਿਤੇ ਰਿਹਾ) ਉਹ ਮਨ ਹੀ ਨਹੀਂ ਰਿਹਾ ਜੋ ਸਰੀਰਕ ਮੋਹ ਦਾ ਵਾਜਾ ਵਜਾ ਰਿਹਾ ਸੀ ।103। ਕਬੀਰ ਮਾਇ ਮੂੰਡਉ ਤਿਹ ਗੁਰੂ ਕੀ ਜਾ ਤੇ ਭਰਮੁ ਨ ਜਾਇ ॥ ਆਪ ਡੁਬੇ ਚਹੁ ਬੇਦ ਮਹਿ ਚੇਲੇ ਦੀਏ ਬਹਾਇ ॥੧੦੪॥ {ਪੰਨਾ 1369-1370} ਪਦ ਅਰਥ: ਮਾਇ ਮੂੰਡਉ = ਮਾਂ (ਦਾ ਸਿਰ) ਮੁੰਨ ਦਿਆਂ। ਤਿਹ = ਤਿਸ, ਉਸ। ਜਾ ਤੇ = ਜਿਸ ਪਾਸੋਂ ਜਿਸ ਦੇ ਕੋਲ ਰਹਿ ਕੇ, ਜਿਸ ਦੇ ਦੱਸੇ ਰਾਹ ਤੇ ਤੁਰ ਕੇ। ਭਰਮੁ = ਮਨ ਦੀ ਭਟਕਣਾ, ਸਰੀਰਕ ਮੋਹ-ਰੂਪ ਭਟਕਣਾ, ਦੇਹ = ਅੱਧਿਆਸ। ਨ ਜਾਇ = ਦੂਰ ਨ ਹੋਵੇ। ਦੀਏ ਬਹਾਇ = ਰੁੜ੍ਹਾ ਦਿੱਤੇ। ਅਰਥ: (ਇਹ ਪੰਡਿਤ ਮੈਨੂੰ ਪਰਮਾਤਮਾ ਦੇ ਨਾਮ ਵਿਚ ਜੁੜਨ ਤੋਂ ਹੋੜਦਾ ਹੈ ਤੇ ਆਪਣੇ ਵੇਦ ਆਦਿਕ ਕਰਮ ਪੁਸਤਕਾਂ ਦੇ ਕਰਮ-ਕਾਂਡ ਦਾ ਢੋਲ ਵਜਾ ਕੇ ਮੇਰਾ ਗੁਰੂ-ਪੁਰੋਹਤ ਬਣਨਾ ਚਾਹੁੰਦਾ ਹੈ; ਪਰ) ਹੇ ਕਬੀਰ! ਮੈਂ ਅਜੇਹੇ ਗੁਰੂ ਦੀ ਮਾਂ ਦਾ ਸਿਰ ਮੁੰਨ ਦਿਆਂ, ਇਸ ਦੇ ਰਾਹ ਤੇ ਤੁਰਿਆਂ (ਸਰੀਰਕ ਮੋਹ ਦੀ) ਭਟਕਣਾ ਦੂਰ ਨਹੀਂ ਹੋ ਸਕਦੀ। ਇਹ ਲੋਕ ਆਪ ਭੀ ਚਹੁੰਆਂ ਵੇਦਾਂ (ਦੇ ਕਰਮ-ਕਾਂਡ) ਵਿਚ ਪੈ ਕੇ (ਦੇਹ-ਅੱਧਿਆਸ ਦੇ ਡੂੰਘੇ ਪਾਣੀਆਂ ਵਿਚ) ਡੁੱਬੇ ਹੋਏ ਹਨ, ਜੋ ਜੋ ਬੰਦੇ ਇਹਨਾਂ ਦੇ ਪਿੱਛੇ ਲੱਗਦੇ ਹਨ ਉਹਨਾਂ ਨੂੰ ਭੀ ਇਹਨਾਂ ਉਸੇ ਮੋਹ ਵਿਚ ਰੋੜ੍ਹ ਦਿੱਤਾ ਹੈ ।104। |
Sri Guru Granth Darpan, by Professor Sahib Singh |