ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1404 ਮਾਨਹਿ ਬ੍ਰਹਮਾਦਿਕ ਰੁਦ੍ਰਾਦਿਕ ਕਾਲ ਕਾ ਕਾਲੁ ਨਿਰੰਜਨ ਜਚਨਾ ॥ ਗੁਰ ਪ੍ਰਸਾਦਿ ਪਾਈਐ ਪਰਮਾਰਥੁ ਸਤਸੰਗਤਿ ਸੇਤੀ ਮਨੁ ਖਚਨਾ ॥ ਕੀਆ ਖੇਲੁ ਬਡ ਮੇਲੁ ਤਮਾਸਾ ਵਾਹਗੁਰੂ ਤੇਰੀ ਸਭ ਰਚਨਾ ॥੩॥੧੩॥੪੨॥ {ਪੰਨਾ 1404} ਪਦ ਅਰਥ: ਮਾਨਹਿ = ਸੇਉਂਦੇ ਹਨ, ਮੰਨਦੇ ਹਨ। ਜਚਨਾ = ਮੰਗਦੇ ਹਨ, ਜਾਚਨਾ (ਕਰਦੇ ਹਨ) । ਗੁਰ ਪ੍ਰਸਾਦਿ = ਹੇ ਗੁਰੂ! ਤੇਰੀ ਕ੍ਰਿਪਾ ਨਾਲ, ਤੈਂ ਗੁਰੂ ਦੀ ਕ੍ਰਿਪਾ ਨਾਲ। ਪਰਮਾਰਥੁ = ਉੱਚੀ ਪਦਵੀ। ਸੇਤੀ = ਨਾਲ। ਖਚਨਾ = ਜੁੜ ਜਾਂਦਾ ਹੈ। ਅਰਥ: ਹੇ ਗੁਰੂ! ਬ੍ਰਹਮਾ ਤੇ ਰੁਦ੍ਰ (ਸ਼ਿਵ) ਆਦਿਕ (ਤੈਨੂੰ) ਸੇਉਂਦੇ ਹਨ, ਤੂੰ ਕਾਲ ਦਾ ਭੀ ਕਾਲ ਹੈਂ, (ਤੂੰ) ਮਾਇਆ ਤੋਂ ਰਹਤ (ਹਰੀ) ਹੈਂ, (ਸਭ ਲੋਕ ਤੈਥੋਂ) ਮੰਗਦੇ ਹਨ। ਹੇ ਗੁਰੂ! ਤੇਰੀ ਹੀ ਕ੍ਰਿਪਾ ਨਾਲ ਉੱਚੀ ਪਦਵੀ ਮਿਲਦੀ ਹੈ, ਅਤੇ ਸਤਸੰਗ ਵਿਚ ਮਨ ਜੁੜ ਜਾਂਦਾ ਹੈ। ਹੇ ਗੁਰੂ! ਤੂੰ ਧੰਨ ਹੈਂ, ਇਹ ਰਚਨਾ ਤੇਰੀ ਹੀ ਹੈ; (ਤੱਤਾਂ ਦਾ) ਮੇਲ (ਕਰ ਕੇ) ਤੂੰ ਇਹ ਤਮਾਸ਼ਾ ਤੇ ਖੇਲ ਰਚਾ ਦਿੱਤਾ ਹੈ।3।13।42। ਇਹਨਾਂ ਉਪਰਲੇ 42 ਸਵਈਆਂ ਦਾ ਵੇਰਵਾ ਇਉਂ ਹੈ: ਪਹਿਲੇ 13 ਸਵਈਏ ਭੱਟ ਕਲ੍ਯ੍ਯਸਹਾਰ ਦੇ। ਅਗਲੇ 16 ਸਵਈਏ ਭੱਟ ਨਲ੍ਯ੍ਯ ਦੇ। ਅਖ਼ੀਰਲੇ 13 ਸਵਈਏ ਗਯੰਦ ਦੇ। ਜੋੜ = 42। ਅਗਮੁ ਅਨੰਤੁ ਅਨਾਦਿ ਆਦਿ ਜਿਸੁ ਕੋਇ ਨ ਜਾਣੈ ॥ ਸਿਵ ਬਿਰੰਚਿ ਧਰਿ ਧ੍ਯ੍ਯਾਨੁ ਨਿਤਹਿ ਜਿਸੁ ਬੇਦੁ ਬਖਾਣੈ ॥ {ਪੰਨਾ 1404} ਪਦ ਅਰਥ: ਅਗਮੁ = ਅਪਹੁੰਚ। ਅਨੰਤੁ = ਬੇਅੰਤ। ਅਨਾਦਿ = (ਅਨ-ਆਦਿ) ਜਿਸ ਦਾ ਮੁੱਢ ਲੱਭ ਨਹੀਂ ਸਕਦਾ। ਆਦਿ = ਮੁੱਢ। ਬਿਰੰਚਿ = ਬ੍ਰਹਮਾ। ਨਿਤਹਿ = ਸਦਾ। ਬਖਾਣੈ = ਬਿਆਨ ਕਰਦਾ ਹੈ। ਅਰਥ: ਜੋ ਅਕਾਲ ਪੁਰਖ ਅਪਹੁੰਚ ਹੈ, ਅਨੰਤ ਹੈ, ਅਨਾਦਿ ਹੈ, ਜਿਸ ਦਾ ਮੁੱਢ ਕੋਈ ਨਹੀਂ ਜਾਣਦਾ, ਜਿਸ ਦਾ ਧਿਆਨ ਸਦਾ ਸ਼ਿਵ ਤੇ ਬ੍ਰਹਮਾ ਧਰ ਰਹੇ ਹਨ ਤੇ ਜਿਸ ਦੇ (ਗੁਣਾਂ) ਨੂੰ ਵੇਦ ਵਰਣਨ ਕਰ ਰਿਹਾ ਹੈ। ਨਿਰੰਕਾਰੁ ਨਿਰਵੈਰੁ ਅਵਰੁ ਨਹੀ ਦੂਸਰ ਕੋਈ ॥ ਭੰਜਨ ਗੜ੍ਹਣ ਸਮਥੁ ਤਰਣ ਤਾਰਣ ਪ੍ਰਭੁ ਸੋਈ ॥ {ਪੰਨਾ 1404} ਪਦ ਅਰਥ: ਭੰਜਨ ਗੜ੍ਹਣ ਸਮਥੁ = ਜੀਵਾਂ ਨੂੰ ਨਾਸ ਕਰਨ ਤੇ ਪੈਦਾ ਕਰਨ ਦੇ ਸਮਰੱਥ। ਤਰਣ ਤਾਰਣ = ਤਾਰਣ ਲਈ ਜਹਾਜ਼। ਤਰਣ = ਜਹਾਜ਼। ਅਰਥ: ਉਹ ਅਕਾਲ ਪੁਰਖ ਅਕਾਰ-ਰਹਿਤ ਹੈ, ਵੈਰ-ਰਹਿਤ ਹੈ, ਕੋਈ ਹੋਰ ਉਸ ਦੇ ਸਮਾਨ ਨਹੀਂ ਹੈ, ਉਹ ਜੀਵਾਂ ਨੂੰ ਪੈਦਾ ਕਰਨ ਤੇ ਮਾਰਨ ਦੀ ਤਾਕਤ ਰੱਖਣ ਵਾਲਾ ਹੈ, ਉਹ ਪ੍ਰਭੂ (ਜੀਵਾਂ ਨੂੰ ਸੰਸਾਰ-ਸਾਗਰ ਤੋਂ) ਤਾਰਣ ਲਈ ਜਹਾਜ਼ ਹੈ। ਨਾਨਾ ਪ੍ਰਕਾਰ ਜਿਨਿ ਜਗੁ ਕੀਓ ਜਨੁ ਮਥੁਰਾ ਰਸਨਾ ਰਸੈ ॥ ਸ੍ਰੀ ਸਤਿ ਨਾਮੁ ਕਰਤਾ ਪੁਰਖੁ ਗੁਰ ਰਾਮਦਾਸ ਚਿਤਹ ਬਸੈ ॥੧॥ {ਪੰਨਾ 1404} ਪਦ ਅਰਥ: ਨਾਨਾ ਪ੍ਰਕਾਰ = ਕਈ ਤਰ੍ਹਾਂ ਦਾ। ਜਿਨਿ = ਜਿਸ (ਅਕਾਲ ਪੁਰਖ) ਨੇ। ਰਸਨਾ ਰਸੈ = ਜੀਭ ਨਾਲ (ਉਸ ਨੂੰ) ਜਪਦਾ ਹੈ। ਗੁਰ ਰਾਮਦਾਸ ਚਿਤਹ = ਗੁਰੂ ਰਾਮਦਾਸ ਦੇ ਹਿਰਦੇ ਵਿਚ। ਅਰਥ: ਜਿਸ ਅਕਾਲ ਪੁਰਖ ਨੇ ਕਈ ਤਰ੍ਹਾਂ ਦਾ ਜਗਤ ਰਚਿਆ ਹੈ, ਉਸ ਨੂੰ ਦਾਸ ਮਥੁਰਾ ਜੀਭ ਨਾਲ ਜਪਦਾ ਹੈ। ਉਹੀ ਸਤਿਨਾਮੁ ਕਰਤਾ ਪੁਰਖ ਗੁਰੂ ਰਾਮਦਾਸ ਜੀ ਦੇ ਹਿਰਦੇ ਵਿਚ ਵੱਸਦਾ ਹੈ।1। ਗੁਰੂ ਸਮਰਥੁ ਗਹਿ ਕਰੀਆ ਧ੍ਰੁਵ ਬੁਧਿ ਸੁਮਤਿ ਸਮ੍ਹਾਰਨ ਕਉ ॥ ਫੁਨਿ ਧ੍ਰੰਮ ਧੁਜਾ ਫਹਰੰਤਿ ਸਦਾ ਅਘ ਪੁੰਜ ਤਰੰਗ ਨਿਵਾਰਨ ਕਉ ॥ {ਪੰਨਾ 1404} ਪਦ ਅਰਥ: ਗਹਿ ਕਰੀਆ = ਪਕੜ ਲਿਆ ਹੈ (ਭਾਵ, ਸਰਨ ਲਈ ਹੈ) । ਧ੍ਰੁਵ = ਅਡੋਲ। ਸੁਮਤਿ = ਚੰਗੀ ਮਤਿ। ਸਮਾਰਨ ਕਉ = ਸੰਭਾਲਣ ਲਈ, ਪ੍ਰਾਪਤ ਕਰਨ ਲਈ। ਧ੍ਰੰਮ ਧੁਜਾ = ਧਰਮ ਦਾ ਝੰਡਾ। ਫਹਰੰਤਿ = ਝੁੱਲ ਰਿਹਾ ਹੈ। ਅਘ = ਪਾਪ। ਪੁੰਜ = ਸਮੂਹ, ਢੇਰ। ਤਰੰਗ = ਲਹਿਰਾਂ। ਅਰਥ: ਜਿਸ ਸਮਰੱਥ ਗੁਰੂ ਦਾ ਧਰਮ ਦਾ ਝੰਡਾ ਸਦਾ ਝੁੱਲ ਰਿਹਾ ਹੈ, ਮੈਂ ਉਸ ਦੀ ਸਰਨ ਲਈ ਹੈ; (ਕਿਉਂ?) ਅਡੋਲ ਬੁੱਧ ਤੇ ਉੱਚੀ ਮੱਤ ਪ੍ਰਾਪਤ ਕਰਨ ਲਈ, ਅਤੇ ਪਾਪਾਂ ਦੇ ਪੁੰਜ ਤੇ ਤਰੰਗ (ਆਪਣੇ ਅੰਦਰੋਂ) ਦੂਰ ਕਰਨ ਲਈ। ਮਥੁਰਾ ਜਨ ਜਾਨਿ ਕਹੀ ਜੀਅ ਸਾਚੁ ਸੁ ਅਉਰ ਕਛੂ ਨ ਬਿਚਾਰਨ ਕਉ ॥ ਹਰਿ ਨਾਮੁ ਬੋਹਿਥੁ ਬਡੌ ਕਲਿ ਮੈ ਭਵ ਸਾਗਰ ਪਾਰਿ ਉਤਾਰਨ ਕਉ ॥੨॥ {ਪੰਨਾ 1404} ਪਦ ਅਰਥ: ਜਾਨਿ ਕਹੀ ਜੀਅ = ਹਿਰਦੇ ਵਿਚ ਸੋਚ ਕੇ ਆਖੀ ਹੈ। ਬਿਚਾਰਨ ਕਉ = ਵਿਚਾਰਨ-ਜੋਗ ਗੱਲ। ਅਉਰ ਕਛੂ = ਹੋਰ ਕੋਈ ਗੱਲ। ਬੋਹਿਥੁ = ਜਹਾਜ਼। ਕਲਿ ਮੈ = ਕਲਜੁਗ ਵਿੱਚ। ਅਰਥ: ਦਾਸ ਮਥੁਰਾ ਨੇ ਹਿਰਦੇ ਵਿਚ ਸੋਚ-ਸਮਝ ਕੇ ਇਹ ਸੱਚ ਆਖਿਆ ਹੈ, ਇਸ ਤੋਂ ਬਿਨਾ ਕੋਈ ਹੋਰ ਵਿਚਾਰਨ-ਜੋਗ ਗੱਲ ਨਹੀਂ ਹੈ, ਕਿ ਸੰਸਾਰ-ਸਾਗਰ ਤੋਂ ਪਾਰ ਉਤਾਰਨ ਲਈ ਹਰੀ ਦਾ ਨਾਮ ਹੀ ਕਲਜੁਗ ਵਿਚ ਵੱਡਾ ਜਹਾਜ਼ ਹੈ (ਅਤੇ ਉਹ ਨਾਮ ਸਮਰੱਥ ਗੁਰੂ ਤੋਂ ਮਿਲਦਾ ਹੈ) ।2। ਸੰਤਤ ਹੀ ਸਤਸੰਗਤਿ ਸੰਗ ਸੁਰੰਗ ਰਤੇ ਜਸੁ ਗਾਵਤ ਹੈ ॥ ਧ੍ਰਮ ਪੰਥੁ ਧਰਿਓ ਧਰਨੀਧਰ ਆਪਿ ਰਹੇ ਲਿਵ ਧਾਰਿ ਨ ਧਾਵਤ ਹੈ ॥ {ਪੰਨਾ 1404} ਪਦ ਅਰਥ: ਸੰਤਤ ਹੀ = ਸਦਾ ਹੀ, ਇਕ ਰੱਸ (संततं=always) । ਸਤਸੰਗਤਿ ਸੰਗ = ਸਤਸੰਗ ਵਿਚ। ਧਰਿਓ = ਥਾਪਿਆ ਹੈ। ਧਰਨੀਧਰ = ਧਰਤੀ ਦਾ ਆਸਰਾ, ਅਕਾਲ ਪੁਰਖ। ਲਿਵ ਧਰਿ = ਬ੍ਰਿਤੀ ਟਿਕਾ ਕੇ। ਨ ਧਾਵਤ ਹੈ– ਭਟਕਦੇ ਨਹੀਂ। ਅਰਥ: (ਇਹ ਸਤਿਗੁਰੂ ਵਾਲਾ) ਧਰਮ ਦਾ ਰਾਹ ਧਰਤੀ-ਦੇ-ਆਸਰੇ ਹਰੀ ਨੇ ਆਪ ਚਲਾਇਆ ਹੈ। (ਜਿਨ੍ਹਾਂ ਮਨੁੱਖਾਂ ਨੇ ਇਸ ਵਿਚ) ਬ੍ਰਿਤੀ ਜੋੜੀ ਹੈ ਅਤੇ (ਜੋ) ਸਦਾ ਇੱਕ ਰਸ ਸਤਸੰਗ ਵਿਚ (ਜੁੜ ਕੇ) ਸੋਹਣੇ ਰੰਗ ਵਿਚ ਰੰਗੀਜ ਕੇ ਹਰੀ ਦਾ ਜਸ ਗਾਉਂਦੇ ਹਨ, (ਉਹ ਕਿਸੇ ਹੋਰ ਪਾਸੇ) ਭਟਕਦੇ ਨਹੀਂ ਫਿਰਦੇ। ਮਥੁਰਾ ਭਨਿ ਭਾਗ ਭਲੇ ਉਨ੍ਹ੍ਹ ਕੇ ਮਨ ਇਛਤ ਹੀ ਫਲ ਪਾਵਤ ਹੈ ॥ ਰਵਿ ਕੇ ਸੁਤ ਕੋ ਤਿਨ੍ਹ੍ਹ ਤ੍ਰਾਸੁ ਕਹਾ ਜੁ ਚਰੰਨ ਗੁਰੂ ਚਿਤੁ ਲਾਵਤ ਹੈ ॥੩॥ {ਪੰਨਾ 1404} ਪਦ ਅਰਥ: ਭਨਿ = ਆਖ। ਉਨ੍ਹ੍ਹ ਕੇ = ਉਹਨਾਂ ਮਨੁੱਖਾਂ ਦੇ। ਮਨ ਇਛਤ ਫਲ = ਮਨ-ਭਾਉਂਦੇ ਫਲ। ਰਵਿ ਕੇ ਸੁਤ ਕੋ = ਧਰਮ ਰਾਜ ਦਾ। ਤ੍ਰਾਸੁ = ਡਰ। ਕਹਾ = ਕਿਥੇ? ਰਵਿ = ਸੂਰਜ। ਸੁਤ = ਪੁੱਤਰ। ਜੁ = ਜਿਹੜੇ ਬੰਦੇ। ਰਵਿਸੁਤ = ਧਰਮਰਾਜ। ਅਰਥ: ਹੇ ਮਥੁਰਾ! ਆਖ– 'ਜੋ ਮਨੁੱਖ ਗੁਰੂ (ਰਾਮਦਾਸ ਜੀ) ਦੇ ਚਰਨਾਂ ਵਿਚ ਮਨ ਜੋੜਦੇ ਹਨ, ਉਹਨਾਂ ਦੇ ਭਾਗ ਚੰਗੇ ਹਨ, ਉਹ ਮਨ-ਭਾਉਂਦੇ ਫਲ ਪਾਂਦੇ ਹਨ, ਉਹਨਾਂ ਨੂੰ ਧਰਮ ਰਾਜ ਦਾ ਡਰ ਕਿਥੇ ਰਹਿੰਦਾ ਹੈ? (ਬਿਲਕੁਲ ਨਹੀਂ ਰਹਿੰਦਾ) ।3। ਨਿਰਮਲ ਨਾਮੁ ਸੁਧਾ ਪਰਪੂਰਨ ਸਬਦ ਤਰੰਗ ਪ੍ਰਗਟਿਤ ਦਿਨ ਆਗਰੁ ॥ ਗਹਿਰ ਗੰਭੀਰੁ ਅਥਾਹ ਅਤਿ ਬਡ ਸੁਭਰੁ ਸਦਾ ਸਭ ਬਿਧਿ ਰਤਨਾਗਰੁ ॥ {ਪੰਨਾ 1404} ਪਦ ਅਰਥ: ਸੁਧਾ = ਅੰਮ੍ਰਿਤ। ਪਰਪੂਰਨ = ਭਰਿਆ ਹੋਇਆ (ਸਰੋਵਰ) । ਤਰੰਗ = ਲਹਿਰਾਂ। ਦਿਨ ਆਗਰੁ = ਅੰਮ੍ਰਿਤ ਵੇਲੇ। ਗਹਿਰ = ਡੂੰਘਾ। ਸੁਭਰੁ = ਨਕਾ-ਨਕ ਭਰਿਆ ਹੋਇਆ। ਰਤਨਾਗਰ = ਰਤਨਾਂ ਦਾ ਖ਼ਜ਼ਾਨਾ (ਰਤਨ ਆਕਰ = ਰਤਨਾਂ ਦੀ ਖਾਣ) । ਅਰਥ: (ਗੁਰੂ ਰਾਮਦਾਸ ਇਕ ਐਸਾ ਸਰੋਵਰ ਹੈ ਜਿਸ ਵਿਚ ਪਰਮਾਤਮਾ ਦਾ) ਪਵਿੱਤਰ ਨਾਮ-ਅੰਮ੍ਰਿਤ ਭਰਿਆ ਹੋਇਆ ਹੈ (ਉਸ ਵਿਚ) ਅੰਮ੍ਰਿਤ ਵੇਲੇ ਸ਼ਬਦ ਦੀਆਂ ਲਹਿਰਾਂ ਉੱਠਦੀਆਂ ਹਨ, (ਇਹ ਸਰੋਵਰ) ਬੜਾ ਡੂੰਘਾ ਗੰਭੀਰ ਤੇ ਅਥਾਹ ਹੈ, ਸਦਾ ਨਕਾ-ਨਕ ਭਰਿਆ ਰਹਿੰਦਾ ਹੈ ਤੇ ਸਭ ਤਰ੍ਹਾਂ ਦੇ ਰਤਨਾਂ ਦਾ ਖ਼ਜ਼ਾਨਾ ਹੈ। ਸੰਤ ਮਰਾਲ ਕਰਹਿ ਕੰਤੂਹਲ ਤਿਨ ਜਮ ਤ੍ਰਾਸ ਮਿਟਿਓ ਦੁਖ ਕਾਗਰੁ ॥ ਕਲਜੁਗ ਦੁਰਤ ਦੂਰਿ ਕਰਬੇ ਕਉ ਦਰਸਨੁ ਗੁਰੂ ਸਗਲ ਸੁਖ ਸਾਗਰੁ ॥੪॥ {ਪੰਨਾ 1404} ਪਦ ਅਰਥ: ਮਰਾਲ = ਹੰਸ। ਕੰਤੂਹਲ = ਕਲੋਲ। ਦੁਖ ਕਾਗਰੁ = ਦੁੱਖਾਂ ਦਾ ਕਾਗ਼ਜ਼ (ਭਾਵ, ਲੇਖਾ) । ਜਮ ਤ੍ਰਾਸ = ਜਮਾਂ ਦਾ ਡਰ। ਦੁਰਤ = ਪਾਪ। ਕਰਬੇ ਕਉ = ਕਰਨ ਲਈ। ਸਗਲ ਸੁਖ ਸਾਗਰੁ = ਸਾਰੇ ਸੁਖਾਂ ਦਾ ਸਮੁੰਦਰ। ਅਰਥ: (ਉਸ ਸਰੋਵਰ ਵਿਚ) ਸੰਤ-ਹੰਸ ਕਲੋਲ ਕਰਦੇ ਹਨ, ਉਹਨਾਂ ਦਾ ਜਮਾਂ ਦਾ ਡਰ ਤੇ ਦੁੱਖਾਂ ਦਾ ਲੇਖਾ ਮਿਟ ਗਿਆ ਹੁੰਦਾ ਹੈ। ਕਲਜੁਗ ਦੇ ਪਾਪ ਦੂਰ ਕਰਨ ਲਈ ਸਤਿਗੁਰੂ ਦਾ ਦਰਸ਼ਨ ਸਾਰੇ ਸੁਖਾਂ ਦਾ ਸਮੁੰਦਰ ਹੈ।4। ਜਾ ਕਉ ਮੁਨਿ ਧ੍ਯ੍ਯਾਨੁ ਧਰੈ ਫਿਰਤ ਸਗਲ ਜੁਗ ਕਬਹੁ ਕ ਕੋਊ ਪਾਵੈ ਆਤਮ ਪ੍ਰਗਾਸ ਕਉ ॥ ਬੇਦ ਬਾਣੀ ਸਹਿਤ ਬਿਰੰਚਿ ਜਸੁ ਗਾਵੈ ਜਾ ਕੋ ਸਿਵ ਮੁਨਿ ਗਹਿ ਨ ਤਜਾਤ ਕਬਿਲਾਸ ਕੰਉ ॥ {ਪੰਨਾ 1404} ਪਦ ਅਰਥ: ਜਾ ਕਉ = ਜਿਸ (ਦੇ ਦਰਸਨ) ਦੀ ਖ਼ਾਤਰ। ਧਰੈ = ਧਰਦਾ ਹੈ। ਫਿਰਤ ਸਗਲ ਜੁਗ = ਸਾਰੇ ਜੁਗਾਂ ਵਿਚ ਭੌਂਦਾ। ਕਬਹੁ ਕ = ਕਦੇ, ਕਿਸੇ ਵਿਰਲੇ ਸਮੇਂ। ਆਤਮ ਪ੍ਰਗਾਸ = ਅੰਦਰ ਦਾ ਚਾਨਣਾ। ਬਿਰੰਚਿ = (विरंचि) ਬ੍ਰਹਮਾ। ਗਹਿ = ਫੜ ਕੇ। ਨ ਤਜਾਤ = ਨਹੀਂ ਛੱਡਦਾ। ਕਬਿਲਾਸ = ਕੈਲਾਸ਼ ਪਰਬਤ। ਅਰਥ: ਸਾਰੇ ਜੁਗਾਂ ਵਿਚ ਭੌਂਦਾ ਹੋਇਆ ਕੋਈ ਮੁਨੀ ਜਿਸ (ਹਰੀ) ਦੀ ਖ਼ਾਤਰ ਧਿਆਨ ਧਰਦਾ ਹੈ, ਅਤੇ ਕਦੇ ਹੀ ਉਸ ਨੂੰ ਅੰਦਰ ਦਾ ਚਾਨਣਾ ਲੱਭਦਾ ਹੈ, ਜਿਸ ਹਰੀ ਦਾ ਜਸ ਬ੍ਰਹਮਾ ਵੇਦਾਂ ਦੀ ਬਾਣੀ ਸਮੇਤ ਗਾਉਂਦਾ ਹੈ, ਅਤੇ ਜਿਸ ਵਿਚ ਸਮਾਧੀ ਲਾ ਕੇ ਸ਼ਿਵ ਕੈਲਾਸ਼ ਪਰਬਤ ਨਹੀਂ ਛੱਡਦਾ; ਜਾ ਕੌ ਜੋਗੀ ਜਤੀ ਸਿਧ ਸਾਧਿਕ ਅਨੇਕ ਤਪ ਜਟਾ ਜੂਟ ਭੇਖ ਕੀਏ ਫਿਰਤ ਉਦਾਸ ਕਉ ॥ ਸੁ ਤਿਨਿ ਸਤਿਗੁਰਿ ਸੁਖ ਭਾਇ ਕ੍ਰਿਪਾ ਧਾਰੀ ਜੀਅ ਨਾਮ ਕੀ ਬਡਾਈ ਦਈ ਗੁਰ ਰਾਮਦਾਸ ਕਉ ॥੫॥ {ਪੰਨਾ 1404} ਪਦ ਅਰਥ: ਜਾ ਕਉ = ਜਿਸ ਦੀ ਖ਼ਾਤਰ। ਉਦਾਸ ਕਉ = ਉਦਾਸ ਨੂੰ (ਧਾਰ ਕੇ) । ਸੁ ਤਿਨਿ ਸਤਿਗੁਰਿ = ਉਸ ਹਰੀ-ਰੂਪ ਗੁਰੂ (ਅਮਰਦਾਸ ਜੀ) ਨੇ। ਸੁਖ ਭਾਇ = ਸਹਜ ਸੁਭਾਇ। ਜੀਅ = ਜੀਵਾਂ ਉੱਤੇ। ਤਿਨਿ = ਉਸ ਨੇ। ਸਤਿਗੁਰਿ = ਸਤਿਗੁਰ ਨੇ। ਅਰਥ: ਜਿਸ (ਦਾ ਦਰਸਨ ਕਰਨ) ਦੀ ਖ਼ਾਤਰ ਅਨੇਕਾਂ ਜੋਗੀ, ਜਤੀ, ਸਿੱਧ ਤੇ ਸਾਧਿਕ ਤਪ ਕਰਦੇ ਹਨ ਅਤੇ ਜਟਾ-ਜੂਟ ਰਹਿ ਕੇ ਉਦਾਸ-ਭੇਖ ਧਾਰ ਕੇ ਫਿਰਦੇ ਹਨ, ਉਸ (ਹਰੀ-ਰੂਪ) ਗੁਰੂ (ਅਮਰਦਾਸ ਜੀ) ਨੇ ਸਹਜ ਸੁਭਾਇ ਜੀਆਂ ਉਤੇ ਕਿਰਪਾ ਕੀਤੀ ਤੇ ਗੁਰ ਰਾਮਦਾਸ ਜੀ ਨੂੰ ਹਰੀ-ਨਾਮ ਦੀ ਵਡਿਆਈ ਬਖ਼ਸ਼ੀ।5। ਨਾਮੁ ਨਿਧਾਨੁ ਧਿਆਨ ਅੰਤਰਗਤਿ ਤੇਜ ਪੁੰਜ ਤਿਹੁ ਲੋਗ ਪ੍ਰਗਾਸੇ ॥ ਦੇਖਤ ਦਰਸੁ ਭਟਕਿ ਭ੍ਰਮੁ ਭਜਤ ਦੁਖ ਪਰਹਰਿ ਸੁਖ ਸਹਜ ਬਿਗਾਸੇ ॥ {ਪੰਨਾ 1404} ਪਦ ਅਰਥ: ਧਿਆਨ = ਬ੍ਰਿਤੀ। ਅੰਤਰਗਤਿ = ਅੰਦਰ ਵਲ, ਅੰਤਰ-ਮੁਖ। ਤਿਹੁ ਲੋਗ = ਤਿੰਨਾਂ ਲੋਕਾਂ ਵਿਚ। ਪ੍ਰਗਾਸੇ = ਚਮਕਿਆ। ਭਟਕਿ = ਬੌਂਦਲ ਕੇ। ਭਜਤ = ਦੂਰ ਹੋ ਜਾਂਦਾ ਹੈ, ਭੱਜ ਜਾਂਦਾ ਹੈ। ਪਰਹਰਿ = ਦੂਰ ਹੋ ਕੇ। ਸਹਜ = ਆਤਮਕ ਅਡੋਲਤਾ। ਬਿਗਸੇ = ਪ੍ਰਗਟ ਹੁੰਦੇ ਹਨ। ਅਰਥ: (ਗੁਰੂ ਰਾਮਦਾਸ ਜੀ ਪਾਸ) ਨਾਮ-ਰੂਪ ਖ਼ਜ਼ਾਨਾ ਹੈ, (ਆਪ ਦੀ) ਅੰਤਰਮੁਖ ਬ੍ਰਿਤੀ ਹੈ, (ਆਪ ਦੇ) ਤੇਜ ਦਾ ਪੁੰਜ ਤਿੰਨਾਂ ਲੋਕਾਂ ਵਿਚ ਚਮਕ ਰਿਹਾ ਹੈ, (ਆਪ ਦਾ) ਦਰਸ਼ਨ ਕਰ ਕੇ (ਦਰਸਨ ਕਰਨ ਵਾਲਿਆਂ ਦਾ) ਭਰਮ ਭਟਕ ਕੇ ਭੱਜ ਜਾਂਦਾ ਹੈ, ਅਤੇ (ਉਹਨਾਂ ਦੇ) ਦੁੱਖ ਦੂਰ ਹੋ ਕੇ (ਉਹਨਾਂ ਦੇ ਅੰਦਰ) ਆਤਮਕ ਅਡੋਲਤਾ ਦੇ ਸੁਖ ਪਰਗਟ ਹੋ ਜਾਂਦੇ ਹਨ। ਸੇਵਕ ਸਿਖ ਸਦਾ ਅਤਿ ਲੁਭਿਤ ਅਲਿ ਸਮੂਹ ਜਿਉ ਕੁਸਮ ਸੁਬਾਸੇ ॥ ਬਿਦ੍ਯ੍ਯਮਾਨ ਗੁਰਿ ਆਪਿ ਥਪ੍ਯ੍ਯਉ ਥਿਰੁ ਸਾਚਉ ਤਖਤੁ ਗੁਰੂ ਰਾਮਦਾਸੈ ॥੬॥ {ਪੰਨਾ 1404} ਪਦ ਅਰਥ: ਲੁਭਿਤ = ਚਾਹਵਾਨ, ਲੋਭੀ। ਅਲਿ ਸਮੂਹ = ਸ਼ਹਿਦ ਦੀਆਂ ਮੱਖੀਆਂ ਦਾ ਇਕੱਠ। ਕੁਸਮ = ਫੁੱਲ। ਬਿਦ੍ਯ੍ਯਮਾਨ = ਪ੍ਰਤੱਖ। ਗੁਰਿ = ਗੁਰੂ (ਅਮਰ ਦਾਸ ਜੀ) ਨੇ। ਗੁਰੂ ਰਾਮਦਾਸੈ = ਗੁਰੂ ਰਾਮ ਦਾਸ ਜੀ ਦਾ। ਅਰਥ: ਸੇਵਕ ਤੇ ਸਿੱਖ ਸਦਾ (ਗੁਰੂ ਰਾਮਦਾਸ ਜੀ ਦੇ ਚਰਨਾਂ ਦੇ) ਆਸ਼ਿਕ ਹਨ, ਜਿਵੇਂ ਭੌਰੇ ਫੁੱਲਾਂ ਦੀ ਵਾਸ਼ਨਾ ਦੇ। ਪ੍ਰਤੱਖ ਗੁਰੂ (ਅਮਰਦਾਸ ਜੀ) ਨੇ ਆਪ ਹੀ ਗੁਰੂ ਰਾਮਦਾਸ ਜੀ ਦਾ ਸੱਚਾ ਤਖ਼ਤ ਨਿਹਚਲ ਟਿਕਾ ਦਿੱਤਾ ਹੈ।6। |
Sri Guru Granth Darpan, by Professor Sahib Singh |