ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1400 ਗੁਰੂ ਗੁਰੂ ਗੁਰੁ ਕਰੁ ਮਨ ਮੇਰੇ ॥ ਤਾਰਣ ਤਰਣ ਸਮ੍ਰਥੁ ਕਲਿਜੁਗਿ ਸੁਨਤ ਸਮਾਧਿ ਸਬਦ ਜਿਸੁ ਕੇਰੇ ॥ ਫੁਨਿ ਦੁਖਨਿ ਨਾਸੁ ਸੁਖਦਾਯਕੁ ਸੂਰਉ ਜੋ ਧਰਤ ਧਿਆਨੁ ਬਸਤ ਤਿਹ ਨੇਰੇ ॥ {ਪੰਨਾ 1400} ਪਦ ਅਰਥ: ਤਾਰਣ ਤਰਣ = ਤਾਰਣ ਲਈ ਜਹਾਜ਼। ਤਰਣ = ਜਹਾਜ਼। ਸਮ੍ਰਥੁ = ਸਮਰੱਥ। ਕਲਿਜੁਗਿ = ਕਲਜੁਗ ਵਿਚ। ਸੁਨਤ = ਸੁਣਦਿਆਂ। ਸਬਦ ਜਿਸੁ ਕੇਰੇ = ਜਿਸ ਗੁਰੂ ਦੇ ਸ਼ਬਦ। ਕੇਰੇ = ਦੇ। ਸਮਾਧਿ = ਸਮਾਧੀ (ਵਿਚ ਜੁੜ ਜਾਈਦਾ ਹੈ) । ਫੁਨਿ = ਅਤੇ ਹੋਰ। ਦੁਖਨਿ ਨਾਸੁ = ਦੁੱਖਾਂ ਦਾ ਨਾਸ ਕਰਨ ਵਾਲਾ। ਸੂਰਉ = ਸੂਰਮਾ। ਤਿਹ ਨੇਰੇ = ਉਸ ਮਨੁੱਖ ਦੇ ਨੇੜੇ। ਅਰਥ: ਹੇ ਮੇਰੇ ਮਨ! 'ਗੁਰੂ' 'ਗੁਰੂ' ਜਪ। ਜਿਸ ਗੁਰੂ ਦੀ ਬਾਣੀ ਸੁਣਦਿਆਂ ਸਮਾਧੀ (ਵਿਚ ਲੀਨ ਹੋ ਜਾਈਦਾ ਹੈ) , ਉਹ ਗੁਰੂ ਕਲਜੁਗ ਵਿਚ (ਸੰਸਾਰ-ਸਾਗਰ ਤੋਂ) ਤਾਰਨ ਲਈ ਸਮਰੱਥ ਜਹਾਜ਼ ਹੈ। ਉਹ ਗੁਰੂ ਦੁੱਖਾਂ ਦੇ ਨਾਸ ਕਰਨ ਵਾਲਾ ਹੈ, ਸੁਖਾਂ ਦੇ ਦੇਣ ਵਾਲਾ ਸੂਰਮਾ ਹੈ। ਜੋ ਮਨੁੱਖ ਉਸ ਦਾ ਧਿਆਨ ਧਰਦਾ ਹੈ, ਉਹ ਗੁਰੂ ਉਸ ਦੇ ਅੰਗ-ਸੰਗ ਵੱਸਦਾ ਹੈ। ਪੂਰਉ ਪੁਰਖੁ ਰਿਦੈ ਹਰਿ ਸਿਮਰਤ ਮੁਖੁ ਦੇਖਤ ਅਘ ਜਾਹਿ ਪਰੇਰੇ ॥ ਜਉ ਹਰਿ ਬੁਧਿ ਰਿਧਿ ਸਿਧਿ ਚਾਹਤ ਗੁਰੂ ਗੁਰੂ ਗੁਰੁ ਕਰੁ ਮਨ ਮੇਰੇ ॥੫॥੯॥ {ਪੰਨਾ 1400} ਪਦ ਅਰਥ: ਪੂਰਉ = ਪੂਰਨ। ਰਿਦੈ = ਹਿਰਦੇ ਵਿਚ। ਮੁਖੁ = (ਉਸ ਗੁਰੂ ਦਾ) ਮੂੰਹ। ਅਘ = ਪਾਪ। ਜਾਹਿ ਪਰੇਰੇ = ਦੂਰ ਹੋ ਜਾਂਦੇ ਹਨ। ਜਉ = ਜੇਕਰ। ਹਰਿ ਬੁਧਿ = ਰੱਬੀ ਅਕਲ। ਅਰਥ: ਸਤਿਗੁਰੂ ਪੂਰਨ ਪੁਰਖ ਹੈ, ਗੁਰੂ ਹਿਰਦੇ ਵਿਚ ਹਰੀ ਨੂੰ ਸਿਮਰਦਾ ਹੈ, (ਉਸ ਦਾ) ਮੁਖ ਵੇਖਿਆਂ ਪਾਪ ਦੂਰ ਹੋ ਜਾਂਦੇ ਹਨ। ਹੇ ਮੇਰੇ ਮਨ! ਜੇ ਤੂੰ ਰੱਬੀ ਅਕਲ, ਰਿੱਧੀ ਤੇ ਸਿੱਧੀ ਚਾਹੁੰਦਾ ਹੈਂ, ਤਾਂ 'ਗੁਰੂ' 'ਗੁਰੂ' ਜਪ।5।9। ਗੁਰੂ ਮੁਖੁ ਦੇਖਿ ਗਰੂ ਸੁਖੁ ਪਾਯਉ ॥ ਹੁਤੀ ਜੁ ਪਿਆਸ ਪਿਊਸ ਪਿਵੰਨ ਕੀ ਬੰਛਤ ਸਿਧਿ ਕਉ ਬਿਧਿ ਮਿਲਾਯਉ ॥ ਪੂਰਨ ਭੋ ਮਨ ਠਉਰ ਬਸੋ ਰਸ ਬਾਸਨ ਸਿਉ ਜੁ ਦਹੰ ਦਿਸਿ ਧਾਯਉ ॥ {ਪੰਨਾ 1400} ਪਦ ਅਰਥ: ਗੁਰੂ ਮੁਖੁ = ਸਤਿਗੁਰੂ ਦਾ ਮੂੰਹ। ਗਰੂ ਸੁਖੁ = ਵੱਡਾ ਆਨੰਦ। ਗਰੂ = (गरीयस् = Compare of गुरू) । ਪਾਯਉ = ਲੱਭਾ ਹੈ, ਲਿਆ ਹੈ। ਹੁਤੀ ਜੁ ਪਿਆਸ = ਜਿਹੜੀ ਤ੍ਰੇਹ (ਲੱਗੀ ਹੋਈ) ਸੀ। ਪਿਊਸ = ਅੰਮ੍ਰਿਤ (पीयू) । ਪਿਵੰਨ ਕੀ = ਪੀਣ ਦੀ। ਬੰਛਤ = ਮਨ-ਇੱਜ਼ਤ। ਕਉ = ਵਾਸਤੇ। ਬਿਧਿ = ਢੰਗ! ਮਿਲਾਯਉ = ਮਿਲਾ ਦਿੱਤਾ ਹੈ, ਬਣਾ ਦਿੱਤਾ ਹੈ। ਭੋ = ਹੋ ਗਿਆ ਹੈ। ਠਉਰ ਬਸੋ = ਥਾਂਇ ਵੱਸ ਪਿਆ ਹੈ, ਟਿਕ ਗਿਆ ਹੈ। ਰਸ ਬਾਸਨ ਸਿਉ = ਰਸਾਂ ਤੇ ਵਾਸ਼ਨਾਂ ਨਾਲ। ਜੁ = ਜਿਹੜਾ ਮਨ। ਦਹੰ ਦਿਸਿ = ਦਸੀਂ ਪਾਸੀਂ। ਧਾਯਉ = ਦੌੜਦਾ ਹੈ। ਅਰਥ: ਸਤਿਗੁਰੂ (ਅਮਰਦਾਸ ਜੀ) ਦਾ ਦਰਸ਼ਨ ਕਰ ਕੇ (ਗੁਰੂ ਰਾਮਦਾਸ ਜੀ ਨੇ) ਵੱਡਾ ਆਨੰਦ ਪਾਇਆ ਹੈ। (ਆਪ ਨੂੰ) ਅੰਮ੍ਰਿਤ ਪੀਣ ਦੀ ਜਿਹੜੀ ਤਾਂਘ ਲੱਗੀ ਹੋਈ ਸੀ, ਉਸ ਮਨ-ਇੱਛਤ (ਤਾਂਘ ਦੀ) ਸਫਲਤਾ ਦਾ ਢੰਗ (ਹਰੀ ਨੇ) ਬਣਾ ਦਿੱਤਾ ਹੈ। (ਸੰਸਾਰੀ ਜੀਵਾਂ ਦਾ) ਜੋ ਮਨ ਰਸਾਂ ਵਾਸ਼ਨਾਂ ਦੇ ਪਿੱਛੇ ਦਸੀਂ ਪਾਸੀਂ ਦੌੜਦਾ ਹੈ ਆਪ ਦਾ ਉਹ ਮਨ ਰੱਜ ਗਿਆ ਹੈ ਤੇ ਟਿਕ ਗਿਆ ਹੈ। ਗੋਬਿੰਦ ਵਾਲੁ ਗੋਬਿੰਦ ਪੁਰੀ ਸਮ ਜਲ੍ਯ੍ਯਨ ਤੀਰਿ ਬਿਪਾਸ ਬਨਾਯਉ ॥ ਗਯਉ ਦੁਖੁ ਦੂਰਿ ਬਰਖਨ ਕੋ ਸੁ ਗੁਰੂ ਮੁਖੁ ਦੇਖਿ ਗਰੂ ਸੁਖੁ ਪਾਯਉ ॥੬॥੧੦॥ {ਪੰਨਾ 1400} ਪਦ ਅਰਥ: ਗੋਬਿੰਦ ਪੁਰੀ ਸਮ = ਹਰੀ ਦੇ ਨਗਰ ਸਮਾਨ, ਬੈਕੁੰਠ ਸਮਾਨ। ਸਮ = ਬਰਾਬਰ, ਵਰਗਾ। ਜਲ੍ਯ੍ਯਨ ਤੀਰਿ ਬਿਪਾਸ = ਬਿਆਸਾ ਦੇ ਜਲਾਂ ਦੇ ਕੰਢੇ ਉਤੇ। ਬਰਖਨ ਕੋ ਦੁਖੁ = ਵਰ੍ਹਿਆਂ ਦਾ ਦੁੱਖ। ਤੀਰਿ = ਕੰਢੇ ਉੱਤੇ। ਅਰਥ: (ਜਿਸ ਸਤਿਗੁਰੂ ਅਮਰਦਾਸ ਜੀ ਨੇ) ਬੈਕੁੰਠ ਵਰਗਾ ਗੋਇੰਦਵਾਲ ਬਿਆਸਾ ਦੇ ਪਾਣੀਆਂ ਦੇ ਕੰਢੇ ਉਤੇ ਬਣਾ ਦਿੱਤਾ ਹੈ, ਉਸ ਗੁਰੂ ਦਾ ਮੂੰਹ ਵੇਖ ਕੇ (ਗੁਰੂ ਰਾਮਦਾਸ ਜੀ ਨੇ) ਵੱਡਾ ਆਨੰਦ ਪਾਇਆ ਹੈ, (ਆਪ ਦਾ, ਮਾਨੋ) ਵਰ੍ਹਿਆਂ ਦਾ ਦੁੱਖ ਦੂਰ ਹੋ ਗਿਆ ਹੈ।6।10। ਸਮਰਥ ਗੁਰੂ ਸਿਰਿ ਹਥੁ ਧਰ੍ਯ੍ਯਉ ॥ ਗੁਰਿ ਕੀਨੀ ਕ੍ਰਿਪਾ ਹਰਿ ਨਾਮੁ ਦੀਅਉ ਜਿਸੁ ਦੇਖਿ ਚਰੰਨ ਅਘੰਨ ਹਰ੍ਯ੍ਯਉ ॥ ਨਿਸਿ ਬਾਸੁਰ ਏਕ ਸਮਾਨ ਧਿਆਨ ਸੁ ਨਾਮ ਸੁਨੇ ਸੁਤੁ ਭਾਨ ਡਰ੍ਯ੍ਯਉ ॥ {ਪੰਨਾ 1400} ਪਦ ਅਰਥ: ਸਿਰਿ = ਸਿਰ ਉਤੇ। ਗੁਰਿ = ਸਤਿਗੁਰੂ ਨੇ। ਜਿਸੁ ਦੇਖਿ ਚਰੰਨ = ਜਿਸ (ਗੁਰੂ) ਦੇ ਚਰਨਾਂ ਨੂੰ ਵੇਖ ਕੇ। ਅਘੰਨ = ਪਾਪ। ਹਰ੍ਯ੍ਯਉ = ਦੂਰ ਹੋ ਗਏ। ਨਿਸਿ ਬਾਸੁਰ = ਰਾਤ ਦਿਨ। ਬਾਸੁਰ = ਦਿਨ। ਏਕ ਸਮਾਨ = ਇੱਕ-ਰਸ। ਸੁਤੁ ਭਾਨ = ਸੂਰਜ ਦਾ ਪੁਤ੍ਰ, ਜਮ। ਭਾਨ = ਸੂਰਜ। ਸੁਨੇ = ਸੁਨਿ, ਸੁਣ ਕੇ। ਅਰਥ: ਸਮਰੱਥ ਗੁਰੂ (ਅਮਰਦਾਸ ਜੀ) ਨੇ (ਗੁਰੂ ਰਾਮਦਾਸ ਜੀ ਦੇ) ਸਿਰ ਉੱਤੇ ਹੱਥ ਰੱਖਿਆ ਹੈ। ਜਿਸ (ਗੁਰੂ ਅਮਰਦਾਸ ਜੀ) ਦੇ ਚਰਨਾਂ ਦਾ ਦਰਸ਼ਨ ਕੀਤਿਆਂ ਪਾਪ ਦੂਰ ਹੋ ਜਾਂਦੇ ਹਨ, ਉਸ ਗੁਰੂ ਨੇ ਮਿਹਰ ਕੀਤੀ ਹੈ, (ਗੁਰੂ ਰਾਮਦਾਸ ਜੀ ਨੂੰ) ਹਰੀ ਦਾ ਨਾਮ ਬਖ਼ਸ਼ਿਆ ਹੈ; (ਉਸ ਨਾਮ ਵਿਚ ਗੁਰੂ ਰਾਮਦਾਸ ਜੀ ਦਾ) ਦਿਨ ਰਾਤ ਇੱਕ-ਰਸ ਧਿਆਨ ਰਹਿੰਦਾ ਹੈ, ਉਸ ਨਾਮ ਦੇ ਸੁਣਨ ਨਾਲ ਜਮ-ਰਾਜ (ਭੀ) ਡਰਦਾ ਹੈ (ਭਾਵ, ਨੇੜੇ ਨਹੀਂ ਆਉਂਦਾ) । ਭਨਿ ਦਾਸ ਸੁ ਆਸ ਜਗਤ੍ਰ ਗੁਰੂ ਕੀ ਪਾਰਸੁ ਭੇਟਿ ਪਰਸੁ ਕਰ੍ਯ੍ਯਉ ॥ ਰਾਮਦਾਸੁ ਗੁਰੂ ਹਰਿ ਸਤਿ ਕੀਯਉ ਸਮਰਥ ਗੁਰੂ ਸਿਰਿ ਹਥੁ ਧਰ੍ਯ੍ਯਉ ॥੭॥੧੧॥ {ਪੰਨਾ 1400} ਪਦ ਅਰਥ: ਭਨਿ = ਆਖ। ਦਾਸ = ਹੇ ਦਾਸ (ਨਲ੍ਯ੍ਯ) ਕਵੀ! ਜਗਤ੍ਰ ਗੁਰੂ = ਜਗਤ ਦੇ ਗੁਰੂ। ਪਾਰਸੁ ਭੇਟਿ = ਪਾਰਸ (ਗੁਰੂ ਅਮਰਦਾਸ ਜੀ) ਨੂੰ ਮਿਲ ਕੇ। ਪਰਸੁ = ਪਰਸਨ-ਜੋਗ (ਪਾਰਸੁ) । ਕਰ੍ਯ੍ਯਉ = ਕੀਤਾ ਗਿਆ ਹੈ। ਸਤਿ = ਅਟੱਲ। ਅਰਥ: ਹੇ ਦਾਸ ਨਲ੍ਯ੍ਯ ਕਵੀ? ਆਖ– "ਗੁਰੂ ਰਾਮਦਾਸ ਜੀ ਨੂੰ ਕੇਵਲ ਜਗਤ ਦੇ ਗੁਰੂ ਦੀ ਹੀ ਆਸ ਹੈ, ਪਾਰਸ (ਗੁਰੂ ਅਮਰਦਾਸ ਜੀ) ਨੂੰ ਮਿਲ ਕੇ ਆਪ ਭੀ ਪਰਸਨ-ਜੋਗ (ਪਾਰਸ ਹੀ) ਹੋ ਗਏ ਹਨ। ਹਰੀ ਨੇ ਗੁਰੂ ਰਾਮਦਾਸ ਜੀ ਨੂੰ ਅਟੱਲ ਕਰ ਰੱਖਿਆ ਹੈ, (ਕਿਉਂਕਿ) ਸਮਰੱਥ ਗੁਰੂ (ਅਮਰਦਾਸ ਜੀ) ਨੇ (ਉਹਨਾਂ ਦੇ) ਸਿਰ ਉਤੇ ਹੱਥ ਰੱਖਿਆ ਹੋਇਆ ਹੈ"।7।11। ਅਬ ਰਾਖਹੁ ਦਾਸ ਭਾਟ ਕੀ ਲਾਜ ॥ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਖਸ ਫਾਰੇ ਕਰ ਆਜ ॥ ਫੁਨਿ ਦ੍ਰੋਪਤੀ ਲਾਜ ਰਖੀ ਹਰਿ ਪ੍ਰਭ ਜੀ ਛੀਨਤ ਬਸਤ੍ਰ ਦੀਨ ਬਹੁ ਸਾਜ ॥ {ਪੰਨਾ 1400} ਪਦ ਅਰਥ: ਫਾਰੇ = ਚੀਰ ਦਿੱਤਾ। ਕਰ = ਹੱਥ। ਕਰ ਆਜ = ਹੱਥਾਂ ਦੇ ਨਹੁੰਆਂ ਨਾਲ। ਛੀਨਤ = ਖੁੱਸਦਿਆਂ। ਦੀਨ = ਦਿੱਤਾ। ਸਾਜ = ਸਾਮਾਨ। ਅਰਥ: (ਹੇ ਸਤਿਗੁਰੂ ਜੀ!) ਹੁਣ ਇਸ ਦਾਸ (ਨਲ੍ਯ੍ਯ) ਭੱਟ ਦੀ ਲਾਜ ਰੱਖ ਲਵੋ, ਜਿਵੇਂ (ਆਪ ਨੇ) ਪ੍ਰਹਲਾਦ ਭਗਤ ਦੀ ਇੱਜ਼ਤ ਰੱਖੀ ਸੀ ਤੇ ਹਰਣਾਖਸ਼ ਨੂੰ ਹੱਥਾਂ ਦੇ ਨਹੁੰਆਂ ਨਾਲ ਮਾਰ ਦਿੱਤਾ ਸੀ। ਅਤੇ, ਹੇ ਹਰਿ-ਪ੍ਰਭ ਜੀ! ਦ੍ਰੋਪਤੀ ਦੀ (ਭੀ) ਆਪ ਨੇ ਇੱਜ਼ਤ ਬਚਾਈ, ਜਦੋਂ ਉਸ ਦੇ ਬਸਤਰ ਖੋਹੇ ਜਾ ਰਹੇ ਸਨ, (ਆਪ ਨੇ) ਉਸ ਨੂੰ ਤਦੋਂ ਬਹੁਤ ਸਾਮਾਨ ਬਖ਼ਸ਼ਿਆ ਸੀ। ਸੋਦਾਮਾ ਅਪਦਾ ਤੇ ਰਾਖਿਆ ਗਨਿਕਾ ਪੜ੍ਹਤ ਪੂਰੇ ਤਿਹ ਕਾਜ ॥ ਸ੍ਰੀ ਸਤਿਗੁਰ ਸੁਪ੍ਰਸੰਨ ਕਲਜੁਗ ਹੋਇ ਰਾਖਹੁ ਦਾਸ ਭਾਟ ਕੀ ਲਾਜ ॥੮॥੧੨॥ {ਪੰਨਾ 1400} ਪਦ ਅਰਥ: ਅਪਦਾ = ਬਿਪਤਾ, ਕਸ਼ਟ। ਰਾਖਿਆ = ਬਚਾਇਆ। ਗਨਿਕਾ = ਕੰਜਰੀ। ਪੂਰੇ = ਪੂਰਨ ਕੀਤੇ, ਸਿਰੇ ਚਾੜ੍ਹੇ। ਤਿਹ ਕਾਜ = ਉਸ (ਗਨਿਕਾ) ਦੇ ਕਾਰਜ। ਸਤਿਗੁਰ = ਹੇ ਸਤਿਗੁਰੂ! ਸੁਪ੍ਰਸੰਨ ਹੋਇ = ਤ੍ਰੁੱਠ ਕੇ। ਲਾਜ = ਪੈਜ, ਇੱਜ਼ਤ। ਅਰਥ: ਹੇ ਸਤਿਗੁਰੂ ਜੀ! ਸੁਦਾਮੇ ਨੂੰ (ਆਪ ਨੇ) ਬਿਪਤਾ ਤੋਂ ਬਚਾਇਆ, (ਰਾਮ ਨਾਮ) ਪੜ੍ਹਦੀ ਗਨਿਕਾ ਦੇ ਕਾਰਜ ਸਿਰੇ ਚਾੜ੍ਹੇ। ਹੁਣ ਕਲਜੁਗ ਦੇ ਸਮੇ ਇਸ ਸੇਵਕ (ਨਲ੍ਯ੍ਯ) ਭੱਟ ਤੇ (ਭੀ) ਤੁੱਠ ਕੇ ਇਸ ਦੀ ਪੈਜ ਰੱਖੋ।8।12। ਝੋਲਨਾ ॥ ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਪ੍ਰਾਨੀਅਹੁ ॥ ਸਬਦੁ ਹਰਿ ਹਰਿ ਜਪੈ ਨਾਮੁ ਨਵ ਨਿਧਿ ਅਪੈ ਰਸਨਿ ਅਹਿਨਿਸਿ ਰਸੈ ਸਤਿ ਕਰਿ ਜਾਨੀਅਹੁ ॥ ਫੁਨਿ ਪ੍ਰੇਮ ਰੰਗ ਪਾਈਐ ਗੁਰਮੁਖਹਿ ਧਿਆਈਐ ਅੰਨ ਮਾਰਗ ਤਜਹੁ ਭਜਹੁ ਹਰਿ ਗ੍ਯ੍ਯਾਨੀਅਹੁ ॥ {ਪੰਨਾ 1400} ਪਦ ਅਰਥ: ਝੋਲਨਾ = ਛੰਦ। ਅਪੈ = ਅਰਪੈ, ਅਰਪਦਾ ਹੈ। ਰਸਨਿ = ਜੀਭ ਨਾਲ। ਅਹਿਨਿਸਿ = ਦਿਨ ਰਾਤ (ਭਾਵ, ਹਰ ਵੇਲੇ) । ਰਸੈ = ਆਨੰਦ ਲੈਂਦਾ ਹੈ, ਸਿਮਰਦਾ ਹੈ। ਸਤਿ ਕਰਿ = ਠੀਕ, ਸੱਚ ਕਰ ਕੇ। ਜਾਨੀਅਹੁ = ਜਾਣਿਓ, ਸਮਝਿਓ। ਪ੍ਰੇਮ ਰੰਗ = ਪ੍ਰੇਮ ਦੀ ਰੰਗਣ। ਗੁਰਮੁਖਹਿ = ਗੁਰੂ ਦੇ ਸਨਮੁਖ ਹੋ ਕੇ। ਅੰਨ ਮਾਰਗ = ਹੋਰ ਰਸਤੇ, ਹੋਰ ਪੰਥ। ਤਜਹੁ = ਛੱਡੋ। ਗ੍ਯ੍ਯਾਨੀਅਹੁ = ਹੇ ਗਿਆਨ ਵਾਲੇ ਸੱਜਣੋ! ਅਰਥ: ਹੇ ਪ੍ਰਾਣੀਓ! ਨਿਤ 'ਗੁਰੂ' 'ਗੁਰੂ' ਜਪੋ। (ਇਹ ਗੱਲ) ਸੱਚ ਜਾਣਿਓ, ਕਿ (ਸਤਿਗੁਰੂ ਆਪ) ਹਰੀ-ਸ਼ਬਦ ਜਪਦਾ ਹੈ, (ਹੋਰਨਾਂ ਨੂੰ) ਨਾਮ-ਰੂਪੀ ਨੌ ਨਿਧੀਆਂ ਬਖ਼ਸ਼ਦਾ ਹੈ, ਅਤੇ ਹਰ ਵੇਲੇ ਜੀਭ ਨਾਲ (ਨਾਮ ਦਾ) ਆਨੰਦ ਲੈ ਰਿਹਾ ਹੈ। (ਜੇ) ਗੁਰੂ ਦੀ ਸਿੱਖਿਆ ਲੈ ਕੇ (ਹਰੀ) ਨੂੰ ਸਿਮਰੀਏ, ਤਾਂ ਹਰੀ ਦੇ ਪ੍ਰੇਮ ਦਾ ਰੰਗ ਪ੍ਰਾਪਤ ਹੁੰਦਾ ਹੈ, (ਤਾਂ ਤੇ) ਹੇ ਗਿਆਨਵਾਨੋਂ! ਹੋਰ ਰਸਤੇ ਛੱਡ ਦਿਓ, ਤੇ ਹਰੀ ਨੂੰ ਸਿਮਰੋ। ਬਚਨ ਗੁਰ ਰਿਦਿ ਧਰਹੁ ਪੰਚ ਭੂ ਬਸਿ ਕਰਹੁ ਜਨਮੁ ਕੁਲ ਉਧਰਹੁ ਦ੍ਵਾਰਿ ਹਰਿ ਮਾਨੀਅਹੁ ॥ ਜਉ ਤ ਸਭ ਸੁਖ ਇਤ ਉਤ ਤੁਮ ਬੰਛਵਹੁ ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਪ੍ਰਾਨੀਅਹੁ ॥੧॥੧੩॥ {ਪੰਨਾ 1400} ਪਦ ਅਰਥ: ਰਿਦਿ = ਹਿਰਦੇ ਵਿਚ। ਬਚਨ ਗੁਰ = ਸਤਿਗੁਰੂ ਦੇ ਬਚਨ। ਪੰਚ ਭੂ = ਮਨ। ਬਸਿ ਕਰਹੁ = ਵੱਸ ਵਿਚ ਕਰੋ, ਕਾਬੂ ਕਰੋ। ਉਧਰਹੁ = ਤਾਰ ਲਵੋ, ਸਫਲਾ ਕਰ ਲਓ। ਦ੍ਵਾਰਿ ਹਰਿ = ਹਰੀ ਦੇ ਦਰ ਤੇ, ਹਰੀ ਦੀ ਦਰਗਾਹ ਵਿਚ। ਮਾਨੀਅਹੁ = ਮਾਨ ਪਾਓਗੇ। ਜਉਤ = ਜੇਕਰ। ਇਤ ਉਤ = ਇਥੋਂ ਉਥੋਂ ਦੇ, ਇਸ ਸੰਸਾਰ ਦੇ ਤੇ ਪਰਲੋਕ ਦੇ। ਸਭ ਸੁਖ ਬੰਛਵਹੁ = ਤੁਸੀ ਸਾਰੇ ਸੁਖ ਚਾਹੁੰਦੇ ਹੋ। ਅਰਥ: (ਹੇ ਪ੍ਰਾਣੀਓ!) ਸਤਗਿੁਰੂ ਦੇ ਬਚਨਾਂ ਨੂੰ ਹਿਰਦੇ ਵਿਚ ਟਿਕਾਓ (ਅਤੇ ਇਸ ਤਰ੍ਹਾਂ) ਆਪਣੇ ਮਨ ਨੂੰ ਕਾਬੂ ਕਰੋ, ਆਪਣੇ ਜਨਮ ਤੇ ਕੁਲ ਨੂੰ ਸਫਲਾ ਕਰੋ, ਹਰੀ ਦੇ ਦਰ ਤੇ ਆਦਰ ਪਾਓਗੇ। ਜੇਕਰ ਤੁਸੀ ਲੋਕ ਪਰਲੋਕ ਦੇ ਸਾਰੇ ਸੁਖ ਚਾਹੁੰਦੇ ਹੋ, ਤਾਂ ਹੇ ਪ੍ਰਾਣੀਓ! ਸਦਾ ਗੁਰੂ ਗੁਰੂ ਜਪੋ।1।13। ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪਿ ਸਤਿ ਕਰਿ ॥ ਅਗਮ ਗੁਨ ਜਾਨੁ ਨਿਧਾਨੁ ਹਰਿ ਮਨਿ ਧਰਹੁ ਧ੍ਯ੍ਯਾਨੁ ਅਹਿਨਿਸਿ ਕਰਹੁ ਬਚਨ ਗੁਰ ਰਿਦੈ ਧਰਿ ॥ ਫੁਨਿ ਗੁਰੂ ਜਲ ਬਿਮਲ ਅਥਾਹ ਮਜਨੁ ਕਰਹੁ ਸੰਤ ਗੁਰਸਿਖ ਤਰਹੁ ਨਾਮ ਸਚ ਰੰਗ ਸਰਿ ॥ {ਪੰਨਾ 1400} ਪਦ ਅਰਥ: ਸਤਿ ਕਰਿ = ਸਰਧਾ ਨਾਲ, ਦ੍ਰਿੜ੍ਹ ਕਰ ਕੇ। ਅਗਮ ਗੁਨ ਨਿਧਾਨੁ = ਬੇਅੰਤ ਗੁਣਾਂ ਦਾ ਖ਼ਜ਼ਾਨਾ। ਜਾਨੁ = ਜਾਣਨਹਾਰ। ਮਨਿ = ਮਨ ਵਿਚ। ਧਰਿ = ਧਰ ਕੇ। ਬਿਮਲ = ਨਿਰਮਲ, ਸ਼ੁੱਧ। ਅਥਾਹ = ਗੰਭੀਰ। ਮਜਨੁ = ਇਸ਼ਨਾਨ। ਗੁਰਸਿਖ = ਹੇ ਗੁਰਸਿੱਖੋ! ਰੰਗਿ ਸਰਿ = ਪ੍ਰੇਮ ਦੇ ਸਰੋਵਰ ਵਿਚ। ਤਰਹੁ = ਤਾਰੀਆਂ ਲਾਓ। ਅਰਥ: ਹੇ ਸੰਤ ਜਨੋ! ਹੇ ਗੁਰਸਿੱਖੋ! ਸਰਧਾ ਨਾਲ ਗੁਰੂ ਗੁਰੂ ਜਪੋ। ਸਤਿਗੁਰੂ ਦੇ ਬਚਨ ਹਿਰਦੇ ਵਿਚ ਟਿਕਾ ਕੇ (ਘਟ ਘਟ ਦੀ) ਜਾਣਨਹਾਰ ਤੇ ਬੇਅੰਤ ਗੁਣਾਂ ਦੇ ਖ਼ਜ਼ਾਨੇ ਹਰੀ ਨੂੰ ਮਨ ਵਿਚ ਵਸਾਓ, ਅਤੇ ਦਿਨ ਰਾਤ ਉਸੇ ਦਾ ਧਿਆਨ ਧਰੋ। ਫਿਰ ਸਤਿਗੁਰੂ-ਰੂਪੀ ਨਿਰਮਲ ਤੇ ਗੰਭੀਰ ਜਲ ਵਿਚ ਚੁੱਭੀ ਲਾਓ, ਤੇ ਸੱਚੇ ਨਾਮ ਦੇ ਪ੍ਰੇਮ ਦੇ ਸਰੋਵਰ ਵਿਚ ਤਾਰੀਆਂ ਲਾਓ। ਸਦਾ ਨਿਰਵੈਰੁ ਨਿਰੰਕਾਰੁ ਨਿਰਭਉ ਜਪੈ ਪ੍ਰੇਮ ਗੁਰ ਸਬਦ ਰਸਿ ਕਰਤ ਦ੍ਰਿੜੁ ਭਗਤਿ ਹਰਿ ॥ ਮੁਗਧ ਮਨ ਭ੍ਰਮੁ ਤਜਹੁ ਨਾਮੁ ਗੁਰਮੁਖਿ ਭਜਹੁ ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਸਤਿ ਕਰਿ ॥੨॥੧੪॥ {ਪੰਨਾ 1400} ਪਦ ਅਰਥ: ਜਪੈ = (ਜੋ ਗੁਰੂ) ਜਪਦਾ ਹੈ। ਰਸਿ = ਆਨੰਦ ਵਿਚ। ਭਗਤਿ ਹਰਿ = ਹਰੀ ਦੀ ਭਗਤੀ। ਮੁਗਧ ਮਨ = ਹੇ ਮੂਰਖ ਮਨ! ਗੁਰਮੁਖਿ = ਗੁਰੂ ਦੀ ਰਾਹੀਂ। ਅਰਥ: (ਜੋ ਗੁਰੂ ਰਾਮਦਾਸ) ਸਦਾ ਨਿਰਵੈਰ ਤੇ ਨਿਰਭਉ ਨਿਰੰਕਾਰ ਨੂੰ ਜਪਦਾ ਹੈ, ਤੇ ਸਤਿਗੁਰੂ ਦੇ ਸ਼ਬਦ ਦੇ ਪ੍ਰੇਮ ਦੇ ਆਨੰਦ ਵਿਚ ਹਰੀ ਦੀ ਭਗਤੀ ਦ੍ਰਿੜ੍ਹ ਕਰਦਾ ਹੈ, ਉਸ ਗੁਰੂ ਦੇ ਸਨਮੁਖ ਹੋ ਕੇ ਹੇ ਮੂਰਖ ਮਨ! (ਹਰੀ ਦਾ) ਨਾਮ ਜਪ, ਤੇ ਭਰਮ ਛੱਡ ਦੇਹ, ਸਰਧਾ ਨਾਲ 'ਗੁਰੂ' 'ਗੁਰੂ' ਕਰ।2।14। |
Sri Guru Granth Darpan, by Professor Sahib Singh |