ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1386

ਆਪ ਹੀ ਧਾਰਨ ਧਾਰੇ ਕੁਦਰਤਿ ਹੈ ਦੇਖਾਰੇ ਬਰਨੁ ਚਿਹਨੁ ਨਾਹੀ ਮੁਖ ਨ ਮਸਾਰੇ ॥ {ਪੰਨਾ 1386}

ਪਦ ਅਰਥ: ਧਾਰਨ = ਸ੍ਰਿਸ਼ਟੀ। ਧਾਰੇ = ਆਸਰਾ ਦੇ ਰਿਹਾ ਹੈ। ਦੇਖਾਰੇ = ਵਿਖਾਲਦਾ ਹੈ। ਬਰਨੁ = ਰੰਗ। ਚਿਹਨੁ = ਨਿਸ਼ਾਨ। ਮਸਾਰੇ = (ਸੰ: ਸ਼ਮਸ਼੍ਰੂ) ਦਾੜ੍ਹੀ।

ਅਰਥ: (ਹਰੀ) ਆਪ ਹੀ ਸਾਰੇ ਜਗਤ ਨੂੰ ਆਸਰਾ ਦੇ ਰਿਹਾ ਹੈ, ਆਪਣੀ ਕੁਦਰਤਿ ਵਿਖਾਲ ਰਿਹਾ ਹੈ। ਨਾਹ (ਉਸ ਦਾ ਕੋਈ) ਰੰਗ ਹੈ ਨਾ (ਕੋਈ) ਨਿਸ਼ਾਨ, ਨਾਹ ਮੂੰਹ, ਤੇ ਨਾਹ ਦਾੜ੍ਹੀ।

ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥ ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੩॥ {ਪੰਨਾ 1386}

ਅਰਥ: ਹਰੀ ਦਾ ਭਗਤ ਦਾਸ (ਗੁਰੂ) ਨਾਨਕ (ਹਰੀ ਦੇ) ਦਰ ਤੇ ਪ੍ਰਵਾਨ (ਹੋਇਆ ਹੈ) ਅਤੇ ਹਰੀ ਵਰਗਾ ਹੈ। (ਮੇਰੀ) ਇੱਕ ਜੀਭ (ਉਸ ਗੁਰੂ ਨਾਨਕ ਦੇ) ਕੀਹ (ਗੁਣ) ਕਹਿ ਸਕਦੀ ਹੈ? ਮੈਂ (ਗੁਰੂ ਨਾਨਕ ਤੋਂ) ਸਦਕੇ ਹਾਂ, ਸਦਕੇ ਹਾਂ, ਸਦਾ ਸਦਕੇ ਹਾਂ।3।

ਸਰਬ ਗੁਣ ਨਿਧਾਨੰ ਕੀਮਤਿ ਨ ਗ੍ਯ੍ਯਾਨੰ ਧ੍ਯ੍ਯਾਨੰ ਊਚੇ ਤੇ ਊਚੌ ਜਾਨੀਜੈ ਪ੍ਰਭ ਤੇਰੋ ਥਾਨੰ ॥ {ਪੰਨਾ 1386}

ਪਦ ਅਰਥ: ਨਿਧਾਨੰ = ਖ਼ਜ਼ਾਨਾ। ਕੀਮਤਿ = ਮੁੱਲ। ਜਾਨੀਜੈ = ਜਾਣੀਦਾ ਹੈ, ਸੁਣੀਂਦਾ ਹੈ। ਥਾਨ = ਟਿਕਾਣਾ। ਪ੍ਰਭ = ਹੇ ਪ੍ਰਭੂ!

ਅਰਥ: ਹੇ ਪ੍ਰਭੂ! ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ, ਤੇਰੇ ਗਿਆਨ ਦਾ ਅਤੇ (ਤੇਰੇ ਵਿਚ) ਧਿਆਨ (ਜੋੜਨ) ਦਾ ਮੁੱਲ ਨਹੀਂ (ਪੈ ਸਕਦਾ) । ਤੇਰਾ ਟਿਕਾਣਾ ਉੱਚੇ ਤੋਂ ਉੱਚਾ ਸੁਣੀਂਦਾ ਹੈ।

ਮਨੁ ਧਨੁ ਤੇਰੋ ਪ੍ਰਾਨੰ ਏਕੈ ਸੂਤਿ ਹੈ ਜਹਾਨੰ ਕਵਨ ਉਪਮਾ ਦੇਉ ਬਡੇ ਤੇ ਬਡਾਨੰ ॥ {ਪੰਨਾ 1386}

ਪਦ ਅਰਥ: ਸੂਤ = ਸੂਤ੍ਰ, ਮਰਯਾਦਾ, ਸੱਤਾ। ਏਕੈ ਸੂਤਿ = ਇਕੋ ਮਰਯਾਦਾ ਵਿਚ। ਉਪਮਾ = ਤਸ਼ਬੀਹ, ਸਾਵੀਂ ਜਾਂ ਬਰਾਬਰ ਦੀ ਸ਼ੈ। ਬਡਾਨੰ = ਵੱਡਾ। ਦੇਉ = ਦੇਉਂ, ਮੈਂ ਦਿਆਂ।

ਅਰਥ: (ਹੇ ਪ੍ਰਭੂ!) ਮੇਰਾ ਮਨ, ਮੇਰਾ ਧਨ ਅਤੇ ਮੇਰੇ ਪ੍ਰਾਣ = ਇਹ ਸਭ ਤੇਰੇ ਹੀ (ਦਿੱਤੇ ਹੋਏ) ਹਨ। ਸਾਰਾ ਸੰਸਾਰ ਤੇਰੀ ਇਕੋ ਹੀ ਸੱਤਾ ਵਿਚ ਹੈ (ਭਾਵ, ਸੱਤਾ ਦੇ ਆਸਰੇ ਹੈ) । ਮੈਂ ਕਿਸ ਦਾ ਨਾਉਂ ਦੱਸਾਂ ਜੋ ਤੇਰੇ ਬਰਾਬਰ ਦਾ ਹੋਵੇ? ਤੂੰ ਵੱਡਿਆਂ ਤੋਂ ਵੱਡਾ ਹੈਂ।

ਜਾਨੈ ਕਉਨੁ ਤੇਰੋ ਭੇਉ ਅਲਖ ਅਪਾਰ ਦੇਉ ਅਕਲ ਕਲਾ ਹੈ ਪ੍ਰਭ ਸਰਬ ਕੋ ਧਾਨੰ ॥ {ਪੰਨਾ 1386}

ਪਦ ਅਰਥ: ਭਾਉ = ਭੇਤ, ਰਾਜ਼, ਗੂੜ੍ਹ ਗਤੀ। ਅਪਾਰ = ਬੇਅੰਤ। ਦੇਉ = ਦੇਵ, ਪ੍ਰਕਾਸ਼-ਰੂਪ। ਅਕਲ ਕਲਾ = ਜਿਸ ਦੀ ਕਲਾ (ਸੱਤਾ) ਅੰਗ-ਰਹਿਤ ਹੈ, ਭਾਵ, ਇੱਕ-ਰਸ ਹੈ। ਧਾਨੰ = ਆਸਰਾ (ਸੰ: ਧਾਨੰ = A receptacle, seat, Nourishment) ।

ਅਰਥ: ਹੇ ਪ੍ਰਭੂ! ਤੇਰਾ ਭੇਦ ਕੌਣ ਜਾਣ ਸਕਦਾ ਹੈ? ਹੇ ਅਲੱਖ! ਹੇ ਅਪਾਰ! ਹੇ ਪ੍ਰਕਾਸ਼ ਰੂਪ! ਤੇਰੀ ਸੱਤਾ (ਸਭ ਥਾਂ) ਇੱਕ-ਰਸ ਹੈ; ਤੂੰ ਸਾਰੇ ਜੀਆਂ ਦਾ ਆਸਰਾ ਹੈਂ।

ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥ ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੪॥ {ਪੰਨਾ 1386}

ਅਰਥ: ਹੇ ਪ੍ਰਭੂ! (ਤੇਰਾ) ਭਗਤ ਸੇਵਕ (ਗੁਰੂ ਨਾਨਕ (ਤੇਰੇ) ਦਰ ਤੇ ਪ੍ਰਵਾਨ (ਹੋਇਆ ਹੈ) ਅਤੇ (ਹੇ ਪ੍ਰਭੂ! ਤੈਂ) ਬ੍ਰਹਮ ਦੇ ਸਮਾਨ ਹੈ। (ਮੇਰੀ) ਇੱਕ ਜੀਭ (ਉਸ ਗੁਰੂ ਨਾਨਕ ਦੇ) ਕੀਹ (ਗੁਣ) ਕਹਿ ਸਕਦੀ ਹੈ? ਮੈਂ (ਗੁਰੂ ਨਾਨਕ ਤੋਂ) ਸਦਕੇ ਹਾਂ, ਸਦਕੇ ਹਾਂ, ਸਦਕੇ ਹਾਂ।4।

ਨਿਰੰਕਾਰੁ ਆਕਾਰ ਅਛਲ ਪੂਰਨ ਅਬਿਨਾਸੀ ॥ ਹਰਖਵੰਤ ਆਨੰਤ ਰੂਪ ਨਿਰਮਲ ਬਿਗਾਸੀ ॥ {ਪੰਨਾ 1386}

ਪਦ ਅਰਥ: ਨਿਰੰਕਾਰੁ = ਅਕਾਰ ਤੋਂ ਰਹਿਤ, ਵਰਨਾਂ ਚਿੰਨ੍ਹਾਂ ਤੋਂ ਬਾਹਰਾ। ਆਕਾਰ = ਸਰਗੁਨ, ਸਰੂਪ ਵਾਲਾ। ਅਛਲ = ਜਿਸ ਨੂੰ ਕੋਈ ਧੋਖਾ ਨ ਦੇ ਸਕੇ। ਹਰਖਵੰਤ = ਸਦਾ-ਪ੍ਰਸੰਨ। ਆਨੰਤਰੂਪ = ਬੇਅੰਤ ਸਰੂਪਾਂ ਵਾਲਾ। ਬਿਗਾਸੀ = ਮਉਲਿਆ ਹੋਇਆ, ਖਿੜਿਆ ਹੋਇਆ, ਪਰਗਟ।

ਅਰਥ: ਤੂੰ ਵਰਨਾਂ ਚਿੰਨ੍ਹਾਂ ਤੋਂ ਬਾਹਰਾ ਹੈਂ, ਤੇ ਸਰੂਪ ਵਾਲਾ ਭੀ ਹੈਂ; ਤੈਨੂੰ ਕੋਈ ਛਲ ਨਹੀਂ ਸਕਦਾ, ਤੂੰ ਸਭ ਥਾਈਂ ਵਿਆਪਕ ਹੈਂ, ਤੇ ਕਦੇ ਨਾਸ ਹੋਣ ਵਾਲਾ ਨਹੀਂ ਹੈਂ, ਤੇਰੇ ਬੇਅੰਤ ਸਰੂਪ ਹਨ, ਤੂੰ ਸੁੱਧ-ਸਰੂਪ ਹੈਂ ਅਤੇ ਜ਼ਾਹਰਾ-ਜ਼ਹੂਰ ਹੈਂ।

ਗੁਣ ਗਾਵਹਿ ਬੇਅੰਤ ਅੰਤੁ ਇਕੁ ਤਿਲੁ ਨਹੀ ਪਾਸੀ ॥ ਜਾ ਕਉ ਹੋਂਹਿ ਕ੍ਰਿਪਾਲ ਸੁ ਜਨੁ ਪ੍ਰਭ ਤੁਮਹਿ ਮਿਲਾਸੀ ॥ {ਪੰਨਾ 1386}

ਪਦ ਅਰਥ: ਬੇਅੰਤ = ਬੇਅੰਤ ਜੀਵ। ਇਕੁ ਤਿਲੁ = ਰਤਾ ਭੀ। ਨਹੀ ਪਾਸੀ = ਨਹੀਂ ਪੈਂਦਾ। ਮਿਲਾਸੀ = ਮਿਲ ਪੈਂਦਾ ਹੈ। ਪ੍ਰਭ = ਹੇ ਪ੍ਰਭੂ!

ਅਰਥ: ਬੇਅੰਤ ਜੀਵ ਤੇਰੇ ਗੁਣ ਗਾਉਂਦੇ ਹਨ, ਪਰ ਤੇਰਾ ਅੰਤ ਰਤਾ ਭੀ ਨਹੀਂ ਪੈਂਦਾ। ਹੇ ਪ੍ਰਭੂ! ਜਿਸ ਉੱਤੇ ਤੂੰ ਦਇਆਵਾਨ ਹੁੰਦਾ ਹੈਂ, ਉਹ ਮਨੁੱਖ ਤੈਨੂੰ ਮਿਲ ਪੈਂਦਾ ਹੈ।

ਧੰਨਿ ਧੰਨਿ ਤੇ ਧੰਨਿ ਜਨ ਜਿਹ ਕ੍ਰਿਪਾਲੁ ਹਰਿ ਹਰਿ ਭਯਉ ॥ ਹਰਿ ਗੁਰੁ ਨਾਨਕੁ ਜਿਨ ਪਰਸਿਅਉ ਸਿ ਜਨਮ ਮਰਣ ਦੁਹ ਥੇ ਰਹਿਓ ॥੫॥ {ਪੰਨਾ 1386}

ਪਦ ਅਰਥ: ਧੰਨਿ = ਭਾਗਾਂ ਵਾਲੇ। ਜਿਹ = ਜਿਨ੍ਹਾਂ ਉੱਤੇ। ਹਰਿ ਗੁਰੁ ਨਾਨਕੁ = (ਇਹੋ ਜਿਹੇ ਗੁਣਾਂ ਵਾਲੇ) ਹਰੀ ਦਾ ਰੂਪ ਗੁਰੂ ਨਾਨਕ। ਜਿਨ = ਜਿਨ੍ਹਾਂ ਨੇ। ਪਰਸਿਯਉ = ਪਰਸਨ ਕੀਤਾ ਹੈ, ਛੁਹਿਆ ਹੈ, ਭੇਟਿਆ ਹੈ, ਚਰਨ ਪਰਸੇ ਹਨ। ਸਿ = ਉਹ (ਭਾਗਾਂ ਵਾਲੇ) ਮਨੁੱਖ। ਦੁਹ ਥੇ = ਦੁਹਾਂ ਥੋਂ। ਰਹਿਓ = ਬਚ ਰਹੇ ਹਨ।

ਅਰਥ: ਭਾਗਾਂ ਵਾਲੇ ਹਨ ਉਹ ਮਨੁੱਖ, ਜਿਨ੍ਹਾਂ ਉੱਤੇ ਹਰੀ ਦਇਆਵਾਨ ਹੋਇਆ ਹੈ। ਜਿਨ੍ਹਾਂ ਮਨੁੱਖਾਂ ਨੇ (ਉਪਰੋਕਤ ਗੁਣਾਂ ਵਾਲੇ) ਹਰੀ ਦੇ ਰੂਪ ਗੁਰੂ ਨਾਨਕ ਨੂੰ ਪਰਸਿਆ ਹੈ, ਉਹ ਜਨਮ ਮਰਨ ਦੋਹਾਂ ਤੋਂ ਬਚ ਰਹੇ ਹਨ।5।

ਸਤਿ ਸਤਿ ਹਰਿ ਸਤਿ ਸਤਿ ਸਤੇ ਸਤਿ ਭਣੀਐ ॥ ਦੂਸਰ ਆਨ ਨ ਅਵਰੁ ਪੁਰਖੁ ਪਊਰਾਤਨੁ ਸੁਣੀਐ ॥ {ਪੰਨਾ 1386}

ਪਦ ਅਰਥ: ਸਤਿ = ਸਦਾ ਰਹਿਣ ਵਾਲਾ, ਅਟੱਲ। ਭਣੀਐ = ਆਖਿਆ ਜਾਂਦਾ ਹੈ (ਭਾਵ, ਲੋਕ ਕਹਿੰਦੇ ਹਨ) । ਅਵਰੁ = ਹੋਰ। ਆਨ = ਕੋਈ ਹੋਰ (अन्य) । ਪਊਰਾਤਨੁ = ਪੁਰਾਣਾ, ਮੁੱਢ ਦਾ। ਸੁਣੀਐ = ਸੁਣਿਆ ਜਾਂਦਾ ਹੈ।

ਅਰਥ: ਮਹਾਤਮਾ ਲੋਕ ਸਦਾ ਤੋਂ ਕਹਿੰਦੇ ਆਏ ਹਨ ਕਿ ਹਰੀ ਸਦਾ ਅਟੱਲ ਹੈ, ਸਦਾ ਕਾਇਮ ਰਹਿਣ ਵਾਲਾ ਹੈ; ਉਹ ਪੁਰਾਤਨ ਪੁਰਖ ਸੁਣੀਂਦਾ ਹੈ (ਭਾਵ, ਸਭ ਦਾ ਮੁੱਢ ਹੈ,) ਕੋਈ ਹੋਰ ਦੂਜਾ ਉਹਦੇ ਵਰਗਾ ਨਹੀਂ ਹੈ।

ਅੰਮ੍ਰਿਤੁ ਹਰਿ ਕੋ ਨਾਮੁ ਲੈਤ ਮਨਿ ਸਭ ਸੁਖ ਪਾਏ ॥ ਜੇਹ ਰਸਨ ਚਾਖਿਓ ਤੇਹ ਜਨ ਤ੍ਰਿਪਤਿ ਅਘਾਏ ॥ {ਪੰਨਾ 1386}

ਪਦ ਅਰਥ: ਜੇਹ = ਜਿਨ੍ਹਾਂ ਮਨੁੱਖਾਂ ਨੇ। ਰਸਨ = ਰਸਨਾ ਦੁਆਰਾ, ਜੀਭ ਨਾਲ। ਤੇਹ ਜਨ = ਉਹ ਮਨੁੱਖ (ਬਹੁ-ਵਚਨ) । ਤ੍ਰਿਪਤਿ ਅਘਾਏ = ਰੱਜ ਗਏ। ਮਨ = ਹੇ ਮਨ!

ਅਰਥ: ਹੇ ਮਨ! ਜਿਨ੍ਹਾਂ ਨੇ ਹਰੀ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਲਿਆ ਹੈ, ਉਹਨਾਂ ਨੂੰ ਸਾਰੇ ਸੁਖ ਲੱਭ ਪਏ ਹਨ। ਜਿਨ੍ਹਾਂ ਨੇ (ਨਾਮ-ਅੰਮ੍ਰਿਤ) ਜੀਭ ਨਾਲ ਚੱਖਿਆ ਹੈ, ਉਹ ਮਨੁੱਖ ਰੱਜ ਗਏ ਹਨ (ਭਾਵ, ਹੋਰ ਰਸਾਂ ਦੀ ਉਹਨਾਂ ਨੂੰ ਤਾਂਘ ਨਹੀਂ ਰਹੀ) ।

ਜਿਹ ਠਾਕੁਰੁ ਸੁਪ੍ਰਸੰਨੁ ਭਯੋੁ ਸਤਸੰਗਤਿ ਤਿਹ ਪਿਆਰੁ ॥ ਹਰਿ ਗੁਰੁ ਨਾਨਕੁ ਜਿਨ੍ਹ੍ਹ ਪਰਸਿਓ ਤਿਨ੍ਹ੍ਹ ਸਭ ਕੁਲ ਕੀਓ ਉਧਾਰੁ ॥੬॥ {ਪੰਨਾ 1386}

ਪਦ ਅਰਥ: ਜਿਹ = ਜਿਨ੍ਹਾਂ ਉੱਤੇ। ਤਿਹ = ਉਹਨਾਂ ਦਾ। ਭਯੋੁ = ਅੱਖਰ 'ਯ' ਦੇ ਨਾਲ ਅਸਲੀ ਲਗ (ੋ) ਹੈ, ਪਰ ਇਥੇ ਪੜ੍ਹਨਾ (ੁ) ਹੈ। ਠਾਕੁਰੁ = ਮਾਲਕ-ਪ੍ਰਭੂ। ਉਧਾਰੁ = ਪਾਰ-ਉਤਾਰਾ।

ਅਰਥ: ਜਿਨ੍ਹਾਂ ਮਨੁੱਖਾਂ ਉੱਤੇ ਮਾਲਕ-ਪ੍ਰਭੂ ਦਇਆਵਾਨ ਹੋਇਆ ਹੈ, ਉਹਨਾਂ ਦਾ ਸਾਧ ਸੰਗਤਿ ਵਿਚ ਪ੍ਰੇਮ (ਪੈ ਗਿਆ ਹੈ) । (ਇਹੋ ਜਿਹੇ) ਹਰੀ-ਰੂਪ ਗੁਰੂ ਨਾਨਕ (ਦੇ ਚਰਨਾਂ) ਨੂੰ ਜਿਨ੍ਹਾਂ ਪਰਸਿਆ ਹੈ, ਉਹਨਾਂ ਮਨੁੱਖਾਂ ਨੇ ਆਪਣੀ ਸਾਰੀ ਕੁਲ ਦਾ ਬੇੜਾ ਪਾਰ ਕਰ ਲਿਆ ਹੈ।6।

ਸਚੁ ਸਭਾ ਦੀਬਾਣੁ ਸਚੁ ਸਚੇ ਪਹਿ ਧਰਿਓ ॥ ਸਚੈ ਤਖਤਿ ਨਿਵਾਸੁ ਸਚੁ ਤਪਾਵਸੁ ਕਰਿਓ ॥ {ਪੰਨਾ 1386}

ਪਦ ਅਰਥ: ਸਭਾ = ਸੰਗਤਿ, ਦਰਬਾਰ। ਸਚੁ = ਸਦਾ-ਥਿਰ ਰਹਿਣ ਵਾਲਾ। ਦੀਬਾਣੁ = ਕਚਹਿਰੀ। ਸਚੇ ਪਹਿ = ਸਦਾ-ਥਿਰ ਹਰੀ ਦੇ ਰੂਪ ਗੁਰੂ ਕੋਲ। ਸਚੈ ਤਖਤਿ = ਸੱਚੇ ਤਖ਼ਤ ਉਤੇ। ਤਪਾਵਸੁ = ਨਿਆਂਉ।

ਅਰਥ: (ਅਕਾਲ ਪੁਰਖ ਦੀ) ਸਭਾ ਸਦਾ ਅਟੱਲ ਰਹਿਣ ਵਾਲੀ ਹੈ, (ਉਸ ਦੀ) ਕਚਹਿਰੀ ਸਦਾ-ਥਿਰ ਹੈ; (ਅਕਾਲ ਪੁਰਖ ਨੇ ਆਪਣਾ ਆਪ) ਆਪਣੇ ਸਦਾ-ਥਿਰ-ਰੂਪ ਗੁਰੂ ਕੋਲ ਰੱਖਿਆ ਹੋਇਆ ਹੈ; (ਭਾਵ, ਹਰੀ ਗੁਰੂ ਦੀ ਰਾਹੀਂ ਮਿਲਦਾ ਹੈ) , (ਅਕਾਲ ਪੁਰਖ ਦਾ) ਟਿਕਾਣਾ ਸਦਾ ਕਾਇਮ ਰਹਿਣ ਵਾਲਾ ਆਸਣ ਤੇ ਹੈ, ਅਤੇ ਉਹ (ਸਦਾ) ਸੱਚਾ ਨਿਆਂ ਕਰਦਾ ਹੈ।

ਸਚਿ ਸਿਰਜ੍ਯ੍ਯਿਉ ਸੰਸਾਰੁ ਆਪਿ ਆਭੁਲੁ ਨ ਭੁਲਉ ॥ ਰਤਨ ਨਾਮੁ ਅਪਾਰੁ ਕੀਮ ਨਹੁ ਪਵੈ ਅਮੁਲਉ ॥ {ਪੰਨਾ 1386}

ਪਦ ਅਰਥ: ਸਚਿ = ਸੱਚੇ (ਅਕਾਲ ਪੁਰਖ) ਨੇ, ਸਦਾ ਕਾਇਮ ਰਹਿਣ ਵਾਲੇ (ਪ੍ਰਭੂ) ਨੇ। ਸਿਰਜਿਉ = ਪੈਦਾ ਕੀਤਾ ਹੈ। ਆਭੁਲੁ = ਨਾਹ ਭੁੱਲਣ ਵਾਲਾ। ਨ ਭੁਲਉ = ਭੁੱਲ ਨਹੀਂ ਕਰਦਾ ਹੈ। ਕੀਮ = ਮੁੱਲ। ਨਹੁ = ਨਹੀਂ। ਅਮੁਲਉ = ਅਮੋਲਕ ਹੈ।

ਅਰਥ: ਸਦਾ-ਥਿਰ ਸੱਚੇ (ਅਕਾਲ ਪੁਰਖ) ਨੇ ਜਗਤ ਨੂੰ ਰਚਿਆ ਹੈ, ਉਹ ਆਪ ਕਦੇ ਭੁੱਲਣਹਾਰ ਨਹੀਂ, ਕਦੇ ਭੁੱਲ ਨਹੀਂ ਕਰਦਾ। (ਅਕਾਲ ਪੁਰਖ ਦਾ) ਸ੍ਰੇਸ਼ਟ ਨਾਮ (ਭੀ) ਬੇਅੰਤ ਹੈ, ਅਮੋਲਕ ਹੈ, (ਉਸ ਦੇ ਨਾਮ ਦਾ) ਮੁੱਲ ਨਹੀਂ ਪੈ ਸਕਦਾ।

ਜਿਹ ਕ੍ਰਿਪਾਲੁ ਹੋਯਉ ਗੋੁਬਿੰਦੁ ਸਰਬ ਸੁਖ ਤਿਨਹੂ ਪਾਏ ॥ ਹਰਿ ਗੁਰੁ ਨਾਨਕੁ ਜਿਨ੍ਹ੍ਹ ਪਰਸਿਓ ਤੇ ਬਹੁੜਿ ਫਿਰਿ ਜੋਨਿ ਨ ਆਏ ॥੭॥ {ਪੰਨਾ 1386}

ਪਦ ਅਰਥ: ਜਿਹ = ਜਿਨ੍ਹਾਂ ਮਨੁੱਖਾਂ ਉਤੇ। ਬਹੁੜਿ = ਮੁੜ, ਪਰਤ ਕੇ। ਜੋਨਿ ਨ ਆਏ = ਨਹੀਂ ਜਨਮ ਲਿਆ, ਨਹੀਂ ਜੰਮੇ। ਗੋੁਬਿੰਦ = 'ਗ' ਅੱਖਰ ਦੇ ਨਾਲ ਅਸਲੀ ਲਗ (ੋ) ਹੈ, ਇਥੇ (ੁ) ਪੜ੍ਹਨਾ ਹੈ। ਤਿਨਹੂ = ਉਹਨਾਂ ਨੇ ਹੀ।

ਅਰਥ: ਜਿਨ੍ਹਾਂ ਮਨੁੱਖਾਂ ਉੱਤੇ ਅਕਾਲ ਪੁਰਖ ਦਇਆਵਾਨ ਹੋਇਆ ਹੈ, ਉਹਨਾਂ ਨੂੰ ਹੀ ਸਾਰੇ ਸੁਖ ਮਿਲੇ ਹਨ। (ਅਜਿਹੇ ਗੁਣਾਂ ਵਾਲੇ) ਅਕਾਲ ਪੁਰਖ ਦੇ ਰੂਪ ਗੁਰੂ ਨਾਨਕ (ਦੇ ਚਰਨਾਂ) ਨੂੰ ਜਿਨ੍ਹਾਂ ਪਰਸਿਆ ਹੈ, ਉਹ ਫਿਰ ਪਰਤ ਕੇ ਜਨਮ (ਮਰਣ) ਵਿਚ ਨਹੀਂ ਆਉਂਦੇ।7।

ਕਵਨੁ ਜੋਗੁ ਕਉਨੁ ਗ੍ਯ੍ਯਾਨੁ ਧ੍ਯ੍ਯਾਨੁ ਕਵਨ ਬਿਧਿ ਉਸ੍ਤਤਿ ਕਰੀਐ ॥ ਸਿਧ ਸਾਧਿਕ ਤੇਤੀਸ ਕੋਰਿ ਤਿਰੁ ਕੀਮ ਨ ਪਰੀਐ ॥ {ਪੰਨਾ 1386}

ਪਦ ਅਰਥ: ਕਵਨ ਬਿਧਿ = ਕਿਸ ਤਰ੍ਹਾਂ? ਕਿਸ ਜੁਗਤੀ ਨਾਲ? ਸਾਧਕਿ = ਸਾਧਨ ਕਰਨ ਵਾਲੇ, ਜੋ ਮਨੁੱਖ ਆਤਮਕ ਜ਼ਿੰਦਗੀ ਲਈ ਜਤਨ ਕਰ ਰਹੇ ਹਨ। ਤੇਤੀਸ ਕੋਰਿ = ਤੇਤੀ ਕ੍ਰੋੜ ਦੇਵਤੇ। ਤਿਰੁ = ਤਿਲ ਮਾਤ੍ਰ, ਰਤਾ ਭੀ। ਕੀਮ = ਮੁੱਲ। ਪਰੀਐ = ਪਾਈ ਨਹੀਂ ਜਾ ਸਕਦੀ।

ਅਰਥ: ਕਿਹੜਾ ਜੋਗ (ਦਾ ਸਾਧਨ) ਕਰੀਏ? ਕਿਹੜਾ ਗਿਆਨ (ਵਿਚਾਰੀਏ) ? ਕਿਹੜਾ ਧਿਆਨ (ਧਰੀਏ) ? ਉਹ ਕਿਹੜੀ ਜੁਗਤੀ ਵਰਤੀਏ ਜਿਸ ਕਰਕੇ ਅਕਾਲ ਪੁਰਖ ਦੇ ਗੁਣ ਗਾ ਸਕੀਏ? ਸਿੱਧ, ਸਾਧਿਕ ਅਤੇ ਤੇਤੀ ਕਰੋੜ ਦੇਵਤਿਆਂ ਪਾਸੋਂ (ਭੀ) ਅਕਾਲ ਪੁਰਖ ਦਾ ਮੁੱਲ ਰਤਾ ਭੀ ਨਹੀਂ ਪੈ ਸਕਿਆ।

ਬ੍ਰਹਮਾਦਿਕ ਸਨਕਾਦਿ ਸੇਖ ਗੁਣ ਅੰਤੁ ਨ ਪਾਏ ॥ ਅਗਹੁ ਗਹਿਓ ਨਹੀ ਜਾਇ ਪੂਰਿ ਸ੍ਰਬ ਰਹਿਓ ਸਮਾਏ ॥ {ਪੰਨਾ 1386}

ਪਦ ਅਰਥ: ਬ੍ਰਹਮਾਦਿਕ = ਬ੍ਰਹਮਾ ਅਤੇ ਹੋਰ ਦੇਵਤੇ (ਬ੍ਰਹਮ-ਆਦਿਕ) । ਸਨਕਾਦਿ = (ਸਨਕ-ਆਦਿ) , ਸਨਕ ਅਤੇ ਹੋਰ; ਸਨਕ, ਸਨਾਤਨ, ਸਨਤ-ਕੁਮਾਰ, ਅਤੇ ਸਨੰਦਨ = ਇਹ ਚਾਰੇ ਬ੍ਰਹਮਾ ਦੇ ਪੁੱਤਰ ਸਨ। ਸੇਖ = ਸ਼ੇਸ਼ਨਾਗ, ਪੁਰਾਣਾ ਹਿੰਦੂ ਖ਼ਿਆਲ ਹੈ ਕਿ ਇਸ ਦੇ ਇਕ ਹਜ਼ਾਰ ਫਣ ਹਨ ਅਤੇ ਵਿਸ਼ਨੂੰ ਦਾ ਇਹ ਆਸਨ ਹੈ; ਇਹ ਖ਼ਿਆਲ ਭੀ ਪ੍ਰਚਲਤ ਹੈ ਕਿ ਸ਼ੇਸ਼ਨਾਗ ਸਾਰੀ ਸ੍ਰਿਸ਼ਟੀ ਨੂੰ ਆਪਣੇ ਫਣ ਤੇ ਚੁੱਕੀ ਖੜਾ ਹੈ। ਅਗਹੁ = (ਅ-ਗਹੁ) ; ਜੋ ਪਕੜ ਤੋਂ ਪਰੇ ਹੈ, ਜਿਸ ਤਾਈਂ ਪਹੁੰਚ ਨਾਹ ਹੋ ਸਕੇ। ਪੂਰਿ = ਵਿਆਪਕ। ਗਹਿਓ = ਪਕੜਿਆ। ਸ੍ਰਬ = ਸਰਬ, ਸਾਰੇ।

ਅਰਥ: ਬ੍ਰਹਮਾ ਅਤੇ ਹੋਰ ਦੇਵਤੇ (ਬ੍ਰਹਮਾ ਦੇ ਪੁੱਤ੍ਰ) ਸਨਕ ਆਦਿਕ ਅਤੇ ਸ਼ੇਸ਼ਨਾਗ ਅਕਾਲ ਪੁਰਖ ਦੇ ਗੁਣਾਂ ਦਾ ਅੰਤ ਨਹੀਂ ਲੱਭ ਸਕੇ। (ਅਕਾਲ ਪੁਰਖ ਮਨੁੱਖਾਂ ਦੀ) ਸਮਝ ਤੋਂ ਉੱਚਾ ਹੈ, ਉਸ ਦੀ ਗਤਿ ਪਾਈ ਨਹੀਂ ਜਾ ਸਕਦੀ, ਸਾਰੇ ਥਾਈਂ ਵਿਆਪਕ ਹੈ ਤੇ ਸਭ ਵਿਚ ਰਮਿਆ ਹੋਇਆ ਹੈ।

ਜਿਹ ਕਾਟੀ ਸਿਲਕ ਦਯਾਲ ਪ੍ਰਭਿ ਸੇਇ ਜਨ ਲਗੇ ਭਗਤੇ ॥ ਹਰਿ ਗੁਰੁ ਨਾਨਕੁ ਜਿਨ੍ਹ੍ਹ ਪਰਸਿਓ ਤੇ ਇਤ ਉਤ ਸਦਾ ਮੁਕਤੇ ॥੮॥ {ਪੰਨਾ 1386}

ਪਦ ਅਰਥ: ਜਿਹ = ਜਿਨ੍ਹਾਂ ਮਨੁੱਖਾਂ ਦੀ। ਸਿਲਕ = (ਮਾਇਆ ਦੀ) ਫਾਹੀ। ਪ੍ਰਭਿ = ਪ੍ਰਭੂ ਨੇ। ਸੇਇ ਜਨ = ਉਹ ਮਨੁੱਖ (ਬਹੁ-ਵਚਨ) । ਭਗਤੇ = ਭਗਤੀ ਵਿਚ। ਇਤ ਉਤ = ਇਥੇ ਓਥੇ, ਇਸ ਲੋਕ ਤੇ ਪਰਲੋਕ ਵਿਚ। ਮੁਕਤੇ = ਮੁਕਤ, ਬੰਧਨਾਂ ਤੋਂ ਸੁਤੰਤਰ।

ਅਰਥ: ਦਇਆਲ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਦੀ (ਮਾਇਆ ਦੇ ਮੋਹ ਦੀ) ਫਾਹੀ ਕੱਟ ਦਿੱਤੀ ਹੈ, ਉਹ ਮਨੁੱਖ ਉਸ ਦੀ ਭਗਤੀ ਵਿਚ ਜੁੜ ਗਏ ਹਨ। (ਇਹੋ ਜਿਹੇ ਉਪ੍ਰੋਕਤ ਗੁਣਾਂ ਵਾਲੇ) ਹਰੀ ਦੇ ਰੂਪ ਗੁਰੂ ਨਾਨਕ ਨੂੰ ਜਿਨ੍ਹਾਂ ਨੇ ਪਰਸਿਆ ਹੈ, ਉਹ ਜੀਵ ਲੋਕ ਪਰਲੋਕ ਵਿਚ ਮਾਇਆ ਦੇ ਬੰਧਨਾਂ ਤੋਂ ਬਚੇ ਹੋਏ ਹਨ।8।

ਪ੍ਰਭ ਦਾਤਉ ਦਾਤਾਰ ਪਰਿ੍ਯ੍ਯਉ ਜਾਚਕੁ ਇਕੁ ਸਰਨਾ ॥ ਮਿਲੈ ਦਾਨੁ ਸੰਤ ਰੇਨ ਜੇਹ ਲਗਿ ਭਉਜਲੁ ਤਰਨਾ ॥ {ਪੰਨਾ 1386}

ਪਦ ਅਰਥ: ਪਰਿ੍ਯ੍ਯਉ = ਪਿਆ ਹੈ। ਜਾਚਕੁ = ਮੰਗਤਾ। ਸਰਨਾ = ਸਰਨੀ। ਦਾਨੁ = ਖ਼ੈਰ, ਭਿੱਛਿਆ। ਸੰਤ ਰੇਨ = ਸੰਤਸੰਗੀਆਂ ਦੇ ਚਰਨਾਂ ਦੀ ਧੂੜ। ਜੇਹ ਲਗਿ = ਜਿਸ ਦੇ ਆਸਰੇ, ਜਿਸ (ਧੂੜ) ਦੀ ਓਟ ਲੈ ਕੇ। ਭਉਜਲੁ = ਘੁੰਮਣ-ਘੇਰ (ਸੰਸਾਰ ਦਾ) । ਤਰਨਾ = ਤਰਿਆ ਜਾ ਸਕੇ।

ਅਰਥ: ਹੇ ਪ੍ਰਭੂ! ਹੇ ਦਾਤੇ! ਹੇ ਦਾਤਾਰ! ਮੈਂ ਇਕ ਮੰਗਤਾ ਤੇਰੀ ਸਰਨ ਆਇਆ ਹਾਂ, (ਮੈਨੂੰ ਮੰਗਤੇ ਨੂੰ) ਸਤਸੰਗੀਆਂ ਦੇ ਚਰਨਾਂ ਦੀ ਧੂੜ ਦਾ ਖ਼ੈਰ ਮਿਲ ਜਾਏ, ਤਾਕਿ ਇਸ ਧੂੜ ਦੀ ਓਟ ਲੈ ਕੇ ਮੈਂ (ਸੰਸਾਰ ਦੇ) ਘੁੰਮਣ-ਘੇਰ ਤੋਂ ਪਾਰ ਲੰਘ ਸਕਾਂ।

TOP OF PAGE

Sri Guru Granth Darpan, by Professor Sahib Singh