ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1399 ਫੁਨਿ ਮਨ ਬਚ ਕ੍ਰਮ ਜਾਨੁ ਅਨਤ ਦੂਜਾ ਨ ਮਾਨੁ ਨਾਮੁ ਸੋ ਅਪਾਰੁ ਸਾਰੁ ਦੀਨੋ ਗੁਰਿ ਰਿਦ ਧਰ ॥ ਨਲ੍ਯ੍ਯ ਕਵਿ ਪਾਰਸ ਪਰਸ ਕਚ ਕੰਚਨਾ ਹੁਇ ਚੰਦਨਾ ਸੁਬਾਸੁ ਜਾਸੁ ਸਿਮਰਤ ਅਨ ਤਰ ॥ {ਪੰਨਾ 1399} ਪਦ ਅਰਥ: ਫੁਨਿ = ਅਤੇ ਹੋਰ। ਜਾਨੁ = ਪਛਾਣ। ਅਨਤ = ਕੋਈ ਦੂਜਾ। ਮਾਨੁ = ਮੰਨ, ਪੂਜ, ਜਪ। ਸਾਰੁ = ਸ੍ਰੇਸ਼ਟ। ਗੁਰਿ = ਗੁਰੂ (ਰਾਮਦਾਸ ਜੀ) ਨੇ। ਰਿਦ = ਹਿਰਦੇ ਦਾ। ਧਰ = ਆਸਰਾ। ਪਰਸ = ਛੁਹ। ਕੰਚਨਾ = ਸੋਨਾ। ਹੁਇ = ਹੋ ਜਾਂਦਾ ਹੈ। ਚੰਦਨਾ ਸੁਬਾਸੁ = ਚੰਦਨ ਦੀ ਸੁਗੰਧੀ। ਅਨ ਤਰ = ਹੋਰ ਰੁਖਾਂ ਵਿਚ। ਜਾਸੁ = ਜਿਸ ਦਾ (ਨਾਮ) । ਅਰਥ: ਹੇ ਨਲ੍ਯ੍ਯ ਕਵੀ! ਅਤੇ ਹੋਰ (ਇਹ ਕੰਮ ਕਰ, ਕਿ) ਆਪਣੇ ਮਨ ਬਚਨਾਂ ਅਤੇ ਕਰਮਾਂ ਦੀ ਰਾਹੀਂ (ਉਸੇ ਨਾਮ ਨੂੰ) ਦ੍ਰਿੜ ਕਰ, ਕਿਸੇ ਹੋਰ ਨੂੰ ਨਾਹ ਜਪ, ਉਹ ਬੇਅੰਤ ਤੇ ਸ੍ਰੇਸ਼ਟ ਨਾਮ ਉਸ ਗੁਰੂ (ਰਾਮਦਾਸ ਜੀ) ਨੇ ਤੇਰੇ ਹਿਰਦੇ ਦਾ ਆਸਰਾ ਬਣਾ ਦਿੱਤਾ ਹੈ, ਜਿਸ ਨੂੰ ਸਿਮਰਿਆਂ (ਇਉਂ ਹੋ ਜਾਈਦਾ ਹੈ ਜਿਵੇਂ) ਪਾਰਸ ਦੀ ਛੁਹ ਨਾਲ ਕੱਚ ਸੋਨਾ ਹੋ ਜਾਂਦਾ ਹੈ ਅਤੇ (ਚੰਦਨ ਦੀ ਛੁਹ ਨਾਲ) ਹੋਰ ਰੁੱਖਾਂ ਵਿਚ ਚੰਦਨ ਦੀ ਸੁਗੰਧੀ ਆ ਜਾਂਦੀ ਹੈ। ਜਾ ਕੇ ਦੇਖਤ ਦੁਆਰੇ ਕਾਮ ਕ੍ਰੋਧ ਹੀ ਨਿਵਾਰੇ ਜੀ ਹਉ ਬਲਿ ਬਲਿ ਜਾਉ ਸਤਿਗੁਰ ਸਾਚੇ ਨਾਮ ਪਰ ॥੩॥ {ਪੰਨਾ 1399} ਪਦ ਅਰਥ: ਦੁਆਰੇ = ਦਰ, ਦਰਵਾਜ਼ਾ। ਨਿਵਾਰੇ = ਦੂਰ ਹੋ ਜਾਂਦੇ ਹਨ। ਅਰਥ: ਜਿਸ ਗੁਰੂ (ਰਾਮਦਾਸ ਜੀ) ਦੇ ਦਰ ਦਾ ਦਰਸ਼ਨ ਕੀਤਿਆਂ ਕਾਮ ਕ੍ਰੋਧ (ਆਦਿਕ ਇਹ ਸਾਰੇ) ਦੂਰ ਹੋ ਜਾਂਦੇ ਹਨ, ਮੈਂ ਸਦਕੇ ਹਾਂ, ਉਸ ਸੱਚੇ ਗੁਰੂ ਦੇ ਨਾਮ ਤੋਂ।3। ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ॥ {ਪੰਨਾ 1399} ਪਦ ਅਰਥ: ਦੀਅਨੁ = ਦੀਆ ਉਨਿ, ਉਸ (ਹਰੀ) ਨੇ ਦਿੱਤਾ। ਗੁਰ ਰਾਮਦਾਸ = ਗੁਰੂ ਰਾਮਦਾਸ ਜੀ ਨੂੰ। ਅਰਥ: ਉਸ (ਅਕਾਲ ਪੁਰਖ) ਨੇ ਗੁਰੂ ਰਾਮਦਾਸ (ਜੀ) ਨੂੰ ਰਾਜ ਤੇ ਜੋਗ (ਵਾਲਾ) ਤਖ਼ਤ ਦਿੱਤਾ ਹੈ। ਪ੍ਰਥਮੇ ਨਾਨਕ ਚੰਦੁ ਜਗਤ ਭਯੋ ਆਨੰਦੁ ਤਾਰਨਿ ਮਨੁਖ੍ਯ੍ਯ ਜਨ ਕੀਅਉ ਪ੍ਰਗਾਸ ॥ ਗੁਰ ਅੰਗਦ ਦੀਅਉ ਨਿਧਾਨੁ ਅਕਥ ਕਥਾ ਗਿਆਨੁ ਪੰਚ ਭੂਤ ਬਸਿ ਕੀਨੇ ਜਮਤ ਨ ਤ੍ਰਾਸ ॥ {ਪੰਨਾ 1399} ਪਦ ਅਰਥ: ਪ੍ਰਥਮੇ = ਪਹਿਲਾਂ। ਚੰਦੁ = ਚੰਦ੍ਰਮਾ। ਆਨੰਦੁ = ਖ਼ੁਸ਼ੀ। ਤਾਰਨਿ = ਤਾਰਨ ਲਈ। ਪ੍ਰਗਾਸ = ਚਾਨਣਾ। ਦੀਅਉ = ਦਿੱਤਾ। ਨਿਧਾਨੁ = ਖ਼ਜ਼ਾਨਾ। ਅਕਥ = ਅਕਹ। ਪੰਚ ਭੂਤ = (ਕਾਮਾਦਿਕ) ਪੰਜੇ ਵੈਰੀ। ਜਮਤ ਨ = ਪੈਦਾ ਨਹੀਂ ਹੁੰਦਾ। ਤ੍ਰਾਸ = ਡਰ। ਕੀਨੇ = ਕਰ ਲਏ। ਅਰਥ: ਪਹਿਲਾਂ ਗੁਰੂ ਨਾਨਕ ਦੇਵ ਜੀ ਚੰਦ੍ਰਮਾ (-ਰੂਪ ਪ੍ਰਗਟ ਹੋਏ) , ਮਨੁੱਖਾਂ ਨੂੰ ਤਾਰਨ ਲਈ (ਆਪ ਨੇ) ਚਾਨਣਾ ਕੀਤਾ ਤੇ (ਸਾਰੇ) ਸੰਸਾਰ ਨੂੰ ਖ਼ੁਸ਼ੀ ਹੋਈ। (ਫਿਰ ਗੁਰੂ ਨਾਨਕ ਦੇਵ ਨੇ) ਗੁਰੂ ਅੰਗਦ ਦੇਵ ਜੀ ਨੂੰ ਹਰੀ ਦੀ ਅਕੱਥ ਕਥਾ ਦਾ ਗਿਆਨ-ਰੂਪ ਖ਼ਜ਼ਾਨਾ ਬਖ਼ਸ਼ਿਆ, (ਜਿਸ ਕਰਕੇ ਗੁਰੂ ਅੰਗਦ ਦੇਵ ਨੇ) ਕਾਮਾਦਿਕ ਪੰਜੇ ਵੈਰੀ ਵੱਸ ਵਿਚ ਕਰ ਲਏ, ਤੇ (ਉਸ ਨੂੰ ਉਹਨਾਂ ਦਾ) ਡਰ ਨਾਹ ਰਿਹਾ। ਗੁਰ ਅਮਰੁ ਗੁਰੂ ਸ੍ਰੀ ਸਤਿ ਕਲਿਜੁਗਿ ਰਾਖੀ ਪਤਿ ਅਘਨ ਦੇਖਤ ਗਤੁ ਚਰਨ ਕਵਲ ਜਾਸ ॥ ਸਭ ਬਿਧਿ ਮਾਨ੍ਯ੍ਯਿਉ ਮਨੁ ਤਬ ਹੀ ਭਯਉ ਪ੍ਰਸੰਨੁ ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ॥੪॥ {ਪੰਨਾ 1399} ਪਦ ਅਰਥ: ਪਤਿ = ਇੱਜ਼ਤ। ਅਘਨ = ਪਾਪ। ਗਤੁ = ਦੂਰ ਹੋ ਗਏ। ਜਾਸ = ਜਿਸ (ਗੁਰੂ ਅਮਰਦਾਸ ਜੀ) ਦੇ। ਸਭ ਬਿਧਿ = ਸਭ ਤਰ੍ਹਾਂ, ਪੂਰਨ ਤੌਰ ਤੇ। ਮਾਨ੍ਯ੍ਯਿਉ = ਪਤੀਜ ਗਿਆ। ਅਰਥ: (ਫਿਰ ਗੁਰੂ ਅੰਗਦ ਦੇਵ ਦੀ ਛੁਹ ਨਾਲ) ਸ੍ਰੀ ਸਤਿਗੁਰੂ ਗੁਰੂ ਅਮਰਦਾਸ (ਪ੍ਰਗਟ ਹੋਇਆ) , (ਉਸ ਨੇ) ਕਲਿਜੁਗ ਦੀ ਪਤਿ ਰੱਖੀ, ਆਪ ਦੇ ਚਰਨ ਕਮਲਾਂ ਦਾ ਦਰਸ਼ਨ ਕਰ ਕੇ (ਕਲਿਜੁਗ ਦੇ) ਪਾਪ ਭੱਜ ਗਏ। (ਜਦੋਂ ਗੁਰੂ ਅਮਰਦਾਸ ਜੀ ਦਾ) ਮਨ ਪੂਰਨ ਤੌਰ ਤੇ ਪਤੀਜ ਗਿਆ, ਤਦੋਂ (ਉਹ ਗੁਰੂ ਰਾਮਦਾਸ ਜੀ ਉਤੇ) ਤ੍ਰੁੱਠੇ ਤੇ (ਉਹਨਾਂ) ਗੁਰੂ ਰਾਮਦਾਸ ਨੂੰ ਰਾਜ ਜੋਗ ਵਾਲਾ ਤਖ਼ਤ ਬਖ਼ਸ਼ਿਆ।4। ਰਡ ॥ ਜਿਸਹਿ ਧਾਰਿ੍ਯ੍ਯਉ ਧਰਤਿ ਅਰੁ ਵਿਉਮੁ ਅਰੁ ਪਵਣੁ ਤੇ ਨੀਰ ਸਰ ਅਵਰ ਅਨਲ ਅਨਾਦਿ ਕੀਅਉ ॥ ਸਸਿ ਰਿਖਿ ਨਿਸਿ ਸੂਰ ਦਿਨਿ ਸੈਲ ਤਰੂਅ ਫਲ ਫੁਲ ਦੀਅਉ ॥ {ਪੰਨਾ 1399} ਪਦ ਅਰਥ: ਰਡ = ਛੰਦ। ਜਿਸਹਿ = ਜਿਸ ਹਰੀ-ਨਾਮ ਨੇ। ਧਾਰ੍ਯ੍ਯਉ = ਟਿਕਾ ਕੇ ਰੱਖਿਆ ਹੈ। ਵਿਉਮੁ = ਅਕਾਸ਼। ਤੇ = ਉਹ (ਬਹੁ-ਵਚਨ) । ਨੀਰ ਸਰ = ਸਰੋਵਰ ਦਾ ਪਾਣੀ। ਅਵਰ = ਅਰੁ, ਅਤੇ। ਅਨਲ = ਅੱਗ। ਅਨਾਦਿ = ਅੰਨ ਆਦਿਕ। ਕੀਅਉ = ਪੈਦਾ ਕੀਤਾ ਹੈ। ਤਰੂਆ = ਰੁੱਖ। ਸੈਲ = ਪਹਾੜ। ਸਸਿ = ਚੰਦ੍ਰਮਾ। ਰਿਖਿ = ਤਾਰੇ। ਨਿਸਿ = ਰਾਤ ਵੇਲੇ। ਸੂਰ = ਸੂਰਜ। ਦਿਨਿ = ਦਿਨ ਵੇਲੇ। ਅਰਥ: ਜਿਸ ਹਰੀ-ਨਾਮ ਨੇ ਧਰਤੀ ਤੇ ਅਕਾਸ਼ ਨੂੰ ਟਿਕਾ ਰੱਖਿਆ ਹੈ, ਅਤੇ ਜਿਸ ਨੇ ਪਵਣ, ਸਰੋਵਰਾਂ ਦੇ ਉਹ ਜਲ, ਅੱਗ ਤੇ ਅੰਨ ਆਦਿਕ ਪੈਦਾ ਕੀਤੇ ਹਨ, (ਜਿਸ ਦੀ ਬਰਕਤਿ ਨਾਲ) ਰਾਤ ਨੂੰ ਚੰਦ੍ਰਮਾ ਤੇ ਤਾਰੇ ਅਤੇ ਦਿਨ ਵੇਲੇ ਸੂਰਜ (ਚੜ੍ਹਦਾ ਹੈ) , ਜਿਸ ਨੇ ਪਹਾੜ ਰਚੇ ਹਨ ਅਤੇ ਜਿਸ ਨੇ ਰੁੱਖਾਂ ਨੂੰ ਫਲ ਫੁੱਲ ਲਾਏ ਹਨ। ਸੁਰਿ ਨਰ ਸਪਤ ਸਮੁਦ੍ਰ ਕਿਅ ਧਾਰਿਓ ਤ੍ਰਿਭਵਣ ਜਾਸੁ ॥ ਸੋਈ ਏਕੁ ਨਾਮੁ ਹਰਿ ਨਾਮੁ ਸਤਿ ਪਾਇਓ ਗੁਰ ਅਮਰ ਪ੍ਰਗਾਸੁ ॥੧॥੫॥ ਪਦ ਅਰਥ: ਸੁਰਿ = ਦੇਵਤੇ। ਨਰ = ਮਨੁੱਖ। ਸਪਤ = ਸੱਤ। ਕਿਅ = ਬਣਾਏ। ਧਾਰਿਓ = ਟਿਕਾਏ ਹਨ। ਜਾਸੁ = ਜਿਸ ਨੇ। ਪ੍ਰਗਾਸੁ = ਚਾਨਣਾ। ਸਤਿ = ਅਟੱਲ, ਸਦਾ-ਥਿਰ। ਅਰਥ: ਜਿਸ ਨੇ ਦੇਵਤੇ ਮਨੁੱਖ ਤੇ ਸੱਤ ਸਮੁੰਦਰ ਪੈਦਾ ਕੀਤੇ ਹਨ ਅਤੇ ਤਿੰਨੇ ਭਵਣ ਟਿਕਾ ਰੱਖੇ ਹਨ, ਉਹੀ ਇਕ ਹਰੀ-ਨਾਮ ਸਦਾ ਅਟੱਲ ਹੈ, (ਗੁਰੂ ਰਾਮਦਾਸ ਜੀ ਨੇ ਉਹੀ ਨਾਮ-ਰੂਪ) ਚਾਨਣਾ ਗੁਰੂ ਅਮਰਦਾਸ ਜੀ ਤੋਂ ਲੱਭਾ ਹੈ।1।5। ਕਚਹੁ ਕੰਚਨੁ ਭਇਅਉ ਸਬਦੁ ਗੁਰ ਸ੍ਰਵਣਹਿ ਸੁਣਿਓ ॥ ਬਿਖੁ ਤੇ ਅੰਮ੍ਰਿਤੁ ਹੁਯਉ ਨਾਮੁ ਸਤਿਗੁਰ ਮੁਖਿ ਭਣਿਅਉ ॥ {ਪੰਨਾ 1399} ਪਦ ਅਰਥ: ਕਚਹੁ = ਕੱਚ ਤੋਂ। ਸਬਦੁ ਗੁਰ = ਗੁਰੂ ਦਾ ਸ਼ਬਦ। ਸ੍ਰਵਣਹਿ = ਕੰਨਾਂ ਨਾਲ। ਬਿਖੁ = ਵਿਹੁ, ਜ਼ਹਰ। ਮੁਖਿ = ਮੂੰਹ ਨਾਲ। ਭਣਿਅਉ = ਉਚਾਰਿਆ। ਅਰਥ: (ਜਿਸ ਮਨੁੱਖ ਨੇ) ਗੁਰੂ ਦਾ ਸ਼ਬਦ ਕੰਨਾਂ ਨਾਲ ਸੁਣਿਆ ਹੈ, ਉਹ (ਮਾਨੋ) ਕੱਚ ਤੋਂ ਸੋਨਾ ਹੋ ਗਿਆ ਹੈ। ਜਿਸ ਨੇ ਸਤਿਗੁਰੂ ਦਾ ਨਾਮ ਮੂੰਹੋਂ ਉਚਾਰਿਆ ਹੈ, ਉਹ ਵਿਹੁ ਤੋਂ ਅੰਮ੍ਰਿਤ ਬਣ ਗਿਆ ਹੈ। ਲੋਹਉ ਹੋਯਉ ਲਾਲੁ ਨਦਰਿ ਸਤਿਗੁਰੁ ਜਦਿ ਧਾਰੈ ॥ ਪਾਹਣ ਮਾਣਕ ਕਰੈ ਗਿਆਨੁ ਗੁਰ ਕਹਿਅਉ ਬੀਚਾਰੈ ॥ {ਪੰਨਾ 1399} ਪਦ ਅਰਥ: ਲੋਹਉ = ਲੋਹੇ ਤੋਂ। ਜਦਿ = ਜੇ। ਨਦਰਿ ਧਾਰੈ = ਤੱਕੇ, ਦ੍ਰਿਸ਼ਟੀ ਕਰੇ। ਪਾਹਣ = ਪੱਥਰ। ਬੀਚਾਰੈ = ਵਿਚਾਰ ਕੇ, ਬੀਚਾਰਿ। ਮਾਣਕ = ਮੋਤੀ। ਅਰਥ: ਜੇ ਸਤਿਗੁਰੂ (ਮਿਹਰ ਦੀ) ਨਜ਼ਰ ਕਰੇ, ਤਾਂ (ਜੀਵ) ਲੋਹੇ ਤੋਂ ਲਾਲ ਬਣ ਜਾਂਦਾ ਹੈ। ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਦੱਸੇ ਗਿਆਨ ਨੂੰ ਵਿਚਾਰ ਕੇ ਜਪਿਆ ਹੈ ਉਹਨਾਂ ਨੂੰ ਗੁਰੂ (ਮਾਨੋ) ਪੱਥਰਾਂ ਤੋਂ ਮਾਣਕ ਕਰ ਦੇਂਦਾ ਹੈ। ਕਾਠਹੁ ਸ੍ਰੀਖੰਡ ਸਤਿਗੁਰਿ ਕੀਅਉ ਦੁਖ ਦਰਿਦ੍ਰ ਤਿਨ ਕੇ ਗਇਅ ॥ ਸਤਿਗੁਰੂ ਚਰਨ ਜਿਨ੍ਹ੍ਹ ਪਰਸਿਆ ਸੇ ਪਸੁ ਪਰੇਤ ਸੁਰਿ ਨਰ ਭਇਅ ॥੨॥੬॥ {ਪੰਨਾ 1399} ਪਦ ਅਰਥ: ਕਾਠਹੁ = ਲੱਕੜ ਤੋਂ। ਸ੍ਰੀਖੰਡ = ਚੰਦਨ। ਸਤਿਗੁਰਿ = ਸਤਿਗੁਰੂ ਨੇ। ਤਿਨ ਕੇ = ਉਹਨਾਂ ਮਨੁੱਖਾਂ ਦੇ। ਗਇਅ = ਦੂਰ ਹੋ ਜਾਂਦੇ ਹਨ। ਜਿਨ੍ਹ੍ਹ = ਜਿਨ੍ਹਾਂ ਮਨੁੱਖਾਂ ਨੇ। ਸੇ = ਉਹ ਮਨੁੱਖ (ਬਹੁ-ਵਚਨ) । ਅਰਥ: ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਦੇ ਚਰਨ ਪਰਸੇ ਹਨ, ਉਹ ਪਸੂ ਤੇ ਪਰੇਤਾਂ ਤੋਂ ਦੇਵਤੇ ਤੇ ਮਨੁੱਖ ਬਣ ਗਏ ਹਨ, ਉਹਨਾਂ ਦੇ ਦੁੱਖ ਦਰਿਦ੍ਰ ਦੂਰ ਹੋ ਗਏ ਹਨ ਅਤੇ ਸਤਿਗੁਰੂ ਨੇ ਉਹਨਾਂ ਨੂੰ (ਮਾਨੋ) ਕਾਠ ਤੋਂ ਚੰਦਨ ਬਣਾ ਦਿਤਾ ਹੈ।2।6। ਜਾਮਿ ਗੁਰੂ ਹੋਇ ਵਲਿ ਧਨਹਿ ਕਿਆ ਗਾਰਵੁ ਦਿਜਇ ॥ ਜਾਮਿ ਗੁਰੂ ਹੋਇ ਵਲਿ ਲਖ ਬਾਹੇ ਕਿਆ ਕਿਜਇ ॥ {ਪੰਨਾ 1399} ਪਦ ਅਰਥ: ਜਾਮਿ = ਜਦੋਂ। ਵਲਿ ਹੋਇ = ਪੱਖ ਕਰੇ, ਸਹੈਤਾ ਕਰੇ। ਧਨਹਿ = ਧਨ ਵਿਚ, ਧਨ ਦੇ ਕਾਰਣ। ਗਾਰਵੁ = ਅਹੰਕਾਰ। ਦਿਜਇ = ਦੇਂਦਾ, ਕਰਦਾ। ਕਿਆ ਗਾਰਵੁ = ਕੀਹ ਅਹੰਕਾਰ? (ਭਾਵ, ਕੋਈ ਅਹੰਕਾਰ ਨਹੀਂ) । ਲਖ ਬਾਹੇ = ਲੱਖਾਂ ਬਾਹਾਂ, ਲੱਖਾਂ ਫ਼ੌਜਾਂ। ਕਿਆ ਕਿਜਇ = ਕੀਹ ਵਿਗਾੜ ਸਕਦੀਆਂ ਹਨ? ਅਰਥ: ਜਦੋਂ ਸਤਿਗੁਰੂ (ਕਿਸੇ ਮਨੁੱਖ ਦਾ) ਪੱਖ ਕਰੇ ਤਾਂ ਉਹ ਧਨ ਦੇ ਕਾਰਨ ਅਹੰਕਾਰ ਨਹੀਂ ਕਰਦਾ। ਜਦੋਂ ਗੁਰੂ ਪੱਖ ਤੇ ਹੋਵੇ, ਤਾਂ ਲੱਖਾਂ ਫ਼ੌਜਾਂ ਕੀਹ ਵਿਗਾੜ ਸਕਦੀਆਂ ਹਨ? ਜਾਮਿ ਗੁਰੂ ਹੋਇ ਵਲਿ ਗਿਆਨ ਅਰੁ ਧਿਆਨ ਅਨਨ ਪਰਿ ॥ ਜਾਮਿ ਗੁਰੂ ਹੋਇ ਵਲਿ ਸਬਦੁ ਸਾਖੀ ਸੁ ਸਚਹ ਘਰਿ ॥ {ਪੰਨਾ 1399} ਪਦ ਅਰਥ: ਅਨਨ ਪਰਿ = ਕਿਸੇ ਹੋਰ ਦੂਜੇ ਵਲ ਨਹੀਂ। ਅਨਨ = ਨਾਹ ਅੱਨ, ਨਹੀਂ ਕੋਈ ਹੋਰ। ਪਰਿ = ਵਲ, ਪਰਾਇਣ। ਸਾਖੀ = ਸਾਖਿਆਤ ਹੋ ਜਾਂਦਾ ਹੈ, ਹਿਰਦੇ ਵਿਚ ਪ੍ਰਗਟ ਹੋ ਜਾਂਦਾ ਹੈ। ਸੁ = ਉਹ ਮਨੁੱਖ। ਸਚਹ ਘਰਿ = ਸਦਾ-ਥਿਰ ਪ੍ਰਭੂ ਦੇ ਘਰ ਵਿਚ (ਟਿਕ ਜਾਂਦਾ) ਹੈ। ਅਰਥ: ਜਦੋਂ ਗੁਰੂ ਪੱਖ ਕਰੇ, ਤਾਂ ਮਨੁੱਖ ਗਿਆਨ ਅਤੇ ਧਿਆਨ ਦੀ ਦਾਤਿ ਹੋਣ ਦੇ ਕਾਰਨ (ਹਰੀ ਤੋਂ ਬਿਨਾ) ਕਿਸੇ ਹੋਰ ਨਾਲ ਪਿਆਰ ਨਹੀਂ ਪਾਂਦਾ। ਜਦੋਂ ਗੁਰੂ ਸਹੈਤਾ ਕਰੇ, ਤਾਂ ਜੀਵ ਦੇ ਹਿਰਦੇ ਵਿਚ ਸ਼ਬਦ ਸਾਖਿਆਤ ਹੋ ਜਾਂਦਾ ਹੈ ਤੇ ਉਹ ਸੱਚੇ ਹਰੀ ਦੇ ਘਰ ਵਿਚ (ਟਿਕ ਜਾਂਦਾ) ਹੈ। ਜੋ ਗੁਰੂ ਗੁਰੂ ਅਹਿਨਿਸਿ ਜਪੈ ਦਾਸੁ ਭਟੁ ਬੇਨਤਿ ਕਹੈ ॥ ਜੋ ਗੁਰੂ ਨਾਮੁ ਰਿਦ ਮਹਿ ਧਰੈ ਸੋ ਜਨਮ ਮਰਣ ਦੁਹ ਥੇ ਰਹੈ ॥੩॥੭॥ {ਪੰਨਾ 1399} ਪਦ ਅਰਥ: ਅਹਿ ਨਿਸਿ = ਦਿਨ ਰਾਤ। ਅਹਿ = ਦਿਨ। ਨਿਸਿ = ਰਾਤ। ਦਾਸੁ ਭਟੁ = ਦਾਸ (ਨਲ੍ਹ) ਭੱਟ। ਰਿਦ ਮਹਿ = ਹਿਰਦੇ ਵਿਚ। ਧਰੈ = ਟਿਕਾਉਂਦਾ ਹੈ। ਦੁਹਥੇ = ਦੋਹਾਂ ਤੋਂ। ਰਹੈ– ਬਚ ਜਾਂਦਾ ਹੈ। ਅਰਥ: ਦਾਸ (ਨਲ੍ਯ੍ਯ) ਭੱਟ ਬੇਨਤੀ ਕਰਦਾ ਹੈ ਕਿ ਜੋ ਮਨੁੱਖ ਦਿਨ ਰਾਤ 'ਗੁਰੂ ਗੁਰੂ' ਜਪਦਾ ਹੈ, ਜੋ ਸਤਿਗੁਰੂ ਦਾ ਨਾਮ ਹਿਰਦੇ ਵਿਚ ਟਿਕਾਉਂਦਾ ਹੈ, ਉਹ ਮਨੁੱਖ ਜੰਮਣ ਮਰਨ ਦੋਹਾਂ ਤੋਂ ਬਚ ਜਾਂਦਾ ਹੈ।3।7। ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ ॥ ਗੁਰ ਬਿਨੁ ਸੁਰਤਿ ਨ ਸਿਧਿ ਗੁਰੂ ਬਿਨੁ ਮੁਕਤਿ ਨ ਪਾਵੈ ॥ {ਪੰਨਾ 1399} ਪਦ ਅਰਥ: ਘੋਰੁ ਅੰਧਾਰੁ = ਡਰਾਉਣਾ ਹਨੇਰਾ, ਹਨੇਰਾ ਘੁੱਪ। ਅਰਥ: ਸਤਿਗੁਰੂ (ਦੀ ਸਰਨ ਪੈਣ) ਤੋਂ ਬਿਨਾ (ਮਨੁੱਖਾ ਜੀਵਨ ਦੇ ਰਾਹ ਵਿਚ) ਹਨੇਰਾ ਹੀ ਹਨੇਰਾ ਹੈ, ਗੁਰੂ ਤੋਂ ਬਿਨਾ (ਸਹੀ ਜੀਵਨ ਦੀ) ਸਮਝ ਦੀ ਪ੍ਰਾਪਤੀ ਨਹੀਂ ਹੋ ਸਕਦੀ। ਗੁਰੂ ਤੋਂ ਬਿਨਾ ਸੁਰਤਿ (ਉੱਚੀ) ਨਹੀਂ ਹੁੰਦੀ ਤੇ (ਜੀਵਨ-ਸੰਗ੍ਰਾਮ ਵਿਚ) ਸਫਲਤਾ ਭੀ ਪ੍ਰਾਪਤ ਨਹੀਂ ਹੁੰਦੀ, ਗੁਰੂ ਤੋਂ ਬਿਨਾ (ਵਿਕਾਰਾਂ ਤੋਂ) ਖ਼ਲਾਸੀ ਨਹੀਂ ਮਿਲਦੀ। ਗੁਰੁ ਕਰੁ ਸਚੁ ਬੀਚਾਰੁ ਗੁਰੂ ਕਰੁ ਰੇ ਮਨ ਮੇਰੇ ॥ ਗੁਰੁ ਕਰੁ ਸਬਦ ਸਪੁੰਨ ਅਘਨ ਕਟਹਿ ਸਭ ਤੇਰੇ ॥ {ਪੰਨਾ 1399} ਪਦ ਅਰਥ: ਕਰੁ = ਧਾਰਨ ਕਰ। ਸਬਦ ਸਪੁੰਨ = ਸ਼ਬਦ ਸੰਪੰਨ, ਸ਼ਬਦ ਦਾ ਸੂਰਾ। ਅਘਨ = ਪਾਪ। ਅਰਥ: ਹੇ ਮੇਰੇ ਮਨ! ਸਤਿਗੁਰੂ ਦੀ ਸਰਨ ਪਉ, ਇਹੀ ਉੱਤਮ ਵਿਚਾਰ ਹੈ। ਸ਼ਬਦ ਦੇ ਸੂਰੇ ਗੁਰੂ ਦੀ ਸਰਨ ਪਉ, ਤੇਰੇ ਸਾਰੇ ਪਾਪ ਕੱਟੇ ਜਾਣਗੇ। ਗੁਰੁ ਨਯਣਿ ਬਯਣਿ ਗੁਰੁ ਗੁਰੁ ਕਰਹੁ ਗੁਰੂ ਸਤਿ ਕਵਿ ਨਲ੍ਯ੍ਯ ਕਹਿ ॥ ਜਿਨਿ ਗੁਰੂ ਨ ਦੇਖਿਅਉ ਨਹੁ ਕੀਅਉ ਤੇ ਅਕਯਥ ਸੰਸਾਰ ਮਹਿ ॥੪॥੮॥ {ਪੰਨਾ 1399} ਪਦ ਅਰਥ: ਨਯਣਿ = ਨੇਤ੍ਰ ਵਿਚ। ਬਯਣਿ = ਬਚਨ ਵਿਚ। ਕਰਹੁ = ਵਸਾਓ। ਸਤਿ = ਸਦਾ-ਥਿਰ। ਕੀਅਉ = ਧਾਰਿਆ। ਅਕਯਬ = ਨਿਸਫਲ। ਤੇ = ਉਹ ਬੰਦੇ। ਜਿਨਿ = ਜਿਸ (ਜਿਸ ਮਨੁੱਖ) ਨੇ। ਨਹੁ = ਨਹੀਂ। ਕੀਅਉ = ਕੀਤਾ, ਧਾਰਿਆ। ਅਰਥ: ਕਵੀ ਨਲ੍ਯ੍ਯ ਆਖਦਾ ਹੈ– (ਹੇ ਮੇਰੇ ਮਨ!) ਆਪਣੀ ਅੱਖ ਵਿਚ, ਆਪਣੇ ਬੋਲ ਵਿਚ ਕੇਵਲ ਗੁਰੂ ਨੂੰ ਵਸਾਓ, ਗੁਰੂ ਸਦਾ-ਥਿਰ ਰਹਿਣ ਵਾਲਾ ਹੈ। ਜਿਸ ਜਿਸ ਮਨੁੱਖ ਨੇ ਸਤਿਗੁਰੂ ਦੇ ਦਰਸ਼ਨ ਨਹੀਂ ਕੀਤੇ, ਤੇ ਜੋ ਜੋ ਮਨੁੱਖ ਸਤਿਗੁਰੂ ਦੀ ਸਰਨ ਨਹੀਂ ਪਿਆ, ਉਹ ਸਾਰੇ ਸੰਸਾਰ ਵਿਚ ਨਿਸਫਲ (ਹੀ ਆਏ) ।4।8। |
Sri Guru Granth Darpan, by Professor Sahib Singh |