ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1395 ਇਕੁ ਬਿੰਨਿ ਦੁਗਣ ਜੁ ਤਉ ਰਹੈ ਜਾ ਸੁਮੰਤ੍ਰਿ ਮਾਨਵਹਿ ਲਹਿ ॥ ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸਿ ਡਿਠੈ ਮਿਲਹਿ ॥੫॥੧੪॥ {ਪੰਨਾ 1395} ਪਦ ਅਰਥ: ਇਕੁ = ਇਕ ਅਕਾਲ ਪੁਰਖ ਨੂੰ। ਬਿੰਨਿ = ਬੀਨ ਕੇ, ਜਾਣ ਕੇ, ਪਛਾਣ ਕੇ। ਦੁਗਣ = ਦੂਜਾ ਭਾਉ, ਦੁਚਿੱਤਾ-ਪਨ, ਇਹ ਗਣਤ ਕਿ ਪਰਮਾਤਮਾ ਤੋਂ ਬਿਨਾਂ ਕੋਈ ਦੂਜਾ ਭੀ ਹੈ। ਜੁ = ਜੋ, ਜਿਹੜੀ (ਦੁਗਣ ਹੈ) । ਤਉ = ਤਦੋਂ। ਰਹੈ– ਦੂਰ ਹੁੰਦੀ ਹੈ। ਜਾ = ਜਦੋਂ। ਸੁਮੰਤ੍ਰਿ = (ਸਤਿਗੁਰੂ ਦੇ) ਸ੍ਰੇਸ਼ਟ ਮੰਤ੍ਰ ਦੁਆਰਾ। ਇਤੜੇ = ਇਤਨੇ ਪਦਾਰਥ। ਅਰਥ: ਜੋ ਦੂਜਾ ਭਾਉ ਹੈ ਉਹ ਤਦੋਂ ਹੀ ਦੂਰ ਹੁੰਦਾ ਹੈ ਜਦੋਂ ਮਨੁੱਖ ਗੁਰੂ ਦੇ ਸ੍ਰੇਸ਼ਟ ਉਪਦੇਸ਼ ਦੀ ਰਾਹੀਂ ਇਕ ਪਰਮਾਤਮਾ ਨੂੰ ਪਛਾਣ ਕੇ ਪ੍ਰਾਪਤ ਕਰ ਲੈਂਦੇ ਹਨ। ਹੇ ਜਾਲਪ! ਇਹ ਸਾਰੇ ਪਦਾਰਥ (ਜੋ ਉੱਪਰ ਦੱਸੇ ਹਨ) ਸਤਿਗੁਰੂ ਅਮਰਦਾਸ ਜੀ ਦੇ ਡਿੱਠਿਆਂ ਮਿਲ ਜਾਂਦੇ ਹਨ।5।14। ਨੋਟ: ਇਹ ਪੰਜ ਸਵਈਏ ਭੱਟ ਜਾਲਪ ਦੇ ਉਚਾਰੇ ਹੋਏ ਹਨ। ਸਚੁ ਨਾਮੁ ਕਰਤਾਰੁ ਸੁ ਦ੍ਰਿੜੁ ਨਾਨਕਿ ਸੰਗ੍ਰਹਿਅਉ ॥ ਤਾ ਤੇ ਅੰਗਦੁ ਲਹਣਾ ਪ੍ਰਗਟਿ ਤਾਸੁ ਚਰਣਹ ਲਿਵ ਰਹਿਅਉ ॥ {ਪੰਨਾ 1395} ਪਦ ਅਰਥ: ਦ੍ਰਿੜੁ = ਪੱਕੇ ਤੌਰ ਤੇ, ਚੰਗੀ ਤਰ੍ਹਾਂ। ਨਾਨਕਿ = (ਗੁਰੂ) ਨਾਨਕ ਨੇ। ਸੰਗ੍ਰਹਿਅਉ = ਗ੍ਰਹਣ ਕੀਤਾ ਹੈ। ਤਾ ਤੇ = ਉਹਨਾਂ ਤੋਂ (ਭਾਵ, ਗੁਰੂ ਨਾਨਕ ਜੀ ਤੋਂ) । ਪ੍ਰਗਟਿ = ਪਰਗਟ ਹੋ ਕੇ, ਚਾਨਣ ਲੈ ਕੇ। ਤਾਸੁ ਚਰਣਹ = ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿਚ। ਅਰਥ: (ਗੁਰੂ) ਨਾਨਕ (ਦੇਵ ਜੀ) ਨੇ ਅਕਾਲ ਪੁਰਖ ਦਾ ਨਾਮ ਜੋ ਸਦਾ-ਥਿਰ ਰਹਿਣ ਵਾਲਾ ਹੈ, ਪੱਕੇ ਤੌਰ ਤੇ ਗ੍ਰਹਿਣ ਕੀਤਾ; ਉਹਨਾਂ ਤੋਂ ਲਹਣਾ ਜੀ ਗੁਰੂ ਅੰਗਦ ਹੋ ਕੇ ਪਰਗਟ ਹੋਏ ਅਤੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿਚ ਆਪਣੀ ਬ੍ਰਿਤੀ ਲਾ ਰੱਖੀ। ਤਿਤੁ ਕੁਲਿ ਗੁਰ ਅਮਰਦਾਸੁ ਆਸਾ ਨਿਵਾਸੁ ਤਾਸੁ ਗੁਣ ਕਵਣ ਵਖਾਣਉ ॥ ਜੋ ਗੁਣ ਅਲਖ ਅਗੰਮ ਤਿਨਹ ਗੁਣ ਅੰਤੁ ਨ ਜਾਣਉ ॥ {ਪੰਨਾ 1395} ਪਦ ਅਰਥ: ਤਿਤੁ ਕੁਲਿ = ਉਸ ਕੁਲ ਵਿਚ (ਭਾਵ, ਗੁਰੂ ਨਾਨਕ ਤੇ ਗੁਰੂ ਅੰਗਦ ਦੇਵ ਜੀ ਦੀ ਕੁਲ ਵਿਚ) । ਆਸਾ ਨਿਵਾਸੁ = ਆਸਾਂ ਦਾ ਨਿਵਾਸ, ਆਸਾਂ ਦਾ ਟਿਕਾਣਾ (ਭਾਵ, ਆਸਾਂ ਪੂਰੀਆਂ ਕਰਨ ਵਾਲਾ) । ਤਾਸੁ = ਉਸ ਦੇ (तस्य) । ਤਾਸੁ ਗੁਣ ਕਵਣ = ਉਸ (ਗੁਰੂ ਅਮਰਦਾਸ ਜੀ) ਦੇ ਕਿਹੜੇ ਗੁਣ? ਵਖਾਣਉ = ਮੈਂ ਦੱਸਾਂ। ਤਿਨਹ ਗੁਣ ਅੰਤੁ = ਉਹਨਾਂ ਗੁਣਾਂ ਦਾ ਅੰਤ। ਨ ਜਾਣਉ = ਮੈਂ ਨਹੀਂ ਜਾਣਦਾ। ਅਲਖ = ਅਲੱਖ, ਬਿਆਨ ਤੋਂ ਪਰੇ। ਅਗੰਮ = ਅਪਹੁੰਚ। ਅਰਥ: ਉਸ ਕੁਲ ਵਿਚ ਗੁਰੂ ਅਮਰਦਾਸ, ਆਸਾਂ ਦਾ ਪੂਰਨ ਵਾਲਾ, (ਪਰਗਟ ਹੋਇਆ) । ਮੈਂ ਉਸ ਦੇ ਕਿਹੜੇ ਗੁਣ ਦੱਸਾਂ? ਉਹ ਗੁਣ ਅਲੱਖ ਤੇ ਅਗੰਮ ਹਨ, ਮੈਂ ਉਹਨਾਂ ਗੁਣਾਂ ਦਾ ਅੰਤ ਨਹੀਂ ਜਾਣਦਾ। ਬੋਹਿਥਉ ਬਿਧਾਤੈ ਨਿਰਮਯੌ ਸਭ ਸੰਗਤਿ ਕੁਲ ਉਧਰਣ ॥ ਗੁਰ ਅਮਰਦਾਸ ਕੀਰਤੁ ਕਹੈ ਤ੍ਰਾਹਿ ਤ੍ਰਾਹਿ ਤੁਅ ਪਾ ਸਰਣ ॥੧॥੧੫॥ {ਪੰਨਾ 1395} ਪਦ ਅਰਥ: ਬੋਹਿਥਉ = ਜਹਾਜ਼। ਬਿਧਾਤੈ = ਕਰਤਾਰ ਨੇ। ਨਿਰਮਯੌ = ਬਣਾਇਆ ਹੈ। ਉਧਰਣ = ਉਧਾਰਨ ਲਈ, ਤਾਰਨ ਲਈ। ਗੁਰ ਅਮਰਦਾਸ = ਹੇ ਗੁਰੂ ਅਮਰਦਾਸ ਜੀ! ਕੀਰਤੁ ਕਹੈ– ਕੀਰਤ (ਭੱਟ) ਆਖਦਾ ਹੈ। ਤ੍ਰਾਹਿ = ਰੱਖ ਲੈ, ਬਚਾ ਲੈ। ਤੁਅ ਪਾ = ਤੇਰੇ ਚਰਨਾਂ ਦੀ। ਅਰਥ: ਸਾਰੀ ਸੰਗਤ ਤੇ ਸਾਰੀਆਂ ਕੁਲਾਂ ਨੂੰ ਤਾਰਨ ਲਈ ਕਰਤਾਰ ਨੇ (ਗੁਰੂ ਅਮਰਦਾਸ ਜੀ ਨੂੰ) ਇਕ ਜਹਾਜ਼ ਬਣਾਇਆ ਹੈ; ਕੀਰਤ (ਭੱਟ) ਆਖਦਾ ਹੈ, = "ਹੇ ਗੁਰੂ ਅਮਰਦਾਸ (ਜੀ) ! ਮੈਨੂੰ ਰੱਖ ਲੈ, ਮੈਨੂੰ ਬਚਾ ਲੈ, ਮੈਂ ਤੇਰੇ ਚਰਨਾਂ ਦੀ ਸਰਨ ਪਿਆ ਹਾਂ"।1।15। ਨੋਟ: ਭੱਟ 'ਕੀਰਤ' ਦਾ ਇਹ ਪਹਿਲਾ ਸਵਈਆ ਹੈ। ਹੁਣ ਤਕ:
ਕਲ੍ਯ੍ਯਸਹਾਰ ਦੇ ਸਵਈਏ . . . 9 ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ ॥ ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯਉ ॥ {ਪੰਨਾ 1395} ਪਦ ਅਰਥ: ਕਲਾ ਧਾਰਿ = ਸੱਤਿਆ ਰਚ ਕੇ। ਜਗ ਮਹਿ = ਜਗਤ ਵਿਚ। ਪਰਵਰਿਯਉ = ਪ੍ਰਵਿਰਤ ਹੋਇਆ ਹੈ। ਨਿਰੰਕਾਰਿ = ਨਿਰੰਕਾਰ ਨੇ। ਆਕਾਰੁ = ਅਕਾਰ ਰੂਪ ਹੋ ਕੇ, ਸਰੂਪ ਧਾਰ ਕੇ। ਜਗ ਮੰਡਲਿ = ਜਗਤ ਦੇ ਮੰਡਲ ਵਿਚ। ਜੋਤਿ ਕਰਿਯਉ = ਜੋਤਿ ਪ੍ਰਗਟਾਈ ਹੈ। ਅਰਥ: (ਗੁਰੂ ਅਮਰਦਾਸ) ਆਪ ਹੀ ਨਰਾਇਣ-ਰੂਪ ਹੈ, ਜੋ ਆਪਣੀ ਸੱਤਾ ਰਚ ਕੇ ਜਗਤ ਵਿਚ ਪ੍ਰਵਿਰਤ ਹੋਇਆ ਹੈ। ਨਿਰੰਕਾਰ ਨੇ (ਗੁਰੂ ਅਮਰਦਾਸ ਜੀ ਦਾ) ਅਕਾਰ-ਰੂਪ ਹੋ ਕੇ (ਰੂਪ ਧਾਰ ਕੇ) ਜਗਤ ਵਿਚ ਜੋਤਿ ਪ੍ਰਗਟਾਈ ਹੈ। ਜਹ ਕਹ ਤਹ ਭਰਪੂਰੁ ਸਬਦੁ ਦੀਪਕਿ ਦੀਪਾਯਉ ॥ ਜਿਹ ਸਿਖਹ ਸੰਗ੍ਰਹਿਓ ਤਤੁ ਹਰਿ ਚਰਣ ਮਿਲਾਯਉ ॥ {ਪੰਨਾ 1395} ਪਦ ਅਰਥ: ਜਹ ਕਹ = ਜਿੱਥੇ ਕਿੱਥੇ। ਤਹ = ਤਿਥੇ, ਉਥੇ ਹੀ। ਭਰਪੂਰੁ = ਵਿਆਪਕ, ਹਾਜ਼ਰ-ਨਾਜ਼ਰ। ਸਬਦੁ = ਸ਼ਬਦ ਨੂੰ। ਦੀਪਕ = ਦੀਵੇ ਨਾਲ (ਭਾਵ, ਗੁਰੂ ਅਮਰਦਾਸ-ਰੂਪ ਦੀਪਕ ਦੀ ਰਾਹੀਂ) । ਦੀਪਾਯਉ = ਜਗਾਇਆ ਹੈ, ਪ੍ਰਕਾਸ਼ਿਆ ਹੈ, ਪ੍ਰਗਟਾਇਆ ਹੈ। ਜਿਹ ਸਿਖਹ = ਜਿਨ੍ਹਾਂ ਸਿੱਖਾਂ ਨੇ। ਤਤੁ = ਤੁਰਤ, ਤਤਕਾਲ। ਅਰਥ: (ਨਿਰੰਕਾਰ ਨੇ) ਆਪਣੇ ਸ਼ਬਦ (-ਨਾਮ) ਨੂੰ, ਜੋ ਹਰ ਥਾਂ ਹਾਜ਼ਰ-ਨਾਜ਼ਰ ਹੈ, (ਗੁਰੂ ਅਮਰਦਾਸ-ਰੂਪ) ਦੀਵੇ ਦੀ ਰਾਹੀਂ ਪ੍ਰਗਟਾਇਆ ਹੈ। ਜਿਨ੍ਹਾਂ ਸਿੱਖਾਂ ਨੇ ਇਸ ਸ਼ਬਦ ਨੂੰ ਗ੍ਰਹਣ ਕੀਤਾ ਹੈ, (ਗੁਰੂ ਅਮਰਦਾਸ ਜੀ ਨੇ) ਤੁਰਤ (ਉਹਨਾਂ ਨੂੰ) ਹਰੀ ਦੇ ਚਰਨਾਂ ਵਿਚ ਜੋੜ ਦਿੱਤਾ ਹੈ। ਨਾਨਕ ਕੁਲਿ ਨਿੰਮਲੁ ਅਵਤਰਿ੍ਯ੍ਯਉ ਅੰਗਦ ਲਹਣੇ ਸੰਗਿ ਹੁਅ ॥ ਗੁਰ ਅਮਰਦਾਸ ਤਾਰਣ ਤਰਣ ਜਨਮ ਜਨਮ ਪਾ ਸਰਣਿ ਤੁਅ ॥੨॥੧੬॥ {ਪੰਨਾ 1395} ਪਦ ਅਰਥ: ਨਾਨਕ ਕੁਲਿ = (ਗੁਰੂ) ਨਾਨਕ (ਦੇਵ ਜੀ) ਦੀ ਕੁਲ ਵਿਚ। ਨਿੰਮਲੁ = ਨਿਰਮਲ। ਅਵਤਰਿ੍ਯ੍ਯਉ = ਅਵਤਾਰ ਹੋਇਆ। ਲਹਣੇ ਸੰਗਿ ਹੁਅ = ਲਹਣੇ ਜੀ ਦੇ ਨਾਲ ਹੋ ਕੇ, ਨਾਲ ਮਿਲ ਕੇ। ਤਾਰਣ ਤਰਣ = ਤਾਰਣ ਲਈ ਜਹਾਜ਼। ਪਾ ਸਰਣਿ ਤੁਅ = ਤੇਰੇ ਚਰਨਾਂ ਦੀ ਸਰਨ (ਰਹਾਂ) । ਤਰਣ = ਜਹਾਜ਼। ਅਰਥ: ਲਹਣੇ ਜੀ (ਭਾਵ,) ਗੁਰੂ ਅੰਗਦ ਜੀ ਦੇ ਨਾਲ ਮਿਲ ਕੇ (ਗੁਰੂ ਅਮਰਦਾਸ) ਗੁਰੂ ਨਾਨਕ ਦੇਵ ਜੀ ਦੀ ਕੁਲ ਵਿਚ ਨਿਰਮਲ ਅਵਤਾਰ ਹੋਇਆ ਹੈ। ਹੇ ਗੁਰੂ ਅਮਰਦਾਸ ਜੀ! ਹੇ ਸੰਸਾਰ ਦੇ ਤਾਰਨ ਨੂੰ ਜਹਾਜ਼! ਮੈਂ ਹਰੇਕ ਜਨਮ ਵਿਚ ਤੇਰੇ ਚਰਨਾਂ ਦੀ ਸਰਨ (ਰਹਾਂ) ।2।16। ਜਪੁ ਤਪੁ ਸਤੁ ਸੰਤੋਖੁ ਪਿਖਿ ਦਰਸਨੁ ਗੁਰ ਸਿਖਹ ॥ ਸਰਣਿ ਪਰਹਿ ਤੇ ਉਬਰਹਿ ਛੋਡਿ ਜਮ ਪੁਰ ਕੀ ਲਿਖਹ ॥ {ਪੰਨਾ 1395} ਪਦ ਅਰਥ: ਪਿਖਿ = ਵੇਖ ਕੇ। ਗੁਰ ਦਰਸਨੁ = ਸਤਿਗੁਰੂ (ਅਮਰਦਾਸ ਜੀ) ਦਾ ਦਰਸਨ। ਸਿਖਹ = ਸਿੱਖਾਂ ਨੂੰ। ਪਰਹਿ = ਪੈਂਦੇ ਹਨ। ਉਬਰਹਿ = ਪਾਰ ਉਤਰ ਜਾਂਦੇ ਹਨ। ਛੋਡਿ = ਛੱਡ ਕੇ। ਲਿਖਹ = ਲਿਖਤ। ਜਮ ਪੁਰ ਕੀ = ਜਮ ਪੁਰੀ ਦੀ। ਅਰਥ: ਸਤਿਗੁਰੂ (ਅਮਰਦਾਸ ਜੀ) ਦਾ ਦਰਸ਼ਨ ਕਰ ਕੇ ਸਿੱਖਾਂ ਨੂੰ ਜਪ ਤਪ ਸਤ ਸੰਤੋਖ (ਪ੍ਰਾਪਤ ਹੁੰਦੇ ਹਨ) । ਜੋ ਮਨੁੱਖ (ਗੁਰੂ ਦੀ) ਸਰਨ ਪੈਂਦੇ ਹਨ, ਉਹ ਜਮ-ਪੁਰੀ ਦੀ ਲਿਖਤ ਨੂੰ ਛੱਡ ਕੇ ਪਾਰ ਲੰਘ ਜਾਂਦੇ ਹਨ। ਭਗਤਿ ਭਾਇ ਭਰਪੂਰੁ ਰਿਦੈ ਉਚਰੈ ਕਰਤਾਰੈ ॥ ਗੁਰੁ ਗਉਹਰੁ ਦਰੀਆਉ ਪਲਕ ਡੁਬੰਤ੍ਯ੍ਯਹ ਤਾਰੈ ॥ {ਪੰਨਾ 1395} ਪਦ ਅਰਥ: ਭਗਤਿ ਭਾਇ = ਭਗਤੀ ਦੇ ਪ੍ਰੇਮ ਵਿਚ। ਰਿਦੈ = ਹਿਰਦੇ ਵਿਚ। ਉਚਰੈ = (ਗੁਰੂ ਅਮਰਦਾਸ) ਸਿਮਰਦਾ ਹੈ। ਕਰਤਾਰੈ = ਕਰਤਾਰ ਨੂੰ। ਗਉਹਰੁ = ਗਹਰ, ਗੰਭੀਰ। ਦਰੀਆਉ = ਦਰੀਆ-ਦਿਲ, ਸਖ਼ੀ। ਪਲਕ = ਪਲ ਵਿਚ। ਡੁਬੰਤ੍ਯ੍ਯਹ = ਡੁੱਬਦਿਆਂ ਨੂੰ। ਅਰਥ: (ਗੁਰੂ ਅਮਰਦਾਸ ਆਪਣੇ) ਹਿਰਦੇ ਵਿਚ (ਕਰਤਾਰ ਦੀ) ਭਗਤੀ ਦੇ ਪ੍ਰੇਮ ਨਾਲ ਭਰਿਆ ਹੋਇਆ ਹੈ, ਅਤੇ ਕਰਤਾਰ ਨੂੰ ਸਿਮਰਦਾ ਹੈ; ਸਤਿਗੁਰੂ (ਅਮਰਦਾਸ) ਗੰਭੀਰ ਹੈ, ਦਰੀਆ-ਦਿਲ ਹੈ, ਡੁੱਬਦੇ ਜੀਵਾਂ ਨੂੰ ਪਲ ਵਿਚ ਤਾਰ ਦੇਂਦਾ ਹੈ। ਨਾਨਕ ਕੁਲਿ ਨਿੰਮਲੁ ਅਵਤਰਿ੍ਯ੍ਯਉ ਗੁਣ ਕਰਤਾਰੈ ਉਚਰੈ ॥ ਗੁਰੁ ਅਮਰਦਾਸੁ ਜਿਨ੍ਹ੍ਹ ਸੇਵਿਅਉ ਤਿਨ੍ਹ੍ਹ ਦੁਖੁ ਦਰਿਦ੍ਰੁ ਪਰਹਰਿ ਪਰੈ ॥੩॥੧੭॥ {ਪੰਨਾ 1395} ਪਦ ਅਰਥ: ਨਾਨਕ ਕੁਲਿ = (ਗੁਰੂ) ਨਾਨਕ ਦੀ ਕੁਲ ਵਿਚ। ਨਿੰਮਲੁ = ਨਿਰਮਲ। ਗੁਣ ਕਰਤਾਰੈ = ਕਰਤਾਰ ਦੇ ਗੁਣਾਂ ਨੂੰ। ਜਿਨ੍ਹ੍ਹ = ਜਿਨ੍ਹਾਂ ਮਨੁੱਖਾਂ ਨੇ। ਤਿਨ੍ਹ੍ਹ = ਉਹਨਾਂ ਦਾ। ਪਰਹਰਿ ਪਰੈ = ਦੂਰ ਹੋ ਜਾਂਦਾ ਹੈ। ਅਰਥ: (ਗੁਰੂ) ਨਾਨਕ (ਦੇਵ ਜੀ) ਦੀ ਕੁਲ ਵਿਚ (ਗੁਰੂ ਅਮਰਦਾਸ ਜੀ) ਨਿਰਮਲ ਅਵਤਾਰ ਹੋਇਆ ਹੈ, ਜੋ ਕਰਤਾਰ ਦੇ ਗੁਣਾਂ ਨੂੰ ਉਚਾਰਦਾ ਹੈ। ਜਿਨ੍ਹਾਂ ਮਨੁੱਖਾਂ ਨੇ ਗੁਰੂ ਅਮਰਦਾਸ ਜੀ ਨੂੰ ਸੇਵਿਆ ਹੈ, ਉਹਨਾਂ ਦਾ ਦੁੱਖ ਤੇ ਦਰਿਦ੍ਰ ਦੂਰ ਹੋ ਜਾਂਦਾ ਹੈ।3।17। ਚਿਤਿ ਚਿਤਵਉ ਅਰਦਾਸਿ ਕਹਉ ਪਰੁ ਕਹਿ ਭਿ ਨ ਸਕਉ ॥ ਸਰਬ ਚਿੰਤ ਤੁਝੁ ਪਾਸਿ ਸਾਧਸੰਗਤਿ ਹਉ ਤਕਉ ॥ {ਪੰਨਾ 1395} ਪਦ ਅਰਥ: ਚਿਤਿ = ਚਿੱਤ ਵਿਚ। ਚਿਤਵਉ = ਚਿਤਵਦਾ ਹਾਂ, ਵਿਚਾਰਦਾ ਹਾਂ। ਕਹਉ = ਆਖਦਾ ਹਾਂ, ਮੈਂ ਆਖਾਂ। ਸਰਬ ਚਿੰਤ = ਸਾਰੇ ਫ਼ਿਕਰ। ਤੁਝੁ ਪਾਸਿ = ਤੇਰੇ ਪਾਸ। ਹਉ = ਮੈਂ। ਅਰਥ: (ਹੇ ਗੁਰੂ ਅਮਰਦਾਸ ਜੀ!) ਮੈਂ ਚਿੱਤ ਵਿਚ ਸੋਚਾਂ ਸੋਚਦਾ ਹਾਂ ਕਿ (ਇਕ) ਬੇਨਤੀ ਆਖਾਂ; ਪਰ ਮੈਂ ਆਖ ਭੀ ਨਹੀਂ ਸਕਦਾ; (ਹੇ ਸਤਿਗੁਰੂ!) ਮੇਰੇ ਸਾਰੇ ਫ਼ਿਕਰ ਤੇਰੇ ਹਵਾਲੇ ਹਨ (ਭਾਵ, ਤੈਨੂੰ ਹੀ ਮੇਰੇ ਸਾਰੇ ਫ਼ਿਕਰ ਹਨ) , ਮੈਂ ਸਾਧ ਸੰਗਤ (ਦਾ ਆਸਰਾ) ਤੱਕਦਾ ਹਾਂ। ਤੇਰੈ ਹੁਕਮਿ ਪਵੈ ਨੀਸਾਣੁ ਤਉ ਕਰਉ ਸਾਹਿਬ ਕੀ ਸੇਵਾ ॥ ਜਬ ਗੁਰੁ ਦੇਖੈ ਸੁਭ ਦਿਸਟਿ ਨਾਮੁ ਕਰਤਾ ਮੁਖਿ ਮੇਵਾ ॥ {ਪੰਨਾ 1395} ਪਦ ਅਰਥ: ਤੇਰੈ ਹੁਕਮਿ = (ਹੇ ਸਤਿਗੁਰੂ!) ਤੇਰੀ ਰਜ਼ਾ ਵਿਚ। ਨੀਸਾਣੁ = ਪ੍ਰਵਾਨਗੀ। ਪਵੈ = ਮਿਲੇ। ਤਉ = ਤਦੋਂ। ਸੁਭ ਦਿਸਟਿ = ਮਿਹਰ ਦੀ ਨਜ਼ਰ ਕਰ ਕੇ। ਨਾਮੁ ਮੇਵਾ = ਨਾਮ ਰੂਪ-ਫਲ। ਕਰਤਾ = ਕਰਤਾਰ ਦਾ। ਮੁਖਿ = ਮੂੰਹ ਵਿਚ। ਅਰਥ: (ਹੇ ਗੁਰੂ ਅਮਰਦਾਸ ਜੀ!) ਜੇ ਤੇਰੀ ਰਜ਼ਾ ਵਿਚ ਪ੍ਰਵਾਨਗੀ ਮਿਲ ਜਾਏ, ਤਾਂ ਮੈਂ ਮਾਲਕ-ਪ੍ਰਭੂ ਦੀ ਸੇਵਾ ਕਰਾਂ। ਜਦੋਂ ਸਤਿਗੁਰੂ (ਅਮਰਦਾਸ) ਮਿਹਰ ਦੀ ਨਜ਼ਰ ਨਾਲ ਤੱਕਦਾ ਹੈ, ਤਾਂ ਕਰਤਾਰ ਦਾ ਨਾਮ-ਰੂਪ ਫਲ ਮੂੰਹ ਵਿਚ (ਭਾਵ, ਖਾਣ ਨੂੰ) ਮਿਲਦਾ ਹੈ। ਅਗਮ ਅਲਖ ਕਾਰਣ ਪੁਰਖ ਜੋ ਫੁਰਮਾਵਹਿ ਸੋ ਕਹਉ ॥ ਗੁਰ ਅਮਰਦਾਸ ਕਾਰਣ ਕਰਣ ਜਿਵ ਤੂ ਰਖਹਿ ਤਿਵ ਰਹਉ ॥੪॥੧੮॥ {ਪੰਨਾ 1395} ਪਦ ਅਰਥ: ਅਗਮ = ਹੇ ਅਗਮ ਹਰੀ-ਰੂਪ ਸਤਿਗੁਰੂ! ਫੁਰਮਾਵਹਿ = ਤੂੰ ਹੁਕਮ ਕਰਦਾ ਹੈਂ। ਕਾਰਣ ਕਰਣ = ਸ੍ਰਿਸ਼ਟੀ ਦਾ ਕਰਤਾ। ਅਗਮ = ਅਪਹੁੰਚ। ਅਲਖ = ਅਲੱਖ, ਜਿਸ ਦਾ ਸਰੂਪ ਦੱਸਿਆ ਨਾਹ ਜਾ ਸਕੇ। ਕਰਣ = ਸ੍ਰਿਸ਼ਟੀ। ਕਾਰਣ = (ਸ੍ਰਿਸ਼ਟੀ ਦਾ) ਮੂਲ। ਪੁਰਖ = ਸਰਬ-ਵਿਆਪਕ। ਅਰਥ: ਹੇ ਅਗਮ-ਰੂਪ ਸਤਿਗੁਰੂ! ਹੇ ਅਲੱਖ ਹਰੀ-ਰੂਪ ਗੁਰੂ! ਹੇ ਕਾਰਣ ਪੁਰਖ-ਰੂਪ ਗੁਰੂ ਅਮਰਦਾਸ ਜੀ! ਜੋ ਤੂੰ ਹੁਕਮ ਕਰਦਾ ਹੈਂ, ਮੈਂ ਸੋਈ ਆਖਦਾ ਹਾਂ। ਹੇ ਸ੍ਰਿਸ਼ਟੀ ਦੇ ਕਰਤਾ-ਰੂਪ ਗੁਰੂ ਅਮਰਦਾਸ ਜੀ! ਜਿਵੇਂ ਤੂੰ ਮੈਨੂੰ ਰੱਖਦਾ ਹੈਂ ਤਿਵੇਂ ਮੈਂ ਰਹਿੰਦਾ ਹਾਂ।4।18। ਨੋਟ: ਇਹ ਚਾਰ ਸਵਈਏ ਭੱਟ ਕੀਰਤ ਦੇ ਉਚਾਰੇ ਹੋਏ ਹਨ। ਭਿਖੇ ਕੇ ॥ ਭਿਖੇ ਕੇ ॥ ਗੁਰੁ ਗਿਆਨੁ ਅਰੁ ਧਿਆਨੁ ਤਤ ਸਿਉ ਤਤੁ ਮਿਲਾਵੈ ॥ ਸਚਿ ਸਚੁ ਜਾਣੀਐ ਇਕ ਚਿਤਹਿ ਲਿਵ ਲਾਵੈ ॥ {ਪੰਨਾ 1395} ਪਦ ਅਰਥ: ਤਤ ਸਿਉ = ਪਰਮਾਤਮਾ ਨਾਲ (ਜੋ ਸਭਨਾਂ ਦਾ ਮੂਲ ਹੈ) । ਤਤੁ = ਆਤਮਾ ਨੂੰ। ਗੁਰੁ = ਗੁਰ (ਅਮਰਦਾਸ ਜੀ) । ਸਚਿ = ਸਚ ਵਿਚ, ਸਦਾ-ਥਿਰ ਅਕਾਲ ਪੁਰਖ ਵਿਚ (ਜੁੜਨ ਕਰ ਕੇ) । ਸਚੁ = ਸਦਾ-ਥਿਰ ਵਾਲਾ ਅਕਾਲ ਪੁਰਖ-ਰੂਪ। ਇਕ ਚਿਤਹਿ = ਇਕਾਗ੍ਰ ਮਨ ਹੋ ਕੇ। ਅਰਥ: ਸਤਿਗੁਰੂ ਅਮਰਦਾਸ ਗਿਆਨ-ਰੂਪ ਤੇ ਧਿਆਨ-ਰੂਪ ਹੈ (ਭਾਵ, ਪੂਰਨ ਗਿਆਨ ਵਾਲਾ ਤੇ ਦ੍ਰਿੜ ਧਿਆਨ ਵਾਲਾ ਹੈ) ; (ਗੁਰੂ ਅਮਰਦਾਸ ਨੇ) ਆਪਣੇ ਆਤਮਾ ਨੂੰ ਹਰੀ ਨਾਲ ਮਿਲਾ ਲਿਆ ਹੈ। ਸਦਾ-ਥਿਰ ਹਰੀ ਵਿਚ ਜੁੜਨ ਕਰ ਕੇ ਸਤਿਗੁਰੂ ਨੂੰ ਹਰੀ-ਰੂਪ ਹੀ ਸਮਝਣਾ ਚਾਹੀਏ, (ਗੁਰੂ ਅਮਰਦਾਸ) ਇਕਾਗ੍ਰ ਮਨ ਹੋ ਕੇ (ਹਰੀ ਵਿਚ) ਲਿਵ ਲਾ ਰਿਹਾ ਹੈ। ਕਾਮ ਕ੍ਰੋਧ ਵਸਿ ਕਰੈ ਪਵਣੁ ਉਡੰਤ ਨ ਧਾਵੈ ॥ ਨਿਰੰਕਾਰ ਕੈ ਵਸੈ ਦੇਸਿ ਹੁਕਮੁ ਬੁਝਿ ਬੀਚਾਰੁ ਪਾਵੈ ॥ {ਪੰਨਾ 1395} ਪਦ ਅਰਥ: ਪਵਣੁ = ਚੰਚਲ ਮਨ। ਉਡੰਤ = ਭਟਕਦਾ। ਧਾਵੈ = ਦੌੜਦਾ। ਦੇਸਿ = ਦੇਸ ਵਿਚ। ਬੁਝਿ = ਸਮਝ ਕੇ, ਪਛਾਣ ਕੇ। ਬੀਚਾਰੁ = ਗਿਆਨੁ। ਅਰਥ: ਗੁਰੂ ਅਮਰਦਾਸ ਕਾਮ ਕ੍ਰੋਧ ਨੂੰ ਆਪਣੇ ਵੱਸ ਵਿਚ ਕਰੀ ਰੱਖਦਾ ਹੈ, (ਉਹਨਾਂ ਦਾ) ਮਨ ਭਟਕਦਾ ਨਹੀਂ ਹੈ (ਕਿਸੇ ਪਾਸੇ ਵਲ) ਦੌੜਦਾ ਨਹੀਂ ਹੈ। (ਗੁਰੂ ਅਮਰਦਾਸ) ਨਿਰੰਕਾਰ ਦੇ ਦੇਸ ਵਿਚ ਟਿਕ ਰਿਹਾ ਹੈ, (ਪ੍ਰਭੂ ਦਾ) ਹੁਕਮ ਪਛਾਣ ਕੇ (ਉਹਨਾਂ ਨੇ) ਗਿਆਨ ਪ੍ਰਾਪਤ ਕੀਤਾ ਹੈ। ਕਲਿ ਮਾਹਿ ਰੂਪੁ ਕਰਤਾ ਪੁਰਖੁ ਸੋ ਜਾਣੈ ਜਿਨਿ ਕਿਛੁ ਕੀਅਉ ॥ ਗੁਰੁ ਮਿਲ੍ਯ੍ਯਿਉ ਸੋਇ ਭਿਖਾ ਕਹੈ ਸਹਜ ਰੰਗਿ ਦਰਸਨੁ ਦੀਅਉ ॥੧॥੧੯॥ {ਪੰਨਾ 1395} ਪਦ ਅਰਥ: ਕਲਿ ਮਾਹਿ = ਕਲਜੁਗ ਵਿਚ। ਸੋ = ਉਹ ਅਕਾਲ ਪੁਰਖ। ਜਿਨਿ = ਜਿਸ (ਅਕਾਲ ਪੁਰਖ) ਨੇ। ਕਿਛੁ = ਇਹ ਅਲੱਖ ਕੌਤਕ (ਭਾਵ, ਇਹੋ ਜਿਹੇ ਗੁਰੂ ਨੂੰ ਸੰਸਾਰ ਤੇ ਘੱਲਣ ਦਾ ਕੌਤਕ) । ਸੋਇ = ਉਹ (ਗੁਰੂ ਅਮਰਦਾਸ) । ਦੀਅਉ = ਦਿੱਤਾ ਹੈ। ਸਹਜ = ਆਤਮਕ ਅਡੋਲਤਾ, ਪੂਰਨ ਖਿੜਾਉ। ਅਰਥ: ਕਲਜੁਗ ਵਿਚ (ਗੁਰੂ ਅਮਰਦਾਸ) ਕਰਤਾ ਪੁਰਖ-ਰੂਪ ਹੈ; (ਇਸ ਕੌਤਕ ਨੂੰ) ਉਹ ਕਰਤਾਰ ਹੀ ਜਾਣਦਾ ਹੈ ਜਿਸ ਨੇ ਇਹ ਅਚਰਜ ਕੌਤਕ ਕੀਤਾ ਹੈ। ਭਿੱਖਾ ਕਵੀ ਆਖਦਾ ਹੈ– "ਮੈਨੂੰ ਉਹ ਗੁਰੂ (ਅਮਰਦਾਸ) ਮਿਲ ਪਿਆ ਹੈ, (ਉਹਨਾਂ ਨੇ) ਪੂਰਨ ਖਿੜਾਉ ਦੇ ਰੰਗ ਵਿਚ ਮੈਨੂੰ ਦਰਸਨ ਦਿੱਤਾ ਹੈ"।1।19। ਰਹਿਓ ਸੰਤ ਹਉ ਟੋਲਿ ਸਾਧ ਬਹੁਤੇਰੇ ਡਿਠੇ ॥ ਸੰਨਿਆਸੀ ਤਪਸੀਅਹ ਮੁਖਹੁ ਏ ਪੰਡਿਤ ਮਿਠੇ ॥ {ਪੰਨਾ 1395} ਪਦ ਅਰਥ: ਹਉ = ਮੈਂ। ਟੋਲਿ ਰਹਿਓ = ਟੋਲ ਕੇ ਰਹਿ ਗਿਆ ਹਾਂ, ਭਾਲ ਭਾਲ ਕੇ ਥੱਕ ਗਿਆ ਹਾਂ, ਲੱਭ ਲੱਭ ਕੇ ਥੱਕ ਗਿਆ ਹਾਂ। ਡਿਠੇ = ਮੈਂ ਵੇਖੇ ਹਨ। ਤਪਸੀਅਹ = ਤੱਪਸ੍ਵੀ ਲੋਕ। ਏ = ਇਹ। ਮੁਖਹੁ ਮਿਠੇ ਪੰਡਿਤ = ਮੂੰਹੋਂ ਮਿੱਠੇ ਪੰਡਿਤ। ਅਰਥ: ਮੈਂ ਸੰਤਾਂ ਨੂੰ ਟੋਲਦਾ ਟੋਲਦਾ ਥੱਕ ਗਿਆ ਹਾਂ, ਮੈਂ ਕਈ ਸਾਧ (ਭੀ) ਵੇਖੇ ਹਨ, ਕਈ ਸੰਨਿਆਸੀ, ਕਈ ਤਪੱਸਵੀ ਤੇ ਕਈ ਇਹ ਮੂੰਹੋਂ-ਮਿੱਠੇ ਪੰਡਿਤ (ਭੀ) ਵੇਖੇ ਹਨ। |
Sri Guru Granth Darpan, by Professor Sahib Singh |