ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1385

Extra text associated with this page

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਸਵਯੇ ਸ੍ਰੀ ਮੁਖਬਾਕ੍ਯ੍ਯ ਮਹਲਾ ੫ ॥

ਆਦਿ ਪੁਰਖ ਕਰਤਾਰ ਕਰਣ ਕਾਰਣ ਸਭ ਆਪੇ ॥ ਸਰਬ ਰਹਿਓ ਭਰਪੂਰਿ ਸਗਲ ਘਟ ਰਹਿਓ ਬਿਆਪੇ ॥ {ਪੰਨਾ 1385}

ਪਦ ਅਰਥ: ਪੁਰਖ = ਸਰਬ-ਵਿਆਪਕ। ਕਰਣ ਕਾਰਣ = ਕਰਣ ਦਾ ਕਾਰਣ ਸ੍ਰਿਸ਼ਟੀ ਦਾ ਮੁੱਢ। ਭਰਪੂਰਿ = ਵਿਆਪਕ। ਸਗਲ ਘਟ = ਸਾਰੇ ਘਟਾਂ ਵਿਚ। ਰਹਿਓ ਬਿਆਪੇ = ਵਿਆਪ ਰਿਹਾ ਹੈਂ, ਪਸਰ ਰਿਹਾ ਹੈਂ, ਹਾਜ਼ਰ-ਨਾਜ਼ਰ ਹੈਂ।

ਅਰਥ: ਹੇ ਆਦਿ ਪੁਰਖ! ਹੇ ਕਰਤਾਰ! ਤੂੰ ਆਪ ਹੀ ਸਾਰੀ ਸ੍ਰਿਸ਼ਟੀ ਦਾ ਮੂਲ ਹੈਂ। ਤੂੰ ਸਭ ਥਾਈਂ ਭਰਪੂਰਿ ਹੈਂ; (ਭਾਵ, ਕੋਈ ਥਾਂ ਐਸਾ ਨਹੀਂ, ਜਿੱਥੇ ਤੂੰ ਨਾਹ ਹੋਵੇਂ) । ਤੂੰ ਸਭ ਸਰੀਰਾਂ ਵਿਚ ਮੌਜੂਦ ਹੈਂ।

ਬ੍ਯ੍ਯਾਪਤੁ ਦੇਖੀਐ ਜਗਤਿ ਜਾਨੈ ਕਉਨੁ ਤੇਰੀ ਗਤਿ ਸਰਬ ਕੀ ਰਖ੍ਯ੍ਯਾ ਕਰੈ ਆਪੇ ਹਰਿ ਪਤਿ ॥ {ਪੰਨਾ 1385}

ਪਦ ਅਰਥ: ਦੇਖੀਐ = ਦੇਖੀਦਾ ਹੈਂ। ਜਗਤਿ = ਜਗਤ ਵਿਚ। ਪਤਿ = ਮਾਲਕ।

ਅਰਥ: ਹੇ (ਸਭ ਦੇ) ਮਾਲਕ ਅਕਾਲ ਪੁਰਖ! ਤੂੰ ਸਾਰੇ ਜਗਤ ਵਿਚ ਪਸਰਿਆ ਹੋਇਆ ਦਿੱਸ ਰਿਹਾ ਹੈਂ। ਕੌਣ ਜਾਣਦਾ ਹੈ ਤੂੰ ਕਿਹੋ ਜਿਹਾ ਹੈਂ? ਤੂੰ ਆਪ ਹੀ ਸਭ (ਜੀਆਂ) ਦੀ ਰੱਖਿਆ ਕਰਦਾ ਹੈਂ।

ਅਬਿਨਾਸੀ ਅਬਿਗਤ ਆਪੇ ਆਪਿ ਉਤਪਤਿ ॥ ਏਕੈ ਤੂਹੀ ਏਕੈ ਅਨ ਨਾਹੀ ਤੁਮ ਭਤਿ ॥ {ਪੰਨਾ 1385}

ਪਦ ਅਰਥ: ਅਬਿਨਾਸੀ = ਨਾਸ ਨਾ ਹੋਣ ਵਾਲਾ। ਅਬਿਗਤ = ਅਵਿਅਕਤ ਜੋ ਵਿਅਕਤੀ ਤੋਂ ਰਹਿਤ ਹੋਵੇ, ਸਰੀਰ ਤੋਂ ਰਹਿਤ, ਅਦ੍ਰਿਸ਼ਟ, ਇਹਨਾਂ ਅੱਖਾਂ ਨਾਲ ਨਾਹ ਦਿੱਸਣ ਵਾਲਾ। ਆਪੇ ਆਪਿ = ਆਪਣੇ ਆਪ ਤੋਂ। ਉਤਪਤਿ = ਪੈਦਾਇਸ਼। ਅਨ = ਕੋਈ ਹੋਰ (अन्य) । ਤੁਮ ਭਤਿ = ਤੁਮ ਭਾਂਤਿ, ਤੇਰੇ ਵਰਗਾ।

ਅਰਥ: (ਹੇ ਆਦਿ ਪੁਰਖ!) ਤੂੰ ਕਦੇ ਨਾਸ ਹੋਣ ਵਾਲਾ ਨਹੀਂ ਹੈਂ, ਤੂੰ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ; ਤੇਰੀ ਉਤਪੱਤੀ ਤੇਰੇ ਆਪਣੇ ਆਪ ਤੋਂ ਹੀ ਹੈ। ਤੂੰ ਕੇਵਲ ਇੱਕੋ ਹੀ ਇਕ ਹੈਂ, ਤੇਰੇ ਵਰਗਾ ਹੋਰ ਕੋਈ ਨਹੀਂ ਹੈ।

ਹਰਿ ਅੰਤੁ ਨਾਹੀ ਪਾਰਾਵਾਰੁ ਕਉਨੁ ਹੈ ਕਰੈ ਬੀਚਾਰੁ ਜਗਤ ਪਿਤਾ ਹੈ ਸ੍ਰਬ ਪ੍ਰਾਨ ਕੋ ਅਧਾਰੁ ॥ {ਪੰਨਾ 1385}

ਪਦ ਅਰਥ: ਪਾਰਾਵਾਰੁ = ਉਰਲਾ ਪਰਲਾ ਪਾਸਾ, ਹੱਦ-ਬੰਨਾ। ਸ੍ਰਬ ਪ੍ਰਾਨ ਕੋ = ਸਾਰੇ ਪ੍ਰਾਣੀਆਂ ਦਾ। ਆਧਾਰੁ = ਆਸਰਾ।

ਅਰਥ: (ਹੇ ਭਾਈ!) ਹਰੀ ਦਾ ਅੰਤ ਤੇ ਹੱਦ-ਬੰਨਾ ਨਹੀਂ (ਪਾਇਆ ਜਾ ਸਕਦਾ) । ਕੌਣ (ਮਨੁੱਖ) ਹੈ ਜੋ (ਉਸ ਦੇ ਹੱਦ-ਬੰਨੇ ਨੂੰ ਲੱਭਣ ਦੀ) ਵਿਚਾਰ ਕਰ ਸਕਦਾ ਹੈ? ਹਰੀ ਸਾਰੇ ਜਗਤ ਦਾ ਪਿਤਾ ਹੈ ਅਤੇ ਸਾਰੇ ਜੀਆਂ ਦਾ ਆਸਰਾ ਹੈ।

ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥ ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੧॥ {ਪੰਨਾ 1385}

ਪਦ ਅਰਥ: ਦਰਿ = ਦਰ ਤੇ, (ਅਕਾਲ ਪੁਰਖ ਦੇ) ਦਰਵਾਜ਼ੇ ਤੇ। ਤੁਲਿ = ਪ੍ਰਵਾਨ। ਬ੍ਰਹਮ ਸਮਸਰਿ = ਅਕਾਲ ਪੁਰਖ ਦੇ ਸਮਾਨ, ਅਕਾਲ ਪੁਰਖ ਦਾ ਰੂਪ। ਜੀਹ = ਜੀਭ। ਬਖਾਨੈ = ਕਹੈ, ਕਹਿ ਸਕਦੀ ਹੈ। ਬਲਿ = ਸਦਕੇ। ਸਦ = ਸਦਾ।

ਅਰਥ: (ਹਰੀ ਦਾ) ਭਗਤ ਸੇਵਕ (ਗੁਰੂ) ਨਾਨਕ (ਹਰੀ ਦੇ) ਦਰ ਤੇ ਪਰਵਾਨ (ਹੋਇਆ ਹੈ) ਤੇ ਹਰੀ ਵਰਗਾ ਹੈ। (ਮੇਰੀ) ਇਕ ਜੀਭ (ਉਸ ਗੁਰੂ ਨਾਨਕ ਦੇ) ਕੀਹ (ਗੁਣ) ਕਥਨ ਕਰ ਸਕਦੀ ਹੈ? ਮੈਂ (ਗੁਰੂ ਨਾਨਕ ਤੋਂ) ਸਦਕੇ ਹਾਂ, ਸਦਕੇ ਹਾਂ, ਸਦਾ ਸਦਕੇ ਹਾਂ।1।

ਨੋਟ: ਪਦ 'ਹਾਂ ਕਿ' ਸਵਈਏ ਦੀ ਟੇਕ-ਮਾਤ੍ਰ ਹੀ ਵਰਤਿਆ ਹੈ।

ਅੰਮ੍ਰਿਤ ਪ੍ਰਵਾਹ ਸਰਿ ਅਤੁਲ ਭੰਡਾਰ ਭਰਿ ਪਰੈ ਹੀ ਤੇ ਪਰੈ ਅਪਰ ਅਪਾਰ ਪਰਿ ॥ {ਪੰਨਾ 1385}

ਪਦ ਅਰਥ: ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਪ੍ਰਵਾਹ = ਝਰਨੇ, ਵਹਣ, ਚਸ਼ਮੇ। ਸਰਿ = ਸਰੇਂ, ਚੱਲਦੇ ਹਨ। ਅਤੁਲ = ਜੋ ਤੋਲੇ ਨਾਹ ਜਾ ਸਕਣ। ਭੰਡਾਰ = ਖ਼ਜ਼ਾਨੇ। ਭਰਿ = ਭਰੇ ਪਏ ਹਨ। ਅਪਰ ਅਪਾਰ = ਬੇਅੰਤ।

ਅਰਥ: (ਹੇ ਅਕਾਲ ਪੁਰਖ!) (ਤੈਥੋਂ) ਅੰਮ੍ਰਿਤ ਦੇ ਪ੍ਰਵਾਹ ਚੱਲ ਰਹੇ ਹਨ, ਤੇਰੇ ਨਾਹ ਤੁਲ ਸਕਣ ਵਾਲੇ ਖ਼ਜ਼ਾਨੇ ਭਰੇ ਪਏ ਹਨ; ਤੂੰ ਪਰੇ ਤੋਂ ਪਰੇ ਹੈਂ ਅਤੇ ਬੇਅੰਤ ਹੈਂ।

ਆਪੁਨੋ ਭਾਵਨੁ ਕਰਿ ਮੰਤ੍ਰਿ ਨ ਦੂਸਰੋ ਧਰਿ ਓਪਤਿ ਪਰਲੌ ਏਕੈ ਨਿਮਖ ਤੁ ਘਰਿ ॥ {ਪੰਨਾ 1385}

ਪਦ ਅਰਥ: ਭਾਵਨੁ = ਮਰਜ਼ੀ। ਕਰਿ = ਕਰਦਾ ਹੈਂ। ਮੰਤ੍ਰਿ = ਮੰਤ੍ਰ ਵਿਚ, ਸਲਾਹ ਵਿਚ। ਦੂਸਰੋ = ਕਿਸੇ ਹੋਰ ਨੂੰ। ਨ ਧਰਿ = ਨਹੀਂ ਧਰਦਾ ਹੈਂ, ਤੂੰ ਨਹੀਂ ਲਿਆਉਂਦਾ। ਓਪਤਿ = ਉਤਪੱਤੀ, ਜਗਤ ਦੀ ਪੈਦਾਇਸ਼। ਪਰਲੌ = ਜਗਤ ਦਾ ਨਾਸ। ਏਕੈ ਨਿਮਖ = ਇਕ ਨਿਮਖ ਵਿਚ, ਅੱਖ ਦੇ ਇਕ ਫੋਰ ਵਿਚ। ਤੁ = (ਤਵ) ਤੇਰੇ। ਘਰਿ = ਘਰ ਵਿਚ।

ਅਰਥ: ਤੂੰ ਆਪਣੀ ਮਰਜ਼ੀ ਕਰਦਾ ਹੈਂ; ਕਿਸੇ ਹੋਰ ਨੂੰ ਆਪਣੀ ਸਲਾਹ ਵਿਚ ਨਹੀਂ ਲਿਆਉਂਦਾ, (ਭਾਵ, ਤੂੰ ਕਿਸੇ ਹੋਰ ਨਾਲ ਸਲਾਹ ਨਹੀਂ ਕਰਦਾ) ਤੇਰੇ ਘਰ ਵਿਚ (ਭਾਵ, ਤੇਰੇ ਹੁਕਮ ਵਿਚ) ਜਗਤ ਦੀ ਪੈਦਾਇਸ਼ ਤੇ ਅੰਤ ਅੱਖ ਦੇ ਇਕ ਫੋਰ ਵਿਚ ਹੋ ਜਾਂਦੇ ਹਨ।

ਆਨ ਨਾਹੀ ਸਮਸਰਿ ਉਜੀਆਰੋ ਨਿਰਮਰਿ ਕੋਟਿ ਪਰਾਛਤ ਜਾਹਿ ਨਾਮ ਲੀਏ ਹਰਿ ਹਰਿ ॥ {ਪੰਨਾ 1385}

ਪਦ ਅਰਥ: ਆਨ = ਕੋਈ ਹੋਰ। ਸਮਸਰਿ = ਬਰਾਬਰ, ਸਮਾਨ, ਵਰਗਾ। ਉਜੀਆਰੋ = ਪ੍ਰਕਾਸ਼, ਚਾਨਣਾ। ਨਿਰਮਰਿ = ਨਿਰਮਲ, ਸਾਫ਼। ਸੰ: निर्माल्य pure, clean, stainless. ਇਸ ਤੋਂ ਪ੍ਰਾਕ੍ਰਿਤ ਅਤੇ ਪੰਜਾਬੀ ਰੂਪ-ਨਿਰਮਲ, ਨਿਰਮਾਰਿ, ਨਿਰਮਰਿ) । ਕੋਟਿ ਪਰਾਛਤ = ਕਰੋੜਾਂ ਪਾਪ। ਜਾਹਿ = ਦੂਰ ਹੋ ਜਾਂਦੇ ਹਨ।

ਅਰਥ: ਕੋਈ ਹੋਰ ਹਰੀ ਵਰਗਾ ਨਹੀਂ ਹੈ; ਉਸ ਦਾ ਨਿਰਮਲ ਚਾਨਣਾ ਹੈ; ਉਸ ਹਰੀ ਦਾ ਨਾਮ ਲਿਆਂ ਕਰੋੜਾਂ ਪਾਪ ਦੂਰ ਹੋ ਜਾਂਦੇ ਹਨ।

ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥ ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੨॥ {ਪੰਨਾ 1385}

ਅਰਥ: ਹਰੀ ਦਾ ਭਗਤ ਦਾਸ (ਗੁਰੂ) ਨਾਨਕ (ਹਰੀ ਦੇ) ਦਰ ਤੇ ਪ੍ਰਵਾਨ (ਹੋਇਆ ਹੈ) ਅਤੇ ਹਰੀ ਵਰਗਾ ਹੈ। (ਮੇਰੀ) ਇਕ ਜੀਭ (ਉਸ ਗੁਰੂ ਨਾਨਕ ਦੇ) ਕੀਹ (ਗੁਣ) ਕਹਿ ਸਕਦੀ ਹੈ? ਮੈਂ (ਗੁਰੂ ਨਾਨਕ ਤੋਂ) ਸਦਕੇ ਹਾਂ, ਸਦਕੇ ਹਾਂ, ਸਦਾ ਸਦਕੇ ਹਾਂ।2।

ਸਗਲ ਭਵਨ ਧਾਰੇ ਏਕ ਥੇਂ ਕੀਏ ਬਿਸਥਾਰੇ ਪੂਰਿ ਰਹਿਓ ਸ੍ਰਬ ਮਹਿ ਆਪਿ ਹੈ ਨਿਰਾਰੇ ॥ {ਪੰਨਾ 1385}

ਪਦ ਅਰਥ: ਸਗਲ ਭਵਨ = ਸਾਰੇ ਮੰਡਲ, ਸਾਰੇ ਲੋਕ। ਧਾਰੇ = ਬਣਾਏ, ਥਾਪੇ। ਏਕ ਥੇਂ = ਇਕ (ਆਪਣੇ ਆਪ) ਤੋਂ। ਬਿਸਥਾਰੇ = ਖਿਲਾਰਾ, ਪਸਾਰਾ। ਪੂਰਿ ਰਹਿਓ = ਵਿਆਪਕ ਹੈ। ਨਿਰਾਰੇ = ਨਿਰਾਲਾ, ਨਿਵੇਕਲਾ, ਨਿਆਰਾ।

ਅਰਥ: ਉਸ ਹਰੀ ਨੇ ਸਾਰੇ ਲੋਕ ਬਣਾਏ ਹਨ; ਇਕ ਆਪਣੇ ਆਪ ਤੋਂ ਹੀ (ਇਹ ਸੰਸਾਰ ਦਾ) ਖਿਲਾਰਾ ਕੀਤਾ ਹੈ; ਆਪ ਸਭ ਵਿਚ ਵਿਆਪਕ ਹੈ (ਅਤੇ ਫਿਰ) ਹੈ (ਭੀ) ਨਿਰਲੇਪ।

ਹਰਿ ਗੁਨ ਨਾਹੀ ਅੰਤ ਪਾਰੇ ਜੀਅ ਜੰਤ ਸਭਿ ਥਾਰੇ ਸਗਲ ਕੋ ਦਾਤਾ ਏਕੈ ਅਲਖ ਮੁਰਾਰੇ ॥ {ਪੰਨਾ 1385}

ਪਦ ਅਰਥ: ਥਾਰੇ = ਤੇਰੇ। ਅਲਖ = ਜੋ ਲਖਿਆ ਨਾਹ ਜਾ ਸਕੇ, ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਕੋ = ਦਾ। ਮੁਰਾਰੇ = ਹੇ ਮੁਰਾਰਿ! ਮੁਰਨਾਮ ਦੈਂਤ ਦਾ ਵੈਰੀ। (ਅਕਾਲ ਪੁਰਖ ਦੇ ਨਾਵਾਂ ਵਿਚੋਂ ਇਕ ਨਾਮ ਵਰਤਿਆ ਗਿਆ ਹੈ) ।

ਅਰਥ: ਹੇ ਬੇਅੰਤ ਹਰੀ! ਤੇਰੇ ਗੁਣਾਂ ਦਾ ਅੰਤ ਤੇ ਪਾਰ ਨਹੀਂ (ਪੈ ਸਕਦਾ) ; ਸਾਰੇ ਜੀਅ ਜੰਤ ਤੇਰੇ ਹੀ ਹਨ, ਤੂੰ ਇਕ ਆਪ ਹੀ ਸਭ ਦਾ ਦਾਤਾ ਹੈਂ। ਤੇਰਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।

TOP OF PAGE

Sri Guru Granth Darpan, by Professor Sahib Singh