ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1387 ਬਿਨਤਿ ਕਰਉ ਅਰਦਾਸਿ ਸੁਨਹੁ ਜੇ ਠਾਕੁਰ ਭਾਵੈ ॥ ਦੇਹੁ ਦਰਸੁ ਮਨਿ ਚਾਉ ਭਗਤਿ ਇਹੁ ਮਨੁ ਠਹਰਾਵੈ ॥ {ਪੰਨਾ 1387} ਪਦ ਅਰਥ: ਕਰਉ = ਕਰਉਂ, ਮੈਂ ਕਰਦਾ ਹਾਂ। ਮਨਿ = (ਮੇਰੇ) ਮਨ ਵਿਚ। ਚਾਉ = ਤਾਂਘ। ਭਗਤਿ = (ਤੇਰੀ) ਭਗਤੀ ਵਿਚ। ਇਹੁ ਮਨੁ = ਮੇਰਾ ਇਹ ਮਨ। ਠਹਰਾਵੈ = ਟਿਕ ਜਾਏ। ਅਰਥ: ਹੇ ਠਾਕੁਰ! ਜੇ ਤੈਨੂੰ ਚੰਗੀ ਲੱਗੇ ਤਾਂ (ਮਿਹਰ ਕਰ ਕੇ ਮੇਰੀ) ਅਰਜ਼ੋਈ ਸੁਣ, ਮੈਂ ਇਕ ਬੇਨਤੀ ਕਰਦਾ ਹਾਂ, "(ਮੈਨੂੰ) ਦੀਦਾਰ ਦੇਹ; ਮੇਰੇ ਮਨ ਵਿਚ ਇਹ ਤਾਂਘ ਹੈ, (ਮਿਹਰ ਕਰ) ਮੇਰਾ ਇਹ ਮਨ ਤੇਰੀ ਭਗਤੀ ਵਿਚ ਟਿਕ ਜਾਏ। " ਬਲਿਓ ਚਰਾਗੁ ਅੰਧ੍ਯ੍ਯਾਰ ਮਹਿ ਸਭ ਕਲਿ ਉਧਰੀ ਇਕ ਨਾਮ ਧਰਮ ॥ ਪ੍ਰਗਟੁ ਸਗਲ ਹਰਿ ਭਵਨ ਮਹਿ ਜਨੁ ਨਾਨਕੁ ਗੁਰੁ ਪਾਰਬ੍ਰਹਮ ॥੯॥ {ਪੰਨਾ 1387} ਪਦ ਅਰਥ: ਚਰਾਗੁ = ਦੀਵਾ। ਅੰਧ੍ਯ੍ਯਾਰ ਮਹਿ = ਹਨੇਰੇ ਵਿਚ। ਕਲਿ = ਸ੍ਰਿਸ਼ਟੀ। ਉਧਰੀ = ਪਾਰ ਲੰਘ ਗਈ। ਨਾਮ ਧਰਮ = ਹਰੀ ਨਾਮ ਦੇ ਸਿਮਰਨ-ਰੂਪ ਧਰਮ ਦੁਆਰਾ। ਭਵਨ = ਸੰਸਾਰ। ਹਰਿ = ਹੇ ਹਰੀ! ਜਨੁ ਨਾਨਕੁ = (ਤੇਰਾ) ਸੇਵਕ (ਗੁਰੂ) ਨਾਨਕ। ਅਰਥ: ਹੇ ਹਰੀ! ਤੇਰਾ ਸੇਵਕ, ਹੇ ਪਾਰਬ੍ਰਹਮ! ਤੇਰਾ ਰੂਪ ਗੁਰੂ ਨਾਨਕ ਸਾਰੇ ਜਗਤ ਵਿਚ ਪਰਗਟ ਹੋਇਆ ਹੈ। (ਗੁਰੂ ਨਾਨਕ) ਹਨੇਰੇ ਵਿਚ ਦੀਵਾ ਜਗ ਪਿਆ ਹੈ, (ਉਸ ਦੇ ਦੱਸੇ ਹੋਏ) ਨਾਮ ਦੀ ਬਰਕਤਿ ਨਾਲ ਸਾਰੀ ਸ੍ਰਿਸ਼ਟੀ ਪਾਰ ਲੰਘ ਰਹੀ ਹੈ।9। ਸਵਯੇ ਸ੍ਰੀ ਮੁਖਬਾਕ੍ਯ੍ਯ ਮਹਲਾ ੫ ੴ ਸਤਿਗੁਰ ਪ੍ਰਸਾਦਿ ॥ ਕਾਚੀ ਦੇਹ ਮੋਹ ਫੁਨਿ ਬਾਂਧੀ ਸਠ ਕਠੋਰ ਕੁਚੀਲ ਕੁਗਿਆਨੀ ॥ ਧਾਵਤ ਭ੍ਰਮਤ ਰਹਨੁ ਨਹੀ ਪਾਵਤ ਪਾਰਬ੍ਰਹਮ ਕੀ ਗਤਿ ਨਹੀ ਜਾਨੀ ॥ {ਪੰਨਾ 1387} ਪਦ ਅਰਥ: ਕਾਚੀ = ਨਾਹ ਥਿਰ ਰਹਿਣ ਵਾਲੀ। ਦੇਹ = ਸਰੀਰ। ਮੋਹ ਬਾਂਧੀ = (ਮਾਇਆ ਦੇ) ਮੋਹ ਨਾਲ ਬੱਝੀ ਹੋਈ। ਫੁਨਿ = ਫਿਰ। ਸਠ = ਸਠ, ਦੁਰਜਨ। ਕਠੋਰ = ਨਿਰਦਈ। ਕੁਚੀਲ = ਗੰਦਾ ਰਹਿਣ ਵਾਲਾ। ਕੁਗਿਆਨੀ = ਮੂੜ੍ਹ, ਮੂਰਖ। ਧਾਵਤ ਭ੍ਰਮਤ = ਭਟਕਦਾ ਫਿਰਦਾ ਹਾਂ। ਰਹਨੁ = ਟਿਕਾਉ, ਇਸਥਿਰਤਾ। ਨਹੀ ਪਾਵਤ = ਨਹੀਂ ਮਿਲਦੀ, ਪ੍ਰਾਪਤ ਨਹੀਂ ਹੁੰਦੀ। ਗਤਿ = ਭੇਦ, ਉੱਚੀ ਆਤਮਕ ਅਵਸਥਾ। ਅਰਥ: ਮੈਂ ਦੁਰਜਨ ਹਾਂ, ਕਠੋਰ-ਦਿਲ ਹਾਂ, ਮੰਦੇ ਕੰਮਾਂ ਵਿਚ ਲੱਗਾ ਰਹਿੰਦਾ ਹਾਂ ਅਤੇ ਮੂਰਖ ਹਾਂ। (ਇਕ ਤਾਂ ਅੱਗੇ ਹੀ ਮੇਰਾ) ਸਰੀਰ ਸਦਾ-ਥਿਰ ਰਹਿਣ ਵਾਲਾ ਨਹੀਂ ਹੈ, ਉੱਤੋਂ ਸਗੋਂ ਇਹ ਮੋਹ ਨਾਲ ਜਕੜਿਆ ਪਿਆ ਹੈ, (ਇਸ ਮੋਹ ਦੇ ਕਾਰਣ) ਭਟਕਦਾ ਫਿਰਦਾ ਹਾਂ, (ਮਨ) ਟਿਕਦਾ ਨਹੀਂ ਹੈ, ਤੇ ਨਾ ਹੀ ਮੈਂ ਇਹ ਜਾਣਿਆ ਹੈ ਕਿ ਪਰਮਾਤਮਾ ਕਿਹੋ ਜਿਹਾ ਹੈ। ਜੋਬਨ ਰੂਪ ਮਾਇਆ ਮਦ ਮਾਤਾ ਬਿਚਰਤ ਬਿਕਲ ਬਡੌ ਅਭਿਮਾਨੀ ॥ ਪਰ ਧਨ ਪਰ ਅਪਵਾਦ ਨਾਰਿ ਨਿੰਦਾ ਯਹ ਮੀਠੀ ਜੀਅ ਮਾਹਿ ਹਿਤਾਨੀ ॥ {ਪੰਨਾ 1387} ਪਦ ਅਰਥ: ਜੋਬਨ = ਜੁਆਨੀ। ਰੂਪ = ਸੋਹਣੀ ਸ਼ਕਲ। ਮਦ = ਅਹੰਕਾਰ। ਮਾਤਾ = ਮਸਤ। ਬਿਚਰਤ = ਮੈਂ ਭਟਕ ਰਿਹਾ ਹਾਂ। ਬਿਕਲ = ਵਿਆਕੁਲ, ਆਪਣੇ ਆਪ ਨੂੰ ਭੁਲਾ ਕੇ। ਅਪਵਾਦ = ਬੁਰੇ ਬਚਨ, ਕੌੜੇ ਬੋਲ। ਨਾਰਿ = (ਪਰਾਈ) ਇਸਤ੍ਰੀ (ਵੱਲ ਮੰਦ ਦ੍ਰਿਸ਼ਟੀ) । ਯਹ = ਇਹ। ਜੀਅ ਮਾਹਿ = ਹਿਰਦੇ ਵਿਚ। ਹਿਤਾਨੀ = ਪਿਆਰੇ ਲੱਗਦੇ ਹਨ। ਅਰਥ: ਮੈਂ ਜੁਆਨੀ, ਸੋਹਣੀ ਸ਼ਕਲ ਤੇ ਮਾਇਆ ਦੇ ਮਾਣ ਵਿਚ ਮਸਤ ਹੋਇਆ ਹੋਇਆ ਹਾਂ, ਆਪਣੇ ਆਪ ਨੂੰ ਭੁਲਾ ਕੇ ਭਟਕ ਰਿਹਾ ਹਾਂ ਅਤੇ ਬੜਾ ਅਹੰਕਾਰੀ ਹਾਂ। ਪਰਾਇਆ ਧਨ, ਪਰਾਈ ਬਖ਼ੀਲੀ, ਪਰਾਈ ਇਸਤ੍ਰੀ ਵੱਲ ਮੰਦੀ ਨਿਗਾਹ ਨਾਲ ਤੱਕਣਾ ਅਤੇ ਪਰਾਈ ਨਿੰਦਾ = ਮੈਨੂੰ ਆਪਣੇ ਹਿਰਦੇ ਵਿਚ ਇਹ ਗੱਲਾਂ ਮਿੱਠੀਆਂ ਤੇ ਪਿਆਰੀਆਂ ਲੱਗਦੀਆਂ ਹਨ। ਬਲਬੰਚ ਛਪਿ ਕਰਤ ਉਪਾਵਾ ਪੇਖਤ ਸੁਨਤ ਪ੍ਰਭ ਅੰਤਰਜਾਮੀ ॥ ਸੀਲ ਧਰਮ ਦਯਾ ਸੁਚ ਨਾਸ੍ਤਿ ਆਇਓ ਸਰਨਿ ਜੀਅ ਕੇ ਦਾਨੀ ॥ ਕਾਰਣ ਕਰਣ ਸਮਰਥ ਸਿਰੀਧਰ ਰਾਖਿ ਲੇਹੁ ਨਾਨਕ ਕੇ ਸੁਆਮੀ ॥੧॥ {ਪੰਨਾ 1387} ਪਦ ਅਰਥ: ਬਲਬੰਚ ਉਪਾਵਾ = ਠੱਗੀ ਦੇ ਉਪਾਵ। ਛਪਿ = ਲੁਕ ਕੇ। ਕਰਤ = ਮੈਂ ਕਰਦਾ ਹਾਂ। ਪੇਖਤ = ਤੂੰ ਵੇਖਦਾ ਹੈਂ। ਸੁਨਤ = (ਤੂੰ) ਸੁਣਦਾ ਹੈਂ। ਪ੍ਰਭ = ਹੇ ਪ੍ਰਭੂ! ਸੀਲ = ਚੰਗਾ ਸੁਭਾਉ। ਸੁਚ = ਪਵਿੱਤ੍ਰਤਾ। ਨਾਸ੍ਤਿ = ਨਹੀਂ ਹੈ (ਨ-ਅਸ੍ਤਿ) । ਆਇਓ = ਮੈਂ ਆਇਆ ਹਾਂ। ਜੀਅ ਕੈ ਦਾਨੀ = ਹੇ ਜੀਅ ਕੇ ਦਾਨੀ! ਹੇ ਜੀਅ-ਦਾਨ ਦੇਣ ਵਾਲੇ! ਕਾਰਣ ਕਰਣ = ਹੇ ਸ੍ਰਿਸ਼ਟੀ ਦੇ ਮੂਲ! ਸਿਰੀ ਧਰ = ਹੇ ਮਾਇਆ ਦੇ ਪਤੀ!।1। ਅਰਥ: ਹੇ ਅੰਤਰਜਾਮੀ ਪ੍ਰਭੂ! ਮੈਂ ਲੁਕ ਲੁਕ ਕੇ ਠੱਗੀ ਦੇ ਉਪਰਾਲੇ ਕਰਦਾ ਹਾਂ, (ਪਰ) ਤੂੰ ਵੇਖਦਾ ਤੇ ਸੁਣਦਾ ਹੈਂ। ਹੇ ਜੀਅ-ਦਾਨ ਦੇਣ ਵਾਲੇ! ਮੇਰੇ ਵਿਚ ਨਾਹ ਸੀਲ ਹੈ ਨਾਹ ਧਰਮ; ਨਾਹ ਦਇਆ ਹੈ ਨਾਹ ਸੁੱਚ। ਮੈਂ ਤੇਰੀ ਸਰਨ ਆਇਆ ਹਾਂ। ਹੇ ਸ੍ਰਿਸ਼ਟੀ ਦੇ ਸਮਰੱਥ ਕਰਤਾਰ! ਹੇ ਮਾਇਆ ਦੇ ਮਾਲਕ! ਹੇ ਨਾਨਕ ਦੇ ਸੁਆਮੀ! (ਮੈਨੂੰ ਇਹਨਾਂ ਤੋਂ) ਰੱਖ ਲੈ।1। ਕੀਰਤਿ ਕਰਨ ਸਰਨ ਮਨਮੋਹਨ ਜੋਹਨ ਪਾਪ ਬਿਦਾਰਨ ਕਉ ॥ ਹਰਿ ਤਾਰਨ ਤਰਨ ਸਮਰਥ ਸਭੈ ਬਿਧਿ ਕੁਲਹ ਸਮੂਹ ਉਧਾਰਨ ਸਉ ॥ {ਪੰਨਾ 1387} ਪਦ ਅਰਥ: ਮਨ ਮੋਹਨ– ਮਨ ਨੂੰ ਮੋਹ ਲੈਣ ਵਾਲੇ ਹਰੀ ਦੀ। ਕੀਰਤਿ ਕਰਨ = ਸਿਫ਼ਤਿ-ਸਾਲਾਹ ਕਰਨੀ। ਸਰਨ = ਸਰਨੀ ਪੈਣਾ। ਜੋਹਨ– ਜੋਧਨ, ਜੋਧੇ। ਬਿਦਾਰਨ ਕਉ = ਨਾਸ ਕਰਨ ਲਈ, ਦੂਰ ਕਰਨ ਲਈ। ਤਾਰਨ ਤਰਨ = (ਸੰਸਾਰ-ਸਾਗਰ ਤੋਂ) ਤਾਰਨ ਲਈ ਬੇੜੀ। ਤਰਨ = ਬੇੜੀ। ਸਭੈ ਬਿਧਿ = ਹਰ ਤਰ੍ਹਾਂ, ਪੂਰਨ ਤੌਰ ਤੇ। ਕੁਲਹ ਸਮੂਹ = ਕੁਲਾਂ ਦੇ ਸਮੂਹ, ਕਈ ਕੁਲਾਂ। ਉਧਾਰਨ ਸਉ = ਤਾਰਨ ਲਈ, ਪਾਰ ਕਰਨ ਲਈ। ਅਰਥ: ਮਨ ਨੂੰ ਮੋਹ ਲੈਣ ਵਾਲੇ ਹਰੀ ਦੀ ਸਿਫ਼ਤਿ-ਸਾਲਾਹ ਕਰਨੀ ਤੇ ਉਸ ਦੀ ਸਰਨੀ ਪੈਣਾ = (ਜੀਵਾਂ ਦੇ) ਪਾਪਾਂ ਦੇ ਨਾਸ ਕਰਨ ਲਈ ਇਹ ਸਮਰੱਥ ਹਨ (ਭਾਵ, ਹਰੀ ਦੀ ਸਰਨ ਪੈ ਕੇ ਉਸ ਦਾ ਜਸ ਕਰੀਏ ਤਾਂ ਪਾਪ ਦੂਰ ਹੋ ਜਾਂਦੇ ਹਨ) । ਹਰੀ (ਜੀਆਂ ਨੂੰ ਸੰਸਾਰ-ਸਾਗਰ ਤੋਂ) ਤਾਰਨ ਲਈ ਜਹਾਜ਼ ਹੈ ਅਤੇ (ਭਗਤ ਜਨਾਂ ਦੀਆਂ ਅਨੇਕਾਂ ਕੁਲਾਂ ਨੂੰ ਪਾਰ ਉਤਾਰਨ ਲਈ ਪੂਰਨ ਤੌਰ ਤੇ ਸਮਰੱਥ ਹੈ। ਚਿਤ ਚੇਤਿ ਅਚੇਤ ਜਾਨਿ ਸਤਸੰਗਤਿ ਭਰਮ ਅੰਧੇਰ ਮੋਹਿਓ ਕਤ ਧਂਉ ॥ ਮੂਰਤ ਘਰੀ ਚਸਾ ਪਲੁ ਸਿਮਰਨ ਰਾਮ ਨਾਮੁ ਰਸਨਾ ਸੰਗਿ ਲਉ ॥ {ਪੰਨਾ 1387} ਪਦ ਅਰਥ: ਚਿਤ ਅਚੇਤ = ਹੇ ਅਚੇਤ ਚਿੱਤ! ਹੇ ਗ਼ਾਫ਼ਲ ਮਨ! ਚੇਤਿ = ਸਿਮਰ। ਜਾਨਿ = ਪਛਾਣ। ਭਰਮ ਅੰਧੇਰ ਮੋਹਿਓ = ਭਰਮ-ਰੂਪ ਹਨੇਰੇ ਦਾ ਮੁੱਠਾ ਹੋਇਆ ਹੋਇਆ। ਕਤ = ਕਿੱਧਰ? ਧਂਉ = ਤੂੰ ਧਾਂਵਦਾ ਹੈਂ, ਭਟਕਦਾ ਫਿਰਦਾ ਹੈਂ। ਮੂਰਤ = ਮਹੂਰਤ। ਘਰੀ = ਘੜੀ। ਸਿਮਰਨ = ਸਿਮਰਨ (ਕਰ) । ਰਸਨਾ ਸੰਗਿ = ਜੀਭ ਨਾਲ। ਲਉ = ਲੈ। ਅਰਥ: ਹੇ (ਮੇਰੇ) ਗ਼ਾਫਲ ਮਨ! (ਰਾਮ ਨੂੰ) ਸਿਮਰ, ਸਾਧ ਸੰਗਤ ਨਾਲ ਸਾਂਝ ਪਾ, ਭਰਮ-ਰੂਪ ਹਨੇਰੇ ਦਾ ਮੁੱਠਿਆ ਹੋਇਆ (ਤੂੰ) ਕਿੱਧਰ ਭਟਕਦਾ ਫਿਰਦਾ ਹੈਂ? ਮਹੂਰਤ ਮਾਤ੍ਰ, ਘੜੀ ਭਰ, ਚਸਾ ਮਾਤ੍ਰ ਜਾਂ ਪਲ ਭਰ ਹੀ ਰਾਮ ਦਾ ਸਿਮਰਨ ਕਰ, ਜੀਭ ਨਾਲ ਰਾਮ ਦਾ ਨਾਮ ਸਿਮਰ। ਹੋਛਉ ਕਾਜੁ ਅਲਪ ਸੁਖ ਬੰਧਨ ਕੋਟਿ ਜਨੰਮ ਕਹਾ ਦੁਖ ਭਂਉ ॥ ਸਿਖ੍ਯ੍ਯਾ ਸੰਤ ਨਾਮੁ ਭਜੁ ਨਾਨਕ ਰਾਮ ਰੰਗਿ ਆਤਮ ਸਿਉ ਰਂਉ ॥੨॥ {ਪੰਨਾ 1387} ਪਦ ਅਰਥ: ਹੋਛਉ = ਹੋਛਾ, ਤੋੜ ਨਾਹ ਨਿਭਣ ਵਾਲਾ। ਕਾਜੁ = ਕੰਮ, ਧੰਧਾ। ਅਲਪ = ਥੋੜੇ। ਬੰਧਨ = ਵਸਾਉਣ ਦਾ ਵਸੀਲਾ। ਕੋਟਿ = ਕ੍ਰੋੜਾਂ। ਕਹਾ = ਕਿਉਂ? ਕਿਸ ਦੀ ਖ਼ਾਤਰ? ਦੁੱਖਾਂ ਵਿਚ। ਭਂਉ = ਭੌਂਦਾ ਫਿਰੇਂਗਾ। ਸਿਖ੍ਯ੍ਯਾ = ਉਪਦੇਸ਼ (ਲੈ ਕੇ) । ਨਾਨਕ = ਹੇ ਨਾਨਕ! ਰੰਗਿ = ਰੰਗ ਵਿਚ। ਆਤਮ ਸਿਉ = ਆਪਣੇ ਆਤਮਾ ਨਾਲ। ਰਂਉ = ਆਨੰਦ ਲੈ।2। ਅਰਥ: (ਇਹ ਦੁਨੀਆ ਦਾ) ਧੰਧਾ ਸਦਾ ਨਾਲ ਨਿਭਣ ਵਾਲਾ ਨਹੀਂ ਹੈ, (ਮਾਇਆ ਦੇ ਇਹ) ਥੋੜੇ ਜਿਹੇ ਸੁਖ (ਜੀਵ ਨੂੰ) ਫਸਾਵਣ ਦਾ ਕਾਰਨ ਹਨ; (ਇਹਨਾਂ ਦੀ ਖ਼ਾਤਰ) ਕਿੱਥੇ ਕ੍ਰੋੜਾਂ ਜਨਮਾਂ ਤਾਈਂ (ਤੂੰ) ਦੁਖਾਂ ਵਿਚ ਭਟਕਦਾ ਫਿਰੇਂਗਾ? ਤਾਂ ਤੇ, ਹੇ ਨਾਨਕ! ਸੰਤਾਂ ਦਾ ਉਪਦੇਸ਼ ਲੈ ਕੇ ਨਾਮ ਸਿਮਰ, ਤੇ ਰਾਮ ਦੇ ਰੰਗ ਵਿਚ (ਮਗਨ ਹੋ ਕੇ) ਆਪਣੇ ਅੰਦਰ ਹੀ ਆਨੰਦ ਲੈ।2। ਰੰਚਕ ਰੇਤ ਖੇਤ ਤਨਿ ਨਿਰਮਿਤ ਦੁਰਲਭ ਦੇਹ ਸਵਾਰਿ ਧਰੀ ॥ ਖਾਨ ਪਾਨ ਸੋਧੇ ਸੁਖ ਭੁੰਚਤ ਸੰਕਟ ਕਾਟਿ ਬਿਪਤਿ ਹਰੀ ॥ {ਪੰਨਾ 1387} ਪਦ ਅਰਥ: ਰੰਚਕ ਰੇਤ = ਰਤਾ ਕੁ ਬੀਰਜ। ਖੇਤ = ਪੈਲੀ। ਤਨਿ = ਸਰੀਰ ਵਿਚ (ਭਾਵ, ਮਾਤਾ ਦੇ ਪੇਟ ਵਿਚ) । ਖੇਤ ਤਨਿ = ਮਾਂ ਦੇ ਪੇਟ-ਰੂਪੀ ਖੇਤ ਵਿਚ। ਨਿਰਮਿਤ = ਨਿੰਮਿਆ। ਦੇਹ = ਸਰੀਰ। ਦੁਰਲਭ = ਅਮੋਲਕ। ਸਵਾਰਿ = ਸਜਾ ਕੇ। ਖਾਨ ਪਾਨ = ਖਾਣ ਪੀਣ ਦੇ ਪਦਾਰਥ। ਸੋਧੇ = ਮਹਲ-ਮਾੜੀਆਂ। ਸੁਖ ਭੁੰਚਤ = ਮਾਣਨ ਲਈ ਸੁਖ (ਦਿੱਤੇ) । ਸੰਕਟ = ਕਲੇਸ਼ (ਭਾਵ, ਮਾਂ ਦੇ ਉਦਰ ਵਿਚ ਪੁੱਠੇ ਰਹਿਣ ਵਾਲਾ ਕਲੇਸ਼) । ਕਾਟਿ = ਕੱਟ ਕੇ, ਹਟਾ ਕੇ। ਬਿਪਤ = ਬਿਪਤਾ, ਮੁਸੀਬਤ। ਹਰੀ = ਦੂਰ ਕੀਤੀ। ਅਰਥ: (ਹੇ ਜੀਵ! ਪਰਮਾਤਮਾ ਨੇ ਪਿਤਾ ਦਾ) ਰਤਾ ਕੁ ਬੀਰਜ ਮਾਂ ਦੇ ਪੇਟ-ਰੂਪ ਖੇਤ ਵਿਚ ਨਿੰਮਿਆ ਤੇ (ਤੇਰਾ) ਅਮੋਲਕ (ਮਨੁੱਖਾ) ਸਰੀਰ ਸਜਾ ਕੇ ਰੱਖ ਦਿੱਤਾ। (ਉਸ ਨੇ ਤੈਨੂੰ) ਖਾਣ ਪੀਣ ਦੇ ਪਦਾਰਥ, ਮਹਲ-ਮਾੜੀਆਂ ਤੇ ਮਾਣਨ ਨੂੰ ਸੁਖ ਬਖ਼ਸ਼ੇ, ਸੰਕਟ ਕੱਟ ਕੇ ਤੇਰੀ ਬਿਪਤਾ ਦੂਰ ਕੀਤੀ। ਮਾਤ ਪਿਤਾ ਭਾਈ ਅਰੁ ਬੰਧਪ ਬੂਝਨ ਕੀ ਸਭ ਸੂਝ ਪਰੀ ॥ ਬਰਧਮਾਨ ਹੋਵਤ ਦਿਨ ਪ੍ਰਤਿ ਨਿਤ ਆਵਤ ਨਿਕਟਿ ਬਿਖੰਮ ਜਰੀ ॥ ਰੇ ਗੁਨ ਹੀਨ ਦੀਨ ਮਾਇਆ ਕ੍ਰਿਮ ਸਿਮਰਿ ਸੁਆਮੀ ਏਕ ਘਰੀ ॥ {ਪੰਨਾ 1387} ਪਦ ਅਰਥ: ਅਰੁ = ਅਤੇ। ਬੰਧਪ = ਸੰਬੰਧੀ, ਸਾਕ-ਸੈਣ। ਬੂਝਨ ਕੀ = ਪਛਾਣਨ ਦੀ। ਸੂਝ = ਮੱਤ, ਬੁੱਧ। ਪਰੀ = (ਤੇਰੇ ਮਨ ਵਿਚ) ਪਈ। ਬਰਧਮਾਨ ਹੋਵਤ = ਵਧਦਾ ਹੈ। ਦਿਨ ਪ੍ਰਤਿ = ਪ੍ਰਤਿ ਦਿਨ, ਰੋਜ਼, ਦਿਨੋ-ਦਿਨ। ਨਿਤ = ਸਦਾ। ਨਿਕਟਿ = ਨੇੜੇ। ਬਿਖੰਮ = ਡਰਾਉਣਾ। ਜਰੀ = ਬੁਢੇਪਾ। ਗੁਨਹੀਨ = ਗੁਣਾਂ ਤੋਂ ਸੱਖਣਾ। ਦੀਨ = ਕੰਗਲਾ। ਕ੍ਰਿਮ = ਕੀੜਾ। ਅਰਥ: (ਹੇ ਜੀਵ! ਪਰਮਾਤਮਾ ਦੀ ਮਿਹਰ ਨਾਲ) ਤਦੋਂ ਮਾਂ, ਪਿਉ, ਭਰਾ ਤੇ ਸਾਕ-ਸੈਣ = ਪਛਾਣਨ ਦੀ ਤੇਰੇ ਅੰਦਰ ਸੂਝ ਪੈ ਗਈ। ਦਿਨੋ-ਦਿਨ ਸਦਾ (ਤੇਰਾ ਸਰੀਰ) ਵਧ-ਫੁੱਲ ਰਿਹਾ ਹੈ ਤੇ ਡਰਾਉਣਾ ਬੁਢੇਪਾ ਨੇੜੇ ਆ ਰਿਹਾ ਹੈ। ਹੇ ਗੁਣਾਂ ਤੋਂ ਸੱਖਣੇ, ਕੰਗਲੇ, ਮਾਇਆ ਦੇ ਕੀੜੇ! ਇੱਕ ਘੜੀ (ਤਾਂ) ਉਸ ਮਾਲਕ ਨੂੰ ਯਾਦ ਕਰ (ਜਿਸ ਨੇ ਤੇਰੇ ਉੱਤੇ ਇਤਨੀਆਂ ਬਖ਼ਸ਼ਸ਼ਾਂ ਕੀਤੀਆਂ ਹਨ) । ਕਰੁ ਗਹਿ ਲੇਹੁ ਕ੍ਰਿਪਾਲ ਕ੍ਰਿਪਾ ਨਿਧਿ ਨਾਨਕ ਕਾਟਿ ਭਰੰਮ ਭਰੀ ॥੩॥ {ਪੰਨਾ 1387} ਪਦ ਅਰਥ: ਕਰੁ = ਹੱਥ। ਗਹਿ = ਫੜ ਕੇ। ਗਹਿ ਲੇਹੁ = ਫੜ ਲਉ। ਕ੍ਰਿਪਾਲ = ਹੇ ਕ੍ਰਿਪਾਲ ਹਰੀ। ਕ੍ਰਿਪਾਨਿਧਿ = ਹੇ ਕਿਰਪਾ ਦੇ ਖ਼ਜ਼ਾਨੇ! ਕਾਟਿ = ਦੂਰ ਕਰ। ਭਰੰਮ ਭਰੀ = ਭਰਮਾਂ ਦੀ ਪੰਡ।3। ਅਰਥ: ਹੇ ਦਿਆਲ! ਹੇ ਦਇਆ ਦੇ ਸਮੁੰਦਰ! ਨਾਨਕ ਦਾ ਹੱਥ ਫੜ ਲੈ ਤੇ ਭਰਮਾਂ ਦੀ ਪੰਡ ਲਾਹ ਦੇਹ।3। ਰੇ ਮਨ ਮੂਸ ਬਿਲਾ ਮਹਿ ਗਰਬਤ ਕਰਤਬ ਕਰਤ ਮਹਾਂ ਮੁਘਨਾਂ ॥ ਸੰਪਤ ਦੋਲ ਝੋਲ ਸੰਗਿ ਝੂਲਤ ਮਾਇਆ ਮਗਨ ਭ੍ਰਮਤ ਘੁਘਨਾ ॥ {ਪੰਨਾ 1387} ਪਦ ਅਰਥ: ਮੂਸ = ਚੂਹਾ। ਬਿਲਾ = ਖੁੱਡ। ਗਰਬਤ = (ਤੂੰ) ਹੰਕਾਰ ਕਰਦਾ ਹੈਂ। ਕਰਤਬ = ਕੰਮ, ਕਰਤੂਤ। ਮਹਾਂ ਮੁਘਨਾਂ = ਵੱਡੇ ਮੂਰਖਾਂ ਵਾਲੇ। ਸੰਪਤ = ਧਨ, ਪਦਾਰਥ। ਦੋਲ = ਪੀਂਘ, ਪੰਘੂੜਾ। ਝੋਲ = ਹੁਲਾਰਾ। ਝੋਲ ਸੰਗ = ਹੁਲਾਰੇ ਨਾਲ। ਝੂਲਤ = (ਤੂੰ) ਝੂਲਦਾ ਹੈਂ। ਮਗਨ = ਮਸਤ। ਘੁਘਨਾ = ਉੱਲੂ ਵਾਂਗ। ਅਰਥ: ਹੇ ਮਨ! (ਤੂੰ ਇਸ ਸਰੀਰ ਵਿਚ ਮਾਣ ਕਰਦਾ ਹੈਂ ਜਿਵੇਂ) ਚੂਹਾ ਖੁੱਡ ਵਿਚ ਰਹਿ ਕੇ ਹੰਕਾਰ ਕਰਦਾ ਹੈ, ਅਤੇ ਤੂੰ ਵੱਡੇ ਮੂਰਖਾਂ ਵਾਲੇ ਕੰਮ ਕਰਦਾ ਹੈਂ। (ਤੂੰ) ਮਾਇਆ ਦੇ ਪੰਘੂੜੇ ਵਿਚ ਹੁਲਾਰੇ ਲੈ ਕੇ ਝੂਟ ਰਿਹਾ ਹੈਂ, ਅਤੇ ਮਾਇਆ ਵਿਚ ਮਸਤ ਹੋ ਕੇ ਉੱਲੂ ਵਾਂਗ ਭਟਕ ਰਿਹਾ ਹੈਂ। ਸੁਤ ਬਨਿਤਾ ਸਾਜਨ ਸੁਖ ਬੰਧਪ ਤਾ ਸਿਉ ਮੋਹੁ ਬਢਿਓ ਸੁ ਘਨਾ ॥ ਬੋਇਓ ਬੀਜੁ ਅਹੰ ਮਮ ਅੰਕੁਰੁ ਬੀਤਤ ਅਉਧ ਕਰਤ ਅਘਨਾਂ ॥ {ਪੰਨਾ 1387} ਪਦ ਅਰਥ: ਸੁਤ = ਪੁੱਤ੍ਰ,। ਬਨਿਤਾ = ਇਸਤ੍ਰੀ। ਤਾ ਸਿਉ = ਇਹਨਾਂ ਨਾਲ। ਬਢਿਓ = ਵਧਿਆ ਹੋਇਆ ਹੈ। ਘਣਾ = ਬਹੁਤ। ਅਹੰ = ਹਉਮੈ। ਮਮ = ਮਮਤਾ। ਅੰਕੁਰੁ = ਅੰਗੂਰ। ਅਉਧ = ਉਮਰ। ਅਘਨਾਂ = ਪਾਪ। ਅਰਥ: ਪੁੱਤ੍ਰ, ਇਸਤ੍ਰੀ, ਮਿੱਤ੍ਰ, (ਸੰਸਾਰ ਦੇ) ਸੁਖ ਅਤੇ ਸੰਬੰਧੀ = ਇਹਨਾਂ ਨਾਲ (ਤੇਰਾ) ਬਹੁਤਾ ਮੋਹ ਵਧ ਰਿਹਾ ਹੈ। ਤੂੰ (ਆਪਣੇ ਅੰਦਰ) ਹਉਮੈ ਦਾ ਬੀਜ ਬੀਜਿਆ ਹੋਇਆ ਹੈ (ਜਿਸ ਤੋਂ) ਮਮਤਾ ਦਾ ਅੰਗੂਰ (ਉੱਗ ਰਿਹਾ ਹੈ) , ਤੇਰੀ ਉਮਰ ਪਾਪ ਕਰਦਿਆਂ ਬੀਤ ਰਹੀ ਹੈ। ਮਿਰਤੁ ਮੰਜਾਰ ਪਸਾਰਿ ਮੁਖੁ ਨਿਰਖਤ ਭੁੰਚਤ ਭੁਗਤਿ ਭੂਖ ਭੁਖਨਾ ॥ ਸਿਮਰਿ ਗੁਪਾਲ ਦਇਆਲ ਸਤਸੰਗਤਿ ਨਾਨਕ ਜਗੁ ਜਾਨਤ ਸੁਪਨਾ ॥੪॥ {ਪੰਨਾ 1387} ਪਦ ਅਰਥ: ਮਿਰਤੁ = ਮੌਤ। ਮੰਜਾਰ = ਬਿੱਲਾ। ਮੁਖੁ ਪਸਾਰਿ = ਮੂੰਹ ਖੋਹਲ ਕੇ। ਨਿਰਖਤ = ਵੇਖਦਾ ਹੈ। ਭੁੰਚਤ ਭੁਗਤਿ = ਭੋਗਾਂ ਨੂੰ ਭੋਗਦਾ ਭੋਗਦਾ। ਭੁਗਤਿ = ਦੁਨੀਆ ਦੇ ਭੋਗ। ਭੂਖ = ਤ੍ਰਿਸ਼ਨਾ। ਜਾਨਤ = ਜਾਣ ਕੇ, ਜਾਣਦਾ ਹੋਇਆ। ਅਰਥ: ਮੌਤ-ਰੂਪ ਬਿੱਲਾ ਮੂੰਹ ਖੋਹਲ ਕੇ (ਤੈਨੂੰ) ਤੱਕ ਰਿਹਾ ਹੈ, (ਪਰ) ਤੂੰ ਭੋਗਾਂ ਨੂੰ ਭੋਗ ਰਿਹਾ ਹੈਂ। ਫਿਰ ਭੀ ਤ੍ਰਿਸ਼ਨਾ-ਅਧੀਨ (ਤੂੰ) ਭੁੱਖਾ ਹੀ ਹੈਂ। ਹੇ ਨਾਨਕ (ਦੇ ਮਨ!) ਸੰਸਾਰ ਨੂੰ ਸੁਫ਼ਨਾ ਜਾਣ ਕੇ ਸਤ-ਸੰਗਤਿ ਵਿਚ (ਟਿਕ ਕੇ) ਗੋਪਾਲ ਦਇਆਲ ਹਰੀ ਨੂੰ ਸਿਮਰ।4। |
Sri Guru Granth Darpan, by Professor Sahib Singh |