ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1370

ਕਬੀਰ ਜੇਤੇ ਪਾਪ ਕੀਏ ਰਾਖੇ ਤਲੈ ਦੁਰਾਇ ॥ ਪਰਗਟ ਭਏ ਨਿਦਾਨ ਸਭ ਜਬ ਪੂਛੇ ਧਰਮ ਰਾਇ ॥੧੦੫॥ {ਪੰਨਾ 1370}

ਪਦ ਅਰਥ: ਜੇਤੇ = ਜਿਤਨੇ ਭੀ। ਤਲੈ = ਹੇਠਾਂ, ਆਪਣੇ ਅੰਦਰ। ਦੁਰਾਇ ਰਾਖੇ = ਲੁਕਾ ਰੱਖੇ। ਨਿਦਾਨ = ਆਖ਼ਰ।

ਅਰਥ: (ਪਰਮਾਤਮਾ ਦੀ ਯਾਦ ਭੁਲਾਇਆਂ ਮਨੁੱਖ ਸਰੀਰਕ ਮੋਹ ਦੇ ਵਹਿਣ ਵਿਚ ਪੈ ਕੇ ਵਿਕਾਰਾਂ ਵਾਲੇ ਰਾਹੇ ਪੈ ਜਾਂਦਾ ਹੈ; ਤਿਲਕ, ਮਾਲਾ, ਪੂਜਾ, ਧੋਤੀ ਆਦਿਕ ਧਰਮ-ਭੇਖ ਨਾਲ ਲੋਕ ਸ਼ਾਇਦ ਪਤੀਜ ਜਾਣ ਕਿ ਇਹ ਭਗਤ ਹਨ; ਪਰ ਪ੍ਰਭੂ ਦੇ ਨਾਮ ਤੋਂ ਖੁੰਝ ਕੇ) ਹੇ ਕਬੀਰ! ਜੋ ਜੋ ਪਾਪ ਕੀਤੇ ਜਾਂਦੇ ਹਨ (ਭਾਵੇਂ ਉਹ ਪਾਪ) ਆਪਣੇ ਅੰਦਰ ਲੁਕਾ ਕੇ ਰੱਖੇ ਜਾਂਦੇ ਹਨ, ਫਿਰ ਭੀ ਜਦੋਂ ਧਰਮਰਾਜ ਪੁੱਛਦਾ ਹੈ ਉਹ ਪਾਪ ਆਖ਼ਰ ਸਾਰੇ ਉੱਘੜ ਆਉਂਦੇ ਹਨ (ਭਾਵ, ਵੇਦ ਆਦਿਕਾਂ ਦਾ ਕਰਮ-ਕਾਂਡ ਵਿਕਾਰਾਂ ਤੋਂ ਨਹੀਂ ਬਚਾ ਸਕਦਾ, ਬਾਹਰਲੇ ਧਰਮ-ਭੇਖ ਨਾਲ ਲੋਕ ਤਾਂ ਭਾਵੇਂ ਪਤੀਜ ਜਾਣ, ਪਰ ਅੰਦਰਲੇ ਪਾਪ ਪਰਮਾਤਮਾ ਤੋਂ ਲੁਕੇ ਨਹੀਂ ਰਹਿ ਸਕਦੇ) ।105।

ਨੋਟ: ਅਗਲੇ ਤਿੰਨ ਸ਼ਲੋਕਾਂ ਵਿਚ ਤਿੰਨ ਮਿਸਾਲਾਂ ਦੇ ਕੇ ਦੱਸਦੇ ਹਨ ਕਿ ਸਿਮਰਨ ਛੱਡ ਕੇ ਦੁਨੀਆ ਉਲਟੇ ਰਾਹੇ ਤੁਰ ਪੈਂਦੀ ਹੈ। ਇਸ ਵਾਸਤੇ "ਰਾਮੁ ਨ ਛੋਡੀਐ, ਤਨੁ ਧਨੁ ਜਾਇ ਤ ਜਾਉ"।

ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਪਾਲਿਓ ਬਹੁਤੁ ਕੁਟੰਬੁ ॥ ਧੰਧਾ ਕਰਤਾ ਰਹਿ ਗਇਆ ਭਾਈ ਰਹਿਆ ਨ ਬੰਧੁ ॥੧੦੬॥ {ਪੰਨਾ 1370}

ਪਦ ਅਰਥ: ਰਹਿ ਗਇਆ = ਆਤਮਾ ਰਹਿ ਜਾਂਦਾ ਹੈ, ਆਤਮਾ ਹੀ ਕਮਜ਼ੋਰ ਪੈ ਜਾਂਦਾ ਹੈ, ਆਤਮਾ ਮਰ ਹੀ ਜਾਂਦਾ ਹੈ, ਜੀਵ ਆਤਮਕ ਮੌਤੇ ਮਰ ਜਾਂਦਾ ਹੈ। ਨ ਰਹਿਆ = ਕੋਈ ਨਾ ਰਿਹਾ, ਕੋਈ ਬਚਾਣ = ਜੋਗਾ ਨਹੀਂ ਹੁੰਦਾ, ਕੋਈ ਧਿਰ ਬਚਾ ਨਹੀਂ ਸਕਦਾ। ਛਾਡਿ = ਛੱਡ ਕੇ। ਪਾਲਿਓ ਬਹੁਤੁ = ਬਹੁਤਾ ਸਮਾਂ ਪਾਲਦਾ ਰਿਹਾ (ਸਾਰੀ ਉਮਰ ਇਹੀ ਕੰਮ ਕਰਦਾ ਰਿਹਾ ਕਿ) ਨਿਰਾ (ਕੁਟੰਬ) ਪਾਲਦਾ ਰਿਹਾ।

ਅਰਥ: ਹੇ ਕਬੀਰ! ਪਰਮਾਤਮਾ ਦਾ ਸਿਮਰਨ ਛੱਡਣ ਦਾ ਹੀ ਇਹ ਨਤੀਜਾ ਹੈ ਕਿ ਮਨੁੱਖ ਸਾਰੀ ਉਮਰ ਨਿਰਾ ਟੱਬਰ ਹੀ ਪਾਲਦਾ ਰਹਿੰਦਾ ਹੈ, (ਟੱਬਰ ਦੀ ਖ਼ਾਤਰ) ਜਗਤ ਦੇ ਧੰਧੇ ਕਰਦਾ (ਤੇ, ਜਿੰਦ ਦੇ ਸਾਥੀ ਪਰਮਾਤਮਾ ਤੋਂ ਵਿਛੜਿਆ ਰਹਿ ਕੇ) ਆਖ਼ਰ ਆਤਮਕ ਮੌਤੇ ਮਰ ਜਾਂਦਾ ਹੈ (ਇਸ ਆਤਮਕ ਮੌਤ ਤੋਂ) ਕੋਈ ਰਿਸ਼ਤੇਦਾਰ ਬਚਾਣ-ਜੋਗਾ ਨਹੀਂ ਹੁੰਦਾ ।106।

ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਰਾਤਿ ਜਗਾਵਨ ਜਾਇ ॥ ਸਰਪਨਿ ਹੋਇ ਕੈ ਅਉਤਰੈ ਜਾਏ ਅਪੁਨੇ ਖਾਇ ॥੧੦੭॥ {ਪੰਨਾ 1370}

ਪਦ ਅਰਥ: ਜਗਾਵਨ ਜਾਇ = (ਮਸਾਣ) ਜਗਾਣ ਜਾਂਦੀ ਹੈ। ਨੋਟ: ਅਸਾਡੇ ਦੇਸ ਵਿਚ ਅਨ-ਪੜ੍ਹਤਾ ਦੇ ਕਾਰਨ ਬੇਅੰਤ ਜਹਾਲਤ ਹੈ, ਪਿੰਡਾਂ ਵਿਚ ਤਾਂ ਹਨੇਰ ਮਚਿਆ ਪਿਆ ਹੈ। ਮੁਲਾਂ ਮੁਲਾਣੇ ਕਈ ਤਰ੍ਹਾਂ ਦੇ ਜਾਦੂ ਟੂਣੇ ਤਵੀਤ ਬਣਾ ਬਣਾ ਕੇ ਦੇਂਦੇ ਹਨ। ਜਿਨ੍ਹਾਂ ਔਰਤਾਂ ਦੇ ਘਰ ਸੰਤਾਨ ਨਹੀਂ ਹੁੰਦੀ, ਆਮ ਤੌਰ ਤੇ ਉਹੀ ਇਹ ਜਾਦੂ ਤਵੀਤ ਕਰਾਂਦੀਆਂ ਫਿਰਦੀਆਂ ਹਨ। ਸੰਤਾਨ = ਹੀਨ ਤ੍ਰੀਮਤ ਮਸਾਣ-ਭੂਮੀ ਵਿਚ ਜਾ ਕੇ, ਕਿਸੇ ਨਵੇਂ ਸੜ ਰਹੇ ਮੁਰਦੇ ਦੀ ਚਿਖ਼ਾ ਕੋਲ ਖ਼ਾਸ ਟੂਣਾ ਆਦਿਕ ਕਰ ਕੇ, ਨੰਗੀ ਨ੍ਹਾ ਕੇ, ਰੋਟੀ ਪਕਾ ਕੇ ਖਾਂਦੀ ਹੈ। ਇਸ ਸਾਰੇ ਚੰਦਰੇ ਕਰਤੱਬ ਤੋਂ ਦੋ ਮਨੋਰਥ ਹੁੰਦੇ ਹਨ: ਜਿਸ ਦੀ ਚਿਖ਼ਾ ਪਾਸ ਇਹ ਟੂਣਾ ਕੀਤਾ ਜਾ ਰਿਹਾ ਹੈ, ਉਹਨਾਂ ਦੇ ਬਾਲ-ਬੱਚੇ ਮਰ ਜਾਣ; ਤੇ, ਦੂਜੇ, ਟੂਣਾ ਕਰਨ ਵਾਲੀ ਦੇ ਘਰ ਔਲਾਦ ਹੋ ਪਏ।

ਨੋਟ: ਧਰਮ ਤੇ ਮਜ਼ਹਬ ਦੇ ਨਾਮ ਤੇ ਅਨਪੜ੍ਹ ਲੋਕਾਂ ਨੂੰ ਆਪੋ ਵਿਚ ਲੜਾ ਮਰਵਾ ਕੇ ਸਦਾ ਆਪਣਾ ਸੁਆਰਥ ਪੂਰਾ ਕਰੀ ਜਾਣਾ ਸ਼ਰਾਫ਼ਤ ਨਹੀਂ ਹੈ। ਇਹ ਪਾਜ ਬਹੁਤਾ ਚਿਰ ਟਿਕਿਆ ਨਹੀਂ ਰਹੇਗਾ। ਹੁਣ ਤਾਂ ਦੇਸ ਵਿਚ ਆਪਣਾ ਰਾਜ ਹੈ। ਪਿੰਡ ਪਿੰਡ ਵਿਚ ਕੁੜੀਆਂ ਮੁੰਡਿਆਂ ਦੇ ਸਕੂਲ ਖੋਲ੍ਹ ਕੇ ਅਨਪੜ੍ਹਤਾ ਦੂਰ ਕਰੋ, ਤੇ ਲੋਕਾਂ ਨੂੰ ਧਰਮ ਦੀ ਸਹੀ ਸੂਝ ਦਿਉ।

ਅਉਤਰੈ = ਉਤਰਦੀ ਹੈ, ਜੰਮਦੀ ਹੈ। ਸਰਪਨਿ = ਸਪਣੀ। ਹੋਇ ਕੈ = ਬਣ ਕੇ। ਅਪੁਨੇ ਜਾਏ = ਆਪਣੇ ਜੰਮੇ ਹੋਏ ਬੱਚੇ। ਖਾਇ = ਖਾਂਦੀ ਹੈ।

ਅਰਥ: ਹੇ ਕਬੀਰ! ਪਰਮਾਤਮਾ ਦੇ ਸਿਮਰਨ ਤੋਂ ਵਾਂਜੀ ਰਹਿਣ ਕਰਕੇ ਹੀ, (ਕੋਈ ਔਤਰੀ ਜਾਹਲ ਜ਼ਨਾਨੀ) ਰਾਤ ਨੂੰ ਮਸਾਣ ਜਗਾਣ ਲਈ (ਮਸਾਣ-ਭੂਮੀ ਵਿਚ) ਜਾਂਦੀ ਹੈ। (ਪਰ ਮੰਦੇ ਕੰਮਾਂ ਤੋਂ ਸੁਖ ਕਿੱਥੇ? ਅਜੇਹੀ ਤ੍ਰੀਮਤ ਮਨੁੱਖਾ ਜਨਮ ਹੱਥੋਂ ਗਵਾਣ ਪਿਛੋਂ) ਸੱਪਣੀ ਬਣ ਕੇ ਜੰਮਦੀ ਹੈ, ਤੇ ਆਪਣੇ ਹੀ ਬੱਚੇ ਖਾਂਦੀ ਹੈ ।107।

ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਅਹੋਈ ਰਾਖੈ ਨਾਰਿ ॥ ਗਦਹੀ ਹੋਇ ਕੈ ਅਉਤਰੈ ਭਾਰੁ ਸਹੈ ਮਨ ਚਾਰਿ ॥੧੦੮॥ {ਪੰਨਾ 1370}

ਪਦ ਅਰਥ: ਨੋਟ: ਇਕ ਅਨ-ਪੜ੍ਹਤਾ; ਦੂਜਾ ਪਰਮਾਤਮਾ ਨੂੰ ਛੱਡ ਕੇ ਹੋਰ ਹੋਰ ਦੇਵੀ-ਦੇਵਤਿਆਂ ਮੜ੍ਹੀ-ਮਸਾਣਾਂ ਦੀ ਪੂਜਾ ਤੇ ਕਈ ਕਿਸਮ ਦੇ ਵਰਤਾਂ ਨੇ ਭਾਰਤ ਦੀ ਇਸਤ੍ਰੀ-ਜਾਤੀ ਨੂੰ ਨਕਾਰਾ ਕਰ ਦਿੱਤਾ ਹੋਇਆ ਹੈ। ਚੇਤਰ ਵਿਚ ਤੇ ਕੱਤਕ ਵਿਚ ਇਹਨਾਂ ਵਰਤਾਂ ਦੀ ਭਰਮਾਰ ਹੁੰਦੀ ਹੈ: ਕਰਵਾ ਚੌਥ, ਮਹਾਂ ਲੱਖਮੀ, ਨੌਰਾਤ੍ਰੇ, ਆਦਿਕ ਕਈ ਵਰਤ ਹਨ, ਜਿਨ੍ਹਾਂ ਦੀ ਰਾਹੀਂ ਹਿੰਦੂ ਔਰਤ ਕਈ ਤਰ੍ਹਾਂ ਦੀਆਂ ਸੁੱਖਣਾਂ ਸੁੱਖਦੀ ਰਹਿੰਦੀ ਹੈ। ਗੁਰੂ ਨਾਨਕ ਪਾਤਿਸ਼ਾਹ ਨੇ ਸਿਖ-ਇਸਤ੍ਰੀ ਨੂੰ ਇਸ ਜਹਾਲਤ-ਭਰੀ ਗ਼ੁਲਾਮੀ ਵਿਚੋਂ ਕੱਢਣ ਦੀ ਕੋਸ਼ਿਸ਼ ਕੀਤੀ ਸੀ, ਪਰ ਜਦ ਤਕ ਦੇਸ਼ ਵਿਚ ਅਨ-ਪੜ੍ਹਤਾ ਹੈ, ਔਰਤਾਂ ਤਾਂ ਕਿਤੇ ਰਹੀਆਂ ਮਨੁੱਖ ਭੀ ਝੱਲੇ ਹੋਏ ਫਿਰਦੇ ਹਨ। ਸਿੱਖ-ਮਰਦ ਗੁਰਪੁਰਬ ਭੁਲਾ ਕੇ ਮੱਸਿਆ ਪੁੰਨਿਆਂ ਸੰਗ੍ਰਾਂਦਾਂ ਮਨਾਂਦੇ ਫਿਰਦੇ ਹਨ, ਜ਼ਨਾਨੀਆਂ ਕਰਵਾ ਚੌਥ ਦੇ ਵਰਤ ਰੱਖ ਕੇ ਖਸਮਾਂ ਦੇ ਸਗਨ ਮਨਾ ਰਹੀਆਂ ਹਨ।

ਅਹੋਈ = ਕੱਤਕ ਦੇ ਮਹੀਨੇ ਸੀਤਲਾ ਦੇਵੀ ਦੀ ਪੂਜਾ ਤੇ ਵਰਤ। ਦੇਵੀ ਦੇਵਤਿਆਂ ਦੀ ਖ਼ਾਸ ਖ਼ਾਸ ਸਵਾਰੀ ਮੰਨੀ ਗਈ ਹੋਈ ਹੈ; ਜਿਵੇਂ ਗਣੇਸ਼ ਦੀ ਸਵਾਰੀ ਚੂਹਾ, ਬ੍ਰਹਮਾ ਦੀ ਸਵਾਰੀ ਹੰਸ, ਸ਼ਿਵ ਦੀ ਸਵਾਰੀ ਚਿੱਟਾ ਬਲਦ, ਦੁਰਗਾ ਦੀ ਸਵਾਰੀ ਸ਼ੇਰ; ਇਸੇ ਤਰ੍ਹਾਂ ਸੀਤਲਾ ਦੀ ਸਵਾਰੀ ਖੋਤਾ।

ਗਦਹੀ = ਗਧੀ, ਖੋਤੀ। ਮਨ ਚਾਰਿ = ਚਾਰ ਮਣ।

ਅਰਥ: ਹੇ ਕਬੀਰ! ("ਰਾਮੁ ਨ ਛੋਡੀਐ, ਤਨੁ ਧਨੁ ਜਾਇ ਤ ਜਾਉ" ਨਹੀਂ ਤਾਂ) ਰਾਮ-ਨਾਮ ਛੱਡਣ ਦਾ ਹੀ ਇਹ ਨਤੀਜਾ ਹੈ ਕਿ (ਮੂਰਖ) ਇਸਤ੍ਰੀ ਸੀਤਲਾ ਦੀ ਵਰਤ ਰੱਖਦੀ ਫਿਰਦੀ ਹੈ। (ਤੇ, ਜੇ ਭਲਾ ਸੀਤਲਾ ਉਸ ਨਾਲ ਬੜਾ ਹੀ ਪਿਆਰ ਕਰੇਗੀ ਤਾਂ ਉਸ ਨੂੰ ਹਰ ਵੇਲੇ ਆਪਣੇ ਪਾਸ ਰੱਖਣ ਲਈ ਆਪਣੀ ਸਵਾਰੀ ਖੋਤੀ ਬਣਾ ਲਏਗੀ) ਸੋ, ਉਹ ਮੂਰਖ ਇਸਤ੍ਰੀ ਖੋਤੀ ਦੀ ਜੂਨੇ ਪੈਂਦੀ ਹੈ ਤੇ (ਹੋਰ ਖੋਤੇ ਖੋਤੀਆਂ ਵਾਂਗ ਛੱਟਾ ਆਦਿਕ ਦਾ) ਚਾਰ ਮਣ ਭਾਰ ਢੋਂਦੀ ਹੈ ।108।

ਕਬੀਰ ਚਤੁਰਾਈ ਅਤਿ ਘਨੀ ਹਰਿ ਜਪਿ ਹਿਰਦੈ ਮਾਹਿ ॥ ਸੂਰੀ ਊਪਰਿ ਖੇਲਨਾ ਗਿਰੈ ਤ ਠਾਹਰ ਨਾਹਿ ॥੧੦੯॥ {ਪੰਨਾ 1370}

ਨੋਟ: ਪ੍ਰਭੂ-ਚਰਨਾਂ ਤੋਂ ਵਿਛੁੜੇ ਮਨੁੱਖ ਨੂੰ ਜਗਤ ਦੇ ਕਈ ਸਹਿਮ ਘੇਰਾ ਪਾਈ ਰੱਖਦੇ ਹਨ-ਦੁਖ-ਕਲੇਸ਼, ਰੋਗ, ਗਰੀਬੀ, ਲੋਕ-ਲਾਜ, ਈਰਖਾ-ਸਾੜੇ, ਕਈ ਕਿਸਮ ਦੀਆਂ ਮੁਥਾਜੀਆਂ ਆਦਿਕ। ਇਹਨਾਂ ਤੋਂ ਬਚਣ ਲਈ ਕਿਤੇ ਇਹ ਵਿਚਾਰਾ ਲੁਕਵੇਂ ਪਾਪ ਕਰਦਾ ਹੈ, ਕਿਤੇ ਸੰਤਾਨ ਦੀ ਖ਼ਾਤਰ ਮਸਾਣ ਜਗਾਏ ਜਾਂਦੇ ਹਨ, ਕਿਤੇ ਵਰਤ ਰੱਖੀਦੇ ਹਨ, ਕਿਤੇ ਤੀਰਥਾਂ ਵਲ ਦੌੜ-ਭੱਜ ਹੋ ਰਹੀ ਹੈ। ਫਿਰ ਭੀ ਸੁਖ ਨਹੀਂ ਹੈ, ਸਹਿਮ ਹੀ ਸਹਿਮ ਹੈ। ਇਹ ਸਾਰੀਆਂ ਸਿਆਣਪਾਂ ਅਕਾਰਥ ਜਾ ਰਹੀਆਂ ਹਨ।

ਇਹਨਾਂ ਦਾ ਇਲਾਜ ਇਕੋ ਹੀ ਹੈ। ਪ੍ਰਭੂ ਤੋਂ ਵਿਛੋੜੇ ਦੇ ਕਾਰਨ ਇਹ ਦੁੱਖ ਹਨ। ਸਿਰਫ਼ ਵਿਛੋੜਾ ਦੂਰ ਕਰਨਾ ਹੈ, ਪ੍ਰਭੂ ਦੇ ਚਰਨਾਂ ਵਿਚ ਜੁੜਨਾ ਹੈ। ਪਰ ਨਿਰਾ 'ਰਾਮ ਰਾਮ' ਆਖਣ ਨੂੰ ਸਿਮਰਨ ਨਹੀਂ ਕਹੀਦਾ। ਇਸ ਦਾਰੂ ਦੇ ਨਾਲ ਕਈ ਪਰਹੇਜ਼ ਭੀ ਹਨ-ਚਸਕੇ, ਸਰੀਰਕ ਮੋਹ, ਜਾਤੀ-ਅਭਿਮਾਨ, ਪਰਾਈ ਨਿੰਦਾ, ਕੁਸੰਗ, ਵਰਤ ਆਦਿਕਾਂ ਦੇ ਭਰਮ, ਸੰਗ੍ਰਾਂਦ-ਮੱਸਿਆ ਦੀ ਭਟਕਣਾ, ਨੱਕ-ਨਮੂਜ ਦੀ ਖ਼ਾਤਰ ਕੀਤੀਆਂ ਜਾ ਰਹੀਆਂ ਵਿਅਰਥ ਰਸਮਾਂ-ਅਜੇਹੇ ਕਈ ਕੰਮ ਹਨ ਜੋ ਜਦ ਤਕ ਛੱਡੇ ਨਾਹ ਜਾਣ, ਸਿਮਰਨ ਆਪਣਾ ਜੌਹਰ ਵਿਖਾ ਨਹੀਂ ਸਕਦਾ। ਪਰ ਇਹਨਾਂ ਦਾ ਤਿਆਗ ਕੋਈ ਸੌਖੀ ਖੇਡ ਨਹੀਂ; ਕਿਤੇ ਆਪਣਾ ਹੀ ਵਿਗੜਿਆ ਹੋਇਆ ਮਨ ਵਰਜਦਾ ਹੈ ਕਿਤੇ ਲੋਕ-ਲਾਜ ਵਰਜਦੀ ਹੈ। ਸੋ, ਸਿਮਰਨ ਕਰਨਾ ਇਕ ਬੜੀ ਔਖੀ ਖੇਡ ਹੈ, ਸੂਲੀ ਉਤੇ ਚੜ੍ਹਨ ਸਮਾਨ ਹੈ। ਪਰ, ਸਿਮਰਨ ਤੋਂ ਬਿਨਾਂ ਹੋਰ ਕੋਈ ਰਸਤਾ ਭੀ ਨਹੀਂ ਹੈ ਜਿਸ ਤੇ ਤੁਰ ਕੇ ਮਨੁੱਖਤਾ ਦੀ ਚੋਟੀ ਉਤੇ ਅੱਪੜਿਆ ਜਾ ਸਕੇ।

ਪਦ ਅਰਥ: ਠਾਹਰ = ਥਾਂ, ਆਸਰਾ।

ਅਰਥ: ਹੇ ਕਬੀਰ! (ਦੁਨੀਆ ਦੇ ਸਹਿਮਾਂ ਭਰਮਾਂ-ਵਹਿਮਾਂ ਤੋਂ ਬਚਣ ਲਈ) ਸਭ ਤੋਂ ਵੱਡੀ ਸਿਆਣਪ ਇਹੀ ਹੈ ਕਿ ਪਰਮਾਤਮਾ ਦਾ ਨਾਮ ਹਿਰਦੇ ਵਿਚ ਹੀ ਯਾਦ ਕਰ। (ਪਰ) ਇਹ ਸਿਮਰਨ ਕਰਨਾ ਕੋਈ ਸੌਖੀ ਕਾਰ ਨਹੀਂ ਹੈ; (ਜਾਤਿ-ਅਭਿਮਾਨ, ਨਿੰਦਾ, ਕੁਸੰਗ; ਚਸਕੇ, ਵਰਤ ਆਦਿਕ ਭਰਮ ਛੱਡਣੇ ਪੈਂਦੇ ਹਨ; ਸੋ,) ਪ੍ਰਭੂ ਦਾ ਸਿਮਰਨ ਸੂਲੀ ਉਤੇ ਚੜ੍ਹਨ ਸਮਾਨ ਹੈ, ਇਸ ਸੂਲੀ ਤੋਂ ਡਿਗਿਆਂ ਹੀ (ਭਾਵ, ਸਿਮਰਨ ਦੀ ਇਹ ਅੱਤ ਔਖੀ ਕਾਰ ਛੱਡਿਆਂ ਭੀ) ਨਹੀਂ ਬਣ ਆਉਂਦੀ, ਕਿਉਂਕਿ ਸਿਮਰਨ ਤੋਂ ਬਿਨਾਂ (ਦੁਨੀਆ ਦੇ ਦੁੱਖ-ਕਲੇਸ਼ਾਂ ਤੇ ਸਹਿਮਾਂ ਤੋਂ ਬਚਣ ਲਈ) ਹੋਰ ਕੋਈ ਆਸਰਾ ਭੀ ਨਹੀਂ ਹੈ ।109।

ਕਬੀਰ ਸੋੁਈ ਮੁਖੁ ਧੰਨਿ ਹੈ ਜਾ ਮੁਖਿ ਕਹੀਐ ਰਾਮੁ ॥ ਦੇਹੀ ਕਿਸ ਕੀ ਬਾਪੁਰੀ ਪਵਿਤ੍ਰੁ ਹੋਇਗੋ ਗ੍ਰਾਮੁ ॥੧੧੦॥ {ਪੰਨਾ 1370}

ਪਦ ਅਰਥ: ਸੋੁਈ = (ਅੱਖਰ 'ਸ' ਦੇ ਨਾਲ ਦੋ ਲਗਾਂ ਹਨ (ੋ) ਅਤੇ (ੁ) । ਅਸਲੀ ਲਫ਼ਜ਼ 'ਸੋਈ' ਹੈ, ਇਥੇ ਸ਼ਲੋਕ ਦੀ ਚਾਲ ਪੂਰੀ ਰੱਖਣ ਲਈ ਇਸ ਨੂੰ 'ਸੁਈ' ਪੜ੍ਹਨਾ ਹੈ। (ੋ) ਦੀਆਂ ਦੋ ਮਾਤ੍ਰਾਂ ਹੁੰਦੀਆਂ ਹਨ, ਇਥੇ ਇਕ ਮਾਤ੍ਰਾ ਘਟਾ ਕੇ ਇਸ ਨੂੰ (ੁ) ਪੜ੍ਹਨਾ ਹੈ) । ਧੰਨਿ = ਭਾਗਾਂ ਵਾਲਾ। ਦੇਹੀ = ਸਰੀਰ। ਬਾਪੁਰੀ = ਵਿਚਾਰੀ। ਗ੍ਰਾਮੁ = ਪਿੰਡ।

ਅਰਥ: (ਇਸ ਵਾਸਤੇ) ਹੇ ਕਬੀਰ! ਉਹੀ ਮੂੰਹ ਭਾਗਾਂ ਵਾਲਾ ਹੈ ਜਿਸ ਮੂੰਹ ਨਾਲ ਰਾਮ ਦਾ ਨਾਮ ਉਚਾਰਿਆ ਜਾਂਦਾ ਹੈ। ਉਸ ਸਰੀਰ ਵਿਚਾਰੇ ਦੀ ਕੀਹ ਗੱਲ ਹੈ? (ਉਸ ਸਰੀਰ ਦਾ ਪਵਿੱਤ੍ਰ ਹੋਣਾ ਤਾਂ ਇਕ ਨਿੱਕੀ ਜਿਹੀ ਗੱਲ ਹੈ, ਨਿਰਾ ਉਹ ਸਰੀਰ ਤਾਂ ਕਿਤੇ ਰਿਹਾ,) ਉਹ ਸਾਰਾ ਪਿੰਡ ਹੀ ਪਵਿੱਤ੍ਰ ਹੋ ਜਾਂਦਾ ਹੈ। ਜਿਥੇ ਰਹਿੰਦਾ ਹੋਇਆ ਮਨੁੱਖ ਨਾਮ ਸਿਮਰਦਾ ਹੈ ।110।

ਕਬੀਰ ਸੋਈ ਕੁਲ ਭਲੀ ਜਾ ਕੁਲ ਹਰਿ ਕੋ ਦਾਸੁ ॥ ਜਿਹ ਕੁਲ ਦਾਸੁ ਨ ਊਪਜੈ ਸੋ ਕੁਲ ਢਾਕੁ ਪਲਾਸੁ ॥੧੧੧॥ {ਪੰਨਾ 1370}

ਪਦ ਅਰਥ: ਊਪਜੈ = (Skt. जन्, with उप, ਉਪਜਨ = to become visible, to appear, to grow ਪਰਗਟ ਹੋਣਾ, ਬਣਨਾ) ਪਰਗਟ ਹੋਣਾ।

ਅਰਥ: ਹੇ ਕਬੀਰ! ਜਿਸ ਕੁਲ ਵਿਚ ਪਰਮਾਤਮਾ ਦਾ ਸਿਮਰਨ ਕਰਨ ਵਾਲਾ ਭਗਤ ਪਰਗਟ ਹੋ ਪਏ, ਉਹੀ ਕੁਲ ਸੁਲੱਖਣੀ ਹੈ। ਜਿਸ ਕੁਲ ਵਿਚ ਪ੍ਰਭੂ ਦੀ ਭਗਤੀ ਕਰਨ ਵਾਲਾ ਬੰਦਾ ਨਹੀਂ ਪਰਗਟਦਾ, ਉਹ ਕੁਲ ਢਾਕ ਪਲਾਹ (ਆਦਿਕ ਨਿਕੰਮੇ ਰੁੱਖਾਂ ਵਰਗੀ ਅਫਲ ਜਾਣੋ) ।111।

ਕਬੀਰ ਹੈ ਗਇ ਬਾਹਨ ਸਘਨ ਘਨ ਲਾਖ ਧਜਾ ਫਹਰਾਹਿ ॥ ਇਆ ਸੁਖ ਤੇ ਭਿਖ੍ਯ੍ਯਾ ਭਲੀ ਜਉ ਹਰਿ ਸਿਮਰਤ ਦਿਨ ਜਾਹਿ ॥੧੧੨॥ {ਪੰਨਾ 1370}

ਪਦ ਅਰਥ: ਹੈ– ਹਯ, ਘੋੜੇ। ਗਇ = ਗੈ, ਗਯ, ਗਜ, ਹਾਥੀ। ਬਾਹਨ– ਸਵਾਰੀ (ਕਰਨ ਲਈ) । ਸਘਨ ਘਨ = ਬੇਅੰਤ। ਧਜਾ = ਝੰਡੇ। ਫਹਰਾਹਿ = ਹਵਾ ਵਿਚ ਝੂਲਣ, ਲਹਿਰਾਉਣ। ਭਿਖ੍ਯ੍ਯਾ = ਫ਼ਕੀਰਾਂ ਸਾਧੂਆਂ ਦਾ ਗ੍ਰਿਹਸਤੀ ਦੇ ਦਰ ਤੋਂ ਮੰਗਿਆ ਹੋਇਆ ਅੰਨ। (ਅੱਖਰ 'ਖ' ਦੇ ਹੇਠ ਅੱਧਾ 'ਯ' ਹੈ) । ਜਉ = ਜੇ। ਜਾਹਿ = ਗੁਜ਼ਰਨ। ਤੇ = ਤੋਂ, ਨਾਲੋਂ।

ਨੋਟ: ਅਜੇ "ਹਰਿ ਕਾ ਸਿਮਰਨੁ ਛਾਡਿ ਕੈ" ਵਾਲਾ ਖ਼ਿਆਲ ਤੁਰਿਆ ਆ ਰਿਹਾ ਹੈ।

ਅਰਥ: ਹੇ ਕਬੀਰ! ਜੇ ਸਵਾਰੀ ਕਰਨ ਲਈ ਬੇਅੰਤ ਘੋੜੇ ਤੇ ਹਾਥੀ ਹੋਣ, ਜੇ (ਮਹੱਲਾਂ ਉਤੇ) ਲੱਖਾਂ ਝੰਡੇ ਝੂਲਦੇ ਹੋਣ (ਇਤਨਾ ਤੇਜ-ਪ੍ਰਤਾਪ ਭੀ ਹੋਵੇ, ਪਰ ਪਰਮਾਤਮਾ ਦੇ ਨਾਮ ਤੋਂ ਖੁੰਝੇ ਰਹਿ ਕੇ ਇਹ ਰਾਜ-ਭਾਗ ਕਿਸੇ ਕੰਮ ਦਾ ਨਹੀਂ ਹੈ) । ਜੇ ਪਰਮਾਤਮਾ ਦਾ ਸਿਮਰਨ ਕਰਦਿਆਂ (ਜ਼ਿੰਦਗੀ ਦੇ) ਦਿਨ ਗੁਜ਼ਰਨ ਤਾਂ ਉਸ (ਸਿਮਰਨ-ਹੀਣ ਰਾਜ-ਭਾਗ ਦੇ) ਸੁਖ ਨਾਲੋਂ ਉਹ ਟੁੱਕਰ ਚੰਗਾ ਹੈ ਜੋ ਲੋਕਾਂ ਦੇ ਦਰ ਤੋਂ ਮੰਗ ਕੇ ਮੰਗਤੇ ਫ਼ਕੀਰ ਖਾਂਦੇ ਹਨ ।112।

ਕਬੀਰ ਸਭੁ ਜਗੁ ਹਉ ਫਿਰਿਓ ਮਾਂਦਲੁ ਕੰਧ ਚਢਾਇ ॥ ਕੋਈ ਕਾਹੂ ਕੋ ਨਹੀ ਸਭ ਦੇਖੀ ਠੋਕਿ ਬਜਾਇ ॥੧੧੩॥ {ਪੰਨਾ 1370}

ਪਦ ਅਰਥ: ਮਾਂਦਲੁ = ਢੋਲ। ਕੰਧ = ਮੋਢਿਆਂ ਉਤੇ। ਚਢਾਇ = ਰੱਖ ਕੇ। ਕਾਹੂ ਕੋ = ਕਿਸੇ ਦਾ। ਸਭ = ਸਾਰੀ (ਸ੍ਰਿਸ਼ਟੀ) । ਠੋਕਿ ਬਜਾਇ = ਚੰਗੀ ਤਰ੍ਹਾਂ ਪਰਖ ਕੇ।

ਨੋਟ: ਉਹੀ ਖ਼ਿਆਲ ਚਲਿਆ ਆ ਰਿਹਾ ਹੈ।

ਅਰਥ: ਹੇ ਕਬੀਰ! ਢੋਲ ਮੋਢਿਆਂ ਤੇ ਰੱਖ ਕੇ ਮੈਂ (ਵਜਾਂਦਾ ਫਿਰਿਆ ਹਾਂ ਤੇ) ਸਾਰਾ ਜਗਤ ਗਾਹਿਆ ਹੈ (ਮੈਂ ਪੁੱਛਦਾ ਫਿਰਿਆ ਹਾਂ ਕਿ ਦੱਸੋ, ਭਾਈ! ਇਸ ਰਾਜ-ਭਾਗ, ਮਹਲ-ਮਾੜੀਆਂ, ਸਾਕ-ਸੰਬੰਧੀ ਵਿਚੋਂ ਕੋਈ ਤੋੜ ਨਿਭਣ ਵਾਲਾ ਸਾਥੀ ਭੀ ਕਿਸੇ ਨੇ ਵੇਖਿਆ ਹੈ, ਪਰ ਕਿਸੇ ਨੇ ਹਾਮੀ ਨਹੀਂ ਭਰੀ; ਸੋ,) ਸਾਰੀ ਸ੍ਰਿਸ਼ਟੀ ਮੈਂ ਚੰਗੀ ਤਰ੍ਹਾਂ ਪਰਖ ਕੇ ਵੇਖ ਲਈ ਹੈ ਕੋਈ ਭੀ ਕਿਸੇ ਦਾ (ਤੋੜ ਨਿਭਣ ਵਾਲਾ ਸਾਥੀ) ਨਹੀਂ ਹੈ (ਅਸਲ ਸਾਥੀ ਸਿਰਫ਼ ਪਰਮਾਤਮਾ ਦਾ ਨਾਮ ਹੈ, ਇਸ ਵਾਸਤੇ 'ਰਾਮੁ ਨ ਛੋਡੀਐ, ਤਨੁ ਧਨੁ ਜਾਇ ਤ ਜਾਉ') ।113।

ਮਾਰਗਿ ਮੋਤੀ ਬੀਥਰੇ ਅੰਧਾ ਨਿਕਸਿਓ ਆਇ ॥ ਜੋਤਿ ਬਿਨਾ ਜਗਦੀਸ ਕੀ ਜਗਤੁ ਉਲੰਘੇ ਜਾਇ ॥੧੧੪॥ {ਪੰਨਾ 1370}

ਪਦ ਅਰਥ: ਮਾਰਗਿ = ਰਸਤੇ ਵਿਚ। ਬੀਥਰੇ = ਖਿੱਲਰੇ ਹੋਏ ਹਨ। ਨਿਕਸਿਓ ਆਇ = ਸਬਬ ਨਾਲ ਆ ਅੱਪੜਿਆ ਹੈ। ਜੋਤਿ = ਚਾਨਣ। ਜਗਦੀਸ = ਜਗਤ+ਈਸ, ਜਗਤ ਦਾ ਮਾਲਕ ਪ੍ਰਭੂ। ਉਲੰਘੇ ਜਾਇ = ਉਲੰਘਦਾ ਜਾ ਰਿਹਾ ਹੈ, (ਉਹਨਾਂ ਮੋਤੀਆਂ ਨੂੰ) ਪੈਰਾਂ ਹੇਠ ਲਤਾੜਦਾ ਜਾ ਰਿਹਾ ਹੈ।

ਅਰਥ: (ਪਰਮਾਤਮਾ ਦੇ ਗੁਣ, ਮਾਨੋ) ਮੋਤੀ (ਹਨ ਜੋ ਇਨਸਾਨੀ ਜ਼ਿੰਦਗੀ ਦੇ ਸਫ਼ਰ ਦੇ) ਰਸਤੇ ਵਿਚ ਖਿੱਲਰੇ ਹੋਏ ਹਨ (ਭਾਵ, ਇਹ ਮੋਤੀ ਲੈਣ ਵਾਸਤੇ ਕੋਈ ਧਨ-ਪਦਾਰਥ ਨਹੀਂ ਖਰਚਣਾ ਪੈਂਦਾ; ਪਰ ਇਥੇ ਗਿਆਨ-ਹੀਣ) ਅੰਨ੍ਹਾ ਮਨੁੱਖ ਆ ਅੱਪੜਿਆ ਹੈ। ਪਰਮਾਤਮਾ ਦੀ ਬਖ਼ਸ਼ੀ ਹੋਈ (ਗਿਆਨ ਦੀ) ਜੋਤਿ ਤੋਂ ਬਿਨਾਂ ਜਗਤ ਇਹਨਾਂ ਮੋਤੀਆਂ ਨੂੰ ਪੈਰਾਂ ਹੇਠ ਲਤਾੜਦਾ ਤੁਰਿਆ ਜਾ ਰਿਹਾ ਹੈ (ਮਨੁੱਖ ਨੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਦੀ ਕਦਰ ਨਹੀਂ ਪੈਂਦੀ, ਪ੍ਰਭੂ ਆਪ ਹੀ ਮੇਹਰ ਕਰੇ ਤਾਂ ਇਹ ਜੀਵ ਗੁਣ ਗਾ ਸਕਦਾ ਹੈ) ।114।

ਬੂਡਾ ਬੰਸੁ ਕਬੀਰ ਕਾ ਉਪਜਿਓ ਪੂਤੁ ਕਮਾਲੁ ॥ ਹਰਿ ਕਾ ਸਿਮਰਨੁ ਛਾਡਿ ਕੈ ਘਰਿ ਲੇ ਆਯਾ ਮਾਲੁ ॥੧੧੫॥ {ਪੰਨਾ 1370}

ਨੋਟ: ਸ਼ਲੋਕ ਨੰ: 107, 108 ਪੜ੍ਹ ਕੇ ਵੇਖੋ, ਅਜੇ ਉਹੀ ਖ਼ਿਆਲ ਤੁਰਿਆ ਆ ਰਿਹਾ ਹੈ, ਅਜੇ ਉਹੀ ਲਫ਼ਜ਼ 'ਹਰਿ ਕਾ ਸਿਮਰਨੁ ਛਾਡਿ ਕੈ' ਵਰਤੇ ਜਾ ਰਹੇ ਹਨ। ਸ਼ਲੋਕ ਨੰ: 112, 113 ਵਿਚ ਭੀ ਉਹੀ ਗੱਲ ਆਖੀ ਹੈ ਕਿ ਸਿਮਰਨ ਤੋਂ ਵਾਂਜੇ ਰਹਿ ਕੇ ਇਹ ਰਾਜ-ਭਾਗ ਭੀ ਵਿਅਰਥ। ਹੁਣ ਵਾਲਾ ਸ਼ਲੋਕ ਭੀ ਉਸੇ ਸਿਲਸਿਲੇ ਵਿਚ ਹੈ।

ਨੋਟ: ਕਬੀਰ ਜੀ ਦੀ ਬਹੁਤ ਸਾਰੀ ਬਾਣੀ ਐਸੀ ਹੈ ਜਿਸ ਵਿਚ ਡੂੰਘੀਆਂ ਰਮਜ਼ਾਂ ਹਨ। ਪਰ ਅਸਾਡੇ ਕਈ ਟੀਕਾਕਾਰ ਇਹਨਾਂ ਔਖੀਆਂ ਘਾਟੀਆਂ ਨੂੰ ਕਹਾਣੀਆਂ ਘੜ ਘੜ ਕੇ ਲੰਘਦੇ ਆਏ ਹਨ। ਕਹਾਣੀਆਂ ਘੜਨ ਵੇਲੇ ਕਈ ਵਾਰੀ ਇਸ ਗੱਲ ਦਾ ਭੀ ਖ਼ਿਆਲ ਨਹੀਂ ਰਿਹਾ ਕਿ ਇਸ ਕਹਾਣੀ ਦੀ ਟੇਕ ਤੇ ਕੀਤੇ ਹੋਏ ਅਰਥ ਅਸਾਡੇ ਮੌਜੂਦਾ ਇਨਸਾਨੀ ਜੀਵਨ ਨਾਲ ਮੇਲ ਖਾਂਦੇ ਹਨ ਜਾਂ ਨਹੀਂ। ਕਬੀਰ ਦਾ ਆਪਣਾ ਵਹੁਟੀ ਲੋਈ ਨਾਲ ਗੁੱਸੇ ਹੋ ਜਾਣਾ, ਨਾਮਦੇਵ ਦਾ ਮੁਗ਼ਲ ਨੂੰ ਰੱਬ ਆਖਣਾ-ਅਜੇਹੀਆਂ ਕਈ ਬੇ-ਥਵੀਆਂ ਕਥਾ-ਕਹਾਣੀਆਂ ਐਸ ਵੇਲੇ ਸਿੱਖ ਪ੍ਰਚਾਰਕ ਸੁਣਾ ਦੇਂਦੇ ਹਨ, ਜੋ ਅਸਲ ਵਿਚ ਸਿੱਖ ਧਰਮ ਦੇ ਹੀ ਆਸ਼ੇ ਦੇ ਬਿਲਕੁਲ ਵਿਰੁੱਧ ਜਾਂਦੀਆਂ ਹਨ।

ਪਰ ਇਸ ਮੌਜੂਦਾ ਸ਼ਲੋਕ ਵਿਚ ਤਾਂ ਕਬੀਰ ਜੀ ਨਾਲ ਇਕ ਬੇ-ਇਨਸਾਫ਼ੀ ਭੀ ਕੀਤੀ ਗਈ ਹੈ। ਆਪਣੇ ਕੱਚੇ ਤੇ ਕਮਜ਼ੋਰ ਅਰਥਾਂ ਦੀ ਪਕਿਆਈ ਦੀ ਖ਼ਾਤਰ ਕਹਾਣੀਆਂ ਘੜਨ ਵਾਲਿਆਂ ਨੇ ਇਹ ਅੰਦਾਜ਼ਾ ਲਾਇਆ ਹੈ ਕਿ ਕਬੀਰ ਜੀ ਦਾ ਪੁਤ੍ਰ (ਜਿਸ ਦਾ ਨਾਮ ਇਹ ਲੋਕ 'ਕਮਾਲ' ਦੱਸ ਰਹੇ ਹਨ) ਕਿਸੇ ਲਾਲਚ ਵਿਚ ਫਸ ਕੇ ਕੁਝ 'ਮਾਲ' ਘਰ ਲੈ ਆਇਆ ਸੀ, ਤੇ ਕਬੀਰ ਜੀ ਨੇ ਉਸ ਦੀ ਇਸ ਕਰਤੂਤ ਦੀ ਨਿਖੇਧੀ ਇਸ ਸ਼ਲੋਕ ਵਿਚ ਕੀਤੀ ਹੈ। ਕੁਝ ਇਸੇ ਤਰ੍ਹਾਂ ਹੀ ਗਉੜੀ ਰਾਗ ਦੇ ਇਕ 'ਛੰਤ' ਵਿਚ ਲਫ਼ਜ਼ 'ਮੋਹਨ' ਵੇਖ ਕੇ ਕਹਾਣੀਆਂ ਘੜਨ ਵਾਲਿਆਂ ਨੇ ਬਾਬਾ ਮੋਹਨ ਦੀਆਂ ਸੈਂਚੀਆਂ ਦੀ ਕਹਾਣੀ ਗੁਰੂ ਅਰਜਨ ਸਾਹਿਬ ਦੇ ਨਾਲ ਜੋੜ ਦਿੱਤੀ (ਇਸ ਬਾਰੇ ਪੜ੍ਹੋ ਮੇਰੀ ਪੁਸਤਕ 'ਕੁਝ ਹੋਰ ਧਾਰਮਿਕ ਲੇਖ' ('ਗੁਰਬਾਣੀ ਤੇ ਇਤਿਹਾਸ ਬਾਰੇ') ਦੇ ਪਹਿਲੇ ਤਿੰਨ ਮਜ਼ਮੂਨ) । ਅਜੇਹੇ ਚੰਦਰੇ ਅੰਦਾਜ਼ੇ ਲਾਣੇ ਕਈ ਵਾਰੀ ਮਹਾ ਪੁਰਖਾਂ ਦੀ ਨਿਰਾਦਰੀ ਦੇ ਤੁੱਲ ਹੋ ਜਾਂਦੇ ਹਨ।

ਅਸੀਂ ਪਹਿਲਾਂ ਦੱਸ ਆਏ ਹਾਂ ਕਿ ਕਬੀਰ ਜੀ ਦੇ ਕਈ ਸ਼ਬਦ ਵੇਖਣ ਨੂੰ ਤਾਂ ਸਾਧਾਰਨ ਜਾਪਦੇ ਹਨ, ਪਰ ਉਹਨਾਂ ਵਿਚ ਬੜੀ ਡੂੰਘੀ ਰਮਜ਼ ਹੋਇਆ ਕਰਦੀ ਹੈ। ਮਿਸਾਲ ਦੇ ਤੌਰ ਤੇ,

(1) ਸੋਰਠਿ

. . ਘਸਿ ਕੁੰਕਮ ਚੰਦਨੁ ਗਾਰਿਆ ॥

. . ਬਿਨੁ ਨੈਨਹੁ ਜਗਤੁ ਨਿਹਾਰਿਆ ॥

. . ਪੂਤਿ ਪਿਤਾ ਇਕੁ ਜਾਇਆ ॥

. . ਬਿਨੁ ਠਾਹਰ, ਨਗਰੁ ਬਸਾਇਆ ॥2॥6॥

ਇਸ ਦਾ ਅਰਥ:

ਪੂਤਿ-ਪੁੱਤਰ ਨੇ।

ਜਿਸ ਪੁੱਤ੍ਰ (ਜੀਵਾਤਮਾ) ਨੇ ਘਾਲ ਕਮਾਈ ਕਰ ਕੇ ਆਪਣੀ ਜਿੰਦ ਨੂੰ ਪ੍ਰਭੂ ਵਿਚ ਮਿਲਾ ਦਿੱਤਾ ਹੈ, ਉਸ ਨੇ ਆਪਣੀਆਂ ਅੱਖਾਂ ਨੂੰ ਜਗਤ-ਤਮਾਸ਼ੇ ਵਲੋਂ ਹਟਾ ਕੇ ਜਗਤ (ਦੀ ਅਸਲੀਅਤ) ਨੂੰ ਵੇਖ ਲਿਆ ਹੈ; ਪਹਿਲਾਂ ਉਹ ਸਦਾ ਬਾਹਰ ਭਟਕਦਾ ਸੀ, ਹੁਣ (ਉਸ ਨੇ ਆਪਣੇ ਅੰਦਰ, ਮਾਨੋ,) ਸ਼ਹਿਰ ਵਸਾ ਲਿਆ ਹੈ (ਭਾਵ, ਉਸ ਦੇ ਅੰਦਰ ਉਹ ਸੁੰਦਰ ਗੁਣ ਪੈਦਾ ਹੋ ਗਏ ਹਨ ਕਿ ਹੁਣ ਉਹ ਬਾਹਰ ਨਹੀਂ ਭਟਕਦਾ) ।2।

(2) ਬਸੰਤੁ

. . ਜੋਇ ਖਸਮੁ ਹੈ ਜਾਇਆ ॥ ਪੂਤਿ ਬਾਪੁ ਖੇਲਾਇਆ ॥

. . ਬਿਨੁ ਸ੍ਰਵਣਾ ਖੀਰੁ ਪਿਲਾਇਆ ॥1॥

. . ਦੇਖਹੁ ਲੋਗਾ ਕਲਿ ਕਾ ਭਾਉ ॥

. . ਸੁਤਿ ਮੁਕਲਾਈ ਅਪਨੀ ਮਾਉ ॥ਰਹਾਉ॥3॥

ਇਸ ਦਾ ਅਰਥ:

ਹੇ ਲੋਕੋ! ਵੇਖੋ, ਕਲਿਜੁਗ ਦਾ ਅਜਬ ਪ੍ਰਭਾਵ ਪੈ ਰਿਹਾ ਹੈ (ਭਾਵ, ਪ੍ਰਭੂ ਤੋਂ ਵਿਛੁੜਨ ਕਰਕੇ ਜੀਵ ਉਤੇ ਅਜਬ ਦਬਾ ਪੈ ਰਿਹਾ ਹੈ) ; ਮਨ-ਰੂਪ ਪੁੱਤ੍ਰ ਨੇ ਆਪਣੀ ਮਾਂ (-ਮਾਇਆ) ਨੂੰ ਵਿਆਹ ਲਿਆ ਹੈ। ਰਹਾਉ।

ਇਸਤ੍ਰੀ ਨੇ ਖਸਮ ਨੂੰ ਜਨਮ ਦਿੱਤਾ ਹੈ (ਭਾਵ, ਜਿਸ ਮਨ ਨੂੰ ਮਾਇਆ ਨੇ ਜਨਮ ਦਿੱਤਾ ਹੈ, ਉਹੀ ਇਸ ਨੂੰ ਭੋਗਣਹਾਰਾ ਬਣ ਜਾਂਦਾ ਹੈ, ਇਸ ਦਾ ਖਸਮ ਬਣ ਜਾਂਦਾ ਹੈ) ; ਮਨ-ਪੁੱਤ੍ਰ ਨੇ ਪਿਉ-ਜੀਵਾਤਮਾ ਨੂੰ ਖੇਡੇ ਲਾਇਆ ਹੋਇਆ ਹੈ; (ਇਹ ਮਨ) ਥਣਾਂ ਤੋਂ ਬਿਨਾਂ ਹੀ (ਜੀਵਾਤਮਾ ਨੂੰ) ਦੁੱਧ ਪਿਲਾ ਰਿਹਾ ਹੈ (ਭਾਵ, ਨਾਸਵੰਤ ਪਦਾਰਥਾਂ ਦੇ ਸੁਆਦ ਵਿਚ ਪਾ ਰਿਹਾ ਹੈ) ।1।

ਇਸੇ ਤਰ੍ਹਾਂ ਇਸ ਸ਼ਲੋਕ ਨੰ: 115 ਵਿਚ ਭੀ ਲਫ਼ਜ਼ 'ਪੂਤ' ਦਾ ਅਰਥ ਹੈ 'ਮਨ'।

ਪਦ ਅਰਥ: ਬੂਡਾ = ਡੁੱਬ ਗਿਆ (ਸਮਝੋ) । ਬੰਸੁ = ਖ਼ਾਨਦਾਨ, ਕੁਲ, (ਅੱਖਾਂ, ਕੰਨ, ਨੱਕ, ਆਦਿਕ ਸਾਰੇ ਗਿਆਨ-ਇੰਦ੍ਰੇ) ਟੱਬਰ। ਉਪਜਿਓ = (ਵੇਖੋ ਸ਼ਲੋਕ ਨੰ: 111) ਪਰਗਟ ਹੋ ਪਿਆ, ਇਸ ਹਾਲਤ ਤੇ ਅੱਪੜ ਗਿਆ। ਪੂਤੁ = ਪੁੱਤਰ, ਮਨ। ਕਮਾਲੁ = ਕਾਮਲ, ਲਾਇਕ, ਅਜਬ ਲਾਇਕ (ਭਾਵ, ਨਾਲਾਇਕ, ਮੂਰਖ) । ਘਰਿ = ਘਰ ਵਿਚ ਹਿਰਦੇ ਵਿਚ, ਆਪਣੇ ਅੰਦਰ। ਮਾਲੁ = ਧਨ, ਧਨ ਦੀ ਲਾਲਸਾ, ਮਾਇਆ ਦਾ ਮੋਹ (ਇਸ ਭਾਵ ਨੂੰ ਸਮਝਣ ਵਾਸਤੇ ਪੜ੍ਹੋ ਸ਼ਲੋਕ ਨੰ: 112 ਅਤੇ 113) ।

ਅਰਥ: ('ਹੈ ਗਇ ਬਾਹਨ ਸਘਨ ਘਨ' ਅਤੇ 'ਲਾਖ ਧਜਾ' ਵਿਚੋਂ 'ਕੋਈ ਕਾਹੂ ਕੋ ਨਹੀਂ'-ਇਹ ਗੱਲ ਮੈਂ ਡਿੱਠੀ 'ਡਿੱਠੀ ਟੋਕਿ ਬਜਾਇ', ਫਿਰ ਭੀ) ਜੇ ਮੇਰਾ ਮੂਰਖ ਮਨ ਅਜੇਹੀ (ਨੀਵੀਂ) ਅਵਸਥਾ ਤੇ ਆ ਅੱਪੜਿਆ ਹੈ ਕਿ ਪਰਮਾਤਮਾ ਦਾ ਸਿਮਰਨ ਛੱਡ ਕੇ ਆਪਣੇ ਅੰਦਰ ਮਾਇਆ ਦਾ ਮੋਹ ਵਸਾ ਰਿਹਾ ਹੈ ਤਾਂ ਮੈਂ ਕਬੀਰ ਦਾ ਸਾਰਾ ਹੀ ਟੱਬਰ (ਅੱਖਾਂ, ਕੰਨ, ਨੱਕ ਆਦਿਕ ਸਾਰੇ ਹੀ ਇੰਦ੍ਰਿਆਂ ਦਾ ਟੋਲਾ ਵਿਕਾਰਾਂ ਵਿਚ ਜ਼ਰੂਰ) ਡੁੱਬ ਗਿਆ ਜਾਣੋ ।115।

ਕਬੀਰ ਸਾਧੂ ਕਉ ਮਿਲਨੇ ਜਾਈਐ ਸਾਥਿ ਨ ਲੀਜੈ ਕੋਇ ॥ ਪਾਛੈ ਪਾਉ ਨ ਦੀਜੀਐ ਆਗੈ ਹੋਇ ਸੁ ਹੋਇ ॥੧੧੬॥ {ਪੰਨਾ 1370}

ਪਦ ਅਰਥ: ਸਾਧੂ = ਭਲਾ ਮਨੁੱਖ, ਜਿਸ ਨੇ ਆਪਣੇ ਮਨ ਨੂੰ ਸਾਧਿਆ ਹੋਇਆ ਹੈ, ਗੁਰਮੁਖਿ। ਆਗੈ = ਸਾਧੂ ਵਲ ਜਾਂਦਿਆਂ, ਕਿਸੇ ਗੁਰਮੁਖਿ ਦੇ ਸਨਮੁਖ ਰਹਿੰਦਿਆਂ। ਹੋਇ ਸੁ ਹੋਇ = ਜੇ ਕੋਈ ਔਖਿਆਈ ਭੀ ਹੋਵੇ ਤਾਂ ਪਈ ਹੋਵੇ।

ਅਰਥ: ਹੇ ਕਬੀਰ! ('ਰਾਮੁ ਨ ਛੋਡੀਐ, ਤਨੁ ਧਨੁ ਜਾਇ ਤ ਜਾਉ'; ਪਰ ਪ੍ਰਭੂ ਦਾ ਨਾਮ ਸਿਰਫ਼ ਉਨ੍ਹਾਂ ਤੋਂ ਮਿਲਦਾ ਹੈ ਜਿਨ੍ਹਾਂ ਆਪਣੇ ਮਨ ਨੂੰ ਸਾਧ ਕੇ ਰੱਖਿਆ ਹੋਇਆ ਹੈ, ਜੋ ਆਪ 'ਸਾਧੂ' ਹਨ; ਸੋ, 'ਸਾਧੂ' ਦੀ ਸੰਗਤਿ ਕਰਨੀ ਚਾਹੀਦੀ ਹੈ; ਪਰ) ਜੇ ਕਿਸੇ ਸਾਧੂ ਗੁਰਮੁਖਿ ਦੇ ਦਰਸ਼ਨ ਕਰਨ ਜਾਈਏ, ਤਾਂ ਕਿਸੇ ਨੂੰ ਆਪਣੇ ਨਾਲ ਨਹੀਂ ਲੈ ਜਾਣਾ ਚਾਹੀਦਾ (ਕੋਈ ਸਾਥ ਉਡੀਕਣਾ ਨਹੀਂ ਚਾਹੀਦਾ, ਜਾਣ ਵਾਸਤੇ ਕੋਈ ਆਸਰੇ ਨਹੀਂ ਢੂੰਡਣੇ ਚਾਹੀਦੇ, ਮਤਾਂ ਕੋਈ ਮਮਤਾ-ਬੱਧਾ ਸਾਥੀ ਢਿੱਲ-ਮੱਠ ਹੀ ਕਰਾ ਦੇਵੇ) । ਕਿਸੇ ਗੁਰਮੁਖਿ ਦਾ ਦੀਦਾਰ ਕਰਨ ਗਿਆਂ ਕਦੇ ਪੈਰ ਪਿਛਾਂਹ ਨਾਹ ਰੱਖੀਏ, (ਕਦੇ ਆਲਸ ਨਾਹ ਕਰੀਏ) ; ਸਗੋਂ ਉਧਰ ਜਾਂਦਿਆਂ ਜੇ ਕੋਈ ਔਖਿਆਈ ਭੀ ਆਵੇ ਤਾਂ ਪਈ ਆਵੇ ।116।

ਕਬੀਰ ਜਗੁ ਬਾਧਿਓ ਜਿਹ ਜੇਵਰੀ ਤਿਹ ਮਤ ਬੰਧਹੁ ਕਬੀਰ ॥ ਜੈਹਹਿ ਆਟਾ ਲੋਨ ਜਿਉ ਸੋਨ ਸਮਾਨਿ ਸਰੀਰੁ ॥੧੧੭॥ {ਪੰਨਾ 1370}

ਨੋਟ: ਕਿਸੇ ਸਾਧੂ ਗੁਰਮੁਖਿ ਦੀ ਸੰਗਤਿ ਵਿਚ ਜਾਣ ਲੱਗਿਆਂ ਕਿਉਂ ਕੋਈ ਸਾਥੀ ਨਹੀਂ ਉਡੀਕਣਾ-ਇਹ ਗੱਲ ਇਸ ਸ਼ਲੋਕ ਵਿਚ ਸਮਝਾਈ ਹੈ ਕਿ ਆਮ ਤੌਰ ਤੇ ਹਰੇਕ ਜੀਵ ਮਮਤਾ ਵਿਚ ਬੱਝਾ ਪਿਆ ਹੈ, ਆਸਰੇ ਤੱਕਦਿਆਂ ਮਤਾਂ ਮਮਤਾ ਬੱਝੇ ਸਾਥੀ ਦੀ ਪ੍ਰੇਰਨਾ ਵਿਚ ਹੀ ਆ ਜਾਵੀਏ।

ਪਦ ਅਰਥ: ਜਿਹ ਜਵੇਰੀ = ਜਿਸ ਰੱਸੀ ਨਾਲ, ਮਮਤਾ ਦੀ ਜਿਸ ਰੱਸੀ ਨਾਲ; ਮਾਇਆ = ਮੋਹ ਦੀ ਰੱਸੀ ਨਾਲ। ਤਿਹ = ਉਸ ਰੱਸੀ ਨਾਲ। ਮਤ ਬੰਧਹੁ = ਨਾਹ ਬੱਝ ਜਾਈਂ। ਜੈ ਹਹਿ = ਤਬਾਹ ਹੋ ਜਾਹਿਂਗਾ। ਆਟਾ ਲੋਨ ਜਿਉ = ਆਟੇ ਲੂਣ ਵਾਂਗ, ਸਸਤੇ ਭਾ। ਸੋਨ ਸਮਾਨਿ = ਸੋਨੇ ਵਰਗਾ, ਬਹੁ ਮੁੱਲਾ। ਸਰੀਰ = ਮਨੁੱਖਾ ਸਰੀਰ।

ਅਰਥ: ਹੇ ਕਬੀਰ! ਮਾਇਆ-ਮੋਹ ਦੀ ਜਿਸ ਰੱਸੀ ਨਾਲ ਜਗਤ (ਦਾ ਹਰੇਕ ਜੀਵ) ਬੱਝਾ ਪਿਆ ਹੈ, ਉਸ ਰੱਸੀ ਨਾਲ ਆਪਣੇ ਆਪ ਨੂੰ ਬੱਝਣ ਨਾ ਦੇਈਂ। ਇਹ ਸੋਨੇ ਵਰਗਾ (ਕੀਮਤੀ) ਮਨੁੱਖਾ ਸਰੀਰ (ਮਿਲਿਆ) ਹੈ (ਜੇ ਤੂੰ ਮੋਹ ਦੀ ਰੱਸੀ ਵਿਚ ਬੱਝ ਕੇ ਗੁਰਮੁਖਾਂ ਦੀ ਸੰਗਤਿ ਤੋਂ ਪਰੇ ਰਹਿ ਕੇ, ਪਰਮਾਤਮਾ ਦਾ ਸਿਮਰਨ ਛੱਡ ਬੈਠਾ, ਤਾਂ) ਸਸਤੇ ਭਾ ਅਜਾਈਂ ਤਬਾਹ ਹੋ ਜਾਹਿਂਗਾ ।117।

ਕਬੀਰ ਹੰਸੁ ਉਡਿਓ ਤਨੁ ਗਾਡਿਓ ਸੋਝਾਈ ਸੈਨਾਹ ॥ ਅਜਹੂ ਜੀਉ ਨ ਛੋਡਈ ਰੰਕਾਈ ਨੈਨਾਹ ॥੧੧੮॥ {ਪੰਨਾ 1370}

ਪਦ ਅਰਥ: ਹੰਸੁ = ਜੀਵਾਤਮਾ। ਉਡਿਓ = ਉਡਿਓ ਚਾਹੇ, ਉੱਡਿਆ ਚਾਹੁੰਦਾ ਹੈ, ਸਰੀਰ ਨੂੰ ਛੱਡਣ ਦੀਆਂ ਤਿਆਰੀਆਂ ਵਿਚ ਹੈ। ਤਨੁ ਗਾਡਿਓ = ਤਨੁ ਗੱਡਿਆ ਜਾਣ ਵਾਲਾ ਹੈ; ਸਰੀਰ ਤੇ ਜਿੰਦ ਦਾ ਵਿਛੋੜਾ ਹੋਣ ਤੇ ਹੈ। ਸੋਝਾਈ = ਸੂਝ। ਸੈਨਾਹ = ਸੈਣਤਾਂ ਨਾਲ। ਰੰਕਾਈ = ਨੀਚਤਾ, ਕੰਗਾਲਤਾ। ਨੈਨਾਹ = ਨੈਣਾਂ ਦੀ, ਅੱਖਾਂ ਦੀ।

ਅਰਥ: (ਇਹ ਮਮਤਾ ਦੀ ਜੇਵੜੀ ਕੋਈ ਸਾਧਾਰਨ ਜਿਹਾ ਜਕੜ-ਬੰਦ ਨਹੀਂ ਹੁੰਦਾ) ਹੇ ਕਬੀਰ! (ਪਰਮਾਤਮਾ ਦੇ ਸਿਮਰਨ ਤੋਂ ਖੁੰਝ ਕੇ ਮਾਇਆ-ਮੋਹ ਦੀ ਰੱਸੀ ਵਿਚ ਬੱਝੇ ਹੋਇਆਂ ਦਾ ਹਾਲ ਜੇ ਤੂੰ ਸਮਝਣਾ ਹੈ ਤਾਂ ਵੇਖ ਕਿ ਮੌਤ ਸਿਰ ਉਤੇ ਆ ਅੱਪੜਦੀ ਹੈ) ਜੀਵਾਤਮਾ (ਸਰੀਰ ਵਿਚੋਂ) ਨਿਕਲਣ ਤੇ ਹੁੰਦਾ ਹੈ, ਸਰੀਰ (ਆਤਮਾ ਦੇ ਵਿਛੁੜਨ ਤੇ) ਢਹਿ-ਢੇਰੀ ਹੋਣ ਵਾਲਾ ਹੁੰਦਾ ਹੈ, ਫਿਰ ਵੀ ਮੋਹ ਦੀ ਜੇਵੜੀ ਨਾਲ ਬੱਝਾ ਹੋਇਆ ਜੀਵ ਸੈਣਤਾਂ ਨਾਲ ਹੀ (ਪਿਛਲੇ ਸੰਬੰਧੀਆਂ ਨੂੰ) ਸਮਝਾਂਦਾ ਹੈ, (ਉਸ ਵੇਲੇ ਭੀ ਪ੍ਰਭੂ ਚੇਤੇ ਨਹੀਂ ਆਉਂਦਾ) , ਅਜੇ ਭੀ ਜੀਵ ਅੱਖਾਂ ਦੀ ਕੰਗਾਲਤਾ ਨਹੀਂ ਛੱਡਦਾ ।118।

ਕਬੀਰ ਨੈਨ ਨਿਹਾਰਉ ਤੁਝ ਕਉ ਸ੍ਰਵਨ ਸੁਨਉ ਤੁਅ ਨਾਉ ॥ ਬੈਨ ਉਚਰਉ ਤੁਅ ਨਾਮ ਜੀ ਚਰਨ ਕਮਲ ਰਿਦ ਠਾਉ ॥੧੧੯॥ {ਪੰਨਾ 1370}

ਪਦ ਅਰਥ: ਨੈਨ ਨਿਹਾਰਉ = ਅੱਖਾਂ ਨਾਲ ਮੈਂ ਵੇਖਾਂ। ਤੁਝ ਕਉ = ਤੈਨੂੰ (ਹੇ ਪ੍ਰਭੂ!) । ਸ੍ਰਵਨ = ਕੰਨਾਂ ਨਾਲ। ਸੁਨਉ = ਮੈਂ ਸੁਣਾਂ। ਤੁਅ = ਤੇਰਾ। ਬੈਨ = ਬਚਨ, ਬਚਨਾਂ ਦੀ ਰਾਹੀਂ। ਉਚਾਰਦਾ = ਮੈਂ ਉਚਾਰਾਂ। ਜੀ = ਹੇ ਪ੍ਰਭੂ ਜੀ! ਚਰਨ ਕਮਲ = ਕਉਨ ਫੁੱਲਾਂ ਵਰਗੇ ਸੋਹਣੇ ਤੇਰੇ ਚਰਨ। ਠਾਉ = ਥਾਂ।

ਅਰਥ: ਹੇ ਕਬੀਰ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ-ਹੇ ਪ੍ਰਭੂ! ਤੈਨੂੰ ਵਿਸਾਰ ਕੇ ਜਿਸ ਮੋਹ-ਜੇਵੜੀ ਨਾਲ ਜਗਤ ਬੱਝਾ ਪਿਆ ਹੈ ਤੇ ਮਰਨ ਦੇ ਵੇਲੇ ਤਕ ਭੀ ਅੱਖਾਂ ਦੀ ਕੰਗਾਲਤਾ ਨਹੀਂ ਛੱਡਦਾ; ਮੇਹਰ ਕਰ, ਉਸ ਜੇਵੜੀ ਤੋਂ ਬਚਣ ਲਈ) ਮੈਂ ਆਪਣੀਆਂ ਅੱਖਾਂ ਨਾਲ (ਹਰ ਪਾਸੇ) ਤੇਰਾ ਹੀ ਦੀਦਾਰ ਕਰਦਾ ਰਹਾਂ, ਤੇਰਾ ਹੀ ਨਾਮ ਮੈਂ ਆਪਣੇ ਕੰਨਾਂ ਨਾਲ ਸੁਣਦਾ ਰਹਾਂ, (ਜੀਭ ਨਾਲ) ਬਚਨਾਂ ਦੁਆਰਾ ਮੈਂ ਤੇਰਾ ਨਾਮ ਹੀ ਉਚਾਰਦਾ ਰਹਾਂ, ਅਤੇ ਤੇਰੇ ਸੋਹਣੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਥਾਂ ਦੇਈ ਰੱਖਾਂ ।119।

ਕਬੀਰ ਸੁਰਗ ਨਰਕ ਤੇ ਮੈ ਰਹਿਓ ਸਤਿਗੁਰ ਕੇ ਪਰਸਾਦਿ ॥ ਚਰਨ ਕਮਲ ਕੀ ਮਉਜ ਮਹਿ ਰਹਉ ਅੰਤਿ ਅਰੁ ਆਦਿ ॥੧੨੦॥ ਕਬੀਰ ਚਰਨ ਕਮਲ ਕੀ ਮਉਜ ਕੋ ਕਹਿ ਕੈਸੇ ਉਨਮਾਨ ॥ ਕਹਿਬੇ ਕਉ ਸੋਭਾ ਨਹੀ ਦੇਖਾ ਹੀ ਪਰਵਾਨੁ ॥੧੨੧॥ ਕਬੀਰ ਦੇਖਿ ਕੈ ਕਿਹ ਕਹਉ ਕਹੇ ਨ ਕੋ ਪਤੀਆਇ ॥ ਹਰਿ ਜੈਸਾ ਤੈਸਾ ਉਹੀ ਰਹਉ ਹਰਖਿ ਗੁਨ ਗਾਇ ॥੧੨੨॥ {ਪੰਨਾ 1370-1371}

ਪਦ ਅਰਥ: ਤੇ = ਤੋਂ। ਰਹਿਓ = ਬਚ ਗਿਆ ਹਾਂ। ਪਰਸਾਦਿ = ਕਿਰਪਾ ਨਾਲ। ਮਉਜ = ਲਹਰ, ਹੁਲਾਰਾ। ਅੰਤਿ ਅਰੁ ਆਦਿ = ਸ਼ੁਰੂ ਤੋਂ ਅਖ਼ੀਰ ਤਕ, ਸਦਾ ਹੀ ।120।

ਮਉਜ ਕੋ = ਲਹਰ ਦਾ, ਹੁਲਾਰੇ ਦਾ। ਕਹਿ = ਕਹੇ, ਦੱਸੇ। ਕੈਸੇ = ਕਿਵੇਂ? ਉਨਮਾਨ = (Skt. उन्मान= measuring, price) ਤੋਲ, ਅੰਦਾਜ਼ਾ; ਕੀਮਤ। ਕਹਿਬੇ ਕਉ = ਬਿਆਨ ਕਰਨ ਨਾਲ। ਪਰਵਾਨੁ = ਪ੍ਰਮਾਣੀਕ, ਮੰਨਣ-ਜੋਗ ।121।

ਕਿਹ = ਕੀਹ? ਕਹਉ = ਮੈਂ ਆਖਾਂ। ਪਤੀਆਇ = ਪਤੀਜਦਾ, ਤੱਸਲੀ ਹੁੰਦੀ, ਆਨੰਦ ਆਉਂਦਾ। ਰਹਉ = ਮੈਂ ਰਹਿੰਦਾ ਹਾਂ। ਹਰਖਿ = ਖ਼ੁਸ਼ੀ ਵਿਚ, ਖੇੜੇ ਵਿਚ। ਗਾਇ = ਗਾ ਕੇ ।122।

ਅਰਥ: ਹੇ ਕਬੀਰ! ਮੈਂ ਤਾਂ ਸਦਾ ਹੀ ਪਰਮਾਤਮਾ ਦੇ ਸੋਹਣੇ ਚਰਨਾਂ (ਦੀ ਯਾਦ) ਦੇ ਹੁਲਾਰੇ ਵਿਚ ਰਹਿੰਦਾ ਹਾਂ; (ਤੇ ਇਸ ਤਰ੍ਹਾਂ) ਆਪਣੇ ਸਤਿਗੁਰੂ ਦੀ ਕਿਰਪਾ ਨਾਲ ਮੈਂ ਸੁਰਗ (ਦੀ ਲਾਲਸਾ) ਅਤੇ ਨਰਕ (ਦੇ ਡਰ) ਤੋਂ ਬਚ ਗਿਆ ਹਾਂ ।120।

(ਪਰ) , ਹੇ ਕਬੀਰ! ਪ੍ਰਭੂ ਦੇ ਸੋਹਣੇ ਚਰਨਾਂ ਵਿਚ ਟਿਕੇ ਰਹਿਣ ਦੇ ਹੁਲਾਰੇ ਦਾ ਅੰਦਾਜ਼ਾ ਕਿਵੇਂ ਕੋਈ ਦੱਸ ਸਕਦਾ ਹੈ? (ਜੀਭ ਨਾਲ) ਉਸ ਮੌਜ ਦਾ ਬਿਆਨ ਕਰਨਾ ਫਬਦਾ ਹੀ ਨਹੀਂ ਹੈ; ਉਹ ਕੇਡਾ ਕੁ ਹੁਲਾਰਾ ਹੈ?-ਇਹ ਤਾਂ ਉਹ ਹੁਲਾਰਾ ਲਿਆਂ ਹੀ ਤਸੱਲੀ ਹੁੰਦੀ ਹੈ ।121।

ਹੇ ਕਬੀਰ! ਉਸ ਪ੍ਰਭੂ ਦਾ ਦੀਦਾਰ ਕਰਕੇ ਮੈਂ ਦੱਸ ਭੀ ਕੁਝ ਨਹੀਂ ਸਕਦਾ, ਤੇ ਦੱਸਿਆਂ ਕਿਸੇ ਨੂੰ ਤਸੱਲੀ ਭੀ ਨਹੀਂ ਹੋ ਸਕਦੀ (ਕਿਉਂਕਿ ਜਗਤ ਵਿਚ ਕੋਈ ਸ਼ੈ ਐਸੀ ਨਹੀਂ ਹੈ ਜਿਸ ਵਲ ਇਸ਼ਾਰਾ ਕਰ ਕੇ ਆਖਿਆ ਜਾ ਸਕੇ ਕਿ ਪਰਮਾਤਮਾ ਇਸ ਵਰਗਾ ਹੈ) , ਪਰਮਾਤਮਾ ਆਪਣੇ ਵਰਗਾ ਆਪ ਹੀ ਹੈ; (ਮੈਂ ਤਾਂ ਸਿਰਫ਼ ਇਹ ਕਹਿ ਸਕਦਾ ਹਾਂ ਕਿ) ਉਸ ਦੇ ਗੁਣ ਗਾ ਗਾ ਕੇ ਮੈਂ ਮੌਜ ਵਿਚ ਟਿਕਿਆ ਰਹਿੰਦਾ ਹਾਂ ।122।

TOP OF PAGE

Sri Guru Granth Darpan, by Professor Sahib Singh