ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1397

ਸਤਗੁਰਿ ਦਯਾਲਿ ਹਰਿ ਨਾਮੁ ਦ੍ਰਿੜ੍ਹ੍ਹਾਯਾ ਤਿਸੁ ਪ੍ਰਸਾਦਿ ਵਸਿ ਪੰਚ ਕਰੇ ॥ ਕਵਿ ਕਲ੍ਯ੍ਯ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ ॥੩॥ {ਪੰਨਾ 1397}

ਪਦ ਅਰਥ: ਸਤਿਗੁਰਿ ਦਯਾਲਿ = ਦਇਆਲ ਗੁਰੂ (ਅਮਰਦਾਸ ਜੀ) ਨੇ। ਦ੍ਰਿੜਾਯਾ = (ਗੁਰੂ ਰਾਮਦਾਸ ਜੀ ਨੂੰ) ਦ੍ਰਿੜ੍ਹ ਕਰਾਇਆ ਹੈ। ਤਿਸੁ ਪ੍ਰਸਾਦਿ = ਉਸ (ਨਾਮ) ਦੀ ਕ੍ਰਿਪਾ ਨਾਲ। ਪੰਚ = ਕਾਮਾਦਿਕ ਪੰਜੇ (ਵਿਕਾਰ) । ਵਸਿ ਕਰੇ = (ਗੁਰੂ ਰਾਮਦਾਸ ਜੀ ਨੇ) ਕਾਬੂ ਕੀਤੇ ਹਨ।

ਅਰਥ: ਦਇਆਲ ਗੁਰੂ (ਅਮਰਦਾਸ ਜੀ) ਨੇ (ਗੁਰੂ ਰਾਮਦਾਸ ਜੀ ਨੂੰ) ਨਾਮ ਦ੍ਰਿੜ੍ਹ ਕਰਾਇਆ ਹੈ (ਭਾਵ, ਜਪਾਇਆ ਹੈ) ; ਉਸ ਨਾਮ ਦੀ ਬਰਕਤਿ ਨਾਲ (ਗੁਰੂ ਰਾਮਦਾਸ ਜੀ ਨੇ) ਕਾਮਾਦਿਕ ਪੰਜਾਂ ਨੂੰ ਆਪਣੇ ਕਾਬੂ ਕੀਤਾ ਹੋਇਆ ਹੈ। ਹੇ ਕਲ੍ਯ੍ਯਸਹਾਰ ਕਵੀ! ਠਾਕੁਰ ਹਰਦਾਸ ਜੀ ਦੇ ਸੁਪੁੱਤ੍ਰ, ਗੁਰੂ ਰਾਮਦਾਸ ਜੀ (ਹਿਰਦੇ-ਰੂਪ) ਖ਼ਾਲੀ ਸਰੋਵਰਾਂ ਨੂੰ (ਨਾਮ-ਅੰਮ੍ਰਿਤ ਨਾਲ) ਭਰਨ ਵਾਲੇ ਹਨ।3।

ਅਨਭਉ ਉਨਮਾਨਿ ਅਕਲ ਲਿਵ ਲਾਗੀ ਪਾਰਸੁ ਭੇਟਿਆ ਸਹਜ ਘਰੇ ॥ ਸਤਗੁਰ ਪਰਸਾਦਿ ਪਰਮ ਪਦੁ ਪਾਯਾ ਭਗਤਿ ਭਾਇ ਭੰਡਾਰ ਭਰੇ ॥ {ਪੰਨਾ 1397}

ਪਦ ਅਰਥ: ਅਨਭਉ = ਗਿਆਨ (अनुभव) । ਉਨਮਨਿ = ਉਨਮਾਨ ਦੁਆਰਾ, ਵਿਚਾਰ ਦੀ ਰਾਹੀਂ। ਅਕਲ = (ਅਕਲ = ਨਾਸਤੀ ਕਲਾ ਅਵਯਵੋ ਯਸਯ। Not in Parts, without Parts, epithet of the Superme Spirit) ਇੱਕ-ਰਸ ਵਿਆਪਕ ਹਰੀ। ਪਾਰਸੁ = (ਗੁਰੂ ਅਮਰ ਦਾਸ ਜੀ) । ਭੇਟਿਆ = ਮਿਲਿਆ। ਸਹਜ ਘਰੇ = ਸ਼ਾਂਤੀ ਦੇ ਘਰ ਵਿਚ। ਪਰਸਾਦਿ = ਕ੍ਰਿਪਾ ਨਾਲ। ਭਗਤਿ ਭਾਇ = ਭਗਤੀ ਦੇ ਪਿਆਰ ਨਾਲ। ਭੰਡਾਰ = ਖ਼ਜ਼ਾਨੇ।

ਅਰਥ: (ਗੁਰੂ ਰਾਮਦਾਸ ਜੀ ਨੂੰ) ਵਿਚਾਰ ਦੁਆਰਾ ਗਿਆਨ ਪ੍ਰਾਪਤ ਹੋਇਆ ਹੈ, (ਆਪ ਦੀ) ਬ੍ਰਿਤੀ ਇਕ-ਰਸ ਵਿਆਪਕ ਹਰੀ ਨਾਲ ਜੁੜੀ ਹੋਈ ਹੈ। (ਗੁਰੂ ਰਾਮਦਾਸ ਜੀ ਨੂੰ ਗੁਰੂ ਅਮਰਦਾਸ) ਪਾਰਸ ਮਿਲ ਗਿਆ ਹੈ (ਜਿਸ ਦੀ ਬਰਕਤਿ ਨਾਲ ਗੁਰੂ ਰਾਮਦਾਸ) ਸਹਜ ਅਵਸਥਾ ਵਿਚ ਅੱਪੜ ਗਿਆ ਹੈ। ਸਤਿਗੁਰੂ (ਅਮਰਦਾਸ ਜੀ) ਦੀ ਕ੍ਰਿਪਾ ਨਾਲ (ਗੁਰੂ ਰਾਮਦਾਸ ਨੇ) ਉੱਚੀ ਪਦਵੀ ਪਾਈ ਹੈ ਅਤੇ ਭਗਤੀ ਦੇ ਪਿਆਰ ਨਾਲ (ਆਪ ਦੇ) ਖ਼ਜ਼ਾਨੇ ਭਰੇ ਪਏ ਹਨ।

ਮੇਟਿਆ ਜਨਮਾਂਤੁ ਮਰਣ ਭਉ ਭਾਗਾ ਚਿਤੁ ਲਾਗਾ ਸੰਤੋਖ ਸਰੇ ॥ ਕਵਿ ਕਲ੍ਯ੍ਯ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ ॥੪॥ {ਪੰਨਾ 1397}

ਪਦ ਅਰਥ: ਜਨਮਾਂਤੁ = ਜਨਮ ਅਤੇ ਅੰਤ, ਜਨਮ ਅਤੇ ਮਰਨ। ਮਰਣ ਭਉ = ਮੌਤ ਦਾ ਡਰ। ਸੰਤੋਖ ਸਰੇ = ਸੰਤੋਖ ਦੇ ਸਰੋਵਰ ਵਿਚ, ਅਕਾਲ ਪੁਰਖ ਵਿਚ।

ਅਰਥ: ਗੁਰੂ ਰਾਮਦਾਸ ਜੀ ਨੇ (ਆਪਣਾ) ਜਨਮ ਮਰਨ ਮਿਟਾ ਲਿਆ ਹੋਇਆ ਹੈ, (ਗੁਰੂ ਰਾਮਦਾਸ ਜੀ ਦਾ) ਮੌਤ ਦਾ ਡਰ ਦੂਰ ਹੋ ਚੁਕਿਆ ਹੈ ਅਤੇ (ਉਹਨਾਂ ਦਾ) ਚਿੱਤ ਸੰਤੋਖ ਦੇ ਸਰੋਵਰ ਅਕਾਲ ਪੁਰਖ ਵਿਚ ਜੁੜਿਆ ਹੋਇਆ ਹੈ। ਹੇ ਕਲ੍ਯ੍ਯਸਹਾਰ ਕਵੀ! ਠਾਕੁਰ ਹਰਦਾਸ ਜੀ ਦੇ ਸੁਪੁੱਤ੍ਰ ਗੁਰੂ ਰਾਮਦਾਸ ਜੀ (ਹਿਰਦੇ-ਰੂਪ) ਖ਼ਾਲੀ ਸਰੋਵਰਾਂ ਨੂੰ (ਨਾਮ-ਅੰਮ੍ਰਿਤ ਨਾਲ) ਭਰਨ ਵਾਲੇ ਹਨ।4।

ਅਭਰ ਭਰੇ ਪਾਯਉ ਅਪਾਰੁ ਰਿਦ ਅੰਤਰਿ ਧਾਰਿਓ ॥ ਦੁਖ ਭੰਜਨੁ ਆਤਮ ਪ੍ਰਬੋਧੁ ਮਨਿ ਤਤੁ ਬੀਚਾਰਿਓ ॥ {ਪੰਨਾ 1397}

ਪਦ ਅਰਥ: ਅਭਰ ਭਰੇ = ਨਾਹ-ਭਰਿਆਂ ਦੇ ਭਰਨ ਵਾਲਾ, ਖ਼ਾਲੀ ਹਿਰਦਿਆਂ ਦੇ ਭਰਨ ਵਾਲਾ ਹਰੀ। ਪਾਯਉ = ਪ੍ਰਾਪਤ ਕੀਤਾ ਹੈ। ਅਪਾਰ = ਬੇਅੰਤ ਹਰੀ। ਰਿਦ ਅੰਤਿਰ = ਹਿਰਦੇ ਵਿਚ। ਧਾਰਿਓ = ਟਿਕਾਇਆ ਹੈ। ਤਤੁ = ਸਾਰੀ ਸ੍ਰਿਸ਼ਟੀ ਦਾ ਮੁੱਢ। ਆਤਮ ਪ੍ਰਬੋਧੁ = ਆਤਮਾ ਨੂੰ ਜਗਾਉਣ ਵਾਲਾ ਹਰੀ। ਬੀਚਾਰਿਓ = ਸਿਮਰਿਆ ਹੈ।

ਅਰਥ: (ਗੁਰੂ ਰਾਮਦਾਸ ਜੀ ਨੇ) ਖ਼ਾਲੀ ਹਿਰਦਿਆਂ ਦੇ ਭਰਨ ਵਾਲਾ ਬੇਅੰਤ ਹਰੀ ਲੱਭ ਲਿਆ ਹੈ, (ਆਪ ਨੇ ਬੇਅੰਤ ਹਰੀ ਨੂੰ ਆਪਣੇ) ਹਿਰਦੇ ਵਿਚ ਟਿਕਾਇਆ ਹੈ, (ਅਤੇ ਆਪਣੇ) ਮਨ ਵਿਚ (ਉਸ) ਅਕਾਲ ਪੁਰਖ ਨੂੰ ਸਿਮਰਿਆ ਹੈ (ਜੋ) ਦੁੱਖਾਂ ਦਾ ਨਾਸ ਕਰਨ ਵਾਲਾ ਹੈ ਅਤੇ ਆਤਮਾ ਦੇ ਜਗਾਉਣ ਵਾਲਾ ਹੈ।

ਸਦਾ ਚਾਇ ਹਰਿ ਭਾਇ ਪ੍ਰੇਮ ਰਸੁ ਆਪੇ ਜਾਣਇ ॥ ਸਤਗੁਰ ਕੈ ਪਰਸਾਦਿ ਸਹਜ ਸੇਤੀ ਰੰਗੁ ਮਾਣਇ ॥ {ਪੰਨਾ 1397}

ਪਦ ਅਰਥ: ਚਾਇ = ਚਾਉ ਵਿਚ, ਖ਼ੁਸ਼ੀ ਵਿਚ। ਹਰਿ ਭਾਇ = ਹਰੀ ਦੇ ਪਿਆਰ ਵਿਚ। ਜਾਣਇ = ਜਾਣੈ, ਜਾਣਦਾ ਹੈ। ਸਤਗੁਰ ਕੈ ਪਰਸਾਦਿ = ਗੁਰੂ (ਅਮਰਦਾਸ ਜੀ) ਦੀ ਕਿਰਪਾ ਨਾਲ। ਮਾਣਇ = ਮਾਣੈ, ਮਾਣਦਾ ਹੈ। ਸਹਜ ਸੇਤੀ = ਆਤਮਕ ਅਡੋਲਤਾ ਨਾਲ।

ਅਰਥ: (ਗੁਰੂ ਰਾਮਦਾਸ) ਨਿੱਤ ਖ਼ੁਸ਼ੀ ਵਿਚ (ਰਹਿੰਦਾ ਹੈ) , ਹਰੀ ਦੇ ਪਿਆਰ ਵਿਚ (ਮਸਤ ਹੈ ਅਤੇ ਹਰੀ ਦੇ) ਪਿਆਰ ਦੇ ਸੁਆਦ ਨੂੰ ਉਹ ਆਪ ਹੀ ਜਾਣਦਾ ਹੈ। (ਗੁਰੂ ਰਾਮਦਾਸ) ਸਤਿਗੁਰੂ (ਅਮਰਦਾਸ ਜੀ) ਦੀ ਕਿਰਪਾ ਦੁਆਰਾ ਆਤਮਕ ਅਡੋਲਤਾ ਨਾਲ ਆਨੰਦ ਮਾਣ ਰਿਹਾ ਹੈ।

ਨਾਨਕ ਪ੍ਰਸਾਦਿ ਅੰਗਦ ਸੁਮਤਿ ਗੁਰਿ ਅਮਰਿ ਅਮਰੁ ਵਰਤਾਇਓ ॥ ਗੁਰ ਰਾਮਦਾਸ ਕਲ੍ਯ੍ਯੁਚਰੈ ਤੈਂ ਅਟਲ ਅਮਰ ਪਦੁ ਪਾਇਓ ॥੫॥ {ਪੰਨਾ 1397}

ਪਦ ਅਰਥ: ਨਾਨਕ ਪ੍ਰਸਾਦਿ = (ਗੁਰੂ) ਨਾਨਕ ਦੀ ਕ੍ਰਿਪਾ ਨਾਲ। ਅੰਗਦ ਸੁਮਤਿ = (ਗੁਰੂ) ਅੰਗਦ (ਦੇਵ ਜੀ) ਦੀ ਦਿੱਤੀ ਸੁਮਤਿ ਨਾਲ। ਗੁਰਿ ਅਮਰਿ = ਗੁਰੂ ਅਮਰਦਾਸ ਨੇ। ਅਮਰੁ = (ਅਕਾਲ ਪੁਰਖ ਦਾ) ਹੁਕਮ। ਵਰਤਾਇਓ = ਕਮਾਇਆ ਹੈ, ਵਰਤੋਂ ਵਿਚ ਲਿਆਂਦਾ ਹੈ। ਗੁਰ ਰਾਮਦਾਸ = ਹੇ ਗੁਰੂ ਰਾਮਦਾਸ! ਕਲ੍ਯ੍ਯੁਚਰੈ = ਕਲ੍ਹ ਉਚਰੈ, ਕਲ੍ਯ੍ਯਸਹਾਰ ਆਖਦਾ ਹੈ।

ਅਰਥ: ਕਵੀ ਕਲ੍ਯ੍ਯਸਹਾਰ ਆਖਦਾ ਹੈ– (ਗੁਰੂ) ਨਾਨਕ ਜੀ ਦੀ ਕਿਰਪਾ ਨਾਲ (ਅਤੇ ਗੁਰੂ) ਅੰਗਦ ਜੀ ਦੀ ਬਖ਼ਸ਼ੀ ਸੁੰਦਰ ਬੁੱਧ ਨਾਲ, ਗੁਰੂ ਅਮਰਦਾਸ ਜੀ ਨੇ ਅਕਾਲ ਪੁਰਖ ਦਾ ਹੁਕਮ ਵਰਤੋਂ ਵਿਚ ਲਿਆਂਦਾ ਹੈ, (ਕਿ) ਹੇ ਗੁਰੂ ਰਾਮਦਾਸ ਜੀ! ਤੂੰ ਸਦਾ-ਥਿਰ ਰਹਿਣ ਵਾਲੇ ਅਬਿਨਾਸੀ ਹਰੀ ਦੀ ਪਦਵੀ ਪ੍ਰਾਪਤ ਕਰ ਲਈ ਹੈ।5।

ਸੰਤੋਖ ਸਰੋਵਰਿ ਬਸੈ ਅਮਿਅ ਰਸੁ ਰਸਨ ਪ੍ਰਕਾਸੈ ॥ ਮਿਲਤ ਸਾਂਤਿ ਉਪਜੈ ਦੁਰਤੁ ਦੂਰੰਤਰਿ ਨਾਸੈ ॥ {ਪੰਨਾ 1397}

ਪਦ ਅਰਥ: ਸਰੋਵਰਿ = ਸਰੋਵਰ ਵਿਚ। ਬਸੈ = (ਗੁਰੂ ਰਾਮਦਾਸ) ਵੱਸਦਾ ਹੈ। ਅਮਿਅ ਰਸੁ = ਨਾਮੁ-ਅੰਮ੍ਰਿਤ ਦਾ ਸੁਆਦ। ਰਸਨ = ਜੀਭ ਨਾਲ। ਪ੍ਰਕਾਸੈ = ਪਰਗਟ ਕਰਦਾ ਹੈ। ਮਿਲਤ = (ਗੁਰੂ ਅਮਰਦਾਸ ਜੀ ਨੂੰ) ਮਿਲਿਆਂ। ਸਾਂਤਿ = ਠੰਡ। ਦੁਰਤੁ = ਪਾਪ। ਦੂਰੰਤਰਿ = ਦੂਰੋਂ ਹੀ। ਨਾਸੈ = ਨਾਸ ਹੋ ਜਾਂਦਾ ਹੈ।

ਅਰਥ: (ਗੁਰੂ ਰਾਮਦਾਸ) ਸੰਤੋਖ ਦੇ ਸਰੋਵਰ ਵਿਚ ਵੱਸਦਾ ਹੈ, (ਅਤੇ ਆਪਣੀ) ਜੀਭ ਨਾਲ ਨਾਮ-ਅੰਮ੍ਰਿਤ ਦੇ ਸੁਆਦ ਨੂੰ ਪਰਗਟ ਕਰਦਾ ਹੈ। (ਗੁਰੂ ਰਾਮਦਾਸ ਜੀ ਦਾ) ਦਰਸ਼ਨ ਕੀਤਿਆਂ (ਹਿਰਦੇ ਵਿਚ) ਠੰਢ ਪੈਦਾ ਹੁੰਦੀ ਹੈ ਅਤੇ ਪਾਪ ਦੂਰੋਂ ਹੀ (ਵੇਖ ਕੇ) ਨਾਸ ਹੋ ਜਾਂਦਾ ਹੈ।

ਸੁਖ ਸਾਗਰੁ ਪਾਇਅਉ ਦਿੰਤੁ ਹਰਿ ਮਗਿ ਨ ਹੁਟੈ ॥ ਸੰਜਮੁ ਸਤੁ ਸੰਤੋਖੁ ਸੀਲ ਸੰਨਾਹੁ ਮਫੁਟੈ ॥ {ਪੰਨਾ 1397}

ਪਦ ਅਰਥ: ਸੁਖ ਸਾਗਰੁ = ਸੁਖਾਂ ਦਾ ਸਮੁੰਦਰ (ਪ੍ਰਭੂ-ਮਿਲਾਪ) । ਦਿੰਤੁ = ਦਿੱਤਾ ਹੋਇਆ, (ਗੁਰੂ ਰਾਮਦਾਸ ਜੀ ਦਾ) ਬਖ਼ਸ਼ਿਆ ਹੋਇਆ। ਹਰਿ ਮਗਿ = ਹਰੀ ਦੇ ਰਾਹ ਵਿਚ। ਨ ਹੁਟੈ = ਥੱਕਦਾ ਨਹੀਂ। ਮਫੁਟੈ = ਨਹੀਂ ਫੁੱਟਦਾ, ਨਹੀਂ ਟੁੱਟਦਾ। ਸੰਨਾਹੁ = ਸੰਜੋਅ। ਸੀਲ = ਮਿਠਾ ਸੁਭਾਉ।

ਅਰਥ: (ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦਾ) ਦਿੱਤਾ ਹੋਇਆ ਸੁਖਾਂ ਦਾ ਸਾਗਰ (ਪ੍ਰਭੂ-ਮਿਲਾਪ) ਪ੍ਰਾਪਤ ਕੀਤਾ ਹੈ, (ਤਾਹੀਏਂ ਗੁਰੂ ਰਾਮਦਾਸ) ਹਰੀ ਦੇ ਰਾਹ ਵਿਚ (ਤੁਰਦਾ ਹੋਇਆ) ਥੱਕਦਾ ਨਹੀਂ ਹੈ। (ਗੁਰੂ ਰਾਮਦਾਸ ਜੀ ਦਾ) ਸੰਜਮ ਸਤ ਸੰਤੋਖ ਤੇ ਮਿੱਠਾ ਸੁਭਾਉ-ਰੂਪ ਸੰਜੋਅ (ਅਜਿਹਾ ਹੈ ਕਿ ਉਹ) ਟੁੱਟਦਾ ਨਹੀਂ ਹੈ; (ਭਾਵ, ਆਪ ਸਦਾ ਇਹਨਾਂ ਗੁਣਾਂ-ਸੰਜੁਕਤ ਹਨ) ।

ਸਤਿਗੁਰੁ ਪ੍ਰਮਾਣੁ ਬਿਧ ਨੈ ਸਿਰਿਉ ਜਗਿ ਜਸ ਤੂਰੁ ਬਜਾਇਅਉ ॥ ਗੁਰ ਰਾਮਦਾਸ ਕਲ੍ਯ੍ਯੁਚਰੈ ਤੈ ਅਭੈ ਅਮਰ ਪਦੁ ਪਾਇਅਉ ॥੬॥ {ਪੰਨਾ 1397}

ਪਦ ਅਰਥ: ਸਤਿਗੁਰੁ ਪ੍ਰਮਾਣੁ = ਗੁਰੂ ਅਮਰਦਾਸ ਜੀ ਦੇ ਤੁੱਲ। ਬਿਧਨੈ = ਬਿਧਨਾ ਨੇ, ਕਰਤਾਰ ਨੇ। ਸਿਰਿਉ = (ਗੁਰੂ ਰਾਮਦਾਸ ਜੀ ਨੂੰ) ਬਣਾਇਆ ਹੈ। ਜਗਿ = ਜਗਤ ਨੇ। ਜਸ ਤੂਰੁ = ਸੋਭਾ ਦਾ ਵਾਜਾ।

ਅਰਥ: (ਗੁਰੂ ਰਾਮਦਾਸ ਜੀ ਨੂੰ) ਕਰਤਾਰ ਨੇ ਗੁਰੂ (ਅਮਰਦਾਸ ਜੀ) ਦੇ ਤੁੱਲ ਬਣਾਇਆ ਹੈ, ਜਗਤ ਨੇ (ਆਪ ਦੀ) ਸੋਭਾ ਦਾ ਵਾਜਾ ਵਜਾਇਆ ਹੈ। ਕਵੀ ਕਲ੍ਯ੍ਯਸਹਾਰ ਆਖਦਾ ਹੈ– "ਹੇ ਗੁਰੂ ਰਾਮਦਾਸ! ਤੂੰ ਨਿਰਭਉ ਅਤੇ ਅਬਿਨਾਸੀ ਹਰੀ ਦੀ ਪਦਵੀ ਪਾ ਲਈ ਹੈ''।6।

ਜਗੁ ਜਿਤਉ ਸਤਿਗੁਰ ਪ੍ਰਮਾਣਿ ਮਨਿ ਏਕੁ ਧਿਆਯਉ ॥ ਧਨਿ ਧਨਿ ਸਤਿਗੁਰ ਅਮਰਦਾਸੁ ਜਿਨਿ ਨਾਮੁ ਦ੍ਰਿੜਾਯਉ ॥ {ਪੰਨਾ 1397}

ਪਦ ਅਰਥ: ਜਿਤਉ = ਜਿੱਤਿਆ ਹੈ। ਸਤਿਗੁਰ ਪ੍ਰਮਾਣਿ = ਗੁਰੂ (ਅਮਰਦਾਸ ਜੀ) ਵਾਂਗ। ਜਿਨਿ = ਜਿਸ ਨੇ।

ਅਰਥ: (ਗੁਰੂ ਰਾਮਦਾਸ ਜੀ ਨੇ) ਗੁਰੂ (ਅਮਰਦਾਸ ਜੀ) ਵਾਂਗ ਜਗਤ ਨੂੰ ਜਿੱਤਿਆ ਹੈ ਅਤੇ (ਆਪਣੇ) ਮਨ ਵਿਚ ਇੱਕ (ਅਕਾਲ ਪੁਰਖ) ਨੂੰ ਸਿਮਰਿਆ ਹੈ। ਸਤਿਗੁਰੂ ਅਮਰਦਾਸ ਧੰਨ ਹੈ, ਜਿਸ ਨੇ (ਗੁਰੂ ਰਾਮਦਾਸ ਜੀ ਨੂੰ) ਨਾਮ ਦ੍ਰਿੜ੍ਹ ਕਰਾਇਆ ਹੈ।

ਨਵ ਨਿਧਿ ਨਾਮੁ ਨਿਧਾਨੁ ਰਿਧਿ ਸਿਧਿ ਤਾ ਕੀ ਦਾਸੀ ॥ ਸਹਜ ਸਰੋਵਰੁ ਮਿਲਿਓ ਪੁਰਖੁ ਭੇਟਿਓ ਅਬਿਨਾਸੀ ॥ {ਪੰਨਾ 1397}

ਪਦ ਅਰਥ: ਨਵਨਿਧਿ = ਨੌ ਨਿਧੀਆਂ। ਨਿਧਾਨੁ = ਖ਼ਜ਼ਾਨਾ। ਤਾ ਕੀ = ਗੁਰੂ (ਰਾਮਦਾਸ ਜੀ) ਦੀਆਂ। ਸਹਜ ਸਰੋਵਰੁ = ਸਹਜ ਅਵਸਥਾ ਦਾ ਸਮੁੰਦਰ, ਸ਼ਾਂਤੀ ਦਾ ਸਮੁੰਦਰ ਅਕਾਲ ਪੁਰਖ। ਪੁਰਖੁ = ਸਰਬ ਵਿਆਪਕ ਪ੍ਰਭੂ।

ਅਰਥ: (ਗੁਰੂ ਰਾਮਦਾਸ ਜੀ ਨੂੰ) ਨਾਮ-ਖ਼ਜ਼ਾਨਾ ਮਿਲ ਗਿਆ ਹੈ, (ਮਾਨੋ) ਨੌ ਨਿਧੀਆਂ ਪ੍ਰਾਪਤ ਹੋ ਗਈਆਂ ਹਨ। ਸਭ ਰਿੱਧੀਆਂ ਤੇ ਸਿੱਧੀਆਂ ਉਸ ਦੀਆਂ ਦਾਸੀਆਂ ਹਨ। (ਗੁਰੂ ਰਾਮਦਾਸ ਜੀ ਨੂੰ) ਸ਼ਾਂਤੀ ਦਾ ਸਰੋਵਰ ਹਰੀ ਮਿਲ ਪਿਆ ਹੈ, ਅਬਿਨਾਸ਼ੀ ਸਰਬ-ਵਿਆਪਕ ਪ੍ਰਭੂ ਮਿਲ ਪਿਆ ਹੈ।

ਆਦਿ ਲੇ ਭਗਤ ਜਿਤੁ ਲਗਿ ਤਰੇ ਸੋ ਗੁਰਿ ਨਾਮੁ ਦ੍ਰਿੜਾਇਅਉ ॥ ਗੁਰ ਰਾਮਦਾਸ ਕਲ੍ਯ੍ਯੁਚਰੈ ਤੈ ਹਰਿ ਪ੍ਰੇਮ ਪਦਾਰਥੁ ਪਾਇਅਉ ॥੭॥ {ਪੰਨਾ 1397}

ਪਦ ਅਰਥ: ਆਦਿ ਲੇ = ਮੁੱਢ ਤੋਂ ਲੈ ਕੇ। ਜਿਤੁ ਲਗਿ = ਜਿਸ (ਨਾਮ) ਵਿਚ ਲੱਗ ਕੇ। ਸੋ = ਉਹ (ਨਾਮ) । ਗੁਰਿ = ਗੁਰੂ (ਅਮਰਦਾਸ ਜੀ) ਨੇ।

ਅਰਥ: ਜਿਸ (ਨਾਮ) ਵਿਚ ਲੱਗ ਕੇ ਮੁੱਢ ਤੋਂ ਹੀ ਭਗਤ ਤਰਦੇ ਆਏ ਹਨ, ਉਹ ਨਾਮ ਗੁਰੂ (ਅਮਰਦਾਸ ਜੀ) ਨੇ (ਗੁਰੂ ਰਾਮਦਾਸ ਜੀ) ਨੂੰ ਦ੍ਰਿੜ੍ਹ ਕਰਾਇਆ ਹੈ। ਕਵੀ ਕਲ੍ਯ੍ਯਸਹਾਰ ਆਖਦਾ ਹੈ– 'ਹੇ ਗੁਰੂ ਰਾਮਦਾਸ ਜੀ! ਤੂੰ ਅਕਾਲ ਪੁਰਖ ਦੇ ਪਿਆਰ ਦਾ (ਉੱਤਮ) ਪਦਾਰਥ ਪਾ ਲਿਆ ਹੈ'।7।

ਪ੍ਰੇਮ ਭਗਤਿ ਪਰਵਾਹ ਪ੍ਰੀਤਿ ਪੁਬਲੀ ਨ ਹੁਟਇ ॥ ਸਤਿਗੁਰ ਸਬਦੁ ਅਥਾਹੁ ਅਮਿਅ ਧਾਰਾ ਰਸੁ ਗੁਟਇ ॥ {ਪੰਨਾ 1397}

ਪਦ ਅਰਥ: ਪ੍ਰੇਮ ਭਗਤਿ = ਪਿਆਰ-ਭਰੀ ਭਗਤੀ। ਪਰਵਾਹ = ਵਹਣ, ਚਸ਼ਮੇ। ਪੁਬਲੀ = ਪੂਰਬਲੀ। ਹੁਟਇ = ਹੁੱਟਦੀ, ਮੁੱਕਦੀ। ਅਥਾਹੁ = ਡੂੰਘਾ। ਅਮਿਅ ਧਾਰਾ ਰਸੁ = ਨਾਮ ਅੰਮ੍ਰਿਤ ਦੀਆਂ ਧਾਰਾਂ ਦਾ ਸੁਆਦ। ਗੁਟਇ = ਗਟ ਗਟ ਕਰ ਕੇ ਪੀਂਦਾ ਹੈ।

ਅਰਥ: (ਗੁਰੂ ਰਾਮਦਾਸ ਜੀ ਦੇ ਹਿਰਦੇ ਵਿਚ) ਅਕਾਲ ਪੁਰਖ ਦੀ ਪਿਆਰ-ਭਰੀ ਭਗਤੀ ਦੇ ਚਸ਼ਮੇ ਚੱਲ ਰਹੇ ਹਨ। (ਗੁਰੂ ਰਾਮਦਾਸ ਜੀ ਦੀ ਅਕਾਲ ਪੁਰਖ ਨਾਲ ਜੋ) ਪੂਰਬਲੀ ਪ੍ਰੀਤ (ਹੈ ਉਹ) ਮੁੱਕਦੀ ਨਹੀਂ ਹੈ; ਗੁਰੂ (ਅਮਰਦਾਸ ਜੀ) ਦਾ (ਜੋ) ਅਥਾਹ ਸ਼ਬਦ (ਹੈ, ਉਸ ਦੁਆਰਾ ਗੁਰੂ ਰਾਮਦਾਸ) ਨਾਮ-ਅੰਮ੍ਰਿਤ ਦੀਆਂ ਧਾਰਾਂ ਦਾ ਸੁਆਦ ਗਟ ਗਟ ਕਰ ਕੇ ਲੈ ਰਿਹਾ ਹੈ।

ਮਤਿ ਮਾਤਾ ਸੰਤੋਖੁ ਪਿਤਾ ਸਰਿ ਸਹਜ ਸਮਾਯਉ ॥ ਆਜੋਨੀ ਸੰਭਵਿਅਉ ਜਗਤੁ ਗੁਰ ਬਚਨਿ ਤਰਾਯਉ ॥ {ਪੰਨਾ 1397}

ਪਦ ਅਰਥ: ਸਰਿ ਸਹਜ = ਸਹਜ ਦੇ ਸਰੋਵਰ ਵਿਚ, ਆਤਮਕ ਅਡੋਲਤਾ ਦੇ ਸਰੋਵਰ ਵਿਚ। ਸਮਾਯਉ = ਲੀਨ ਹੋਇਆ ਹੈ। ਆਜੋਨੀ = ਜੂਨਾਂ ਤੋਂ ਰਹਤ। ਸੰਭਵਿਅਉ = ਆਪਣੇ ਆਪ ਤੋਂ ਪ੍ਰਕਾਸ਼ ਕਰਨ ਵਾਲਾ। ਗੁਰ ਬਚਨਿ = ਸਤਿਗੁਰੂ ਦੇ ਬਚਨ ਦੀ ਰਾਹੀਂ।

ਅਰਥ: (ਉੱਚੀ) ਮਤਿ (ਗੁਰੂ ਰਾਮਦਾਸ ਜੀ ਦੀ) ਮਾਤਾ ਹੈ ਤੇ ਸੰਤੋਖ (ਆਪ ਦਾ) ਪਿਤਾ ਹੈ (ਭਾਵ, ਆਪ ਇਹਨਾਂ ਗੁਣਾਂ ਵਿਚ ਜੰਮੇ-ਪਲੇ ਹਨ, ਆਪ ਉੱਚੀ ਬੁੱਧ ਵਾਲੇ ਤੇ ਪੂਰਨ ਸੰਤੋਖੀ ਹਨ) । (ਗੁਰੂ ਰਾਮਦਾਸ) ਸਦਾ ਸ਼ਾਂਤੀ ਦੇ ਸਰੋਵਰ ਵਿਚ ਚੁੱਭੀ ਲਾਈ ਰੱਖਦਾ ਹੈ। (ਗੁਰੂ ਰਾਮਦਾਸ) ਜੂਨਾਂ ਤੋਂ ਰਹਿਤ ਤੇ ਸੁਤੇ-ਪ੍ਰਕਾਸ਼ ਹਰੀ ਦਾ ਰੂਪ ਹੈ। ਸੰਸਾਰ ਨੂੰ (ਆਪ ਨੇ) ਸਤਿਗੁਰੂ ਦੇ ਬਚਨ ਨਾਲ ਤਾਰ ਦਿੱਤਾ ਹੈ।

ਅਬਿਗਤ ਅਗੋਚਰੁ ਅਪਰਪਰੁ ਮਨਿ ਗੁਰ ਸਬਦੁ ਵਸਾਇਅਉ ॥ ਗੁਰ ਰਾਮਦਾਸ ਕਲ੍ਯ੍ਯੁਚਰੈ ਤੈ ਜਗਤ ਉਧਾਰਣੁ ਪਾਇਅਉ ॥੮॥ {ਪੰਨਾ 1397}

ਪਦ ਅਰਥ: ਅਬਿਗਤ = ਅੱਵਿਅਕਤ, ਅਦ੍ਰਿਸ਼ਟ। ਅਗੋਚਰੁ = ਜੋ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ। ਅਪਰ = ਪਰੇ ਤੋਂ ਪਰੇ, ਬੇਅੰਤ। ਜਗਤ ਉਧਾਰਣੁ = ਸੰਸਾਰ ਨੂੰ ਤਾਰਨ ਵਾਲਾ ਅਕਾਲ ਪੁਰਖ।

ਅਰਥ: (ਗੁਰੂ ਰਾਮਦਾਸ) ਅਦ੍ਰਿਸ਼ਟ ਅਗੋਚਰ ਤੇ ਬੇਅੰਤ ਹਰੀ ਦਾ ਰੂਪ ਹੈ। (ਆਪ ਨੇ ਆਪਣੇ) ਮਨ ਵਿਚ ਸਤਿਗੁਰੂ ਦਾ ਸ਼ਬਦ ਵਸਾਇਆ ਹੈ। ਕਵੀ ਕਲ੍ਯ੍ਯਸਹਾਰ ਆਖਦਾ ਹੈ– 'ਹੇ ਗੁਰੂ ਰਾਮਦਾਸ! ਤੂੰ ਜਗਤ ਨੂੰ ਤਾਰਨ ਵਾਲਾ ਅਕਾਲ ਪੁਰਖ ਲੱਭ ਲਿਆ ਹੈ'।8।

ਜਗਤ ਉਧਾਰਣੁ ਨਵ ਨਿਧਾਨੁ ਭਗਤਹ ਭਵ ਤਾਰਣੁ ॥ ਅੰਮ੍ਰਿਤ ਬੂੰਦ ਹਰਿ ਨਾਮੁ ਬਿਸੁ ਕੀ ਬਿਖੈ ਨਿਵਾਰਣੁ ॥ {ਪੰਨਾ 1397}

ਪਦ ਅਰਥ: ਨਵ ਨਿਧਾਨੁ = ਨੌ (ਨਿਧੀਆਂ) ਦਾ ਖ਼ਜ਼ਾਨਾ। ਭਗਤਹ = ਭਗਤਾਂ ਨੂੰ। ਭਵ = ਸੰਸਾਰ-ਸਾਗਰ। ਤਾਰਣੁ = ਤਾਰਨ-ਜੋਗ। ਹਰਿ ਨਾਮੁ = ਹਰੀ ਦਾ ਨਾਮ। ਬਿਸੁ = ਸਾਰਾ ਸੰਸਾਰ (विश्व) । ਬਿਖੈ = ਵਿਹੁ, ਜ਼ਹਿਰ। ਨਿਵਾਰਣੁ = ਦੂਰ ਕਰਨ ਦੇ ਸਮਰੱਥ।

ਅਰਥ: (ਸਤਿਗੁਰੂ ਰਾਮਦਾਸ ਜੀ ਦੇ ਪਾਸ) ਹਰੀ ਦਾ ਨਾਮ, (ਮਾਨੋ) , ਅੰਮ੍ਰਿਤ ਦੀ ਬੂੰਦ ਹੈ, ਜੋ ਸੰਸਾਰ ਨੂੰ ਤਾਰਨ-ਜੋਗ ਹੈ, ਜੋ ਨੌ ਨਿਧਿਆਂ ਦਾ ਭੰਡਾਰ ਹੈ, ਜੋ ਭਗਤ ਜਨਾਂ ਨੂੰ ਸੰਸਾਰ-ਸਾਗਰ ਤੋਂ ਪਾਰ ਕਰਨ ਦੇ ਸਮਰੱਥ ਹੈ ਅਤੇ ਜੋ ਸਾਰੇ ਸੰਸਾਰ ਦੀ ਵਿਹੁ ਦੂਰ ਕਰਨ-ਜੋਗ ਹੈ।

ਸਹਜ ਤਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ ॥ ਗੁਰ ਪ੍ਰਸਾਦਿ ਪਾਈਅਹਿ ਧੰਨਿ ਤੇ ਜਨ ਬਡਭਾਗੇ ॥ {ਪੰਨਾ 1397}

ਪਦ ਅਰਥ: ਤਰੋਵਰ = ਸ੍ਰੇਸ਼ਟ ਰੁੱਖ। ਪਾਈਅਹਿ = ਮਿਲਦੇ ਹਨ। ਧੰਨਿ = ਭਾਗਾਂ ਵਾਲੇ। ਤੇ ਜਨ = ਉਹ ਬੰਦੇ।

ਅਰਥ: ਗੁਰੂ ਰਾਮਦਾਸ ਆਤਮਕ ਅਡੋਲਤਾ ਦਾ ਸ੍ਰੇਸ਼ਟ ਰੁੱਖ ਹੈ ਜੋ ਫਲਿਆ ਹੋਇਆ ਹੈ, (ਇਸ ਰੁੱਖ ਨੂੰ) ਗਿਆਨ ਦੇ ਦੇਣ ਵਾਲੇ ਅੰਮ੍ਰਿਤ ਫਲ ਲੱਗੇ ਹੋਏ ਹਨ। (ਇਹ ਫਲ) ਗੁਰੂ ਦੀ ਕਿਰਪਾ ਨਾਲ ਮਿਲਦੇ ਹਨ, ਤੇ ਉਹ ਮਨੁੱਖ ਧੰਨ ਅਤੇ ਵੱਡੇ ਭਾਗਾਂ ਵਾਲੇ ਹਨ, (ਜਿਨ੍ਹਾਂ ਨੂੰ ਇਹ ਫਲ ਪ੍ਰਾਪਤ ਹੋਏ ਹਨ) ।

ਤੇ ਮੁਕਤੇ ਭਏ ਸਤਿਗੁਰ ਸਬਦਿ ਮਨਿ ਗੁਰ ਪਰਚਾ ਪਾਇਅਉ ॥ ਗੁਰ ਰਾਮਦਾਸ ਕਲ੍ਯ੍ਯੁਚਰੈ ਤੈ ਸਬਦ ਨੀਸਾਨੁ ਬਜਾਇਅਉ ॥੯॥ {ਪੰਨਾ 1397}

ਪਦ ਅਰਥ: ਤੇ ਮੁਕਤੇ = ਉਹ ਮਨੁੱਖ ਤਰ ਗਏ ਹਨ। ਸਬਦਿ = ਸ਼ਬਦ ਦੀ ਬਰਕਤਿ ਨਾਲ। ਮਨਿ = ਮਨ ਵਿਚ। ਗੁਰ ਪਰਚਾ = ਗੁਰੂ ਨਾਲ ਪਿਆਰ। ਸਬਦ ਨੀਸਾਨੁ = ਸ਼ਬਦ ਦਾ ਨਗਾਰਾ।

ਅਰਥ: ਉਹ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੁਕਤ ਹੋ ਗਏ ਹਨ, ਜਿਨ੍ਹਾਂ ਨੇ ਆਪਣੇ ਮਨ ਵਿਚ ਗੁਰੂ (ਰਾਮਦਾਸ ਜੀ) ਨਾਲ ਪਿਆਰ ਪਾਇਆ ਹੈ। ਕਵੀ ਕਲ੍ਯ੍ਯਸਹਾਰ ਆਖਦਾ ਹੈ– 'ਹੇ ਗੁਰੂ ਰਾਮਦਾਸ! ਤੂੰ ਸ਼ਬਦ ਦਾ ਨਗਾਰਾ ਵਜਾਇਆ ਹੈ'।9।

TOP OF PAGE

Sri Guru Granth Darpan, by Professor Sahib Singh