ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1376

ਮਹਲਾ ੫ ॥ ਕਬੀਰਾ ਹਮਰਾ ਕੋ ਨਹੀ ਹਮ ਕਿਸ ਹੂ ਕੇ ਨਾਹਿ ॥ ਜਿਨਿ ਇਹੁ ਰਚਨੁ ਰਚਾਇਆ ਤਿਸ ਹੀ ਮਾਹਿ ਸਮਾਹਿ ॥੨੧੪॥ {ਪੰਨਾ 1376}

ਨੋਟ: ਇਹ ਸ਼ਲੋਕ ਭੀ ਸਤਿਗੁਰੂ ਅਰਜਨ ਸਾਹਿਬ ਜੀ ਦਾ ਹੈ, ਜਿਵੇਂ ਕਿ ਇਸ ਦੇ ਸਿਰ-ਲੇਖ 'ਮਹਲਾ 5' ਤੋਂ ਸਾਫ਼ ਪਰਗਟ ਹੈ। ਕਬੀਰ ਜੀ ਦੇ ਸ਼ਲੋਕ ਨੰ: 213 ਦੀ ਵਿਆਖਿਆ ਵਾਸਤੇ ਹੈ। ਜੋ ਉੱਤਰ ਨਾਮਦੇਵ ਜੀ ਨੇ ਤ੍ਰਿਲੋਚਨ ਜੀ ਨੂੰ ਦਿੱਤਾ ਸੀ, ਉਸ ਦਾ ਹਵਾਲਾ ਦੇ ਕੇ ਕਬੀਰ ਜੀ ਆਖਦੇ ਹਨ ਕਿ ਦੁਨੀਆ ਦੀ ਕਿਰਤ-ਕਾਰ ਨਹੀਂ ਛੱਡਣੀ, ਇਹ ਕਰਦਿਆਂ ਹੋਇਆਂ ਹੀ ਅਸਾਂ ਆਪਣਾ ਚਿੱਤ ਇਸ ਤੋਂ ਵੱਖਰਾ ਰੱਖਣਾ ਹੈ।

ਇਸ ਸ਼ਲੋਕ ਨੰ: 214 ਵਿਚ ਗੁਰੂ ਅਰਜਨ ਸਾਹਿਬ ਨੇ ਇਹ ਦੱਸਿਆ ਹੈ ਕਿ ਸਾਕਾਂ-ਅੰਗਾਂ ਵਿਚ ਰਹਿੰਦਿਆਂ ਤੇ ਮਾਇਆ ਵਿਚ ਵਰਤਦਿਆਂ ਹਰ ਵੇਲੇ ਇਹ ਚੇਤੇ ਰੱਖਣਾ ਹੈ ਕਿ ਇਹ ਸਭ ਕੁਝ ਇਥੇ ਸਿਰਫ਼ ਚਾਰ ਦਿਨ ਦੇ ਸਾਥੀ ਹਨ, ਅਸਲ ਸਾਥੀ ਪਰਮਾਤਮਾ ਦਾ ਨਾਮ ਹੈ ਤੇ ਕਿਰਤ-ਕਾਰ ਕਰਦਿਆਂ ਉਸ ਨੂੰ ਭੀ ਹਰ ਵੇਲੇ ਯਾਦ ਰੱਖਣਾ ਹੈ।

ਅਰਥ: ਹੇ ਕਬੀਰ! ਜਿਸ ਪਰਮਾਤਮਾ ਨੇ ਇਹ ਰਚਨਾ ਰਚੀ ਹੈ, ਅਸੀਂ ਤਾਂ ਉਸੇ ਦੀ ਯਾਦ ਵਿਚ ਟਿਕੇ ਰਹਿੰਦੇ ਹਾਂ, ਕਿਉਂਕਿ ਨਾਹ ਕੋਈ ਅਸਾਡਾ ਸਦਾ ਦਾ ਸਾਥੀ ਹੈ ਅਤੇ ਨਾਹ ਹੀ ਅਸੀਂ ਕਿਸੇ ਦੇ ਸਦਾ ਲਈ ਸਾਥੀ ਬਣ ਸਕਦੇ ਹਾਂ (ਬੇੜੀ ਦੇ ਪੂਰ ਦਾ ਮੇਲਾ ਹੈ) ।214।

ਕਬੀਰ ਕੀਚੜਿ ਆਟਾ ਗਿਰਿ ਪਰਿਆ ਕਿਛੂ ਨ ਆਇਓ ਹਾਥ ॥ ਪੀਸਤ ਪੀਸਤ ਚਾਬਿਆ ਸੋਈ ਨਿਬਹਿਆ ਸਾਥ ॥੨੧੫॥ {ਪੰਨਾ 1376}

ਅਰਥ: ਹੇ ਕਬੀਰ! (ਕੋਈ ਤੀਵੀਂ ਜੁ ਕਿਸੇ ਦੇ ਘਰੋਂ ਆਟਾ ਪੀਹ ਕੇ ਲਿਆਈ, ਆਪਣੇ ਘਰ ਆਉਂਦਿਆਂ ਰਾਹ ਵਿਚ ਉਹ) ਆਟਾ ਚਿੱਕੜ ਵਿਚ ਡਿੱਗ ਪਿਆ, ਉਸ (ਵਿਚਾਰੀ) ਦੇ ਹੱਥ-ਪੱਲੇ ਕੁਝ ਭੀ ਨਾਹ ਪਿਆ। ਚੱਕੀ ਪੀਂਹਦਿਆਂ ਪੀਂਹਦਿਆਂ ਜਿਤਨੇ ਕੁ ਦਾਣੇ ਉਸ ਨੇ ਚੱਬ ਲਏ, ਬੱਸ! ਉਹੀ ਉਸ ਦੇ ਕੰਮ ਆਇਆ।

ਨੋਟ: ਪਰਮਾਤਮਾ ਦਾ ਸਿਮਰਨ ਕਰਨ ਵਾਸਤੇ ਦਿਨ ਦੇ ਕਿਸੇ ਖ਼ਾਸ ਵੇਲੇ ਨੂੰ ਜਾਂ ਉਮਰ ਦੇ ਕਿਸੇ ਖ਼ਾਸ ਹਿੱਸੇ ਨੂੰ ਉਡੀਕਦੇ ਨਹੀਂ ਰਹਿਣਾ, ਸੁਭਾਉ ਐਸਾ ਬਣਾਈਏ ਕਿ ਹਰ ਵੇਲੇ ਹਰੇਕ ਕਿਰਤ-ਕਾਰ ਵਿਚ ਰੱਬ ਚੇਤੇ ਰਹੇ। ਜੇ ਸਾਰਾ ਦਿਨ ਕਾਰ-ਵਿਹਾਰ ਵਿਚ ਰੱਬ ਨੂੰ ਵਿਸਾਰ ਕੇ ਚੋਰ-ਬਜ਼ਾਰੀ, ਠੱਗੀ ਫ਼ਰੇਬ ਕਰਦੇ ਰਹੇ, ਤੇ ਸਵੇਰ ਵੇਲੇ ਮੰਦਰ ਗੁਰ-ਦੁਆਰੇ ਵਿਚ ਰਾਮ ਰਾਮ ਕਰ ਆਏ ਜਾਂ ਇਸ ਕਮਾਈ ਵਿਚੋਂ ਕੁਝ ਦਾਨ-ਪੁੰਨ ਕਰ ਦਿੱਤਾ, ਤਾਂ ਇਹ ਉੱਦਮ ਇਉਂ ਹੀ ਜਾਣੋ ਜਿਵੇਂ ਘੰਟਾ ਦੋ ਘੰਟੇ ਲਾ ਕੇ ਪੀਠਾ ਹੋਇਆ ਆਟਾ ਰਾਹ ਵਿਚ ਆਉਂਦਿਆਂ ਚਿੱਕੜ ਵਿਚ ਡਿੱਗ ਪਿਆ।

ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ॥ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ॥੨੧੬॥ {ਪੰਨਾ 1376}

ਨੋਟ: ਕਿਸੇ ਖ਼ਾਸ ਨਿਯਤ ਸਮੇਂ ਪੂਜਾ-ਪਾਠ ਕਰਕੇ ਸਾਰਾ ਦਿਨ ਠੱਗੀ-ਧੋਖੇ ਦੀ ਕਿਰਤ ਕਰਨੀ ਇਉਂ ਹੀ ਹੈ ਜਿਵੇਂ ਚੱਕੀ ਪੀਹ ਪੀਹ ਕੇ ਜੋੜਿਆ ਹੋਇਆ ਆਟਾ ਚਿੱਕੜ ਵਿਚ ਡਿੱਗ ਪਏ; ਜਾਂ; ਜਿਵੇਂ ਰਾਤ ਵੇਲੇ ਜਗਦਾ ਦੀਵਾ ਹੱਥ ਵਿਚ ਫੜਿਆ ਹੋਇਆ ਹੋਵੇ, ਦੀਵੇ ਦਾ ਚਾਨਣ ਹੁੰਦਿਆਂ ਭੀ ਮਨੁੱਖ ਕਿਸੇ ਖੂਹ ਵਿਚ ਜਾ ਡਿੱਗੇ। ਸਿਮਰਨ-ਭਜਨ ਦੇ ਨਾਲ ਨਾਲ ਹੱਕ ਦੀ ਕਿਰਤ-ਕਮਾਈ ਅੱਤ ਜ਼ਰੂਰੀ ਹੈ।

ਪਦ ਅਰਥ: ਕੁਸਲਾਤ = ਸੁਖ। ਹਾਥਿ ਦੀਪੁ = ਹੱਥਾਂ ਵਿਚ ਦੀਵਾ (ਹੋਵੇ) । ਕੂਏ = ਖੂਹ ਵਿਚ।

ਅਰਥ: ਹੇ ਕਬੀਰ! (ਜੋ ਮਨੁੱਖ ਹਰ ਰੋਜ਼ ਧਰਮ-ਅਸਥਾਨ ਤੇ ਜਾ ਕੇ ਭਜਨ ਭਗਤੀ ਕਰਨ ਪਿਛੋਂ ਸਾਰਾ ਦਿਨ ਠੱਗੀ-ਫ਼ਰੇਬ ਦੀ ਕਿਰਤ-ਕਮਾਈ ਕਰਦਾ ਹੈ, ਉਹ ਇਸ ਗੱਲੋਂ ਨਾਵਾਕਿਫ਼ ਨਹੀਂ ਕਿ ਇਹ ਮਾੜੀ ਗੱਲ ਹੈ, ਉਸ ਦਾ) ਮਨ ਸਭ ਕੁਝ ਜਾਣਦਾ ਹੈ, ਪਰ ਉਹ ਜਾਣਦਾ ਹੋਇਆ ਭੀ (ਠੱਗੀ ਦੀ ਕਮਾਈ ਵਾਲਾ) ਪਾਪ ਕਰੀ ਜਾਂਦਾ ਹੈ। (ਪਰਮਾਤਮਾ ਦੀ ਭਗਤੀ ਤਾਂ ਇਕ ਜਗਦਾ ਦੀਵਾ ਹੈ ਜਿਸ ਨੇ ਜ਼ਿੰਦਗੀ ਦੇ ਹਨੇਰੇ ਸਫ਼ਰ ਵਿਚ ਮਨੁੱਖ ਨੂੰ ਰਸਤਾ ਵਿਖਾਣਾ ਹੈ, ਵਿਕਾਰਾਂ ਦੇ ਖੂਹ-ਖਾਤੇ ਵਿਚ ਡਿੱਗਣੋਂ ਬਚਾਣਾ ਹੈ, ਪਰ) ਉਸ ਦੀਵੇ ਤੋਂ ਕੀਹ ਸੁਖ ਜੇ ਉਸ ਦੀਵੇ ਦੇ ਅਸਾਡੇ ਹੱਥ ਵਿਚ ਹੁੰਦਿਆਂ ਭੀ ਅਸੀਂ ਖੂਹ ਵਿਚ ਡਿੱਗ ਪਏ? ।216।

ਕਬੀਰ ਲਾਗੀ ਪ੍ਰੀਤਿ ਸੁਜਾਨ ਸਿਉ ਬਰਜੈ ਲੋਗੁ ਅਜਾਨੁ ॥ ਤਾ ਸਿਉ ਟੂਟੀ ਕਿਉ ਬਨੈ ਜਾ ਕੇ ਜੀਅ ਪਰਾਨ ॥੨੧੭॥ {ਪੰਨਾ 1376}

ਪਦ ਅਰਥ: ਸੁਜਾਨ = ਸਿਆਣਾ, ਘਟ ਘਟ ਦੀ ਜਾਨਣ ਵਾਲਾ। ਲਾਗੀ = ਲੱਗੀ ਹੋਈ। ਅਜਾਨੁ = ਅੰਞਾਣ; ਬੇ = ਸਮਝ, ਮੂਰਖ। ਤਾ ਸਿਉ = ਉਸ (ਸੁਜਾਨ ਪ੍ਰਭੂ) ਨਾਲੋਂ। ਕਿਉ ਬਨੈ = ਕਿਵੇਂ ਫੱਬੇ? ਕਿਵੇਂ ਸੋਹਣੀ ਲੱਗੇ? ਨਹੀਂ ਫੱਬਦੀ, ਸੋਹਣੀ ਨਹੀਂ ਲੱਗਦੀ। ਜੀਅ = ਜਿੰਦ। ਬਰਜੈ = ਵਰਜਦਾ ਹੈ, ਰੋਕ ਪਾਂਦਾ ਹੈ।

ਅਰਥ: ਹੇ ਕਬੀਰ! (ਜੇ ਤੂੰ "ਚੀਤੁ ਨਿਰੰਜਨ ਨਾਲਿ" ਜੋੜੀ ਰੱਖਣਾ ਹੈ ਤਾਂ ਇਹ ਚੇਤਾ ਰੱਖ ਕਿ ਇਹ) ਮੂਰਖ ਜਗਤ (ਭਾਵ, ਸਾਕ-ਸੰਬੰਧੀਆਂ ਦਾ ਮੋਹ ਅਤੇ ਠੱਗੀ ਦੀ ਕਿਰਤ-ਕਾਰ) ਘਟ ਘਟ ਦੀ ਜਾਨਣ ਵਾਲੇ ਪਰਮਾਤਮਾ ਨਾਲ ਬਣੀ ਪ੍ਰੀਤ ਦੇ ਰਸਤੇ ਵਿਚ ਰੋਕ ਪਾਂਦਾ ਹੈ; (ਅਤੇ ਇਸ ਧੋਖੇ ਵਿਚ ਆਇਆਂ ਘਾਟਾ ਹੀ ਘਾਟਾ ਹੈ, ਕਿਉਂਕਿ) ਜਿਸ ਪਰਮਾਤਮਾ ਦੀ ਦਿੱਤੀ ਹੋਈ ਇਹ ਜਿੰਦ-ਜਾਨ ਹੈ ਉਸ ਨਾਲੋਂ ਵਿਛੜੀ ਹੋਈ (ਕਿਸੇ ਹਾਲਤ ਵਿਚ ਭੀ) ਇਹ ਸੋਹਣੀ ਨਹੀਂ ਲੱਗ ਸਕਦੀ (ਸੌਖੀ ਨਹੀਂ ਰਹਿ ਸਕਦੀ) ।217।

ਤਾਂ ਤੇ

ਕਬੀਰ ਕੋਠੇ ਮੰਡਪ ਹੇਤੁ ਕਰਿ ਕਾਹੇ ਮਰਹੁ ਸਵਾਰਿ ॥ ਕਾਰਜੁ ਸਾਢੇ ਤੀਨਿ ਹਥ ਘਨੀ ਤ ਪਉਨੇ ਚਾਰਿ ॥੨੧੮॥ {ਪੰਨਾ 1376}

ਪਦ ਅਰਥ: ਮੰਡਪ = ਸ਼ਾਮੀਆਨੇ, ਮਹਲ ਮਾੜੀਆਂ। ਹੇਤੁ ਕਰਿ = ਹਿਤ ਕਰ ਕੇ, ਸ਼ੋਕ ਨਾਲ। ਸਵਾਰਿ = ਸਜਾ ਸਜਾ ਕੇ। ਕਾਹੇ ਮਰਹੁ = ਕਿਉਂ ਆਤਮਕ ਮੌਤੇ ਮਰ ਰਹੇ ਹੋ? ਕਾਰਜੁ = ਕੰਮ, ਮਤਲਬ, ਲੋੜ। ਘਨੀ = ਵਧੀਕ। ਤ = ਤਾਂ।

ਅਰਥ: (ਜਿੰਦ-ਦਾਤੇ ਪ੍ਰਭੂ ਨਾਲੋਂ ਵਿਛੁੜੀ ਜਿੰਦ ਸੌਖੀ ਨਹੀਂ ਰਹਿ ਸਕਦੀ, 'ਤਾ ਸਿਉ ਟੂਟੀ ਕਿਉ ਬਨੈ'; ਤਾਂ ਤੇ) ਹੇ ਕਬੀਰ! (ਉਸ ਜਿੰਦ ਦਾਤੇ ਨੂੰ ਭੁਲਾ ਕੇ) ਘਰ ਮਹਲ-ਮਾੜੀਆਂ ਬੜੇ ਸ਼ੌਕ ਨਾਲ ਸਜਾ ਸਜਾ ਕੇ ਕਿਉਂ ਆਤਮਕ ਮੌਤੇ ਮਰ ਰਹੇ ਹੋ? ਤੁਹਾਡੀ ਆਪਣੀ ਲੋੜ ਤਾਂ ਸਾਢੇ ਤਿੰਨ ਹੱਥ ਜ਼ਮੀਨ ਨਾਲ ਪੂਰੀ ਹੋ ਰਹੀ ਹੈ (ਕਿਉਂਕਿ ਹਰ ਰੋਜ਼ ਸੌਣ ਵੇਲੇ ਆਪਣੇ ਕੱਦ ਅਨੁਸਾਰ ਤੁਸੀ ਇਤਨੀ ਕੁ ਹੀ ਵਰਤਦੇ ਹੋ) , ਪਰ ਜੇ (ਤੁਹਾਡਾ ਕੱਦ ਕੁਝ ਲੰਮਾ ਹੈ, ਜੇ) ਤੁਹਾਨੂੰ ਕੁਝ ਵਧੀਕ ਜ਼ਮੀਨ ਦੀ ਲੋੜ ਪੈਂਦੀ ਹੈ ਤਾਂ ਪੌਣੇ ਚਾਰ ਹੱਥ ਵਰਤ ਲੈਂਦੇ ਹੋਵੋਗੇ ।218।

ਨੋਟ: ਰੋਜ਼ਾਨਾ ਜੀਵਨ ਦੇ ਧਰਮ ਨੂੰ ਬਦੋ-ਬਦੀ ਕਿਸੇ ਅਗਾਂਹ ਆਉਣ ਵਾਲੇ ਸਮੇ ਦਾ ਧਰਮ ਬਣਾਈ ਜਾਣ ਨਾਲ ਮੌਜੂਦਾ ਜੀਵਨ ਵਿਚ ਧਰਮ ਦਾ ਪ੍ਰਭਾਵ ਸਗੋਂ ਕੱਸਾ ਹੁੰਦਾ ਜਾਂਦਾ ਹੈ। ਕਬੀਰ ਜੀ ਹਿੰਦੂ ਸਨ। ਮਰਨ ਤੇ ਹਿੰਦੂ ਦੀ ਲੋਥ ਸਾੜੀ ਜਾਂਦੀ ਹੈ, ਜੋ ਦੋ ਤਿੰਨ ਘੰਟਿਆਂ ਵਿਚ ਹੀ ਸੜ ਕੇ ਸੁਆਹ ਹੋ ਜਾਂਦੀ ਹੈ। ਸਾਢੇ ਤਿੰਨ ਹੱਥ ਤਾਂ ਕਿਤੇ ਰਹੇ, ਮਸਾਣਾਂ ਵਿਚ ਉਸ ਲਈ ਇਕ ਚੱਪਾ ਥਾਂ ਭੀ ਨਹੀਂ ਰਹਿ ਜਾਂਦੀ। ਸੋ, ਕਬੀਰ ਜੀ ਮਰਨ ਤੋਂ ਪਿਛੋਂ ਦੀਆਂ ਗੱਲਾਂ ਨਹੀਂ ਦੱਸ ਰਹੇ। ਪਰ ਅਸਾਡੇ ਟੀਕਾਕਾਰਾਂ ਨੇ ਸਾਢੇ ਤਿੰਨ ਹੱਥ ਜ਼ਮੀਨ ਦਾ ਸੰਬੰਧ ਮਨੁੱਖ ਦੇ ਮਰਨ ਨਾਲ ਹੀ ਜੋੜਿਆ ਹੈ, ਜੋ ਗ਼ਲਤ ਹੈ।

ਕਬੀਰ ਜੋ ਮੈ ਚਿਤਵਉ ਨਾ ਕਰੈ ਕਿਆ ਮੇਰੇ ਚਿਤਵੇ ਹੋਇ ॥ ਅਪਨਾ ਚਿਤਵਿਆ ਹਰਿ ਕਰੈ ਜੋ ਮੇਰੇ ਚਿਤਿ ਨ ਹੋਇ ॥੨੧੯॥ {ਪੰਨਾ 1376}

ਅਰਥ: ਹੇ ਕਬੀਰ! ("ਚੀਤੁ ਨਿਰੰਜਨ ਨਾਲਿ" ਰੱਖਣ ਦੇ ਥਾਂ ਤੂੰ ਸਾਰਾ ਦਿਨ ਮਾਇਆ ਦੀਆਂ ਹੀ ਸੋਚਾਂ ਸੋਚਦਾ ਰਹਿੰਦਾ ਹੈਂ, ਪਰ ਤੇਰੇ) ਮੇਰੇ ਸੋਚਾਂ ਸੋਚਣ ਨਾਲ ਕੁੱਝ ਨਹੀਂ ਬਣਦਾ; ਪਰਮਾਤਮਾ ਉਹ ਕੁਝ ਨਹੀਂ ਕਰਦਾ ਜੋ ਮੈਂ ਸੋਚਦਾ ਹਾਂ (ਭਾਵ, ਜੋ ਅਸੀਂ ਸੋਚਦੇ ਰਹਿੰਦੇ ਹਾਂ) । ਪ੍ਰਭੂ ਉਹ ਕੁਝ ਕਰਦਾ ਹੈ ਜੋ ਉਹ ਆਪ ਸੋਚਦਾ ਹੈ, ਤੇ ਜੋ ਕੁਝ ਉਹ ਪਰਮਾਤਮਾ ਸੋਚਦਾ ਹੈ ਉਹ ਅਸਾਡੇ ਚਿੱਤ-ਚੇਤੇ ਭੀ ਨਹੀਂ ਹੁੰਦਾ ।219।

ਮਃ ੩ ॥ ਚਿੰਤਾ ਭਿ ਆਪਿ ਕਰਾਇਸੀ ਅਚਿੰਤੁ ਭਿ ਆਪੇ ਦੇਇ ॥ ਨਾਨਕ ਸੋ ਸਾਲਾਹੀਐ ਜਿ ਸਭਨਾ ਸਾਰ ਕਰੇਇ ॥੨੨੦॥ {ਪੰਨਾ 1376}

ਨੋਟ: ਇਸ ਸ਼ਲੋਕ ਦਾ ਸਿਰਲੇਖ ਹੈ "ਮ: 3" ਇਹ ਗੁਰੂ ਅਮਰਦਾਸ ਜੀ ਦਾ ਲਿਖਿਆ ਹੋਇਆ ਹੈ। ਉਪਰਲੇ ਸ਼ਲੋਕ ਨਾਲ ਰਲਾ ਕੇ ਪੜ੍ਹੋ; ਸਾਫ਼ ਦਿੱਸਦਾ ਹੈ ਕਿ ਗੁਰੂ ਅਮਰਦਾਸ ਜੀ ਨੇ ਕਬੀਰ ਜੀ ਦੇ ਸ਼ਲੋਕ ਨੰ: 219 ਦੇ ਸੰਬੰਧ ਵਿਚ ਇਹ ਸ਼ਲੋਕ ਉਚਾਰਿਆ ਹੈ। ਸੋ, ਕਬੀਰ ਜੀ ਦੇ ਸ਼ਲੋਕ ਗੁਰੂ ਅਮਰਦਾਸ ਜੀ ਦੇ ਪਾਸ ਮੌਜੂਦ ਸਨ। ਇਹ ਸਾਖੀ ਗ਼ਲਤ ਹੈ ਕਿ ਭਗਤਾਂ ਦੀ ਬਾਣੀ ਗੁਰੂ ਅਰਜਨ ਸਾਹਿਬ ਨੇ ਇਕੱਠੀ ਕੀਤੀ ਸੀ।

ਅਰਥ: ਹੇ ਕਬੀਰ! (ਜੀਵਾਂ ਦੇ ਕੀਹ ਵੱਸ?) ਪ੍ਰਭੂ ਆਪ ਹੀ ਜੀਵਾਂ ਦੇ ਮਨ ਵਿਚ ਦੁਨੀਆ ਦੇ ਫ਼ਿਕਰ-ਸੋਚਾਂ ਪੈਦਾ ਕਰਦਾ ਹੈ, ਉਹ ਅਵਸਥਾ ਭੀ ਪ੍ਰਭੂ ਆਪ ਹੀ ਬਖ਼ਸ਼ਦਾ ਹੈ ਜਦੋਂ ਮਨੁੱਖ ਇਹਨਾਂ ਫ਼ਿਕਰ-ਸੋਚਾਂ ਤੋਂ ਰਹਿਤ ਹੋ ਜਾਂਦਾ ਹੈ। ਹੇ ਨਾਨਕ! ਜੋ ਪ੍ਰਭੂ ਸਭ ਜੀਵਾਂ ਦੀ ਸੰਭਾਲ ਕਰਦਾ ਹੈ ਉਸੇ ਦੇ ਗੁਣ ਗਾਣੇ ਚਾਹੀਦੇ ਹਨ (ਭਾਵ ਪ੍ਰਭੂ ਅੱਗੇ ਹੀ ਅਰਦਾਸ ਕਰ ਕੇ ਦੁਨੀਆ ਦੇ ਫ਼ਿਕਰ-ਸੋਚਾਂ ਤੋਂ ਬਚੇ ਰਹਿਣ ਦੀ ਦਾਤਿ ਮੰਗੀਏ) ।220।

ਮਃ ੫ ॥ ਕਬੀਰ ਰਾਮੁ ਨ ਚੇਤਿਓ ਫਿਰਿਆ ਲਾਲਚ ਮਾਹਿ ॥ ਪਾਪ ਕਰੰਤਾ ਮਰਿ ਗਇਆ ਅਉਧ ਪੁਨੀ ਖਿਨ ਮਾਹਿ ॥੨੨੧॥ {ਪੰਨਾ 1376}

ਨੋਟ: ਇਹ ਸ਼ਲੋਕ ਗੁਰੂ ਅਰਜਨ ਸਾਹਿਬ ਦਾ ਹੈ, ਇਸ ਦਾ ਸੰਬੰਧ ਭੀ ਕਬੀਰ ਜੀ ਦੇ ਸ਼ਲੋਕ ਨੰ: 219 ਨਾਲ ਹੈ।

ਪਦ ਅਰਥ: ਮਰਿ ਗਇਆ = ਆਤਮਕ ਮੌਤੇ ਮਰ ਜਾਂਦਾ ਹੈ, ਜੀਵਨ ਵਿਚ ਗੁਣਾਂ ਦਾ ਅਭਾਵ ਹੀ ਹੋ ਜਾਂਦਾ ਹੈ। ਅਉਧ = ਉਮਰ। ਪੁਨੀ = ਪੁੱਗ ਜਾਂਦੀ ਹੈ, ਮੁੱਕ ਜਾਂਦੀ ਹੈ। ਖਿਨ ਮਾਹਿ = ਅੱਖ ਦੇ ਫੋਰ ਵਿਚ, ਅਚਨਚੇਤ ਹੀ, ਅੱਗੇ ਵਿਕਾਰਾਂ ਵਿਚ ਚਿੱਤ ਰੱਜਦਾ ਹੀ ਨਹੀਂ ਕਿ ਅਚਨਚੇਤ।

ਅਰਥ: ਹੇ ਕਬੀਰ! ਜੋ ਮਨੁੱਖ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ (ਸਿਮਰਨ ਨਾਹ ਕਰਨ ਦਾ ਨਤੀਜਾ ਹੀ ਇਹ ਨਿਕਲਦਾ ਹੈ ਕਿ ਉਹ ਦੁਨੀਆ ਦੀਆਂ ਸੋਚਾਂ ਸੋਚਦਾ ਹੈ, ਤੇ ਦੁਨੀਆ ਦੇ) ਲਾਲਚ ਵਿਚ ਭਟਕਦਾ ਫਿਰਦਾ ਹੈ। ਪਾਪ ਕਰਦਿਆਂ ਕਰਦਿਆਂ ਉਹ (ਭਾਗ-ਹੀਣ) ਆਤਮਕ ਮੌਤੇ ਮਰ ਜਾਂਦਾ ਹੈ (ਉਸ ਦੇ ਅੰਦਰੋਂ ਉੱਚਾ ਆਤਮਕ ਜੀਵਨ ਮੁੱਕ ਜਾਂਦਾ ਹੈ) , ਅਤੇ ਉਹ ਵਿਕਾਰਾਂ ਵਿਚ ਰੱਜਦਾ ਭੀ ਨਹੀਂ ਕਿ ਅਚਨਚੇਤ ਉਮਰ ਮੁੱਕ ਜਾਂਦੀ ਹੈ ।221।

ਕਬੀਰ ਕਾਇਆ ਕਾਚੀ ਕਾਰਵੀ ਕੇਵਲ ਕਾਚੀ ਧਾਤੁ ॥ ਸਾਬਤੁ ਰਖਹਿ ਤ ਰਾਮ ਭਜੁ ਨਾਹਿ ਤ ਬਿਨਠੀ ਬਾਤ ॥੨੨੨॥ {ਪੰਨਾ 1376}

ਨੋਟ: ਪਿੱਤਲ ਕੈਂਹ ਆਦਿਕ ਦੇ ਭਾਂਡੇ ਵਿਚ ਕੋਈ ਚੀਜ਼ ਪਾ ਰੱਖੀਏ ਤਾਂ ਉਸ ਚੀਜ਼ ਦਾ ਅਸਰ ਭਾਂਡੇ ਦੇ ਪਿੱਤਲ ਕੈਂਹ ਆਦਿਕ ਵਿਚ ਨਹੀਂ ਜਾ ਸਕਦਾ। ਪਰ ਜੇ ਕੱਚੀ ਮਿੱਟੀ ਦਾ ਬਰਤਨ ਹੋਵੇ, ਉਸ ਵਿਚ ਰੱਖੀ ਚੀਜ਼ ਦੀ ਸੁਗੰਧ ਦੁਰਗੰਧ ਮਿੱਟੀ ਵਿਚ ਆਪਣਾ ਅਸਰ ਕਰ ਜਾਂਦੀ ਹੈ।

ਮਨੁੱਖਾ ਸਰੀਰ ਇਕ ਐਸਾ ਬਰਤਨ ਹੈ ਜਿਸ ਦੇ ਗਿਆਨ-ਇੰਦ੍ਰੇ ਮਾਨੋ, ਕੱਚੀ, ਮਿੱਟੀ ਦੇ ਬਣੇ ਹੋਏ ਹਨ, ਜਿਸ ਕਰਮ-ਵਿਕਰਮ ਨਾਲ ਇਹਨਾਂ ਦਾ ਸੰਬੰਧ ਪੈਂਦਾ ਹੈ, ਉਸ ਦਾ ਅਸਰ ਇਹ ਗ੍ਰਹਿਣ ਕਰ ਲੈਂਦੇ ਹਨ, ਤਾਹੀਏਂ ਸਰੀਰ ਦੇ ਅੰਦਰ ਵੱਸਦੀ ਜਿੰਦ ਦੀ (ਜੋ ਪਰਮਾਤਮਾ ਦੀ ਆਪਣੀ ਅੰਸ ਹੈ) ਇਹ ਪ੍ਰਭੂ ਨਾਲੋਂ ਵਿੱਥ ਪੁਆ ਦੇਂਦੇ ਹਨ। ਇਹਨਾਂ ਇੰਦ੍ਰਿਆਂ ਨੂੰ, ਇਸ ਸਰੀਰ ਨੂੰ, 'ਸਾਬਤੁ' (ਪਵਿਤ੍ਰ) ਰੱਖਣ ਦਾ ਤਰੀਕਾ ਇਹੀ ਹੋ ਸਕਦਾ ਹੈ ਕਿ 'ਅਪਵਿਤ੍ਰ' ਕਰਨ ਵਾਲੇ ਕਰਮ ਤੇ ਪਦਾਰਥ ਇਸ ਦੇ ਨੇੜੇ ਨਾਹ ਆਉਣ ਦਿੱਤੇ ਜਾਣ ਤੇ ਜਿੰਦ ਨੂੰ ਇਸ ਦੇ ਆਪਣੇ ਅਸਲੇ ਪ੍ਰਭੂ ਦੇ ਅੱਤ ਨੇੜੇ ਰੱਖਿਆ ਜਾਏ।

ਪਦ ਅਰਥ: ਕਾਰਵੀ = ਕਰਵਾ, ਛੋਟਾ ਜਿਹਾ ਲੋਟਾ, ਕੁੱਜਾ। ਕੇਵਲ = ਨਿਰੋਲ। ਧਾਤੁ = ਅਸਲਾ। ਸਾਬਤੁ = (ਵੇਖੋ ਸਲੋਕ ਨੰ: 185 = 'ਜਾ ਕੀ ਦਿਲ ਸਾਬਤਿ ਨਹੀ'। 'ਸਾਬਤਿ' ਦਾ ਅਰਥ ਹੈ ਪਾਕੀਜ਼ਗੀ, ਪਵਿਤ੍ਰਤਾ) ਪਵ੍ਰਿਤ, ਪਾਕੀਜ਼ਾ। ਰਖਹਿ = ਜੇ ਤੂੰ ਰੱਖਣਾ ਚਾਹੇਂ। ਭਜੁ = ਸਿਮਰ। ਬਿਨਠੀ = ਵਿਗੜੀ, ਨਾਸ ਹੋਈ। ਬਾਤ = ਗੱਲ।

ਅਰਥ: ਹੇ ਕਬੀਰ! ਇਹ ਸਰੀਰ ਕੱਚਾ ਲੋਟਾ (ਸਮਝ ਲੈ) , ਇਸ ਦਾ ਅਸਲਾ ਨਿਰੋਲ ਕੱਚੀ ਮਿੱਟੀ (ਮਿਥ ਲੈ) । ਜੇ ਤੂੰ ਇਸ ਨੂੰ (ਬਾਹਰਲੇ ਭੈੜੇ ਅਸਰਾਂ ਤੋਂ) ਪਵ੍ਰਿਤ ਰੱਖਣਾ ਲੋੜਦਾ ਹੈਂ ਤਾਂ ਪਰਮਾਤਮਾ ਦਾ ਨਾਮ ਸਿਮਰ, ਨਹੀਂ ਤਾਂ (ਮਨੁੱਖਾ ਜਨਮ ਦੀ ਇਹ) ਖੇਡ ਵਿਗੜੀ ਹੀ ਜਾਣ ਲੈ (ਭਾਵ, ਜ਼ਰੂਰ ਵਿਗੜ ਜਾਇਗੀ) ।222।

ਕਬੀਰ ਕੇਸੋ ਕੇਸੋ ਕੂਕੀਐ ਨ ਸੋਈਐ ਅਸਾਰ ॥ ਰਾਤਿ ਦਿਵਸ ਕੇ ਕੂਕਨੇ ਕਬਹੂ ਕੇ ਸੁਨੈ ਪੁਕਾਰ ॥੨੨੩॥ {ਪੰਨਾ 1376}

ਪਦ ਅਰਥ: ਕੇਸੋ = ਕੇਸ਼ਵ (केशाः प्रशस्ताः सन्ति अस्य = ਲੰਮੇ ਕੇਸਾਂ ਵਾਲਾ) ਪਰਮਾਤਮਾ। ਅਸਾਰ = ਗ਼ਾਫ਼ਲ ਹੋ ਕੇ, ਬੇ = ਪਰਵਾਹੀ ਵਿਚ, ਵਿਕਾਰਾਂ ਵਲੋਂ ਗ਼ਾਫ਼ਲ ਰਹਿ ਕੇ। ਕਬਹੂ ਕੇ = ਕਦੇ ਤਾਂ।

ਅਰਥ: ਹੇ ਕਬੀਰ! (ਜੇ ਇਸ ਸਰੀਰ ਨੂੰ ਵਿਕਾਰਾਂ ਵਲੋਂ 'ਸਾਬਤੁ ਰਖਹਿ ਤ') ਹਰ ਵੇਲੇ ਪਰਮਾਤਮਾ ਦਾ ਨਾਮ ਯਾਦ ਕਰਦੇ ਰਹੀਏ, ਕਿਸੇ ਵੇਲੇ ਭੀ ਵਿਕਾਰਾਂ ਵਲੋਂ ਬੇ-ਪਰਵਾਹ ਨਾਹ ਹੋਈਏ। ਜੇ ਦਿਨ ਰਾਤ (ਹਰ ਵੇਲੇ) ਪਰਮਾਤਮਾ ਨੂੰ ਸਿਮਰਦੇ ਰਹੀਏ ਤਾਂ ਕਿਸੇ ਨ ਕਿਸੇ ਵੇਲੇ ਉਹ ਪ੍ਰਭੂ ਜੀਵ ਦੀ ਅਰਦਾਸ ਸੁਣ ਹੀ ਲੈਂਦਾ ਹੈ (ਤੇ ਇਸ ਨੂੰ ਆਤਮਕ ਮੌਤੇ ਮਰਨੋਂ ਬਚਾ ਲੈਂਦਾ ਹੈ) ।223।

ਕਬੀਰ ਕਾਇਆ ਕਜਲੀ ਬਨੁ ਭਇਆ ਮਨੁ ਕੁੰਚਰੁ ਮਯ ਮੰਤੁ ॥ ਅੰਕਸੁ ਗ੍ਯ੍ਯਾਨੁ ਰਤਨੁ ਹੈ ਖੇਵਟੁ ਬਿਰਲਾ ਸੰਤੁ ॥੨੨੪॥ {ਪੰਨਾ 1376}

ਪਦ ਅਰਥ: ਕਾਇਆ = ਸਰੀਰ। ਕਜਲੀ ਬਨੁ = ਰਿਖੀਕੇਸ਼ ਹਰਿਦੁਆਰ ਦੇ ਨਜ਼ਦੀਕ ਦੇ ਇਕ ਜੰਗਲ ਦਾ ਨਾਮ ਹੈ ਜਿਥੇ ਹਾਥੀ ਰਹਿੰਦੇ ਹਨ, ਸੰਘਣਾ ਜੰਗਲ (ਨੋਟ: ਜਦੋਂ ਮਨੁੱਖ ਪਰਮਾਤਮਾ ਦੀ ਯਾਦ ਭੁਲਾ ਬੈਠਦਾ ਹੈ ਤਾਂ ਇਸ ਦੇ ਸਾਰੇ ਗਿਆਨ-ਇੰਦ੍ਰੇ ਵਿਕਾਰਾਂ ਵਲ ਪਰਤ ਪੈਂਦੇ ਹਨ ਕਾਮਾਦਿਕ ਅਨੇਕਾਂ ਵਿਕਾਰ ਪਰਗਟ ਹੋ ਉਠਦੇ ਹਨ। ਅਜੇਹੇ ਸਰੀਰ ਨੂੰ ਇਕ ਜੰਗਲ ਸਮਝ ਲਵੋ ਜਿਸ ਵਿਚ ਅਨੇਕਾਂ ਵਿਕਾਰ, ਮਾਨੋ, ਸੰਘਣੇ ਰੁੱਖ ਹਨ) । ਭਇਆ = (ਜੇ 'ਕੇਸੋ ਕੇਸੋ' ਨਾਹ ਕੂਕੀਏ, ਤਾਂ ਇਹ ਸਰੀਰ ਵਿਕਾਰ ਰੁੱਖਾਂ ਨਾਲ ਭਰਿਆ ਹੋਇਆ ਇਕ ਜੰਗਲ) ਬਣ ਜਾਂਦਾ ਹੈ। ਕੁੰਚਰੁ = ਹਾਥੀ। ਮਯ ਮੰਤੁ = ਮਦ ਮੱਤ, ਆਪਣੇ ਮਦ ਵਿਚ ਮੱਤਾ ਹੋਇਆ। ਅੰਕਸੁ = ਲੋਹੇ ਦਾ ਉਹ ਕੁੰਡਾ ਜਿਸ ਨਾਲ ਹਾਥੀ ਨੂੰ ਚਲਾਂਦੇ ਹਨ। ਰਤਨੁ = ਰਤਨ ਵਰਗਾ ਸ੍ਰੇਸ਼ਟ। ਖੇਵਟੁ = ਚਲਾਣ ਵਾਲਾ।

ਅਰਥ: ਹੇ ਕਬੀਰ! (ਜੇ ਕੇਸੋ ਕੇਸੋ ਨਾਹ ਕੂਕੀਏ, ਜੇ ਪਰਮਾਤਮਾ ਦਾ ਸਿਮਰਨ ਨਾਹ ਕਰੀਏ ਤਾਂ ਅਨੇਕਾਂ ਵਿਕਾਰ ਪੈਦਾ ਹੋ ਜਾਣ ਕਰਕੇ) ਇਹ ਮਨੁੱਖਾ ਸਰੀਰ, ਮਾਨੋ, 'ਕਜਲੀ ਬਨੁ' ਬਣ ਜਾਂਦਾ ਹੈ ਜਿਸ ਵਿਚ ਮਨ-ਹਾਥੀ ਆਪਣੇ ਮਦ ਵਿਚ ਮੱਤਾ ਹੋਇਆ ਫਿਰਦਾ ਹੈ। ਇਸ ਹਾਥੀ ਨੂੰ ਕਾਬੂ ਵਿਚ ਰੱਖਣ ਲਈ ਗੁਰੂ ਦਾ ਸ੍ਰੇਸ਼ਟ ਗਿਆਨ ਹੀ ਕੁੰਡਾ ਬਣ ਸਕਦਾ ਹੈ, ਕੋਈ ਭਾਗਾਂ ਵਾਲਾ ਗੁਰਮੁਖਿ (ਇਸ ਗਿਆਨ-ਕੁੰਡੇ ਨੂੰ ਵਰਤ ਕੇ ਮਨ-ਹਾਥੀ ਨੂੰ) ਚਲਾਣ-ਜੋਗਾ ਹੁੰਦਾ ਹੈ ।224।

ਕਬੀਰ ਰਾਮ ਰਤਨੁ ਮੁਖੁ ਕੋਥਰੀ ਪਾਰਖ ਆਗੈ ਖੋਲਿ ॥ ਕੋਈ ਆਇ ਮਿਲੈਗੋ ਗਾਹਕੀ ਲੇਗੋ ਮਹਗੇ ਮੋਲਿ ॥੨੨੫॥ {ਪੰਨਾ 1376}

ਪਦ ਅਰਥ: ਕੋਥਰੀ = ਗੁੱਥੀ, ਬਟੂਆ। ਪਾਰਖ = ਪਰਖ ਕਰਨ ਵਾਲਾ, ਕਦਰ = ਕੀਮਤ ਜਾਨਣ ਵਾਲਾ। ਗਾਹਕੀ = ਨਾਮ ਰਤਨ ਨੂੰ ਖ਼ਰੀਦਣ ਵਾਲਾ। ਮਹਗੇ ਮੋਲਿ = ਤਕੜੀ ਕੀਮਤ ਦੇ ਕੇ (ਨੋਟ: ਇਸ ਕਾਇਆ-ਜੰਗਲ ਵਿਚ ਮਨ ਮਸਤੇ ਹੋਏ ਹਾਥੀ ਵਾਂਗ ਆਜ਼ਾਦ ਫਿਰਦਾ ਹੈ। ਕੀਹ ਪਸ਼ੂ = ਪੰਛੀ ਤੇ ਕੀਹ ਮਨੁੱਖ, ਆਪਣੀ ਆਜ਼ਾਦੀ ਹੱਥੋਂ ਦੇਣੀ ਹਰੇਕ ਵਾਸਤੇ ਸਭ ਤੋਂ ਵੱਡੀ ਕੁਰਬਾਨੀ ਹੈ; ਮਨ ਦੀ ਇਸ ਸੁਤੰਤ੍ਰਤਾ ਦੇ ਵੱਟੇ ਕੋਈ ਚੀਜ਼ ਮੁੱਲ ਲੈਣੀ ਮਹਿੰਗੀ ਤੋਂ ਮਹਿੰਗੀ ਕੀਮਤ ਦੇਣੀ ਹੈ) , ਮਨ ਹਵਾਲੇ ਕਰ ਕੇ।

ਅਰਥ: ਹੇ ਕਬੀਰ! ਪਰਮਾਤਮਾ ਦਾ ਨਾਮ (ਦੁਨੀਆ ਵਿਚ) ਸਭ ਤੋਂ ਕੀਮਤੀ ਪਦਾਰਥ ਹੈ, (ਇਸ ਪਦਾਰਥ ਨੂੰ ਸਾਂਭ ਕੇ ਰੱਖਣ ਵਾਸਤੇ) ਆਪਣੇ ਮੂੰਹ ਨੂੰ ਗੁੱਥੀ ਬਣਾ ਤੇ ਇਸ ਰਤਨ ਦੀ ਕਦਰ-ਕੀਮਤ ਜਾਣਨ ਵਾਲੇ ਕਿਸੇ ਗੁਰਮੁਖਿ ਦੇ ਅੱਗੇ ਹੀ ਮੂੰਹ ਖੋਲ੍ਹਣਾ (ਭਾਵ, ਸਤਸੰਗ ਵਿਚ ਪ੍ਰਭੂ-ਨਾਮ ਦੀ ਸਿਫ਼ਤਿ-ਸਾਲਾਹ ਕਰ) । ਜਦੋਂ ਨਾਮ-ਰਤਨ ਦੀ ਕਦਰ ਜਾਨਣ ਵਾਲਾ ਕੋਈ ਗਾਹਕ ਸਤਸੰਗ ਵਿਚ ਆ ਅੱਪੜਦਾ ਹੈ ਤਾਂ ਉਹ ਆਪਣਾ ਮਨ ਗੁਰੂ ਦੇ ਹਵਾਲੇ ਕਰ ਕੇ ਨਾਮ ਰਤਨ ਨੂੰ ਖ਼ਰੀਦਦਾ ਹੈ ।225।

ਕਬੀਰ ਰਾਮ ਨਾਮੁ ਜਾਨਿਓ ਨਹੀ ਪਾਲਿਓ ਕਟਕੁ ਕੁਟੰਬੁ ॥ ਧੰਧੇ ਹੀ ਮਹਿ ਮਰਿ ਗਇਓ ਬਾਹਰਿ ਭਈ ਨ ਬੰਬ ॥੨੨੬॥ {ਪੰਨਾ 1376}

ਪਦ ਅਰਥ: ਜਾਨਿਓ ਨਹੀ = (ਜਿਸ ਮਨੁੱਖ ਨੇ) ਕਦਰ ਨਹੀਂ ਜਾਣੀ। ਪਾਲਿਓ = ਪਾਲਦਾ ਰਿਹਾ। ਕਟਕੁ = ਫ਼ੌਜ਼। ਕਟਕੁ ਕੁਟੰਬੁ = ਬਹੁਤ ਸਾਰਾ ਟੱਬਰ। ਮਰਿ ਗਇਓ = ਆਤਮਕ ਮੌਤੇ ਮਰ ਗਿਆ। ਬਾਹਰਿ = ਧੰਧਿਆਂ ਤੋਂ ਬਾਹਰ, (ਭਾਵ,) ਧੰਧਿਆਂ ਤੋਂ ਵੇਹਲਾ ਹੋ ਕੇ। ਬੰਬ = ਅਵਾਜ਼, ਖ਼ਬਰ। ਬਾਹਰਿ ਭਈ ਨ ਬੰਬ = ਧੰਧਿਆਂ ਤੋਂ ਨਿਕਲ ਕੇ ਕਦੇ ਉਸਦੇ ਮੂੰਹੋਂ ਰਾਮ ਨਾਮ ਦੀ ਅਵਾਜ਼ ਭੀ ਨਹੀਂ ਨਿਕਲੀ।

ਅਰਥ: (ਪਰ) , ਹੇ ਕਬੀਰ! ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ-ਰਤਨ ਦੀ ਕਦਰ-ਕੀਮਤ ਨਹੀਂ ਪੈਂਦੀ, ਉਹ (ਨਾਮ-ਰਤਨ ਨੂੰ ਵਿਸਾਰ ਕੇ ਸਾਰੀ ਉਮਰ) ਬਹੁਤਾ ਟੱਬਰ ਹੀ ਪਾਲਦਾ ਰਹਿੰਦਾ ਹੈ; ਦੁਨੀਆ ਦੇ ਧੰਧਿਆਂ ਵਿਚ ਹੀ ਖਪ ਖਪ ਕੇ ਉਹ ਮਨੁੱਖ ਆਤਮਕ ਮੌਤੇ ਮਰ ਜਾਂਦਾ ਹੈ, ਇਹਨਾਂ ਖਪਾਣਿਆਂ ਵਿਚੋਂ ਨਿਕਲ ਕੇ ਕਦੇ ਉਸ ਦੇ ਮੂੰਹੋਂ ਰਾਮ-ਨਾਮ ਦੀ ਆਵਾਜ਼ ਨਹੀਂ ਨਿਕਲਦੀ (ਨਾਹ ਹੀ ਇਹਨਾਂ ਖਪਾਣਿਆਂ ਵਿਚੋਂ ਕਦੇ ਉਸ ਨੂੰ ਵੇਹਲ ਮਿਲਦੀ ਹੈ, ਤੇ ਨਾਹ ਉਹ ਕਦੇ ਪਰਮਾਤਮਾ ਦਾ ਨਾਮ ਮੂੰਹੋਂ ਉਚਾਰਦਾ ਹੈ) ।226।

ਕਬੀਰ ਆਖੀ ਕੇਰੇ ਮਾਟੁਕੇ ਪਲੁ ਪਲੁ ਗਈ ਬਿਹਾਇ ॥ ਮਨੁ ਜੰਜਾਲੁ ਨ ਛੋਡਈ ਜਮ ਦੀਆ ਦਮਾਮਾ ਆਇ ॥੨੨੭॥ {ਪੰਨਾ 1376}

ਪਦ ਅਰਥ: ਕੇਰੇ = ਦੇ। ਮਾਟੁਕੇ = ਝਮਕਣੇ। ਆਖੀ ਕੇਰੇ ਮਾਟੁਕੇ = ਅੱਖਾਂ ਦੇ ਝਮਕਣ ਜਿਤਨਾ ਸਮਾ। ਗਈ ਬਿਹਾਇ = (ਉਮਰ) ਬੀਤ ਜਾਂਦੀ ਹੈ। ਦਮਾਮਾ = ਨਗਾਰਾ। ਆਇ ਦੀਆ = ਆ ਕੇ ਵਜਾ ਦੇਂਦਾ ਹੈ।

ਅਰਥ: ਹੇ ਕਬੀਰ! (ਉਸ ਬਦ-ਨਸੀਬ ਦਾ ਹਾਲ ਵੇਖ ਜੋ ਪ੍ਰਭੂ-ਨਾਮ ਦੀ ਕਦਰ-ਕੀਮਤ ਨਾਹ ਜਾਣਦਾ ਹੋਇਆ ਸਾਰੀ ਉਮਰ ਕੁਟੰਬ ਪਾਲਣ ਵਿਚ ਹੀ ਗੁਜ਼ਾਰਦਾ ਹੈ ਤੇ ਕਦੇ ਭੀ ਪ੍ਰਭੂ-ਨਾਮ ਮੂੰਹੋਂ ਨਹੀਂ ਉਚਾਰਦਾ! ਥੋੜੀ ਥੋੜੀ ਕਰ ਕੇ ਬੇ-ਮਲੂਮੇ ਜਿਹੇ) ਉਸ ਦੀ ਉਮਰ ਅੱਖਾਂ ਦੇ ਝਮਕਣ ਜਿਤਨਾ ਸਮਾਂ ਤੇ ਪਲ ਪਲ ਕਰ ਕੇ ਬੀਤ ਜਾਂਦੀ ਹੈ; ਫਿਰ ਭੀ ਉਸ ਦਾ ਮਨ (ਕੁਟੰਬ ਦਾ) ਜੰਜਾਲ ਨਹੀਂ ਛੱਡਦਾ, ਆਖ਼ਰ ਜਮ ਮੌਤ ਦਾ ਨਗਾਰਾ ਆ ਵਜਾਂਦੇ ਹਨ ।227।

ਕਬੀਰ ਤਰਵਰ ਰੂਪੀ ਰਾਮੁ ਹੈ ਫਲ ਰੂਪੀ ਬੈਰਾਗੁ ॥ ਛਾਇਆ ਰੂਪੀ ਸਾਧੁ ਹੈ ਜਿਨਿ ਤਜਿਆ ਬਾਦੁ ਬਿਬਾਦੁ ॥੨੨੮॥ {ਪੰਨਾ 1376}

ਨੋਟ: ਇਉਂ ਜਾਪਦਾ ਹੈ ਜਿਵੇਂ ਕਬੀਰ ਜੀ ਦੀਆਂ ਅੱਖਾਂ ਦੇ ਸਾਹਮਣੇ ਆਪਣੇ ਵਤਨ ਦੀ ਗਰਮੀ ਦੀ ਰੁੱਤ ਦਾ ਨਕਸ਼ਾ ਆਇਆ ਖਲੋਤਾ ਹੈ। ਤਪਸ਼ ਪੈ ਰਹੀ ਹੈ, ਇਕ ਮੁਸਾਫ਼ਿਰ ਦੂਰੋਂ ਇਕ ਸੋਹਣੇ ਸੰਘਣੀ ਛਾਂ ਵਾਲੇ ਰੁੱਖ ਅੰਬ ਨੂੰ ਵੇਖ ਕੇ ਉਸ ਦਾ ਆਸਰਾ ਆ ਲੈਂਦਾ ਹੈ। ਇਸ ਛਾਂ ਦਾ ਆਸਰਾ ਲਿਆਂ ਉਸ ਦੀ ਤਪਸ਼ ਭੀ ਮਿਟਦੀ ਹੈ ਤੇ ਉਸ ਨੂੰ ਰੁੱਖ ਤੋਂ ਪੱਕਾ ਫਲ ਭੀ ਮਿਲਦਾ ਹੈ ਜਿਸ ਨਾਲ ਉਹ ਆਪਣੀ ਭੁੱਖ ਭੀ ਦੂਰ ਕਰਦਾ ਹੈ।

ਵਿਕਾਰਾਂ ਦੀ ਤਪਸ਼ ਨਾਲ ਤਪ ਰਹੇ ਇਸ ਜਗਤ ਵਿਚ ਪਰਮਾਤਮਾ ਦਾ ਨਾਮ ਮਾਨੋ, ਇਕ ਸੋਹਣਾ ਰੁੱਖ ਹੈ; ਗੁਰਮੁਖਿ ਸੰਤ-ਜਨ ਇਸ ਰੁੱਖ ਦੀ ਠੰਢੀ ਮਿੱਠੀ ਛਾਂ ਹਨ। ਜੋ ਮਨੁੱਖ ਗੁਰਮੁਖਿ ਦੀ ਸੰਗਤਿ ਕਰਦਾ ਹੈ, ਵਿਕਾਰਾਂ ਦੀ ਤਪਸ਼ ਤੋਂ ਬਚਣ ਲਈ ਗੁਰਮੁਖਿ ਦੀ ਸੰਗਤਿ ਦਾ ਸਹਾਰਾ ਲੈਂਦਾ ਹੈ, ਉਸ ਦੇ ਅੰਦਰ ਠੰਢ ਪੈ ਜਾਂਦੀ ਹੈ, ਤੇ ਉਸ ਨੂੰ ਵੈਰਾਗ ਦੀ ਦਾਤਿ ਮਿਲਦੀ ਹੈ ਜਿਸ ਦੀ ਬਰਕਤਿ ਨਾਲ ਉਹ ਮਾਇਆ ਵਲੋਂ ਰੱਜ ਜਾਂਦਾ ਹੈ। ਪਰ ਸਾਧੂ ਗੁਰਮੁਖਿ ਉਹ ਹੈ ਜਿਸ ਨੇ ਮਾਇਆ ਦੇ ਜੰਜਾਲ ਨੂੰ ਤਿਆਗਿਆ ਹੈ।

ਪਦ ਅਰਥ: ਤਰਵਰ = ਤਰ-ਵਰ, ਸੋਹਣਾ ਰੁੱਖ। ਤਰ = ਰੁੱਖ। ਬੈਰਾਗੁ = ਨਿਰਮੋਹਤਾ। ਛਾਇਆ = ਛਾਂ। ਜਿਨਿ = ਜਿਸ (ਸਾਧ = ਗੁਰਮੁਖਿ) ਨੇ। ਬਾਦੁ ਬਿਬਾਦੁ = ਝਗੜਾ-ਝਾਂਜਾ, ਮਾਇਆ ਦਾ ਝੰਬੇਲਾ।

ਅਰਥ: ਹੇ ਕਬੀਰ! (ਵਿਕਾਰਾਂ ਦੀ ਤਪਸ਼ ਨਾਲ ਤਪ ਰਹੇ ਇਸ ਸੰਸਾਰ ਵਿਚ) ਪ੍ਰਭੂ ਦਾ ਨਾਮ ਇਕ ਸੋਹਣਾ ਰੁੱਖ ਹੈ। ਜਿਸ ਮਨੁੱਖ ਨੇ (ਆਪਣੇ ਅੰਦਰੋਂ ਇਹਨਾਂ ਵਿਕਾਰਾਂ ਦਾ) ਝਗੜਾ-ਝਾਂਜਾ ਮੁਕਾ ਦਿੱਤਾ ਹੈ ਉਹ ਗੁਰਮੁਖਿ ਇਸ ਰੁੱਖ ਦੀ, ਮਾਨੋ, ਛਾਂ ਹੈ। (ਜੋ ਭਾਗਾਂ ਵਾਲਾ ਬੰਦਾ ਉਸ ਤਪਸ਼ ਤੋਂ ਬਚਣ ਲਈ ਇਸ ਛਾਂ ਦਾ ਆਸਰਾ ਲੈਂਦਾ ਹੈ ਉਸ ਨੂੰ) ਵੈਰਾਗ-ਰੂਪ ਫਲ (ਹਾਸਲ ਹੁੰਦਾ) ਹੈ ।228।

ਕਬੀਰ ਐਸਾ ਬੀਜੁ ਬੋਇ ਬਾਰਹ ਮਾਸ ਫਲੰਤ ॥ ਸੀਤਲ ਛਾਇਆ ਗਹਿਰ ਫਲ ਪੰਖੀ ਕੇਲ ਕਰੰਤ ॥੨੨੯॥ {ਪੰਨਾ 1376}

ਪਦ ਅਰਥ: ਬਾਰਹ ਮਾਸ = ਬਾਰਾਂ ਹੀ ਮਹੀਨੇ, ਸਦਾ ਹੀ। ਫਲੰਤ = ਫਲ ਦੇਂਦਾ ਹੈ। ਸੀਤਲ = ਠੰਢੀ, ਠੰਢ ਦੇਣ ਵਾਲੀ, ਸ਼ਾਂਤੀ ਬਖ਼ਸ਼ਣ ਵਾਲੀ। ਛਾਇਆ = ਛਾਂ, ਆਸਰਾ। ਗਹਿਰ = ਗੰਭੀਰਤਾ, ਅਡੋਲਤਾ, ਵੈਰਾਗ। ਪੰਖੀ = (ਭਾਵ, ਤੇਰੇ) ਗਿਆਨ-ਇੰਦ੍ਰੇ। ਕੇਲ = ਆਨੰਦ।

ਅਰਥ: ਹੇ ਕਬੀਰ! ("ਜਿਨਿ ਤਜਿਆ ਬਾਦੁ ਬਿਬਾਦੁ" ਉਸ 'ਸਾਧ' ਦੀ ਸੰਗਤਿ ਵਿਚ ਰਹਿ ਕੇ ਤੂੰ ਵੀ ਆਪਣੇ ਹਿਰਦੇ ਦੀ ਧਰਤੀ ਵਿਚ ਪਰਮਾਤਮਾ ਦੇ ਨਾਮ ਦਾ) ਇਕ ਅਜੇਹਾ ਬੀ ਬੀਜ ਜੋ ਸਦਾ ਹੀ ਫਲ ਦੇਂਦਾ ਰਹਿੰਦਾ ਹੈ; ਉਸ ਦਾ ਆਸਰਾ ਲਈਏ ਤਾਂ ਅੰਦਰ ਠੰਢ ਪੈਂਦੀ ਹੈ, ਫਲ ਮਿਲਦਾ ਹੈ ਕਿ ਦੁਨੀਆ ਦੇ "ਬਾਦ ਬਿਬਾਦ" ਵਲੋਂ ਮਨ ਟਿਕ ਜਾਂਦਾ ਹੈ, ਤੇ ਸਾਰੇ ਗਿਆਨ-ਇੰਦ੍ਰੇ (ਜੋ ਪਹਿਲਾਂ ਪੰਛੀਆਂ ਵਾਂਗ ਥਾਂ ਥਾਂ ਤੇ ਚੋਗ ਲਈ ਭਟਕਦੇ ਸਨ, ਹੁਣ ਪ੍ਰਭੂ ਦੇ ਨਾਮ ਦਾ) ਆਨੰਦ ਲੈਂਦੇ ਹਨ ।229।

TOP OF PAGE

Sri Guru Granth Darpan, by Professor Sahib Singh