ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1371 ਕਬੀਰ ਚੁਗੈ ਚਿਤਾਰੈ ਭੀ ਚੁਗੈ ਚੁਗਿ ਚੁਗਿ ਚਿਤਾਰੇ ॥ ਜੈਸੇ ਬਚਰਹਿ ਕੂੰਜ ਮਨ ਮਾਇਆ ਮਮਤਾ ਰੇ ॥੧੨੩॥ {ਪੰਨਾ 1371} ਪਦ ਅਰਥ: ਚੁਗੈ = (ਚੋਗਾ) ਚੁਗਦੀ ਹੈ। ਚਿਤਾਰੈ = (ਆਪਣੇ ਬੱਚਿਆਂ ਦਾ) ਚੇਤਾ ਕਰਦੀ ਹੈ। ਭੀ = ਮੁੜ, ਫਿਰ। ਚੁਗਿ ਚੁਗਿ ਚਿਤਾਰੇ = ਚੁਗ ਚੁਗ ਕੇ (ਬੱਚਿਆਂ ਦਾ ਚੇਤਾ ਕਰਦੀ ਹੈ, ਚੋਗਾ ਭੀ ਚੁਗਦੀ ਜਾਂਦੀ ਹੈ ਤੇ ਬੱਚਿਆਂ ਦਾ ਚੇਤਾ ਭੀ ਕਰਦੀ ਹੈ। ਬਚਰਹਿ = ਬੱਚਿਆਂ ਵਿਚ। ਮਮਤਾ = ਇਹ ਖ਼ਿਆਲ ਕਿ (ਮਾਇਆ) ਮੇਰੀ ਬਣ ਜਾਏ, ਮਲਕੀਅਤ ਦੀ ਤਾਂਘ। ਰੇ = ਹੇ ਭਾਈ! ਅਰਥ: ਹੇ ਕਬੀਰ! ਕੂੰਜ ਚੋਗਾ ਚੁਗਦੀ ਹੈ ਤੇ ਆਪਣੇ ਬੱਚਿਆਂ ਦਾ ਭੀ ਚੇਤਾ ਕਰਦੀ ਹੈ, ਮੁੜ ਚੁਗਦੀ ਹੈ, ਚੋਗਾ ਭੀ ਚੁਗਦੀ ਹੈ ਤੇ ਬੱਚਿਆਂ ਦਾ ਚੇਤਾ ਭੀ ਕਰਦੀ ਹੈ। ਜਿਵੇਂ ਕੂੰਜ ਦੀ ਸੁਰਤਿ ਹਰ ਵੇਲੇ ਆਪਣੇ ਬੱਚਿਆਂ ਵਿਚ ਰਹਿੰਦੀ ਹੈ, ਤਿਵੇਂ, ਹੇ ਭਾਈ! ("ਹਰਿ ਕਾ ਸਿਮਰਨੁ ਛਾਡਿ ਕੈ") ਮਨੁੱਖ ਦਾ ਮਨ ਮਾਇਆ ਦੀ ਮਲਕੀਅਤ ਦੀ ਤਾਂਘ ਵਿਚ ਟਿਕਿਆ ਰਹਿੰਦਾ ਹੈ ।123। ਕਬੀਰ ਅੰਬਰ ਘਨਹਰੁ ਛਾਇਆ ਬਰਖਿ ਭਰੇ ਸਰ ਤਾਲ ॥ ਚਾਤ੍ਰਿਕ ਜਿਉ ਤਰਸਤ ਰਹੈ ਤਿਨ ਕੋ ਕਉਨੁ ਹਵਾਲੁ ॥੧੨੪॥ {ਪੰਨਾ 1371} ਪਦ ਅਰਥ: ਅੰਬਰ = ਆਕਾਸ਼, ਆਸਮਾਨ। ਘਨਹਰੁ = ਬੱਦਲ। ਛਾਇਆ = ਖਿੱਲਰ ਗਏ, ਵਿਛ ਗਏ। ਬਰਖਿ = ਵਰ੍ਹ ਕੇ, ਵੱਸ ਕੇ। ਸਰ ਤਾਲ = ਸਰੋਵਰ ਤਲਾਬ। ਚਾਤ੍ਰਿਕ = ਪਪੀਹਾ। ਰਹੈ– ਰਹੈਂ, ਰਹਿੰਦੇ ਹਨ। ਕਉਨੁ ਹਵਾਲੁ = (ਭਾਵ,) ਭੈੜਾ ਹੀ ਹਾਲ। ਅਰਥ: ਹੇ ਕਬੀਰ! (ਵਰਖਾ ਰੁੱਤੇ) ਬੱਦਲ ਆਕਾਸ਼ ਵਿਚ (ਚਾਰ ਚੁਫੇਰੇ) ਵਿਛ ਜਾਂਦਾ ਹੈ, ਵਰਖਾ ਕਰ ਕੇ (ਨਿੱਕੇ ਵੱਡੇ ਸਾਰੇ) ਸਰੋਵਰ ਤਾਲਾਬ ਭਰ ਦੇਂਦਾ ਹੈ (ਪਰ ਪਪੀਹਾ ਫਿਰ ਭੀ ਵਰਖਾ ਦੀ ਬੂੰਦ ਨੂੰ ਤਰਸਦਾ ਤੇ ਕੂਕਦਾ ਰਹਿੰਦਾ ਹੈ। (ਪਰਮਾਤਮਾ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈ, ਪਰ ਮਾਇਆ ਦੀ ਮਮਤਾ ਵਿਚ ਫਸੇ ਹੋਏ ਜੀਵ ਉਸ ਦਾ ਦਰਸ਼ਨ ਨਹੀਂ ਕਰ ਸਕਦੇ) ("ਹਰਿ ਕਾ ਸਿਮਰਨੁ ਛਾਡਿ ਕੈ") ਉਹ ਪਪੀਹੇ ਵਾਂਗ ਤਰਲੇ ਲੈਂਦੇ ਹਨ, ਤੇ ਉਹਨਾਂ ਦਾ ਸਦਾ ਮੰਦਾ ਹਾਲ ਹੀ ਰਹਿੰਦਾ ਹੈ ।124। ਕਬੀਰ ਚਕਈ ਜਉ ਨਿਸਿ ਬੀਛੁਰੈ ਆਇ ਮਿਲੈ ਪਰਭਾਤਿ ॥ ਜੋ ਨਰ ਬਿਛੁਰੇ ਰਾਮ ਸਿਉ ਨਾ ਦਿਨ ਮਿਲੇ ਨ ਰਾਤਿ ॥੧੨੫॥ {ਪੰਨਾ 1371} ਪਦ ਅਰਥ: ਚਕਈ = ਚਕਵੀ (ਨੋਟ: ਆਮ ਖ਼ਿਆਲ ਹੈ ਕਿ ਚਕਵੀ ਆਪਣੇ ਸਾਥੀ ਚਕਵੇ ਤੋਂ ਸਾਰੀ ਰਾਤ ਵਿਛੁੜੀ ਰਹਿੰਦੀ ਹੈ। ਇਕ ਦੂਜੇ ਦੀ ਯਾਦ ਵਿਚ ਕੂਕਦੇ ਹਨ, ਪਰ ਮਿਲ ਨਹੀਂ ਸਕਦੇ। ਸਵੇਰ ਹੁੰਦਿਆਂ ਸਾਰ ਮੁੜ ਮਿਲ ਪੈਂਦੇ ਹਨ) । ਜਉ = ਜਦੋਂ। ਨਿਸਿ = ਰਾਤ ਵੇਲੇ। ਪਰਭਾਤਿ = ਸੂਰਜ ਚੜ੍ਹਨ ਤੋਂ ਪਹਿਲਾਂ। ਸਿਉ = ਤੋਂ, ਨਾਲੋਂ। ਅਰਥ: ਹੇ ਕਬੀਰ! ਚਕਵੀ ਜਦੋਂ ਰਾਤ ਨੂੰ (ਆਪਣੇ ਚੁਕਵੇ ਤੋਂ) ਵਿਛੁੜਦੀ ਹੈ ਤਾਂ ਸਵੇਰ-ਸਾਰ ਮੁੜ ਆ ਮਿਲਦੀ ਹੈ (ਰਾਤ ਦਾ ਹਨੇਰਾ ਇਹਨਾਂ ਦੇ ਮੇਲ ਦੇ ਰਸਤੇ ਵਿਚ ਰੁਕਾਵਟ ਬਣਿਆ ਰਹਿੰਦਾ ਹੈ, ਉਂਞ ਇਹ ਹਨੇਰਾ ਉਨ੍ਹਾਂ ਨੂੰ ਵਧ ਤੋਂ ਵਧ ਚਾਰ ਪਹਿਰ ਹੀ ਵਿਛੋੜ ਸਕਦਾ ਹੈ। ਪਰ ਮਾਇਆ ਦੀ ਮਮਤਾ ਦਾ ਹਨੇਰਾ ਐਸਾ ਨਹੀਂ ਜੋ ਛੇਤੀ ਮੁੱਕ ਸਕੇ, ਇਹ ਤਾਂ ਜਨਮਾਂ ਜਨਮਾਂਤਰਾਂ ਤਕ ਖ਼ਲਾਸੀ ਨਹੀਂ ਕਰਦਾ; ਇਸ ਹਨੇਰੇ ਦੇ ਕਾਰਨ) ਜੋ ਮਨੁੱਖ ਪ੍ਰਭੂ ਤੋਂ ਵਿਛੁੜਦੇ ਹਨ, ਉਹ ਨਾਹ ਦਿਨੇ ਮਿਲ ਸਕਦੇ ਹਨ ਨਾਹ ਰਾਤ ਨੂੰ ।125। ਕਬੀਰ ਰੈਨਾਇਰ ਬਿਛੋਰਿਆ ਰਹੁ ਰੇ ਸੰਖ ਮਝੂਰਿ ॥ ਦੇਵਲ ਦੇਵਲ ਧਾਹੜੀ ਦੇਸਹਿ ਉਗਵਤ ਸੂਰ ॥੧੨੬॥ {ਪੰਨਾ 1371} ਪਦ ਅਰਥ: ਰੈਨਾਇਰ = (Skt. रत्नाकर, ਰਤਨਾਕਰ = ਰਤਨਾਂ ਦੀ ਖਾਣ) ਸਮੁੰਦਰ। ਮਝੂਰਿ = (ਰੈਨਾਇਰ) ਮਾਝ, ਸਮੁੰਦਰ ਦੇ ਵਿਚ ਹੀ। ਰਹੁ = ਟਿਕਿਆ ਰਹੁ। ਦੇਵਲ = (देवालय देव+आलय) ਦੇਵਤੇ ਦਾ ਘਰ, ਦੇਹੁਰਾ, ਠਾਕੁਰ ਦੁਆਰਾ, ਮੰਦਰ। ਧਾਹੜੀ = ਧਾਹ-ੜੀ, ਡਰਾਉਣੀ ਢਾਹ। ਦੇਸਹਿ = ਦੇਵੇਂਗਾ। ਸੂਰ = ਸੂਰਜ। ਅਰਥ: ਹੇ ਕਬੀਰ! (ਆਖ-) ਸਮੁੰਦਰ ਤੋਂ ਵਿਛੁੜੇ ਹੋਏ ਹੇ ਸੰਖ! ਸਮੁੰਦਰ ਦੇ ਵਿਚ ਹੀ ਟਿਕਿਆ ਰਹੁ, ਨਹੀਂ ਤਾਂ ਹਰ ਰੋਜ਼ ਸੂਰਜ ਚੜ੍ਹਦੇ ਸਾਰ ਹਰੇਕ ਮੰਦਰ ਵਿਚ ਡਰਾਉਣੀ ਢਾਹ ਮਾਰੇਂਗਾ ।126। ਨੋਟ: ਪ੍ਰਭੂ-ਚਰਨਾਂ ਤੋਂ ਵਿਛੁੜ ਕੇ ਮਮਤਾ ਦਾ ਮਾਰਿਆ ਜੀਵ ਮਾਇਆ ਦੀ ਖ਼ਾਤਰ ਦਰ ਦਰ ਤੇ ਤਰਲੇ ਲੈਂਦਾ ਹੈ; ਜੇ ਪ੍ਰਭੂ ਦੇ ਦਰ ਤੇ ਟਿਕਿਆ ਰਹੇ ਤਾਂ ਹੋਰ ਹੋਰ ਆਸਾਂ ਧਾਰ ਕੇ ਧੱਕੇ ਖਾਣੋਂ ਬਚ ਜਾਂਦਾ ਹੈ, ਤਾਂ ਤੇ ("ਕਬੀਰ ਰਾਮੁ ਨ ਛੋਡੀਐ, ਤਨੁ ਧਨੁ ਜਾਇ ਤ ਜਾਉ") । ਕਬੀਰ ਸੂਤਾ ਕਿਆ ਕਰਹਿ ਜਾਗੁ ਰੋਇ ਭੈ ਦੁਖ ॥ ਜਾ ਕਾ ਬਾਸਾ ਗੋਰ ਮਹਿ ਸੋ ਕਿਉ ਸੋਵੈ ਸੁਖ ॥੧੨੭॥ ਕਬੀਰ ਸੂਤਾ ਕਿਆ ਕਰਹਿ ਉਠਿ ਕਿ ਨ ਜਪਹਿ ਮੁਰਾਰਿ ॥ ਇਕ ਦਿਨ ਸੋਵਨੁ ਹੋਇਗੋ ਲਾਂਬੇ ਗੋਡ ਪਸਾਰਿ ॥੧੨੮॥ ਕਬੀਰ ਸੂਤਾ ਕਿਆ ਕਰਹਿ ਬੈਠਾ ਰਹੁ ਅਰੁ ਜਾਗੁ ॥ ਜਾ ਕੇ ਸੰਗ ਤੇ ਬੀਛੁਰਾ ਤਾ ਹੀ ਕੇ ਸੰਗਿ ਲਾਗੁ ॥੧੨੯॥ {ਪੰਨਾ 1371} ਪਦ ਅਰਥ: ਸੂਤਾ = (ਮਾਇਆ ਦੀ ਮਮਤਾ ਦੀ ਨੀਂਦਰ ਵਿਚ) ਸੁੱਤਾ ਹੋਇਆ। ਭੈ = (ਦੁਨੀਆ ਦੇ) ਡਰ-ਸਹਿਮ। ਰੋਇ ਭੈ ਦੁਖ = (ਨੋਟ: ਵੇਖੋ ਸਲੋਕ ਨੰ: 72) ਦੁਨੀਆ ਦੇ ਡਰਾਂ-ਸਹਿਮਾਂ ਤੇ ਦੁੱਖਾਂ ਨੂੰ ਦੂਰ ਕਰ। (ਨੋਟ: ਕਿਸੇ ਨੂੰ ਰੋ ਬੈਠਣ ਤੋਂ ਭਾਵ ਹੈ ਕਿਸੇ ਨਾਲੋਂ ਸੰਬੰਧ ਤੋੜ ਲੈਣਾ) । ਬਾਸਾ = ਵਾਸ, ਨਿਵਾਸ। ਗੋਰ = ਕਬਰ, ਹਨੇਰੀ ਡੂੰਘੀ ਥਾਂ, ਦੁਨੀਆ ਦੇ ਦੁੱਖਾਂ ਤੇ ਸਹਿਮਾਂ ਦੀ ਭਰੀ ਹੋਈ ਜ਼ਿੰਦਗੀ। ਕਿਉਂ = ਕਿਵੇਂ? ਕਿਉ ਸੋਵੈ ਸੁਖ = ਸੁਖ ਨਾਲ ਸੌਂ ਨਹੀਂ ਸਕਦਾ, ਸੁਖੀ ਹੋ ਨਹੀਂ ਸਕਦਾ ।127। ਉਠਿ = ਸੁਚੇਤ ਹੋ ਕੇ, ਹੁਸ਼ਿਆਰ ਹੋ ਕੇ। ਕਿ = ਕਿਉਂ? ਮੁਰਾਰਿ = ਪਰਮਾਤਮਾ। ਪਸਾਰਿ = ਪਸਾਰ ਕੇ, ਖਿਲਾਰ ਕੇ। ਲਾਂਬੇ ਗੋਡ ਪਸਾਰਿ = ਲੰਮੇ ਗੋਡੇ ਪਸਾਰ ਕੇ, ਇਸ ਤਰ੍ਹਾਂ ਬੇ-ਫ਼ਿਕਰ ਹੋ ਕੇ ਮੁੜ ਕਦੇ ਉੱਠਣਾ ਹੀ ਨਹੀਂ ।128। ਜਾ ਕੇ ਸੰਗ ਤੇ = ਜਿਸ ਪਰਮਾਤਮਾ ਦੀ ਸੰਗਤਿ ਤੋਂ। ਲਾਗੁ = ਲੱਗਾ ਰਹੁ, ਜੁੜਿਆ ਰਹੁ ।129। ਨੋਟ: ਤੀਜੇ ਸ਼ਲੋਕ ਦੀ ਅਖ਼ੀਰਲੀ ਤੁਕ ਨੂੰ ਪੜ੍ਹਿਆਂ ਸਾਫ਼ ਦਿੱਸ ਪੈਂਦਾ ਹੈ ਕਿ 'ਸੌਣ' ਤੋਂ ਭਾਵ ਹੈ ਪਰਮਾਤਮਾ ਦੇ ਚਰਨਾਂ ਤੋਂ ਵਿਛੁੜਨਾ ਅਤੇ 'ਜਾਗਣ' ਤੋਂ ਭਾਵ ਹੈ ਪ੍ਰਭੂ ਦੀ ਯਾਦ ਵਿਚ ਜੁੜਨਾ। ਅਰਥ: ਹੇ ਕਬੀਰ! (ਮਾਇਆ ਦੇ ਮੋਹ ਵਿਚ) ਸੁੱਤਾ ਹੋਇਆ (ਮਸਤ ਹੋਇਆ) ਕੀਹ ਕਰ ਰਿਹਾ ਹੈਂ (ਕਿਉਂ ਅਜਾਈਂ ਉਮਰ ਗਵਾ ਰਿਹਾ ਹੈਂ?) ਪ੍ਰਭੂ ਦੀ ਯਾਦ ਵਿਚ ਹੁਸ਼ਿਆਰ ਹੋ ਅਤੇ (ਇਸ ਯਾਦ ਦੀ ਬਰਕਤਿ ਨਾਲ ਉਹਨਾਂ ਸੰਸਾਰਕ) ਸਹਿਮਾਂ ਤੇ ਕਲੇਸ਼ਾਂ ਤੋਂ ਖ਼ਲਾਸੀ ਹਾਸਲ ਕਰ (ਜੋ ਪ੍ਰਭੂ-ਚਰਨਾਂ ਤੋਂ ਵਿਛੁੜਿਆਂ ਆ ਘੇਰਦੇ ਹਨ। ਤੂੰ ਸਮਝਦਾ ਹੈਂ ਕਿ ਮੋਹ ਦੀ ਨੀਂਦ ਮਿੱਠੀ ਨੀਂਦ ਹੈ, ਪਰ ਇਹ ਮੋਹ ਤੋਂ ਪੈਦਾ ਹੋਏ ਦੁੱਖਾਂ ਕਲੇਸ਼ਾਂ ਤੇ ਸਹਿਮਾਂ ਹੇਠ ਦੱਬੇ ਰਹਿਣਾ ਕਬਰ ਵਿਚ ਪੈਣ ਸਮਾਨ ਹੈ। ਇਹ ਦੁੱਖਾਂ ਕਲੇਸ਼ਾਂ ਸਹਿਮਾਂ ਭਰਿਆ ਜੀਵਨ ਸੁਖੀ ਜੀਵਨ ਨਹੀਂ ਹੈ) । ਜਿਸ ਮਨੁੱਖ ਦਾ ਵਾਸ ਸਦਾ (ਅਜੇਹੀ ਕਬਰ ਵਿਚ ਰਹੇ, ਉਹ ਕਦੇ ਸੁਖੀ ਜੀਵਨ ਜਿਊਂਦਾ ਨਹੀਂ ਕਿਹਾ ਜਾ ਸਕਦਾ ।128। ਹੇ ਕਬੀਰ! ਮਾਇਆ ਦੇ ਮੋਹ ਵਿਚ ਮਸਤ ਹੋ ਕੇ ਕਿਉਂ ਉਮਰ ਅਜਾਈਂ ਗਵਾ ਰਿਹਾ ਹੈਂ? ਇਸ ਮੋਹ ਨੀਂਦ ਵਿਚੋਂ ਹੁਸ਼ਿਆਰ ਹੋ ਕੇ ਕਿਉਂ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ? ਇਕ ਦਿਨ ਅਜੇਹਾ ਬੇ-ਬਸ ਹੋ ਕੇ ਸੌਣਾ ਪਏਗਾ ਕਿ ਮੁੜ ਉੱਠਿਆ ਹੀ ਨਹੀਂ ਜਾ ਸਕੇਗਾ (ਇਕ ਦਿਨ ਸਦਾ ਦੀ ਨੀਂਦਰੇ ਸੌਣਾ ਪਏਗਾ) ।128। ਹੇ ਕਬੀਰ! ਮਾਇਆ ਦੇ ਮੋਹ ਵਿਚ ਮਸਤ ਹੋ ਕੇ ਕਿਉਂ ਉਮਰ ਅਜਾਈਂ ਗਵਾ ਰਿਹਾ ਹੈਂ? ਹੁਸ਼ਿਆਰ ਹੋ, ਮਮਤਾ ਦੀ ਨੀਂਦ ਦੇ ਹੁਲਾਰੇ ਵਲੋਂ ਸੁਚੇਤ ਰਹੁ। ਜਿਸ ਪ੍ਰਭੂ ਦੀ ਯਾਦ ਤੋਂ ਵਿਛੁੜਿਆ ਹੋਇਆ ਹੈਂ (ਅਤੇ ਇਹ ਸਹਿਮ ਤੇ ਕਲੇਸ਼ ਸਹਾਰ ਰਿਹਾ ਹੈਂ) ਉਸੇ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹੁ ।129। ਕਬੀਰ ਸੰਤ ਕੀ ਗੈਲ ਨ ਛੋਡੀਐ ਮਾਰਗਿ ਲਾਗਾ ਜਾਉ ॥ ਪੇਖਤ ਹੀ ਪੁੰਨੀਤ ਹੋਇ ਭੇਟਤ ਜਪੀਐ ਨਾਉ ॥੧੩੦॥ {ਪੰਨਾ 1371} ਪਦ ਅਰਥ: ਗੈਲ = ਰਸਤਾ, ਪਿੱਛਾ। ਸੰਤ ਕੀ ਗੈਲ = ਉਹ ਰਸਤਾ ਜਿਸ ਤੇ ਸੰਤ ਤੁਰੇ ਹਨ। ਮਾਰਗਿ = ਰਸਤੇ ਉਤੇ। ਲਾਗਾ ਜਾਉ = ਤੁਰਿਆ ਚੱਲ। ਪੁੰਨੀਤ = ਪੁਨੀਤ, ਪਵਿਤ੍ਰ। ਭੇਟਤ = ਮਿਲਿਆਂ, ਸੰਗਤ ਕੀਤਿਆਂ, ਪਾਸ ਬੈਠਿਆਂ। ਅਰਥ: (ਪਰ) ਹੇ ਕਬੀਰ! (ਜੇ "ਜਾ ਕੇ ਸੰਗ ਤੇ ਬੀਛੁਰਾ, ਤਾਹੀ ਕੇ ਸੰਗ ਲਾਗੁ" ਵਾਲਾ ਉੱਦਮ ਕਰਨਾ ਹੈ ਤਾਂ) ਉਹ ਰਸਤਾ ਨਾਹ ਛੱਡੀਏ ਜਿਸ ਉੱਤੇ ਸੰਤ ਗੁਰਮੁਖਿ ਤੁਰਦੇ ਹਨ, ਉਹਨਾਂ ਦੇ ਰਸਤੇ ਉੱਤੇ ਤੁਰੇ ਚੱਲਣਾ ਚਾਹੀਦਾ ਹੈ। ਸੰਤਾਂ ਗੁਰਮੁਖਾਂ ਦਾ ਦਰਸ਼ਨ ਕੀਤਿਆਂ ਮਨ ਪਵਿਤ੍ਰ ਹੋ ਜਾਂਦਾ ਹੈ, ਉਹਨਾਂ ਦੇ ਪਾਸ ਬੈਠਿਆਂ ਪਰਮਾਤਮਾ ਦਾ ਨਾਮ ਸਿਮਰੀਦਾ ਹੈ (ਸਿਮਰਨ ਦਾ ਸ਼ੌਕ ਪੈ ਜਾਂਦਾ ਹੈ) ।130। ਕਬੀਰ ਸਾਕਤ ਸੰਗੁ ਨ ਕੀਜੀਐ ਦੂਰਹਿ ਜਾਈਐ ਭਾਗਿ ॥ ਬਾਸਨੁ ਕਾਰੋ ਪਰਸੀਐ ਤਉ ਕਛੁ ਲਾਗੈ ਦਾਗੁ ॥੧੩੧॥ {ਪੰਨਾ 1371} ਪਦ ਅਰਥ: ਸਾਕਤ = ਰੱਬ ਨਾਲੋਂ ਟੁੱਟਾ ਹੋਇਆ ਮਨੁੱਖ। ਸੰਗੁ = ਸੁਹਬਤਿ। ਦੂਰਹਿ = (ਸਾਕਤ ਤੋਂ) ਦੂਰ ਹੀ। ਭਾਗਿ ਜਾਈਐ = ਭੱਜ ਜਾਣਾ ਚਾਹੀਦਾ ਹੈ। ਬਾਸਨੁ = ਭਾਂਡਾ। ਕਾਰੋ = ਕਾਲਾ। ਤਉ = ਤਾਂ। ਕਛੁ = ਕੁਝ ਕੁ, ਥੋੜਾ-ਬਹੁਤ। ਅਰਥ: ਹੇ ਕਬੀਰ! (ਜੇ "ਜਾ ਕੇ ਸੰਗ ਤੇ ਬੀਛੁਰਾ, ਤਾਹੀ ਕੇ ਸੰਗ ਲਾਗੁ" ਵਾਲਾ ਉੱਦਮ ਕਰਨਾ ਹੈ ਤਾਂ) ਰੱਬ ਨਾਲੋਂ ਟੁੱਟੇ ਹੋਏ ਬੰਦੇ ਦੀ ਸੁਹਬਤਿ ਨਹੀਂ ਕਰਨੀ ਚਾਹੀਦੀ, ਉਸ ਤੋਂ ਦੂਰ ਹੀ ਹਟ ਜਾਣਾ ਚਾਹੀਦਾ ਹੈ। (ਵੇਖ,) ਜੇ ਕਿਸੇ ਕਾਲੇ ਭਾਂਡੇ ਨੂੰ ਛੋਹੀਏ, ਤਾਂ ਥੋੜਾ-ਬਹੁਤ ਦਾਗ਼ ਲੱਗ ਹੀ ਜਾਂਦਾ ਹੈ ।132। ਕਬੀਰਾ ਰਾਮੁ ਨ ਚੇਤਿਓ ਜਰਾ ਪਹੂੰਚਿਓ ਆਇ ॥ ਲਾਗੀ ਮੰਦਿਰ ਦੁਆਰ ਤੇ ਅਬ ਕਿਆ ਕਾਢਿਆ ਜਾਇ ॥੧੩੨॥ ਕਬੀਰ ਕਾਰਨੁ ਸੋ ਭਇਓ ਜੋ ਕੀਨੋ ਕਰਤਾਰਿ ॥ ਤਿਸੁ ਬਿਨੁ ਦੂਸਰੁ ਕੋ ਨਹੀ ਏਕੈ ਸਿਰਜਨਹਾਰੁ ॥੧੩੩॥ {ਪੰਨਾ 1371} ਪਦ ਅਰਥ: ਜਰਾ = ਬੁਢੇਪਾ। ਲਾਗੀ = (ਅੱਗ) ਲੱਗ ਗਈ। ਮੰਦਰਿ = ਘਰ। ਮੰਦਰਿ ਦੁਆਰ ਤੇ = ਘਰ ਦੇ ਬੂਹੇ ਤੋਂ। ਅਬ = ਹੁਣ, ਅੱਗ ਲੱਗਣ ਤੇ। ਕਿਆ ਕਾਢਿਆ ਜਾਇ = ਕੀਹ ਬਚਾਇਆ ਜਾ ਸਕਦਾ ਹੈ? ਸਭ ਕੁਝ ਬਚਾਇਆ ਨਹੀਂ ਜਾ ਸਕਦਾ ।132। ਕਾਰਨੁ = ਸਬਬ, ਵਸੀਲਾ, 'ਰਾਮ ਨੂੰ ਚੇਤਣ' ਦਾ ਸਬਬ। ਸੋ ਭਇਓ = ਉਹੀ (ਸਬਬ) ਬਣਦਾ ਹੈ। ਏਕੈ = ਇਕੋ ਹੀ ।133। ਅਰਥ: ਹੇ ਕਬੀਰ! (ਜੇ "ਜਾ ਕੇ ਸੰਗ ਤੇ ਬੀਛੁਰਾ, ਤਾਹੀ ਕੇ ਸੰਗ ਲਾਗੁ" ਦਾ ਉੱਦਮ ਕਰਨਾ ਹੈ, ਤਾਂ ਇਹ ਵੇਲੇ-ਸਿਰ ਹੀ ਹੋ ਸਕਦਾ ਹੈ, ਸਾਧਾਰਨ ਤੌਰ ਤੇ ਬੁਢੇਪੇ ਤੋਂ ਪਹਿਲਾਂ ਪਹਿਲਾਂ ਹੀ ਇਹ ਉੱਦਮ ਕਰਨਾ ਚਾਹੀਦਾ ਹੈ; ਪਰ ਜੇ ਜੁਆਨੀ ਵਿਚ ਪਰਮਾਤਮਾ ਦਾ ਭਜਨ ਨਾਹ ਕੀਤਾ (ਉਤੋਂ) ਬੁਢੇਪਾ ਆ ਅੱਪੜਿਆ (ਇਸ ਉਮਰ ਤਕ ਮਾਇਆ ਦੇ ਮੋਹ ਵਿਚ ਫਸੇ ਰਿਹਾਂ ਬੇਅੰਤ ਮੰਦੇ ਸੰਸਕਾਰ ਅੰਦਰ ਜਮ੍ਹਾ ਹੁੰਦੇ ਗਏ, ਇਹ ਕਿਵੇਂ ਹੁਣ ਸਿਮਰਨ ਵਲ ਪਰਤਣ ਦੇਣਗੇ?) । ਜੇ ਕਿਸੇ ਘਰ ਨੂੰ ਬੂਹੇ ਵਲੋਂ ਹੀ ਅੱਗ ਲੱਗ ਜਾਏ, ਤਾਂ ਉਸ ਵੇਲੇ (ਘਰ ਵਿਚੋਂ) ਬਹੁਤਾ ਕੁਝ (ਸੜਨੋਂ) ਬਚਾਇਆ ਨਹੀਂ ਜਾ ਸਕਦਾ (ਇਸੇ ਤਰ੍ਹਾਂ ਜੇ ਜੁਆਨੀ ਵਿਕਾਰਾਂ ਵਿਚ ਗਲ ਜਾਏ, ਤਾਂ ਬੁਢੇਪੇ ਵਿਚ ਉਮਰ ਦੇ ਗਿਣਤੀ ਦੇ ਦਿਨ ਹੋਣ ਕਰਕੇ ਜੀਵਨ ਬਹੁਤ ਸੰਵਾਰਿਆ ਨਹੀਂ ਜਾ ਸਕਦਾ ।132। (ਪਰ) ਹੇ ਕਬੀਰ! (ਜੇ ਸਿਮਰਨ ਤੋਂ ਖੁੰਝਿਆਂ ਹੀ ਜੁਆਨੀ ਲੰਘ ਗਈ ਹੈ ਅਤੇ ਬੁਢੇਪਾ ਆ ਜਾਣ ਤੇ ਹੁਣ ਸੂਝ ਪਈ ਹੈ, ਤਾਂ ਭੀ ਨਿਰਾਸ ਹੋਣ ਦੀ ਲੋੜ ਨਹੀਂ। ਸਿਮਰਨ ਪ੍ਰਭੂ ਦੀ ਆਪਣੀ ਬਖ਼ਸ਼ਸ਼ ਹੈ ਜਦੋਂ ਦੇਵੇ ਤਦੋਂ ਹੀ ਜੀਵ ਸਿਮਰਨ ਕਰ ਸਕਦਾ ਹੈ। ਜੁਆਨੀ ਹੋਵੇ ਚਾਹੇ ਬੁਢੇਪਾ, ਸਿਮਰਨ ਕਰਨ ਦਾ) ਸਬਬ ਉਹੀ ਬਣਦਾ ਹੈ ਜੋ ਕਰਤਾਰ ਆਪ ਬਣਾਏ; (ਇਹ ਦਾਤਿ ਕਿਸੇ ਭੀ ਜੀਵ ਦੇ ਹੱਥ ਵਿਚ ਨਹੀਂ ਹੈ, ਇਹ ਸਬਬ ਬਣਾਣ ਵਾਲਾ) ਉਸ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਨਹੀਂ, ਸਿਰਫ਼ ਸ੍ਰਿਸ਼ਟੀ ਦਾ ਰਚਨਹਾਰ ਆਪ ਹੀ ਇਹ ਸਬਬ ਬਣਾਣ-ਜੋਗਾ ਹੈ ।133। ਕਬੀਰ ਫਲ ਲਾਗੇ ਫਲਨਿ ਪਾਕਨਿ ਲਾਗੇ ਆਂਬ ॥ ਜਾਇ ਪਹੂਚਹਿ ਖਸਮ ਕਉ ਜਉ ਬੀਚਿ ਨ ਖਾਹੀ ਕਾਂਬ ॥੧੩੪॥ {ਪੰਨਾ 1371} ਪਦ ਅਰਥ: ਫਲ ਫਲਨਿ ਲਾਗੇ = ਅੰਬਾਂ ਨੂੰ ਫਲ ਲੱਗਣ ਲੱਗ ਪੈਂਦੇ ਹਨ, ਅੰਬਾਂ ਨੂੰ ਫਲ ਪੈਣ ਲੱਗ ਪੈਂਦਾ ਹੈ। ਖਸਮ ਕਉ = ਬਾਗ਼ ਦੇ ਮਾਲਕ ਪਾਸ। ਜਉ = ਜੇ। ਬੀਚਿ = ਵਿਚ ਹੀ, ਵਿਚਕਾਹੇ ਹੀ, ਪੱਕਣ ਤੋਂ ਪਹਿਲਾਂ ਹੀ। ਕਾਂਬ = ਕਾਂਬਾ, ਹਨੇਰੀ ਆਦਿ ਦੇ ਕਾਰਨ ਟਹਿਣੀ ਨਾਲੋਂ ਫਲ ਦਾ ਹਿੱਲ ਜਾਣਾ। ਨੋਟ: ਬਸੰਤ ਰੁਤੇ ਅੰਬਾਂ ਨੂੰ ਬੂਰ ਪੈਂਦਾ ਹੈ, ਅਗਾਂਹ ਗਰਮੀਆਂ ਸ਼ੁਰੂ ਹੋ ਜਾਂਦੀਆਂ ਹਨ। ਪਹਿਲਾਂ ਕੱਚੇ ਫਲਾਂ ਨੂੰ ਗਾਲ੍ਹੜ ਤੋਤੇ ਆਦਿਕ ਹੀ ਟੁਕ ਟੁਕ ਕੇ ਖਾ ਜਾਂਦੇ ਹਨ; ਹਨੇਰੀਆਂ ਵਿਚ ਬਹੁਤ ਸਾਰਾ ਫਲ ਝੜ ਜਾਂਦਾ ਹੈ, ਕਈ ਫਲ ਟਹਿਣੀਆਂ ਨਾਲ ਲੱਗੇ ਤਾਂ ਰਹਿੰਦੇ ਹਨ, ਪਰ ਹਨੇਰੀ ਨਾਲ ਹਿੱਲ ਜਾਣ ਕਰਕੇ ਉੱਤੇ ਹੀ ਸੁੱਕ ਜਾਂਦੇ ਹਨ। ਇਹਨਾਂ ਕਈ ਹੱਲਿਆਂ ਤੋਂ ਲੰਘ ਕੇ ਜੋ ਪੱਕਦੇ ਹਨ, ਉਹੀ ਕਬੂਲ ਪੈਂਦੇ ਹਨ। ਇਹੀ ਹਾਲ ਮਨੁੱਖਾਂ ਦਾ ਹੈ; ਜਗਤ ਦੇ ਕਈ ਵਿਕਾਰ ਇਨਸਾਨ ਨੂੰ ਪ੍ਰਭੂ ਨਾਲੋਂ ਵਿਛੋੜਦੇ ਹਨ, ਜੋ ਮਨੁੱਖ ਮਾਇਆ ਦੇ ਸਭ ਹੱਲਿਆਂ ਤੋਂ ਬਚ ਕੇ ਪੂਰੀ ਸ਼ਰਧਾ ਨਾਲ ਪ੍ਰਭੂ ਦੇ ਦਰ ਤੇ ਟਿਕੇ ਰਹਿੰਦੇ ਹਨ, ਉਹੀ ਮਾਲਕ-ਪ੍ਰਭੂ ਦੀਆਂ ਨਜ਼ਰਾਂ ਵਿਚ ਜਚਦੇ ਹਨ। ਅਰਥ: ਹੇ ਕਬੀਰ! ਅੰਬਾਂ ਦੇ ਬੂਟਿਆਂ ਨੂੰ (ਪਹਿਲਾਂ) ਫਲ ਲੱਗਦੇ ਹਨ, ਤੇ (ਸਹਜੇ ਸਹਜੇ ਫਿਰ ਉਹ) ਪੱਕਣੇ ਸ਼ੁਰੂ ਹੁੰਦੇ ਹਨ; ਪੱਕਣ ਤੋਂ ਪਹਿਲਾਂ ਜੇ ਇਹ ਅੰਬ (ਹਨੇਰੀ ਆਦਿਕ ਨਾਲ ਟਹਿਣੀ ਨਾਲੋਂ) ਹਿੱਲ ਨਾਹ ਜਾਣ ਤਾਂ ਹੀ ਮਾਲਕ ਤਕ ਅੱਪੜਦੇ ਹਨ ।134। ਕਬੀਰ ਠਾਕੁਰੁ ਪੂਜਹਿ ਮੋਲਿ ਲੇ ਮਨਹਠਿ ਤੀਰਥ ਜਾਹਿ ॥ ਦੇਖਾ ਦੇਖੀ ਸ੍ਵਾਂਗੁ ਧਰਿ ਭੂਲੇ ਭਟਕਾ ਖਾਹਿ ॥੧੩੫॥ ਕਬੀਰ ਪਾਹਨੁ ਪਰਮੇਸੁਰੁ ਕੀਆ ਪੂਜੈ ਸਭੁ ਸੰਸਾਰੁ ॥ ਇਸ ਭਰਵਾਸੇ ਜੋ ਰਹੇ ਬੂਡੇ ਕਾਲੀ ਧਾਰ ॥੧੩੬॥ ਕਬੀਰ ਕਾਗਦ ਕੀ ਓਬਰੀ ਮਸੁ ਕੇ ਕਰਮ ਕਪਾਟ ॥ ਪਾਹਨ ਬੋਰੀ ਪਿਰਥਮੀ ਪੰਡਿਤ ਪਾੜੀ ਬਾਟ ॥੧੩੭॥ {ਪੰਨਾ 1371} ਪਦ ਅਰਥ: ਮੋਲਿ ਲੇ = ਮੁੱਲ ਲੈ ਕੇ, ਖ਼ਰੀਦ ਕੇ। ਜਾਹਿ = ਜਾਂਦੇ ਹਨ। ਦੇਖਾ ਦੇਖੀ = ਇਕ ਦੂਜੇ ਨੂੰ (ਇਹ ਕੰਮ ਕਰਦਿਆਂ) ਵੇਖ ਕੇ। ਸਾਂਗੁ ਧਰਿ = ਸਾਂਗ ਬਣਾ ਕੇ, ਨਕਲ ਕਰ ਕੇ। ਭਟਕਾ ਖਾਹਿ = ਭਟਕਦੇ ਹਨ ।135। ਪਾਹਨੁ = ਪੱਥਰ (ਦੀ ਮੂਰਤੀ) । ਕੀਆ = ਬਣਾ ਲਿਆ, ਮਿਥ ਲਿਆ। ਇਸ ਭਰਵਾਸੇ = ਇਸ ਯਕੀਨ ਵਿਚ (ਕਿ ਇਹ ਪਰਮਾਤਮਾ ਹੈ) । ਬੂਡੇ = ਡੁੱਬ ਗਏ। ਕਾਲੀ ਧਾਰ = ਡੂੰਘੇ ਪਾਣੀ ਵਿਚ (ਨੋਟ: ਸਮੁੰਦਰ ਦਾ ਪਾਣੀ ਜਿਉਂ ਜਿਉਂ ਵਧੀਕ ਡੂੰਘਾ ਹੁੰਦਾ ਜਾਏ, ਉਸ ਦਾ ਰੰਗ ਵਧੀਕ ਕਾਲਾ ਦਿੱਸੇਗਾ) ।136। ਓਬਰੀ = ਕੈਦਖ਼ਾਨੇ ਦੀ ਕੋਠੜੀ। ਕਾਗਦ = (ਭਾਵ, ਪੰਡਤਾਂ ਦੇ) ਧਰਮ-ਸ਼ਸਤ੍ਰ। ਮਸੁ = ਸਿਆਹੀ। ਮਸੁ ਕੇ = ਸਿਆਹੀ ਨਾਲ ਲਿਖੇ ਹੋਏ। ਕਰਮ = ਕਰਮ-ਕਾਂਡ (ਦੀ ਮਰਯਾਦਾ) । ਕਪਾਟ = ਕਵਾੜ, ਪੱਕੇ ਦਰਵਾਜ਼ੇ। ਬੋਰੀ = ਡੋਬ ਦਿੱਤੀ। ਪਿਰਥਮੀ = ਧਰਤੀ, ਧਰਤੀ ਦੇ ਲੋਕ। ਪਾੜੀ ਬਾਟ = ਰਾਹ ਭੰਨ ਲਿਆ, ਡਾਕਾ ਮਾਰ ਲਿਆ ਹੈ। ਬਾਟ = ਰਸਤਾ। ਅਰਥ: ਹੇ ਕਬੀਰ! ਜੋ ਲੋਕ ਠਾਕੁਰ (ਦੀ ਮੂਰਤੀ) ਮੁੱਲ ਲੈ ਕੇ (ਉਸ ਦੀ) ਪੂਜਾ ਕਰਦੇ ਹਨ, ਅਤੇ ਮਨ ਦੇ ਹਠ ਨਾਲ ਤੀਰਥਾਂ ਤੇ ਜਾਂਦੇ ਹਨ, (ਅਸਲ ਵਿਚ ਉਹ ਲੋਕ) ਇਕ ਦੂਜੇ ਨੂੰ (ਇਹ ਕੰਮ ਕਰਦਿਆਂ) ਵੇਖ ਕੇ ਸਾਂਗ ਬਣਾਈ ਜਾਂਦੇ ਹਨ (ਇਸ ਵਿਚ ਅਸਲੀਅਤ ਕੋਈ ਨਹੀਂ ਹੁੰਦੀ, ਸਭ ਕੁਝ ਲੋਕਾਂ ਵਿਚ ਚੰਗਾ ਅਖਵਾਣ ਲਈ ਹੀ ਕੀਤਾ ਜਾਂਦਾ ਹੈ, ਹਿਰਦੇ ਵਿਚ ਪਰਮਾਤਮਾ ਦੇ ਪਿਆਰ ਦਾ ਕੋਈ ਹੁਲਾਰਾ ਨਹੀਂ ਹੁੰਦਾ, ਸਹੀ ਰਾਹ ਤੋਂ ਖੁੰਝੇ ਹੋਏ ਇਹ ਲੋਕ ਭਟਕਦੇ ਹਨ। ਹੇ ਕਬੀਰ! (ਪੰਡਿਤਾਂ ਦੇ ਪਿੱਛੇ ਲੱਗਾ ਹੋਇਆ ਇਹ) ਸਾਰਾ ਜਗਤ ਪੱਥਰ (ਦੀ ਮੂਰਤੀ) ਨੂੰ ਪਰਮੇਸਰ ਮਿਥ ਰਿਹਾ ਹੈ ਤੇ ਇਸ ਦੀ ਪੂਜਾ ਕਰ ਰਿਹਾ ਹੈ। ਜਿਨ੍ਹਾਂ ਮਨੁੱਖਾਂ ਨੂੰ ਇਹ ਖ਼ਿਆਲ ਬਣਿਆ ਹੋਇਆ ਹੈ ਕਿ ਪੱਥਰ ਨੂੰ ਪੂਜ ਕੇ ਉਹ ਪਰਮਾਤਮਾ ਦੀ ਭਗਤੀ ਕਰ ਰਹੇ ਹਨ ਉਹ ਡੂੰਘੇ ਪਾਣੀਆਂ ਵਿਚ ਡੁੱਬੇ ਸਮਝੋ (ਜਿਥੋਂ ਉਹਨਾਂ ਦਾ ਕੋਈ ਥਹੁ-ਪਤਾ ਹੀ ਨਹੀਂ ਲੱਗਣਾ) ।136। ਹੇ ਕਬੀਰ! (ਇਹਨਾਂ ਪੰਡਿਤਾਂ ਦੇ) ਸ਼ਾਸਤ੍ਰ, ਮਾਨੋ ਕੈਦਖ਼ਾਨਾ ਹਨ, (ਇਹਨਾਂ ਸ਼ਾਸਤ੍ਰਾਂ ਵਿਚ) ਸਿਆਹੀ ਨਾਲ ਲਿਖੀ ਹੋਈ ਕਰਮ-ਕਾਂਡ ਦੀ ਮਰਯਾਦਾ, ਮਾਨੋ, ਉਸ ਕੈਦਖ਼ਾਨੇ ਦੇ ਬੰਦ ਦਰਵਾਜ਼ੇ ਹਨ। (ਇਸ ਕੈਦਖ਼ਾਨੇ ਵਿਚ ਰੱਖੀਆਂ) ਪੱਥਰ ਦੀਆਂ ਮੂਰਤੀਆਂ ਨੇ ਧਰਤੀ ਨੇ ਬੰਦਿਆਂ ਨੂੰ (ਸੰਸਾਰ-ਸਮੁੰਦਰ ਵਿਚ) ਡੋਬ ਦਿੱਤਾ ਹੈ, ਪੰਡਿਤ ਲੋਕ ਡਾਕੇ ਮਾਰ ਰਹੇ ਹਨ (ਭਾਵ, ਸਾਦਾ-ਦਿਲ ਲੋਕਾਂ ਨੂੰ ਸ਼ਾਸਤ੍ਰਾਂ ਦੀ ਕਰਮ-ਕਾਂਡ ਦੀ ਮਰਯਾਦਾ ਤੇ ਮੂਰਤੀ-ਪੂਜਾ ਵਿਚ ਲਾ ਕੇ ਦੱਛਣਾ-ਦਾਨ ਆਦਿ ਦੀ ਰਾਹੀਂ ਲੁੱਟ ਰਹੇ ਹਨ) ।137। ਨੋਟ: ਇਸ ਸ਼ਲੋਕ ਨੰ: 136 ਦੇ ਹੁੰਦਿਆਂ ਕੋਈ ਸਿੱਖ ਜੋ ਇਸ ਬਾਣੀ ਵਿਚ ਸ਼ਰਧਾ ਰੱਖਦਾ ਹੋਵੇ ਇਹ ਨਹੀਂ ਆਖ ਸਕਦਾ ਕਿ ਮੂਰਤੀ ਦੀ ਰਾਹੀਂ ਪਰਮਾਤਮਾ ਦੀ ਪੂਜਾ ਹੋ ਸਕਦੀ ਹੈ, ਜਾਂ, ਮੂਰਤੀ-ਪੂਜਾ ਭੀ ਇਕ ਠੀਕ ਰਸਤਾ ਹੈ ਜਿਸ ਰਸਤੇ ਤੇ ਤੁਰ ਕੇ ਮਨੁੱਖ ਪਰਮਾਤਮਾ ਨੂੰ ਮਿਲ ਸਕਦਾ ਹੈ। ਕਬੀਰ ਕਾਲਿ ਕਰੰਤਾ ਅਬਹਿ ਕਰੁ ਅਬ ਕਰਤਾ ਸੁਇ ਤਾਲ ॥ ਪਾਛੈ ਕਛੂ ਨ ਹੋਇਗਾ ਜਉ ਸਿਰ ਪਰਿ ਆਵੈ ਕਾਲੁ ॥੧੩੮॥ {ਪੰਨਾ 1371} ਪਦ ਅਰਥ: ਕਲਿ = ਭਲਕੇ, ਜੋ ਦਿਨ ਭਲਕੇ ਆਉਣਾ ਹੈ। ਅਬਹਿ = ਹੁਣੇ ਹੀ। ਸੁਇ ਤਾਲ = ਉਸੇ ਖਿਨ। ਜਉ = ਜਦੋਂ। ਕਾਲੁ = ਮੌਤ। ਪਾਛੈ = ਭਗਤੀ ਕਰਨ ਦਾ ਮੌਕਾ ਲੰਘ ਜਾਣ ਤੇ, ਅਸਲ ਸਮੇ ਤੋਂ ਪਿਛੋਂ। ਨੋਟ: ਸਲੋਕ ਨੰ: 132 ਵਿਚ ਕਬੀਰ ਜੀ ਨੇ ਇਹ ਤਾਕੀਦ ਕੀਤੀ ਸੀ ਕਿ ਬੁਢੇਪਾ ਆਉਣ ਤੋਂ ਪਹਿਲਾਂ ਪਹਿਲਾਂ ਭਗਤੀ ਦਾ ਸੁਭਾਉ ਬਣਾਓ। ਨਾਲ ਹੀ ਚੇਤਾ ਕਰਾਂਦੇ ਹਨ ਕਿ ਇਹ ਪ੍ਰਭੂ ਦੀ ਬਖ਼ਸ਼ਸ਼ ਹੀ ਹੈ, ਜਿਸ ਉੱਤੇ ਹੋ ਜਾਏ। ਅੰਬ ਦੇ ਫਲ ਦੀ ਮਿਸਾਲ ਦੇ ਕੇ ਸਮਝਾਂਦੇ ਹਨ ਕਿ ਉਸ ਦੀ ਮੇਹਰ ਤੇ ਯਕੀਨ ਰੱਖੋ, ਉਹ ਜ਼ਰੂਰ ਬਖ਼ਸ਼ਸ਼ ਕਰਦਾ ਹੈ। ਪਰ ਨਾਲ ਹੀ ਅਗਾਂਹ ਸੁਚੇਤ ਕਰਦੇ ਹਨ ਕਿ ਇਹਨਾਂ ਮੂਰਤੀ-ਪੂਜਾਂ ਨੂੰ ਪਰਮਾਤਮਾ ਦੀ ਭਗਤੀ ਕਰਦੇ ਨਾਹ ਸਮਝੋ, ਇਹ ਵਿਚਾਰੇ ਤਾਂ ਪੰਡਿਤ ਲੋਕਾਂ ਦੇ ਕੈਦੀ ਹਨ। ਸ਼ਲੋਕ ਨੰ: 132 ਦੇ ਖ਼ਿਆਲ ਨੂੰ ਮੁੜ ਜਾਰੀ ਰੱਖਦੇ ਹੋਏ ਆਖਦੇ ਹਨ ਕਿ: ਅਰਥ: ਹੇ ਕਬੀਰ! (ਪਰਮਾਤਮਾ ਦਾ ਸਿਮਰਨ ਕਰਨ ਵਿਚ ਕਦੇ ਆਲਸ ਨਾਹ ਕਰ) ਭਲਕੇ (ਸਿਮਰਨ ਕਰਾਂਗਾ, ਇਹ ਸਲਾਹ) ਕਰਦਾ ਹੁਣੇ ਹੀ (ਸਿਮਰਨ) ਕਰ (ਭਲਕੇ ਸਿਮਰਨ ਸ਼ੁਰੂ ਕਰਨ ਦੇ ਥਾਂ ਹੁਣੇ ਹੀ ਸ਼ੁਰੂ ਕਰ ਦੇਹ। ਨਹੀਂ ਤਾਂ ਭਲਕ ਭਲਕ ਕਰਦਿਆਂ) ਜਦੋਂ ਮੌਤ ਸਿਰ ਤੇ ਆ ਜਾਂਦੀ ਹੈ ਉਸ ਵੇਲੇ ਸਮਾਂ ਵਿਹਾ ਜਾਣ ਤੇ ਕੁਝ ਨਹੀਂ ਹੋ ਸਕਦਾ ।138। ਕਬੀਰ ਐਸਾ ਜੰਤੁ ਇਕੁ ਦੇਖਿਆ ਜੈਸੀ ਧੋਈ ਲਾਖ ॥ ਦੀਸੈ ਚੰਚਲੁ ਬਹੁ ਗੁਨਾ ਮਤਿ ਹੀਨਾ ਨਾਪਾਕ ॥੧੩੯॥ {ਪੰਨਾ 1371} ਪਦ ਅਰਥ: ਐਸਾ ਜੰਤੁ = ਅਜੇਹਾ ਮਨੁੱਖ ਜਿਸ ਨੇ 'ਰਾਮੁ ਨ ਚੇਤਿਓ'। ਧੋਈ ਲਾਖ = ਧੋਤੀ ਹੋਈ ਲਾਖ (ਜੋ ਬੜੀ ਚਮਕਦੀ ਹੈ) । ਚੰਚਲੁ = ਚਾਲਾਕ, ਚੁਸਤ। ਬਹੁ ਗੁਨਾ = ਬਹੁਤ ਹੀ ਵਧੀਕ। ਮਤਿ ਹੀਨਾ = ਅਕਲ ਤੋਂ ਸੱਖਣਾ। ਨਾਪਾਕ = ਨਾ-ਪਾਕ, ਅਪਵਿਤ੍ਰ, ਗੰਦੇ ਜੀਵਨ ਵਾਲਾ। ਅਰਥ: ਹੇ ਕਬੀਰ! ਮੈਂ ਇਕ ਅਜੇਹਾ ਮਨੁੱਖ ਵੇਖਿਆ (ਜਿਸ ਨੇ ਕਦੇ ਪਰਮਾਤਮਾ ਦਾ ਸਿਮਰਨ ਨਹੀਂ ਸੀ ਕੀਤਾ) ਉਹ (ਬਾਹਰੋਂ ਵੇਖਣ ਨੂੰ) ਧੋਤੀ ਹੋਈ ਚਮਕਦੀ ਲਾਖ ਵਰਗਾ ਸੀ। ਪ੍ਰਭੂ ਦੀ ਯਾਦ ਤੋਂ ਖੁੰਝਿਆ ਹੋਇਆ ਮਨੁੱਖ ਭਾਵੇਂ ਬਹੁਤ ਹੀ ਚੁਸਤ-ਚਲਾਕ ਦਿੱਸਦਾ ਹੋਵੇ, ਪਰ ਉਹ ਅਸਲ ਵਿਚ ਅਕਲ ਤੋਂ ਸੱਖਣਾ ਹੁੰਦਾ ਹੈ ਕਿਉਂਕਿ ਪ੍ਰਭੂ ਤੋਂ ਵਿਛੁੜ ਕੇ ਉਸ ਦਾ ਜੀਵਨ ਗੰਦਾ ਹੁੰਦਾ ਹੈ ।139। ਕਬੀਰ ਮੇਰੀ ਬੁਧਿ ਕਉ ਜਮੁ ਨ ਕਰੈ ਤਿਸਕਾਰ ॥ ਜਿਨਿ ਇਹੁ ਜਮੂਆ ਸਿਰਜਿਆ ਸੁ ਜਪਿਆ ਪਰਵਿਦਗਾਰ ॥੧੪੦॥ {ਪੰਨਾ 1371} ਪਦ ਅਰਥ: ਬੁਧਿ = ਅਕਲ। ਕਉ = ਨੂੰ। ਤਿਸਕਾਰ = ਤ੍ਰਿਸਕਾਰ, ਨਿਰਾਦਰੀ, ਹੱਤਕ। ਜਿਨਿ = ਜਿਸ (ਪਰਵਿਦਗਾਰ) ਨੇ, ਜਿਸ ਪਾਲਣਹਾਰ ਪ੍ਰਭੂ ਨੇ। ਜਮੂਆ = ਗਰੀਬ ਜਿਹਾ ਜਮ, ਵਿਚਾਰਾ ਜਮ (ਨੋਟ: ਜਿਸ 'ਜਮ' ਤੋਂ ਦੁਨੀਆ ਥਰ-ਥਰ ਕੰਬਦੀ ਹੈ, ਭਗਤੀ ਕਰਨ ਵਾਲੇ ਨੂੰ ਉਹ ਭੀ ਪਰਮਾਤਮਾ ਦਾ ਪੈਦਾ ਕੀਤਾ ਹੋਇਆ ਇਕ ਸਾਧਾਰਨ ਜਿਹਾ ਜੀਵ ਜਾਪਦਾ ਹੈ, ਉਸ ਪਾਸੋਂ ਉਹ ਰਤਾ ਭਰ ਭੀ ਨਹੀਂ ਡਰਦੇ) । ਸੁ = ਉਸ (ਪਰਮਾਤਮਾ) ਨੂੰ। ਅਰਥ: ਹੇ ਕਬੀਰ! (ਪ੍ਰਭੂ ਦੀ ਯਾਦ ਤੋਂ ਭੁੱਲਾ ਹੋਇਆ ਮਨੁੱਖ ਬੜਾ ਚੁਸਤ-ਚਾਲਾਕ ਹੁੰਦਾ ਹੋਇਆ ਭੀ ਅਕਲ-ਹੀਣ ਤੇ ਫਿਟਕਾਰ-ਜੋਗ ਹੁੰਦਾ ਹੈ ਕਿਉਂਕਿ ਉਸ ਦਾ ਜੀਵਨ ਨੀਵਾਂ ਰਹਿ ਜਾਂਦਾ ਹੈ। ਪਰ ਮੇਰੇ ਉਤੇ ਪ੍ਰਭੂ ਦੀ ਮੇਹਰ ਹੋਈ ਹੈ, ਦੁਨੀਆ ਦੇ ਲੋਕ ਤਾਂ ਕਿਤੇ ਰਹੇ) ਮੇਰੀ ਅਕਲ ਨੂੰ ਜਮਰਾਜ ਭੀ ਫਿਟਕਾਰ ਨਹੀਂ ਪਾ ਸਕਦਾ, ਕਿਉਂਕਿ ਮੈਂ ਉਸ ਪਾਲਣਹਾਰ ਪ੍ਰਭੂ ਨੂੰ ਸਿਮਰਿਆ ਹੈ ਜਿਸ ਨੇ ਇਸ ਵਿਚਾਰੇ ਜਮ ਨੂੰ ਪੈਦਾ ਕੀਤਾ ਹੈ ।140। |
Sri Guru Granth Darpan, by Professor Sahib Singh |