ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1377

ਕਬੀਰ ਦਾਤਾ ਤਰਵਰੁ ਦਯਾ ਫਲੁ ਉਪਕਾਰੀ ਜੀਵੰਤ ॥ ਪੰਖੀ ਚਲੇ ਦਿਸਾਵਰੀ ਬਿਰਖਾ ਸੁਫਲ ਫਲੰਤ ॥੨੩੦॥ {ਪੰਨਾ 1377}

ਪਦ ਅਰਥ: ਦਾਤਾ = ਪ੍ਰਭੂ ਦੇ ਨਾਮ ਦੀ ਦਾਤਿ ਕਰਨ ਵਾਲਾ। ਦਯਾ = ਜੀਆਂ ਨਾਲ ਪਿਆਰ। ਉਪਕਾਰੀ ਜੀਵੰਤ = ਜੋ ਉਪਕਾਰ ਕਰਨ ਵਿਚ ਹੀ ਜੀਂਊਦਾ ਹੈ, ਜੋ ਸਾਰਾ ਜੀਵਨ ਉਪਕਾਰ ਵਿਚ ਹੀ ਗੁਜ਼ਾਰਦਾ ਹੈ। ਪੰਖੀ = ਇਸ ਜਗਤ = ਰੁੱਖ ਦੇ ਪੰਛੀ, ਸਾਰੇ ਜੀਵ। ਦਿਸਾਵਰੀ = ਦਿਸ਼ਾ ਅਵਰ, ਹੋਰ ਹੋਰ ਦਿਸ਼ਾ ਨੂੰ, ਹੋਰ ਹੋਰ ਪਾਸੇ, ਹੋਰ ਹੋਰ ਧੰਧਿਆਂ ਵਿਚ। ਬਿਰਖਾ = 'ਨਾਮ' ਦੇਣ ਵਾਲਾ ਰੁੱਖ (ਸਾਧੂ) । ਸੁਫਲ ਫਲੰਤ = 'ਦਇਆ' ਦੀ ਸੋਹਣੀ ਦਾਤਿ ਹੀ ਕਰਦਾ ਰਹਿੰਦਾ ਹੈ, ਸਭ ਨੂੰ ਇਹੀ ਸਿਖਾਂਦਾ ਰਹਿੰਦਾ ਹੈ ਕਿ ਸਭ ਜੀਵਾਂ ਨਾਲ ਪਿਆਰ ਕਰੋ। ਸੁਫਲ = ਸੁ-ਫਲ, ਸੋਹਣਾ ਫਲ।

ਅਰਥ: ਹੇ ਕਬੀਰ! ("ਜਿਨਿ ਤਜਿਆ ਬਾਦੁ ਬਿਬਾਦੁ") ਉਹ 'ਸਾਧੂ' ਆਪਣੀ ਸਾਰੀ ਉਮਰ ਉਪਕਾਰ ਵਿਚ ਹੀ ਗੁਜ਼ਾਰਦਾ ਹੈ; ਪ੍ਰਭੂ ਦੇ ਨਾਮ ਦੀ ਦਾਤਿ ਦੇਣ ਵਾਲਾ ਉਹ 'ਸਾਧੂ' ਵਿਕਾਰਾਂ ਵਿਚ ਤਪਦੇ ਸਾਰੇ ਇਸ ਸੰਸਾਰ ਲਈ) , ਮਾਨੋ, ਇਕ ਸੋਹਣਾ ਰੁੱਖ ਹੈ, ਉਸ ਪਾਸੋਂ 'ਜੀਅ-ਦਇਆ' ਦੀ ਦਾਤਿ ਪ੍ਰਾਪਤ ਹੁੰਦੀ ਹੈ। ਸੰਸਾਰੀ ਜੀਵ ਤਾਂ ਹੋਰ ਹੋਰ ਧੰਧਿਆਂ ਵਿਚ ਰੁੱਝੇ ਰਹਿੰਦੇ ਹਨ, ਪਰ ਗੁਰਮੁਖ 'ਸਾਧ' ਸਦਾ ਇਹੀ ਸਿੱਖਿਆ ਦੇਂਦਾ ਰਹਿੰਦਾ ਹੈ ਕਿ ਸਭ ਨਾਲ ਦਇਆ-ਪਿਆਰ ਵਰਤੋ ।230।

ਕਬੀਰ ਸਾਧੂ ਸੰਗੁ ਪਰਾਪਤੀ ਲਿਖਿਆ ਹੋਇ ਲਿਲਾਟ ॥ ਮੁਕਤਿ ਪਦਾਰਥੁ ਪਾਈਐ ਠਾਕ ਨ ਅਵਘਟ ਘਾਟ ॥੨੩੧॥ {ਪੰਨਾ 1377}

ਪਦ ਅਰਥ: ਸਾਧੂ ਸੰਗੁ = ("ਜਿਨਿ ਤਜਿਆ ਬਾਦੁ ਬਿਬਾਦੁ" ਉਸ) ਸਾਧੂ ਦੀ ਸੁਹਬਤਿ। ਲਿਲਾਟ = ਮੱਥਾ। ਲਿਖਿਆ ਹੋਇ ਲਿਲਾਟ = ਜੇ ਮੱਥੇ ਉਤੇ ਲੇਖ ਲਿਖਿਆ ਹੋਵੇ, ਜੇ ਚੰਗੇ ਭਾਗ ਹੋਣ। ਮੁਕਤਿ = "ਬਾਦ ਬਿਬਾਦ" ਤੋਂ ਖ਼ਲਾਸੀ। ਠਾਕ = ਰੋਕ। ਅਵਘਟ ਘਾਟ = ਔਖਾ ਪਹਾੜੀ ਪੈਂਡਾ (ਨੋਟ: ਦੁਨੀਆ ਦੇ 'ਬਾਦ ਬਿਬਾਦ' ਤੋਂ ਬਚ ਕੇ ਰਹਿਣ ਦੀ ਕੋਸ਼ਸ਼ ਕਰਨੀ ਇਉਂ ਹੈ ਜਿਵੇਂ ਕਿਸੇ ਉੱਚੀ ਪਹਾੜੀ ਉਤੇ ਚੜ੍ਹਨਾ ਹੈ) ।

ਅਰਥ: ਹੇ ਕਬੀਰ! "ਜਿਨਿ ਤਜਿਆ ਬਾਦੁ ਬਿਬਾਦੁ" ਉਸ ਸਾਧੂ-ਗੁਰਮੁਖਿ ਦੀ ਸੰਗਤਿ ਉਸ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਜਿਸ ਦੇ ਬੜੇ ਚੰਗੇ ਭਾਗ ਹੋਣ। ਉਸ ਦੀ ਸੰਗਤਿ ਤੋਂ ਫਲ ਇਹ ਮਿਲਦਾ ਹੈ ਕਿ ਦੁਨੀਆ ਦੇ "ਬਾਦ ਬਿਬਾਦ" ਤੋਂ ਖ਼ਲਾਸੀ ਹੋ ਜਾਂਦੀ ਹੈ, ਕੋਈ ਭੀ ਵਿਕਾਰ ਇਸ ਔਖੇ ਸਫ਼ਰ ਦੇ ਰਾਹ ਵਿਚ ਰੋਕ ਨਹੀਂ ਪਾਂਦਾ ।231।

ਕਬੀਰ ਏਕ ਘੜੀ ਆਧੀ ਘਰੀ ਆਧੀ ਹੂੰ ਤੇ ਆਧ ॥ ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ ॥੨੩੨॥ {ਪੰਨਾ 1377}

ਪਦ ਅਰਥ: ਗੋਸਟੇ = ਗੋਸ਼ਟਿ, ਗੱਲ-ਬਾਤ, ਮਿਲਾਪ (ਨੋਟ: ਲਫ਼ਜ਼ ਗੋਸ਼ਟਿ ਦੇ ਦੋ ਅਰਥ ਹਨ: (1) ਚਰਚਾ, ਬਹਸ, ਗੱਲ-ਬਾਤ, (2) ਮਿਲਾਪ, ਸੰਗਤਿ। ਜਿਵੇਂ 'ਸਿਧ ਗੋਸਟਿ": (1) ਸਿੱਧਾਂ ਨਾਲ ਬਹਸ, (2) ਪਰਮਾਤਮਾ ਨਾਲ ਮਿਲਾਪ। ਵੇਖੋ ਮੇਰਾ ਟੀਕਾ "ਸਿਧ ਗੋਸਟਿ") । ਕੀਨੇ = ਕੀਤਾ ਜਾਏ।

ਅਰਥ: ਹੇ ਕਬੀਰ! (ਚੂੰਕਿ ਦੁਨੀਆ ਦੇ "ਬਾਦ ਬਿਬਾਦ" ਤੋਂ ਖ਼ਲਾਸੀ ਸਾਧੂ ਦੀ ਸੰਗਤਿ ਕੀਤਿਆਂ ਹੀ ਮਿਲਦੀ ਹੈ, ਇਸ ਵਾਸਤੇ) ਇੱਕ ਘੜੀ, ਅੱਧੀ ਘੜੀ, ਘੜੀ ਦਾ ਚੌਥਾ ਹਿੱਸਾ-ਜਿਤਨਾ ਚਿਰ ਭੀ ਗੁਰਮੁਖਾਂ ਦੀ ਸੰਗਤਿ ਕੀਤੀ ਜਾਏ, ਇਸ ਤੋਂ (ਆਤਮਕ ਜੀਵਨ ਵਿਚ) ਨਫ਼ਾ ਹੀ ਨਫ਼ਾ ਹੈ ।232।

ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ ॥ ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ ॥੨੩੩॥ {ਪੰਨਾ 1377}

ਨੋਟ: ਸਲੋਕ ਨੰ: 228 ਤੋਂ ਇਕ ਨਵਾਂ ਖ਼ਿਆਲ ਚੱਲਿਆ ਹੈ। ਜਗਤ ਵਿਚ "ਬਾਦ ਬਿਬਾਦ" ਦੀ ਤਪਸ਼ ਪੈ ਰਹੀ ਹੈ, ਜੀਵ ਤੜਫ ਰਹੇ ਹਨ। ਪਰਮਾਤਮਾ ਦਾ ਨਾਮ ਇਥੇ ਇਕ ਸੋਹਣਾ ਰੁੱਖ ਹੈ। ਜਿਨ੍ਹਾਂ ਵਿਰਲੇ ਭਾਗਾਂ ਵਾਲੇ ਗੁਰਮੁਖਾਂ ਨੇ ਦੁਨੀਆ ਦਾ ਇਹ "ਬਾਦੁ ਬਿਬਾਦ ਤਜਿਆ" ਹੈ, ਉਹ ਇਸ ਰੁੱਖ ਦੀ ਠੰਢੀ ਛਾਂ ਹਨ। ਇਸ ਛਾਂ ਦਾ ਆਸਰਾ ਲਿਆਂ, ਸਾਧੂ-ਗੁਰਮੁਖਾਂ ਦੀ ਸੰਗਤਿ ਕੀਤਿਆਂ ਇਸ "ਬਾਦ ਬਿਬਾਦ" ਤੋਂ ਖ਼ਲਾਸੀ ਹੋ ਜਾਂਦੀ ਹੈ, ਇਸ ਤੋਂ 'ਵੈਰਾਗ' ਪ੍ਰਾਪਤ ਹੋ ਜਾਂਦਾ ਹੈ।

ਪਰ ਦੁਨੀਆ ਵਿਚ ਇਕ ਅਜਬ ਖੇਡ ਹੋ ਰਹੀ ਹੈ। ਲੋਕ ਸਵੇਰ ਵੇਲੇ ਧਰਮ-ਅਸਥਾਨ ਵਿਚ ਭੀ ਆਉਂਦੇ ਹਨ, ਵਰਤ ਆਦਿਕ ਭੀ ਰੱਖਦੇ ਹਨ, ਹੋਰ ਕਈ ਕਿਸਮ ਦੇ ਨੇਮ ਭੀ ਨਿਬਾਹੁੰਦੇ ਹਨ; ਪਰ, ਇਹਨਾਂ ਦੇ ਨਾਲ ਨਾਲ ਵਿਕਾਰ ਭੀ ਕਰੀ ਜਾਂਦੇ ਹਨ। ਕਬੀਰ ਜੀ ਇਥੇ ਆਖਦੇ ਹਨ ਕਿ "ਸਾਧੂ" ਦੀ ਸੰਗਤਿ ਕਰਨ ਦਾ ਭਾਵ ਇਹ ਨਹੀਂ ਹੈ ਕਿ ਜਿਤਨਾ ਚਿਰ ਸਤਸੰਗ ਵਿਚ ਬੈਠੋ, ਉਤਨਾ ਚਿਰ ਰਾਮ ਰਾਮ ਕਰੀ ਜਾਉ, ਉਥੋਂ ਆ ਕੇ ਵਿਕਾਰਾਂ ਵਿਚ ਭੀ ਹਿੱਸਾ ਲਈ ਜਾਉ। ਇਹ ਤੀਰਥ-ਜਾਤ੍ਰਾ, ਵਰਤ-ਨੇਮ ਸਭ ਨਿਸਫਲ ਜਾਂਦੇ ਹਨ ਜੇ ਮਨੁੱਖ ਵਿਕਾਰੀ ਜੀਵਨ ਵਲੋਂ ਨਹੀਂ ਪਰਤਦਾ।

ਪਦ ਅਰਥ: ਭਾਂਗ = ਭੰਗ। ਮਾਛੁਲੀ = ਮੱਛੀ। ਸੁਰਾ = ਸ਼ਰਾਬ। ਪਾਨ = ਪੀਣਾ। ਪਾਨਿ = ਪੀਣ ਵਾਲਾ (ਜਿਵੇਂ, 'ਧਨ' ਤੋਂ 'ਧਨਿ'=ਧਨ ਵਾਲਾ, 'ਗੁਣ' ਤੋਂ 'ਗੁਣਿ'= ਗੁਣ ਵਾਲਾ) । ਉਪਰਲੀ ਸਾਰੀ ਤੁਕ ਦਾ ਅਨਵੈ (Prose-order) ਇਉਂ ਹੈ: "ਜੋ ਜੋ ਸੁਰਾਪਾਨਿ ਪ੍ਰਾਨੀ ਭਾਂਗ ਮਾਛੁਲੀ ਖਾਂਹਿ"। ਖਾਂਹਿ = ਖਾਂਦੇ ਹਨ। ਤੇ ਸਭੈ = ਉਹ ਸਾਰੇ ਹੀ (ਤੀਰਥ = ਜਾਤ੍ਰਾ ਵਰਤ ਨੇਮ ਆਦਿਕ) । ਰਸਾਤਲ ਜਾਂਹਿ = ਗ਼ਰਕ ਜਾਂਦੇ ਹਨ, ਉਹਨਾਂ ਤੋਂ ਕੋਈ ਰਤਾ = ਭਰ ਲਾਭ ਨਹੀਂ ਹੁੰਦਾ। (ਨੋਟ: ਪਿਛਲੇ ਸ਼ਲੋਕ ਵਿਚ ਜ਼ਿਕਰ ਹੈ ਕਿ "ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ"। ਇਥੇ ਨੰ: 233 ਵਿਚ ਆਖਦੇ ਹਨ ਕਿ ਜੇ ਮਨੁੱਖ "ਭਗਤਨ ਸੇਤੀ ਗੋਸਟੇ" ਤੋਂ ਆ ਕੇ ਸ਼ਰਾਬ = ਮਾਸ ਆਦਿਕ ਵਿਚ ਲੱਗਾ ਰਹੇ, ਤਾਂ ਉਹ ਕੀਤਾ ਹੋਇਆ ਸਤ-ਸੰਗ ਤੇ ਉਥੇ ਲਏ ਹੋਏ ਪ੍ਰਣ (-ਵਰਤ) ਸਭ ਵਿਅਰਥ ਜਾਂਦੇ ਹਨ) ।

ਨੋਟ: ਕਈ ਸੱਜਣ ਲਫ਼ਜ਼ 'ਪਾਨਿ' ਦਾ ਅਰਥ 'ਪਾਨ ਦਾ ਪੱਤਾ' ਕਰਦੇ ਹਨ। ਇਹ ਗ਼ਲਤ ਹੈ। ਬਾਣੀ ਵਿਚ ਜਿਥੇ ਭੀ ਉਹ ਲਫ਼ਜ਼ ਹੈ ਉਸ ਦਾ ਜੋੜ 'ਪਾਨ' ਹੈ; ਜਿਵੇਂ:

"ਪਾਨ ਸੁਪਾਰੀ ਖਾਤੀਆਂ ਮੁਖਿ ਬੀੜੀਆ ਲਾਈਆ"।

ਲਫ਼ਜ਼ "ਭਾਂਗ ਮਾਛੁਲੀ ਅਤੇ ਸੁਰਾ" ਤੋਂ ਭਾਵ ਇਹ ਨਹੀਂ ਲੈਣਾ ਕਿ ਕਬੀਰ ਜੀ ਸਿਰਫ਼ ਭੰਗ ਤੇ ਸ਼ਰਾਬ ਤੋਂ ਰੋਕਦੇ ਹਨ, ਤੇ ਪੋਸਤ ਅਫ਼ੀਮ ਦੀ ਮਨਾਹੀ ਨਹੀਂ ਕਰਦੇ। ਇਸੇ ਤਰ੍ਹਾਂ ਇਹ ਗੱਲ ਭੀ ਨਹੀਂ ਕਿ ਇਥੇ ਮੱਛੀ ਦਾ ਮਾਸ ਖਾਣ ਤੋਂ ਰੋਕ ਰਹੇ ਹਨ। ਸਾਰੇ ਪ੍ਰਸੰਗ ਨੂੰ ਰਲਾ ਕੇ ਪੜ੍ਹੋ। ਸਤਸੰਗ ਭੀ ਕਰਨਾ ਤੇ ਵਿਕਾਰ ਭੀ ਕਰੀ ਜਾਣੇ-ਕਬੀਰ ਜੀ ਇਸ ਕੰਮ ਤੋਂ ਵਰਜਦੇ ਹਨ। ਕਾਮੀ ਲੋਕ ਆਮ ਤੌਰ ਤੇ ਸ਼ਰਾਬ-ਮਾਸ ਵਰਤ ਕੇ ਕਾਮ-ਵਾਸਨਾ ਵਿਭਚਾਰ ਵਿਚ ਪ੍ਰਵਿਰਤ ਹੁੰਦੇ ਹਨ; ਤੇ; ਮੱਛੀ ਦਾ ਮਾਸ ਚੂੰਕਿ ਕਾਮ-ਰੁਚੀ ਵਧੀਕ ਪੈਦਾ ਕਰਨ ਵਿਚ ਪ੍ਰਸਿਧ ਹੈ, ਇਸ ਵਾਸਤੇ ਕਬੀਰ ਜੀ ਨੇ ਸ਼ਰਾਬ ਭੰਗ ਮੱਛੀ ਲਫ਼ਜ਼ ਵਰਤੇ ਹਨ।

ਅਰਥ: ਹੇ ਕਬੀਰ! ਜੇ ਲੋਕ 'ਭਗਤਨ ਸੇਤੀ ਗੋਸਟੇ' ਕਰ ਕੇ ਤੀਰਥ-ਜਾਤ੍ਰਾ ਵਰਤ-ਨੇਮ ਆਦਿਕ ਭੀ ਕਰਦੇ ਹਨ ਤੇ ਉਹ ਸ਼ਰਾਬੀ ਲੋਕ ਭੰਗ ਮੱਛੀ ਭੀ ਖਾਂਦੇ ਹਨ (ਭਾਵ, ਸਤਸੰਗ ਵਿਚ ਭੀ ਜਾਂਦੇ ਹਨ ਤੇ ਸ਼ਰਾਬ-ਕਬਾਬ ਭੀ ਖਾਂਦੇ ਪੀਂਦੇ ਹਨ, ਵਿਕਾਰ ਭੀ ਕਰਦੇ ਹਨ) ਉਹਨਾਂ ਦੇ ਉਹ ਤੀਰਥ ਵਰਤ ਆਦਿਕ ਵਾਲੇ ਸਾਰੇ ਕਰਮ ਬਿਲਕੁਲ ਵਿਅਰਥ ਜਾਂਦੇ ਹਨ ।233।

ਨੀਚੇ ਲੋਇਨ ਕਰਿ ਰਹਉ ਲੇ ਸਾਜਨ ਘਟ ਮਾਹਿ ॥ ਸਭ ਰਸ ਖੇਲਉ ਪੀਅ ਸਉ ਕਿਸੀ ਲਖਾਵਉ ਨਾਹਿ ॥੨੩੪॥ ਆਠ ਜਾਮ ਚਉਸਠਿ ਘਰੀ ਤੁਅ ਨਿਰਖਤ ਰਹੈ ਜੀਉ ॥ ਨੀਚੇ ਲੋਇਨ ਕਿਉ ਕਰਉ ਸਭ ਘਟ ਦੇਖਉ ਪੀਉ ॥੨੩੫॥ ਸੁਨੁ ਸਖੀ ਪੀਅ ਮਹਿ ਜੀਉ ਬਸੈ ਜੀਅ ਮਹਿ ਬਸੈ ਕਿ ਪੀਉ ॥ ਜੀਉ ਪੀਉ ਬੂਝਉ ਨਹੀ ਘਟ ਮਹਿ ਜੀਉ ਕਿ ਪੀਉ ॥੨੩੬॥ {ਪੰਨਾ 1377}

ਪਦ ਅਰਥ: ਲੋਇਨ = ਅੱਖਾਂ। ਕਰਿ ਰਹਉ = ਮੈਂ ਕਰੀ ਰੱਖਦੀ ਹਾਂ। ਸਾਜਨ = ਪਿਆਰੇ ਪਤੀ = ਪ੍ਰਭੂ ਨੂੰ। ਘਟ ਮਾਹਿ ਲੇ = ਹਿਰਦੇ ਵਿਚ ਸਾਂਭ ਕੇ। ਪੀਅ ਸਉ = ਪਿਆਰੇ ਪ੍ਰਭੂ ਨਾਲ। ਖੇਲਉ = ਮੈਂ ਖੇਡਦੀ ਹਾਂ। ਲਖਾਵਉ ਨਾਹਿ = ਮੈਂ ਦੱਸਦੀ ਨਹੀਂ ।234।

ਜਾਮ = ਪਹਿਰ। ਆਠ ਜਾਮ = ਅੱਠ ਪਹਿਰ (ਨੋਟ: ਦਿਨ ਰਾਤ ਦੇ ਕੁੱਲ ਅੱਠ ਪਹਿਰ ਹੁੰਦੇ ਹਨ) , ਦਿਨ ਰਾਤ, ਹਰ ਵੇਲੇ। ਚਉਸਠਿ ਘਰੀ = ਚੌਂਠ ਘੜੀਆਂ (ਨੋਟ: ਇਕ ਪਹਿਰ ਦੀਆਂ ਅੱਠ ਘੜੀਆਂ ਹੁੰਦੀਆਂ ਹਨ, ਚੌਠ ਘੜੀਆਂ ਦੇ ਅੱਠ ਪਹਿਰ, ਰਾਤ ਦਿਨ, ਹਰ ਵੇਲੇ) । ਤੁਅ = (ਸੰ: ਤ੍ਵਾਂ, ਤੁਆਂ) ਤੈਨੂੰ। ਨਿਰਖਤ ਰਹੈ– ਵੇਖਦੀ ਰਹਿੰਦੀ ਹੈ। ਜੀਉ = ਮੇਰੀ ਜਿੰਦ। ਨੀਚੇ...ਕਰਉ = ਮੈਂ ਕਿਸੇ ਜੀਵ ਵਲੋਂ ਨੀਵੀਆਂ ਅੱਖਾਂ ਕਿਉਂ ਕਰਾਂ? ਮੈਂ ਕਿਸੇ ਜੀਵ ਤੋਂ ਹੁਣ ਨਫ਼ਰਤ ਨਹੀਂ ਕਰਦੀ ।235।

ਸੁਨੁ ਸਖੀ = ਹੇ ਮੇਰੀ ਸਹੇਲੀਏ! ਸੁਣ। ਪੀਅ ਮਹਿ = ਪਿਆਰੇ ਪ੍ਰਭੂ-ਪਤੀ ਵਿਚ। ਜੀਉ = ਜਿੰਦ। ਜੀਅ ਮਹਿ = ਜਿੰਦ ਵਿਚ। ਕਿ = ਜਾਂ। ਬੂਝਉ ਨਹੀ = ਹੇ ਸਖੀ! ਤੂੰ ਸਮਝ ਨਹੀਂ ਸਕਦੀ ।236।

ਅਰਥ: (ਹੇ ਮੇਰੀ ਸਤ-ਸੰਗਣ ਸਹੇਲੀਏ! ਜਦੋਂ ਦੀ ਮੈਨੂੰ 'ਸਾਧੂ ਸੰਗੁ ਪਰਾਪਤੀ' ਹੋਈ ਹੈ, ਮੈਂ 'ਭਗਤਨ ਸੇਤੀ ਗੋਸਟੇ' ਹੀ ਕਰਦੀ ਹਾਂ, ਇਸ 'ਸਾਧੂ ਸੰਗ' ਦੀ ਬਰਕਤਿ ਨਾਲ) ਪਿਆਰੇ ਪ੍ਰਭੂ-ਪਤੀ ਨੂੰ ਆਪਣੇ ਹਿਰਦੇ ਵਿਚ ਸਾਂਭ ਕੇ (ਇਹਨਾਂ 'ਭਾਂਗ ਮਾਛੁਲੀ ਸੁਰਾ' ਆਦਿਕ ਵਿਕਾਰਾਂ ਵਲੋਂ) ਮੈਂ ਆਪਣੀਆਂ ਅੱਖਾਂ ਨੀਵੀਆਂ ਕਰੀ ਰੱਖਦੀ ਹਾਂ, (ਦੁਨੀਆ ਦੇ ਇਹਨਾਂ ਰਸਾਂ ਨਾਲ ਖੇਡਾਂ ਖੇਡਣ ਦੇ ਥਾਂ) ਮੈਂ ਪ੍ਰਭੂ-ਪਤੀ ਨਾਲ ਸਾਰੇ ਰੰਗ ਮਾਣਦੀ ਹਾਂ; ਪਰ ਮੈਂ (ਇਹ ਭੇਤ) ਕਿਸੇ ਨੂੰ ਨਹੀਂ ਦੱਸਦੀ ।234।

(ਹੇ ਸਖੀ! ਮੈਂ ਸਿਰਫ਼ ਪ੍ਰਭੂ-ਪਤੀ ਨੂੰ ਹੀ ਆਖਦੀ ਹਾਂ ਕਿ ਹੇ ਪਤੀ!) ਅੱਠੇ ਪਹਿਰ ਹਰ ਘੜੀ ਮੇਰੀ ਜਿੰਦ ਤੈਨੂੰ ਹੀ ਤੱਕਦੀ ਰਹਿੰਦੀ ਹੈ। (ਹੇ ਸਖੀ!) ਮੈਂ ਸਭ ਸਰੀਰਾਂ ਵਿਚ ਪ੍ਰਭੂ-ਪਤੀ ਨੂੰ ਹੀ ਵੇਖਦੀ ਹਾਂ, ਇਸ ਵਾਸਤੇ ਮੈਨੂੰ ਕਿਸੇ ਪ੍ਰਾਣੀ-ਮਾਤ੍ਰ ਤੋਂ ਨਫ਼ਰਤ ਨਹੀਂ ਹੈ ।235।

ਹੇ ਸਹੇਲੀਏ! ('ਸਾਧੂ ਸੰਗ' ਦੀ ਬਰਕਤਿ ਨਾਲ ਮੇਰੇ ਅੰਦਰ ਇਕ ਅਚਰਜ ਖੇਡ ਬਣ ਗਈ ਹੈ, ਮੈਨੂੰ ਹੁਣ ਇਹ ਪਤਾ ਨਹੀਂ ਲੱਗਦਾ ਕਿ) ਮੇਰੀ ਜਿੰਦ ਪ੍ਰਭੂ-ਪਤੀ ਵਿਚ ਵੱਸ ਰਹੀ ਹੈ ਜਾਂ ਜਿੰਦ ਵਿਚ ਪਿਆਰਾ ਆ ਵੱਸਿਆ ਹੈ। ਹੇ ਸਹੇਲੀਏ! ਤੂੰ ਹੁਣ ਇਹ ਸਮਝ ਹੀ ਨਹੀਂ ਸਕਦੀ ਕਿ ਮੇਰੇ ਅੰਦਰ ਮੇਰੀ ਜਿੰਦ ਹੈ ਜਾਂ ਮੇਰਾ ਪਿਆਰਾ ਪ੍ਰਭੂ-ਪਤੀ ।236।

ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ ॥ ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ ॥੨੩੭॥ {ਪੰਨਾ 1377}

ਪਦ ਅਰਥ: ਅਰਝਿ = ਫਸ ਕੇ। ਉਰਝਿ = ਉਲਝ ਕੇ। ਪਚਿ = ਖ਼ੁਆਰ ਹੋ ਕੇ। ਮੂਆ = ਮਰ ਗਿਆ ਹੈ, ਆਤਮਕ ਮੌਤ ਮਰ ਗਿਆ ਹੈ, ਉਸ ਦੀ ਜਿੰਦ ਪ੍ਰਭੂ = ਮਿਲਾਪ ਦਾ ਜੀਵਨ ਨਹੀਂ ਜੀਊ ਸਕੀ।

ਅਰਥ: ਪਰ, ਹੇ ਕਬੀਰ! (ਆਖ-ਮੈਨੂੰ ਜੋ ਇਹ ਜੀਵਨ-ਦਾਤਿ ਮਿਲੀ ਹੈ, ਜੀਵਨ-ਦਾਤੇ ਸਤਿਗੁਰੂ ਤੋਂ ਮਿਲੀ ਹੈ ਜੋ ਆਪ ਭੀ ਨਾਮ ਦਾ ਰਸੀਆ ਹੈ; ਜਨੇਊ ਆਦਿਕ ਦੇ ਕੇ ਤੇ ਕਰਮ-ਕਾਂਡ ਦਾ ਰਾਹ ਦੱਸ ਕੇ) ਬ੍ਰਾਹਮਣ ਸਿਰਫ਼ ਦੁਨੀਆਦਾਰਾਂ ਦਾ ਹੀ ਗੁਰੂ ਅਖਵਾ ਸਕਦਾ ਹੈ, ਭਗਤੀ ਕਰਨ ਵਾਲਿਆਂ ਦਾ ਉਪਦੇਸ਼-ਦਾਤਾ ਬ੍ਰਾਹਮਣ ਨਹੀਂ ਬਣ ਸਕਦਾ, ਕਿਉਂਕਿ ਇਹ ਤਾਂ ਆਪ ਹੀ ਚਹੁੰਆਂ ਵੇਦਾਂ ਦੇ ਜੱਗ ਆਦਿਕ ਕਰਮ-ਕਾਂਡ ਦੀਆਂ ਉਲਝਣਾਂ ਨੂੰ ਸੋਚ ਸੋਚ ਕੇ ਇਹਨਾਂ ਵਿਚ ਹੀ ਖਪ ਖਪ ਕੇ ਆਤਮਕ ਮੌਤ ਮਰ ਚੁੱਕਾ ਹੈ (ਇਸ ਦੀ ਆਪਣੀ ਹੀ ਜਿੰਦ ਪ੍ਰਭੂ-ਮਿਲਾਪ ਦਾ ਆਨੰਦ ਨਹੀਂ ਮਾਣ ਸਕੀ, ਇਹ ਭਗਤਾਂ ਨੂੰ ਉਹ ਸੁਆਦ ਕਿਵੇਂ ਦੇ ਦਿਵਾ ਸਕਦਾ ਹੈ?) ।237।

ਹਰਿ ਹੈ ਖਾਂਡੁ ਰੇਤੁ ਮਹਿ ਬਿਖਰੀ ਹਾਥੀ ਚੁਨੀ ਨ ਜਾਇ ॥ ਕਹਿ ਕਬੀਰ ਗੁਰਿ ਭਲੀ ਬੁਝਾਈ ਕੀਟੀ ਹੋਇ ਕੈ ਖਾਇ ॥੨੩੮॥ {ਪੰਨਾ 1377}

ਪਦ ਅਰਥ: ਰੇਤੁ ਮਹਿ = ਰੇਤ ਵਿਚ (ਨੋਟ: ਲਫ਼ਜ਼ 'ਰੇਤੁ' ਸਦਾ ਉਕਾਰਾਂਤ (ੁ) ਅੰਤ ਹੁੰਦਾ ਹੈ ਉ​ਂਞ ਇਹ ਇਸਤ੍ਰੀ-ਲਿੰਗ ਹੈ। ਇਸ ਲਫ਼ਜ਼ ਦਾ ਇਹ ਅਖ਼ੀਰਲਾ (ੁ) ਸੰਬੰਧਕ ਨਾਲ ਭੀ ਟਿਕਿਆ ਰਹਿੰਦਾ ਹੈ) । ਹਾਥੀ = ਹਾਥੀ ਪਾਸੋਂ। ਕਹਿ = ਕਹੇ, ਆਖਦਾ ਹੈ। ਗੁਰਿ = ਗੁਰੂ ਨੇ। ਭਲੀ ਬੁਝਾਈ = ਚੰਗੀ ਮੱਤ ਦਿੱਤੀ ਹੈ। ਕੀਟੀ = ਕੀੜੀ। ਹੋਇ ਕੈ = ਬਣ ਕੇ। ਖਾਇ = ਖਾ ਸਕਦਾ ਹੈ।

ਅਰਥ: ਪਰਮਾਤਮਾ ਦਾ ਨਾਮ, ਮਾਨੋ, ਖੰਡ ਹੈ ਜੋ ਰੇਤ ਵਿਚ ਖਿੱਲਰੀ ਹੋਈ ਹੈ, ਹਾਥੀ ਪਾਸੋਂ ਇਹ ਖੰਡ ਰੇਤ ਵਿਚੋਂ ਚੁਣੀ ਨਹੀਂ ਜਾ ਸਕਦੀ। ਕਬੀਰ ਆਖਦਾ ਹੈ-ਪੂਰੇ ਸਤਿਗੁਰੂ ਨੇ ਹੀ ਇਹ ਭਲੀ ਮੱਤ ਦਿੱਤੀ ਹੈ ਕਿ ਮਨੁੱਖ ਕੀੜੀ ਬਣ ਕੇ ਇਹ ਖੰਡ ਖਾ ਸਕਦਾ ਹੈ ।238।

ਨੋਟ: ਨਿਮ੍ਰਤਾ ਗ਼ਰੀਬੀ ਦੀ ਦਾਤਿ ਬ੍ਰਾਹਮਣ ਪਾਸੋਂ ਨਹੀਂ ਮਿਲ ਸਕਦੀ, ਕਿਉਂਕਿ ਉਸ ਦੇ ਕਰਮ-ਕਾਂਡ ਨੇ ਤਾਂ ਸਿਰਫ਼ ਇਹ ਸਿਖਾਣਾ ਹੈ ਕਿ ਫਲਾਣਾ ਕਰਮ ਕੀਤਿਆਂ ਜ਼ਰੂਰ ਫਲਾਣਾ ਫਲ ਮਿਲ ਜਾਇਗਾ। 'ਗ਼ਰੀਬੀ' ਨੂੰ ਉਸ ਦੀ ਸਿੱਖਿਆ ਵਿਚ ਕੋਈ ਥਾਂ ਹੀ ਨਹੀਂ ਹੈ, ਕਿਉਂਕਿ 'ਗ਼ਰੀਬੀ' ਕਿਸੇ ਕਰਮ-ਕਾਂਡ ਦਾ ਹਿੱਸਾ ਨਹੀਂ ਹੈ। ਇਹ ਕਰਮ-ਕਾਂਡ ਸਗੋਂ ਅਹੰਕਾਰ ਪੈਦਾ ਕਰਦਾ ਹੈ ਕਿਉਂਕਿ ਇਸ ਤੋਂ ਇਹ ਯਕੀਨ ਬਣਦਾ ਹੈ ਕਿ ਇਸ ਦੇ ਕੀਤਿਆਂ ਜ਼ਰੂਰ ਫਲ ਮਿਲਣਾ ਹੈ। ਪਰ ਪਰਮਾਤਮਾ ਦਾ ਸਿਮਰਨ ਗ਼ਰੀਬੀ ਸੁਭਾਵ ਤੋਂ ਬਿਨਾ ਹੋ ਹੀ ਨਹੀਂ ਸਕਦਾ।

ਕਬੀਰ ਜਉ ਤੁਹਿ ਸਾਧ ਪਿਰੰਮ ਕੀ ਸੀਸੁ ਕਾਟਿ ਕਰਿ ਗੋਇ ॥ ਖੇਲਤ ਖੇਲਤ ਹਾਲ ਕਰਿ ਜੋ ਕਿਛੁ ਹੋਇ ਤ ਹੋਇ ॥੨੩੯॥ ਕਬੀਰ ਜਉ ਤੁਹਿ ਸਾਧ ਪਿਰੰਮ ਕੀ ਪਾਕੇ ਸੇਤੀ ਖੇਲੁ ॥ ਕਾਚੀ ਸਰਸਉਂ ਪੇਲਿ ਕੈ ਨਾ ਖਲਿ ਭਈ ਨ ਤੇਲੁ ॥੨੪੦॥ {ਪੰਨਾ 1377}

ਪਦ ਅਰਥ: ਤੁਹਿ = ਤੈਨੂੰ। ਸਾਧ = ਸੱਧਰ, ਸਿੱਕ, ਤਾਂਘ। ਪਿਰੰਮ = ਪ੍ਰੇਮ। ਗੋਇ = ਗੇਂਦ। ਹਾਲ ਕਰਿ = ਮਸਤ ਹੋ ਜਾ (ਨੋਟ: ਨੌਸ਼ਾਹੀਏ ਫ਼ਕੀਰ 'ਹਾਲ' ਖੇਡਦੇ ਹਨ, ਤੇ ਮਸਤ ਹੋ ਜਾਂਦੇ ਹਨ) । ਤ ਹੋਇ = ਪਿਆ ਹੋਵੇ ।239।

ਪਾਕੇ ਸੇਤੀ = ਪੱਕੇ (ਗੁਰੂ) ਨਾਲ, ਪੂਰੇ ਸਤਿਗੁਰੂ ਦੀ ਸਰਨ ਪੈ ਕੇ। ਪੇਲਿ ਕੈ = ਪੀੜ ਕੇ ।240।

ਅਰਥ: ਹੇ ਕਬੀਰ! ਜੇ ਤੈਨੂੰ ਪ੍ਰਭੂ-ਪਿਆਰ ਦੀ ਖੇਡ ਖੇਡਣ ਦੀ ਤਾਂਘ ਹੈ, ਤਾਂ ਆਪਣਾ ਸਿਰ ਕੱਟ ਕੇ ਗੇਂਦ ਬਣਾ ਲੈ (ਇਸ ਤਰ੍ਹਾਂ ਅਹੰਕਾਰ ਦੂਰ ਕਰ ਕਿ ਲੋਕ ਬੇ-ਸ਼ੱਕ ਠੇਡੇ ਪਏ ਮਾਰਨ 'ਕਬੀਰ ਰੋੜਾ ਹੋਇ ਰਹੁ ਬਾਟ ਕਾ, ਤਜਿ ਮਨ ਕਾ, ਅਭਿਮਾਨੁ') ਇਹ ਖੇਡ ਖੇਡਦਾ ਖੇਡਦਾ ਇਤਨਾ ਮਸਤ ਹੋ ਜਾ ਕਿ (ਦੁਨੀਆ ਵਲੋਂ) ਜੋ (ਸਲੂਕ ਤੇਰੇ ਨਾਲ) ਹੋਵੇ ਉਹ ਪਿਆ ਹੋਵੇ ।239।

ਪਰ, ਹੇ ਕਬੀਰ! ਜੇ ਤੈਨੂੰ ਪ੍ਰਭੂ-ਪਿਆਰ ਦੀ ਇਹ ਖੇਡ ਖੇਡਣ ਦੀ ਸਿੱਕ ਹੈ ਤਾਂ ਪੂਰੇ ਸਤਿਗੁਰੂ ਦੀ ਸਰਨ ਪੈ ਕੇ ਖੇਡ; (ਕਰਮ-ਕਾਂਡੀ ਬ੍ਰਾਹਮਣ ਪਾਸ ਇਹ ਚੀਜ਼ ਨਹੀਂ ਹੈ) । ਕੱਚੀ ਸਰਹੋਂ ਪੀੜਿਆਂ ਨਾਹ ਤੇਲ ਨਿਕਲਦਾ ਹੈ ਤੇ ਨਾਹ ਹੀ ਖਲ ਬਣਦੀ ਹੈ (ਇਹੀ ਹਾਲ ਜਨੇਊ ਆਦਿਕ ਦੇ ਕੇ ਬਣੇ ਕੱਚੇ ਗੁਰੂਆਂ ਦਾ ਹੈ) ।240।

ਢੂੰਢਤ ਡੋਲਹਿ ਅੰਧ ਗਤਿ ਅਰੁ ਚੀਨਤ ਨਾਹੀ ਸੰਤ ॥ ਕਹਿ ਨਾਮਾ ਕਿਉ ਪਾਈਐ ਬਿਨੁ ਭਗਤਹੁ ਭਗਵੰਤੁ ॥੨੪੧॥ {ਪੰਨਾ 1377}

ਪਦ ਅਰਥ: ਡੋਲਹਿ = ਡੋਲਦੇ ਹਨ, ਭਟਕਦੇ ਹਨ, ਟਟੌਲੇ ਮਾਰਦੇ ਹਨ। ਗਤਿ = ਹਾਲਤ, ਹਾਲ। ਅੰਧ ਗਤਿ = ਜਿਵੇਂ ਅੰਨ੍ਹਿਆਂ ਦੀ ਹਾਲਤ ਹੁੰਦੀ ਹੈ, ਅੰਨ੍ਹਿਆਂ ਵਾਂਗ। ਅਰੁ = ਅਤੇ। ਚੀਨ੍ਹ੍ਹਤ ਨਾਹੀ = (ਨੋਟ: ਅੱਖਰ 'ਨ' ਦੇ ਹੇਠ ਅੱਧਾ 'ਹ' ਹੈ) ਪਛਾਣਦੇ ਨਹੀਂ। ਕਹਿ = ਕਹੇ, ਆਖਦਾ ਹੈ। ਕਿਉ ਪਾਈਐ = ਨਹੀਂ ਮਿਲ ਸਕਦਾ। ਬਿਨੁ ਭਗਤਹੁ = ਭਗਤੀ ਕਰਨ ਵਾਲਿਆਂ ਦੀ (ਸੰਗਤਿ) ਤੋਂ ਬਿਨਾ। ਭਗਵੰਤੁ = ਭਗਵਾਨ, ਪਰਮਾਤਮਾ।

ਅਰਥ: ਨਾਮਦੇਵ ਆਖਦਾ ਹੈ ਕਿ ਭਗਤੀ ਕਰਨ ਵਾਲੇ ਬੰਦਿਆਂ (ਦੀ ਸੰਗਤਿ) ਤੋਂ ਬਿਨਾ ਭਗਵਾਨ ਨਹੀਂ ਮਿਲ ਸਕਦਾ; ਜੋ ਮਨੁੱਖ (ਪ੍ਰਭੂ ਦੀ) ਭਾਲ ਤਾਂ ਕਰਦੇ ਹਨ, ਪਰ ਭਗਤ ਜਨਾਂ ਨੂੰ ਪਛਾਣ ਨਹੀਂ ਸਕਦੇ ਉਹ ਅੰਨ੍ਹਿਆਂ ਵਾਂਗ ਹੀ ਟਟੌਲੇ ਮਾਰਦੇ ਹਨ ।241।

ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ ॥ ਤੇ ਨਰ ਦੋਜਕ ਜਾਹਿਗੇ ਸਤਿ ਭਾਖੈ ਰਵਿਦਾਸ ॥੨੪੨॥ {ਪੰਨਾ 1377}

ਪਦ ਅਰਥ: ਸੋ = ਵਰਗਾ। ਕਰਹਿ = ਕਰਦੇ ਹਨ। ਆਨ = ਹੋਰ ਹੋਰ। ਦੋਜਕ = ਨਰਕ; ਉਹ ਥਾਂ ਜਿਥੇ ਜੀਵਾਂ ਨੂੰ ਦੁੱਖ ਹੀ ਦੁੱਖ ਭੋਗਣੇ ਪੈਂਦੇ ਹਨ। ਜਾਹਿਗੇ = (ਭਾਵ,) ਜਾਂਦੇ ਹਨ, ਪੈਂਦੇ ਹਨ। ਦੋਜਕ ਜਾਹਿਗੇ = ਦੋਜ਼ਕਾਂ ਵਿਚ ਪੈਂਦੇ ਹਨ, ਦੁੱਖ ਹੀ ਦੁੱਖ ਭੋਗਦੇ ਹਨ। ਸਤਿ = ਸੱਚ, ਸਹੀ ਗੱਲ। ਭਾਖੈ = ਆਖਦਾ ਹੈ।

ਅਰਥ: (ਸਾਰੇ ਸੁਖ ਪ੍ਰਭੂ ਦੇ ਸਿਮਰਨ ਵਿਚ ਹਨ, ਪਰ) ਜੋ ਮਨੁੱਖ ਪਰਮਾਤਮਾ ਦਾ ਨਾਮ-ਹੀਰਾ ਛੱਡ ਕੇ ਹੋਰ ਹੋਰ ਥਾਂ ਤੋਂ ਸੁਖਾਂ ਦੀ ਆਸ ਰੱਖਦੇ ਹਨ ਉਹ ਲੋਕ ਸਦਾ ਦੁੱਖ ਹੀ ਸਹਾਰਦੇ ਹਨ-ਇਹ ਸੱਚੀ ਗੱਲ ਰਵਿਦਾਸ ਦੱਸਦਾ ਹੈ ।242।

ਨੋਟ: ਭਗਤ ਨਾਮਦੇਵ ਜੀ ਅਤੇ ਭਗਤ ਰਵਿਦਾਸ ਜੀ ਦੇ ਕੋਈ ਸ਼ਲੋਕ ਨਹੀਂ ਹਨ, ਸਿਰਫ਼ ਸ਼ਬਦ ਹਨ। ਜਿਵੇਂ ਸ਼ਲੋਕ ਨੰ: 212 ਅਤੇ 213 ਹਨ ਤਾਂ ਕਬੀਰ ਜੀ ਦੇ ਆਪਣੇ ਉਚਾਰੇ ਹੋਏ, ਤਿਵੇਂ ਇਹ ਸ਼ਲੋਕ ਨੰ: 241 ਅਤੇ 242 ਭੀ ਕਬੀਰ ਜੀ ਦੇ ਆਪਣੇ ਹੀ ਹਨ। ਕਬੀਰ ਜੀ ਆਖਦੇ ਹਨ ਕਿ ਅਸਾਂ ਉਹਨਾਂ ਦੀ ਬਾਣੀ ਪੜ੍ਹ ਕੇ ਵੇਖੀ ਹੈ ਉਹ ਭੀ ਅਸਾਡੇ ਨਾਲ ਹੀ ਸੰਮਤੀ ਰੱਖਦੇ ਹਨ।

ਕਬੀਰ ਜਉ ਗ੍ਰਿਹੁ ਕਰਹਿ ਤ ਧਰਮੁ ਕਰੁ ਨਾਹੀ ਤ ਕਰੁ ਬੈਰਾਗੁ ॥ ਬੈਰਾਗੀ ਬੰਧਨੁ ਕਰੈ ਤਾ ਕੋ ਬਡੋ ਅਭਾਗੁ ॥੨੪੩॥ {ਪੰਨਾ 1377}

ਪਦ ਅਰਥ: ਜਉ = ਜੇ। ਗ੍ਰਿਹੁ ਕਰਹਿ = ਤੂੰ ਘਰ ਬਣਾਉਂਦਾ ਹੈਂ, ਤੂੰ ਘਰ = ਬਾਰੀ ਬਣਦਾ ਹੈਂ। ਤ = ਤਾਂ। ਧਰਮੁ = ਫ਼ਰਜ਼, ਘਰ = ਬਾਰੀ ਵਾਲਾ ਫ਼ਰਜ਼।

(ਨੋਟ: ਗ੍ਰਿਹਸਤੀ ਵਾਸਤੇ ਉਹ ਕੇਹੜਾ 'ਧਰਮ' ਹੈ ਜਿਸ ਵੱਲ ਇਸ ਅਖ਼ੀਰਲੇ ਸ਼ਲੋਕ ਵਿਚ ਇਸ਼ਾਰਾ ਹੈ?)

ਸ਼ਲੋਕ ਨੰਬਰ 228 ਤੋਂ ਲੈ ਕੇ 242 ਤਕ ਗਹੁ ਨਾਲ ਪੜ੍ਹੋ। ਇਕੋ ਖ਼ਿਆਲ ਦੀ ਸੁੰਦਰ ਲੜੀ ਚਲੀ ਆ ਰਹੀ ਹੈ ਕਿ ਵਿਕਾਰਾਂ ਅਤੇ ਵਾਦ-ਵਿਵਾਦ ਦੀ ਤਪਸ਼ ਵਿਚ ਸੜਦੇ ਇਸ ਸੰਸਾਰ ਦੇ ਅੰਦਰ ਪਰਮਾਤਮਾ ਦਾ ਨਾਮ ਹੀ ਸੋਹਣੀ ਛਾਂ ਵਾਲਾ ਰੁੱਖ ਹੈ। ਇਹ ਨਾਮ ਕਰਮ-ਕਾਂਡੀ ਬ੍ਰਾਹਮਣ ਤੋਂ ਨਹੀਂ ਮਿਲ ਸਕਦਾ, ਇਸ ਦੀ ਪ੍ਰਾਪਤੀ ਕੇਵਲ 'ਸਾਧੂ ਸੰਗ' ਤੋਂ ਹੀ ਹੈ, ਪੂਰੇ ਗੁਰੂ ਤੋਂ ਹੀ ਹੈ। ਸ਼ਲੋਕ ਨੰ: 242 ਵਿਚ ਸਾਰੀ ਵਿਚਾਰ ਨੂੰ ਮੁਕਾ ਕੇ ਤੇ ਰਵਿਦਾਸ ਜੀ ਦੇ ਖ਼ਿਆਲਾਂ ਦਾ ਭੀ ਹਵਾਲਾ ਦੇ ਕੇ ਆਖਦੇ ਹਨ ਕਿ ਜੇ ਵਿਕਾਰਾਂ ਅਤੇ ਵਾਦ-ਵਿਵਾਦ ਦੇ ਦੋਜ਼ਖ ਦੀ ਤਪਸ਼ ਤੋਂ ਬਚਣਾ ਹੈ ਤਾਂ ਪਰਮਾਤਮਾ ਦਾ ਨਾਮ ਹੀ ਸਿਮਰੋ। ਬੱਸ! ਇਹੀ ਹੈ ਗ੍ਰਿਹਸਤੀ ਦਾ 'ਧਰਮ'।

ਜੇ ਇਹਨਾਂ ਸ਼ਲੋਕਾਂ ਨੂੰ ਪਿਛਲੇ ਪਾਸੇ ਵਲੋਂ ਪੜ੍ਹਨਾ ਸ਼ੁਰੂ ਕਰ ਦਿਉ, ਤਾਂ ਇਸ ਧਰਮ ਦੀ ਪ੍ਰੋੜ੍ਹਤਾ ਵਾਸਤੇ ਸ਼ਲੋਕ ਨੰ: 234, 235 ਅਤੇ 236 ਉਤੇ ਨਜ਼ਰ ਜਾ ਟਿਕੇਗੀ। ਨੰ: 237 ਤੋਂ 241 ਤਕ ਤਾਂ ਸਿਰਫ਼ ਇਸ ਗੱਲ ਤੇ ਜ਼ੋਰ ਹੈ ਕਿ ਇਹ 'ਧਰਮ', ਇਹ ਆਤਮਕ ਜੀਵਨ, ਤਪਸ਼ ਦੂਰ ਕਰਨ ਵਾਲਾ ਇਹ ਵਸੀਲਾ, ਕਰਮ-ਕਾਂਡੀ ਬ੍ਰਾਹਮਣ ਤੋਂ ਨਹੀਂ ਮਿਲਦਾ, ਸਿਰਫ਼ ਪੂਰੇ ਗੁਰੂ ਤੋਂ ਹੀ ਮਿਲ ਸਕਦਾ ਹੈ। ਨੰ: 234, 235 ਅਤੇ 236 ਵਿਚ ਇਸ 'ਧਰਮ' ਦਾ ਨਿਖੇੜਾ ਇਉਂ ਕੀਤਾ ਹੈ ਕਿ ਕਿਰਤ-ਕਾਰ ਦੇ ਨਾਲ ਨਾਲ ਪ੍ਰਭੂ ਦਾ ਨਾਮ ਸਿਮਰੋ, ਇਸ ਸਿਮਰਨ ਦੀ ਬਰਕਤਿ ਨਾਲ ਵਿਕਾਰਾਂ ਦੀ ਤਪਸ਼ ਤੋਂ ਬਚੇ ਰਹੋਗੇ ਅਤੇ ਕਿਸੇ ਪ੍ਰਾਣੀ-ਮਾਤ੍ਰ ਤੋਂ ਨਫ਼ਰਤ ਨਹੀਂ ਰਹੇਗੀ।

ਸ਼ਲੋਕ ਨੰ: 192 ਵਿਚ ਤਾਂ ਕਬੀਰ ਜੀ ਖੁਲ੍ਹੇ ਲਫ਼ਜ਼ਾਂ ਵਿਚ 'ਘਰ' ਦਾ 'ਧਰਮ' ਦੱਸ ਆਏ ਹਨ:

ਕਬੀਰ ਜਾ ਘਰ ਸਾਧ ਨ ਸੇਵੀਅਹਿ, ਹਰਿ ਕੀ ਸੇਵਾ ਨਾਹਿ ॥ ਤੇ ਘਰ ਮਰਹਟ ਸਾਰਖੇ, ਭੂਤ ਬਸਹਿ ਤਿਨ ਮਾਹਿ ॥192॥

(ਸੋ, ਗ੍ਰਿਹਸਤ ਦਾ ਧਰਮ ਹੈ ਭਲਿਆਂ ਦੀ ਸੇਵਾ ਅਤੇ ਪ੍ਰਭੂ ਦੀ ਬੰਦਗੀ) । ਬੈਰਾਗੁ-ਤਿਆਗ। ਅਭਾਗੁ-ਬਦ-ਕਿਸਮਤੀ।

ਨੋਟ: ਕਬੀਰ ਜੀ ਇਨਸਾਨੀ ਜੀਵਨ ਨੂੰ ਦੋ ਹਿੱਸਿਆਂ ਵਿਚ ਨਹੀਂ ਵੰਡ ਰਹੇ। ਗ੍ਰਿਹਸਤੀ ਜੀਵਨ ਦੇ ਹੀ ਹੱਕ ਵਿਚ ਹਨ, ਪਰ ਉਹ ਗ੍ਰਿਹਸਤੀ ਨਹੀਂ ਜੋ ਦਾਤਾਰ ਨੂੰ ਵਿਸਾਰ ਕੇ ਉਸ ਦੀਆਂ ਦਾਤਾਂ ਵਿਚ ਹੀ ਅੰਨ੍ਹਾ ਹੋਇਆ ਰਹੇ। ਕਬੀਰ ਜੀ ਆਖਦੇ ਹਨ ਕਿ ਵਿਕਾਰਾਂ ਵਿਚ ਗ਼ਰਕੇ ਰਹਿਣ ਨਾਲੋਂ, ਸਿਰਫ਼ ਵਿਕਾਰੀ ਜੀਵਨ ਨਾਲੋਂ, 'ਤਿਆਗ' ਚੰਗਾ ਹੈ। ਗ੍ਰਿਹਸਤੀ ਦੇ ਵਿਕਾਰੀ ਜੀਵਨ ਅਤੇ ਤਿਆਗ ਦਾ ਟਾਕਰਾ ਕਰਦੇ ਹੋਏ ਇਹਨਾਂ ਦੋਹਾਂ ਵਿਚੋਂ 'ਤਿਆਗ' ਨੂੰ ਚੰਗਾ ਆਖ ਰਹੇ ਹਨ; ਪਰ ਉਹ ਤਿਆਗ ਫਿਰ ਪੂਰਨ ਤਿਆਗ ਹੋਵੇ, ਪਖੰਡ ਨਾਹ ਹੋਵੇ।

ਅਰਥ: ਹੇ ਕਬੀਰ! ਜੇ ਤੂੰ ਘਰ-ਬਾਰੀ ਬਣਦਾ ਹੈਂ ਤਾਂ ਘਰ-ਬਾਰੀ ਵਾਲਾ ਫ਼ਰਜ਼ ਭੀ ਨਿਬਾਹ (ਭਾਵ, ਪ੍ਰਭੂ ਦਾ ਸਿਮਰਨ ਕਰ, ਵਿਕਾਰਾਂ ਤੋਂ ਬਚਿਆ ਰਹੁ ਅਤੇ ਕਿਸੇ ਤੋਂ ਨਫ਼ਰਤ ਨਾਹ ਕਰ। ਪਰ ਗ੍ਰਿਹਸਤ ਵਿਚ ਰਹਿ ਕੇ) ਜੇ ਤੂੰ ਮਾਇਆ ਵਿਚ ਹੀ ਗ਼ਰਕੇ ਰਹਿਣਾ ਹੈ ਤਾਂ ਇਸ ਨੂੰ ਤਿਆਗਣਾ ਹੀ ਭਲਾ ਹੈ। ਤਿਆਗੀ ਬਣ ਕੇ ਜੋ ਮਨੁੱਖ ਫਿਰ ਭੀ ਨਾਲ ਨਾਲ ਮਾਇਆ ਦਾ ਜੰਜਾਲ ਸਹੇੜਦਾ ਹੈ ਉਸ ਦੀ ਬੜੀ ਬਦ-ਕਿਸਮਤੀ ਸਮਝੋ (ਉਹ ਕਿਸੇ ਥਾਂ ਜੋਗਾ ਨਾਹ ਰਿਹਾ) ।243।

ਨੋਟ: ਸਭ ਤੋਂ ਪਹਿਲੇ ਸ਼ਲੋਕ ਨੰ: 1 ਵਿਚ ਕਬੀਰ ਜੀ ਨੇ ਇਹ ਆਖਿਆ ਹੈ ਕਿ ਜਦ ਤੋਂ ਸੰਸਾਰ ਬਣਿਆ ਹੈ ਇਨਸਾਨ ਵਾਸਤੇ ਸੁਖ ਅਤੇ ਸ਼ਾਂਤੀ ਦਾ ਸਾਧਨ ਸਿਰਫ਼ ਹਰਿ-ਨਾਮ ਹੀ ਚਲਿਆ ਆ ਰਿਹਾ ਹੈ, ਇਹੀ ਕਾਰਨ ਹੈ ਕਿ ਮੁੱਢ-ਕਦੀਮਾਂ ਤੋਂ ਭਗਤ-ਜਨ ਹਰਿ-ਨਾਮ ਹੀ ਸਿਮਰਦੇ ਆ ਰਹੇ ਹਨ। ਅਖ਼ੀਰ ਤੇ ਆ ਕੇ ਸ਼ਲੋਕ ਨੰ: 242 ਵਿਚ ਆਖਦੇ ਹਨ ਕਿ ਜੋ ਮਨੁੱਖ ਹਰਿ-ਨਾਮ ਨੂੰ ਵਿਸਾਰ ਕੇ ਕਿਸੇ ਹੋਰ ਥਾਂ ਤੋਂ ਸੁਖ-ਸ਼ਾਂਤੀ ਦੀ ਆਸ ਰੱਖਦੇ ਹਨ ਉਹ ਉਕਾਈ ਖਾ ਰਹੇ ਹਨ। ਸਭ ਤੋਂ ਅਖ਼ੀਰਲੇ ਸ਼ਲੋਕ ਨੰ: 243 ਵਿਚ ਕਬੀਰ ਜੀ ਨੇ ਇਹ ਮੋਹਰ ਲਾ ਦਿੱਤੀ ਤੇ ਫ਼ੈਸਲਾ ਦੇ ਦਿੱਤਾ ਹੈ ਕਿ ਬੱਸ! ਹਰਿ-ਨਾਮ ਹੀ ਗ੍ਰਿਹਸਤੀ ਦਾ ਮੁੱਖ 'ਧਰਮ' ਹੈ, ਜੇ ਹਰਿ-ਨਾਮ ਨੂੰ ਵਿਸਾਰ ਕੇ ਸੰਸਾਰਕ ਭੋਗਾਂ ਅਤੇ ਵਿਕਾਰਾਂ ਤੋਂ ਮਨੁੱਖ ਸੁਖ ਭਾਲਦਾ ਹੈ ਤਾਂ ਇਹ ਇਸ ਦਾ ਕਮਲਾ-ਪਨ ਹੈ। ਮਨੁੱਖ ਵਾਸਤੇ ਘਰ-ਬਾਰੀ ਜੀਵਨ ਜ਼ਿੰਦਗੀ ਦਾ ਸਹੀ ਰਸਤਾ ਹੈ, ਪਰ ਉਹ ਭੀ ਤਦੋਂ ਹੀ, ਜੇ ਇਸ ਵਿਚ ਹਰਿ-ਨਾਮ ਸਿਮਰੇ; ਨਹੀਂ ਤਾਂ ਜੀਵਨ ਗੰਦਾ ਕਰ ਲੈਣ ਨਾਲੋਂ ਘਰ-ਬਾਰ ਛੱਡ ਦੇਵੇ।

ਪਾਠਕਾਂ ਵਾਸਤੇ ਇਹ ਗੱਲ ਜਾਨਣੀ ਸੁਆਦਲੀ ਹੋਵੇਗੀ ਕਿ ਜਿਸ ਖ਼ਿਆਲ ਤੋਂ ਇਹਨਾਂ ਸ਼ਲੋਕਾਂ ਨੂੰ ਕਬੀਰ ਜੀ ਨੇ ਸ਼ੁਰੂ ਕੀਤਾ ਹੈ ਉਥੇ ਹੀ ਆ ਕੇ ਖ਼ਤਮ ਕੀਤਾ ਹੈ। ਸਾਰੇ ਹੀ ਸ਼ਲੋਕਾਂ ਵਿਚ ਇਕੋ ਹੀ ਮਜ਼ਮੂਨ "ਹਰਿ-ਨਾਮ ਦਾ ਸਿਮਰਨ" ਉੱਤੇ ਉਸ ਦੇ ਵਖ-ਵਖ ਪਹਿਲੂ ਲੈ ਕੇ ਵਿਚਾਰ ਕੀਤੀ ਗਈ ਹੈ। ਸੋ, ਇਹ ਆਖਣਾ ਉੱਕਾ ਗ਼ਲਤ ਹੈ ਕਿ ਇਹ ਸ਼ਲੋਕ ਵਿਕੋਲਿਤਰੇ ਹਨ ਤੇ ਇਹਨਾਂ ਵਿਚ ਕੋਈ ਮਿਲਵਾਂ ਬੱਝਵਾਂ ਭਾਵ ਨਹੀਂ ਹੈ।

___________________________



ੴ ਸਤਿਗੁਰ ਪ੍ਰਸਾਦਿ ॥

ਸਲੋਕ ਸੇਖ ਫਰੀਦ ਕੇ ॥

ਜਾਣ-ਪਛਾਣ


ਟੀਕਾ ਕਦੋਂ ਲਿਖਿਆ?

ਬਾਬਾ ਫਰੀਦ ਜੀ ਦੇ ਸਾਰੇ ਸਲੋਕ ਦਾ ਟੀਕਾ ਮੈਂ ਦਸੰਬਰ 1942 ਵਿਚ ਲਿਖਿਆ ਸੀ, ਤੇ ਜੁਲਾਈ 1944 ਵਿਚ ਇਸ ਨੂੰ ਛਪਵਾਣਾ ਸ਼ੂਰੂ ਕੀਤਾ। ਪਰ 20 ਸਫ਼ੇ ਹੀ ਛਪੇ ਸਨ ਕਿ ਕੰਮ ਉਥੇ ਹੀ ਅਟਕ ਗਿਆ। ਉਸ ਤੋਂ ਪਿੱਛੋਂ ਮੇਰਾ ਖ਼ਿਆਲ ਬਣਿਆ ਕਿ ਹੁਣ ਇਹਨਾਂ ਸ਼ਲੋਕਾਂ ਨੂੰ ਸਾਰੀ ਭਗਤਾਂ ਦੀ ਬਾਣੀ ਦੇ ਟੀਕੇ ਨਾਲ ਰਲਾ ਕੇ ਹੀ ਛਾਪਿਆ ਜਾਏ। ਭਗਤ-ਬਾਣੀ ਦਾ ਟੀਕਾ ਮੈਂ ਸਤੰਬਰ 1945 ਵਿਚ ਖ਼ਤਮ ਕੀਤਾ। ਕਬੀਰ ਜੀ ਦੇ ਸ਼ਲੋਕ ਰਹਿ ਗਏ।

ਟੀਕਾ ਲਿਖਣ ਦਾ ਅਵਸਰ:

ਗੁਰੂ ਨਾਨਕ ਖਾਲਸਾ ਕਾਲਜ ਗੁਜਰਾਂ ਵਾਲੇ ਤੋਂ ਵਿਹਲਾ ਹੋ ਕੇ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਮੈਨੂੰ ਨਵੰਬਰ 1929 ਵਿਚ ਮੁਲਾਜ਼ਮਤ ਦਾ ਮੌਕਾ ਮਿਲਿਆ ਸੀ। ਐਫ਼. ਏ. ਦੀਆਂ ਜਮਾਤਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਕਰਕੇ ਧਾਰਮਿਕ ਦੀ ਪੜ੍ਹਾਈ ਵਾਸਤੇ ਉਹਨਾਂ ਦੇ ਦੋ ਦੋ ਸੈਕਸ਼ਨ ਬਣਾਏ ਹੁੰਦੇ ਸਨ। ਇਕ ਇਕ ਸੈਕਸ਼ਨ ਦੀ ਧਾਰਮਿਕ ਪੜ੍ਹਾਈ ਮੈਨੂੰ ਦਿੱਤੀ ਗਈ, ਅਤੇ ਇਕ ਇਕ ਸੈਕਸ਼ਨ ਨੂੰ ਸਰਦਾਰ ਜੋਧ ਸਿੰਘ ਜੀ ਪੜ੍ਹਾਇਆ ਕਰਦੇ ਸਨ। ਬੀ.ਏ. ਦੀਆਂ ਜਮਾਤਾਂ ਨੂੰ ਧਾਰਮਿਕ ਉਹੀ ਪੜ੍ਹਾਂਦੇ ਸਨ। ਇਸ ਮਜ਼ਮੂਨ ਦੇ ਮੁੱਖ ਅੱਧਿਆਪਕ ਉਹੀ ਸਨ।

ਸੰਨ 1936 ਵਿਚ ਉਹ ਕਾਲਜ ਦੇ ਪ੍ਰਿਸੀਪਲ ਬਣ ਗਏ। ਉਹਨਾਂ ਨੂੰ ਸਾਰਾ ਵਕਤ ਦਫ਼ਤਰ ਅਤੇ ਹੋਰ ਜ਼ਿੰਮੇਵਾਰੀਆਂ ਵੱਲ ਦੇਣਾ ਪੈ ਗਿਆ। ਇਸ ਵਾਸਤੇ ਬੀ.ਏ. ਦੀਆਂ ਜਮਾਤਾਂ ਦੀ ਧਾਰਮਿਕ ਪੜ੍ਹਾਈ ਭੀ ਮੇਰੇ ਸਪੁਰਦ ਕੀਤੀ ਗਈ। ਬੀ.ਏ. ਦੀਆਂ ਜਮਾਤਾਂ ਨੂੰ ਹੋਰ ਬਾਣੀਆਂ ਦੇ ਇਲਾਵਾ ਫਰੀਦ ਜੀ ਦੇ ਸ਼ਲੋਕ ਭੀ ਪੜ੍ਹਾਏ ਜਾਂਦੇ ਸਨ। ਮੈਂ ਇਹਨਾਂ ਸ਼ਲੋਕਾਂ ਨੂੰ ਜ਼ਬਾਨੀ ਯਾਦ ਕਰਨਾ ਸ਼ੁਰੂ ਕਰ ਦਿੱਤਾ।

ਇਕ ਅਨੋਖੀ ਔਕੜ ਤੇ ਉਸ ਦਾ ਹੱਲ:

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਬੋਲੀ ਦੇ ਵਿਆਕਰਣ ਦੀ ਪਹਿਲੀ ਝਲਕ ਮੈਨੂੰ ਦਸੰਬਰ 1920 ਵਿਚ ਨਸੀਬ ਹੋਈ ਸੀ। ਤਦੋਂ ਤੋਂ ਮੈਂ ਸਾਰੀ ਬਾਣੀ ਨੂੰ ਉਸ ਵਿਆਕਰਣ ਅਨੁਸਾਰ ਹੀ ਵਿਚਾਰਨ ਦਾ ਜਤਨ ਕਰਦਾ ਆ ਰਿਹਾ ਸਾਂ। ਸਾਰਾ ਵਿਆਕਰਣ ਭੀ 1932 ਵਿਚ ਮੁਕੰਮਲ ਤੌਰ ਤੇ ਮੈਂ ਲਿਖਤੀ ਰੂਪ ਵਿਚ ਲਿਆ ਸਕਿਆ ਸਾਂ। ਵਿਦਿਆਰਥੀਆਂ ਨੂੰ ਮੈਂ ਬਾਣੀ ਪੜ੍ਹਾਣ ਸਮੇ ਥੋੜਾ ਵਿਆਕਰਣ ਭੀ ਸਮਝਾ ਦਿਆ ਕਰਦਾ ਸਾਂ, ਇਸ ਤਰ੍ਹਾਂ ਬਾਣੀ ਨੂੰ ਸਮਝਣ ਵਾਲੇ ਪਾਸੇ ਉਹਨਾਂ ਦੀ ਰੁਚੀ ਵਧਦੀ ਸੀ।

ਫਰੀਦ ਜੀ ਦੇ ਸਲੋਕ ਪੜ੍ਹਾਣ ਵੇਲੇ ਸ਼ਲੋਕ ਨੰ: 43 ਮੇਰੇ ਰਾਹ ਵਿਚ ਭਾਰੀ ਰੁਕਾਵਟ ਪਾਂਦਾ ਸੀ। ਟੀਕਾਕਾਰ ਨੇ ਉਸ ਦੀ ਪਹਿਲੀ ਤੁਕ ਇਉਂ ਲਿਖੀ ਹੋਈ ਸੀ:

"ਕੰਧਿ ਕੁਹਾੜਾ ਸਿਰਿ ਘੜਾ; ਵਣਿ ਕੈ ਸਰੁ ਲੋਹਾਰੁ"।

ਇਸ ਦੇ ਅਰਥ ਉਹਨਾਂ ਲਿਖੇ ਹੋਏ ਸਨ-'ਵਣ ਦੇ ਸਿਰ ਉਤੇ ਲੋਹਾਰ (ਖੜਾ ਹੈ') ਗੁਰਬਾਣੀ ਵਿਆਕਰਣ ਅਨੁਸਾਰ ਨਾਹ ਹੀ ਇਹ ਪਾਠ ਮੈਨੂੰ ਜਚਦਾ ਸੀ, ਅਤੇ ਨਾਹ ਹੀ ਇਸ ਦੇ ਲਿਖੇ ਹੋਏ ਅਰਥ। ਪਰ ਮੈਨੂੰ ਆਪ ਨੂੰ ਭੀ ਕੁਝ ਨਹੀਂ ਸੀ ਅਹੁੜਦਾ। ਮੈਂ ਵਿਦਿਆਰਥੀਆਂ ਨੂੰ ਆਪਣੀ ਇਹ ਔਕੜ ਸਾਫ਼ ਕਹਿ ਦੇਂਦਾ ਸਾਂ।

ਸੰਨ 1938 ਦੀਆਂ ਗਰਮੀ ਦੀਆਂ ਛੁਟੀਆਂ ਵਿਚ ਕੁਝ ਦਿਨਾਂ ਵਾਸਤੇ ਮੈਂ ਸ਼ਿਮਲੇ ਗਿਆ ਉਥੇ, ਮੇਰਾ ਵੱਡਾ ਕਾਕਾ ਕਰਾਤਾਰ ਸਿੰਘ ਮੁਲਾਜ਼ਮ ਸੀ। ਫ਼ਰੀਦ ਜੀ ਦੇ ਸ਼ਲੋਕ ਮੈਨੂੰ ਜ਼ਬਾਨੀ ਯਾਦ ਹੋ ਚੁਕੇ ਹੋਏ ਹਨ। ਰੋਜ਼ ਸਵੇਰੇ ਮੈਂ ਉਹਨਾਂ ਦਾ ਪਾਠ ਜ਼ਬਾਨੀ ਕਰਿਆ ਕਰਦਾ ਸਾਂ। ਇਕ ਦਿਨ ਪਾਠ ਕਰਦਿਆਂ ਸ਼ਲੋਕ ਨੰ: 43 ਦਾ ਪਾਠ ਆਪਣੇ ਆਪ ਮੇਰੇ ਮੂੰਹੋਂ ਨਿਕਲਿਆ, 'ਵਣਿ ਕੈਸਰੁ ਲੋਹਾਰੁ'। ਮੇਰੀਆਂ ਅੱਖਾਂ ਉੱਘੜ ਆਈਆਂ। ਮੇਰੀ ਆਦਤ ਬਣ ਚੁਕੀ ਹੋਈ ਹੈ ਕਿ ਪਾਠ ਕਰਨ ਵੇਲੇ ਤਕਰੀਬਨ ਹਰੇਕ ਲਫ਼ਜ਼ ਦਾ ਵਿਆਕਰਣਿਕ ਜੋੜ ਮੇਰੇ ਸਾਹਮਣੇ ਆਇਆ ਰਹਿੰਦਾ ਹੈ। ਇਹ ਨਵਾਂ ਪਾਠ ਮੂੰਹੋਂ ਨਿਕਲਿਆਂ ਅਰਥ ਭੀ ਖੁਲ੍ਹ ਗਿਆ। ਮੈਂ ਸਕੂਲ ਵਿਚ ਚੌਥੀ ਜਮਾਤ ਤੋਂ ਅਠਵੀਂ ਜਮਾਤ ਤਕ ਫ਼ਾਰਸੀ ਪੜ੍ਹਦਾ ਰਿਹਾ ਸਾਂ। 'ਕੈਸਰੁ' ਫ਼ਾਰਸੀ ਲਫ਼ਜ਼ ਹੈ, ਤੇ, ਇਸ ਦਾ ਅਰਥ ਹੈ 'ਬਾਦਸ਼ਾਹ'। ਉਸੇ ਦਿਨ ਉਥੇ ਫ਼ਾਰਸੀ ਪੜ੍ਹਾਣ ਵਾਲੇ ਇਕ ਮੌਲਵੀ ਸਾਹਿਬ ਪਾਸੋਂ ਇਸ ਲਫ਼ਜ਼ ਬਾਰੇ ਤਸੱਲੀ ਭੀ ਕਰ ਲਈ।

ਭਗਤ-ਬਾਣੀ ਦੇ ਟੀਕੇ ਵਿਚੋਂ ਝਲਕ:

ਭਗਤਾਂ ਦੀ ਬਾਣੀ ਦਾ ਟੀਕਾ 1945 ਵਿਚ ਲਿਖਦਿਆਂ ਲਿਖਦਿਆਂ ਮੈਨੂੰ ਇਉਂ ਪ੍ਰਤੀਤ ਹੋਣ ਲੱਗ ਪਿਆ ਕਿ ਇਹ ਬਾਣੀ ਗੁਰੂ ਨਾਨਕ ਦੇਵ ਜੀ ਨੇ ਆਪ ਹੀ ਇਕੱਠੀ ਕੀਤੀ ਸੀ। ਇਹ ਖ਼ਿਆਲ ਅੱਖਾਂ ਅੱਗੇ ਰੱਖ ਕੇ ਜਿਉਂ ਜਿਉਂ ਮੈਂ ਭਗਤ-ਬਾਣੀ ਦੀ ਅੰਦਰਲੀ ਗਵਾਹੀ ਦੀ ਭਾਲ ਕਰਨ ਲੱਗਾ, ਮੇਰਾ ਇਹ ਖ਼ਿਆਲ ਵਧੀਕ ਪੱਕਾ ਹੁੰਦਾ ਗਿਆ।

ਪਰ ਗੁਰੂ ਨਾਨਕ ਸਾਹਿਬ ਨੇ ਇਸ ਨੂੰ ਕੀਹ ਕਰਨਾ ਸੀ? ਅਸਾਡੇ ਇਤਿਹਾਸ ਵਿਚ ਤਾਂ ਇਹ ਜ਼ਿਕਰ ਹੈ ਕਿ ਸਤਿਗੁਰੂ ਨਾਨਕ ਦੇਵ ਜੀ ਦੀ ਆਪਣੀ ਹੀ ਬਾਣੀ ਥਾਂ ਥਾਂ ਖਿੱਲਰੀ ਪਈ ਸੀ ਜੋ ਗੁਰੂ ਅਰਜਨ ਸਾਹਿਬ ਨੇ ਦੇਸ ਦੇਸ਼ਾਂਤਰਾਂ ਵਿਚ ਸਿੱਖਾਂ ਨੂੰ ਚਿੱਠੀਆਂ ਭੇਜ ਕੇ ਇਕੱਠੀ ਕਰਾਈ ਸੀ। ਜਿਸ ਗੁਰ-ਵਿਅਕਤੀ ਨੇ ਆਪਣੀ ਹੀ ਬਾਣੀ ਸਾਂਭ ਕੇ ਨਾਹ ਰੱਖੀ, ਉਸ ਨੇ ਭਗਤ-ਬਾਣੀ ਇਕੱਠੀ ਕਰਨ ਦੀ ਖੇਚਲ ਕਿਉਂ ਕਰਨੀ ਸੀ? ਪਰ, ਭਗਤ-ਬਾਣੀ ਦੀ ਅੰਦਰਲੀ ਖੋਜ ਨੇ ਇਹ ਖੁੱਲ੍ਹਮ-ਖੁੱਲ੍ਹਾ ਦੱਸਣਾ ਸ਼ੁਰੂ ਕਰ ਦਿੱਤਾ ਕਿ ਇਸ ਦੇ ਇਕੱਠੇ ਕਰਨ ਦਾ ਕੰਮ ਗੁਰੂ ਨਾਨਕ ਦੇਵ ਜੀ ਦੇ ਹਿੱਸੇ ਹੀ ਆਇਆ ਸੀ।

ਨਵੀਂ ਭਾਲ:

ਸੋ, ਮੈਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤਕ ਪੰਜੇ ਗੁਰ-ਵਿਅਕਤੀਆਂ ਦੀ ਬਾਣੀ ਨੂੰ ਖੋਜਣਾ ਸ਼ੁਰੂ ਕਰ ਦਿੱਤਾ। ਥੋੜੀ ਜਿਹੀ ਮਿਹਨਤ ਨਾਲ ਹੀ ਇਹ ਗੱਲ ਪ੍ਰਤੱਖ ਦਿੱਸ ਪਈ ਕਿ ਸਤਿਗੁਰੂ ਨਾਨਕ ਦੇਵ ਜੀ ਨੇ ਆਪਣੀ ਸਾਰੀ ਬਾਣੀ ਹੀ ਲਿਖ ਕੇ ਸਾਂਭੀ ਸੀ। ਇਹ ਖ਼ਜ਼ਾਨਾ ਉਹਨਾਂ ਗੁਰੂ ਅੰਗਦ ਸਾਹਿਬ ਨੂੰ ਦਿੱਤਾ, ਤੇ ਹਰੇਕ ਗੁਰ-ਵਿਅਕਤੀ ਨੇ ਆਪਣੀ ਆਪਣੀ ਬਾਣੀ ਰਲਾ ਕੇ, ਅਖ਼ੀਰ ਤੇ ਗੁਰੂ ਰਾਮਦਾਸ ਜੀ ਨੇ ਇਹ ਸਾਰਾ ਭੰਡਾਰ ਗੁਰੂ ਅਰਜਨ ਸਾਹਿਬ ਦੇ ਹਵਾਲੇ ਕੀਤਾ।

ਮੈਂ ਇਹ ਸਾਰਾ ਮਜ਼ਮੂਨ ਤਿੰਨ ਲੇਖਾਂ ਵਿਚ ਵੰਡ ਕੇ ਅਰਧ-ਮਾਸਕ ਅਖ਼ਬਾਰ 'ਪਟਿਆਲਾ ਸਮਾਚਾਰ' ਵਿਚ ਛਪਵਾਇਆ। ਫਿਰ ਮੇਰੇ ਹੋਰ ਮਜ਼ਮੂਨਾਂ ਸਮੇਤ ਇਹ ਲੇਖ ਭੀ ਮੇਰੀ ਲੇਖਾਂ-ਦੀ-ਦੂਜੀ ਪੁਸਤਕ 'ਕੁਝ ਹੋਰ ਧਾਰਮਿਕ ਲੇਖ' ਵਿਚ ਛਾਪੇ ਗਏ। ਹੁਣ ਇਸ ਪੁਸਤਕ ਦਾ ਨਾਮ ਬਦਲ ਕੇ 'ਗੁਰਬਾਣੀ ਤੇ ਇਤਿਹਾਸ ਬਾਰੇ' ਰੱਖਿਆ ਗਿਆ ਹੈ। 'ਸਿੰਘ ਬ੍ਰਦਰਜ਼' ਬਜ਼ਾਰ ਮਾਈ ਸੇਵਾਂ ਅੰਮ੍ਰਿਤਸਰ ਤੋਂ ਮਿਲਦੀ ਹੈ। ਇਸੇ ਪੁਸਤਕ ਵਿਚੋਂ ਉਹ ਤਿੰਨੇ ਲੇਖ ਲੈ ਕੇ 'ਸ੍ਰੀ ਗਰੂ ਗ੍ਰੰਥ ਸਾਹਿਬ ਦਰਪਣ' ਦੀ ਤੀਜੀ ਪੋਥੀ ਵਿਚ ਪਾਠਕਾਂ ਦੀ ਵਾਕਫ਼ੀਅਤ ਵਾਸਤੇ ਛਾਪ ਦਿੱਤੇ ਗਏ ਹਨ (ਵੇਖੋ ਤੀਜੀ ਪੋਥੀ ਪੰਨਾ 803 ਤੋਂ 828) ।

ਭੁਲੇਖੇ:

ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿਚੋਂ ਕਈ ਲਫ਼ਜ਼ਾਂ ਨੂੰ ਗ਼ਲਤ ਸਮਝ ਕੇ ਸਤਿਗੁਰੂ ਜੀ ਦੇ ਜੀਵਨ-ਲਿਖਾਰੀਆਂ ਨੇ ਦੇਵੀ-ਪੂਜਾ ਆਦਿਕ ਕਹਾਣੀਆਂ ਘੜ ਲਈਆਂ, ਇਸੇ ਤਰ੍ਹਾਂ ਬਾਬਾ ਫ਼ਰੀਦ ਜੀ ਦੇ ਸ਼ਲੋਕਾਂ ਨੂੰ ਬੇ-ਪਰਵਾਹੀ ਨਾਲ ਪੜ੍ਹ ਕੇ ਇਥੇ ਭੀ ਲਿਖਿਆ ਗਿਆ ਕਿ ਬਾਬਾ ਜੀ ਨੇ ਆਪਣੇ ਪੱਲੇ ਕਾਠ ਦੀ ਰੋਟੀ ਬੱਧੀ ਹੋਈ ਸੀ, ਜਦੋਂ ਭੁੱਖ ਲੱਗਦੀ ਸੀ, ਇਸ ਰੋਟੀ ਨੂੰ ਚੱਕ ਮਾਰ ਕੇ ਗੁਜ਼ਾਰਾ ਕਰ ਲੈਂਦੇ ਸਨ। ਇਹ ਭੀ ਕਿਹਾ ਜਾਂਦਾ ਹੈ ਕਿ ਬਾਬਾ ਫ਼ਰੀਦ ਜੀ ਪੁੱਠੇ ਲਟਕ ਕੇ ਕਈ ਸਾਲ ਤਪ ਕਰਦੇ ਰਹੇ, ਤੇ ਕਈ ਵਾਰੀ ਕਾਂ ਆ ਆ ਕੇ ਇਹਨਾਂ ਦੇ ਪੈਰਾਂ ਵਿਚ ਠੂੰਗੇ ਮਾਰਦੇ ਸਨ।

ਸਿੱਖ ਦਾ ਫ਼ਰਜ਼:

ਜੇ ਬਾਬਾ ਫ਼ਰੀਦ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨਾਹ ਹੁੰਦੀ, ਤਾਂ ਅਸਾਨੂੰ ਇਹਨਾਂ ਕਹਾਣੀਆਂ ਦੀ ਪੜਚੋਲ ਕਰਨ ਦੀ ਲੋੜ ਨਹੀਂ ਸੀ। ਹਰੇਕ ਮਨੁੱਖ ਨੂੰ ਹੱਕ ਹੈ ਕਿ ਉਹ ਆਪਣੇ ਇਸ਼ਟ ਨੂੰ ਜਿਸ ਰੂਪ ਵਿਚ ਚਾਹੇ ਵੇਖੇ। ਪਰ, ਇਹਨਾਂ ਕਹਾਣੀਆਂ ਦੀ ਪ੍ਰੋੜ੍ਹਤਾ ਲਈ ਚੂੰਕਿ ਉਸ ਬਾਣੀ ਵਿਚੋਂ ਪ੍ਰਮਾਣ ਦਿੱਤੇ ਜਾਂਦੇ ਹਨ ਜੋ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਇਸ ਲਈ ਹਰੇਕ ਸਿੱਖ ਦਾ ਫ਼ਰਜ਼ ਹੈ ਕਿ ਇਹਨਾਂ ਨੂੰ ਰਤਾ ਗੰਭੀਰਤਾ ਨਾਲ ਵਿਚਾਰੇ। ਜਿਸ 'ਬੀੜ' ਨੂੰ ਅਸੀਂ 'ਗੁਰੂ ਗ੍ਰੰਥ ਸਾਹਿਬ' ਆਖਦੇ ਹਾਂ ਤੇ 'ਗੁਰੂ' ਵਾਂਗ ਸਨਮਾਨਦੇ ਹਾਂ ਉਸ ਦਾ ਹਰੇਕ ਸ਼ਬਦ ਗੁਰੂ-ਰੂਪ ਹੈ। ਜੇ ਅਸੀਂ ਕਿਸੇ ਭੱਟ ਜਾਂ ਭਗਤ ਦਾ ਕੋਈ ਸ਼ਬਦ ਗੁਰੂ-ਆਸ਼ੇ ਦੇ ਉਲਟ ਸਮਝਦੇ ਹਾਂ, ਤਾਂ ਉਹ 'ਬੀੜ' ਜਿਸ ਵਿਚ ਗੁਰੂ-ਆਸ਼ੇ ਤੋਂ ਵੱਖਰੇ ਭਾਵ ਵਾਲੇ ਵਾਕ ਦਰਜ ਹਨ ਸਮੁੱਚੇ ਤੌਰ ਤੇ ਗੁਰੂ ਦਾ ਦਰਜਾ ਨਹੀਂ ਰੱਖ ਸਕਦੀ। ਇਹ ਇਕ ਹਾਸੋ-ਹੀਣਾ ਨਿਸਚਾ ਹੈ ਕਿ ਭਗਤਾਂ ਦੇ ਕਈ ਸ਼ਬਦਾਂ ਨੂੰ ਅਸੀਂ ਗੁਰਮਤਿ ਅਨੁਸਾਰ ਮੰਨੀਏ, ਤੇ, ਕਈ ਸ਼ਬਦਾਂ ਨੂੰ ਗੁਰ-ਆਸ਼ੇ ਦੇ ਵਿਰੁੱਧ। ਗੁਰੂ ਅਰਜਨ ਸਾਹਿਬ ਨੇ ਸਾਰੀ 'ਬੀੜ' ਵਿਚ ਇਹ ਗੱਲ ਕਿਤੇ ਭੀ ਨਹੀਂ ਲਿਖੀ ਕਿ ਫਲਾਣੇ ਫਲਾਣੇ ਸ਼ਬਦ ਗੁਰਮਤਿ-ਅਨੁਸਾਰ ਨਹੀਂ ਹਨ। ਤਰਕਾਂ ਕਰਨ ਵਾਲੇ ਤਾਂ ਕਾਹਲੀ ਵਿਚ ਇਹ ਭੀ ਕਹਿ ਉਠੇ ਹਨ ਕਿ ਤੁਖਾਰੀ ਰਾਗ ਵਿਚ ਦਾ ਛੰਤ ਮ: 4 'ਨਾਵਨੁ ਪੁਰਬੁ ਅਭੀਚੁ' ਭੀ ਗੁਰਮਤਿ ਦੇ ਉਲਟ ਹੈ।

ਸਿੱਖ ਦੀ ਸਰਧਾ:

ਸਿੱਖ ਨੂੰ ਇਹ ਸਰਧਾ ਬਣਾਣੀ ਚਾਹੀਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਿਸੇ ਭੀ ਅੰਗ ਵਿਚ ਕੋਈ ਉਕਾਈ ਨਹੀਂ ਹੈ। ਤੇ, ਇਸੇ ਹੀ ਨਿਸਚੇ ਨਾਲ ਅਸਾਂ ਬਾਬਾ ਫਰੀਦ ਜੀ ਦੇ ਇਹ ਸ਼ਲੋਕ ਪੜ੍ਹਨੇ ਹਨ। ਪਰ, ਇਹ ਨਿਰੇ ਪੜ੍ਹਨ ਲਈ ਤਾਂ ਨਹੀਂ, ਹੋਰ ਗੁਰਬਾਣੀ ਵਾਂਗ ਇਹ ਭੀ ਸਿੱਖ ਨੂੰ ਜੀਊਣ ਦੀ ਜਾਚ ਸਿਖਾਂਦੇ ਹਨ, ਸਿੱਖ ਦੇ ਜੀਵਨ ਦਾ ਆਸਰਾ ਹਨ, ਸਿੱਖ ਦੇ ਮਨ ਦੀ ਥੰਮ੍ਹੀ ਹਨ। ਇਸ ਧੁਰੇ ਤੋਂ 'ਫਰੀਦਾ ਰੋਟੀ ਮੇਰੀ ਕਾਠ ਕੀ' ਵਾਲੇ ਸ਼ਲੋਕ ਪੜ੍ਹ ਕੇ ਕਾਠ ਦੀ ਰੋਟੀ ਵਾਲੀ ਕਹਾਣੀ ਸੁਣ ਕੇ ਸਾਧਾਰਨ ਤੌਰ ਤੇ ਪਾਠਕ ਦੇ ਮਨ ਵਿਚ ਕਈ ਪ੍ਰਸ਼ਨ ਉੱਠਦੇ ਹਨ। ਕੀ ਰੋਟੀ ਖਾਣੀ ਮਾੜਾ ਕੰਮ ਹੈ? ਜੇ ਇਹ ਮਾੜਾ ਕੰਮ ਹੈ ਤਾਂ ਕੀ ਕਾਠ ਦੀ ਰੋਟੀ ਨਾਲ ਮਨ ਨੂੰ ਪਰਚਾਣਾ ਕਿਵੇਂ ਚੰਗਾ ਕੰਮ ਹੋ ਸਕਦਾ ਹੈ? ਪਰ, ਕੀ ਕਾਠ ਦੀ ਰੋਟੀ ਨਾਲ ਮਨ ਪਰਚ ਭੀ ਸਕਦਾ ਹੈ? ਕੀ ਇਹ ਸ਼ਲੋਕ ਹਰੇਕ ਪ੍ਰਾਣੀ-ਮਾਤ੍ਰ ਵਾਸਤੇ ਸਾਂਝਾ ਉਪਦੇਸ਼ ਹੈ? ਤਾਂ ਫਿਰ, ਕੀ ਕਦੇ ਕੋਈ ਐਸੀ ਅਵਸਥਾ ਭੀ ਆਉਣੀ ਚਾਹੀਦੀ ਹੈ ਜਦੋਂ ਇਸ ਬਾਣੀ ਦੇ ਪੜ੍ਹਨ ਵਾਲੇ ਕਾਠ ਦੀ ਰੋਟੀ ਪੱਲੇ ਬੰਨ੍ਹੀ ਫਿਰਨ? ਜੋ ਇਹ ਸਮਾ ਨਹੀਂ ਆਉਣਾ ਚਾਹੀਦਾ ਤਾਂ ਇਸ ਦੇ ਪੜ੍ਹਨ ਤੋਂ ਕੀਹ ਲਾਭ?

ਜਿਵੇਂ ਕਾਠ ਦੀ ਰੋਟੀ ਦੀ ਕਹਾਣੀ ਇਸ ਸ਼ਲੋਕ ਨੂੰ ਗ਼ਲਤ ਸਮਝਣ ਤੋਂ ਬਣੀ, ਤਿਵੇਂ ਹੀ 'ਕਾਗਾ ਚੂੰਡਿ ਨ ਪਿੰਜਰਾ' ਸ਼ਲੋਕ ਤੋਂ ਇਹ ਖ਼ਿਆਲ ਬਣ ਗਿਆ ਕਿ ਫਰੀਦ ਜੀ ਪੁੱਠੇ ਲਟਕ ਕੇ ਤਪ ਕਰਦੇ ਸਨ। ਭੁੱਖਾਂ ਕੱਟਣੀਆਂ, ਧੂਣੀਆਂ ਤਪਾਣੀਆਂ ਤੇ ਪੁੱਠੇ ਲਟਕਣਾ ਆਦਿਕ ਕਰਮ ਗੁਰਮਤਿ ਅਨੁਸਾਰ ਬੇ-ਲੋੜਵੇਂ ਹਨ, ਤੇ, ਨਾਹ ਹੀ ਫਰੀਦ ਜੀ ਦੀ ਬਾਣੀ ਵਿਚ ਕਿਤੇ ਭੀ ਇਹਨਾਂ ਨੂੰ ਜ਼ਰੂਰੀ ਦੱਸਿਆ ਗਿਆ ਹੈ।

ਇਹ ਹਾਨੀਕਾਰਕ ਮਨੌਤ:

ਕਈ ਸੱਜਣ ਸਹਿਜ ਸੁਭਾਇ ਇਹ ਕਹਿ ਦਿਆ ਕਰਦੇ ਹਨ ਕਿ ਕਈ ਥਾਈਂ ਫਰੀਦ ਜੀ ਨੇ ਗੁਰਮਤਿ ਦੇ ਦ੍ਰਿਸ਼ਟੀ-ਕੋਣ ਤੋਂ ਵੱਖਰੇ ਖ਼ਿਆਲ ਪਰਗਟ ਕੀਤੇ, ਪਰ ਸਤਿਗੁਰੂ ਜੀ ਨੇ ਆਪਣਾ ਪੱਖ ਪੂਰਾ ਕਰਨ ਲਈ ਉਸ ਦੇ ਨਾਲ ਆਪਣਾ ਸ਼ਲੋਕ ਦਰਜ ਕਰ ਦਿੱਤਾ, ਜਿਵੇਂ ਕਿ 'ਤਨੁ ਤਪੈ ਤਨੂਰ ਜਿਉ' ਅਤੇ 'ਫਰੀਦਾ ਪਾੜਿ ਪਟੋਲਾ ਧਜੁ ਕਰੀ'। ਇਹ ਖ਼ਿਆਲ ਬੜਾ ਖ਼ਤਰਨਾਕ ਤੇ ਹਾਨੀਕਾਰਕ ਹੈ। 'ਗੁਰੂ' (ਗ੍ਰੰਥ ਸਾਹਿਬ) ਵਿਚ ਗੁਰੂ-ਆਸ਼ੇ ਨਾਲ ਨਾਹ ਮਿਲਣ ਵਾਲੇ ਵਾਕ ਦੱਸ ਦੱਸ ਕੇ ਸਿਖ ਦੇ ਸਿਦਕ ਨੂੰ ਭਾਰੀ ਸੱਟ ਮਾਰਨੀ ਹੈ, ਅਤੇ ਆਪਣੇ ਇਸ਼ਟ ਨੂੰ ਆਪ ਹੀ ਬੇ-ਪਰਤੀਤਾ ਸਾਬਤ ਕਰਨ ਦਾ ਕੋਝਾ ਜਤਨ ਹੈ।

ਅਜਿਹੇ ਇਤਰਾਜ਼-ਯੋਗ ਖ਼ਿਆਲ ਪੈਦਾ ਹੋਣ ਦਾ ਕਾਰਨ ਇਹ ਜਾਪਦਾ ਹੈ ਕਿ ਆਮ ਸੱਜਣ ਫਰੀਦ ਜੀ ਦੇ ਸ਼ਲੋਕਾਂ ਨੂੰ ਇਕ ਲੜੀ-ਵਾਰ ਮਜ਼ਮੂਨ ਨਹੀਂ ਮੰਨਦੇ, ਇਉਂ ਸਮਝਦੇ ਹਨ ਕਿ ਇਹ ਰੰਗ-ਬਰੰਗੇ ਤਰੰਗਾਂ ਦਾ ਇਕ ਸੰਗ੍ਰਹਿ ਹੈ।

ਅਸਲ ਗੱਲ:

ਅਸਲ ਗੱਲ ਇਹ ਹੈ ਕਿ ਫਰੀਦ ਜੀ ਦੇ ਸ਼ਲੋਕਾਂ ਵਿਚ ਕਿਤੇ ਭੀ ਗੁਰਮਤਿ ਤੋਂ ਵਿਰੋਧਤਾ ਨਹੀਂ ਜਿਸ ਨੂੰ ਸਤਿਗੁਰੂ ਜੀ ਨੇ ਆਪਣੇ ਅਗਲੇ ਸ਼ਲੋਕ ਵਿਚ ਠੀਕ ਕਰ ਦਿੱਤਾ ਹੋਵੇ। ਹਾਂ, ਜਿੱਥੇ ਕਿਤੇ ਫਰੀਦ ਜੀ ਨੇ ਕੋਈ ਖ਼ਿਆਲ ਇਸ਼ਾਰੇ-ਮਾਤ੍ਰ ਦੱਸਿਆ ਹੈ ਤੇ ਭੁਲੇਖਾ ਪੈਣ ਦੀ ਸੰਭਾਵਨਾ ਹੋ ਸਕਦੀ ਹੋਵੇ, ਸਤਿਗੁਰੂ ਜੀ ਨੇ ਉਸ ਨੂੰ ਵਧੀਕ ਖੋਲ੍ਹ ਦਿੱਤਾ ਹੈ।

ਇਸ ਟੀਕੇ ਵਿਚ ਮੈਂ ਇਹਨਾਂ ਸ਼ਲੋਕਾਂ ਨੂੰ ਇਕ ਲੜੀ-ਵਾਰ ਮਜ਼ਮੂਨ ਸਮਝਣ ਦੀ ਕੋਸ਼ਸ਼ ਕੀਤੀ ਹੈ, ਜਿਸ ਕਰਕੇ ਉਪਰ-ਲਿਖੇ ਸੰਸੇ ਆਪਣੇ ਆਪ ਉੱਡ ਜਾਂਦੇ ਹਨ। ਸਾਰੇ ਸਲੋਕਾਂ ਦਾ ਲੜੀ-ਵਾਰ ਭਾਵ ਭੀ ਦਿੱਤਾ ਗਿਆ ਹੈ, ਤਾਕਿ ਪਾਠਕਾਂ ਨੂੰ ਇਸ ਸਾਰੀ ਬਾਣੀ ਦਾ ਸਮੁੱਚਾ ਭਾਵ ਸਮਝਣ ਵਿਚ ਸਹੂਲਤ ਹੋ ਸਕੇ।

ਨੋਟ:- ਬਾਬਾ ਫ਼ਰੀਦ ਜੀ ਦੇ ਸ਼ਲੋਕਾਂ ਦੇ ਟੀਕੇ ਦੀ ਪਹਿਲੀ ਐਡੀਸ਼ਨ ਮਈ ਸੰਨ 1946 ਵਿਚ ਛਪੀ ਸੀ। ਤਦੋਂ ਮੈਂ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਚ ਪੜ੍ਹਾਂਦਾ ਸਾਂ। ਦੂਜੀ ਐਡੀਸ਼ਨ ਸੰਨ 1949 ਵਿਚ ਛਪੀ ਗਈ ਸੀ, ਤਦੋਂ ਭੀ ਮੈਂ ਖ਼ਾਲਸਾ ਕਾਲਜ ਵਿਚ ਹੀ ਸਾਂ।

ਨੋਟ:- 'ਕਾਠ ਕੀ ਰੋਟੀ' ਅਤੇ 'ਪੁਠੇ ਲਟਕ ਕੇ ਤਪ ਕਰਨ' ਬਾਰੇ ਮੇਰੇ ਲੇਖ ਪਹਿਲਾਂ ਮੇਰੀ ਲੇਖ-ਲੜੀ ਦੀ ਤੀਜੀ ਪੁਸਤਕ 'ਗੁਰਮਤਿ ਪ੍ਰਕਾਸ਼' ਵਿਚ ਛਪੇ ਸਨ। ਉਸ ਵਿਚੋਂ ਲੈ ਕੇ ਹੁਣ 'ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ' ਦੀ ਤੀਜੀ ਪੋਥੀ ਦੇ ਪੰਨਾ 845 ਤੋਂ 862 ਤਕ ਛਾਪੇ ਗਏ ਹਨ। ਇਹ ਤਿੰਨ ਲੇਖ ਹਨ। ਪਹਿਲਾ ਇਹ ਹੈ ਕਿ ਬਾਬਾ ਫਰੀਦ ਜੀ ਦੀ ਬਾਣੀ ਗੁਰੂ ਨਾਨਕ ਦੇਵ ਜੀ ਨੇ ਆਪ ਹੀ ਲਿਆ ਕੇ ਆਪਣੇ ਪਾਸ ਰੱਖੀ ਹੋਈ ਸੀ। ਪੁਸਤਕ 'ਗੁਰਮਤਿ ਪ੍ਰਕਾਸ਼' ਸਿੰਘ ਬ੍ਰਦਰਜ਼, ਬਜ਼ਾਰ ਮਾਈ ਸੇਵਾਂ ਅੰਮ੍ਰਿਤਸਰ ਤੋਂ ਮਿਲਦੀ ਹੈ। ਮੇਰੀਆਂ ਹੋਰ ਪੁਸਤਕਾਂ ਭੀ ਉਥੋਂ ਹੀ।

ਸਾਹਿਬ ਸਿੰਘ

____________________


ੴ ਸਤਿਗੁਰ ਪ੍ਰਸਾਦਿ ॥

ਜੀਵਨ ਬਾਬਾ ਫਰੀਦ ਜੀ

(ਸੰਨ 1173 ਤੋਂ 1266)

ਬਾਰ੍ਹਵੀਂ ਸਦੀ ਈਸਵੀ ਵਿਚ ਕਾਬਲ ਦਾ ਬਾਦਸ਼ਾਹ ਫ਼ੱਰੁਖ ਸ਼ਾਹ ਸੀ। ਗਜ਼ਨੀ ਤੇ ਹੋਰ ਨੇੜੇ ਦੇ ਇਲਾਕਿਆਂ ਦੇ ਬਾਦਸ਼ਾਹ ਇਸ ਦੀ ਈਨ ਮੰਨਦੇ ਸਨ। ਪਰ ਫ਼ਰੁੱਖ ਸ਼ਾਹ ਦਾ ਪੁੱਤਰ ਆਪਣੇ ਪਿਉ ਵਾਂਗ ਤੇਜ-ਪ੍ਰਤਾਪ ਵਾਲਾ ਸਾਬਤ ਨਾ ਹੋਇਆ, ਤੇ, ਗ਼ਜ਼ਨੀ ਦੇ ਬਾਦਸ਼ਾਹ ਨੇ ਕਾਬਲ ਤੇ ਕਬਜ਼ਾ ਕਰ ਲਿਆ। ਪਰ ਆਖ਼ਰ ਉਸ ਨੇ ਆਪਣੀ ਲੜਕੀ ਦੀ ਸ਼ਾਦੀ ਫ਼ਰੁੱਖ਼ ਸ਼ਾਹ ਦੇ ਪੁੱਤਰ ਨਾਲ ਕਰਕੇ ਉਸ ਨੂੰ ਕਾਬਲ ਦੀ ਬਾਦਸ਼ਾਹੀ ਮੋੜ ਦਿੱਤੀ।

ਜਦੋਂ ਗ਼ਜ਼ਨੀ ਤੇ ਕਾਬਲ ਦੇ ਆਪੋ ਵਿਚ ਇਸ ਤਰ੍ਹਾਂ ਦੇ ਲੜਾਈ-ਝਗੜੇ ਹੋ ਰਹੇ ਸਨ, ਤਾਂ ਗ਼ਜ਼ਨੀ ਦੇ ਬਾਦਸ਼ਾਹ ਦਾ ਇਕ ਭਰਾ ਸੈਖ਼ ਸ਼ਈਬ (519 ਹਿਜਰੀ) ਸੰਨ ਈਸਵੀ 1125 ਵਿਚ ਆਪਣਾ ਵਤਨ ਛੱਡ ਕੇ ਆਪਣੇ ਕੁਝ ਰਿਸ਼ਤੇਦਾਰਾਂ ਤੇ ਤਿੰਨਾਂ ਪੁੱਤਰਾਂ ਸਮੇਤ ਕਸੂਰ ਆ ਵੱਸਿਆ। ਕੁਝ ਚਿਰ ਪਿਛੋਂ ਕਸੂਰ ਤੋਂ ਇਹ ਮੁਲਤਾਨ ਚਲੇ ਗਏ, ਤੇ ਫਿਰ ਦਿਪਾਲਪੁਰ ਦੇ ਨੇੜੇ ਇਕ ਨਗਰ ਕੋਠੀਵਾਲ ਜਾ ਵੱਸੇ, ਜਿਸ ਦਾ ਨਾਮ ਐਸ ਵੇਲੇ ਚਾਉਲੀ ਮੁਸ਼ੈਖਾਂ ਹੈ। ਸ਼ੈਖ ਸ਼ਈਬ ਦੇ ਵੱਡੇ ਪੁੱਤਰ ਦਾ ਨਾਮ ਜਮਾਲੁੱ-ਦੀਨ ਸੁਲੇਮਾਨ ਸੀ।

ਗ਼ਜ਼ਨੀ ਤੇ ਕਾਬਲ ਦੇ ਸ਼ਾਹੀ ਝਗੜਿਆਂ ਦੇ ਦਿਨੀਂ ਕਾਬਲ ਦਾ ਰਹਿਣ ਵਾਲਾ ਇਕ ਮੌਲਵੀ ਵਜੀਹ-ਉੱਦੀਨ ਭੀ ਕਾਬਲ ਤੋਂ ਮੁਲਤਾਨ ਦੇ ਜ਼ਿਲੇ ਵਿਚ ਨਗਰ ਕਰੋਰ ਵਿਚ ਆ ਵੱਸਿਆ। ਇਹ ਮੌਲਵੀ ਹਜ਼ਰਤ ਮੁਹੰਮਦ ਸਾਹਿਬ ਦੇ ਚਾਚਾ ਹਜ਼ਰਤ ਅੱਬਾਸ ਦੇ ਖ਼ਾਨਦਾਨ ਵਿਚੋਂ ਸੀ। ਇਸ ਮੌਲਵੀ ਨੇ ਹਜ਼ਰਤ ਅਲੀ ਦੇ ਖ਼ਾਨਦਾਨ ਦੇ ਇਕ ਸੱਯਦ ਮੁਹੰਮਦ ਅਬਦੁੱਲਾ ਸ਼ਾਹ ਦੀ ਲੜਕੀ ਬੀਬੀ ਮਰੀਅਮ ਨੂੰ ਆਪਣੀ ਲੜਕੀ ਬਣਾ ਕੇ ਪਾਲਿਆ ਹੋਇਆ ਸੀ। ਕਾਬਲ ਤੋਂ ਚੱਲਣ ਵੇਲੇ ਇਸ ਲੜਕੀ ਨੂੰ ਭੀ ਇਹ ਮੌਲਵੀ ਆਪਣੇ ਨਾਲ ਲੈ ਆਇਆ।

ਜਦੋਂ ਬੀਬੀ ਮਰੀਅਮ ਜਵਾਨ ਹੋਈ ਤਾਂ ਮੌਲਵੀ ਵਜੀਹ-ਉੱਦੀਨ ਨੇ ਇਸ ਦੀ ਸ਼ਾਦੀ ਸ਼ੈਖ਼ ਸ਼ਈਬ ਦੇ ਵੱਡੇ ਪੁੱਤਰ ਜਮਾਲੁੱਦੀਨ ਨਾਲ ਕਰ ਦਿੱਤੀ। ਇਹਨਾਂ ਦੇ ਘਰ ਤਿੰਨ ਲੜਕੇ ਪੈਦਾ ਹੋਏ, ਤੇ ਇਕ ਲੜਕੀ। ਦੂਜੇ ਪੁੱਤਰ ਦਾ ਨਾਮ ਫਰੀਦੁੱ-ਦੀਨ ਮਸਊਦ ਸੀ। ਇਹ ਹਿਜਰੀ 569 ਦੇ ਮਹੀਨੇ ਰਮਜ਼ਾਨ ਦੀ ਪਹਿਲੀ ਤਾਰੀਖ਼ ਨੂੰ ਪੈਦਾ ਹੋਏ। ਤਦੋਂ ਸੰਨ ਈਸਵੀ 1173 ਸੀ।

16 ਸਾਲ ਦੀ ਉਮਰ ਵਿਚ ਫਰੀਦ ਜੀ ਮਾਪਿਆਂ ਦੇ ਨਾਲ ਹੱਜ ਕਰਨ ਲਈ ਮੱਕੇ ਸ਼ਰਫ਼ਿ ਗਏ। ਵਾਪਸ ਆ ਕੇ ਇਸਲਾਮੀ ਤਾਲੀਮ ਹਾਸਲ ਕਰਨ ਲਈ ਕਾਬਲ ਭੇਜੇ ਗਏ। ਤਾਲੀਮ ਪੂਰੀ ਕਰ ਕੇ ਜਦੋਂ ਇਹ ਮੁਲਤਾਨ ਵਾਪਸ ਆਏ, ਤਾਂ ਇਥੇ ਇਹਨਾਂ ਨੂੰ ਦਿੱਲੀ ਵਾਲੇ ਖ਼੍ਵਾਜਾ ਕੁਤਬੁੱਦੀਨ ਬਖ਼ਤੀਅਰ ਉਸ਼ੀ ਦੇ ਦਰਸ਼ਨ ਹੋਏ। ਫਰੀਦ ਜੀ ਖ਼੍ਵਾਜਾ ਜੀ ਦੇ ਮੁਰੀਦ ਬਣ ਗਏ। ਮੁਰਸ਼ਦ ਦੇ ਹੁਕਮ ਅਨੁਸਾਰ ਕੁਝ ਚਿਰ ਫਰੀਦ ਜੀ ਹਾਂਸੀ ਤੇ ਸਰਸੇ ਭੀ ਇਸਲਾਮੀ ਵਿੱਦਿਆ ਪੜ੍ਹਦੇ ਰਹੇ। ਜਦੋਂ ਖ਼੍ਵਾਜਾ ਕੁਤਬੁੱਦੀਨ ਚੜ੍ਹਾਈ ਕਰ ਗਏ, ਤਾਂ ਫਰੀਦ ਜੀ ਅਜੋਧਣ ਆ ਟਿਕੇ, ਜਿਸ ਨੂੰ ਹੁਣ ਪਾਕਪਟਨ ਆਖਦੇ ਹਨ। ਇਸ ਵਕਤ ਤਕ ਫਰੀਦ ਜੀ ਦੀ ਸ਼ਾਦੀ ਹੋ ਚੁਕੀ ਹੋਈ ਸੀ। ਫਰੀਦ ਜੀ ਦੇ ਛੇ ਲੜਕੇ ਤੇ ਦੋ ਲੜਕੀਆਂ ਸਨ, ਵੱਡੇ ਪੁੱਤਰ ਦਾ ਨਾਮ ਸ਼ੇਖ਼ ਬਦਰੁੱਦੀਨ ਸੁਲੇਮਾਨ ਸੀ। ਬਾਬਾ ਫਰੀਦ ਜੀ ਦੇ ਪਿੱਛੋਂ ਇਹੀ ਉਹਨਾਂ ਦੀ ਗੱਦੀ ਤੇ ਬੈਠਾ।

ਬਾਬਾ ਫਰੀਦ ਜੀ ਨੇ ਹਿਜਰੀ 664 ਦੇ ਮਹੀਨਾ ਮੁਹੱਰਮ ਦੀ ਪੰਜ ਤਾਰੀਖ ਨੂੰ (ਸੰਨ ਈਸਵੀ 1266) 93 ਸਾਲ ਦੀ ਉਮਰ ਵਿਚ ਆਪਣੇ ਪਿੰਡ ਅਜੋਧਣ (ਪਾਕ-ਪਟਨ) ਵਿਚ ਚਲਾਣਾ ਕੀਤਾ।

ਸ਼ੇਖ ਬ੍ਰਹਮ, ਜਿਸ ਨੂੰ ਗੁਰੂ ਨਾਨਕ ਸਾਹਿਬ ਤੀਸਰੀ 'ਉਦਾਸੀ' ਸਮੇ ਪਾਕਪਟਨ ਮਿਲੇ ਸਨ, ਬਾਬਾ ਫਰੀਦ ਜੀ ਦੇ ਖ਼ਾਨਦਾਨ ਵਿਚ ਗਿਆਰ੍ਹਵੇਂ ਥਾਂ ਸੀ। ਜਦੋਂ ਅਮੀਰ ਤੈਮੂਰ ਆਪਣੇ ਹਮਲੇ ਸਮੇ ਸੰਨ 1398 ਵਿਚ ਅਜੋਧਣ ਆਇਆ ਸੀ, ਤਦੋਂ ਬਾਬਾ ਫਰੀਦ ਜੀ ਦਾ ਪੋਤਰਾ ਹਜ਼ਰਤ ਅਲਾਉੱਦੀਨ ਮੌਜਦਰੀਆ ਗੱਦੀ ਤੇ ਸੀ।

ਸ਼ੇਖ ਬ੍ਰਹਮ ਬਾਬਾ ਫਰੀਦ ਜੀ ਦੀ ਗੱਦੀ ਤੇ ਸੰਨ 1510 ਵਿਚ ਬੈਠੇ ਸਨ, ਤੇ 42 ਸਾਲ ਰਹਿ ਕੇ ਸੰਨ 1552 ਵਿਚ ਇਹਨਾਂ ਚੜ੍ਹਾਈ ਕੀਤੀ। ਸਰਹੰਦ ਵਿਚ ਇਹਨਾਂ ਦਾ ਮਕਬਰਾ ਹੈ। ਗੁਰੂ ਨਾਨਕ ਸਾਹਿਬ ਨੇ ਸ਼ੇਖ ਬ੍ਰਹਮ ਪਾਸੋਂ ਹੀ ਬਾਬਾ ਫਰੀਦ ਜੀ ਦੀ ਸਾਰੀ ਬਾਣੀ ਹਾਸਲ ਕੀਤੀ ਸੀ।

ਕਈ ਲਿਖਾਰੀ ਇਹ ਆਖਦੇ ਹਨ ਕਿ ਇਹ ਸ਼ਲੋਕ ਤੇ ਸ਼ਬਦ ਜੋ ਬਾਬਾ ਫਰੀਦ ਜੀ ਦੇ ਨਾਮ ਤੇ ਲਿਖੇ ਹੋਏ ਗੁਰੂ ਗ੍ਰੰਥ ਸਾਹਿਬ ਵਿਚ ਮਿਲਦੇ ਹਨ, ਇਹ ਸ਼ੇਖ਼ ਬ੍ਰਹਮ ਦੇ ਹਨ ਜਿਸ ਨੂੰ ਫਰੀਦ ਸਾਨੀ ਭੀ ਕਿਹਾ ਜਾਂਦਾ ਹੈ। ਪਰ, ਇਹ ਖ਼ਿਆਲ ਉੱਕਾ ਹੀ ਗ਼ਲਤ ਹੈ। ਜੇ ਬਾਬਾ ਫਰੀਦ ਜੀ ਨੇ ਆਪ ਕੋਈ ਬਾਣੀ ਉਚਾਰੀ ਨਾਹ ਹੁੰਦੀ, ਤਾਂ ਉਹਨਾਂ ਦੀ ਗੱਦੀ ਤੇ ਬੈਠੇ ਕਿਸੇ ਹੋਰ ਵਿਅਕਤੀ ਨੂੰ ਕੋਈ ਹੱਕ ਨਹੀਂ ਹੋ ਸਕਦਾ ਕਿ ਉਹ ਫਰੀਦ ਜੀ ਦਾ ਨਾਮ ਵਰਤਦਾ। ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ ਤੇ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਉਚਾਰੀ ਬਾਣੀ ਵਿਚ ਸਤਿਗੁਰੂ ਨਾਨਕ ਦੇਵ ਜੀ ਦਾ ਨਾਮ ਤਾਂ ਹੀ ਵਰਤ ਸਕੇ ਹਨ ਜੇ ਗੁਰੂ ਨਾਨਕ ਦੇਵ ਜੀ ਨੇ ਆਪ ਭੀ ਬਾਣੀ ਉਚਾਰੀ ਤੇ ਲਫ਼ਜ਼ 'ਨਾਨਕ' ਵਰਤਿਆ। ਫਿਰ, ਬਾਬਾ ਫਰੀਦ ਜੀ ਦੀ ਗੱਦੀ ਉੱਤੇ ਉਹਨਾਂ ਤੋਂ ਲੈ ਕੇ ਸ਼ੇਖ ਬ੍ਰਹਮ ਬਾਬਾ ਤਕ ਬਾਬਾ ਜੀ ਤੋਂ ਬਿਨਾ ਕੋਈ ਭੀ ਹੋਰ ਸੱਜਣ ਉਹਨਾਂ ਦੀ ਬਰਾਬਰੀ ਦਾ ਮਸ਼ਹੂਰ ਨਹੀਂ ਹੋਇਆ।

ਇਹ ਖ਼ਿਆਲ ਭੀ ਨਿਰਮੂਲ ਹੈ ਕਿ ਬਾਬਾ ਫਰੀਦ ਜੀ ਦੇ ਸਮੇਂ ਤਕ 'ਪੰਜਾਬੀ ਬੋਲੀ' ਇਤਨੇ ਸੋਹਣੇ ਠੇਠ ਰੂਪ ਵਿਚ ਨਹੀਂ ਅੱਪੜ ਸਕੀ ਸੀ। ਫਰੀਦ ਜੀ ਨੇ ਸੰਨ 1266 ਵਿਚ ਚਲਾਣਾ ਕੀਤਾ। ਗੁਰੂ ਨਾਨਕ ਦੇਵ ਜੀ ਸੰਨ 1469 ਵਿਚ ਜਨਮੇ। ਸਿਰਫ਼ ਦੋ ਸੌ ਸਾਲ ਦੀ ਵਿੱਥ ਸੀ। ਸਤਿਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਬਹੁਤ ਸਾਰੇ ਸ਼ਬਦ ਨਿਰੋਲ ਠੇਠ ਪੰਜਾਬੀ ਦੇ ਹਨ। ਅਕਬਰ ਦੇ ਵੇਲੇ ਕਵੀ ਦਮੋਦਰ ਹੋਇਆ ਹੈ, ਜਿਸ ਨੇ ਠੇਠ ਪੰਜਾਬੀ ਵਿਚ ਹੀਰ ਦਾ ਕਿੱਸਾ ਲਿਖਿਆ ਹੈ। ਜੇ ਬਾਬਾ ਫਰੀਦ ਜੀ ਦੇ ਵੇਲੇ ਅਜੇ 'ਪੰਜਾਬੀ ਬੋਲੀ' ਠੇਠ ਰੂਪ ਵਿਚ ਨਹੀਂ ਸੀ ਆ ਸਕੀ, ਤਾਂ ਇਹਨਾਂ ਦੇ ਤਿੰਨ ਸੌ ਸਾਲਾਂ ਵਿਚ ਇਤਨੀ ਭਾਰੀ ਤਬਦੀਲੀ ਨਹੀਂ ਆ ਸਕਦੀ ਸੀ। 'ਬੋਲੀ' ਬਣਦਿਆਂ ਤੇ ਤਬਦੀਲ ਹੁੰਦਿਆਂ ਸੈਂਕੜੇ ਨਹੀਂ ਹਜ਼ਾਰਾਂ ਸਾਲ ਲੱਗ ਜਾਇਆ ਕਰਦੇ ਹਨ। ਬਾਬਾ ਫਰੀਦ ਜੀ ਭਾਵੇਂ ਅਰਬੀ ਫ਼ਾਰਸੀ ਦੇ ਉੱਘੇ ਵਿਦਵਾਨ ਸਨ, ਪਰ ਉਹ ਪੰਜਾਬ ਵਿਚ ਜੰਮੇ-ਪਾਲੇ ਸਨ, ਤੇ ਪੰਜਾਬੀ ਉਹਨਾਂ ਦੀ ਆਪਣੀ ਬੋਲੀ ਸੀ। ਪੰਜਾਬ ਦੇ ਲੋਕਾਂ ਵਿਚ ਪਰਚਾਰ ਕਰਨ ਲਈ ਸਭ ਤੋਂ ਚੰਗਾ ਵਸੀਲਾ ਪੰਜਾਬੀ ਬੋਲੀ ਹੀ ਹੋ ਸਕਦਾ ਸੀ, ਜੋ ਫਰੀਦ ਜੀ ਨੇ ਵਰਤਿਆ। ਇਲਾਕੇ ਦੇ ਅਸਰ ਹੇਠ ਲਹਿੰਦੀ ਪੰਜਾਬੀ ਦੇ ਲਫ਼ਜ਼ ਬਾਬਾ ਜੀ ਦੀ ਬਾਣੀ ਵਿਚ ਕਾਫ਼ੀ ਹਨ।

ਗੰਜ ਸ਼ਕਰ

ਬਾਬਾ ਫਰੀਦ ਜੀ ਦੇ ਨਾਮ ਨਾਲ ਉਹਨਾਂ ਦੇ ਨਾਮ-ਲੇਵਾ ਲਫ਼ਜ਼ 'ਗੰਜ ਸ਼ਕਰ' ਵਰਤਦੇ ਹਨ। ਬਾਬਾ ਜੀ ਨੂੰ 'ਗੰਜ ਸ਼ਕਰ' ਆਖਣਾ ਕਿਵੇਂ ਸ਼ੁਰੂ ਹੋਇਆ-ਇਸ ਬਾਰੇ ਭੀ ਅਚਰਜ ਕਹਾਣੀਆਂ ਲਿਖੀਆਂ ਮਿਲਦੀਆਂ ਹਨ। ਇਉਂ ਜਾਪਦਾ ਹੈ ਕਿ ਜਿਵੇਂ ਫਰੀਦ ਜੀ ਦੀ ਬਾਣੀ ਨੂੰ ਗ਼ਲਤ ਸਮਝ ਕੇ ਇਹ ਖ਼ਿਆਲ ਬਣਾਏ ਗਏ ਕਿ ਬਾਬਾ ਜੀ ਨੇ ਕਾਠ ਦੀ ਰੋਟੀ ਆਪਣੇ ਪੱਲੇ ਬੱਧੀ ਹੋਈ ਸੀ, ਅਤੇ ਉਹ ਜੰਗਲ ਵਿਚ ਪੁੱਠੇ ਲਟਕ ਕੇ ਤਪ ਕਰਿਆ ਕਰਦੇ ਸਨ, ਇਸੇ ਤਰ੍ਹਾਂ ਉਹਨਾਂ ਦੇ ਜੀਵਨ ਨੂੰ ਗ਼ਲਤ ਸਮਝ ਕੇ ਉਹਨਾਂ ਦੇ 'ਗੰਜ ਸ਼ਕਰ' ਹੋਣ ਦੇ ਸੰਬੰਧ ਵਿਚ ਭੀ ਅਜੀਬ ਸਾਖੀਆਂ ਲਿਖੀਆਂ ਗਈਆਂ ਹਨ।

ਉਹਨਾਂ ਕਹਾਣੀਆਂ ਵਿਚੋਂ ਇਕ ਕਹਾਣੀ ਇਉਂ ਹੈ ਕਿ ਫਰੀਦ ਜੀ ਆਪਣੇ ਨਫ਼ਸ ਨੂੰ ਮਾਰਨ ਲਈ ਤਿੰਨ ਤਿੰਨ ਦਿਨਾਂ ਦਾ ਰੋਜ਼ਾ ਰੱਖਿਆ ਕਰਦੇ ਸਨ। ਇਕ ਵਾਰੀ ਰੋਜ਼ਾ ਰੱਖਿਆ, ਤਿੰਨ ਦਿਨਾਂ ਪਿਛੋਂ ਜਦੋਂ ਰੋਜ਼ਾ ਖੋਲ੍ਹਣਾ ਸੀ ਤਾਂ ਖਾਣ ਨੂੰ ਕੁਝ ਨਾਹ ਮਿਲਿਆ, ਭੁੱਖ ਨਾਲ ਘਬਰਾਏ ਤਾਂ ਫਰੀਦ ਜੀ ਨੇ ਮਿੱਟੀ ਦੀਆਂ ਕੁਝ ਢੇਲੀਆਂ ਮੂੰਹ ਵਿਚ ਪਾਈਆਂ। ਉਹ ਮਿੱਟੀ ਸ਼ਕਰ ਬਣ ਗਈ। ਬੱਸ! ਇਸ ਤੋਂ ਉਹਨਾਂ ਨੂੰ ਲੋਕਾਂ ਨੇ 'ਗੰਜ ਸ਼ਕਰ' ਆਖਣਾ ਸ਼ੁਰੂ ਕਰ ਦਿੱਤਾ।

ਪਰ ਇਹ ਕਹਾਣੀ ਲਿਖਣ ਵਾਲੇ ਨੂੰ ਉਹਨਾਂ ਦੀ ਕਾਠ ਦੀ ਰੋਟੀ ਦਾ ਚੇਤਾ ਨਹੀਂ ਰਿਹਾ। ਜੇ ਫਰੀਦ ਜੀ ਸਿਰਫ਼ ਤਿੰਨ ਦਿਨ ਦੀ ਭੁੱਖ ਨਾਲ ਵਿਆਕੁਲ ਹੋ ਸਕਦੇ ਸਨ, ਤਾਂ ਉਹ ਕਈ ਕਈ ਦਿਹਾੜੇ ਕਾਠ ਦੀ ਰੋਟੀ ਨੂੰ ਚੱਕ ਮਾਰ ਕੇ ਆਪਣੇ ਆਪ ਨੂੰ ਕਿਵੇਂ ਤਸੱਲੀ ਦੇ ਲੈਂਦੇ ਸਨ? ਦੋਵੇਂ ਗੱਲਾਂ ਆਪੋ ਵਿਚ ਮੇਲ ਨਹੀਂ ਖਾਂਦੀਆਂ।

ਅਸਲ ਗੱਲ ਤਾਂ ਬਿਲਕੁਲ ਹੋਰ ਹੈ। ਇਹ ਗੱਲ ਆਮ ਪ੍ਰਸਿੱਧ ਹੈ ਕਿ ਫਰੀਦ ਜੀ ਦੇ ਜੀਵਨ ਦੀ ਛੋਹ ਨਾਲ ਲੱਖਾਂ ਬੰਦਿਆਂ ਨੂੰ ਜ਼ਿੰਦਗੀ ਦਾ ਸਹੀ ਰਾਹ ਲੱਭਾ, ਨਿਰੇ ਮੁਸਲਮਾਨ ਹੀ ਨਹੀਂ, ਲੱਖਾਂ ਹਿੰਦੂਆਂ ਨੇ ਭੀ ਆ ਕੇ ਫਰੀਦ ਜੀ ਦਾ ਪੱਲਾ ਫੜਿਆ। ਆਖ਼ਰ ਇਹ ਗੱਲ ਤਾਂ ਹੀ ਹੋ ਸਕੀ ਜੇ ਬਾਬਾ ਜੀ ਦੇ ਜੀਵਨ ਵਿਚ ਕੋਈ ਖਿੱਚ ਤੇ ਮਿਠਾਸ ਸੀ, ਜੇ ਉਹਨਾਂ ਦੇ ਕੋਲ ਬੈਠਣ ਵਾਲਿਆਂ ਨੂੰ ਕੋਈ ਠੰਢ ਪੈਂਦੀ ਸੀ। ਮਨੁੱਖ ਦੀ ਨਿੰਮ੍ਰਤਾ ਤੇ ਮਿਠਾਸ ਇਕ ਐਸਾ ਗੁਣ ਹੈ ਜੋ ਹੋਰ ਸਾਰੇ ਇਨਸਾਨੀ ਗੁਣਾਂ ਦਾ ਸੋਮਾ ਹੈ, ਹੋਰ ਸਾਰੀਆਂ ਚੰਗਿਆਈਆਂ ਦਾ ਤੱਤ ਹੈ, ਸਾਹਿਬ ਗੁਰੂ ਨਾਨਕ ਦੇਵ ਜੀ ਨੇ ਇਸ ਗੁਣ ਨੂੰ ਇਉਂ ਸਲਾਹਿਆ ਹੈ:

ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ॥

ਰੱਬ ਦੇ ਦਰਵੇਸ਼ ਦੇ ਗੁਣ ਬਿਆਨ ਕਰਨ ਲੱਗਿਆਂ ਫਰੀਦ ਜੀ ਨੇ ਆਪ ਭੀ ਇਹੀ ਆਖਿਆ ਹੈ ਕਿ ਮਿੱਠਾ ਬੋਲਣਾ ਤੇ ਕਿਸੇ ਦਾ ਦਿਲ ਨਾਹ ਦੁਖਾਣਾ ਰੱਬ ਨੂੰ ਮਿਲਣ ਦੇ ਚਾਹਵਾਨ ਲਈ ਸਭ ਤੋਂ ਜ਼ਰੂਰੀ ਗੁਣ ਹੈ:

ਇਕੁ ਫਿਕਾ ਨ ਗਾਲਾਇ, ਸਭਨਾ ਮੈ ਸਚਾ ਧਣੀ ॥ ਹਿਆਉ ਨ ਕੈਹੀ ਠਾਹਿ, ਮਾਣਕ ਸਭ ਅਮੋਲਵੇ ॥129॥ ਸਭਨਾ ਮਨ ਮਾਣਿਕ, ਠਾਹਣੁ ਮੂਲਿ ਮਚਾਂਗਵਾ ॥ ਜੋ ਤਉ ਪਿਰੀਆ ਦੀ ਸਿਕ, ਹਿਆਉ ਨ ਠਾਹੇ ਕਹੀਦਾ ॥130॥

ਬੱਸ! ਇਹੀ ਸ਼ੱਕਰ ਸੀ ਬਾਬਾ ਫਰੀਦ ਜੀ ਦੇ ਮੂੰਹ ਵਿਚ। ਇਹੀ 'ਗੰਜ' ਸੀ ਤੇ ਇਹੀ ਖ਼ਜ਼ਾਨਾ ਸੀ ਸ਼ੱਕਰ ਦਾ, ਜਿਸ ਨੇ ਲੱਖਾਂ ਬੰਦਿਆਂ ਨੂੰ ਉਹਨਾਂ ਦੇ ਚਰਨਾਂ ਦਾ ਭੌਰਾ ਬਣਾ ਰੱਖਿਆ ਸੀ।


ਬਾਬਾ ਫਰੀਦ ਦਾ ਮਜ਼ਹਬ

ਫਰੀਦ ਜੀ ਦੇ ਜੀਵਨ-ਲਿਖਾਰੀ ਫਰੀਦ ਜੀ ਨੂੰ 'ਸੂਫ਼ੀ' ਆਖਦੇ ਹਨ। ਉਹਨਾਂ ਦੇ ਮਜ਼ਹਬ ਦਾ ਨਾਮ ਕੋਈ ਭੀ ਰੱਖ ਲਉ, ਪਰ ਜਦੋਂ ਅਸੀਂ ਉਹਨਾਂ ਦੀ ਆਪਣੀ ਬਾਣੀ ਨੂੰ ਗਹੁ ਨਾਲ ਪੜ੍ਹ ਵਿਚਾਰ ਕੇ ਨਿਰਣਾ ਕਰਦੇ ਹਾਂ, ਤਾਂ ਉਹਨਾਂ ਦੇ ਧਾਰਮਿਕ ਖ਼ਿਆਲ ਹੇਠ-ਲਿਖੇ ਅਨੁਸਾਰ ਦਿੱਸਦੇ ਹਨ:

ਮਨੁੱਖ ਮਿਥੇ ਹੋਏ ਦਿਨ ਲੈ ਕੇ ਜਗਤ ਵਿਚ ਰੱਬ ਨੂੰ ਮਿਲਣ ਲਈ ਆਇਆ ਹੈ, 'ਦਰਵੇਸ਼' ਬਣਨ ਲਈ ਆਇਆ ਹੈ। ਪਰ ਮਾਇਆ ਦੇ ਮੋਹ ਦੀ ਪੋਟਲੀ ਇਸ ਨੂੰ ਨਿੰਦਿਆ ਤੇ ਵੈਰ-ਵਿਰੋਧ ਆਦਿਕ ਕੁਰਾਹੇ ਪਾ ਦੇਂਦੀ ਹੈ।

'ਦਰਵੇਸ਼' ਬਣਨ ਲਈ ਕਿਸੇ ਜੰਗਲ ਵਿਚ ਜਾਣ ਦੀ ਲੋੜ ਨਹੀਂ ਹੈ, ਘਰ ਦੀ ਕਿਰਤ-ਕਾਰ ਕਰਦਿਆਂ ਹਿਰਦੇ ਵਿਚ ਰੱਬ ਨੂੰ ਵੇਖਣਾ ਹੈ। ਐਸੇ 'ਦਰਵੇਸ਼' ਦੇ ਲੱਛਣ ਇਹ ਹਨ-ਸਹਿਨਸ਼ੀਲਤਾ, ਦੁਨੀਆਵੀ ਲਾਲਚ ਤੋਂ ਨਜਾਤ, ਇਕ ਰੱਬ ਦੀ ਆਸ, ਖ਼ਲਕਤਿ ਦੀ ਸੇਵਾ, ਕਿਸੇ ਦਾ ਦਿਲ ਨਾ ਦੁਖਾਉਣਾ, ਹੱਕ ਦੀ ਕਮਾਈ, ਤੇ ਰੱਬ ਦੀ ਯਾਦ। ਜੇ ਮਾਇਆ ਦਾ ਲਾਲਚ ਨਹੀਂ ਮੁੱਕਾ, ਤਾਂ ਧਾਰਮਿਕ ਭੇਖ ਤੇ ਧਾਰਮਿਕ ਆਹਰ 'ਦਰਵੇਸ਼' ਜੀਵਨ ਨੂੰ ਇਤਨਾ ਘੁੱਟ ਦੇਂਦੇ ਹਨ ਕਿ ਉਸ ਦਾ ਪਲ੍ਹਰਨਾ ਔਖਾ ਹੋ ਜਾਂਦਾ ਹੈ।


ਸ਼ਲੋਕਾਂ ਦਾ ਵੇਰਵਾ

ਇਹ ਸਾਰੇ ਸ਼ਲੋਕ ਗਿਣਤੀ ਵਿਚ 130 ਹਨ। ਇਹਨਾਂ ਵਿਚ 18 ਸ਼ਲੋਕ ਗੁਰੂ ਨਾਨਕ ਦੇਵ, ਗੁਰੂ ਅਮਰਦਾਸ, ਗੁਰੂ ਰਾਮ ਦਾਸ ਤੇ ਗੁਰੂ ਅਰਜਨ ਸਾਹਿਬ ਦੇ ਭੀ ਹਨ, ਜੋ ਫਰੀਦ ਜੀ ਦੇ ਕੁਝ ਸ਼ਲੋਕਾਂ ਦੇ ਭਾਵ ਹੋਰ ਵਧੀਕ ਖੁਲ੍ਹੀ ਤਰ੍ਹਾਂ ਸਮਝਾਣ ਵਾਸਤੇ ਲਿਖੇ ਗਏ ਹਨ, ਤਾ ਕਿ ਕੋਈ ਅੰਞਾਣ ਮਨੁੱਖ ਟਪਲਾ ਨਾ ਖਾ ਜਾਏ। ਸੋ, ਫਰੀਦ ਜੀ ਦੇ ਨਿਰੋਲ ਆਪਣੇ ਸ਼ਲੋਕਾਂ ਦਾ ਭਾਵ ਲਿਖਣ ਵੇਲੇ ਸਤਿਗੁਰੂ ਜੀ ਦੇ ਸਲੋਕਾਂ ਨੂੰ ਨਾਲ ਰਲਾਣ ਦੀ ਲੋੜ ਨਹੀਂ ਹੈ।

ਖ਼ਿਆਲ ਦੀ ਮਿਲਵੀਂ ਲੜੀ-ਅਨੁਸਾਰ ਇਹਨਾਂ ਸ਼ਲੋਕਾਂ ਦੇ ਹੇਠ-ਲਿਖੀ ਗਿਣਤੀ ਦੇ ਮੁਤਾਬਿਕ ਪੰਜ ਹਿੱਸੇ ਕੀਤੇ ਗਏ ਹਨ।

1. ਸ਼ਲੋਕ ਨੰ: 1 ਤੋਂ 15 ਤਕ। ਇਹਨਾਂ ਵਿਚ ਸ਼ਲੋਕ ਨੰ: 13 ਗੁਰੂ ਅਮਰਦਾਸ ਜੀ ਦਾ ਹੈ (ਫਰੀਦ ਜੀ ਦੇ ਆਪਣੇ 14 ਹਨ) ।

2. ਸ਼ਲੋਕ ਨੰ: 16 ਤੋਂ 36 ਤਕ (21 ਸ਼ਲੋਕ) । ਇਹਨਾਂ ਵਿਚ ਸ਼ਲੋਕ ਨੰ: 32 ਗੁਰੂ ਨਾਨਕ ਸਾਹਿਬ ਦਾ ਹੈ, (ਫਰੀਦ ਜੀ ਦੇ ਆਪਣੇ 20 ਹਨ) ।

3. ਸ਼ਲੋਕ ਨੰ: 37 ਤੋਂ 65 ਤਕ, (29 ਸ਼ਲੋਕ) । ਇਹਨਾਂ ਵਿਚ ਸ਼ਲੋਕ ਨੰ: 52 ਗੁਰੂ ਅਮਰਦਾਸ ਜੀ ਦਾ ਹੈ (ਫਰੀਦ ਜੀ ਦੇ ਆਪਣੇ 28 ਹਨ) ।

4. ਸ਼ਲੋਕ ਨੰ: 66 ਤੋਂ 92 ਤਕ (27 ਸ਼ਲੋਕ) । ਇਹਨਾਂ ਵਿਚ ਸ਼ਲੋਕ ਨੰ: 75, 82, 83, ਗੁਰੂ ਅਰਜਨ ਸਾਹਿਬ ਦੇ ਹਨ (ਫਰੀਦ ਜੀ ਦੇ ਆਪਣੇ 24 ਹਨ) ।

5. ਸ਼ਲੋਕ ਨੰ: 93 ਤੋਂ 130 ਤਕ, (38 ਸ਼ਲ਼ੋਕ) । ਇਹਨਾਂ ਵਿਚ ਗੁਰੂ ਨਾਨਕ ਦੇਵ ਜੀ ਦੇ ਤਿੰਨ ਸ਼ਲ਼ੋਕ ਹਨ (ਨੰ: 113, 120, 124) , ਗੁਰੂ ਅਮਰਦਾਸ ਜੀ ਦੇ ਤਿੰਨ ਸ਼ਲੋਕ ਹਨ (ਨੰ: 104, 122, 123) , ਗੁਰੂ ਰਾਮਦਾਸ ਜੀ ਦਾ ਇਕ ਸ਼ਲ਼ੋਕ (ਨੰ: 121) , ਤੇ ਗੁਰੂ ਅਰਜਨ ਸਾਹਿਬ ਦੇ ਪੰਜ ਸ਼ਲ਼ੋਕ ਹਨ (ਨੰ: 105, 108 109, 110, 111) । ਫਰੀਦ ਜੀ ਦੇ ਆਪਣੇ ਸ਼ਲੋਕ 26 ਹਨ।

ਸੋ

ਬਾਬਾ ਫਰੀਦ ਜੀ ਦੇ ਕੁੱਲ ਸ਼ਲੋਕ=112

ਗੁਰੂ ਨਾਨਕ ਦੇਵ ਜੀ=4, (ਨੰ: 32, 113, 120, 124)

ਗੁਰੂ ਅਮਰਦਾਸ ਜੀ=5, (13, 52, 104, 122, 123)

ਗੁਰੂ ਰਾਮਦਾਸ ਜੀ=1, (ਨੰ: 121)

ਗੁਰੂ ਅਰਜਨ ਸਾਹਿਬ=8, (ਨੰ: 75, 82, 83, 105, 108 ਤੋਂ 111)

ਕੁੱਲ ਜੋੜ=130


ਬਾਬਾ ਫਰੀਦ ਜੀ ਦੇ ਸ਼ਲੋਕਾਂ ਦਾ ਭਾਵ


ਸ਼ਲੋਕ-ਵਾਰ

(1) ਨੰ: 1 ਤੋਂ 15 ਤਕ=15 ਸ਼ਲੋਕ

ਹਰੇਕ ਜੀਵ ਦੇ ਜ਼ਿੰਦਗੀ ਦੇ ਦਿਨ ਗਿਣੇ-ਮਿਥੇ ਹੋਏ ਹਨ, ਜੀਵ ਇਥੇ ਬੰਦਗੀ, 'ਦਰਵੇਸ਼ੀ' ਕਰਨ ਆਇਆ ਹੈ। ਪਰ ਮਨੁੱਖ ਮੋਹ ਦੀ ਪੋਟਲੀ ਸਿਰ ਉਤੇ ਬੰਨ੍ਹੀ ਫਿਰਦਾ ਹੈ, ਇਹ ਗੁੱਝੀ ਅੱਗ ਹਰ ਵੇਲੇ ਇਸ ਨੂੰ ਸਾੜਦੀ ਹੈ। ਫਿਰ ਭੀ ਮਾਇਆ ਦੇ ਕਾਰਨ ਅਹੰਕਾਰੀ ਹੋਇਆ ਜੀਵ ਰੱਬ ਨਾਲੋਂ ਸਾਕ ਤੋੜ ਲੈਂਦਾ ਹੈ। ਇਸ ਮਸਤੀ ਵਿਚ ਕਿਸੇ ਦੀ ਨਿੰਦਾ ਕਰਦਾ ਹੈ, ਕਿਸੇ ਨਾਲ ਵੈਰ ਬੰਨ੍ਹ ਬਹਿੰਦਾ ਹੈ। ਇਹਨੀ ਕੰਮੀਂ ਜਵਾਨੀ ਦਾ ਸਮਾ (ਜਦੋਂ ਬੰਦਗੀ ਹੋ ਸਕਦੀ ਹੈ) ਗੰਵਾ ਲੈਂਦਾ ਹੈ। ਆਖ਼ਰ ਬੁਢੇਪਾ ਆ ਜਾਂਦਾ ਹੈ, ਦੁਨੀਆ ਦੇ ਪਦਾਰਥ ਭੀ ਨਹੀਂ ਸੁਖਾਂਦੇ, ਕਿਉਂਕਿ ਸਾਰੇ ਅੰਗ ਕਮਜ਼ੋਰ ਹੋ ਜਾਂਦੇ ਹਨ, ਤੇ, ਜਵਾਨੀ ਲੰਘਾ ਕੇ ਬੁੱਢੀ ਉਮਰੇ ਬੰਦਗੀ ਦਾ ਸੁਭਾਉ ਪਕਾਣਾ ਬੜਾ ਔਖਾ ਹੋ ਜਾਂਦਾ ਹੈ। ਅੰਤ ਮਰਨ ਤੇ ਇਹ ਸੋਹਣਾ ਸਰੀਰ ਮਿੱਟੀ ਹੋ ਜਾਂਦਾ ਹੈ। ਪਰ, ਅਚਰਜ ਗੱਲ ਇਹ ਹੈ ਕਿ ਇਸ ਮਨ-ਦੇ-ਮੁਰੀਦ ਬੰਦੇ ਨੂੰ ਕਿਤਨੀ ਭੀ ਮੱਤ ਦਿਉ, ਇਹ ਇੱਕ ਨਹੀਂ ਸੁਣਦਾ।

(2) ਨੰ: 16 ਤੋਂ 36 ਤਕ=21 ਸ਼ਲੋਕ

ਇਸ ਜਗਤ-ਮੇਲੇ ਦੀ ਭੀੜ ਵਿਚ ਕਈ ਵਾਰੀ ਧੱਕੇ ਖਾਣੇ ਪੈਂਦੇ ਹਨ, ਵਧੀਕੀ ਸਹਿਣੀ ਪੈਂਦੀ ਹੈ; ਪਰ, 'ਦਰਵੇਸ਼' ਦੱਭ ਤੇ ਖ਼ਾਕ ਵਾਂਗ ਸਹਿਨ-ਸ਼ੀਲ ਹੋ ਜਾਂਦਾ ਹੈ।

'ਦਰਵੇਸ਼' ਦਾ ਰੱਬੀ ਪਿਆਰ ਕਿਸੇ ਦੁਨੀਆਵੀ ਲਾਲਚ ਦੇ ਆਸਰੇ ਨਹੀਂ ਹੁੰਦਾ। ਉਸ ਨੂੰ ਇਹ ਲੋੜ ਭੀ ਨਹੀਂ ਪੈਂਦੀ ਕਿ ਰੱਬ ਨੂੰ ਜੰਗਲਾਂ ਵਿਚ ਲੱਭਣ ਜਾਏ, ਉਸ ਨੂੰ ਹਿਰਦੇ ਵਿਚ ਹੀ ਲੱਭ ਪੈਂਦਾ ਹੈ। ਪਰ, 'ਦਰਵੇਸ਼ੀ' ਕਮਾਣ ਦਾ ਵੇਲਾ ਜਵਾਨੀ ਹੀ ਹੈ।

'ਦਰਵੇਸ਼' ਕਦੇ ਪਰਾਈ ਆਸ ਨਹੀਂ ਤੱਕਦਾ, ਤੇ ਨਾ ਹੀ ਘਰ ਆਏ ਕਿਸੇ ਪਰਦੇਸੀ ਦੀ ਸੇਵਾ ਤੋਂ ਚਿੱਤ ਚੁਰਾਂਦਾ ਹੈ।

ਸੁਖੀ ਜੀਵਨ ਦੀ ਖ਼ਾਤਰ ਬੰਦਗੀ ਤੋਂ ਬਿਨਾ ਕੋਈ ਆਹਰ ਕਰਨੇ ਮੂਰਖਪੁਣਾ ਹੈ। ਦਰਵੇਸ਼ ਨੂੰ ਕੋਈ ਹੋਰ ਲਾਲਚ ਆਦਿਕ ਬੰਦਗੀ ਦੇ ਰਾਹ ਤੋਂ ਲਾਂਭੇ ਨਹੀਂ ਲੈ ਜਾ ਸਕਦਾ, ਕਿਉਂਕਿ ਉਹ ਜਾਣਦਾ ਹੈ ਕਿ ਜਿਸ ਸਰੀਰ ਦੇ ਸੁਖ ਲਈ ਜਗਤ ਉਕਾਈ ਖਾਂਦਾ ਹੈ, ਆਖ਼ਰ ਉਹ ਸਰੀਰ ਭੀ ਮਿੱਟੀ ਵਿਚ ਮਿਲ ਜਾਂਦਾ ਹੈ। ਸੋ, 'ਦਰਵੇਸ਼' ਸਰੀਰ ਦੇ ਨਿਰਬਾਹ ਲਈ ਪਰਾਈ ਚੋਪੜੀ ਨਾਲੋਂ ਆਪਣੀ ਕਮਾਈ ਹੋਈ ਰੁੱਖੀ-ਮਿੱਸੀ ਨੂੰ ਵਧੀਕ ਚੰਗਾ ਜਾਣਦਾ ਹੈ।

'ਦਰਵੇਸ਼' ਇਕ ਪਲ ਭਰ ਭੀ ਰੱਬ ਦੀ ਯਾਦ ਤੋਂ ਬਿਨਾ ਨਹੀਂ ਰਹਿ ਸਕਦਾ। ਸਿਮਰਨ ਤੋਂ ਖੁੰਝ ਕੇ ਧਾਰਮਿਕ ਭੇਖ ਤੇ ਸਾਧਨਾਂ ਨੂੰ 'ਦਰਵੇਸ਼' ਨਿਕੰਮੇ ਜਾਣਦਾ ਹੈ, ਕਿਉਂਕਿ ਇਹਨਾਂ ਵਿਚ ਉਮਰ ਵਿਅਰਥ ਹੀ ਗੁਜ਼ਰਦੀ ਹੈ, ਚਿੰਤਾ ਤੇ ਦੁੱਖ ਸਦਾ ਵਾਪਰਦੇ ਹੀ ਰਹਿੰਦੇ ਹਨ। ਜਿਸ ਮਨੁੱਖ ਨੂੰ ਕਦੇ ਚੇਤਾ ਨਹੀਂ ਆਇਆ ਕਿ ਮੈਂ ਰੱਬ ਤੋਂ ਵਿਛੁੜਿਆ ਪਿਆ ਹਾਂ, ਉਸ ਦੀ ਆਤਮਾ ਵਿਕਾਰਾਂ ਵਿਚ ਸੜ ਗਈ ਜਾਣੋ।

(3) ਨੰ: 37 ਤੋਂ 65 ਤਕ = 29 ਸ਼ਲੋਕ:

ਦੁਨੀਆ ਦੇ ਇਹਨਾਂ ਖੰਡ-ਗਲੇਫੇ ਪਰ ਜ਼ਹਿਰੀਲੇ ਪਦਾਰਥਾਂ ਦੀ ਖ਼ਾਤਰ ਮਨੁੱਖ ਸਾਰਾ ਦਿਨ ਭਟਕਦਾ ਹੈ, ਤੇ ਉਮਰ ਦੁੱਖਾਂ ਵਿਚ ਗੁਜ਼ਾਰਦਾ ਹੈ। ਬੁਢੇਪੇ ਵਿਚ ਭੀ ਇਸ ਦਾ ਇਹੀ ਹਾਲ ਰਹਿੰਦਾ ਹੈ, ਦੂਜਿਆਂ ਦੇ ਦਰ ਤੇ ਜਾ ਜਾ ਕੇ ਧੱਕੇ ਖਾਂਦਾ ਹੈ। ਹੈ ਸੀ ਇਹ ਸ੍ਰਿਸ਼ਟੀ ਦਾ ਸਰਦਾਰ; ਪਰ ਇਸਦੀ ਸਾਰੀ ਉਮਰ, ਮਾਨੋ, ਕੋਲੇ ਵਿਹਾਝਦਿਆਂ ਲੰਘ ਜਾਂਦੀ ਹੈ।

ਮਨੁੱਖਾ ਜੀਵਨ ਦੀ ਕਾਮਯਾਬੀ ਦਾ ਮਾਪ ਇਹ ਪਦਾਰਥ ਨਹੀਂ ਹਨ, ਕਿਉਂਕਿ ਛਤ੍ਰ-ਧਾਰੀ ਪਾਤਸ਼ਾਹ ਭੀ ਆਖ਼ਰ ਯਤੀਮਾਂ ਵਰਗੇ ਹੋ ਗਏ। ਮਹਲ-ਮਾੜੀਆਂ ਵਾਲੇ ਭੀ ਇਥੇ ਹੀ ਛੱਡ ਕੇ ਤੁਰ ਗਏ। ਇਹ ਪਦਾਰਥ ਤਾਂ ਕਿਤੇ ਰਹੇ, ਇਸ ਆਪਣੀ ਜਿੰਦ ਦੀ ਭੀ ਕੋਈ ਪਾਂਇਆਂ ਨਹੀਂ; ਇਸ ਨਾਲੋਂ ਤਾਂ ਨਕਾਰੀ ਗੋਦੜੀ ਦਾ ਹੀ ਵਧੀਕ ਇਤਬਾਰ ਹੋ ਸਕਦਾ ਹੈ। ਵੇਂਹਦਿਆਂ ਵੇਂਹਦਿਆਂ ਹੀ ਮੌਤ ਇਸ ਸਰੀਰ-ਕਿਲ੍ਹੇ ਨੂੰ ਲੁੱਟ ਕੇ ਲੈ ਜਾਂਦੀ ਹੈ। ਸੋ, ਇਹ ਪਦਾਰਥ ਭੀ ਨਾਲ ਨਾ ਨਿਭੇ, ਤੇ ਇਹਨਾਂ ਦੀ ਖ਼ਾਤਰ ਕੀਤੇ ਮੰਦੇ ਕੰਮਾਂ ਦੇ ਕਾਰਨ ਉਮਰ ਭੀ ਦੁੱਖਾਂ ਵਿਚ ਕੱਟੀ।

ਬਾਹਰਲਾ ਧਾਰਮਿਕ ਭੇਖ ਭੀ ਸਹੈਤਾ ਨਹੀਂ ਕਰਦਾ। ਚਾਹੀਦਾ ਤਾਂ ਇਹ ਹੈ ਕਿ ਬੰਦਗੀ ਦੀ ਬਰਕਤਿ ਨਾਲ ਇਹਨਾਂ 'ਵਿਸੁ-ਗੰਦਲਾਂ' ਦਾ ਲਾਲਚ ਨਾ ਰਹੇ।

ਇਹਨਾਂ 'ਵਿਸੁ-ਗੰਦਲਾਂ' ਦੀ ਖ਼ਾਤਰ ਭਟਕਦਿਆਂ ਜਵਾਨੀ ਬੀਤ ਜਾਂਦੀ ਹੈ, ਧੌਲੇ ਆ ਜਾਂਦੇ ਹਨ। ਆਖ਼ਰ ਕਦ ਤਕ? ਜ਼ਿੰਦਗੀ ਦੇ ਗਿਣਵੇਂ ਦਿਨ ਮੁੱਕਦੇ ਜਾਂਦੇ ਹਨ, ਮਹਲ-ਮਾੜੀਆਂ ਤੇ ਧਨ ਇਥੇ ਹੀ ਪਏ ਰਹਿ ਜਾਂਦੇ ਹਨ, ਤੇ ਖਸਮ ਦੇ ਦਰ ਤੇ ਜਾ ਕੇ ਸ਼ਰਮਿੰਦਾ ਹੋਣਾ ਪੈਂਦਾ ਹੈ।

ਜੇ ਫ਼ਕੀਰੀ ਦੇ ਰਾਹ ਤੁਰਦੇ ਹੋਇਆਂ, ਤੇ ਆਪਣੇ ਵਲੋਂ ਧਾਰਮਿਕ ਜੀਵਨ ਬਤੀਤ ਕਰਦੇ ਹੋਇਆਂ, ਮਨ ਵਿਚ 'ਵਿਸੁ-ਗੰਦਲਾਂ' ਲਈ ਭਟਕਣਾ ਟਿਕੀ ਰਹੇ ਤਾਂ ਸਾਰੇ ਧਾਰਮਿਕ ਉੱਦਮ ਬਾਹਰ-ਮੁਖੀ ਹੋ ਜਾਂਦੇ ਹਨ। ਸਗੋਂ, ਇਕ ਨੁਕਸਾਨ ਦਾ ਖ਼ਤਰਾ ਹੋ ਜਾਂਦਾ ਹੈ ਕਿ ਉਹ ਪਹਿਲਾ ਧਾਰਮਿਕ ਚਾਅ ਮੁੱਕ ਹੀ ਜਾਂਦਾ ਹੈ, ਉਸ ਦਾ ਮੁੜ ਪਲ੍ਹਰਨਾ ਔਖਾ ਹੋ ਜਾਂਦਾ ਹੈ। ਪਰ, ਹੰਸ ਇਸ ਦੁਨੀਆ-ਕੱਲਰ ਦੀ ਛਪੜੀ ਵਿਚੋਂ ਪਾਣੀ ਨਹੀਂ ਪੀਂਦਾ, ਹੰਸ ਕੋਧਰਾ ਨਹੀਂ ਖਾਂਦਾ, ਉਸ ਦੀ ਖ਼ੁਰਾਕ ਮਾਨਸਰੋਵਰ ਦੇ ਮੋਤੀ ਹਨ।

(4) ਨੰ: 66 ਤੋਂ 92 ਤਕ=27 ਸ਼ਲੋਕ:

ਇਸ ਸੰਸਾਰ-ਸਰੋਵਰ ਦੇ ਜੀਵ-ਪੰਛੀਆਂ ਦੀਆਂ ਡਾਰਾਂ ਵਿਚੋਂ ਨਿੱਤ ਕਿਸੇ ਨਾ ਕਿਸੇ ਦੀ ਤੁਰਨ ਦੀ ਵਾਰੀ ਆਉਂਦੀ ਰਹਿੰਦੀ ਹੈ। ਇਥੇ ਬੰਦਗੀ-ਹੀਣ ਬੰਦੇ ਦਾ ਜੀਵਨ ਕਿਸੇ ਕੰਮ ਦਾ ਨਹੀਂ। ਇਥੇ ਹੀ ਰਹਿ ਜਾਣ ਵਾਲੀ ਮਾਇਆ ਦੇ ਕਾਰਨ ਉਸ ਦਾ ਆਕੜਿਆ ਹੋਇਆ ਸਿਰ ਸੁੱਕੀ ਲੱਕੜੀ ਹੀ ਸਮਝੋ।

ਅਹੰਕਾਰੀ ਮਨੁੱਖ ਇਸ ਜ਼ਿੰਦਗੀ ਨੂੰ ਇਤਨਾ ਦੋਜ਼ਕ ਬਣਾ ਦੇਂਦੇ ਹਨ ਕਿ ਜੀਊਣ ਦਾ ਕੋਈ ਚਾਅ ਹੀ ਨਹੀਂ ਰਹਿ ਜਾਂਦਾ। ਪਰ ਮਾਇਆ ਦਾ ਮਾਣ ਤਾਂ ਕਿਤੇ ਰਿਹਾ, ਇਹ ਆਪਣੇ ਸਰੀਰਕ ਅੰਗ ਭੀ ਆਖ਼ਰ ਜਵਾਬ ਦੇ ਜਾਂਦੇ ਹਨ। ਕਿਸੇ ਨੂੰ ਦੁਖਾਣਾ ਹੈ ਹੀ ਮੂਰਖਤਾ। ਇਥੇ ਤਾਂ ਸਾਰੇ ਪੰਛੀ ਪਰਾਹੁਣੇ ਹੀ ਹਨ। ਇਸ ਸੰਸਾਰ-ਰੁੱਖ ਤੇ ਗਫ਼ਲਤਿ ਵਿਚ ਸਾਰੀ ਰਾਤ ਸੁੱਤੇ ਰਹਿਣ ਦੇ ਥਾਂ ਅਗਲੇ ਸਫ਼ਰ ਦੀ ਤਿਆਰੀ ਕਰਨ ਦੀ ਲੋੜ ਹੈ।

ਮਾਇਆ ਵਿਚ ਭੁੱਲ ਕੇ, ਬੰਦਗੀ-ਹੀਣ ਹੋ ਕੇ ਸਭ ਜੀਵ ਦੁਖੀ ਹੋ ਰਹੇ ਹਨ, ਇਹ ਆਪਣੇ-ਹੀ-ਕੀਤੇ ਮੰਦ ਕਰਮਾਂ ਦਾ ਫਲ ਮਿਲਦਾ ਹੈ, ਦਿਨ ਦੁੱਖਾਂ ਵਿਚ ਤੇ ਰਾਤ ਚਿੰਤਾ ਵਿਚ ਬੀਤਦੀ ਹੈ। ਦੁੱਖਾਂ ਦੇ ਇਸ ਹੜ੍ਹ ਵਿਚ ਰੁੜ੍ਹਨੋਂ ਸਿਰਫ਼ ਉਹ ਮਨੁੱਖ ਬਚਦੇ ਹਨ, ਜਿਨ੍ਹਾਂ ਦੀ ਜ਼ਿੰਦਗੀ ਦਾ ਮਲਾਹ ਗੁਰੂ ਹੈ।

ਜਗਤ ਵਿਚ ਚਾਰ-ਚੁਫੇਰੇ ਸੁਆਦਲੇ ਤੇ ਮਨ-ਮੋਹਣੇ ਮਨੁੱਖ ਦੇ ਮਨ ਨੂੰ ਖਿੱਚ ਪਾਂਦੇ ਹਨ, ਇਹਨਾਂ ਦੇ ਚਸਕਿਆਂ ਵਿਚ ਪੈ ਕੇ ਸਰੀਰ ਦਾ ਸੱਤਿਆਨਾਸ ਹੋ ਜਾਂਦਾ ਹੈ, ਪਰ, ਝਾਕ ਨਹੀਂ ਮਿਟਦੀ। ਹਾਂ, ਜਿਸ ਹਿਰਦੇ ਵਿਚ ਖਸਮ-ਪ੍ਰਭੂ ਦਾ ਪਿਆਰ ਵੱਸਦਾ ਹੈ, ਉਸ ਨੂੰ ਕੋਈ ਵਿਕਾਰ ਵਿਸ਼ੇ-ਭੋਗਾਂ ਵਲ ਪਰੇਰ ਨਹੀਂ ਸਕਦੇ।

(5) ਨੰ: 93 ਤੋਂ 130 ਤਕ=38 ਸ਼ਲੋਕ:

ਮਨੁੱਖ ਦੇ ਵੇਖਦਿਆਂ ਹੀ ਖ਼ਲਕਤ ਮੌਤ ਦਾ ਸ਼ਿਕਾਰ ਹੋ ਕੇ ਕਬਰੀਂ ਪੈਂਦੀ ਜਾ ਰਹੀ ਹੈ। ਇਹ ਬੰਦਾ ਨਦੀ-ਕੰਢੇ ਰੁੱਖੜੇ ਵਾਂਗ ਹੈ, ਉਸ ਬਗੁਲੇ ਵਾਂਗ ਹੈ, ਜਿਸ ਨੂੰ ਕੇਲ ਕਰਦੇ ਨੂੰ ਬਾਜ਼ ਆ ਬੋਚਦਾ ਹੈ। ਸਾਰੇ ਜਗਤ ਨੂੰ ਮੌਤ ਦੀ ਢਾਹ ਲੱਗੀ ਹੋਈ ਹੈ, ਚੰਗੇ ਪਲੇ ਹੋਏ ਸਰੀਰ ਭੀ ਮੌਤ ਤੋਂ ਨਹੀਂ ਬਚ ਸਕਦੇ, ਕਿਉਂਕਿ ਬੁਢੇਪਾ ਆਇਆਂ ਆਖ਼ਰ ਪਲੇ ਹੋਏ ਅੰਗ ਭੀ ਕਮਜ਼ੋਰ ਹੋ ਜਾਂਦੇ ਹਨ, ਜਿਵੇਂ ਰੁੱਖ ਤੋਂ ਪੱਤਰ ਝੜ ਜਾਂਦੇ ਹਨ। ਪਰ, ਇਹ ਵੇਖਦਿਆਂ ਭੀ ਹਰੇਕ ਮਨੁੱਖ ਸੁਆਰਥ ਦਾ ਮਾਰਿਆ ਪਿਆ ਹੈ। ਅਜੇਹੇ ਮਨੁੱਖ ਨਾਲੋਂ ਤਾਂ ਉਹ ਪੰਛੀ ਚੰਗੇ, ਜੋ ਕੰਕਰ ਚੁਗ ਕੇ ਰੁੱਖਾਂ ਤੇ ਆਲ੍ਹਣੇ ਬਣਾ ਗੁਜ਼ਾਰਾ ਕਰਦੇ ਹਨ, ਪਰ ਰੱਬ ਨੂੰ ਚੇਤੇ ਰੱਖਦੇ ਹਨ।

ਅਜੇਹੇ ਮਹਲ-ਮਾੜੀਆਂ ਦੇ ਵਸੇਬੇ ਨਾਲੋਂ ਤਾਂ ਕੰਬਲੀ ਪਾ ਕੇ ਫ਼ਕੀਰ ਬਣ ਜਾਣਾ ਚੰਗਾ ਹੈ ਜੇ ਉਥੇ ਰੱਬ ਚੇਤੇ ਰਹਿ ਸਕੇ, ਕਿਉਂਕਿ ਮਹਲ-ਮਾੜੀਆਂ ਦਾ ਵਾਸਾ ਤੇ ਹੰਢਾਣ ਲਈ ਪੱਟ-ਰੇਸ਼ਮ ਹੁੰਦਿਆਂ ਭੀ ਜੇ ਰੱਬ ਵਿਸਰਿਆ ਹੈ ਤਾਂ ਇਥੇ ਭੀ ਦੁੱਖ ਹੀ ਦੁੱਖ, ਤੇ ਰੱਬ ਦੀ ਹਜ਼ੂਰੀ ਵਿਚ ਭੀ ਸ਼ਰਮਿੰਦਗੀ।

ਉਂਞ ਕੰਬਲੀ ਪਾ ਕੇ ਫ਼ਕੀਰ ਬਣਨ ਦੀ ਲੋੜ ਨਹੀਂ, ਘਰ ਵਿਚ ਰਹਿ ਕੇ ਹੀ 'ਦਰਵੇਸ਼ੀ' ਕਮਾਣੀ ਹੈ। ਉਹ ਦਰਵੇਸ਼ੀ ਹੈ-ਅੰਮ੍ਰਿਤ ਵੇਲੇ ਉੱਠ ਕੇ ਮਾਲਕ ਨੂੰ ਯਾਦ ਕਰਨਾ, ਹੋਰ ਝਾਕ ਛੱਡ ਕੇ ਸਬਰ ਧਾਰਨਾ (ਇਹ ਪੈਂਡਾ ਔਖਾ ਜ਼ਰੂਰ ਹੈ, ਪਰ ਮਾਇਆ ਦੀਆਂ ਅਨੇਕਾਂ ਫਾਹੀਆਂ ਵਿਚੋਂ ਬਚਣ ਲਈ ਰਸਤਾ ਇਹੀ ਹੈ) , ਨਿਮ੍ਰਤਾ, ਸਹਿਨ-ਸ਼ੀਲਤਾ, ਮਿੱਠਾ ਬੋਲਣਾ ਤੇ ਕਿਸੇ ਦਾ ਦਿਲ ਨਾ ਦੁਖਾਣਾ, ਕਿਉਂਕਿ ਸਭ ਵਿਚ ਉਹੀ ਮਾਲਕ ਮੌਜੂਦ ਹੈ ਜਿਸ ਦੀ ਬੰਦਗੀ ਕਰਨ ਲਈ ਮਨੁੱਖ ਇਥੇ ਆਇਆ ਹੈ।


ਸੰਖੇਪ-ਭਾਵ

1. (ਸ਼ਲੋਕ ਨੰ: 1 ਤੋਂ 15 ਤਕ) ਮਨੁੱਖ ਮਿਥੇ ਹੋਏ ਦਿਨ ਲੈ ਕੇ, 'ਦਰਵੇਸ਼ੀ' ਲਈ ਆਉਂਦਾ ਹੈ, ਪਰ, ਮਾਇਆ ਦੇ ਮੋਹ ਦੀ ਪੋਟਲੀ ਇਸ ਨੂੰ ਨਿੰਦਾ ਵੈਰ ਆਦਿਕ ਵਾਲੇ ਕੁਰਾਹੇ ਪਾ ਦੇਂਦੀ ਹੈ।

2. (ਸ਼ਲੋਕ ਨੰ: 16 ਤੋਂ 26 ਤਕ) ਸਹਨ-ਸ਼ੀਲਤਾ, ਦੁਨੀਆਵੀ ਲਾਲਚ ਤੋਂ ਨਜਾਤ, ਇਕ ਰੱਬ ਦੀ ਆਸ, ਖ਼ਲਕਤਿ ਦੀ ਸੇਵਾ, ਹੱਕ ਦੀ ਕਮਾਈ, ਤੇ ਰੱਬ ਦੀ ਯਾਦ-ਇਹ ਹਨ ਲੱਛਣ 'ਦਰਵੇਸ਼' ਦੇ। ਐਸੇ 'ਦਰਵੇਸ਼' ਨੂੰ ਜੰਗਲ ਵਿਚ ਜਾਣ ਦੀ ਲੋੜ ਨਹੀਂ ਪੈਂਦੀ, ਘਰ ਵਿਚ ਹੀ ਉਹ ਰੱਬ ਨੂੰ ਮਿਲ ਪੈਂਦਾ ਹੈ।

3. (ਸ਼ਲੋਕ ਨੰ: 37 ਤੋਂ 65 ਤਕ) ਮਾਇਆ ਦੀ ਖ਼ਾਤਰ ਭਟਕਦਿਆਂ ਸਾਰੀ ਉਮਰ ਖ਼ੁਆਰੀ ਵਿਚ ਲੰਘਦੀ ਹੈ, ਮਾਇਆ ਭੀ ਇਥੇ ਹੀ ਰਹਿ ਜਾਂਦੀ ਹੈ। ਜਿਤਨਾ ਚਿਰ ਮਾਇਆ ਦਾ ਲਾਲਚ ਮੌਜੂਦ ਹੈ ਧਾਰਮਿਕ ਭੇਖ ਤੇ ਆਹਰ 'ਦਰਵੇਸ਼' ਜੀਵਨ ਨੂੰ ਸਗੋਂ ਘੁੱਟ ਦੇਂਦੇ ਹਨ, ਉਸ ਦਾ ਪਲ੍ਹਰਨਾ ਔਖਾ ਹੋ ਜਾਂਦਾ ਹੈ।

4. (ਸ਼ਲੋਕ ਨੰ: 65 ਤੋਂ 93 ਤਕ) ਇਥੇ ਹੀ ਰਹਿ ਜਾਣ ਵਾਲੀ ਮਾਇਆ ਦੇ ਕਾਰਨ ਅਹੰਕਾਰੀ ਹੋਇਆ ਮਨੁੱਖ ਜ਼ਿੰਦਗੀ ਨੂੰ ਇਤਨਾ ਦੋਜ਼ਕ ਬਣਾ ਦੇਂਦਾ ਹੈ ਕਿ ਜੀਊਣ ਦਾ ਚਾਅ ਹੀ ਮੁੱਕ ਜਾਂਦਾ ਹੈ। ਦਿਨ ਰਾਤ ਦੁੱਖਾਂ ਵਿਚ ਬੀਤਦੇ ਹਨ, ਮਨ-ਮੋਹਣੇ ਪਦਾਰਥਾਂ ਦੇ ਚਸਕੇ ਸਰੀਰ ਦਾ ਸੱਤਿਆਨਾਸ ਕਰ ਦੇਂਦੇ ਹਨ। ਇਹ ਜੀਵਨ ਅਸਲ ਵਿਚ 'ਦਰਵੇਸ਼ੀ' ਕਮਾਣ ਲਈ ਮਿਲਿਆ ਹੈ। ਜੋ ਮਨੁੱਖ ਪ੍ਰਭੂ-ਪਿਆਰ ਵਿਚ ਜੁੜਦਾ ਹੈ ਉਸ ਨੂੰ ਵਿਸ਼ੇ-ਭੋਗ ਸਤਾਂਦੇ ਨਹੀਂ ਹਨ। ਉਹ ਸੁਖੀ ਹੋ ਜਾਂਦਾ ਹੈ।

5. (ਸ਼ਲੋਕ ਨੰ: 93 ਤੋਂ 130 ਤਕ) ਦੂਜਿਆਂ ਨੂੰ ਮਰਦਿਆਂ ਵੇਖ ਕੇ ਭੀ ਸੁਆਰਥ-ਵਿਚ-ਫਸਿਆ ਮਨੁੱਖ ਰੱਬ ਨੂੰ ਚੇਤੇ ਨਹੀਂ ਕਰਦਾ। ਅਜੇਹੇ ਮਨੁੱਖ ਨਾਲੋਂ ਪੰਛੀ ਚੰਗੇ। ਅਜੇਹੇ ਮਹਲ-ਮਾੜੀਆਂ ਨਾਲੋਂ ਫ਼ਕੀਰੀ ਚੰਗੀ। ਉ​ਂਞ ਘਰ-ਘਾਟ ਛੱਡਣ ਦੀ ਲੋੜ ਨਹੀਂ ਹੈ। ਘਰ ਵਿਚ ਰਹਿੰਦਿਆਂ ਹੀ 'ਦਰਵੇਸ਼ੀ' ਕਮਾਣੀ ਹੈ। ਉਹ 'ਦਰਵੇਸ਼ੀ' ਇਹ ਹੈ-ਅੰਮ੍ਰਿਤ ਵੇਲੇ ਪ੍ਰਭੂ ਦੀ ਯਾਦ, ਇਕ ਰੱਬ ਦੀ ਆਸ, ਨਿੰਮ੍ਰਤਾ, ਸਹਿਨ-ਸ਼ੀਲਤਾ ਤੇ ਕਿਸੇ ਦਾ ਦਿਲ ਨਾਹ ਦੁਖਾਣਾ।


ਸਲੋਕ ਸੇਖ ਫਰੀਦ ਕੇ ੴ ਸਤਿਗੁਰ ਪ੍ਰਸਾਦਿ ॥ ਜਿਤੁ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਇ ॥ ਮਲਕੁ ਜਿ ਕੰਨੀ ਸੁਣੀਦਾ ਮੁਹੁ ਦੇਖਾਲੇ ਆਇ ॥ ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ ॥ ਸਾਹੇ ਲਿਖੇ ਨ ਚਲਨੀ ਜਿੰਦੂ ਕੂੰ ਸਮਝਾਇ ॥ ਜਿੰਦੁ ਵਹੁਟੀ ਮਰਣੁ ਵਰੁ ਲੈ ਜਾਸੀ ਪਰਣਾਇ ॥ ਆਪਣ ਹਥੀ ਜੋਲਿ ਕੈ ਕੈ ਗਲਿ ਲਗੈ ਧਾਇ ॥ ਵਾਲਹੁ ਨਿਕੀ ਪੁਰਸਲਾਤ ਕੰਨੀ ਨ ਸੁਣੀ ਆਇ ॥ ਫਰੀਦਾ ਕਿੜੀ ਪਵੰਦੀਈ ਖੜਾ ਨ ਆਪੁ ਮੁਹਾਇ ॥੧॥ {ਪੰਨਾ 1377}

ਪਦ ਅਰਥ: ਜਿਤੁ = ਜਿਸ ਵਿਚ। ਜਿਤੁ ਦਿਹਾੜੈ = ਜਿਸ ਦਿਨ ਵਿਚ, ਜਿਸ ਦਿਨ। ਧਨ = ਇਸਤ੍ਰੀ। ਵਰੀ = ਚੁਣੀ ਜਾਇਗੀ, ਵਿਆਹੀ ਜਾਇਗੀ। ਸਾਹੇ = (ਉਸ ਦਾ) ਨੀਯਤ ਸਮਾ। ਮਲਕੁ = ਮਲਕੁਤ ਮੌਤ, (ਮੌਤ ਦਾ) ਫ਼ਰਿਸਤਾ। ਕੂੰ = ਨੂੰ। ਨ ਚਲਨੀ = ਨਹੀਂ ਟਲ ਸਕਦੇ। ਜਿੰਦੁ ਕੂੰ = ਜਿੰਦ ਨੂੰ। ਮਰਣੁ = ਮੌਤ। ਵਰੁ = ਲਾੜਾ। ਪਰਣਾਇ = ਵਿਆਹ ਕੇ। ਜੋਲਿ ਕੈ = ਤੋਰ ਕੇ। ਕੈ ਗਲਿ = ਕਿਸ ਦੇ ਗਲ ਵਿਚ? ਧਾਇ = ਦੌੜ ਕੇ। ਵਾਲਹੁ = ਵਾਲ ਤੋਂ। ਪੁਰਸਲਾਤ = ਪੁਲ ਸਿਰਾਤ। ਕੰਨੀ = ਕੰਨਾਂ ਨਾਲ। ਕਿੜੀ ਪਵੰਦੀਈ = ਵਾਜਾਂ ਪੈਂਦਿਆਂ। ਕਿੜੀ = ਵਾਜ। ਆਪੁ = ਆਪਣੇ ਆਪ ਨੂੰ। ਨ ਮੁਹਾਇ = ਨਾ ਠੱਗਾ, ਧੋਖੇ ਵਿਚ ਨਾ ਪਾ, ਨਾ ਲੁਟਾ।

ਅਰਥ: ਜਿਸ ਦਿਨ (ਜੀਵ-) ਇਸਤ੍ਰੀ ਵਿਆਹੀ ਜਾਇਗੀ, ਉਹ ਸਮਾ (ਪਹਿਲਾਂ ਹੀ) ਲਿਖਿਆ ਗਿਆ ਹੈ (ਭਾਵ, ਜੀਵ ਦੇ ਜਗਤ ਵਿਚ ਆਉਣ ਤੋਂ ਪਹਿਲਾਂ ਹੀ ਇਸ ਦੀ ਮੌਤ ਦਾ ਸਮਾ ਮਿਥਿਆ ਜਾਂਦਾ ਹੈ) , ਮੌਤ ਦਾ ਫ਼ਰਿਸਤਾ ਜੋ ਕੰਨਾਂ ਨਾਲ ਸੁਣਿਆ ਹੀ ਹੋਇਆ ਸੀ, ਆ ਕੇ ਮੂੰਹ ਵਿਖਾਂਦਾ ਹੈ (ਭਾਵ, ਜਿਸ ਬਾਰੇ ਪਹਿਲਾਂ ਹੋਰਨਾਂ ਦੀ ਮੌਤ ਸਮੇ ਸੁਣਿਆ ਸੀ, ਹੁਣ ਉਸ ਜੀਵ-ਇਸਤ੍ਰੀ ਨੂੰ ਆ ਮੂੰਹ ਵਿਖਾਂਦਾ ਹੈ ਜਿਸ ਦੀ ਵਾਰੀ ਆ ਜਾਂਦੀ ਹੈ) ।

ਹੱਡਾਂ ਨੂੰ ਭੰਨ ਭੰਨ ਕੇ (ਭਾਵ, ਸਰੀਰ ਨੂੰ ਰੋਗ ਆਦਿਕ ਨਾਲ ਨਿਤਾਣਾ ਕਰ ਕੇ) ਵਿਚਾਰੀ ਜਿੰਦ (ਇਸ ਵਿਚੋਂ) ਕੱਢ ਲਈ ਜਾਂਦੀ ਹੈ। (ਹੇ ਭਾਈ!) ਜਿੰਦ ਨੂੰ (ਇਹ ਗੱਲ) ਸਮਝਾ ਕਿ (ਮੌਤ ਦਾ) ਇਹ ਮਿਥਿਆ ਹੋਇਆ ਸਮਾ ਟਲ ਨਹੀਂ ਸਕਦਾ।

ਜਿੰਦ, ਮਾਨੋ, ਵਹੁਟੀ ਹੈ, ਮੌਤ (ਦਾ ਫ਼ਰਿਸਤਾ ਇਸ ਦਾ) ਲਾੜਾ ਹੈ (ਜਿੰਦ ਨੂੰ) ਵਿਆਹ ਕੇ ਜ਼ਰੂਰ ਲੈ ਜਾਇਗਾ, ਇਹ (ਕਾਂਇਆਂ ਜਿੰਦ ਨੂੰ) ਆਪਣੀ ਹੱਥੀਂ ਤੋਰ ਤੇ ਕਿਸ ਦੇ ਗਲ ਲੱਗੇਗੀ? (ਭਾਵ ਨਿਆਸਰੀ ਹੋ ਜਾਇਗੀ) ।

ਹੇ ਫਰੀਦ! ਤੂੰ ਕਦੇ 'ਪੁਲ ਸਿਰਾਤ' ਦਾ ਨਾਮ ਨਹੀਂ ਸੁਣਿਆ ਜੋ ਵਾਲ ਤੋਂ ਭੀ ਬਰੀਕ ਹੈ? ਕੰਨੀਂ ਵਾਜਾਂ ਪੈਂਦਿਆਂ ਭੀ ਆਪਣੇ ਆਪ ਨੂੰ ਲੁਟਾਈ ਨਾ ਜਾਹ (ਭਾਵ, ਜਗਤ ਵਿਚ ਸਮੁੰਦਰ ਹੈ ਜਿਸ ਵਿਚ ਵਿਕਾਰਾਂ ਦੀਆਂ ਲਹਿਰਾਂ ਉੱਠ ਰਹੀਆਂ ਹਨ, ਇਸ ਵਿਚੋਂ ਸਹੀ ਸਲਾਮਤਿ ਪਾਰ ਲੰਘਣ ਲਈ 'ਦਰਵੇਸ਼ੀ', ਮਾਨੋ, ਇਕ ਪੁਲ ਹੈ, ਜੋ ਹੈ ਬਹੁਤ ਸੌੜਾ ਤੇ ਬਾਰੀਕ, ਭਾਵ, ਦਰਵੇਸ਼ੀ ਕਮਾਣੀ ਬੜੀ ਹੀ ਔਖੀ ਹੈ, ਪਰ ਦੁਨੀਆ ਦੇ ਵਿਕਾਰਾਂ ਤੋਂ ਬਚਣ ਲਈ ਰਸਤਾ ਸਿਰਫ਼ ਇਹੀ ਹੈ। ਹੇ ਭਾਈ! ਧਰਮ-ਪੁਸਤਕਾਂ ਦੀ ਰਾਹੀਂ ਗੁਰੂ-ਪੈਗ਼ੰਬਰ ਤੈਨੂੰ ਵਿਕਾਰਾਂ ਦੀਆਂ ਲਹਿਰਾਂ ਦੇ ਖ਼ਤਰੇ ਤੋਂ ਬਚਣ ਲਈ ਵਾਜਾਂ ਮਾਰ ਰਹੇ ਹਨ; ਧਿਆਨ ਨਾਲ ਸੁਣ ਤੇ ਜੀਵਨ ਅਜ਼ਾਈਂ ਨਾਹ ਗਵਾ) ।1।

ਨੋਟ: ਲਫ਼ਜ਼ 'ਜਿੰਦੁ' ਦੇ ਅੰਤ ਵਿਚ ਸਦਾ (ੁ) ਹੁੰਦਾ ਹੈ, ਉ​ਂਵ ਇਹ 'ਇਸਤ੍ਰੀ ਲਿੰਗ' ਹੈ। 'ਸੰਬੰਧਕ' ਆਦਿਕ ਨਾਲ 'ਜਿੰਦੁ' ਤੋਂ 'ਜਿੰਦੂ' ਹੋ ਜਾਂਦਾ ਹੈ, ਜਿਵੇਂ 'ਖਾਕੁ' ਤੋਂ 'ਖਾਕੂ', 'ਵਿਸੁ' ਤੋਂ 'ਵਿਸੂ'।

(ਵੇਖੋ 'ਗੁਰਬਾਣੀ ਵਿਆਕਰਣ')

ਫਰੀਦਾ ਦਰ ਦਰਵੇਸੀ ਗਾਖੜੀ ਚਲਾਂ ਦੁਨੀਆਂ ਭਤਿ ॥ ਬੰਨ੍ਹ੍ਹਿ ਉਠਾਈ ਪੋਟਲੀ ਕਿਥੈ ਵੰਞਾ ਘਤਿ ॥੨॥ {ਪੰਨਾ 1377-1378}

ਪਦ ਅਰਥ: ਗਾਖੜੀ = ਔਖੀ। ਦਰਵੇਸੀ = ਫ਼ਕੀਰੀ। ਦਰ = (ਪਰਮਾਤਮਾ ਦੇ) ਦਰ ਦੀ। ਭਤਿ = ਭਾਂਤਿ, ਵਾਂਗ। ਬੰਨ੍ਹ੍ਹਿ = (ਅੱਖਰ 'ਨ' ਦੇ ਹੇਠ ਅੱਧਾ 'ਹ' ਹੈ) ਬੰਨ੍ਹ ਕੇ। ਵੰਞਾ = ਜਾਵਾਂ। ਘਤਿ = ਸੁੱਟ ਕੇ। ਪੋਟਲੀ = ਨਿੱਕੀ ਜਿਹੀ ਗੰਢ।

ਅਰਥ: ਹੇ ਫਰੀਦ! (ਪਰਮਾਤਮਾ ਦੇ) ਦਰ ਦੀ ਫ਼ਕੀਰੀ ਔਖੀ (ਕਾਰ) ਹੈ, ਤੇ ਮੈਂ ਦੁਨੀਆਦਾਰਾਂ ਵਾਂਗ ਹੀ ਤੁਰ ਰਿਹਾ ਹਾਂ, ('ਦੁਨੀਆ' ਵਾਲੀ) ਨਿੱਕੀ ਜਹੀ ਗੰਢ (ਮੈਂ ਭੀ) ਬੰਨ੍ਹ ਕੇ ਚੁੱਕੀ ਹੋਈ ਹੈ, ਇਸ ਨੂੰ ਸੁੱਟ ਕੇ ਕਿਥੇ ਜਾਵਾਂ? (ਭਾਵ, ਦੁਨੀਆ ਦੇ ਮੋਹ ਨੂੰ ਛੱਡਣਾ ਕੋਈ ਸੌਖਾ ਕੰਮ ਨਹੀਂ ਹੈ) ।2।

TOP OF PAGE

Sri Guru Granth Darpan, by Professor Sahib Singh