ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1403

ਅਕਥ ਕਥਾ ਕਥੀ ਨ ਜਾਇ ਤੀਨਿ ਲੋਕ ਰਹਿਆ ਸਮਾਇ ਸੁਤਹ ਸਿਧ ਰੂਪੁ ਧਰਿਓ ਸਾਹਨ ਕੈ ਸਾਹਿ ਜੀਉ ॥ ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥੩॥੮॥ {ਪੰਨਾ 1403}

ਪਦ ਅਰਥ: ਤੀਨਿ ਲੋਕ = ਤਿੰਨਾਂ ਹੀ ਲੋਕਾਂ ਵਿਚ। ਰਹਿਆ ਸਮਾਇ = ਵਿਆਪਕ ਹੈਂ। ਸੁਤਹ ਸਿਧ = ਆਪਣੀ ਇੱਛਾ ਨਾਲ, ਸੁਭਾਵਕ ਹੀ। ਰੂਪੁ ਧਰਿਓ = ਪ੍ਰਗਟ ਹੋਇਆ ਹੈਂ।

ਅਰਥ: (ਹੇ ਗੁਰੂ!) ਤੇਰੀ ਕਥਾ ਕਥਨ ਤੋਂ ਪਰੇ ਹੈ, ਕਹੀ ਨਹੀਂ ਜਾ ਸਕਦੀ, ਤੂੰ ਤਿੰਨਾਂ ਲੋਕਾਂ ਵਿਚ ਰਮ ਰਿਹਾ ਹੈਂ। ਹੇ ਸ਼ਾਹਾਂ ਦੇ ਸ਼ਾਹ! ਤੂੰ ਆਪਣੀ ਇੱਛਾ ਨਾਲ ਇਹ (ਮਨੁੱਖ) -ਰੂਪ ਧਾਰਿਆ ਹੈ, ਹੇ ਗੁਰੂ! ਤੂੰ ਅਚਰਜ ਹੈਂ, ਸਤਿ-ਸਰੂਪ ਹੈਂ, ਅਟੱਲ ਹੈਂ, ਤੂੰ ਹੀ ਲਕਸ਼ਮੀ ਦਾ ਆਸਰਾ ਹੈਂ, ਆਦਿ ਪੁਰਖ ਹੈਂ ਤੇ ਸਦਾ-ਥਿਰ ਹੈਂ।3।8।

ਸਤਿਗੁਰੂ ਸਤਿਗੁਰੂ ਸਤਿਗੁਰੁ ਗੁਬਿੰਦ ਜੀਉ ॥ ਬਲਿਹਿ ਛਲਨ ਸਬਲ ਮਲਨ ਭਗ੍ਤਿ ਫਲਨ ਕਾਨ੍ਹ੍ਹ ਕੁਅਰ ਨਿਹਕਲੰਕ ਬਜੀ ਡੰਕ ਚੜ੍ਹੂ ਦਲ ਰਵਿੰਦ ਜੀਉ ॥ ਰਾਮ ਰਵਣ ਦੁਰਤ ਦਵਣ ਸਕਲ ਭਵਣ ਕੁਸਲ ਕਰਣ ਸਰਬ ਭੂਤ ਆਪਿ ਹੀ ਦੇਵਾਧਿ ਦੇਵ ਸਹਸ ਮੁਖ ਫਨਿੰਦ ਜੀਉ ॥ {ਪੰਨਾ 1403}

ਪਦ ਅਰਥ: ਸਬਲ ਮਲਨ = ਬਲ ਵਾਲਿਆਂ ਨੂੰ (ਭਾਵ, ਅਹੰਕਾਰੀਆਂ ਨੂੰ) ਦਲਨ ਵਾਲਾ। ਕਾਨ੍ਹ੍ਹ ਕੁਅਰ = ਕਾਨ੍ਹ ਕੁਮਾਰ। ਚੜ੍ਹੂ ਦਲ ਰਵਿੰਦ ਜੀਉ = ਰਵੀ ਤੇ ਇੰਦ (ਸੂਰਜ ਤੇ ਚੰਦ੍ਰਮਾ) ਦਾ ਦਲ ਤੇਰੇ ਨਾਲ (ਤੇਰੀ ਸੋਭਾ ਵਧਾਉਣ ਲਈ) ਚੜ੍ਹਦਾ ਹੈ। ਰਵਣੁ = ਸਿਮਰਨ ਕਰਨ ਵਾਲਾ। ਦੁਰਤ ਦਵਣ = ਪਾਪਾਂ ਦਾ ਨਾਸ ਕਰਨ ਵਾਲਾ। ਸਕਲ ਭਵਣ = ਵਿਆਪਕ ਸਭ ਥਾਈਂ। ਕੁਸਲ = ਆਨੰਦ, ਸੁਖ। ਭੂਤ = ਜੀਵ। ਦੇਵਾਧਿ ਦੇਵ = ਦੇਵਾਂ ਦਾ ਅਧਿਦੇਵ, ਦੇਵਤਿਆਂ ਦਾ ਦੇਵਤਾ। ਫਨਿੰਦ = ਸ਼ੇਸ਼ਨਾਗ, ਫਨੀਅਰ। ਸਹਸ ਮੁਖ = ਹਜ਼ਾਰਾਂ ਫਣਾਂ ਵਾਲਾ।

ਅਰਥ: ਸਤਿਗੁਰੂ ਗੋਬਿੰਦ-ਰੂਪ ਹੈ। (ਮੇਰੇ ਵਾਸਤੇ ਤਾਂ) ਸਤਿਗੁਰੂ ਹੀ ਹੈ (ਉਹ) ਜਿਸ ਨੇ ਰਾਜਾ ਬਲੀ ਨੂੰ ਛਲਿਆ ਸੀ, ਆਪ ਅਹੰਕਾਰੀਆਂ ਦਾ ਮਾਨ ਤੋੜਨ ਵਾਲੇ ਹਨ, ਭਗਤੀ ਦਾ ਫਲ ਦੇਣ ਵਾਲੇ ਹਨ। (ਮੇਰੇ ਵਾਸਤੇ ਤਾਂ) ਗੁਰੂ ਹੀ ਕਾਨ੍ਹ ਕੁਮਾਰ ਹੈ। (ਆਪ ਵਿਚ) ਕੋਈ ਕਲੰਕ ਨਹੀਂ ਹੈ, ਆਪ ਦਾ ਡੰਕਾ ਵੱਜ ਰਿਹਾ ਹੈ, ਸੂਰਜ ਤੇ ਚੰਦ੍ਰਮਾ ਦਾ ਦਲ ਆਪ ਦੀ ਹੀ ਸੋਭਾ ਵਧਾਉਣ ਲਈ ਚੜ੍ਹਦਾ ਹੈ। ਆਪ ਅਕਾਲ ਪੁਰਖ ਦਾ ਸਿਮਰਨ ਕਰਦੇ ਹਨ, ਪਾਪਾਂ ਦੇ ਦੂਰ ਕਰਨ ਵਾਲੇ ਹਨ, ਸਭ ਥਾਈਂ ਸੁਖ ਪੈਦਾ ਕਰਨ ਵਾਲੇ ਹਨ, ਸਾਰੇ ਜੀਆਂ ਵਿਚ ਆਪ ਹੀ ਹਨ, ਆਪ ਹੀ ਦੇਵਤਿਆਂ ਦੇ ਦੇਵਤਾ ਹਨ। ਅਤੇ (ਮੇਰੇ ਵਾਸਤੇ ਤਾਂ) ਹਜ਼ਾਰਾਂ ਮੂੰਹਾਂ ਵਾਲਾ ਸ਼ੇਸ਼ਨਾਗ ਭੀ ਆਪ ਹੀ ਹਨ।

ਜਰਮ ਕਰਮ ਮਛ ਕਛ ਹੁਅ ਬਰਾਹ ਜਮੁਨਾ ਕੈ ਕੂਲਿ ਖੇਲੁ ਖੇਲਿਓ ਜਿਨਿ ਗਿੰਦ ਜੀਉ ॥ ਨਾਮੁ ਸਾਰੁ ਹੀਏ ਧਾਰੁ ਤਜੁ ਬਿਕਾਰੁ ਮਨ ਗਯੰਦ ਸਤਿਗੁਰੂ ਸਤਿਗੁਰੂ ਸਤਿਗੁਰ ਗੁਬਿੰਦ ਜੀਉ ॥੪॥੯॥ {ਪੰਨਾ 1403}

ਪਦ ਅਰਥ: ਹੁਅ = ਹੋ ਕੇ। ਕਰਮ = ਕੰਮ। ਜਰਮ ਹੁਅ = ਜਨਮ ਲੈ ਕੇ। ਕੂਲਿ = ਕੰਢੇ ਤੇ। ਖੇਲੁ ਗਿੰਦ = ਗੇਂਦ ਦੀ ਖੇਲ। ਜਿਨਿ = ਜਿਸ ਨੇ। ਸਾਰੁ = ਸ੍ਰੇਸ਼ਟ। ਹੀਏ = ਹਿਰਦੇ ਵਿਚ। ਧਾਰ = ਟਿਕਾ ਰੱਖ। ਮਨ ਗਯੰਦ = ਹੇ ਗਯੰਦ ਦੇ ਮਨ! ਗਯੰਦ = ਭੱਟ ਦਾ ਨਾਮ ਹੈ।

ਅਰਥ: (ਮੇਰੇ ਵਾਸਤੇ ਤਾਂ ਗੋਬਿੰਦ-ਰੂਪ ਸਤਿਗੁਰੂ ਹੀ ਹੈ ਉਹ) ਜਿਸ ਨੇ ਮੱਛ ਕੱਛ ਤੇ ਵਰਾਹ ਦੇ ਜਨਮ ਲੈ ਕੇ ਕਈ ਕੰਮ ਕੀਤੇ, ਜਿਸ ਨੇ ਜਮੁਨਾ ਦੇ ਕੰਢੇ ਉੱਤੇ ਗੇਂਦ ਦੀ ਖੇਡ ਖੇਡੀ ਸੀ। ਹੇ ਗਯੰਦ ਦੇ ਮਨ! (ਇਸ ਸਤਿਗੁਰੂ ਦਾ) ਸ੍ਰੇਸ਼ਟ ਨਾਮ ਹਿਰਦੇ ਵਿਚ ਧਾਰ ਤੇ ਵਿਕਾਰ ਛੱਡ ਦੇਹ; ਇਹ ਗੁਰੂ ਉਹੀ ਗੋਬਿੰਦ ਹੈ।4।9।

ਸਿਰੀ ਗੁਰੂ ਸਿਰੀ ਗੁਰੂ ਸਿਰੀ ਗੁਰੂ ਸਤਿ ਜੀਉ ॥ ਗੁਰ ਕਹਿਆ ਮਾਨੁ ਨਿਜ ਨਿਧਾਨੁ ਸਚੁ ਜਾਨੁ ਮੰਤ੍ਰੁ ਇਹੈ ਨਿਸਿ ਬਾਸੁਰ ਹੋਇ ਕਲ੍ਯ੍ਯਾਨੁ ਲਹਹਿ ਪਰਮ ਗਤਿ ਜੀਉ ॥ ਕਾਮੁ ਕ੍ਰੋਧੁ ਲੋਭੁ ਮੋਹੁ ਜਣ ਜਣ ਸਿਉ ਛਾਡੁ ਧੋਹੁ ਹਉਮੈ ਕਾ ਫੰਧੁ ਕਾਟੁ ਸਾਧਸੰਗਿ ਰਤਿ ਜੀਉ ॥ {ਪੰਨਾ 1403}

ਪਦ ਅਰਥ: ਸਤਿ = ਸਦਾ ਅਟੱਲ। ਨਿਜ = ਆਪਣਾ (ਭਾਵ, ਨਾਲ ਨਿਭਣ ਵਾਲਾ) । ਨਿਧਾਨੁ = ਖ਼ਜ਼ਾਨਾ। ਸਚੁ ਜਾਣੁ = ਨਿਸਚੇ ਜਾਣ, ਸਹੀ ਸਮਝ। ਨਿਸਿ = ਰਾਤ। ਬਾਸੁਰ = ਦਿਨ। ਕਲ੍ਯ੍ਯਾਨੁ = ਸੁਖ। ਲਹਹਿ = ਪ੍ਰਾਪਤ ਕਰੇਂਗਾ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ। ਧੋਹੁ = ਠੱਗੀ। ਜਣ ਜਣ ਸਿਉ = ਧਿਰ ਧਿਰ ਨਾਲ। ਫੰਧੁ = ਫਾਹੀ। ਰਤਿ = ਪਿਆਰ।

ਅਰਥ: ਸਤਿਗੁਰੂ ਹੀ ਸਦਾ-ਥਿਰ ਹੈ। (ਹੇ ਮਨ!) ਸਤਿਗੁਰੂ ਦਾ ਬਚਨ ਮੰਨ, ਇਹੀ ਨਾਲ ਨਿਭਣ ਵਾਲਾ ਖ਼ਜ਼ਾਨਾ ਹੈ; ਨਿਸ਼ਚਾ ਕਰ ਕੇ ਮੰਨ ਕਿ ਇਹੀ ਮੰਤ੍ਰ ਹੈ (ਜਿਸ ਨਾਲ ਤੈਨੂੰ) ਦਿਨ ਰਾਤ ਸੁਖ ਹੋਇਆ ਤੇ ਤੂੰ ਉੱਚੀ ਪਦਵੀ ਪਾ ਲਏਂਗਾ। ਕਾਮ, ਕ੍ਰੋਧ, ਲੋਭ, ਮੋਹ ਅਤੇ ਜਣੇ ਖਣੇ ਨਾਲ ਠੱਗੀ ਕਰਨੀ ਛੱਡ ਦੇਹ; ਹਉਮੈ ਦੀ ਫਾਹੀ (ਭੀ) ਦੂਰ ਕਰ ਤੇ ਸਾਧ ਸੰਗਤਿ ਵਿਚ ਪਿਆਰ ਪਾ।

ਦੇਹ ਗੇਹੁ ਤ੍ਰਿਅ ਸਨੇਹੁ ਚਿਤ ਬਿਲਾਸੁ ਜਗਤ ਏਹੁ ਚਰਨ ਕਮਲ ਸਦਾ ਸੇਉ ਦ੍ਰਿੜਤਾ ਕਰੁ ਮਤਿ ਜੀਉ ॥ ਨਾਮੁ ਸਾਰੁ ਹੀਏ ਧਾਰੁ ਤਜੁ ਬਿਕਾਰੁ ਮਨ ਗਯੰਦ ਸਿਰੀ ਗੁਰੂ ਸਿਰੀ ਗੁਰੂ ਸਿਰੀ ਗੁਰੂ ਸਤਿ ਜੀਉ ॥੫॥੧੦॥ {ਪੰਨਾ 1403}

ਪਦ ਅਰਥ: ਦੇਹ = ਸਰੀਰ। ਗੇਹੁ = ਗਰ। ਤ੍ਰਿਅ ਸਨੇਹੁ = ਇਸਤ੍ਰੀ ਦਾ ਪਿਆਰ। ਚਿਤ ਬਿਲਾਸੁ = ਮਨ ਦੀ ਖੇਡ। ਸੇਉ = ਸਿਮਰ। ਦ੍ਰਿੜਤਾ = ਪਕਿਆਈ, ਸਿਦਕ।

ਅਰਥ: ਇਹ ਸਰੀਰ, ਘਰ, ਇਸਤ੍ਰੀ ਦਾ ਪਿਆਰ, ਇਹ (ਸਾਰਾ) ਸੰਸਾਰ ਮਨ ਦੀ (ਹੀ) ਖੇਡ ਹੈ। (ਸਤਿਗੁਰੂ ਦੇ) ਚਰਨ ਕਮਲਾਂ ਦਾ ਸਿਮਰਨ ਕਰ, (ਆਪਣੀ) ਮਤਿ ਵਿਚ ਇਹੀ ਭਾਵ ਦ੍ਰਿੜ੍ਹ ਕਰ। ਹੇ ਗਯੰਦ ਦੇ ਮਨ! (ਸਤਿਗੁਰੂ ਦਾ) ਸ੍ਰੇਸ਼ਟ ਨਾਮ ਹਿਰਦੇ ਵਿਚ ਧਾਰ ਤੇ ਵਿਕਾਰ ਛੱਡ ਦੇਹ; ਸਤਿਗੁਰੂ (ਹੀ) ਸਦਾ-ਥਿਰ ਹੈ।5।

ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਗੁਰੂ ਤੇਰਾ ਸਭੁ ਸਦਕਾ ॥ ਨਿਰੰਕਾਰੁ ਪ੍ਰਭੁ ਸਦਾ ਸਲਾਮਤਿ ਕਹਿ ਨ ਸਕੈ ਕੋਊ ਤੂ ਕਦ ਕਾ ॥ ਬ੍ਰਹਮਾ ਬਿਸਨੁ ਸਿਰੇ ਤੈ ਅਗਨਤ ਤਿਨ ਕਉ ਮੋਹੁ ਭਯਾ ਮਨ ਮਦ ਕਾ ॥ {ਪੰਨਾ 1403}

ਪਦ ਅਰਥ: ਸੇਵਕ ਕੈ = ਸੇਵਕਾਂ ਦੇ (ਹਿਰਦੇ-ਰੂਪ ਘਰ ਵਿਚ) । ਭਰਪੂਰ = ਨਕਾ-ਨਕ, ਵਿਆਪਕ। ਜੁਗੁ ਜੁਗੁ = ਸਦਾ। ਵਾਹ = ਧੰਨ ਹੈਂ ਤੂੰ। ਗੁਰੂ = ਹੇ ਗੁਰੂ! ਸਦਕਾ = ਬਰਕਤਿ। ਸਲਾਮਤਿ = ਥਿਰ, ਅਟੱਲ। ਸਿਰੇ = ਪੈਦਾ ਕੀਤੇ। ਤੈ = ਤੈਂ, ਤੂੰ ਹੀ। ਅਗਨਤ = (ਅ-ਗਨਤ) ਬੇਅੰਤ। ਮੋਹੁ ਮਨ ਮਦ ਕਾ = ਮਨ ਦੇ ਅਹੰਕਾਰ ਦਾ ਮੋਹ।

ਅਰਥ: ਹੇ ਗੁਰੂ! ਤੂੰ ਧੰਨ ਹੈਂ! ਤੂੰ ਆਪਣੇ ਸੇਵਕਾਂ ਦੇ ਹਿਰਦੇ ਵਿਚ ਸਦਾ ਹਾਜ਼ਰ-ਨਾਜ਼ਰ ਹੈਂ, ਤੇਰੀ ਹੀ ਸਾਰੀ ਬਰਕਤਿ ਹੈ; ਤੂੰ ਨਿਰੰਕਾਰ (-ਰੂਪ) ਹੈਂ, ਪ੍ਰਭੂ (-ਰੂਪ) ਹੈਂ, ਸਦਾ-ਥਿਰ ਹੈਂ। ਕੋਈ ਨਹੀਂ ਆਖ ਸਕਦਾ, ਤੂੰ ਕਦੋਂ ਦਾ ਹੈਂ। (ਹੇ ਗੁਰੂ!) ਤੂੰ ਹੀ ਅਗਿਣਤ ਬ੍ਰਹਮਾ ਤੇ ਵਿਸ਼ਨੂੰ ਪੈਦਾ ਕੀਤੇ ਹਨ, ਅਤੇ ਉਹਨਾਂ ਨੂੰ ਆਪਣੇ ਮਨ ਦੇ ਅਹੰਕਾਰ ਦਾ ਮੋਹ ਹੋ ਗਿਆ।

ਚਵਰਾਸੀਹ ਲਖ ਜੋਨਿ ਉਪਾਈ ਰਿਜਕੁ ਦੀਆ ਸਭ ਹੂ ਕਉ ਤਦ ਕਾ ॥ ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਗੁਰੂ ਤੇਰਾ ਸਭੁ ਸਦਕਾ ॥੧॥੧੧॥ {ਪੰਨਾ 1403}

ਪਦ ਅਰਥ: ਤਦ ਕਾ = ਤਦੋਂ ਤੋਂ, ਜਦੋਂ ਪੈਦਾ ਕੀਤੀ।

ਅਰਥ: (ਹੇ ਗੁਰੂ! ਤੂੰ ਹੀ) ਚੌਰਾਸੀ ਲੱਖ ਜੂਨ ਪੈਦਾ ਕੀਤੀ ਹੈ, ਅਤੇ ਸਾਰਿਆਂ ਨੂੰ ਤਦੋਂ ਤੋਂ ਹੀ ਰਿਜ਼ਕ ਦੇ ਰਿਹਾ ਹੈਂ। ਹੇ ਗੁਰੂ! ਤੂੰ ਧੰਨ ਹੈਂ! ਤੂੰ ਆਪਣੇ ਸੇਵਕਾਂ ਦੇ ਹਿਰਦੇ ਵਿਚ ਸਦਾ ਹਾਜ਼ਰ-ਨਾਜ਼ਰ ਹੈਂ, ਤੇਰੀ ਹੀ ਸਾਰੀ ਬਰਕਤਿ ਹੈ।1।11।

ਵਾਹੁ ਵਾਹੁ ਕਾ ਬਡਾ ਤਮਾਸਾ ॥ ਆਪੇ ਹਸੈ ਆਪਿ ਹੀ ਚਿਤਵੈ ਆਪੇ ਚੰਦੁ ਸੂਰੁ ਪਰਗਾਸਾ ॥ ਆਪੇ ਜਲੁ ਆਪੇ ਥਲੁ ਥੰਮ੍ਹ੍ਹਨੁ ਆਪੇ ਕੀਆ ਘਟਿ ਘਟਿ ਬਾਸਾ ॥ {ਪੰਨਾ 1403}

ਪਦ ਅਰਥ: ਵਾਹੁ ਵਾਹੁ = ਧੰਨਯਤਾ-ਯੋਗ ਗੁਰੂ, ਬਰਕਤਿ ਵਾਲਾ ਗੁਰੂ। ਤਮਾਸਾ = ਸੰਸਾਰ-ਰੂਪ ਖੇਡ। ਚਿਤਵੈ = ਵਿਚਾਰਦਾ ਹੈ। ਥੰਮ੍ਹ੍ਹਨੁ = ਆਸਰਾ, ਥੰਮ੍ਹ। ਬਾਸਾ = ਟਿਕਾਣਾ। ਘਟਿ ਘਟਿ = ਹਰੇਕ ਹਿਰਦੇ ਵਿਚ।

ਅਰਥ: ਬਰਕਤਿ ਵਾਲੇ ਗੁਰੂ (ਰਾਮਦਾਸ) ਦਾ (ਸੰਸਾਰ-ਰੂਪ ਇਹ) ਵੱਡਾ ਖੇਲ ਹੋ ਰਿਹਾ ਹੈ, (ਸਰਬ-ਵਿਆਪਕ ਪ੍ਰਭੂ ਦਾ ਰੂਪ ਗੁਰੂ) ਆਪ ਹੀ ਹੱਸ ਰਿਹਾ ਹੈ, ਆਪ ਹੀ ਵਿਚਾਰ ਰਿਹਾ ਹੈ, ਆਪ ਹੀ ਚੰਦ ਤੇ ਸੂਰਜ ਨੂੰ ਚਾਨਣ ਦੇ ਰਿਹਾ ਹੈ। (ਉਹ ਗੁਰੂ) ਆਪ ਹੀ ਜਲ ਹੈ, ਆਪ ਹੀ ਧਰਤੀ ਹੈ, ਆਪ ਹੀ ਆਸਰਾ ਹੈ ਤੇ ਉਸ ਨੇ ਆਪ ਹੀ ਹਰੇਕ ਸਰੀਰ ਵਿਚ ਨਿਵਾਸ ਕੀਤਾ ਹੋਇਆ ਹੈ।

ਆਪੇ ਨਰੁ ਆਪੇ ਫੁਨਿ ਨਾਰੀ ਆਪੇ ਸਾਰਿ ਆਪ ਹੀ ਪਾਸਾ ॥ ਗੁਰਮੁਖਿ ਸੰਗਤਿ ਸਭੈ ਬਿਚਾਰਹੁ ਵਾਹੁ ਵਾਹੁ ਕਾ ਬਡਾ ਤਮਾਸਾ ॥੨॥੧੨॥ {ਪੰਨਾ 1403}

ਪਦ ਅਰਥ: ਨਰ = ਮਨੁੱਖ। ਫੁਨਿ = ਅਤੇ। ਸਾਰਿ = ਨਰਦ। ਪਾਸਾ = ਚੌਂਪੜ। ਗੁਰਮੁਖਿ = ਹੇ ਗੁਰਮੁਖੋ! ਸੰਗਤਿ = ਸੰਗਤਿ ਵਿਚ। ਸਭੈ = ਸਾਰੇ।

ਅਰਥ: (ਸਰਬ-ਵਿਆਪਕ ਪ੍ਰਭੂ ਦਾ ਰੂਪ ਗੁਰੂ ਰਾਮਦਾਸ) ਆਪ ਹੀ ਮਨੁੱਖ ਹੈ ਅਤੇ ਆਪ ਹੀ ਇਸਤ੍ਰੀ ਹੈ; ਆਪ ਹੀ ਨਰਦ ਹੈ ਤੇ ਆਪ ਹੀ ਚੌਂਪੜ ਹੈ। ਹੇ ਗੁਰਮੁਖੋ! ਸੰਗਤਿ ਵਿਚ ਰਲ ਕੇ ਸਾਰੇ ਵਿਚਾਰ ਕਰੋ, ਬਰਕਤਿ ਵਾਲੇ ਗੁਰੂ (ਰਾਮਦਾਸ ਜੀ) ਦਾ (ਸੰਸਾਰ-ਰੂਪ) ਇਹ ਖੇਡ ਹੋ ਰਿਹਾ ਹੈ।2।12।

ਕੀਆ ਖੇਲੁ ਬਡ ਮੇਲੁ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ ॥ ਤੂ ਜਲਿ ਥਲਿ ਗਗਨਿ ਪਯਾਲਿ ਪੂਰਿ ਰਹ੍ਯ੍ਯਾ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ ॥ {ਪੰਨਾ 1403}

ਪਦ ਅਰਥ: ਖੇਲੁ = ਖੇਡ। ਮੇਲੁ = ਮੇਲਾ, ਤੱਤਾਂ ਦਾ ਮਿਲਾਪ। ਤਮਾਸਾ = ਕੌਤਕ। ਵਾਹਿ = ਧੰਨ। ਗੁਰੂ = ਹੇ ਗੁਰੂ! ਰਚਨਾ = ਸ੍ਰਿਸ਼ਟੀ। ਜਲਿ = ਜਲ ਵਿਚ। ਥਲਿ = ਥਲ ਵਿਚ। ਗਗਨਿ = ਅਕਾਸ਼ ਉਤੇ। ਪਯਾਲਿ = ਪਾਤਾਲ ਵਿਚ। ਪੂਰਿ ਰਹ੍ਯ੍ਯਾ = ਵਿਆਪਕ ਹੈਂ। ਜਾ ਕੇ = ਜਿਸ ਦੇ।

ਅਰਥ: ਹੇ ਗੁਰੂ! ਤੂੰ ਧੰਨ ਹੈਂ; ਇਹ ਸ੍ਰਿਸ਼ਟੀ ਸਭ ਤੇਰੀ (ਕੀਤੀ ਹੋਈ) ਹੈ; ਤੂੰ (ਤੱਤਾਂ ਦਾ) ਮੇਲ (ਕਰ ਕੇ) ਇਕ ਖੇਲ ਤੇ ਤਮਾਸ਼ਾ ਰਚਾ ਦਿੱਤਾ ਹੈ। ਤੂੰ ਜਲ ਵਿਚ, ਪ੍ਰਿਥਵੀ ਤੇ, ਅਕਾਸ਼ ਉਤੇ, ਪਾਤਾਲ ਵਿਚ, (ਸਭ ਥਾਈਂ) ਵਿਆਪਕ ਹੈਂ; ਤੇਰੇ ਬਚਨ ਅੰਮ੍ਰਿਤ ਨਾਲੋਂ ਭੀ ਮਿੱਠੇ ਹਨ।

TOP OF PAGE

Sri Guru Granth Darpan, by Professor Sahib Singh