ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1389

ਸਾਜਨ ਮੀਤ ਸਖਾ ਹਰਿ ਬੰਧਪ ਜੀਅ ਧਾਨ ਪ੍ਰਭ ਪ੍ਰਾਨ ਅਧਾਰੀ ॥ ਓਟ ਗਹੀ ਸੁਆਮੀ ਸਮਰਥਹ ਨਾਨਕ ਦਾਸ ਸਦਾ ਬਲਿਹਾਰੀ ॥੯॥ {ਪੰਨਾ 1389}

ਪਦ ਅਰਥ: ਜੀਅ ਧਾਨ = ਜ਼ਿੰਦਗੀ ਦਾ ਆਸਰਾ, ਜਿੰਦ ਦਾ ਸੋਮਾ। ਪ੍ਰਾਨ ਅਧਾਰੀ = ਪ੍ਰਾਣਾਂ ਦਾ ਅਧਾਰ। ਗਹੀ = ਪਕੜੀ ਹੈ। ਸੁਆਮੀ ਸਮਰਥਹ = ਸਮਰਥ ਮਾਲਕ ਦੀ।

ਅਰਥ: ਹਰੀ ਸਾਡਾ ਸੱਜਣ ਹੈ, ਮਿੱਤ੍ਰ ਹੈ, ਸਖਾ ਤੇ ਸੰਬੰਧੀ ਹੈ; ਸਾਡੀ ਜ਼ਿੰਦਗੀ ਦਾ ਆਸਰਾ ਹੈ ਤੇ ਪ੍ਰਾਣਾਂ ਦਾ ਆਧਾਰ ਹੈ। ਅਸਾਂ ਸਮਰੱਥ ਮਾਲਕ ਦੀ ਓਟ ਪਕੜੀ ਹੈ, ਨਾਨਕ (ਉਸ ਦਾ) ਦਾਸ ਉਸ ਤੋਂ ਸਦਾ ਸਦਕੇ ਹੈ।9।

ਆਵਧ ਕਟਿਓ ਨ ਜਾਤ ਪ੍ਰੇਮ ਰਸ ਚਰਨ ਕਮਲ ਸੰਗਿ ॥ ਦਾਵਨਿ ਬੰਧਿਓ ਨ ਜਾਤ ਬਿਧੇ ਮਨ ਦਰਸ ਮਗਿ ॥ {ਪੰਨਾ 1389}

ਪਦ ਅਰਥ: ਆਵਧ = ਸ਼ਸਤ੍ਰਾਂ ਨਾਲ। ਚਰਨ ਕਮਲ ਸੰਗਿ = ਚਰਨ-ਕਮਲਾਂ ਨਾਲ। ਦਾਵਨਿ = ਰੱਸੀ ਨਾਲ (दामन् = ਰੱਸੀ) । ਬੰਧਿਓ ਨ ਜਾਤ = ਬੰਨ੍ਹਿਆ ਨਹੀਂ ਜਾ ਸਕਦਾ। ਬਿਧੇ = ਵਿੰਨ੍ਹਿਆ ਹੋਇਆ। ਦਰਸ ਮਗਿ = (ਹਰੀ ਦੇ) ਦਰਸ਼ਨ ਦੇ ਰਸਤੇ ਵਿਚ। ਮਗਿ = ਰਸਤੇ ਵਿਚ।

ਅਰਥ: (ਜਿਸ ਮਨੁੱਖ ਨੇ) ਹਰੀ ਦੇ ਚਰਨ ਕਮਲਾਂ ਨਾਲ ਜੁੜ ਕੇ ਪ੍ਰੇਮ ਦਾ ਸੁਆਦ (ਚੱਖਿਆ ਹੈ, ਉਹ) ਸ਼ਸਤ੍ਰਾਂ ਨਾਲ ਵੱਢਿਆ ਨਹੀਂ ਜਾ ਸਕਦਾ। (ਜਿਸ ਦਾ) ਮਨ (ਹਰੀ ਦੇ) ਦਰਸ਼ਨ ਦੇ ਰਾਹ ਵਿੱਚ ਵਿੱਝ ਗਿਆ ਹੈ, ਉਹ ਰੱਸੀ ਨਾਲ (ਕਿਸੇ ਹੋਰ ਪਾਸੇ) ਬੰਨ੍ਹਿਆ ਨਹੀਂ ਜਾ ਸਕਦਾ।

ਪਾਵਕ ਜਰਿਓ ਨ ਜਾਤ ਰਹਿਓ ਜਨ ਧੂਰਿ ਲਗਿ ॥ ਨੀਰੁ ਨ ਸਾਕਸਿ ਬੋਰਿ ਚਲਹਿ ਹਰਿ ਪੰਥਿ ਪਗਿ ॥ ਨਾਨਕ ਰੋਗ ਦੋਖ ਅਘ ਮੋਹ ਛਿਦੇ ਹਰਿ ਨਾਮ ਖਗਿ ॥੧॥੧੦॥ {ਪੰਨਾ 1389}

ਪਦ ਅਰਥ: ਪਾਵਕ = ਅੱਗ। ਜਰਿਓ ਨ ਜਾਤ = ਸਾੜਿਆ ਨਹੀਂ ਜਾ ਸਕਦਾ। ਜਨ ਧੂਰਿ = ਸੰਤ ਜਨਾਂ ਦੀ ਚਰਨ-ਧੂੜ ਵਿਚ। ਨੀਰੁ = ਪਾਣੀ। ਬੋਰਿ = ਡੋਬ। ਪੰਥ = ਰਸਤਾ। ਪਗ = ਪੈਰ। ਅਘ = ਪਾਪ। ਛਿਦੇ = ਕੱਟੇ ਜਾਂਦੇ ਹਨ। ਖਗਿ = ਤੀਰ ਨਾਲ। ਦੋਖ = ਵਿਕਾਰ। ਪੰਥਿ = ਰਸਤੇ ਤੇ।

ਅਰਥ: (ਜੋ ਮਨੁੱਖ) ਸੰਤ ਜਨਾਂ ਦੀ ਚਰਨ ਧੂੜ ਵਿਚ ਲੱਗ ਰਿਹਾ ਹੈ, (ਉਸ ਨੂੰ) ਅੱਗ ਸਾੜ ਨਹੀਂ ਸਕਦੀ; (ਜਿਸ ਦੇ) ਪੈਰ ਰੱਬ ਦੇ ਰਾਹ ਵਲ ਤੁਰਦੇ ਹਨ, ਉਸ ਨੂੰ ਪਾਣੀ ਡੋਬ ਨਹੀਂ ਸਕਦਾ। ਹੇ ਨਾਨਕ! (ਉਸ ਮਨੁੱਖ ਦੇ) ਰੋਗ, ਦੋਖ, ਪਾਪ ਅਤੇ ਮੋਹ = ਇਹ ਸਾਰੇ ਹੀ ਹਰੀ ਦੇ ਨਾਮ-ਰੂਪੀ ਤੀਰ ਨਾਲ ਕੱਟੇ ਜਾਂਦੇ ਹਨ।1।10।

ਉਦਮੁ ਕਰਿ ਲਾਗੇ ਬਹੁ ਭਾਤੀ ਬਿਚਰਹਿ ਅਨਿਕ ਸਾਸਤ੍ਰ ਬਹੁ ਖਟੂਆ ॥ ਭਸਮ ਲਗਾਇ ਤੀਰਥ ਬਹੁ ਭ੍ਰਮਤੇ ਸੂਖਮ ਦੇਹ ਬੰਧਹਿ ਬਹੁ ਜਟੂਆ ॥ {ਪੰਨਾ 1389}

ਪਦ ਅਰਥ: ਬਿਚਰਹਿ = ਵਿਚਾਰਦੇ ਹਨ। ਅਨਿਕ = ਬਹੁਤ ਸਾਰੇ ਲੋਕ। ਸਾਸਤ੍ਰ ਖਟੂਆ = ਛੇ ਸ਼ਾਸਤ੍ਰਾਂ ਨੂੰ (ਸਾਂਖ, ਯੋਗ, ਨਿਆਇ, ਵੈਸ਼ੇਸ਼ਿਕ, ਮੀਮਾਂਸਾ, ਵੇਦਾਂਤ) । ਭ੍ਰਮਤੇ = ਭਟਕਦੇ ਫਿਰਦੇ ਹਨ। ਸੂਖਮ = ਕਮਜ਼ੋਰ। ਦੇਹ = ਸਰੀਰ। ਬਹੁ = ਬਹੁਤੇ ਮਨੁੱਖ। ਬੰਧਹਿ ਜਟੂਆ = ਜਟਾਂ ਸਿਰ ਤੇ ਧਾਰਨ ਕਰ ਰਹੇ ਹਨ।

ਅਰਥ: ਅਨੇਕਾਂ ਮਨੁੱਖ ਕਈ ਤਰ੍ਹਾਂ ਦੇ ਉੱਦਮ ਕਰ ਰਹੇ ਹਨ, ਛੇ ਸ਼ਾਸਤ੍ਰ ਵਿਚਾਰ ਰਹੇ ਹਨ; (ਪਿੰਡੇ ਤੇ) ਸੁਆਹ ਮਲ ਕੇ ਬਹੁਤੇ ਮਨੁੱਖ ਤੀਰਥਾਂ ਤੇ ਭੌਂਦੇ ਫਿਰਦੇ ਹਨ, ਅਤੇ ਕਈ ਬੰਦੇ ਸਰੀਰ ਨੂੰ (ਤਪਾਂ ਨਾਲ) ਕਮਜ਼ੋਰ ਕਰ ਚੁਕੇ ਹਨ ਤੇ (ਸੀਸ ਉਤੇ) ਜਟਾਂ ਧਾਰ ਰਹੇ ਹਨ।

ਬਿਨੁ ਹਰਿ ਭਜਨ ਸਗਲ ਦੁਖ ਪਾਵਤ ਜਿਉ ਪ੍ਰੇਮ ਬਢਾਇ ਸੂਤ ਕੇ ਹਟੂਆ ॥ ਪੂਜਾ ਚਕ੍ਰ ਕਰਤ ਸੋਮਪਾਕਾ ਅਨਿਕ ਭਾਂਤਿ ਥਾਟਹਿ ਕਰਿ ਥਟੂਆ ॥੨॥੧੧॥੨੦॥ {ਪੰਨਾ 1389}

ਪਦ ਅਰਥ: ਸਗਲ = ਸਾਰੇ (ਮਨੁੱਖ) । ਪ੍ਰੇਮ = ਪ੍ਰੇਮ ਨਾਲ, ਮਜ਼ੇ ਨਾਲ। ਬਢਾਇ = ਵਧਾਉਂਦਾ ਹੈ, ਤਾਣਦਾ ਹੈ। ਸੂਤ ਕੇ ਹਟੂਆ = ਸੂਤ੍ਰ ਦੇ ਘਰ, ਤਾਰਾਂ ਦੇ ਘਰ, ਤਾਰਾਂ ਦਾ ਜਾਲ। ਸੋਮਪਾਕਾ = ਸ੍ਵਯੰ ਪਾਕ, ਆਪਣੀ ਹੱਥੀਂ ਰੋਟੀ ਤਿਆਰ ਕਰਨੀ। ਥਾਟਹਿ = ਬਣਾਉਂਦੇ ਹਨ। ਬਹੁ ਥਟੂਆ = ਕਈ ਥਾਟ, ਕਈ ਬਣਾਉਟਾਂ, ਕਈ ਭੇਖ।

ਅਰਥ: ਕਈ ਮਨੁੱਖ ਪੂਜਾ ਕਰਦੇ ਹਨ; ਸਰੀਰ ਤੇ ਚੱਕ੍ਰਾਂ ਦੇ ਚਿੰਨ੍ਹ ਲਗਾਉਂਦੇ ਹਨ, (ਸੁੱਚ ਦੀ ਖ਼ਾਤਰ) ਆਪਣੀ ਹੱਥੀਂ ਰੋਟੀ ਤਿਆਰ ਕਰਦੇ ਹਨ, ਤੇ ਹੋਰ ਅਨੇਕਾਂ ਤਰ੍ਹਾਂ ਦੇ ਕਈ ਬਣਤਰ ਬਣਾਉਂਦੇ ਹਨ। ਪਰ, ਹਰੀ ਦਾ ਨਾਮ ਲੈਣ ਤੋਂ ਬਿਨਾ, ਇਹ ਸਾਰੇ ਲੋਕ ਦੁੱਖ ਪਾਂਦੇ ਹਨ (ਇਹ ਸਾਰੇ ਅਡੰਬਰ ਉਹਨਾਂ ਲਈ ਫਸਣ ਵਾਸਤੇ ਜਾਲ ਬਣ ਜਾਂਦੇ ਹਨ) ਜਿਵੇਂ (ਕਹਣਾ) ਬੜੇ ਮਜ਼ੇ ਨਾਲ ਤਾਰਾਂ ਦਾ ਜਾਲ ਤਣਦਾ ਹੈ (ਤੇ ਆਪ ਹੀ ਉਸ ਵਿਚ ਫਸ ਕੇ ਆਪਣੇ ਬੱਚਿਆਂ ਦੇ ਹੱਥੋਂ ਮਾਰਿਆ ਜਾਂਦਾ ਹੈ) ।2।11।20।

ਨੋਟ: ਪਹਿਲੇ ਸੰਗ੍ਰਹ ਦੇ 9 ਅਤੇ ਇਸ ਸੰਗ੍ਰਹ ਦੇ 11 ਸਵਈਏ ਮਿਲਾ ਕੇ ਗੁਰੂ ਅਰਜਨ ਸਾਹਿਬ ਦੇ 20 ਸਵਈਏ ਹਨ।

ਸਵਈਏ ਮਹਲੇ ਪਹਿਲੇ ਕੇ ੧

ਅਰਥ: ਗੁਰੂ ਨਾਨਕ ਸਾਹਿਬ ਦੀ ਉਸਤਤਿ ਵਿਚ ਉਚਾਰੇ ਹੋਏ ਸਵਈਏ।

ੴ ਸਤਿਗੁਰ ਪ੍ਰਸਾਦਿ ॥ ਇਕ ਮਨਿ ਪੁਰਖੁ ਧਿਆਇ ਬਰਦਾਤਾ ॥ ਸੰਤ ਸਹਾਰੁ ਸਦਾ ਬਿਖਿਆਤਾ ॥ ਤਾਸੁ ਚਰਨ ਲੇ ਰਿਦੈ ਬਸਾਵਉ ॥ ਤਉ ਪਰਮ ਗੁਰੂ ਨਾਨਕ ਗੁਨ ਗਾਵਉ ॥੧॥ {ਪੰਨਾ 1389}

ਪਦ ਅਰਥ: ਇਕ ਮਨਿ = ਇਕ ਮਨ ਨਾਲ, ਇਕਾਗਰ ਹੋ ਕੇ। ਧਿਆਇ = ਸਿਮਰ ਕੇ, ਯਾਦ ਕਰ ਕੇ। ਬਰਦਾਤਾ = ਬਖ਼ਸ਼ਿਸ਼ ਕਰਨ ਵਾਲਾ। ਸੰਤ ਸਹਾਰੁ = ਸੰਤਾਂ ਦਾ ਆਸਰਾ। ਬਿਖਿਆਤਾ = ਪ੍ਰਗਟ, ਹਾਜ਼ਰ-ਨਾਜ਼ਰ। ਤਾਸੁ = ਉਸ ਦੇ। ਲੇ = ਲੈ ਕੇ। ਬਸਾਵਉ = ਬਸਾਵਉਂ, ਮੈਂ ਵਸਾਉਂਦਾ ਹਾਂ, ਮੈਂ ਵਸਾ ਲਵਾਂ। ਤਉ = ਤਦੋਂ, ਤਾਂ। ਗੁਰੂ ਨਾਨਕ ਗੁਨ = ਗੁਰੂ ਨਾਨਕ ਦੇ ਗੁਣ।1।

ਅਰਥ: ਉਸ ਆਕਲ ਪੁਰਖ ਨੂੰ ਇਕਾਗਰ ਮਨ ਨਾਲ ਸਿਮਰ ਕੇ, ਜੋ ਬਖ਼ਸ਼ਿਸ਼ਾਂ ਕਰਨ ਵਾਲਾ ਹੈ, ਜੋ ਸੰਤਾਂ ਦਾ ਆਸਰਾ ਹੈ ਅਤੇ ਜੋ ਸਦਾ ਹਾਜ਼ਰ-ਨਾਜ਼ਰ ਹੈ, ਮੈਂ ਉਸ ਦੇ ਚਰਨ ਆਪਣੇ ਹਿਰਦੇ ਵਿਚ ਟਿਕਾਉਂਦਾ ਹਾਂ, ਅਤੇ (ਇਹਨਾਂ ਦੀ ਬਰਕਤਿ ਨਾਲ) ਪਰਮ ਸਤਿਗੁਰੂ ਨਾਨਕ ਦੇਵ ਜੀ ਦੇ ਗੁਣਾਂ ਨੂੰ ਗਾਉਂਦਾ ਹਾਂ।1।

ਗਾਵਉ ਗੁਨ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਣ ਸਬਦ ਸਰੇ ॥ ਗਾਵਹਿ ਗੰਭੀਰ ਧੀਰ ਮਤਿ ਸਾਗਰ ਜੋਗੀ ਜੰਗਮ ਧਿਆਨੁ ਧਰੇ ॥ {ਪੰਨਾ 1389}

ਪਦ ਅਰਥ: ਗੁਨ ਸੁਖ ਸਾਗਰ = ਸੁਖਾਂ ਦੇ ਸਮੁੰਦਰ (ਖ਼ਜ਼ਾਨੇ) ਸਤਿਗੁਰੂ ਦੇ ਗੁਣ। ਦੁਰਤ = ਪਾਪ। ਦੁਰਤ ਨਿਵਾਰਣ = ਜੋ ਗੁਰੂ ਪਾਪਾਂ ਨੂੰ ਦੂਰ ਕਰਦਾ ਹੈ। ਸਬਦ ਸਰੇ = (ਜੋ ਗੁਰੂ) ਸ਼ਬਦ ਦਾ ਸਰ (ਭਾਵ ਬਾਣੀ ਦਾ ਸੋਮਾ) ਹੈ। ਧੀਰ = ਧੀਰਜ ਵਾਲੇ ਮਨੁੱਖ। ਮਤਿ ਸਾਗਰ = ਮਤਿ ਦਾ ਸਮੁੰਦਰ, ਉੱਚੀ ਮਤ ਵਾਲੇ। ਧਿਆਨੁ ਧਰੇ = ਧਿਆਨ ਧਰ ਕੇ। ਪਰਮ = ਸਭ ਤੋਂ ਉੱਚਾ।

ਅਰਥ: ਮੈਂ ਉਸ ਪਰਮ ਗੁਰੂ ਨਾਨਕ ਦੇਵ ਜੀ ਦੇ ਗੁਣ ਗਾਉਂਦਾ ਹਾਂ, ਜੋ ਪਾਪਾਂ ਦੇ ਦੂਰ ਕਰਨ ਵਾਲਾ ਹੈ ਅਤੇ ਜੋ ਬਾਣੀ ਦਾ ਸੋਮਾ ਹੈ। (ਗੁਰੂ ਨਾਨਕ ਨੂੰ) ਜੋਗੀ, ਜੰਗਮ ਧਿਆਨ ਧਰ ਕੇ ਗਾਉਂਦੇ ਹਨ, ਅਤੇ ਉਹ ਲੋਕ ਗਾਉਂਦੇ ਹਨ ਜੋ ਗੰਭੀਰ ਹਨ, ਜੋ ਧੀਰਜਵਾਨ ਹਨ ਅਤੇ ਜੋ ਉੱਚੀ ਮਤ ਵਾਲੇ ਹਨ।

ਗਾਵਹਿ ਇੰਦ੍ਰਾਦਿ ਭਗਤ ਪ੍ਰਹਿਲਾਦਿਕ ਆਤਮ ਰਸੁ ਜਿਨਿ ਜਾਣਿਓ ॥ ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ ॥੨॥ {ਪੰਨਾ 1389}

ਪਦ ਅਰਥ: ਇੰਦ੍ਰਾਦਿ = ਇੰਦ੍ਰ ਅਤੇ ਹੋਰ। ਭਗਤ ਪ੍ਰਹਿਲਾਦਿਕ = ਪ੍ਰਹਲਾਦ ਆਦਿਕ ਭਗਤ। ਆਤਮ ਰਸੁ = ਆਤਮਾ ਦਾ ਆਨੰਦ। ਜਿਨਿ = ਜਿਸ (ਗੁਰੂ ਨਾਨਕ) ਨੇ। ਕਬਿ ਕਲ = ਹੇ ਕਲ੍ਯ੍ਯ ਕਵੀ! ਸੁਜਸੁ = ਸੋਹਣਾ ਜਸ। ਗੁਰ ਨਾਨਕ = ਗੁਰੂ ਨਾਨਕ ਦਾ। ਜਿਨਿ = ਜਿਸ (ਗੁਰੂ ਨਾਨਕ) ਨੇ।

ਅਰਥ: ਜਿਸ ਗੁਰੂ ਨਾਨਕ ਨੇ ਆਤਮਕ ਆਨੰਦ ਜਾਣਿਆ ਹੈ, ਉਸ ਨੂੰ ਇੰਦਰ ਆਦਿਕ ਤੇ ਪ੍ਰਹਿਲਾਦ ਆਦਿਕ ਭਗਤ ਗਾਉਂਦੇ ਹਨ। 'ਕਲ੍ਯ੍ਯ' ਕਵੀ (ਆਖਦਾ ਹੈ) , = ਮੈਂ ਉਸ ਗੁਰੂ ਨਾਨਕ ਦੇਵ ਜੀ ਦੇ ਸੋਹਣੇ ਗੁਣ ਗਾਉਂਦਾ ਹਾਂ ਜਿਸ ਨੇ ਰਾਜ ਤੇ ਜੋਗ ਮਾਣਿਆ ਹੈ (ਭਾਵ, ਜੋ ਗ੍ਰਿਹਸਤੀ ਭੀ ਹੈ ਤੇ ਨਾਲ ਹੀ ਮਾਇਆ ਤੋਂ ਉਪਰਾਮ ਹੋ ਕੇ ਹਰੀ ਦੇ ਨਾਲ ਜੁੜਿਆ ਹੋਇਆ ਹੈ) ।2।

ਗਾਵਹਿ ਜਨਕਾਦਿ ਜੁਗਤਿ ਜੋਗੇਸੁਰ ਹਰਿ ਰਸ ਪੂਰਨ ਸਰਬ ਕਲਾ ॥ ਗਾਵਹਿ ਸਨਕਾਦਿ ਸਾਧ ਸਿਧਾਦਿਕ ਮੁਨਿ ਜਨ ਗਾਵਹਿ ਅਛਲ ਛਲਾ ॥ {ਪੰਨਾ 1389}

ਪਦ ਅਰਥ: ਜੁਗਤਿ = ਸਮੇਤ। ਜੁਗਤਿ ਜੋਗੇਸੁਰ = ਵੱਡੇ ਵੱਡੇ ਜੋਗੀਆਂ ਸਮੇਤ। ਹਰਿ ਰਸ ਪੂਰਨ = ਜੋ (ਗੁਰੂ ਨਾਨਕ) ਹਰੀ ਦੇ ਆਨੰਦ ਨਾਲ ਪੂਰਨ ਹੈ। ਸਰਬ ਕਲਾ = ਸਾਰੀਆਂ ਕਲਾਂ ਵਾਲਾ, ਸੱਤਾ ਵਾਲਾ ਗੁਰੂ ਨਾਨਕ। ਸਨਕਾਦਿ = ਬ੍ਰਹਮਾ ਦੇ ਪੁੱਤ੍ਰ ਸਨਕ, ਸਨੰਦਨ, ਸਨਤ ਕੁਮਾਰ, ਸਨਾਤਨ। ਸਿਧਾਦਿਕ = ਸਿੱਧ ਆਦਿਕ। ਅਛਲ = ਨਾ ਛਲਿਆ ਜਾਣ ਵਾਲਾ ਗੁਰੂ ਨਾਨਕ। ਛਲਾ = ਮਾਇਆ, ਛਲਣ ਵਾਲੀ।

ਅਰਥ: ਜੋ ਗੁਰੂ ਨਾਨਕ ਹਰੀ ਦੇ ਰਸ ਵਿਚ ਭਿੱਜਾ ਹੋਇਆ ਹੈ, ਜੋ ਗੁਰੂ ਨਾਨਕ ਹਰ ਪ੍ਰਕਾਰ ਦੀ ਸੱਤਿਆ ਵਾਲਾ ਹੈ, ਉਸ ਨੂੰ ਜਨਕ ਆਦਿਕ ਵੱਡੇ ਵੱਡੇ ਜੋਗੀਆਂ ਸਮੇਤ ਗਾਉਂਦੇ ਹਨ। ਜਿਸ ਗੁਰੂ ਨਾਨਕ ਨੂੰ ਮਾਇਆ ਨਹੀਂ ਛਲ ਸਕੀ, ਉਸ ਨੂੰ ਰਿਸ਼ੀ ਗਾਉਂਦੇ ਹਨ, ਸਨਕ ਆਦਿਕ ਸਾਧ ਤੇ ਸਿੱਧ ਆਦਿਕ ਗਾਉਂਦੇ ਹਨ।

ਗਾਵੈ ਗੁਣ ਧੋਮੁ ਅਟਲ ਮੰਡਲਵੈ ਭਗਤਿ ਭਾਇ ਰਸੁ ਜਾਣਿਓ ॥ ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ ॥੩॥ {ਪੰਨਾ 1389}

ਪਦ ਅਰਥ: ਗਾਵੈ = ਗਾਂਦਾ ਹੈ। ਧੋਮ = ਇਕ ਰਿਸ਼ੀ ਦਾ ਨਾਮ ਹੈ। ਅਟਲ ਮੰਡਲਵੈ = ਅਟੱਲ ਮੰਡਲ ਵਾਲਾ ਧ੍ਰੂ ਭਗਤ। ਭਗਤਿ ਭਾਇ = ਭਗਤੀ ਵਾਲੇ ਭਾਵ ਨਾਲ। ਰਸੁ = (ਹਰੀ ਦੇ ਮਿਲਾਪ ਦਾ) ਆਨੰਦ।

ਅਰਥ: ਜਿਸ ਗੁਰੂ ਨਾਨਕ ਨੇ ਭਗਤੀ ਵਾਲੇ ਭਾਵ ਦੁਆਰਾ (ਹਰੀ ਦੇ ਮਿਲਾਪ ਦਾ) ਆਨੰਦ ਜਾਣਿਆ ਹੈ, ਉਸ ਦੇ ਗੁਣਾਂ ਨੂੰ ਧੋਮੁ ਰਿਸ਼ੀ ਗਾਂਦਾ ਹੈ, ਧ੍ਰੂ ਭਗਤ ਗਾਂਦਾ ਹੈ। ਕਲ੍ਯ੍ਯ ਕਵੀ (ਆਖਦਾ ਹੈ) = 'ਮੈਂ ਉਸ ਗੁਰੂ ਨਾਨਕ ਦੇ ਸੋਹਣੇ ਗੁਣ ਗਾਉਂਦਾ ਹਾਂ ਜਿਸ ਨੇ ਰਾਜ ਤੇ ਜੋਗ ਮਾਣਿਆ ਹੈ'।3।

ਗਾਵਹਿ ਕਪਿਲਾਦਿ ਆਦਿ ਜੋਗੇਸੁਰ ਅਪਰੰਪਰ ਅਵਤਾਰ ਵਰੋ ॥ ਗਾਵੈ ਜਮਦਗਨਿ ਪਰਸਰਾਮੇਸੁਰ ਕਰ ਕੁਠਾਰੁ ਰਘੁ ਤੇਜੁ ਹਰਿਓ ॥ {ਪੰਨਾ 1389}

ਪਦ ਅਰਥ: ਕਪਿਲਾਦਿ = ਕਪਿਲ ਰਿਸ਼ੀ ਆਦਿਕ। ਆਦਿ ਜੋਗੇਸੁਰ = ਪੁਰਾਤਨ ਵੱਡੇ ਵੱਡੇ ਜੋਗੀ ਜਨ। ਅਪਰੰਪਰ = ਜਿਸਦਾ ਪਾਰ ਨਾਹ ਪਾਇਆ ਜਾ ਸਕੇ, ਬੇਅੰਤ। ਵਰ = ਸ੍ਰੇਸ਼ਟ, ਉੱਤਮ। ਅਪਰੰਪਰ ਅਵਤਾਰ ਵਰੋ = ਬੇਅੰਤ ਹਰੀ ਦੇ ਸ੍ਰੇਸ਼ਟ ਅਵਤਾਰ ਗੁਰੂ ਨਾਨਕ ਨੂੰ। ਕਰ = ਹੱਥ। ਕੁਠਾਰੁ = ਕੁਹਾੜਾ। ਤੇਜੁ = ਪ੍ਰਤਾਪ। ਰਘੁ = ਸ੍ਰੀ ਰਾਮ ਚੰਦਰ ਜੀ। ਕਰ ਕੁਠਾਰੁ = ਹੱਥ ਦਾ ਕੁਹਾੜਾ।

ਅਰਥ: ਕਪਿਲ ਆਦਿਕ ਰਿਸ਼ੀ ਅਤੇ ਪੁਰਾਤਨ ਵੱਡੇ ਵੱਡੇ ਜੋਗੀ ਜਨ ਪਰਮਾਤਮਾ ਦੇ ਸ਼ਿਰੋਮਣੀ ਅਵਤਾਰ ਗੁਰੂ ਨਾਨਕ ਨੂੰ ਗਾਉਂਦੇ ਹਨ। (ਗੁਰੂ ਨਾਨਕ ਦੇ ਜਸ ਨੂੰ) ਜਮਦਗਨਿ ਦਾ ਪੁੱਤਰ ਪਰਸਰਾਮ ਭੀ ਗਾ ਰਿਹਾ ਹੈ, ਜਿਸ ਦੇ ਹੱਥ ਦਾ ਕੁਹਾੜਾ ਤੇ ਜਿਸ ਦਾ ਪ੍ਰਤਾਪ ਸ੍ਰੀ ਰਾਮ ਚੰਦਰ ਜੀ ਨੇ ਖੋਹ ਲਿਆ ਸੀ।

ਉਧੌ ਅਕ੍ਰੂਰੁ ਬਿਦਰੁ ਗੁਣ ਗਾਵੈ ਸਰਬਾਤਮੁ ਜਿਨਿ ਜਾਣਿਓ ॥ ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ ॥੪॥ {ਪੰਨਾ 1389}

ਪਦ ਅਰਥ: ਉਧੌ = ਉਧਉ, ਸ੍ਰੀ ਕ੍ਰਿਸ਼ਨ ਜੀ ਦਾ ਭਗਤ ਸੀ। ਅਕ੍ਰੂਰੁ = ਸ੍ਰੀ ਕ੍ਰਿਸ਼ਨ ਜੀ ਦਾ ਭਗਤ ਸੀ। ਬਿਦਰੁ = ਸ੍ਰੀ ਕ੍ਰਿਸ਼ਨ ਜੀ ਦਾ ਇਕ ਭਗਤ। ਸਰਬਾਤਮੁ = ਸਰਬ ਵਿਆਪਕ ਹਰੀ। ਜਿਨਿ = ਜਿਸ (ਗੁਰੂ ਨਾਨਕ ਨੇ) ।

ਅਰਥ: ਜਿਸ ਗੁਰੂ ਨਾਨਕ ਨੇ ਸਰਬ-ਵਿਆਪਕ ਹਰੀ ਨੂੰ ਜਾਣ ਲਿਆ (ਡੂੰਘੀ ਸਾਂਝ ਪਾਈ ਹੋਈ ਸੀ) , ਉਸ ਦੇ ਗੁਣ ਉਧੌ ਗਾਂਦਾ ਹੈ, ਅਕ੍ਰੂਰੁ ਗਾਂਦਾ ਹੈ, ਬਿਦਰ ਭਗਤ ਗਾਂਦਾ ਹੈ। ਕਲ੍ਯ੍ਯ ਕਵੀ (ਆਖਦਾ ਹੈ) = 'ਮੈਂ ਉਸ ਗੁਰੂ ਨਾਨਕ ਦਾ ਸੋਹਣਾ ਜਸ ਗਾਉਂਦਾ ਹਾਂ, ਜਿਸ ਨੇ ਰਾਜ ਤੇ ਜੋਗ ਦੋਵੇਂ ਮਾਣੇ ਹਨ'।4।

TOP OF PAGE

Sri Guru Granth Darpan, by Professor Sahib Singh