ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1372 ਕਬੀਰੁ ਕਸਤੂਰੀ ਭਇਆ ਭਵਰ ਭਏ ਸਭ ਦਾਸ ॥ ਜਿਉ ਜਿਉ ਭਗਤਿ ਕਬੀਰ ਕੀ ਤਿਉ ਤਿਉ ਰਾਮ ਨਿਵਾਸ ॥੧੪੧॥ {ਪੰਨਾ 1371-1372} ਪਦ ਅਰਥ: ਕਬੀਰੁ = ਸਭ ਤੋਂ ਵੱਡਾ, ਪਰਮਾਤਮਾ, ਪਰਮ ਆਤਮਾ। ਭਇਆ = ਹੋ ਜਾਂਦਾ ਹੈ, ਜਾਪਦਾ ਹੈ। ਦਾਸ = (ਪਰਮਾਤਮਾ ਦੀ ਭਗਤੀ ਕਰਨ ਵਾਲੇ) ਸੇਵਕ। ਕਬੀਰ ਕੀ ਭਗਤਿ = ਪਰਮਾਤਮਾ ਦੀ ਭਗਤੀ। ਅਰਥ: (ਭਗਤੀ ਕਰਨ ਵਾਲਿਆਂ ਨੂੰ) ਪਰਮਾਤਮਾ (ਇਉਂ ਪ੍ਰਤੀਤ ਹੁੰਦਾ ਹੈ ਜਿਵੇਂ) ਕਸਤੂਰੀ ਹੈ, ਸਾਰੇ ਭਗਤ ਉਸ ਦੇ ਭੌਰੇ ਬਣ ਜਾਂਦੇ ਹਨ (ਜਿਵੇਂ ਭੌਰੇ ਫੁੱਲ ਦੀ ਸੁਗੰਧੀ ਵਿਚ ਮਸਤ ਹੋ ਜਾਂਦੇ ਹਨ ਤੇ ਕਿਤੇ ਗੰਦੀ-ਮੰਦੀ ਬੂ ਵਾਲੇ ਥਾਂ ਵਲ ਨਹੀਂ ਜਾਂਦੇ, ਤਿਵੇਂ ਭਗਤ ਪਰਮਾਤਮਾ ਦੇ ਪਿਆਰ ਦੀ ਸੁਗੰਧੀ ਵਿਚ ਲੀਨ ਰਹਿੰਦੇ ਹਨ ਤੇ ਮਾਇਕ ਪਦਾਰਥਾਂ ਵਲ ਨਹੀਂ ਪਰਤਦੇ) । ਜਿਉਂ ਜਿਉਂ ਉਹ ਪਰਮਾਤਮਾ ਦੀ ਭਗਤੀ ਕਰਦੇ ਹਨ, ਤਿਉਂ ਤਿਉਂ ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ (ਅਜੇਹੇ ਮਨੁੱਖਾਂ ਦੀ ਅਕਲ ਨੂੰ ਕੌਣ ਫਿਟਕਾਰ ਪਾ ਸਕਦਾ ਹੈ?) ।141। ਕਬੀਰ ਗਹਗਚਿ ਪਰਿਓ ਕੁਟੰਬ ਕੈ ਕਾਂਠੈ ਰਹਿ ਗਇਓ ਰਾਮੁ ॥ ਆਇ ਪਰੇ ਧਰਮ ਰਾਇ ਕੇ ਬੀਚਹਿ ਧੂਮਾ ਧਾਮ ॥੧੪੨॥ {ਪੰਨਾ 1372} ਪਦ ਅਰਥ: ਗਹਗਚਿ = ਗਾੜ੍ਹ ਵਿਚ, ਰੌਣਕ ਵਿਚ, ਘਮਸਾਨ ਵਿਚ। ਕੁਟੰਬ ਕੈ ਗਹਗਚਿ = ਟੱਬਰ ਦੇ ਝੰਬੇਲੇ ਵਿਚ। ਪਰਿਓ = ਪਿਆ ਰਿਹਾ, ਫਸਿਆ ਰਿਹਾ। ਕਾਂਠੈ = ਕੰਢੇ ਤੇ, ਲਾਂਭੇ ਹੀ; ਇਕ = ਪਾਸੇ ਹੀ। ਧਰਮਰਾਇ ਕੇ = ਧਰਮਰਾਜ ਦੇ ਭੇਜੇ ਹੋਏ ਦੂਤ। ਆਇ ਪਰੇ = ਆ ਅੱਪੜੇ। ਬੀਚਹਿ = ਵਿਚੇ ਹੀ। ਧੂਮਧਾਮ = ਰੌਲਾ-ਗੌਲਾ। ਅਰਥ: ਹੇ ਕਬੀਰ! ਜੋ ਮਨੁੱਖ ਟੱਬਰ ਦੇ ਗਾੜ੍ਹ ਵਿਚ ਹੀ ਫਸਿਆ ਰਹਿੰਦਾ ਹੈ, ਪਰਮਾਤਮਾ (ਦਾ ਭਜਨ ਉਸ ਦੇ ਹਿਰਦੇ ਤੋਂ) ਲਾਂਭੇ ਹੀ ਰਹਿ ਜਾਂਦਾ ਹੈ। ਇਸ ਰੌਲੇ-ਗੌਲੇ ਵਿਚ ਹੀ ਫਸੇ ਹੋਏ ਦੇ ਪਾਸ ਧਰਮਰਾਜ ਦੇ ਭੇਜੇ ਹੋਏ ਦੂਤ ਆ ਅੱਪੜਦੇ ਹਨ ('ਰਾਮੁ ਨ ਚੇਤਿਓ, ਜਰਾ ਪਹੂੰਚਿਓ ਆਇ') ।142। ਕਬੀਰ ਸਾਕਤ ਤੇ ਸੂਕਰ ਭਲਾ ਰਾਖੈ ਆਛਾ ਗਾਉ ॥ ਉਹੁ ਸਾਕਤੁ ਬਪੁਰਾ ਮਰਿ ਗਇਆ ਕੋਇ ਨ ਲੈਹੈ ਨਾਉ ॥੧੪੩॥ {ਪੰਨਾ 1372} ਪਦ ਅਰਥ: ਸਾਕਤ ਤੇ = ਰੱਬ ਨਾਲੋਂ ਟੁੱਟੇ ਹੋਏ ਮਨੁੱਖ ਤੋਂ। ਸੂਕਰ = ਸੂਰ। ਭਲਾ = ਚੰਗਾ। ਆਛਾ = ਸਾਫ਼। ਗਾਉ = ਪਿੰਡ। ਬਪੁਰਾ = ਵਿਚਾਰਾ; ਬਦ = ਨਸੀਬ। ਕੋਇ ਨਾਉ ਨ ਲੈ ਹੈ– ਕੋਈ ਉਸ ਦਾ ਨਾਮ ਭੀ ਨਹੀਂ ਲੈਂਦਾ, ਕਿਸੇ ਨੂੰ ਉਸ ਦਾ ਚੇਤਾ ਭੀ ਨਹੀਂ ਰਹਿ ਜਾਂਦਾ। ਅਰਥ: ਹੇ ਕਬੀਰ! (ਕੁਟੰਬ ਦੇ ਗਹਗਚ ਵਿਚ ਪੈ ਕੇ ਪਰਮਾਤਮਾ ਨੂੰ ਵਿਸਾਰ ਦੇਣ ਵਾਲੇ) ਸਾਕਤ ਨਾਲੋਂ ਤਾਂ ਸੂਰ ਹੀ ਚੰਗਾ ਜਾਣੋ (ਪਿੰਡ ਦੇ ਦੁਆਲੇ ਦਾ ਗੰਦ ਖਾ ਕੇ) ਪਿੰਡ ਨੂੰ ਸਾਫ਼-ਸੁਥਰਾ ਰੱਖਦਾ ਹੈ। ਜਦੋਂ ਉਹ ਮੰਦ-ਭਾਗੀ ਸਾਕਤ ਮਰ ਜਾਂਦਾ ਹੈ ਕਿਸੇ ਨੂੰ ਉਸ ਦਾ ਚੇਤਾ ਭੀ ਨਹੀਂ ਰਹਿ ਜਾਂਦਾ (ਭਾਵੇਂ ਉਹ ਜਿਊਂਦਿਆਂ ਕਿਤਨਾ ਹੀ ਵੱਡਾ ਬਣ ਬਣ ਬਹਿੰਦਾ ਰਿਹਾ ਹੋਵੇ) ।143। ਨੋਟ: ਇਥੇ ਸਾਕਤ ਅਤੇ ਸੂਕਰ ਦੇ ਜੀਵਨ ਦਾ ਟਾਕਰਾ ਕਰ ਕੇ ਦੱਸਿਆ ਹੈ ਕਿ ਦੋਹਾਂ ਵਿਚੋਂ ਸੂਕਰ ਨੂੰ ਚੰਗਾ ਜਾਣੋ। ਸਾਕਤ ਸਾਰੀ ਉਮਰ ਗੰਦੇ-ਮੰਦੇ ਵਿਕਾਰਾਂ ਵਿਚ ਪਿਆ ਰਹਿੰਦਾ ਹੈ, ਸੂਕਰ ਗੰਦ ਖਾਂਦਾ ਹੈ। ਪਰ ਸਾਕਤ ਤਾਂ ਕਈ ਗ਼ਰੀਬ ਬੰਦਿਆਂ ਨੂੰ ਦੁੱਖ ਦੇਂਦਾ ਰਿਹਾ ਹੋਵੇਗਾ, ਤੇ ਸੂਕਰ ਪਿੰਡ ਦੀ ਸਫ਼ਾਈ ਰੱਖ ਕੇ ਪਿੰਡ ਦੀ ਸੇਵਾ ਹੀ ਕਰਦਾ ਰਿਹਾ। ਕਬੀਰ ਕਉਡੀ ਕਉਡੀ ਜੋਰਿ ਕੈ ਜੋਰੇ ਲਾਖ ਕਰੋਰਿ ॥ ਚਲਤੀ ਬਾਰ ਨ ਕਛੁ ਮਿਲਿਓ ਲਈ ਲੰਗੋਟੀ ਤੋਰਿ ॥੧੪੪॥ {ਪੰਨਾ 1372} ਪਦ ਅਰਥ: ਚਲਤੀ ਬਾਰ = ਸੰਸਾਰ ਤੋਂ ਤੁਰਨ ਵੇਲੇ, ਮਰਨ ਵੇਲੇ। ਲੰਗੋਟੀ = (ਨੋਟ: ਪ੍ਰਾਣੀ ਦੇ ਮਰਨ ਤੇ ਉਸ ਦੇ ਸਰੀਰ ਨੂੰ ਸਾਧਾਰਣ ਹਾਲਤਾਂ ਵਿਚ ਉਸ ਦੇ ਸੰਬੰਧੀ ਨੁਹਾ-ਧੁਆ ਕੇ ਕੱਪੜੇ ਪਾ ਕੇ ਸਾੜਦੇ ਦੱਬਦੇ ਹਨ। ਇਹ ਨਹੀਂ ਹੁੰਦਾ ਕਿ ਉਸ ਦੇ ਲੱਕ ਦੀ ਲੰਗੋਟੀ ਭੀ ਲਾਹ ਲੈਣ। ਪਰ, ਪੁਰਾਣੇ ਸਮੇ ਵਿਚ ਵਪਾਰੀ ਲੋਕ ਘਰੋਂ ਤੁਰਨ ਵੇਲੇ ਰੁਪਇਆਂ ਨੂੰ ਵਾਂਸਲੀ ਵਿਚ ਪਾ ਕੇ ਲੱਕ ਨਾਲ ਬੰਨ੍ਹ ਲੈਂਦੇ ਸਨ, ਤਾਕਿ ਚੁਰਾਏ ਨਾਹ ਜਾਣ। ਵਾਂਸਲੀ ਇਕ ਲੰਮੀ ਤੇ ਭੀੜੀ ਥੈਲੀ ਹੁੰਦੀ ਹੈ ਜਿਸ ਵਿਚ ਗੋਲਾਈ ਵਾਲੇ ਪਾਸੇ ਮਸਾਂ ਇਕ ਰੁਪਇਆ ਆ ਸਕੇ। ਸੋ, ਲੰਮੇ-ਦਾਅ ਉਸ ਨੂੰ ਰੁਪਇਆਂ ਨਾਲ ਭਰ ਲਈਦਾ ਹੈ, ਵਾਂਸਲੀ ਦੇ ਦੋਹਾਂ ਸਿਰਿਆਂ ਉੱਤੇ ਤਣੀਆਂ ਹੁੰਦੀਆਂ ਹਨ, ਦੋਵੇਂ ਸਿਰੇ ਬੰਦ ਕਰ ਕੇ ਲੱਕ ਦੁਆਲੇ ਬੰਨ੍ਹ ਲਈਦੀ ਹੈ। ਜਿਸ ਮਨੁੱਖ ਨੂੰ ਆਪਣੇ ਕਮਾਏ ਰੁਪਏ ਦਾ ਬਹੁਤਾ ਫ਼ਿਕਰ ਰਹੇ, ਉਹ ਹਰ ਵੇਲੇ ਭੀ ਬੰਨ੍ਹੀ ਫਿਰਦਾ ਹੋਵੇਗਾ। ਮਾਲੂਮ ਹੁੰਦਾ ਹੈ ਕਿ ਇਥੇ ਲੰਗੋਟੀ ਤੋਂ ਕਬੀਰ ਜੀ ਦਾ ਭਾਵ ਵਾਂਸਲੀ ਤੋਂ ਹੈ) । ਅਰਥ: ਹੇ ਕਬੀਰ! (ਪ੍ਰਭੂ ਨਾਲੋਂ ਟੁੱਟ ਕੇ ਨਿਰੀ ਮਾਇਆ ਜੋੜਨ ਦਾ ਭੀ ਕੀਹ ਲਾਭ?) ਜਿਸ ਮਨੁੱਖ ਨੇ ਤਰਲਿਆਂ ਨਾਲ ਜੋੜ ਕੇ ਲੱਖਾਂ ਕ੍ਰੋੜਾਂ ਰੁਪਏ ਭੀ ਇਕੱਠੇ ਕਰ ਲਏ ਹੋਣ (ਤੇ ਇਸ ਜੋੜੇ ਹੋਏ ਧਨ ਦਾ ਇਤਨਾ ਖ਼ਿਆਲ ਰੱਖਦਾ ਹੋਵੇ ਕਿ ਵਾਂਸਲੀ ਵਿਚ ਪਾ ਕੇ ਲੱਕ ਨਾਲ ਬੰਨ੍ਹੀ ਫਿਰਦਾ ਹੋਵੇ, ਉਸ ਨੂੰ ਭੀ) ਮਰਨ ਵੇਲੇ ਕੁਝ ਪ੍ਰਾਪਤ ਨਹੀਂ ਹੁੰਦਾ, (ਉਸ ਦੇ ਸੰਬੰਧੀ) ਉਸ ਦੀ ਵਾਂਸਲੀ ਭੀ ਤੋੜ ਕੇ ਲਾਹ ਲੈਂਦੇ ਹਨ ।144। ਕਬੀਰ ਬੈਸਨੋ ਹੂਆ ਤ ਕਿਆ ਭਇਆ ਮਾਲਾ ਮੇਲੀਂ ਚਾਰਿ ॥ ਬਾਹਰਿ ਕੰਚਨੁ ਬਾਰਹਾ ਭੀਤਰਿ ਭਰੀ ਭੰਗਾਰ ॥੧੪੫॥ {ਪੰਨਾ 1372} ਪਦ ਅਰਥ: ਬੈਸਨੋ = ਤਿਲਕ ਮਾਲਾ ਚੱਕ੍ਰ ਆਦਿਕ ਲਾ ਕੇ ਬਣਿਆ ਹੋਇਆ ਵਿਸ਼ਨੂ ਦਾ ਭਗਤ। ਮਾਲਾ ਮੇਲੀਂ ਚਾਰਿ = ਚਾਰ ਮਾਲਾ ਪਾ ਲਈਆਂ। ਕੰਚਨੁ = ਸੋਨਾ। ਬਾਰਹਾ = ਬਾਰਾਂ ਵੰਨੀ ਦਾ, ਸੁੱਧ। ਭੀਤਰਿ = ਅੰਦਰ, ਮਨ ਵਿਚ। ਭੰਗਾਰ = ਲਾਖ, ਖੋਟ। ਅਰਥ: ਹੇ ਕਬੀਰ! (ਪ੍ਰਭੂ ਦਾ ਸਿਮਰਨ ਛੱਡ ਕੇ ਨਿਰਾ ਧਨ ਕਮਾਣ ਵਾਲੇ ਬੰਦੇ ਉਮਰ ਅਜਾਈਂ ਗਵਾਂਦੇ ਹਨ ਕਿਉਂਕਿ ਧਨ ਇਥੇ ਹੀ ਪਿਆ ਰਹਿੰਦਾ ਹੈ। ਪਰ ਨਿਰ ਭੇਖ ਨੂੰ ਹੀ ਭਗਤੀ-ਮਾਰਗ ਸਮਝਣ ਵਾਲੇ ਭੀ ਕੁਝ ਨਹੀਂ ਖੱਟ ਰਹੇ) ਜੇ ਕਿਸੇ ਮਨੁੱਖ ਨੇ ਤਿਲਕ ਚੱਕ੍ਰ ਲਾ ਕੇ ਅਤੇ ਚਾਰ ਮਾਲਾ ਪਾ ਕੇ ਆਪਣੇ ਆਪ ਨੂੰ ਵੈਸ਼ਨਵ ਭਗਤ ਅਖਵਾ ਲਿਆ, ਉਸ ਨੇ ਭੀ ਕੁਝ ਨਹੀਂ ਖੱਟਿਆ। (ਇਸ ਧਾਰਮਿਕ ਭੇਖ ਦੇ ਕਾਰਨ) ਬਾਹਰੋਂ ਵੇਖਣ ਨੂੰ ਭਾਵੇਂ ਸ਼ੁੱਧ ਸੋਨਾ ਦਿਸੇ, ਪਰ ਉਸ ਦੇ ਅੰਦਰ ਖੋਟ ਹੀ ਖੋਟ ਹੈ ।145। ਨੋਟ: ਚੌਂਕ ਆਦਿਕ ਕਈ ਗਹਿਣੇ ਲੋਕ ਅਜੇਹੇ ਬਣਵਾਂਦੇ ਹਨ ਜਿਨ੍ਹਾਂ ਦੇ ਬਾਹਰਵਾਰ ਤਾਂ ਸ਼ੁੱਧ ਸੋਨੇ ਦੀ ਪੱਤ੍ਰੀ ਲੱਗੀ ਹੁੰਦੀ ਹੈ ਪਰ ਉਸ ਦੇ ਅੰਦਰ ਲਾਖ ਭਰੀ ਜਾਂਦੀ ਹੈ। ਕਬੀਰ ਰੋੜਾ ਹੋਇ ਰਹੁ ਬਾਟ ਕਾ ਤਜਿ ਮਨ ਕਾ ਅਭਿਮਾਨੁ ॥ ਐਸਾ ਕੋਈ ਦਾਸੁ ਹੋਇ ਤਾਹਿ ਮਿਲੈ ਭਗਵਾਨੁ ॥੧੪੬॥ ਕਬੀਰ ਰੋੜਾ ਹੂਆ ਤ ਕਿਆ ਭਇਆ ਪੰਥੀ ਕਉ ਦੁਖੁ ਦੇਇ ॥ ਐਸਾ ਤੇਰਾ ਦਾਸੁ ਹੈ ਜਿਉ ਧਰਨੀ ਮਹਿ ਖੇਹ ॥੧੪੭॥ ਕਬੀਰ ਖੇਹ ਹੂਈ ਤਉ ਕਿਆ ਭਇਆ ਜਉ ਉਡਿ ਲਾਗੈ ਅੰਗ ॥ ਹਰਿ ਜਨੁ ਐਸਾ ਚਾਹੀਐ ਜਿਉ ਪਾਨੀ ਸਰਬੰਗ ॥੧੪੮॥ ਕਬੀਰ ਪਾਨੀ ਹੂਆ ਤ ਕਿਆ ਭਇਆ ਸੀਰਾ ਤਾਤਾ ਹੋਇ ॥ ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ ॥੧੪੯॥ {ਪੰਨਾ 1372} ਨੋਟ: ਪ੍ਰਭੂ ਦੇ ਸਿਮਰਨ ਦੀ ਸਹੈਤਾ ਨਾਲ ਜੀਵਨ ਨੂੰ ਸਹਜੇ ਸਹਜੇ ਉੱਚਾ ਕਰ ਕੇ ਪਰਮਾਤਮਾ ਨਾਲ ਇਕ-ਮਿਕ ਕਰਨ ਲਈ ਇਹਨਾਂ ਚਾਰ ਸ਼ਲੋਕਾਂ ਵਿਚ ਕਬੀਰ ਜੀ ਰੋੜੇ, ਧੂੜ ਅਤੇ ਪਾਣੀ ਦਾ ਦ੍ਰਿਸ਼ਟਾਂਤ ਦੇ ਕੇ ਇਹਨਾਂ ਦੇ ਗੁਣ ਧਾਰਨ ਅਤੇ ਇਹਨਾਂ ਵਾਲੇ ਅਵਗੁਣ ਛੱਡਣ ਦਾ ਉਪਦੇਸ਼ ਕਰਦੇ ਹਨ। ਪਹੇ ਵਿਚ ਪਿਆ ਹੋਇਆ ਰੋੜਾ ਰਾਹੀਆਂ ਦੇ ਪੈਰਾਂ ਦੇ ਠੇਡੇ ਖਾਂਦਾ ਹੈ, ਇਸੇ ਤਰ੍ਹਾਂ ਮਨੁੱਖ ਨੇ ਦੂਜਿਆਂ ਵਲੋਂ ਆਏ ਕਲੇਸ਼ਾਂ ਤੇ ਕੁਬੋਲਾਂ ਨੂੰ ਸਹਾਰਨ ਦੀ ਆਦਤ ਪਕਾਣੀ ਹੈ। ਰੋੜਾ ਨੰਗੀਂ ਪੈਰੀਂ ਜਾਣ ਵਾਲੇ ਰਾਹੀ ਦੇ ਪੈਰਾਂ ਵਿਚ ਚੁੱਭਦਾ ਹੈ, ਭਗਤ ਨੇ ਕਿਸੇ ਗ਼ਰੀਬ ਤੋਂ ਗ਼ਰੀਬ ਨੂੰ ਭੀ ਕੋਈ ਚੋਭਵਾਂ ਬੋਲ ਨਹੀਂ ਬੋਲਣਾ, ਧੂੜ ਵਾਂਗ ਨਰਮ-ਦਿਲ ਰਹਿਣਾ ਹੈ। ਪਰ ਧੂੜ ਮਸਾਫ਼ਿਰਾਂ ਉਤੇ ਪੈ ਕੇ ਉਹਨਾਂ ਨੂੰ ਗੰਦਾ ਕਰਦੀ ਹੈ; ਭਗਤ ਨੇ ਇਸ ਵਾਦੀ ਤੋਂ ਬਚਣਾ ਹੈ, ਕਿਸੇ ਦੇ ਐਬ ਨਹੀਂ ਫਰੋਲਣੇ। ਜਿਵੇਂ ਪਾਣੀ ਸਾਰੇ ਅੰਗਾਂ ਵਾਸਤੇ ਇਕ-ਸਮਾਨ ਹੁੰਦਾ ਹੈ, ਸਭ ਸ਼ਕਲਾਂ ਦੇ ਭਾਂਡਿਆਂ ਨਾਲ ਭੀ ਮੇਲ ਕਰ ਲੈਂਦਾ ਹੈ, ਭਗਤ ਨੇ ਚੰਗੇ ਮੰਦੇ ਸਭ ਨਾਲ ਪਿਆਰ ਕਰਨਾ ਹੈ। ਪਰ ਭਗਤ ਨੇ ਸਦਾ ਠੰਢੇ ਸੁਭਾਵ ਵਾਲਾ ਰਹਿਣਾ ਹੈ, ਇਤਨਾ ਇੱਕ-ਰਸ ਕਿ ਪਰਮਾਤਮਾ ਤੇ ਇਸ ਵਿਚ ਕੋਈ ਵਿੱਥ ਨਾਹ ਰਹਿ ਜਾਏ। ਪਦ ਅਰਥ: ਰੋੜਾ = ਰੋੜ, ਇੱਟ ਦਾ ਟੋਟਾ। ਬਾਟ = ਰਸਤਾ, ਪਹਿਆ। ਤਜਿ = ਛੱਡ ਕੇ। ਤਾਹਿ = ਉਸੇ ਨੂੰ ।146। ਪੰਥੀ = ਰਾਹੀ, ਮੁਸਾਫ਼ਿਰ। ਧਰਨੀ = ਧਰਤੀ। ਖੇਹ = ਮਿੱਟੀ, ਬਰੀਕ ਮਿੱਟੀ, ਧੂੜ ।137। ਸਰਬੰਗ = ਸਾਰੇ ਅੰਗਾਂ ਨਾਲ (ਮੈਲ ਰੱਖਣ ਵਾਲਾ) ।148। ਸੀਰਾ = ਸੀਅਰਾ, ਸੀਤਲ, ਠੰਢਾ। ਤਾਤਾ = ਤੱਤਾ ।149। ਅਰਥ: ਹੇ ਕਬੀਰ! (ਜੇ 'ਜਾ ਕੇ ਸੰਗ ਤੇ ਬੀਛੁਰਾ, ਤਾ ਹੀ ਕੇ ਸੰਗਿ' ਮਿਲਣ ਦੀ ਤਾਂਘ ਹੈ, ਤਾਂ) ਅਹੰਕਾਰ ਛੱਡ ਕੇ ਰਾਹ ਵਿਚ ਪਏ ਹੋਏ ਰੋੜੇ ਵਰਗਾ ਹੋ ਜਾਹ (ਤੇ ਹਰੇਕ ਰਾਹੀ ਦੇ ਠੇਡੇ ਸਹਾਰ) ! ਜੇਹੜਾ ਕੋਈ ਮਨੁੱਖ ਅਜੇਹਾ ਸੇਵਕ ਬਣ ਜਾਂਦਾ ਹੈ, ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ ।146। ਪਰ ਹੇ ਕਬੀਰ! ਰੋੜਾ ਬਣਿਆਂ ਭੀ ਅਜੇ ਪੂਰੀ ਕਾਮਯਾਬੀ ਨਹੀਂ ਹੁੰਦੀ, ਕਿਉਂਕਿ (ਰੋੜਾ ਠੇਡੇ ਤਾਂ ਸਹਾਰਦਾ ਹੈ, ਪਰ ਨੰਗੀਂ ਪੈਰੀਂ ਤੁਰਨ ਵਾਲੇ) ਰਾਹੀਆਂ ਦੇ ਪੈਰਾਂ ਵਿਚ ਚੁੱਭਦਾ ਭੀ ਹੈ (ਤੂੰ ਕਿਸੇ ਨੂੰ ਦੁੱਖ ਨਹੀਂ ਦੇਣਾ) । ਹੇ ਪ੍ਰਭੂ! ਤੇਰਾ ਭਗਤ ਤਾਂ ਅਜੇਹਾ (ਨਰਮ-ਦਿਲ) ਬਣ ਜਾਂਦਾ ਹੈ ਜਿਵੇਂ ਰਾਹ ਦੀ ਬਾਰੀਕ ਧੂੜ ।147। ਹੇ ਕਬੀਰ! ਖੇਹ (ਵਾਂਗ) ਬਣਿਆਂ ਭੀ ਅਜੇ ਕਸਰ ਰਹਿ ਜਾਂਦੀ ਹੈ, ਖੇਹ (ਪੈਰਾਂ ਨਾਲ) ਉੱਡ ਕੇ (ਰਾਹੀਆਂ ਦੇ) ਅੰਗਾਂ ਉਤੇ ਪੈਂਦੀ ਹੈ। ਪਰਮਾਤਮਾ ਦਾ ਭਗਤ ਅਜੇਹਾ ਚਾਹੀਦਾ ਹੈ ਜਿਵੇਂ ਪਾਣੀ ਹਰੇਕ ਸ਼ਕਲ ਦੇ ਭਾਂਡੇ ਨਾਲ ਸਮਾਈ ਰੱਖਦਾ ਹੈ ।148। ਹੇ ਕਬੀਰ! ਪਾਣੀ ਵਾਂਗ ਸਭ ਨਾਲ ਮੇਲ ਰੱਖਿਆਂ (ਭੀ) ਅਜੇ ਪੂਰਨਤਾ ਨਸੀਬ ਨਹੀਂ ਹੁੰਦੀ, ਪਾਣੀ ਕਦੇ ਠੰਢਾ ਤੇ ਕਦੇ ਤੱਤਾ ਹੋ ਜਾਂਦਾ ਹੈ, ਭਗਤ ਅਜੇਹਾ ਹੋਣਾ ਚਾਹੀਦਾ ਹੈ (ਕਿ ਦੁਨੀਆ ਨਾਲ ਵਰਤਦਾ ਹੋਇਆ ਆਪਣੇ ਸੁਭਾਵ ਨੂੰ ਇਤਨਾ ਅਡੋਲ ਰੱਖੇ) ਕਿ ਇਸ ਵਿਚ ਤੇ ਪਰਮਾਤਮਾ ਵਿਚ ਕੋਈ ਫ਼ਰਕ ਨਾਹ ਰਹਿ ਜਾਏ ।149। ਊਚ ਭਵਨ ਕਨਕਾਮਨੀ ਸਿਖਰਿ ਧਜਾ ਫਹਰਾਇ ॥ ਤਾ ਤੇ ਭਲੀ ਮਧੂਕਰੀ ਸੰਤਸੰਗਿ ਗੁਨ ਗਾਇ ॥੧੫੦॥ ਕਬੀਰ ਪਾਟਨ ਤੇ ਊਜਰੁ ਭਲਾ ਰਾਮ ਭਗਤ ਜਿਹ ਠਾਇ ॥ ਰਾਮ ਸਨੇਹੀ ਬਾਹਰਾ ਜਮ ਪੁਰੁ ਮੇਰੇ ਭਾਂਇ ॥੧੫੧॥ {ਪੰਨਾ 1372} ਪਦ ਅਰਥ: ਭਵਨ = ਮਹਲ। ਕਨਕਾਮਨੀ = ਕਨਕ ਕਾਮਨੀ (ਨੋਟ: 'ਕਨਕ' ਦਾ ਅਖ਼ੀਰਲਾ ਤੇ 'ਕਾਮਨੀ' ਦਾ ਪਹਿਲਾ ਅੱਖਰ 'ਕ' ਇਕੱਠੇ ਮਿਲਾ ਦਿੱਤੇ ਗਏ ਹਨ) । ਕਨਕ = ਸੋਨਾ, ਧਨ = ਦੌਲਤ। ਕਾਮਨੀ = ਸੁੰਦਰ ਇਸਤ੍ਰੀ। ਸਿਖਰਿ = (ਮਹਲ ਦੀ) ਚੋਟੀ ਉਤੇ। ਧਜਾ = ਝੰਡਾ। ਫਹਰਾਇ = ਝੂਲਦਾ ਹੋਵੇ। ਮਧੂਕਰੀ = ਦਰ ਦਰ ਤੋਂ ਮੰਗਤਿਆਂ ਵਾਂਗ ਮੰਗੀ ਹੋਈ ਭਿੱਛਿਆ ।150। ਪਾਟਨ = ਸ਼ਹਰ। ਊਜਰੁ = ਉੱਜੜਿਆ ਹੋਇਆ ਥਾਂ। ਇਹ ਠਾਇ = ਜਿਸ ਥਾਂ ਤੇ। ਸਨੇਹੀ = ਪਿਆਰ ਕਰਨ ਵਾਲਾ। ਰਾਮ ਸਨੇਹੀ ਬਾਹਰਾ = ਪਰਮਾਤਮਾ ਨਾਲ ਪਿਆਰ ਕਰਨ ਵਾਲਿਆਂ ਤੋਂ ਸੁੰਞਾ ਥਾਂ। ਜਮ ਪੁਰੁ = ਜਮ ਦਾ ਸ਼ਹਿਰ, ਨਰਕ। ਮੇਰੇ ਭਾਂਇ = ਮੇਰੇ ਭਾ ਦਾ, ਮੇਰੇ ਭਾਣੇ ।151। ਅਰਥ: ਉੱਚੇ ਮਹਲ-ਮਾੜੀਆਂ ਹੋਣ, ਬੜਾ ਧਨ-ਪਦਾਰਥ ਹੋਵੇ, ਸੁੰਦਰ ਇਸਤ੍ਰੀ ਹੋਵੇ, ਮਹਲ ਦੀ ਚੋਟੀ ਉਤੇ ਝੰਡਾ ਝੂਲਦਾ ਹੋਵੇ (ਪਰ ਜੇ ਪ੍ਰਭੂ ਦੇ ਨਾਮ ਤੋਂ ਸੁੰਞ ਹੋਵੇ) -ਇਸ ਸਾਰੇ ਰਾਜ-ਭਾਗ ਨਾਲੋਂ ਮੰਗ ਕੇ ਲਿਆਂਦੀ ਭਿੱਛਿਆ ਚੰਗੀ ਹੈ ਜੇ ਮਨੁੱਖ ਸੰਤਾਂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੋਵੇ ।150। ਹੇ ਕਬੀਰ! ਸ਼ਹਿਰ ਨਾਲੋਂ ਉਹ ਉੱਜੜਿਆ ਹੋਇਆ ਥਾਂ ਚੰਗਾ ਹੈ ਜਿਥੇ ਪ੍ਰਭੂ ਦੇ ਭਗਤ (ਪ੍ਰਭੂ ਦੇ ਗੁਣ ਗਾਂਦੇ) ਹੋਣ। ਜੇਹੜਾ ਥਾਂ ਪਰਮਾਤਮਾ ਨਾਲ ਪਿਆਰ ਕਰਨ ਵਾਲੇ ਬੰਦਿਆਂ ਤੋਂ ਸੁੰਞਾ ਹੋਵੇ, ਮੈਨੂੰ ਤਾਂ ਉਹ ਨਰਕ ਜਾਪਦਾ ਹੈ ।151। ਨੋਟ: ਕਬੀਰ ਜੀ ਕਿਰਤ-ਕਾਰ ਛੱਡ ਕੇ ਮੰਗ ਖਾਣ ਨੂੰ ਇਥੇ ਚੰਗਾ ਨਹੀਂ ਕਹਿ ਰਹੇ। ਇਥੇ ਤਾਂ ਉਸ ਰਾਜ-ਭਾਗ ਦੀ ਨਿਖੇਧੀ ਕਰਦੇ ਹਨ ਜੋ ਪ੍ਰਭੂ ਦੀ ਯਾਦ ਤੋਂ ਵਿਛੋੜ ਦੇਵੇ। ਜੋ ਮਨੁੱਖ ਅਭਿਮਾਨ ਤਿਆਗਦਾ ਹੈ, ਕੋਮਲ ਹਿਰਦੇ ਵਾਲਾ ਹੋ ਜਾਂਦਾ ਹੈ, ਸਭ ਨਾਲ ਅਜੇਹਾ ਸਾਂਵਾ ਸਲੂਕ ਕਰਦਾ ਹੈ ਕਿ "ਜੈਸਾ ਹਰਿ ਹੀ ਹੋਇ" ਵੈਸਾ ਬਣ ਜਾਂਦਾ ਹੈ, ਉਸ ਨੂੰ ਸਤਸੰਗ ਹੀ ਸਭ ਤੋਂ ਪਿਆਰਾ ਥਾਂ ਲੱਗਦਾ ਹੈ। ਕਬੀਰ ਗੰਗ ਜਮੁਨ ਕੇ ਅੰਤਰੇ ਸਹਜ ਸੁੰਨ ਕੇ ਘਾਟ ॥ ਤਹਾ ਕਬੀਰੈ ਮਟੁ ਕੀਆ ਖੋਜਤ ਮੁਨਿ ਜਨ ਬਾਟ ॥੧੫੨॥ {ਪੰਨਾ 1372} ਨੋਟ: ਪਤਾ ਨਹੀਂ ਅਸਾਡੇ ਕਈ ਟੀਕਾਕਾਰ ਸੱਜਣ ਕਬੀਰ ਜੀ ਨੂੰ ਬਦੋ-ਬਦੀ ਪ੍ਰਾਣਾਯਾਮੀ ਕਿਉਂ ਬਣਾਈ ਜਾ ਰਹੇ ਹਨ। ਇਸ ਸਲੋਕ ਦਾ ਅਰਥ ਆਮ ਤੌਰ ਤੇ ਇਉਂ ਕੀਤਾ ਜਾ ਰਿਹਾ ਹੈ; "ਖੱਬੀ ਤੇ ਸੱਜੀ ਸੁਰ ਜਿਥੇ ਮਿਲਦੀ ਹੈ ਜੋ ਥਾਂ ਅਫੁਰ ਤੁਰੀਆ ਅਵਸਥਾ ਦੀ ਹੈ, ਉਥੇ ਕਬੀਰ ਨੇ ਆਪਣਾ ਮਨ ਬਣਾਇਆ ਹੈ। " ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਈ ਸਾਰੀ ਬਾਣੀ ਗੁਰੂ-ਰੂਪ ਹੈ। ਜੇ ਇਥੇ ਪ੍ਰਾਣਾਯਾਮ ਕਰਨ ਦੀ ਹਿਦਾਇਤ ਹੈ, ਤਾਂ ਹਰੇਕ ਸਿੱਖ ਵਾਸਤੇ ਖੱਬੀ ਸੱਜੀ ਸੁਰ ਵਾਲਾ ਅੱਭਿਆਸ ਜ਼ਰੂਰੀ ਹੋ ਗਿਆ। ਕਿਤੇ ਭੀ ਇਸ ਸਲੋਕ ਨਾਲ ਕੋਈ ਅਜੇਹਾ ਹੁਕਮ ਦਰਜ ਨਹੀਂ ਹੈ ਕਿ ਇਸ ਨੂੰ ਸਿਰਫ਼ ਪੜ੍ਹਨਾ ਹੀ ਹੈ ਇਸ ਉਤੇ ਅਮਲ ਨਹੀਂ ਕਰਨਾ। ਪਰ ਅਸਲ ਗੱਲ ਇਹ ਹੈ ਕਿ ਇਸ ਸ਼ਲੋਕ ਵਿਚ ਪ੍ਰਾਣਾਯਾਮ ਦਾ ਕੋਈ ਜ਼ਿਕਰ ਨਹੀਂ ਹੈ। ਸਲੋਕ ਨੰ: 146 ਤੋਂ ਇਹ ਸਾਰੇ ਸਲੋਕ ਰਲਾ ਕੇ ਪੜ੍ਹੋ। ਜੋ ਮਨੁੱਖ 'ਜੈਸਾ ਹਰਿ ਹੀ ਹੋਇ" ਤੈਸਾ ਬਣ ਜਾਂਦਾ ਹੈ ਉਸ ਦੀ ਆਤਮਕ ਅਵਸਥਾ ਬਿਆਨ ਕੀਤੀ ਗਈ ਹੈ। ਲਫ਼ਜ਼ 'ਗੰਗ ਜਮੁਨ' ਤੋਂ ਤੁਰਤ ਪ੍ਰਾਣਾਯਾਮ ਦੇ ਅਰਥ ਬਣਾ ਲੈਣੇ ਬੜੀ ਕਾਹਲੀ ਦੀ ਗੱਲ ਹੈ। ਅਸਾਡੇ ਦੀਨ ਦੁਨੀ ਦੇ ਪਾਤਿਸ਼ਾਹ ਸਤਿਗੁਰੂ ਨਾਨਕ ਦੇਵ ਜੀ ਭੀ ਇਹੀ ਲਫ਼ਜ਼ ਵਰਤਦੇ ਹਨ। ਕੀ ਫਿਰ ਉਹ ਭੀ ਪ੍ਰਾਣਾਯਾਮ ਕਰਿਆ ਕਰਦੇ ਸਨ? ਤੁਖਾਰੀ ਛੰਤ ਮਹਲਾ 1 ਬਾਰਾ ਮਾਹਾ ॥ ਮਾਘਿ ਪੁਨੀਤ ਭਈ, ਤੀਰਥੁ ਅੰਤਰਿ ਜਾਨਿਆ ॥ ਸਾਜਨ ਸਹਜਿ ਮਿਲੇ, ਗੁਣ ਗਹਿ ਅੰਕਿ ਸਮਾਨਿਆ ॥ ਪ੍ਰੀਤਮ ਗੁਣ ਅੰਕੇ, ਸੁਣਿ ਪ੍ਰਭ ਬੰਕੇ, ਤੁਧੁ ਭਾਵਾ ਸਰਿ ਨਾਵਾ ॥ ਗੰਗ ਜਮੁਨ ਤਹ ਬੇਣੀ ਸੰਗਮ ਸਾਤ ਸਮੁੰਦ ਸਮਾਵਾ ॥ ਪੁੰਨ ਦਾਨ ਪੂਜਾ ਪਰਮੇਸੁਰ, ਜੁਗਿ ਜੁਗਿ ਏਕੋ ਜਾਤਾ ॥ ਨਾਨਕ ਮਾਘਿ ਮਹਾ ਰਸੁ ਹਰਿ ਜਪਿ, ਅਠਸਠਿ ਤੀਰਥ ਨਾਤਾ ॥15॥ ਜੋ ਸੱਜਣ ਰਤਾ ਭਰ ਭੀ ਵਿਚਾਰਨ ਦੀ ਖੇਚਲ ਕਰਨਗੇ ਉਹ ਵੇਖ ਲੈਣਗੇ ਕਿ ਚੌਥੀ ਤੁਕ ਦਾ ਲਫ਼ਜ਼ 'ਤਹ' ਪਹਿਲੀ ਤੁਕ ਦੇ 'ਤੀਰਥੁ ਅੰਤਰਿ ਜਾਨਿਆ' ਨਾਲ ਸੰਬੰਧ ਰੱਖਦਾ ਹੈ। ਸੋ, 'ਗੰਗ ਜਮੁਨ ਬੇਣੀ ਸੰਗਮ' ਹਰੇਕ ਮਨੁੱਖ ਦੇ 'ਅੰਤਰਿ' ਹੈ। ਉਥੇ 'ਹਰਿ ਜਪਿ' 'ਮਹਾ ਰਸੁ' ਪੈਦਾ ਹੁਂੰਦਾ ਹੈ, ਇੰਨਾ ਰਸ ਕਿ, ਮਾਨੋ, 'ਅਠਸਠਿ ਤੀਰਥ ਨਾਤਾ'। ਕਿਸੇ ਹਾਲਤ ਵਿਚ ਭੀ ਕੋਈ ਸੱਜਣ ਇਹ ਖਿੱਚ-ਘਸੀਟ ਨਹੀਂ ਕਰ ਸਕਦਾ ਕਿ ਗੁਰੂ ਨਾਨਕ ਦੇਵ ਜੀ ਇਥੇ ਖੱਬੀ ਸੱਜੀ ਸੁਰ ਦੇ ਅੱਭਿਆਸ ਦਾ ਜ਼ਿਕਰ ਕਰ ਰਹੇ ਹਨ। ਕਬੀਰ ਜੀ ਆਪ ਭੀ ਇਕ ਹੋਰ ਥਾਂ 'ਗੰਗ ਜਮੁਨ' ਦਾ ਜ਼ਿਕਰ ਕਰਦੇ ਹਨ, ਉਥੇ ਭੀ ਇੜਾ ਪਿੰਗਲਾ ਆਦਿਕ ਵਲ ਇਸ਼ਾਰਾ ਨਹੀਂ ਹੈ। ਦੇਖੋ, ਗਉੜੀ ਕਬੀਰ ਜੀ ॥ ਪਿੰਡ ਮੂਐ, ਜੀਉ ਕਿਹ ਘਰਿ ਜਾਤਾ ॥ ਸਬਦਿ ਅਤੀਤ ਅਨਾਹਦਿ ਰਾਤਾ ॥ ਜਿਨਿ ਰਾਮੁ ਜਾਨਿਆ, ਤਿਨਹਿ ਪਛਾਨਿਆ ॥ ਜਿਉ ਗੂੰਗੇ ਸਾਕਰ ਮਨੁ ਮਾਨਿਆ ॥1॥ ਐਸਾ ਗਿਆਨੁ ਕਥੈ ਬਨਵਾਰੀ ॥ ਮਨ ਰੇ, ਪਵਨ ਦ੍ਰਿੜ, ਸੁਖਮਨ ਨਾਰੀ ॥1॥ਰਹਾਉ॥... ਉਲਟੀ ਗੰਗਾ ਜਮੁਨ ਮਿਲਾਵਉ ॥ ਬਿਨੁ ਜਲ ਸੰਗਮ, ਮਨ ਮਹਿ ਨ੍ਹ੍ਹਾਵਉ ॥... ਕਹੈ ਕਬੀਰ ਨਿਰੰਜਨੁ ਧਿਆਵਉ ॥ ਤਿਉ ਘਰਿ ਜਾਉ, ਜਿ ਬਹੁਰਿ ਨ ਆਵਉ ॥4॥18॥ ਇਸ ਦਾ ਅਰਥ: (ਪ੍ਰਸ਼ਨ:) ਸਰੀਰ ਦਾ ਮੋਹ ਦੂਰ ਹੋਇਆਂ ਆਤਮਾ ਕਿਥੇ ਟਿਕਦਾ ਹੈ? (ਭਾਵ, ਪਹਿਲਾਂ ਤਾਂ ਜੀਵ ਆਪਣੇ ਸਰੀਰ ਦੇ ਮੋਹ ਕਰਕੇ ਮਾਇਆ ਵਿਚ ਮਸਤ ਰਹਿੰਦਾ ਹੈ, ਜਦੋਂ ਇਹ ਮੋਹ ਦੂਰ ਹੋ ਜਾਏ ਤਦੋਂ ਜੀਵ ਦੀ ਸੁਰਤਿ ਕਿਥੇ ਜੁੜੀ ਰਹਿੰਦੀ ਹੈ? (ਉੱਤਰ:) ਤਦੋਂ ਆਤਮਾ ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ ਜੋ ਮਾਇਆ ਦੇ ਬੰਧਨਾਂ ਤੋਂ ਪਰੇ ਹੈ ਤੇ ਬੇਅੰਤ ਹੈ। ਪਰ ਜਿਸ ਮਨੁੱਖ ਨੇ ਪ੍ਰਭੂ ਨੂੰ (ਆਪਣੇ ਅੰਦਰ) ਜਾਣਿਆ ਹੈ ਉਸ ਨੇ ਉਸ ਨੂੰ ਪਛਾਣਿਆ ਹੈ ਜਿਵੇਂ ਗੁੰਗੇ ਦਾ ਮਨ ਸ਼ੱਕਰ ਵਿਚ ਪਤੀਜਦਾ ਹੈ (ਕੋਈ ਹੋਰ ਉਸ ਸੁਆਦ ਨੂੰ ਨਹੀਂ ਸਮਝਦਾ, ਕਿਸੇ ਹੋਰ ਨੂੰ ਉਹ ਸਮਝਾ ਨਹੀਂ ਸਕਦਾ) ।1। ਇਹੋ ਜਿਹਾ ਗਿਆਨ ਪ੍ਰਭੂ ਆਪ ਹੀ ਪਰਗਟ ਕਰਦਾ ਹੈ (ਭਾਵ, ਪ੍ਰਭੂ ਨਾਲ ਮਿਲਾਪ ਵਾਲਾ ਇਹ ਸੁਆਦ ਪ੍ਰਭੂ ਆਪ ਹੀ ਬਖ਼ਸ਼ਦਾ ਹੈ, ਤਾਂ ਤੇ) ਹੇ ਮਨ! ਸੁਆਸ ਸੁਆਸ ਨਾਮ ਜਪ, ਇਹੀ ਹੈ ਸੁਖਮਨਾ ਨਾੜੀ ਦਾ ਅਭਿਆਸ।1। ਰਹਾਉ। ... ਮੈਂ ਆਪਣੇ ਮਨ ਦੀ ਬਿਰਤੀ ਪਰਤਾ ਦਿੱਤੀ ਹੈ (ਇਸ ਤਰ੍ਹਾਂ ਮੈਂ) ਗੰਗਾ ਤੇ ਜਮੁਨਾ ਨੂੰ ਮਿਲਾ ਰਿਹਾ ਹਾਂ (ਭਾਵ, ਆਪਣੇ ਅਂੰਤਰ ਤ੍ਰਿਬੇਣੀ ਦਾ ਸੰਗਮ ਬਣਾ ਰਿਹਾ ਹਾਂ) ; (ਇਸ ਉੱਦਮ ਨਾਲ) ਮੈਂ ਉਸ ਮਨ-ਰੂਪ (ਤ੍ਰਿਬੇਣੀ) ਸੰਗਮ ਵਿਚ ਇਸ਼ਨਾਨ ਕਰ ਰਿਹਾ ਹਾਂ ਜਿਥੇ (ਗੰਗਾ ਜਮੁਨਾ ਸਰਸ੍ਵਤੀ ਵਾਲਾ) ਜਲ ਨਹੀਂ ਹੈ। ... ਕਬੀਰ ਆਖਦਾ ਹੈ-ਮੈਂ ਮਾਇਆ ਤੋਂ ਰਹਿਤ ਪ੍ਰਭੂ ਨੂੰ ਸਿਮਰ ਰਿਹਾ ਹਾਂ, (ਸਿਮਰਨ ਕਰ ਕੇ) ਉਸ ਘਰ (ਸਹਜ ਅਵਸਥਾ) ਵਿਚ ਅੱਪੜ ਗਿਆ ਹਾਂ ਕਿ ਫਿਰ (ਪਰਤ ਕੇ ਉਥੋਂ) ਆਉਣਾ ਨਹੀਂ ਪਏਗਾ।4 ।18। ਸਤਿਗੁਰੂ ਨਾਨਕ ਦੇਵ ਜੀ ਅਤੇ ਕਬੀਰ ਜੀ ਦੇ ਇਹਨਾਂ ਦੋਹਾਂ ਸ਼ਬਦਾਂ ਤੋਂ ਅਸਾਂ ਵੇਖ ਲਿਆ ਹੈ ਕਿ ਦੋਹਾਂ ਦਾ 'ਗੰਗ ਜਮੁਨ' ਬਾਰੇ ਇੱਕੋ ਹੀ ਸਾਂਝਾ ਭਾਵ ਹੈ। ਦੋਵੇਂ ਮਹਾਂ ਪੁਰਖ ਇਹੀ ਆਖਦੇ ਹਨ ਕਿ ਤ੍ਰਿਬੇਣੀ ਦਾ ਅਸਲ ਇਸ਼ਨਾਨ ਇਹ ਹੈ ਕਿ ਮਨੁੱਖ ਆਪਣੇ ਅੰਦਰ ਪ੍ਰਭੂ-ਚਰਨਾਂ ਵਿਚ ਜੁੜੇ। ਇਹ ਖ਼ਿਆਲ ਇਸ ਸਲੋਕ ਨੰ: 152 ਵਿਚ ਹੈ। ਪਦ ਅਰਥ: ਗੰਗ ਜਮੁਨ ਕੇ ਅੰਤਰੇ = ਗੰਗਾ ਜਮੁਨਾ (ਅਤੇ ਸਰਸ੍ਵਤੀ) ਦੇ ਮੇਲ ਵਿਚ। (ਨੋਟ: ਜਿਥੇ ਦੋ ਨਦੀਆਂ ਮਿਲਦੀਆਂ ਹਨ ਉਥੇ ਪਾਣੀ ਡੂੰਘਾ ਤੇ ਗੰਭੀਰ ਹੋ ਜਾਂਦਾ ਹੈ। ਪਾਣੀ ਦੀ ਤੇਜ਼ੀ ਘਟ ਜਾਂਦੀ ਹੈ, ਪਾਣੀ ਟਿਕਿਆ ਹੋਇਆ ਜਾਪਦਾ ਹੈ। ਰੋੜੇ ਵਾਂਗ ਅਭਿਮਾਨ ਆਦਿਕ ਤਜ ਕੇ ਜਦੋਂ ਮਨੁਖ 'ਜੈਸਾ ਹਰਿ ਹੀ ਹੋਇ' ਬਣਦਾ ਹੈ, ਤਾਂ ਉਹ ਅਵਸਥਾ ਬਣਦੀ ਹੈ ਜਿਸ ਬਾਰੇ ਕਬੀਰ ਜੀ ਨੇ ਆਖਿਆ ਹੈ 'ਉਲਟੀ ਗੰਗਾ ਜਮੁਨ ਮਿਲਾਵਉ', ਭਾਵ, ਮਨ ਮਾਇਆ ਵਲੋਂ ਪਰਤ ਕੇ ਅਡੋਲ ਅਵਸਥਾ ਵਿਚ ਆ ਜਾਂਦਾ ਹੈ) ਸਹਜ = ਅਡੋਲ ਅਵਸਥਾ, ਮਨ ਦੀ ਉਹ ਹਾਲਤ ਜਦੋਂ ਇਹ ਮਾਇਆ ਵਿਚ ਡੋਲਦਾ ਨਹੀਂ, ਜਦੋਂ 'ਊਚ ਭਵਨ ਕਨਕਾਮਨੀ' ਅਤੇ 'ਸਿਖਰ ਧਜਾ' ਇਸ ਨੂੰ ਮੋਹ ਨਹੀਂ ਸਕਦੇ। ਸੁੰਨ = ਸੁੰਞ, ਉਹ ਅਵਸਥਾ ਜਿਥੇ ਮਾਇਕ ਪਦਾਰਥਾਂ ਦੇ ਫੁਰਨੇ ਨਹੀਂ ਉਠਦੇ। ਤਹਾ = ਉਸ ਅਡੋਲਤਾ ਵਿਚ। ਘਾਟ = ਪੱਤਣ, ਟਿਕਾਣਾ। ਮਟੁ = ਨਿਵਾਸ। ਕਬੀਰੈ = ਕਬੀਰ ਨੇ, ਕਬੀਰ ਦੇ ਮਨ ਨੇ। ਬਾਟ = ਵਾਟ, ਰਸਤਾ। ਅਰਥ: ਹੇ ਕਬੀਰ! (ਜਿਉਂ ਜਿਉਂ ਮੈਂ 'ਜਪਿਆ ਪਰਵਿਦਗਾਰ', ਰੋੜੇ ਆਦਿਕ ਵਾਂਗ ਮੈਂ ਅਭਿਮਾਨ ਤਜਿਆ ਤੇ 'ਜੈਸਾ ਹਰਿ ਹੀ ਹੋਇ' ਵਾਲੀ ਮੇਰੀ ਅਵਸਥਾ ਬਣੀ, ਤਾਂ) ਮੈਂ ਕਬੀਰ ਦੇ ਮਨ ਨੇ ਉਸ ਪੱਤਣ ਤੇ ਟਿਕਾਣਾ ਕੀਤਾ ਜਿਥੇ ਸਹਜ ਅਵਸਥਾ ਹੈ, ਜਿਥੇ ਮਾਇਕ ਪਦਾਰਥਾਂ ਦੇ ਫੁਰਨਿਆਂ ਵਲੋਂ ਸੁੰਞ ਹੈ, ਜਿਥੇ, ਮਾਨੋ, ਗੰਗਾ ਜਮੁਨਾ ਦੇ ਪਾਣੀਆਂ ਦਾ ਮਿਲਾਪ ਹੈ (ਵੱਖ ਵੱਖ ਨਦੀਆਂ ਦੇ ਪਾਣੀ ਦਾ ਵੇਗ ਘਟ ਕੇ ਹੁਣ ਗੰਭੀਰਤਾ ਤੇ ਸ਼ਾਂਤੀ ਹੈ) । ਇਸ ਅਵਸਥਾ ਵਿਚ ਅੱਪੜਨ ਦਾ ਰਸਤਾ ਸਾਰੇ ਰਿਸ਼ੀ ਲੋਕ ਭਾਲਦੇ ਰਹਿੰਦੇ ਹਨ ।152। ਕਬੀਰ ਜੈਸੀ ਉਪਜੀ ਪੇਡ ਤੇ ਜਉ ਤੈਸੀ ਨਿਬਹੈ ਓੜਿ ॥ ਹੀਰਾ ਕਿਸ ਕਾ ਬਾਪੁਰਾ ਪੁਜਹਿ ਨ ਰਤਨ ਕਰੋੜਿ ॥੧੫੩॥ {ਪੰਨਾ 1372} ਨੋਟ: ਜਦੋਂ ਕੋਈ ਨਵਾਂ ਬੂਟਾ ਉੱਗਦਾ ਹੈ, ਉਹ ਬੜਾ ਨਰਮ ਤੇ ਕੋਮਲ ਹੁੰਦਾ ਹੈ। ਕਿਤਨੀਆਂ ਹੀ ਸਖ਼ਤ ਹਨੇਰੀਆਂ ਆਉਣ, ਉਸ ਦਾ ਕੁਝ ਵਿਗਾੜ ਨਹੀਂ ਸਕਦੀਆਂ, ਕਿਉਂਕਿ ਉਹ ਲਿਫ਼ ਜਾਂਦਾ ਹੈ, ਤੇਜ਼ ਹਵਾ ਉਸ ਨੂੰ ਭੰਨ-ਤੋੜ ਨਹੀਂ ਸਕਦੀ। ਪਰ ਜਿਉਂ ਜਿਉਂ ਬੂਟਾ ਵੱਡਾ ਹੁੰਦਾ ਹੈ ਪਹਿਲੀ ਕੋਮਲਤਾ ਤੇ ਲਚਕ ਨਹੀਂ ਰਹਿੰਦੀ। ਉਮਰ ਪਾ ਕੇ ਵੱਡੇ ਆਕਾਰ ਵਾਲਾ ਤਾਂ ਇਹ ਬਣ ਜਾਂਦਾ ਹੈ, ਪਰ ਹਨੇਰੀ ਇਸ ਨੂੰ ਸਹਜੇ ਹੀ ਜੜ੍ਹੋਂ ਪੁੱਟ ਕੇ ਬਾਹਰ ਮਾਰ ਦੇਂਦੀ ਹੈ। ਪਰਮਾਤਮਾ ਦੇ ਚਰਨਾਂ ਵਿਚ ਜੁੜਨ ਲਈ ਸਭ ਤੋਂ ਪਹਿਲਾਂ 'ਅਭਿਮਾਨ' ਦੂਰ ਕਰਨਾ ਜ਼ਰੂਰੀ ਹੈ, ਅਭਿਮਾਨ ਦੂਰ ਹੋਇਆਂ ਹਿਰਦੇ ਵਿਚ ਕੋਮਲਤਾ ਆਉਂਦੀ ਹੈ ਜਿਸ ਦੀ ਬਰਕਤਿ ਨਾਲ ਮਨੁੱਖ ਗ਼ਰੀਬਾਂ ਅਮੀਰਾਂ ਸਭਨਾਂ ਨੂੰ ਇਕ ਪਰਮਾਤਮਾ ਦੇ ਪੈਦਾ ਕੀਤੇ ਹੋਏ ਜਾਣ ਕੇ ਸਭ ਨਾਲ ਪਿਆਰ ਦੀ ਵਰਤੋਂ ਕਰਦਾ ਹੈ, ਤੇ ਆਪ ਭੀ ਸਦਾ ਸ਼ਾਂਤ-ਚਿੱਤ ਰਹਿੰਦਾ ਹੈ। ਜੇ ਮਨੁੱਖ "ਸਹਜ ਸੁੰਨ ਕੇ ਘਾਟ'' ਉਤੇ ਟਿਕਿਆ ਰਹੇ, ਤਾਂ ਇਹ ਕੋਮਲਤਾ ਭੀ ਬਣੀ ਰਹਿੰਦੀ ਹੈ। ਅਜੇਹੇ ਮਨੁੱਖ ਦੇ ਉੱਚੇ ਜੀਵਨ ਦੀ ਕੀਮਤਿ ਨਹੀਂ ਪੈ ਸਕਦੀ। ਪਦ ਅਰਥ: ਜੈਸੀ = ਜਿਹੋ ਜਿਹੀ ਕੋਮਲਤਾ। ਪੇਡ = ਨਵਾਂ ਉੱਗਿਆ ਬੂਟਾ। ਤੇ = ਤੋਂ। ਜਉ = ਜੇ। ਨਿਬਹੈ– ਬਣੀ ਰਹੇ। ਓੜਿ = ਅਖ਼ੀਰ ਤਕ, ਸਦਾ ਹੀ। ਅਰਥ: ਹੇ ਕਬੀਰ! ਜਿਹੋ ਜਿਹੀ ਕੋਮਲਤਾ ਨਵੇਂ ਉੱਗੇ ਪੌਦੇ ਦੀ ਹੁੰਦੀ ਹੈ, ਜੇ ਅਜੇਹੀ ਕੋਮਲਤਾ (ਮਨੁੱਖ ਦੇ ਹਿਰਦੇ ਵਿਚ) ਸਦਾ ਲਈ ਟਿਕੀ ਰਹੇ ('ਊਚ ਭਵਨ ਕਨਕਾਮਨੀ' ਤੇ 'ਸਿਖਰਿ ਧਜਾ' ਉਸ ਕੋਮਲਤਾ ਨੂੰ ਦੂਰ ਨ ਕਰ ਸਕਣ, ਮਨੁੱਖ 'ਸਹਜ ਸੁੰਨ ਕੇ ਘਾਟ' ਉੱਤੇ ਸਦਾ ਆਸਨ ਲਾਈ ਰੱਖੇ, ਤਾਂ ਉਸ ਮਨੁੱਖ ਦਾ ਜੀਵਨ ਇਤਨਾ ਉੱਚਾ ਹੋ ਜਾਂਦਾ ਹੈ ਕਿ) ਇਕ ਹੀਰਾ ਕੀਹ? ਕਰੋੜਾਂ ਰਤਨ ਭੀ ਉਸ ਦੀ ਕੀਮਤਿ ਨਹੀਂ ਪਾ ਸਕਦੇ ।153। ਕਬੀਰਾ ਏਕੁ ਅਚੰਭਉ ਦੇਖਿਓ ਹੀਰਾ ਹਾਟ ਬਿਕਾਇ ॥ ਬਨਜਨਹਾਰੇ ਬਾਹਰਾ ਕਉਡੀ ਬਦਲੈ ਜਾਇ ॥੧੫੪॥ {ਪੰਨਾ 1372} ਨੋਟ: ਮਨੁੱਖਾ ਜਨਮ ਦੁਰਲੱਭ ਹੈ, ਭਾਗਾਂ ਨਾਲ ਮਿਲਦਾ ਹੈ; ਇਹ ਮਾਨੋ, ਇਕ ਐਸਾ ਕੀਮਤੀ ਹੀਰਾ ਹੈ ਜਿਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਜੀਵ ਇਹ ਮਨੁੱਖਾ ਜਨਮ ਪਾ ਕੇ ਇਥੇ ਵਣਜ ਕਰਨ ਆਇਆ ਹੈ, ਪਰਮਾਤਮਾ ਦੇ ਨਾਮ ਦਾ ਸੌਦਾ ਕਰਨ ਆਇਆ ਹੈ। ਪਰ 'ਊਚ ਭਵਨ ਕਨਕਾਮਨੀ' 'ਸਿਖਰਿ ਧਜਾ' ਆਦਿਕ ਮਾਇਕ ਪਦਾਰਥਾਂ ਵਿਚ ਰੁੱਝ ਕੇ ਅਸਲੀ ਵਣਜ ਕਰਨਾ ਇਸ ਨੂੰ ਭੁੱਲ ਹੀ ਗਿਆ ਹੈ। ਇਹ ਦੁਨੀਆ ਦੇ ਪਦਾਰਥ ਇਥੇ ਹੀ ਰਹਿ ਜਾਂਦੇ ਹਨ, ਇਥੋਂ ਖ਼ਾਲੀ-ਹੱਥ ਤੁਰਨਾ ਪੈਂਦਾ ਹੈ; ਸੋ, ਸਾਰੀ ਉਮਰ ਅਜਾਈਂ ਹੀ ਚਲੀ ਜਾਂਦੀ ਹੈ, ਇਹ ਹੀਰਾ-ਜਨਮ, ਮਾਨੋ, ਕਉਡੀਆਂ ਦੇ ਭਾਅ ਵਿਕ ਜਾਂਦਾ ਹੈ। ਪਦ ਅਰਥ: ਅਚੰਭਉ = ਅਰਚਜ (ਮੂਰਖਤਾ ਦਾ) ਤਮਾਸ਼ਾ। ਹਾਟ = ਹੱਟੀ ਹੱਟੀ ਤੇ। ਬਿਕਾਇ = ਵਿਕ ਰਿਹਾ ਹੈ। ਬਨਜਨਰਾਹੇ ਬਾਹਰਾ = ਖ਼ਰੀਦਣ ਵਾਲਾ ਨਾਹ ਹੋਣ ਕਰਕੇ, ਕਿਸੇ ਨੂੰ ਵਣਜ ਕਰਨ ਦੀ ਜਾਚ ਨਾਹ ਹੋਣ ਕਰਕੇ। ਅਰਥ: ਹੇ ਕਬੀਰ! (ਜਗਤ ਵਿਚ) ਮੈਂ ਇਕ ਅਚਰਜ (ਮੂਰਖਤਾ ਦਾ) ਤਮਾਸ਼ਾ ਵੇਖਿਆ ਹੈ। ਹੀਰਾ ਹੱਟੀ ਹੱਟੀ ਤੇ ਵਿਕ ਰਿਹਾ ਹੈ, ਚੂੰਕਿ ਕਿਸੇ ਨੂੰ ਇਸ ਦੀ ਕਦਰ-ਪਛਾਣ ਨਹੀਂ ਹੈ, ਇਹ ਕਉਡੀਆਂ ਦੇ ਭਾ ਜਾ ਰਿਹਾ ਹੈ (ਅਜਾਈਂ ਜਾ ਰਿਹਾ ਹੈ) ।153। ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ ॥੧੫੫॥ {ਪੰਨਾ 1372} ਪਦ ਅਰਥ: ਜਹਾ = ਜਿਥੇ, ਜਿਸ ਮਨੁੱਖ ਦੇ ਅੰਦਰ। ਗਿਆਨੁ = ਸੂਝ, ਇਹ ਸਮਝ ਕਿ ਹੀਰਾ = ਜਨਮ ਕਾਹਦੇ ਲਈ ਮਿਲਿਆ ਹੈ। ਤਹ = ਉਸ ਮਨੁੱਖ ਦੇ ਅੰਦਰ। ਧਰਮੁ = ਜਨਮ = ਮਨੋਰਥ ਦੇ ਪੂਰਾ ਕਰਨ ਦਾ ਫ਼ਰਜ਼। ਕਾਲੁ = (ਆਤਮਕ) ਮੌਤ। ਖਿਮਾ = ਧੀਰਜ, ਸ਼ਾਂਤੀ। ਆਪਿ = ਪਰਮਾਤਮਾ ਆਪ। ਅਰਥ: ਹੇ ਕਬੀਰ! ਜਨਮ-ਮਨੋਰਥ ਦੇ ਪੂਰਾ ਕਰਨ ਦੀ ਫ਼ਰਜ਼-ਸ਼ਿਨਾਸੀ ਸਿਰਫ਼ ਉਥੇ ਹੋ ਸਕਦੀ ਹੈ ਜਿਥੇ ਇਹ ਸਮਝ ਹੋਵੇ ਕਿ ਹੀਰਾ-ਜਨਮ ਕਾਹਦੇ ਲਈ ਮਿਲਿਆ ਹੈ। ਪਰ ਜਿਸ ਮਨੁੱਖ ਦੇ ਅੰਦਰ ਝੂਠ ਅਤੇ ਲੋਭ (ਦਾ ਜ਼ੋਰ) ਹੋਵੇ, ਉਥੇ (ਧਰਮ ਦੇ ਥਾਂ) ਪਾਪ ਅਤੇ ਆਤਮਕ ਮੌਤ ਹੀ ਹੋ ਸਕਦੇ ਹਨ (ਉਹ ਜੀਵਨ 'ਕਉਡੀ ਬਦਲੈ' ਹੀ ਜਾਣਾ ਹੋਇਆ) । ਪਰਮਾਤਮਾ ਦਾ ਨਿਵਾਸ ਸਿਰਫ਼ ਉਸ ਹਿਰਦੇ ਵਿਚ ਹੁੰਦਾ ਹੈ ਜਿਥੇ ਸ਼ਾਂਤੀ ਹੈ ।155। ਕਬੀਰ ਮਾਇਆ ਤਜੀ ਤ ਕਿਆ ਭਇਆ ਜਉ ਮਾਨੁ ਤਜਿਆ ਨਹੀ ਜਾਇ ॥ ਮਾਨ ਮੁਨੀ ਮੁਨਿਵਰ ਗਲੇ ਮਾਨੁ ਸਭੈ ਕਉ ਖਾਇ ॥੧੫੬॥ {ਪੰਨਾ 1372} ਨੋਟ: 'ਊਚ ਭਵਨ ਕਨਕਾਮਨੀ', 'ਸਿਖਰਿ ਧਜਾ' ਆਦਿਕ ਪਦਾਰਥਾਂ ਵਿਚ ਮਸਤ ਰਹਿਣ ਕਰਕੇ ਹੀਰਾ-ਜਨਮ 'ਕਉਡੀ ਬਦਲੈ' ਜਾਂਦਾ ਹੈ, ਕਿਉਂਕਿ ਦੁਨੀਆ ਦੀਆਂ ਮੌਜਾਂ ਦੇ 'ਲੋਭ' ਦੇ ਕਾਰਨ ਮਨੁੱਖ ਆਤਮਕ ਮੌਤ ਸਹੇੜਦਾ ਹੈ। ਪਰ ਇਸ ਦਾ ਇਹ ਭਾਵ ਨਹੀਂ ਕਿ ਕਬੀਰ ਜੀ ਦੁਨੀਆ ਦੇ 'ਤਿਆਗ' ਵਾਲਾ ਰਸਤਾ ਪਸੰਦ ਕਰਦੇ ਹਨ। ਇਹ ਤਾਂ ਸਗੋਂ ਮਾਣ-ਅਹੰਕਾਰ ਪੈਦਾ ਕਰਦਾ ਹੈ। ਵੱਡੇ ਵੱਡੇ ਰਿਸ਼ੀ ਮੁਨੀ ਗ੍ਰਿਹਸਤ ਤਿਆਗ ਕੇ ਜੰਗਲਾਂ ਵਿਚ ਜਾ ਬੈਠੇ, ਪਰ ਇਸ ਤਿਆਗ ਦਾ ਅਹੰਕਾਰ ਹੀ ਉਹਨਾਂ ਨੂੰ ਖਾ ਗਿਆ। ਪਦ ਅਰਥ: ਮੁਨਿਵਰ = ਚੁਣਵੇਂ ਮੁਨੀ, ਵੱਡੇ ਵੱਡੇ ਰਿਸ਼ੀ। ਮਾਨ ਗਲੇ = ਅਹੰਕਾਰ ਨਾਲ ਗਲ ਗਏ। ਸਭੈ ਕਉ = ਹਰੇਕ ਨੂੰ। ਅਰਥ: ਹੇ ਕਬੀਰ! ('ਊਚ ਭਵਨ ਕਨਕਾਮਨੀ' ਆਦਿਕ) ਮਾਇਆ ਤਿਆਗ ਦਿੱਤੀ ਤਾਂ ਭੀ ਕੁਝ ਨਹੀਂ ਸੰਵਾਰਦਾ, ਜੇ ਅਹੰਕਾਰ ਨਹੀਂ ਤਿਆਗਿਆ ਜਾਂਦਾ। ਵੱਡੇ ਵੱਡੇ ਰਿਸ਼ੀ ਮੁਨੀ (ਤਿਆਗ ਦੇ) ਇਸ ਮਾਣ-ਅਹੰਕਾਰ ਵਿਚ ਗਲ ਜਾਂਦੇ ਹਨ, (ਇਹ ਮਾਣ ਕਿਸੇ ਦਾ ਲਿਹਾਜ਼ ਨਹੀਂ ਕਰਦਾ) ਮਾਣ ਹਰੇਕ ਨੂੰ ਖਾ ਜਾਂਦਾ ਹੈ (ਜੋ ਭੀ ਪ੍ਰਾਣੀ ਅਹੰਕਾਰ ਕਰਦਾ ਹੈ ਉਸ ਦਾ ਆਤਮਕ ਜੀਵਨ ਖ਼ਤਮ ਹੋ ਜਾਂਦਾ ਹੈ) ।156। ਕਬੀਰ ਸਾਚਾ ਸਤਿਗੁਰੁ ਮੈ ਮਿਲਿਆ ਸਬਦੁ ਜੁ ਬਾਹਿਆ ਏਕੁ ॥ ਲਾਗਤ ਹੀ ਭੁਇ ਮਿਲਿ ਗਇਆ ਪਰਿਆ ਕਲੇਜੇ ਛੇਕੁ ॥੧੫੭॥ ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥ ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ ॥੧੫੮॥ {ਪੰਨਾ 1372} ਨੋਟ: ਹੀਰੇ ਜਨਮ ਨੂੰ 'ਕਉਡੀ ਬਦਲੈ' ਜਾਣ ਤੋਂ ਬਚਾਣ ਦਾ, ਬੱਸ, ਇੱਕੋ ਹੀ ਰਸਤਾ ਹੈ, ਉਹ ਹੈ ਸਤਿਗੁਰੂ ਦੀ ਸਰਨ। ਪਰ ਗੁਰੂ-ਦਰ ਤੇ ਭੀ ਰਸਮੀ ਤੌਰ ਤੇ ਨਹੀਂ ਆਉਣਾ। ਆਪਣੀ ਚਤੁਰਾਈ ਛੱਡ ਕੇ ਗੁਰੂ ਦੇ ਦੱਸੇ ਰਾਹ ਉਤੇ ਤੁਰਨਾ ਹੈ। ਪਦ ਅਰਥ: ਮੈ = ਮੈਨੂੰ। ਜੁ = ਜਦੋਂ। ਏਕੁ ਸਬਦੁ ਬਾਹਿਆ = ਇਕ ਸ਼ਬਦ = ਰੂਪ ਤੀਰ ਚਲਾਇਆ, ਸ਼ਬਦ ਸੁਣਾਇਆ ਜੋ ਮੇਰੇ ਹਿਰਦੇ ਵਿਚ ਤੀਰ ਵਾਂਗ ਵਿੱਝ ਗਿਆ। ਭੁਇ = ਮਿੱਟੀ ਵਿਚ। ਭੁਇ ਮਿਲਿ ਗਇਆ = ਮਿੱਟੀ ਵਿਚ ਮਿਲ ਗਿਆ, ਮੈਂ ਨਿਰ = ਅਹੰਕਾਰ ਹੋ ਗਿਆ। ਪਰਿਆ ਕਲੇਜੇ ਛੇਕੁ = ਮੇਰੇ ਕਲੇਜੇ ਵਿਚ ਛੇਕ ਹੋ ਗਿਆ, ਮੇਰਾ ਹਿਰਦਾ ਵਿੱਝ ਗਿਆ, ਮੇਰਾ ਹਿਰਦਾ ਗੁਰੂ = ਚਰਨਾਂ ਨਾਲ ਪ੍ਰੋਤਾ ਗਿਆ ।157। ਚੂਕ = ਉਕਾਈ। ਏਕ ਨ ਲਾਗਈ = ਇੱਕ ਭੀ ਸਿੱਖਿਆ ਦੀ ਗੱਲ ਅਸਰ ਨਹੀਂ ਕਰਦੀ। ਅੰਧੇ = ਅੰਨ੍ਹੇ ਨੂੰ, ਉਸ ਮਨੁੱਖ ਨੂੰ ਜੋ ਅਹੰਕਾਰ ਵਿਚ ਅੰਨ੍ਹਾ ਹੋਇਆ ਪਿਆ ਹੈ। ਬਜਾਈਐ ਫੂਕ = ਫੂਕ ਨਾਲ ਵਜਾਈਦਾ ਹੈ, ਫੂਕ ਮਾਰਿਆਂ ਵੱਜ ਪੈਂਦਾ ਹੈ। ਅਰਥ: ਹੇ ਕਬੀਰ! (ਹੀਰਾ ਜਨਮ ਬਚਾਣ ਲਈ ਮੈਨੂੰ ਗ੍ਰਿਹਸਤ ਤਿਆਗਣ ਦੀ ਲੋੜ ਹੀ ਨਾਹ ਪਈ) ਮੈਨੂੰ ਪੂਰਾ ਗੁਰੂ ਮਿਲ ਪਿਆ, ਉਸ ਨੇ ਇਕ ਸ਼ਬਦ ਸੁਣਾਇਆ ਜੋ ਮੈਨੂੰ ਤੀਰ ਵਾਂਗ ਲੱਗਾ, ਮੇਰਾ ਹਿਰਦਾ ਗੁਰੂ-ਚਰਨਾਂ ਵਿਚ ਪ੍ਰੋਤਾ ਗਿਆ, ਤੇ ਮੇਰਾ ਅਹੰਕਾਰ ਮਿੱਟੀ ਵਿਚ ਮਿਲ ਗਿਆ ।157। ਪਰ ਹੇ ਕਬੀਰ! ਜੇ ਸਿੱਖਾਂ ਵਿਚ ਉਕਾਈ ਹੋਵੇ, ਤਾਂ ਸਤਿਗੁਰੂ ਭੀ ਕੁਝ ਸੰਵਾਰ ਨਹੀਂ ਸਕਦਾ (ਇਸ ਹੀਰੇ-ਜਨਮ ਨੂੰ 'ਕਉਡੀ ਬਦਲੈ' ਜਾਂਦੇ ਨੂੰ ਬਚਾ ਨਹੀਂ ਸਕਦਾ) , ਜੋ ਮਨੁੱਖ ਅਹੰਕਾਰ ਵਿਚ ਅੰਨ੍ਹਾ ਹੋਇਆ ਰਹੇ, ਗੁਰੂ ਦੀ ਸਿੱਖਿਆ ਦੀ ਕੋਈ ਭੀ ਗੱਲ ਉਸ ਨੂੰ ਪੋਹ ਨਹੀਂ ਸਕਦੀ। ਜਿਵੇਂ ਫੂਕ ਮਾਰਿਆਂ ਬਾਂਸ (ਦੀ ਬੰਸਰੀ) ਵੱਜਣ ਲੱਗ ਪੈਂਦੀ ਹੈ (ਪਰ ਫੂਕ ਇਕ ਸਿਰੇ ਤੋਂ ਲੰਘ ਕੇ ਦੂਜੇ ਸਿਰੇ ਰਾਹ ਬਾਹਰ ਨਿਕਲ ਜਾਂਦੀ ਹੈ, ਤਿਵੇਂ ਅਹੰਕਾਰੀ ਦੇ ਇਕ ਕੰਨ ਤੋਂ ਦੂਜੇ ਕੰਨ ਰਾਹੀਂ ਉਹ ਸਿੱਖਿਆ ਅਸਰ ਕਰਨ ਤੋਂ ਬਿਨਾ ਹੀ ਨਿਕਲ ਜਾਂਦੀ ਹੈ। ਚੁੰਚ-ਗਿਆਨੀ ਉਹ ਭਾਵੇਂ ਬਣ ਜਾਏ।) ।158। |
Sri Guru Granth Darpan, by Professor Sahib Singh |