ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1388

ਦੇਹ ਨ ਗੇਹ ਨ ਨੇਹ ਨ ਨੀਤਾ ਮਾਇਆ ਮਤ ਕਹਾ ਲਉ ਗਾਰਹੁ ॥ ਛਤ੍ਰ ਨ ਪਤ੍ਰ ਨ ਚਉਰ ਨ ਚਾਵਰ ਬਹਤੀ ਜਾਤ ਰਿਦੈ ਨ ਬਿਚਾਰਹੁ ॥ {ਪੰਨਾ 1388}

ਪਦ ਅਰਥ: ਦੇਹ = ਸਰੀਰ। ਗੇਹ = ਘਰ। ਨੇਹ = ਮੋਹ-ਪਿਆਰ। ਨ ਨੀਤਾ = ਅਨਿੱਤ, ਸਦਾ ਨਾਹ ਰਹਿਣ ਵਾਲੇ। ਮਤ = ਮੱਤਾ ਹੋਇਆ, ਹੰਕਾਰੀ। ਕਹਾ ਲਉ = ਕਦ ਤਾਈਂ? ਗਾਰਹੁ = (ਤੂੰ) ਅਹੰਕਾਰ ਕਰੇਂਗਾ। ਛਤ੍ਰ = ਰਾਜ ਦਾ ਛਤਰ। ਪਤ੍ਰ = ਹੁਕਮਨਾਮਾ। ਚਾਵਰ = ਚਉਰ ਕਰਨ ਵਾਲੇ। ਬਹਤੀ ਜਾਤ = ਤੁਰੀ ਜਾ ਰਹੀ ਹੈ, (ਭਾਵ, ਨਾਸ ਹੋ ਜਾਣਗੇ) । ਰਿਦੈ = ਹਿਰਦੇ ਵਿਚ।

ਅਰਥ: ਹੇ ਮਾਇਆ ਵਿਚ ਮੱਤੇ ਹੋਏ (ਜੀਵ!) ਇਹ ਸਰੀਰ, ਇਹ ਘਰ, (ਮਾਇਆ ਦੇ) ਇਹ ਪਿਆਰ, ਕੋਈ ਸਦਾ ਰਹਿਣ ਵਾਲੇ ਨਹੀਂ ਹਨ; ਕਦ ਤਾਈਂ (ਤੂੰ ਇਹਨਾਂ ਦਾ) ਹੰਕਾਰ ਕਰੇਂਗਾ? ਇਹ (ਰਾਜਸੀ) ਛਤਰ, ਇਹ ਹੁਕਮ-ਨਾਮੇ, ਇਹ ਚਉਰ ਅਤੇ ਇਹ ਚਉਰ-ਬਰਦਾਰ, ਸਭ ਨਾਸ ਹੋ ਜਾਣਗੇ। ਪਰ ਹਿਰਦੇ ਵਿਚ ਤੂੰ ਵਿਚਾਰਦਾ ਨਹੀਂ ਹੈਂ।

ਰਥ ਨ ਅਸ੍ਵ ਨ ਗਜ ਸਿੰਘਾਸਨ ਛਿਨ ਮਹਿ ਤਿਆਗਤ ਨਾਂਗ ਸਿਧਾਰਹੁ ॥ ਸੂਰ ਨ ਬੀਰ ਨ ਮੀਰ ਨ ਖਾਨਮ ਸੰਗਿ ਨ ਕੋਊ ਦ੍ਰਿਸਟਿ ਨਿਹਾਰਹੁ ॥ {ਪੰਨਾ 1388}

ਪਦ ਅਰਥ: ਅਸ੍ਵ = ਘੋੜੇ। ਗਜ = ਹਾਥੀ। ਸਿੰਘਾਸਨ = ਤਖ਼ਤ। ਛਿਨ ਮਹਿ = ਬੜੀ ਛੇਤੀ। ਤਿਅਗਤ = ਛੱਡ ਕੇ। ਨਾਂਗ = ਨੰਗੇ। ਸਿਧਾਰਹੁ = ਤੁਰ ਜਾਹਿਂਗਾ। ਸੂਰ = ਸੂਰਮੇ। ਬੀਰ = ਜੋਧੇ। ਮੀਰ = ਪਾਤਸ਼ਾਹ। ਖਾਨਮ = ਖਾਨ, ਸਿਰਦਾਰ। ਸੰਗਿ = ਸੰਗੀ, ਸਾਥੀ। ਦ੍ਰਿਸਟਿ = ਅੱਖਾਂ ਨਾਲ। ਨਿਹਾਰਹੁ = ਵੇਖੋ।

ਅਰਥ: ਰਥ, ਘੋੜੇ, ਹਾਥੀ, ਤਖ਼ਤ, (ਇਹਨਾਂ ਵਿਚੋਂ ਕੋਈ ਭੀ ਨਾਲ) ਨਹੀਂ (ਨਿਭਣਾ) , ਇਹਨਾਂ ਨੂੰ ਇਕ ਖਿਨ ਵਿਚ ਛੱਡ ਕੇ ਨੰਗਾ (ਹੀ ਇਥੋਂ) ਤੁਰ ਜਾਹਿਂਗਾ। ਅੱਖਾਂ ਨਾਲ ਵੇਖ, ਨਾਹ ਸੂਰਮੇ, ਨਾਹ ਜੋਧੇ, ਨਾਹ ਮੀਰ, ਨਾਹ ਸਿਰਦਾਰ, ਕੋਈ ਭੀ ਸਾਥੀ ਨਹੀਂ (ਬਣਨੇ) ।

ਕੋਟ ਨ ਓਟ ਨ ਕੋਸ ਨ ਛੋਟਾ ਕਰਤ ਬਿਕਾਰ ਦੋਊ ਕਰ ਝਾਰਹੁ ॥ ਮਿਤ੍ਰ ਨ ਪੁਤ੍ਰ ਕਲਤ੍ਰ ਸਾਜਨ ਸਖ ਉਲਟਤ ਜਾਤ ਬਿਰਖ ਕੀ ਛਾਂਰਹੁ ॥ {ਪੰਨਾ 1388}

ਪਦ ਅਰਥ: ਕੋਟ = ਕਿਲ੍ਹੇ। ਓਟ = ਆਸਰੇ। ਕੋਸ = ਕੋਸ਼, ਖ਼ਜ਼ਾਨੇ। ਛੋਟਾ = ਛੁਟਕਾਰਾ। ਬਿਕਾਰ = ਪਾਪ। ਦੋਊ = ਦੋਵੇਂ। ਕਰ = ਹੱਥ (ਬਹੁ-ਵਚਨ) । ਝਾਰਹੁ = (ਤੂੰ) ਝਾੜਦਾ ਹੈਂ। ਕਲਤ੍ਰ = ਇਸਤ੍ਰੀ। ਸਖ = ਸਖੇ, ਸਾਥੀ। ਉਲਟਤ ਜਾਤ = ਉਲਟ ਜਾਂਦੇ ਹਨ, ਮੁੜ ਜਾਂਦੇ ਹਨ, ਮੂੰਹ ਮੋੜ ਲੈਂਦੇ ਹਨ, ਛੱਡ ਜਾਂਦੇ ਹਨ। ਛਾਰਹੁ = ਛਾਂ ਵਾਂਗ।

ਅਰਥ: ਇਹਨਾਂ ਕਿਲ੍ਹਿਆਂ, (ਮਾਇਆ ਦੇ) ਆਸਰਿਆਂ ਤੇ ਖ਼ਜ਼ਾਨਿਆਂ ਨਾਲ (ਅੰਤ ਵੇਲੇ) ਛੁਟਕਾਰਾ ਨਹੀਂ (ਹੋ ਸਕੇਗਾ) । (ਤੂੰ) ਪਾਪ ਕਰ ਕਰ ਕੇ ਦੋਵੇਂ ਹੱਥ ਝਾੜਦਾ ਹੈਂ (ਭਾਵ, ਬੇ-ਪਰਵਾਹ ਹੋ ਕੇ ਪਾਪ ਕਰਦਾ ਹੈਂ) । ਇਹ ਮਿੱਤ੍ਰ, ਪੁੱਤ੍ਰ, ਇਸਤ੍ਰੀ, ਸੱਜਣ ਤੇ ਸਾਥੀ (ਅੰਤ ਵੇਲੇ) ਸਾਥ ਛੱਡ ਦੇਣਗੇ, ਜਿਵੇਂ (ਹਨੇਰੇ ਵਿਚ) ਰੁੱਖ ਦੀ ਛਾਂ (ਉਸ ਦਾ ਸਾਥ ਛੱਡ ਦੇਂਦੀ ਹੈ।)

ਦੀਨ ਦਯਾਲ ਪੁਰਖ ਪ੍ਰਭ ਪੂਰਨ ਛਿਨ ਛਿਨ ਸਿਮਰਹੁ ਅਗਮ ਅਪਾਰਹੁ ॥ ਸ੍ਰੀਪਤਿ ਨਾਥ ਸਰਣਿ ਨਾਨਕ ਜਨ ਹੇ ਭਗਵੰਤ ਕ੍ਰਿਪਾ ਕਰਿ ਤਾਰਹੁ ॥੫॥ {ਪੰਨਾ 1388}

ਪਦ ਅਰਥ: ਦੀਨ ਦਯਾਲ = ਦੀਨਾਂ ਉਤੇ ਦਇਆ ਕਰਨ ਵਾਲਾ। ਪੂਰਨ ਪੁਰਖ = ਸਭ ਥਾਈਂ ਵਿਆਪਕ ਹਰੀ। ਛਿਨ ਛਿਨ = ਸਦਾ, ਹਰ ਵੇਲੇ। ਅਗਮ = ਅੰਬੇ, ਜਿਸ ਤਾਈਂ ਪਹੁੰਚ ਹੋਣੀ ਬੜੀ ਕਠਨ ਹੈ। ਸ੍ਰੀਪਤਿ = ਮਾਇਆ ਦਾ ਮਾਲਕ। ਸ੍ਰੀ = ਮਾਇਆ।

ਅਰਥ: (ਹੇ ਮਨ!) ਦੀਨਾਂ ਉੱਤੇ ਦਇਆ ਕਰਨ ਵਾਲੇ, ਸਭ ਥਾਈਂ ਵਿਆਪਕ, ਬੇਅੰਤ ਤੇ ਅਪਾਰ ਹਰੀ ਨੂੰ ਹਰ ਵੇਲੇ ਯਾਦ ਕਰ, (ਤੇ ਆਖ) = ਹੇ ਮਾਇਆ ਦੇ ਪਤੀ! ਹੇ ਨਾਥ! ਹੇ ਭਗਵੰਤ! ਨਾਨਕ ਦਾਸ ਨੂੰ ਕਿਰਪਾ ਕਰ ਕੇ ਤਾਰ ਲਵੋ, ਜੋ ਤੇਰੀ ਸਰਨ ਆਇਆ ਹੈ।5।

ਪ੍ਰਾਨ ਮਾਨ ਦਾਨ ਮਗ ਜੋਹਨ ਹੀਤੁ ਚੀਤੁ ਦੇ ਲੇ ਲੇ ਪਾਰੀ ॥ ਸਾਜਨ ਸੈਨ ਮੀਤ ਸੁਤ ਭਾਈ ਤਾਹੂ ਤੇ ਲੇ ਰਖੀ ਨਿਰਾਰੀ ॥ {ਪੰਨਾ 1388}

ਪਦ ਅਰਥ: ਮਾਨ = ਇਜ਼ਤ। ਦਾਨ = ਦਾਨ (ਲੈ ਲੈ ਕੇ) । ਮਗ ਜੋਹਨ– ਰਾਹ ਤੱਕ ਤੱਕ ਕੇ, ਡਾਕੇ ਮਾਰ ਮਾਰ ਕੇ। ਹੀਤੁ = ਪਿਆਰ। ਹੀਤੁ ਦੇ = ਮੋਹ ਪਾ ਕੇ। ਚੀਤੁ ਦੇ = ਧਿਆਨ ਦੇ ਦੇ ਕੇ। ਪਾਰੀ = ਇਕੱਠੀ ਕੀਤੀ। ਤਾਹੂ ਤੇ = ਉਹਨਾਂ ਤੋਂ। ਨਿਰਾਰੀ = ਵੱਖਰੀ, ਲੁਕਾ ਕੇ, ਉਹਲੇ।

ਅਰਥ: (ਲੋਕ) ਜਾਨ ਹੀਲ ਕੇ, ਇੱਜ਼ਤ ਭੀ ਦੇ ਕੇ, ਦਾਨ ਲੈ ਲੈ ਕੇ, ਡਾਕੇ ਮਾਰ ਮਾਰ ਕੇ, (ਮਾਇਆ ਵਿਚ) ਪ੍ਰੇਮ ਜੋੜ ਕੇ, (ਪੂਰਨ) ਧਿਆਨ ਦੇ ਦੇ ਕੇ (ਮਾਇਆ ਨੂੰ) ਲੈ ਲੈ ਕੇ ਇਕੱਠੇ ਕਰਦੇ ਹਨ; ਸੱਜਣ, ਸਾਥੀ, ਮਿੱਤ੍ਰ, ਪੁੱਤ੍ਰ, ਭਰਾ = ਇਹਨਾਂ ਸਭਨਾਂ ਤੋਂ ਉਹਲੇ ਲੁਕਾ ਕੇ ਰੱਖਦੇ ਹਨ।

ਧਾਵਨ ਪਾਵਨ ਕੂਰ ਕਮਾਵਨ ਇਹ ਬਿਧਿ ਕਰਤ ਅਉਧ ਤਨ ਜਾਰੀ ॥ ਕਰਮ ਧਰਮ ਸੰਜਮ ਸੁਚ ਨੇਮਾ ਚੰਚਲ ਸੰਗਿ ਸਗਲ ਬਿਧਿ ਹਾਰੀ ॥ {ਪੰਨਾ 1388}

ਪਦ ਅਰਥ: ਧਾਵਨ ਪਾਵਨ = ਦੌੜਨ ਭੱਜਣ। ਕੂਰ ਕਮਾਵਨ = ਕੂੜੇ ਕੰਮ ਕਰਨੇ। ਇਹ ਬਿਧਿ = ਇਸੇ ਤਰ੍ਹਾਂ। ਅਉਧ ਤਨ = ਸਰੀਰ ਦੀ ਉਮਰ। ਜਾਰੀ = ਸਾੜ ਦਿੱਤੀ, ਗਵਾ ਦਿੱਤੀ। ਚੰਚਲ = ਸਾਥ ਛੱਡ ਜਾਣ ਵਾਲੀ ਮਾਇਆ। ਸਗਲ ਬਿਧਿ = ਸਭ ਕਰਮ ਧਰਮ ਆਦਿਕ। ਹਾਰੀ = ਗਵਾ ਲਈ।

ਅਰਥ: (ਲੋਕ ਮਾਇਆ ਦੇ ਪਿੱਛੇ) ਦੌੜਨਾ ਭੱਜਣਾ, ਠੱਗੀ ਦੇ ਕੰਮ ਕਰਨੇ = ਸਾਰੀ ਉਮਰ ਇਹ ਕੁਝ ਕਰਦਿਆਂ ਹੀ ਗਵਾ ਦਿੰਦੇ ਹਨ; ਪੁੰਨ ਕਰਮ, ਜੁਗਤੀ ਵਿਚ ਰਹਿਣਾ, ਆਤਮਕ ਸੁਚ ਤੇ ਨੇਮ = ਇਹ ਸਾਰੇ ਹੀ ਕੰਮ ਚੰਚਲ ਮਾਇਆ ਦੀ ਸੰਗਤ ਵਿਚ ਛੱਡ ਬੈਠਦੇ ਹਨ।

ਪਸੁ ਪੰਖੀ ਬਿਰਖ ਅਸਥਾਵਰ ਬਹੁ ਬਿਧਿ ਜੋਨਿ ਭ੍ਰਮਿਓ ਅਤਿ ਭਾਰੀ ॥ ਖਿਨੁ ਪਲੁ ਚਸਾ ਨਾਮੁ ਨਹੀ ਸਿਮਰਿਓ ਦੀਨਾ ਨਾਥ ਪ੍ਰਾਨਪਤਿ ਸਾਰੀ ॥ {ਪੰਨਾ 1388}

ਪਦ ਅਰਥ: ਪੰਖੀ = ਪੰਛੀ। ਅਸਥਾਵਰ = (स्थावर) ਪਰਬਤ ਆਦਿਕ ਜੋ ਆਪਣੇ ਥਾਂ ਤੋਂ ਨਾਹ ਹਿੱਲਣ ਵਾਲੇ ਹਨ। ਬਹੁ ਬਿਧਿ = ਕਈ ਤਰ੍ਹਾਂ ਦੀਆਂ। ਭ੍ਰਮਿਓ ਅਤਿ ਭਾਰੀ = ਬਹੁਤ ਭਟਕਦਾ ਫਿਰਿਆ। ਸਾਰੀ = ਸ੍ਰਿਸ਼ਟੀ।

ਅਰਥ: (ਜੀਵ) ਪਸ਼ੂ, ਪੰਛੀ, ਰੁੱਖ, ਪਰਬਤ ਆਦਿਕ = ਇਹਨਾਂ ਰੰਗਾ-ਰੰਗ ਦੀਆਂ ਜੂਨੀਆਂ ਵਿਚ ਬਹੁਤ ਭਟਕਦੇ ਫਿਰਦੇ ਹਨ; ਖਿਨ ਮਾਤ੍ਰ, ਪਲ ਮਾਤ੍ਰ ਜਾਂ ਚਸਾ ਮਾਤ੍ਰ ਭੀ ਦੀਨਾਂ ਦੇ ਨਾਥ, ਪ੍ਰਾਣਾਂ ਦੇ ਮਾਲਕ, ਸ੍ਰਿਸ਼ਟੀ ਦੇ ਸਾਜਣਹਾਰ ਦਾ ਨਾਮ ਨਹੀਂ ਜਪਦੇ।

ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਬਾਰ ਹੋਤ ਕਤ ਖਾਰੀ ॥ ਨਾਨਕ ਸੰਤ ਚਰਨ ਸੰਗਿ ਉਧਰੇ ਹੋਰਿ ਮਾਇਆ ਮਗਨ ਚਲੇ ਸਭਿ ਡਾਰੀ ॥੬॥ {ਪੰਨਾ 1388}

ਪਦ ਅਰਥ: ਖਾਨ ਪਾਨ = ਖਾਣਾ ਪੀਣਾ। ਅੰਤ ਕੀ ਬਾਰ = ਅਖ਼ੀਰ ਦੇ ਵੇਲੇ। ਕਤ = ਕਤਈ, ਬਿਲਕੁਲ। ਖਾਰੀ = ਕੌੜੇ। ਉਧਰੇ = ਤੁਰ ਗਏ। ਹੋਰਿ = ਹੋਰ ਲੋਕ। ਮਗਨ = ਡੁੱਬੇ ਹੋਏ, ਮਸਤ। ਡਾਰੀ = ਡਾਰਿ, ਛੱਡ ਕੇ।

ਅਰਥ: ਖਾਣ ਪੀਣ, ਮਿੱਠੇ ਰਸਾਂ ਵਾਲੇ ਪਦਾਰਥ = (ਇਹ ਸਭ) ਅਖ਼ੀਰ ਦੇ ਵੇਲੇ ਸਦਾ ਕੌੜੇ (ਲੱਗਦੇ ਹਨ) । ਹੇ ਨਾਨਕ! ਜੋ ਜਨ ਸੰਤਾਂ ਦੀ ਚਰਨੀਂ ਪੈਂਦੇ ਹਨ ਉਹ ਤਰ ਜਾਂਦੇ ਹਨ, ਬਾਕੀ ਲੋਕ, ਜੋ ਮਾਇਆ ਵਿਚ ਮਸਤ ਹਨ, ਸਭ ਕੁਝ ਛੱਡ ਕੇ (ਖ਼ਾਲੀ-ਹੱਥ ਹੀ) ਜਾਂਦੇ ਹਨ।6।

ਬ੍ਰਹਮਾਦਿਕ ਸਿਵ ਛੰਦ ਮੁਨੀਸੁਰ ਰਸਕਿ ਰਸਕਿ ਠਾਕੁਰ ਗੁਨ ਗਾਵਤ ॥ ਇੰਦ੍ਰ ਮੁਨਿੰਦ੍ਰ ਖੋਜਤੇ ਗੋਰਖ ਧਰਣਿ ਗਗਨ ਆਵਤ ਫੁਨਿ ਧਾਵਤ ॥ {ਪੰਨਾ 1388}

ਪਦ ਅਰਥ: ਛੰਦ = (ਛੰਦਸ = The Vedas) ਵੇਦ। ਮੁਨੀਸੁਰ = ਵੱਡੇ ਵੱਡੇ ਮੁਨੀ। ਰਸਕਿ = ਰਸ ਲੈ ਲੈ ਕੇ, ਪ੍ਰੇਮ ਨਾਲ। ਠਾਕੁਰ ਗੁਨ = ਠਾਕੁਰ ਦੇ ਗੁਣ। ਮੁਨਿੰਦ੍ਰ = ਵੱਡੇ ਵੱਡੇ ਮੁਨੀ। ਧਰਣਿ = ਧਰਤੀ। ਗਗਨ = ਆਕਾਸ਼। ਫੁਨਿ = ਫਿਰ। ਧਾਵਤ = ਦੌੜਦੇ ਹਨ।

ਅਰਥ: ਬ੍ਰਹਮਾ ਵਰਗੇ, ਸ਼ਿਵ ਜੀ ਅਤੇ ਵੱਡੇ ਵੱਡੇ ਮੁਨੀ ਵੇਦਾਂ ਦੁਆਰਾ ਪਰਮਾਤਮਾ ਦੇ ਗੁਣ ਪ੍ਰੇਮ ਨਾਲ ਗਾਉਂਦੇ ਹਨ। ਇੰਦ੍ਰ, ਵੱਡੇ ਵੱਡੇ ਮੁਨੀ ਤੇ ਗੋਰਖ (ਆਦਿਕ) ਕਦੇ ਧਰਤੀ ਤੇ ਆਉਂਦੇ ਹਨ ਕਦੇ ਆਕਾਸ਼ ਵਲ ਦੌੜਦੇ ਫਿਰਦੇ ਹਨ, (ਅਤੇ ਪਰਮਾਤਮਾ ਨੂੰ ਸਭ ਥਾਈਂ) ਖੋਜ ਰਹੇ ਹਨ।

ਸਿਧ ਮਨੁਖ੍ਯ੍ਯ ਦੇਵ ਅਰੁ ਦਾਨਵ ਇਕੁ ਤਿਲੁ ਤਾ ਕੋ ਮਰਮੁ ਨ ਪਾਵਤ ॥ ਪ੍ਰਿਅ ਪ੍ਰਭ ਪ੍ਰੀਤਿ ਪ੍ਰੇਮ ਰਸ ਭਗਤੀ ਹਰਿ ਜਨ ਤਾ ਕੈ ਦਰਸਿ ਸਮਾਵਤ ॥ {ਪੰਨਾ 1388}

ਪਦ ਅਰਥ: ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਦੇਵ = ਦੇਵਤੇ। ਅਰੁ = ਅਤੇ। ਦਾਨਵ = ਰਾਖਸ਼। ਇਕੁ ਤਿਲੁ = ਤਿਲ ਮਾਤ੍ਰ ਭੀ, ਰਤਾ ਭੀ। ਮਰਮੁ = ਭੇਦ। ਪ੍ਰਿਅ ਪ੍ਰਭ = ਪਿਆਰੇ ਪ੍ਰਭੂ ਦੀ। ਤਾ ਕੈ ਦਰਸਿ = ਉਸ (ਪ੍ਰਭੂ) ਦੇ ਦਰਸ਼ਨ ਵਿਚ। ਸਮਾਵਤ = ਲੀਨ ਹੋ ਜਾਂਦੇ ਹਨ। ਜਨ = ਦਾਸ।

ਅਰਥ: ਸਿੱਧ, ਮਨੁੱਖ, ਦੇਵਤੇ ਤੇ ਦੈਂਤ, ਕਿਸੇ ਨੇ ਭੀ ਉਸ (ਪ੍ਰਭੂ) ਦਾ ਰਤਾ ਭਰ ਭੇਦ ਨਹੀਂ ਪਾਇਆ। ਪਰ, ਹਰੀ ਦੇ ਦਾਸ ਪਿਆਰੇ ਪ੍ਰਭੂ ਦੀ ਪ੍ਰੀਤਿ ਦੁਆਰਾ ਤੇ ਪ੍ਰੇਮ-ਰਸ ਵਾਲੀ ਭਗਤੀ ਦੁਆਰਾ ਉਸ ਦੇ ਦਰਸ਼ਨ ਵਿਚ ਲੀਨ ਹੋ ਜਾਂਦੇ ਹਨ।

ਤਿਸਹਿ ਤਿਆਗਿ ਆਨ ਕਉ ਜਾਚਹਿ ਮੁਖ ਦੰਤ ਰਸਨ ਸਗਲ ਘਸਿ ਜਾਵਤ ॥ ਰੇ ਮਨ ਮੂੜ ਸਿਮਰਿ ਸੁਖਦਾਤਾ ਨਾਨਕ ਦਾਸ ਤੁਝਹਿ ਸਮਝਾਵਤ ॥੭॥ {ਪੰਨਾ 1388}

ਪਦ ਅਰਥ: ਤਿਸਹਿ = ਉਸ (ਪ੍ਰਭੂ) ਨੂੰ। ਤਿਆਗਿ = ਛੱਡ ਕੇ। ਆਨ ਕਉ = ਹੋਰਨਾਂ ਨੂੰ। ਜਾਚਹਿ = (ਜਿਹੜੇ ਮਨੁੱਖ) ਮੰਗਦੇ ਹਨ। ਦੰਤ = ਦੰਦ। ਰਸਨ = ਜੀਭ। ਮੂੜ = ਹੇ ਮੂਰਖ! ਸੁਖਦਾਤਾ = ਸੁਖਾਂ ਦੇ ਦੇਣ ਵਾਲਾ।

ਅਰਥ: (ਜਿਹੜੇ ਮਨੁੱਖ) ਉਸ ਪ੍ਰਭੂ ਨੂੰ ਛੱਡ ਕੇ ਹੋਰਨਾਂ ਤੋਂ ਮੰਗਦੇ ਹਨ (ਮੰਗਦਿਆਂ ਮੰਗਦਿਆਂ ਉਹਨਾਂ ਦੇ) ਮੂੰਹ, ਦੰਦ ਤੇ ਜੀਭ = ਇਹ ਸਾਰੇ ਹੀ ਘਸ ਜਾਂਦੇ ਹਨ। ਹੇ ਮੂਰਖ ਮਨ! ਸੁਖਾਂ ਦੇ ਦੇਣ ਵਾਲੇ (ਪ੍ਰਭੂ) ਨੂੰ ਯਾਦ ਕਰ, ਤੈਨੂੰ (ਪ੍ਰਭੂ ਦਾ) ਦਾਸ ਨਾਨਕ ਸਮਝਾ ਰਿਹਾ ਹੈ।7।

ਮਾਇਆ ਰੰਗ ਬਿਰੰਗ ਕਰਤ ਭ੍ਰਮ ਮੋਹ ਕੈ ਕੂਪਿ ਗੁਬਾਰਿ ਪਰਿਓ ਹੈ ॥ ਏਤਾ ਗਬੁ ਅਕਾਸਿ ਨ ਮਾਵਤ ਬਿਸਟਾ ਅਸ੍ਤ ਕ੍ਰਿਮਿ ਉਦਰੁ ਭਰਿਓ ਹੈ ॥ {ਪੰਨਾ 1388}

ਪਦ ਅਰਥ: ਭ੍ਰਮ ਮੋਹ ਕੈ = ਭੁਲੇਖੇ ਤੇ ਮੋਹ ਦੇ ਕਾਰਨ। ਕੂਪਿ = ਖੂਹ ਵਿਚ। ਗੁਬਾਰਿ ਕੂਪਿ = ਅੰਨ੍ਹੇ ਖੂਹ ਵਿਚ। ਪਰਿਓ ਹੈ– ਤੂੰ ਪਿਆ ਹੋਇਆ ਹੈਂ। ਗਬੁ = ਗਰਬ, ਅਹੰਕਾਰ। ਅਕਾਸਿ = ਆਸਮਾਨ ਤਾਈਂ। ਨ ਮਾਵਤ = ਨਹੀਂ ਮਿਉਂਦਾ। ਅਸ੍ਤ = ਹੱਡੀਆਂ। ਕ੍ਰਿਮਿ = ਕੀੜੇ। ਉਦਰੁ = ਢਿੱਡ।

ਅਰਥ: (ਹੇ ਭਾਈ!) ਭੁਲੇਖੇ ਤੇ ਮੋਹ ਦੇ ਕਾਰਨ (ਜਿਸ ਮਾਇਆ ਦੇ) ਹਨੇਰੇ ਖੂਹ ਵਿਚ ਤੂੰ ਪਿਆ ਹੋਇਆ ਹੈਂ, (ਉਹ) ਮਾਇਆ ਕਈ ਰੰਗਾਂ ਦੇ ਕੌਤਕ ਕਰਦੀ ਹੈ। (ਤੈਨੂੰ) ਇਤਨਾ ਅਹੰਕਾਰ ਹੈ ਕਿ ਅਸਮਾਨ ਤਾਈਂ ਨਹੀਂ (ਤੂੰ) ਮਿਉਂਦਾ। (ਪਰ ਤੇਰੀ ਹਸਤੀ ਤਾਂ ਇਹੀ ਕੁਝ ਹੈ ਨਾ ਕਿ ਤੇਰਾ) ਢਿੱਡ ਵਿਸ਼ਟਾ, ਹੱਡੀਆਂ ਤੇ ਕੀੜਿਆਂ ਨਾਲ ਭਰਿਆ ਹੋਇਆ ਹੈ।

ਦਹ ਦਿਸ ਧਾਇ ਮਹਾ ਬਿਖਿਆ ਕਉ ਪਰ ਧਨ ਛੀਨਿ ਅਗਿਆਨ ਹਰਿਓ ਹੈ ॥ ਜੋਬਨ ਬੀਤਿ ਜਰਾ ਰੋਗਿ ਗ੍ਰਸਿਓ ਜਮਦੂਤਨ ਡੰਨੁ ਮਿਰਤੁ ਮਰਿਓ ਹੈ ॥ {ਪੰਨਾ 1388}

ਪਦ ਅਰਥ: ਦਹਦਿਸ = ਦਸੀਂ ਪਾਸੀਂ। ਧਾਇ = ਦੌੜ ਦੌੜ ਕੇ। ਮਹਾ ਬਿਖਿਆ ਕਉ = ਬੜੀ ਵਿਹੁਲੀ ਮਾਇਆ ਦਾ ਖ਼ਾਤਰ। ਛੀਨਿ = ਖੋਹ ਕੇ। ਅਗਿਆਨ = ਮੂਰਖਤਾ। ਹਰਿਓ = ਠੱਗੀਆ ਹੋਇਆ। ਜਰਾ = ਬੁਢੇਪਾ। ਰੋਗਿ = ਰੋਗ ਨੇ। ਮਿਰਤੁ = ਮੌਤ।

ਅਰਥ: ਤੂੰ ਮਾਇਆ ਦੀ ਖ਼ਾਤਰ ਦਸੀਂ ਪਾਸੀਂ ਦੌੜਦਾ ਹੈਂ, ਪਰਾਇਆ ਧਨ ਖੋਂਹਦਾ ਹੈਂ, ਤੈਨੂੰ ਅਗਿਆਨ ਨੇ ਠੱਗ ਲਿਆ ਹੈ। (ਤੇਰੀ) ਜੁਆਨੀ ਬੀਤ ਗਈ ਹੈ; ਬੁਢੇਪੇ-ਰੂਪ ਰੋਗ ਨੇ (ਤੈਨੂੰ) ਆ ਘੇਰਿਆ ਹੈ; (ਤੂੰ ਅਜੇਹੀ) ਮੌਤੇ ਮੁਇਆ ਹੈਂ (ਜਿੱਥੇ) ਤੈਨੂੰ ਜਮਦੂਤਾਂ ਦਾ ਡੰਨ ਭਰਨਾ ਪਏਗਾ।

ਅਨਿਕ ਜੋਨਿ ਸੰਕਟ ਨਰਕ ਭੁੰਚਤ ਸਾਸਨ ਦੂਖ ਗਰਤਿ ਗਰਿਓ ਹੈ ॥ ਪ੍ਰੇਮ ਭਗਤਿ ਉਧਰਹਿ ਸੇ ਨਾਨਕ ਕਰਿ ਕਿਰਪਾ ਸੰਤੁ ਆਪਿ ਕਰਿਓ ਹੈ ॥੮॥ {ਪੰਨਾ 1388}

ਪਦ ਅਰਥ: ਸੰਕਟ = ਕਲੇਸ਼, ਦੁੱਖ। ਭੁੰਚਤ = ਤੂੰ ਭੋਗਦਾ ਹੈਂ। ਸਾਸਨ = (ਜਮਾਂ ਦੀ) ਤਾੜਨਾ। ਦੂਖ ਗਰਤਿ = ਦੁੱਖਾਂ ਦੇ ਟੋਏ ਵਿਚ। ਗਰਿਓ ਹੈ– ਤੂੰ ਗਲ ਰਿਹਾ ਹੈਂ। ਉਧਰਹਿ = ਪਾਰ ਉਤਰ ਜਾਂਦੇ ਹਨ, ਤਰ ਜਾਂਦੇ ਹਨ। ਸੇ = ਉਹ ਬੰਦੇ।8।

ਅਰਥ: ਤੂੰ ਅਨੇਕਾਂ ਜੂਨਾਂ ਦੇ ਕਸ਼ਟ ਤੇ ਨਰਕ ਭੋਗਦਾ ਹੈਂ, ਜਮਾਂ ਦੀ ਤਾੜਨਾ ਦੇ ਦੁੱਖਾਂ ਦੇ ਟੋਏ ਵਿਚ ਗਲ ਰਿਹਾ ਹੈਂ। ਹੇ ਨਾਨਕ! ਉਹ ਮਨੁੱਖ ਪ੍ਰੇਮ-ਭਗਤੀ ਦੀ ਬਰਕਤਿ ਨਾਲ ਪਾਰ ਲੰਘ ਗਏ ਹਨ, ਜਿਨ੍ਹਾਂ ਨੂੰ (ਹਰੀ ਨੇ) ਮਿਹਰ ਕਰ ਕੇ ਆਪ ਸੰਤ ਬਣਾ ਲਿਆ ਹੈ।8।

ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸ ਹਮਾਰੀ ॥ ਅਉਖਧ ਮੰਤ੍ਰ ਤੰਤ੍ਰ ਪਰ ਦੁਖ ਹਰ ਸਰਬ ਰੋਗ ਖੰਡਣ ਗੁਣਕਾਰੀ ॥ ਕਾਮ ਕ੍ਰੋਧ ਮਦ ਮਤਸਰ ਤ੍ਰਿਸਨਾ ਬਿਨਸਿ ਜਾਹਿ ਹਰਿ ਨਾਮੁ ਉਚਾਰੀ ॥ ਇਸਨਾਨ ਦਾਨ ਤਾਪਨ ਸੁਚਿ ਕਿਰਿਆ ਚਰਣ ਕਮਲ ਹਿਰਦੈ ਪ੍ਰਭ ਧਾਰੀ ॥ {ਪੰਨਾ 1388-1389}

ਪਦ ਅਰਥ: ਗੁਣ ਸਮੂਹ = ਸਾਰੇ ਗੁਣ। ਫਲ ਸਗਲ ਮਨੋਰਥ = ਸਾਰੇ ਮਨੋਰਥਾਂ ਦੇ ਫਲ। ਅਉਖਧ = ਦਵਾਈ, ਜੜੀ-ਬੂਟੀ। ਪਰ ਦੁਖ ਹਰ = ਪਰਾਏ ਦੁੱਖ ਦੂਰ ਕਰਨ ਵਾਲਾ। ਖੰਡਣ = ਨਾਸ ਕਰਨ ਵਾਲਾ। ਗੁਣਕਾਰੀ = ਗੁਣ ਪੈਦਾ ਕਰਨ ਵਾਲਾ। ਮਦ = ਅਹੰਕਾਰ। ਮਤਸਰ = ਈਰਖਾ। ਬਿਨਸਿ ਜਾਹਿ = ਨਾਸ ਹੋ ਜਾਂਦੇ ਹਨ। ਉਚਾਰੀ = ਸਿਮਰਨ ਨਾਲ, ਉਚਾਰਿ। ਤਾਪਨ = ਤਪ ਸਾਧਣੇ। ਸੁਚਿ ਕਿਰਿਆ = ਸਰੀਰਕ ਸੁੱਚ ਰੱਖਣ ਵਾਲੇ ਸਾਧਨ। ਚਰਣ ਕਮਲ = ਹਰੀ ਦੇ ਕਮਲਾਂ ਵਰਗੇ ਸੋਹਣੇ ਪੈਰ।

ਅਰਥ: (ਹਰੀ ਦੇ ਨਾਮ ਨੂੰ ਸਿਮਰਨ ਨਾਲ) ਸਾਡੀ ਆਸ ਪੂਰੀ ਹੋ ਗਈ ਹੈ, ਸਾਰੇ ਗੁਣ ਤੇ ਸਾਰੇ ਮਨੋਰਥਾਂ ਦੇ ਫਲ ਪ੍ਰਾਪਤ ਹੋ ਗਏ ਹਨ। ਪਰਾਏ ਦੁੱਖ ਦੂਰ ਕਰਨ ਲਈ (ਇਹ ਨਾਮ) ਅਉਖਧੀ ਰੂਪ ਹੈ, ਮੰਤ੍ਰ-ਰੂਪ ਹੈ, ਤੰਤ੍ਰ-ਰੂਪ ਹੈ, ਨਾਮ ਸਾਰੇ ਰੋਗਾਂ ਦੇ ਨਾਸ ਕਰਨ ਵਾਲਾ ਹੈ ਤੇ ਗੁਣ ਪੈਦਾ ਕਰਨ ਵਾਲਾ ਹੈ। ਹਰੀ-ਨਾਮ ਨੂੰ ਸਿਮਰਿਆਂ ਕਾਮ, ਕ੍ਰੋਧ, ਅਹੰਕਾਰ, ਈਰਖਾ ਤੇ ਤ੍ਰਿਸ਼ਨਾ = ਇਹ ਸਭ ਨਾਸ ਹੋ ਜਾਂਦੇ ਹਨ। (ਤੀਰਥਾਂ ਦੇ) ਇਸ਼ਨਾਨ ਕਰਨੇ, (ਓਥੇ) ਦਾਨ ਕਰਨੇ, ਤਪ ਸਾਧਣੇ ਤੇ ਸਰੀਰਕ ਸੁੱਚ ਦੇ ਕਰਮ = (ਇਹਨਾਂ ਸਭਨਾਂ ਦੀ ਥਾਂ) ਅਸਾਂ ਪ੍ਰਭੂ ਦੇ ਚਰਨ ਹਿਰਦੇ ਵਿਚ ਧਾਰ ਲਏ ਹਨ।

TOP OF PAGE

Sri Guru Granth Darpan, by Professor Sahib Singh