ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1396

ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ ॥ ਕਹਤਿਅਹ ਕਹਤੀ ਸੁਣੀ ਰਹਤ ਕੋ ਖੁਸੀ ਨ ਆਯਉ ॥ {ਪੰਨਾ 1396}

ਪਦ ਅਰਥ: ਨਹੁ = ਨਹੀਂ। ਪਰਚਉ = ਤਸੱਲੀ। ਕਿਨੈ...ਲਾਯਉ = ਕਿਸੇ ਨੇ ਮੇਰੀ ਨਿਸ਼ਾ ਨਹੀਂ ਕੀਤੀ। ਕਹਤਿਅਹ ਕਹਤੀ = ਆਖਦੇ ਆਖਦੇ। ਰਹਤ ਕੋ = ਰਹਤ ਦੀ, ਰਹਤ ਵੇਖ ਕੇ। ਖੁਸੀ = ਆਨੰਦ। ਰਹਤ ਕੋ ਖੁਸੀ = ਰਹਤ ਦਾ ਆਨੰਦ।

ਅਰਥ: ਮੈਂ ਇਕ ਸਾਲ ਫਿਰਦਾ ਰਿਹਾ ਹਾਂ, ਕਿਸੇ ਨੇ ਮੇਰੀ ਨਿਸ਼ਾ ਨਹੀਂ ਕੀਤੀ; ਸਾਰੇ (ਮੂੰਹੋਂ) ਆਖਦੇ ਹੀ ਆਖਦੇ (ਭਾਵ, ਹੋਰਨਾਂ ਨੂੰ ਉਪਦੇਸ਼ ਕਰਦੇ ਹੀ) ਸੁਣੇ ਹਨ, ਪਰ ਕਿਸੇ ਦੀ ਰਹਤ ਵੇਖ ਕੇ ਮੈਨੂੰ ਆਨੰਦ ਨਹੀਂ ਆਇਆ।

ਹਰਿ ਨਾਮੁ ਛੋਡਿ ਦੂਜੈ ਲਗੇ ਤਿਨ੍ਹ੍ਹ ਕੇ ਗੁਣ ਹਉ ਕਿਆ ਕਹਉ ॥ ਗੁਰੁ ਦਯਿ ਮਿਲਾਯਉ ਭਿਖਿਆ ਜਿਵ ਤੂ ਰਖਹਿ ਤਿਵ ਰਹਉ ॥੨॥੨੦॥ {ਪੰਨਾ 1396}

ਪਦ ਅਰਥ: ਛੋਡਿ = ਛੱਡ ਕੇ। ਦੂਜੈ = ਦੂਜਾ-ਪਨ ਵਿਚ, ਦ੍ਵੈਤ ਵਿਚ, ਅਕਾਲ ਪੁਰਖ ਨੂੰ ਛੱਡ ਕੇ ਹੋਰ ਵਿਚ, ਮਾਇਆ ਵਿਚ। ਗੁਰ = ਹੇ ਸਤਿਗੁਰ (ਅਮਰਦਾਸ ਜੀ) ! ਦਯਿ = ਪਿਆਰੇ (ਅਕਾਲ ਪੁਰਖ) ਨੇ। ਭਿਖਿਆ = ਭਿਖੇ ਭੱਟ ਨੂੰ। ਰਹਉ = ਮੈਂ ਰਹਿੰਦਾ ਹਾਂ।

ਅਰਥ: ਉਹਨਾਂ ਲੋਕਾਂ ਦੇ ਗੁਣ ਮੈਂ ਕੀਹ ਆਖਾਂ, ਜਿਹੜੇ ਹਰੀ ਦੇ ਨਾਮ ਨੂੰ ਛੱਡ ਕੇ ਦੂਜੇ (ਭਾਵ, ਮਾਇਆ ਦੇ ਪਿਆਰ) ਵਿਚ ਲੱਗੇ ਹੋਏ ਹਨ? ਹੇ ਗੁਰੂ (ਅਮਰਦਾਸ) ! ਪਿਆਰੇ (ਹਰੀ) ਨੇ ਮੈਨੂੰ, ਭਿਖੇ ਨੂੰ, ਤੂੰ ਮਿਲਾ ਦਿੱਤਾ ਹੈ, ਜਿਵੇਂ ਤੂੰ ਰੱਖੇਂਗਾ ਤਿਵੇਂ ਮੈਂ ਰਹਾਂਗਾ।2।20।

ਨੋਟ: ਇਹ ਦੋ ਸਵਈਏ ਭੱਟ ਭਿਖੇ ਦੇ ਉਚਾਰੇ ਹੋਏ ਹਨ।

ਪਹਿਰਿ ਸਮਾਧਿ ਸਨਾਹੁ ਗਿਆਨਿ ਹੈ ਆਸਣਿ ਚੜਿਅਉ ॥ ਧ੍ਰੰਮ ਧਨਖੁ ਕਰ ਗਹਿਓ ਭਗਤ ਸੀਲਹ ਸਰਿ ਲੜਿਅਉ ॥ {ਪੰਨਾ 1396}

ਪਦ ਅਰਥ: ਪਹਿਰਿ = ਪਹਿਨ ਕੇ। ਸਮਾਧਿ ਸਨਾਹੁ = ਸਮਾਧੀ-ਰੂਪ ਸੰਨਾਹ। ਸੰਨਾਹੁ = ਸੰਜੋਅ, ਲੋਹੇ ਦੀ ਵਰਦੀ। ਹੈ– (ਹਯ) ਘੋੜਾ। ਗਿਆਨ ਹੈ– ਗਿਆਨ ਰੂਪ (ਹਯ) ਘੋੜੇ ਉਤੇ। ਆਸਣਿ ਚੜਿਆਉ = ਆਸਣ ਤੇ ਬੈਠਾ ਹੈ, ਆਸਣ ਜਮਾਇਆ ਹੋਇਆ ਹੈ। ਧ੍ਰੰਮ ਧਨਖੁ = ਧਰਮ ਦਾ ਧਨੁਖ। ਕਰ = ਹੱਥਾਂ ਵਿਚ। ਰਹਿਓ = ਪਕੜਿਆ ਹੋਇਆ ਹੈ। ਭਗਤ ਸੀਲ = ਭਗਤਾਂ ਵਾਲਾ ਸੀਲ (ਸੁਭਾਵ) । ਭਗਤ ਸੀਲਹ = ਭਗਤਾਂ ਵਾਲੇ ਸੀਲ ਦੇ। ਸਰਿ = ਤੀਰ ਨਾਲ। ਸਮਾਧਿ = ਪ੍ਰਭੂ-ਚਰਨਾਂ ਵਿਚ ਸੁਰਤਿ ਜੋੜਨੀ।

ਅਰਥ: ਸਮਾਧੀ-ਰੂਪ ਸੰਨਾਹ (ਜ਼ਿਰਹ-ਬਖ਼ਤਰ) ਪਹਿਨ ਕੇ ਗਿਆਨ-ਰੂਪ ਘੋੜੇ ਉੱਤੇ (ਗੁਰੂ ਅਮਰਦਾਸ ਜੀ ਨੇ) ਆਸਣ ਜਮਾਇਆ ਹੋਇਆ ਹੈ। ਧਰਮ ਦਾ ਧਨੁਖ ਹੱਥਾਂ ਵਿਚ ਫੜ ਕੇ (ਗੁਰੂ ਅਮਰਦਾਸ) ਭਗਤਾਂ ਵਾਲੇ ਸੀਲ-ਰੂਪ ਤੀਰ ਨਾਲ (ਕਾਮਾਦਿਕ ਵੈਰੀਆਂ ਦੇ ਟਾਕਰੇ ਤੇ) ਲੜ ਰਿਹਾ ਹੈ।

ਭੈ ਨਿਰਭਉ ਹਰਿ ਅਟਲੁ ਮਨਿ ਸਬਦਿ ਗੁਰ ਨੇਜਾ ਗਡਿਓ ॥ ਕਾਮ ਕ੍ਰੋਧ ਲੋਭ ਮੋਹ ਅਪਤੁ ਪੰਚ ਦੂਤ ਬਿਖੰਡਿਓ ॥ {ਪੰਨਾ 1396}

ਪਦ ਅਰਥ: ਭੈ = (ਹਰੀ ਦਾ) ਭਉ ਰੱਖਣ ਦੇ ਕਾਰਨ। ਮਨਿ = ਮਨ ਵਿਚ। ਸਬਦਿ ਗੁਰ = ਸਤਿਗੁਰੂ ਦੇ ਸ਼ਬਦ ਦੁਆਰਾ। ਅਪਤੁ = ਆਪਾ-ਭਾਵ, ਅਹੰਕਾਰ। ਬਿਖੰਡਿਓ = ਨਾਸ ਕਰ ਦਿੱਤੇ ਹਨ। ਦੂਤ = ਵੈਰੀ।

ਅਰਥ: ਹਰੀ ਦਾ ਭਉ ਰੱਖਣ ਦੇ ਕਾਰਨ (ਗੁਰੂ ਅਮਰਦਾਸ) ਨਿਰਭਉ ਹੈ, ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹਰੀ ਨੂੰ (ਗੁਰੂ ਅਮਰਦਾਸ ਨੇ) ਮਨ ਵਿਚ ਧਾਰਿਆ ਹੈ– ਇਹ (ਗੁਰੂ ਅਮਰਦਾਸ ਨੇ ਮਾਨੋ) , ਨੇਜਾ ਗੱਡਿਆ ਹੋਇਆ ਹੈ ਅਤੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹਨਾਂ ਪੰਜਾਂ ਵੈਰੀਆਂ ਦਾ ਨਾਸ ਕਰ ਦਿੱਤਾ ਹੈ।

ਭਲਉ ਭੂਹਾਲੁ ਤੇਜੋ ਤਨਾ ਨ੍ਰਿਪਤਿ ਨਾਥੁ ਨਾਨਕ ਬਰਿ ॥ ਗੁਰ ਅਮਰਦਾਸ ਸਚੁ ਸਲ੍ਯ੍ਯ ਭਣਿ ਤੈ ਦਲੁ ਜਿਤਉ ਇਵ ਜੁਧੁ ਕਰਿ ॥੧॥੨੧॥ {ਪੰਨਾ 1396}

ਪਦ ਅਰਥ: ਭਲਉ = ਭੱਲਿਆਂ ਦੀ ਕੁਲ ਵਿਚ। ਭੂਹਾਲੁ = ਭੂਪਾਲੁ, ਰਾਜਾ। ਭਲਉ ਭੂਹਾਲੁ = ਭੱਲਿਆਂ ਦੀ ਕੁਲ ਵਿਚ ਸ਼ਿਰੋਮਣੀ। ਤੇਜੋ ਤਨਾ = ਹੇ ਤੇਜਭਾਨ ਜੀ ਦੇ ਪੁੱਤਰ! ਨ੍ਰਿਪਤਿ ਨਾਥੁ = ਰਾਜਿਆਂ ਦਾ ਰਾਜਾ। ਨਾਨਕ ਬਰਿ = (ਗੁਰੂ) ਨਾਨਕ (ਦੇਵ ਜੀ) ਦੇ ਵਰ ਨਾਲ। ਭਣਿ = ਆਖ। ਤੈ = ਆਪ ਨੇ, ਤੂੰ। ਇਵ = ਇਸ ਤਰ੍ਹਾਂ। ਕਰਿ = ਕਰ ਕੇ। ਦਲੁ = ਫ਼ੌਜ।

ਅਰਥ: ਤੇਜਭਾਨ ਜੀ ਦੇ ਪੁਤ੍ਰ ਹੇ ਗੁਰੂ ਅਮਰਦਾਸ ਜੀ! ਤੂੰ ਭੱਲਿਆਂ ਦੀ ਕੁਲ ਵਿਚ ਸ਼ਿਰੋਮਣੀ ਹੈਂ ਅਤੇ (ਗੁਰੂ) ਨਾਨਕ (ਦੇਵ ਜੀ) ਦੇ ਵਰ ਨਾਲ ਰਾਜਿਆਂ ਦਾ ਰਾਜਾ ਹੈਂ। ਹੇ ਸਲ੍ਯ੍ਯ ਕਵੀ! (ਇਉਂ) ਆਖ– 'ਹੇ ਗੁਰੂ ਅਮਰਦਾਸ! ਤੂੰ ਇਸ ਤਰ੍ਹਾਂ ਜੁੱਧ ਕਰ ਕੇ (ਇਹ ਵਿਕਾਰਾਂ ਦਾ) ਦਲ ਜਿੱਤ ਲਿਆ ਹੈ।1।21।

ਨੋਟ: ਇਹ ਇਕ ਸਵਈਆ ਭੱਟ ਸਲ੍ਯ੍ਯ ਦਾ ਹੈ।

ਘਨਹਰ ਬੂੰਦ ਬਸੁਅ ਰੋਮਾਵਲਿ ਕੁਸਮ ਬਸੰਤ ਗਨੰਤ ਨ ਆਵੈ ॥ ਰਵਿ ਸਸਿ ਕਿਰਣਿ ਉਦਰੁ ਸਾਗਰ ਕੋ ਗੰਗ ਤਰੰਗ ਅੰਤੁ ਕੋ ਪਾਵੈ ॥ {ਪੰਨਾ 1396}

ਪਦ ਅਰਥ: ਘਨਹਰ = ਬੱਦਲ। ਬੂੰਦ = ਕਣੀਆਂ। ਘਨਹਰ ਬੂੰਦ = ਬੱਦਲਾਂ ਦੀਆਂ ਕਣੀਆਂ। ਬਸੁਅ = ਬਸੁਧਾ, ਧਰਤੀ। ਰੋਮਾਵਲਿ = ਰੋਮਾਂ ਦੀ ਪੰਕਤੀ। ਬਸੁਅ ਰੋਮਾਵਲਿ = ਧਰਤੀ ਦੀ ਰੋਮਾਵਲੀ, ਬਨਸਪਤੀ। ਕੁਸਮ = ਫੁੱਲ। ਬਸੰਤ = ਬਸੰਤ ਰੁੱਤ ਦੇ। ਗਨੰਤ = ਗਿਣਦਿਆਂ। ਰਵਿ = ਸੂਰਜ। ਸਸਿ = ਚੰਦ੍ਰਮਾ। ਉਦਰੁ = ਪੇਟ। ਗੰਗ ਤਰੰਗ = ਗੰਗਾ ਦੀਆਂ ਲਹਿਰਾਂ (ਠਿਲ੍ਹਾਂ) । ਕੋ = ਕੌਣ? ਪਾਵੈ = ਪਾ ਸਕਦਾ ਹੈ।

ਅਰਥ: ਬੱਦਲਾਂ ਦੀਆਂ ਕਣੀਆਂ, ਧਰਤੀ ਦੀ ਬਨਸਪਤੀ, ਬਸੰਤ ਦੇ ਫੁੱਲ = ਇਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਸੂਰਜ ਤੇ ਚੰਦ੍ਰਮਾ ਦੀਆਂ ਕਿਰਨਾਂ, ਸਮੁੰਦਰ ਦਾ ਪੇਟ ਗੰਗਾ ਦੀਆਂ ਠਿਲ੍ਹਾਂ = ਇਹਨਾਂ ਦਾ ਅੰਤ ਕੌਣ ਪਾ ਸਕਦਾ ਹੈ?

ਰੁਦ੍ਰ ਧਿਆਨ ਗਿਆਨ ਸਤਿਗੁਰ ਕੇ ਕਬਿ ਜਨ ਭਲ੍ਯ੍ਯ ਉਨਹ ਜੋੁ ਗਾਵੈ ॥ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ ॥੧॥੨੨॥ {ਪੰਨਾ 1396}

ਪਦ ਅਰਥ: ਰੁਦ੍ਰ = ਸ਼ਿਵ। ਰੁਦ੍ਰ ਧਿਆਨ = ਸ਼ਿਵ ਜੀ ਵਾਲੇ ਧਿਆਨ ਨਾਲ (ਭਾਵ, ਪੂਰਨ ਅਡੋਲ ਸਮਾਧੀ ਲਾ ਕੇ) । ਭਲ੍ਯ੍ਯ = ਹੇ ਭਲ੍ਯ੍ਯ! ਉਨਹ = ਬੱਦਲਾਂ ਦੀਆਂ ਕਣੀਆਂ, ਬਨਸਪਤੀ, ਬਸੰਤ ਦੇ ਫੁੱਲ, ਸੂਰਜ ਚੰਦ੍ਰਮਾ ਦੀਆਂ ਕਿਰਨਾਂ, ਸਮੁੰਦਰ ਦੀ ਥਾਹ, ਤੇ ਗੰਗਾ ਦੀਆਂ ਠਿਲ੍ਹਾਂ = ਇਹਨਾਂ ਸਾਰਿਆਂ ਨੂੰ। ਜੋੁ ਗਾਵੈ = ਜੇ ਕੋਈ ਵਰਣਨ ਕਰ ਲਏ ਤਾਂ ਭਾਵੇਂ ਕਰ ਲਏ। ਤੋਹਿ = ਤੈਨੂੰ ਹੀ। ਬਨਿ ਆਵੈ = ਫਬਦੀ ਹੈ। ਉਪਮਾ = ਬਰਾਬਰ ਦੀ ਸ਼ੈ। ਤੇਰੀ ਉਪਮਾ ਤੋਹਿ ਬਨਿ ਆਵੈ = ਤੇਰੇ ਜਿਹਾ ਤੂੰ ਆਪ ਹੀ ਹੈਂ ਤੇਰੇ ਬਰਾਬਰ ਦਾ ਤੈਨੂੰ ਹੀ ਦੱਸੀਏ ਤਾਂ ਗੱਲ ਫਬਦੀ ਹੈ। ਜੋੁ = (ਅਸਲੀ ਲਫ਼ਜ਼ ਹੈ 'ਜੋ' ਇਥੇ ਪੜ੍ਹਨਾ ਹੈ 'ਜੁ') ।

ਅਰਥ: ਸ਼ਿਵ ਜੀ ਵਾਂਗ ਪੂਰਨ ਸਮਾਧੀ ਲਾ ਕੇ ਅਤੇ ਸਤਿਗੁਰੂ ਦੇ ਬਖ਼ਸ਼ੇ ਗਿਆਨ ਦੁਆਰਾ, ਹੇ ਭਲ੍ਯ੍ਯ ਕਵੀ! ਉਹਨਾਂ ਉਪਰ-ਦੱਸੇ ਪਦਾਰਥਾਂ ਨੂੰ ਭਾਵੇਂ ਕੋਈ ਮਨੁੱਖ ਵਰਣਨ ਕਰ ਸਕੇ, ਪਰ ਭੱਲਿਆਂ ਦੀ ਕੁਲ ਵਿਚ ਪ੍ਰਗਟ ਹੋਏ ਹੇ ਗੁਰੂ ਅਮਰਦਾਸ ਜੀ! ਤੇਰੇ ਗੁਣ ਵਰਣਨ ਨਹੀਂ ਹੋ ਸਕਦੇ। ਤੇਰੇ ਜਿਹਾ ਤੂੰ ਆਪ ਹੀ ਹੈਂ।1।22।

ਨੋਟ: ਇਹਨਾਂ ਉੱਪਰ-ਲਿਖੇ ਅੰਕਾਂ ਨੂੰ ਵਿਚਾਰਨ ਦੀ ਲੋੜ ਹੈ। ਅੰਕ 1 = ਇਹ ਭੱਟ ਭਲ੍ਯ੍ਯ ਦਾ ਸਵਈਆ ਹੈ।

ਅੰਕ 22 = ਗੁਰੂ ਅਮਰਦਾਸ ਜੀ ਦੀ ਉਸਤਤਿ ਵਿਚ ਉਚਾਰੇ ਹੋਏ ਸਾਰੇ ਸਵਈਆਂ ਦਾ ਜੋੜ 22 ਹੈ, ਜਿਨ੍ਹਾਂ ਦਾ ਵੇਰਵਾ ਇਉਂ ਹੈ:

ਕਲ੍ਯ੍ਯਸਹਾਰ ਦੇ . . = 9
ਜਾਲਪ ਦੇ . . . . = 5
ਕੀਰਤ ਦੇ . . . . = 4
ਭਿਖੇ ਦੇ . . . . . = 2
ਸਲ੍ਯ੍ਯ ਦਾ . . . . . = 1
ਭਲ੍ਯ੍ਯ ਦਾ . . . . . = 1
. . . . . . . . . . . . .
. . . . ਜੋੜ . . . = 22

ਜੇ ਹੁਣ ਤਕ ਦੇ ਸਾਰੇ ਹੀ ਸਵਈਆਂ ਦੀ ਗਿਣਤੀ ਲਈਏ ਤਾਂ ਇਉਂ ਹੈ:

ਸ੍ਰੀ ਮੁਖਬਾਕ੍ਯ੍ਯ ਮਹਲਾ 5 . . = 9
ਸ੍ਰੀ ਮੁਖ ਬਾਕ੍ਯ੍ਯ 5 . . . . . = 11
ਮਹਲੇ ਪਹਿਲੇ ਕੇ . . . . . = 10
ਮਹਲੇ ਦੂਜੇ ਕੇ . . . . . . .= 10
ਮਹਲੇ ਤੀਜੇ ਕੇ . . . . . . = 22
. . . . . . . . . . . . . . . . . . .
. . . . ਕੁੱਲ ਜੋੜ . . . . = 62

ਸਵਈਏ ਮਹਲੇ ਚਉਥੇ ਕੇ ੪

ਅਰਥ: ਗੁਰੂ ਰਾਮਦਾਸ ਜੀ ਦੀ ਉਸਤਤਿ ਵਿਚ ਉਚਾਰੇ ਹੋਏ ਸਵਈਏ।

ੴ ਸਤਿਗੁਰ ਪ੍ਰਸਾਦਿ ॥ ਇਕ ਮਨਿ ਪੁਰਖੁ ਨਿਰੰਜਨੁ ਧਿਆਵਉ ॥ ਗੁਰ ਪ੍ਰਸਾਦਿ ਹਰਿ ਗੁਣ ਸਦ ਗਾਵਉ ॥ ਗੁਨ ਗਾਵਤ ਮਨਿ ਹੋਇ ਬਿਗਾਸਾ ॥ ਸਤਿਗੁਰ ਪੂਰਿ ਜਨਹ ਕੀ ਆਸਾ ॥ {ਪੰਨਾ 1396}

ਪਦ ਅਰਥ: ਇਕ ਮਨਿ = ਇਕਾਗ੍ਰ ਮਨ ਦੀ ਰਾਹੀਂ। ਨਿਰੰਜਨੁ = ਅੰਜਨੁ (ਮਾਇਆ) ਤੋਂ ਰਹਤ। ਧਿਆਵਉ = ਮੈਂ ਧਿਆਵਾਂ। ਹਰਿ ਗੁਣ = ਹਰੀ ਦੇ ਗੁਣ। ਗਾਵਉ = ਮੈਂ ਗਾਵਾਂ। ਗਾਵਤ = ਗਾਉਂਦਿਆਂ। ਮਨਿ = ਮਨ ਵਿਚ। ਬਿਗਾਸਾ = ਖਿੜਾਉ, ਆਨੰਦ, ਖ਼ੁਸ਼ੀ। ਸਤਿਗੁਰ = ਹੇ ਸਤਿਗੁਰੂ! ਪੂਰਿ = ਪੂਰੀ ਕਰ। ਜਨਹ ਕੀ = ਦਾਸ ਦੀ।

ਅਰਥ: ਹੇ ਸਤਿਗੁਰੂ! ਮੈਂ ਦਾਸ ਦੀ ਆਸ ਪੂਰੀ ਕਰ (ਕਿ) , ਮੈਂ ਇਕਾਗ੍ਰ-ਮਨ ਹੋ ਕੇ ਮਾਇਆ ਤੋਂ ਰਹਿਤ ਅਕਾਲ ਪੁਰਖ ਨੂੰ ਸਿਮਰਾਂ, ਗੁਰੂ ਜੀ ਦੀ ਕ੍ਰਿਪਾ ਨਾਲ ਸਦਾ ਹਰੀ ਦੇ ਗੁਣ ਗਾਵਾਂ ਅਤੇ ਗੁਣ ਗਾਂਦਿਆਂ ਗਾਂਦਿਆਂ ਮੇਰੇ ਮਨ ਵਿਚ ਖਿੜਾਉ ਪੈਦਾ ਹੋਵੇ।

ਸਤਿਗੁਰੁ ਸੇਵਿ ਪਰਮ ਪਦੁ ਪਾਯਉ ॥ ਅਬਿਨਾਸੀ ਅਬਿਗਤੁ ਧਿਆਯਉ ॥ ਤਿਸੁ ਭੇਟੇ ਦਾਰਿਦ੍ਰੁ ਨ ਚੰਪੈ ॥ ਕਲ੍ਯ੍ਯ ਸਹਾਰੁ ਤਾਸੁ ਗੁਣ ਜੰਪੈ ॥ {ਪੰਨਾ 1396}

ਪਦ ਅਰਥ: ਸੇਵਿ = ਸੇਵ ਕੇ, ਸੇਵਾ ਕਰ ਕੇ। ਪਰਮ ਪਦੁ = ਉੱਚੀ ਪਦਵੀ, ਉੱਚਾ ਦਰਜਾ। ਪਾਯਉ = ਪਾਇਆ ਹੈ (ਜਿਸ ਗੁਰੂ ਰਾਮਦਾਸ ਜੀ ਨੇ) । ਅਬਿਗਤੁ = ਅਵਿਅਕਤ, ਅਦ੍ਰਿਸ਼ਟ ਅਕਾਲ ਪੁਰਖ। ਤਿਸੁ = ਉਸ (ਗੁਰੂ ਰਾਮਦਾਸ) ਨੂੰ। ਭੇਟੇ = ਭੇਟਿਆਂ, ਚਰਨੀਂ ਲੱਗਿਆਂ। ਚੰਪੈ = ਚੰਬੜਦਾ। ਦਾਰਿਦੁ = ਦਲਿਦ੍ਰ, ਗਰੀਬੀ। ਤਾਸੁ = ਉਸ (ਗੁਰੂ ਰਾਮਦਾਸ ਜੀ) ਦੇ।

ਅਰਥ: (ਜਿਸ ਗੁਰੂ ਰਾਮਦਾਸ ਜੀ ਨੇ) ਗੁਰੂ (ਅਮਰਦਾਸ ਜੀ) ਨੂੰ ਸੇਵ ਕੇ ਉੱਚੀ ਪਦਵੀ ਪਾਈ ਹੈ, ਅਤੇ ਅਬਿਨਾਸੀ ਤੇ ਅਦ੍ਰਿਸ਼ਟ ਹਰੀ ਨੂੰ ਸਿਮਰਿਆ ਹੈ, ਉਸ (ਗੁਰੂ ਰਾਮਦਾਸ) ਦੀ ਚਰਨੀਂ ਲੱਗਿਆਂ, ਦਲਿੱਦ੍ਰ ਨਹੀਂ ਚੰਬੜਦਾ, ਕਲ੍ਯ੍ਯਸਹਾਰ ਕਵੀ ਉਸ (ਗੁਰੂ ਰਾਮਦਾਸ ਜੀ) ਦੇ ਗੁਣ ਗਾਉਂਦਾ ਹੈ।

ਜੰਪਉ ਗੁਣ ਬਿਮਲ ਸੁਜਨ ਜਨ ਕੇਰੇ ਅਮਿਅ ਨਾਮੁ ਜਾ ਕਉ ਫੁਰਿਆ ॥ ਇਨਿ ਸਤਗੁਰੁ ਸੇਵਿ ਸਬਦ ਰਸੁ ਪਾਯਾ ਨਾਮੁ ਨਿਰੰਜਨ ਉਰਿ ਧਰਿਆ ॥ {ਪੰਨਾ 1396}

ਪਦ ਅਰਥ: ਜੰਪਉ = ਮੈਂ ਜਪਦਾ ਹਾਂ ਬਿਮਲੁ = ਨਿਰਮਲ। ਸੁਜਨ = ਸ੍ਰੇਸ਼ਟ। ਜਨ ਕੇਰੇ = ਜਨ ਦੇ। ਕੇਰੇ = ਦੇ। ਅਮਿਅ ਨਾਮੁ = ਅੰਮ੍ਰਿਤ-ਮਈ ਨਾਮ। ਜਾ ਕਉ = ਜਿਸ (ਗੁਰੂ ਰਾਮਦਾਸ ਜੀ) ਨੂੰ। ਫੁਰਿਆ = ਅਨੁਭਵ ਹੋਇਆ। ਇਨਿ = ਇਸ (ਗੁਰੂ ਰਾਮਦਾਸ ਜੀ) ਨੇ। ਸਬਦ ਰਸੁ = ਸਬਦ ਦਾ ਆਨੰਦ। ਨਾਮੁ ਨਿਰੰਜਨ = ਨਿਰੰਜਨ ਦਾ ਨਾਮ। ਉਰਿ = ਹਿਰਦੇ ਵਿਚ। ਧਰਿਆ = ਟਿਕਾਇਆ ਹੈ।

ਅਰਥ: ਮੈਂ ਉਸ ਸ੍ਰੇਸ਼ਟ ਜਨ (ਗੁਰੂ ਰਾਮਦਾਸ ਜੀ) ਦੇ ਨਿਰਮਲ ਗੁਣ ਗਾਉਂਦਾ ਹਾਂ, ਜਿਸ ਨੂੰ ਆਤਮਕ ਜੀਵਨ ਦੇਣ ਵਾਲਾ ਨਾਮ ਅਨੁਭਵ ਹੋਇਆ ਹੈ, ਇਸ (ਗੁਰੂ ਰਾਮਦਾਸ ਜੀ) ਨੇ ਗੁਰੂ (ਅਮਰਦਾਸ ਜੀ) ਨੂੰ ਸੇਵ ਕੇ ਸ਼ਬਦ ਦਾ ਆਨੰਦ ਪ੍ਰਾਪਤ ਕੀਤਾ ਹੈ ਤੇ ਨਿਰੰਜਨ ਦਾ ਨਾਮ ਹਿਰਦੇ ਵਿਚ ਟਿਕਾਇਆ ਹੈ।

ਹਰਿ ਨਾਮ ਰਸਿਕੁ ਗੋਬਿੰਦ ਗੁਣ ਗਾਹਕੁ ਚਾਹਕੁ ਤਤ ਸਮਤ ਸਰੇ ॥ ਕਵਿ ਕਲ੍ਯ੍ਯ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ ॥੧॥ {ਪੰਨਾ 1396}

ਪਦ ਅਰਥ: ਰਸਿਕੁ = ਰਸੀਆ, ਪ੍ਰੇਮੀ। ਗੁਣ ਗਾਹਕੁ = ਗੁਣਾਂ ਦਾ ਗਾਹਕ। ਚਾਹਕੁ ਤਤ = ਹਰੀ ਦਾ ਚਾਹੁਣ ਵਾਲਾ। ਸਮਤ = ਸਮਦ੍ਰਿਟਸ਼ਤਾ, ਸਭ ਨੂੰ ਇਕ ਪਿਆਰ-ਭਾਵ ਨਾਲ ਵੇਖਣਾ। ਸਰੇ = ਸਰੋਵਰ। ਠਕੁਰ = ਠਾਕੁਰ (ਆਦਰ ਦਾ ਪਦ ਹੈ) । ਹਰਦਾਸ ਤਨੇ = ਹਰਦਾਸ ਦਾ ਪੁੱਤ੍ਰ। ਅਭਰ = ਨਾਹ ਭਰੇ ਹੋਏ, ਖ਼ਾਲੀ। ਭਰੇ = ਭਰਨ ਵਾਲਾ।

ਅਰਥ: ਹੇ ਕਲ੍ਯ੍ਯਸਹਾਰ ਕਵੀ! ਠਾਕੁਰ ਹਰਦਾਸ ਜੀ ਦੇ ਸੁਪੁੱਤ੍ਰ, ਗੁਰੂ ਰਾਮਦਾਸ ਜੀ (ਹਿਰਦੇ-ਰੂਪੀ) ਖ਼ਾਲੀ ਸਰੋਵਰਾਂ ਨੂੰ (ਨਾਮ ਨਾਲ) ਭਰਨ ਵਾਲੇ ਹਨ। (ਗੁਰੂ ਰਾਮਦਾਸ) ਅਕਾਲ ਪੁਰਖ ਦੇ ਨਾਮ ਦਾ ਰਸੀਆ ਹੈ, ਗੋਬਿੰਦ ਦੇ ਗੁਣਾਂ ਦਾ ਗਾਹਕ ਹੈ, ਅਕਾਲ ਪੁਰਖ ਨਾਲ ਪਿਆਰ ਕਰਨ ਵਾਲਾ ਹੈ, ਅਤੇ ਸਮ-ਦ੍ਰਿਸ਼ਟਤਾ ਦਾ ਸਰੋਵਰ ਹੈ।1।

ਛੁਟਤ ਪਰਵਾਹ ਅਮਿਅ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ ॥ ਤੇ ਪੀਵਹਿ ਸੰਤ ਕਰਹਿ ਮਨਿ ਮਜਨੁ ਪੁਬ ਜਿਨਹੁ ਸੇਵਾ ਕਰੀਆ ॥ {ਪੰਨਾ 1396}

ਪਦ ਅਰਥ: ਅਮਿਅ = ਅੰਮ੍ਰਿਤ ਦਾ। ਅਮਰਾ ਪਦ = ਅਮਰ (ਅਟੱਲ) ਪਦਵੀ ਦੇਣ ਵਾਲਾ। ਅੰਮ੍ਰਿਤ ਸਰੋਵਰ = ਅੰਮ੍ਰਿਤ ਦਾ ਸਰੋਵਰ। ਸਦ = ਸਦਾ। ਤੇ ਸੰਤ = ਉਹ ਸੰਤ (ਬਹੁ-ਵਚਨ) । ਪੀਵਹਿ = ਪੀਂਦੇ ਹਨ। ਕਰਹਿ = ਕਰਦੇ ਹਨ। ਮਨਿ = ਮਨ ਵਿਚ। ਮਜਨੁ = ਇਸ਼ਨਾਨ। ਪੁਬ = ਪੂਰਬਲੇ ਜਨਮ ਦੀ। ਜਿਨਹੁ = ਜਿਨ੍ਹਾਂ ਨੇ। ਕਰੀਆ = ਕੀਤੀ ਹੈ।

ਅਰਥ: (ਗੁਰੂ ਰਾਮਦਾਸ) ਅੰਮ੍ਰਿਤ ਦਾ ਸਰੋਵਰ (ਹੈ, ਜੋ) ਸਦਾ ਭਰਿਆ ਰਹਿੰਦਾ ਹੈ (ਅਤੇ ਜਿਸ ਵਿਚੋਂ) ਅਟੱਲ ਪਦਵੀ ਦੇਣ ਵਾਲੇ ਅੰਮ੍ਰਿਤ ਦੇ ਚਸ਼ਮੇ ਚੱਲ ਰਹੇ ਹਨ। (ਇਸ ਅੰਮ੍ਰਿਤ ਨੂੰ) ਉਹ ਸੰਤ ਜਨ ਪੀਂਦੇ ਹਨ (ਅਤੇ) ਅੰਤਰ-ਆਤਮੇ ਇਸ਼ਨਾਨ ਕਰਦੇ ਹਨ, ਜਿਨ੍ਹਾਂ ਨੇ ਪੂਰਬਲੇ ਜਨਮ ਦੀ ਕੋਈ ਸੇਵਾ ਕੀਤੀ ਹੋਈ ਹੈ।

ਤਿਨ ਭਉ ਨਿਵਾਰਿ ਅਨਭੈ ਪਦੁ ਦੀਨਾ ਸਬਦ ਮਾਤ੍ਰ ਤੇ ਉਧਰ ਧਰੇ ॥ ਕਵਿ ਕਲ੍ਯ੍ਯ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ ॥੨॥ {ਪੰਨਾ 1396}

ਪਦ ਅਰਥ: ਤਿਨ = ਉਹਨਾਂ (ਸੰਤ-ਜਨਾਂ) ਦਾ। ਨਿਵਾਰਿ = ਦੂਰ ਕਰ ਕੇ। ਅਨਭੈ ਪਦੁ = ਨਿਰਭੈਤਾ ਦਾ ਦਰਜਾ। ਸਬਦ ਮਾਤ੍ਰ = ਆਪਣਾ ਸ਼ਬਦ ਸੁਣਾਉਂਦਿਆਂ ਹੀ। ਉਧਰ ਧਰੇ = ਉੱਧਾਰ ਦਿੱਤੇ, ਪਾਰ ਕਰ ਦਿੱਤੇ।

ਅਰਥ: (ਗੁਰੂ ਰਾਮਦਾਸ ਜੀ ਨੇ) ਉਹਨਾਂ (ਸੰਤ ਜਨਾਂ) ਦਾ ਭਉ ਦੂਰ ਕਰਕੇ, ਉਹਨਾਂ ਨੂੰ ਨਿਰਭੈਤਾ ਦੀ ਪਦਵੀ ਬਖ਼ਸ਼ ਦਿੱਤੀ ਹੈ, ਤੇ ਆਪਣਾ ਸ਼ਬਦ ਸੁਣਾਉਂਦਿਆਂ ਹੀ ਉਹਨਾਂ ਨੂੰ ਪਾਰ ਉਤਾਰ ਦਿੱਤਾ ਹੈ। ਹੇ ਕਲ੍ਯ੍ਯਸਹਾਰ ਕਵੀ! ਠਾਕੁਰ ਹਰਦਾਸ ਜੀ ਦੇ ਸੁਪੁੱਤ੍ਰ ਗੁਰੂ ਰਾਮਦਾਸ ਜੀ (ਹਿਰਦੇ-ਰੂਪ) ਖ਼ਾਲੀ ਸਰੋਵਰਾਂ ਨੂੰ (ਨਾਮ-ਅੰਮ੍ਰਿਤ ਨਾਲ) ਭਰਨ ਵਾਲੇ ਹਨ।2।

ਸਤਗੁਰ ਮਤਿ ਗੂੜ੍ਹ੍ਹ ਬਿਮਲ ਸਤਸੰਗਤਿ ਆਤਮੁ ਰੰਗਿ ਚਲੂਲੁ ਭਯਾ ॥ ਜਾਗ੍ਯ੍ਯਾ ਮਨੁ ਕਵਲੁ ਸਹਜਿ ਪਰਕਾਸ੍ਯ੍ਯਾ ਅਭੈ ਨਿਰੰਜਨੁ ਘਰਹਿ ਲਹਾ ॥ {ਪੰਨਾ 1396}

ਪਦ ਅਰਥ: ਸਤਿਗੁਰ ਮਤਿ = ਸਤਿਗੁਰੂ ਦੀ ਬੁੱਧੀ। ਗੂੜ੍ਹ੍ਹ = ਡੂੰਘੀ। ਬਿਮਲ = ਨਿਰਮਲ। ਆਤਮੁ = ਆਤਮਾ। ਰੰਗਿ = (ਹਰੀ ਦੇ) ਪਿਆਰ ਵਿਚ। ਚਲੂਲੁ = ਗੂੜ੍ਹੇ ਰੰਗ ਵਾਲਾ। ਭਯਾ = ਹੋ ਗਿਆ ਹੈ। ਸਹਜਿ = ਸਹਜ ਅਵਸਥਾ ਵਿਚ, ਆਤਮਕ ਅਡੋਲਤਾ ਦੇ ਕਾਰਨ। ਪ੍ਰਕਾਸ੍ਯ੍ਯਾ = ਖਿੜ ਪਿਆ ਹੈ। ਅਭੈ = ਨਿਰਭਉ। ਘਰਹਿ = (ਹਿਰਦੇ-ਰੂਪ) ਘਰ ਵਿਚ ਹੀ। ਲਹਾ = ਲੱਭ ਗਿਆ ਹੈ।

ਅਰਥ: ਗੁਰੂ (ਰਾਮਦਾਸ ਜੀ) ਦੀ ਮਤਿ ਡੂੰਘੀ ਹੈ, (ਆਪ ਦੀ) ਨਿਰਮਲ ਸਤ ਸੰਗਤਿ ਹੈ; (ਅਤੇ ਆਪ ਦਾ) ਆਤਮਾ ਹਰੀ ਦੇ ਪਿਆਰ ਵਿਚ ਗੂੜ੍ਹਾ ਰੰਗਿਆ ਹੋਇਆ ਹੈ। (ਸਤਿਗੁਰੂ ਰਾਮਦਾਸ ਜੀ ਦਾ) ਮਨ ਜਾਗਿਆ ਹੋਇਆ ਹੈ, (ਉਹਨਾਂ ਦੇ ਹਿਰਦੇ ਦਾ) ਕਉਲ ਫੁੱਲ ਆਤਮਕ ਅਡੋਲਤਾ ਵਿਚ ਖਿੜਿਆ ਹੋਇਆ ਹੈ ਅਤੇ (ਉਹਨਾਂ ਨੇ) ਨਿਰਭਉ ਹਰੀ ਨੂੰ ਹਿਰਦੇ ਵਿਚ ਹੀ ਲੱਭ ਲਿਆ ਹੈ।

TOP OF PAGE

Sri Guru Granth Darpan, by Professor Sahib Singh